Thandha Loha : K.L. Garg

ਠੰਢਾ ਲੋਹਾ : ਕੇ.ਐਲ. ਗਰਗ

ਸ਼ਹਿਰੋਂ ਆਈ ਆਥਣ ਵਾਲੀ ਬੱਸ ਦਾ ਹਾਰਨ ਸੁਣ ਕੇ ਪੁਰਾਣੇ ਪਿੱਪਲ ਹੇਠ ਬੈਠੀ ਮੰਡਲੀ ਦੀਆਂ ਨਜ਼ਰਾਂ ਬੱਸ ਸਟੈਂਡ ਵੱਲ ਇਕਦਮ ਹੀ ਘੁੰਮ ਗਈਆਂ ਸਨ। ਟਾਂਵੀਂ ਟਾਂਵੀਂ ਸਵਾਰੀ ਬੱਸੋਂ ਉੱਤਰ ਕੇ ਪਿੰਡ ਦੀਆਂ ਬੀਹੀਆਂ ਵੱਲ ਤੁਰ ਪਈ ਸੀ। ਸੁੱਚੇ ਸਰਪੰਚ ਦਾ ਮੁੰਡਾ ਵੀ ਡਿੱਗਦਾ-ਢਹਿੰਦਾ ਬੱਸ ਤੋਂ ਹੇਠਾਂ ਉਤਰ ਗਿਆ ਸੀ। ਉਸ ਨੂੰ ਉਤਰਦਿਆਂ ਦੇਖ ਕੇ ਕੰਡਕਟਰ ਇਕੋ ਸਾਹੇ ਬੋਲਿਆ ਸੀ, ‘‘ਸੰਭਲ ਕੇ ਚੋਬਰਾ… ਸੰਭਲ ਕੇ।’’ ਮੁੰਡੇ ਨੂੰ ਹੇਠਾਂ ਆਇਆ ਦੇਖ ਕੇ ਪਿੱਪਲ ਹੇਠ ਬੈਠੀ ਮੰਡਲੀ ਦੇ ਚਿਹਰਿਆਂ ’ਤੇ ਇਕੇਰਾਂ ਤਾਂ ਵਿਅੰਗਮਈ ਮੁਸਕਾਨ ਉੱਭਰੀ ਸੀ। ਘੌਲੀ ਅਮਲੀ ਜਰਦੇ ਦੀ ਫੱਕੀ ਨੂੰ ਤਲੀ ’ਤੇ ਟਿਕਾ ਕੇ ਦੂਸਰੇ ਹੱਥ ਨਾਲ ਤਾੜੀ ਜਿਹੀ ਮਾਰਦਾ ਬੋਲਿਆ ਸੀ, ‘‘ਲਓ ਬਈ ਆਪਣੀਆਂ ਫ਼ੌਜਾਂ ਆਗੀਆਂ ਸ਼ੈਹਰ ਫ਼ਤਹਿ ਕਰਕੇ।’’

ਉਹ ਏਨੀ ਕੁ ਉੱਚੀ ਆਵਾਜ਼ ’ਚ ਜ਼ਰੂਰ ਬੋਲਿਆ ਸੀ ਕਿ ਮੁੰਡੇ ਨੂੰ ਉਸ ਦੀ ਆਖੀ ਗੱਲ ਸਹਿਜ ਸੁਭਾਅ ਹੀ ਸੁਣ ਜਾਵੇ। ਮੁੰਡੇ ਨੂੰ ਫ਼ੌਜ ਕਹਿਣਾ ਕੋਲ ਬੈਠੇ ਟੁੰਡੇ ਨੂੰ ਫ਼ੌਜੀ ਨੂੰ ਬਹੁਤ ਨਾਗਵਾਰ ਲੱਗਿਆ ਸੀ। ਉਸ ਦੀ ਸੱਜੀ ਬਾਂਹ ਕਾਰਗਿਲ ਦੀ ਲੜਾਈ ਵਿਚ ਬੰਬ ਫਟਣ ਕਾਰਨ ਉੱਡ ਗਈ ਸੀ। ਉਦੋਂ ਤੋਂ ਪਿੰਡ ਵਾਲੇ ਉਸ ਨੂੰ ਟੁੰਡਾ ਫ਼ੌਜੀ ਹੀ ਆਖਣ ਲੱਗ ਪਏ ਸਨ। ਉਸ ਬੇਚੈਨੀ ਜਿਹੀ ਨਾਲ ਆਪਣਾ ਟੁੰਡ ਪਲੋਸਦਿਆਂ ਆਖ ਦਿੱਤਾ ਸੀ, ‘‘ਜਵਾਨ, ਐਸਾ ਚੋਬਰ ਫ਼ੌਜੀ ਕੈਸੇ ਹੋ ਸਕਦਾ ਹੈ। ਜਵਾਨ, ਫ਼ੌਜ ਤੋਂ ਕੁਰਬਾਨੀ ਹੁੰਦੀ ਹੈ। ਜੋਸ਼ ਹੁੰਦਾ ਹੈ। ਐਸਾ ਮੁਰਝਾਇਆ ਜਵਾਨ ਫ਼ੌਜ ਕੈਸੇ ਹੋ ਸਕਦਾ ਹੈ? ਫ਼ੌਜ ਤੋ ਡਿਸਪਲਿਨ ਹੁੰਦਾ ਹੈ।’’ ਅਜੇ ਫ਼ੌਜੀ ਨੇ ਕੁਝ ਹੋਰ ਵੀ ਕਹਿਣਾ ਸੀ ਕਿ ਮੁੰਡੇ ਨੇ ਘੌਲੀ ਅਮਲੀ ਦੇ ਬੋਲ ਫੜ ਲਏ ਸਨ। ਪਾਥੀਆਂ ’ਤੇ ਟਪੂਸੀਆਂ ਮਾਰ ਰਹੇ ਕਾਂ ਵਾਂਙ, ਮੰਡਲੀ ਵੱਲ ਅਹੁਲਦਿਆਂ ਮੁੰਡਾ ਕਚੀਚੀ ਜਿਹੀ ਵੱਟ ਕੇ ਬੋਲਿਆ ਸੀ, ‘‘ਓਏ! ਥੋਡੇ ਵਾਂਙ ਚੁਟਕੀ ਚੁਟਕੀ ਦੇ ਨਸ਼ੇ ਨੀ ਕਰਦੇ। ਭਈਆਂ ਵਾਂਙ ਤਾੜੀਆਂ ਮਾਰ ਮਾਰ ਥੁੱਕਾਂ ਦੇ ਢੇਰ ਲਾਈ ਜਾਨੇ ਆਂ। ਅਸੀਂ ਸੁੱਚਾ ਸਿਹੁੰ ਸਰਪੰਚ ਦੀਆਂ ਲਾਡਲੀਆਂ ਫ਼ੌਜਾਂ ਆਂ। ਸ਼ਾਹੀ ਨਸ਼ੇ ਕਰਦੇ ਆਂ, ਲੱਖਾਂ ਹਜ਼ਾਰਾਂ ਵਾਲੇ। ਚੁਆਨੀ ਚੁਆਨੀ ਦੀਆਂ ਪੁੜੀਆਂ ਨੀ ਫੱਕਦੇ।’’ ਬੋਲਦਿਆਂ ਬੋਲਦਿਆਂ ਮੁੰਡੇ ਦੀਆਂ ਅੱਖਾਂ ਮਿਚ ਗਈਆਂ ਸਨ। ਜ਼ੋਰ ਲਾ ਕੇ ਅੱਖਾਂ ਖੋਲ੍ਹਦਿਆਂ ਉਸ ਮੁੱਠੀ ਭੀਂਚ ਕੇ ਬੱਕਰਾ ਜਿਹਾ ਬੁਲਾਇਆ, ‘‘ਚੱਕ ਦਿਆਂਗੇ ਓਏ! ਦੁੱਕੀ ਤਿੱਕੀ ਨੂੰ।’’ ਮੁੰਡੇ ਦੀਆਂ ਹਰਕਤਾਂ ਦੇਖ ਕੇ ਮੰਡਲੀ ਉੱਚੀ ਉੱਚੀ ਹੱਸਣ ਲੱਗ ਪਈ ਸੀ। ਘੌਲੀ ਅਮਲੀ ਕੱਚਾ ਜਿਹਾ ਹੁੰਦਾ ਬੋਲਿਆ ਸੀ, ‘‘ਠੀਕ ਐ ਬਾਈ ਜੀ, ਠੀਕ ਐ। ਤੁਸੀਂ ਸਾਡੇ ਕਮਾਂਡਰ ਅਸੀਂ ਭਲਾ ਥੋਡਾ ਕੀ ਮੁਕਾਬਲਾ ਕਰਲਾਂਗੇ। ਅਸੀਂ ਹੋਏ ਦੁੱਕੀ ਤਿੱਕੀ ਚੀਜ਼… ਵਾਹ ਜੀ ਵਾਹ ਕਮਾਂਡਰ ਸੈਹਬ।’’ ‘ਕਮਾਂਡਰ’ ਸ਼ਬਦ ਸੁਣ ਕੇ ਫ਼ੌਜੀ ਫੇਰ ਬੇਚੈਨ ਹੋ ਗਿਆ ਸੀ। ਝੱਟ ਹੀ ਕਹਿਣ ਲੱਗਾ, ‘‘ਜਵਾਨ, ਇਹ ਕੱਲ੍ਹ ਦਾ ਛੋਕਰਾ ਕਮਾਂਡਰ ਕੈਸੇ ਹੋ ਸਕਦਾ ਹੈ? ਕਮਾਂਡਰ ਤੋ ਏਕ ਰੁਤਬਾ ਹੁੰਦਾ ਹੈ। ਸ਼ਾਨ ਹੋਤਾ ਹੈ ਫ਼ੌਜ ਕੀ। ਏਸ ਜਵਾਨ ਕੋ ਤੁਮਨੇ ਕੈਸੇ ਕਮਾਂਡਰ ਬਨਾ ਦੀਆ?’’

ਪਲ ਦੀ ਪਲ ਘੌਲੀ ਨੂੰ ਕੋਈ ਗੱਲ ਨਾ ਅਹੁੜੀ। ਪਰ ਫੇਰ ਝੱਟ ਹੀ ਕਹਿਣ ਲੱਗਾ, ‘‘ਫ਼ੌਜੀ ਸੈਹਬ, ਇਹ ਕਮਾਂਡਰ ਈ ਨੇ। ਇਹ ਵੀ ਤਾਂ ਸ਼ੈਹਰਾਂ ’ਚ ਜੰਗ ਲੜਨ ਈ ਜਾਂਦੇ ਐ। ਹਾਰ ਹੁੱਟ ਕੇ ਆਥਣ ਵੇਲੇ ਡਿੱਗਦੇ ਢਹਿੰਦੇ ਮੁੜ ਆਉਂਦੇ ਐ ਪਿੰਡ। ਲਓ ਦੇਖ ਲਓ ਇਹਦਾ ਚਿਹਰਾ। ਕਿਸੇ ਹਾਰੀ ਹੋਈ ਫ਼ੌਜ ਦੇ ਕਮਾਂਡਰ ਨਾਲੋਂ ਘੱਟ ਦੀਂਹਦੈ ਇਹ।’’

ਘੌਲੀ ਦੀ ਗੱਲ ਸੁਣ ਕੇ ਮੁੰਡਾ ਤੈਸ਼ ’ਚ ਆ ਗਿਆ ਸੀ। ਮੁੱਠੀ ਮੀਚ ਕੇ ਲੇਰ ਜਿਹੀ ਆਵਾਜ਼ ਕੱਢਦਿਆਂ ਚੀਕਿਆ ਸੀ, ‘‘ਮਾਰੂੰ ਓਏ ਦੋ ਤੇਰੀਆਂ ਨ੍ਹਾਸਾਂ ’ਤੇ। ਕਿੱਧਰੇ ਜਾਣਗੇ ਤੇਰੇ ਪੱਤੇ ਪੁੜੀਆਂ। … ਕਰਦਾ ਕੀ ਐ। ਮੁਕਾਬਲਾ ਕਰਦੈ ਸਾਡੇ ਜਿਹੇ ਬੰਦਿਆਂ ਦਾ।’’ ਮੀਚੀ ਮੁੱਠੀ ਖੋਲ੍ਹਦਿਆਂ ਖੋਲ੍ਹਦਿਆਂ ਉਹ ਇਉਂ ਲੱਗਦਾ ਸੀ ਜਿਵੇਂ ਡਿੱਗਿਆ ਕਿ ਡਿੱਗਿਆ। ਕੋਲ ਬੈਠਾ ਗੱਪੀਆਂ ਦਾ ਬਚਨਾ ਕਹਿਣ ਲੱਗਾ, ‘‘ਕਾਕਾ, ਤੂੰ ਤਾਂ ਸਿਆਣਾ ਬਿਆਣਾ ਐਂ। ਪੜ੍ਹਿਆ-ਲਿਖਿਐਂ। ਕਾਹਨੂੰ ਐਮੇਂ ਇਹੇ ਨਾਲ ਮਗਜ਼ੌਲੀ ਮਾਰਦੈਂ। ਘਰੇ ਪਹੁੰਚ ਸੁੱਖ ਸਾਂਦ ਨਾਲ। ਘਰ ਦੇ ਬੈਠੇ ਤੈਨੂੰ ਉਡੀਕਦੇ ਹੋਣੇ ਨੇ।’’ ਬਚਨੇ ਦੀ ਗੱਲ ਸੁਣਦਿਆਂ ਹੀ ਘੌਲੀ ਤੋਂ ਰਿਹਾ ਨਾ ਗਿਆ। ਝੱਟ ਭੁੜਕ ਪਿਆ, ‘‘ਲੈ ਭਲਾਂ ਘਰ ਦੇ ਉਡੀਕਦੇ ਹੋਣੇ ਐ ਸਵਾਰੀ, ਇਹੋ ਜਿਹੇ ਬਹਾਦਰ ਪੁੱਤ ਦੀ। ਘਰ ਦੇ ਤਾਂ ਊਈਂ ਭਿੱਜੇ ਕਾਂ ਜਿਹੇ ਹੋਏ ਪਏ ਹੋਣੇ ਨੇ।’’

‘ਬਹਾਦਰ’ ਸ਼ਬਦ ਸੁਣਦਿਆ,ਂ ਹੀ ਫ਼ੌਜੀ ਫੇਰ ਬੇਚੈਨ ਹੋ ਗਿਆ ਸੀ। ਟੁੰਡ ਨੂੰ ਅਗਾਂਹ ਕਰਦਿਆਂ ਕਹਿਣ ਲੱਗਾ, ‘‘ਜਵਾਨ, ਤੁਮਨੇ ਇਸਕੀ ਕੌਨ ਸੀ ਬਹਾਦਰੀ ਦੇਖੀ ਹੈ? ਇਸਨੇ ਕਿਹੜੀ ਜੰਗ ਲੜੀ ਹੈ? ਕੌਣ ਸੀ ਲੜਾਈ ਜੀਤੀ ਹੈ? ਬਹਾਦਰੀ ਤੋ ਫ਼ੌਜੀ ਕੇ ਪਾਸ ਹੀ ਹੁੰਦੀ ਹੈ। ਨਾ ਜੰਗ, ਨਾ ਲੜਾਈ, ਫੇਰ ਬਹਾਦਰੀ ਕੈਸੀ ਜਵਾਨ?’’ ਫ਼ੌਜੀ ਦੀ ਗੱਲ ਸੁਣ ਕੇ ਕਮਲਿਆਂ ਦਾ ਘੁੱਦਾ ਵੀ ਆਪਣੀ ਲੱਤ ਅੜਾਉਣੋਂ ਰਹਿ ਨਾ ਸਕਿਆ। ਕਹਿਣ ਲੱਗਾ, ‘‘ਫ਼ੌਜੀ ਸੈਹਬ, ਇਹ ਮੁੰਡੇ ਵੀ ਸ਼ੈਹਰਾਂ ’ਚ ਜਾ ਕੇ ਇਕ ਤਰ੍ਹਾਂ ਦੀ ਜੰਗ ਈ ਲੜਦੇ ਆ। ਪਹਿਲਾਂ ਪੈਸੇ ਦਾ ਪ੍ਰਬੰਧ ਕਰਦੇ ਆ, ਫੇਰ ਨਸ਼ੇ ਦਾ ਤੇ ਫੇਰ ਢਾਣੀਆਂ ’ਚ ਬਹਿ ਕੇ ਪੀਣ ਦਾ, ਪੈਸੇ ਲਈ ਖੋਹ ਖਿੰਝ ਵੀ ਕਰਦੇ ਆ। ਜਾਨ ਤਲੀ ’ਤੇ ਧਰ ਕੇ ਝਪਟਾਂ ਮਾਰਦੇ ਆ। ਇਹ ਕਿਤੇ ਕਿਸੇ ਲੜਾਈ ਤੋਂ ਭਲਾ ਘੱਟ ਕੰਮ ਐ। ਜਾਨ ਹੂਲ ਕੇ ਮਾਲ ਦੀ ਭਾਲ ਕਰਦੇ ਆ। ਹੰਭੇ ਹੁੱਟੇ ਪਿੰਡ ਮੁੜਦੇ ਆ। ਲੋਕਾਂ ਤੇ ਮਾਪਿਆਂ ਦੀਆਂ ਲਾਹਣਤਾਂ ਸੁਣਦੇ ਆ। ਇਹ ਵੀ ਤਾਂ ਬਚਾਰੇ ਇਕ ਤਰ੍ਹਾਂ ਦੀ ਜੰਗ ਈ ਲੜਦੇ ਆ।’’ ਅਜੇ ਉਹ ਬੋਲ ਹੀ ਰਿਹਾ ਸੀ ਕਿ ਉਨ੍ਹਾਂ ਨੂੰ ਮੁੰਡੇ ਦੀ ਉੱਚੀ ਜਿਹੀ ਲੇਰ ਸੁਣਾਈ ਦਿੱਤੀ, ‘‘ਚੱਕ ਦਿਆਂਗੇ ਓਏ! ਦੁੱਕੀਆਂ ਤਿੱਕੀਆਂ ਨੂੰ। ਕਿਹੜਾ ਮਾਂ ਦਾ ਪੁੱਤ ਖੜ੍ਹ ਜੂ ਸਾਡੇ ਸਾਹਮਣੇ…।’’ ਤੇ ਮੁੰਡਾ ਮੁੱਠੀਆਂ ਭੀਂਚਦਾ ਭੀਂਚਦਾ ਤੁਰ ਗਿਆ ਸੀ। ਉਸ ਦੇ ਇੰਝ ਦੇ ਵਤੀਰੇ ’ਤੇ ਸਾਰੀ ਮੰਡਲੀ ਤਾੜੀ ਮਾਰ ਹੱਸ ਪਈ ਸੀ। ਘੌਲੀ ਅਮਲੀ ਹੱਸਦਾ ਹੋਇਆ ਬੋਲਿਆ ਸੀ, ‘‘ਸੁੱਚਾ ਸਰਪੰਚ ਵੀ ਸੋਚਦਾ ਹੋਣੈ ਬਈ ਪੁੱਤ ਜੰਮ ਪਿਆ। ਕੀ ਥੁੜਿਆ ਪਿਆ ਸੀ ਇਹੋ ਜਿਹੀ ’ਲਾਦ ਜੰਮਣੋਂ।’’ ਬੋਲਦਿਆਂ, ਉਸ ਮੂੰਹ ’ਚ ’ਕੱਠਾ ਹੋਇਆ ਥੁੱਕ ਦਾ ਲੋਬਾ, ਪਰ੍ਹਾਂ ਥੁੱਕ ਦਿੱਤਾ ਸੀ।

ਸੁੱਚੇ ਸਰਪੰਚ ਦੇ ਮੁੰਡੇ ਤੋਂ ਮੰਡਲੀ ’ਚ ਹੋਰਨਾਂ ਮੁੰਡਿਆਂ ਦੀਆਂ ਗੱਲਾਂ ਵੀ ਤੁਰ ਪਈਆਂ ਸਨ। ਏਨੇ ਨੂੰ ਸਕੂਲੋਂ ਰਿਟਾਇਰ ਹੋਇਆ ਮਾਸਟਰ ਬੰਤ ਸਿਹੁੰ ਵੀ ਉਨ੍ਹਾਂ ’ਚ ਆ ਰਲਿਆ ਸੀ। ਸਾਰੇ ਉਸ ਨੂੰ ਮਾਸਟਰ ਦੀ ਥਾਂ ਮੁਨਸ਼ੀ ਹੀ ਸੱਦਦੇ ਸਨ। ਮਾਸਟਰ ਪਿੰਡ ਵਾਲਿਆਂ ਦੇ ਮੂੰਹ ’ਤੇ ਚੜ੍ਹਦਾ ਹੀ ਨਹੀਂ ਸੀ। ਬੰਤ ਸਿਹੁੰ ਦੇ ਆਉਂਦਿਆਂ ਦੀ ਘੁੱਦਾ ਸਰਕ ਕੇ ਅਗਾਂਹ ਨੂੰ ਹੁੰਦਿਆਂ ਬੋਲਿਆ, ‘‘ਮੁਨਛੀ ਜੀ, ਸੁਣਾਓ ਫੇਰ ਕੋਈ ਰੱਬ ਦੇ ਘਰ ਦੀ, ਕੋਈ ਟੱਬ ਦੇ ਘਰ ਦੀ?’’ ਸੁਣਦਿਆਂ ਹੀ ਬੰਤ ਸਿਹੁੰ ਤਾਂ ਜਿਵੇਂ ਉੱਧੜ ਹੀ ਪਿਆ ਸੀ, ‘‘ਜਾਣੀਦੀ ਇਹ ਸੁੱਚੇ ਦਾ ਮੁੰਡਾ ਈ ਸੀ ਨਾ? ਸੁੱਚਾ ਤਾਂ ਇਸ ਨੇ ਜਮ੍ਹਾ ਈ ਮਿੱਟੀ ’ਚ ਰੋਲਤਾ। ਕਿਹੋ ਜਿਹਾ ਗੜ੍ਹਕਾ ਹੁੰਦਾ ਸੀ ਸੁੱਚੇ ਦਾ। ਹੁਣ ਬੋਲ ਕਿਹੜਾ ਨਿਕਲਦੈ ਮੂੰਹੋਂ। ਹਾਰਨ ਵਾਲਾ ਨੀਂ ਸੀ ਸੁੱਚਾ। ਔਲਾਦ ਨੇ ਹਰਾਤਾ। ਕੱਲਾ ਸੁੱਚਾ ਨੀ ਹਾਰਿਆ, ਪਿੰਡਾਂ ਦੇ ਪਿੰਡ, ਸ਼ਹਿਰਾਂ ਦੇ ਸ਼ਹਿਰ ਹਾਰੇ ਪਏ ਨੇ। ਮੈਨੂੰ ਲੱਗਦਾ ਨੌਜਵਾਨ ਤਾਂ ਇੱਥੇ ਲੱਭਿਆਂ ਨੀ ਥਿਆਉਣੇ। ਜਣਾ-ਖਣਾ ਬਾਹਰ ਨੂੰ ਭੱਜਣ ਨੂੰ ਤਿਆਰ ਖੜ੍ਹੈ। ਮੌਕਾ ਮਿਲੇ ਸਹੀ। ਜ਼ਮੀਨਾਂ ਵੇਚ-ਵੇਚ ਮੁੰਡੇ ਬਾਹਰ ਨੂੰ ਤੁਰੀ ਜਾਂਦੇ ਐ। ਸ਼ਹਿਰਾਂ ਵਾਲੇ ਅੱਡ ਇਸੇ ਕਾਰੇ ਲੱਗੇ ਹੋਏ ਐ। ਊਂ ਭਾਈ, ਮੁੰਡੇ ਵੀ ਕੀ ਕਰਨ? ਨੌਕਰੀ ਇੱਥੇ ਨੀ ਮਿਲਦੀ। ਡਿਗਰੀਆਂ ਚੁੱਕੀ ਥੈਂ-ਥੈਂ ਕਰਦੇ ਤੁਰੇ ਫਿਰਦੇ ਐ। ਪੌਂਚੇ ਜਿੱਡਾ ਪੰਜਾਬ ਐ। ਅਰਬਾਂ-ਖਰਬਾਂ ਰੁਪਈਏ ਖਰਚ ਕੇ ਬਾਹਰ ਪਹੁੰਚਣ ਨੂੰ ਤਰਲੋਮੱਛੀ ਹੋਏ ਫਿਰਦੇ ਐ ਨੌਜਵਾਨ। ਇਹੀ ਹਾਲ ਰਿਹਾ ਤਾਂ ਇਕ ਦਿਨ ਨੰਗ ਹੋ ਜਾਣੈ ਪੰਜਾਬ ਨੇ। ਆਪਣੇ ਵਰਗੇ ਬੁੱਢੇ-ਖੁੱਢੇ ਰਹਿ ਜਾਣੇ ਨੇ ਪਿੱਪਲ ਹੇਠ ਬੈਠੇ ਗਪੌੜੇ ਮਾਰਨ ਨੂੰ। ਪੰਜਾਬ ’ਚ ਨੌਜਵਾਨ ਤਾਂ ਦਰਸ਼ਨ ਕਰਨ ਨੂੰ ਨੀ ਮਿਲਣੇ ਜਾਂ ਫੇਰ ਰਹਿ ਜਾਣਗੇ ਸੁੱਚੇ ਦੇ ਮੁੰਡੇ ਜਿਹੇ ਡਿੱਗਦੇ-ਢਹਿੰਦੇ ਨੌਜਵਾਨ।’’ ਪੰਜਾਬ ਦੀ ਚਿੱਤਰੀ ਕਾਲੀ ਤਸਵੀਰ ਨੂੰ ਮਨ ’ਚ ਚਿਤਾਰ ਕੇ, ਸਾਰਿਆਂ ਦੇ ਚਿਹਰਿਆਂ ’ਤੇ ਇਕ ਵਾਰ ਤਾਂ ਕਾਲੋਂ ਜਿਹੀ ਹੀ ਫਿਰ ਗਈ ਸੀ। ਪਲ ਦੀ ਪਲ ਮੰਡਲੀ ਵਿਚ ਸੰਨਾਟਾ ਜਿਹਾ ਹੀ ਛਾ ਗਿਆ ਸੀ।

‘‘ਉਂ ਵੀ ਮੁਨਸ਼ੀ ਜੀ, ਸਾਡੇ ਨੌਜਵਾਨਾਂ ਵਿਚ ਤਮੀਜ਼ ਦੀ ਕਮੀ ਨੀ ਹੋਗੀ ਭਲਾ? ਵੱਡੇ ਛੋਟੇ ਦਾ ਆਦਰ ਸਤਿਕਾਰ ਕਰਨੋਂ ਹਟਦੇ ਨੀ ਜਾਂਦੇ? ਊਈਂ ਆਕੜੇ ਫਿਰਦੇ ਐ ਮਾਹਾਂ ਦੇ ਆਟੇ ਵਾਂਗ?’’ ਬਚਨੇ ਨੇ ਵੀ ਗੱਲ ਤੋਰਨ ਦੇ ਬਹਾਨੇ ਮਾਸਟਰ ਜੀਤ ਸਿਹੁੰ ਤੋਂ ਪੁੱਛ ਲਿਆ ਸੀ।

‘‘ਬਚਨ ਸਿੰਹਾਂ ਗੱਲ ਤੇਰੀ ਸੋਲ੍ਹਾਂ ਆਨੇ ਸਹੀ ਐ। ਵੱਡਿਆਂ ਲਈ ਆਦਰ ਸਤਿਕਾਰ ਤਾਂ ਰਿਹਾ ਈ ਨੀ ਮੁੰਡਿਆਂ ਦੇ ਦਿਲਾਂ ’ਚ। ਬੱਸ ਫੋਕੀ ਹੈਂਕੜ ਜਿਹੀ ਈ ਰਹਿਗੀ ਆ। ਪਰਸੋਂ ਮੈਂ ਸ਼ਹਿਰ ਗਿਆ। ਪੈਟਰੋਲ ਪੰਪ ਤੋਂ ਸਕੂਟਰ ’ਚ ਤੇਲ ਪੁਆਉਣ ਲਈ ਲਾਈਨ ’ਚ ਖਲੋ ਕੇ ਟੈਂਕੀ ਦਾ ਢੱਕਣ ਖੋਲ੍ਹਣ ਹੀ ਲੱਗਾ ਸੀ ਕਿ ਇਕ ਮੁੰਡਾ ਛੂੰ ਦੇਣੇ ਆ ਕੇ ਮੈਥੋਂ ਅਗਾਂਹ ਲਾਈਨ ’ਚ ਲੱਗ ਗਿਆ। ਮੈਂ ਇਤਰਾਜ਼ ਕੀਤਾ ਤਾਂ ਆਕੜ ਕੇ ਕਹਿਣ ਲੱਗਾ, ‘ਤੂੰ ਤਾਂ ਤੁਰਦਾ ਈ ਨੀ। ਐਵੇਂ ਅੜ੍ਹਿਆ ਖੜ੍ਹੈ ਰਾਹ ’ਚ। ਤੇਰੇ ਲਈ ਦਿਹਾੜੀ ਖਰਾਬ ਕਰ ਲੀਏ।’ ਤੇ ਉਹ ਮੇਰੇ ਕੁਝ ਕਹਿਣ ਤੋਂ ਪਹਿਲਾਂ ਪੈਟਰੋਲ ਪੁਆ ਕੇ ਤੁਰਦਾ ਬਣਿਆ।’’ ਪੈਟਰੋਲ ਪਾਉਣ ਵਾਲਾ ਬੰਦਾ ਸਿਰ ਮਾਰ-ਮਾਰ ਹੱਸਣ ਲੱਗ ਪਿਆ। ਕੀ ਕਹੋਗੇ ਇਹੋ-ਜਿਹੇ ਮੁੰਡਿਆਂ ਨੂੰ?’’ ਇਹੋ ਜਿਹੀਆਂ ਗੱਲਾਂ ਸੁਣ ਕੇ ਘੌਲੀ ਅਮਲੀ ਕਿਵੇਂ ਪਿੱਛੇ ਰਹਿੰਦਾ। ਝੱਟ ਹੀ ਕਹਿਣ ਲੱਗਾ, ‘‘ਮੈਂ ਵੀ ਦੱਸਦਾਂ ਥੋਨੂੰ ਆਪਣੀ ਇਕ ਬਾਰਤਾ। ਜਮ੍ਹਾਂ ਇਹਦੇ ਨਾਲ ਮਿਲਦੀ-ਜੁਲਦੀ ਹੋਈ। ਦਸ-ਪੰਦਰਾਂ ਦਿਨ ਹੋਗੇ ਹੋਣੇ ਐ ਇਸ ਗੱਲ ਨੂੰ। ਮੈਂ ਬਾਜ਼ਾਰ ’ਚ ਤੁਰਿਆ ਜਾਵਾਂ। ਇਕ ਮੁੰਡਾ ਸਾਈਕਲ ’ਤੇ ਚੜ੍ਹਿਆ ਆਵੇ। ਮੈਂ ਏਧਰ ਹੋਜਾਂ ਤਾਂ ਏਧਰ ਹੋ ਜੇ, ਓਧਰ ਹੋਜਾਂ ਤਾਂ ਓਧਰ ਹੋਜੇ। ਅਖ਼ੀਰ ਸਾਈਕਲ ਲਿਆ ਕੇ ਮੇਰੀਆਂ ਟੰਗਾਂ ਵਿਚਾਲੇ ਖੜ੍ਹਾ ਕਰਤਾ। ਮੈਂ ਹੱਸ ਕੇ ਪੁੱਛਿਆ, ‘ਕਿਉਂ ਭਾਈ, ਟੰਗਾਂ ਨੂੰ ਕੀ ਤੂੰ ਸਟੈਂਡ ਸਮਝ ਲਿਐ, ਬਈ ਸਾਈਕਲ ਲਿਆ ਕੇ ਖਲਾਰ ਤਾ ਨਾਕੇ ’ਤੇ?’ ਆਕੜ ਕੇ ਅੱਖਾਂ ਚੜ੍ਹਾ ਕੇ ਪਤੈ ਕੀ ਕਹਿਣ ਲੱਗਾ? ‘ਜੇ ਟੰਗਾਂ ਵਿਚ ਮਾਰ ਦਿੰਦਾ ਤਾਂ ਚੰਗਾ ਰਹਿੰਦਾ। ਬੁੱਢੜ ਸਮਝ ਕੇ ਰੈਤ ਕਰਤੀ ਐ। ਜੀ ਤਾਂ ਕਰਦਾ ਸੀ ਬਈ ਦੋ ਮਾਰ੍ਹਾਂ ਨਾਸਾਂ ’ਤੇ ਤੇ ਫੇਰ ਪੁੱਛਾਂ ਕੀ ਭਾਅ ਵਿਕਦੀ ਐ।’ ਕੱਲਾ ਸਮਝ ਕੇ ਚੁੱਪ ਕਰ ਗਿਆ। ਬੱਸ ਐਨਾ ਈ ਆਖਿਆ, ਚੰਗਾ ਜਵਾਨਾ, ਸ਼ੁਕਰੀਆ ਤੇਰਾ, ਬੁੱਢੜੇ ਦਾ ਬਚਾਅ ਕਰਤਾ। ਟੰਗਾਂ ਭੰਨ ਜਾਂਦਾ ਤਾਂ ਮੈਂ ਤੇਰਾ ਕੀ ਬਗਾੜ ਲੈਣਾ ਸੀ।’’ ਘੌਲੀ ਅਮਲੀ ਦੀ ਬਾਰਤਾ ਨਾਲ ਮੰਡਲੀ ਵਿਚ ਹਾਸੜ ਮੱਚ ਗਈ ਸੀ। ਸਾਰਿਆਂ ਦੇ ਮੂੰਹੋਂ ਇਕਦਮ ਨਿਕਲ ਗਿਆ ਸੀ, ‘‘ਘੌਲੀਆ, ਤੂੰ ਜਦੋਂ ਕਰੇਂਗਾ, ਗੱਲ ਜੱਗੋਂ ਤੇਰ੍ਹਵੀਂ ਈ ਕਰੇਂਗਾ। ਐਵੇਂ ਤਾਂ ਨਹੀਂ ਤੈਨੂੰ ਘੌਲੀ ਅਮਲੀ ਆਖਦੇ। ਬਾਰਤਾ ਸੁਣਾਉਣ ਲੱਗਿਆ ਭੋਰਾ ਘੌਲ ਨੀ ਕਰਦਾ।’’

ਤੁਰਦੀ ਗੱਲ ’ਚ ਮਾਸਟਰ ਬੰਤ ਸਿਹੁੰ ਕਿਵੇਂ ਪਿੱਛੇ ਰਹਿੰਦਾ। ਝੱਟ ਹੀ ਕਹਿਣ ਲੱਗਾ, ‘‘ਇਕੇਰਾਂ ਸ਼ਹਿਰ ਦੇ ਬਾਜ਼ਾਰ ਵਿਚ ਦੋ ਮੋਟਰਸਾਈਕਲਾਂ ’ਤੇ ਤਿੰਨ-ਤਿੰਨ ਮੁੰਡੇ ਚੜ੍ਹੇ ਹੋਏ, ਚਹੇਡਾਂ ਜਿਹੀਆਂ ਕਰਦੇ, ਪੂਰੀ ਸਪੀਡ ’ਤੇ ਚੱਲਦੇ ਜਾਣ। ਇਕ ਬੁੱਢਾ ਉਨ੍ਹਾਂ ਦੇ ਮੋਟਰਸਾਈਕਲਾਂ ਹੇਠ ਆਉਂਦਾ-ਆਉਂਦਾ ਮਸਾਂ ਬਚਿਆ। ਅਗਲੇ ਮੋਟਰਸਾਈਕਲ ਵਾਲੇ ਪਿਛਲਿਆਂ ਨੂੰ ਪੁੱਛਣ ਲੱਗੇ, ‘ਕੀ ਗੱਲ ਹੋਗੀ ਸੀ ਯਾਰ, ਪਿੱਛੇ ਕਿਵੇਂ ਰਹਿਗੇ ਸੀ?’ ਤਾਂ ਪਿਛਲੇ ਤਾੜੀ ਜਿਹੀ ਮਾਰ ਕੇ ਕਹਿਣ ਲੱਗੇ- ਆਹ ਇਕ ਬੁੱਢੜਾ ਜਿਹਾ ਹੇਠਾਂ ਆਉਂਦਾ-ਆਉਂਦਾ ਮਸਾਂ ਬਚਿਆ। ਹੋ ਜਾਣਾ ਸੀ ਸ਼ਹੀਦ। ਇਹ ਬੁੱਢੜੇ ਤਾਂ ਮਰਨਾ ਈ ਭਾਲਦੇ ਐ। ਘਰੇ ਕੋਈ ਸਾਂਭਦਾ ਨੀ ਇਨ੍ਹਾਂ ਨੂੰ। ਸਾਡੇ ਵਰਗਿਆਂ ਦੇ ਗਲ ਪੈਣ ਨੂੰ ਫਿਰਦੇ ਐ। ਧੇਲੇ ਦਾ ਬੁੱਢੜਾ ਨੀ ਹੁੰਦਾ, ਸਾਡੇ ਵਰਗਿਆਂ ਦੇ ਗਲ ਪੈਣ ਨੂੰ ਫਿਰਦੇ ਐ।’’

ਮਾਸਟਰ ਦੀ ਬਾਰਤਾ ਸੁਣ ਕੇ ਘੁੱਦਾ ਫੇਰ ਸਰਕ ਕੇ ਅਗਾਂਹ ਨੂੰ ਹੋ ਗਿਆ ਸੀ। ਕੱਛੂ ਵਾਂਗ ਧੌਣ ਬਾਹਰ ਨੂੰ ਕੱਢਦਿਆਂ ਕਹਿਣ ਲੱਗਾ, ‘‘ਲੈ ਆਪਣੇ ਛਮਛੇਰ ਸਿਹੁੰ ਨੂੰ ਈ ਦੇਖ ਲੋ। ਸ਼ੈਹਰ ਗਏ ਨੂੰ ਕੁਝ ਖਰੂਦੀ ਮੁੰਡੇ ਮੋਟਰ ਛੈਕਲ ਮਾਰਗੇ। ਬਚਾਰੇ ਦਾ ਚੂਲਾ ਟੁੱਟ ਗਿਆ। ਸਾਲ ਹੋ ਗਿਆ ਮੰਜੇ ’ਤੇ ਪਏ ਨੂੰ। ਸਾਰੀ ਕਿਰਿਆ ਮੰਜੇ ’ਤੇ ਹੀ ਹੁੰਦੀ ਐ। ਨਾ ਜਿਉਂਦਿਆਂ ’ਚ ਐ ਤੇ ਨਾ ਮਰਿਆਂ ’ਚ। ਨਰਕ ਭੋਗਦੈ। ਸ਼ੌਰੇ ਮਾਰ ਕੇ ਸ਼ੂ-ਮੰਤਰ ਈ ਹੋਗੇ। ਅੱਜਕੱਲ੍ਹ ਦੇ ਮੁੰਡਿਆਂ ਦੇ ਮਨ ’ਚ ਤਰਸ਼ ਵੀ ਭੋਰਾ ਨੀ ਰਿਹਾ। ਅੱਗੇ ਦੀਨ ਦੁਖੀ ਦੀ ਬਥੇਰੀ ਸੇਵਾ ਕਰਦੇ ਸੀ। ਹੁਣ ਤਾਂ ਸ਼ਰਿਆ ਈ ਪਿਆ ਬਾਈ ਜੀ।’’ ਫ਼ੌਜੀ ਵੀ ਆਪਣੀ ਗੱਲ ਰੇੜ੍ਹਨ ਨੂੰ ਬੇਕਰਾਰ ਹੋਇਆ ਪਿਆ ਸੀ। ਘੁੱਦੇ ਦੀ ਗੱਲ ਦਾ ਸਿਰਾ ਫੜ ਕੇ ਕਹਿਣ ਲੱਗਾ, ‘‘ਜਵਾਨ ਆਪਣੇ ਮੁੰਡਿਆਂ ਮੇਂ ਡਿਸਪਲਿਨ ਕੀ ਘਾਟ ਐ। ਦੋ-ਦੋ ਬਰਸ ਮਿਲਟਰੀ ਵਿਚ ਲਗਾਉਣ ਤਾਂ ਤੱਕਲੇ ਕੀ ਤਰ੍ਹਾਂ ਸੀਧੇ ਹੋ ਜਾਣ। ਦੋ-ਦੋ ਸਾਲ ਕੀ, ਮਿਲਟਰੀ ਟਰੇਨਿੰਗ ਜਵਾਨੋਂ ਕੀ ਖਾਤਰ ਜ਼ਰੂਰੀ ਹੋਨੀ ਚਾਹੀਏ। ਫੇਰ ਦੇਖਣਾ ਸਾਵਧਾਨ ਕੇ ਸਾਵਧਾਨ ਨਾ ਖੜ੍ਹੇ ਰਹਿਣ ਤੋਂ ਮੈਨੂੰ ਫ਼ੌਜੀ ਨਾ ਕਹਿਣਾ ਕੁਝ ਔਰ ਕਹਿਣਾ।’’

ਆਥਣ ਹਨੇਰੇ ਵਿਚ ਬਦਲਣੀ ਸ਼ੁਰੂ ਹੋ ਗਈ ਸੀ। ਪਿੱਪਲ ਦੀਆਂ ਟਹਿਣੀਆਂ ’ਤੇ ਪੰਛੀਆਂ ਦੇ ਫੜਫੜਾਉਣ ਤੇ ਖੰਭ ਝਾੜਨ ਦੀ ਆਵਾਜ਼ ਫਿਜ਼ਾ ’ਚ ਤੈਰਨੀ ਸ਼ੁਰੂ ਹੋ ਗਈ ਸੀ। ਅਚਾਨਕ ਮਾਸਟਰ ਬੰਤ ਸਿਹੁੰ ਦੇ ਮੂੰਹੋਂ ਨਿਕਲਿਆ, ‘‘ਯਾਰ, ਹੁਣ ਦੇ ਨੌਜਵਾਨਾਂ ’ਚ ਠਰ੍ਹੰਮਾ ਨੀ ਰਿਹਾ। ਮੇਰੇ ਖਿਆਲ ’ਚ ਉਨ੍ਹਾਂ ਦੀ ਵੱਡੀ ਸਮੱਸਿਆ ਇਹੋ ਹੈ। ਇਹਦੇ ਬਾਰੇ ਕੁਝ ਸੋਚਣਾ ਚਾਹੀਦਾ ਹੈ।’’

ਮਾਸਟਰ ਦੀ ਗੱਲ ਸੁਣਦਿਆਂ ਹੀ ਫ਼ੌਜੀ ਬੋਲਿਆ: ‘‘ਮੁਨਸ਼ੀ ਜੀ, ਤਾਕਤਾਂ ਬਗੈਰ ਠਰੰਮੇ ਨੀ ਆਤੇ ਹੋਤੇ। ਜਵਾਨੋਂ ਵਿਚ ਤਾਕਤ ਪੈਦਾ ਕਰਨੇ ਕੀ ਸੋਚੋ। ਸਭ ਕੁਸ਼ ਆਲ ਰੈਟ ਹੋ ਜੂ। ਤਾਕਤ ਮੇਂ ਹੀ ਠਰ੍ਹੰਮੇ ਦਾ ਬੀਜ ਲੁਕਿਆ ਹੋਤਾ ਹੈ।’’ ਏਨਾ ਆਖਦਿਆਂ ਹੀ ਉਹ ਉੱਠ ਕੇ ਆਪਣੇ ਟੁੰਡ ਨੂੰ ਪਲੋਸਣ ਲੱਗ ਪਿਆ ਸੀ। ਬਾਕੀ ਜੁੰਡਲੀ ਹਾਲੇ ਤਾਕਤ ਤੇ ਠਰ੍ਹੰਮੇ ਦਾ ਆਪਸੀ ਤਾਲਮੇਲ ਬਿਠਾਉਣ ਵਿਚ ਹੀ, ਸੋਚੀਂ ਡੁੱਬ ਗਈ ਸੀ। ਫ਼ੌਜੀ ਦੀਆਂ ਗੱਲਾਂ ਦੀ ਥਾਹ ਪਾਉਣੀ ਕਿਹੜਾ ਸੌਖੀ ਸੀ?

  • ਮੁੱਖ ਪੰਨਾ : ਪੰਜਾਬੀ ਕਹਾਣੀਆਂ ਤੇ ਵਿਅੰਗ; ਕੇ.ਐਲ. ਗਰਗ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ