Thane Vich Sharif Aadmi : K.L. Garg

ਥਾਣੇ ਵਿੱਚ ਸ਼ਰੀਫ਼ ਆਦਮੀ : ਕੇ.ਐਲ. ਗਰਗ

ਥਾਣੇ ਨੇੜੇ ਪਹੁੰਚਦਿਆਂ-ਪਹੁੰਚਦਿਆਂ ਸ਼ਰੀਫ਼ ਆਦਮੀ ਦਾ ਸਾਹ ਬੁਰੀ ਤਰ੍ਹਾਂ ਉੱਖੜ ਚੁੱਕਿਆ ਸੀ। ਗੇਟ ’ਤੇ ਸੰਗੀਨ ਵਾਲੀ ਰਾਈਫ਼ਲ ਫੜੀ ਖਲ੍ਹੋਤੇ ਸੰਤਰੀ ਨੂੰ ਦੇਖ ਕੇ ਉਸ ਦਾ ਉੱਪਰਲਾ ਸਾਹ ਉੱਤੇ ਹੇਠਲਾ ਸਾਹ ਹੇਠਾਂ ਹੀ ਰਹਿ ਗਿਆ ਸੀ।
‘‘ਕੀ ਐ ਉਏ?’’ ਪੁੱਛਣ ’ਤੇ ਤਾਂ ਸ਼ਰੀਫ਼ ਆਦਮੀ ਥਥਲਾਉਣ ਹੀ ਲੱਗ ਗਿਆ ਸੀ।
‘‘ਜੀ ਚਾਰ ਗੁੰਡੇ…।’’ ਉਸ ਦੇ ਮੂੰਹੋਂ ਸਿਰਫ਼ ਇਹੀ ਤਿੰਨ ਸ਼ਬਦ ਪੂਰਾ ਜ਼ੋਰ ਲਾਉਣ ਦੇ ਬਾਵਜੂਦ ਮਸਾਂ ਨਿਕਲੇ ਸਨ।
‘‘ਮਰ’ਗੇ ਚਾਰ ਗੁੰਡੇ? ਉੱਜੜਗੇ ਚਾਰ ਗੁੰਡੇ? ਵਸ’ਗੇ ਚਾਰ ਗੁੰਡੇ? ਕੀ ਹੋਇਆ ਉਏ ਚਾਰ ਗੁੰਡਿਆਂ ਨੂੰ?’’ ਸੰਤਰੀ ਮੂੰਹੋਂ ਗੋਲੀਆਂ ਵਾਂਗ ਨਿਕਲਦੇ ਵਾਕਾਂ ਨੂੰ ਸੁਣ ਕੇ ਸ਼ਰੀਫ਼ ਆਦਮੀ ਹੋਰ ਵੀ ਜ਼ਿਆਦਾ ਭਮੱਤਰ ਗਿਆ ਸੀ।
‘‘ਜੀ ਚਾਰ ਗੁੰਡੇ ਇੱਕ ਵਿਚਾਰੀ ਕੁੜੀ ਨੂੰ ਸ਼ਰੇਆਮ ਬਾਜ਼ਾਰ ’ਚੋਂ ਚੁੱਕ ਕੇ ਲੈ ਗਏ ਨੇ…।’’ ਸ਼ਰੀਫ਼ ਆਦਮੀ ਨੇ ਮੂੰਹ ’ਚ ਭਰਿਆ ਸਾਰਾ ਥੁੱਕ ਅੰਦਰ ਲੰਘਾਉਂਦਿਆਂ ਬੜੀ ਮੁਸ਼ਕਲ ਨਾਲ ਦੱਸਿਆ।
‘‘ਪੈ ਗਿਆ ਨਵਾਂ ਪੁਆੜਾ! ਚੜ੍ਹ ਗਿਆ ਇੱਕ ਹੋਰ ਚੰਦ!’’ ਸੰਤਰੀ ਨੇ ਬੁੜਬੁੜ ਕੀਤੀ। ਫਿਰ ਪੈਂਤਰਾ ਜਿਹਾ ਬਦਲ ਕੇ ਦਬਾਸੱਟ ਕਹਿਣ ਲੱਗਾ, ‘‘ਹੁਣ ਮੇਰੇ ਮੂੰਹ ਵੱਲ ਕੀ ਝਾਕੀ ਜਾਨੈਂ ਖੜ੍ਹੋਤਾ। ਥਾਣੇਦਾਰ ਸਾਹਬ ਪਾਟੇ ਖ਼ਾਂ ਹੁਰਾਂ ਨੂੰ ਦੱਸ ਇਹ ਵਾਰਤਾ… ਚੱਲ-ਚੱਲ ਪੱਤਰਾ ਵਾਚ ਇੱਥੋਂ…! ਕਿਹੋ-ਕਿਹੋ ਜਿਹੇ ਲੋਕ ਆਉਂਦੇ ਐ ਇੱਥੇ।’’ ਉਸ ਘ੍ਰਿਣਾ ਨਾਲ ਮੂੰਹ ਜਿਹਾ ਵੱਟਦਿਆਂ ਕਿਹਾ।
ਸ਼ਰੀਫ਼ ਆਦਮੀ ਸ਼ੂਟ ਵੱਟ ਕੇ ਡਿਉੜੀਓਂ ਨਿਕਲ ਅੰਦਰ ਵੱਲ ਨੂੰ ਭੱਜ ਤੁਰਿਆ। ਵੱਡੇ ਕਮਰੇ ’ਚ ਪਾਟੇ ਖ਼ਾਂ ਅਟੈਂਸਨ ਹੋਇਆ ਸਿੱਧਾ ਤਣਿਆ ਬੈਠਾ ਸੀ। ਸ਼ਰੀਫ਼ ਆਦਮੀ ਨੇ ਸਲਾਮ ਠੋਕਦਿਆਂ ਆਖਿਆ:
‘‘ਜੀ ਮੈਂ…ਮੈਂ…।’’
‘‘ਕੀ ਬੱਕਰੀ ਵਾਂਗ ਮੈਂ…ਮੈਂ ਕਰ ਰਿਹੈਂ? ਕੌਣ ਹੋ ਤੁਸੀਂ? ਕਿਵੇਂ ‘ਦਰਸ਼ਨ’ ਦਿੱਤੇ?’’
ਪਾਟੇ ਖ਼ਾਂ ਦੀ ਘੂਰੀ ਤਾੜਦਿਆਂ ਹੀ ਸ਼ਰੀਫ਼ ਆਦਮੀ ਯਕਲਖ਼ਤ ਡਹਿੰਬਰ ਜਿਹਾ ਗਿਆ। ਪੂਰੀ ਹਿੰਮਤ ਨਾਲ, ਪੂਰਾ ਜ਼ੋਰ ਲਾ ਕੇ ਬੋਲਿਆ, ‘‘ਸਰ ਜੀ, ਮੈਂ ਸ਼ਰੀਫ਼ ਆਦਮੀ…।’’
‘ਸ਼ਰੀਫ਼ ਆਦਮੀ’ ਸ਼ਬਦ ਸੁਣਦਿਆਂ ਹੀ ਥਾਣੇਦਾਰ ਪਾਟੇ ਖ਼ਾਂ ਜ਼ੋਰ ਦੀ ਤਾੜੀ ਮਾਰ ਕੇ ਹੱਸਦਿਆਂ ਕਹਿਣ ਲੱਗਿਆ, ‘‘ਹੌਲਦਾਰ ਫੰਨੇ ਖ਼ਾਂ ਆਈਂ ਉਏ ਭਾਈ ਇੱਥੇ। ਭੱਜ ਕੇ ਆਓ ਉਏ। ਕਿੱਥੇ ਮਰ’ਗੇ ਸਾਰੇ? ਦੇਖੋ… ਦੋਖੋ… ਸ਼ਰੀਫ਼ ਆਦਮੀ ਵੀ ਆਪਣੇ ਥਾਣੇ ’ਚ ਆਉਣ ਲੱਗ’ਪੇ ਆ। ਦੇਖੋ-ਦੇਖੋ… ਉਏ।’’
ਥਾਣੇਦਾਰ ਪਾਟੇ ਖ਼ਾਂ ਦੀਆਂ ਉੱਚੀਆਂ ਆਵਾਜ਼ਾਂ ਸੁਣਦਿਆਂ ਹੀ ਆਲੇ-ਦੁਆਲੇ ਦੇ ਸਿਪਾਹੀ ਹੌਲਦਾਰ ਰਾਈਫ਼ਲਾਂ ਚੁੱਕੀ ਆਣ ਹਾਜ਼ਰ ਹੋ ਗਏ ਸਨ। ਉਨ੍ਹਾਂ ਦਾ ਖ਼ਿਆਲ ਸੀ ਕਿ ਸ਼ਾਇਦ ਥਾਣੇ ’ਤੇ ਕੋਈ ਹਮਲਾ ਹੀ ਹੋ ਗਿਆ ਹੋਇਆ ਹੈ। ਇੱਕ ਅਦਨੇ ਜਿਹੇ, ਸੁੱਕੇ, ਪਤਲੇ ਤੇ ਥਰ-ਥਰ ਕੰਬਦੇ ਆਦਮੀ ਨੂੰ ਦੇਖ ਕੇ ਸਾਰੇ ਇੱਕ ਵੇਰਾਂ ਤਾਂ ਹੈਰਾਨ ਹੀ ਹੋ ਗਏ ਸਨ।
‘‘ਦੇਖੋ, ਇਹ ਸ਼ਖ਼ਸ ਆਪਣੇ ਆਪਨੂੰ ਸ਼ਰੀਫ਼ ਆਦਮੀ ਦੱਸਦਾ ਹੈ। ਸ਼ਰੀਫ਼ ਆਦਮੀ ਵੀ ਥਾਣੇ ’ਚ ਆਉਣ ਲੱਗ ਪਏ ਨੇ। ਲੋਕ ਐਵੇਂ ਭਕਾਈ ਮਾਰਦੇ ਨੇ ਕਿ ਥਾਣੇ ’ਚ ਸਿਰਫ਼ ਗੁੰਡੇ, ਬਦਮਾਸ਼, ਜੇਬਕਤਰੇ, ਫ਼ਿਰੌਤੀਖ਼ੋਰ, ਰਿਸ਼ਵਤਖ਼ੋਰ ਈ ਆਉਂਦੇ ਨੇ। ਦੱਸੋ ਉਨ੍ਹਾਂ ਨੂੰ ਕਿ ਹੁਣ ਸਾਡੇ ਥਾਣੇ ’ਚ ਸ਼ਰੀਫ਼ ਆਦਮੀ ਵੀ ਆਉਣ ਲੱਗ ਪਏ ਹਨ। ਦੱਸੋ-ਦੱਸੋ, ਇਹੋ-ਜਿਹੇ ਲੋਕਾਂ ਨੂੰ…।’’
‘‘ਸਾਹਬ ਜੀ, ਸ਼ਰੀਫ਼ ਆਦਮੀ ਥਾਣੇ ’ਚ ਆਉਣ ਲੱਗੇ ਨੇ ਤਾਂ ਸਮਝੋ ਆਪਾਂ ਨੂੰ ਵੀ ਪਦਮਸ਼੍ਰੀ, ਪਦਮ-ਵਿਭੂਸ਼ਣ ਮਿਲਣ ਲੱਗ ਪੈਣਗੇ।’’ ਇਕੱਠੇ ਹੋਏ ਸਿਪਾਹੀਆਂ ਤੇ ਹੌਲਦਾਰ ਫੰਨੇ ਖ਼ਾਂ ਮੂੰਹੋਂ ਝੱਟ ਨਿਕਲ ਗਿਆ ਸੀ।
‘‘ਹਾਂ ਜੀ ਸ਼ਰੀਫ਼ ਆਦਮੀ ਜੀ, ਅਗਾਂਹ ਗੱਲ ਕਰੋ…।’’
ਥਾਣੇਦਾਰ ਪਾਟੇ ਖ਼ਾਂ ਨੇ ਠਠੰਬਰੇ ਜਿਹੇ ਸ਼ਰੀਫ਼ ਆਦਮੀ ਨੂੰ ਆਪਣੀ ਗੱਲ ਦੱਸਣ ਲਈ ਇਸ਼ਾਰਾ ਕਰਦਿਆਂ ਆਖਿਆ। ਸਾਰਿਆਂ ਨੂੰ ਹੱਸਦਿਆਂ ਦੇਖ ਕੇ ਸ਼ਰੀਫ਼ ਆਦਮੀ ਨੂੰ ਕੁਝ-ਕੁਝ ਹੌਸਲਾ ਜਿਹਾ ਹੋ ਗਿਆ ਸੀ। ਉਸ ਦਾ ਧੀਰਜ ਜਿਹਾ ਬੱਝ ਗਿਆ ਸੀ। ਉਸ ਇੱਕ ਕਦਮ ਅਗਾਂਹ ਪੁੱਟਦਿਆਂ ਆਖਿਆ, ‘‘ਸਰ ਜੀ, ਚਾਰ ਗੁੰਡੇ ਸ਼ਰੇਆਮ ਬਾਜ਼ਾਰ ’ਚੋਂ ਇੱਕ ਕੁੜੀ ਨੂੰ ਜ਼ਬਰਦਸਤੀ ਚੁੱਕ ਕੇ ਲੈ ਗਏ ਨੇ ਜੀ…।’’ ਸ਼ਰੀਫ਼ ਆਦਮੀ ਨੇ ਇੱਕ ਵਾਰ ਫਿਰ ਝਿਜਕਦਿਆਂ-ਝਿਜਕਦਿਆਂ ਕਹਿ ਦਿੱਤਾ ਸੀ। ਸੁਣਦਿਆਂ ਹੀ ਥਾਣੇਦਾਰ ਪਾਟੇ ਖ਼ਾਂ ਤੈਸ਼ ਵਿੱਚ ਆ ਗਿਆ ਸੀ। ਹੱਥ ’ਚ ਫੜਿਆ ਰੂਲ ਜ਼ੋਰ ਦੇਣੀ ਟੇਬਲ ’ਤੇ ਮਾਰਦਿਆਂ ਕਹਿਣ ਲੱਗਾ, ‘‘ਗੁੰਡੇ ਇੱਕ ਮਾਸੂਮ ਕੁੜੀ ਨੂੰ ਤੁਹਾਡੀਆਂ ਅੱਖਾਂ ਸਾਹਮਣੇ ਚੁੱਕ ਕੇ ਲੈ ਗਏ। ਉਦੋਂ ਤੁਸੀਂ ਕੀ ਕਰਦੇ ਸੀ? ਤੁਸੀਂ ਫੜਿਆ ਕਿਉਂ ਨਾ ਉਨ੍ਹਾਂ ਨੂੰ? ਹੈਂ…?’’
ਪਲ ਦੀ ਪਲ ਤਾਂ ਸ਼ਰੀਫ਼ ਆਦਮੀ ਨੂੰ ਲੱਗਿਆ ਜਿਵੇਂ ਰੂਲ ਮੇਜ਼ ਦੀ ਥਾਂ ਉਸ ਦੀ ਆਪਣੀ ਪਿੱਠ ’ਤੇ ਹੀ ਵੱਜਿਆ ਹੋਵੇ ਪਰ ਫਿਰ ਕੰਬਦੇ-ਕੰਬਦੇ, ਰੋਂਦੂ ਜਿਹੀ ਸ਼ਕਲ ਬਣਾ ਕੇ ਕਹਿਣ ਲੱਗਾ, ‘‘ਸਰ, ਇਹੋ ਜਿਹੇ ਮਾਮਲੇ ’ਚ ਸ਼ਰੀਫ਼ ਆਦਮੀ ਕੀ ਕਰ ਸਕਦੇ ਨੇ। ਅਸੀਂ ਸ਼ਰੀਫ਼ ਆਦਮੀ… ਸਰ ਜੀ… ਸ਼ਰੀਫ਼ ਆਦਮੀ।’’
ਸ਼ਰੀਫ਼ ਆਦਮੀ ਦੀ ਲੇਲੇ ਜਿਹੀ ਸ਼ਕਲ ਦੇਖ ਕੇ ਥਾਣੇਦਾਰ ਪਾਟੇ ਖ਼ਾਂ ਨੂੰ ਹੋਰ ਵੀ ਜ਼ਿਆਦਾ ਗੁੱਸਾ ਚੜ੍ਹ ਗਿਆ ਸੀ।
‘‘ਜਦੋਂ ਮੁਲਕ ਦੇ ਸ਼ਰੀਫ਼ ਆਦਮੀ ਕੁਸ਼ ਕਰਨ ਜੋਗੇ ਹੋ ਗਏ ਤਾਂ ਮੁਲਕ ਨੂੰ ਪੁਲੀਸ ਥਾਣਿਆਂ ਦੀ ਲੋੜ ਈ ਨੀ ਰਹਿਣੀ। ਮੁਲਕ ’ਚ ਗੁੰਡੇ-ਬਦਮਾਸ਼ ਓਨੀ ਦੇਰ ਈ ਨੇ ਜਿੰਨੀ ਦੇਰ ਮੁਲਕ ’ਚ ਥੋਡੇ ਜਿਹੇ ਸ਼ਰੀਫ਼ ਆਦਮੀ ਵੱਸਦੇ ਨੇ। ਗੁੰਡਾਰਾਜ ਹੈ ਈ ਓਨੀ ਦੇਰ ਜਿੰਨੀ ਦੇਰ ਆਦਮੀ ਸ਼ਰੀਫ਼ ਬਣੇ ਹੋਏ ਨੇ।’’
ਹੁਣ ਸ਼ਰੀਫ਼ ਆਦਮੀ ਕੋਲ ਇਸ ਗੱਲ ਦਾ ਕੀ ਜਵਾਬ ਸੀ। ‘‘ਸਾਨੂੰ ਤਾਂ ਲੱਗਦੈ ਤੁਸੀਂ ਖ਼ੁਦ ਹੀ ਇਸ ਉਧਾਲੇ ’ਚ ਸ਼ਾਮਲ ਉਂ। ਐਮੇਂ ਸੱਚੇ ਬਣਨ ਲਈ ਰਪਟ ਲਿਖਾਉਣ ਆਗੇ। ਕਿਉਂ?’’ ਥਾਣੇਦਾਰ ਪਾਟੇ ਖ਼ਾਂ ਨੇ ਸ਼ਰੀਫ਼ ਆਦਮੀ ਵੱਲ ਘੂਰ ਕੇ ਝਾਕਦਿਆਂ ਆਖਿਆ।
‘‘ ਮੈਂ ਜੀ, ਅਸੀਂ ਜੀ… ਨਾ ਜੀ ਨਾ…।’’ ਸ਼ਰੀਫ਼ ਆਦਮੀ ਨੇ ਕੰਨਾਂ ਨੂੰ ਹੱਥ ਲਾਉਂਦਿਆਂ ਆਖਿਆ, ‘‘ਸਾਡੇ ’ਤੇ ਈ ਸ਼ੱਕ?’’
‘‘ਦੇਖੋ ਪੁਲੀਸ ਦੀ ਤਫ਼ਤੀਸ਼ ਸ਼ੱਕ ਤੋਂ ਹੀ ਅਗਾਂਹ ਤੁਰਦੀ ਹੈ। ਮਾਂ-ਪੁੱਤ ਦਾ ਕੇਸ ਹੋਵੇ ਤਾਂ ਅਸੀਂ ਮਾਂ ’ਤੇ ਸ਼ੱਕ ਕਰਦੇ ਆਂ। ਹਸਬੈਂਡ-ਵਾਈਫ਼ ਦਾ ਕੇਸ ਹੋਵੇ ਤਾਂ ਅਸੀਂ ਦੋਵਾਂ ’ਤੇ ਸ਼ੱਕ ਕਰਦੇ ਹਾਂ। ਭੈਣ-ਭਰਾ ਦਾ ਮਾਮਲਾ ਹੋਵੇ ਤਾਂ ਅਸੀਂ ਭੈਣ ’ਤੇ ਸ਼ੱਕ ਕਰਦੇ ਹਾਂ। ਸ਼ੱਕ ਕਾਰਨ ਹੀ ਕਈ ਪਰਦੇਫਾਸ਼ ਹੋ ਜਾਂਦੇ ਹਨ। ਸਾਨੂੰ ਤਾਂ ਤੁਸੀਂ ਵੀ ਇਸ ਕੇਸ ’ਚ ਸ਼ਾਮਲ ਜਾਪਦੇ ਹੋ। ਕਿਉਂ?’’
‘‘ਨਾ ਜੀ ਨਾ। ਮੈਨੂੰ ਉੱਥੇ ਖਲ੍ਹੋਤੇ ਬੰਦਿਆਂ ਨੇ ਸਲਾਹ ਦਿੱਤੀ ਵੀ ਸੀ ਕਿ ਥਾਣੇ ਜਾ ਕੇ ਆਪਣੇ ਗਲ਼ ਆਪ ਫਾਹਾ ਪਾਉਣ ਦੀ ਲੋੜ ਨੀ ਪਰ ਸਰ, ਇੱਕ ਚੰਗਾ ਸ਼ਹਿਰੀ ਹੋਣ ਨਾਤੇ ਅਸੀਂ ਦੱਸਣ ਆਗੇ ਆਂ… ਚਾਰ ਗੁੰਡੇ ਸ਼ਰੇਆਮ…।’’
‘‘ਇਹੋ ਜਿਹੇ ਮਾਮਲਿਆਂ ’ਚ ਸ਼ਕਲ ਮੋਮਨਾ ਕਰਤੂਤ ਕਾਫ਼ਰਾਂ ਵਾਲੀ ਗੱਲ ਹੀ ਹੁੰਦੀ ਐ ਆਮ ਤੌਰ ’ਤੇ। ਸੱਚ-ਸੱਚ ਦੱਸਦੇ, ਨਹੀਂ ਤਾਂ ਫਿਰ ਸੱਚ ਸਾਨੂੰ ਕਢਵਾਉਣਾ ਤਾਂ ਆਉਂਦੈ।’’ ਆਖ ਥਾਣੇਦਾਰ ਪਾਟੇ ਖ਼ਾਂ ਨੇ ਰੂਲ ਇੱਕ ਵਾਰ ਫਿਰ ਜ਼ੋਰ ਦੇਣੀ ਮੇਜ਼ ’ਤੇ ਮਾਰ ਦਿੱਤਾ ਸੀ।
ਸ਼ਰੀਫ਼ ਆਦਮੀ ਨੂੰ ਇਸ ਵਾਰ ਤਾਂ ਸੱਚਮੁੱਚ ਹੀ ਰੂਲ ਆਪਣੇ ਗਿੱਟਿਆਂ ’ਤੇ ਲੱਗਿਆ ਮਹਿਸੂਸ ਹੋਇਆ ਸੀ। ਥਰ-ਥਰ ਕਰਦਿਆਂ ਉਸ ਦੇ ਮੂੰਹੋਂ ਇੱਕ ਵਾਰ ਫਿਰ ਨਿਕਲ ਗਿਆ ਸੀ, ‘‘ਸੱਚੇ ਸ਼ਹਿਰੀ… ਸ਼ਰੀਫ਼ ਆਦਮੀ ਆਂ ਜੀ ਅਸੀਂ ਤਾਂ…।’’
‘‘ਜਦੋਂ ਗੁੰਡੇ ਕੁੜੀ ਨੂੰ ਚੁੱਕ ਕੇ ਲਿਜਾ ਰਹੇ ਸਨ ਤਾਂ ਤੁਸੀਂ ਕੀ ਕੀਤਾ?’’ ਪਾਟੇ ਖ਼ਾਂ ਨੇ ਪੁੱਛਿਆ।
‘‘ਅਸੀਂ ਸਰ ਥਾਣੇ ਵੱਲ ਭੱਜੇ। ਪੁਲੀਸ ਦੀ ਮਦਦ ਲੈਣ ਲਈ ਦੌੜੇ।’’
‘‘ਜੇ ਤੁਸੀਂ ਥਾਣੇ ਵੱਲ ਭੱਜਣ ਦੀ ਥਾਂ ਗੁੰਡਿਆਂ ਪਿੱਛੇ ਭੱਜਦੇ ਤਾਂ ਕੁੜੀ ਦਾ ਬਚਾਓ ਹੋ ਜਾਣਾ ਸੀ। ਗ਼ਲਤ ਕਿ ਠੀਕ…।’’ ਪਾਟੇ ਖ਼ਾਂ ਨੇ ਪੁੱਛਿਆ।
‘‘ਪਰ ਗੁੰਡਿਆਂ ਕੋਲ ਹਥਿਆਰ…?’’ ਸ਼ਰੀਫ਼ ਆਦਮੀ ਨੇ ਦੱਸਿਆ।
‘‘ਹਥਿਆਰ ਤਾਂ ਡਰਾਉਣ ਲਈ ਹੁੰਦੇ ਨੇ… ਮਾਰਨ ਲਈ ਥੋੜ੍ਹੇ ਹੁੰਦੇ ਨੇ?’’
‘‘ਇਹ ਹੁਣ ਸਾਡੇ ਜਿਹੇ ਸ਼ਰੀਫ਼ ਆਦਮੀ ਨੂੰ ਕਿਵੇਂ ਪਤਾ ਲੱਗੇ ਕਿ… ਹਥਿਆਰ ਚੱਲ ਵੀ ਤਾਂ ਸਕਦੇ ਨੇ…।’’
ਥਾਣੇਦਾਰ ਪਾਟੇ ਖ਼ਾਂ ਗੁੰਡਿਆਂ ਨੂੰ ਲੱਭਣ ਗਏ ਹੋਏ ਨੇ। ਦੇਖੋ ਕਦੋਂ ਮੁੜਦੇ ਨੇ। ਫੜੇ ਜਾਣ ਤੱਕ, ਓਨੀ ਦੇਰ ਸ਼ਰੀਫ਼ ਆਦਮੀ ਤਾਂ ਥਾਣੇ ਤਾੜਿਆ ਹੋਇਆ ਹੀ ਹੈ। ਕੀ ਪਤਾ ਉਹ ਵੀ ਬਦਮਾਸ਼ਾਂ ਨਾਲ ਦਾ ਹੀ ਹੋਵੇ?

  • ਮੁੱਖ ਪੰਨਾ : ਪੰਜਾਬੀ ਕਹਾਣੀਆਂ ਤੇ ਵਿਅੰਗ; ਕੇ.ਐਲ. ਗਰਗ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ