The Black Cat (Punjabi Story) : Edgar Allan Poe
ਕਾਲੀ ਬਿੱਲੀ (ਕਹਾਣੀ) : ਐਡਗਰ ਐਲਨ ਪੋ
ਮੈਂ ਜੋ ਕਹਾਣੀ ਬਿਆਨ ਕਰਨ ਜਾ ਰਿਹਾ ਹਾਂ ਉਹ ਇੱਕ ਸਿੱਧੀ ਸਾਦੀ ਜਿਹੀ ਘਰੇਲੂ ਕਹਾਣੀ ਹੈ। ਮੈਂ ਨਾ ਤਾਂ ਕਿਸੇ ਧਰਮ ਵਿੱਚ ਭਰੋਸਾ ਰੱਖਦਾ ਹਾਂ ਅਤੇ ਨਾ ਹੀ ਕਿਸੇ ਅਕੀਦੇ ਦਾ ਹਿਮਾਇਤੀ ਹਾਂ। ਜੇਕਰ ਮੈਂ ਅਜਿਹਾ ਕਰਾਂ ਤਾਂ ਲੋਕ ਮੈਨੂੰ ਪਾਗਲ ਹੀ ਕਹਿਣਗੇ ਕਿਉਂਕਿ ਮੈਂ ਕਦੇ ਹਕੀਕਤ ਵਿੱਚ ਪੇਸ਼ ਆਈਆਂ ਘਟਨਾਵਾਂ ਨੂੰ ਰੱਦ ਨਹੀਂ ਕੀਤਾ ਕਿਉਂਕਿ ਉਨ੍ਹਾਂ ਦੇ ਤਾਂ ਪ੍ਰਮਾਣ ਮੌਜੂਦ ਹੁੰਦੇ ਹਨ। ਉਂਜ ਵੀ ਮੈਂ ਪਾਗਲ ਤਾਂ ਹਾਂ ਨਹੀਂ ਅਤੇ ਨਾ ਹੀ ਮੈਂ ਦਿਨ ਵਿੱਚ ਸੁਫ਼ਨੇ ਦੇਖਣ ਦਾ ਆਦੀ ਹਾਂ। ਇਸ ਤੋਂ ਪਹਿਲਾਂ ਕਿ ਕੱਲ੍ਹ ਮੈਂ ਮਰ ਜਾਵਾਂ ਮੈਂ ਇਹ ਕਹਾਣੀ ਸੁਣਾ ਕੇ ਖ਼ੁਦ ਉਪਰ ਤਾਰੀ ਬੋਝ ਨੂੰ ਹਲਕਾ ਕਰਨਾ ਚਾਹੁੰਦਾ ਹਾਂ। ਮੈਂ ਤਾਂ ਸਿਰਫ ਇਹ ਚਾਹੁੰਦਾ ਹਾਂ ਕਿ ਬਿਨਾਂ ਤਬਸਰਾ ਕੀਤੇ ਉਨ੍ਹਾਂ ਘਰੇਲੂ ਜਿਹੀਆਂ ਘਟਨਾਵਾਂ ਨੂੰ ਜੋ ਉੱਪਰੋਥਲੀ ਪੇਸ਼ ਆਈਆਂ, ਦੁਨੀਆ ਦੇ ਸਾਹਮਣੇ ਰੱਖ ਦੇਵਾਂ ਜਿਨ੍ਹਾਂ ਦੇ ਨਤੀਜੇ ਡਰਾਉਣੇ ਅਤੇ ਦਿਲ ਦਹਿਲਾ ਦੇਣ ਵਾਲੇ ਸਨ, ਅਤੇ ਜਿਨ੍ਹਾਂ ਨੇ ਮੈਨੂੰ ਮਾਨਸਿਕ ਪੀੜ ਤਾਂ ਪਹੁੰਚਾਈ ਹੀ ਸੀ ਨਾਲ ਹੀ ਮੈਨੂੰ ਬਰਬਾਦ ਕਰ ਦਿੱਤਾ ਸੀ। ਇਹ ਘਟਨਾਵਾਂ ਅਜਿਹੀਆਂ ਹਨ ਕਿ ਮੈਂ ਉਨ੍ਹਾਂ ਨੂੰ ਆਪਣੀ ਜ਼ਿੰਦਗੀ ਵਿੱਚੋਂ ਕਦੇ ਖ਼ਾਰਜ ਨਹੀਂ ਕਰ ਸਕਿਆ। ਮੇਰੇ ਲਈ ਤਾਂ ਇਹ ਬਹੁਤ ਡਰਾਉਣੀਆਂ ਸਨ ਹੋ ਸਕਦਾ ਹੈ ਕਿ ਬਹੁਤ ਸਾਰਿਆਂ ਲਈ ਨਾ ਹੋਣ। ਅਤੇ ਕੁੱਝ ਬੁਧੀਜੀਵੀ ਤਾਂ ਇਹ ਸਮਝਣਗੇ ਕਿ ਮੈਂ ਇਹ ਸਭ ਆਪਣੇ ਮਨੋਂ ਘੜ ਰਿਹਾ ਹਾਂ। ਉਹ ਸ਼ਾਇਦ ਇਹ ਵੀ ਸਮਝਣ ਕਿ ਮੈਂ ਗ਼ੈਰ ਜਰੂਰੀ ਤੌਰ ਉੱਤੇ ਕੁਦਰਤੀ ਕਾਰਨਾਂ ਦੇ ਅਨੁਸਾਰ ਪੇਸ਼ ਆਉਣ ਵਾਲੀਆਂ ਘਟਨਾਵਾਂ ਅਤੇ ਉਨ੍ਹਾਂ ਦੇ ਅਸਰਾਂ ਨੂੰ ਅਸਾਧਾਰਨ ਅਹਮੀਅਤ ਦੇ ਦਿੱਤੀ ਹੈ।
ਮੈਂ ਬਚਪਨ ਤੋਂ ਹੀ ਆਪਣੇ ਦੱਬੂਪਣ ਅਤੇ ਸ਼ਰੀਫ਼ਾਨਾ ਰਵਈਏ ਸਦਕਾ ਜਾਣਿਆ ਜਾਂਦਾ ਸੀ। ਮੇਰੀ ਨਰਮਦਿਲੀ ਕਈ ਵਾਰ ਮੇਰੇ ਇਰਦ ਗਿਰਦ ਦੇ ਲੋਕਾਂ ਨੂੰ ਚੱਕਰ ਵਿੱਚ ਪਾ ਦਿੰਦੀ ਸੀ। ਮੈਂ ਬਚਪਨ ਹੀ ਤੋਂ ਜਾਨਵਰਾਂ ਨਾਲ ਖ਼ਾਸ ਮੁਹੱਬਤ ਕਰਦਾ ਸੀ। ਇਸ ਕਰਕੇ ਮੇਰੇ ਮਾਂ ਬਾਪ ਨੇ ਮੈਨੂੰ ਬਹੁਤ ਸਾਰੇ ਪਾਲਤੂ ਜਾਨਵਰ ਲਿਆ ਦਿੱਤੇ ਸਨ। ਮੇਰਾ ਜ਼ਿਆਦਾ ਸਮਾਂ ਉਨ੍ਹਾਂ ਦੇ ਨਾਲ ਬੀਤਦਾ। ਉਹ ਸਮਾਂ ਤਾਂ ਮੇਰੇ ਲਈ ਬਹੁਤ ਹੀ ਖ਼ੁਸ਼ੀਆਂ ਭਰਿਆ ਹੁੰਦਾ ਜਦੋਂ ਮੈਂ ਉਨ੍ਹਾਂ ਨੂੰ ਖਿਡਾਉਣ ਅਤੇ ਉਨ੍ਹਾਂ ਦੀ ਪਿਠ ਪਲੋਸਣ ਵਿੱਚ ਮਸਰੂਫ ਹੁੰਦਾ। ਖੁਸ਼ੀ ਦਾ ਇਹੀ ਅਹਿਸਾਸ ਮੇਰੇ ਆਪਣੇ ਪ੍ਰਵਾਨ ਚੜ੍ਹਨ ਦੇ ਨਾਲ ਨਾਲ ਜਵਾਨ ਹੁੰਦਾ ਗਿਆ। ਇੱਥੇ ਤੱਕ ਕਿ ਇਹ ਮੇਰੇ ਖੁਸ਼ੀ ਹਾਸਲ ਕਰਨ ਦੇ ਸਾਰੇ ਵਸੀਲਿਆਂ ਵਿੱਚੋਂ ਸਭ ਤੋਂ ਅਹਿਮ ਹੋ ਗਿਆ। ਇਨ੍ਹਾਂ ਲੋਕਾਂ ਲਈ ਜੋ ਇੱਕ ਵਫ਼ਾਦਾਰ ਅਤੇ ਸਿਆਣਾ ਕੁੱਤਾ ਚਾਹੁੰਦੇ ਸਨ ਮੈਂ ਇੱਕ ਵਧੀਆ ਮਸ਼ਵਰਾ ਦੇਣ ਵਾਲਾ ਸੀ ਅਤੇ ਮੇਰਾ ਦਿੱਤਾ ਹੋਇਆ ਮਸ਼ਵਰਾ ਉਨ੍ਹਾਂ ਦੇ ਦਿਲ ਨੂੰ ਇਵੇਂ ਭਾਉਂਦਾ ਜਿਵੇਂ ਮੈਂ ਉਨ੍ਹਾਂ ਦੇ ਮਨ ਦੀ ਗੱਲ ਹੀ ਕਹਿ ਦਿੱਤੀ ਹੋਵੇ।
ਮੈਂ ਬਹੁਤ ਛੇਤੀ ਸ਼ਾਦੀ ਕਰ ਲਈ ਸੀ ਅਤੇ ਮੈਨੂੰ ਇਹ ਜਾਣ ਕੇ ਬਹੁਤ ਖੁਸ਼ੀ ਹੋਈ ਸੀ ਕਿ ਮੇਰੀ ਪਤਨੀ ਵੀ ਮੇਰੀ ਤਰ੍ਹਾਂ ਜਾਨਵਰਾਂ ਨਾਲ ਬਹੁਤ ਮੁਹੱਬਤ ਕਰਦੀ ਸੀ। ਪਾਲਤੂ ਜਾਨਵਰਾਂ ਦੇ ਬਾਰੇ ਮੇਰਾ ਸ਼ੌਕ ਵੇਖਕੇ ਉਹ ਵੀ ਇੰਜ ਹੀ ਜਾਨਵਰ ਅਤੇ ਪਰਿੰਦੇ ਖ਼ਰੀਦ ਲਿਆਉਂਦੀ ਜੋ ਚੰਗੀ ਨਸਲ ਦੇ ਹੁੰਦੇ। ਸਾਡੇ ਕੋਲ ਅਨਗਿਣਤ ਪਰਿੰਦੇ, ਸੁਨਹਰੀ ਮੱਛੀਆਂ, ਖ਼ਰਗੋਸ਼, ਇੱਕ ਨਿੱਕਾ ਜਿਹਾ ਬਾਂਦਰ, ਪਿਆਰਾ ਜਿਹਾ ਕੁੱਤਾ ਅਤੇ ਇੱਕ ਬਿੱਲੀ ਸੀ।
ਇਹ ਬਿੱਲੀ ਅਸਾਧਾਰਨ ਤੌਰ ਉੱਤੇ ਵੱਡੀ ਅਤੇ ਖ਼ੂਬਸੂਰਤ ਸੀ। ਇਹ ਮੁਕੰਮਲ ਤੌਰ ਉੱਤੇ ਕਾਲੀ ਅਤੇ ਅਸਾਧਾਰਨ ਹੱਦ ਤੱਕ ਹਾਜ਼ਰ ਦਿਮਾਗ਼ ਅਤੇ ਤੇਜ਼ ਨਜ਼ਰ ਰੱਖਣ ਵਾਲੀ ਸੀ ਸ਼ਾਇਦ ਇਹੀ ਕਾਰਨ ਸੀ ਕਿ ਮੇਰੀ ਪਤਨੀ ਇਸ ਵਹਿਮ ਦਾ ਕਦੇ ਸ਼ਿਕਾਰ ਨਾ ਹੋਈ ਕਿ ਕਾਲੇ ਰੰਗ ਦੀਆਂ ਚੀਜ਼ਾਂ ਅਤੇ ਬਿੱਲੀਆਂ ਚੁੜੇਲਾਂ ਦੀ ਤਰ੍ਹਾਂ ਨਾਪਸੰਦੀਦਾ ਹੁੰਦੀਆਂ ਹਨ ਅਤੇ ਜੇਕਰ ਮੈਂ ਉਸਨੂੰ ਇਹ ਕਹਿੰਦਾ ਵੀ ਕਿ ਅਜਿਹਾ ਹੋ ਵੀ ਸਕਦਾ ਹੈ ਤਾਂ ਉਹ ਮੇਰੀ ਗੱਲ ਨੂੰ ਕਦੇ ਗੰਭੀਰਤਾ ਨਾਲ ਨਾ ਲੈਂਦੀ।
ਇਸ ਬਿੱਲੀ ਦਾ ਨਾਮ ਪਲੂਟੋ ਸੀ ਅਤੇ ਇਹ ਮੇਰਾ ਪਸੰਦੀਦਾ ਪਾਲਤੂ ਜਾਨਵਰ ਸੀ ਜਿਸਦੇ ਨਾਲ ਮੈਂ ਸਭ ਤੋਂ ਜ਼ਿਆਦਾ ਸਮਾਂ ਬਤੀਤ ਕਰਦਾ ਸੀ। ਮੈਂ ਹੀ ਉਸ ਦੇ ਖਾਣ ਪੀਣ ਦਾ ਖ਼ਿਆਲ ਰੱਖਦਾ ਅਤੇ ਜਦੋਂ ਵੀ ਮੈਂ ਘਰ ਵਿੱਚ ਹੁੰਦਾ ਉਹ ਮੇਰੇ ਆਲੇ ਦੁਆਲੇ ਹੀ ਮੰਡਲਾਉਂਦੀ ਰਹਿੰਦੀ। ਮੈਂ ਜਿੱਥੇ ਜਾਂਦਾ ਉਹ ਮੇਰੇ ਪਿੱਛੇ ਪੂਛ ਹਿਲਾਂਦੀ ਚਲੀ ਆਉਂਦੀ। ਅਤੇ ਜਦੋਂ ਮੈਂ ਘਰ ਤੋਂ ਬਾਹਰ ਜਾਣ ਲਈ ਗਲੀ ਵਿੱਚ ਨਿਕਲਦਾ ਤਾਂ ਮੇਰੇ ਲਈ ਉਸਨੂੰ ਪਿੱਛੇ ਆਉਣ ਤੋਂ ਹੋੜਨਾ ਮੁਸ਼ਕਲ ਹੋ ਜਾਂਦਾ।
ਸਾਡੀ ਇਹ ਦੋਸਤੀ ਪਿਛਲੇ ਬੜੇ ਸਾਲਾਂ ਤੋਂ ਚੱਲੀ ਆ ਰਹੀ ਸੀ ਜਿਸਦੇ ਦੌਰਾਨ ਮੇਰੀ ਸ਼ਰਾਬ ਪੀਣ ਅਤੇ ਧੁਤ ਰਹਿਣ ਦੀ ਖ਼ਬੀਸ ਆਦਤ ਇਸ ਦੋਸਤੀ ਉੱਤੇ ਤੇਜ਼ੀ ਨਾਲ ਅਸਰ ਪਾਉਣ ਲੱਗ ਪਈ ਸੀ। ਮੈਂ ਦਿਨੋ-ਦਿਨ ਚਿੜਚਿੜਾ ਹੁੰਦਾ ਚਲਾ ਗਿਆ, ਗੱਲ ਗੱਲ ਉੱਤੇ ਝੁੰਜਲਾ ਜਾਂਦਾ ਅਤੇ ਲੋਕਾਂ ਦੇ ਜਜ਼ਬਾਤ ਦਾ ਖ਼ਿਆਲ ਕੀਤੇ ਬਿਨਾਂ ਬੋਲਣ ਲੱਗਦਾ। ਕਈ ਵਾਰ ਤਾਂ ਮੈਂ ਖ਼ੁਦ ਤੇ ਇੰਨਾ ਵੀ ਕਾਬੂ ਵੀ ਨਾ ਰੱਖ ਪਾਉਂਦਾ ਕਿ ਆਪਣੀ ਪਤਨੀ ਨਾਲ ਤਾਂ ਬਦਤਮੀਜ਼ੀ ਨਾ ਕਰਾਂ ਅਤੇ ਉਸ ਨਾਲ ਪਿਆਰ ਭਰੇ ਲਹਿਜੇ ਵਿੱਚ ਗੱਲ ਕਰਾਂ। ਕਈ ਵਾਰ ਤਾਂ ਇਹ ਵੀ ਹੋਇਆ ਕਿ ਉਹ ਮੇਰੇ ਹਿੰਸਕ ਵਿਹਾਰ ਦਾ ਸ਼ਿਕਾਰ ਵੀ ਹੋਈ। ਮੇਰੇ ਇਸ ਵਿਹਾਰ ਤੋਂ ਮੇਰੇ ਪਾਲਤੂ ਜਾਨਵਰ ਵੀ ਪ੍ਰਭਾਵਿਤ ਹੋਏ ਅਤੇ ਮੈਂ ਉਨ੍ਹਾਂ ਨੂੰ ਵੀ ਨਜ਼ਰਅੰਦਾਜ ਕਰਨ ਲਗਾ ਇੱਥੋਂ ਤੱਕ ਕਿ ਮੇਰਾ ਉਨ੍ਹਾਂ ਦੇ ਨਾਲ ਵਰਤਾਓ ਵੀ ਬੇਰਹਿਮ ਹੋ ਗਿਆ। ਬੱਸ ਇੱਕ ਪਲੂਟੋ ਹੀ ਸੀ ਜੋ ਮੇਰੇ ਇਸ ਵਿਹਾਰ ਤੋਂ ਬਚੀ ਹੋਈ ਸੀ, ਜਾਂ ਕਿਸੇ ਹੱਦ ਤੱਕ ਬਾਂਦਰ ਅਤੇ ਕੁੱਤਾ, ਜੋ ਉਂਜ ਵੀ ਮੇਰੇ ਸਾਹਮਣੇ ਘੱਟ-ਵੱਧ ਹੀ ਆਉਂਦੇ ਸਨ। ... ਸ਼ਰਾਬ ਪੀਣਾ ਵੀ ਕੀ ਬੀਮਾਰੀ ਹੈ ۔۔۔ ਬੁਢੀ ਹੁੰਦੀ ਪਲੂਟੋ ਵੀ ਜ਼ਿਆਦਾ ਦੇਰ ਨਾ ਬੱਚ ਪਾਈ ਅਤੇ ਮੇਰੀਆਂ ਜ਼ਿਆਦਤੀਆਂ ਨੂੰ ਸਹਿਣ ਕਰਨ ਲਈ ਮਜਬੂਰ ਹੋ ਗਈ।
ਇੱਕ ਰਾਤ ਜਦੋਂ ਮੈਂ ਸ਼ਰਾਬ ਦੇ ਨਸ਼ੇ ਵਿੱਚ ਧੁੱਤ ਘਰ ਪਰਤ ਰਿਹਾ ਸੀ ਤਾਂ ਮੈਨੂੰ ਇਵੇਂ ਲਗਾ ਜਿਵੇਂ ਬਿੱਲੀ ਨੇ ਮੇਰੀ ਆਮਦ ਨੂੰ ਨਜ਼ਰਅੰਦਾਜ ਕੀਤਾ ਹੈ। ਜਦੋਂ ਮੈਂ ਉਸਨੂੰ ਫੜਨਾ ਚਾਹਿਆ ਤਾਂ ਉਸਨੇ ਮੇਰੇ ਹੱਥ ਨੂੰ ਕੱਟ ਲਿਆ ਜਿਸਦੇ ਨਾਲ ਉੱਥੇ ਇੱਕ ਹਲਕਾ ਜਿਹਾ ਜ਼ਖਮ ਹੋ ਗਿਆ। ਮੇਰੇ ਅੰਦਰ ਕਿਸੇ ਸ਼ੈਤਾਨੀ ਤਾਕਤ ਦਾ ਉਬਾਲ ਅਜਿਹਾ ਉਬਲਿਆ ਕਿ ਮੈਂ ਆਪਣੇ ਆਪੇ ਤੋਂ ਬਾਹਰ ਹੋ ਗਿਆ। ਮੇਰੀ ਰੂਹ ਮੇਰੇ ਜਿਸਮ ਤੋਂ ਕਿਤੇ ਦੂਰ ਉਡਾਰੀ ਮਾਰ ਚੁੱਕੀ ਸੀ ਜਿਸਦੀ ਜਗ੍ਹਾ ਕਿਸੇ ਅਜਿਹੀ ਬਦਰੂਹ ਨੇ ਲੈ ਲਈ ਸੀ ਜਿਸਨੇ ਮੇਰੇ ਤੋਂ ਮੇਰੀ ਫਤੂਹੀ ਦੀ ਜੇਬ ਵਿੱਚ ਹੱਥ ਪਵਾਇਆ ਅਤੇ ਜਦੋਂ ਮੇਰਾ ਹੱਥ ਬਾਹਰ ਨਿਕਲਿਆ ਤਾਂ ਇਸ ਵਿੱਚ ਪੈਨਸਿਲ ਘੜਨ ਵਾਲਾ ਉਹ ਚਾਕੂ ਸੀ ਜੋ ਸਿਰਫ ਕਲਮ ਘੜਨ ਲਈ ਹੀ ਬਾਹਰ ਨਿਕਲਦਾ ਸੀ। ਲੇਕਿਨ ਇਸ ਵਾਰ ਮੈਂ ਉਸਨੂੰ ਖੋਲ੍ਹਿਆ ਅਤੇ ਬੇਚਾਰੀ ਬਿੱਲੀ ਨੂੰ ਧੌਣ ਤੋਂ ਫੜ ਕੇ ਉਸ ਦੀ ਇੱਕ ਅੱਖ ਵਿੱਚ ਘੋਪ ਦਿੱਤਾ ਅਤੇ ਡੇਲਾ ਬਾਹਰ ਕਢ ਲਿਆ। ਲਾਅਨਤੀ ਦਰਿੰਦਗੀ ਨੂੰ ਲਿਖਦੇ ਹੋਏ ਮੈਂ ਸ਼ਰਮਿੰਦਗੀ ਨਾਲ ਲਾਲ ਹੋ ਗਿਆ ਹਾਂ, ਮੈਂ ਭੁੱਜ ਰਿਹਾ ਹਾਂ ਅਤੇ ਮੈਂਨੂੰ ਝੁਣਝੁਣੀ ਆ ਰਹੀ ਹੈ।
ਅਗਲੀ ਸਵੇਰ ਜਦੋਂ ਰਾਤ ਦੀ ਅੰਨ੍ਹੇਵਾਹ ਪੀਤੀ ਹੋਈ ਉੱਤਰੀ, ਮੈਂ ਹੋਸ਼ ਵਿੱਚ ਆਇਆ ਅਤੇ ਅਕਲ ਮੁੜ ਬਹਾਲ ਹੋਈ ਤਾਂ ਮੈਨੂੰ ਅਜਿਹਾ ਅਹਿਸਾਸ ਹੋਇਆ ਜਿਸ ਵਿੱਚ ਅੱਧਾ ਤਾਂ ਉਸ ਜੁਰਮ ਦਾ ਖੌਫ਼ ਸੀ ਜੋ ਮੇਰੇ ਕੋਲੋਂ ਰਾਤ ਨੂੰ ਹੋ ਗਿਆ ਸੀ ਅਤੇ ਅੱਧਾ ਉਸਦਾ ਪਛਤਾਵਾ; ਹਾਲਾਂਕਿ ਇਹ ਹਲਕਾ ਜਿਹਾ ਅਹਿਸਾਸ ਸੀ, ਜਿਸਦੀ ਸਪਸ਼ਟ ਭਾਂਤ ਮੈਨੂੰ ਖ਼ੁਦ ਵੀ ਕੋਈ ਅਟਕਲ ਨਹੀਂ ਸੀ, ਪਰ ਮੇਰੀ ਰੂਹ ਨੂੰ ਆਂਚ ਨਹੀਂ ਸੀ ਆਈ। ਮੈਂ ਦੁਬਾਰਾ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ ਅਤੇ ਇਸ ਦੇ ਨਸ਼ੇ ਵਿੱਚ ਸਾਰੀ ਯਾਦਾਸ਼ਤ ਡੁੱਬ ਗਈ।
ਸਮਾਂ ਦੇ ਬੀਤਣ ਨਾਲ, ਬਿੱਲੀ ਆਹਿਸਤਾ ਆਹਿਸਤਾ ਠੀਕ ਹੁੰਦੀ ਗਈ। ਭਾਵੇਂ ਉਸ ਨੂੰ ਹੁਣ ਕੋਈ ਤਕਲੀਫ ਨਹੀਂ ਸੀ ਅਤੇ ਨਾ ਉਸਨੂੰ ਕੋਈ ਦਰਦ ਹੁੰਦਾ ਪਰ ਉਸ ਦੀ ਕੱਢੀ ਹੋਈ ਅੱਖ ਦੀ ਥਾਂ ਖ਼ਾਲੀ ਖੋਖਾ ਇੱਕ ਭਿਆਨਕ ਦ੍ਰਿਸ਼ ਪੇਸ਼ ਕਰਦਾ ਸੀ। ਉਹ ਪਹਿਲਾਂ ਦੀ ਤਰ੍ਹਾਂ ਘਰ ਵਿੱਚ ਇਧਰ ਉੱਧਰ ਮੰਡਲਾਉਂਦੀ ਰਹਿੰਦੀ ਪਰ ਉਸ ਦੀ ਕੋਸ਼ਿਸ਼ ਹੁੰਦੀ ਕਿ ਉਹ ਮੇਰੇ ਕੋਲੋਂ ਇੰਨਾ ਦੂਰ ਰਹੇ ਕਿ ਮੈਂ ਉਸਨੂੰ ਫੜ ਨਾ ਸਕਾਂ। ਮੈਨੂੰ ਉਸ ਦੇ ਇਸ ਰਵਈਏ ਤੋਂ ਬਹੁਤ ਤਕਲੀਫ ਹੁੰਦੀ ਕਿ ਕਿਸ ਤਰ੍ਹਾਂ ਦੀ ਪ੍ਰਾਣੀ ਹੈ ਜੋ ਕਦੇ ਮੈਨੂੰ ਬੇਹੱਦ ਮੁਹੱਬਤ ਕਰਦੀ ਸੀ ਹੁਣ ਵੱਟੀ ਵੱਟੀ ਰਹਿੰਦੀ ਹੈ। ਛੇਤੀ ਹੀ ਤਕਲੀਫ ਦਾ ਇਹ ਅਹਿਸਾਸ ਝੁੰਝਲਾਹਟ ਵਿੱਚ ਬਦਲਨਾ ਸ਼ੁਰੂ ਹੋ ਗਿਆ ਅਤੇ ਫਿਰ, ਮੇਰੇ ਅੰਤਿਮ ਅਤੇ ਅਮੋੜ ਪਲਟੇ ਲਈ, ਅਵੈੜਪੁਣੇ ਦੀ ਭਾਵਨਾ ਆਈ। ਹੁਣ ਭਲਾ ਜਦੋਂ ਅਜਿਹੇ ਖ਼ਿਆਲ ਆਉਣ ਲੱਗ ਜਾਣ ਤਾਂ ਫ਼ਲਸਫ਼ੇ ਅਤੇ ਮੰਤਕ ਪਿੱਛੇ ਰਹਿ ਜਾਂਦੇ ਹਨ। ਮੈਨੂੰ ਤਾਂ ਇਹ ਸ਼ਕ ਵੀ ਓਨਾ ਹੀ ਹੋਣ ਲਗਾ ਸੀ ਕਿ ਮੇਰੀ ਆਪਣੀ ਰੂਹ ਜ਼ਿੰਦਾ ਵੀ ਹੈ ਜਾਂ ਨਹੀਂ ਜਿੰਨਾ ਇਸ ਗੱਲ ਤੇ ਕਿ ਅਵੈੜਪੁਣਾ ਮਨੁੱਖੀ ਦਿਲ ਦੇ ਆਰੰਭਿਕ ਆਵੇਗਾਂ ਵਿਚੋਂ ਇਕ ਹੈ – ਉਨ੍ਹਾਂ ਅਵੰਡ ਮੁਢਲੇ ਗੁਣਾਂ ਜਾਂ ਭਾਵਨਾਵਾਂ ਵਿਚੋਂ ਇਕ, ਜੋ ਕਿ ਮਨੁੱਖ ਦੇ ਕਿਰਦਾਰ ਨੂੰ ਨਿਰਦੇਸ਼ ਦਿੰਦਾ ਹੈ। ਕੌਣ ਹੈ ਜਿਸਨੇ ਸੈਂਕੜੇ ਵਾਰ ਆਪਣੇ ਆਪ ਨੂੰ ਅਜਿਹੀਆਂ ਘਟੀਆ ਜਾਂ ਬੇਵਕੂਫ਼ਾਨਾ ਹਰਕਤਾਂ ਕਰਦੇ ਨਾ ਪਾਇਆ ਹੋਵੇ, ਜੋ ਉਸਨੇ ਸਿਰਫ ਇਸ ਲਈ ਕੀਤੀਆਂ ਹੁੰਦੀਆਂ ਹਨ ਕਿ ਉਹ ਜਾਣਦਾ ਹੁੰਦਾ ਹੈ ਕਿ ਉਸ ਨੂੰ ਇਹ ਨਹੀਂ ਕਰਨੀਆਂ ਚਾਹੀਦੀਆਂ ਹਨ? ਕੀ ਸਾਡੇ ਵਿੱਚ ਇਹ ਨਿਰੰਤਰ ਰੁਝਾਨ ਨਹੀਂ ਹੈ ਕਿ ਅਸੀਂ ਆਪਣੇ ਸਭ ਤੋਂ ਵਧੀਆ ਨਿਰਣੇ ਦੇ ਉਲਟ ਕਾਨੂੰਨ ਤੋੜ ਦੇਈਏ, ਸਿਰਫ ਇਸ ਲਈ ਕਿਉਂਕਿ ਅਸੀਂ ਇਸ ਨੂੰ ਸਮਝਦੇ ਹਾਂ? ਮੈਂ ਕਹਿੰਦਾ ਹਾਂ ਅਵੈੜਪੁਣੇ ਦੀ ਭਾਵਨਾ ਮੇਰੇ ਅੰਤਿਮ ਪਲਟੇ ਲਈ ਨਿੱਤਰੀ। ਆਪਣੇ ਆਪ ਨੂੰ ਤੜਫਾਉਣ ਦੀ ਆਤਮਾ ਦੀ ਇਹ ਅਸਗਾਹ ਇੱਛਾ ਸੀ - ਆਪਣੀ ਫਿਤਰਤ ਤੇ ਹਿੰਸਾ ਦੀ - ਸਿਰਫ ਗ਼ਲਤ ਲਈ ਗ਼ਲਤ ਕਰਨ ਦੀ ਇੱਛਾ - ਜਿਸ ਨੇ ਮੈਨੂੰ ਅੱਗੇ ਵਧਣ ਲਈ ਅਤੇ ਅਖ਼ੀਰ ਨਿਰਦੋਸ਼ ਬੇਜ਼ਬਾਨ ਪ੍ਰਾਣੀ ਤੇ ਖ਼ੂਨੀ ਵਾਰ ਨੂੰ ਤੋੜ ਤੱਕ ਪਹੁੰਚਾਉਣ ਲਈ ਉਕਸਾਇਆ।
ਇੱਕ ਸਵੇਰ ਮੈਂ ਪੂਰਨ ਸ਼ਾਂਤ ਸੁਭਾ ਨਾਲ ਇਸ ਦੀ ਧੌਣ ਵਿੱਚ ਫੰਦਾ ਪਾਇਆ ਅਤੇ ਇਸਨੂੰ ਇੱਕ ਦਰਖ਼ਤ ਦੀ ਸ਼ਾਖ਼ ਨਾਲ ਲਟਕਾ ਦਿੱਤਾ। ਉਸਨੂੰ ਲਮਕਾਉਂਦੇ ਹੋਏ ਮੇਰੀਆਂ ਅੱਖਾਂ ਵਿੱਚ ਅੱਥਰੂ ਵਹਿ ਰਹੇ ਸਨ ਅਤੇ ਮੇਰਾ ਦਿਲ ਗ਼ਮ ਵਿੱਚ ਡੁੱਬਿਆ ਹੋਇਆ ਸੀ ਕਿਉਂਕਿ ਮੈਨੂੰ ਪਤਾ ਸੀ ਕਿ ਉਸਨੂੰ ਮੇਰੇ ਨਾਲ ਮੁਹੱਬਤ ਸੀ ਅਤੇ ਇਹ ਕਿ ਉਸਨੇ ਮੈਨੂੰ ਕੋਈ ਅਜਿਹਾ ਕਾਰਨ ਵੀ ਨਹੀਂ ਸੀ ਦਿੱਤਾ ਕਿ ਮੈਂ ਇਸ ਦੇ ਨਾਲ ਅਜਿਹਾ ਸਲੂਕ ਕਰਾਂ। ਮੈਨੂੰ ਇਹ ਵੀ ਪਤਾ ਸੀ ਕਿ ਮੈਂ ਅਜਿਹਾ ਕਰਦੇ ਹੋਏ ਇੱਕ ਗੁਨਾਹ ਕਰ ਰਿਹਾ ਸੀ। ਇੱਕ ਅਜਿਹਾ ਭਿਆਨਕ ਗੁਨਾਹ ਜੋ ਮੇਰੀ ਹਮੇਸ਼ਾ ਜ਼ਿੰਦਾ ਰਹਿਣ ਵਾਲੀ ਰੂਹ ਨੂੰ ਹਮੇਸ਼ ਲਈ ਬੇਚੈਨ ਕਰ ਦੇਵੇਗਾ ਅਤੇ ਇਹ ਵੀ ਕਿ ਮੈਂ ਉਸ ਐਸੇ ਖ਼ੁਦਾ ਦੀ ਅਸੀਮਤ ਰਹਿਮਦਿਲੀ ਤੋਂ ਵੀ ਮਹਿਰੂਮ ਹੋ ਜਾਵਾਂਗਾ ਜੋ ਰਹੀਮ ਵੀ ਸਭ ਤੋਂ ਵੱਡਾ ਹੈ ਅਤੇ ਗ਼ਜ਼ਬ ਢਾਹੁਣ ਵਾਲਾ ਵੀ ਕਹਿਣ ਤੋਂ ਪਰੇ।
ਜਿਸ ਦਿਨ ਇਹ ਜ਼ਾਲਮਾਨਾ ਕਰਤੂਤ ਕੀਤੀ ਗਈ ਸੀ ਉਸ ਰਾਤ ਮੇਰੀ ਅੱਖ ਅੱਗ ਲੱਗਣ ਦੇ ਰੌਲੇ ਨਾਲ ਖੁੱਲੀ। ਮੇਰੇ ਬੈੱਡ ਦੇ ਪਰਦਿਆਂ ਨੂੰ ਲਾਂਬੂ ਲੱਗਿਆ ਹੋਇਆ ਸੀ ਅਤੇ ਪੂਰਾ ਘਰ ਸੀ ਕਿ ਅੱਗ ਦੀਆਂ ਲਪਟਾਂ ਦੀ ਲਪੇਟ ਵਿੱਚ ਸੀ। ਬੜੀ ਮੁਸ਼ਕਲ ਨਾਲ ਮੈਂ, ਮੇਰੀ ਪਤਨੀ ਅਤੇ ਨੌਕਰ ਇਸ ਭਿਆਨਕ ਅੱਗ ਵਿੱਚੋਂ ਬਚ ਕੇ ਬਾਹਰ ਨਿਕਲਣ ਵਿੱਚ ਕਾਮਿਆਬ ਹੋਏ। ਮਕਾਨ ਮੁਕੰਮਲ ਤੌਰ ਉੱਤੇ ਤਬਾਹ ਹੋ ਚੁੱਕਿਆ ਸੀ ਅਤੇ ਮੇਰਾ ਸਾਰਾ ਮਾਲਮੱਤਾ ਇਸ ਅੱਗ ਨੇ ਨਿਗਲ ਲਿਆ ਸੀ। ਤੇ ਮੈਂ ਘੋਰ ਉਦਾਸੀ ਦੇ ਆਲਮ ਵਿੱਚ ਡੁੱਬ ਚੁੱਕਿਆ ਸੀ।
ਮੈਂ ਉਨ੍ਹਾਂ ਲੋਕਾਂ ਵਿੱਚੋਂ ਨਹੀਂ ਹਾਂ ਜੋ ਕਾਰਨ ਅਤੇ ਕਾਰਜ ਦੇ ਦਰਮਿਆਨ ਰਿਸ਼ਤਾ ਜੋੜ ਲੈਂਦੇ ਹਨ ਜਾਂ ਜੋ ਅੱਤਿਆਚਾਰ ਅਤੇ ਆਫ਼ਤ ਨੂੰ ਇੱਕ ਦੂਜੇ ਦਾ ਹਿੱਸਾ ਸਮਝਣ ਲੱਗਦੇ ਹਨ। ਮੈਂ ਤਾਂ ਸਿਰਫ ਘਟਨਾਵਾਂ ਦਾ ਵੇਰਵਾ ਤਰਤੀਬ ਨਾਲ ਦੱਸ ਰਿਹਾ ਹਾਂ। ਅੱਗ ਲੱਗਣ ਦੇ ਅਗਲੇ ਦਿਨ ਮੈਂ ਆਪਣੇ ਖੰਡਰ ਮਕਾਨ ਤੇ ਗਿਆ। ਸਾਰੀਆਂ ਦੀਵਾਰਾਂ ਡਿੱਗ ਚੁੱਕੀਆਂ ਸਨ, ਬੱਸ ਇੱਕ ਕਮਰੇ ਦੀ ਦੀਵਾਰ - ਜੋ ਕੋਈ ਜ਼ਿਆਦਾ ਮੋਟੀ ਨਹੀਂ ਸੀ ਘਰ ਦੇ ਦਰਮਿਆਨ ਖੜੀ ਸੀ। ਇਹ ਉਹ ਦੀਵਾਰ ਸੀ ਜਿਸਦੇ ਇੱਕ ਤਰਫ਼ ਮੇਰੇ ਬੈੱਡ ਦਾ ਸਿਰ ਹੋਇਆ ਕਰਦਾ ਸੀ। ਅੱਗ ਇਸ ਦੀਵਾਰ ਦੇ ਪਲਸਤਰ ਨੂੰ ਬੇਅਸਰ ਨਹੀਂ ਸੀ ਕਰ ਸਕੀ....। ਮੈਂ ਇਸ ਗੱਲ ਨੂੰ ਇਸ ਤਰ੍ਹਾਂ ਜਾਇਜ਼ ਠਹਿਰਾਇਆ ਕਿ ਇਹ ਪਲਸਤਰ ਹਾਲ ਹੀ ਵਿੱਚ ਕਰਵਾਇਆ ਗਿਆ ਸੀ। ਉੱਥੇ ਬੜੀ ਭੀੜ ਜਮਾਂ ਹੋ ਗਈ ਸੀ ਅਤੇ ਕਈ ਲੋਕ ਦੀਵਾਰ ਦੇ ਇੱਕ ਖ਼ਾਸ ਹਿੱਸੇ ਦੀ ਬਹੁਤ ਹੀ ਬਾਰੀਕੀ ਅਤੇ ਉਤਸੁਕਤਾ ਨਾਲ ਜਾਂਚ ਕਰ ਰਹੇ ਸਨ। ਉਨ੍ਹਾਂ ਦੇ ਹੈਰਾਨਗੀ ਪਰਗਟ ਕਰਨ ਵਾਲੇ ਸ਼ਬਦ ਮੇਰੀ ਉਤਸੁਕਤਾ ਵਿੱਚ ਵਾਧਾ ਕਰ ਰਹੇ ਸੀ। ਮੈਂ ਉਨ੍ਹਾਂ ਦੇ ਕੋਲ ਗਿਆ ਅਤੇ ਮੈਂ ਵੇਖਿਆ ਕਿ ਇਸ ਦੀਵਾਰ ਦੀ ਸਫੈਦ ਸਤ੍ਹਾ ਉੱਤੇ ਇੱਕ ਵੱਡੀ ਸਾਰੀ ਬਿੱਲੀ ਦੀ ਸ਼ਕਲ ਉਭਰੀ ਹੋਈ ਸੀ ਜਿਸਦੀ ਧੌਣ ਵਿੱਚ ਫੰਦਾ ਸੀ। ਅਜਿਹਾ ਲੱਗਦਾ ਸੀ ਜਿਵੇਂ ਇਸ ਫੰਦੇ ਵਾਲੀ ਬਿੱਲੀ ਨੂੰ ਬਹੁਤ ਪ੍ਰਬੀਨਤਾ ਨਾਲ ਬਣਾਇਆ ਗਿਆ ਹੋਵੇ।
ਉਸਨੂੰ ਵੇਖਕੇ ਮੈਂ ਹੈਰਤ ਵਿੱਚ ਗੁੰਮ ਹੋ ਗਿਆ ਅਤੇ ਮੇਰਾ ਡਰ ਆਪਣੀ ਇੰਤਹਾ ਨੂੰ ਪਹੁੰਚ ਗਿਆ। ਫਿਰ ਸੋਚਣ ਦੇ ਬਾਅਦ ਮੈਨੂੰ ਖ਼ਿਆਲ ਆਇਆ ਕਿ ਬਿੱਲੀ ਨੂੰ ਤਾਂ ਘਰ ਦੇ ਨਾਲ ਲੱਗਦੇ ਬਾਗ਼ ਵਿੱਚ ਦਰਖ਼ਤ ਉੱਤੇ ਲਮਕਾਇਆ ਗਿਆ ਸੀ। ਅੱਗ ਲੱਗਣ ਉੱਤੇ ਜਦੋਂ ਖ਼ਤਰੇ ਦਾ ਅਲਾਰਮ ਵੱਜਿਆ ਹੋਵੇਗਾ ਤਾਂ ਇਸ ਬਾਗ਼ ਵਿੱਚ ਬਹੁਤ ਸਾਰੇ ਲੋਕ ਜੁੜ ਗਏ ਹੋਣਗੇ ਅਤੇ ਕਿਸੇ ਨੇ ਉਸਨੂੰ ਦਰਖ਼ਤ ਨਾਲੋਂ ਬਿੱਲੀ ਨੂੰ ਕੱਟ ਕੇ ਖਿੜਕੀ ਰਾਹੀਂ ਮੇਰੇ ਕਮਰੇ ਵਿੱਚ ਸ਼ਾਇਦ ਮੈਨੂੰ ਜਗਾਉਣ ਦੇ ਮੰਤਵ ਲਈ ਸੁੱਟਿਆ ਹੋਵੇਗਾ ਅਤੇ ਇਸ ਦੇ ਡਿੱਗਣ ਦੀ ਆਵਾਜ਼ ਨਾਲ ਹੀ ਮੇਰੀ ਅੱਖ ਖੁੱਲ੍ਹੀ ਹੋਵੇਗੀ। ਜਦੋਂ ਦੂਜੀ ਦੀਵਾਰ ਇਸ ਦੀਵਾਰ ਉੱਤੇ ਡਿੱਗੀ ਹੋਵੇਗੀ ਤਾਂ ਇਹ ਮਰੀ ਹੋਈ ਬਿੱਲੀ ਜੋ ਮੇਰੀ ਅੱਤਿਆਚਾਰੀ ਹਰਕਤ ਦਾ ਸ਼ਿਕਾਰ ਹੋਈ ਸੀ, ਖੁੱਭ ਕੇ ਰਹਿ ਗਈ ਹੋਵੇਗੀ। ਦੀਵਾਰ ਦੇ ਤਾਜ਼ੇ ਪਲਸਤਰ ਉੱਤੇ ਪਿਚਕੀ ਹੋਈ ਬਿੱਲੀ, ਅੱਗ ਵਿੱਚ ਰੜ੍ਹ ਕੇ ਅਤੇ ਲਾਸ ਵਿੱਚੋਂ ਨਿੱਕਲੀ ਅਮੋਨੀਆ ਨਾਲ ਇੱਕ ਉਭਰੀ ਹੋਈ ਨੱਕਾਸ਼ੀ ਦੀ ਤਰ੍ਹਾਂ ਨਜ਼ਰ ਆ ਰਹੀ ਸੀ।
ਖੈਰ, ਕਾਰਨ ਭਾਵੇਂ ਮੈਂ ਖੋਜ ਲਿਆ ਸੀ ਮਗਰ ਮੇਰੀ ਜ਼ਮੀਰ ਪੂਰੀ ਤਰ੍ਹਾਂ ਸਤੁੰਸ਼ਟ ਨਹੀਂ ਸੀ। ਮਹੀਨਿਆਂ ਬਾਅਦ ਤੱਕ ਇਹ ਹਾਦਸਾ ਮੇਰੇ ਮਨ ਤੇ ਹਾਵੀ ਰਿਹਾ ਅਤੇ ਬਿੱਲੀ ਦਾ ਭੂਤ ਮੇਰੇ ਸਿਰ ਤੇ ਸਵਾਰ ਰਿਹਾ। ਮੇਰੀ ਆਤਮਾ ਵਿੱਚ ਇੱਕ ਅੱਧਪਚੱਧੀ-ਭਾਵਨਾ ਪਰਤ ਆਈ ਜਿਹੜੀ ਲੱਗਦੀ ਤਾਂ ਪਛਤਾਵਾ ਸੀ ਪਰ ਹੈ ਕੁਝ ਹੋਰ ਹੀ ਸੀ। ਪਸ਼ੇਮਾਨੀ ਮੈਨੂੰ ਇੱਕ ਹੋਰ ਤੋੜ ਲਭਣ ਦੀ ਤਰਫ਼ ਲੈ ਕੇ ਜਾ ਰਹੀ ਸੀ ਕਿ ਆਪਣੀ ਇਸ ਪਾਲਤੂ ਬਿੱਲੀ ਦੇ ਮਰ ਜਾਣ ਦੇ ਬਾਅਦ ਮੈਂ ਸ਼ਰਾਬੀਆਂ ਦੇ ਗੰਦੇ ਘੁਰਨਿਆਂ ਵਿੱਚੋਂ, ਜਿਥੇ ਜਾਣਾ ਹੁਣ ਮੇਰਾ ਆਦਤਨ ਨੇਮ ਬਣ ਗਿਆ ਸੀ, ਇਸ ਦਾ ਬਦਲ ਲਭਣ ਲੱਗ ਪਿਆ ਸੀ। ਮੈਂ ਇਸ ਨਸਲ ਦੀ ਅਤੇ ਪਲੂਟੋ ਨਾਲ ਹੂਬਹੂ ਮਿਲਦੀ ਜੁਲਦੀ ਬਿੱਲੀ ਦੀ ਤਲਾਸ਼ ਕਰਨ ਲਗਾ।
ਇੱਕ ਰਾਤ ਮੈਂ ਸ਼ਰਾਬ ਦੇ ਨਸ਼ੇ ਵਿੱਚ ਮਦਹੋਸ਼ ਸ਼ਰਾਬੀਆਂ ਦੇ ਇੱਕ ਜ਼ਿਆਦਾ ਹੀ ਬਦਨਾਮ ਘੁਰਨੇ ਵਿੱਚ ਬੈਠਾ ਸੀ ਕਿ ਅਚਾਨਕ ਮੇਰੀ ਨਜ਼ਰ ਇੱਕ ਕਾਲੇ ਰੰਗ ਦੀ ਚੀਜ਼ ਤੇ ਪਈ। ਜਿੰਨ ਅਤੇ ਰਮ ਦੇ ਲੱਕੜੀ ਦੇ ਬੈਰਲ ਹੀ ਇਸ ਘੁਰਨੇ ਦਾ ਬੁਨਿਆਦੀ ਫਰਨੀਚਰ ਸਨ ਜਿਨ੍ਹਾਂ ਵਿਚੋਂ ਇੱਕ ਉੱਤੇ ਇਹ ਬੈਠੀ ਸੀ। ਮੇਰੀ ਨਜ਼ਰ ਇਸ ਬੈਰਲ ਦੀ ਉਪਰਲੀ ਸਤ੍ਹਾ ਉੱਤੇ ਕੁਝ ਮਿੰਟਾਂ ਤੱਕ ਟਿਕੀ ਰਹੀ। ਅਤੇ ਹੁਣ ਮੈਨੂੰ ਜਿਸ ਗੱਲ ਤੇ ਹੈਰਾਨੀ ਹੋਈ ਉਹ ਇਹ ਸੀ ਕਿ ਜਿਉਂ ਹੀ ਮੈਨੂੰ ਇਸ ਚੀਜ਼ ਦਾ ਅਭਾਸ਼ ਹੋਇਆ ਮੈਂ ਉਠ ਕੇ ਇਸ ਕੋਲ ਗਿਆ ਅਤੇ ਇਸਨੂੰ ਛੂਹਿਆ। ਇਹ ਇੱਕ ਕਾਲੀ ਬਿੱਲੀ ਸੀ। ਵੱਡੀ ਸਾਰੀ, ਪਲੂਟੋ ਜੇਡੀ। ਇਹ ਉਸ ਨਾਲ ਹਰ ਪੱਖੋਂ ਸਮਰੂਪ ਸੀ ਮਗਰ ਇੱਕ ਫ਼ਰਕ ਸੀ। ਪਲੂਟੋ ਦੇ ਜਿਸਮ ਉੱਤੇ ਕਾਲੇ ਰੰਗ ਦੇ ਵਾਲ਼ਾਂ ਦੇ ਸਿਵਾ ਕਿਸੇ ਹੋਰ ਰੰਗ ਦਾ ਇੱਕ ਵੀ ਵਾਲ਼ ਨਹੀਂ ਸੀ ਲੇਕਿਨ ਇਸ ਬਿੱਲੀ ਦੀ ਹਿੱਕ ਉੱਤੇ ਬੱਗੇ ਵਾਲ਼ਾਂ ਦਾ ਵੱਡਾ ਸਾਰਾ ਧੱਬਾ ਸੀ।
ਮੇਰੀ ਛੋਹ ਨੂੰ ਮਹਿਸੂਸ ਕਰਕੇ ਉਸਨੇ ਗੁਰ ਗੁਰ ਕੀਤਾ, ਮੇਰੇ ਹੱਥ ਦੇ ਨਾਲ ਘਸਰਨ ਲੱਗ ਪਈ ਜਿਵੇਂ ਮੇਰੇ ਛੂਹਣ ਤੇ ਖੁਸ਼ੀ ਮਹਿਸੂਸ ਕਰ ਰਹੀ ਹੋਵੇ। ਮੈਂ ਅਜਿਹੀ ਹੀ ਬਿੱਲੀ ਲੱਭ ਰਿਹਾ ਸੀ। ਮੈਂ ਉਸੇ ਵਕਤ ਉਸ ਜਗ੍ਹਾ ਦੇ ਮਾਲਿਕ ਨੂੰ ਇਹ ਖ਼ਰੀਦਣ ਦੀ ਪੇਸ਼ਕਸ਼ ਕਰ ਦਿੱਤੀ ਪਰ ਉਸਨੇ ਕਿਹਾ ਇਹ ਉਸ ਦੀ ਬਿੱਲੀ ਨਹੀਂ ਅਤੇ ਨਾ ਹੀ ਇਸ ਨੂੰ ਪਹਿਲਾਂ ਕਦੇ ਉਸਨੇ ਵੇਖਿਆ ਸੀ।
ਮੈਂ ਇਸ ਦੀ ਪਿਠ ਤੇ ਹੱਥ ਫੇਰਦਾ ਰਿਹਾ ਅਤੇ ਜਦੋਂ ਘਰ ਜਾਣ ਲਈ ਉੱਥੋਂ ਉਠਿਆ ਤਾਂ ਇਹ ਵੀ ਮੇਰੇ ਨਾਲ ਹੋ ਲਈ। ਮੈਂ ਇਸਨੂੰ ਅਜਿਹਾ ਕਰਨ ਦਿੱਤਾ ਸਗੋਂ ਰਸਤੇ ਵਿੱਚ ਕਈ ਵਾਰ ਰੁਕ ਕੇ ਉਸ ਦੇ ਸਿਰ ਨੂੰ ਪਿਆਰ ਨਾਲ ਸਹਿਲਾਉਂਦਾ ਅਤੇ ਫਿਰ ਅੱਗੇ ਵਧਦਾ। ਜਦੋਂ ਅਸੀਂ ਘਰ ਪੁੱਜੇ ਤਾਂ ਉਹ ਘਰ ਵਿੱਚ ਇਉਂ ਫਿਰਨ ਲੱਗੀ ਜਿਵੇਂ ਇਸ ਘਰ ਵਿੱਚ ਹਮੇਸ਼ਾ ਤੋਂ ਰਹਿੰਦੀ ਆਈ ਹੋਵੇ। ਕੁੱਝ ਹੀ ਦੇਰ ਵਿੱਚ ਉਹ ਮੇਰੀ ਪਤਨੀ ਨੂੰ ਵੀ ਬੜੀ ਪਸੰਦ ਆ ਗਈ।
ਮਗਰ ਉਸ ਦੇ ਉਲਟ ਮੇਰੇ ਵਿੱਚ ਇਹ ਤਬਦੀਲੀ ਆਈ ਕਿ ਮੈਂ ਇਸਨੂੰ ਨਾ ਪਸੰਦ ਕਰਨ ਲਗਾ। ਮੈਨੂੰ ਜੋ ਲੱਗਦਾ ਸੀ ਉਸਦੇ ਐਨ ਉਲਟ ਵਾਪਰ ਗਿਆ। ਪਰ ਕਿਉਂ? ਇਹ ਮੈਨੂੰ ਖ਼ੁਦ ਵੀ ਪਤਾ ਨਹੀਂ ਸੀ। ਆਪਣੇ ਆਪ ਲਈ ਇਸਦੇ ਸਪਸ਼ਟ ਸਨੇਹ ਤੇ ਮੈਨੂੰ ਕੁਰਹਿਤ ਹੁੰਦੀ ਅਤੇ ਮੈਨੂੰ ਗੁੱਸਾ ਆਉਂਦਾ। ਹੌਲੀ ਹੌਲੀ, ਨਫ਼ਰਤ ਅਤੇ ਗੁੱਸੇ ਦੀ ਇਹ ਭਾਵਨਾ ਨਫ਼ਰਤ ਦੀ ਕੁੜੱਤਣ ਵਿਚ ਬਦਲ ਗਈ ਅਤੇ ਮੈਂ ਇਸਨੂੰ ਨਜ਼ਰਅੰਦਾਜ ਕਰਨਾ ਸ਼ੁਰੂ ਕਰ ਦਿੱਤਾ। ਮੈਂ ਉਸਨੂੰ ਵੇਖਦਾ ਤਾਂ ਮੇਰੇ ਤੇ ਇੱਕ ਸ਼ਰਮਿੰਦਗੀ ਜਿਹੀ ਤਾਰੀ ਹੋ ਜਾਂਦੀ ਅਤੇ ਮੈਨੂੰ ਆਪਣੀ ਆਪਣੀ ਉਹੀ ਜ਼ਾਲਮ ਹਰਕਤ ਯਾਦ ਆ ਜਾਂਦੀ। ਸ਼ਾਇਦ ਇਹੀ ਕਾਰਨ ਸੀ ਕਿ ਮੈਂ ਕਈ ਹਫਤਿਆਂ ਤੱਕ ਇਸ ਕੋਲੋਂ ਦੂਰ ਰਿਹਾ ਤਾਂਕਿ ਖ਼ੁਦ ਨੂੰ ਉਸ ਰੋਗ ਤੋਂ ਬਚਾਈ ਰਖਾਂ ਜਿਸਦੇ ਅਸਰ ਤਹਿਤ ਮੈਂ ਪਲੂਟੋ ਨੂੰ ਫਾਹਾ ਦਿੱਤਾ ਸੀ।
ਜਿਸ ਰਾਤ ਮੈਂ ਇਸਨੂੰ ਲਿਆਇਆ ਸੀ ਉਸ ਸਮੇਂ ਤਾਂ ਮੈਂ ਖ਼ਿਆਲ ਨਹੀਂ ਕੀਤਾ ਮਗਰ ਅਗਲੇ ਦਿਨ ਗ਼ੌਰ ਕਰਨ ਉੱਤੇ ਮੈਨੂੰ ਪਤਾ ਚਲਾ ਕਿ ਪਲੂਟੋ ਦੀ ਤਰ੍ਹਾਂ ਇਸਨੂੰ ਵੀ ਕਿਸੇ ਨੇ ਇੱਕ ਅੱਖ ਤੋਂ ਮਹਿਰੂਮ ਕਰ ਦਿੱਤਾ ਹੋਇਆ ਸੀ। ਇਸ ਗੱਲ ਨੇ ਮੇਰੀ ਨਫਰਤ ਵਿੱਚ ਹੋਰ ਵੀ ਵਾਧਾ ਕਰ ਦਿੱਤਾ ਜਦੋਂ ਕਿ ਮੇਰੀ ਪਤਨੀ ਦੇ ਦਿਲ ਵਿੱਚ ਇਸ ਲਈ ਬਹੁਤ ਹਮਦਰਦਾਨਾ ਜਜ਼ਬਾਤ ਸਨ ਜਿਵੇਂ ਕਿਲ ਕਦੇ ਮੇਰੇ ਦਿਲ ਵਿੱਚ ਵੀ ਹੋਇਆ ਕਰਦੇ ਸਨ, ਜੋ ਮੇਰੀਆਂ ਨਿੱਕੀਆਂ ਨਿੱਕੀਆਂ ਮਾਸੂਮ ਖੁਸ਼ੀਆਂ ਦਾ ਸਰੋਤ ਹੁੰਦੇ ਸਨ।
ਪਰ ਇਸ ਬਿੱਲੀ ਦੇ ਪ੍ਰਤੀ ਮੇਰੀ ਘਿਰਣਾ ਦੇ ਵਧਣ ਨਾਲ ਇਸਦਾ ਮੇਰੇ ਨਾਲ ਪਿਆਰ ਨਵੀਆਂ ਸਿਖਰਾਂ ਛੂਹਣ ਲੱਗਾ। ਅਤੇ ਇਹ ਬੜੇ ਸਿਦਕ ਨਾਲ ਮੇਰੇ ਮਗਰ ਮਗਰ ਆਉਂਦੀ ਰਹਿੰਦੀ ਜਿਸ ਨੂੰ ਸ਼ਾਇਦ ਪਾਠਕ ਨੂੰ ਸਮਝਾ ਸਕਣਾ ਮੇਰੇ ਲਈ ਕਠਿਨ ਹੈ। ਮੈਂ ਜਦੋਂ ਵੀ ਕੁਰਸੀ ਉੱਤੇ ਬੈਠਦਾ ਉਹ ਮੇਰੀ ਕੁਰਸੀ ਦੇ ਹੇਠਾਂ ਆ ਬੈਠਦੀ ਜਾਂ ਮੇਰੇ ਗੋਡਿਆਂ ਤੇ ਚੜ੍ਹ ਜਾਂਦੀ ਹੈ, ਆਪਣੇ ਘਿਣਾਉਣੇ ਲਾਡ ਨਾਲ ਆਪਣੀ ਮੁਹੱਬਤ ਜਤਾਉਂਦੀ। ਜੇਕਰ ਮੈਂ ਚਲਣ ਲਈ ਉਠ ਖੜਦਾ ਤਾਂ ਉਹ ਮੇਰੇ ਪੈਰਾਂ ਦੇ ਦਰਮਿਆਨ ਇਸ ਤਰ੍ਹਾਂ ਲਿਟ ਜਾਂਦੀ ਕਿ ਮੈਂ ਡਿੱਗਦੇ ਡਿੱਗਦੇ ਮਸਾਂ ਬਚਦਾ। ਕਦੇ ਉਹ ਆਪਣੇ ਤੇਜ਼ ਅਗਲੇ ਪੰਜੇ ਮੇਰੇ ਕੱਪੜਿਆਂ ਵਿੱਚ ਖੋਭ ਦਿੰਦੀ ਅਤੇ ਇਸ ਦਾ ਮੂੰਹ ਮੇਰੀ ਛਾਤੀ ਤੱਕ ਆਇਆ ਹੁੰਦਾ। ਮੇਰਾ ਦਿਲ ਤਾਂ ਚਾਹੁੰਦਾ ਕਿ ਮੈਂ ਇੱਕ ਝਟਕੇ ਨਾਲ ਹੀ ਇਸਦਾ ਕੰਮ ਤਮਾਮ ਕਰ ਦੇਵਾਂ। ਪਰ ਮੈਨੂੰ ਆਪਣਾ ਪਹਿਲਾਂ ਵਾਲਾ ਅਪਰਾਧ ਯਾਦ ਆ ਜਾਂਦਾ ਅਤੇ ਮੈਨੂੰ ਅਜਿਹਾ ਕਰਨ ਤੋਂ ਰੋਕਣ ਵਿੱਚ ਅੰਸ਼ਕ ਕਾਰਨ ਬਣਦਾ। ਪਰ ਮੁੱਖ ਗੱਲ ਤਾਂ ਇਹ ਸੀ – ਮੈਨੂੰ ਕਬੂਲ ਕਰ ਲੈਣਾ ਚਾਹੀਦਾ ਹੈ - ਕਿ ਮੈਂ ਇਸ ਜਾਨਵਰ ਦੇ ਨਿਰੀਹ ਖ਼ੌਫ਼ ਕਰਕੇ ਰੁੱਕਦਾ ਸੀ।
ਇਹ ਖ਼ੌਫ਼ ਕਿਸੇ ਭੌਤਿਕ ਸ਼ੈਤਾਨ ਦਾ ਖ਼ੌਫ਼ ਨਹੀਂ ਸੀ ਮਗਰ ਮੈਂ ਇਸ ਦੀ ਵਜਾਹਤ ਹੋਰ ਕਿਸੇ ਤਰੀਕੇ ਨਹੀਂ ਕਰ ਸਕਦਾ। ਹੁਣ ਕਾਲ ਕੋਠੜੀ ਵਿੱਚ ਵੀ – ਮੈਨੂੰ ਇਹ ਮੰਨਣ ਵਿੱਚ ਸ਼ਰਮ ਆਉਂਦੀ ਹੈ ਕਿ ਇਸ ਜਾਨਵਰ ਦੇ ਜਰਾ ਕੁ ਚੂੰਏਂ ਦੀ ਕਲਪਨਾ ਵੀ ਮੇਰੇ ਅੰਦਰਲੀ ਦਹਿਸ਼ਤ ਅਤੇ ਖ਼ੌਫ਼ ਨੂੰ ਹੋਰ ਵਧਾ ਦਿੰਦੀ ਸੀ। ਮੇਰੀ ਪਤਨੀ ਨੇ ਕਈ ਵਾਰ ਮੇਰਾ ਧਿਆਨ ਇਸ ਦੇ ਜਿਸਮ ਉੱਤੇ ਮੌਜੂਦ ਬੱਗੇ ਵਾਲ਼ਾਂ ਦੇ ਧੱਬੇ ਵੱਲ ਦਿਵਾਇਆ ਸੀ ਜਿਸ ਇੱਕੋ ਇੱਕ ਫ਼ਰਕ ਦਾ ਜ਼ਿਕਰ ਮੈਂ ਕੀਤਾ ਸੀ, ਜਿਹੜਾ ਇਸ ਅਜੀਬ ਪ੍ਰਾਣੀ ਨੂੰ ਉਸ ਨਾਲੋਂ ਵਖਰਿਆਉਂਦਾ ਸੀ, ਜਿਸਨੂੰ ਮੈਂ ਮਾਰ ਮੁਕਾਇਆ ਸੀ। ਪਾਠਕ ਨੂੰ ਇਹ ਯਾਦ ਹੋਵੇਗਾ ਕਿ ਇਹ ਚਿੰਨ੍ਹ, ਮੂਲ ਰੂਪ ਵਿੱਚ ਹਾਲਾਂਕਿ ਖਾਸਾ ਵੱਡਾ ਪਰ ਅਨਿਸਚਿਤ ਸੀ; ਪਰ, ਹੌਲੀ ਹੌਲੀ ਤਕਰੀਬਨ ਅਚੰਭੇ ਭਰੀ ਦਰ ਨਾਲ, ਅਤੇ ਜਿਸਨੂੰ ਮੇਰਾ ਤਰਕ ਬੜੀ ਦੇਰ ਆਪਣਾ ਭਰਮ ਸਮਝ ਕੇ ਰੱਦ ਕਰਦਾ ਸੀ - ਇਸਨੇ ਹੁਣ ਬੜੀ ਸਪਸ਼ਟ ਰੂਪਰੇਖਾ ਅਖਤਿਆਰ ਕਰ ਲਈ ਸੀ। ਇਹ ਗੱਲ ਮੇਰੇ ਖ਼ੌਫ਼ ਨੂੰ ਹੋਰ ਵਧਾ ਰਹੀ ਸੀ। ਇਸਨੇ ਇੱਕ ਐਸੀ ਵਸਤ ਦੀ ਸ਼ਕਲ ਧਾਰਨ ਕਰ ਲਈ ਸੀ ਜਿਸ ਬਾਰੇ ਗੱਲ ਕਰਨ ਤੋਂ ਵੀ ਮੈਨੂੰ ਘਬਰਾਹਟ ਹੁੰਦੀ ਸੀ ਜਿਸ ਤੋਂ ਮੇਰਾ ਬਸ ਚੱਲਦਾ ਤਾਂ ਮੈਂ ਫ਼ੌਰੀ ਤੌਰ ਤੇ ਛੁਟਕਾਰਾ ਪਾ ਲੈਂਦਾ - ਜੋ ਦਿਨੋ ਦਿਨ ਮੇਰੇ ਲਈ ਇੱਕ ਅਜਿਹੀ ਘਿਣਾਉਣੀ ਚੀਜ਼ ਬਣਦਾ ਜਾ ਰਿਹਾ ਸੀ, ਇਸ ਨੇ ਹੁਣ ਦਹਿਸ਼ਤ ਅਤੇ ਜੁਰਮ ਦੇ, ਪੀੜਾ ਅਤੇ ਮੌਤ ਦੇ ਅਫ਼ਸੋਸਨਾਕ ਅਤੇ ਭਿਆਨਕ ਇੰਜਣ – ਸੂਲੀ ਦਾ ਰੂਪ ਧਾਰ ਲਿਆ ਸੀ।
ਹੁਣ ਮੈਂ ਨਾਸਵਾਨ ਪ੍ਰਾਣੀਆਂ ਵਿੱਚ ਸਭ ਤੋਂ ਦੁਖੀ ਪ੍ਰਾਣੀ ਸੀ। ਅਤੇ ਇੱਕ ਜੰਗਲੀ ਜਾਨਵਰ - ਜਿਹੋ ਜਿਹਾ ਇੱਕ ਮੈਂ ਬੇਕਿਰਕੀ ਨਾਲ ਮਾਰ ਦਿੱਤਾ ਸੀ - ਇੱਕ ਜੰਗਲੀ ਜਾਨਵਰ ਹੁਣ ਮੈਨੂੰ, ਇੱਕ ਬੰਦੇ ਨੂੰ, ਜਿਸਨੂੰ ਖ਼ੁਦਾ ਨੇ ਆਪਣੇ ਬੁਲੰਦ ਰੂਪ ਵਿੱਚ ਬਣਾਇਆ ਸੀ - ਬਹੁਤ ਜ਼ਿਆਦਾ ਅਸਹਿ ਪੀੜਾ ਦੇ ਆਲਮ ਵਿੱਚ ਧੱਕ ਰਿਹਾ ਸੀ! ਮੈਂ ਅਜਿਹੀ ਮਾਨਸਿਕ ਕਸ਼ਮਕਸ਼ ਵਿੱਚ ਫਸ ਗਿਆ, ਨਾ ਦਿਨ ਨੂੰ ਚੈਨ ਨਾ ਰਾਤ ਨੂੰ ਨੀਂਦ। ਲਾਨਤ ਹੈ ਅਜਿਹੀ ਜਿੰਦਗੀ ਤੇ। ਦਿਨ ਨੂੰ ਇੱਕ ਇੱਕ ਪਲ ਉਸ ਜਾਨਵਰ ਨੂੰ ਖ਼ਤਮ ਕਰਨ ਦੇ ਜੁਰਮ ਦੇ ਅਹਿਸਾਸ ਥੱਲੇ ਦੱਬਿਆ ਰਹਿੰਦਾ ਸੀ ਅਤੇ ਰਾਤ ਨੂੰ ਅਤਿ ਡਰਾਉਣੇ ਸੁਪਨੇ ਆਉਣ ਲੱਗਦੇ – ਮੇਰੇ ਚਿਹਰੇ ਉੱਤੇ ਜਾਨਵਰ ਦੇ ਗਰਮ ਸਾਹਾਂ ਦੀਆਂ ਫੂਕਾਂ ਵੱਜਦੀਆਂ ਅਤੇ ਉਸਦਾ ਬੜਾ ਭਾਰੀ ਬੋਝ ਆਪਣੀ ਹਿੱਕ ਉੱਤੇ ਮਹਿਸੂਸ ਹੁੰਦਾ ਸੀ – ਇੱਕ ਐਸਾ ਅਸਹਿ ਬੋਝ ਜਿਸ ਨੇ ਮੇਰੇ ਦਿਲ ਨੂੰ ਬੁਰੀ ਤਰ੍ਹਾਂ ਜਕੜ ਲਿਆ ਸੀ, ਜਿਸ ਤੋਂ ਮੈਂ ਅੰਤ ਦਿਨ ਤੱਕ ਖਹਿੜਾ ਨਹੀਂ ਸੀ ਛੁਡਾ ਸਕਦਾ।
ਇਨ੍ਹਾਂ ਪੀੜਾਂ ਦੇ ਦਬਾਓ ਥੱਲੇ ਮੇਰੇ ਅੰਦਰ ਜਿਹੜੀ ਮਾੜੀ ਮੋਟੀ ਚੰਗਿਆਈ ਵੀ ਜੇਕਰ ਕਿਤੇ ਮੌਜੂਦ ਸੀ ਤਾਂ ਉਹ ਵੀ ਗਾਇਬ ਹੋ ਚੁੱਕੀ ਸੀ। ਸਿਰਫ ਸ਼ੈਤਾਨੀ ਖ਼ਿਆਲ ਹੀ ਸਨ ਜੋ ਹੁਣ ਮੇਰੇ ਸਾਥੀ ਸਨ। ਅਤਿਅੰਤ ਬੁਰਾਈ ਨਾਲ ਭਰਪੂਰ ਖ਼ਿਆਲ। ਮੇਰਾ ਸੁਭਾ ਦੀ ਤਲਖ਼ੀ ਦੀ ਤਰਲਤਾ ਵਧਕੇ ਘਿਰਣਾ ਬਣ ਗਈ, ਮਨੁੱਖਤਾ ਸਮੇਤ ਹਰ ਚੰਗੀ ਚੀਜ਼ ਨਾਲ ਮੈਨੂੰ ਘਿਰਣਾ ਹੋਣ ਲੱਗੀ ਸੀ ਅਤੇ ਗੁੱਸੇ ਦੇ ਦੌਰੇ ਸਨ ਕਿ ਵਾਰ ਵਾਰ ਹਮਲਾ ਬੋਲ ਦਿੰਦੇ, ਜਿਨ੍ਹਾਂ ਨੇ ਮੈਨੂੰ ਇਸ ਹੱਦ ਤੱਕ ਅੰਨ੍ਹਾ ਕਰ ਦਿੱਤਾ ਸੀ ਕਿ ਮੇਰੀ ਸਬਰ ਸੰਤੋਖ ਦੀ ਮੂਰਤ ਪਤਨੀ ਇਸ ਦਾ ਅਕਸਰ ਸ਼ਿਕਾਰ ਹੋ ਜਾਇਆ ਕਰਦੀ ਸੀ ਅਤੇ ਅਫ਼ਸੋਸ ਕਿ ਉਹ ਇਹ ਸਭ ਬਹੁਤ ਧੀਰਜ ਨਾਲ ਬਰਦਾਸ਼ਤ ਕਰ ਲੈਂਦੀ ਸੀ।
ਇੱਕ ਦਿਨ ਉਹ ਮੇਰੇ ਨਾਲ ਘਰ ਦੀਆਂ ਕੁੱਝ ਚੀਜ਼ਾਂ ਨੂੰ ਕੱਢਣ ਲਈ ਇਸ ਪੁਰਾਣੀ ਇਮਾਰਤ ਦੇ ਤਹਿਖ਼ਾਨੇ ਵਿੱਚ ਗਈ ਜਿੱਥੇ ਅਸੀਂ ਆਪਣੀ ਗ਼ੁਰਬਤ ਦੇ ਕਾਰਨ ਰਹਿਣ ਉੱਤੇ ਮਜਬੂਰ ਸਾਂ। ਬਿੱਲੀ ਮੇਰੇ ਪਿੱਛੇ ਪਿੱਛੇ ਤੇਜ਼ੀ ਨਾਲ ਪੌੜੀਆਂ ਇਸ ਤਰ੍ਹਾਂ ਉੱਤਰ ਰਹੀ ਸੀ ਜਿਸਦੇ ਨਾਲ ਮੈਂ ਮੂੰਹ ਪਰਨੇ ਡਿੱਗ ਸਕਦਾ ਸੀ। ਇਸ ਗੱਲ ਨੇ ਮੈਨੂੰ ਗੁੱਸੇ ਨਾਲ ਪਾਗਲ ਕਰ ਦਿੱਤਾ। ਮੈਂ ਇੱਕ ਕੁਹਾੜੀ ਚੁੱਕੀ ਅਤੇ ਗੁੱਸੇ ਵਿੱਚ ਇਹ ਵੀ ਨਾ ਸੋਚਿਆ ਕਿ ਜੇਕਰ ਵਿੱਚ ਇਸ ਦਾ ਵਾਰ ਬਿੱਲੀ ਉੱਤੇ ਕਰਾਂਗਾ ਤਾਂ ਉਹ ਅੱਖ ਝਪਕਦਿਆਂ ਹੀ ਮਰ ਜਾਵੇਗੀ। ਮੈਂ ਅਜਿਹਾ ਕਰਨ ਹੀ ਵਾਲਾ ਸੀ ਕਿ ਮੇਰੀ ਪਤਨੀ ਨੇ ਮੇਰਾ ਹੱਥ ਫੜ ਲਿਆ। ਉਸ ਦੇ ਇਸ ਅਣਮੰਗੇ ਦਖ਼ਲ ਤੇ ਮੇਰਾ ਗੁੱਸਾ ਜ਼ਿਆਦਾ ਹੀ ਵੱਧ ਗਿਆ ਅਤੇ ਮੈਂ ਝਟਕੇ ਨਾਲ ਆਪਣਾ ਹੱਥ ਛੁੜਵਾਇਆ ਅਤੇ ਉਸ ਦੇ ਸਿਰ ਵਿੱਚ ਕੁਹਾੜੀ ਜੜ ਦਿੱਤੀ। ਉਹ ਬਿਨਾਂ ਆਵਾਜ਼ ਕੱਢੇ ਡਿੱਗਦੇ ਹੀ ਮੌਕੇ ਤੇ ਹੀ ਮਰ ਗਈ।
ਇਹ ਵਹਿਸ਼ੀ ਕਤਲ ਵੀ ਮੁਕੰਮਲ ਹੋਣ ਤੇ ਮੈਂ ਸੋਚਣ ਲਗਾ ਕਿ ਲਾਸ਼ ਨੂੰ ਕਿਵੇਂ ਛੁਪਾਇਆ ਜਾਵੇ। ਮੈਨੂੰ ਇਹ ਪਤਾ ਸੀ ਕਿ ਚਾਹੇ ਦਿਨ ਹੋਵੇ ਜਾਂ ਰਾਤ ਮੈਂ ਉਸਨੂੰ ਘਰ ਤੋਂ ਬਾਹਰ ਨਹੀਂ ਲੈ ਜਾ ਸਕਦਾ ਸੀ। ਕਿਉਂਕਿ ਮੈਂ ਜੇਕਰ ਅਜਿਹਾ ਕਰਦਾ ਤਾਂ ਗੁਆਂਢੀ ਵੇਖ ਸਕਦੇ ਸਨ। ਮੇਰੇ ਮਨ ਵਿੱਚ ਕਈ ਖ਼ਿਆਲ ਆਏ ਜਿਨ੍ਹਾਂ ਵਿਚੋਂ ਇੱਕ ਇਹ ਸੀ ਕਿ ਮੈਂ ਇਸ ਨੂੰ ਛੋਟੇ ਛੋਟੇ ਟੁਕੜਿਆਂ ਵਿੱਚ ਕੱਟ ਦੇਵਾਂ ਅਤੇ ਧੂਣੀ ਵਿੱਚ ਬਾਲ ਦੇਵਾਂ। ਫਿਰ ਮੈਂ ਸੋਚਿਆ ਕਿ ਮੈਂ ਤਹਿਖ਼ਾਨੇ ਦੇ ਫ਼ਰਸ਼ ਵਿੱਚ ਇੱਕ ਟੋਆ ਪੁੱਟ ਉਸ ਵਿੱਚ ਦੱਬ ਦੇਵਾਂ। ਮੈਨੂੰ ਇਹ ਖ਼ਿਆਲ ਵੀ ਆਇਆ ਕਿ ਇਮਾਰਤ ਦੇ ਵਿਹੜੇ ਵਿੱਚ ਮੌਜੂਦ ਖੂਹ ਵੀ ਇਸ ਕੰਮ ਲਈ ਠੀਕ ਰਹੇਗਾ। ਇੱਕ ਰਸਤਾ ਇਹ ਵੀ ਨਜ਼ਰ ਆਇਆ ਕਿ ਉਸਨੂੰ ਇੱਕ ਵੱਡੇ ਸੰਦੂਕ ਵਿੱਚ ਬੰਦ ਕਰ ਲਵਾਂ ਜਿਵੇਂ ਇਹ ਕੋਈ ਵੇਚਣ ਵਾਲਾ ਸਾਮਾਨ ਹੋਵੇ ਅਤੇ ਕਿਸੇ ਸਾਮਾਨ ਢੋਣ ਵਾਲੇ ਦੇ ਜ਼ਰੀਏ ਘਰ ਤੋਂ ਬਾਹਰ ਲੈ ਜਾਵਾਂ। ਆਖਰ ਮੈਨੂੰ ਸਭ ਤੋਂ ਜ਼ਿਆਦਾ ਇਹ ਗੱਲ ਮਨ ਲੱਗੀ ਕਿ ਉਸਨੂੰ ਤਹਿਖ਼ਾਨੇ ਦੀ ਦੀਵਾਰ ਵਿੱਚ ਇਸ ਤਰ੍ਹਾਂ ਹੀ ਚਿਣ ਦੇਵਾਂ ਜਿਸ ਤਰ੍ਹਾਂ ਸੁਣਦੇ ਹਾਂ ਕਿ ਮੱਧਕਾਲ ਦੇ ਪਾਦਰੀ ਆਪਣੇ ਸ਼ਿਕਾਰ ਬਣੇ ਜਣਿਆਂ ਨੂੰ ਤਹਿਖ਼ਾਨਿਆਂ ਦੀਆਂ ਦੀਵਾਰਾਂ ਵਿੱਚ ਚਿਣਵਾ ਦਿੰਦੇ ਹੁੰਦੇ ਸੀ।
ਲੱਗਦਾ ਸੀ ਕਿ ਇਹ ਤਹਿਖ਼ਾਨਾ ਜਿਵੇਂ ਇਸੇ ਮਕਸਦ ਲਈ ਹੀ ਬਣਾਇਆ ਗਿਆ ਹੋਵੇ। ਉਸਦੀਆਂ ਦੀਵਾਰਾਂ ਦੀ ਚਿਣਾਈ ਖੋਖਲੀ ਸੀ ਜਿਸਨੂੰ ਕੁੱਝ ਹੀ ਅਰਸਾ ਪਹਿਲਾਂ ਖੁਰਦਰੇ ਪਲਸਤਰ ਨਾਲ ਢਕਿਆ ਗਿਆ ਸੀ ਅਤੇ ਸਿੱਲ੍ਹ ਕਰਨ ਇਹ ਅਜੇ ਖੁਸ਼ਕ ਅਤੇ ਸਖ਼ਤ ਨਹੀਂ ਹੋਇਆ ਸੀ। ਉੱਥੇ ਇੱਕ ਦੀਵਾਰ ਵਿੱਚ ਇੱਕ ਉਭਾਰ ਵੀ ਸੀ ਜੋ ਇੱਕ ਅੰਗੀਠੇ ਅਤੇ ਇਸ ਦੀ ਚਿਮਨੀ ਨੂੰ ਭੱਦੇ ਤਰੀਕੇ ਨਾਲ ਬੰਦ ਕਰਨ ਕਰਕੇ ਪੈਦਾ ਹੋਇਆ ਸੀ। ਮੈਨੂੰ ਭਰੋਸਾ ਸੀ ਕਿ ਮੈਂ ਸੌਖ ਨਾਲ ਇਸ ਜਗ੍ਹਾ ਦੀਆਂ ਇੱਟਾਂ ਕੱਢ ਸਕਦਾ ਸੀ। ਲਾਸ਼ ਅੰਦਰ ਰੱਖਕੇ ਦੁਬਾਰਾ ਇਸ ਦੀ ਚਿਣਾਈ ਵੀ ਅਜਿਹੇ ਤਰੀਕੇ ਨਾਲ ਕਰ ਸਕਦਾ ਸੀ ਕਿ ਕਿਸੇ ਨੂੰ ਸ਼ੱਕ ਤੱਕ ਨਾ ਹੋਵੇ।
ਮੈਨੂੰ ਆਪਣੇ ਲਗਾਏ ਹਿਸਾਬ ਕਿਤਾਬ ਤੇ ਭਰੋਸਾ ਸੀ ਕਿ ਇਹ ਮੈਨੂੰ ਧੋਖਾ ਨਹੀਂ ਦੇਵੇਗਾ। ਇੱਕ ਲੀਵਰ ਦੀ ਮਦਦ ਨਾਲ ਮੈਂ ਸੌਖ ਨਾਲ ਇੱਟਾਂ ਨੂੰ ਕੱਢ ਲਿਆ। ਅਤੇ ਲਾਸ਼ ਨੂੰ ਅੰਦਰੂਨੀ ਦੀਵਾਰ ਦੇ ਨਾਲ ਸਾਵਧਾਨੀ ਨਾਲ ਟਿਕਾ ਦਿੱਤਾ। ਦੁਬਾਰਾ ਇੱਟਾਂ ਦੀ ਇਸ ਤਰ੍ਹਾਂ ਚਿਣਾਈ ਕੀਤੀ ਕਿ ਦੀਵਾਰਾਂ ਆਪਣੀ ਪਹਿਲੀ ਵਾਲੀ ਪੋਜੀਸ਼ਨ ਵਿੱਚ ਆ ਗਈਆਂ। ਮੈਂ ਸੀਮੈਂਟ ਅਤੇ ਰੇਤ ਦਾ ਪਲਸਤਰ ਬਣਾਇਆ ਅਤੇ ਉਹੋ ਜਿਹਾ ਹੀ ਲੇਪ ਕਰ ਦਿੱਤਾ ਕਿ ਪੁਰਾਣਾ ਪਲਸਤਰ ਵੱਖ ਵਿਖਾਈ ਨਹੀਂ ਦਿੰਦਾ ਸੀ। ਸਭ ਕੰਮ ਹੋ ਜਾਣ ਤੇ ਮੈਂ ਇਸ ਦਾ ਦੁਬਾਰਾ ਆਲੋਚਨਾਤਮਿਕ ਜਾਇਜ਼ਾ ਲਿਆ ਅਤੇ ਜਦੋਂ ਮੇਰੀ ਤਸੱਲੀ ਹੋ ਗਈ ਕਿ ਸਭ ਠੀਕ ਹੋ ਗਿਆ ਹੈ ਅਤੇ ਇਹ ਕਿ ਕਿਤੋਂ ਹਲਕਾ ਜਿਹਾ ਵੀ ਨਹੀਂ ਲੱਗਦਾ ਕਿ ਦੀਵਾਰ ਨੂੰ ਫਿਰ ਤੋਂ ਚਿਣਿਆ ਗਿਆ ਹੈ; ਤਾਂ ਮੈਂ ਫ਼ਰਸ਼ ਤੇ ਬਿਖਰੇ ਮਸਾਲੇ ਨੂੰ ਪੂਰੀ ਸਾਵਧਾਨੀ ਨਾਲ ਸਾਫ਼ ਕੀਤਾ। ਜੇਤੂ ਅੰਦਾਜ਼ ਵਿੱਚ ਏਧਰ ਉੱਧਰ ਵੇਖਿਆ ਅਤੇ ਆਪਣੇ ਆਪ ਨੂੰ ਕਿਹਾ... “ਆਖ਼ਰ ਮੇਰੀ ਮਿਹਨਤ ਬੇਕਾਰ ਨਹੀਂ ਗਈ!”
ਹੁਣ ਮੇਰਾ ਧਿਆਨ ਬਿੱਲੀ ਦੀ ਤਰਫ਼ ਗਿਆ ਜਿਸਦੇ ਕਾਰਨ ਇਹ ਸਭ ਖ਼ਰਾਬਾ ਹੋਇਆ ਸੀ। ਮੈਂ ਇਹ ਫੈਸਲਾ ਕਰ ਲਿਆ ਸੀ ਕਿ ਉਸਨੂੰ ਵੀ ਮਾਰ ਦੇਵਾਂਗਾ। ਜੇਕਰ ਉਹ ਮੈਨੂੰ ਉਸ ਸਮੇਂ ਮਿਲ ਜਾਂਦੀ ਤਾਂ ਮੈਂ ਇਹ ਕੰਮ ਤੁਰਤ ਕਰ ਦਿੰਦਾ। ਲੇਕਿਨ ਲੱਗਦਾ ਸੀ ਜਿਵੇਂ ਇਸ ਚਲਾਕ ਬਿੱਲੀ ਨੂੰ, ਗੁੱਸੇ ਦੇ ਤਹਿਤ ਹੋਣ ਵਾਲੇ ਮੇਰੀ ਪਹਿਲਾਂ ਕੀਤੀ ਤਸ਼ੱਦਦ ਤੋਂ ਆਪਣੇ ਲਈ ਖ਼ਤਰੇ ਦਾ ਅਹਿਸਾਸ ਹੋ ਗਿਆ ਸੀ ਅਤੇ ਉਹ ਮੇਰੇ ਸਾਹਮਣੇ ਨਹੀਂ ਆ ਰਹੀ ਸੀ। ਉਸ ਘਿਨਾਉਣੇ ਪ੍ਰਾਣੀ ਦਾ ਸਾਹਮਣੇ ਨਾ ਆਉਣਾ ਮੇਰੇ ਲਈ ਇੱਕ ਤਰ੍ਹਾਂ ਨਾਲ ਇਸ ਹੱਦ ਤੱਕ ਰਾਹਤ ਬਖ਼ਸ਼ਣ ਵਾਲਾ ਸੀ ਕਿ ਮੈਂ ਇਸਦਾ ਬਿਆਨ ਨਹੀਂ ਕਰ ਸਕਦਾ। ਉਹ ਰਾਤ-ਭਰ ਮੇਰੇ ਸਾਹਮਣੇ ਨਾ ਆਈ ਅਤੇ ਇਸਦੇ ਘਰ ਵਿੱਚ ਆਉਣ ਦੇ ਬਾਅਦ ਘੱਟੋ ਘੱਟ ਇੱਕ ਰਾਤ ਮੈਂ ਸ਼ਾਂਤੀ ਦੇ ਨਾਲ ਗਹਿਰੀ ਨੀਂਦ ਸੁੱਤਾ, ਬਾਵਜੂਦ ਇਸ ਦੇ ਕਿ ਮੇਰੀ ਜ਼ਮੀਰ ਉੱਤੇ ਕਤਲ ਦਾ ਬੋਝ ਵੀ ਸੀ।
ਦੂਜਾ ਅਤੇ ਤੀਜਾ ਦਿਨ ਵੀ ਬੀਤ ਗਿਆ। ਮਗਰ ਮੈਨੂੰ ਸਤਾਉਣ ਵਾਲੀ ਬਿੱਲੀ ਮੇਰੇ ਸਾਹਮਣੇ ਨਾ ਆਈ। ਮੈਂ ਇੱਕ ਵਾਰ ਫਿਰ ਇੱਕ ਆਜ਼ਾਦ ਸ਼ਖਸ ਦੀ ਤਰ੍ਹਾਂ ਸਾਹ ਲੈਣ ਲੱਗਾ। ਕੀ ਉਹ ਭਿਆਨਕ ਪ੍ਰਾਣੀ ਡਰ ਕੇ ਇਸ ਇਮਾਰਤ ਤੋਂ ਹਮੇਸ਼ਾ ਲਈ ਭੱਜ ਚੁੱਕਿਆ ਸੀ। ਮੈਨੂੰ ਅਜਿਹਾ ਹੀ ਕੁੱਝ ਲੱਗਾ। ਮੇਰੀ ਖੁਸ਼ੀ ਦੀ ਕੋਈ ਇੰਤਹਾ ਨਾ ਰਹੀ। ਅਪਰਾਧ ਬੋਧ ਨੇ ਮੈਨੂੰ ਪਰੇਸ਼ਾਨ ਤਾਂ ਕੀਤਾ ਲੇਕਿਨ ਬਹੁਤ ਹੀ ਘੱਟ। ਕੁੱਝ ਲੋਕਾਂ ਨੇ ਮੇਰੀ ਪਤਨੀ ਦੇ ਬਾਰੇ ਸਵਾਲ ਕੀਤੇ ਮਗਰ ਮੇਰੇ ਕੋਲ ਘੜੇ ਘੜਾਏ ਜਵਾਬ ਸਨ। ਇਸ ਦੀ ਬਾਕਾਇਦਾ ਤਲਾਸ਼ ਵੀ ਕੀਤੀ ਗਈ ਮਗਰ ਕੁੱਝ ਵੀ ਨਾ ਮਿਲਿਆ। ਮੈਨੂੰ ਲੱਗਿਆ ਕਿ ਮੇਰੀ ਭਵਿੱਖ ਦੀ ਖ਼ੁਸ਼ੀ ਨੂੰ ਕੋਈ ਖ਼ਤਰਾ ਨਹੀਂ।
ਕਤਲ ਦੇ ਚੌਥੇ ਦਿਨ ਅਚਾਨਕ ਹੀ ਪੁਲਿਸ ਦੀ ਇੱਕ ਟੋਲੀ ਮੇਰੇ ਘਰ ਵਿੱਚ ਆਈ ਅਤੇ ਉਨ੍ਹਾਂ ਨੇ ਨਵੇਂ ਸਿਰੇ ਤੋਂ ਤਫ਼ਸੀਲੀ ਛਾਣਬੀਨ ਸ਼ੁਰੂ ਕੀਤੀ। ਮੈਨੂੰ ਹਾਲਾਂਕਿ ਉਸ ਜਗ੍ਹਾ ਉੱਤੇ ਭਰੋਸਾ ਸੀ ਜਿੱਥੇ ਮੈਂ ਮੁੱਦਾ ਛੁਪਾਇਆ ਹੋਇਆ ਸੀ ਇਸਲਈ ਮੈਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਹੋਈ। ਪੁਲਿਸ ਦੇ ਅਹਿਲਕਾਰਾਂ ਨੇ ਆਪਣੀ ਛਾਣਬੀਨ ਵਿੱਚ ਮੈਨੂੰ ਨਾਲ ਨਾਲ ਰੱਖਿਆ। ਉਨ੍ਹਾਂ ਨੇ ਇਮਾਰਤ ਦਾ ਕੋਨਾ ਕੋਨਾ ਛਾਣ ਮਾਰਿਆ ਅਤੇ ਆਪਣੀ ਤਫ਼ਤੀਸ਼ ਵਿੱਚ ਕੋਈ ਕਮੀ ਨਾ ਛੱਡੀ। ਇਸ ਦੌਰਾਨ ਉਹ ਤਿੰਨ ਚਾਰ ਵਾਰ ਤਹਿਖ਼ਾਨੇ ਵਿੱਚ ਵੀ ਗਏ। ਮੇਰੇ ਹਵਾਸ ਕਾਬੂ ਵਿੱਚ ਹੀ ਸਨ। ਮੇਰਾ ਦਿਲ ਇੱਕ ਬੇਦੋਸ਼ ਇਨਸਾਨ ਦੀ ਤਰ੍ਹਾਂ ਸ਼ਾਂਤ ਸੀ। ਮੈਂ ਉਨ੍ਹਾਂ ਦੇ ਨਾਲ ਤਹਿਖ਼ਾਨੇ ਵਿੱਚ ਇੱਕ ਸਿਰੇ ਤੋਂ ਦੂਜੇ ਸਿਰੇ ਤੱਕ ਧਾਕਾਂ ਉੱਤੇ ਹੱਥ ਧਰੀ ਫਿਰਦਾ ਰਿਹਾ। ਪੁਲਿਸ ਦੀ ਟੋਲੀ ਮੁਕੰਮਲ ਤੌਰ ਉੱਤੇ ਸੰਤੁਸ਼ਟ ਨਜ਼ਰ ਆ ਰਹੀ ਸੀ ਅਤੇ ਜਾਣ ਲਈ ਤਿਆਰ ਸੀ। ਉਨ੍ਹਾਂ ਨੂੰ ਹੋਰ ਯਕੀਨ ਦਵਾਉਣ ਲਈ ਮੈਂ ਕੁਝ ਹੋਰ ਕਹਿਣ ਲਈ ਆਤੁਰ ਸੀ।
ਮੈਂ ਕਿਹਾ, “ਭੱਦਰ ਲੋਕੋ, ਮੈਂ ਖ਼ੁਸ਼ ਹਾਂ ਕਿ ਤੁਸੀਂ ਇਨ੍ਹੇ ਤਰੱਦੁਦ ਨਾਲ ਤਫ਼ਤੀਸ਼ ਕੀਤੀ। ਮੈਂ ਤੁਹਾਨੂੰ ਚੰਗੀ ਸਿਹਤ ਦੀ ਦੁਆ ਦਿੰਦਾ ਹਾਂ। ਪਿਆਰਿਓ, ਉਂਜ ਇਹ ਘਰ ਬਹੁਤ ਮਜ਼ਬੂਤ ਉਸਾਰਿਆ ਹੋਇਆ ਹੈ। ਮੈਂ ਸ਼ਾਇਦ ਇਸ ਦੀ ਜਗ੍ਹਾ ਕੁੱਝ ਹੋਰ ਕਹਿਣਾ ਚਾਹੁੰਦਾ ਸੀ ਮਗਰ ਮੇਰੇ ਮੂੰਹੋਂ ਇਹੀ ਸ਼ਬਦ ਨਿਕਲੇ: “ਸਗੋਂ ਇਹ ਕਹਿਣਾ ਚਾਹੀਦਾ ਹੈ ਕਿ ਇਹ ਘਰ ਬਹੁਤ ਹੀ ਚੰਗੀ ਤਰ੍ਹਾਂ ਤਾਮੀਰ ਕੀਤਾ ਗਿਆ ਹੈ। ਇਹ ਦੀਵਾਰਾਂ... ਕੀ ਤੁਸੀ ਲੋਕ ਜਾ ਰਹੇ ਹੋ? ...ਇਨ੍ਹਾਂ ਦੀਵਾਰਾਂ ਦੀ ਚਿਣਾਈ ਬਹੁਤ ਮਜ਼ਬੂਤੀ ਨਾਲ ਕੀਤੀ ਗਈ ਹੈ।” ਜ਼ਿਆਦਾ ਹੀ ਉਮਾਹ ਦਿਖਾਂਦੇ ਹੋਏ ਮੈਂ ਆਪਣੇ ਹੱਥ ਵਿੱਚ ਫੜੇ ਹੋਏ ਡੰਡੇ ਨਾਲ ਐਨ ਉਸੀ ਜਗ੍ਹਾ ਉੱਤੇ ਦੀਵਾਰ ਨੂੰ ਠੋਰਿਆ ਜਿਸਦੇ ਪਿੱਛੇ ਮੇਰੀ ਪਤਨੀ ਦੀ ਲਾਸ਼ ਮੌਜੂਦ ਸੀ।
ਐ ਖ਼ੁਦਾ ਮੈਨੂੰ ਸ਼ੈਤਾਨ ਦੇ ਪੰਜਿਆਂ ਤੋਂ ਬਚਾਈਂ! ਜਿਵੇਂ ਹੀ ਡੰਡੇ ਦੀ ਠੱਕ ਠੱਕ ਖ਼ਤਮ ਹੋਈ, ਖੋਖਲੀ ਦੀਵਾਰ ਦੇ ਅੰਦਰੋਂ ਇੱਕ ਚੀਖ਼ ਸੁਣਾਈ ਦਿੱਤੀ ਜੋ ਪਹਿਲਾਂ ਤਾਂ ਘੁੱਟੀ ਵੱਟੀ ਅਤੇ ਟੁੱਟੀ ਫੁੱਟੀ ਹੋਈ ਸੀ ਜਿਵੇਂ ਕੋਈ ਬੱਚਾ ਰੋ ਰਿਹਾ ਹੋਵੇ ਬਾਅਦ ਵਿੱਚ ਉਹ ਇੱਕ ਤੇਜ਼ ਉੱਚੀ ਅਤੇ ਦਹਿਲਾ ਦੇਣ ਵਾਲੀ ਚੀਖ਼ ਵਿੱਚ ਬਦਲ ਗਈ। ਇਹ ਇੱਕ ਅਮਾਨਵੀ ਅਤੇ ਅਸਾਧਾਰਨ ਆਵਾਜ਼ ਸੀ। ਇਹ ਅੱਧੇ ਖ਼ੌਫ਼ ਅਤੇ ਅੱਧੇ ਜਿੱਤ ਦੇ ਰਲਵੇਂ ਪ੍ਰਭਾਵ ਨਾਲ ਭਰਪੂਰ ਸੀ, ਅਜਿਹੀ ਆਵਾਜ਼ ਜੋ ਨਰਕ ਦੇ ਅਗਨਕੁੰਡਾਂ ਵਿੱਚ ਸੁੱਟੇ ਗਏ ਲੋਕਾਂ ਦੇ ਹਲਕ ਵਿੱਚੋਂ ਨਿਕਲਦੀਆਂ ਚੀਖ਼ਾਂ ਅਤੇ ਉਨ੍ਹਾਂ ਦੇ ਹਾਲ ਤੇ ਖੁਸ਼ੀਆਂ ਵਿੱਚ ਸ਼ੈਤਾਨਾਂ ਦੀਆਂ ਕਿਲਕਾਰੀਆਂ ਦੋਨੋਂ ਤੋਂ ਮਿਲਕੇ ਬਣਦੀ ਹੈ।
ਆਪਣੇ ਖ਼ਿਆਲਾਂ ਦੀ ਗੱਲ ਕਰਨਾ ਬੇਕਾਰ ਹੈ, ਗਸ਼ ਖਾ ਕੇ ਮੈਂ ਸਾਹਮਣੇ ਦੀ ਦੀਵਾਰ ਦੇ ਨਾਲ ਜਾ ਲੱਗਿਆ। ਪੌੜੀਆਂ ਚੜ੍ਹਦੀ ਪੁਲਿਸ ਦੀ ਟੋਲੀ ਖ਼ੌਫ਼ ਦੇ ਮਾਰੇ ਕੁੱਝ ਦੇਰ ਤਾਂ ਸੁੰਨ ਖੜੀ ਰਹੀ ਫਿਰ ਦਰਜਨਾਂ ਹੱਥ ਦੀਵਾਰ ਨੂੰ ਉਧੇੜਨ ਲੱਗੇ। ਲਾਸ਼ ਜੋ ਬੁਰੀ ਤਰ੍ਹਾਂ ਗਲ਼ ਚੁੱਕੀ ਸੀ ਅਤੇ ਜਿਸ ਤੇ ਖ਼ੂਨ ਜੰਮਿਆ ਹੋਇਆ ਸੀ, ਉਨ੍ਹਾਂ ਦੀਆਂ ਨਜ਼ਰਾਂ ਦੇ ਸਾਹਮਣੇ ਖੜੀ ਸੀ ਜਿਸਦੇ ਸਿਰ ਉੱਤੇ ਉਹ ਬਿੱਲੀ ਬੈਠੀ ਸੀ, ਜਿਸਦਾ ਲਾਲ ਮੂੰਹ ਅੱਗੇ ਨੂੰ ਵਧਿਆ ਹੋਇਆ ਸੀ ਅਤੇ ਜਿਸਦੀ ਇੱਕੋ ਅੱਖ ਵਿੱਚ ਚੰਗਿਆੜੇ ਲਿਸ਼ਕਦੇ ਸਨ। ਇਹ ਉਹੀ ਬਿੱਲੀ ਸੀ ਜਿਸ ਕਰਕੇ ਮੇਰੇ ਹੱਥੋਂ ਇਹ ਕਤਲ ਹੋਇਆ ਸੀ... ਅਤੇ ਜਿਸਦੀ ਮੁਖ਼ਬਰੀ ਆਵਾਜ਼ ਨੇ ਮੈਨੂੰ ਫ਼ਾਂਸੀ ਦੇ ਫੰਦੇ ਤੱਕ ਪਹੁੰਚਾ ਦਿੱਤਾ ਸੀ। ਮੈਂ ਤਾਂ ਅਨਜਾਣੇ ਵਿੱਚ ਉਸਨੂੰ ਵੀ ਇਸ ਮਕਬਰੇ ਵਿੱਚ ਚਿਣ ਦਿੱਤਾ ਸੀ।
(ਅਨੁਵਾਦਕ: ਚਰਨ ਗਿੱਲ)