The Mark Of Vishnu (Story in Punjabi) : Khushwant Singh

ਦਿ ਮਾਰਕ ਆਫ਼ ਵਿਸ਼ਣੂ (ਕਹਾਣੀ) : ਖੁਸ਼ਵੰਤ ਸਿੰਘ

“ਇਹ ਕਾਲੇ ਨਾਗ ਲਈ ਹੈ,” ਗੂੰਗਾ ਰਾਮ ਨੇ ਦੁੱਧ ਨੂੰ ਇਕ ਪਲੇਟ ’ਚ ਪਾਉਂਦਿਆਂ ਕਿਹਾ, “ਰੋਜ਼ ਰਾਤ ਨੂੰ ਮੈਂ ਇਸਨੂੰ ਕੰਧ ਦੇ ਨਾਲ ਵਾਲੇ ਬਿਲ ਦੇ ਬਾਹਰ ਰੱਖਦਾ ਹਾਂ ਅਤੇ ਸਵੇਰੇ ਇਹ ਖ਼ਾਲੀ ਮਿਲਦੀ ਹੈ ।”
“ਸ਼ਾਇਦ ਕੋਈ ਬਿੱਲੀ ਹੋਵੇ, ਅਸੀਂ ਬੱਚਿਆਂ ਨੇ ਵਿਚਾਰ ਵਿਅਕਤ ਕੀਤਾ ।”
“ਬਿੱਲੀ!” ਗੂੰਗਾ ਰਾਮ ਨੇ ਨਫਰਤ ਨਾਲ ਕਿਹਾ, “ਉਸ ਬਿਲ ਦੇ ਲਾਗੇ ਵੀ ਕੋਈ ਨਹੀਂ ਫਟਕਦਾ । ਉੱਥੇ ਕਾਲਾ ਨਾਗ ਰਹਿੰਦਾ ਹੈ । ਜਦ ਤਕ ਮੈਂ ਉਸਨੂੰ ਦੁੱਧ ਪਿਆਉਂਦਾ ਰਵਾਂਗਾ, ਉਹ ਇਸ ਘਰ ਦੇ ਕਿਸੇ ਬੰਦੇ ਨੂੰ ਕੁਛ ਨਹੀਂ ਕਹੇਗਾ । ਤੁਸੀ ਭਾਂਵੇ ਜਿਥ੍ਹੇ ਮਰਜੀ ਨੰਗੇ ਪੈਰੀਂ ਖੇਡਦੇ ਰਹੋ ।”

ਅਸੀਂ ਬੱਚੇ ਗੂੰਗਾ ਰਾਮ ਦੀਆਂ ਗੱਲਾਂ ਤੋਂ ਕਦੇ ਵੀ ਉਤਸਾਹਿਤ ਨਹੀਂ ਹੋਏ!
“ਤੂੰ ਨਾ ਇਕ ਮੂਰਖ ’ਤੇ ਬੁੱਢਾ ਬ੍ਰਾਹਮਣ ਹੀ ਰਵੀਂ,” ਮੈਂ ਕਿਹਾ, “ਤੈਨੂੰ ਇੰਨਾ ਵੀ ਨਹੀਂ ਪਤਾ ਕਿ ਸੱਪ ਦੁੱਧ ਨਹੀਂ ਪੀਂਦੇ । ਘੱਟੋ-ਘੱਟ ਕੋਈ ਸੱਪ ਰੋਜ਼ ਇਕ ਪਲੇਟ ਭਰ ਕੇ ਤਾਂ ਨਹੀਂ ਪੀ ਸਕਦਾ । ਸਾਡੇ ਮਾਸਟਰ ਜੀ ਨੇ ਦੱਸਿਆ ਸੀ ਸੱਪ ਕਈ ਦਿਨਾਂ ਬਾਅਦ ਕੁਛ ਖਾਂਦਾ ਹੈ । ਅਸੀਂ ਇਕ ਘਾਹ ’ਚ ਰਹਿਣ ਵਾਲਾ ਸੱਪ ਵੇਖਿਆ ਸੀ ਜਿਸਨੇ ਇਕ ਡੱਡੂ ਨਿਗਲ ਲਿਆ ਸੀ । ਉਹ ਡੱਡੂ ਸੱਪ ਦੇ ਗਲੇ ’ਚ ਇਕ ਗੋਲੇ ਵਾੰਗ ਅਟਕ ਗਿਆ ਤੇ ਉਸਨੂੰ ਘੁੱਲ ਕੇ ਹਜ਼ਮ ਹੋਣ ਲਈ ਕਿੰਨੇ ਦਿਨ ਲੱਗ ਗਏ ਸਨ । ਸਾਡੀ ਆਪਣੀ ਲੈਬ ਵਿਚ ਦਰਜਨਾਂ ਮੁਹੀ ਸੱਪ ਮੇਥੀਲੇਟੇਡ ਸਪਿਰਿਟ ’ਚ ਰੱਖੇ ਪਏ ਨੇ । ਪਤੈ ਪਿਛਲੇ ਮਹੀਨੇ ਹੀ ਸਾਡੇ ਮਾਸਟਰ ਜੀ ਨੇ ਕਿਸੇ ਸਪੇਰੇ ਕੋਲੋਂ ਇਕ ਸੱਪ ਖ਼ਰੀਦ ਲਿਆ ਸੀ, ਜਿਹੜਾ ਦੋਨੋ ਪਾਸਿਓਂ ਚੱਲ ਸਕਦਾ ਸੀ । ਉਹਦੀ ਪੂੰਛ ਵੱਲ ਵੀ ਇਕ ਸਿਰ ’ਤੇ ਦੋ ਅੱਖਾਂ ਸਨ । ਤੂੰ ਦੇਖਦਾ ਤਾਂ ਪਤਾ ਚਲਦਾ ਕਿੰਨਾ ਮਜ਼ਾ ਆਇਆ ਸੀ ਜਦੋਂ ਮਾਸਟਰ ਜੀ ਨੇ ਉਹ ਸੱਪ ਇਕ ਮਰਤਬਾਨ ’ਚ ਪਾਇਆ…”
“ਲੈਬ ’ਚ ਕੋਈ ਖ਼ਾਲੀ ਮਰਤਬਾਨ ਨਾ ਹੋਣ ਕਰਕੇ ਮਾਸਟਰ ਜੀ ਨੇ ਉਸ ਨੂੰ ਇਕ ਐਸੇ ਮਰਤਬਾਨ ਵਿਚ ਪਾ ਦਿੱਤਾ ਜਿੰਦੇ ਅੰਦਰ ਪਹਿਲਾਂ ਹੀ ਇਕ ਰਸੇਲ ਵਾਈਪਰ ਸੱਪ ਪਿਆ ਸੀ । ਮਾਸਟਰ ਜੀ ਨੇ ਦੋ ਚਿਮਟਿਆਂ ਨਾਲ ਇਸਦੇ ਦੋਨੋ ਪਾਸੇ ਫੜੇ ਤੇ ਉਹਨੂੰ ਘੜੇ ’ਚ ਪਾ ਕੇ ਢੱਕਣ ਬੰਦ ਕਰ ਦਿੱਤਾ । ਮਰਤਬਾਨ ’ਚ ਨਿਰਾ ਤੁਫ਼ਾਨ ਹੀ ਆ ਗਿਆ ਜਦੋਂ ਤਕ ਇਸ ਨਵੇਂ ਸੱਪ ਨੇ ਉਸ ਗਲੇ ਪਏ ਵਾਈਪਰ ਦੇ ਟੁੱਕੜੇ-ਟੁੱਕੜੇ ਨਹੀਂ ਕਰ ਛੱਡੇ ।”

ਗੂੰਗਾ ਰਾਮ ਨੇ ਧਾਰਮਿਕ ਡਰ ਨਾਲ ਆਪਣੀਆਂ ਅੱਖਾਂ ਮੀਟ ਲਈਆਂ ।
“ਤੁਹਾਨੂੰ ਕਿਸੇ ਦਿਨ ਇਸ ਸਭ ਦਾ ਹਿਸਾਬ ਚੁਕਾਣਾ ਪਵੇਗਾ, ਜਰੂਰ ਚੁਕਾਣਾ ਪਵੇਗਾ!”

ਗੂੰਗਾ ਰਾਮ ਨਾਲ ਬਹਿਸ ਕਰਨਾ ਫਿਜ਼ੂਲ ਸੀ । ਸਾਰੇ ਧਾਰਮਿਕ ਪਰਵਰਤੀ ਦੇ ਹਿੰਦੂਆਂ ਵਾੰਗ ਉਹ ਬ੍ਰਹਮਾ ਵਿਸ਼ਣੂ ’ਤੇ ਸ਼ਿਵ ਦੇ ਤ੍ਰਿਏਕ ਵਿਚ ਆਸਥਾ ਰੱਖਦਾ ਸੀ - ਸਿਰਜਣਹਾਰ, ਰਖਵਾਲਾ ਅਤੇ ਵਿਨਾਸ਼ਕ । ਤਿੰਨਾਂ ਵਿਚੋਂ ਉਸਦੀ ਸ਼ਰਧਾ ਵਿਸ਼ਣੂ ਵੱਲ ਸਭ ਤੋਂ ਵੱਧ ਸੀ । ਆਪਣੇ ਇਸ਼ਟ ਦੇਵ ਦੇ ਆਦਰ ਵਿਚ ਰੋਜ਼ ਸਵੇਰੇ ਉਹ ਆਪਣੇ ਮੱਥੇ ’ਤੇ ਚੰਦਨ ਦੇ ਲੇਪ ਨਾਲ V ਚਿੰਨ੍ਹ ਬਣਾਉਂਦਾ ਸੀ । ਇਕ ਬ੍ਰਾਹਮਣ ਹੋਣ ਦੇ ਬਾਵਜੂਦ ਉਹ ਅਨਪੜ੍ਹ ’ਤੇ ਅੰਧਵਿਸ਼ਵਾਸੀ ਸੀ ।

ਉਹਦੇ ਲਈ ਸਾਰੇ ਜੀਵ ਪੂਜਨੀਕ ਸਨ, ਭਾਂਵੇ ਉਹ ਕੋਈ ਸੱਪ, ਬਿੱਛੂ ਜਾਂ ਕੰਨਖਜੂਰਾ ਹੀ ਕਿਓਂ ਨਾ ਹੋਵੇ! ਐਸਾ ਕੋਈ ਜੀ-ਜੰਤੂ ਦਿਸਦਿਆਂ ਹੀ ਉਹ ਉਸਨੂੰ ਚੁਪਚਾਪ ਦੂਰ ਭਜਾ ਦਿੰਦਾ ਸੀ ਤਾਂਕਿ ਅਸੀਂ ਉਹਨੂੰ ਮਾਰ ਨਾ ਦਈਏ । ਜਿਹੜੇ ਭੂੰਡਾਂ ਨੂੰ ਅਸੀਂ ਆਪਣੇ ਚਿੜੀ-ਛਿੱਕੇ ਨਾਲ ਅੱਧਮਰਿਆ ਕਰ ਦੇਂਦੇ, ਉਹ ਉਨ੍ਹਾਂ ਨੂੰ ਚੁੱਕ ਕੇ ਉਨ੍ਹਾਂ ਦੇ ਟੁੱਟੇ ਖੰਭ ਪਲੋਸਣ ਲੱਗ ਪੈਂਦਾ । ਕਈ ਵਾਰੀ ਇਹ ਕਰਦਿਆਂ ਉਸਨੂੰ ਡੰਕ ਵੀ ਖਾਣਾ ਪੈਂਦਾ ਸੀ ।

ਲੇਕਿਨ ਮਜਾਲ ਹੈ, ਉਸਦੇ ਵਿਸ਼ਵਾਸ ’ਚ ਕੋਈ ਕਮੀ ਆਈ ਹੋਵੇ । ਜਿੰਨਾ ਖ਼ਤਰਨਾਕ ਕੋਈ ਜੀਵ ਹੁੰਦਾ, ਉਨ੍ਹਾਂ ਹੀ ਉਸਦੇ ਵਜੂਦ ਦੇ ਪ੍ਰਤੀ ਗੂੰਗਾ ਰਾਮ ਦਾ ਸਮਰਪਣ । ਇਹੀ ਸੱਪਾਂ ਲਈ ਉਸਦੇ ਸਤਿਕਾਰ ਦੀ ਵਜ੍ਹਾ ਸੀ, ਖ਼ਾਸ ਕਰ ਕੇ ਕੋਬਰਾ ਲਈ, ਜਿਹੜਾ ਕਾਲਾ ਨਾਗ ਸੀ ।

“ਜੇ ਸਾਨੂੰ ਤੇਰਾ ਕਾਲਾ ਨਾਗ ਕਿਤੇ ਮਿਲ ਗਿਆ ਤਾਂ ਆਪਾਂ ਉਸਨੂੰ ਜਾਨੋਂ ਮਾਰ ਦੇਣੈ ।”
“ਮੈਂ ਤੁਹਾਨੂੰ ਇਹ ਕਦੇ ਨਹੀਂ ਕਰਨ ਦੇਣਾ! ਕਾਲੇ ਨਾਗ ਨੇ ਇਕ ਸੌ ਆਂਡੇ ਦਿੱਤੇ ਹੋਏ ਨੇ, ਜੇ ਤੁਸੀ ਉਹਨੂੰ ਮਾਰ ਦਿੱਤਾ ਤਾਂ ਉਨ੍ਹਾਂ ਸਾਰਿਆਂ ’ਚੋਂ ਕੋਬਰਾ ਸੱਪ ਨਿਕਲ ਕੇ ਪੂਰੇ ਘਰ ’ਚ ਫੈਲ ਜਾਣਗੇ । ਫਿਰ ਕੀ ਕਰੋਗੇ?”
“ਅਸੀਂ ਉਨ੍ਹਾਂ ਸਾਰਿਆਂ ਨੂੰ ਫੜ ਕੇ ਮੁੰਬਈ ਭੇਜ ਦਿਆਂਗੇ । ਉੱਥੇ ਉਨ੍ਹਾਂ ਨੂੰ ਚੋ ਕੇ ਸੱਪ ਦੇ ਕੱਟੇ ਦੀ ਜ਼ਹਿਰ-ਨਾਸ਼ਕ ਦਵਾਈ ਬਣਾਈ ਜਾਂਦੀ ਹੈ । ਇਕ ਕੋਬਰਾ ਦੇ ਦੋ ਰੁਪਏ ਮਿਲਦੇ ਨੇ, ਇਸ ਹਿਸਾਬ ਨਾਲ ਸਾਡੇ ਕੋਲ ਸਿੱਧੇ ਦੋ ਸੌ ਰੁਪਏ ਹੋ ਜਾਣਗੇ!”
“ਤੁਹਾਡੇ ਡਾਕਟਰਾਂ ਦੇ ਹੁੰਦੇ ਹੋਣਗੇ ਥਣ, ਕਿਸੇ ਸੱਪ ਦੇ ਤਾਂ ਮੈਂ ਵੇਖੇ ਨਹੀਂ ਅੱਜ ਤਕ! ਪਰ ਤੁਸੀ ਇਸਨੂੰ ਹੱਥ ਲਾਉਣ ਦੀ ਵੀ ਨਾ ਸੋਚਿਓ, ਉਹ ਇਕ ਫਨੀਅਰ ਹੈ, ਮੈਂ ਆਪ ਵੇਖਿਐ, ਉਹ ਕੋਈ ਤਿੰਨ ਹੱਥ ਲੰਬਾ ਹੈ ਤੇ ਉਸਦਾ ਫਨ - ਆਪਣੀਆਂ ਦੋਨੋ ਹਥੇਲੀਆਂ ਖੋਲ ਕੇ, ਇਧਰ-ਉਧਰ ਲਹਿਰਾ ਕੇ ਉਹ ਬੋਲਿਆ - ਇਹੋ ਜਿਹਾ ਹੈ । ਬਾਹਰ ਲਾਨ ’ਚ ਉਸਨੂੰ ਕਦੇ ਧੁੱਪ ਸੇਕਦਿਆਂ ਵੇਖੋ ਤੇ ਤੁਹਾਨੂੰ ਪਤਾ ਲੱਗੇ ।”
“ਬੱਸ ਇਸੇ ਤੋਂ ਤੇਰਾ ਸਾਰਾ ਝੂਠ ਫੜਿਆ ਗਿਆ । ਫਨੀਅਰ ਇਕ ਨਰ ਹੁੰਦਾ ਹੈ, ਉਸਨੇ ਆਂਡੇ ਦਿੱਤੇ ਹੀ ਨਹੀਂ ਹੋ ਸਕਦੇ । ਹਾਂ, ਇਹ ਹੋ ਸਕਦਾ ਹੈ ਕਿ ਉਹ ਆਂਡੇ ਤੂੰ ਆਪ ਦਿੱਤੇ ਹੋਣ ।”

ਸਾਡੀ ਪੂਰੀ ਮੰਡਲੀ ਦਾ ਹਾੱਸਾ ਗੂੰਜ ਉਠਿਆ ।
“ਗੂੰਗਾ ਰਾਮ ਦੇ ਹੀ ਆਂਡੇ ਹੋਣਗੇ, ਛੇਤੀ ਹੀ ਸਾਡੇ ਕੋਲ ਇਕ ਸੌ ਗੂੰਗਾ ਰਾਮ ਹੋ ਜਾਣਗੇ!”

ਗੂੰਗਾ ਰਾਮ ਪਰਾਸਤ ਹੋ ਗਿਆ ਸੀ । ਇਕ ਨੌਕਰ ਹੋਣ ਸਦਕਾ ਉਸਨੂੰ ਅਕਸਰ ਹਾਰ ਮਨਣੀ ਪੈਂਦੀ ਸੀ, ਪਰ ਘਰ ਦੇ ਬੱਚਿਆਂ ਵਲੋਂ ਇੰਜ ਮਖੌਲ ਉਡਾਣਾ ਕੋਈ ਛੋਟੀ ਗੱਲ ਨਹੀਂ ਸੀ । ਬੱਚੇ ਉਸਨੂੰ ਆਪਣੇ ਨਿਤ-ਨਵੇਂ ਵਿਚਾਰਾਂ ਨਾਲ ਬਾਰ-ਬਾਰ ਬੇਇਜ਼ਤ ਕਰਦੇ ਰਹਿੰਦੇ ਸਨ । ਉਨ੍ਹਾਂ ਬੱਚਿਆਂ ਨੇ ਕਦੇ ਸ਼ਾਸਤਰ ਜਾਂ ਧਾਰਮਿਕ ਕਿਤਾਬਾਂ ਨਹੀਂ ਸਨ ਪੜੀਆਂ, ਨਾ ਹੀ ਕਦੇ ਮਹਾਤਮਾ ਗਾਂਧੀ ਦਾ ਅਹਿੰਸਾਵਾਦ ਦਾ ਪਾਠ । ਜੇ ਉਨ੍ਹਾਂ ਨੇ ਕੁਛ ਸਿਖਿਆ ਸੀ ਤਾਂ ਬੰਦੂਕ ਨਾਲ ਪੰਛੀਆਂ ਨੂੰ ਮਾਰ ਡਿਗਾਨਾ ’ਤੇ ਸਪਿਰਿਟ ਵਿਚ ਸੱਪਾਂ ਨੂੰ ਡੁਬਾਣਾ! ਲੇਕਿਨ ਗੂੰਗਾ ਰਾਮ ਜੀਵਨ ਦੀ ਪਵਿੱਤਰਤਾ ਦੇ ਆਪਣੇ ਭਰੋਸੇ ਤੇ ਅਡਿੱਗ ਸੀ । ਉਹ ਸੱਪਾਂ ਨੂੰ ਖੁਆਣ-ਪਿਆਣ ਅਤੇ ਉਨ੍ਹਾਂ ਦੀ ਰੱਖਿਆ ਕਰਨ ਨੂੰ ਇਸ ਲਈ ਆਪਣਾ ਫਰਜ਼ ਸਮਝਦਾ ਸੀ ਕਿ ਉਨ੍ਹਾਂ ਨੂੰ ਪ੍ਰਮਾਤਮਾ ਦੀ ਸ੍ਰਿਸ਼ਟੀ ਵਿਚੋਂ ਸਭ ਤੋਂ ਦੁਸ਼ਟ ਸਮਝਿਆ ਜਾਂਦਾ ਹੈ । ਜੇ ਤੁਸੀ ਇਸ ਜੀਵ ਨੂੰ ਮਾਰਣ ਦੀ ਬਜਾਏ ਉਸਨੂੰ ਪਿਆਰ ਕਰ ਸਕੋ ਤੇ ਤੁਹਾਡੇ ਇਤਬਾਰ ਦੀ ਪੁਸ਼ਟੀ ਹੋ ਜਾਂਦੀ ਹੈ ।

ਪਰ ਗੂੰਗਾ ਰਾਮ ਰੱਬ ਜਾਣੇ ਕੀ ਸਾਬਿਤ ਕਰਨਾ ਚਾਹੁੰਦਾ ਸੀ ਜਿਸ ਲਈ ਉਹ ਹਰ ਰਾਤ ਸੱਪ ਦੀ ਬਿਲ ਕੋਲ ਦੁੱਧ ਦੀ ਭਰੀ ਕੌਲੀ ਰੱਖ ਕੇ, ਅਗਲੇ ਦਿਨ ਉਸਨੂੰ ਖ਼ਾਲੀ ਵੇਖ ਕੇ ਸੰਤੁਸ਼ਟ ਹੋ ਜਾਂਦਾ ਸੀ ।

ਫਿਰ ਇਕ ਦਿਨ ਅਸੀਂ ਕਾਲਾ ਨਾਗ ਵੇਖਿਆ । ਮਾਨਸੂਨ ਦਾ ਕਹਿਰ ਪਿਛਲੀ ਰਾਤ ਹੀ ਪੂਰੇ ਜ਼ੋਰ ਨਾਲ ਵਰ੍ਹਿਆ ਸੀ । ਗਰਮੀਆਂ ਦੇ ਤੱਪਦੇ ਸੂਰਜ ਤੋਂ ਝੁਲਸ ਕੇ ਸੁੱਕ ਚੁੱਕੀ ਧਰਤੀ ਹੁਣ ਜੀਵਨ ਨਾਲ ਭਰਪੂਰ ਹੋ ਗਈ ਜਾਪਦੀ ਸੀ । ਛੋਟੇ ਮੋਟੇ ਛੱਪੜ-ਤਲਾਬਾਂ ’ਚ ਡੱਡੂ ਟਰ-ਟਰ ਕਰ ਰਹੇ ਸਨ, ਮੱਟਮੈਲੀ ਜ਼ਮੀਨ ਰੀਂਗਦੇ ਕੀੜਿਆਂ, ਕੰਨਖਜੂਰਿਆਂ ਅਤੇ ਮਖਮਲੀ ਸੋਨਪੰਖੀਆਂ ਨਾਲ ਢੱਕੀ ਪਈ ਸੀ ।

ਘਾਹ ਨਜ਼ਰ ਆਉਣੀ ਸ਼ੁਰੂ ਹੋ ਗਈ ਸੀ ਅਤੇ ਕੇਲੇ ਦੇ ਪੱਤੇ ਹਰੇ-ਭਰੇ ਹੋ ਕੇ ਦਮਕ ਰਹੇ ਸਨ । ਕਾਲੇ ਨਾਗ ਦੀ ਬਿਲ ਮੀਂਹ ਦੇ ਪਾਣੀ ਨਾਲ ਭਰ ਗਈ ਸੀ ਤੇ ਉਹ ਲਾਨ ਦੀ ਇਕ ਖੁੱਲੀ ਥ੍ਹਾਂ ਤੇ ਬੈਠਾ ਸੀ । ਉਸਦਾ ਕਾਲਾ, ਚਮਕੀਲਾ ਫਨ ਧੁੱਪ ਵਿਚ ਹੋਰ ਵੀ ਚਮਕ ਰਿਹਾ ਸੀ । ਕਾਫੀ ਵੱਡਾ ਸੱਪ ਸੀ - ਤਕਰੀਬਨ ਛੇ ਫੁੱਟ ਲੰਬਾ ਅਤੇ ਮੋਟਾ, ਮੇਰੇ ਗੁੱਟ ਜਿੰਨਾ ।
“ਲੱਗਦਾ ਹੈ ਇਹੋ ਕਿੰਗ ਕੋਬਰਾ ਹੈ । ਚਲੋ ਫੜੀਏ ਇਸਨੂੰ…”
ਕਾਲੇ ਨਾਗ ਕੋਲ ਬਚਣ ਦਾ ਜ਼ਿਆਦਾ ਮੌਕਾ ਨਹੀਂ ਸੀ । ਜ਼ਮੀਨ ਤਿਲਕਣੀ ਹੋਈ ਪਈ ਸੀ, ਨਾਲੇ ਸਾਰੇ ਖੁੱਡਾਂ-ਸੁਰਾਖ ਪਾਣੀ ਨਾਲ ਭਰੇ ਪਏ ਸਨ । ਉਸ ਦੀ ਮਦਦ ਕਰ ਸਕਣ ਵਾਲਾ ਗੂੰਗਾ ਰਾਮ ਵੀ ਘਰੋਂ ਬਾਹਰ ਸੀ ।
ਇਸਤੋਂ ਪਹਿਲਾਂ ਕਿ ਉਸਨੂੰ ਖ਼ਤਰੇ ਦਾ ਇਹਸਾਸ ਵੀ ਹੁੰਦਾ, ਬਾਂਸ ਦੀਆਂ ਲੰਬੀਆਂ ਸੋਟੀਆਂ ਹੱਥਾਂ ’ਚ ਫੜੀ ਅਸੀਂ ਕਾਲੇ ਨਾਗ ਨੂੰ ਜਾ ਘੇਰਿਆ । ਸਾਡੇ ਵੱਲ ਨਿਗਾਹ ਪੈਂਦਿਆਂ ਹੀ ਉਸਦੀਆਂ ਅੱਖਾਂ ਲਾਲ-ਸੁਰਖ ਹੋ ਗਈਆਂ, ਉਸਨੇ ਚਾਰੋਂ ਪਾਸੇ ਘੁੱਮ-ਘੁੱਮ ਕੇ ਫ਼ੁੰਕਾਰਨਾ ਤੇ ਜ਼ਹਿਰ ਉਗਲਨਾ ਸ਼ੁਰੂ ਕਰ ਦਿੱਤਾ । ਫਿਰ ਅਚਾਨਕ ਉਹ ਬਿਜਲੀ ਜਿਹੀ ਤੇਜੀ ਨਾਲ ਕੇਲਿਆਂ ਦੇ ਰੁੱਖਾਂ ਦੇ ਝੁੰਡ ਵੱਲ ਲਪਕਿਆ । ਉਹ ਹਾਲੇ ਮਸਾਂ ਪੰਜ ਕੁ ਗਜ ਗਿਆ ਹੋਵੇਗਾ ਜਦੋਂ ਸੋਟੀ ਦੀ ਇਕ ਵਿੱਚੋ-ਵਿਚ ਮਾਰ ਨੇ ਉਸਦੀ ਕਮਰ ਤੋੜ ਸੁੱਟੀ ।
ਫਿਰ ਤਾਂ ਸੋਟੀਆਂ ਦੀ ਬੁਛਾੜ ਨੇ ਛੇਤੀ ਹੀ ਉਸਨੂੰ ਚਿੱਕੜ ਤੇ ਖੂਨ ਵਿਚ ਸਣੇ ਇਕ ਕਾਲੇ-ਚਿੱਟੇ ਗੁੱਦੇ ’ਚ ਬਦਲ ਦਿੱਤਾ, ਪਰ ਉਹਦਾ ਸਿਰ ਹਾਲੇ ਵੀ ਸਲਾਮਤ ਸੀ ।
“ਇਸਦੇ ਸਿਰ ’ਤੇ ਨਾ ਮਾਰਿਓ,” ਸਾਡੇ ਵਿਚੋਂ ਕਿਸੇ ਨੇ ਉੱਚੀ ਅਵਾਜ਼ ’ਚ ਕਿਹਾ, “ਆਪਾਂ ਇਹਨੂੰ ਸਕੂਲ ਲੈ ਚਲਾਂਗੇ!”
ਅਸੀਂ ਇਕ ਸੋਟੀ ਨਾਗ ਦੇ ਥੱਲੇ ਸਰਕਾ ਕੇ, ਉਸਨੂੰ ਚੁੱਕ ਲਿਆ । ਫਿਰ ਅਸੀਂ ਬਿਸਕੁਟਾਂ ਦਾ ਇਕ ਵੱਡਾ ਜਿਹਾ ਖ਼ਾਲੀ ਪੀਪਾ ਲੈ ਕੇ ਨਾਗ ਨੂੰ ਉਸ ’ਚ ਪਾ ਕੇ ਉਤੋਂ ਢੱਕਣ ਬੰਦ ਕਰ ਦਿੱਤਾ । ਪੀਪਾ ਇਕ ਮੰਜੇ ਦੇ ਹੇਠਾਂ ਲੁਕਾ ਦਿੱਤਾ ਗਿਆ ।

ਉਸ ਰਾਤ ਮੈਂ ਗੂੰਗਾ ਰਾਮ ਦੇ ਆਲੇ-ਦੁਆਲੇ ਫਿਰਦਾ ਰਿਹਾ ਉਸਦੇ ਪਲੇਟ ’ਚ ਦੁੱਧ ਪਾਉਣ ਦਾ ਇੰਤਜ਼ਾਰ ਕਰਦਾ, “ਅੱਜ ਤੂੰ ਕਾਲੇ ਨਾਗ ਨੂੰ ਦੁੱਧ ਨਹੀਂ ਪਿਆਣਾ?”
“ਹਾਂ, ਮੈਂ ਪਿਆ ਦਿਆਂਗਾ,” ਗੂੰਗਾ ਰਾਮ ਨੇ ਚਿੜਚਿੜਾ ਜਿਹਾ ਜਵਾਬ ਦਿੱਤਾ, “ਤੂੰ ਜਾ ਕੇ ਸੋ ਹੁਣ…”
ਜ਼ਾਹਿਰ ਸੀ ਉਹ ਇਸ ਵਿਸ਼ੇ ਤੇ ਕੋਈ ਹੋਰ ਬਹਿਸ ਨਹੀਂ ਸੀ ਕਰਨਾ ਚਾਹੁੰਦਾ!
“ਉਸਨੂੰ ਇਹਦੀ ਲੋੜ ਨਹੀਂ ਪੈਣੀ ਹੁਣ…”
“ਕਿਓਂ?” ਗੂੰਗਾ ਰਾਮ ਇਕਦਮ ਠਹਿਰ ਗਿਆ ।
“ਨਾ, ਵੈਸੇ ਹੀ… ਅੱਜ-ਕੱਲ ਬਥੇਰੇ ਡੱਡੂ ਹੈਗੇ ਨੇ ਬਾਹਰ । ਤੇਰੇ ਨਾਗ ਨੂੰ ਉਹ ਜ਼ਿਆਦਾ ਸਵਾਦ ਲੱਗਦੇ ਹੋਣਗੇ, ਫਿਰ ਤੂੰ ਤਾਂ ਦੁੱਧ ਵਿਚ ਮਿੱਠਾ ਵੀ ਨਹੀਂ ਨਾ ਪਾਉਂਦਾ…”

ਸਵੇਰੇ ਗੂੰਗਾ ਰਾਮ ਦੁੱਧ ਨਾਲ ਭਰੀ ਕੌਲੀ ਵਾਪਸ ਲੈ ਕੇ ਪਲਟਿਆ, ਉਹ ਕੁਛ ਕਰੀਝਿਆ ਅਤੇ ਅਸ਼ੰਕਿਤ ਜਾਪਦਾ ਸੀ ।
“ਮੈਂ ਤਾਂ ਤੈਨੂੰ ਪਹਿਲੋਂ ਹੀ ਕਿਹਾ ਸੀ ਸੱਪਾਂ ਨੂੰ ਡੱਡੂ ਦੁੱਧ ਤੋਂ ਵੱਧ ਪਸੰਦ ਹੁੰਦੇ ਹਨ!”
ਜਦੋਂ ਤਕ ਅਸੀਂ ਸਾਰਿਆਂ ਨੇ ਕੱਪੜੇ ਬਦਲ ਕੇ ਨਾਸ਼ਤਾ ਨਹੀਂ ਕਰ ਲਿਆ, ਗੂੰਗਾ ਰਾਮ ਸਾਡੇ ਨੇੜੇ-ਤੇੜੇ ਹੀ ਰਿਹਾ । ਸਕੂਲ ਬੱਸ ਆ ਗਈ ਤਾਂ ਅਸੀਂ ਉਹ ਪੀਪਾ ਚੁੱਕ ਕੇ ਚੱੜ ਗਏ । ਜਦੋਂ ਬੱਸ ਚੱਲੀ ਤਾਂ ਅਸੀਂ ਪੀਪੇ ਨੂੰ ਉੱਤੇ ਕਰ ਕੇ ਬਾਹਰ ਖੜੇ ਗੂੰਗਾ ਰਾਮ ਨੂੰ ਵਖਾਇਆ,
“ਐ ਰਿਹਾ ਤੇਰਾ ਕਾਲਾ ਨਾਗ, ਇਸ ਡੱਬੇ ਵਿਚ । ਅਸੀਂ ਉਸਨੂੰ ਸਪਿਰਿਟ ’ਚ ਪਾਉਣ ਲਿਜਾ ਰਹੇ ਹਾਂ!”
ਵਿਚਾਰੇ ਦੇ ਮੂੰਹੋਂ ਬੋਲ ਨਾ ਫੁੱਟਿਆ, ਬਸ ਉਹ ਦੂਰ ਜਾਂਦੀ ਬੱਸ ਵੱਲ ਤੱਕਦਾ ਰਿਹਾ…

ਦੂਜੇ ਪਾਸੇ, ਸਕੂਲ ’ਚ ਬੜਾ ਉਤਸ਼ਾਹ ਸੀ । ਅਸੀਂ ਚਾਰ ਭਰਾ ਸਾਂ ਅਤੇ ਸਾਰੇ ਆਪਣੀ ਨਿਸ਼ਠੁਰਤਾ ਲਈ ਮੰਨੇ ਹੋਏ! ਅੱਜ ਅਸੀਂ ਫਿਰ ਇਕ ਵਾਰ ਇਹ ਸਿੱਧ ਕਰ ਵਖਾਇਆ ਸੀ…
“ਕਿੰਗ ਕੋਬਰਾ - ਸੱਪਾਂ ਦਾ ਰਾਜਾ!”
“ਛੇ ਫੁੱਟ ਲੰਬਾ!”
“ਫਨੀਅਰ!”

ਪੀਪਾ ਸਾਇੰਸ ਵਾਲੇ ਮਾਸਟਰ ਜੀ ਦੇ ਸਪੁਰਦ ਕੀਤਾ ਜਾ ਚੁੱਕਿਆ ਸੀ । ਹੁਣ ਉਹ ਉਨ੍ਹਾਂ ਦੀ ਮੇਜ਼ ਤੇ ਪਿਆ ਸੀ ਅਤੇ ਅਸੀਂ ਉਸਦੇ ਖੁੱਲਣ ਦੀ ਉਡੀਕ ਕਰ ਰਹੇ ਸਾਂ, ਤਾਂ ਜੋ ਸਾਡੇ ਸ਼ਿਕਾਰ ਦੀ ਸਰਾਹਣਾ ਹੋ ਸਕੇ । ਸਾਨੂੰ ਕੁਛ ਮੁਸ਼ਕਿਲ ਜਿਹੇ ਸਵਾਲਾਂ ’ਚ ਉਲਝਾ ਕੇ ਮਾਸਟਰ ਜੀ ਇਸ ਪਾਸਿਓਂ ਉਦਾਸੀਨ ਲੱਗਣ ਦਾ ਦਿਖਾਵਾ ਕਰ ਰਹੇ ਸਨ ।
ਫਿਰ ਹਾਲਾਤ ਦੇ ਮੁਤਾਬਿਕ ਬੜੇ ਸਤਰਕ ਹੋ ਕੇ ਉਨ੍ਹਾਂ ਨੇ ਇਕ ਚਿਮਟਾ ’ਤੇ ਇਕ ਮਰਤਬਾਨ ਚੁੱਕਿਆ, ਜਿਸਦੇ ਵਿਚ ਪਹਿਲਾਂ ਹੀ ਇਕ ਕਰੇਟ (ਇਕ ਤਰਾਂ ਦਾ ਸੱਪ) ਸਪਿਰਿਟ ’ਚ ਡੁੱਬਿਆ ਪਿਆ ਸੀ । ਮਾਸਟਰ ਹੁਰਾਂ ਨੇ ਗੁਣਗੁਣਾਉਂਦੇ ਹੋਏ ਪੀਪੇ ਦੇ ਦੁਆਲੇ ਬੰਨੀ ਰੱਸੀ ਨੂੰ ਖੋਲ੍ਹਣਾ ਸ਼ੁਰੂ ਕੀਤਾ ।

ਰੱਸੀ ਥੋੜੀ ਢਿੱਲੀ ਹੋਈ ਹੀ ਸੀ ਕਿ ਡੱਬੇ ਦਾ ਬੰਦ ਢੱਕਣ ਮਾਸਟਰ ਜੀ ਦੀ ਨੱਕ ਦੇ ਲਾਗੇ ਹੋਕੇ ਹਵਾ ’ਚ ਉਛਲਿਆ । ਅੰਦਰ ਕਾਲਾ ਨਾਗ ਮੌਜੂਦ ਸੀ । ਉਸਦੀਆਂ ਅੱਖਾਂ ਅੰਗਾਰਿਆਂ ਵਾੰਗ ਦਹਿਕ ਰਹੀਆਂ ਸਨ ਅਤੇ ਉਹਦਾ ਸੁਰੱਖਿਅਤ ਫਨ ਕਸਿਆ ਹੋਇਆ ਸੀ । ਜ਼ੋਰ ਦੀ ਫ਼ੁੰਕਾਰ ਕਰਦਿਆਂ ਉਹ ਮਾਸਟਰ ਜੀ ਦੇ ਚਿਹਰੇ ਵੱਲ ਵਧਿਆ…
ਮਾਸਟਰ ਜੀ ਬਚਣ ਲਈ ਪਿੱਛੇ ਹੋਏ ਤਾਂ ਆਪਣੀ ਕੁਰਸੀ ਉਤੋਂ ਉਲਟ ਕੇ ਜਾ ਪਏ । ਹੁਣ ਉਹ ਭੁੰਜੇ ਡਿੱਗੇ, ਭੈਭੀਤ ਹੋਕੇ ਬਿਨਾ ਹਿੱਲੇ-ਡੁੱਲੇ ਕੋਬਰਾ ਨੂੰ ਘੂਰ ਰਹੇ ਸੀ । ਮੁੰਡੇ ਸਾਰੇ ਆਪੋ-ਆਪਣੇ ਡੈਸਕਾਂ ਤੇ ਚੜੇ ਹਿਸਟੀਰੀਆ ਦੇ ਰੋਗੀਆਂ ਵਾੰਗ ਚੀਕ ਰਹੇ ਸਨ । ਆਪਣੀਆਂ ਰਕਤ-ਰੰਜਿਤ, ਲਾਲ ਸੂਹੀਆਂ ਅੱਖਾਂ ਨਾਲ ਕਾਲੇ ਨਾਗ ਨੇ ਚਾਰੋ ਪਾਸੇ ਮੁਆਇਨਾ ਕੀਤਾ । ਕਿਸੇ ਸੂਲ ਵਰਗੀ ਉਸਦੀ ਜੀਭ ਪੂਰੇ ਆਵੇਗ ਨਾਲ ਮੂੰਹ ਦੇ ਅੰਦਰ-ਬਾਹਰ ਆ-ਜਾ ਰਹੀ ਸੀ, ਉਸਨੇ ਕ੍ਰੋਧਵਾਨ ਹੋ ਕੇ ਥੁੱਕਿਆ ਅਤੇ ਆਪਣੇ ਅਜ਼ਾਦ ਹੋਣ ਦਾ ਉਪਰਾਲਾ ਸ਼ੁਰੂ ਕੀਤਾ ।

ਪੂਰਾ ਜ਼ੋਰ ਲਾਕੇ ਉਹ ਇਕ ਛਪਾਕੇ ਦੀ ਅਵਾਜ਼ ਕਰਦਿਆਂ ਪੀਪੇ ’ਚੋਂ ਬਾਹਰ ਨਿਕਲ ਕੇ ਫ਼ਰਸ਼ ਤੇ ਆ ਪਿਆ! ਉਸਦੀ ਕਮਰ ਕਈ ਥ੍ਹਾਂ ਤੋਂ ਟੁੱਟੀ ਪਾਈ ਸੀ, ਪਰ ਅਸਿਹ ਪੀੜ ਝੇਲਦਿਆਂ ਉਸਨੇ ਆਪਣੇ-ਆਪ ਨੂੰ ਦਰਵਾਜ਼ੇ ਵੱਲ ਧੱਕਿਆ । ਦਹਲੀਜ਼ ਤੇ ਪਹੁੰਚ ਕੇ ਉਸਨੂੰ ਇਕ ਹੋਰ ਖ਼ਤਰੇ ਦਾ ਸਾਹਮਣਾ ਕਰਨ ਵਾਸਤੇ ਇਕ ਵਾਰ ਫਿਰ ਆਪਣਾ ਫਨ ਫੈਲਾ ਕੇ ਖੜਾ ਹੋਣਾ ਪਿਆ ।

ਕਲਾਸ ਦੇ ਬਾਹਰ ਇਕ ਕੌਲੀ ’ਤੇ ਦੁੱਧ ਦਾ ਜੱਗ ਫੜੀ ਗੂੰਗਾ ਰਾਮ ਖੜੋਤਾ ਸੀ! ਕਾਲੇ ਨਾਗ ਨੂੰ ਆਪਣੇ ਵੱਲ ਆਉਂਦਿਆਂ ਵੇਖ ਕੇ ਉਹ ਗੋਡਿਆਂ ਭਾਰ ਬਹਿ ਗਿਆ । ਕੌਲੀ ਵਿਚ ਦੁੱਧ ਪਾਕੇ ਉਸਨੇ ਉਹ ਥੱਲੇ ਰੱਖ ਦਿੱਤੀ । ਫਿਰ ਆਪਣੇ ਦੋਨੋਂ ਹੱਥ ਜੋੜ ਕੇ ਨਾਗ ਦੇਵਤਾ ਤੋਂ ਖਿਮਾ ਯਾਚਨਾ ਕਰਦੇ ਹੋਏ ਮੱਥਾ ਟੇਕਣ ਲਈ ਉਸਨੇ ਆਪਣਾ ਸਿਰ ਨੀਵਾਂ ਕੀਤਾ । ਲਾਚਾਰੀ ਅਤੇ ਗੁੱਸੇ ਦੇ ਪ੍ਰਕੋਪ ’ਚ ਕੋਬਰਾ ਬੜੀ ਜ਼ੋਰ ਨਾਲ ਫ਼ੁੰਕਾਰਿਆ ’ਤੇ ਗੂੰਗਾ ਰਾਮ ਦੇ ਮੱਥੇ ਤੇ ਵੱਢ ਲਿਆ । ਫਿਰ ਪੂਰੇ ਜਤਨ ਨਾਲ ਨਾਗ ਨੇ ਆਪਣੇ-ਆਪ ਨੂੰ ਇਕ ਨਾਲੀ ਵੱਲ ਘਸੀਟਿਆ ਅਤੇ ਜਲਦੀ ਹੀ ਅੱਖਾਂ ਤੋਂ ਓਝਲ ਹੋ ਗਿਆ ।

ਪਿਛੇ ਗੂੰਗਾ ਰਾਮ ਆਪਣਾ ਚਿਹਰਾ ਹੱਥਾਂ ਨਾਲ ਢੱਕੀ ਜ਼ਮੀਨ ’ਤੇ ਜਾ ਪਿਆ ਸੀ । ਉਹ ਪੀੜ ਨਾਲ ਚੀਕ ਰਿਹਾ ਸੀ । ਜ਼ਹਿਰ ਨੇ ਉਸਨੂੰ ਤਤਕਾਲ ਅੰਨਾ ਕਰ ਛੱਡਿਆ ਸੀ! ਕੁਛ ਹੀ ਪਲਾਂ ਵਿਚ ਉਹ ਨੀਲਾ-ਪੀਲਾ ਪੈ ਗਿਆ ਤੇ ਉਸਦੇ ਮੂੰਹ ’ਚੋਂ ਝੱਗ ਵੱਗਣੀ ਸ਼ੁਰੂ ਹੋ ਗਈ । ਉਸਦੇ ਮੱਥੇ ਤੇ ਖੂਨ ਦੀਆਂ ਨਿੱਕੀਆਂ-ਨਿੱਕੀਆਂ ਬੂੰਦਾਂ ਦਿੱਸ ਰਹੀਆਂ ਸਨ । ਮਾਸਟਰ ਜੀ ਨੇ ਆਪਣੇ ਰੁਮਾਲ ਨਾਲ ਮੱਥਾ ਸਾਫ਼ ਕਰ ਦਿੱਤਾ ।
ਜਿੱਥੇ ਕਾਲੇ ਨਾਗ ਨੇ ਆਪਣੇ ਵਿਸ਼ੈਲੇ ਦੰਦ ਗੱਡੇ ਸਨ, ਉੱਥੇ ਵਿਸ਼ਣੂ ਦਾ V ਚਿੰਨ੍ਹ ਅੰਕਿਤ ਸੀ…

ਅਨੁਵਾਦ: ਮੋਹਨਜੀਤ ਕੁਕਰੇਜਾ (ਐਮਕੇ)

  • ਮੁੱਖ ਪੰਨਾ : ਪੰਜਾਬੀ ਕਹਾਣੀਆਂ