The Story Of The Bad Little Boy : Mark Twain
ਇੱਕ ਨਿੱਕੇ ਬੁਰੇ ਮੁੰਡੇ ਦੀ ਕਹਾਣੀ : ਮਾਰਕ ਟਵੇਨ
ਇੱਕ ਵਾਰ ਦੀ ਗੱਲ ਹੈ ਕਿ ਇੱਕ ਛੋਟਾ ਬੁਰਾ ਮੁੰਡਾ ਸੀ ਜੀਹਦਾ ਨਾਮ ਜਿਮ ਸੀ— ਬੇਸ਼ੱਕ ਤੁਸੀਂ ਵੇਖੋਂਗੇ ਕਿ ਤੁਹਾਡੇ ਐਤਵਾਰੀ ਸਕੂਲ ਦੀਆਂ ਕਿਤਾਬਾਂ ਵਿੱਚ ਬੁਰੇ ਮੁੰਡਿਆਂ ਦਾ ਨਾਂ ਹਮੇਸ਼ਾਂ ਹੀ ਜੇਮਜ਼ ਹੁੰਦਾ ਹੈ। ਇਹ ਇੱਕ ਅਜੀਬ ਜਿਹੀ ਗੱਲ ਹੈ ਪਰ ਫੇਰ ਵੀ ਇਹ ਸੱਚ ਹੈ ਕਿ ਉਸ ਮੁੰਡੇ ਦਾ ਨਾਂ ਜਿਮ ਹੀ ਸੀ।
ਉਹਦੀ ਕੋਈ ਬਿਮਾਰ ਮਾਂ ਵੀ ਨਹੀਂ ਸੀ— ਜੋ ਧਾਰਮਿਕ ਹੋਵੇ ਅਤੇ ਜੀਹਨੂੰ ਤਪਦਿਕ ਰੋਗ ਹੋਵੇ ਅਤੇ ਜੋ ਕਬਰ ਵਿੱਚ ਜਾਣਾ ਚਾਹੁੰਦੀ ਹੋਵੇ ਅਤੇ ਹਮੇਸ਼ਾ ਲਈ ਚੈਨ ਦੀ ਨੀਂਦ ਸੌਂ ਜਾਣਾ ਚਾਹੁੰਦੀ ਹੋਵੇ, ਪਰ ਜੋ ਆਪਣੇ ਮੁੰਡੇ ਨੂੰ ਬਹੁਤ ਪਿਆਰ ਕਰਦੀ ਹੋਵੇ ਅਤੇ ਦੁਖੀ ਰਹਿੰਦੀ ਹੋਵੇ ਕਿ ਉਸਦੇ ਜਾਣ ਮਗਰੋਂ ਉਹਦੇ ਜਾਣ ਮਗਰੋਂ ਇਹ ਦੁਨੀਆਂ ਉਹਦੇ ਮੁੰਡੇ ਪ੍ਰਤੀ ਰੁੱਖੀ ਤੇ ਬੇਰਹਿਮ ਹੋ ਜਾਵੇਗੀ। ਐਤਵਾਰੀ ਕਿਤਾਬਾਂ ਦੇ ਜ਼ਿਆਦਾਤਰ ਬੁਰੇ ਮੁੰਡਿਆਂ ਦਾ ਨਾਂ ਜੇਮਜ਼ ਹੁੰਦਾ ਹੈ ਅਤੇ ਉਹਨਾਂ ਦੀ ਬਿਮਾਰ ਮਾਂ ਹੁੰਦੀ ਹੈ ਜੋ ਉਹਨਾਂ ਨੂੰ ”ਮੈਂ ਖੁਦ ਨੂੰ ਅਰਪਣ ਕਰਦਾ ਹਾਂ” ਆਦਿ ਕਹਿਣ ਦੀ ਸਿੱਖਿਆ ਦਿੰਦੀ ਹੈ, ਜੋ ਉਹਨਾਂ ਨੂੰ ਮਿੱਠੀ ਤੇ ਉਦਾਸ ਅਵਾਜ਼ ਵਿੱਚ ਲੋਰੀ ਸੁਣਾਉਂਦੀ ਹੈ ਅਤੇ ਬੜੇ ਪਿਆਰ ਨਾਲ਼ ਚੁੰਮਦੀ ਹੈ ਤੇ ਫੇਰ ਬਿਸਤਰੇ ਕੋਲ਼ ਬੈਠ ਕੇ ਰੋਂਦੀ ਹੈ। ਪਰ ਉਸ ਜਨਾਬ ਦੀ ਕਹਾਣੀ ਕੁੱਝ ਵੱਖਰੀ ਹੀ ਸੀ। ਉਹਦਾ ਨਾਂ ਜਿਮ ਸੀ ਤੇ ਉਹਦੀ ਮਾਂ ਨੂੰ ਕੋਈ ਬਿਮਾਰੀ ਨਹੀਂ ਸੀ— ਨਾ ਤਾਂ ਤਪਦਿਕ ਰੋਗ ਤੇ ਨਾ ਕੋਈ ਹੋਰ, ਸਗੋਂ ਉਹ ਥੋੜੀ ਜਿਹੀ ਹੱਟੀ-ਕੱਟੀ ਹੀ ਸੀ। ਉਹ ਧਾਰਮਿਕ ਵੀ ਨਹੀਂ ਸੀ। ਇਸਤੋਂ ਬਿਨਾਂ ਜਿਮ ਨੂੰ ਲੈ ਕੇ ਉਹ ਕੋਈ ਬਹੁਤੀ ਦੁਖੀ ਵੀ ਨਹੀਂ ਸੀ ਰਹਿੰਦੀ। ਉਹ ਕਹਿੰਦੀ ਸੀ ਜੇ ਜਿਮ ਆਪਣੀ ਧੌਣ ਵੀ ਤੁੜਾ ਬੈਠੇ ਤਾਂ ਕੋਈ ਬਹੁਤਾ ਨੁਕਸਾਨ ਨਹੀਓਂ ਹੋਣਾ। ਉਹ ਹਮੇਸ਼ਾਂ ਜਿਮ ਦੇ ਪਿੱਛੇ ‘ਤੇ ਥੱਪੜ ਮਾਰ ਕੇ ਸਵਾਂਦੀ ਸੀ ਤੇ ਉਹਨੂੰ ਪਿਆਰ ਨਾਲ਼ ਚੁੰਮਦੀ ਵੀ ਨਹੀਂ ਸੀ। ਉਲਟਾ ਜਦੋਂ ਉਹ ਜਾਣ ਵਾਲ਼ੀ ਹੁੰਦੀ ਤਾਂ ਉਹਦੇ ਕੰਨਾਂ ‘ਤੇ ਘਸੁੰਨ ਵਰ੍ਹਾਉਂਦੀ ਸੀ।
ਇੱਕ ਵਾਰ ਉਸ ਛੋਟੇ ਬੁਰੇ ਮੁੰਡੇ ਨੇ ਰਸੋਈ ਦੀਆਂ ਚਾਬੀਆਂ ਚੋਰੀ ਕਰ ਲਈਆਂ ਅਤੇ ਉੱਥੇ ਚੁੱਪਚਾਪ ਜਾ ਕੇ ਜੈਮ ਖਾਧਾ ਤੇ ਫੇਰ ਉਸ ਬਰਤਨ ਨੂੰ ਕੋਲਤਾਰ ਨਾਲ਼ ਭਰ ਦਿੱਤਾ, ਤਾਂ ਕਿ ਉਹਦੀ ਮਾਂ ਨੂੰ ਫ਼ਰਕ ਦਾ ਪਤਾ ਨਾ ਲੱਗ ਸਕੇ। ਪਰ ਇਹ ਸਭ ਕਰਦਿਆਂ ਇੱਕ ਵਾਰ ਵੀ ਅਚਾਨਕ ਉਹਦੇ ਦਿਲ ਵਿੱਚ ਕੋਈ ਡਰਾਉਣਾ ਜਿਹਾ ਅਹਿਸਾਸ ਨਹੀਂ ਹੋਇਆ ਅਤੇ ਉਹਨੂੰ ਅਜਿਹਾ ਵੀ ਨਹੀਂ ਲੱਗਿਆ ਕਿ ਕੋਈ ਚੀਜ਼ ਉਹਨੂੰ ਪੁਚਕਾਰ ਕੇ ਕਹਿ ਰਹੀ ਹੈ ਕਿ, ”ਕੀ ਆਪਣੀ ਮਾਂ ਦੀ ਆਗਿਆ ਦਾ ਪਾਲਣ ਨਾ ਕਰਨਾ ਸਹੀ ਹੈ? ਕੀ ਇਹ ਪਾਪ ਨਹੀਂ ਹੈ? ਅਜਿਹੇ ਮੁੰਡੇ ਕਿੱਥੇ ਜਾਂਦੇ ਨੇ ਜੋ ਆਪਣੀ ਚੰਗੀ ਦਿਆਲੂ ਮਾਂ ਦੇ ਜੈਮ ਨੂੰ ਚਪਟ ਕਰ ਜਾਂਦੇ ਨੇ?” ਅਤੇ ਫੇਰ ਇਕੱਲ ਵਿੱਚ ਆਪਣੇ ਗੋਡਿਆਂ ਭਾਰ ਡਿੱਗ ਕੇ ਫੇਰ ਕਦੇ ਬਦਮਾਸ਼ੀ ਨਾ ਕਰਨ ਦੀ ਸਹੁੰ ਵੀ ਨਹੀਂ ਖਾਧੀ ਅਤੇ ਹਲਕੇ ਤੇ ਖੁਸ਼ ਦਿਲ ਨਾਲ਼ ਉੱਠ ਕੇ ਆਪਣੀ ਮਾਂ ਨੂੰ ਸਭ ਕੁੱਝ ਦੱਸਣ ਵੀ ਨਹੀਂ ਗਿਆ ਅਤੇ ਨਾ ਹੀ ਉਹਨੇ ਮਾਂ ਕੋਲ਼ੋਂ ਮਾਫ਼ੀ ਮੰਗੀ ਅਤੇ ਉਹਦੀ ਮਾਂ ਨੇ ਅੱਖਾਂ ਵਿੱਚ ਮਾਣ ਅਤੇ ਸ਼ੁਕਰਾਨੇ ਦੇ ਹੰਝੂ ਭਰ ਕੇ ਉਹਨੂੰ ਅਸੀਸ ਵੀ ਨਹੀਂ ਦਿੱਤੀ। ਜੀ ਨਹੀਂ, ਅਜਿਹਾ ਕੁੱਝ ਨਹੀਂ ਹੋਇਆ! ਇਹ ਤਾਂ ਕਿਤਾਬਾਂ ਵਿੱਚ ਦੂਜੇ ਬੁਰੇ ਮੁੰਡਿਆਂ ਨਾਲ਼ ਹੁੰਦਾ ਹੈ। ਪਰ ਬਹੁਤ ਹੈਰਾਨੀ ਦੀ ਗੱਲ ਹੈ ਕਿ ਜਿਮ ਨਾਲ਼ ਉਹ ਸਭ ਬਹੁਤ ਹੀ ਵੱਖਰੇ ਢੰਗ ਨਾਲ਼ ਹੋਇਆ। ਉਸਨੇ ਜੈਮ ਖਾਧਾ ਅਤੇ ਆਪਣੇ ਪਾਪੀ ਤੇ ਭੱਦੇ ਅੰਦਾਜ਼ ਵਿੱਚ ਕਿਹਾ ਕਿ ਇਹ ਬਹਾਦਰੀ ਦਾ ਕੰਮ ਸੀ; ਫੇਰ ਉਸਨੇ ਉਸ ਬਰਤਨ ਵਿੱਚ ਕੋਲਤਾਰ ਵੀ ਰੱਖਿਆ ਅਤੇ ਕਿਹਾ ਕਿ ਇਹ ਵੀ ਹਿੰਮਤੀ ਕੰਮ ਹੈ ਅਤੇ ਫੇਰ ਉਹ ਹੱਸਿਆ ਅਤੇ ਉਸਨੇ ਸੋਚਿਆ ਕਿ ਜਦੋਂ ਉਸ ਬੁੱਢੀ ਨੂੰ ਇਸ ਬਾਰੇ ਪਤਾ ਲੱਗੇਗਾ ਤਾਂ ”ਉਹ ਉੱਠੇਗੀ ਅਤੇ ਚੀਖ਼ੇਗੀ”; ਜਦੋਂ ਉਸਨੂੰ ਪਤਾ ਲੱਗਿਆ ਤਾਂ ਜਿਮ ਨੇ ਇਸ ਬਾਰੇ ਕੁੱਝ ਵੀ ਜਾਣਕਾਰੀ ਹੋਣ ਤੋਂ ਸਾਫ਼ ਨਾਂਹ ਕਰ ਦਿੱਤੀ ਅਤੇ ਉਸਦੀ ਮਾਂ ਨੇ ਉਸਨੂੰ ਚੰਗੀ ਤਰ੍ਹਾਂ ਕੁੱਟਿਆ ਅਤੇ ਰੋਣ ਦਾ ਕੰਮ ਉਸਨੇ ਖੁਦ ਹੀ ਕਰ ਲਿਆ। ਇਸ ਮੁੰਡੇ ਦੀ ਹਰ ਗੱਲ ਅਜੀਬ ਸੀ — ਕਿਤਾਬਾਂ ਵਿੱਚ ਬੁਰੇ ਜੇਮਜ਼ਾਂ ਨਾਲ਼ ਜੋ ਵੀ ਹੁੰਦਾ ਸੀ ਉਹ ਇਸ ਨਾਲ਼ ਨਹੀਂ ਸੀ ਹੁੰਦਾ।
ਇੱਕ ਵਾਰ ਉਹ ਕਿਸਾਨ ਐਕਾਰਨ ਦੇ ਸੇਬ ਦੇ ਰੁੱਖ ‘ਤੇ ਸੇਬ ਚੋਰੀ ਕਰਨ ਲਈ ਚੜ੍ਹਿਆ ਅਤੇ ਉਸਦੀ ਲੱਤ ਨਹੀਂ ਟੁੱਟੀ ਅਤੇ ਨਾ ਹੀ ਰੁੱਖ ਤੋਂ ਡਿੱਗ ਕੇ ਉਸਦਾ ਹੱਥ ਟੁੱਟਿਆ ਅਤੇ ਫਿਰ ਕਿਸਾਨ ਦੇ ਵੱਡੇ ਕੁੱਤੇ ਨੇ ਉਸਨੂੰ ਵੱਢਿਆ ਵੀ ਨਹੀਂ, ਫਿਰ ਉਹ ਕਈ ਹਫਤੇ ਤੱਕ ਬਿਮਾਰ ਅਤੇ ਕਮਜ਼ੋਰ ਜਿਹਾ ਪਿਆ ਰਹਿ ਕੇ ਪਛਤਾਇਆ ਨਹੀਂ ਅਤੇ ਨਾ ਹੀ ਉਹ ਇਸ ਸਭ ਮਗਰੋਂ ਚੰਗਾ ਬਣਿਆ। ਉਹ! ਨਹੀਂ; ਉਸਨੇ ਜੀਅ ਭਰ ਕੇ ਸੇਬ ਚੋਰੀ ਕੀਤੇ ਅਤੇ ਫਿਰ ਸਹੀ-ਸਲਾਮਤ ਹੇਠਾਂ ਉੱਤਰ ਆਇਆ ਅਤੇ ਕਾਲ਼ੇ ਕੁੱਤੇ ਲਈ ਵੀ ਉਹ ਪਹਿਲਾਂ ਤੋਂ ਤਿਆਰ ਸੀ ਤੇ ਜਦੋਂ ਉਸ ਉਸਨੂੰ ਵੱਢਣ ਆਇਆ ਤਾਂ ਉਸਨੇ ਵਗ੍ਹਾ ਕੇ ਇੱਟ ਮਾਰੀ ਅਤੇ ਉਸਨੂੰ ਡੇਗ ਦਿੱਤਾ। ਇਹ ਬਹੁਤ ਅਜੀਬ ਗੱਲ ਸੀ — ਉਹਨਾਂ ਨਰਮ, ਛੋਟੀਆਂ ਤੇ ਕੋਮਲ ਜਿਲਦਾਂ ਵਾਲ਼ੀਆਂ ਕਿਤਾਬਾਂ ਵਿੱਚੋਂ ਅਜਿਹਾ ਕੁੱਝ ਨਹੀਂ ਹੁੰਦਾ ਜਿਨ੍ਹਾਂ ਵਿੱਚ ਆਬਬੀਲ ਪੂੰਛੇ ਕੋਟ, ਸੁਨਹਿਰੀ ਕਢਾਈ ਵਾਲ਼ੀ ਟੋਪੀ ਅਤੇ ਛੋਟੀ ਪਤਲੂਨ ਪਹਿਨੀ ਆਦਮੀਆਂ ਅਤੇ ਲੱਕ ‘ਤੇ ਹੱਥ ਰੱਖੀ ਅਤੇ ਬਿਨਾਂ ਕਿਸੇ ਛੱਲੇ ਵਾਲ਼ੀਆਂ ਔਰਤਾਂ ਦੀਆਂ ਤਸਵੀਰਾਂ ਹੁੰਦੀਆਂ ਹਨ। ਕਿਸੇ ਵੀ ਐਤਵਾਰੀ ਸਕੂਲ ਵਿੱਚ ਅਜਿਹਾ ਨਹੀਂ ਹੁੰਦਾ।
ਇੱਕ ਵਾਰ ਉਸਨੇ ਆਪਣੇ ਅਧਿਆਪਕ ਦਾ ਨਿੱਕਾ ਜਿਹਾ ਚਾਕੂ ਚੋਰੀ ਕਰ ਲਿਆ ਅਤੇ ਜਦੋਂ ਉਹਨੂੰ ਫੜੇ ਜਾਣ ਦਾ ਡਰ ਸਤਾਉਣ ਲੱਗਾ ਤਾਂ ਉਸਨੇ ਉਹ ਚਾਕੂ ਵਿਚਾਰੀ ਵਿਧਵਾ ਵਿਲਸਨ ਦੇ ਮੁੰਡੇ ਜਾਰਜ ਵਿਲਸਨ ਦੀ ਟੋਪੀ ਹੇਠਾਂ ਖਿਸਕਾ ਦਿੱਤਾ। ਜਾਰਜ ਵਿਲਸਨ ਪਿੰਡ ਦਾ ਨੈਤਿਕ ਅਤੇ ਚੰਗਾ ਮੁੰਡਾ ਸੀ ਜੋ ਹਮੇਸ਼ਾ ਆਪਣੀ ਮਾਂ ਦਾ ਕਹਿਣਾ ਮੰਨਦਾ ਸੀ, ਕਦੇ ਵੀ ਝੂਠ ਨਹੀਂ ਸੀ ਬੋਲਦਾ, ਆਪਣੇ ਪਾਠ ਬੜੇ ਚਾਅ ਨਾਲ਼ ਪੜ੍ਹਦਾ ਸੀ ਅਤੇ ਉਸਨੂੰ ਐਤਵਾਰੀ ਸਕੂਲ ਨਾਲ਼ ਡੂੰਘਾ ਪਿਆਰ ਸੀ। ਜਦੋਂ ਚਾਕੂ ਉਸਦੀ ਟੋਪੀ ਵਿੱਚੋਂ ਡਿੱਗਿਆ ਤਾਂ ਵਿਚਾਰੇ ਜਾਰਜ ਨੇ ਆਪਣਾ ਸਿਰ ਝੁਕਾ ਲਿਆ ਅਤੇ ਸ਼ਰਮ ਨਾਲ਼ ਲਾਲ ਹੋ ਗਿਆ ਜਿਵੇਂ ਸੱਚੀਓਂ ਹੀ ਉਸਨੇ ਜੁਰਮ ਕੀਤਾ ਹੋਵੇ ਤੇ ਦੁਖੀ ਅਧਿਆਪਕਾ ਨੇ ਉਸਦੇ ਚੋਰੀ ਦਾ ਦੋਸ਼ ਲਾ ਦਿੱਤਾ ਅਤੇ ਜਦੋਂ ਉਹ ਉਸਦੇ ਕੰਬਦੇ ਮੋਢਿਆਂ ‘ਤੇ ਬੈਂਤ ਮਾਰਨ ਜਾ ਰਹੀ ਸੀ, ਉਦੋਂ ਹੀ ਕੋਈ ਸਫ਼ੈਦ ਵਾਲ਼ਾਂ ਵਾਲ਼ਾ ਗੈਬੀ ਅਮਨ-ਦੂਤ ਅਚਾਨਕ ਪ੍ਰਗਟ ਨਹੀਂ ਹੋਇਆ ਅਤੇ ਪੂਰੇ ਅੰਦਾਜ਼ ਅਤੇ ਅਦਾ ਨਾਲ਼ ਇਹ ਨਹੀਂ ਬੋਲਿਆ, ”ਇਸ ਨੇਕ ਮੁੰਡੇ ਨੂੰ ਛੱਡ ਦਿਉ — ਉਹ ਲੁਕਿਆ ਖੜਾ ਹੈ ਅਸਲ ਦੋਸ਼ੀ! ਅੱਧੀ ਛੁੱਟੀ ਵੇਲ਼ੇ ਮੈਂ ਦਰਵਾਜ਼ੇ ਕੋਲ਼ੋਂ ਲੰਘ ਰਿਹਾ ਸੀ ਤਾਂ ਆਪਣੇ ਆਪ ਨੂੰ ਗਾਇਬ ਕਰਕੇ ਇਹ ਜੁਰਮ ਹੁੰਦਿਆਂ ਮੈਂ ਖੁਦ ਦੇਖਿਆ ਸੀ!” ਅਤੇ ਫਿਰ ਜਿਮ ਨੂੰ ਕੋੜੇ ਵੀ ਨਹੀਂ ਪਏ ਅਤੇ ਫਿਰ ਮਾਨਯੋਗ ਅਮਨ-ਦੂਤ ਨੇ ਅੱਖਾਂ ਵਿੱਚ ਹੰਝੂ ਬਰ ਕੇ ਸਕੂਲ ਨੂੰ ਕੋਈ ਉਪਦੇਸ਼ ਪੜ੍ਹ ਕੇ ਨਹੀਂ ਸੁਣਾਇਆ ਅਤੇ ਜਾਰਜ ਦੇ ਹੱਥ ਨੂੰ ਫੜ ਕੇ ਇਹ ਨਹੀਂ ਕਿਹਾ ਕਿ ਅਜਿਹੇ ਮੁੰਡੇ ਦੀ ਲਾਜ਼ਮੀ ਵਡਿਆਈ ਕੀਤੀ ਜਾਣੀ ਚਾਹੀਦੀ ਹੈ। ਨਾ ਹੀ ਉਸ ਅਮਨ-ਦੂਤ ਨੇ ਉਸਨੂੰ ਆਪਣੇ ਨਾਲ਼ ਆ ਕੇ ਆਪਣਾ ਘਰ ਬਣਾਉਣ ਅਤੇ ਦਫ਼ਤਰ ਸਾਫ਼ ਕਰਨ, ਅੱਗ ਜਲਾਉਣ, ਸੰਦੇਸ਼-ਵਾਹਕ ਬਣਨ, ਲੱਕੜ ਵੱਢਣ, ਕਨੂੰਨ ਦਾ ਅਧਿਐਨ ਕਰਨ ਅਤੇ ਘਰੇਲੂ ਕੰਮ ਕਰਨ ਵਿੱਚ ਉਸਦੀ ਪਤਨੀ ਦੀ ਮਦਦ ਕਰਨ ਅਤੇ ਬਾਕੀ ਸਮੇਂ ਵਿੱਚ ਖੇਡਣ ਤੇ ਮਹੀਨੇ ਵਿੱਚ ਚਾਲ਼ੀ ਸੈਂਟ ਹਾਸਲ ਕਰਨ ਲਈ ਨਹੀਂ ਕਿਹਾ। ਜੀ ਨਹੀਂ; ਅਜਿਹਾ ਕਿਤਾਬਾਂ ਵਿੱਚ ਹੀ ਹੋ ਸਕਦਾ ਸੀ, ਪਰ ਜਿਮ ਨਾਲ਼ ਅਜਿਹਾ ਕੁੱਝ ਨਹੀਂ ਹੋਇਆ। ਵਿਚਾਲ਼ੇ ਆ ਕੇ ਲੱਤ ਅੜਾਉਣ ਵਾਲ਼ੇ ਕਿਸੇ ਅਮਨ ਦੇ ਦੂਤ ਨੇ ਵਿੱਚ ਆ ਕੇ ਪ੍ਰੇਸ਼ਾਨੀ ਪੈਦਾ ਨਹੀਂ ਕੀਤੀ ਅਤੇ ਇਸ ਲਈ ਆਦਰਸ਼ ਮੁੰਡੇ ਜਾਰਜ ਦਾ ਚੰਗੀ ਤਰ੍ਹਾਂ ਕੁਟਾਪਾ ਹੋਇਆ ਅਤੇ ਇਸ ਤੋਂ ਜਿਮ ਨੂੰ ਬਹੁਤ ਖੁਸ਼ੀ ਹੋਈ ਕਿਉਂਕਿ ਤੁਹਾਨੂੰ ਪਤਾ ਹੀ ਹੋਵੇਗਾ ਕਿ ਜਿਮ ਨੂੰ ਨੈਤਿਕ ਕਿਸਮ ਦੇ ਮੁੰਡਿਆਂ ਤੋਂ ਨਫ਼ਰਤ ਸੀ। ਜਿਮ ਨੇ ਕਿਹਾ ਕਿ ”ਅਜਿਹੇ ਫੋਸੜ ਢੱਠੇ ਖੂਹ ‘ਚ ਪੈਣ”। ਇੰਨੀ ਘਟੀਆ ਭਾਸ਼ਾ ਸੀ ਇਸ ਬੁਰੇ, ਘਟੀਆ ਮੁੰਡੇ ਦੀ।
ਪਰ ਜਿਮ ਨਾਲ਼ ਸਭ ਤੋਂ ਅਜੀਬ ਘਟਨਾ ਉਦੋਂ ਹੋਈ ਜਦੋਂ ਉਹ ਐਤਵਾਰ ਨੂੰ ਕਿਸ਼ਤੀ ‘ਤੇ ਘੁੰਮਣ ਗਿਆ ਅਤੇ ਡੁੱਬਿਆ ਨਹੀਂ ਅਤੇ ਦੂਜੀ ਵਾਰ ਉਹ ਐਤਵਾਰ ਨੂੰ ਮੱਛੀਆਂ ਫੜ ਰਿਹਾ ਸੀ ਤਾਂ ਉਹ ਤੂਫ਼ਾਨ ਵਿੱਚ ਫਸ ਗਿਆ ਪਰ ਉਸ ‘ਤੇ ਬਿਜਲੀ ਨਹੀਂ ਡਿੱਗੀ। ਅਜਿਹਾ ਕਿਉਂ ਹੈ ਕਿ ਤੁਹਾਡਾ ਕਿਸੇ ਕਿਸੇ ਘਟਨਾ ਨਾਲ਼ ਸਾਹਮਣਾ ਨਹੀਂ ਹੁੰਦਾ, ਬੇਸ਼ੱਕ ਤੁਸੀਂ ਅੱਜ ਤੋਂ ਅਗਲੇ ਕ੍ਰਿਸਮਸ ਤੱਕ ਦੀਆਂ ਐਤਵਾਰੀ ਸਕੂਲ ਦੀਆਂ ਸਾਰੀਆਂ ਪੁਸਤਕਾਂ ਪੜ੍ਹ ਕੇ ਵੇਖ ਲਵੋ, ਵਾਰ-ਵਾਰ ਵੇਖ ਲਵੋ। ਉਹ ਨਹੀਂ; ਤੁਸੀਂ ਦੇਖੋਗੇ ਕਿ ਸਾਰੇ ਬੁਰੇ ਮੁੰਡੇ ਜੋ ਐਤਵਾਰ ਨੂੰ ਕਿਸ਼ਤੀ ਵਿੱਚ ਘੁੰਮਣ ਜਾਂਦੇ ਹਨ ਉਹ ਬਿਨਾਂ ਕਿਸੇ ਛੋਟ ਦੇ ਡੁੱਬ ਜਾਂਦੇ ਹਨ ਅਤੇ ਉਹ ਸਾਰੇ ਬੁਰੇ ਮੁੰਡੇ ਜੋ ਐਤਵਾਰ ਨੂੰ ਮੱਛੀਆਂ ਮਾਰਨ ਜਾਂਦੇ ਹਨ ਅਤੇ ਤੂਫ਼ਾਨ ਵਿੱਚ ਫਸ ਜਾਂਦੇ ਹਨ ਉਹਨਾਂ ‘ਤੇ ਬਿਜਲੀ ਲਾਜ਼ਮੀ ਡਿੱਗਦੀ ਹੈ। ਐਤਵਾਰ ਦੇ ਦਿਨ ਉਹ ਕਿਸ਼ਤੀਆਂ ਬਿਨਾਂ ਕਿਸੇ ਛੋਟ ਦੇ ਖ਼ਰਾਬ ਹੋ ਜਾਂਦੀਆਂ ਹਨ ਜਿਨ੍ਹਾਂ ‘ਤੇ ਬੁਰੇ ਮੁੰਡੇ ਸਵਾਰ ਹੁੰਦੇ ਹਨ ਅਤੇ ਜਦੋਂ ਉਹ ਬੁਰੇ ਮੁੰਡੇ ਐਤਵਾਰ ਨੂੰ ਮੱਛੀਆਂ ਫੜਨ ਜਾਂਦੇ ਹਨ ਤਾਂ ਲਾਜ਼ਮੀ ਹੀ ਉਹ ਤੂਫ਼ਾਨ ਵਿੱਚ ਫਸ ਜਾਂਦੇ ਹਨ। ਇਹ ਕੰਮਬਖ਼ਤ ਜਿਮ ਹਮੇਸ਼ਾ ਕਿਵੇਂ ਬਚ ਨਿੱਕਲ਼ਦਾ ਸੀ, ਇਹ ਹਾਲੇ ਤੱਕ ਵੀ ਮੇਰੇ ਲਈ ਰਹੱਸ ਬਣਿਆ ਹੋਇਆ ਹੈ।
ਇਸ ਜਿਮ ਦੀ ਜ਼ਿੰਦਗੀ ਵੀ ਮਜ਼ੇਦਾਰ ਸੀ — ਇੰਝ ਹੀ ਹੋਇਆ ਹੋਵੇਗਾ। ਉਸਨੂੰ ਕੋਈ ਵੀ ਚੀਜ਼ ਸੱਟ ਨਹੀਂ ਮਾਰ ਸਕਦੀ ਸੀ। ਉਸਨੇ ਪਸ਼ੂਆਂ ਦੇ ਵਾੜੇ ਵਿੱਚ ਖੜ੍ਹੇ ਹਾਥੀ ਨੂੰ ਇੱਕ ਚੁਟਕੀ ਤੰਬਾਕੂ ਸੁੰਘਾ ਦਿੱਤਾ ਅਤੇ ਫਿਰ ਵੀ ਹਾਥੀ ਨੇ ਉਸਦੇ ਸਿਰ ‘ਤੇ ਆਪਣੀ ਸੁੰਢ ਨਾਲ਼ ਸੱਟ ਨਹੀਂ ਮਾਰੀ। ਉਸਨੇ ਪੁਦੀਨੇ ਦੇ ਸਤ ਲਈ ਅਲਮਾਰੀ ਵਿੱਚ ਖੋਜ ਕੀਤੀ ਅਤੇ ਉਸਨੇ ਕੋਈ ਗ਼ਲਤੀ ਨਹੀਂ ਕੀਤੀ ਅਤੇ ਐਕੁਆ ਫੋਰਟਿਸ ਨਹੀਂ ਪੀ ਲਿਆ। ਉਹ ਆਪਣੇ ਪਿਤਾ ਦੀ ਬੰਦੂਕ ਚੋਰੀ ਕਰਕੇ ਐਤਵਾਰ ਦੀ ਛੁੱਟੀ ਦੇ ਦਿਨ ਸ਼ਿਕਾਰ ਕਰਨ ਗਿਆ ਅਤੇ ਉਸਨੇ ਆਪਣੀਆਂ ਤਿੰਨ-ਚਾਰ ਉਂਗਲ਼ਾਂ ਨਹੀਂ ਉਡਾ ਲਈਆਂ। ਜਦੋਂ ਉਸਨੇ ਗੁੱਸੇ ਵਿੱਚ ਆਪਣੀ ਭੈਣ ਦੀ ਪੁੜਪੜੀ ਵਿੱਚ ਮੁੱਕਾ ਮਾਰਿਆ ਤਾਂ ਉਹ ਗਰਮੀ ਦੇ ਲੰਬੇ ਦਿਨਾਂ ਵਿੱਚ ਦਰਦ ਨਾਲ਼ ਤੜਫ਼ਦੀ ਨਹੀਂ ਰਹੀ ਅਤੇ ਫਿਰ ਆਪਣੇ ਬੁੱਲ੍ਹਾਂ ‘ਤੇ ਮਾਫ਼ੀ ਦੇ ਉਹ ਸ਼ਬਦ ਲਈ ਮਰੀ ਨਹੀਂ ਜਿਸ ਨਾਲ਼ ਉਸਦੇ ਟੁੱਟੇ ਹੋਏ ਦਿਲ ਦੀ ਤਕਲੀਫ਼ ਦੁੱਗਣੀ ਹੋ ਜਾਵੇ। ਨਹੀਂ; ਉਸਨੇ ਇਸ ਦਰਦ ਨਾਲ਼ ਸਿੱਝਣ ਵਿੱਚ ਕਾਮਯਾਬੀ ਹਾਸਲ ਕਰ ਲਈ। ਅੰਤ ਵਿੱਚ ਉਹ ਭੱਜ ਕੇ ਸਮੁੰਦਰ ਕਿਨਾਰੇ ਚਲਿਆ ਗਿਆ ਅਤੇ ਫਿਰ ਵਾਪਸ ਨਹੀਂ ਆਇਆ ਅਤੇ ਆਪਣੇ ਆਪ ਨੂੰ ਇਸ ਸੰਸਾਰ ਵਿੱਚ ਦੁਖੀ ਅਤੇ ਇਕੱਲਾ ਮਹਿਸੂਸ ਨਹੀਂ ਕੀਤਾ, ਕਿਉਂਕਿ ਉਸਦੇ ਪਿਆਰੇ ਮਿੱਤਰ-ਰਿਸ਼ਤੇਦਾਰ ਹੁਣ ਗਿਰਜੇ ਦੇ ਕਬਰਸਤਾਨ ਵਿੱਚ ਅਰਾਮ ਕਰ ਰਹੇ ਹਨ ਅਤੇ ਖੁਸ਼ੀਆਂ ਭਰੇ ਉਸਦੇ ਬਚਪਨ ਦਾ ਘਰ ਹੁਣ ਟੁੱਟ-ਫੁੱਟ ਕੇ ਤਬਾਹ ਹੋ ਚੁੱਕਾ ਹੈ। ਉਹ ਨਹੀਂ! ਉਹ ਇੱਕ ਪਿਆਕੜ ਦੀ ਤਰ੍ਹਾਂ ਨਸ਼ੇ ਵਿੱਚ ਟੱਲੀ ਹੋਇਆ ਘਰ ਮੁੜਿਆ ਅਤੇ ਤੁਰੰਤ ਜੇਲ੍ਹ ਪਹੁੰਚ ਗਿਆ।
ਉਹ ਵੱਡਾ ਹੋਇਆ ਅਤੇ ਉਸਨੇ ਵਿਆਹ ਕੀਤਾ ਅਤੇ ਇੱਕ ਵੱਡਾ ਪਰਿਵਾਰ ਬਣਾਇਆ ਅਤੇ ਫਿਰ ਇੱਕ ਰਾਤ ਕੁਹਾੜੇ ਨਾਲ਼ ਉਹਨਾਂ ਸਭ ਦਾ ਸਿਰ ਚੀਰ ਦਿੱਤਾ ਅਤੇ ਬੇਈਮਾਨੀ ਅਤੇ ਬਦਮਾਸ਼ੀ ਦੀਆਂ ਸਾਰੀਆਂ ਤਰਕੀਬਾਂ ਅਜ਼ਮਾ ਕੇ ਉਹ ਅਮੀਰ ਬਣ ਗਿਆ ਅਤੇ ਹੁਣ ਉਹ ਆਪਣੇ ਪਿੰਡ ਦਾ ਨਰਕ-ਯੋਗ, ਸਭ ਤੋਂ ਬਦਮਾਸ਼ ਅਤੇ ਨੀਚ ਵਿਅਕਤੀ ਹੈ ਅਤੇ ਹਰ ਥਾਂ ਉਸਦੀ ਇੱਜਤ ਹੁੰਦੀ ਹੈ ਅਤੇ ਉਹ ਵਿਧਾਨ ਸਭਾ ਦਾ ਮੈਂਬਰ ਹੈ।
ਤਾਂ ਤੁਸੀਂ ਦੇਖਿਆ ਕਿ ਕਿਸੇ ਵੀ ਐਤਵਾਰੀ ਸਕੂਲ ਦੀ ਕਿਤਾਬ ਵਿੱਚ ਕੋਈ ਵੀ ਅਜਿਹਾ ਬੁਰਾ ਜੇਮਜ਼ ਨਹੀਂ ਸੀ ਜਿਸਨੂੰ ਲੁਭਾਉਣੇ ਜੀਵਨ ਵਾਲ਼ੇ ਇਸ ਜਿਮ ਦੀ ਤਰ੍ਹਾਂ ਕਿਸਮਤ ਦਾ ਵਰਦਾਨ ਪ੍ਰਾਪਤ ਹੋਵੇ।