Tikaalan (Punjabi Story) : Mohinder Singh Sarna
ਤਿਕਾਲਾਂ (ਕਹਾਣੀ) : ਮਹਿੰਦਰ ਸਿੰਘ ਸਰਨਾ
ਅਖੀਰਲੇ ਫੱਗਣ ਦੀ ਧੁੱਪ ਦਾ ਰੰਗ ਜਦੋਂ ਸਰਹੋਂ ਦੇ ਫੁੱਲਾਂ ਵਰਗਾ ਹੋ ਗਿਆ
ਤੇ ਕਿੱਕਰਾਂ ਦੇ ਪਰਛਾਵੇਂ ਖਾਲ ਟਪ ਗਏ ਤਾਂ ਪ੍ਰੀਤੂ ਨੇ ਵਾਲਾਂ ਦੀ ਜਟੂਰੀ ਨੂੰ
ਵਲੇਟਿਆ, ਖੇਤ ਦੀ ਵੱਟ ਤੇ ਪਈ ਲਸੂੜੀ ਰੰਗ ਦੀ ਪੱਗ ਦੇ ਲੜ ਮਾਰੇ ਤੇ ਖੂੰਡੀ
ਉਛਾਲਦਿਆਂ ਮਹਿੰ ਨੂੰ ਹਾਕ ਮਾਰੀ-
“ਲੱਛੀਏ, ਬੂਰੀਏ ......ਏ......ਏ ਤੇਰੇ ਸਾਈਂ ਜੀਉਣ...... ਮਰ ਪਰ੍ਹਾਂ ਹੁਣ ਘਰ ਨੂੰ ।”
ਉਸ ਦੀ ਆਵਾਜ਼ ਇਕ ਵਾ ਵਰੋਲੀ ਬਣ ਕੇ ਸਾਰੇ ਚੌਗਿਰਦੇ ਵਿਚ ਗੂੰਜ ਗਈ ।
ਬਰਸੇਮ ਦੇ ਖੇਤਾਂ ਵਿੱਚੋਂ ਬੁਰਕੇ ਮਾਰਦੀ ਲੱਛੀ ਨੇ ਮੂੰਹ ਚੁਕ ਕੇ ਪਿਛਾਂਹ
ਵੇਖਿਆ ਤੇ ਫੇਰ ਪੂਛ ਉਠਾਂਦੀ ਦੁੜੰਗੇ ਮਾਰਦੀ ਆਈ । ਫੇਰ ਉਹ ਉਦਰੇਵੇਂ ਨਾਲ
ਅੜਿੰਗੀ ਤੇ ਸਿਰ ਮਾਰਦੀ ਖੌਰੂ ਪਾਣ ਲਗੀ । ਉਹਦੇ ਗਲ ਵਿਚ ਪਈਆਂ ਘੁੰਗਰਾਲਾਂ
ਛਣਕੀਆਂ ।
ਖਾਲ ਦੇ ਬੰਨੇ ਉਤੇ ਕਰੀਰ ਮਲ੍ਹਿਆਂ ਤੋਂ ਪਾਰਲੇ ਖੇਤ ਵਿਚ ਪ੍ਰੀਤੂ ਨੇ
ਵੇਖਿਆ, ਉਹਦਾ ਬਾਪੂ ਕਮਾਦ ਦਾ ਬੀ ਟੁੱਕ ਰਿਹਾ ਸੀ । ਤੇ ਉਨ੍ਹਾਂ ਦੇ ਸੀਰੀ ਖੇਮੇ
ਦੀਆਂ ਦੋਵੇਂ ਬਕਰੀਆਂ ਕਮਾਦ ਦੀਆਂ ਟੋਟੀਆਂ ਨੂੰ ਦਾਦੜ ਕਰ ਕਰ ਫ਼ੜੂਕੀ
ਜਾਂਦੀਆਂ ਸਨ ।
ਟੋਭੇ ਦੇ ਡੱਡੂ ਵਾਂਗ ਛਲਾਪੀ ਮਾਰ ਕੇ ਪ੍ਰੀਤੂ ਮਹਿੰ ਉਤੇ ਚੜ੍ਹ ਬੈਠਾ । ਭੁਖ
ਨਾਲ ਉਹਦਾ ਮੂੰਹ ਪੀਲਾ ਹੋ ਰਿਹਾ ਸੀ ਤੇ ਆਪਣੀ ਲਸੂੜੀ ਪੱਗ ਵਿਚ ਉਹ ਇਕ
ਪੀਲਾ ਸਾਵਾ ਟੋਭੇ ਦਾ ਡੱਡੂ ਹੀ ਤਾਂ ਲਗਦਾ ਸੀ । ਭੁੱਖ ਉਹਦੀਆਂ ਆਂਦਰਾਂ ਚੂੰਡ
ਰਹੀ ਸੀ । ਦੁਪਹਿਰੇ ਉਹਨੇ ਬਾਪੂ ਨਾਲ ਰਲ ਕੇ ਰੋਟੀ ਖਾਧੀ ਸੀ । ਟੋਟੀਆਂ ਵੀ
ਚੂਪੀਆਂ ਸਨ, ਏਨੀਆਂ ਕਿ ਉਹਦਾ ਮੂੰਹ ਅੰਬ ਗਿਆ ਸੀ, ਪਰ ਉਨ੍ਹਾਂ ਨਾਲ ਭੁੱਖ ਥੋੜਾ
ਹਟਦੀ ਸੀ ।
“ਬਾਪੂ ਮੈਂ ਚਲਿਆਂ ਘਰ ਨੂੰ ।’’ ਕਰੀਰ ਮਲ੍ਹਿਆਂ ਕੋਲੋਂ ਲੰਘਦਿਆਂ ਉਹਨੇ
ਝੀਣੀ ਅਵਾਜ਼ ਵਿੱਚ ਆਖਿਆ ।
ਜਗਤ ਸਿੰਘ ਨੇ ਟੋਕੇ ਵਾਲਾਂ ਹੱਥ ਥਮਿਆਂ ਤੇ ਬੀ ਦੀਆਂ ਮਟੀਆਂ ਦੀ ਢੇਰੀ
ਉਸਾਰਦਾ ਬੋਲਿਆ, “ਚੰਗਾ ਪੁੱਤ, ਮੈਂ ਵੀ ਆਉਨਾ ਤੇਰੇ ਮਗਰੇ ਮਗਰ । ਆਹ
ਭਰੀ ਬਿੱਲੇ ਲਾ ਲਵਾਂ” ਤੇ ਫੇਰ ਬਰਸੇਮ ਵਢਣੀ ਏਂ। ਘਰ ਜਾ ਕੇ ਸੂਦ ਦੇ ਸਵਾਲ
ਕਢੀਂ । ਮੁੜ ਕੇ ਖੇਡਣ ਨਾ ਲਗ ਜਾਈਂ ਕਿਤੇ ।’’
ਉਹ ਜਾਣਦਾ ਸੀ, ਪ੍ਰੀਤੂ ਕੰਮ ਚੋਰ ਤੇ ਖਿਡੰਦੜਾ ਸੀ । ਅਜ ਉਹਨੇ ਮਦਰਸਾ
ਵੀ ਘੁਸਾਇਆ ਸੀ । ਤੇ ਕਲਾ ਹੀ ਪਿੱਪਲ ਉਤੇ ਪੀਲ ਪਲਾਂਘੜੇ ਖੇਡਦਾ ਰਿਹਾ
ਸੀ । ਉਹਦੀ ਮਾਂ ਤਾਂ ਕਦੋਂ ਦਾ ਮਦਰਸਾ ਛੁੜਵਾ ਕੇ ਉਹਨੂੰ ਸਿਆੜਾਂ ਮਗਰ ਲਾ
ਦਿੰਦੀ, ਪਰ ਉਹ ਚਾਹੁੰਦਾ ਸੀ ਕਿ ਪ੍ਰੀਤੂ ਪੜ੍ਹ ਲਿਖ ਕੇ ਕਿਸੇ ਗੱਲ ਜੋਗਾ ਹੋ ਜਾਏ ।
ਖੇਤੀ ਤਾਂ ਬੰਦੇ ਦਾ ਢੀਂਗਰ ਕਰ ਦਿੰਦੀ ਸੀ ।
ਸੂਰਜ ਦੀਆਂ ਕਿਰਨਾਂ ਟੇਢੀਆਂ ਹੋ ਕੇ ਕਮਾਦ ਤੇ ਲੇਟ ਗਈਆਂ ਤੇ ਉਹ
ਸੋਨੇ ਦੇ ਬਣ ਗਏ । ਆਡ ਦਾ ਪਾਣੀ ਦੁਪਹਿਰੀ ਅੱਖਾਂ ਵਿੱਚ ਚਿਲਕੋਰ ਮਾਰਦਾ ਸੀ ।
ਹੁਣ ਉਹਦੇ ਵਿੱਚ ਸ਼ਕੰਜਵੀਂ ਘੁਲ ਗਈ । ਖੂਹ ਤੇ ਢਗਿਆਂ ਦੀ ਜੋਗ ਥਕ ਕੇ
ਖਲੋ ਗਈ । ਗਿੜਦੇ ਖੂਹ ਦੀ ਰੂੰ ਰੂੰ ਜਿਹੜੀ ਦੁਪਹਿਰ ਮਗਰੋਂ ਉਂਘਲਾਂਦੀ ਰਹੀ
ਸੀ, ਹੁਣ ਉਕਾ ਸੌਂ ਗਈ । ਸਾਰਾ ਦਿਨ ਕਮਾਦ ਟੁਕਦਿਆਂ ਜਗਤ ਸਿੰਘ ਦੀ ਕੰਢ
ਸੀਤੀ ਗਈ ਸੀ । ਤੇ ਉਹਦੇ ਟੋਕੇ ਵਾਲੇ ਹੱਥ ਵਿੱਚ ਮਚਕੋੜ ਆ ਗਈ ਸੀ । ਪਰ
ਚੜ੍ਹਦੀ ਸੰਗਰਾਂਦ ਨੂੰ ਗੁਡਾਈ ਲਗ ਪੈਣੀ ਸੀ । ਉਹਨੇ ਹਥਲਾ ਥੱਬਾ ਮੁਕਾ ਕੇ ਹੀ
ਸਾਹ ਲਿਆ। ਭਾਵੇਂ ਉਹ ਸਰੀਰ ਦਾ ਮਾੜੂਆ ਜਿਹਾ ਹੀ ਸੀ, ਪਰ ਉਹ ਆਲਸੀ
ਨਹੀਂ ਸੀ । ਸਾਰੇ ਘਰ ਵਿੱਚ ਓਹੀ ਕੱਲਾ ਬੰਦਾ ਸੀ ਤੇ ਜੇ ਉਹ ਦਰਿਦਰੀ ਹੁੰਦਾ,
ਤਾਂ ਹੁਣ ਤੀਕ ਘਰ ਦਾ ਛਿੱਲੜ ਛੱਲਾ ਨਾ ਰਿਹਾ ਹੁੰਦਾ । ਖੂਹ ਤੋਂ ਉਸ ਨੇ ਖੇਮੇ ਨੂੰ
ਵਾਜ ਮਾਰੀ ਤੇ ਫਿਰ ਦਾਤੀ ਫੜ ਕੇ ਬਰਸੇਮ ਵਿੱਚ ਵੜ ਗਿਆ ।
ਬਰੂਹਾਂ ਟਪਦਿਆਂ ਮਹਿੰ ਧਾ ਕੇ ਖੁਰਲੀ ਨੂੰ ਪਈ । ਉਹ ਭੁੱਖੀ ਤਾਂ ਨਹੀਂ ਸੀ,
ਪਰ ਸਾਰਾ ਦਿਨ ਰੋਹੀ ਵਿੱਚ ਕਟਣ ਮਗਰੋਂ ਆਪਣੇ ਕਿੱਲੇ ਤੇ ਖੁਰਲੀ ਲਈ
ਹਿਰਸ ਗਈ ਸੀ । ਬੱਗੇ ਮੱਥੇ ਵਾਲੀ ਕੱਟੀ ਉਹਨੂੰ ਚਾਹਮਲ ਕੇ ਮਿਲੀ । ਜਿਵੇਂ ਉਹ
ਆਪਣੀ ਮਲੂਕੜੀ ਧੌਣ ਦਾ ਜ਼ੋਰ ਲਾ ਰਹੀ ਸੀ, ਜਾਪਦਾ ਸੀ, ਉਸ ਮੋਟਾ ਸਣ ਦਾ
ਰੱਸਾ ਤੁੜਾ ਕੇ ਹੀ ਤਾਂ ਛੱਡੇਗੀ ।
ਪ੍ਰੀਤੂ ਨੇ ਵੇਖਿਆ, ਉਹਦੀ ਵੱਡੀ ਭੈਣ ਪ੍ਰਸਿੰਨੀ ਕੋਠੇ ਉਤੋਂ ਕਪਾਹ ਦੀਆਂ
ਛਿਟੀਆਂ ਦਾ ਕਲਾਵਾ ਮਾਰ ਕੇ ਹੁਣ ਪੋਤਸਾਂਗ ਤੋਂ ਹੇਠਾਂ ਢਲ ਰਹੀ ਸੀ । ਫੇਰ ਉਹ
ਬਾਲਣ ਵਾਲੀ ਕੋਠੜੀ ਵਿੱਚ ਗਈ ਤੇ ਢਿਗ ਵਿੱਚੋਂ ਦੋ ਸੁੱਕੀਆਂ, ਕੜਾਂਗਾਂ ਹੋਈਆਂ
ਪਾਥੀਆਂ ਕਢ ਲਿਆਈ । ਕਮਾਦ ਦੀਆਂ ਮੁਢੀਆਂ ਅਗੇ ਹੀ ਚੁਲ੍ਹੇ ਕੋਲ ਰਖੀਆਂ ਸਨ ।
ਅੱਗ ਜਿਵੇਂ ਉਹਨਾਂ ਨੂੰ ਚੰਬੜ ਗਈ ਤੇ ਉਹ ਡੀਹਣੀਆਂ ਵਾਂਗ ਬਲ ਉਠੀਆਂ ।
ਪਾਥੀਆਂ ਵਿੱਚ ਰਲ ਕੇ ਤੂੜੀ ਦੇ ਕੱਖਾ ਵਿਚੋਂ ਪੀਲੀਆਂ ਲਾਟਾਂ ਨਿਕਲੀਆਂ ਤੇ ਜਦੋਂ
ਕਪਾਹ ਦੀਆਂ ਛਿਟੀਆਂ ਵਿੱਚੋਂ ਤਿੱਖੇ ਉਭੜਵਾਹੇ ਭੜਮਚੇ ਉਠ ਪਏ ਤਾਂ ਪ੍ਰਸਿੰਨੀ ਨੇ
ਲਿਸ਼ਕਣੀ ਪਤੀਲੀ ਵਿੱਚ ਮਲਕ ਮਸੂਰ ਦੀ ਦਾਲ ਉਪਰ ਰੱਖ ਦਿੱਤੀ ।
ਪ੍ਰੀਤੂ ਨੇ ਔਂਦਿਆਂ ਸਾਰ ਪਗ ਲਾਹ ਕੇ ਓਹ ਮਾਰੀ ਤੇ ਚੁਲ੍ਹੇ ਵਿਚੋਂ
ਚੁਆਤੀਆਂ ਬਾਲ ਕੇ ਅਗ ਦੇ ਚੱਕਰ ਘੁਮਾਉਣ ਲਗਾ ।
“ਵੇ ਨਾ ਬਾਲ ਚੁਆਤੀਆਂ । ਮੁੜਦਾ ਨਹੀਂ ਤੂੰ ? ਅਗ ਲਗਦੀ ਊ ਕਿਤੇ ?”
ਪ੍ਰਸਿੰਨੀ ਉਹਨੂੰ ਚਿਲਕ ਕੇ ਪਈ ।
ਪ੍ਰੀਤੂ ਨੇ ਚੁਆਤੀਆਂ ਛੱਡ ਦਿੱਤੀਆਂ ਤੇ ਕੋਲ ਪਏ ਚਿਮਟੇ ਨੂੰ ਦਾਲ ਵਾਲੀ
ਪਤੀਲੀ ਤੇ ਵਜਾਉਣ ਲਗਾ। ਉਹ ਬੜਾ ਖਰੂਦੀ ਸੀ ਤੇ ਭਾਂਡੇਭੰਨ ਸੀ ਤੇ ਪ੍ਰਸਿੰਨੀ
ਉਸ ਵੇਲੇ ਬੜੀ ਸਤੀ ਹੋਈ ਸੀ......
“ਵੇ ਹੱਥ ਨਹੀਂ ਨਿਚਲੇ ਰਹਿੰਦੇ ਤੇਰੇ ? ਆਇਆ ਕਿਥੋਂ ਗੁਝਾ ਰਵੇ,” ਤੇ
ਨਾਲ ਹੀ ਲਫੇੜ ਉਹਨੇ ਪ੍ਰੀਤੂ ਦੇ ਮਾਰੇ ਤੇ ਉਹ ਡੁਸਕੂੰ ਡੁਸਕੂੰ ਕਰਨ ਲਗਾ ।
“ਊਂ ਊਂ ਊ? ਉਹ ਬਸੂਰਿਆ। “ਬੇਬੇ ਕਿਥੇ ਗਈ ਐ ?”
“ਸੰਤੀ ਦੇ ਗਈ ਐ, ਗਲੋਟੇ ਅਟੇਰਨ ।” ਪ੍ਰਸਿੰਨੀ ਦੀ ਅਵਾਜ਼ ਰੁੱਖੀ ਸੀ ।
“ਸੰਤੀ ਦੇ ਕਿਉਂ ਗਈ ਐ । ਘਰ ਨਹੀਂ ਸੀ ਅਟੇਰ ਹੁੰਦੇ ਗਲੋਟੇ ?”
“ਵੇ ਹੁਣ ਜਾਵੇ ਨਾ ਕਿਤੇ ? ਬੈਠੀ ਰਵੇ ਸਰ੍ਹਾਂਦੀ ਤੇਰੇ ਲਾਟ ਦੀ ?” ਸਾਰਾ
ਦਿਨ ਅਜ ਘਰ ਕਲ ਮੁਕਲਿਆਂ ਬੈਠਣ ਨਾਲ ਪ੍ਰਸਿੰਨੀ ਕੁੜੀਲ ਹੋ ਗਈ ਸੀ ।
“ਊਂ ਊਂ ਊਂ ਪ੍ਰੀਤੂ ਠਣਕਿਆ, “ਮੈਨੂੰ ਭੁੱਖ ਲਗੀ ਐ । ਮੈਨੂੰ ਖੰਡ ਘਿਉ
ਦੀ ਚੂਰੀ ਕਰ ਦੇਹ ।”
“ਖੰਡ ਹੈ ਨਹੀਂ ਘਰ ! ਬਾਪੂ ਕਲ ਸ਼ਹਿਰ ਜਾਊਗਾ, ਤਾਂ ਖਾ ਲਈਂ ਚੂਰੀ ?”
ਪਰ ਪ੍ਰੀਤੂ ਵਿਟਰ ਬੈਠਾ ਤੇ ਵੇਹੜੇ ਵਿੱਚ ਲੇਟਣੀਆਂ ਲੈਣ ਲੱਗਾ । ਪ੍ਰਸਿੰਨੀ ਦਾ
ਦਿਲ ਕੀਤਾ, ਉਹਨੂੰ ਕੁਟ ਕੱਢੇ । ਫੇਰ ਉਹਨੂੰ ਪਿਆਰ ਆ ਗਿਆ ।
“ਉਠ ਖਾਂ ਮੇਰਾ ਬੀਰ ! ਅੱਖਾਂ ਰੋ ਰੋ ਲਾਲ ਪੀਂਜੂੰ ਕਰ ਲਈਆਂ । ਆ ਖਾਂ
ਮੈਂ ਆਪਣੇ ਬੀਰ ਨੂੰ ਮਲਾਈ ਲਾਹ ਦਿਆਂ ।”
ਭੜੋਲੀ ਵਿੱਚ ਪਾਥੀਆਂ ਧੁਖ ਰਹੀਆਂ ਸਨ ਤੇ ਧੂੰਏਂ ਨੇ ਰਸੋਈ ਦੀ ਲਿੱਪੀ
ਪੋਚੀ ਕੰਧ ਉਤੇ ਇਕ ਪਤਲੀ ਲਾਸ ਪਾ ਦਿੱਤੀ ਸੀ । ਪ੍ਰਸਿੰਨੀ ਨੇ ਪਾਥੀਆਂ ਦੀ ਮੱਠੀ
ਅੱਗੇ ਕੜ੍ਹਦੇ ਦੁੱਧ ਦੀ ਢਕਣੀ ਲਾਹੀ ਤੇ ਤਿਰਵਰੀ ਮਲਾਈ ਦਾ ਇਕ ਮੋਟਾ ਖ਼ਲੇਪੜ
ਉਖੇੜਿਆ ।
ਪ੍ਰਛਾਵੇਂ ਕਦੋਂ ਦੇ ਢਲ ਚੁਕੇ ਸਨ । ਧੁੱਪ, ਜਿਸ ਨੇ ਦਿਨੇ ਕੋਠੇ ਸੁਕਦੀਆਂ
ਕਪਾਹ ਦੀਆਂ ਛਿਟੀਆਂ ਦੇ ਕੜਾਕੇ ਬੁਲਾ ਦਿਤੇ ਸਨ, ਹੁਣ ਮਹਿੰ ਲਈ ਬਣਾਏ ਫੂਸ
ਸਿਰਕੀਆਂ ਦੇ ਢਾਰੇ ਤੇ ਇਕ ਪੀਲਾ ਜਿਹਾ ਡਬ ਰਹਿ ਗਈ ਸੀ । ਤੇ ਉਹਦੇ ਵਿੱਚ
ਇਕ ਭਿੱਜੀ ਕੀੜੀ ਨੂੰ ਦੇਣ ਜੋਗਾ ਨਿੱਘ ਨਹੀਂ ਸੀ । ਜਦੋਂ ਇਹ ਡਬ ਹਟ ਗਿਆ,
ਤਾਂ ਉਹਨੇ ਮਹਿੰ ਨੂੰ ਵੰਡ ਪਾਉਣੇ ਸਨ ।
ਪ੍ਰੀਤੂ ਨੂੰ ਅਚਮੀ ਲਗੀ ਹੋਈ ਸੀ । ਹਾਣੀਆਂ ਮੇਲੀਆਂ ਦੀ ਯਾਦ ਉਹਦੇ
ਦਿਲ ਵਿਚ ਲੂਹਰੀਆਂ ਉਠਾ ਰਹੀ ਸੀ । ਉਹ ਸਾਰੇ ਰੋਹੀ ਵਿੱਚ ਟੱਪਰੀ-ਵਾਸਾਂ
ਦੀਆਂ ਤੰਬੋਟੀਆਂ ਕੋਲ ਬੋੜਾ ਖੂਹ, ਪੀਚੋ ਬੱਕਰੀ ਜਾਂ ਦਾਈਆਂ ਦੁਕੜੇ ਖੇਡਣ ਡਹੇ
ਹੋਣਗੇ । ਉਹਨੂੰ ਸੂਦ ਦੇ ਸਵਾਲਾਂ ਦਾ ਚੇਤਾ ਆਇਆ ਤੇ ਉਹਦਾ ਮੂੰਹ ਨਿਮ ਵਰਗਾ
ਕੌੜਾ ਹੋ ਗਿਆ । ਅੱਧੀ ਰੋਟੀ ਦੀ ਇਕੋ ਗਰਾਹੀ ਨਿਘਾਰਦਾ ਉਹ ਉਠ ਨੱਠਾ ।
“ਵੇ, ਬੇਬੇ ਨੂੰ ਘਲਦਾ ਜਾਈਂ ਸੰਤੀ ਕਿਉਂ?” ਪ੍ਰਸਿੰਨੀ ਦੀ ਵਾਜ ਉਹਨੇ ਕੰਨਾਂ
ਵਿੱਚ ਮਾਰ ਛੱਡੀ ।
ਈਸ਼ਰ ਕੌਰ ਨੇ ਗਲੋਟਿਆਂ ਵਾਲਾ ਛਿੱਕੂ ਪਸਾਰ ਦੀ ਕਿੱਲੀ ਨਾਲ ਟੰਗਿਆ ਤੇ
ਬੋਲੀ, “ਕੀ ਕੰਮ ਕਰਦੀ ਏ ਮੇਰੀ ਧੀ ?”
ਪ੍ਰਸਿੰਨੀ ਨੇ ਵੇਖਿਆ ਉਹ ਮੁਸਕਰਾ ਰਹੀ ਸੀ । ਏਸ ਮੁਸਕਰਾਉਣ ਨਾਲ
ਪ੍ਰਸਿੰਨੀ ਨੂੰ ਹੋਰ ਚਿੜ ਚੜ੍ਹ ਗਈ ।
“ਹਸਦੀ ਕਿਉਂ ਏ ?”
“ਐਵੇਂਹੀ।
“ਨਹੀਂ ਕੋਈ ਗੱਲ ਹੈ ਜ਼ਰੂਰ ।“”
“ਤੈਨੂੰ ਦੱਸਣ ਵਾਲੀ ਨਹੀਂ ਤੇਰੇ ਬਾਪ ਨਾਲ ਅਜ ਸਾਰੀ ਗਲ ਕਰੂੰਗੀ ।”
ਪ੍ਰਸਿੰਨੀ ਕੰਨਾਂ ਤੀਕ ਲਾਲ ਹੋ ਗਈ । ਸੰਗ ਨਾਲ ਅੱਖਾਂ ਨੀਵੀਆਂ ਕਰਕੇ ਉਹ
ਕਪਾਹ-ਛਿਟੀਆਂ ਦੇ ਤੀਲੇ ਤੋੜਨ ਲਗੀ।
“ਚੰਗਾ ਪੁੱਤ ਤੂੰ ਮਹਿੰ ਨੂੰ ਵੰਡ ਪਾ ਕੇ ਧਾਰ ਕੱਢੀਂ, ਮੈਂ ਜਾ ਕੇ ਤੇਰੇ ਬਾਪੂ
ਨੂੰ ਲਿਆਉਂਦੀ ਆਂ ।”
“ਹੁਣ ਫੇਰ ਤੁਰ ਚਲੀ ਏਂ ?” ਪ੍ਰਸਿੰਨੀ ਦੀ ਵਾਜ ਰੋਣ ਹਾਕੀ ਹੋ ਗਈ ।
“ਘਰ ਤਾਂ ਤੂੰ ਬਹਿੰਦੀ ਹੀ ਨਹੀਂ, ਕਲ ਮੁਕੱਲੀ ਮੈਂ ਸੱਤ ਲੱਥੀ ਆਂ । ਦੁਪਹਿਰਾਂ ਦੀ
ਗਈ ਹੋਈ ਹੁਣ ਆਈ ਏਂ ਤੇ ...... ਆਹੋ ਮੈਂ ਬਸ ਨਹੀਂ ।”
“ਨਾ ਪੁੱਤ” ਈਸ਼ਰ ਕੌਰ ਨੇ ਲਾਡ ਕੀਤਾ, “ਮੁਟਿਆਰ ਧੀਆਂ ਘਰ
ਸਾਂਭਦੀਆਂ । ਮਾਵਾਂ ਤਾਂ ਸਾਰੀ ਉਮਰ ਖਲਜਗਨ ਕਰਦੀਆਂ ਨੇ । ਚਾਰ ਦਿਨ ਮੈਨੂੰ
ਸੁਖ ਦੇ ਲੈ । ਕੋਈ ਤੂੰ ਸਾਡੇ ਕੋਲ ਬੈਠ ਰਹਿਣਾ ਏ ?”
ਪ੍ਰਸਿੰਨੀ ਦੀਆਂ ਅੱਖਾਂ ਵਿਚ ਹੰਝੂ ਆ ਗਏ ਤੇ ਉਸ ਨੇ ਸੋਚਿਆ ਉਹ
ਮੁਟਿਆਰ ਕਾਹਨੂੰ ਹੋ ਪਈ ।
ਵਸ ਲਗਦੇ ਈਸ਼ਰ ਕੌਰ ਇਹ ਵੇਲਾ ਨਹੀਂ ਸੀ ਘੁਸਾਉਂਦੀ । ਖੇਤਾਂ ਵਲੋਂ
ਮੁੜਦੇ ਜਗਤ ਸਿੰਘ ਨੂੰ ਉਹ ਅਗੋਂ ਦੀ ਹੋ ਕੇ ਮਿਲਦੀ । ਪਹਿਲੀਆਂ ਵਿੱਚ ਤਾਂ
ਕਦੀ ਕਦੀ, ਪਰ ਜਦੋਂ ਦੀ ਉਹਦੀ ਕਿਰਲੀ ਵਰਗੀ ਸੱਸ ਮਰੀ ਸੀ ਤੇ ਉਹ ਘਰ
ਦੀ ਸਵਾਣੀ ਬਣ ਗਈ ਸੀ, ਉਹਨੇ ਇਹ ਰੋਜ਼ ਦਾ ਨੇਮ ਬਣਾ ਲਿਆ ਸੀ । ਕਦੀ
ਟੋਭੇ ਕੋਲ, ਕਦੀ ਟੱਪਰੀਵਾਸਾਂ ਦੀਆਂ ਤੰਬੋਟੀਆਂ ਲਾਗੇ, ਕਦੀ ਕਰੀਰ ਮਲਿਆਂ ਪਿੱਛੇ
ਤੇ ਕਦੀ ਖਾਲ ਤੇ ਜਾ ਕੇ ਉਹਨਾਂ ਦਾ ਮੇਲ ਹੁੰਦਾ। ਉਸ ਵੇਲੇ ਜਦੋਂ ਉਹ ਦੋਵੇਂ
ਕਲੇ ਖੇਤਾਂ ਵਿਚ ਘਿਰੇ ਹੋਏ ਹੁੰਦੇ ਤਾਂ ਈਸ਼ਰ ਕੌਰ ਨੂੰ ਜਗਤ ਸਿੰਘ ਬੜਾ
ਪਿਆਰਾ ਲਗਦਾ ਤੇ ਉਹਨੂੰ ਜਾਪਦਾ ਜਿਵੇਂ ਉਹ ਸਜ-ਵਿਆਹੀ ਮੁਕਲਾਵੇ
ਆਈ ਹੋਵੇ ।
ਜਗਤ ਸਿੰਘ ਨੇ ਇਕ ਹੱਥ ਵਿਚ ਬਰਸੇਮ ਦਾ ਮਗਰਾ ਮਾਰਿਆ ਹੋਇਆ ਸੀ ।
ਉਹਦੇ ਦੂਜੇ ਹੱਥ ਵਿੱਚ ਦਾਤੀ ਸੀ। ਉਹ ਥਕਿਆ ਹੋਇਆ ਸੀ, ਪਰ ਉਹਦੇ ਮੂੰਹ
ਤੇ ਕੰਮ ਦੀ ਰੌਣਕ ਸੀ।
“ਕਦੋਂ ਕੁ ਹੋ ਜਾਊ ਬਿਜਾਈ ਸਾਰੀ ?”
ਜਗਤ ਸਿੰਘ ਨੇ ਵੇਖਿਆ, ਉਹਦੀ ਘਰ ਵਾਲੀ ਦੀਆਂ ਅੱਖਾਂ ਖੁਸ਼ੀ ਨਾਲ
ਟਿਮਕ ਰਹੀਆਂ ਸਨ।
“ਬਸ ਚੜ੍ਹਦੇ ਮਹੀਨੇ ਗੁਡਾਈ ਨੂੰ ਲਗ ਪੈਣਾ ਏ । ਐਤਕਾਂ ਬਿਜਾਈ ਭਰ ਕੇ
ਕਰਨੀ ਏ ਤੇ ਗੁਡਾਈ ਵੀ, ਖੇਮੇ ਨੂੰ ਆਖਣਾ ਏ ਰਤਾ ਹੱਡ ਭੰਨ ਕੇ ਕਰੇ । ਪਰ ਸਾਡਾ
ਸਾਲਾ ਕਮਾਦ ਹੋਇਆ ਨਹੀਂ ਕੁਸ਼ !” ਜੁੱਤੀ ਨਾਲ ਚਮੜ ਗਈ ਪੋਹਲੀ ਨੂੰ ਉਹਨੇ
ਦਾਤਰੀ ਨਾਲ ਹਟਾਇਆ ।
“ਕਣਕ ਤਾਂ ਵਾਹਵਾ ਹੋ ਪਈ ਏ”, ਈਸ਼ਰ ਕੌਰ ਨੇ ਭਰੀਆਂ ਬਲੀਆਂ ਵਿੱਚ
ਗਵਾਚ ਕੇ ਆਖਿਆ ।
“ਹਾਂ ਜੇ ਹੋਰ ਚਾਰ ਧੁੱਪਾਂ ਲਗ ਪਈਆਂ, ਤਾਂ ਅਧ ਚੇਤਰ ਵਢਣੀ ਪਊ। ਅਜ
ਬੜੀ ਖੁਸ਼ ਏਂ, ਕੋਈ ਖਾਣ ਲੱਭੀ ਊ ?”
“ਮੈਂ ਪ੍ਰਸਿੰਨੀ ਲਈ ਮੁੰਡਾ ਵੇਖਿਆ ਏ ।”
‘‘ਕੌਣ ਏ ?” ਜਗਤ ਸਿੰਘ ਦੀ ਆਵਾਜ਼ ਗੰਭੀਰ ਸੀ।
“ਸੰਤੀ ਦਾ ਭਤੀਜਾ ਏ । ਅਜ ਮੈਂ ਉਹਨਾਂ ਦੇ ਬੈਠੀ ਰਹੀ । ਮੁੰਡਾ ਤਾਂ ਰਾਠ
ਐ । ਮੇਰੇ ਬੜਾ ਮੂੰਹ ਚਿੱਤ ਲੱਗਾ । ਮੈਂ ਤਾਂ ਹੁਣੇ ਸ਼ਗਣ ਦੇ ਦੇਣਾ ਐ । ਸੰਤੀ ਨੂੰ ਮੈਂ
ਕਿਹਾ ਕੁੜੀ ਦੇ ਬਾਪੂ ਨੂੰ ਪੁਛੂੰਗੀ ।”
“ਤੂੰ ਬੜੀ ਕਾਹਲੀ ਏਂ । ਦੋ ਇਕ ਫ਼ਸਲਾਂ ਭਰ ਕੇ ਲਗ ਜਾਂਦੀਆਂ ਤਾਂ ਹੱਥ
ਸੁਖਾਲਾ ਹੁੰਦਾ । ਹੁਣ ਤਾਂ ਕਰਜ਼ ਲੈਣਾ ਪਊ ।”
“ਦੋ ਚਾਰ ਸੌ ਤਾਂ ਪ੍ਰਸਿੰਨੀ ਦਾ ਮਾਮਾ ਲਾ ਦਏਗਾ । ਦੋ ਚਾਰ ਸੌ ਕਿਤੋਂ
ਫੜ ਲਵਾਂਗੇ । ਚੰਗੇ ਬਰ ਲੱਭਣੇ ਕੋਈ ਸੁਖਾਲੇ ਐ ? ਮੁਟਿਆਰ ਧੀਆਂ ਬੂਹੇ ਤੇ ਭਾਰ
ਹੁੰਦੀਆਂ ਨੇ ।”
ਈਸ਼ਰ ਕੌਰ ਨੇ ਵੇਖਿਆ ਜਗਤ ਸਿੰਘ ਸੋਚਵਾਨ ਹੋ ਗਿਆ ਸੀ । ਉਹ
ਆਪਣੀਆਂ ਗਿਣਤੀਆਂ ਵਿੱਚ ਡੁੱਬ ਗਈ ।
ਖੇਤਾਂ ਦੇ ਬੰਨਿਓਂ ਬੰਨੀ ਉਹ ਟੁਰਦੇ ਗਏ । ਕਣਕਾਂ ਦੇ ਸਾਗਰ ਕੰਨੇ ਸੂਰਜ
ਧਰਤੀ ਨੂੰ ਛੋਹ ਰਿਹਾ ਸੀ । ਤੇ ਉਹਦੀ ਫਿੱਕੀ ਬਦਾਮੀ ਲੋਅ ਵਿਚ ਸਿੱਟੇ ਇਵੇਂ
ਜਾਪਦੇ ਸਨ, ਜਿਵੇਂ ਉਹਨਾਂ ਨੂੰ ਸੁਪਨਾ ਆ ਰਿਹਾ ਹੋਵੇ । ਪਸ਼ੂ ਧੂੜ ਉਡਾਉਂਦੇ ਪਿੰਡ
ਨੂੰ ਮੁੜ ਰਹੇ ਸਨ । ਕੋਈ ਥੱਕਾ ਟੁੱਟਾ ਹਾਲੀ ਬਾਲਣ ਦਾ ਢੇਰ ਸਿਰ ਤੇ ਚੁੱਕੀ ਲੜਖੜਾਂਦਾ
ਆ ਰਿਹਾ ਸੀ । ਟੱਪਰੀਵਾਸਾਂ ਦੀਆਂ ਬੱਕਰੀਆਂ ਭੇਡਾਂ ‘ਮੈਂ ਮੈਂ’, ‘ਬਾਂ ਬਾਂ’
ਕਰ ਰਹੀਆਂ ਸਨ ਤੇ ਬਾਲ ਕੁੜੀਆਂ ਖੇਹ ਉਡਾ ਰਹੇ ਸਨ ।
ਚੁਪ ਚੁਪ ਟੁਰਦੇ ਉਹ ਪਿੰਡ ਕੋਲ ਅੱਪੜ ਗਏ । ਤਿਕਾਲਾਂ ਦਾ ਘੁਸਮੁਸਾ
ਚੌਪਾਸੀਂ ਛਾ ਰਿਹਾ ਸੀ । ਏਸ ਘੁਸਮੁਸੇ ਦੀ ਉਦਾਸੀ ਨੇ ਉਨ੍ਹਾਂ ਦੇ ਦਿਲ ਨੂੰ ਨਪੀੜ
ਲਿਆ ਜਾਂ ਉਹਦੇ ਵਿੱਚ ਪ੍ਰਸਿੰਨੀ ਦੇ ਵਿਛੋੜੇ ਦਾ ਸਲ ਸੀ । ਸਾਰਾ ਜੀਵਨ ਹੀ ਇਕ
ਮੇਲ ਤੇ ਵਿਛੋੜਾ ਸੀ, ਕੌਣ ਜਾਣੇ ਦੁਮੇਲ ਉਤੇ ਜਿਥੇ ਸੂਰਜ ਡੁੱਬ ਰਿਹਾ ਸੀ, ਦਿਨ
ਤੇ ਰਾਤ ਮਿਲ ਜਾਂ ਵਿਛੜ ਰਹੇ ਸਨ।
(‘ਸ਼ਗਨਾਂ ਭਰੀ ਸਵੇਰ’ ਵਿੱਚੋਂ)