Til Phull (Punjabi Story) : Ashok Vasishth
ਤਿਲ ਫੁੱਲ (ਕਹਾਣੀ) : ਅਸ਼ੋਕ ਵਾਸਿਸ਼ਠ
"ਵਕੀਲ ਸਾਹਿਬ, ਤੁਸੀਂ ਗਲਤ ਬੰਦੇ ਨੂੰ ਤਾਂ ਇਹ
ਕਾਗਜ਼ ਨਹੀਂ ਦੇ ਰਹੇ?''
''ਨਹੀਂ ਜੀ, ਇਹ ਤੁਹਾਡੇ ਈ ਨੇ…ਤੁਸੀਂ
ਦਸਤਖ਼ਤ ਕਰੋ…!''
''ਦਸਖ਼ਤ ਤਾਂ ਮੈਂ ਕਰ ਦਿੱਨੀ ਆਂ…ਪਰ ਜੇ ਉਨ੍ਹਾਂ
ਦੇ ਕਿਸੇ ਦੂਜੇ ਰਿਸ਼ਤੇਦਾਰ ਨੇ ਇਸ ਨੂੰ ਚੈਲੰਜ ਕਰ
ਦਿੱਤਾ ਤਾਂ ਮੁਸ਼ਕਲ ਹੋ ਜਾਵੇਗੀ..।''
''ਮੈਡਮ, ਕੋਈ ਮੁਸ਼ਕਲ ਨਹੀਂ ਹੁੰਦੀ…ਇਹ
ਵਸੀਅਤ ਦਾ ਮਾਮਲੈ...ਦਿਨੇਸ਼ ਬਾਬੂ ਨੇ ਕੁਝ ਸਾਲ
ਪਹਿਲਾਂ ਆਪਣੀ ਮਰਜੀ ਨਾਲ ਕੀਤੀ ਸੀ…ਸ਼ਹਿਰ
ਦੀ ਇਕ ਸਨਮਾਨਿਤ ਹਸਤੀ ਨੇ ਗਵਾਹ ਵਜੋਂ ਇਸ
'ਤੇ ਆਪਣੇ ਦਸਤਖ਼ਤ ਕੀਤੇ ਹਨ…ਇਸ ਨੂੰ ਕੋਈ
ਚੈਲੰਜ ਨਹੀਂ ਕਰ ਸਕਦਾ…ਇਸ ਗੱਲੋਂ ਤੁਸੀਂ ਬੇਫਿਕਰ
ਰਹੋ…!'' ਵਕੀਲ ਨੇ ਇਹ ਕਹਿ ਕੇ ਦੀਪਤੀ ਦੀ
ਤਸੱਲੀ ਕਰਾਅ ਦਿੱਤੀ।
''ਚਲੋ ਤੁਸੀਂ ਕਹਿੰਦੇ ਹੋ ਤਾਂ ਦਸਖ਼ਤ ਕਰ ਦਿੰਦੀ
ਹਾਂ…ਜੇ ਕੁਝ ਹੋਇਆ ਤਾਂ ਸਾਂਭਣਾ ਵੀ ਤੁਸਾਂ ਨੇ
ਹੈ…'' ਏਨਾ ਕਹਿੰਦਿਆਂ ਸਾਰ ਦੀਪਤੀ ਨੇ ਕਾਗਜਾਂ 'ਤੇ
ਦਸਤਖ਼ਤ ਕਰ ਦਿੱਤੇ।
''ਕੋਈ ਗੱਲ ਨਹੀਂ ਜੀ…ਜਦ ਬੁਲਾਓਗੇ ਹਾਜਰ
ਹੋ ਜਾਵਾਂਗੇ…ਮੈਡਮ, ਤੁਹਾਨੂੰ ਇਕ ਦਿਨ ਰਜਿਸਟਰਾਰ
ਦੇ ਦਫਤਰ ਮੇਰੇ ਨਾਲ ਚੱਲਣਾ ਪਵੇਗਾ…ਉਥੇ
ਰਜਿਸਟਰਾਰ ਦੀ ਮੌਜੂਦਗੀ ਵਿਚ ਦਸਤਖ਼ਤ ਕਰਨੇ
ਨੇ ਤੇ ਹੱਥੋ ਹੱਥ ਮਕਾਨ ਦੀ ਰਜਿਸਟਰੀ ਤੁਹਾਡੇ ਨਾਂਅ
ਹੋ ਜਾਵੇਗੀ। ਬੈਂਕ ਵਾਲਾ ਕੰਮ ਵੀ ਕਰਨੈ…ਮਿਸਟਰ
ਦਿਨੇਸ਼ ਨੇ ਮਨੋਨੀਤ ਵਿਅਕਤੀ ਦੇ ਕਾਲਮ ਵਿਚ ਤੁਹਾਡਾ
ਨਾਂਅ ਲਿਖਿਆ ਸੀ…।''
''ਮੈਂ ਜਾਣਦੀ ਆਂ…ਖਾਤਾ ਖੁਲ੍ਹਾਉਣ ਸਮੇਂ ਮੈਂ ਉਨ੍ਹਾਂ
ਦੇ ਨਾਲ ਈ ਸੀ…'' ਦੀਪਤੀ ਨੇ ਪੁਰਾਣੀ ਯਾਦ ਤਾਜ਼ਾ
ਕਰਦਿਆਂ ਕਿਹਾ।
''ਚੰਗਾ ਮੈਨੂੰ ਹੁਣ ਦਿਓ ਇਜਾਜਤ…ਜਿੱਦਣ ਦਾ
ਪ੍ਰੋਗਰਾਮ ਬਣਿਆ ਮੈਂ ਤੁਹਾਨੂੰ ਫੋਨ ਕਰ ਦਿਆਂਗਾ…।''
'ਏਨਾ ਵੱਡਾ ਫੈਸਲਾ…ਸਟ੍ਰੇਂਜ…ਸੁਪਨੇ ਵਿਚ ਵੀ
ਇਹੋ ਜਿਹਾ ਖਿਆਲ ਮਨ ਵਿਚ ਲਿਆਉਣ ਤੋਂ ਪਹਿਲਾਂ
ਸੌ ਵਾਰ ਸੋਚਦੀ…ਵਰ੍ਹੇ ਬੀਤ ਚੁੱਕੇ ਨੇ ਇਕ ਦੂਜੇ ਤੋਂ
ਵੱਖ ਹੋਇਆਂ…ਮਿਲਣਾ ਤਾਂ ਇਕ ਪਾਸੇ ਰਿਹਾ…
ਅਚਨਚੇਤ ਟਾਕਰਾ ਹੋ ਜਾਣ "ਤੇ ਵੀ ਕਦੇ ਦੁਆ ਸਲਾਮ
ਨਹੀਂ ਹੋਈ…ਫੇਰ ਇਹ ਦਰਿਆਦਿਲੀ…ਕੀ ਮਤਲਬ
ਹੈ ਇਸਦਾ…? ਮੈਨੂੰ ਸਮਝ ਨਹੀਂ ਆਉਂਦਾ…ਉਹ
ਆਪਣੀ ਵਸੀਅਤ ਬਦਲ ਵੀ ਤਾਂ ਸਕਦਾ ਸੀ…ਕੀ ਉਹ
ਅਜੇ ਵੀ ਮੈਨੂੰ ਚਾਹੁੰਦਾ ਸੀ ਜਾਂ ਮਿਲਣ ਦੀ ਤਾਂਘ ਰਖਦਾ
ਸੀ…ਜੇ ਇਹੋ ਜਿਹੀ ਗੱਲ ਸੀ ਤਾਂ ਉਹਨੇ ਕਦੇ ਮਿਲਣ
ਦਾ ਯਤਨ ਕਿਉਂ ਨਹੀਂ ਕੀਤਾ…ਮੈਂ ਕਿਹੜਾ ਉਹਨੂੰ
ਰੋਕਿਆ ਸੀ…ਕੀ ਉਸ ਵਿਚ ਦਲੇਰੀ ਦੀ ਘਾਟ ਸੀ…
ਮੈਨੂੰ ਲਗਦਾ ਤਾਂ ਨਹੀਂ…ਜੇ ਦਲੇਰੀ ਦੀ ਘਾਟ ਹੁੰਦੀ
ਤਾਂ ਉਹ ਏਨਾ ਵੱਡਾ ਫੈਸਲਾ ਨਹੀਂ ਲੈ ਸਕਦਾ ਸੀ…
ਕਮਜੋਰ ਦਿਲ ਦਾ ਬੰਦਾ ਇਹੋ ਜਿਹਾ ਕੰਮ ਕਰ ਵੀ ਨਹੀਂ
ਸਕਦਾ…ਇਸ ਲਈ ਜਿਗਰੇ ਗੁਰਦੇ ਦੀ ਲੋੜ ਹੁੰਦੀ
ਹੈ…ਜੋ ਉਸ ਪਾਸ ਸੀ…ਫੇਰ ਉਹ ਮਿਲਿਆ ਕਿਉਂ
ਨਹੀਂ…ਉਹਨੇ ਮੈਨੂੰ ਆਪਣੀ ਜਿੰਦਗੀ ਵਿਚੋਂ ਬਾਹਰ
ਨਹੀਂ ਕੱਢਿਆ…ਉਹਦਾ ਦਿਲ ਤੜਪਦਾ ਰਿਹੈ…ਮੇਰੇ
ਲਈ…ਹਾਂ ਮੇਰੇ ਗਿਆਨ ਵਿਚ ਇਹ ਗੱਲ ਉੱਕਾ ਹੀ
ਨਹੀਂ ਸੀ…ਜੇ ਹੁੰਦੀ ਤਾਂ ਮੈਂ ਇਕ ਮਿਨਟ ਵੀ ਬਰਬਾਦ
ਕੀਤੇ ਬਿਨਾਂ ਉਸ ਨੂੰ ਮਿਲਦੀ…ਪਿਛਲੀਆਂ ਗੱਲਾਂ
ਵਿਸਾਰ ਦੇਣ ਲਈ ਉਹ 'ਤੇ ਜੋਰ ਪਾਉਂਦੀ…ਪਰ ਉਹ
ਤਾਂ ਪਹਿਲਾਂ ਈ ਵਿਸਾਰ ਚੁੱਕਾ ਸੀ…ਨਹੀਂ ਤਾਂ ਉਸ ਨੂੰ
ਏਨਾ ਵੱਡਾ ਕਦਮ ਚੁਕਣ ਦੀ ਕੀ ਲੋੜ ਸੀ…' ਵਕੀਲ
ਦੇ ਚਲੇ ਜਾਣ ਮਗਰੋਂ ਦੀਪਤੀ ਦੀ ਕਲਪਨਾ ਦਾ ਘੋੜਾ
ਦੌੜਨ ਲੱਗਾ।
''ਏਸ ਬੰਦੇ ਨੇ ਮਰਨ ਤੋਂ ਬਾਅਦ ਵੀ ਮੇਰਾ ਸਿਰ
ਝੁਕਾਅ ਦਿੱਤੈ…ਮੈਂ ਛੋਟੀ ਹੋ ਗਈ ਹਾਂ ਉਸਦੇ ਅੱਗੇ…
ਉਹਦਾ ਦਿਲ ਬਹੁਤ ਵਿਸ਼ਾਲ ਸੀ…ਤਕਲੀਫ ਝੱਲ ਕੇ
ਵੀ ਮਨ ਵਿਚ ਮਲਾਲ ਨਾ ਰੱਖਣਾ…ਦੂਜੇ ਦਾ ਭਲਾ
ਚਾਹੁਣਾ…ਇਹ ਸਭ ਵੱਡੇ ਦਿਲ ਦੀਆਂ ਗੱਲਾਂ ਹੀ
ਤਾਂ ਹਨ…ਮੈਂ ਚਾਹਾਂ ਵੀ ਤਾਂ ਉਸ ਤਕ ਅੱਪੜ ਨਹੀਂ
ਸਕਾਂਗੀ…ਸਿਰ ਚੁੱਕ ਕੇ ਵੀ ਨਹੀਂ…ਹਰਗਿਜ਼ ਨਹੀ…
ਘੱਟੋ ਘੱਟ ਏਸ ਜਨਮ ਵਿਚ ਤਾਂ ਨਹੀਂ, ਬਾਅਦ ਦਾ
ਕੀਹਨੇ ਦੇਖਿਐ !'' ਦੀਪਤੀ ਆਪ ਮੁਹਾਰੇ ਬੜਬੜਾ
ਰਹੀ ਸੀ।
--0-
''ਆਈ ਕਾਂਟ ਮੂਵ…।''
''ਮੈਡਮ, ਦੱਸੋ ਮੈਂ ਕੀ ਕਰਾਂ…ਤੁਹਾਡੇ ਸਾਹਮਣੇ
ਹੈ…ਹੇਠਲਾ ਇਕ ਬਰਥ ਵੀ ਖਾਲੀ ਨਹੀਂ…ਜੇ ਹੁੰਦਾ
ਤਾਂ ਦੇ ਦਿੰਦਾ..।'' ਕੰਡਕਟਰ ਨੇ ਹੱਥ ਖੜ੍ਹੇ ਕਰਦਿਆਂ
ਨਿਮਰਤਾ ਨਾਲ ਕਿਹਾ।
''ਮੇਰੇ ਗੋਡਿਆਂ ਦੀ ਸਮਸਿਆ ਹੈ…ਮੈਂ ਉੱਪਰਲੇ
ਬਰਥ 'ਤੇ ਜਾ ਨਹੀਂ ਸਕਦੀ…ਇਸ ਲਈ ਮੈਂ ਕਹਿ
ਰਹੀ ਹਾਂ…ਜਿੱਦਾਂ ਵੀ ਹੋ ਸਕੇ ਮੇਰੀ ਮਦਦ ਕਰੋ…
ਪਲੀਜ਼…!''
''ਤੁਸੀਂ ਚਾਹੋ ਤਾਂ ਇਥੇ ਈ ਕਿਸੇ ਨਾਲ ਅਡਜਸਟ
ਕਰ ਲਵੋ…ਮੈਂ ਆਪਣੇ ਤੌਰ 'ਤੇ ਕਿਸੇ ਨੂੰ ਬਰਥ ਛੱਡਣ
ਲਈ ਕਹਿ ਨਹੀਂ ਸਕਦਾ…।'' ਕੰਡਕਟਰ ਨੇ ਪਿੱਛਾ
ਛੁਡਾਉਣ ਦੀ ਗਰਜ ਨਾਲ ਕਿਹਾ। ਕੰਡਕਟਰ ਦੂਜੇ
ਮੁਸਾਫਰਾਂ ਨਾਲ ਗੱਲ ਕਰਨ ਲੱਗ ਪਿਆ। ਮੈਡਮ ਪਾਸ
ਉੱਪਰਲੇ ਬਰਥ 'ਤੇ ਜਾਣ ਤੋਂ ਛੁੱਟ ਹੋਰ ਕੋਈ ਚਾਰਾ
ਨਹੀਂ ਸੀ। ਉਸ ਇਕ ਨਜ਼ਰ ਨਾਲ ਬੈਠੇ ਮੁਸਾਫਰਾਂ 'ਤੇ
ਸੁੱਟੀ। ਹੇਠਲਾ ਇਕ ਬਰਥ ਅਜੇ ਵੀ ਖਾਲੀ ਸੀ। ਇਹ
ਮੁਸਾਫਰ ਅਜੇ ਤਕ ਆਇਆ ਨਹੀਂ ਸੀ। ਉਸ ਆਪਣਾ
ਹੈਂਡ ਬੈਗ ਉੱਪਰਲੇ ਬਰਥ 'ਤੇ ਰਖਵਾਅ ਦਿੱਤਾ ਅਤੇ
ਖੁਦ ਹੇਠਲੇ ਬਰਥ 'ਤੇ ਬਹਿ ਗਈ। 'ਚਲੋ ਦੇਖਦੇ
ਹਾਂ…। ਜੇ ਇਹ ਮੁਸਾਫਰ ਵੀ ਬਜੁਰਗ ਹੋਇਆ ਤਾਂ
ਮੁਸ਼ਕਲ ਹੋ ਜਾਵੇਗੀ। ਜੇ ਨੌਜਵਾਨ ਜਾਂ ਅਧੇੜ ਉਮਰ ਦਾ
ਵੀ ਹੋਇਆ ਤਾਂ ਬੇਨਤੀ ਕਰ ਲਵਾਂਗੀ। ਸੁਣ ਲਈ ਗਈ
ਤਾਂ ਠੀਕ ਹੈ ਨਹੀਂ ਤਾਂ ਕਿਸੇ ਤਰ੍ਹਾਂ ਉੱਪਰਲੇ ਬਰਥ ਨਾਲ
ਹੀ ਗੁਜਾਰਾ ਕਰਨਾ ਪਵੇਗਾ।'
ਬਾਹਰੋ, ਟੀ ਸਟਾਲਾਂ ਦੇ ਮੁੰਡੇ ਚਾਏ…ਚਾਏ ਦੀਆਂ
ਆਵਾਜ਼ਾਂ ਦੇ ਰਹੇ ਸਨ…ਕੋਈ ਖਾਣ ਵਾਲੀਆਂ ਚੀਜਾਂ
ਵੇਚ ਰਿਹਾ ਸੀ। ਇਕ ਡੱਬੇ ਦੇ ਅੰਦਰਲਾ ਰੌਲਾ ਤੇ ਦੂਜੇ
ਪਲੇਟਫਾਰਮ ਉਪਰ ਘੁੰਮਦੇ ਹਾੱਕਰਾਂ ਦਾ ਰੌਲਾ। ਚੰਗੀ
ਤਰ੍ਹਾਂ ਕੁਝ ਸੁਣਾਈ ਨਹੀਂ ਦੇ ਰਿਹਾ ਸੀ। ਕੁਝ ਹਾੱਕਰ
ਬੋਗੀ ਦੇ ਅੰਦਰ ਚੱਕਰ ਕੱਟ ਰਹੇ ਸਨ। ਇਸ ਕਾਵਾਂ
ਰੌਲੀ ਵਿਚ ਉਹ ਆਪਣੇ ਖਿਆਲਾਂ ਵਿਚ ਗੁੰਮ ਹੋਈ
ਬੈਠੀ ਰਹੀ। ਉਸ ਅੱਖਾਂ ਬੰਦ ਕਰ ਲਈਆਂ।
''ਚਾਏ…ਚਾਏ…ਚਾਏ…ਮੈਡਮ ਚਾਏ…?''
ਇਹ ਚਾਹ ਵੇਚਣ ਵਾਲੇ ਮੁੰਡੇ ਦੀ ਆਵਾਜ ਸੀ।
''ਨੋ ਥੈਂਕਸ…!'' ਮੈਡਮ ਨੇ ਅੱਖਾਂ ਖੋਲ੍ਹੇ ਬਿਨਾਂ
ਜਵਾਬ ਦੇ ਦਿਤਾ।
''ਭਾਈ ਸਾਹਿਬ ਹਟਣਾ ਜ਼ਰਾ…।'' ਟਰਾਲੀ ਬੈਗ
ਘੜੀਸ ਕੇ ਆਪਣੀ ਬਰਥ ਵੱਲ ਜਾ ਰਹੀ ਇਕ ਮਹਿਲਾ
ਯਾਤਰੂ ਨੇ ਰਾਹ ਵਿਚ ਖਲੋਤੇ ਵਿਅਕਤੀ ਨੂੰ ਬੇਨਤੀ
ਕੀਤੀ। ''ਓਹ ਸੌਰੀ ਮੈਡਮ…'' ਕਹਿੰਦਾ ਉਹ ਇਕ
ਪਾਸੇ ਹੋ ਗਿਆ। ''ਇਟ ਇਜ਼ ਓ.ਕੇ.।''
ਸਾਰੇ ਬਰਥ ਭਰਦੇ ਜਾ ਰਹੇ ਸਨ। ਗੱਡੀ ਚੱਲਣ
ਵਿਚ ਬਸ ਦੋ ਮਿਨਟ ਦਾ ਸਮਾਂ ਸੀ, ਇਕ ਨੌਜਵਾਨ
ਭਾਰੀ ਸੂਟਕੇਸ ਤੇ ਟਰਾਲੀ ਬੈਗ ਨਾਲ ਬੋਗੀ ਵਿਚ
ਦਾਖਲ ਹੋਇਆ। ਉਹ ਬਰਥ ਨੰਬਰ ਦੇਖਦਾ ਦੇਖਦਾ
ਅੱਗੇ ਵਧਿਆ ਤੇ ਉਸੇ ਬਰਥ ਮੋਹਰੇ ਪੁਜ ਕੇ ਖਲੋ
ਗਿਆ ਜਿਸ ਉਪਰ ਮੈਡਮ ਬੈਠੀ ਊਂਘ ਰਹੀ ਸੀ।
''ਐਕਸਕਯੂਜ ਮੀ ਪਲੀਜ਼…ਇਹ ਮੇਰਾ ਬਰਥ
ਹੈ…।''
''ਕਿਉਂ ਨਹੀਂ…! ਤੁਸੀਂ ਆਓ…ਮੇਰਾ ਬਰਥ
ਉਪਰ ਹੈ…।'' ਮੈਡਮ ਨੇ ਕਿਹਾ ਤੇ ਉਹ ਇਕ ਪਾਸੇ
ਹੋ ਕੇ ਬੈਠ ਗਈ। ਨੌਜਵਾਨ ਨੇ ਭਾਰਾ ਸੂਟਕੇਸ ਅਤੇ
ਟਰਾਲੀ ਬੈਗ ਬਰਥ ਹੇਠ ਖਿਸਕਾਅ ਦਿਤਾ ਤੇ ਹੈਂਡ
ਬੈਗ ਮੋਢੇ 'ਤੇ ਲਟਕਾਈ ਰੱਖਿਆ। ਉਹ ਗੱਡੀ ਫੜਨ
ਦੀ ਭੱਜ ਨੱਠ ਵਿਚ ਹੰਭ ਗਿਆ ਜਾਪਦਾ ਸੀ। ਬਰਥ
'ਤੇ ਬਹਿੰਦਿਆਂ ਸਾਰ ਉਹ ਲੰਮੇ ਲੰਮੇ ਸਾਹ ਲੈਣ ਲੱਗਾ।
ਉਸ ਹੈਂਡ ਬੈਗ ਦੇ ਕੋਨੇ ਦੀ ਪਾਕਟ ਵਿਚ ਰੱਖੀ ਪਾਣੀ
ਦੀ ਬੋਤਲ ਕੱਢ ਦੋ ਘੁੱਟਾਂ ਪੀਤੀਆਂ ਤੇ ਢਾਸਣਾ ਲਾ ਕੇ
ਸੁਸਤਾਣ ਲੱਗ ਪਿਆ।
''ਐਕਸਕਯੂਜ਼ ਮੀ ਅੰਕਲ…'' ਦੂਜੀਆਂ ਸੀਟਾਂ
ਵੱਲ ਜਾ ਰਹੀ ਇਕ ਮੁਟਿਆਰ ਨੇ ਹੌਲੀ ਜਿਹੇ ਕਿਹਾ ਤਾਂ
ਨੌਜਵਾਨ ਨੇ ਅੱਖਾਂ ਖੋਲ਼੍ਹਿਆਂ ਤੇ ਪੱਸਰੀਆਂ ਲੱਤਾਂ ਪਿੱਛੇ
ਹਟਾਅ ਉਸ ਨੂੰ ਰਾਹ ਦੇ ਦਿੱਤਾ…। ''ਥੈਂਕਸ…!''
''ਯੂ ਆਰ ਵੈਲਕਮ…!'' ਨੌਜਵਾਨ ਇਕ ਵਾਰ ਫੇਰ
ਅੱਖਾਂ ਬੰਦ ਕਰ ਕੇ ਸੁਸਤਾਣ ਲੱਗ ਪਿਆ। ਗੱਡੀ ਠੀਕ
ਸਮੇਂ 'ਤੇ ਚੱਲ ਪਈ…ਆਪਣੇ ਮਿੱਤਰ ਪਿਆਰਿਆਂ ਤੇ
ਪਰਿਵਾਰ ਦੇ ਮੈਂਬਰਾਂ ਨੂੰ ਛੱਡਣ ਆਏ ਲੋਕ ਜਾ ਚੁੱਕੇ
ਸਨ। ਇਸ ਲਈ ਬੋਗੀ ਵਿਚ ਜਿਹੜੀ ਥੋੜ੍ਹੀ ਬਹੁਤ ਭੀੜ
ਸੀ ਉਹ ਖਿੰਡ ਪੁੰਡ ਗਈ ਤੇ ਬੋਗੀ ਖਾਲੀ ਖਾਲੀ ਲੱਗਣ
ਲੱਗ ਪਈ ਸੀ। ਘੰਟੇ ਕੁ ਬਾਅਦ ਗੱਡੀ ਆਪਣੇ ਪਹਿਲੇ
ਸਟਾਪ 'ਤੇ ਰੁਕੀ ਤਾਂ ਮੈਡਮ ਨੇ ਅੱਖਾਂ ਖੋਲ੍ਹੀਆਂ ਤੇ ਘੜੀ
ਦੇਖੀ। ਉਹ ਆਪਣੀ ਸੀਟ ਤੋਂ ਉੱਠੀ। ਉਸ ਉਪਰਲੇ
ਬਰਥ 'ਤੇ ਜਾਣ ਦਾ ਉਪਰਾਲਾ ਕੀਤਾ ਪਰ ਗੋਡਿਆਂ ਦੇ
ਦਰਦ ਨੇ ਪੇਸ਼ ਨਾ ਜਾਣ ਦਿੱਤੀ।
''ਇਹ ਦਰਦ ਤਾਂ ਮੇਰੀ ਜਾਨ ਲੈ ਕੇ ਹੀ
ਰਹੇਗਾ…'' ਉਹ ਨਿਰਾਸ਼ ਹੋ ਕੇ ਸਾਹ ਲੈਣ ਲਈ
ਸਾਹਮਣੀ ਸੀਟ 'ਤੇ ਬਹਿ ਗਈ। ''ਓ ਮਾਂ…'' ਉਹਦੇ
ਮੂੰਹ ਵਿਚੋਂ ਵਾਰ-ਵਾਰ ਨਿਕਲ ਰਿਹਾ ਸੀ। ਉਹਦੇ ਬੋਲ
ਸੁਣ ਨੌਜਵਾਨ ਚੁਕੰਨਾ ਹੋ ਗਿਆ। ਉਸ ਸਾਹਮਣੀ
ਸੀਟ 'ਤੇ ਗੋਡੇ ਫੜੀ ਬੈਠੀ ਮੈਡਮ ਨੂੰ ਦੇਖ ਸੈਭੰ ਈ ਪੁਛ
ਲਿਆ, ''ਕੋਈ ਸਮਸਿਆ ਤਾਂ ਨਹੀਂ…?''
''ਏਸ ਤੋਂ ਵੱਡੀ ਸਮਸਿਆ ਹੋਰ ਕੀ ਹੋਣੀ ਏਂ…
ਲੇਟਣ ਨੂੰ ਮਨ ਕਰਦਾ ਸੀ…ਪਰ ਉਪਰ ਜਾ ਈ ਨਹੀਂ
ਹੁੰਦਾ…ਬੰਦਾ ਕੀ ਕਰੇ ਤੇ ਕੀ ਨਾ ਕਰੇ…!''
''ਪਰ ਉੱਪਰ ਜਾਣ ਦੀ ਲੋੜ ਈ ਕੀ ਐ..ਤੁਸੀਂ
ਕੰਡਕਟਰ ਨੂੰ ਕਹਿੰਦੇ, ਉਹ ਕਿਤੇ ਨਾ ਕਿਤੇ ਤੁਹਾਨੂੰ
ਹੇਠਲੇ ਬਰਥ 'ਤੇ ਅਡਜਸਟ ਕਰ ਦਿੰਦਾ…।''
''ਕਿਹਾ ਤਾਂ ਸੀ…ਪਰ ਉਸ ਇਕੋ ਰਟ ਲਾਈ ਰੱਖੀ
'ਮੈਡਮ ਮੇਰੇ ਪਾਸ ਹੇਠਲਾ ਕੋਈ ਬਰਥ ਖਾਲੀ ਨਹੀਂ…
ਜੇ ਹੁੰਦਾ ਤਾਂ ਤੁਹਾਨੂੰ ਜਰੂਰ ਦੇ ਦਿੰਦਾ…ਮਜਬੂਰੀ
ਏ…।''
ਇਕ ਵਾਰ ਫੇਰ ਉੱਠਣ ਦਾ ਯਤਨ ਕਰਦਿਆਂ
ਮੈਡਮ ਨੇ ਕਿਹਾ। ਉਹਦੀ ਹਾਲਤ ਦੇਖ ਨੌਜਵਾਨ ਨੂੰ
ਤਰਸ ਜਿਹਾ ਆਇਆ.. ''ਮਾਈ ਗਾੱਡ…ਬਹੁਤ
ਤਕਲੀਫ ਹੋ ਰਹੀ ਏ…?....ਤੁਸੀਂ ਇਥੇ ਈ ਬੈਠ
ਜਾਓ…ਮੈਂ ਉੱਪਰ ਚਲਿਆ ਜਾਵਾਂਗਾ…ਮੈਨੂੰ ਕੋਈ
ਪ੍ਰਾਬਲਮ ਨਹੀਂ…!'' ''ਆਰ ਯੂ ਸ਼ਯੋਰ…।''
ਮੈਡਮ ਨੇ ਖੁਸ਼ ਹੁੰਦਿਆਂ ਪੁੱਛਿਆ। ''ਯਸ ਵਾਈ
ਨਾੱਟ…!'' ਉਸ ਖੁਲ੍ਹਦਿਲੀ ਨਾਲ ਕਿਹਾ। ''ਥੈਂਕਸ
ਦੈੱਨ..!'' ਮੈਡਮ ਨਿਸ਼ਚਿੰਤ ਹੋ ਕੇ ਮੁੜ ਪਹਿਲਾਂ ਵਾਲੀ
ਥਾਂ ਬੈਠ ਗਈ।
''ਓ ਕੇ, ਇਟ ਇਜ਼ ਆਲ ਰਾਈਟ..!'' ਨੌਜਵਾਨ ਨੇ
ਪੱਸਰ ਕੇ ਬਹਿੰਦਿਆਂ ਜਵਾਬ ਦਿੱਤਾ। ਦੋਹਾਂ ਇਕ ਦੂਜੇ
ਨਾਲ ਸਮਾਈਲ ਪਾਸ ਕੀਤੀ…।
''ਤੁਸੀਂ ਬਹੁਤ ਚੰਗੇ ਵਿਅਕਤੀ ਹੋ, ਏਸ ਸਮੇਂ ਮੈਂ
ਬਹੁਤੀ ਗੱਲ ਨਹੀਂ ਕਰ ਸਕਾਂਗੀ, ਸਵੇਰ ਦੀ ਕਦੇ
ਇਧਰ ਕਦੇ ਉਧਰ ਪਰੇਡ ਚਲਦੀ ਰਹੀ ਏ, ਇਸ ਲਈ
ਥੱਕ ਵੀ ਗਈ ਹਾਂ, ਜੇ ਤੁਸੀਂ ਬੁਰਾ ਨਾ ਮਨਾਓ ਤਾਂ ਮੈਂ
ਲੇਟ ਜਾਵਾਂ…?''
''ਕਿਉਂ ਨਹੀਂ…! ਮੈਂ ਉੱਪਰ ਚਲਦਾਂ…।''
''ਏਨੀ ਵੀ ਆਫਤ ਨਹੀਂ ਆਈ…ਚਲੇ ਜਾਈਓ…!''
ਨੌਜਵਾਨ ਨੂੰ ਮੈਡਮ ਦਾ ਬੇਬਾਕ ਅੰਦਾਜ ਚੰਗਾ
ਲੱਗਾ…ਉਹਦਾ ਅੰਦਰ-ਬਾਹਰ ਖਿੜ ਗਿਆ। ਦੋਵੇਂ
ਇਕ ਦੂਜੇ ਨਾਲ ਖੁਲ੍ਹ ਗਏ…ਗੱਲਾਂ ਕਰਦਿਆਂ ਕਦ
ਅੱਧੀ ਰਾਤ ਹੋ ਗਈ, ਪਤਾ ਹੀ ਨਾ ਲੱਗਾ। ਨੌਜਵਾਨ
ਨੇ ਹੱਥ ਘੜੀ ਦੇਖੀ…ਉਹਦੇ ਮੂੰਹ 'ਚੋਂ ਨਿਕਲਿਆ,
''ਸਮਾਂ ਕਾਫੀ ਹੋ ਗਿਐ, ਤੁਹਾਨੂੰ ਨੀਂਦ ਆ ਰਹੀ
ਹੋਵੇਗੀ, ਹੁਣ ਚਲਦਾਂ…!''
'ਚਲ ਠੀਕ ਆ, ਬਾਕੀ ਦੀਆਂ ਗੱਲਾਂ ਫੇਰ ਕਦੇ…!''
''ਫੇਰ ਕਦੇ ਨਹੀਂ…ਮੈਡਮ ਸਵੇਰੇ…!''
''ਚਲ ਏਦਾਂ ਹੀ ਸਹੀ, ਹੁਣ ਤੁਸੀਂ ਜਾਣ ਦੀ ਕਿਰਪਾ
ਕਰੋਗੇ?''
''ਓਹ ਵ੍ਹਾਈ ਨਾੱਟ, ਮੈਡਮ ਲੋੜ ਪਵੇ ਤਾਂ ਬੁਲਾਉਣ
ਵਿਚ ਸੰਕੋਚ ਨਾ ਕਰਨਾ…ਸੱਚ ਜਾਣੀਓ…ਬੰਦਾ
ਉੱਪਰੋਂ ਛਾਲ ਮਾਰ ਕੇ ਬਹੁੜ ਜਾਵੇਗਾ…!'' ''ਓਏ
ਹੋਏ, ਨਹੀਂ ਰੀਸਾਂ ਏਸ ਨਾਢੂ ਖਾਨ ਦੀਆਂ…..ਹੁਣ
ਬਹੁਤੇ ਸਿਕਸਰ ਨਾ ਮਾਰੋ…ਜਾਓ…ਆਰਾਮ ਕਰੋ ਤੇ
ਮੈਨੂੰ ਵੀ ਘੜੀ ਪਲ ਅਰਾਮ ਕਰ ਲੈਣ ਦਿਓ…!''
ਮੈਡਮ ਨੇ ਤਾੜੀ ਮਾਰਨ ਦੇ ਅੰਦਾਜ ਵਿਚ ਹੱਥ
ਜੋੜਦਿਆਂ ਕਿਹਾ। ''ਜੋ ਹੁਕਮ ਮੇਰੇ ਆਕਾ…!''
ਜਵਾਬ ਵਿਚ ਹੱਥ ਜੋੜਦਾ ਨੌਜਵਾਨ ਨਾ ਚਾਹੁੰਦਾ
ਹੋਇਆ ਵੀ ਉੱਪਰਲੇ ਬਰਥ 'ਤੇ ਚਲਿਆ ਗਿਆ ਪਰ
ਦੁਜੇ ਪਲ ਮੁੜ ਉੱਤਰਿਆ…।
''ਹੁਣ ਕੀ ਹੋ ਗਿਆ…!'' ''ਹੋਣਾ ਕੀ ਐ… ਆਪਣੀ
ਅਕਲ 'ਤੇ ਰੋਣਾ ਆ ਰਿਹੈ…''
''ਉਹ ਕਿਉਂ…?'' ''ਦੁਨੀਆਂ ਭਰ ਦੀਆਂ ਗੱਲਾਂ
ਕਰ ਲਈਆਂ ਪਰ ਏਸ ਨਾਸਮਝ ਨੇ ਇਹ ਨਹੀਂ
ਪੁੱਛਿਆ… ''ਜਨਾਬ ਦੀ ਤਾਰੀਫ਼.?''
''ਨਹੀਂ ਜੀ ਤੁਸੀਂ ਨਾਸਮਝ ਹੋ ਈ ਨਹੀਂ ਸਕਦੇ…ਤੁਸੀਂ
ਤਾਂ ਸਮਝਦਾਰਾਂ ਦੇ ਸ਼ਿਰੋਮਣੀ ਹੋ…ਉਂਜ ਇਸ ਗੋਲੀ ਨੂੰ
ਦੀਪਤੀ ਕਿਹਾ ਜਾਂਦੈ…!''
''ਬਹੁਤ ਖੂਬ…ਕਿੰਨਾਂ ਸ਼ਾਨਦਾਰ ਨਾਂਅ ਏ…ਜਿਹੋ
ਜਿਹੀ ਖੂਬਸੂਰਤ ਹਸਤੀ…ਉਹੋ ਜਿਹਾ ਖੂਬਸੂਰਤ
ਨਾਂਅ…ਆ ਹਾ…ਮਜਾ ਆ ਗਿਆ…ਤੇ ਹਜ਼ੂਰ ਤੁਹਾਡੇ
ਇਸ ਗੁਲਾਮ ਦਾ ਨਾਂਅ ਦਿਨੇਸ਼ ਹੈ…!'' ਦਿਨੇਸ਼ ਦੇ
ਰੋਮਾਂਟਿਕ ਅੰਦਾਜ ਤੋਂ ਪਰੇਸ਼ਾਨ ਹੋ ਦੀਪਤੀ ਨੇ ਇਕ
ਨਜਰ ਦੂਜੇ ਮੁਸਾਫਰਾਂ 'ਤੇ ਸੁੱਟੀ…ਉਹ ਸਾਰੇ ਆਪੋ
ਆਪਣੇ ਬਰਥ 'ਤੇ ਘੂਕ ਸੁੱਤੇ ਹੋਏ ਸਨ…ਉਹ
ਰਾਹਤ ਮਹਿਸੂਸ ਕੀਤੀ…ਤੇ ਬੜੀ ਧੀਮੀ ਸੁਰ ਵਿਚ
ਕਿਹਾ… ''ਹੁਣ ਉੱਪਰ ਜਾਣ ਦਾ ਕੀ ਲਓਗੇ…?''
''ਉੱਪਰ…? ਏਦਾਂ ਤਾਂ ਨਾ ਕਹੋ ਜੀ…ਸੁੱਖ ਨਾਲ ਅਜੇ
ਉੱਪਰ ਜਾਣ ਦਾ ਸਮਾਂ ਨਹੀਂ ਆਇਆ..!''
''ਓਹ, ਮੇਰਾ ਮਤਲਬ ਐ…ਆਪਣੇ ਬਰਥ 'ਤੇ…!''
''ਹੁਣੇ ਚਲੇ ਜਾਨੇ ਆਂ ਹਜੂਰ..!'' ਇਹ ਆਖਦਾ ਦਿਨੇਸ਼
ਉੱਪਰਲੇ ਬਰਥ 'ਤੇ ਚਲਾ ਗਿਆ।
''ਸ਼੍ਰੀਮਾਨ ਜੀ, ਨਿਰੀਆਂ ਗੱਲਾਂ ਨਾਲ ਈ ਢਿੱਡ
ਨਹੀਂ ਭਰਦਾ…ਪੇਟ ਖਾਣ ਨੂੰ ਵੀ ਮੰਗਦਾ ਏ…ਹੋਰ ਵੀ
ਬਹੁਤ ਕੁਝ ਚਾਹੀਦਾ ਹੁੰਦਾ ਏ ਜੀਵਨ ਦੀ ਗੱਡੀ ਨੂੰ ਅੱਗੇ
ਤੋਰਨ ਲਈ…!'' ਦੀਪਤੀ ਨੇ ਕੁਝ ਗੰਭੀਰ ਹੁੰਦਿਆਂ
ਕਿਹਾ।
''ਹੋਰ ਦਾ ਤਾਂ ਮੈਨੂੰ ਪਤਾ ਨਹੀਂ…ਤੁਹਾਡੇ ਖਾਣ
ਲਈ ਤਾਂ ਹੁਣੇ ਕੁਝ ਨਾ ਕੁਝ ਹਾਜ਼ਰ ਕਰ ਦਿੰਦੇ ਹਾਂ…
ਦੱਸੋ ਕੀ ਖਾਣਾ ਏ…? ਬੰਦਾ ਲੈ ਆਵੇਗਾ…!''
ਦੀਪਤੀ ਮੁੜ ਜਜਬਾਤ ਦੇ ਵਹਿਣ ਵਿਚ ਨਾ ਵਹਿ ਤੁਰੇ,
ਇਸ ਖਤਰੇ ਨੂੰ ਦੂਰ ਕਰਨ ਦੀ ਮਨਸ਼ਾ ਨਾਲ ਦਿਨੇਸ਼ ਨੇ
ਗੱਲਬਾਤ ਨੂੰ ਨਵਾਂ ਮੋੜ ਦੇਣਾ ਚਾਹਿਆ। ਉਸ ਆਪਣਾ
ਹੱਥ ਅੱਗੇ ਵਧਾਇਆ ਤੇ ਦੀਪਤੀ ਦਾ ਹੱਥ ਫੜ ਬੜੇ
ਨਿੱਘ ਨਾਲ ਕਿਹਾ, ''ਮੇਰੀ ਜਾਨ ਕਿੱਧਰੋਂ ਤਸ਼ਰੀਫ
ਲਿਆ ਰਹੀ ਏ…ਘਰੋਂ ਜਾ ਦਫਤਰ ਤੋਂ…?''
''ਨਾ ਘਰੋਂ ਨਾ ਦਫਤਰੋਂ…ਇਕ ਸਹੇਲੀ ਦੇ ਜਾਣਾ
ਸੀ…ਉਸ ਨੂੰ ਮਿਲਣ ਲਈ ਨਿਕਲੀ ਸਾਂ…ਉਹਦੇ ਘਰ
ਪੁੱਜੀ ਤਾਂ ਉੱਥੇ ਜਿੰਦਰਾ ਵੱਜਾ ਦੇਖਿਆ। ਪਤਾ ਲੱਗਾ,
ਸਵੇਰੇ ਕਿਸੇ ਦਾ ਫੋਨ ਆਇਆ ਤੇ ਉਹ ਤਟ ਫਟ ਚਲੀ
ਗਈ। ਉਸ ਪਾਸ ਕਿਸੇ ਨਾਲ ਗੱਲ ਕਰਨ ਦਾ ਸਮਾਂ
ਨਹੀਂ ਸੀ, ਇਸੇ ਨੱਠ ਭੱਜ ਵਿਚ ਮੈਨੂੰ ਸੂਚਨਾ ਦੇਣੀ ਭੁੱਲ
ਗਈ ਹੋਵੇਗੀ। ਰਿਸ਼ਤੇਦਾਰੀ ਵਿਚ ਕੁਝ ਹੋ ਗਿਆ ਸੀ
ਖਬਰੇ ਇਸੇ ਲਈ।
''ਪਰ ਤੁਹਾਨੂੰ ਇਹ ਸਭ ਕਿਸ ਨੇ ਦਸਿਆ…?'' ਮੈਨੂੰ
ਦਰਵਾਜੇ 'ਤੇ ਖਲੋਤੀ ਦੇਖ ਉਹਦੀ ਗੁਆਂਢਣ ਆ ਗਈ।
ਉਸੇ ਨੇ ਇਹ ਸੂਚਨਾ ਦਿੱਤੀ। ਇਹ ਸੁਣ ਮਨ ਬੜਾ
ਖਰਾਬ ਹੋਇਆ …! ਘਰ ਜਾਣ ਨੂੰ ਦਿਲ ਨਾ ਕੀਤਾ।
ਇਥੇ ਈ ਆ ਕੇ ਬਹਿ ਗਈ…।''
''ਇਹ ਤਾਂ ਤੁਸੀਂ ਬਹੁਤ ਚੰਗਾ ਕੀਤਾ…ਮੈਨੂੰ
ਪਤਾ ਹੁੰਦਾ ਤਾਂ ਦੌੜ ਕੇ ਬਹੁੜ ਜਾਂਦਾ ਤੁਹਾਡੇ ਕੋਲ…
ਇਹੋ ਜਿਹੇ ਖੂਬਸੂਰਤ ਪਲ ਰੋਜ ਰੋਜ ਕਿੱਥੇ ਮਿਲਦੇ
ਨੇ…ਜਾਣੇ-ਅਨਜਾਣੇ ਬੜੀ ਉਡੀਕ ਕਰਨੀ ਪਈ ਏ
ਤੁਹਾਨੂੰ…! ਮੈਨੂੰ ਬੜਾ ਅਫਸੋਸ ਹੈ ਇਸ ਦਾ। ਚਲੋ,
ਪਹਿਲਾਂ ਚਾਹ ਪੀਂਦੇ ਹਾਂ…ਫੇਰ ਦਿਲ ਖੋਲ੍ਹ ਕੇ ਗੱਲਾਂ
ਕਰਦੇ ਰਹਾਂਗੇ…ਕੀ ਖਿਆਲ ਏ ਤੁਹਾਡਾ..?''
''ਖਿਆਲ ਤਾਂ ਨੇਕ ਐ…ਲਓ, ਚਾਹ ਵੀ ਤੁਰ
ਕੇ ਆ ਰਹੀ ਏ ਤੁਹਾਡੇ ਪਾਸ…ਉਸ ਮੁੰਡੇ ਨੂੰ ਆਵਾਜ
ਦਿਓ…।''
''ਆ ਬਈ ਜਵਾਨਾ…ਦੋ ਕੱਪ ਚਾਹ ਪਿਆ…ਪਰ
ਚਾਹ ਕੜਕ ਹੋਣੀ ਚਾਹੀਦੀ ਐ…!''
''ਤੁਸੀ ਬੇਫਿਕਰ ਰਹੋ ਸਾਹਿਬ ਜੀ…ਇਕ ਵਾਰ ਪੀ
ਕੇ ਮੈਨੂੰ ਵਾਰ ਵਾਰ ਯਾਦ ਕਰੋਗੇ,'' ਮੁੰਡੇ ਨੇ ਉਨ੍ਹਾਂ ਦੇ
ਨੇੜੇ ਬੈਠ ਚਾਹ ਕੱਪਾਂ ਵਿਚ ਪਾ ਦਿੱਤੀ। ਚਾਹ ਦੀਆਂ
ਚੁਸਕੀਆਂ ਨਾਲ ਮਿੱਠੀਆਂ-ਮਿੱਠੀਆਂ ਗੱਲਾਂ ਕਰਦਿਆਂ
ਚੋਖਾ ਸਮਾਂ ਹੋ ਗਿਆ। ਦੀਪਤੀ ਨੂੰ ਘਰ ਦਾ ਖਿਆਲ
ਆਇਆ ਤੇ ਕਹਿਣ ਲੱਗੀ… ''ਦਿਨੇਸ਼ ਹੁਣ ਛੇਤੀ ਤੋਂ
ਛੇਤੀ ਕਿਸੇ ਆਹਰੇ ਲੱਗ ਜਾ…ਫੇਰ ਘਰ ਦਿਆਂ ਨਾਲ
ਵੀ ਗੱਲ ਕਰਨੀ ਐ…ਜੇ ਉਹ ਪੁੱਛਣਗੇ ਕਿ ਮੁੰਡਾ ਕੀ
ਕੰਮ ਕਰਦਾ ਏ ਤਾਂ ਮੇਰੇ ਲਈ ਜਵਾਬ ਦੇਣਾ ਮੁਸ਼ਕਲ ਹੋ
ਜਾਵੇਗਾ, ਬੇਹਤਰ ਹੈ ਅਸੀਂ ਇਹੋ ਜਿਹੀ ਸਥਿਤੀ ਬਣਨ
ਹੀ ਨਾ ਦੇਈਏ…!''
''ਗੱਲ ਤਾਂ ਤੇਰੀ ਠੀਕ ਐ…ਮੈਂ ਹੋਰ ਸੀਰੀਅਸਲੀ
ਕੋਸ਼ਿਸ ਕਰਾਂਗਾ…ਹੁਣ ਚਲੀਏ…?''
''ਹਾਂ ਠੀਕ ਐ…!''
''ਤੁਹਾਨੂੰ ਛੱਡ ਆਵਾਂ...!''
''ਨਹੀਂ ਓਹਦੀ ਕੋਈ ਲੋੜ ਨਹੀਂ, ਮੈਂ ਚਲੀ
ਜਾਵਾਂਗੀ…!'' ''ਓ ਕੇ ਦੈਨ…ਬਾਏ…!''
''ਦਿਨੇਸ਼, ਲਗਦੈ..ਤੇਰੇ ਉਪਰ ਮੇਰੀ ਗੱਲ ਦਾ ਕੋਈ
ਅਸਰ ਨਹੀਂ…ਏਧਰੋਂ ਸੁਣੀ ਤੇ ਉਧਰੋਂ ਕਢੀ…ਕਿੰਨੀ
ਦੇਰ ਤਕ ਇਹ ਚਲਦਾ ਰਹੇਗਾ…?'' ਇਕ ਦਿਨ ਕਿਸੇ
ਕੈਫੇਟੇਰੀਆ ਵਿਚ ਬੈਠਦਿਆਂ ਦੀਪਤੀ ਨੇ ਗੁੱਸੇ ਨਾਲ
ਪੁੱਛਿਆ।
''ਨਹੀਂ ਇਹੋ ਜਿਹੀ ਕੋਈ ਗੱਲ ਨਹੀਂ…ਮੈਂ ਪੂਰੀ
ਤਾਕਤ ਨਾਲ ਕੰਮ ਲੱਭ ਰਿਹਾਂ…ਕੁਝ ਥਾਵਾਂ 'ਤੇ ਗੱਲ
ਵੀ ਕੀਤੀ ਐ…ਉਮੀਦ ਹੈ ਕਿਤੇ ਨਾ ਕਿਤੇ ਕੰਮ ਬਣ
ਜਾਵੇਗਾ..!''
''ਕੰਮ ਤਾਂ ਲੱਭੇਗਾ ਜੇ ਤੂੰ ਦਿਲੋਂ ਉਸ ਲਈ ਕੋਸ਼ਿਸ
ਕਰੇਂ…ਮੈਨੂੰ ਪਤਾ ਲੱਗੈ ਤੂੰ ਲਾੱਅ ਜੁਆਇਨ ਕਰ ਲਈ
ਏ…!''
''ਉਹ ਤਾਂ ਠੀਕ ਐ…ਪੜ੍ਹਨ ਦੇ ਨਾਲ ਨਾਲ ਕੰਮ
ਵੀ ਕਰਦਾ ਰਹਾਂਗਾ…ਤੁਸੀਂ ਫਿਕਰ ਨਾ ਕਰੋ…।''
''ਫਿਕਰ ਏਸ ਗੱਲ ਦਾ ਨਹੀਂ ਕਿ ਤੂੰ ਪੜ੍ਹਾਈ ਤੇ
ਕੰਮ ਦੋਵੇ ਇਕੋ ਸਮੇਂ ਕਿਵੇਂ ਕਰ ਲਵੇਂਗਾ…ਘਰ ਦੇ
ਬਹੁਤੀ ਦੇਰ ਟਲਣ ਵਾਲੇ ਨਹੀਂ ਮੈਨੂੰ ਫਿਕਰ ਇਸੇ ਗੱਲ
ਦਾ ਹੈ…ਮੇਰੇ ਉਪਰ ਬਹੁਤ ਦਬਾਅ ਪੈ ਰਿਹੈ…ਮੈਨੂੰ
ਕਹਿਣਾ ਤਾਂ ਨਹੀਂ ਚਾਹੀਦਾ ਪਰ ਕਹੇ ਬਿਨਾਂ ਰਿਹਾ ਵੀ
ਨਹੀਂ ਜਾਂਦਾ…ਤੂੰ ਇਸ ਮਾਮਲੇ ਵਿਚ ਸੀਰੀਅਸ ਉੱਕਾ
ਹੀ ਨਹੀਂ ਹੈਂ..!''
''ਮੈਂ ਤੁਹਾਨੂੰ ਕਿੱਦਾਂ ਭਰੋਸਾ ਦੁਆਵਾਂ…ਜੇ ਮੇਰਾ
ਕਿਤੇ ਹੱਥ ਨਹੀਂ ਵਜ ਰਿਹਾ ਤਾਂ ਦਸੋਂ ਮੈਂ ਕਿਹੜੇ ਖੂਹ
ਵਿਚ ਛਾਲ ਮਾਰ ਦਿਆਂ ਕਿ ਮੇਰਾ ਕੰਮ ਹੋ ਜਾਵੇ…।''
''ਖੂਹ ਵਿਚ ਛਾਲ ਤਾਂ ਮੈਨੂੰ ਮਾਰਨੀ ਪੈ ਜਾਵੇਗੀ…
ਚੰਗੀ ਤਰ੍ਹਾਂ ਸੁਣ ਲੈ ਮੈਂ ਹੋਰ ਕਿਤੇ ਵਿਆਹ ਨਹੀਂ
ਕਰਾਉਣਾ…ਸਾਰੀ ਉਮਰ ਕੁਆਰੀ ਰਹਿਣਾ ਮਨਜੂਰ
ਹੈ…ਤੇ ਤੂੰ ਨਿਖੱਟੂ…ਕੁਝ ਸਮਝਦਾ ਈ ਨਹੀਂ…!''
ਦੋਹਾਂ ਵਿਚਲੀ ਤਲਖੀ ਦਿਨੋ ਦਿਨ ਵਧਦੀ ਗਈ।
ਮਿਲਦੇ ਤਾਂ ਪਿਆਰ ਦੀਆਂ ਗੱਲਾਂ ਘੱਟ ਤੂੰ ਤੂੰ ਮੈਂ ਮੈਂ
ਵਧ ਹੁੰਦੀ। ਮੁਲਾਕਾਤਾਂ ਦੀ ਵਿਥ ਵਧਣ ਦੇ ਨਾਲ-ਨਾਲ
ਮਿਲਣ ਦਾ ਸਮਾਂ ਵੀ ਘੱਟਦਾ ਗਿਆ।
''ਜੇ ਇਹ ਗੱਲ ਹੈ ਤਾਂ ਸੁਣ ਲੈ…ਹੁਣ ਮੈਂ ਤੈਨੂੰ
ਕੁਝ ਬਣਨ ਮਗਰੋਂ ਹੀ ਮਿਲਾਂਗਾ…!'' ਇਕ ਦਿਨ ਗੁੱਸੇ
ਵਿਚ ਬੁੜ ਬੁੜ ਕਰਦਾ ਦਿਨੇਸ਼ ਚਲਾ ਗਿਆ। ਉਹ ਮੁੜ
ਕਦੇ ਦੀਪਤੀ ਨੂੰ ਨਾ ਮਿਲਿਆ।
ਦਿਨੇਸ਼ ਲਾਅ ਕਰਨ ਮਗਰੋਂ ਪ੍ਰੈਕਟਿਸ ਕਰਨ ਲੱਗਾ।
ਸਮਾਂ ਬੀਤਣ ਨਾਲ ਉਸ ਦੀ ਪ੍ਰੈਕਟਿਸ ਚੰਗੀ ਚਲ
ਗਈ। ਉਸ ਪਾਸ ਆਪਣਾ ਮਕਾਨ, ਆਪਣਾ ਚੈਂਬਰ,
ਆਪਣੀ ਗੱਡੀ ਸਭ ਕੁਝ ਤਾਂ ਸੀ। ਬਸ ਦੀਪਤੀ ਦੀ
ਘਾਟ ਸੀ। ਉਹ ਕੁਝ ਬਣ ਚੁੱਕਾ ਸੀ। ਦੀਪਤੀ ਨਾਲ
ਅੰਤਿਮ ਮੁਲਾਕਾਤ ਸਮੇਂ ਉਸ ਕਿੰਨੇ ਵਿਸ਼ਵਾਸ ਨਾਲ
ਕਿਹਾ ਸੀ, ''ਮੈਡਮ, ਹੁਣ ਕੁਝ ਬਣ ਕੇ ਹੀ ਤੁਹਾਡੇ
ਕੋਲ ਆਵਾਂਗਾ।'' ਕਰੜੀ ਮਿਹਤਨ ਕਰ ਕੇ ਉਸ
ਆਪਣਾ ਬੋਲ ਪੁਗਾਅ ਦਿੱਤਾ। ਦੀਪਤੀ ਮੈਨੂੰ ਮਿਲ ਕੇ
ਕਿੰਨੀ ਖੁਸ਼ ਹੋਵੇਗੀ… ਹੁਣ ਉਹਦਾ ਕੋਈ ਗਿਲਾਸ਼ਿਕਵਾ
ਨਹੀਂ ਰਿਹਾ। ਉਹ ਇਹੋ ਚਾਹੁੰਦੀ ਸੀ, ਮੈਂ ਕੁਝ
ਬਣ ਜਾਵਾਂ…ਆਪਣੇ ਪੈਰਾਂ 'ਤੇ ਖਲੋਵਾਂ…ਤੇ ਪੂਰੀ
ਸ਼ਾਨ ਨਾਲ ਜੀਵਾਂ…ਉਹਦੀ ਸੱਧਰ ਪੂਰੀ ਹੋ ਗਈ ਏ…
ਰੱਬ ਦਾ ਲੱਖ ਲੱਖ ਸ਼ੁਕਰ ਏ…ਹੁਣ ਮੈਂ ਪੂਰੀ ਸ਼ਾਨ ਤੇ
ਮਾਣ ਨਾਲ ਉਸ ਪਾਸ ਜਾਵਾਂਗਾ…ਤੇ ਹਿੱਕ ਚੌੜੀ ਕਰਕੇ
ਪੁੱਛਾਂਗਾ,
''ਮੈਡਮ, ਹੁਣ ਕੀ ਖਿਆਲ ਹੈ ਤੁਹਾਡਾ…?''
ਉਹ ਕਹੇਗੀ, ''ਸ਼ਾਬਾਸ਼ ਮੇਰਿਆ ਸ਼ੇਰਾ…ਹੁਣ
ਤਾਂ ਬਈ ਇਕੋ ਈ ਖਿਆਲ ਹੋ ਸਕਦਾ…ਮਿਲਾਪ ਦਾ,
ਤੇਰੇ-ਮੇਰੇ ਮਿਲਾਪ ਦਾ…ਮੈਂ ਕਦੋਂ ਦੀ ਤੇਰੀ ਹੋ ਚੁੱਕੀ
ਆਂ…ਹੁਣ ਤੂੰ ਦਸ, ਤੇਰਾ ਕੀ ਖਿਆਲ ਐ…?''
''ਤੈਨੂੰ ਪਾ ਲੈਣ ਤੋਂ ਛੁੱਟ ਮੇਰਾ ਹੋਰ ਕੀ ਖਿਆਲ
ਹੋਣਾਂ…'' ਮੈਂ ਕਹਾਂਗਾ ਤੇ ਘੁੱਟ ਕੇ ਉਹਨੂੰ ਕਲਾਵੇ
ਵਿਚ ਲੈ ਲਵਾਂਗਾ। ਹਮੇਸ਼ਾ ਹਮੇਸ਼ਾ ਲਈ…ਮੁੜ ਕਦੇ
ਨਾ ਵਿਛੜਣ ਲਈ। ਉਹ ਰਾਤ ਦਿਨ ਪੁਨਰ ਮਿਲਾਪ ਦੇ
ਸੁਪਨੇ ਦੇਖਦਾ ਉਸ ਹਸੀਨ ਪਲ ਦੀ ਇੰਤਜਾਰ ਕਰਨ
ਲੱਗਾ।
ਅਫਸੋਸ, ਜੀਵਨ ਵਿਚ ਕੁਝ ਹੋਰ ਰੰਗੀਨ ਤੇ
ਹਸੀਨ ਪਲ ਉਹਨੂੰ ਨਸੀਬ ਨਾ ਹੋਏ। ਸੜਕ ਹਾਦਸੇ
ਵਿਚ ਉਸਦੀ ਦਰਦਨਾਕ ਮੌਤ ਨੇ ਇਸ ਹਸੀਨ ਸੁਪਨੇ
ਨੂੰ ਸਦਾ ਸਦਾ ਲਈ ਦਫਨ ਕਰ ਦਿੱਤਾ…!
''ਮੇਰਾ ਕੰਮ ਖਤਮ ਹੋ ਗਿਆ। ਤੁਹਾਡੀ ਅਮਾਨਤ
ਤੁਹਾਡੇ ਹਵਾਲੇ। ਹੁਣ ਮੈਨੂੰ ਇਜਾਜਤ ਦਿਓ…!''
ਰਜਿਸਟਰਾਰ ਦੇ ਦਫਤਰ ਵਿਚੋਂ ਬਾਹਰ ਨਿਕਲ ਮੈਡਮ
ਨੂੰ ਕਾਰ ਵਿਚ ਬਹਾਉਣ ਮਗਰੋਂ ਵਕੀਲ ਕਹਿ ਰਿਹਾ ਸੀ।
''ਸਾਰਾ ਕੰਮ ਈ ਤੁਹਾਡਾ ਸੀ। ਇਸ ਮਾਮਲੇ ਵਿਚ
ਮੈਂ ਉੱਕਾ ਕੋਰੀ ਆਂ। ਤੁਹਾਡਾ ਬਹੁਤ ਬਹੁਤ ਸ਼ੁਕਰੀਆ।
ਇਹ ਸਭ ਤੁਹਾਡੇ ਉੱਦਮ ਸਦਕਾ ਈ ਹੋ ਸਕਿਆ।''
ਮੈਡਮ ਨੇ ਵਕੀਲ ਦਾ ਦਿਲ ਦੀਆਂਗਹਿਰਾਈਆਂ ਨਾਲ
ਧੰਨਵਾਦ ਕਰਦਿਆਂ ਕਿਹਾ।
''ਬੈਂਕ ਦਾ ਕੰਮ ਹੋ ਗਿਐ…? ਉਸ ਲਈ ਮੇਰੀ
ਲੋੜ ਹੈ ਤਾਂ ਦੱਸੋ..!''
''ਉਹ ਮੈਂ ਕਰ ਲਿਆ ਸੀ। ਮੈਂ ਆਪ ਬੈਂਕ ਮੈਨੇਜਰ
ਪਾਸ ਨਾਮੀਨੇਸ਼ਨ ਦੇ ਕਾਗਜ ਲੈ ਕੇ ਗਈ ਸਾਂ। ਉਹਨੇ
ਸਾਰਾ ਕੰਮ ਹੱਥੋ ਹੱਥੀਂ ਕਰਾਅ ਦਿੱਤਾ। ਅੱਧੇ ਪੌਣੇ ਘੰਟੇ
ਵਿਚ ਵਿਹਲੀ ਹੋ ਕੇ ਮੈਂ ਘਰ ਆ ਗਈ ਸੀ। ਤੁਸੀਂ ਠੀਕ
ਗਾਈਡ ਕੀਤਾ ਸੀ ਨਹੀਂ ਤਾਂ ਪੁੱਛ ਗਿਛ ਵਿਚ ਹੀ ਕਾਫੀ
ਸਮਾਂ ਲੱਗ ਜਾਣਾ ਸੀ…ਚਲੋ, ਏਸ ਪਾਸਿਓਂ ਵਿਹਲੇ ਹੋ
ਗਏ ਹਾਂ…ਬਾਕੀ ਦੀ ਗੱਲ ਬਾਅਦ ਵਿਚ ਕਿਸੇ ਸਮੇਂ
ਕਰ ਲਵਾਂਗੇ…ਹੁਣ ਤੁਸੀਂ ਜਾਓ…ਤੁਹਾਡੇ ਕੰਮ ਦਾ
ਹਰਜਾ ਵੀ ਹੋ ਰਿਹਾ ਹੋਵੇਗਾ।'' ਦੀਪਤੀ ਨੇ ਇਕ ਵਾਰ
ਫੇਰ ਵਕੀਲ ਦਾ ਧੰਨਵਾਦ ਕੀਤਾ।
ਵਕੀਲ ਤੋਂ ਵਿਦਾ ਲੈ ਦੀਪਤੀ ਘਰ ਆਈ।
ਪਿਛਲੇ ਕੁਝ ਦਿਨਾਂ ਦੇ ਮਾਨਸਿਕ ਸੰਘਰਸ਼ ਨੇ ਉਹਨੂੰ
ਥਕਾਅ ਦਿੱਤਾ ਸੀ। ਡਰਾਇੰਗ ਰੂਮ ਵਿਚ ਸੋਫੇ 'ਤੇ ਬੈਠ
ਉਸ ਰਾਹਤ ਮਹਿਸੂਸ ਕੀਤੀ। ਉਸ ਕੁਝ ਦੇਰ ਲਈ
ਆਪਣੀਆਂ ਅੱਖਾਂ ਬੰਦ ਕਰ ਲਈਆਂ। ਉਸ ਹੋਰ ਕੁਝ
ਨਾ ਸੋਚਣ ਦਾ ਫੈਸਲਾ ਕੀਤਾ ਪਰ ਸੋਚਾਂ ਦੀ ਲੜੀ ਤਾਂ
ਟੁੱਟ ਹੀ ਨਹੀਂ ਰਹੀ ਸੀ। ਦਿਨੇਸ਼ ਦਾ ਚਿਹਰਾ ਉਹਦੀਆਂ
ਅੱਖਾਂ ਅੱਗੇ ਘੁੰਮਣ ਲੱਗਾ। ਉਸ ਨਾਲ ਬਿਤਾਏ ਪਲਾਂ ਦੇ
ਮਿੱਠੇ ਤੇ ਖੱਟੇ ਅਨੁਭਵ ਇਕ-ਇਕ ਕਰ ਕੇ ਆਪਣੀ
ਯਾਦ ਦੁਆਅ ਰਹੇ ਸਨ। ਉਹਦਾ ਚਿਹਰਾ ਕਦੇ ਖੁਸ਼ੀ
ਨਾਲ ਖਿੜ ਜਾਂਦਾ ਤੇ ਕਦੇ ਗੁੱਸੇ ਨਾਲ ਤਣ ਜਾਂਦਾ। ਪਰ
ਜੋ ਵੀ ਹੋਵੇ, ਅੱਜ ਉਸਨੂੰ ਰਹਿ ਰਹਿ ਕੇ ਦਿਨੇਸ਼ ਦੀ
ਯਾਦ ਆ ਰਹੀ ਸੀ। ਉਹ ਚਾਹੁੰਦੀ ਸੀ ਦਿਨੇਸ਼ ਮੁੜ
ਉਸ ਦੇ ਜੀਵਨ ਵਿਚ ਆਵੇ ਪਰ ਇੰਜ ਹੋ ਨਹੀਂ ਸਕਦਾ
ਸੀ। ਉਹ ਜਿਹੋ ਜਿਹਾ ਵੀ ਸੀ ਉਹਦੇ ਸੁਪਨਿਆਂ ਦਾ
ਹਾਣੀ ਸੀ। ਵਿਛੋੜੇ ਦਾ ਲੰਮੇ ਸਮੇਂ ਵਿਚ ਇਕ ਦਿਨ
ਵੀ ਅਜਿਹਾ ਨਹੀਂ ਬੀਤਿਆ ਜਦ ਉਹਦੀ ਯਾਦ ਨਾ
ਆਈ ਹੋਵੇ।
ਦਿਨੇਸ਼ ਦੇ ਬੋਲ ਅਚਨਚੇਤ ਉਹਦੇ ਕੰਨਾਂ ਵਿਚ ਗੂੰਜ
ਉੱਠੇ, ''ਅਸੀਂ ਤਾਂ ਭਾਈ ਫੱਕਰ ਆਦਮੀ ਆਂ। ਬੋਝਾ
ਸਾਡਾ ਖਾਲੀ ਰਹਿੰਦਾ, ਏਸ ਚੰਦਰੇ ਨੂੰ ਕਦੇ ਕਦਾਈਂ
ਭਾਗ ਲਗਦੇ ਨੇ। ਫੇਰ ਵੀ ਜਿੰਦਗੀ ਵਿਚ ਸਾਡੇ ਪਾਸ
ਕਦੇ ਕੁਝ ਹੋਇਆ ਤਾਂ ਉਹ ਤਿਲ ਫੁੱਲ ਜਨਾਬ ਦੀ
ਭੇਟਾਂ ਕਰ ਦੇਵਾਂਗੇ। ਇਹ ਵਾਅਦਾ ਰਿਹਾ…!'' ਉਹਨੇ
ਆਪਣਾ ਕਿਹਾ ਪੁਗਾ ਦਿੱਤਾ…ਭਲਾ ਇਸ ਦੀ ਕੀ ਲੋੜ
ਸੀ…?
ਲੋਧੀ ਗਾਰਡਨ ਦੀ ਕੂਲੀ ਘਾਹ 'ਤੇ ਬੈਠਦਿਆਂ
ਦਿਨੇਸ਼ ਕਹਿ ਰਿਹਾ ਸੀ। ਦੀਪਤੀ ਉਸ ਕੋਲ ਖਲੋਤੀ
ਉਹਦੇ ਮੂੰਹ ਵੱਲ ਦੇਖ ਰਹੀ ਸੀ। ਉਹ ਇਹਦਾ ਜਵਾਬ
ਦੇਣਾ ਚਾਹੁੰਦੀ ਸੀ, ਪਰ ਦੇ ਨਹੀਂ ਸਕੀ, ਉਸ ਨੇ ਹੌਲੀ
ਜਿਹੇ ਕੇਵਲ ਏਨਾ ਹੀ ਕਿਹਾ ਸੀ… ''ਤੁਸੀਂ ਨਿਰੇ
ਫੱਕਰ ਹੀ ਨਹੀਂ, ਹੋਰ ਵੀ ਬਹੁਤ ਕੁਝ ਹੋ ਸ਼੍ਰੀਮਾਨ
ਜੀ…!'' ਉਹਦੀ ਗੱਲ ਸੁਣ ਦਿਨੇਸ਼ ਉੱਛਲ ਪਿਆ ਸੀ,
ਉਹ ਹੱਸ ਪਿਆ…ਏਨਾ ਖੁਲ੍ਹ ਕੇ ਹੱਸਿਆ ਕਿ ਉਹਦਾ
ਹਾਸਾ ਵੀ ਆਪ ਮੁਹਾਰੇ ਨਿਕਲ ਗਿਆ…ਜਦ ਹੱਸ ਹੱਸ
ਦੋਹਰਾ ਹੋ ਗਿਆ ਤਾਂ ਉਸ ਉੱਚੀ ਸੁਰ ਵਿਚ ਕਿਸੇ ਗੀਤ
ਦੀ ਹੇਕ ਲਾਉਣ ਵਾਂਗੂ ਕਿਹਾ, ''ਮਾਂ ਸਦਕੇ…ਕੁਝ ਹੋਰ
ਹੋਣ ਬਾਰੇ ਤਾਂ ਤੁਹਾਡੇ ਇਸ ਤਾਬੇਦਾਰ ਨੇ ਕਦੇ ਸੋਚਿਆ
ਨਹੀਂ…ਬਸ ਏਨਾ ਜਾਣਦਾਂ ਕਿ ਇਹ ਬੰਦਾ ਰਹਿੰਦੀ
ਦੁਨੀਆਂ ਤਕ ਤੁਹਾਡਾ ਬਣ ਕੇ ਰਹੇਗਾ…ਓਸ ਰੱਬ ਤੋਂ
ਇਸ ਤੋਂ ਛੁੱਟ ਮਜਾਲ ਏ ਮੈਂ ਹੋਰ ਕੁਝ ਮੰਗ ਲਵਾਂ।''
ਦਿਨੇਸ਼ ਦਾ ਚਿਹਰਾ ਉਸ ਦੀਆਂ ਸੋਚਾਂ ਦੇ ਕੈਨਵਸ
'ਤੇ ਫੈਲ ਗਿਆ। ਉਹ ਕਿੰਨੀ ਦੇਰ ਉਸ ਨੂੰ ਨਿਹਾਰਦੀ
ਰਹੀ। ਭੋਲਾ-ਭਾਲਾ, ਸਾਊ ਤੇ ਨਿੱਘਾ ਮਨੁੱਖ। ਹਰ ਇਕ
ਦਾ ਭਲਾ ਚਾਹੁਣ ਵਾਲਾ। ਉਸ ਭੁੱਲ ਕੇ ਵੀ ਕਦੇ ਕਿਸੇ
ਦਾ ਦਿਲ ਨਹੀਂ ਦੁਖਾਇਆ। ਨਿੱਕੀ ਜਿਹੀ ਗੱਲ 'ਤੇ ਉਸ
ਨਾਲ ਨਰਾਜ ਹੋ ਗਈ ਸੀ…ਇਹ ਕੋਈ ਚੰਗੀ ਗੱਲ
ਤਾਂ ਨਹੀਂ ਸੀ। ਉਹ ਵੀ ਤਾਂ ਮੁੜ ਕੇ ਨਹੀਂ ਬਹੁੜਿਆ।
ਡਰਦਾ ਮਾਰਾ ਜਾਂ ਉਂਜ ਈ ਸੰਗ ਦਾ ਮਾਰਿਆ, ਕਹਿ
ਨਹੀਂ ਸਕਦੀ। ਜੋ ਵੀ ਹੋਵੇ, ਬੰਦਾ ਨਿਰਾ ਸੋਨਾ ਸੀ ਸੋਨਾ।
ਇਹੋ ਜਿਹੇ ਬੰਦੇ ਮਿਲਦੇ ਨੇ ਕਿਤੇ..! ਪੁਰਾਣੀਆਂ ਯਾਦਾਂ
ਦੇ ਨਾਲ ਜੁੜੀਆਂ ਭਾਵਨਾਵਾਂ ਦਾ ਹੜ੍ਹ ਰੋਕਿਆਂ ਨਹੀਂ
ਰੁਕ ਰਿਹਾ ਸੀ। ਉਹਦੀਆਂ ਅੱਖਾਂ ਵਿਚੋਂ ਪਰਲ ਪਰਲ
ਵਗਦੇ ਹੰਝੂ ਰੁਕ ਨਹੀਂ ਰਹੇ ਸਨ, ਗਲ੍ਹਾਂ 'ਤੇ ਵਗੀ
ਹੰਝੂਆਂ ਦੀ ਧਾਰਾ ਨੂੰ ਹੱਥ ਨਾਲ ਸਾਫ ਕਰਦਿਆਂ ਉਹ
ਮਕਾਨ ਦੀ ਰਜਿਸਟਰੀ ਦੇਖਣ ਲੱਗੀ…ਉਹਦੇ ਕੰਨਾਂ
ਵਿਚ ਇਕ ਵਾਰ ਫੇਰ ਦਿਨੇਸ਼ ਦੇ ਬੋਲ ਗੂੰਜੇ, ''ਜਿੰਦਗੀ
ਵਿਚ ਸਾਡੇ ਪਾਸ ਕਦੇ ਕੁਝ ਹੋਇਆ ਤਾਂ ਉਹ ਤਿਲ ਫੁੱਲ
ਜਨਾਬ ਦੀ ਭੇਟਾ ਕਰ ਦੇਵਾਂਗੇ।''
ਦੀਪਤੀ ਫਿਸ ਪਈ। ਉਹਦੇ ਹਉਕਿਆਂ ਡਰਾਇੰਗ
ਰੂਮ ਦੇ ਵਾਤਾਵਰਣ ਨੂੰ ਸੋਗਵਾਰ ਬਣਾ ਦਿੱਤਾ। ਉਸ
ਸਮੇਂ ਉਹ ਘਰ ਵਿਚ ਇਕੱਲੀ ਸੀ, ਕੌਣ ਉਸ ਨੂੰ ਚੁੱਪ
ਕਰਾਉਂਦਾ…ਕੌਣ ਦਿਲਾਸਾ ਦਿੰਦਾ…ਇਹ ਉਹਦਾ
ਆਪਣਾ ਦਰਦ ਸੀ…ਕੇਵਲ ਤੇ ਕੇਵਲ ਆਪਣਾ…
ਕਿਸੇ ਨਾਲ ਵੰਡਾਅ ਵੀ ਤਾਂ ਨਹੀਂ ਸਕਦੀ ਸੀ…ਉਹ
ਰੋਂਦੀ ਰਹੀ…ਉਸ ਸਮੇਂ ਤਕ…ਜਦ ਤਕ ਸ਼ਾਮਾਂ ਢਲ
ਨਾ ਗਈਆਂ। ਉਸ ਚਿਰੋਕਣੇ ਜਿਹੇ ਸੁਰਤ ਸੰਭਾਲੀ…
ਰਜਿਸਟਰੀ ਦੇ ਦਸਤਾਵੇਜ ਅਜੇ ਵੀ ਉਹਦੇ ਹੱਥ ਵਿਚ
ਸਨ। ਉਸ ਦਸਤਾਵੇਜ ਨੂੰ ਪਲੋਸਿਆ, ਨੀਝ ਨਾਲ ਉਸ
ਵੱਲ ਤੱਕਿਆ…ਕੁਝ ਦੇਰ ਬਾਅਦ ਉਹਦੇ ਬੁਲ੍ਹ ਫਰਕੇ,
''ਤਿਲ ਫੁੱਲ''…!''