Tinn Din Da Beimaan (Punjabi Story) : Savinder Singh Uppal
ਤਿੰਨ ਦਿਨ ਦਾ ਬੇਈਮਾਨ (ਕਹਾਣੀ) : ਸਵਿੰਦਰ ਸਿੰਘ ਉੱਪਲ
ਤੇ ਅਖ਼ੀਰ ਸਰਕਾਰੀ ਦਫ਼ਤਰ ਵਿਚ ਲੱਗੇ ਅਸਿਸਟੈਂਟ ਸਤਿੰਦਰ ਨਾਥ ਨੇ ਆਪਣਾ ਮਕਾਨ ਬਣਾਉਣ ਦੀ ਸਲਾਹ ਬਣਾ ਹੀ ਲਈ। ਦਿੱਲੀ ਵਿਚ ਜਿਸ ਕੋਲ ਆਪਣਾ ਆਵਾਜਾਈ ਦਾ ਸਾਧਨ, ਤੀਵੀਂ ਅਤੇ ਮਕਾਨ ਨਹੀਂ, ਉਸ ਦੀ ਇੱਥੇ ਕੋਈ ਜ਼ਿੰਦਗੀ ਨਹੀਂ। ਵਿਚਾਰੇ ਸਤਿੰਦਰ ਕੋਲ ਇਕ ਸਾਈਕਲ ਤਾਂ ਹੈ ਸੀ ਤੇ ਤਿੰਨ ਚਾਰ ਸਾਲ ਹੋਏ ਉਸ ਦੀ ਰੋਟੀ ਪਕਾਉਣ ਵਾਲੀ ਵੀ ਆ ਗਈ ਸੀ ਤੇ ਜੇ ਕੋਈ ਚੀਜ਼ ਇਹਨਾਂ ਵਿਚੋਂ ਉਸ ਕੋਲ ਆਪਣੀ ਨਹੀਂ ਸੀ ਤਾਂ ਕੇਵਲ ਮਕਾਨ ਤੇ ਮਕਾਨ ਨੇ ਹੀ, ਸੱਠ ਰੁਪਏ ਮਹੀਨਾ ਕਿਰਾਇਆ ਦੇਣ ਕਾਰਣ, ਉਸ ਦਾ ਕਚੂਮਰ ਕੱਢ ਸੁਟਿਆ ਸੀ। ਦੋ ਸੌ ਗਜ਼ ਦਾ ਪਲਾਟ ਤਾਂ ਉਸ ਭਲਿਆਂ ਵਕਤਾਂ ਵਿਚ ਪੰਜ ਰੁਪਏ ਗਜ਼ ਦੇ ਹਿਸਾਬ ਨਾਲ ਖ਼ਰੀਦਿਆ ਹੋਇਆ ਸੀ ਤੇ ਹੁਣ ਸਰਕਾਰ ਵਲੋਂ ਅੱਠ ਹਜ਼ਾਰ ਰੁਪਏ ਦਾ ਕਰਜ਼ਾ ਮਿਲ ਜਾਣ ਤੇ ਉਸ ਤਿੰਨ ਮਹੀਨੇ ਦੀ ਛੁੱਟੀ ਲੈ, ਮਕਾਨ ਬਣਾਉਣ ਦੀ ਸਲਾਹ ਪੱਕੀ ਕਰ ਲਈ ਸੀ। ਭਾਵੇਂ ਇਹ ਇਲਾਕਾ ਉਸ ਦੇ ਦਫ਼ਤਰ ਤੋਂ ਪੰਜ ਛੇ ਮੀਲ ਦੂਰ ਸੀ, ਪਰ ਇਸ ਤੋਂ ਬਿਨਾ ਹੋਰ ਕੋਈ ਉਸ ਕੋਲ ਚਾਰਾ ਵੀ ਨਹੀਂ ਸੀ।
ਖ਼ੁਸ਼ੀ ਦੇ ਹਰ ਸਮਾਗਮ ਦੇ ਆਰੰਭ ਵਾਂਗ ਮਕਾਨ ਸ਼ੁਰੂ ਕਰਨ ਵੇਲੇ ਵੀ ਮਨੁੱਖ ਬੜਾ ਖ਼ੁਸ਼ ਹੁੰਦਾ ਹੈ। ਆਪਣੇ ਉਸਰਦੇ ਮਕਾਨ ਨੂੰ ਤੱਕ—ਤੱਕ ਕੇ ਮਾਲਕ ਨੂੰ ਲਾਲੀਆਂ ਚੜ੍ਹਦੀਆਂ ਹਨ। ਪਰ ਸਾਧਾਰਨ ਆਮਦਨੀ ਵਾਲੇ ਮਨੁੱਖ ਦੀਆਂ ਮਾਇਕ ਥੁੜਾਂ ਪਹਿਲੀ ਵਾਰੀ ਮਾਂ ਬਣਨ ਵਾਲੀ ਤੀਵੀਂ ਦੀਆਂ ਪੀੜਾਂ ਵਾਂਗ, ਜਿਉਂ ਜਿਉਂ ਵਧਦੀਆਂ ਜਾਂਦੀਆਂ ਹਨ, ਸਾਰੇ ਦੇ ਸਾਰੇ ਚਾਅ ਖ਼ਤਮ ਹੋ ਜਾਂਦੇ ਹਨ। ਇਹੋ ਹਾਲ ਬਾਬੂ ਸਤਿੰਦਰ ਨਾਥ ਦਾ ਵੀ ਹੋਇਆ। ਭਾਵੇਂ ਉਸ ਦੇ ਬੈਂਕ ਵਿਚ ਦੋ ਹਜ਼ਾਰ ਰੁਪਏ ਹੈਸਨ ਤੇ ਅੱਠ ਹਜ਼ਾਰ ਰੁਪਿਆ ਸਰਕਾਰ ਤੋਂ ਕਰਜ਼ਾ ਮਿਲ ਗਿਆ ਸੀ, ਪਰ ਮਕਾਨ ਵਰਗੇ ਹਾਥੀ ਦਾ ਇਹਨਾਂ ਰੁਪਿਆਂ ਨਾਲ ਕੀ ਬਣਦਾ ਹੈ। ਫਿਰ ਜਿਸ ਦੇ ਸ਼ੌਂਕ ਬੜੇ ਉੱਚੇ ਤੇ ਵੀਚਾਰ ਬੜੇ ਸੁਹਜਾਤਮਕ ਹੋਣ, ਉਸ ਲਈ ਤਾਂ ਇਹ ਨਿਗੂਣੀ ਰਕਮ ਨਾਲ ਮਕਾਨ ਉਸਰਵਾਣਾ ਬੜਾ ਕਠਨ ਕੰਮ ਹੁੰਦਾ ਹੈ। ਸਤਿੰਦਰ ਨੇ ਭਾਵੇਂ ਸ਼ੁਰੂ ਤੋਂ ਹੀ ਆਪਣਾ ਹੱਥ ਖਿੱਚ ਕੇ ਰਖਿਆ ਸੀ ਤੇ ਹਰ ਚੀਜ਼ ਨੂੰ ਬਣਵਾਉਣ ਤੋਂ ਪਹਿਲਾਂ ਆਪਣੇ ਕੋਲ ਰਹਿ ਗਈ ਰਕਮ ਵੱਲ ਧਿਆਨ ਕਰ ਲੈਂਦਾ ਸੀ, ਪਰ ਫਿਰ ਵੀ ਰੁਪਏ ਇੰਜ ਗਾਇਬ ਹੋ ਰਹੇ ਸਨ ਜਿਵੇਂ ਕੋਲ ਜਾਣ ਤੇ ਤਲਾ ਕਿਨਾਰੇ ਬੈਠੇ ਡੱਡੂ।
ਉਸ ਦੀ ਧਰਮ ਪਤਨੀ ਊਸ਼ਾ ਚਾਹੁੰਦੀ ਸੀ ਕਿ ਓਹਨਾਂ ਦਾ ਮਕਾਨ ਮੁਹੱਲੇ ਦੇ ਸਾਰੇ ਮਕਾਨਾਂ ਤੋਂ ਚੰਗਾ ਉਸਰੇ। ਜਦੋਂ ਕਦੀ ਉਹ ਸਤਿੰਦਰ ਨਾਥ ਨੂੰ ਕਿਧਰੇ ਕਿਰਸ ਕਰਦਾ ਵੇਖਦੀ ਤਾਂ ਆਖੇ ਬਿਨਾਂ ਰਹਿ ਨਾ ਸਕਦੀ, “ਵੇਖੇ ਨਾ ਪਾਰ ਸਾਮ੍ਹਣੇ ਸੁਦੇਸ਼ ਹੋਰਾਂ ਦੀ ਕੋਠੀ ਕਿਤਨੀ ਵਧੀਆ ਬਣ ਰਹੀ ਹੈ !”
“ਓਹਨਾਂ ਦੀ ਗੱਲ ਛੱਡ, ਉਹ ਤਾਂ ਕਈ ਪਾਸਿਆਂ ਤੋਂ ਪੈਸੇ ਕੁਤਰਦੇ ਰਹਿੰਦੇ ਨੇ। ਅਸੀਂ ਘਟੋ ਘਟ ਇਮਾਨਦਾਰ ਤਾਂ ਹਾਂ।”
“ਚਟਦੇ ਰਹਿਣਾ ਇਸ ਆਪਣੀ ਇਮਾਨਦਾਰੀ ਨੂੰ”, ਤੇ ਬੁੜਬੁੜ ਕਰਦੀ ਉਹ ਉਸਰਦੇ ਮਕਾਨ ਵਿਚੋਂ ਬਾਹਰ ਨਿਕਲ ਜਾਂਦੀ।
ਸੁਦੇਸ਼ ਉਸ ਦੀ ਸਹੇਲੀ ਸੀ ਅਤੇ ਸਤਿੰਦਰ ਨਾਥ ਦੇ ਦੋਸਤ ਮਿਸਟਰ ਭਾਟੀਆ ਦੀ ਘਰਵਾਲੀ ਜੋ ਉਸੇ ਕਾਲੋਨੀ ਵਿਚਆਪਣੀ ਕੋਠੀ ਬਣਾ ਰਹੀ ਸੀ।
ਸਤਿੰਦਰ ਦੇ ਮਕਾਨ ਦੀਆਂ ਛੱਤਾਂ ਪੈ ਚੁਕੀਆਂ ਸਨ, ਪਲਸਤਰ ਹੋ ਚੁਕੇ ਸਨ ਤੇ ਹੁਣ ਫ਼ਰਸ਼ ਬਝ ਰਹੇ ਸਨ। ਜੇ ਕੁਝ ਰਹਿ ਗਿਆ ਸੀ ਤਾਂ ਬਸ ਉਪਰਲੀ ਟੀਪ ਟਾਪ—ਦਰਵਾਜ਼ਿਆਂ ਨੂੰ ਸ਼ੀਸ਼ੇ ਲਗਣੇ, ਅਲਮਾਰੀਆਂ ਬਣਨੀਆਂ, ਗਰਿਲਾਂ ਜੜਵਾਣੀਆਂ ਆਦਿ ਤੇ ਏਹ ਹੀ ਚੀਜ਼ਾਂ ਸਨ ਜਿਨ੍ਹਾਂ ਦਾ ਖ਼ਰਚਾ ਸਤਿੰਦਰ ਨੂੰ ਤੰਗ ਕਰ ਰਿਹਾ ਸੀ। ਪੈਸਾ ਤਕਰੀਬਨ ਖ਼ਤਮ ਹੋ ਚੁੱਕਾ ਸੀ ਜਿਸ ਕਾਰਨ ਮਾਇਕ—ਤੰਗੀ ਦੀ ਡਾਇਣ ਦੂਰੋਂ ਮੂੰਹ ਅੱਡੀ ਆਉਂਦੀ ਉਸ ਨੂੰ ਨਜ਼ਰ ਆ ਰਹੀ ਸੀ। ਮਕਾਨ ਨੂੰ ਅੱਧ—ਪਚੱਧਾ ਛੱਡਦਾ ਵੀ ਬੜੀ ਨਮੋਸ਼ੀ ਦੀ ਗੱਲ ਸੀ ਕਿਉਂ ਜੋ ਹੁਣ ਉਨ੍ਹਾਂ ਸਾਰੀ ਜ਼ਿੰਦਗੀ ਇਸੇ ਮੁਹੱਲੇ ਵਿਚ ਰਹਿਣਾ ਸੀ। ਕਰਾਏ ਦੇ ਮਕਾਨਾਂ ਵਾਲੀ ਗੱਲ ਨਹੀਂ ਸੀ ਕਿ ਕਦੀ ਕੋਈ ਗਵਾਂਢੀ ਤੇ ਕਦੀ ਕੋਈ !
ਸਤਿੰਦਰ ਇਕੱਲਾ ਹੋਣ ਕਾਰਨ ਵਿਚਾਰਾ ਸਾਰਾ ਦਿਨ ਧੁਪੇ ਛੱਤਰੀ ਲੈ, ਜਾਂ ਮਿਸਤਰੀਆਂ ਦੇ ਸਿਰ ਉੱਤੇ ਖਲੋਤਾ ਰਹਿੰਦਾ ਤੇ ਜਾਂ ਉਸਾਰੀ ਦਾ ਸਾਮਾਨ ਲਿਆਉਣ ਲਈ ਨਸ ਭੱਜ ਕਰਦਾ ਰਹਿੰਦਾ। ਗਰਮੀਆਂ ਦੇ ਕੜਾਕਵੇਂ ਦਿਨ, ਇਕੱਲਾ ਕਮਾਊ ਸਰੀਰ ਤੇ ਫਿਰ ਤਕਰੀਬਨ ਖ਼ਾਲੀ ਹੋ ਚੁਕੀਆਂ ਜੇਬਾਂ ਉਸ ਨੂੰ ਬਹੁਤ ਹੀ ਘਬਰਾ ਦੇਂਦੀਆਂ। ਕਦੀ ਕਦੀ ਤਾਂ ਉਹ ਬਹੁਤ ਉਦਾਸ ਹੋ ਜਾਂਦਾ। ਹਾਲਤ ਇਹ ਸੀ ਕਿ ਉਹ ਤਾਂ ਛੱਡਣ ਨੂੰ ਤਿਆਰ ਸੀ, ਪਰ ਹੁਣ ਕੰਬਲ ਹੀ ਉਸ ਨੂੰ ਨਹੀਂ ਸੀ ਛੱਡਦਾ। ਸੱਚ ਕਹਿੰਦੇ ਹਨ ਕਿ ਵਿਆਹ, ਮਕਾਨ ਤੇ ਮੁਕੱਦਮੇ ਵਿਚ ਫਸ ਕੇ ਬੰਦਾ ਨਾ ਅੱਗੇ ਦਾ ਰਹਿੰਦਾ ਹੈ ਤੇ ਨਾ ਪਿੱਛੇ ਦਾ। ਤੇ ਆਖ਼ਰ ਜਿਨ੍ਹਾਂ ਨੇ ਉਸ ਤੋਂ ਪੈਸੇ ਲੈਣੇ ਸਨ ਉਹ ਕਿਤਨੇ ਕੁਝ ਦਿਨ ਟਾਲੇ ਜਾ ਸਕਦੇ ਸਨ। ਮਿਸਤਰੀ ਸਾਫ਼ ਆਖ ਦਿੱਤਾ ਸੀ, “ਬਾਊ ਜੀ ਪਿਛਲੇ ਸਾਰੇ ਪੈਸੇ ਚੁਕਾਉ ਨਹੀਂ ਤਾਂ ਮੈਨੂੰ ਦੂਜਾ ਤਰੀਕਾ ਵਰਤਣਾ ਪਏਗਾ।” ਇੱਟਾਂ ਵਾਲੇ ਦੇ ਭਾਵੇਂ ਥੋੜ੍ਹੇ ਹੀ ਪੈਸੇ ਰਹਿੰਦੇ ਸਨ, ਪਰ ਦੋ ਚਾਰ ਵਾਰੀ ਟਾਲਣ ਕਾਰਨ ਉਸ ਦੀ ਗੱਲ ਤਾਂ ਉਸ ਨੂੰ ਸੁਣਨੀ ਪਈ ਸੀ, “ਜੇਬ ਵਿਚ ਪੈਸੇ ਤੇ ਹੁੰਦੇ ਨਹੀਂ ਤੇ ਲੋਕੀਂ ਮਕਾਨ ਬਣਵਾਣੇ ਸ਼ੁਰੂ ਕਰ ਦਿੰਦੇ ਨੇ।”
ਕਿਸੇ ਸਿਆਣੇ ਸੱਚ ਕਿਹਾ ਹੈ ਕਿ ਕਿਸੇ ਵਸਤੂ ਦੇ ਮੁੱਕਣ ਤੇ ਉਸ ਦੀਆਂ ਘਰੋੜੀਆਂ ਵੀ ਆਸਰਾ ਬਣ ਜਾਂਦੀਆਂ ਹਨ। ਇਹੋ ਗੱਲ ਸਤਿੰਦਰ ਨਾਥ ਦੀ ਸੀ। ਸੈਂਕੜੇ ਰੁਪਏ ਖ਼ਰਚਣ ਵਾਲਾ ਸਤਿੰਦਰ ਹੁਣ ਆਨੇ ਦੁਆਨੀਆਂ ਨੂੰ ਬੜਾ ਸੋਚ ਸੋਚ ਕੇ ਖ਼ਰਚਦਾ।
ਇਕ ਦਿਨ ਉਸ ਨੂੰ ਖ਼ਿਆਲ ਆਇਆ ਕਿ ਡਾਕਖ਼ਾਨੇ ਵਿਚ ਉਸ ਦੇ ਕੁਝ ਪੈਸੇ ਪਏ ਹਨ। ਡਾਕਖ਼ਾਨੇ ਦੀ ਕਾਪੀ ਲੱਭੀ ਗਈ ਜਿਸ ਵਿਚ ਪੰਝੀ ਰੁਪਏ ਬਕਾਇਆ ਲਿਖੇ ਪਏ ਸਨ। ਕੋਈ ਡੇਢ ਦੋ ਸਾਲ ਤੋਂ ਉਸ ਡਾਕਖ਼ਾਨੇ ਵਿਚ ਨਾ ਕੁਝ ਜਮ੍ਹਾਂ ਕਰਾਇਆ ਸੀ ਅਤੇ ਨਾ ਹੀ ਕੁਝ ਕਢਵਾਇਆ ਸੀ। ਨਾਲੇ ਪੰਝੀ ਰਹਿ ਚੁਕੇ ਰੁਪਿਆਂ ਵਿਚੋਂ ਅੱਗੇ ਕਢਵਾਉਣ ਦਾ ਸੁਆਲ ਹੀ ਨਹੀਂ ਸੀ ਉਠਦਾ। ਮਕਾਨ ਸ਼ੁਰੂ ਕਰਵਾਉਣ ਤੋਂ ਪਹਿਲਾਂ ਉਸ ਦਾ ਗੁਜ਼ਾਰਾ ਚੰਗਾ ਚਲ ਰਿਹਾ ਸੀ। ਜੇ ਕਦੀ ਕੁਝ ਰੁਪਏ ਲੋੜ ਪੈਂਦੇ ਤਾਂ ਬੈਂਕੋਂ ਕਢਾ ਲੈਂਦਾ ਜੋ ਉਸ ਦੇ ਦਫ਼ਤਰ ਦੇ ਨੇੜੇ ਸੀ। ਸੱਚ ਪੁਛੋ ਤਾਂ ਉਸ ਨੂੰ ਏਹਨਾਂ ਪੰਝੀਆਂ ਰੁਪਿਆਂ ਦਾ ਅੱਜ ਤੀਕ ਖ਼ਿਆਲ ਹੀ ਨਹੀਂ ਸੀ ਕਦੀ ਆਇਆ। ਬੇਪਰਵਾਹ ਸੁਭਾ ਹੋਣ ਕਾਰਣ ਉਸ ਕਦੀ ਪਹਿਲਾਂ ਸੋਚਿਆ ਹੀ ਨਹੀਂ ਸੀ ਕਿ ਉਥੇ ਉਸ ਦੀ ਕਿਤਨੀ ਰਕਮ ਬਕਾਇਆ ਹੈ। ਪਰ ਅੱਜ ਉਸ ਨੂੰ ਪੰਝੀਆਂ ਦੀ ਰਕਮ ਵੀ ਬੜੀ ਵੱਡੀ ਜਾਪ ਰਹੀ ਸੀ। ਕਾਲੋਨੀ ਦੇ ਡਾਕਖ਼ਾਨੇ ਵਿਚ ਜਾ ਕੇ ਉਸ ਆਪਣੇ ਹਿਸਾਬ ਦੀ ਤਬਦੀਲੀ ਲਈ ਫ਼ਾਰਮ ਭਰ ਦਿੱਤਾ ਤੇ ਡਾਕਖ਼ਾਨੇ ਦੀ ਕਾਪੀ ਵੀ ਜਮ੍ਹਾ ਕਰਾ ਆਇਆ।
ਹਫ਼ਤੇ ਵਿਚ ਉਹ ਦੋ ਵਾਰੀ ਪਤਾ ਕਰਨ ਗਿਆ, ਪਰ ਕਾਪੀ ਹਾਲਾਂ ਨਹੀਂ ਸੀ ਮੁੜੀ। ਹਫ਼ਤੇ ਪਿਛੋਂ ਇਸ ਨੂੰ ਕਾਪੀ ਮਿਲੀ। ਜਦੋਂ ਉਸ ਕਾਪੀ ਖੋਲ੍ਹ ਕੇ ਵੇਖੀ ਤਾਂ ਹੈਰਾਨ ਰਹਿ ਗਿਆ। ਡਾਕਖ਼ਾਨੇ ਵਾਲਿਆਂ ਬਕਾਇਆ ਰਕਮ ਇਕ ਸੌ ਅਠਾਈ ਰੁਪਏ ਪੰਜਾਹ ਪੈਸੇ ਬਣਾ ਦਿੱਤੀ ਸੀ। ਉਸ ਦਾ ਦਿਲ ਕੀਤਾ ਕਿ ਡਾਕਖ਼ਾਨੇ ਦੇ ਬਾਊ ਨੂੰ ਇਹ ਗ਼ਲਤੀ ਸੋਧਣ ਲਈ ਆਖੇ, ਪਰ ਫਿਰ ਸੋਚਣ ਲੱਗਾ ਭਗਵਾਨ ਆਪ ਬੋਹੜਿਆ ਹੈ। ਇਸ ਸਮੇਂ ਮੈਨੂੰ ਪੈਸੇ ਪੈਸੇ ਦੀ ਲੋੜ ਹੈ। ਮੇੇਰੇ ਵਰਗਾ ਬੇਵਕੂਫ਼ ਕੌਣ ਹੋਵੇਗਾ ਜੋ ਆਪ ਭੁਖਾ ਮਰ ਰਿਹਾ ਹੋਵੇ ਤੇ ਆਈ ਲਕਸ਼ਮੀ ਨੂੰ ਆਪ ਧੱਕੇ ਦੇਵੇ।
ਕਿਤਨਾ ਚਿਰ ਉਹ ਉਸ ਜਕੋਤਕੀ ਵਿਚ ਪਿਆ ਰਿਹਾ, ਪਰ ਉਹ ਕੋਈ ਨਿਸ਼ਚਤ ਫੈਸਲਾ ਨਾ ਕਰ ਸਕਿਆ ਤੇ ਬਿਨਾ ਕੁਝ ਕਹੇ ਡਾਕਖ਼ਾਨੇ ਦੀ ਕਾਪੀ ਲੈ ਕੇ ਘਰ ਵਲ ਤੁਰ ਪਿਆ।
ਸਾਰਾ ਰਸਤਾ ਉਹ ਸੋਚਦਾ ਰਿਹਾ। ਇਸ ਇਕ ਸੌ ਅਠਾਈ ਨਾਲ ਮਿਸਤਰੀ ਦੇ ਪੈਸੇ ਦੇ ਸਕਾਂਗਾ, ਇੱਟਾਂ ਵਾਲੇ ਦੇ ਮੂੰਹ ਉੱਤੇ ਵੀ ਸੱਠ ਰੁਪਏ ਮਾਰ ਸਕਾਂਗਾ। ਉਹ ਨਵਾਬ ਦਾ ਪੁੱਤਰ ਵੀ, ਭਾਵੇਂ ਆਪ ਝੁੱਗੇ ’ਚੋਂ ਅੱਸੀ ਰੁਪਏ ਦਾ ਮੁਨਸ਼ੀ ਹੀ ਹੈ, ਪਰ ਉਸ ਦਿਨ ਕਿਵੇਂ ਆਕੜ ਆਕੜ ਕੇ ਗੱਲਾਂ ਕਰਦਾ ਸੀ। ਚਲੋ ਸਾਡਾ ਹੋਰ ਕੋਈ ਨਹੀਂ ਤਾਂ ਭਗਵਾਨ ਤੇ ਹੈ। ਜਦੋਂ ਭਗਵਾਨ ਦੇਂਦਾ ਹੈ, ਤਾਂ ਛੱਤ ਪਾੜ ਕੇ ਦੇਂਦਾ ਹੈ।
ਘਰ ਪਹੁੰਚ ਕੇ ਉਸ ਦਾ ਦਿਲ ਕੀਤਾ ਕਿ ਇਹ ਖ਼ੁਸ਼ਖ਼ਬਰੀ ਆਪਣੀ ਧਰਮ ਪਤਨੀ ਨੂੰ ਸੁਣਾਏ, ਪਰ ਫਿਰ ਕੁਝ ਝਿਜਕ ਗਿਆ। ਕੀ ਜਿਸ ਅੱਗੇ ਮੈਂ ਅੱਜ ਤੀਕ ਆਪਣੀ ਦਿਆਨਤਦਾਰੀ ਦੀਆਂ ਡੀਂਗਾਂ ਮਾਰਦਾ ਰਿਹਾ ਹਾਂ, ਅੱਜ ਉਸੇ ਦੀਆਂ ਨਜ਼ਰਾਂ ਵਿਚ ਸੌ ਰੁਪਏ ਪਿਛੇ ਬੇਈਮਾਨ ਬਣ ਕੇ ਜ਼ਲੀਲ ਹੋਵਾਂ। ਨਹੀਂ, ਇਹ ਗੱਲ ਮੈਂ ਕਦੀ ਵੀ ਨਹੀਂ ਕਰਨੀ। ਨਾਲੇ ਉਸ ਨੂੰ ਇਹ ਭੇਦ ਦੱਸਣ ਦਾ ਕੋਈ ਲਾਭ ਵੀ ਤੇ ਨਹੀਂ।
ਪਰ ਥੋੜ੍ਹੀ ਦੇਰ ਪਿਛੋਂ ਹੀ ਮਾਨਸਕ ਤਕੜੀ ਦਾ ਛਾਬਾ ਪਲਟ ਗਿਆ। ਉਹ ਸੋਚਣ ਲੱਗਾ ਈਮਾਨਦਾਰੀ ਤੇ ਬੇਈਮਾਨੀ ਦੋਵੇਂ ਨਾਲੋ ਨਾਲ ਚਲਦੇ ਦੋ ਰਸਤੇ ਹਨ। ਕਦਮ ਇਧਰ ਪਾਉਂਦੇ ਰਹਿਣ ਨਾਲ ਮਨੁੱਖ ਈਮਾਨਦਾਰ ਰਹਿੰਦਾ ਹੈ, ਪਰ ਇਹ ਕਦਮ ਵੀ ਉਧਰ ਪੈ ਜਾਣ ਨਾਲ ਮਨੁੱਖ ਬੇਈਮਾਨ ਬਣ ਜਾਂਦਾ ਹੈ। ਮੇਰੇ ਵਰਗਾ ਮੁੱਢ ਤੋਂ ਦਿਆਨਤਦਾਰੀ ਦੇ ਦਮਗਜੇ ਮਾਰਨ ਵਾਲਾ ਮਨੁੱਖ ਵੀ ਅੱਜ ਕੇਵਲ ਸੌ ਛਿਲੜਾਂ ਦੀ ਮਾਮੂਲੀ ਜਹੀ ਰਕਮ ਲਈ ਜ਼ਲੀਲ ਹੋਣ ਨੂੰ ਤਿਆਰ ਹੋ ਗਿਆ ਹੈ। ਮੇਰੀ ਜ਼ਲਾਲਤ ਦਾ ਅੰਦਾਜ਼ਾ ਇਸੇ ਗੱਲ ਤੋਂ ਹੀ ਲਾਇਆ ਜਾ ਸਕਦਾ ਹੈ ਕਿ ਅੱਜ ਮੈਂ ਪਹਿਲੀ ਵਾਰੀ ਆਪਣੀ ਪਤਨੀ ਤੋਂ ਕੋਈ ਗੱਲ ਲਕੋ ਕੇ ਰਖਣਾ ਜ਼ਰੂਰੀ ਸਮਝਦਾ ਹਾਂ। ਇਸ ਤੋਂ ਵਧ ਮੇਰਾ ਹੋਰ ਕੌਣ ਨਜ਼ਦੀਕੀ ਹੋ ਸਕਦਾ ਹੈ ਤੇ ਮੈਂ ਆਪਣੇ ਸਭ ਤੋਂ ਨਜ਼ਦੀਕੀ ਮਨੁੱਖ ਨੂੰ ਵੀ ਇਹ ਗੱਲ ਨਹੀਂ ਦਸਣਾ ਚਾਹੁੰਦਾ। ਮੇਰੇ ਅੰਦਰ ਸ਼ੈਤਾਨ ਆ ਵੜਿਆ ਹੈ ਜੋ ਮੈਨੂੰ ਮੇਰੀ ਪਤਨੀ ਤੋਂ ਦੂਰ ਲੈ ਜਾਣਾ ਚਾਹੁੰਦਾ ਹੈ। ਇਹ ਸੌ ਰੁਪਿਆ ਪਾਪ ਦੀ ਜੜ੍ਹ ਬਣ ਕੇ ਮੇਰੀ ਆਤਮਾ ਰੂਪੀ ਧਰਤੀ ਵਿਚ ਹਮੇਸ਼ਾਂ ਲਈ ਥਾਂ ਬਣਾਉਣਾ ਚਾਹੁੰਦਾ ਹੈ ਤਾਂ ਜੋ ਇਹ ਮੈਨੂੰ ਹਰ ਭੈੜੀ ਗੱਲ ਕਰਾਉਣ ਵੇਲੇ ਇਹ ਬੇਈਮਾਨੀ ਚੇਤੇ ਕਰਾ ਕੇ ਹਮੇਸ਼ਾਂ ਹਮੇਸ਼ਾਂ ਲਈ ਦਬੋਚ ਸਕੇ। ਨਹੀਂ ਨਹੀਂ ਮੈਂ ਇੰਜ ਨਹੀਂ ਹੋਣ ਦਿਆਂਗਾ।
ਤੇ ਫਿਰ ਉਹ ਆਪਣੀ ਧਰਮ ਪਤਨੀ ਨਾਲ ਇਹ ਭੇਦ ਸਾਂਝਾ ਕਰਨ ਲਈ ਰਸੋਈ ਵਿਚ ਚਲਾ ਗਿਆ। ਪਰ ਉਹ ਰਸੋਈ ਵਿਚ ਨਹੀਂ ਸੀ। ਉਹ ਮੁੜ ਕੇ ਫਿਰ ਕਮਰੇ ਵਿਚ ਆ ਗਿਆ ਤੇ ਉਸ ਸੋਚ ਘੋੜੇ ਦੀਆਂ ਵਾਗਾਂ ਫਿਰ ਖੁਲ੍ਹੀਆਂ ਛੱਡ ਦਿੱਤੀਆਂ। ਪਰ ਪਤਨੀ ਨੂੰ ਦਸਣ ਨਾਲੋਂ ਤਾਂ ਮੈਨੂੰ ਚਾਹੀਦਾ ਹੈ ਕਿ ਡਾਕਖ਼ਾਨੇ ਦੇ ਬਾਊ ਨੂੰ ਜਾ ਕੇ ਆਖਾਂ। ਬੇਈਮਾਨ ਤਾਂ ਮੈਂ ਬਣ ਚੁਕਾ ਹਾਂ। ਪਤਨੀ ਦੀਆਂ ਨਜ਼ਰਾਂ ਵਿਚ ਹੁਣ ਮੈਂ ਆਪਣੀ ਇਹ ਬੇਈਮਾਨ—ਨੀਅਤ ਦਸ ਕੇ ਈਮਾਨਦਾਰ ਕਿਵੇਂ ਬਣ ਸਕਦਾ ਹਾਂ। ਚਾਰ ਸਾਲ ਬੇਈਮਾਨ ਨੀਅਤ ਰਖਣ ਵਾਲਾ ਵੀ ਬੇਈਮਾਨ ਤੇ ਚਾਰ ਘੰਟੇ ਵਾਲਾ ਵੀ। ਜੇ ਮੈਂ ਸੱਚਮੁੱਚ ਦਾ ਈਮਾਨਦਾਰ ਹੁੰਦਾ ਤਾਂ ਉਸੇ ਵੇਲੇ ਹੀ ਡਾਕਖ਼ਾਨੇ ਦੇ ਬਾਊ ਨੂੰ ਸਾਰੀ ਗੱਲ ਦਸ ਦਿੰਦਾ।
ਫਿਰ ਉਸ ਡਾਕਖ਼ਾਨੇ ਦੀ ਕਾਪੀ ਖੋਲ੍ਹੀ ਅਤੇ ਲਿਖੇ ਹਿਸਾਬ ਦਾ ਅਖ਼ੀਰਲਾ ਵਰਕਾ ਪੜਿ੍ਹਆ। ਪੰਝੀ ਰੁਪਏ ਵਿਚ ਤਿੰਨ ਰੁਪਏ ਪੰਜਾਹ ਨਵੇਂ ਪੈਸੇ ਸੂਦ ਦੇ ਜਮ੍ਹਾਂ ਕਰਕੇ ਜੋੜ ਅਠਾਈ ਰੁਪਏ ਪੰਜਾਹ ਨਵੇਂ ਪੈਸੇ ਲਿਖਣ ਦੀ ਥਾਂ ਗਲਤੀ ਨਾਲ ਇਕ ਸੌ ਅਠਾਈ ਰੁਪਏ ਪੰਜਾਹ ਨਵੇਂ ਪੈਸੇ ਲਿਖੇ ਹੋਏ ਸਨ। ਵਿਚਾਰੇ ਕਲਰਕ ਦੀ ਹੀ ਨਾ ਕਿਧਰੇ ਗਰੀਬਮਾਰ ਹੋ ਜਾਏ। ਉਸ ਨੂੰ ਤਨਖ਼ਾਹ ਹੀ ਡੇਢ ਸੌ ਮਿਲਦੀ ਹੋਣੀ ਹੈ। ਜੇ ਉਸ ਦੀ ਤਨਖ਼ਾਹ ਵਿਚੋਂ ਇਹ ਸੌ ਰੁਪਿਆ ਕਟਿਆ ਗਿਆ ਤਾਂ ਵਿਚਾਰੇ ਦਾ ਕੀ ਹਾਲ ਹੋਏਗਾ। ਨਹੀਂ ਨਹੀਂ ਮੈਨੂੰ ਇਕ ਕਲਰਕ ਭਰਾ ਦਾ ਪੇਟ ਇੰਜ ਜਾਣ ਬੁਝ ਕੇ ਨਹੀਂ ਕਟਣਾ ਚਾਹੀਦਾ ਤੇ ਉਸ ਦਾ ਦਿਲ ਕੀਤਾ ਕਿ ਹੁਣੇ ਹੀ ਡਾਕਖ਼ਾਨੇ ਚਲਾ ਜਾਏ, ਪਰ ਘੜੀ ਵਲ ਜਦੋਂ ਉਸ ਵੇਖਿਆ ਸ਼ਾਮ ਦੇ ਛੇ ਵਜ ਚੁਕੇ ਸਨ। ਇਸ ਸਮੇਂ ਤਾਂ ਡਾਕਖ਼ਾਨਾ ਬੰਦ ਹੋ ਚੁਕਾ ਹੋਣਾ ਹੈ। ਨਾਲੇ ਅੱਜ ਤਾਂ ਸ਼ਨਿਚਰਵਾਰ ਵੀ ਹੈ। ਬਾਕੀ ਰਹੀ ਪਤਨੀ ਨੂੰ ਦੱਸਣ ਦੀ ਗੱਲ, ਉਸ ਨੂੰ ਗੱਲ ਦੱਸਣੀ ਠੀਕ ਨਹੀਂ। ਜ਼ਨਾਨੀਆਂ ਦਾ ਕੁਝ ਪਤਾ ਨਹੀਂ। ਕਿਧਰੇ ਆਂਢ ਗੁਆਂਢ ਗੱਲ ਹੀ ਨਾ ਕਰ ਦੇਵੇ। ਪੈਸੇ ਮੋੜ ਕੇ ਦੇਣ ਤੇ ਵੀ ਐਵੇਂ ਬਦਨਾਮ ਹੋ ਜਾਵਾਂਗਾ। ਕਲ੍ਹ ਐਤਵਾਰ ਹੈ ਤੇ ਪਰਸੋਂ ਸਵੇਰੇ ਸਵੇਰੇ ਡਾਕਖ਼ਾਨੇ ਜਾ ਕੇ ਬਾਊ ਨੂੰ ਕਹਿ ਆਵਾਂਗਾ।
ਐਤਵਾਰ ਸਵੇਰੇ ਹਾਲਾਂ ਉਹ ਜਾਗਿਆ ਹੀ ਸੀ ਕਿ ਕੰਮ ਬੰਦ ਰਹਿਣ ਕਾਰਨ ਕਿਤਨੇ ਦਿਨਾਂ ਪਿਛੋਂ ਮਿਸਤਰੀ ਨੇ ਆ ਸ਼ਕਲ ਦੱਸੀ। ਆਉਂਦਿਆਂ ਸਾਰ ਉਸ ਅਵਾਜ਼ਾ ਕਸਿਆ, “ਬਾਊ ਜੀ, ਸਾਡੇ ਪੈਸਿਆਂ ਦਾ ਕੋਈ ਇੰਤਜ਼ਾਮ ਹੋਇਐ ਕਿ ਨਹੀਂ।”
ਸਤਿੰਦਰ ਨਾਥ ਦਾ ਦਿਲ ਕੀਤਾ ਕਿ ਉਠ ਕੇ ਉਸ ਬੇਸਮਝ ਤੇ ਜਾਹਲ ਦੇ ਮੂੰਹ ਉੱਤੇ ਦੋ ਤਿੰਨ ਚਪੇੜਾਂ ਜੜ ਦੇਵੇ ਜਿਸ ਨੂੰ ਗੱਲ ਕਰਨ ਦੀ ਵੀ ਤਮੀਜ਼ ਨਹੀਂ ਸੀ। ਪਰ ਚੂੰਕਿ ਉਸ ਇਸ ਦੇ ਪੈਸੇ ਦੇਣੇ ਸਨ ਤੇ ਗੱਲ ਵਧਾਣ ਵਿਚ ਆਪਣੀ ਹੀ ਬੇਇੱਜ਼ਤੀ ਸੀ, ਇਸ ਕਾਰਨ ਉਹ ਸਭ ਗੁੱਸਾ ਪੀ ਗਿਆ ਅਤੇ ਬੜੇ ਠਰ੍ਹੰਮੇ ਨਾਲ ਬੋਲਿਆ, “ਕਲ੍ਹ ਆ ਕੇ ਪੈਸੇ ਲੈ ਜਾਈਂ ਤੇ ਰਹਿੰਦਾ ਕੰਮ ਵੀ ਦੋ ਚਾਰ ਦਿਨਾਂ ’ਚ ਮੁਕਾਉਣ ਦੀ ਕਰ।”
“ਠੀਕ ਏ, ਕਲ੍ਹ ਪਹਿਲੀ ਤਾਰੀਖ ਜੋ ਹੋਈ।” ਤੇ ਉਹ ਬਾਊ ਸਤਿੰਦਰ ਨਾਥ ਉੱਤੇ ਵਿਅੰਗ ਕਰ ਕੇ ਚਲਾ ਗਿਆ।
ਸਤਿੰਦਰ ਸੋਚਿਆ ਕਿਹੋ ਜਿਹੇ ਜਾਹਲਾਂ ਨਾਲ ਵਾਹ ਪੈ ਗਿਆ ਹੈ। ਇਹਨਾਂ ਦੋ ਦੋ ਪੈਸੇ ਦੇ ਬੰਦਿਆਂ ਦੀ ਵੀ ਕਿਤਨੀ ਆਕੜ ਹੈ। ਪਰ ਉਹ ਮਜਬੂਰ ਸੀ। ਮਰਦਾ ਕੀ ਨਾ ਕਰਦਾ। ਪੈਸੇ ਦੀ ਘਾਟ ਦੀ ਲਾਅਨਤ ਉਸ ਨੂੰ ਸਭ ਕੁਝ ਸਹਿਣ ਲਈ ਮਜਬੂਰ ਕਰ ਰਹੀ ਸੀ।
ਮਿਸਤਰੀ ਨਾਲ ਕੀਤੇ ਇਕਰਾਰ ਨੇ ਉਸ ਨੂੰ ਫਿਰ ਡਾਕਖ਼ਾਨੇ ਵਾਲੀ ਗੱਲ ਉੱਤੇ ਸੋਚ ਵਿਚਾਰ ਕਰਨ ਲਈ ਪਰੇਰਿਆ। ਮੇਰੀਆਂ ਫ਼ੈਲ—ਸੂਫ਼ੀਆਂ ਨੇ ਹੀ ਮੈਨੂੰ ਮਾਰਿਆ ਹੈ। ਮੇਰੇ ਵਰਗਾ ਡਰਪੋਕ ਕੌਣ ਹੋਣਾ ਹੈ ਜਿਹੜਾ ਸੌ ਰੁਪਿਆ ਵੀ ਨਹੀਂ ਪਚਾ ਸਕਦਾ। ਕਿਤਨਾ ਜਿਗਰਾ ਹੋਣਾ ਹੈ ਓਹਨਾਂ ਲੋਕਾਂ ਦਾ ਜਿਹੜੇ ਹਜ਼ਾਰਾਂ ਉੱਤੇ ਡਕਾਰ ਮਾਰ ਜਾਂਦੇ ਹਨ ਤੇ ਗੱਲ ਦਾ ਧੂੰ ਤਕ ਨਹੀਂ ਨਿਕਲਣ ਦਿੰਦੇ। ਕਲ੍ਹ ਤਾਰੀਖ ਤਾਂ ਜ਼ਰੂਰ ਪਹਿਲੀ ਹੈ, ਪਰ ਤਨਖ਼ਾਹ ਨੂੰ ਹੜਪ ਕਰਨ ਲਈ ਖ਼ਰਚੇ ਅੱਗੇ ਹੀ ਮੂੰਹ ਅੱਡੀ ਖਲੋਤੇ ਹਨ। ਸੱਠ ਰੁਪਏ ਇੱਟਾਂ ਵਾਲੇ ਦੇ, ਪੰਜਾਹ ਰੁਪਏ ਮਿਸਤਰੀ ਦੇ, ਚਾਲ੍ਹੀ ਰੁਪਏ ਰੇਤੇ ਵਾਲੇ ਦੇ, ਚਾਲ੍ਹੀ ਰੁਪਏ ਚੂਨੇ ਵਾਲੇ ਦੇ, ਤੀਹ ਪੈਂਤੀ ਦੁਕਾਨਦਾਰ ਦੇ ਜਿਸ ਕੋਲੋਂ ਸਾਰਾ ਮਹੀਨਾ ਉਧਾਰ ਖਾਧਾ ਹੈ ਤੇ ਅੱਗੋਂ ਖਾਣਾ ਹੈ। ਇਸ ਤਰ੍ਹਾਂ ਸਾਰੀ ਤਨਖ਼ਾਹ ਖ਼ਤਮ।
ਪਤਨੀ ਦੇ ਆਖਣ ਉੱਤੇ ਉਹ ਸਬਜ਼ੀ ਲੇਣ ਇਹਨਾਂ ਹੀ ਸੋਚਾਂ ਨੂੰ ਨਾਲ ਲੈ ਕੇ ਚਲਾ ਗਿਆ। ਸਬਜ਼ੀ ਲੈਣ ਪਿਛੋਂ ਭੀੜ ਭੜੱਕਾ ਹੋਣ ਕਾਰਨ, ਦੁਕਾਨਦਾਰ ਨੇ ਚੁਕਾਏ ਭਾਅ ਦੇ ਹਿਸਾਬ ਨਾਲ ਬਣਦੇ ਪੈਸਿਆਂ ਨਾਲੋਂ ਦਸ ਨਵੇਂ ਪੈਸੇ ਘਟ ਦਸੇ ਅਤੇ ਇਸ ਝਟਪਟ ਪੈਸੇ ਦੇਣ ਦੀ ਕੀਤੀ ਤਾਂ ਜੋ ਉਸ ਨੂੰ ਕਿਧਰੇ ਆਪਣੀ ਭੁਲ ਚੇਤੇ ਨਾ ਆ ਜਾਏ। ਦਸ ਪੈਸੇ ਮਾਰਨ ਉੱਤੇ, ਉਹ ਰਸਤੇ ਵਿਚ ਬੜਾ ਖ਼ੁਸ਼ ਹੋਇਆ, ਪਰ ਪਿਛੋਂ ਉਸ ਆਪਣੇ ਆਪ ਨੂੰ ਲਾਅਨਤ ਪਾਉਣੀ ਸ਼ੁਰੂ ਕਰ ਦਿੱਤੀ ਕਿ ਮੈਂ ਇਤਨਾ ਗਿਰ ਗਿਆ ਹਾਂ ਕਿ ਹੁਣ ਸੌ ਤੋਂ ਡਿਗ ਕੇ ਦਸਾਂ ਦਸਾਂ ਪੈਸਿਆਂ ਦੀ ਝਖ ਮਾਰਨ ਲੱਗ ਪਿਆ ਹਾਂ। ਸ਼ੈਤਾਨ ਨੇ ਸੱਚਮੁਚ ਮੇਰੀ ਜ਼ਮੀਰ ਉੱਤੇ ਕਬਜ਼ਾ ਕਰ ਲਿਆ ਹੈ ਤੇ ਪਤਾ ਨਹੀਂ ਇਹ ਮੈਨੂੰ ਕਿਤਨਾ ਕੁਝ ਹੋਰ ਜ਼ਲੀਲ ਕਰੇਗਾ।
ਪਹਿਲੀ ਤਾਰੀਖ਼ ਸਾਫ਼ ਦਿਸ ਪੈਣ ਕਰ ਕੇ, ਦਿਨੇ ਧਰਮੀ ਪਤਨੀ ਨੇ ਘਰ ਦੀਆਂ ਲੋੜਾਂ ਵਲ ਉਸ ਦਾ ਧਿਆਨ ਖਿਚਿਆ। ਮੁੰਡੇ ਲਈ ਕੁਝ ਠੰਢੇ ਕਪੜੇ ਤੇ ਬੂਟ ਲੈਣੇ ਜ਼ਰੂਰੀ ਸਨ। ਇਕ ਦੋ ਸੂਤੀ ਕਮੀਜ਼ਾਂ ਉਸ ਆਪਣੇ ਲਈ ਵੀ ਲੈਣੀਆਂ ਸਨ, ਸਕੀ ਭੈਣ ਦਾ ਇਸ ਮਹੀਨੇ ਵਿਆਹ ਹੋਣ ਕਾਰਨ ਪੰਜਾਹ ਸੱਠ ਰੁਪਏ ਉਸ ਨਾਲ ਵੀ ਖੜਨੇ ਸਨ। ਬਾਊ ਸਤਿੰਦਰ ਨਾਥ ਸਭ ਕੁਝ ਧਿਆਨ ਨਾਲ ਸੁਣਦਾ ਰਿਹਾ ਤੇ ਜ਼ਰਾ ਨਾ ਉਭਾਸਰਿਆ। ਖ਼ਰਚ ਸਾਰੇ ਜ਼ਰੂਰੀ ਸਨ ਅਤੇ ਉਧਰ ਮਕਾਨ ਵੱਖ ਕਚੂਮਰ ਕੱਢ ਰਿਹਾ ਸੀ। ਉਸ ਨੂੰ ਅੱਜ ਇਸ ਗੱਲ ਵਿਚ ਬੜਾ ਵਜ਼ਨ ਦਿਸਣ ਲੱਗ ਪਿਆ ਜਿਸ ਵਿਚ ਕਿਸੇ ਕਿਹਾ ਸੀ ਕਿ ਬੇਵਕੂਫ਼ ਮਕਾਨ ਬਣਵਾਂਦੇ ਹਨ ਅਤੇ ਸਿਆਣੇ ਓਹਨਾਂ ਵਿਚ ਕਿਰਾਏ ਉੱਤੇ ਰਹਿੰਦੇ ਹਨ। ਉਸ ਸੋਚਿਆ ਹੁਣ ਜੋ ਹੋਵੇਗਾ ਵੇਖਿਆ ਜਾਏਗਾ। ਜਾਪਦਾ ਹੈ ਡਾਕਖ਼ਾਨੇ ਵਾਲਿਆਂ ਨੂੰ ਸੌ ਰੁਪਏ ਦੀ ਭੁਲ ਨਾ ਦਸਣ ਉੱਤੇ ਮੈਨੂੰ ਲਾਚਾਰ ਕੀਤਾ ਜਾ ਰਿਹਾ ਹੈ।
ਸੋਮਵਾਰ ਸਵੇਰੇ ਉਹ ਦਫ਼ਤਰ ਕੇਵਲ ਤਨਖ਼ਾਹ ਲੈਣ ਗਿਆ। ਉਸ ਦੀ ਛੁੱਟੀ ਹਾਲਾਂ ਇਕ ਮਹੀਨੇ ਦੀ ਹੋਰ ਹੈ ਸੀ। ਵਾਪਸੀ ਤੇ ਉਹ ਸੋਚਦਾ ਰਿਹਾ ਕਿ ਕਿਵੇਂ ਇਸ ਸੌ ਰੁਪਏ ਨੂੰ ਪੂਰੀ ਤਰ੍ਹਾਂ ਹਜ਼ਮ ਕੀਤਾ ਜਾਏ। ਉਸ ਨੂੰ ਡਰ ਸੀ ਕਿ ਡਾਕਖ਼ਾਨੇ ਵਾਲਾ ਬਾਊ ਆਖ਼ਰੀ ਰਕਮ ਉੱਤੇ ਨਜ਼ਰ ਸੁਟਦਿਆਂ ਸਾਰ ਗਲਤੀ ਫੜ ਲਏਗਾ। ਇਸ ਵਿਚ ਸਫਲਤਾ ਪ੍ਰਾਪਤ ਕਰਨ ਲਈ ਉਸ ਸੋਚਿਆ ਕਿ ਪੈਸੇ ਕਢਾਣ ਤੋਂ ਪਹਿਲਾਂ ਤਨਖ਼ਾਹ ਵਿਚੋਂ ਸੌ ਰੁਪਿਆ ਜਮ੍ਹਾਂ ਕਰਾ ਦਿੱਤਾ ਜਾਏ ਤਾਂ ਜੋ ਰੁਪਏ ਕਢਾਣ ਵੇਲੇ ਕਲਰਕ ਦੀ ਨਜ਼ਰ ਗਲਤ ਜੋੜ ਉੱਤੇ ਪਏ ਹੀ ਨਾ।
ਤੇ ਉਸ ਇਸੇ ਤਰ੍ਹਾਂ ਕੀਤਾ। ਜਮ੍ਹਾਂ ਕਰਾਉਣ ਵੇਲੇ ਉਸ ਨੂੰ ਕੁਝ ਡਰ ਜ਼ਰੂਰ ਸੀ ਕਿ ਕਿਧਰੇ ਕਲਰਕ ਆਪਣੀ ਭੁਲ ਵੇਖ ਹੀ ਨਾ ਲਏ, ਪਰ ਜਦੋਂ ਉਸ ਦੋ ਸੌ ਅਠਾਈ ਰੁਪਏ ਪੰਜਾਹ ਨਵੇਂ ਪੈਸੇ ਜੋੜ ਕਰ ਕੇ ਡਾਕਖ਼ਾਨੇ ਦੀ ਮੋਹਰ ਲਾ ਇਸ ਨੂੰ ਕਾਪੀ ਦੇ ਦਿੱਤੀ ਤਾਂ ਇਹ ਆਪਣੀ ਕੀਤੀ ਚਲਾਕੀ ਉੱਤੇ ਬਹੁਤ ਖ਼ੁਸ਼ ਹੋਇਆ।
ਦਿਲ ਤਾਂ ਉਸ ਦਾ ਕਰਦਾ ਸੀ ਕਿ ਆਪਣੀ ਧਰਮ ਪਤਨੀ ਨੂੰ ਆਪਣੀ ਇਸ ਚਲਾਕੀ ਦਾ ਚਮਤਕਾਰ ਦਸੇ, ਪਰ ਉਹ ਆਪਣੀ ਜ਼ਬਾਨੀ ਗੱਲ ਕਰ ਕੇ ਆਪਣੀ ਹੀ ਪਤਨੀ ਅੱਗੇ ਆਪ ਹੀ ਜ਼ਲੀਲ ਨਹੀਂ ਸੀ ਹੋਣਾ ਚਾਹੁੰਦਾ। ਹਾਂ ਕਦੀ ਕਦੀ ਉਹ ਮਹਿਸੂਸ ਜ਼ਰੂਰ ਕਰਦਾ ਕਿ ਬੇਈਮਾਨੀ ਦਾ ਇਹ ਜ਼ਹਿਰੀਲਾ ਫੋੜਾ ਉਸ ਨੂੰ ਅੰਦਰੋ ਅੰਦਰ ਚੀਸਾਂ ਦੇ ਰਿਹਾ ਸੀ।
ਰਾਤ ਨੂੰ ਉਸ ਸੁਪਨੇ ਵੇਖਿਆ ਕਿ ਪੁਲਸ ਵਾਲੇ ਹਥਕੜੀਆਂ ਫੜੀ ਕਿਸੇ ਤੋਂ ਉਸ ਦੇ ਘਰ ਦਾ ਰਾਹ ਪੁੱਛ ਰਹੇ ਹਨ। ਇਹ ਵੇਖ ਕੇ ਉਹ ਠਠੰਬਰ ਗਿਆ ਤੇ ਉਸ ਦੀ ਜਾਗ ਖੁਲ੍ਹ ਗਈ। ਨਾਲ ਦੇ ਮੰਜੇ ਉੱਤੇ ਉਸ ਵੇਖਿਆ ਉਸ ਦੀ ਈਮਾਨਦਾਰ ਪਤਨੀ ਤੇ ਈਮਾਨਦਾਰ ਪੁੱਤਰ ਬੇਫ਼ਿਕਰ ਸੁੱਤੇ ਘੁਰਾੜੇ ਮਾਰ ਰਹੇ ਸਨ, ਪਰ ਉਸਰ ਰਹੇ ਮਕਾਨ ਦਾ ਬੇਈਮਾਨ ਮਾਲਕ, ਹਾਲਾਂ ਕੇਵਲ ਸੁਪਨੇ ਵਿਚ ਹੀ ਵੇਖੀ ਪੁਲਸ ਕਾਰਨ ਪਸੀਨੋ ਪਸੀਨਾ ਹੋਇਆ ਡਰ ਨਾਲ ਕੰਬ ਰਿਹਾ ਸੀ। ਉਸ ਦਾ ਦਿਲ ਕੀਤਾ ਕਿ ਪਤਨੀ ਨੂੰ ਜਗਾ ਕੇ ਹੁਣੇ ਹੀ ਸਾਰੀ ਦੀ ਸਾਰੀ ਗੱਲ ਦਸ ਦੇਵੇ ਤਾਂ ਜੋ ਉਸ ਦੀ ਸਵੇਰ ਤੀਕ ਨੀਅਤ ਫਿਰ ਨਾ ਬਦਲ ਜਾਏ। ਪਰ ਝਟ ਹੀ ਉਸ ਆਪਣੇ ਮਰਦਊਪੁਣੇ ਉੱਤੇ ਲਾਅਨਤ ਪਾਈ ਕਿ ਕੀ ਮੈਂ ਇਕ ਫ਼ੈਸਲਾ ਕਰ ਕੇ ਉਸ ਉੱਤੇ ਡਟੇ ਰਹਿਣ ਦੀ ਸਮਰੱਥਾ ਵੀ ਨਹੀਂ ਰਖਦਾ ?
ਸਵੇਰੇ ਜਾਗਣ ਤੇ ਪਤਨੀ ਨੇ ਉਸ ਨੂੰ ਦਸਿਆ ਕਿ ਮੁੰਡੇ ਦਾ ਪਿੰਡਾ ਬੁਖ਼ਾਰ ਕਾਰਣ ਅੰਗੀਰ ਵਾਂਗ ਤਪ ਰਿਹਾ ਹੈ। ਸਤਿੰਦਰ ਫੌਰਨ ਡਾਕਟਰ ਨੂੰ ਸੱਦਣ ਚਲਾ ਗਿਆ। ਰਸਤੇ ਵਿਚ ਸੋਚਦਾ ਗਿਆ ਕਿ ਇਹ ਸਾਰਾ ਪੁਆੜਾ ਉਸ ਸੌ ਰੁਪਏ ਨੇ ਹੀ ਪਾਇਆ ਜਾਪਦਾ ਹੈ। ਹਾਲਾਂ ਉਹ ਹਰਾਮ ਦਾ ਰੁਪਿਆ ਘਰ ਆਇਆ ਨਹੀਂ ਤੇ ਇਹ ਹਾਲਤ ਹੈ ਤੇ ਜਦੋਂ ਆ ਜਾਏਗਾ ਤਾਂ ਫਿਰ ਪਤਾ ਨਹੀਂ ਕੀ ਗੁਲ ਖਿਲਾਏਗਾ। ਉਸ ਪ੍ਰਣ ਕੀਤਾ ਕਿ ਹੇ ਭਗਵਾਨ ਤੂੰ ਮੇਰੇ ਬੱਚੇ ਨੂੰ ਰਾਜ਼ੀ ਕਰ ਮੈਂ ਅੱਜ ਹੀ ਡਾਕਖ਼ਾਨੇ ਜਾ ਕੇ ਇਹ ਟੰਟਾ ਮਕਾ ਆਵਾਂਗਾ ਤੇ ਅਗੋਂ ਤੋਂ ਅਜਿਹੀ ਕਮੀਨੀ ਗੱਲ ਕਦੀ ਆਪਣੇ ਨੇੜੇ ਨਹੀਂ ਫਟਕਣ ਦਿਆਂਗਾ।
ਡਾਕਟਰ ਇੰਜੈਕਸ਼ਨ ਕਰ ਕੇ ਚਲਾ ਗਿਆ। ਸਤਿੰਦਰ ਦੀ ਅਸਾਧਾਰਨ ਘਬਰਾਹਟ ਦਾ ਕਾਰਣ ਉਸ ਦੀ ਧਰਮ ਪਤਨੀ ਨੇ ਬੱਚੇ ਦਾ ਬੁਖ਼ਾਰ ਸਮਝਿਆ।
“ਮੈਂ ਕਿਹਾ ਜੀ ਤੁਸੀਂ ਅਗੇ ਤਾਂ ਕਦੀ ਇਤਨੇ ਨਹੀਂ ਘਾਬਰੇ, ਸਗੋਂ ਮੈਨੂੰ ਹੌਂਸਲਾ ਦਿਆ ਕਰਦੇ ਸੋ, ਅੱਜ ਤੁਹਾਨੂੰ ਹੋ ਕੀ ਗਿਆ ਏ ?”
ਤੇ ਉਹ ਬਿਨਾ ਜਵਾਬ ਦਿਤੇ ਬਾਹਰ ਡਾਕਖ਼ਾਨੇ ਵਲ ਚਲਾ ਗਿਆ। ਡਾਕਖ਼ਾਨਾ ਖੁਲ੍ਹਣ ਵਿਚ ਹਾਲਾਂ ਦਸ ਪੰਦਰਾਂ ਮਿੰਟ ਰਹਿੰਦੇ ਸਨ, ਪਰ ਇਹ ਉਥੇ ਹੀ ਖਲੋਤਾ ਡਾਕਖ਼ਾਨੇ ਦੇ ਬਾਊ ਨੂੰ ਉਡੀਕਦਾ ਰਿਹਾ। ਉਸ ਦੇ ਕੁਰਸੀ ਉੱਤੇ ਬੈਠਣ ਸਾਰ ਇਸ ਕਾਪੀ ਉਸ ਦੇ ਅੱਗੇ ਖੋਲ੍ਹ ਕੇ ਰਖ ਦਿੱਤੀ ਤੇ ਗਲਤੀ ਵਲ ਉਸ ਦਾ ਧਿਆਨ ਦਿਵਾਇਆ। ਬਾਊ ਨੇ ਸਾਰਾ ਕੁਝ ਚੰਗੀ ਤਰ੍ਹਾਂ ਵੇਖ ਕੇ ਉਸ ਨੂੰ ਦਸਿਆ ਕਿ ਗਲਤੀ ਹੁਣ ਨਹੀਂ ਹੋਈ, ਡੇਢ ਸਾਲ ਪਹਿਲਾਂ ਹੋਈ ਸੀ ਜਦੋਂ ਕਿਸੇ ਬਾਊ ਕੋਲੋਂ ਗਲਤੀ ਨਾਲ ਉਸ ਦਾ ਬਕਾਇਆ ਕੱਢਣ ਵੇਲੇ ਸੌ ਰੁਪਿਆ ਘਟ ਲਿਖਿਆ ਗਿਆ ਸੀ।
ਸਤਿੰਦਰ ਇੰਜ ਮਾਸੂਸ ਕੀਤਾ ਜਿਵੇਂ ਉਸ ਦਾ ਬੁਖ਼ਾਰ ਲਥ ਗਿਆ ਹੋਵੇ। ਭਾਵੇਂ ਇਹ ਸੌ ਰੁਪਿਆ ਉਸ ਦਾ ਆਪਣਾ ਹੀ ਸੀ ਪਰ ਉਸ ਮਾਸੂਸ ਕੀਤਾ ਜਿਵੇਂ ਇਸ ਨੇ ਉਸ ਨੂੰ ਤਿੰਨ ਦਿਨ ਤਾਂ ਬੇਈਮਾਨ ਬਣਾਈ ਰਖਿਆ ਸੀ।