Toffian Wala Bhapa (Punjabi Story) : Rewail Singh Italy

ਟੌਫੀਆਂ ਵਾਲਾ ਭਾਪਾ (ਕਹਾਣੀ) : ਰਵੇਲ ਸਿੰਘ ਇਟਲੀ

ਚੌਦਾਂ ਸਾਲ ਦੇ ਲੰਮੇ ਸਮੇਂ ਪਿੱਛੇਂ ਵਿਦੇਸ਼ ਵਿੱਚ ਆਪਣਿਆਂ ਬੱਚਿਆਂ ਕੋਲ ਰਹਿਕੇ ਜਦੋਂ ਉਹ ਆਪਣੇ ਪਿੰਡ ਪਰਤਿਆ ਤਾਂ ਉਸ ਦੇ ਸਾਦ ਮੁਰਾਦੇ ਪਿੰਡ ਤੇ ਹਰ ਪੱਖੋਂ ਬਹੁਤ ਨਿਖਾਰ ਆਇਆ ਹੈ।

ਕੱਚਿਆਂ ਕੋਠਿਆਂ ਤੇ ਢਾਰਿਆਂ ਦੀ ਥਾਂ ਹੁਣ ਉੱਚੀਆਂ ਉੱਚੀਆਂ ਦੋ ਦੋ ਤਿੰਨ ਮੰਜ਼ਲਾਂ ਵਾਲੀਆਂ ਕੋਠੀਆਂ ਨੇ ਲੈ ਲਈ ਹੈ। ਵੇਖਾ ਵੇਖੀ ਹੋਰ ਵੀ ਧੜਾ ਧੜ ਨਵੇਂ ਨਵੇਂ ਨਮੂਨਿਆਂ ਦੇ ਘਰ ਬਣਾਏ ਜਾ ਰਹੇ ਹਨ।

ਜਿੱਥੇ ਕਦੇ ਪਿੰਡ ਦੇ ਗੜ੍ਹੇ ਹੁੰਦੇ ਸਨ, ਉੱਥੇ ਹਰ ਕਿਸਮ ਦੀਆਂ ਦੁਕਾਨਾਂ ਬਣ ਗਈਆਂ ਹਨ,ਜੋ ਹੁਣ ਮਾੜੇ ਮੋਟੇ ਬਾਜਾਰ ਵਰਗੀਆਂ ਲਗਦੀਆਂ ਹਨ। ਪਿੰਡ ਵਿੱਚ ਬੜੇ ਆਲੀ ਸ਼ਾਨ ਬਣੇ ਗੁਰਦੁਵਾਰੇ ਤੇ ਅਰਸ਼ਾਂ ਨੂੰ ਛੁਹੰਦਾ ਝੂਲਦਾ ਨਿਸ਼ਾਨ ਸਾਹਿਬ, ਇਸ ਦੇ ਇਲਾਵਾ ਮੰਦਰ,ਧਰਮ ਸ਼ਾਲਾ, ਤੇ ਈਸਾਈ ਧਰਮ ਦਾ ਗਿਰਜਾ ਵੀ ਬਣ ਗਿਆ ਹੈ।

ਜਦੋਂ ਉਹ ਵਿਦੇਸ਼ ਗਿਆ ਸੀ ਓਦੋਂ ਪਿੰਡ ਦਾ ਕੋਈ ਟਾਂਵਾਂ ਟਾਂਵਾਂ ਬੰਦਾ ਹੀ ਵਿਦੇਸ਼ ਗਿਆ ਸੀ ,ਪਰ ਹੁਣ ਤਾਂ ਤਕਰੀਬਨ ਹਰ ਘਰ ਵਿੱਚੋਂ ਕੋਈ ਨਾ ਕੋਈ ਜੀਅ ਵਿਦੇਸ਼ ਚਲਾ ਗਿਆ ਹੈ।

ਜਿਸ ਕਰਕੇ ਉਸ ਦਾ ਪਿੰਡ ਹੁਣ ਹਰ ਪੱਖੋਂ ਚੜ੍ਹਦੀਆਂ ਕਲਾਂ ਵਿੱਚ ਜਾ ਹੈ।

ਦੇਸ਼ ਦੀ ਵੰਡ ਵੇਲੇ ਮੁਸਲਮਾਨ ਭਰਾ ਪਾਕਿਸਤਾਨ ਹਿਜਰਤ ਕਰ ਤੇ ਚਲੇ ਗਏ ਪਰ ਉਨ੍ਹਾਂ ਦੇ ਕਿਸੇ ਵੇਲੇ ਦੇ ਇੱਸ ਪਿੰਡ ਦੇ ਚੜ੍ਹਦੇ ਉੱਤਰ ਵੱਲ ਇਕ ਵੱਡਾ ਕਬਰਸਤਾਨ ਸੀ ਜੋ ਹੁਣ ਵੀ ਹੈ। ਚੱਕ ਬੰਦੀ ਵੇਲੇ ਈਸਾਈ ਬਿਰਾਦਰੀ ਲਈ ਇਸ ਦੇ ਨਾਲ ਦਾ ਕੁਝ ਹਿੱਸਾ ਵੱਖਰਾ ਕਰ ਦਿੱਤਾ ਗਿਆ।ਬਾਕੀ ਦਾ ਵਕਫ ਬੋਰਡ ਦੇ ਕੰਟਰੋਲ ਹੇਠ ਆ ਜਾਣ ਕਰਕੇ ਲੋੜ ਵੰਦ ਲੋਕਾਂ ਨੂੰ ਲੀਜ਼ ਤੇ ਦੇ ਦਿੱਤਾ ਗਿਆ। ਪਰ ਪਿੰਡ ਦੇ ਨਾਲ ਲਗਦੀਆਂ ਫਕੀਰਾਂ ਦੇ ਦੋ ਮਜਾਰ ਹਨ ਜੇ ਪਿੰਡ ਲੋਕਾਂ ਦੀ ਆਸਥਾ ਕਰ ਕੇ ਜਿਉਂ ਦੇ ਤਿਉਂ ਬਣੇ ਆ ਰਹੇ ਹਨ।ਜਿਨਾਂ ਤੇ ਹਰ ਵੀਰ ਵਾਰ ਨੂੰ ਲੋਕ ਆਪੋ ਆਪਣੀਆਂ ਮੰਨਤਾਂ ਮੰਨਦੇ ਹਨ, ਚਰਾਗ ਬਾਲਦੇ ਨਿਆਜ਼ ਚੜ੍ਹਾਉਂਦੇ ਹਨ।

ਇਨ੍ਹਾਂ ਵਿੱਚ ਕੁਝ ਐਸੇ ਨੌਜੁਆਨ ਵੀ ਹਨ ਜੋ ਹੁਣ ਇਥੇ ਮੰਨਤਾਂ ਮੰਨ ਕੇ ਹੁਣ ਅਮੀਰ ਦੇਸ਼ਾਂ ਵਿੱਚ ਚਲੇ ਗਏ ਹਨ, ਜਿਨ੍ਹਾਂ ਦੀ ਆਸਥਾ ਇਨ੍ਹਾਂ ਮਜਾਰਾਂ ਨਾਲ ਜੁੜੀ ਹੋਈ ਹੈ,ਜੋ ਇਨ੍ਹਾਂ ਦੀ ਸੁਹਣੀ ਦਿੱਖ ਬਣਾਉਣ ਵਾਸਤੇ ਅਤੇ ਹੋਰ ਰੌਣਕਾਂ ਵਧਾਉਣ ਵਾਸਤੇ ਬਾਹਰੋਂ ਇਨ੍ਹਾਂ ਨਮਿੱਤ ਪੈਸੇ ਭੇਜਦੇ ਰਹਿੰਦੇ ਹਨ ਤੇ ਆਪ ਵੀ ਇਨਾਂ ਰੌਣਕਾਂ ਭਰੇ ਮਾਹੌਲ ਦੇ ਨਜਾਰੇ ਵੇਖਣ ਲਈ ਆਉਂਦੇ ਜਾਂਦੇ ਰਹਿੰਦੇ ਹਨ।

ਉਨ੍ਹਾਂ ਨੇ ਰਲ਼ ਮਿਲ ਕੇ ਕੁਝ ਨੌ ਜਵਾਨਾਂ ਦੀ ਕਮੇਟੀ ਵੀ ਬਣਾਈ ਹੋਈ ਹੈ।ਜੋ ਇਨ੍ਹਾਂ ਦੇ ਭੇਜੇ ਹੋਏ ਪੈਸਿਆਂ ਨਾਲ ਤੇ ਹੋਰ ਸ਼ਰਧਾਲੂਆਂ ਦੇ ਦਿੱਤੇ ਦਾਨ ਨਾਲ ਇਨ੍ਹਾਂ ਦੋ ਮਜਾਰਾਂ ਦੇ ਨਾਲ ਖੁਲ੍ਹੇ ਕਮਰੇ ਅਤੇ ਕਿਸੇ ਮੁਸਲਮਾਨ ਪੀਰ ਫਕੀਰ ਦੀ ਦਰਗਾਹ ਵਰਗਾ ਉੱਚਾ ਹਰੇ ਰੰਗ ਦਾ ਗੁੰਬਦ ਵੀ ਬਣਵਾਇਆ ਹੋਇਆ ਹੈ,ਜਿੱਥੇ ਹਰ ਸਾਲ ਭੰਡਾਰਾ ਲਗਦਾ ਹੈ,ਦੂਰੋਂ ਦੂਰੋਂ ਕੱਵਾਲ ਆਉਂਦੇ ਹਨ। ਮੇਲੇ ਵਰਗਾ ਰੌਣਕਾਂ ਦਾ ਮਾਹੌਲ ਬਣ ਜਾਂਦਾ ਹੈ।

ਇਸ ਦੇ ਨਾਲ ਇਸ ਦੇ ਨਾਲ ਹੀ ਇੱਕ ਐਨ.ਆਰ ਆਈ, ਦੀ ਲਗ ਪਗ ਏਕੜ ਕੁ ਭੂਮੀ ਹੈ ਜੋ ਲਗ ਪਗ ਸਾਰਾ ਸਾਲ ਹੀ ਖਾਲੀ ਪਈ ਰਹਿੰਦੀ ਹੈ ਉਸ ਵਿੱਚ ਕਬੱਡੀ , ਤੇ ਕੁਸ਼ਤੀਆਂ ਹੁੰਦੀਆਂ ਹਨ।ਦੂਰ ਦੁਰਾਡਿਉਂ ਨਾਮੀ ਕਬੱਡੀ ਖਿਡਾਰੀ , ਤੇ ਪਹਿਲਵਾਨ ਆ ਕੇ ਆਪੋ ਆਪਣੀਆਂ ਕਬੱਡੀ ਤੇ ਕੁਸ਼ਤੀਆਂ ਦੇ ਕਰਤਬ ਵਿਖਾਉਂਦੇ ਹਨ।

ਇਸ ਮੇਲੇ ਦੇ ਖਾਤਮੇ ਤੇ ਕਬੱਡੀ ,ਕੁਸ਼ਤੀਆਂ ਵਾਲੀ ਅਖਾੜੇ ਵਾਲੀ ਜ਼ਮੀਨ ਪਹਿਲਾਂ ਵਾਂਗ ਫਿਰ ਖਾਲੀ ਹੋ ਜਾਂਦੀ ਹੈ,ਜਿਸ ਵਿੱਚ ਸਕੂਲਾਂ ਵਿੱਚ ਗਰਮੀਆਂ ਦੀਆਂ ਛੁੱਟੀਆਂ ਪੈ ਜਾਣ ਕਰਕੇ ਛੋਟੇ ਛੋਟੇ ਬੱਚੇ ਜਿਨ੍ਹਾਂ ਵਿੱਚ ਲਗ ਪਗ ਹਰ ਜਾਤ ਧਰਮ ਦੇ ਬੱਚੇ ਨੱਚਦੇ ਟੱਪਦੇ ਖੇਡ ਗਰਾਉਂਡ ਬਣਾ ਕੇ ਖੇਡਦੇ ਹਨ।

ਹੋਰ ਤਾਂ ਹੋਰ ਇਸ ਦੇ ਨਾਲ ਲਗਦੇ ਗੁੱਜਰ ਬਿਰਾਦਰੀ ਦੇ ਡੇਰਿਆਂ ਦੇ ਬੱਚੇ ਵੀ ਸ਼ਾਮਿਲ ਹੁੰਦੇ ਹਨ, ਵਿਦੇਸ਼ੋਂ ਆਏ ਇੱਕ ਵਡੇਰੀ ਉਮਰ ਦੇ ਸ਼ਖਸ ਦੇ ਖੇਤ ਵੀ ਇਸ ਜਗ੍ਹਾ ਦੇ ਨਾਲ ਹੀ ਲਗਦੇ ਹਨ, ਉਹ ਜਦੋਂ ਦਾ ਕੁਝ ਸਮੇਂ ਤੋਂ ਆਪਣੇ ਪਿੰਡ ਆਇਆ ਹੋਇਆ ਤੇ ਜਦੋਂ ਆਪਣੇ ਖੇਤਾਂ ਵੱਲ ਫੇਰਾ ਮਾਰਣ ਜਾਂਦਾ ਹੈ ਤਾਂ ਉਹ ਉਨ੍ਹਾਂ ਨੂੰ ਖੇਡਦੇ ਵੇਖਣ ਲਈ ਉਥੇ ਕਿੰਨਾ ਕਿੰਨਾ ਚਿਰ ਖਲੋ ਕੇ ਵੇਖਦਾ ਰਹਿੰਦਾ ਹੈ।ਉਹ ਬੱਚਿਆਂ ਨੂੰ ਬਹੁਤ ਪਿਆਰ ਕਰਦਾ ਹੈ।ਕਿਉਂਜੋ ਵਿਦੇਸ਼ ਰਹਿੰਦਿਆਂ ਓਥੇ ਉਸ ਨੇ ਬੱਚਿਆਂ ਨੂੰ ਖੁਸ਼ ਰੱਖਣ ਵਾਲੇ ਕਈ ਤਿਓਹਾਰ ਵੇਖੇ ਹਨ।

ਜਦੋਂ ਉਹ ਜਾਂਦਾ ਹੈ ਤਾਂ ਬੱਚੇ ਬੜੇ ਪਿਆਰ ਨਾਲ, ਜਦੋਂ ਭਾਪਾ ਪੈਰੀਂ ਪਏ ਕਹਿੰਦੇ ਹੋਏ ਜਦੋਂ ਉਸ ਨੂੰ ਵਾਰੀ ਵਾਰੀ ਆ ਕੇ ਮੱਥੇ ਟੇਕਦੇ ਹਨ ਤਾਂ ਉਹ ਵੀ ਅਸ਼ੀਰ ਵਾਦਾਂ ਦੀ ਝੜੀ ਤਾਂ ਲਾ ਹੀ ਦੇਂਦਾ ਹੈ, ਪਰ ਜਦੋਂ ਜੇਠ ਹਾੜ ਦੀਆਂ ਧੁੱਪਾਂ ਦੀਆਂ ਸ਼ਾਮਾਂ ਨੂੰ ਮਿੱਟੀ ਘੱਟੇ ਨਾਲ ਲਿੱਬੜੇ,ਮੁੜ੍ਹਕੇ ਦੀ ਪਰਵਾਹ ਨਾ ਕਰਦੇ ਹੋਏ ਉਨ੍ਹਾਂ ਨੂੰ ਖੇਡਦੇ ਵੇਖ ਕੇ ਸੋਚਦਾ ਕਿ ਇਨ੍ਹਾਂ ਵਿੱਚੋਂ ਵੀ ਇਕ ਨਾ ਇਕ ਦਿਨ ਕੋਈ ਨਾ ਕੋਈ ਜ਼ਰੂਰ ਕੋਈ ਵਧੀਆ ਖਿਲਾੜੀ ਬਣ ਕੇ ਉੱਭਰੇ ਗਾ।

ਇਕ ਦਿਨ ਰੋਜ਼ ਵਾਂਗ ਇਹ ਦਸ ਯਾਰਾਂ ਬੱਚਿਆਂ ਦੀ ਟੋਲੀ ਜਦੋਂ ਸਾਉਣ ਮਹੀਨੇ ਵਰਖਾ ਹੋ ਰਹੀ ਸੀ ਤੇ ਸਾਰੇ ਜਲ ਥਲ ਹੋ ਗਿਆ ਸੀ,ਗਲੀਆਂ ਵਿੱਚ ਵਗਦੇ ਬਰਸਾਤ ਦੇ ਪਾਣੀ ਵਿੱਚ ਨੱਚਦੇ ਟੱਪਦੇ, ਕਲੋਲਾਂ ਕਰਦੇ ਉਸ ਦੇ ਗੇਟ ਅੱਗਿਉਂ ਲੰਘ ਰਹੇ ਸਨ ਤਾਂ ਉਹ ਉਨ੍ਹਾਂ ਦੀ ਰੌਲੀ ਸੁਣ ਕੇ ਆਪਣਾ ਗੇਟ ਖੋਲ੍ਹ ਕੇ ਉਨ੍ਹਾਂ ਵੱਲ ਵੇਖ ਰਿਹਾ ਸੀ ਤਾਂ ਉਨ੍ਹਾਂ ਝੱਟ ਉਸ ਨੂੰ ਪਛਾਣ ਲਿਆ ਕੇ ਅੱਗੇ ਵਾਂਗ ਉਸ ਨੂੰ ਵਾਰੀ ਵਾਰੀ ਮੱਥਾ ਟੇਕ ਕੇ ਜਾਣ ਲੱਗੇ ਤਾਂ ਉਹ ਉਨ੍ਹਾਂ ਨੂੰ ਕਹਿਣ ਲੱਗਾ ਕਿ ਇਥੇ ਹੀ ਠਹਿਰੋ ਜ਼ਰਾ ਮੈਂ ਤੁਹਾਡੇ ਖਾਣ ਨੂੰ ਹੁਣੇ ਲੈ ਕੇ ਆਇਆਂ, ਉਹ ਅੰਦਰ ਗਿਆ ਤੇ ਬਾਹਰੋਂ ਲਿਆਂਦੀਆਂ ਟਾਫੀਆਂ ਦਾ ਪੈਕਟ ਫੜੀ ਬਾਹਰ ਆਇਆ ਤੇ ਸਾਰਿਆਂ ਨੂੰ ਦੋ ਦੋ ਟਾਫੀਆਂ ਖਾਣ ਲਈ ਦਿੱਤੀਆਂ, ਬੱਚੇ ਖੁਸ਼ ਹੋ ਕੇ ਟਾਫੀਆਂ ਖਾਂਦੇ ਨੱਚਦੇ ਟੱਪਦੇ ਕਦਾੜੀਆਂ ਮਾਰਦੇ ਇਕ ਦੂਜੇ ਦੇ ਅੱਗੇ ਪਿੱਛੇ ਦੌੜਦੇ ਅਗਲੀ ਗਲੀ ਮੁੜ ਗਏ।

ਹੁਣ ਉਹ ਜਦੋਂ ਉਸ ਗਲੀ ਵਿੱਚੋਂ ਮੌਜਾਂ ਮਸਤੀਆਂ ਕਰਦੇ ਲੰਘਦੇ ਹਨ ਤਾਂ ਬਾਹਰੋਂ ਹੀ ਉਸ ਦੇ ਘਰ ਦੀ ਬੈੱਲ ਵਜਾ ਕੇ ਭਾਪਾ ਪੈਰ ਪਏ ਕਹਿੰਦੇ ਬੂਹੇ ਅੱਗੇ ਰੁਕ ਜਾਂਦੇ ਹਨ,ਭਾਪਾ ਉਨ੍ਹਾਂ ਦਾ ਮਤਲਬ ਸਮਝ ਜਾਂਦਾ ਹੈ ਤੇ ਅੰਦਰੋਂ ਟਾਫੀਆਂ ਲੈ ਕੇ ਹਾਜ਼ਰ ਹੋ ਜਾਂਦਾ ਹੈ ਤੇ ਉਨ੍ਹਾਂ ਨੂੰ ਵੰਡਣ ਲੱਗ ਜਾਂਦਾ ਹੈ।ਇਸੇ ਤਰ੍ਹਾਂ ਜਦੋਂ ਵੀ ਬੱਚੇ ਉਸ ਦੀ ਗਲੀ ਵਿੱਚੋਂ ਜਦੋਂ ਵੀ ਲੰਘਣ,ਉਹ ਉਨ੍ਹਾਂ ਨੂੰ ਟਾਫੀਆਂ ਵੰਡਣੋਂ ਨਹੀਂ ਖੁੰਝਦਾ,ਇਸ ਤਰ੍ਹਾਂ ਹੁਣ ਉਹ ਇਨ੍ਹਾਂ ਬੱਚਿਆਂ ਵਿੱਚ ,ਟੌਫੀਆਂ ਵਾਲਾ ਭਾਪਾ, ਕਰਕੇ ਜਾਣਿਆ ਜਾਂਦਾ ਹੈ।

ਹੁਣ ਜਦੋਂ ਵੀ ਉਹ ਆਪਣੇ ਖੇਤਾਂ ਵੱਲ ਫੇਰਾ ਮਾਰਣ ਜਾਂਦਾ ਹੈ ਤਾਂ ਗਰਾਉਂਡ ਵਿੱਚ ਸਾਰੇ ਬੱਚੇ ਵਾਰੀ ਵਾਰੀ ਆ ਕੇ ਉਸ ਨੂੰ ਜਦੋਂ ਮੱਥੇ ਟੇਕਦੇ ਹਨ ਤਾਂ ਉਹ ਬੜੇ ਲਾਡ ਪਿਆਰ ਨਾਲ ਉਨਾਂ ਦੇ ਮਿੱਟੀ ਘੱਟੇ ਤੇ ਮੁੜ੍ਹਕੇ ਨਾਲ ਲਿਬੜੇ ਮੂੰਹ ਮੱਥੇ ਚੁੰਮਦਾ ਤੇ ਅਸੀਸਾਂ ਦੇਂਦਾ ਆਪਣੇ ਖੇਤਾਂ ਵੱਲੋਂ ਫੇਰਾ ਮਾਰ ਕੇ ਜਦੋਂ ਘਰ ਆ ਕੇ ਆਰਾਮ ਕਰਦਾ ਹੈ ਤਾਂ ਸ਼ਾਮਾਂ ਨੂੰ ਉਨ੍ਹਾਂ ਦੇ ਆ ਕੇ ਗੇਟ ਦੀ ਬੈੱਲ ਖੜਕਾਉਣ ਦੀ ਬਿੜਕ ਵੀ ਰੱਖਦਾ ਹੈ ਕਿ ਬੱਚੇ ਕਦੋਂ ਆਉਣ ਅਤੇ ਕਦੋਂ ਉਹ ਉਨ੍ਹਾਂ ਨੂੰ ਟਾਫੀਆਂ ਵੰਡੇ।

ਭਾਂਵੇਂ ਸਾਰਾ ਪਿੰਡ ਉਸ ਦਾ ਸਤਿਕਾਰ ਕਰਦਾ ਹੈ ਪਰ ਬੱਚਿਆਂ ਦਾ ਪਿਆਰ ਟਾਫੀਆਂ ਵਾਲੇ ਭਾਪੇ ਲਈ ਉਸ ਦੇ ਪਿੰਡ ਆਉਣ ਤੇ ਉਸ ਨੂੰ ਬਹੁਤ ਅਰਥ ਭਰਪੂਰ ਤੇ ਬਹੁ ਮੁੱਲਾ ਜਾਪਦਾ ਹੈ।

ਇਹ ਸੋਚ ਕੇ ਉਸ ਦਾ ਮਨ ਮੁੜ ਵਿਦੇਸ਼ ਜਾਣ ਨਹੀਂ ਕਰਦਾ,ਪਰ ਸਮੇਂ ਦੀ ਚਾਲ ਦਾ ਕੀ ਪਤਾ ਉਹ ਟਾਫੀਆਂ ਵਾਲੇ ਭਾਪੇ ਨੂੰ ਕਿੱਧਰ ਨੂੰ ਲੈ ਤੁਰੇ ਪਰ ਹਾਲ ਦੀ ਘੜੀ ਉਹ ਆਪਣੇ ਪਿੰਡ ਦੇ ਲੋਕਾਂ ਨਾਲ ਖਾਸ ਕਰ ਕੇ ਇਨ੍ਹਾਂ ਫੁੱਲਾਂ ਵਰਗੇ ਹਾਸੇ ਖੇੜੇ,

ਅੱਠਖੇਲੀਆਂ , ਬਚਪਨ ਦੀਆਂ ਮਹਿਕਾਂ ,ਸੁਗੰਧੀਆਂ ਵੰਡਦੇ, ਪਿਆਰੇ ਪਿਆਰੇ ਬੱਚਿਆਂ ਵਿੱਚ ਰਹਿ ਕੇ ਬਹੁਤ ਖੁਸ਼ ਹੈ।

  • ਮੁੱਖ ਪੰਨਾ : ਕਹਾਣੀਆਂ, ਰਵੇਲ ਸਿੰਘ ਇਟਲੀ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ