Toori Di Pand (Punjabi Story) : Kulwant Singh Virk

ਤੂੜੀ ਦੀ ਪੰਡ (ਕਹਾਣੀ) : ਕੁਲਵੰਤ ਸਿੰਘ ਵਿਰਕ

ਬਹਾਦਰ ਸਿੰਘ ਸਚ ਮੁਚ ਹੀ ਬੜਾ ਬਹਾਦਰ ਆਦਮੀ ਸੀ। ਉਸ ਦੀ ਬਹਾਦਰੀ ਕੇਵਲ ਡਾਂਗ ਸੋਟੇ ਦੀ ਬਹਾਦਰੀ ਨਹੀਂ ਸੀ, ਉਹ ਆਪਣੀ ਜਾਤ ਬਰਾਦਰੀ ਦੇ ਨਾਮ ਤੇ ਅਣਖ ਤੇ ਮਰ ਮਿਟਣ ਵਾਲਾ ਆਦਮੀ ਸੀ। ਚੱਠਾ ਬਰਾਦਰੀ ਦੇ ਉਥੇ ਬਹੁਤ ਸਾਰੇ ਪਿੰਡ ਸਨ। ਬਸ ਇਹ ਬਰਾਦਰੀ ਹੀ ਬਹਾਦਰ ਸਿੰਘ ਦੀ ਜਾਨ ਸੀ। ਇਸ ਬਰਾਦਰੀ ਵਿਚ ਕਿਸੇ ਦਾ ਪੁੱਤਰ ਆਪਣਾ ਪੁੱਤਰ ਸੀ, ਕਿਸੇ ਦੀ ਧੀ ਆਪਣੀ ਧੀ ਤੇ ਕਿਸੇ ਦੀ ਨੂੰਹ ਉਸ ਦੀ ਆਪਣੀ ਨੂੰਹ ਸੀ। ਜੇ ਇਸ ਬਰਾਦਰੀ ਦੇ ਕਿਸੇ ਬੰਦੇ ਦੀ ਹੇਠੀ ਹੋ ਜਾਏ ਤਾਂ ਇਸ ਨੂੰ ਬਹਾਦਰ ਸਿੰਘ ਆਪਣੀ ਹੇਠੀ ਸਮਝਦਾ ਤੇ ਕਿਸੇ ਦਾ ਮਾਣ ਉਸ ਦਾ ਆਪਣਾ ਮਾਣ। ਇਹ ਬਰਾਦਰੀ ਬਸ ਬਹਾਦਰ ਸਿੰਘ ਦਾ ਇਕ ਵਡਾ ਸਾਰਾ ਟੱਬਰ ਸੀ, ਜਿਸ ਉਤੇ ਉਸ ਨੇ ਕੁਕੜੀ ਵਾਂਗ ਆਪਣੇ ਖੰਭ ਖਿਲਾਰੇ ਹੋਏ ਸਨ। ਬਹਾਦਰ ਸਿੰਘ ਤੇ ਉਸ ਦੇ ਆਪਣੇ ਵਰਗੇ ਕੁਝ ਹੋਰ ਸਾਥੀ ਇਸ ਬਰਾਦਰੀ ਨੂੰ ਕੱਜ-ਵਲ੍ਹੇਟ ਕੇ ਇਕੱਠਿਆਂ ਰਖਦੇ, ਪੁਰਾਣੀਆਂ ਗੱਲਾਂ ਸੁਣਾ ਸੁਣਾ ਕੇ ਇਸ ਦਾ ਸਵੈ-ਮਾਣ ਕਾਇਮ ਰਖਦੇ। ਨਵੀਂ ਨਸਲ ਦੇ ਮੁੰਡਿਆਂ ਨੂੰ ਉਹ ਚੱਠਿਆਂ ਦੀਆਂ ਇਕ ਮੁੱਠ ਹੋ ਕੇ ਲੜੀਆਂ ਤੇ ਕੱਟੀਆਂ ਭੀੜਾਂ ਦਾ ਹਾਲ ਦਸਦੇ। ਕਿਸ ਤਰ੍ਹਾਂ ਪਿਛਲੇ ਸਮਿਆਂ ਵਿਚ ਉਨ੍ਹਾਂ ਭੱਟੀਆਂ ਤੇ ਖਰਲਾਂ ਨੂੰ ਉਨ੍ਹਾਂ ਦੇ ਪਿੰਡਾਂ ਵਿਚੋਂ ਭਜਾ ਕੇ ਉਹ ਪਿੰਡ ਮੱਲ ਲਏ, ਤੇ ਉਨ੍ਹਾਂ ਦੀਆਂ ਜ਼ਮੀਨਾਂ ਆਪੋ ਵਿਚ ਵੰਡ ਕੇ ਉਥੇ ਨਵੇਂ ਪਿੰਡ ਵਸਾ ਲਏ। ਇਹੋ ਜਿਹੀਆਂ ਗੱਲਾਂ ਸੁਣਨ ਨਾਲ ਨਵੀਂ ਨਸਲ ਦੇ ਮਨ ਇਕ ਦੂਜੇ ਦੇ ਨੇੜੇ ਰਹਿੰਦੇ ਤੇ ਸੰਗਲੀ ਦੀਆਂ ਘੁਰੀਆਂ ਵਾਂਗ ਉਹ ਆਪੋ ਵਿਚ ਜੁੜੇ ਰਹਿੰਦੇ।

ਉਸ ਤਰ੍ਹਾਂ ਚੱਠਿਆਂ ਨੇ ਇਨ੍ਹਾਂ ਪਿੰਡਾਂ ਦਵਾਲੇ ਕੋਈ ਵਾੜ ਤੇ ਨਹੀਂ ਸੀ ਕੀਤੀ ਹੋਈ। ਬਾਹਰ ਦੇ ਲੋਕ ਇਨ੍ਹਾਂ ਪਿੰਡਾਂ ਦੇ ਆਰ ਪਾਰ ਲੰਘਦੇ, ਤੁਰਦੇ, ਘੋੜੀਆਂ ਤੇ, ਗੱਡਿਆਂ ਉਤੇ, ਮੋਟਰਾਂ ਤੇ ਪਰ ਉਹ ਇਸ ਬਰਾਦਰੀ ਤੇ ਕੋਈ ਅਸਰ ਨਾ ਪਾਂਦੇ। ਕਿਸੇ ਨੂੰ ਛੋਂਹਦੇ ਨਾ, ਕਿਸੇ ਨੂੰ ਦੁਖਾ ਨਾ ਸਕਦੇ, ਕਿਸੇ ਨੂੰ ਨਿਵਾ ਨਾ ਸਕਦੇ। ਸਰਕਾਰ ਮੁਆਮਲਾ ਲੈਂਦੀ, ਪੁਲਿਸ ਚੋਰੀ ਕਰਨ ਵਾਲਿਆਂ ਨੂੰ, ਲੜਨ ਵਾਲਿਆਂ ਨੂੰ ਜੇਹਲ ਵਿਚ ਭਿਜਵਾ ਦਿੰਦੀ, ਪਰ ਇਹ ਬਰਾਦਰੀ ਫਿਰ ਵੀ ਇਕ ਮੁਠ ਡੱਬੀ ਵਾਂਗ ਬੰਦ ਰਹਿੰਦੀ। ਬਰਾਦਰੀ ਦੇ ਢਾਂਚੇ ਤੇ ਇਨ੍ਹਾਂ ਗੱਲਾਂ ਦਾ ਕੋਈ ਅਸਰ ਨਾ ਹੁੰਦਾ। ਹਲ ਵਗਦੇ, ਮੱਝਾਂ ਛੱਪੜ ਵਿਚ ਨਹਾਉਂਦੀਆਂ, ਰੋਟੀਆਂ ਪੱਕਦੀਆਂ ਰਹਿੰਦੀਆਂ ਤੇ ਕੰਮੀ ਸੇਵਾ ਕਰਦੇ ਰਹਿੰਦੇ। ਇਹ ਗੱਲਾਂ ਚੱਠਿਆਂ ਦੇ ਨਾਂ ਨੂੰ ਉੱਚਾ ਨੀਵਾਂ ਕਰਨ ਵਾਲੀਆਂ ਨਹੀਂ ਸਨ।

ਚੱਠਿਆਂ ਦੇ ਇਨ੍ਹਾਂ ਪਿੰਡਾਂ ਦੇ ਨੇੜੇ ਇਕ ਪਿੰਡ ਵੜੈਚਾਂ ਦਾ ਵੀ ਸੀ। ਵੜੈਚਾਂ ਦਾ ਉਸ ਤਰ੍ਹਾਂ ਤੇ ਇਕੋ ਹੀ ਪਿੰਡ ਸੀ ਤੇ ਚੱਠਿਆਂ ਦੇ ਬਹੁਤੇ, ਪਰ ਇਕ ਇਕ ਵੜੈਚ ਦੇ ਕਈ ਕਈ ਮੁਰੱਬੇ ਸਨ ਤੇ ਕਈਆਂ ਵਡਿਆਂ ਦੇ ਬਾਹਰ ਯੂ ਪੀ ਵਿਚ ਪਿੰਡਾਂ ਦੇ ਪਿੰਡ ਸਨ। ਚੱਠਿਆਂ ਵਿਚਾਰਿਆਂ ਦੀ ਭੋਏਂ ਤੇ ਮਸਾਂ ਗੁਜ਼ਾਰੇ ਜੋਗੀ ਹੀ ਸੀ ਤੇ ਇਸ ਵਿਚੋਂ ਰੋਟੀ ਖਾਣ ਲਈ ਹਰ ਇਕ ਨੂੰ ਹੱਥੀਂ ਵਾਹੀ ਕਰਨੀ ਪੈਂਦੀ ਸੀ। ਪਰ ਉਨ੍ਹਾਂ ਕਦੀ ਵੜੈਚਾਂ ਦੀ ਸ਼ੂਕਾ ਸ਼ਾਕੀ ਦਾ ਰੋਅਬ ਨਹੀਂ ਮੰਨਿਆ ਸੀ ਤੇ ਨਾ ਕਦੀ ਉਨ੍ਹਾਂ ਦੀ ਫੂੰ ਫਾ ਤੋਂ ਡਰੇ ਸਨ।

ਕਹਿੰਦੇ ਨੇ ਮੋਟਰਾਂ ਆਉਣ ਤੋਂ ਪਹਿਲੋਂ ਵੜੈਚਾਂ ਦਾ ਸਭ ਤੋਂ ਵਡਾ ਸਰਦਾਰ, ਮਹਿਤਾਬ ਸਿੰਘ ਆਪਣੇ ਹਾਥੀ ਤੇ ਚੜ੍ਹ ਕੇ ਬਹਾਦਰ ਸਿੰਘ ਦੀ ਹਵੇਲੀ ਦੇ ਕੋਲੋਂ ਲੰਘ ਰਿਹਾ ਸੀ। ਬਹਾਦਰ ਸਿੰਘ ਆਪਣੇ ਇਕ ਪੁੱਤਰ ਨੂੰ ਉਂਗਲ ਨਾਲ ਲਾਈ ਬਾਹਰ ਖੜਾ ਸੀ। ਜਦੋਂ ਸਰਦਾਰ ਨੇੜੇ ਆਇਆ ਤਾਂ ਆਪਣੇ ਮੁੰਡੇ ਵਲ ਇਸ਼ਾਰਾ ਕਰ ਕੇ ਬਹਾਦਰ ਸਿੰਘ ਨੇ ਕਿਹਾ-‘‘ਸਰਦਾਰ ਮਹਿਤਾਬ ਸਿਹਾਂ! ਆਹ ਮੇਰਾ ਮੁੰਡਾ ਤੇ ਪਿੰਡ ਤੀਕਰ ਹਾਥੀ ਤੇ ਬਹਾਈ ਲਿਜਾ, ਆਂਹਦਾ ਏ ਘਰ ਜਾਣਾ ਏ।’’ ਸਰਦਾਰ ਵਿਚਾਰਾ ਨਾ ਹਾਂ ਕਰਨ ਜੋਗਾ ਤੇ ਨਾ ਨਾਂਹ ਕਰਨ ਜੋਗਾ। ਖਸਿਆਨਾ ਜਿਹਾ ਹੋ ਕੇ ਕਹਿਣ ਲੱਗਾ-‘‘ਭਈ ਉਤੇ ਬਿਠਾ ਦੇ ਅਸੀਂ ਲਈ ਚਲਾਂਗੇ।’’ ਬਹਾਦਰ ਸਿੰਘ ਦੀ ਮੁੰਡਾ ਪਿੰਡ ਅਪੜਾਣ ਦੀ ਕੋਈ ਇਛਾ ਨਹੀਂ ਸੀ। ਇਹ ਗੱਲ ਤੇ ਉਸ ਨੇ ਕੇਵਲ ਆਪਣੇ ਆਪ ਨੂੰ ਹਾਥੀ ਚੜ੍ਹੇ ਸਰਦਾਰ ਦੇ ਪੱਧਰ ਤੇ ਲਿਆਉਣ ਲਈ ਕਹੀ ਸੀ। ਬਹਾਦਰ ਸਿੰਘ ਉਸ ਵੇਲੇ ਇਕੱਲਾ ਨਹੀਂ ਬੋਲ ਰਿਹਾ ਸੀ। ਉਸ ਦੀ ਆਵਾਜ਼ ਵਿਚ ਉਸ ਦੇ ਸੈਂਕੜੇ ਸਾਥੀਆਂ ਦੀ, ਚੱਠਿਆਂ ਦੇ ਪਿੰਡਾਂ ਦੇ ਪਿੰਡਾਂ ਦੀ ਤਾਕਤ ਸੀ।

ਇਕ ਵੇਰ ਡਿਸਟ੍ਰਿਕਟ ਬੋਰਡ ਦੀਆਂ ਚੋਣਾਂ ਸਨ। ਵੜੈਚਾਂ ਦਾ ਇਕ ਸਰਦਾਰ ਵੀ ਮੈਂਬਰੀ ਲਈ ਖਲੋ ਗਿਆ ਤੇ ਮੋਟਰ ਤੇ ਚੜ੍ਹ ਕੇ ਵੋਟਾਂ ਮੰਗਣ ਬਹਾਦਰ ਸਿੰਘ ਦੇ ਪਿੰਡ ਆ ਗਿਆ। ਬਹਾਦਰ ਸਿੰਘ ਉਸ ਨੂੰ ਕੋਈ ਵੋਟਾਂ ਨਹੀਂ ਪਵਾਣਾ ਚਾਹੁੰਦਾ ਸੀ, ਕਿਉਂਕਿ ਮੁਕਾਬਲੇ ਤੇ ਚੱਠਿਆਂ ਵਿਚੋਂ ਵੀ ਇਕ ਆਦਮੀ ਖਲੋਤਾ ਸੀ। ਉਸ ਨੂੰ ਇਕ ਮਖ਼ੌਲ ਸੁੱਝਿਆ। ਹੁੱਕਾ ਫੜੀ ਜਾਂਦੇ ਪਿੰਡ ਦੇ ਇਕ ਬੁਢੇ ਚੂਹੜੇ ਵੱਲ ਉਂਗਲੀ ਕਰ ਕੇ ਕਹਿਣ ਲੱਗਾ ‘‘ਸਰਦਾਰ ਜੀ ਅਸੀਂ ਤੁਹਾਡੇ ਗੁਆਂਢੀ ਹੋਏ, ਤੁਹਾਥੋਂ ਬਾਹਰ ਨਹੀਂ ਜਾ ਸਕਦੇ, ਪਰ ਔਹ ਬਾਬਾ ਸਾਡੇ ਪਿੰਡ ਦਾ ਚੌਧਰੀ ਏ, ਜਿਧਰ ਉਹ ਆਖੇ ਉਧਰ ਈ ਸਾਰਾ ਪਿੰਡ ਵੋਟਾਂ ਪਾ ਦਿੰਦਾ ਏ। ਤੁਸੀਂ ਉਹਨੂੰ ਜ਼ਰਾ ਮਨਾ ਲਓ।’’

ਸਰਦਾਰ ਵਿਚਾਰਾ ਭੱਜ ਕੇ ਉਸ ਚੂਹੜੇ ਪਿਛੇ ਗਿਆ। ਉਹ ਉਸ ਦਾ ਆਦਰ ਮਾਣ ਕਰਨ ਲਈ ਉਸ ਦੇ ਨੇੜੇ ਨੇੜੇ ਹੋਵੇ ਤੇ ਚੂਹੜਾ ਵਿਚਾਰਾ ਪਰ੍ਹਾਂ ਪਰ੍ਹਾਂ ਹੋਵੇ ਪਈ ਸਰਦਾਰ ਕਿਧਰੇ ਭਿੱਟਿਆ ਨਾ ਜਾਵੇ। ਪਿਛੋਂ ਬਹਾਦਰ ਸਿੰਘ ਤੇ ਉਥੇ ਬੈਠੇ ਹੋਰ ਬੰਦਿਆਂ ਦਾ ਹਾਸਾ ਨਿਕਲ ਗਿਆ ਤੇ ਸਰਦਾਰ ਵਿਚਾਰਾ ਸ਼ਰਮਿੰਦਾ ਹੋ ਕੇ ਆਪਣੇ ਪਿੰਡ ਨੂੰ ਮੁੜ ਗਿਆ। ਪਿਛੋਂ ਸਰਦਾਰ ਕਹਿੰਦਾ ਫਿਰਦਾ ਸੀ, ‘‘ਭਈ ਚੱਠਿਆਂ ਦੇ ਦਵਾਲੇ ਤੇ ਇਕ ਵਲਗਣ ਵਲਿਆ ਹੋਇਆ ਹੈ, ਇਸ ਵਿਚੋਂ ਲੰਘਣਾ ਬੜਾ ਔਖਾ ਏ।’’

ਇਕ ਦਿਨ ਚੱਠਿਆਂ ਦੇ ਇਸ ਵਲਗਣ ਵਿਚ ਮਘੋਰਾ ਹੋਣ ਦੀ ਖ਼ਬਰ ਆਈ। ਇਕ ਫ਼ੌਜੀ ਚੱਠੇ ਨੇ ਆਪਣੀ ਪਹਿਲੀ ਵਹੁਟੀ ਛਡ ਕੇ ਇਕ ਹੋਰ ਵਿਆਹ ਕਰ ਲਿਆ ਸੀ ਤੇ ਉਸ ਦੀ ਪਹਿਲੀ ਵਹੁਟੀ ਆਪਣੀ ਛੋਟੀ ਜਿਹੀ ਕੁੜੀ ਸਮੇਤ ਆਪਣੇ ਪੇਕਿਆਂ ਦੇ ਘਰ ਰਹਿੰਦੀ ਸੀ। ਪੇਕਿਆਂ ਦਾ ਹੱਥ ਤੰਗ ਵੇਖ ਕੇ ਉਸ ਔਰਤ ਨੇ ਸ਼ਹਿਰ ਵਿਚ ਜਾ ਕੇ ਕਿਸੇ ਦੇ ਘਰ ਨੌਕਰੀ ਕਰ ਲਈ। ਇਹ ਆਦਮੀ ਕਿਸੇ ਦਫ਼ਤਰ ਵਿਚ ਨੌਕਰ ਸੀ। ਹੌਲੀ ਹੌਲੀ ਗੱਲ ਨਿਕਲ ਆਈ ਕਿ ਚੱਠਿਆਂ ਦੀ ਨੂੰਹ ਸ਼ਹਿਰ ਵਿਚ ਕਿਸੇ ਦੇ ਘਰ ਨੌਕਰੀ ਕਰਦੀ ਏ। ਬਹਾਦਰ ਸਿੰਘ ਜਦ ਇਹ ਸੁਣਿਆ ਤਾਂ ਉਸ ਨੂੰ ਬੜਾ ਦੁਖ ਹੋਇਆ। ਜੇ ਉਨ੍ਹਾਂ ਦੀ ਨੂੰਹ ਕਿਸੇ ਦੇ ਘਰ ਨੌਕਰੀ ਕਰਦੀ ਫਿਰੇ ਤਾਂ ਉਨ੍ਹਾਂ ਦੀ ਕੀ ਇਜ਼ਤ ਰਹਿ ਗਈ? ਕੀ ਹੋਇਆ ਜੇ ਉਹ ਉਸ ਦੀ ਆਪਣੀ ਨੂੰਹ ਨਹੀਂ ਸੀ, ਉਨ੍ਹਾਂ ਦੇ ਪਿੰਡ ਦੀ ਵੀ ਨਹੀਂ ਸੀ, ਫਿਰ ਵੀ ਉਹ ਚੱਠਿਆਂ ਦੀ ਨੂੰਹ ਸੀ ਤੇ ਇਸ ਲਈ ਬਹਾਦਰ ਸਿੰਘ ਦੀ ਆਪਣੀ ਨੂੰਹ ਸੀ।

ਬਹਾਦਰ ਸਿੰਘ ਘਰੋਂ ਕੁਝ ਐਡਾ ਸੌਖਾ ਨਹੀਂ ਸੀ, ਫਿਰ ਵੀ ਉਹ ਨਹੀਂ ਚਾਹੁੰਦਾ ਸੀ ਕਿ ਚੱਠਿਆਂ ਦੀ ਇਕ ਨੂੰਹ ਸ਼ਹਿਰ ਵਿਚ ਨੌਕਰੀ ਕਰਦੀ ਫਿਰੇ। ਪਰ ਇਸ ਵਿਚ ਉਸ ਵਿਚਾਰੀ ਦਾ ਕੀ ਕਸੂਰ ਸੀ? ਜੇ ਉਸ ਦਾ ਢਿੱਡ ਨਾ ਟੁਰੇ ਤਾਂ ਉਸ ਨੌਕਰੀ ਤਾਂ ਕਰਨੀ ਹੋਈ। ਇਸ ਮੁਆਮਲੇ ਨੂੰ ਨਜਿੱਠਣ ਦਾ ਇਕੋ ਹੀ ਢੰਗ ਸੀ ਕਿ ਬਹਾਦਰ ਸਿੰਘ ਉਸ ਨੂੰ ਆਪਣੇ ਘਰ ਲੈ ਆਵੇ। ਉਸ ਨੂੰ ਘਰ ਲਿਆਉਣ ਦੀ ਸਲਾਹ ਬਹਾਦਰ ਸਿੰਘ ਨੇ ਆਪਣੇ ਪੁਤਰ ਨਾਲ ਵੀ ਕੀਤੀ, ਚੱਠਿਆਂ ਦੀ ਨੂੰਹ ਦਾ ਕਿਸੇ ਦੇ ਘਰ ਨੌਕਰੀ ਕਰਨਾ ਮੁੰਡੇ ਦੇ ਸਵੈ-ਮਾਣ ਤੇ ਵੀ ਸੱਟ ਮਾਰਦਾ ਸੀ, ਪਰ ਉਸ ਨੂੰ ਇਹ ਵੀ ਪਸੰਦ ਨਹੀਂ ਸੀ ਕਿ ਬਹਾਦਰ ਸਿੰਘ ਉਸ ਜ਼ਨਾਨੀ ਦਾ ਸਾਰੀ ਉਮਰ ਦਾ ਖ਼ਰਚ ਆਪਣੇ ਸਿਰ ਤੇ ਚੁਕ ਲਵੇ।

‘‘ਜਿਸ ਤਰ੍ਹਾਂ ਕਿਸੇ ਦਾ ਝੱਟ ਲੰਘੇ, ਉਸ ਲੰਘਾਣਾ ਹੋਇਆ, ਬਾਪੂ, ਤੈਨੂੰ ਇਸ ਨਾਲ ਕੀ? ਤੂੰ ਕੋਈ ਸਾਰੀ ਦੁਨੀਆਂ ਨੂੰ ਘਰ ਬੈਠਿਆਂ ਰੋਟੀਆਂ ਦੇ ਸਕਨੈਂ।’’ ਉਸ ਦੇ ਪੁਤਰ ਨੇ ਦਲੀਲ ਦਿਤੀ, ਪਰ ਬਹਾਦਰ ਸਿੰਘ ਲਈ ਇਹ ਕੋਈ ਲੰਮੀਆਂ ਬਹਿਸਾਂ ਦਾ ਸਵਾਲ ਨਹੀਂ ਸੀ, ਸਗੋਂ ਇਕ ਔਰਤ ਨੂੰ ਆਪਣੇ ਘਰ ਰੋਟੀ ਦੇ ਕੇ ਸਾਰੀ ਬਰਾਦਰੀ ਦੀ ਇੱਜ਼ਤ ਬਚਾਣ ਦਾ ਸਵਾਲ ਸੀ। ਇਕ ਡਾਰੋਂ ਨਿਖੜੀ ਕੂੰਜ ਨੂੰ ਡਾਰ ਦੇ ਵਿਚ ਰਲਾਣ ਦਾ ਸਵਾਲ ਸੀ। ਬਹਾਦਰ ਸਿੰਘ ਨੂੰ ਇਹ ਨਿਸਚਾ ਸੀ ਕਿ ਜਿੰਨਾ ਚਿਰ ਉਹ ਸ਼ਹਿਰ ਵਿਚ ਨੌਕਰੀ ਕਰਦੀ ਸੀ ਉਨਾ ਚਿਰ ਉਹ ਆਰਾਮ ਨਾਲ ਰੋਟੀ ਨਹੀਂ ਖਾ ਸਕਦਾ। ਅਖੀਰ ਉਹ ਉਸ ਔਰਤ ਨੂੰ ਸਮਝਾ ਬੁਝਾ ਕੇ ਆਪਣੇ ਘਰ ਲੈ ਆਇਆ ਤੇ ਇਸ ਤਰ੍ਹਾਂ ਚੱਠਿਆਂ ਦੇ ਦਵਾਲੇ ਦੇ ਵਲਗਣ ਵਿਚ ਜੋ ਮਘੋਰਾ ਹੋ ਗਿਆ ਸੀ, ਉਸ ਨੂੰ ਬੰਦ ਕਰ ਦਿਤਾ। ਹੁਣ ਬਹਾਦਰ ਸਿੰਘ ਘੋੜੀ ਤੇ ਚੜ੍ਹ ਕੇ ਪਿੰਡੋ ਪਿੰਡ ਜਾਂਦਾ ਤੇ ਆਪਣੇ ਇਸ ਕੰਮ ਬਾਰੇ ਲੋਕਾਂ ਦੇ ਪ੍ਰਤੀਕਰਮ ਦੀਆਂ ਕਨਸੋਆਂ ਲੈਂਦਾ। ਉਸ ਦੇ ਕੰਮ ਦੀ ਹਰ ਪਾਸੇ ਸ਼ਲਾਘਾ ਹੀ ਸ਼ਲਾਘਾ ਸੀ।

ਇਸ ਗੱਲ ਨੂੰ ਕਈ ਸਾਲ ਬੀਤ ਗਏ, ਬਹਾਦਰ ਸਿੰਘ ਦੇ ਵਡੇਰੇ ਹੋ ਰਹੇ ਸਰੀਰ ਨੇ ਕਈ ਸਿਆਲ ਹੋਰ ਵੇਖੇ ਤੇ ਚੋਣਾਂ ਇਕ ਵਾਰ ਫਿਰ ਆ ਗਈਆਂ। ਇਕ ਪਾਸੇ ਇਕ ਚੱਠਾ ਖਲੋਤਾ ਸੀ ਤੇ ਉਸ ਦੇ ਮੁਕਾਬਲੇ ਵਿਚ ਸ਼ਹਿਰ ਦਾ ਇਕ ਵਕੀਲ ਸੀ। ਬਹਾਦਰ ਸਿੰਘ ਲਈ ਵੋਟ ਪਾਣ ਦਾ ਸਵਾਲ ਬਿਲਕੁਲ ਸਾਫ਼ ਸੀ। ਸਾਰੇ ਚੱਠਿਆਂ ਨੂੰ ਚਾਹੀਦਾ ਸੀ ਕਿ ਉਹ ਚੱਠੇ ਉਮੀਦਵਾਰ ਨੂੰ ਵੋਟਾਂ ਪਾ ਦੇਣ ਤੇ ਹੋਰ ਪੈਸੇ ਟਕੇ ਨਾਲ ਵੀ ਉਸ ਦੀ ਸਹਾਇਤਾ ਕਰਨ। ਪਰ ਉਸ ਵਕੀਲ ਨੇ ਇਕ ਹੋਰ ਜਾਲ ਸੁਟਿਆ ਹੋਇਆ ਸੀ। ਉਸ ਨੇ ਚੱਠਿਆਂ ਦੇ ਪਿੰਡਾਂ ਵਿਚ ਇਹ ਗੱਲ ਧੁਮਾ ਦਿਤੀ ਕਿ ਜੇ ਸਾਰੇ ਚੱਠੇ ਉਸ ਨੂੰ ਵੋਟਾਂ ਪਾਣ ਤਾਂ ਉਹ ਦਸ ਹਜ਼ਾਰ ਰੁਪਿਆ ਲਾ ਕੇ ਉਨ੍ਹਾਂ ਦੇ ਇਕ ਵਡੇ ਪਿੰਡ ਵਿਚ ਹਾਈ ਸਕੂਲ ਖੋਲ੍ਹ ਦੇਵੇਗਾ। ਸਾਰੇ ਫ਼ੌਜੀ ਪਿਨਸ਼ਨੀਏ ਇਸ ਕਰ ਕੇ ਉਸ ਵਕੀਲ ਨੂੰ ਵੋਟਾਂ ਪਾਣ ਦੇ ਹੱਕ ਵਿਚ ਸਨ। ਜੇ ਸਕੂਲ ਬਣ ਗਿਆ, ਉਹ ਆਖਦੇ ‘‘ਤਾਂ ਮੁੰਡੇ ਪੜ੍ਹਨਗੇ ਤੇ ਨੌਕਰੀਆਂ ਤੇ ਲਗਣਗੇ। ਅੱਗੇ ਹੀ ਜ਼ਮੀਨਾਂ ਸੌੜੀਆਂ ਹੋ ਰਹੀਆਂ ਨੇ। ਮੈਂਬਰ ਦਾ ਕੀ ਫ਼ਾਇਦਾ? ਚੱਠਾ ਹੋ ਗਿਆ ਤਾਂ ਕੀ ਜੇ ਵਕੀਲ ਹੋ ਗਿਆ ਤਾਂ ਕੀ? ’’ ਬਹੁਤ ਲੋਕ ਫ਼ੌਜੀਆਂ ਦੇ ਮਗਰ ਲਗ ਟੁਰੇ ਤੇ ਇਹ ਫ਼ੈਸਲਾ ਹੋਇਆ ਕਿ ਸਾਰੀਆਂ ਵੋਟਾਂ ਵਕੀਲ ਨੂੰ ਹੀ ਪਾਈਆਂ ਜਾਣ ਤੇ ਚੱਠਾ ਉਮੀਦਵਾਰ ਬੈਠ ਜਾਵੇ।

ਜਿਸ ਦਿਨ ਇਹ ਫ਼ੈਸਲਾ ਹੋਇਆ ਉਹ ਦਿਨ ਬਹਾਦਰ ਸਿੰਘ ਲਈ ਬੜਾ ਔਖਾ ਸੀ। ਉਸ ਦਾ ਜੀ ਕਰਦਾ ਸੀ ਕਿ ਉਹ ਆਪਣੀ ਸਾਰੀ ਜ਼ਮੀਨ ਵੇਚ ਕੇ ਰੁਪਿਆ ਇਕੱਠਾ ਕਰੇ ਤੇ ਫਿਰ ਲੋਕਾਂ ਨੂੰ ਕਹਵੇ ‘‘ਆਓ ਮੈਂ ਤੁਹਾਨੂੰ ਸਕੂਲ ਬਣਵਾ ਦਿੰਦਾ ਹਾਂ, ਤੁਸੀਂ ਵੋਟਾਂ ਆਪਣੇ ਚੱਠੇ ਭਰਾ ਨੂੰ ਪਾਵੋ। ਤਕੜੇ ਹੋਵੋ, ਐਵੇਂ ਕਿਉਂ ਇਧਰ ਉਧਰ ਦੀਆਂ ਰੋਹੜਾਂ ਨਾਲ ਰੁੜ੍ਹਦੇ ਫਿਰਦੇ ਓ।’’ ਪਰ ਉਸ ਦੀ ਜ਼ਮੀਨ ਸ਼ਾਇਦ ਇੰਨੇ ਰੁਪਿਆਂ ਦੀ ਹੀ ਨਹੀਂ ਸੀ ਤੇ ਨਾਲੇ ਜ਼ਮੀਨ ਵੇਚਣਾ ਕਿਹੜਾ ਸੌਖਾ ਕੰਮ ਸੀ। ਉਸ ਨੂੰ ਬੜਾ ਅਫ਼ਸੋਸ ਸੀ ਕਿ ਆਲੇ ਦੁਆਲੇ ਤੋਂ ਆਰਥਕ ਕਾਂਗਾਂ ਆ ਕੇ ਉਸ ਦੇ ਇਲਾਕੇ ਨੂੰ ਚੀਰ ਰਹੀਆਂ ਸਨ ਤੇ ਉਨ੍ਹਾਂ ਦੇ ਆਪਣੇ ਘਰ ਵਿਚ ਬਾਹਰਲੇ ਲੋਕ ਚੌਧਰੀ ਬਣਦੇ ਜਾਂਦੇ ਸਨ।

ਬਹਾਦਰ ਸਿੰਘ ਦੇ ਪਿੰਡ ਦਾ ਇਕ ਜੱਟ ਮੁੰਡਾ ਜ਼ਮੀਨ ਤੇ ਗੁਜ਼ਾਰਾ ਨਾ ਹੁੰਦਾ ਵੇਖ ਕੇ ਟਾਂਗਾ ਵਾਹੁਣ ਲਗ ਪਿਆ ਸੀ। ਬਹਾਦਰ ਸਿੰਘ ਨੂੰ ਇਹ ਕੰਮ ਕੁਝ ਭੈੜਾ ਜਿਹਾ ਲਗਦਾ ਸੀ। ਟਾਂਗੇ ਵਾਲਾ ਜਣੇ ਖਣੇ ਦਾ ਨੌਕਰ ਸੀ, ਜਿਸ ਦੇ ਬੋਝੇ ਵਿਚ ਚਾਰ ਪੈਸੇ ਹੋਣ ਉਸ ਨੂੰ ਹੀ ਜੀ ਤੇ ਉਸ ਦਾ ਉਹ ਦੁਬੈਲ। ਪਰ ਇਸ ਕੰਮ ਵਿਚ ਇਕ ਹੋਰ ਗੱਲ ਜੋ ਬਹਾਦਰ ਸਿੰਘ ਨੂੰ ਵਧੇਰੇ ਚੁਭਦੀ ਸੀ, ਇਹ ਸੀ ਕਿ ਹੋਰ ਟਾਂਗਿਆਂ ਵਾਲੇ ਕੋਈ ਮਹਿਰਾ ਸੀ ਤੇ ਕੋਈ ਨਾਈ। ਉਸ ਚੱਠੇ ਮੁੰਡੇ ਦੀ ਇਨ੍ਹਾਂ ਨਾਲ ਹੀ ਦੋਸਤੀ ਸੀ ਤੇ ਇਨ੍ਹਾਂ ਨਾਲ ਹੀ ਬਹਿਣ ਖਲੋਣ। ਕਿਸੇ ਵੇਖਣ ਵਾਲੇ ਲਈ ਤੇ ਇਹ ਬੁੱਝਣਾ ਵੀ ਔਖਾ ਸੀ ਕਿ ਉਹ ਚੱਠਿਆਂ ਦਾ ਮੁੰਡਾ ਸੀ ਕਿ ਝੀਊਰਾਂ ਦਾ। ਤੇ ਫਿਰ ਬਹਾਦਰ ਸਿੰਘ ਨੇ ਸੁਣਿਆ ਕਿ ਉਸ ਮੁੰਡੇ ਨੇ ਇਕ ਦਿਨ ਇਕ ਟਾਂਗੇ ਵਾਲੇ ਝੀਊਰ ਨੂੰ ਆਪਣੇ ਨਾਲ ਘਰ ਆਂਦਾ। ਦੋਹਾਂ ਨੇ ਇਕੱਠੇ ਬੈਠ ਕੇ ਸ਼ਰਾਬ ਪੀਤੀ ਤੇ ਫਿਰ ਚੱਠੇ ਮੁੰਡੇ ਦੀ ਵਹੁਟੀ ਨੇ ਉਨ੍ਹਾਂ ਦੋਹਾਂ ਨੂੰ ਰੋਟੀਆਂ ਖਵਾਈਆਂ। ਇਹ ਸੁਣ ਕੇ ਬਹਾਦਰ ਸਿੰਘ ਨੂੰ ਅੱਗ ਲੱਗ ਗਈ। ਕੋਈ ਝੀਊਰ ਕਿਸੇ ਚੱਠੇ ਜੱਟ ਦੇ ਘਰ ਬੈਠ ਕੇ ਸ਼ਰਾਬ ਪੀਏ ਤੇ ਫਿਰ ਚੱਠਿਆਂ ਦੀ ਨੂੰਹ ਉਸ ਝੀਊਰ ਨੂੰ ਰੋਟੀ ਖਵਾਏ, ਇਹ ਗੱਲ ਬੁੱਢੇ ਹੋਏ ਬਹਾਦਰ ਸਿੰਘ ਤੋਂ ਵੀ ਜਰੀ ਜਾਣ ਵਾਲੀ ਨਹੀਂ ਸੀ। ਅਗਲੇ ਦਿਨ ਜਦ ਉਹ ਟਾਂਗੇ ਵਾਲਾ ਮੁੰਡਾ ਬਹਾਦਰ ਸਿੰਘ ਨੂੰ ਮਿਲਿਆ ਤਾਂ ਉਸ ਨੇ ਉਸ ਨਾਲ ਗੱਲ ਛੇੜੀ।

‘‘ਸੁਹਣਿਆਂ, ਸਾਊ ਤੇ ਨਹੀਂ ਨਾ ਝੀਊਰਾਂ ਨੂੰ ਘਰੀਂ ਲਿਆ ਕੇ ਸ਼ਰਾਬਾਂ ਪਿਆਂਦੇ।’’
‘‘ਚਾਚਾ ਝੀਊਰ ਹੋਵੇ, ਕੋਈ ਸਰਦਾਰ ਹੋਵੇ, ਟਾਂਗੇ ਵਾਲੇ ਸਾਰੇ ਟਾਂਗੇ ਵਾਲੇ ਹੀ ਹੁੰਦੇ ਨੇ।’’
‘‘ਪੁੱਤਰ, ਟਾਂਗੇ ਵਾਲਾ ਤੇ ਹੋਇਆ ਨਾ ਤੂੰ ਅੱਡੇ ਤੇ, ਪਿੰਡ ਵਿਚ ਤੇ ਤੂੰ ਸਾਡਾ ਪੁੱਤਰ ਏਂ। ਸਾਡੀ ਨੂੰਹ ਕੋਲੋਂ ਤੇ ਨਾ ਨਾ ਝੀਊਰਾਂ ਨੂੰ ਰੋਟੀਆਂ ਖਵਾਇਆ ਕਰ। ਝੀਊਰਾਂ ਸਾਡੇ ਭਾਂਡੇ ਮਾਂਜਣੇ ਨੇ ਕਿ ਸਾਡੇ ਨਾਲ ਸਾਂਵਿਆਂ ਬੈਠ ਕੇ ਸਾਡੀਆਂ ਨੂੰਹਾਂ ਹੱਥੋਂ ਰੋਟੀਆਂ ਖਾਣੀਆਂ ਨੇ?’’
‘‘ਨਿਰਾ ਅੱਡੇ ਤੇ ਟਾਂਗੇ ਵਾਲਾ ਹੋਇਆਂ ਨਹੀਂ ਚਲਦਾ,ਚਾਚਾ। ਰਾਹ ਵਿਚ ਜੇ ਮੇਰਾ ਟਾਂਗਾ ਪਾਸ ਪੈ ਜਾਏ, ਜਾਂ ਮੇਰਾ ਸਾਜ ਟੁੱਟ ਜਾਏ, ਜਾਂ ਮੇਰੇ ਘੋੜੇ ਨੂੰ ਕੁਝ ਹੋ ਜਾਏ ਤਾਂ ਕਿਸੇ ਟਾਂਗੇ ਵਾਲੇ ਨੇ ਹੀ ਆ ਕੇ ਮੇਰੀ ਬਾਂਹ ਫੜਨੀ ਏ ਨਾ। ਜੇ ਕੋਈ ਸਵਾਰੀ ਮੇਰੇ ਨਾਲ ਵਾਧੀ ਘਾਟੀ ਗੱਲ ਕਰੇ ਤਾਂ ਮੈਂ ਟਾਂਗੇ ਵਾਲਿਆਂ ਦੇ ਸਿਰ ਤੇ ਹੀ ਉਸ ਦਾ ਜਵਾਬ ਦੇਣਾ ਏ ਨਾ। ਜੇ ਅੱਡੇ ਦਾ ਠੇਕੇਦਾਰ ਫੀਸਾਂ ਵਧਾ ਦੇਵੇ ਤਾਂ ਅਸਾਂ ਟਾਂਗੇ ਵਾਲਿਆਂ ਨੇ ਇਕੱਠੇ ਹੀ ਲੜਨਾ ਮਰਨਾ ਏ ਨਾ। ਸਾਡਾ ਤੇ ਬਸ ਹੁਣ ਉਨ੍ਹਾਂ ਨਾਲ ਹੀ ਭਾਈਚਾਰਾ ਬਰਾਦਰੀ ਏ।’’
‘‘ਤਾਂ ਵੀ ਪੁੱਤਰ, ਆਪਣੀ ਜੰਮ ਦਾ ਰੁਹਬ ਤੇ ਰੱਖੀ ਦਾ ਏ ਨਾ।’’
‘‘ਨਹੀਂ ਚਾਚਾ, ਸਾਡਾ ਰੁਹਬ ਤੇ ਆਪੋ ਵਿਚ ਰਲ ਕੇ ਬਹਿਣ ਨਾਲ ਈ ਏ, ਇਕ ਦੂਜੇ ਤੋਂ ਵੱਡੇ ਬਣਨ ਵਿਚ ਨਹੀਂ। ਤੂੰ ਤੇ ਹਰ ਕਿਸੇ ਨੂੰ ਰੋਟੀ ਕਮਾਣ ਤੋਂ ਵਰਜਦਾ ਫਿਰਨਾ ਏਂ। ਤੂੰ ਆਹਨਾ ਏਂ ਬਸ ਆਪਣੀ ਆਕੜ ਵਿਚ ਘਰ ਬੈਠੇ ਰਹੋ, ਭੁਖੇ ਮਰ ਜਾਓ। ਅਗਲੇ ਦਿਨ ਤੂੰ ਆਂਹਦਾ ਪਿਆ ਸੈਂ ‘‘ਨਿਸ਼ਾਨਾ ਤਸੀਲਦਾਰ ਦਾ ਅਰਦਲੀ ਕਿਉਂ ਬਣ ਗਿਆ ਏ। ਸੌਹਰਾ ਖਤਰੇਟੇ ਜਿਹੇ ਤਸੀਲਦਾਰ ਦੇ ਭਾਂਡੇ ਮਾਂਜਦਾ ਫਿਰਦਾ ਏ।’’

ਬਹਾਦਰ ਸਿੰਘ ਚੁੱਪ ਹੋ ਗਿਆ। ਚੱਠਿਆਂ ਦੇ ਕਿਲ੍ਹੇ ਵਿਚ ਬੜੀ ਕੋਝੀ ਮੋਰੀ ਹੋ ਗਈ ਸੀ ਤੇ ਜਿਸ ਨੇ ਇਹ ਮੋਰੀ ਕੀਤੀ ਸੀ, ਉਹ ਇਸ ਨੂੰ ਆਪਣੀ ਰੋਟੀ ਕਮਾਣ ਲਈ, ਸਾਹ ਲੈਣ ਲਈ, ਜੀਊਂਦੇ ਰਹਿਣ ਲਈ ਜ਼ਰੂਰੀ ਸਮਝਦਾ ਸੀ।

ਕੁਝ ਸਾਲ ਹੋਰ ਲੰਘ ਗਏ। ਬਹਾਦਰ ਸਿੰਘ ਅੰਮ੍ਰਿਤਸਰ ਗਿਆ। ਸ਼ਹਿਰ ਦੇ ਨੇੜੇ ਨਾਖਾਂ ਦਾ ਇਕ ਬਾਗ਼ ਸੀ। ਬਾਗ਼ ਵਾਲੇ ਨੇ ਇਸ ਵਿਚ ਪੰਜ ਛੇ ਮੁੰਡੇ ਰਾਖੇ ਬਿਠਾਏ ਹੋਏ ਸਨ। ਚਾਰ ਪੰਜ ਮੁੰਡੇ ਚੂਹੜੇ ਸਨ ਤੇ ਇਕ ਮੁੰਡਾ ਸਿੱਖ। ਬਹਾਦਰ ਸਿੰਘ ਉਨ੍ਹਾਂ ਕੋਲੋਂ ਨਾਖਾਂ ਲੈਣ ਬੈਠ ਗਿਆ। ਸਿੱਖ ਮੁੰਡਾ ਇਕੱਲਾ ਹੋਣ ਕਰ ਕੇ ਉਨ੍ਹਾਂ ਚੂਹੜਿਆਂ ਵਿਚ ਬੜਾ ਔਖਾ ਸੀ। ਉਹ ਸਾਰੇ ਉਸ ਦਾ ਮਖ਼ੌਲ ਉਡਾਂਦੇ, ਪਰ ਉਹ ਇਕੱਲਾ ਹੋਣ ਕਰਕੇ ਉਨ੍ਹਾਂ ਦਾ ਕੁਝ ਨਹੀਂ ਕਰ ਸਕਦਾ ਸੀ। ਉਸ ਨੇ ਕਦੀ ਚੂਹੜਿਆਂ ਨਾਲ ਸਾਵਾਂ ਹੋ ਕੇ ਖਲੋਣਾ ਨਹੀਂ ਸਿਖਿਆ ਸੀ। ਇਸ ਲਈ ਉਹ ਉਨ੍ਹਾਂ ਵਿਚੋਂ ਕਿਸੇ ਨੂੰ ਆਪਣੇ ਨਾਲ ਵੀ ਨਹੀਂ ਮਿਲਾ ਸਕਦਾ ਸੀ। ਉਸ ਵੇਲੇ ਵੀ ਉਨ੍ਹਾਂ ਦੀ ਆਪੋ ਵਿਚ ਕੁਝ ਗਰਮਾ ਗਰਮੀ ਚਲ ਰਹੀ ਸੀ। ਇਕ ਮੁੰਡਾ ਉਸ ਨੂੰ ਕਹਿ ਰਿਹਾ ਸੀ:
‘‘ਆਪਣੀ ਆਟੇ ਵਾਲੀ ਪ੍ਰਾਤ ਦੂਜੀ ਛੰਨ ਹੇਠ ਕਰ ਲੈ, ਯਾਰ, ਫਿਰ ਆਖੇਂਗਾ ਭਿਟਿਆ ਗਿਆ ਏਂ।’’
‘‘ਓਸ ਛੰਨ ਵਿਚ, ਭੈੜਿਆ, ਚੂਹੇ ਨੇ, ਤੂੰ ਆਪਣੀ ਪ੍ਰਾਤ ਮੇਰੀ ਪ੍ਰਾਤ ਤੋਂ ਜ਼ਰਾ ਪਰ੍ਹਾਂ ਚਾ ਰੱਖ ਖਾਂ।’’
‘‘ਪਰ੍ਹਾਂ ਤੇ ਧੁੱਪ ਏ, ਧੁੱਪੇ ਅਸਾਂ ਆਪਣਾ ਆਟਾ ਸੁਕਾ ਲੈਣਾ ਏਂ।’’
ਤੇ ਫਿਰ ਸਭ ਤੋਂ ਵਡੇ ਰਾਖੇ ਨੇ ਉਸ ਨੂੰ ਕਿਹਾ – ‘‘ਤੂੰ ਜਵਾਨ ਸਾਰਾ ਦਿਨ ਗੁੰਨ੍ਹਣ ਪਕਾਣ ਵਿਚ ਰਹਿਨਾਂ ਏਂ, ਫੇਰਾ ਕਿਹੜੇ ਵੇਲੇ ਮਾਰਨਾ ਏਂ? ਅੱਜ ਆਉਂਦੇ ਨੇ ਸ਼ਾਹ ਹੁਰੀਂ ਤੇ ਕਰਦੇ ਆਂ ਇਹ ਵੀ ਗੱਲ।’’ ਚੂਹੜੇ ਮੁੰਡਿਆਂ ਵਿਚੋਂ ਤਾਂ ਇਕ ਅੱਧਾ ਹੀ ਸਾਰਿਆਂ ਦੀ ਰੋਟੀ ਪਕਾ ਦਿੰਦਾ ਤੇ ਬਾਕੀ ਸਾਰੇ ਮੌਜ ਨਾਲ ਫਿਰਦੇ ਰਹਿੰਦੇ, ਪਰ ਸਿੱਖ ਮੁੰਡੇ ਨੂੰ ਹਰ ਵਾਰੀ ਆਪਣੇ ਇਕੱਲੇ ਵਾਸਤੇ ਵੱਖਰੀ ਰੋਟੀ ਪਕਾਣੀ ਪੈਂਦੀ। ਉਸ ਦੀ ਬੋਲਚਾਲ ਵਿਚ ਬਹਾਦਰ ਸਿੰਘ ਨੂੰ ਕੁਝ ਸਾਂਝ ਦਿੱਸੀ ਤੇ ਉਹ ਉਸ ਨਾਲ ਗੱਲੀਂ ਲਗ ਪਿਆ –
‘‘ਛੋਹਰਾ – ਤੂੰ ਕੌਣ ਹੁੰਨਾ ਏਂ?’’
‘‘ਚੱਠਾ।’’ ਬਹਾਦਰ ਸਿੰਘ ਦਾ ਡਰ ਠੀਕ ਨਿਕਲਿਆ ਸੀ।
‘‘ਕਿਹੜੇ ਪਿੰਡੋਂ?’’
‘‘ਝਮਕਿਆਂ ਤੋਂ।’’
‘‘ਤੁਹਾਡਾ ਭੋਏਂ ਭਾਂਡਾ ਕਿਥੇ ਗਿਆ?’’
‘‘ਭੋਏਂ ਗਹਿਣੇ ਪਈ ਏ।’’
‘‘ਤੇਰਾ ਬਾਪ ਹੁਣ ਕੀ ਕਰਦਾ ਏ?’’
‘‘ਬਾਪ ਗੁਜ਼ਰ ਗਿਆ ਏ।’’

ਇਸ ਮੁੰਡੇ ਨੂੰ ਇਸ ਤਰ੍ਹਾਂ ਅਵੱਲਾ ਜਿਹਾ ਫਸਿਆ ਵੇਖ ਕੇ, ਬਹਾਦਰ ਸਿੰਘ ਦਾ ਦਿਲ ਵਿੰਨ੍ਹਿਆ ਗਿਆ। ਜੇ ਉਹ ਇਸ ਮੁੰਡੇ ਨੂੰ ਉਥੋਂ ਕਢ ਕੇ ਆਪਣੇ ਘਰ ਲੈ ਜਾਏ ਤਾਂ ਉਸ ਦੀ ਜਾਨ ਸੌਖੀ ਹੋ ਸਕਦੀ ਸੀ। ਢੇਰ ਸਾਲ ਪਹਿਲਾਂ ਉਹ ਚੱਠਿਆਂ ਦੀ ਇਕ ਨੂੰਹ ਨੂੰ ਇਸ ਤਰ੍ਹਾਂ ਔਖੀ ਥਾਂ ਰਹਿੰਦਿਆਂ ਵੇਖ ਕੇ ਆਪਣੇ ਘਰ ਲੈ ਗਿਆ ਸੀ, ਪਰ ਹੁਣ ਤੇ ਦਿਨ ਹੀ ਕੁਝ ਹੋਰ ਤਰ੍ਹਾਂ ਦੇ ਆ ਗਏ ਸਨ। ਹਰ ਪਾਸੇ ਲੋਕ ਉਸ ਦੇ ਹੱਥਾਂ ਵਿਚੋਂ ਤਿਲ ਤਿਲਕ ਕੇ ਬਾਹਰ ਜਾ ਰਹੇ ਸਨ। ਕਿਧਰੇ ਚੱਠੇ, ਚੱਠਿਆਂ ਦੇ ਬਰਖਿਲਾਫ਼ ਵੋਟਾਂ ਪਾ ਰਹੇ ਸਨ, ਕਿਧਰੇ ਕੋਈ ਚੱਠਾ ਟਾਂਗਾ ਵਾਹੁੰਦਾ ਸੀ ਤੇ ਉਸ ਦੀ ਵਹੁਟੀ ਝੀਊਰਾਂ ਨੂੰ ਰੋਟੀਆਂ ਖੁਆਉਂਦੀ ਸੀ, ਕਿਧਰੇ ਉਸ ਦਾ ਕੋਈ ਮੁੰਡਾ ਖਤਰੀ ਤਸੀਲਦਾਰ ਦੇ ਭਾਂਡੇ ਮਾਂਜਦਾ ਸੀ। ਹਰ ਇਕ ਦਾ ਵਖੋ ਵਖ ਪਾਸੇ ਮੂੰਹ ਸੀ। ਬਰਾਦਰੀ ਦੀ ਕੁੱਖ ਵਿਚੋਂ ਨਿਕਲ ਦੇ ਲੋਕ ਓਪਰੀ ਓਪਰੀ ਥਾਈਂ ਸਾਂਝਾ ਜੋੜ ਰਹੇ ਸਨ ਤੇ ਇਸ ਰਾਖੇ ਮੁੰਡੇ ਵਾਂਗ ਜੋ ਨਹੀਂ ਜੋੜਦੇ ਸਨ, ਇਹਨਾਂ ਓਪਰੀਆਂ ਥਾਵਾਂ ਵਿਚ ਰਚਦੇ ਮਿਚਦੇ ਨਹੀਂ ਸਨ, ਉਹ ਔਖੇ ਰਹਿੰਦੇ। ਨਹੀਂ, ਉਹ ਇਸ ਮੁੰਡੇ ਨੂੰ ਘਰ ਨਹੀਂ ਲਿਜਾਏਗਾ। ਇਕ ਅੱਧੇ ਮੁੰਡੇ ਨੂੰ ਘਰ ਲਿਜਾਇਆਂ ਹੁਣ ਉਸ ਦੀ ਬਰਾਦਰੀ ਦਾ ਇਕੱਠ ਤੇ ਇੱਜ਼ਤ ਕਾਇਮ ਨਹੀਂ ਰਹਿ ਸਕਦੀ ਸੀ।

ਬਹਾਦਰ ਸਿੰਘ ਨੂੰ ਇਸ ਤਰ੍ਹਾਂ ਲਗਾ ਜਿਵੇਂ ਵੱਗਦੇ ਦਰਿਆ ਵਿਚ ਉਸ ਦੀ ਤੂੜੀ ਦੀ ਪੰਡ ਖੁਲ੍ਹ ਗਈ ਸੀ। ਸਾਰੇ ਕੱਖ ਆਪੋ ਆਪਣੇ ਦਰਿਆ ਦੀ ਰੋੜ੍ਹ ਵਿਚ ਰੁੜ੍ਹਦੇ ਜਾ ਰਹੇ ਸਨ। ਇਕ ਅੱਧੇ ਕੱਖ ਨੂੰ ਫੜਿਆਂ ਹੁਣ ਕੀ ਸੌਰ ਸਕਦਾ ਸੀ?

  • ਮੁੱਖ ਪੰਨਾ : ਕੁਲਵੰਤ ਸਿੰਘ ਵਿਰਕ, ਕਹਾਣੀਆਂ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ