Tutte Kunde Wali Piali (Story in Punjabi) : Ismat Chughtai

ਟੁੱਟੇ ਕੁੰਡੇ ਵਾਲੀ ਪਿਆਲੀ (ਕਹਾਣੀ) : ਇਸਮਤ ਚੁਗ਼ਤਾਈ

“ਦੂਣੇ, ਓ ਦੂਣਿਆਂ…ਕਿੱਥੇ ਮਰ ਗਿਆ ਏਂ ਜਾ ਕੇ?”
ਦੂਣਾ ਛੱਪੜ ਕੋਲ ਬੈਠਾ ਟੱਟੀ ਫਿਰ ਰਿਹਾ ਸੀ। ਆਵਾਜ਼ ਸੁਣ ਕੇ ਉਸਨੇ ਠੰਡੇ-ਯੱਖ ਪਾਣੀ ਨਾਲ ਛੇਤੀ-ਛੇਤੀ ਹੱਥ ਧੋਤੇ ਤੇ ਨਿੱਕਰ ਬੰਨ੍ਹਦਾ ਹੋਇਆ ਖੇਤ ਦੇ ਖਾਲ ਦੀ ਵੱਟੇ-ਵੱਟ ਹੋ ਲਿਆ—ਆਵਾਜ਼ ਦੇ ਐਨ ਉਲਟੇ ਪਾਸੇ ਵੱਲ ਨੂੰ। ਇਹੀ ਤਾਂ ਖਰਾਬੀ ਹੈ ਦੂਣੇ ਵਿਚ, ਹਰ ਗੱਲ ਨੂੰ ਸੁਣੀ-ਅਣਸੁਣੀ ਕਰ ਦੇਂਦਾ ਹੈ। ਸੁਣਦਾ ਹੈ ਤਾਂ ਸਿਰਫ ਅੱਧ ਕਮਲੇ ਪੀਰੂ ਮੀਆਂ ਦੀ—ਪੀਰੂ ਮੀਆਂ ਨੇ ਉਸਨੂੰ ਕਿਸੇ ਕੰਮ ਦਾ ਨਹੀਂ ਛੱਡਿਆ।
ਸਕੀਨਾ ਕਿੰਨਾ ਹੱਸਦੀ ਹੁੰਦੀ ਸੀ, ਬੱਸ ਗੱਲ-ਗੱਲ ‘ਤੇ ਹੱਸੀ ਓ ਜਾਂਦੀ… ਜੀਅ ਕਰਦਾ ਸੀ, ਚੁੜੈਲ ਦੇ ਦੰਦ ਤੋੜ ਦਿਆਂ—ਜਵਾਨ, ਖੁਬਸੂਰਤ ‘ਤੇ ਜਾਨਦਾਰ ਦੰਦ ਜਿਹੜੇ ਉਸਦੇ ਕਣਕ-ਵੰਨੇ ਚਿਹਰੇ ਉੱਤੇ ਬਿਜਲੀ ਵਾਂਗ ਲਿਸ਼ਕਦੇ ਹੁੰਦੇ ਸਨ। ਪੀਰੂ ਮੀਆਂ ਤੋਂ ਹੁਣ ਉਹ ਪਰਦਾ ਕਰਨ ਲੱਗ ਪਈ ਸੀ। ਉਹ ਉਸ ਨਾਲੋਂ ਗਿਆਰਾਂ ਸਾਲ ਵੱਡਾ ਜੋ ਸੀ। ਉਸਦੇ ਪੈਦਾ ਹੁੰਦਿਆਂ ਹੀ ਪੀਰੂ ਦੀ ਮਾਂ ਨੇ ਠੀਕਰੇ ਵਿਚ ਰੁਪਈਆ ਪਾ ਕੇ ਉਸਨੂੰ ਮੰਗ ਲਿਆ ਸੀ।
ਪੀਰੂ ਦੇ ਚਾਚੇ ਨੂਰ ਮੁਹੰਮਦ ਦੇ ਅੱਠ ਨਿਆਣੇ ਸਨ—ਉਹਨਾਂ ਵਿਚੋਂ ਇਕ ਚੇਚਕ ਨਾਲ ਠੰਡਾ ਹੋ ਗਿਆ ਸੀ ਤੇ ਇਕ ਛੱਪੜ ਵਿਚ ਡੁੱਬ ਕੇ ਮਰ ਗਿਆ ਸੀ। ਸਕੀਨਾ ਬੜੀ ਲਾਡਲੀ ਧੀ ਸੀ…ਇਕੱਲੀ ਜੋ ਸੀ। ਵੱਡੇ ਚਾਰੇ ਭਰਾ ਕੰਮੀ-ਧੰਦੀ ਲੱਗੇ ਹੋਏ ਸਨ।
ਸਕੀਨਾ ਹੌਲੀ ਫੁੱਲ ਵਰਗੀ ਹੁੰਦੀ ਸੀ। ਪੀਰੂ ਉਸਨੂੰ ਕੁੱਛੜ ਚੁੱਕ ਕੇ ਊਚ-ਨੀਚ ਖੇਡ ਲੈਂਦਾ ਸੀ। ਉਸਨੂੰ ਦੇਖਦਿਆਂ ਹੀ ਉਹ ਠੁਣਕਣ ਲੱਗ ਪੈਂਦੀ। ਸਾਰੇ ਪੀਰੂ ਨੂੰ ਛੇੜਦੇ…ਉਸਦੀ ਦੁਲਹਨ ਬੜੀ ਬੇਸ਼ਰਮੀ ਨਾਲ ਉਸਨੂੰ ਦਿਲ ਦੇ ਬੈਠੀ ਹੈ। ਜਦੋਂ ਉਹ ਉਸਨੂੰ ਗੋਦੀ ਚੁੱਕਦਾ ਉਹ ‘ਪੁੱਚ’ ਕਰਕੇ ਉਸਦਾ ਚੁੰਮਾਂ ਲੈ ਲੈਂਦੀ। ਪੀਰੂ ਦਾ ਨੱਕ ਲਾਲ ਹੋ ਜਾਂਦਾ, ਉਹ ਛੇਤੀ ਦੇਣੇ ਉਸਨੂੰ ਚਾਚੀ ਦੀ ਗੋਦੀ ਵਿਚ ਸੁੱਟ ਦੇਣਾ ਚਾਹੁੰਦਾ…ਪਰ ਉਹ ਉਸਦੇ ਲੱਕ ਦੁਆਲੇ ਨਿਆਣਾ ਮਾਰ ਲੈਂਦੀ ਤੇ ਉੱਚੀ-ਉੱਚੀ ਚਿਕਾਟੇ ਛੱਡ ਦੇਂਦੀ। ਮਜ਼ਬੂਰਨ ਪੀਰੂ ਉਸਨੂੰ ਲੈ ਕੇ ਬਾਹਰ ਵੱਲ ਨੱਠ ਜਾਂਦਾ। ਉਹ ਸ਼ਰਮਾਅ ਤਾਂ ਜਾਂਦਾ ਸੀ ਪਰ ਗੁੱਸਾ ਨਹੀਂ ਸੀ ਕਰਦਾ ਹੁੰਦਾ। ਉਹ ਕਿਚ-ਕਿਚ ਕਰਕੇ, ਕਦੀ, ਉਸਦਾ ਨੱਕ ਪੁੱਟ ਦੇਂਦੀ ਤੇ ਕਦੀ ਕੰਨ ਵੱਢ ਖਾਂਦੀ, ਪਰ ਉਹ ਹੱਸਦਾ ਹੀ ਰਹਿੰਦਾ।
…ਤੇ ਜਦੋਂ ਸਕੀਨਾ ਬਾਰਾਂ ਸਾਲ ਦੀ ਹੋਈ, ਉਹ ਚੌਵੀਆਂ ਦਾ ਪੂਰਾ ਮਰਦ ਬਣ ਚੁੱਕਿਆ ਸੀ…ਪਰ ਅੱਜ ਤੱਕ ਮੇਹਤਰਾਨੀਆਂ (ਭੰਗਣਾ) ਦੇ ਚੱਕਰ ਵਿਚ ਨਹੀਂ ਸੀ ਪਿਆ। ਪੰਜਾਹ ਕੁ ਕਰਮਾ ਦੀ ਵਿੱਥ ‘ਤੇ ਮੇਹਤਰਾਂ (ਭੰਗੀਆਂ) ਦੀ ਬਸਤੀ ਸੀ। ਬਸਤੀ ਦੇ ਮਰਦ ਦੂਰ ਦਰਾਜ਼ ਦੇ ਸ਼ਹਿਰਾਂ ਵਿਚ ਰੋਜੀ ਕਮਾਉਂਣ ਚਲੇ ਜਾਂਦੇ ਤੇ ਦੋ ਦੋ ਸਾਲ ਨਾ ਮੁੜਦੇ, ਪਰ ਮੇਹਤਰਾਨੀਆਂ ਦੀਆਂ ਗੋਦੀਆਂ ਹਰੀਆਂ-ਭਰੀਆਂ ਰਹਿੰਦੀਆਂ—ਤੇ ਕਦੇ ਵੀ ਕਿਸੇ ਮੇਹਤਰ ਨੇ ਆਪਣੀ ਔਲਾਦ ਨੂੰ ਪਰਾਈ ਮੰਨ ਕੇ ਨਹੀਂ ਸੀ ਦੁਰਕਾਰਿਆ। ਸ਼ਾਇਦ ਇਸੇ ਕਰਕੇ ਬਜ਼ੁਰਗ ਕਹਿੰਦੇ ਹੁੰਦੇ ਸਨ…’ਇਹ ਭੰਗੜ ਲੋਕ ‘ਮਾਂ-ਜਾਏ’ ਹੁੰਦੇ ਨੇ।’
ਰਾਮਕਲੀ ਉਸ ਵੱਲ ਦੇਖ ਕੇ ਹਮੇਸ਼ਾ ਮੁਸਕਰਾਂਦੀ ਹੁੰਦੀ ਸੀ; ਉਸਦਾ ਪਤੀ ਬੰਬਈ ‘ਚ ਕਿਸੇ ਵੱਡੀ ਫਰਮ ‘ਚ ਚੰਗੀ ਤਨਖਾਹ ‘ਤੇ ਲੱਗਿਆ ਹੋਇਆ ਸੀ। ਪੰਜ ਜਵਾਕ ਸਨ। ਏਧਰ ਕਈ ਸਾਲਾਂ ਤੋਂ ਉਸਨੇ ਪੈਸੇ ਭੇਜਣੇ ਵੀ ਬੰਦ ਕੀਤੇ ਹੋਏ ਸਨ। ਸੁਣਿਆ ਸੀ ਕਿਸੇ ‘ਮੇਮ’ ਨੂੰ ਘਰੇ ਵਸਾਈ ਬੈਠਾ ਹੈ। ਰਾਮਕਲੀ ਬਾਰਾਂ ਘਰਾਂ ਦਾ ਗੰਦ ਚੁੱਕਦੀ ਤਾਂ ਕਿਤੇ ਜਾ ਕੇ ਦੋ-ਦੋ ਰੋਟੀਆਂ ਸਾਰੇ ਟੱਬਰ ਦੇ ਢਿੱਡ ਵਿਚ ਪੈਂਦੀਆਂ। ਕੱਪੜੇ ਲੀੜੇ ਦੀ ਤਾਂ ਖ਼ੈਰ ਕੋਈ ਗੱਲ ਹੀ ਨਹੀਂ ਸੀ…ਪਿੰਡਾਂ ਵਿਚ ਪੁਰਾਣੇ ਲੱਥੜ ਕੋਈ ਨਹੀਂ ਵੇਚਦਾ ਹੁੰਦਾ। ਲੀਰਾਂ-ਟਾਕੀਆਂ ਵੀ ਕੰਮ ਆ ਜਾਂਦੀਆਂ ਨੇ। ਜੁੱਲੀ ਉੱਤੇ ਜਿੰਨੇ ਚੀਥੜੇ ਵੱਧ ਮੜ੍ਹੇ ਜਾਣ, ਉਹ ਓਨੀ ਹੀ ਭਾਰੀ ਤੇ ਨਿੱਘੀ ਹੋ ਜਾਂਦੀ ਹੈ। ਰਾਮਕਲੀ ਨਜ਼ਰਾਂ ਦੇ ਤੀਰ ਚਲਾਉਂਦੀ, ਪਰ ਪੀਰੂ ਮੀਆਂ ਹੁਰੀਂ ਸਕੀਨਾ ਦੇ ਜਵਾਨ ਹੋਣ ਦੀ ਉਡੀਕ ਵਿਚ ਏਨੇ ਮਗਨ ਹੁੰਦੇ ਕਿ ਨੀਵੀਂ ਪਾਈ ਬਚ ਕੇ ਨਿਕਲ ਜਾਂਦੇ।
ਸਕੀਨਾ ਹੁਣ ਉਸ ਤੋਂ ਪਰਦਾ ਕਰਨ ਲੱਗ ਪਈ ਸੀ, ਪਰ ਇਸਦਾ ਇਹ ਅਰਥ ਨਹੀਂ ਸੀ ਕਿ ਉਹ ਖੇਤ ‘ਚੋਂ ਬਾਥੂ ਦਾ ਸਾਗ ਤੋੜਨ ਨਹੀਂ ਸੀ ਜਾਂਦੀ। ਜਦੋਂ ਕਦੀ ਖੇਤ ਦੀ ਵੱਟ ਉੱਤੇ ਜਾਂਦਿਆਂ-ਆਉਂਦਿਆਂ ਦਾ ਸਾਹਮਣਾ ਹੋ ਜਾਂਦਾ, ਉਹ ਨੱਸ ਕੇ ਕਮਾਦ ਵਿਚ ਜਾ ਵੜਦੀ ਤੇ ਪੀਰ ਮੁਹੰਮਦ ਹੁਰੀਂ ਆਪਣੀ ਨੱਕ ਖਾਤਰ, ਨੱਕ ਦੀ ਸੇਧ ਵਿਚ, ਸਿੱਧੇ ਲੰਘ ਜਾਂਦੇ। ਉਦੋਂ ਉਸਨੂੰ ਉਹ ਦਿਨ ਯਾਦ ਆਉਂਦੇ ਜਦੋਂ ਉਹ ਨਿੱਕੀ ਹੁੰਦੀ ਸੀ ਤੇ ਬਿਨਾਂ ਝਿਜਕੇ ਉਸਦਾ ਚੁੰਮਾਂ ਲੈ ਲੈਂਦੀ ਹੁੰਦੀ ਸੀ। ਉਸਨੂੰ ਦੁੱਖ ਹੁੰਦਾ ਸੀ ਕਿ ਉਹ ਵੱਡੀ ਕਿਉਂ ਹੋ ਗਈ ਹੈ। ਓਡੀ ਹੀ ਰਹਿੰਦੀ ਤਾਂ ਉਹ ਉਸਨੂੰ ਓਵੇਂ ਗੋਦੀ ਚੁੱਕ ਕੇ ਲੁਕਣ ਮੀਟੀ ਖੇਡਦਾ ਫਿਰਦਾ। ਪਰ ਦੂਜੇ ਪਾਸੇ ਉਸਨੂੰ ਉਸਦੀ ਜਵਾਨੀ ਦਾ ਵੀ ਇੰਤਜਾਰ ਸੀ। ਏਸੇ ਸ਼ਬੇ-ਬਾਰਾਤ ਦੇ ਮਹੀਨੇ ਉਹਨਾਂ ਦਾ ਨਿਕਾਹ ਹੋਣ ਵਾਲਾ ਸੀ। ਪੀਰੂ ਦੀ ਮਾਂ ਨੂੰ ਹੁਣ ਖਾਸਾ ਘੱਟ ਦਿਸਣ ਲੱਗ ਪਿਆ ਸੀ। ਵੱਡੀਆਂ ਨੂੰਹਾਂ ਵੱਖ-ਵੱਖ ਕੋਠੜੀਆਂ ਲੈ ਕੇ ਰਹਿਣ ਲੱਗ ਪਈਆਂ ਸਨ। ਉਹ ਆਪਣੀ ਸੇਵਾ ਕਰਵਾਉਂਣ ਵਾਸਤੇ ਨਵੀਂ ਬਹੂ ਲਿਆਉਣੀ ਚਾਹੁੰਦੀ ਸੀ। ਨਾਲੇ ਹੁਣ ਉਸ ਕੋਲੋਂ ਪਾਥੀਆਂ ਵੀ ਨਹੀਂ ਸੀ ਪੱਥੀਆਂ ਜਾਂਦੀਆਂ…ਨਹੂੰ ਗਲ-ਸੜ ਕੇ ਭੁਰ ਗਏ ਸਨ, ਹਥੇਲੀਆਂ ਵਿਚ ਬਿਆਈਆਂ ਪੈ ਗਈਆਂ ਸਨ।
ਓਹਨੀਂ ਦਿਨੀ ਮੁਲਕ ਦੀ ਵੰਡ ਹੋ ਗਈ।

ਨੂਰ ਮੁਹੰਮਦ ਤੇ ਉਹਨਾਂ ਦਾ ਖਾਨਦਾਨ ਬਿਸਤਰੇ ਬੰਨ੍ਹ ਤੁਰੇ। ਪੀਰੂ ਦੀ ਮਾਂ ਨੇ ਬੜਾ ਕਿਹਾ, ‘ਕੁੜੀ ਦਾ ਵਿਆਹ ਤਾਂ ਕਰਦੇ ਜਾਓ।’ ਪਰ ਉਹਨਾਂ ਕਿਹਾ, ‘ਉਹ ਹਮੇਸ਼ਾ ਵਾਸਤੇ ਥੋੜ੍ਹਾ ਈ ਜਾ ਰਹੇ ਨੇ। ਤੇਰਾਂ ਵਿੱਘੇ ਜ਼ਮੀਨ ਵੀ ਕੋਈ ਛੱਡ ਕੇ ਜਾਂਦਾ ਏ? ਜ਼ਰਾ ਇਸਲਾਮੀ ਮੁਲਕ ਦੇ ਦੀਦਾਰ ਕਰਨ ਜਾ ਰਹੇ ਆਂ, ਬਸ।’ ਪਿੰਡ ਵਿਚ ਲੁੱਟ-ਮਾਰ ਦੀ ਕੋਈ ਵਾਰਦਾਤ ਨਹੀਂ ਸੀ ਹੋਈ…ਪਤਾ ਵੀ ਨਹੀਂ ਸੀ ਲੱਗਿਆ ਕਿ ਦੇਸ਼ ਵੰਡਿਆ ਜਾ ਚੁੱਕਿਆ ਹੈ। ਇਕ ਵਾਰੀ ਰਾਤ ਨੂੰ ਕੁਝ ਗੁੰਡਿਆਂ ਨੇ ਪਿੰਡ ਉੱਤੇ ਹਮਲਾ ਕੀਤਾ ਸੀ। ਪਰ ਹਮਲਾ ਸਫਲ ਨਹੀਂ ਸੀ ਹੋਣ ਦਿੱਤਾ ਗਿਆ…ਪਿੰਡ ਦਾ ਬੱਚਾ-ਬੱਚਾ ਹਿਫਾਜਤ ਲਈ ਡਟ ਗਿਆ ਸੀ। ਹਿੰਦੂ ਤੇ ਮੁਸਲਮਾਨ ਦੋਏ ਫਿਰਕੇ ਰਾਤ ਨੂੰ ਡਾਂਗਾਂ ਚੁੱਕ ਕੇ ਪਹਿਰਾ ਦੇਂਦੇ—ਚਿੱੜੀ ਤੱਕ ਨਹੀਂ ਸੀ ਫੜਕਣ ਦਿੱਤੀ ਗਈ। ਇਹ ਗੁੰਡੇ ਲੋਕ ਜਦੋਂ ਕਿਸੇ ਪਿੰਡ ਉੱਤੇ ਹਮਲਾ ਕਰਦੇ ਨੇ ਤਾਂ ਹਿੰਦੂ ਜਾਂ ਮੁਸਲਮਾਨ ਨਹੀਂ ਦੇਖਦੇ, ਅੰਨ੍ਹੇ ਵਾਹ ਲੁੱਟ-ਮਾਰ ਕਰਦੇ ਨੇ। ਪਿੰਡ ਦੇ ਸਰਪੰਚ ਨੇ ਕਿਸੇ ਨਾਲ ਹਿੱਸਾ-ਪੱਤੀ ਨਹੀਂ ਸੀ ਕੀਤੀ ਤੇ ਸਾਰਿਆਂ ਨੇ ਰਲ-ਮਿਲ ਕੇ ਅਜਿਹੀ ਚੌਕਸੀ ਰੱਖੀ ਸੀ ਕਿ ਮੁਲਕ ਵਿਚ ਅਮਨ-ਅਮਾਨ ਹੋ ਗਿਆ ਸੀ ਤੇ ਪਿੰਡ ਵਿਚ ਕਿਸੇ ਦਾ ਵਾਲ ਵੀ ਵਿੰਗਾ ਨਹੀਂ ਸੀ ਹੋਇਆ। ਆਲੇ ਦੁਆਲੇ ਦੇ ਪਿੰਡਾਂ ਵਿਚ ਵੀ ਖੂਨ-ਖਰਾਬਾ ਨਹੀਂ ਸੀ ਹੋਣ ਦਿੱਤਾ ਗਿਆ…ਰਫੂਜੀ ਆਏ ਸਨ ਤੇ ਮੌਜ ਨਾਲ ਪਿੰਡ ਵਿਚ ਵੱਸ ਗਏ ਸਨ।
ਜਦੋਂ ਨੂਰ ਮੁਹੰਮਦ ਕਾ ਖਾਨਦਾਨ ਗਿਆ, ਸਕੀਨਾ ਨੇ ਚੌਦਵੇਂ ਸਾਲ ਨੂੰ ਪਾਰ ਕਰਕੇ ਪੰਦਰਵੇਂ ਵਿਚ ਪੈਰ ਧਰਿਆ ਸੀ। ਜੇ ਪੀਰੂ ਦੇ ਅੱਬਾ ਦੀਨ ਮੁਹੰਮਦ ਜਿਊਂਦੇ ਹੁੰਦੇ ਤਾਂ ਸਕੀਨਾ ਨੂੰ ਨਾ ਲਿਜਾਣ ਦੇਂਦੇ…ਪਰ ਨੂਰ ਮੁਹੰਮਦ ਨੇ ਵੀ ਤਾਂ ਬੜੀ ਇਨਸਾਨੀਅਤ ਨਾਲ ਸਮਝਾਇਆ ਸੀ ਕਿ ਠੀਕਰੇ ਦੀ ਮੰਗ ਨਿਕਾਹ ਵਰਗੀ ਹੀ ਹੁੰਦੀ ਹੈ ਤੇ ਉਹ ਦੋ ਮਹੀਨਿਆਂ ਤੱਕ ਵਾਪਸ ਆ ਕੇ ਪੂਰੇ ਠਾਠ ਨਾਲ ਵਿਆਹ ਕਰਨਗੇ।
ਪਰ ਉਹਨਾਂ ਦੇ ਜਾਣ ਪਿੱਛੋਂ ਹੀ ਪਤਾ ਲੱਗਿਆ ਸੀ ਕਿ ਉਹ ਆਪਣੀ ਜ਼ਮੀਨ ਅੰਦਰਖਾਤੇ ਹੀ ਬੰਤ ਸਿੰਘ ਨੂੰ ਵੇਚ ਗਏ ਸਨ। ਪੀਰੂ ਦੇ ਹੋਸ਼ ਉੱਡ ਗਏ।…ਤੇ ਜਦੋਂ ਦੋ ਮਹੀਨੇ ਬੀਤ ਗਏ ਤੇ ਕੋਈ ਵਾਪਸ ਨਾ ਮੁੜਿਆ ਤਾਂ ਉਸਨੂੰ ਹੌਲ ਪੈਣ ਲੱਗ ਪਏ।
ਪੂਰਾ ਇਕ ਸਾਲ ਪੀਰ ਮੁਹੰਮਦ ਆਪਣੇ ਚਾਚੇ ਦੇ ਮੁੜ ਆਉਂਣ ਦੀ ਉਡੀਕ ਕਰਦਾ ਰਿਹਾ। ਲੋਕ ਉਸਨੂੰ ਛੇੜਦੇ, ‘ਇਸਦੀ ਵਹੂਟੀ ਪਰਦੇਸ ਜਾ ਬੈਠੀ ਏ ਜੀ—ਇਸਨੂੰ ਤੜਫਦਾ ਹੋਇਆ ਛੱਡਕੇ।’ ਅਖੀਰ ਸਬਰ ਨਾ ਹੋਇਆ ਤਾਂ ਉਹ ਪਾਕਿਸਤਾਨ ਰਵਾਨਾ ਹੋ ਗਿਆ।
ਉੱਥੇ ਉਸਨੂੰ ਕਈ ਨੂਰ ਮੁਹੰਮਦ ਮਿਲੇ, ਪਰ ਉਹਨਾਂ ‘ਚੋਂ ਕੋਈ ਵੀ ਉਸਦਾ ਚਾਚਾ ਨਹੀਂ ਸੀ। ਕਈਆਂ ਦੀਆਂ ਕੁੜੀਆਂ ਦੇ ਨਾਂ ਸਕੀਨਾ ਸਨ, ਪਰ ਉਹ ਸਕੀਨਾ ਨਾ ਮਿਲੀ ਜਿਸਨੂੰ ਗੋਦੀ ਚੁੱਕ ਕੇ ਉਹ ਲੁਕਣ-ਮੀਟੀ ਖੇਡਦਾ ਹੁੰਦਾ ਸੀ।…ਤੇ ਜਿਹੜੀ ‘ਪੁੱਚ’ ਕਰਕੇ ਉਸਦੀ ਗੱਲ੍ਹ ਨੂੰ ਬੜੀ ਬੇਸ਼ਰਮੀ ਨਾਲ ਚੁੰਮ ਲੈਂਦੀ ਹੁੰਦੀ ਸੀ। ਉਹ ਬੌਂਦਲਿਆ-ਭੰਵਤਰਿਆ ਜਿਹਾ ਏਧਰ-ਉਧਰ ਭਟਕਦਾ ਰਿਹਾ। ਕੋਈ ਹੋਰ ਅਕਲਮੰਦ ਹੁੰਦਾ ਤਾਂ ਉੱਥੇ ਹੀ ਠਿਕਾਣਾ ਬਣਾਅ ਲੈਂਦਾ, ਪਰ ਉਸਨੂੰ ਆਪਣੀ ਅੰਨ੍ਹੀ ਮਾਂ ਦੀ ਯਾਦ ਸਤਾਉਣ ਲੱਗ ਪਈ। ਉਸਨੇ ਸੁਣਿਆ ਸੀ, ਪਾਕਿਸਤਾਨ ਲਾਹੌਰ ਤੋਂ ਅੱਗੇ ਦੂਰ ਤੀਕ ਫ਼ੈਲਿਆ ਹੋਇਆ ਹੈ…ਉਹ ਏਡੇ ਲੰਮੇ-ਚੌੜੇ ਮੁਲਕ ਵਿਚ ਚਾਚੇ ਨੂਰ ਮੁਹੰਮਦ ਹੁਰਾਂ ਨੂੰ ਕਿੰਜ ਲੱਭੇਗਾ? ਉਹ ਚਾਹੁੰਦਾ ਤਾਂ ਮਿਹਨਤ ਮਜ਼ਦੂਰੀ ਕਰ ਲੈਂਦਾ, ਪਰ ਉਸਨੂੰ ਅਣਜਾਣ ਮੁਲਕ ਵਿਚ ਵਹਿਸ਼ਤ ਜਿਹੀ ਹੋਣ ਲੱਗ ਪਈ ਸੀ। ਉਹ ਉੱਥੇ ਧੱਕੇ ਖਾਂਦਾ ਨਾ ਫਿਰਦਾ, ਵਾਪਸ ਪਰਤ ਆਉਂਦਾ—ਪਰ ਦਿਲ ਵਿਚ ਬੈਠਿਆ ਹੋਇਆ ਸੀ ਕਿ ਨੂਰ ਮੁਹੰਮਦ ਉਸਦਾ ਸਕਾ ਚਾਚਾ ਹੈ। ਬਾਪੂ ਤੋਂ ਪਿੱਛੋਂ ਉਹੀ ਖਾਨਦਾਨ ਦਾ ਵੱਡਾ ਬਜ਼ੁਰਗ ਹੈ। ਉਹ ਬੇਇਮਾਨੀ ਨਹੀਂ ਕਰ ਸਕਦਾ। ਨਾਲੇ ਠੀਕਰੇ ਦੀ ਮੰਗ ਨਿਕਾਹ ਨਾਲੋਂ ਘੱਟ ਨਹੀਂ ਹੁੰਦੀ। ਤੇ ਫੇਰ ਸ਼ਰੀਫਾਂ ਦੀ ਜੁਬਾਨ, ਜੁਬਾਨ ਹੁੰਦੀ ਹੈ… ਜੁੱਤੀ ਦਾ ਤਲਾ ਨਹੀਂ। ਸਕੀਨਾ ਪੀਰ ਮੁਹੰਮਦ ਦੀ ਹੈ, ਕਿਸੇ ਹੋਰ ਦੀ ਨਹੀਂ ਹੋ ਸਕਦੀ। ਸ਼ਰੀਫ ਜਾਦੀਆਂ ਦੂਜੇ ਮਰਦ ਦੀ ਸ਼ਕਲ ਤੱਕ ਨਹੀਂ ਦੇਖਦੀਆਂ… ਬੱਸ ਇਕੋ ਮਰਦ ਦੇ ਨਾਂ ‘ਤੇ ਜ਼ਿੰਦਗੀ ਬਿਤਾਅ ਦੇਂਦੀਆਂ ਨੇ। ਮਾਂ ਨੇ ਬੜਾ ਕਿਹਾ…
“ਤੂੰ ਰਾਜੀ ਹੋਏਂ ਤਾਂ ਸਲਾਮਤ ਦੀ ਕੁੜੀ ਨਾਲ ਵਿਆਹ ਕਰਵਾ ਦਿਆਂ …”
ਪਰ ਪੀਰੂ ਦਾ ਦਿਲ ਤਾਂ ਸਕੀਨਾ ਦਾ ਹੋ ਚੁੱਕਿਆ ਸੀ। ਉਹ ਚੁੱਪ-ਚਾਪ ਉਠ ਕੇ ਬਾਹਰ ਵੱਲ ਤੁਰ ਜਾਂਦਾ। ਪਿੰਡ ਵਾਲਿਆਂ ਦੇ ਹਿਸਾਬ ਨਾਲ ਹੁਣ ਉਹ ਬੁੱਢਾ ਹੁੰਦਾ ਜਾ ਰਿਹਾ ਸੀ।…ਤੇ ਇਹ ਲੋਕ ਉਸ ਉੱਤੇ ਹੱਸਦੇ ਵੀ ਸਨ ਕਿ ਹੁਣ ਤਕ ਕੁਆਰਾ ਬੈਠਾ ਹੋਇਆ ਹੈ। ਇਹ ਸੁਣਕੇ ਵੀ ਉਹ ਭੰਗਣਾ ਨੂੰ ਨਹੀਂ ਸੀ ਛੇੜਦਾ, ਕਈ ਤਾਂ ਉਸਦੀ ਮਰਦਾਨਗੀ ਉੱਤੇ ਵੀ ਸ਼ੱਕ ਕਰਨ ਲੱਗ ਪਏ ਸਨ।
…ਤੇ ਫੇਰ ਉਸ ਦਿਨ ਤਾਂ ਲੋਕਾਂ ਦਾ ਯਕੀਨ ਪੱਕਾ ਹੋ ਗਿਆ ਸੀ ਜਿਸ ਦਿਨ ਯਾਰ-ਮਿੱਤਰ ਜਬਰਦਸਤੀ ਉਸਨੂੰ ਸ਼ਹਿਰ ਲੈ ਗਏ ਸਨ ਤੇ ਉੱਥੇ ਉਸਨੂੰ ਚੋਖੀ ਦਾਰੂ ਪਿਆ ਕੇ ਇਕ ਰੰਡੀ ਦੇ ਕੋਠੇ ਵਿਚ ਧਕੇਲ ਦਿੱਤਾ ਸੀ…ਜਦੋਂ ਰੰਡੀ ਨੇ ਆਪਣੇ ਮੜ੍ਹੇ ਹੋਏ ਦੰਦ ਚਮਕਾਏ ਤਾਂ ਉਸਨੂੰ ਸਕੀਨਾ ਦੀ ਬਿਜਲੀ ਵਾਂਗ ਲਿਸ਼ਕਦੀ-ਕੜਕਦੀ ਹਾਸੀ ਚੇਤੇ ਆ ਗਈ ਤੇ ਉਹ ਨਿੱਕਾ ਜਿਹਾ ਮਾਸੂਮ ਚੁੰਮਾਂ ਵੀ ਉਸਦੀ ਗੱਲ੍ਹ ਉੱਤੇ ਸੁਲਗਣ ਲੱਗ ਪਿਆ, ਜਿਹੜਾ ਉਸਦੀ ਭੁੱਲੀ-ਵਿਸਰੀ ਦੁਨੀਆਂ ਵਿਚ ਸਕੀਨਾ ਨੇ ਉਸਨੂੰ ਬਖ਼ਸ਼ਿਆ ਸੀ। ਉਹ ਪੁੱਠੇ ਪੈਰੀਂ ਨੱਸ ਤੁਰਿਆ ਤੇ ਬੱਸ ਸਟੈਂਡ ‘ਤੇ ਜਾ ਕੇ ਰੁਕਿਆ। ਕੜਾਕੇਦਾਰ ਸਰਦੀ ਪੈ ਰਹੀ ਸੀ ਉਸ ਦਿਨ… ਤੇ ਜਨਵਰੀ ਦੀ ਠੰਡੀ-ਯੱਖ ਹਵਾ ਪਿੰਡੇ ‘ਚੋਂ ਪਾਰ ਲੰਘ ਜਾਣਾ ਚਾਹੁੰਦੀ ਸੀ। ਸਾਰੀ ਰਾਤ ਉਹ ਕੰਧ ਨਾਲ ਲੱਗ ਕੇ ਕੁੰਗੜਿਆ ਬੈਠਾ ਰਿਹਾ। ਸਵੇਰੇ ਜਦੋਂ ਉਸਦੇ ਯਾਰ-ਮਿੱਤਰ ਅਯਾਸ਼ੀ ਕਰਕੇ ਬੱਸ ਅੱਡੇ ਉੱਪਰ ਪਹੁੰਚੇ, ਉਹ ਬੁਖਾਰ ਨਾਲ ਭੁੱਜ ਰਿਹਾ ਸੀ।
ਇਹ ਬੁਖਾਰ ਕਈ ਮਹੀਨਿਆਂ ਤਕ ਉਸਦੀ ਜਾਨ ਦਾ ਖੌ ਬਣਿਆ ਰਿਹਾ।
ਫੇਰ ਕੋਈ ਪਾਕਿਸਤਾਨ ਦੀ ਸੈਰ ਕਰਕੇ ਵਾਪਸ ਆਇਆ ਤੇ ਉਸਨੇ ਦੱਸਿਆ ਕਿ ਨੂਰ ਮੁਹੰਮਦ ਹੁਰਾਂ ਦੇ ਬੜੇ ਠਾਠ ਨੇ, ਅੱਜ ਕੱਲ੍ਹ। ਉਹਨਾਂ ਨੂੰ ਮਕਾਨ ਅਲਾਟ ਹੋ ਗਿਆ ਏ।…ਮੁੰਡੇ ਛੋਟੇ ਵੱਡੇ ਵਪਾਰ ਵਿਚ ਪੈ ਗਏ ਨੇ। ਨੂਰ ਮੁਹੰਮਦ ਆਪ ਖੋਤੀ-ਰੇਹੜੀ ਚਲਾਉਂਦਾ ਹੈ ਤੇ ਸਕੀਨਾ ਦਾ ਵਿਆਹ ਇਕ ਵੱਡੇ ਅਮੀਰ ਨਾਲ ਹੋ ਗਿਆ ਹੈ। ਉਹ ਵੱਡਾ ਆਦਮੀ ਨੂਰ ਮੁਹੰਮਦ ਨਾਲੋਂ ਥੋੜ੍ਹਾ ਹੀ ਵੱਡਾ ਹੈ। ਉਂਜ ਇੱਟਾਂ ਦੇ ਭੱਠੇ ਦਾ ਮਾਲਕ ਹੈ। ਉਸਨੇ ਸਾਰਿਆਂ ਨੂੰ ਠਿਕਾਣੇ ਸਿਰ ਲਾ ਦਿੱਤਾ ਏ…ਸਕੀਨਾ ਦਾ ਮੁੱਲ ਮਿਲ ਗਿਆ ਏ।
ਉਸ ਦਿਨ ਪੀਰ ਮੁਹੰਮਦ ਬੜਾ ਹੱਸਿਆ, ਲੋਕ ਕਿੱਡੇ ਮੂਰਖ ਹੁੰਦੇ ਨੇ! ਉਸਦੀ ਸਕੀਨਾ ਕਿਸੇ ਹੋਰ ਦੀ ਦੁਲਹਨ ਕਿਵੇਂ ਬਣ ਸਕਦੀ ਹੈ…ਉਹ ਉਸਦੀ ਹੈ ਤੇ ਹਮੇਸ਼ਾ ਉਸੇ ਦੇ ਨਾਂਅ ‘ਤੇ ਬੈਠੀ ਰਹੇਗੀ। ਸਕੀਨਾ ਜਿਹੜੀ ਉਸਦੇ ਲੱਕ ਦੁਆਲੇ ਲੱਤਾਂ ਦੀ ਕੁੰਡਲੀ ਮਾਰ ਬਹਿੰਦੀ ਹੁੰਦੀ ਸੀ ਤੇ ਜਦੋਂ ਤਕ ਨੀਂਦ ਨਾਲ ਉਸਦੀਆਂ ਅੱਖਾਂ ਨਹੀਂ ਸਨ ਮਿਚ ਜਾਂਦੀਆਂ, ਉਹ ਉਸਨੂੰ ਛੱਡਣ ਲਈ ਤਿਆਰ ਹੀ ਨਹੀਂ ਸੀ ਹੁੰਦੀ ਹੁੰਦੀ। ਉਹ ਉਸਨੂੰ ਗੋਦੀਓਂ ਉਤਾਰਨਾ ਚਾਹੁੰਦਾ ਤਾਂ ਉਸਦੀ ਗਰਦਨ ਨਾਲ ਝੂਲ ਜਾਂਦੀ ਤੇ ਉਸਦੇ ਕੰਨ ਦੀ ਲੌਲ ਚਿੱਥ ਛੱਡਦੀ। ਬੜੇ ਤਿੱਖੇ ਸਨ, ਸਕੀਨਾ ਦੇ ਦੰਦ…ਮਿੱਠੀਆਂ ਸੂਈਆਂ ਵਰਗੇ—ਕਿੰਜ ਕੁੱਤੀ-ਕਲੋਲ ਹੁੰਦਾ ਹੁੰਦਾ ਸੀ!
ਪਰ ਉਸ ਦਿਨ ਪਿੱਛੋਂ ਪੀਰੂ ਜਿਵੇਂ ਅੰਦਰੇ ਅੰਦਰ ਖੁਰਨ ਲੱਗ ਪਿਆ ਸੀ। ਉਹ ਖੇਤਾਂ ਵੱਲ ਜਾਣ ਦੇ ਬਜਾਏ ਸ਼ਹਿਰ ਵੱਲ ਤੁਰ ਪੈਂਦਾ। ਪੰਜ ਛੇ ਮੀਲ ਕਰ ਜਾਂਦਾ। ਗਲੀਆਂ ਵਿਚ ਭੌਂਦਾ ਰਹਿੰਦਾ। ਸੋਚਦਾ, ਜੇ ਉਹ ਖੇਤੀ ਦੇ ਬਜਾਏ ਵਪਾਰ ਕਰਨ ਲੱਗ ਪਏ ਤਾਂ ਸਕੀਨਾ ਉਸਦੀ ਹੋ ਸਕਦੀ ਹੈ। ਸਕੀਨਾ ਖੇਤਾਂ ਵਿਚ ਨਹੀਂ ਸ਼ਹਿਰ ਵਿਚ ਰਹਿਣ ਲੱਗ ਪਈ ਹੈ ਨਾ। ਉਸਦੇ ਪਿਓ ਭਰਾ ਖੇਤੀ ਛੱਡ ਕੇ ਵਪਾਰੀ ਬਣ ਬੈਠੇ ਨੇ। ਉਹ ਉਹਨਾਂ ਨਾਲੋਂ ਵੱਡਾ ਵਪਾਰੀ ਬਣਕੇ ਜਾਏਗਾ ਤਾਂ ਪਾਕਿਸਤਾਨ ਵਿਚ ਧੁਮਾਂ ਮੱਚ ਜਾਣਗੀਆਂ। ਧੀਆਂ ਵਾਲੇ ਅੱਗੇ ਪਿੱਛੇ ਤੁਰੇ ਫਿਰਨਗੇ। ਨੂਰ ਮੁਹੰਮਦ ਵੀ ਆਏਗਾ ਤੇ ਆਪਣਾ ਹੱਕ ਜਤਾਏਗਾ…ਤੇ ਉਹ ਕਹੇਗਾ—
“ਮਾਂ ਤੋਂ ਬਿਨਾਂ ਸ਼ਾਦੀ ਕਿਵੇਂ ਕਰਵਾ ਸਕਦਾਂ ਜੀ, ਪਹਿਲਾਂ ਮਾਂ ਨੂੰ ਬੁਲਾਅ ਲਵਾਂ।” ਫੇਰ ਮਾਂ ਵੀ ਆ ਜਾਏਗੀ ਤੇ ਭਰਾ ਵੀ ਨਖ਼ਰਾ ਛੱਡ ਕੇ ਉਸਦੇ ਵਿਆਹ ਵਿਚ ਸ਼ਾਮਲ ਹੋ ਜਾਣਗੇ। ਦੁਲਹਨ ਘਰ ਆ ਜਾਏਗੀ। ਵਿਹੜੇ ‘ਚ ਰੌਣਕਾਂ ਹੋ ਜਾਣਗੀਆਂ। ਉਹ ਨੀਵੀਂ ਪਾਈ ਕੋਠੜੀ ‘ਚ ਬੈਠੀ ਹੋਏਗੀ। ਲਾੜਾ ਸਾਹਬ ਉਸਦਾ ਘੁੰਡ ਚੁੱਕਣਗੇ। ਉਦੋਂ ਉਹ ਆਪਣੇ ਨਰਮ ਨਰਮ ਭਖ਼ਦੇ ਹੋਏ ਬੁੱਲ੍ਹ ਉਸਦੀ ਗੱਲ੍ਹ ਉੱਤੇ ਰੱਖ ਦਏਗੀ ਤੇ ਆਪਣੀਆਂ ਸੁਡੌਲ ਲੱਤਾਂ ਦਾ ਘੇਰਾ ਉਸ ਦੁਆਲੇ ਕੱਸ ਲਏਗੀ।
ਛੱਪੜ ਦੇ ਕਿਨਾਰੇ ਬੈਠੇ ਦਾ ਜਿਸਮ ਭਖਣ ਲੱਗਦਾ, ਸਾਰੇ ਪਿੰਡੇ ਵਿਚੋਂ ਚੰਗਿਆੜੀਆਂ ਜਿਹੀਆਂ ਨਿਕਲਣ ਲੱਗਦੀਆਂ, ਹੱਡ ਖੁਰਨ ਲੱਗਦੇ ਤਾਂ ਉਹ ਛੱਪੜ ਵਿਚ ਵੜ ਜਾਂਦਾ…। ਉਧਰ ਤੋਤੇ ਅਮਰੂਦਾਂ ਤੇ ਬੇਰਾਂ ਦਾ ਕੁਤਰਾ ਕਰਦੇ ਰਹਿੰਦੇ, ਉਸ ਨੂੰ ਹੋਸ਼ ਨਾ ਹੁੰਦਾ। ਮਾਲਕ ਗਾਲ੍ਹਾਂ ਕੱਢਦਾ। ਖੇਤਾਂ ‘ਤੇ ਭਰਾਵਾਂ ਨੇ ਕਬਜਾ ਕਰ ਲਿਆ ਸੀ, ਇਸ ਲਈ ਉਹ ਬੇਰਾਂ ਤੇ ਅਮਰੂਦਾਂ ਦੀ ਰਾਖੀ ਕਰਦਾ ਸੀ। ਦੋ ਵਕਤ ਦੀ ਰੋਟੀ ਮਿਲ ਜਾਂਦੀ ਸੀ…ਮਾਂ, ਬਹੂ ਲਿਆਉਂਣ ਦਾ ਅਰਮਾਨ ਲਈ ਅੱਲਾ ਮੀਆਂ ਨੂੰ ਪਿਆਰੀ ਹੋ ਗਈ ਸੀ। ਉਸਨੂੰ ਮੈਸਾਂ ਵਾਲੀ ਕੋਠੜੀ ਵਿਚ ਭੇਜ ਦਿੱਤਾ ਗਿਆ ਸੀ। ਮੈਸਾਂ ‘ਤੇ ਉਸਨੂੰ ਕੋਈ ਗੁੱਸ-ਗਿਲਾਅ ਨਹੀਂ ਸੀ…ਉਹ, ਉਸਨੂੰ ਮਿਹਣੇ-ਤਾਅਨੇ ਨਹੀਂ ਸਨ ਮਾਰਦੀਆਂ, ਨਾ ਹੀ ਉਸਦਾ ਮਜ਼ਾਕ ਉਡਾਉਂਦੀਆਂ ਸਨ। ਮੌਜ ਨਾਲ ਜੁਗਾਲੀ ਕਰਦੀਆਂ ਰਹਿੰਦੀਆਂ ਤੇ ਗੋਹਾ ਕਰੀ ਜਾਂਦੀਆਂ। ਸਕੀਨਾ ਕਿੰਨੀਆਂ ਸੋਹਣੀਆਂ ਪਾਥੀਆਂ ਪੱਥਦੀ ਹੁੰਦੀ ਸੀ…ਪਤਲੀਆਂ-ਪਤਲੀਆਂ! ਬਿੰਦ ਵਿਚ ਸੁੱਕ ਜਾਣੀਆਂ ਤੇ ਫਟਾਫਟ ਮੱਚ ਪੈਣੀਆਂ।
ਪਰ ਜਦੋਂ ਉਹ ਉਸਨੂੰ ਪਾਕਿਸਤਾਨ ‘ਚੋਂ ਵਿਆਹ ਕੇ ਲਿਆਏਗਾ ਤਾਂ ਪਾਥੀਆਂ ਨਹੀਂ ਪੱਥਣ ਦਏਗਾ। ਉਸਦੇ ਮੈਂਹਦੀ ਰੰਗੇ ਹੱਥ ਚੁੰਮਦਾ ਰਹੇਗਾ—ਤੇ ਛੱਪੜ ਦਾ ਪਾਣੀ ਅੱਗ ਬੁਝਾਅ ਦੇਂਦਾ।

ਦੂਣਾ ਅੱਠ ਨੌਂ ਸਾਲ ਦਾ ਸੀ। ਉਸਦੀ ਮਾਂ ਬੜੀ ਬਾਂਕੀ ਨਾਰ ਸੀ। ਪਿਓ ਕਲਕੱਤੇ ਵਿਚ ਗੁੰਮ ਹੋ ਗਿਆ ਸੀ। ਪੈਸੇ ਆਉਣੇ ਬੰਦ ਹੋ ਗਏ ਸਨ। ਸੋਨਤਾਰਾ ਬੜੀ ਚਟਪਟੀ ਤੀਵੀਂ ਸੀ। ਉਸਨੂੰ ਗੰਦਗੀ ਢੋਣ ਤੋਂ ਨਫ਼ਰਤ ਸੀ। ਖੇਤ ਦੀ ਰਾਖੀ ਕਰਦੀ, ਆਉਂਦੇ-ਜਾਂਦੇ ਨਾਲ ਅੱਖਾਂ ਲੜਾਉਂਦੀ ਰਹਿੰਦੀ…ਪਤਾ ਨਹੀਂ ਕਿਉਂ ਉਸਨੂੰ ਸੱਤ ਖੂਨ ਮੁਆਫ਼ ਦੱਸੀਦੇ ਸਨ। ਉਹ ਪਿੜਾਂ ਵਿਚ ਚੁੱਘੀਆਂ ਭਰਦੀ ਫਿਰਦੀ ਤੇ ਖੇਤਾਂ ਵਿਚ ਸੂਰ ਕਲੋਲਾਂ ਕਰਦੇ ਰਹਿੰਦੇ।
ਇਕ ਦਿਨ ਬਾਹਰੋਂ ਕੋਈ ਦਲਾਲ ਆਇਆ ਤੇ ਉਸਨੂੰ ਭਰਮਾਅ ਕੇ ਲੈ ਗਿਆ। ਦੂਣਾ ਇਕੱਲਾ ਰਹਿ ਗਿਆ। ਕਹਿਣ ਵਾਲੇ ਕਹਿੰਦੇ, ‘ਉਹ ਬੰਬਈ ਜਾ ਕੇ ਫ਼ਿਲਮ ਸਟਾਰ ਬਣ ਗਈ ਹੈ।’ ਦੂਣਾ ਹੇਮਾ ਮਾਲਿਨੀ ਤੇ ਰੇਖਾ ਦੀਆਂ ਤਸਵੀਰਾਂ ਨੂੰ ਕੰਧਾਂ ਉੱਤੇ ਲੱਗਿਆ ਦੇਖਦਾ ਤਾਂ ਘੰਟਿਆਂ ਬੱਧੀ ਖੜ੍ਹਾ ਦੇਖਦਾ ਹੀ ਰਹਿੰਦਾ।…ਸਾਰੀਆਂ ਹੀਰੋਇਨਾ ਦੀ ਸੂਰਤ ਉਸਨੂੰ ਆਪਣੀ ਮਾਂ ਵਰਗੀ ਲੱਗਦੀ ਹੁੰਦੀ ਸੀ। ਇਹੋ ਜਿਹੀ ਸੀ ਉਸਦੀ ਮਾਂ…ਛੋਲਿਆਂ ਦੀ ਕਿਰੀ ਟਾਟ ਵਰਗੀ। ਉਸਦੇ ਢਿੱਡ ਉਪਰ ਵੀ ਇਹੋ ਜਿਹਾ ਹੀ ਇਕ ਟੋਇਆ ਸੀ, ਜਿਸ ਉੱਤੇ ਸਿਰ ਰੱਖਦਿਆਂ ਹੀ ਉਸਨੂੰ ਨੀਂਦ ਆਉਣ ਲੱਗ ਪੈਂਦੀ ਸੀ। ਸੁਣਿਆ ਹੈ ਉਸ ਕੋਲ ਬੰਗਲੇ ਨੇ ਤੇ ਨੋਟਾਂ ਦੀਆਂ ਗੁੱਟੀਆਂ ਪਰਛੱਤੀਆਂ ਉੱਪਰ ਸੁੱਟੀਆਂ ਰਹਿੰਦੀਆਂ ਨੇ। ਜਦੋਂ ਉਹ ਆਏਗੀ ਤਾਂ ਦੂਣੇ ਵਾਸਤੇ ਲਾਟੂ ਤੇ ਤੀਰ ਕਮਾਨ ਲੈ ਕੇ ਆਏਗੀ। ਉਹ ਚੌਂਕ ਵਿਚ ਲਾਟੂ ਘੁਮਾਉਂਦਾ ਫਿਰੇਗਾ ਤੇ ਤੀਰ ਕਮਾਨ ਨਾਲ ਬਾਗਾਂ ਵਿਚੋਂ ਤੋਤੇ ਫੁੰਡਿਆ ਕਰੇਗਾ।
ਜਿਵੇਂ ਲੋਹਾ ਚੁੰਬਕ ਵੱਲ ਖਿੱਚਿਆ ਜਾਂਦਾ ਹੈ ਓਵੇਂ ਹੀ ਦੂਣਾ ਪੀਰੂ ਮੀਆਂ ਵੱਲ ਖਿੱਚਿਆ ਗਿਆ ਤੇ ਉਸੇ ਨਾਲ ਚਿਪਕ ਗਿਆ। ਜਦੋਂ ਪੀਰੂ ਮੀਆਂ ਤੇ ਦੂਣਾ ਕਿਧਰੇ ਜਾ ਰਹੋ ਹੋਣ ਤਾਂ ਇੰਜ ਲੱਗਦਾ ਹੈ ਜਿਵੇਂ ਪੀਰੂ ਮੀਆਂ ਦਾ ਇਕ ਟੁਕੜਾ ਉਸ ਨਾਲੋਂ ਵੱਖ ਹੋ ਕੇ ਉਸਦੇ ਨਾਲ-ਨਾਲ ਜਾਂ ਪਿੱਛੇ ਪਿੱਛੇ ਤੁਰਿਆ ਜਾ ਰਿਹਾ ਹੈ! ਜ਼ਰੂਰ ਉਹ ਦੋਏ ਕਿਸੇ ਜਨਮ ਵਿਚ ਪਿਓ-ਪੁੱਤਰ ਹੁੰਦੇ ਹੋਣਗੇ। ਸ਼ੁਰੂ-ਸ਼ੁਰੂ ਵਿਚ ਉਸਨੂੰ ਲੋਕਾਂ ਨੇ ਬੜਾ ਟੋਕਿਆ…’ਸ਼ੇਖਜਾਦਾ ਹੋ ਕੇ ਭੰਗੜਾਂ ਦੇ ਛੋਹਰ ਨਾਲ ਉਠਦਾ-ਬੈਠਦਾ, ਖਾਂਦਾ-ਪੀਂਦਾ ਏਂ ਓਏ …ਸ਼ਰਮ ਆਉਣੀ ਚਾਹੀਦੀ ਏ ਤੈਨੂੰ।’
ਪਰ ਬਾਵਜੂਦ ਉਹਨਾਂ ਦੀਆਂ ਕੋਸ਼ਿਸ਼ਾਂ ਦੇ ਪੀਰੂ ਮੀਆਂ ਨੂੰ ਸ਼ਰਮ ਨਾ ਆ ਸਕੀ!
ਪੀਰੂ ਮੀਆਂ ਨੇ ਦੂਣੇ ਨੂੰ ਆਪਣੇ ਨਾਲ ਹੀ ਵਪਾਰ ਵਿਚ ਪਾ ਲਿਆ। ਕੜਾਕੇ ਦੀ ਠੰਡ ਵਿਚ ਉਹ ਦੋਏ ਸਵੇਰੇ-ਸਵਖਤੇ ਉੱਠ ਕੇ ਕੰਮ ਤੇ ਨਿਕਲ ਜਾਂਦੇ ਨੇ। ਪੀਰੂ ਮੀਆਂ ਨੂੰ ਕਿਸੇ ਨੇ ਇਕ ਪੁਰਾਣਾ ਓਵਰਕੋਟ ਦੇ ਦਿੱਤਾ ਹੈ ਜਿਸ ਨੂੰ ਉਹ ਚੜ੍ਹਦੇ ਸਿਆਲ ਪਾ ਲੈਂਦਾ ਹੈ ਤੇ ਕਿਸੇ ਵੇਲੇ ਵੀ ਨਹੀਂ ਲਾਹੁੰਦਾ…ਉਸੇ ਵਿਚ ਸੌਂ ਜਾਂਦਾ ਹੈ, ਉਸਨੂੰ ਪਾ ਕੇ ਹੀ ਜੰਗਲ-ਪਾਣੀ ਹੋ ਆਉਂਦਾ ਹੈ।
ਦੂਣੇ ਖਾਤਰ ਵੀ ਇਕ ਸਾਹਬ ਬਹਾਦਰ ਦੇ ਬੈਰੇ ਨੇ ਇਕ ਡਿਨਰ ਜਾਕਟ ਦੇ ਦਿੱਤੀ ਹੈ। ਕਦੀ ਇਸ ਜਾਕਟ ਨੂੰ ਪਾਉਣ ਵਾਲਾ ਇਸਨੂੰ ਪਾ ਕੇ ਡਿਨਰ ਖਾਂਦਾ ਹੋਏਗਾ, ਹੁਸੀਨ ਕੁੜੀਆਂ ਨਾਲ ਨਾਚ ਕਰਦਾ ਹੋਏਗਾ!
ਦੂਣਾ ਕੁੰਗੜਿਆ-ਕੁੰਗੜਿਆ ਰਹਿੰਦਾ ਹੈ। ਇਹ ਜਾਕਟ ਉਸਦੇ ਗਿੱਟਿਆਂ ਤਕ ਆਉਂਦੀ ਹੈ। ਇਸ ਨੂੰ ਪਾ ਕੇ ਜਿਵੇਂ ਉਹ ਇਕ ਨਰਮ, ਨਿੱਘੀ ਕੋਠੜੀ ਵਿਚ ਬੰਦ ਹੋ ਜਾਂਦਾ ਹੈ। ਟਿੱਚ ਬਟਨਾਂ ਦੀ ਥਾਂ ਰੱਸੀਆਂ ਬੰਨ੍ਹ ਲਈਆਂ ਨੇ ਉਸਨੇ। ਸਿਰ ‘ਤੇ ਇਕ ਸੂਤੀ ਕੰਨ ਟੋਪ ਲਿਆ ਹੁੰਦਾ ਹੈ, ਜਿਹੜਾ ਆਪਣੇ ਕਾਰੋਬਾਰ ਦੇ ਸਿਲਸਿਲੇ ਵਿਚ ਮੁਫ਼ਤ ਹੀ ਹੱਥ ਲੱਗ ਗਿਆ ਸੀ ਉਸਦੇ।
ਪੀਰੂ ਮੀਆਂ ਤੇ ਦੂਣਾ ਸ਼ਹਿਰਾਂ ਤੇ ਕਸਬਿਆਂ ਵਿਚ ਪੁਰਾਣਾ ਸਾਮਾਨ ਚੁਗਦੇ ਫਿਰਦੇ ਨਜ਼ਰ ਆਉਂਦੇ ਨੇ…ਲੋਕ ਕੂੜੇ ‘ਚ ਬੜੀਆਂ ਕੀਮਤੀ ਚੀਜਾਂ ਸੁੱਟ ਦੇਂਦੇ ਨੇ…ਖਾਲੀ ਸ਼ੀਸ਼ੀਆਂ ਤੇ ਡੱਬੇ, ਮੈਲੇ ਚੀਥੜੇ, ਜਿਹਨਾਂ ਨੂੰ ਛੱਪੜ ਵਿਚ ਧੋ ਕੇ ਸੁਕਾਅ ਲਓ ਤਾਂ ਭੰਗੀ ਲੋਕ ਆਪਣੀਆਂ ਜੁੱਲੀਆਂ ‘ਤੇ ਮੜ੍ਹਨ ਲਈ ਬੜੇ ਸ਼ੌਕ ਨਾਲ ਖਰੀਦ ਲੈਂਦੇ ਨੇ। ਉਹਨਾਂ ਚੀਥੜਿਆਂ ਉੱਤੇ ਕੱਥੇ-ਰੰਗੇ ਧੱਬੇ ਹੁੰਦੇ ਨੇ, ਜਿਹੜੇ ਦੋ ਆਨੇ ਦੀ ਖਾਰਦਾਰ ਸਾਬਣ ਨਾਲ ਵੀ ਨਹੀਂ ਲੱਥਦੇ। ਪੀਰੂ ਮੀਆਂ ਤੇ ਦੂਣਾ ਉਹਨਾਂ ਲੀਰਾਂ ਨੂੰ ਜਵਾਰ ਤੇ ਮੱਕੀ ਦੇ ਬਦਲ ਵਿਚ ਵੇਚ ਲੈਂਦੇ ਨੇ। ਸ਼ੀਸ਼ੀਆਂ ਵੀ ਡੱਬਿਆਂ ਦੇ ਨਾਲ ਹੀ ਵਿਕ ਜਾਂਦੀਆਂ ਨੇ। ਟੁੱਟੀਆਂ ਚੂੜੀਆਂ ਨੂੰ ਕੁੜੀਆਂ-ਕਤਰੀਆਂ ਦੀਵੇ ਦੀ ਲੋਅ ਉੱਤੇ ਗਰਮ ਕਰਕੇ, ਮੋੜ-ਮੋੜ ਕੇ ਕੁੰਡੇ ਬਣਾਅ ਲੈਂਦੀਆਂ। ਉਹਨਾਂ ਕੁੰਡਿਆਂ ਨੂੰ ਜੋੜ ਕੇ ਸ਼ਾਨਦਾਰ ਹਾਰ ਬਣਾਏ ਜਾਂਦੇ ਨੇ, ਜਿਹੜੇ ਕੋਠੀਆਂ ਦੀਆਂ ਕੰਧਾਂ ਉੱਤੇ ਲਮਕਾਅ ਦਿੱਤੇ ਜਾਣ ਤਾਂ ਕੋਠੀਆਂ ਜਗਮਗਾਅ ਉਠਦੀਆਂ ਨੋ।
ਪਰ ਕੁਝ ਈਰਖਾਲੂ ਕਿਸਮ ਦੇ ਲੋਕ ਕਹਿੰਦੇ ਨੇ, ਸੋਨਤਾਰਾ ਬੰਬਈ ਦੇ ਰੰਡੀ ਬਾਜਾਰ ਵਿਚ ਵਿਕ ਗਈ ਹੈ। ਹੁਣ ਉਹ ਗੰਦਗੀ ਵਾਲਾ ਪੀਪਾ ਚੁੱਕਣ ਦੀ ਬਜਾਏ ਖੁਦ ਲੱਕ-ਲੱਕ ਗੰਦਗੀ ਵਿਚ ਧਸ ਚੁੱਕੀ ਹੈ। ਇਕ ਦਿਨ ਇਹ ਗੰਦਗੀ ਉਸਦੇ ਸਿਰ ਉੱਤੋਂ ਦੀ ਹੋ ਜਾਏਗੀ ਤੇ ਉਹ ਸੜਕ ਉੱਤੇ ਕੋਹੜੀਆਂ ਦੀ ਕਤਾਰ ਵਿਚ ਬੈਠੀ ਨਜ਼ਰ ਆਏਗੀ।
“ਬੱਚੂ, ਬਕਵਾਸ ਕਰਦੇ ਆ,” ਪੀਰੂ ਮੀਆਂ ਦੂਣੇ ਨੂੰ ਸਮਝਾਉਂਦੇ, “ਦੇਖੀਂ ਇਕ ਦਿਨ ਉਹ ਮੋਟਰਕਾਰ ‘ਚ ਬੈਠ ਕੇ ਆਊ…ਉਦੋਂ ਉਹ ਸਾਰੇ ਬਦਮਾਸ਼ ਮੂੰਹ ਵੇਖਦੇ ਰਹਿ ਜਾਣਗੇ।”
ਦੂਣਾ ਉਸਨੂੰ ਆਪਣਾ ਪੀਰੋ-ਮੁਰਸ਼ਿਦ ਮੰਨਦਾ ਹੈ ਅਤੇ ਸਾਰਿਆਂ ਨਾਲੋਂ ਵੱਧ ਅਕਲਮੰਦ ਸਮਝਦਾ ਹੈ। ਉਸਦੇ ਮੂੰਹੋਂ ਨਿਕਲਿਆ ਹਰੇਕ ਸ਼ਬਦ ਮੋਤੀ ਸਮਝਕੇ ਚੁਣ ਲੈਂਦਾ ਹੈ। ਪੀਰੂ ਮੀਆਂ ਬੜੀਆਂ ਪਹੁੰਚੀਆਂ ਹੋਈਆਂ ਗੱਲਾਂ ਕਰਦੇ ਨੇ…
“ਉਹ ਸਾਲੇ ਅੰਗਰੇਜ਼ ਹੁੰਦੇ ਸੀ ਨਾ, ਬੜੇ ਗੁਸੈਲ ਹੁੰਦੇ ਸੀ ਸਾਲੇ। ਗੱਲ ਗੱਲ ‘ਤੇ ਲੱਤੀਂ ਡਹਿ ਪੈਂਦੇ। ਵੱਡੀਆਂ ਵੱਡੀਆਂ ਮੇਖਾਂ ਲੱਗੀਆਂ ਹੁੰਦੀਆਂ ਸੀ ਸਾਲਿਆਂ ਦੇ ਬੂਟਾਂ ਹੇਠ; ਜਿੱਥੇ ਪੈਂਦਾ, ਚਮੜੀ ਉਚੇੜ ਦੇਂਦਾ। ਜਿਸ ਦੇ ਪੈਂਦਾ, ਪਾਣੀ ਨਾ ਮੰਗਣ ਦੇਂਦਾ…ਥਾਂਵੇਂ ਢੇਰ ਕਰ ਦੇਂਦਾ।”
“ਉਹ ਗੋਰੇ ਲੋਕ ਤੈਂ ਦੇਖੇ ਆ ਪੀਰੂ ਮੀਆਂ?” ਦੂਣਾ ਪੁੱਛਦਾ।
“ਬੜੇ ਦੇਖੇ ਐ! ਦੇਖੇ ਕਿਉਂ ਨਹੀਂ!”
“ਤੇਰੇ ਨਹੀਂ ਲੱਤ ਮਾਰੀ ਕਦੇ?”
“ਨਾ ਲੱਲਾ, ਆਪਾਂ ਤਾਂ ਉਹਨਾਂ ਦੇ ਨੇੜੇ ਈ ਨਹੀਂ ਸੀ ਫੜਕਦੇ ਹੁੰਦੇ! ਉਹ ਵੱਡੇ ਵੱਡੇ ਬੰਗਲਿਆਂ ‘ਚ ਰਹਿੰਦੇ ਸੀ ਤੇ ਵੱਡੇ ਵੱਡੇ ਲੋਕ ਈ ਜਾਂਦੇ ਸੀ ਉਹਨਾਂ ਕੋਲ…ਜਿਹਨਾਂ ਦੇ ਆਵਦੇ ਵੱਡੇ ਵੱਡੇ ਬੂਟ ਪਾਏ ਹੁੰਦੇ ਸੀ।”
“ਏਸ ਕੋਠੜੀ ਜਿੱਡੇ ਵੱਡੇ?”
“ਓਏ ਲੱਲਾ, ਇਸ ਤੋਂ ਵੀ ਵੱਡੇ ਵੱਡੇ!”
“ਤੇ ਫੇਰ ਉਹ ਰੇੜ੍ਹੇ ‘ਤੇ ਕਿਵੇਂ ਚੜ੍ਹਦੇ ਹੋਣਗੇ ਭਲਾ?”
“ਓਇ ਲੱਲਾ, ਉਹ ਰੇੜ੍ਹੇ-ਰੂੜ੍ਹੇ ‘ਤੇ ਨਹੀਂ ਸੀ ਚੜ੍ਹਦੇ ਹੁੰਦੇ…ਉਹ ਤਾਂ ਮੋਟਰਕਾਰ ‘ਚ ਚੜ੍ਹਕੇ ਆਉਂਦੇ-ਜਾਂਦੇ ਸੀ।”
“ਟੱਟੀ ਫਿਰਨ ਵੀ ਮੋਟਰਕਾਰ ‘ਚ ਈ ਜਾਂਦੇ ਸੀ?”
“ਨਹੀਂ ਓਏ, ਟੱਟੀ ਤਾਂ ਉਹ ਠੁੱਲ੍ਹਿਆਂ ‘ਚ ਫਿਰ ਲੈਂਦੇ ਸੀ…”
“ਠੁੱਲ੍ਹਿਆਂ ‘ਚ ਖਾਂਦੇ ਤੇ ਠੁੱਲ੍ਹਿਆਂ ‘ਚ ਈ ਫਿਰ ਲੈਂਦੇ?”
“ਨਹੀਂ ਉਹ ਹੋਰ ਠੁੱਲ੍ਹੇ ਹੁੰਦੇ ਐ ਬਈ…ਤੇ ਖਾਣ ਵਾਲੇ ਪਿਆਲੇ ਹੁੰਦੇ ਐ।”
“ਪੀਰੂ ਮੀਆਂ?”
“ਹਾਂ ਲੱਲਾ!”
“ਮਾਂ ਬੈਤਲ ਸੀ ਕਿ?…” ਦੂਣਾ ਯੱਕਦਮ ਪੁੱਛਦਾ।
“ਸੀ-ਤਾਂ-ਸੀ, ਲੱਲਾ!” ਪੀਰੂ ਮੀਆਂ ਬੜੀ ਔਖ ਜਿਹੀ ਨਾਲ ਕਹਿੰਦਾ। ਉਸਨੂੰ ਔਰਤਾਂ ਬਾਰੇ ਜਿਆਦਾ ਤਜ਼ੁਰਬਾ ਵੀ ਨਹੀਂ; ਉਸਨੇ ਬਸ ਇਕ ਨਿੱਕੀ ਜਿਹੀ ਔਰਤ ਨੂੰ ਗੋਦੀ ਵਿਚ ਖਿਡਾਇਆ ਸੀ। ਜਿਹੜੀ ਭਾਵੇਂ ਦੂਰ ਚਲੀ ਗਈ ਸੀ, ਪਰ ਅੱਜ ਤੱਕ ਦਿਲ ਵਿਚ ਵੱਸੀ ਹੋਈ ਸੀ।
“ਪੀਰੂ ਮੀਆਂ?”
“ਹਾਂ ਲੱਲਾ…”
“ਸਕੀਨਾ ਬੀਬੀ ਕਦੋਂ ਆਊਗੀ ਭਲਾਂ?”
“ਬਸ, ਈਦ ਪਿੱਛੋਂ ਆ-ਜੂਗੀ।”
ਦੂਣਾ ਚੁੱਪ ਵੱਟ ਗਿਆ। ਉਹ ਜਾਣਦਾ ਸੀ ਸਕੀਨਾ ਬੀਬੀ ਹੁਣ ਕਦੇ ਨਹੀਂ ਆਏਗੀ। ਪੀਰੂ ਮੀਆਂ ਤਾਂ ਝੱਲੇ ਹੋ ਗਏ ਨੇ, ਹਰ ਵਾਰੀ ਕਹਿ ਦੇਂਦੇ ਨੇ ਈਦ ਪਿੱਛੋਂ ਆ-ਜੂਗੀ…ਪਰ ਕਈ ਈਦਾਂ ਬਕਰੀਦਾਂ ਲੰਘ ਗਈਆਂ ਨੇ, ਸਕੀਨਾ ਬੀਬੀ ਨਹੀਂ ਆਈ! ਉਹ ਆਈ ਤਾਂ ਪੀਰੂ ਮੀਆਂ ਸਾਰਾ ਸਾਰਾ ਦਿਨ ਕੋਠੇ ਵਿਚ ਵੜੇ ਰਿਹਾ ਕਰਨਗੇ, ਸਾਰਾ ਕਾਰੋਬਾਰ ਠੱਪ ਹੋ ਜਾਏਗਾ।

ਕਾਰੋਬਾਰ ਚੋਖੇ ਮੁਨਾਫੇ ਵਾਲਾ ਸੀ ਤੇ ਦਿਲਚਸਪ ਵੀ ਸੀ। ਲੋਕ ਕਿੱਡੇ ਲਾਪ੍ਰਵਾਹ ਹੁੰਦੇ ਨੇ! ਦੂਣੇ ਨੂੰ ਇਕ ਦਿਨ ਕੂੜੇ ਵਿੱਚੋਂ ਇਕ ਸਬੂਤੀ ਗੇਂਦ ਲੱਭੀ…ਬੱਸ ਨਿੱਕਾ ਜਿਹਾ ਸੁਰਾਖ਼ ਸੀ ਤੇ ਪਿਚਕ ਜਾਂਦੀ ਸੀ। ਪੀਰੂ ਮੀਆਂ ਨੇ ਉਸ ਸੁਰਾਖ਼ ਉੱਪਰ ਜ਼ਰਾ ਜਿੰਨਾ ਆਟਾ ਲਾ ਕੇ ਧੁੱਪ ਵਿਚ ਰੱਖ ਦਿੱਤਾ…ਬਿਲਕੁਲ ਨਵੀਂ ਬਣ ਗਈ। ਇਕ ਦਿਨ ਇਕ ਬੁੰਦਾ ਲੱਭਿਆ, ਬੱਸ ਕੁੰਡਾ ਮੁੜਿਆ ਹੋਇਆ ਸੀ ਉਸਦਾ…ਪੀਰੂ ਨੇ ਸਿੱਧਾ ਕਰ ਦਿੱਤਾ।
ਬੁੰਦੇ ਨੂੰ ਦੇਖ ਕੇ ਪੀਰੂ ਮੀਆਂ ਆਪਣੇ ਕੰਨ ਦੀ ਲੌਲ ਪਲੋਸਨ ਲੱਗ ਪਿਆ ਸੀ। ਸਕੀਨਾ ਉਸਦੇ ਕੰਨ ਦੀ ਲੌਲ ਹੀ ਤਾਂ ਵੱਢ ਖਾਂਦੀ ਹੁੰਦੀ ਸੀ। ਤੇ ਫੇਰ ਇਕ ਦਿਨ ਕੂੜੇ ਦੇ ਢੇਰ ਵਿਚ ਦੱਬੀ ਚਾਹ ਵਾਲੀ ਪਿਆਲੀ ਲੱਭੀ ਦੂਣੇ ਨੂੰ। ਪਿਆਲੀ ਦੇਖ ਕੇ ਉਹ ਦੰਗ ਰਹਿ ਗਿਆ…ਉਸਨੇ ਏਨੀ ਨਾਜ਼ੁਕ ਤੇ ਖ਼ੁਬਸੂਰਤ ਚੀਜ਼ ਜ਼ਿੰਦਗੀ ਵਿਚ ਪਹਿਲਾਂ ਕਦੀ ਨਹੀਂ ਸੀ ਦੇਖੀ। ਉਸ ਦੀ ਜ਼ਬਾਨ ਤਾਲੂ ਨਾਲ ਚਿਪਕ ਗਈ। ਸਹਿਮ ਕੇ ਉਸਨੇ ਚਾਰੇ ਪਾਸੇ ਦੇਖਿਆ ਕਿ ਕਿਤੇ ਕੋਈ ਦੇਖ ਤਾਂ ਨਹੀਂ ਰਿਹਾ…ਜ਼ਰੂਰ ਪਿਆਲੀ ਕਿਸੇ ਨੇ ਭੁੱਲ ਕੇ ਸੁੱਟ ਦਿੱਤੀ ਹੋਏਗੀ। ਪਿਆਲੀ ਬਿਲਕੁਲ ਸਾਬਤ ਸੀ, ਬਸ ਕੁੰਡਾ ਟੁੱਟਿਆ ਹੋਇਆ ਸੀ ਉਸਦਾ। ਕਿਸੇ ਮਾਹਿਰ ਕਾਰੀਗਰ ਨੇ ਪੂਰੀ ਰੀਝ ਲਾ ਕੇ ਬਰੀਕ ਸੁੰਬੇ ਨਾਲ ਉਸ ਉਪਰ ਵੇਲ-ਬੂਟੇ ਬਣਾਏ ਹੋਏ ਸਨ। ਪੂਰਾ ਗੁਲਜ਼ਾਰ ਖਿੜਾਇਆ ਹੋਇਆ ਸੀ। ਫੁੱਲਾਂ ਅਤੇ ਕਲੀਆਂ ਦੇ ਗੁੱਛਿਆਂ ਵਿਚਕਾਰ, ਨਿੱਕੇ-ਨਿੱਕੇ ਚੌਲਾਂ ਦੇ ਦਾਣਿਆਂ ਜਿੱਡੀਆਂ ਚਿੜੀਆਂ ਬੈਠੀਆਂ ਸਨ, ਜਿਹਨਾਂ ਦੇ ਪੂੰਝੇ ਇੰਦਰ ਧਨੁਸ਼ ਦੇ ਰੰਗਾਂ ਵਾਂਗ ਅੱਧਾ ਚੱਕਰ ਬਣਾਉਂਦੇ ਸਨ। ਦੂਣੇ ਨੂੰ ਇੰਜ ਲੱਗਿਆ ਜਿਵੇਂ ਉਹ ਕਿਸੇ ਦੇਸ਼ ਦਾ ਰਾਜਕੁਮਾਰ ਹੋਏ ਤੇ ਜਾਦੂ ਨਾਲ ਵਸਾਏ ਹੋਏ ਚਮਨ ਵਿਚ ਪਰੀਆਂ ਦੇ ਝੁੰਡ ਵਿਚਕਾਰ ਖਲੌਤਾ ਹੋਏ।
“ਇਹਦਾ ਕੁੰਡਾ ਤਾਂ ਹੈ ਈ ਨਹੀਂ ਓਇ!” ਪੀਰੂ ਮੀਆਂ ਨੇ ਨੱਕ ਚੜਾਇਆ।
“ਕੁੰਡਾ?”
“ਹਾਂ, ਆਹ ਵੇਖ ਲੱਲਾ ਏਥੇ ਕੁੰਡਾ ਹੁੰਦਾ ਐ…ਉਸ ਵਿਚ ਉਂਗਲ ਅੜਾ ਕੇ ਚਾਹ ਪੀਂਦੇ ਹੁੰਦੇ ਐ ਸਾ’ਬ ਲੋਕ।” ਪਿੰਡ ਵਿਚ ਸਾਰੇ ਲੋਕੀ ਚਾਹ ਕੌਲਿਆਂ ਜਾਂ ਗਲਾਸਾਂ ਵਿਚ ਹੀ ਪੀਂਦੇ ਸਨ। ਦੂਣੇ ਨੇ ਕਦੀ ਕੁੰਡੇਦਾਰ ਪਿਆਲੀ ਨਹੀਂ ਸੀ ਦੇਖੀ। ਜੇ ਉਸਦੀ ਜ਼ਿੰਦਗੀ ਵਿਚ ਕੋਈ ਕੁੰਡਾ ਸੀ ਤਾਂ ਉਹ ਖ਼ੁਦ ਪੀਰੂ ਮੀਆਂ ਦਾ ‘ਕੁੰਡਾ’ ਸੀ। ਜਦੋਂ ਉਹ ਦੋਏ ਵਿਹੜੇ ਵਿਚ ਕੋਲੋ-ਕੋਲ ਬੈਠੇ ਧੁੱਪ ਸੇਕ ਰਹੇ ਹੁੰਦੇ ਸਨ ਤਾਂ ਇੰਜ ਲੱਗਦਾ ਸੀ ਜਿਵੇਂ ਕੋਈ ਮੈਲੀ ਜਿਹੀ ਚਾਹ ਵਾਲੀ ਪਿਆਲੀ ਕੰਧ ਕੋਲ ਰੱਖੀ ਹੋਈ ਹੋਏ।
ਪੀਰੂ ਮੀਆਂ ਲਗਭਗ ਬਵੰਜਾ ਤਰਵੰਜਾ ਸਾਲ ਦਾ ਹੋਏਗਾ। ਉਸਦੇ ਸਾਰੇ ਵਾਲ ਚਿੱਟੇ ਹੋ ਚੁੱਕੇ ਨੇ। ਲੋਕ ਉਸਨੂੰ ਡੋਗਰਾ ਕਹਿਣ ਲੱਗ ਪਏ ਸਨ। ਭੰਗੀਆਂ ਦੇ ਛੋਹਰ ਨਾਲ ਖਾਣ-ਪੀਣ ਕਰਕੇ ਉਸਦੇ ਸ਼ਰੀਕਾਂ ਨੇ ਉਸਨੂੰ ਬਰਾਦਰੀ ਵਿਚੋਂ ਕੱਢ ਦਿੱਤਾ ਸੀ। ਸੋਨਤਾਰਾ ਜਦੋਂ ਦੀ ਭੱਜੀ ਸੀ, ਉਸਦੀ ਕੋਠੜੀ ਵਿਚ ਉਸਦੀ ਸੱਸ ਨੇ ਮੈਸਾਂ ਤੇ ਬੱਕਰੀਆਂ ਬੰਨ੍ਹਣੀਆਂ ਸ਼ੁਰੂ ਕਰ ਦਿੱਤੀਆਂ ਸਨ। ਉੱਥੇ ਹੀ ਇਕ ਕੋਨੇ ਵਿਚ ਪੀਰੂ ਮੀਆਂ ਤੇ ਦੂਣਾ ਘਾਹ ਫੂਸ ਉੱਤੇ ਇਕ ਬੋਰੀ ਵਿਛਾਅ ਕੇ ਪੈ ਰਹਿੰਦੇ ਸਨ। ਗਰਮੀਆਂ ਵਿਚ ਤਾਂ ਸਾਰਾ ਜੱਗ ਵਿਛਾਈ ਬਣ ਜਾਂਦਾ ਹੈ, ਪਰ ਬਰਸਾਤ ਤੇ ਸਰਦੀਆਂ ਦੀ ਹੋਰ ਗੱਲ ਹੁੰਦੀ ਹੈ…ਉਦੋਂ ਤਾਂ ਪਸੂ-ਡੰਗਰ ਵੀ ਸਿਰ ‘ਤੇ ਛੱਤ ਭਾਲਦਾ ਹੈ।
ਸਰਦੀਆਂ ਕੀ ਆਉਂਦੀਆਂ ਨੇ, ਪਿੰਡ ਉੱਤੇ ਆਫਤ ਆ ਜਾਂਦੀ ਹੈ…ਹਰੇ ਭਰੇ ਖੇਤਾਂ ਨੂੰ ਪਾਲਾ ਮਾਰ ਜਾਂਦਾ ਹੈ। ਮੀਂਹ ਨਾ ਪੈਣ ਤਾਂ ਘਾਹ ਫੂਸ ਵੀ ਨਹੀਂ ਹੁੰਦਾ, ਤੇ ਜੇ ਮੀਂਹ ਪੈ ਜਾਣ ਤਾਂ ਖੇਤ ਤਾਂ ਲਹਿਰਾ ਉਠਦੇ ਨੇ ਪਰ ਖੇਤਾਂ ਵਾਲੇ ਕੁਮਲਾਅ ਜਾਂਦੇ ਨੇ। ਖੰਘ, ਬੁਖ਼ਾਰ, ਦਮਾ, ਗਠੀਆ…ਮਲੋਮੱਲੀ ਆ ਜੱਫੇ ਮਾਰਦੇ ਨੇ। ਆਮ ਤੌਰ ਤੇ ਕਣਕ ਭੁੰਨ ਕੇ ਉਸਨੂੰ ਬਰੀਕ ਪੀਸ ਲਿਆ ਜਾਂਦਾ ਹੈ ਤੇ ਉਸ ਵਿਚ ਗੁੜ ਜਾਂ ਰਾਬ ਮਿਲਾਅ ਕੇ, ਕਾਫੀ ਨਾਲ ਮਿਲਦੀ-ਜੁਲਦੀ ਸ਼ੈ ਜਿਹੀ ਬਣਾਅ ਲਈ ਜਾਂਦੀ ਹੈ। ਜਿਸਨੂੰ ਪੀਣ ਨਾਲ ਬੜੀ ਸ਼ਾਂਤੀ ਮਿਲਦੀ ਹੈ। ਥੱਕ ਹਾਰ ਕੇ ਜਾਂ ਬੁਖ਼ਾਰ ਟੁੱਟ ਜਾਂਦਾ ਹੈ ਜਾਂ ਮਰੀਜ਼ ਮੁੱਕ ਜਾਂਦਾ ਹੈ। ਖਾਂਸੀ ਲਈ ਕੱਚਾ ਅਮਰੂਦ ਭੁੰਨ ਕੇ ਖਾ ਲਓ, ਅਕਸੀਰ ਦਾ ਕੰਮ ਕਰੇਗਾ। ਹਾਂ ਜਦੋਂ ਜਾਨ ਐਨ ਬੁੱਲ੍ਹਾਂ ਉੱਤੇ ਆ ਜਾਂਦੀ ਹੈ ਤਾਂ ਪਿੰਡ ਦੇ ਇਕਲੌਤੇ ਡਾਕਟਰ ਕੋਲ ਜਾਂਦੇ ਨੇ। ਪਤਾ ਨਹੀਂ ਉਹ ਕਿਵੇਂ ਡਾਕਟਰ ਬਣ ਬੈਠਾ ਹੈ! ਕਿਸੇ ਨੇ ਉਸਦੀ ਡਿਗਰੀ ਦੇਖਣ ਦੀ ਖੇਚਲ ਨਹੀਂ ਕੀਤੀ ਤੇ ਕੰਪਾਊਡਰ ਹੀ ਡਾਕਟਰ ਬਣ ਗਿਆ। ਉਂਜ ਵੈਦ ਜੀ ਵੀ ਹੈਨ…ਆਮ ਤੌਰ ‘ਤੇ ਆਪਣੀਆਂ ਬੱਕਰੀਆਂ ਵਾਸਤੇ ਖੇਤਾਂ ਵਿਚ ਘਾਹ ਖੋਦਦੇ ਹੋਏ ਨਜ਼ਰ ਆਉਂਦੇ ਨੇ।
ਪੀਰੂ ਮੀਆਂ ਨੂੰ ਜਦੋਂ ਸਾਹ ਹੁੰਦਾ ਹੈ, ਸਾਰੀ ਸਾਰੀ ਰਾਤ ਉਕੜੂ ਬੈਠ ਕੇ ਧੌਂਕਣੀ ਚਲਾਉਂਦੇ ਰਹਿੰਦੇ ਨੇ। ਅਲਮੀਨੀਅਮ ਦੇ ਕੌਲੇ ਵਿਚ ਦੂਣਾ ਉਹਨਾਂ ਲਈ ਪਾਣੀ ਉਬਾਲ ਦੇਂਦਾ ਏ ਤੇ ਉਸ ਵਿਚ ਗੁੜ ਪਾ ਕੇ ਪੀਣ ਨਾਲ ਜ਼ਰਾ ਸ਼ਾਂਤੀ ਆ ਜਾਂਦੀ ਹੈ। ਗੁੜ ਨਹੀਂ ਹੁੰਦਾ ਤਾਂ ਲੂਣ ਦੀ ਚੂੰਢੀ ਹੀ ਕੰਮ ਕਰ ਜਾਂਦੀ ਹੈ। ਸਵੇਰੇ ਕੁਝ ਚਿਰ ਧੁੱਪ ਵਿਚ ਬੈਠਦੇ ਨੇ ਤਾਂ ਸਾਹ ਸੀਨੇ ਵਿਚ ਸਮਾਉਣ ਲੱਗ ਜਾਂਦਾ ਹੈ…ਫੇਰ ਉਹ ਉਸੇ ਤਰ੍ਹਾਂ ਹੌਂਕਦਾ ਹੋਇਆ ਵਪਾਰ ਦੀ ਫਿਕਰ ਵਿਚ ਨਿਕਲ ਤੁਰਦਾ ਹੈ।
ਜਿਸ ਦਿਨ ਟੁੱਟੇ ਕੁੰਡੇ ਵਾਲੀ ਪਿਆਲੀ ਲੈ ਕੇ ਪੀਰੂ ਮੀਆਂ ਤੇ ਦੂਣਾ ਪਿੰਡ ਵਿਚ ਵਾਪਸ ਪਰਤੇ ਸਨ, ਸਾਰੇ ਪਿੰਡ ਵਿਚ ਖਲਬਲੀ ਜਿਹੀ ਮੱਚ ਗਈ ਸੀ। ਪਿੰਡ ਦੇ ਬੱਚਿਆਂ ਤੇ ਬੁੱਢਿਆਂ ਦੀਆਂ ਟੋਲੀਆਂ ਉਸ ਅਜੀਬ ਪ੍ਰਾਪਤੀ ਨੂੰ ਦੇਖਣ ਲਈ ਪਹੁੰਚੀਆਂ ਸਨ। ਜਿਹੜਾ ਵੀ ਉਸ ਅਜੀਬ ਅਜੂਬੇ ਨੂੰ ਦੇਖਦਾ…ਦੰਗ ਰਹਿ ਜਾਂਦਾ। ਕਿਸੇ ਨੂੰ ਉਸਦੇ ਕੁੰਡੇ ਦੇ ਨਾ ਹੋਣ ਦਾ ਅਹਿਸਾਸ ਤਕ ਨਹੀਂ ਸੀ ਹੋਇਆ।
ਉਂਜ ਪਿੰਡ ਵਿਚ ਲਾਲੇ ਹੁਰਾਂ ਦੇ ਘਰ ਚਾਹ ਵਾਲੀਆਂ ਪਿਆਲੀਆਂ ਹੈ ਸਨ। ਪਰ ਉਹਨਾਂ ਦੇ ਦਰਸ਼ਨ ਕਿਸੇ ਨੇ ਨਹੀਂ ਸਨ ਕੀਤੇ। ਕਿਸੇ ਵੱਡੇ ਆਦਮੀ ਦੇ ਆਉਣ ‘ਤੇ ਹੀ ਕੱਢੀਆਂ ਜਾਂਦੀਆਂ ਸਨ ਤੇ ਨੈਣ ਆਪਣੇ ਹੱਥੀਂ ਉਹਨਾਂ ਨੂੰ ਧੋ ਕੇ ਜਿੰਦਰੇ ਵਿਚ ਬੰਦ ਕਰ ਦੇਂਦੀ ਸੀ। ਪਰ ਕਈ ਸਾਲਾਂ ਤੋਂ ਏਧਰ ਕੋਈ ਏਡਾ ਵੱਡਾ ਆਦਮੀ ਹੀ ਨਹੀਂ ਸੀ ਆਇਆ ਕਿ ਚਾਹ ਵਾਲੀਆਂ ਪਿਆਲੀਆਂ ਨੂੰ ਤਕਲੀਫ ਦਿੱਤੀ ਜਾਂਦੀ। ਗਿਣਤੀ ਵਿਚ ਉਹ ਚਾਰ ਸਨ…ਮੋਟੀਆਂ-ਮੋਟੀਆਂ ਤੇ ਡੱਫ਼ਲ ਜਿਹੀਆਂ।
ਸਕੂਲ ਮਾਸਟਰ ਨੇ ਪਿਆਲੀ ਦੇ ਥੱਲੇ ਤੋਂ ਪੜ੍ਹ ਕੇ ਦੱਸਿਆ ਕਿ ਉਹ ‘ਮੇਡ ਇਨ ਇੰਗਲੈਂਡ’ ਸੀ। ਜ਼ਰੂਰ ਕੋਈ ਸਾਹਬ ਬਹਾਦਰ ਉਸ ਵਿਚ ਚਾਹ ਪੀਂਦਾ ਰਿਹਾ ਹੋਏਗਾ ਤੇ ਆਪਣੇ ਮੁਲਕ ਨੂੰ ਜਾਂਦਾ ਹੋਇਆ ਕੁੰਡਾ ਨਾਲ ਲੈ ਗਿਆ ਹੋਏਗਾ ਤੇ ਪਿਆਲੀ ਭੁੱਲ ਗਿਆ ਹੋਏਗਾ…ਭੁੱਲ ਹੀ ਗਿਆ ਹੋਏਗਾ, ਨਹੀਂ ਤਾਂ ਕੁੰਡੇ ਦੇ ਨਾ ਹੋਣ ‘ਤੇ ਵੀ ਪਿਆਲੀ ਤਾਂ ਪੂਰੇ ਕੰਮ ਦੀ ਸੀ। ਗਰਮ-ਗਰਮ ਚਾਹ ਪਾ ਕੇ ਦੋਏ ਹੱਥਾਂ ‘ਚ ਫੜ੍ਹ ਲਓ…ਮੌਜ ਨਾਲ ਚਾਹ ਪੀਓ, ਹੱਥ ਵੀ ਸੇਕੀ ਜਾਓ ਤੇ ਸਵਾਦ ਵਿਚ ਵੀ ਕੋਈ ਫ਼ਰਕ ਨਾ ਪਏ।
ਫ਼ੌਰਨ ਦੂਣਾ ਗਿਆ ਤੇ ਚਾਹ ਵਾਲੇ ਦੀ ਦੁਕਾਨ ਤੋਂ ਚਾਹ ਮੰਗ ਲਿਆਇਆ। ਉਹ ਉਸ ਦੀਆਂ ਬੱਕਰੀਆਂ ਚਾਰਦਾ ਹੁੰਦਾ ਸੀ ਤੇ ਰੋਜ ਬਾਜਰੇ ਦੀ ਵਾਹਵਾ ਮੋਟੀ ਰੋਟੀ ਮਿਲਦੀ ਹੁੰਦੀ ਸੀ। ਉਸ ਦਿਨ ਉਸਨੇ ਰੋਟੀ ਦੀ ਬਜਾਏ ਚਾਹ ਲੈ ਲਈ, ਗੁੜ ਸੀ ਹੀ…ਪੀਰੂ ਮੀਆਂ ਨੇ ਕੱਲ੍ਹ ਹੀ ਖ਼ਾਲੀ ਸ਼ੀਸ਼ੀਆਂ ਤੇ ਡੱਬੇ ਵੇਚੇ ਸਨ। ਚਾਹ ਬਣਾਈ ਗਈ; ਪਹਿਲਾਂ ਪੀਰੂ ਮੀਆਂ ਨੇ ਪੀਤੀ ਤੇ ਫੇਰ ਦੂਣੇ ਨੇ। ਦੂਣੇ ਨੂੰ ਜਿਵੇਂ ਨਸ਼ਾ ਜਿਹਾ ਚੜ੍ਹ ਗਿਆ…ਏਨੀ ਮਿੱਠੀ ਤੇ ਗਾੜ੍ਹੀ ਚਾਹ ਉਸਨੇ ਜ਼ਿੰਦਗੀ ਵਿਚ ਪਹਿਲਾਂ ਕਦੀ ਨਹੀਂ ਸੀ ਪੀਤੀ। ਹੈਂਡ ਪੰਪ ਉੱਤੇ ਉਸਨੇ ਪਿਆਲੀ ਧੋ ਕੇ ਐਵੇਂ ਹੀ ਦੋ ਘੁੱਟ ਪਾਣੀ ਦੇ ਪੀ ਲਏ, ਪਿਆਲੀ ‘ਚ ਪਾਣੀ ਵੀ ਜਿਵੇਂ ਸ਼ਰਬਤ ਹੀ ਬਣ ਗਿਆ ਸੀ।…ਪਤਾ ਨਹੀਂ ਉਹ ਕਿੰਨਾ ਕੁ ਪਾਣੀ ਪੀ ਜਾਂਦਾ, ਜੇ ਪੀਰੂ ਮੀਆਂ ਝਿੜਕ ਨਾ ਦੇਂਦੇ—“ਓਏ ਐਨਾ ਪਾਣੀ ਪੀਏਂਗਾ ਤਾਂ ਸਾਰੀ ਰਾਤ ਨੀਕਰ ਭਿਉਂਦਾ ਰਹੇਂਗਾ, ਸਾਲਿਆ।”
ਦੂਸਰੇ ਦਿਨ ਸਾਰੇ ਪਿੰਡ ਵਿਚ ਇਹ ਖਬਰ ਫ਼ੈਲ ਚੁੱਕੀ ਸੀ ਕਿ ਪੀਰੂ ਮੀਆਂ ਅਤੇ ਦੂਣਾ ਸ਼ਹਿਰੋਂ ਇਕ ਵਲਾਇਤੀ ਪਿਆਲੀ ਚੁਰਾਅ ਕੇ ਲਿਆਏ ਨੇ। ਉਹਨਾਂ ਬੜੀਆਂ ਸੌਹਾਂ ਖਾਧੀਆਂ ਕਿ ਕੂੜੇ ‘ਚ ਪਈ ਮਿਲੀ ਸੀ, ਪਰ ਕਿਸੇ ਨੇ ਯਕੀਨ ਨਹੀਂ ਸੀ ਕੀਤਾ। ਭਲਾ ਇਹੋ ਜਿਹਾ ਕਿਹੜਾ ਸਿਰ ਫਿਰਿਆ ਹੋਏਗਾ, ਜਿਹੜਾ ਵਲਾਇਤੀ ਪਿਆਲੀ ਕੂੜੇ ਵਿਚ ਸੁੱਟ ਦਏ?
ਪਿੰਡ ਦਾ ਥਾਨਾ ਇਕ ਉਜਾੜ ਜਿਹੀ ਪਰ ਅੱਧ ਪੱਕੀ ਇਮਾਰਤ ਵਿਚ ਹੈ। ਤਿੰਨ ਚਾਰ ਸਿਪਾਹੀ ਨੇ, ਜ਼ਿਆਦਾ ਸਮਾਂ ਉਂਘਦੇ ਰਹਿੰਦੇ ਨੇ ਤੇ ਜਦੋਂ ਚੋਰ ਰਾਤੀਂ ਕਿਸੇ ਦਾ ਖੇਤ ਲੁੱਟ ਰਹੇ ਹੁੰਦੇ ਨੇ, ਉਹ ਘੂਕ ਸੁੱਤੇ ਪਏ ਹੁੰਦੇ ਨੇ। ਉਹਨਾਂ ਨੂੰ ਡਾਂਗ-ਸੋਟਾ ਵਾਹੁਣਾ ਬਿਲਕੁਲ ਪਸੰਦ ਨਹੀਂ। ਚੋਰਾਂ ਦੇ ਚਲੇ ਜਾਣ ਪਿੱਛੋਂ ਉਠਦੇ ਨੇ, ਪੂਰੀ ਸਰਗਰਮੀ ਦਿਖਾਉਂਦੇ ਨੇ, ਇਧਰ-ਉਧਰ ਝਿੜਕ-ਝੰਬ ਕਰਦੇ ਫਿਰਦੇ ਨੇ। ਜਿਹਨਾਂ ਦੇ ਚੋਰੀ ਹੋਈ ਹੁੰਦੀ ਹੈ, ਉਹਨਾਂ ਨੂੰ ਘੰਟਿਆਂ ਬੱਧੀ ਠਾਣੇ ਬਿਠਾਅ ਕੇ ਕਾਗਜੀ ਕਾਰਵਾਈਆਂ ਕਰਦੇ ਨੇ। ਪਿੰਡ ਵਾਲਿਆਂ ਦਾ ਖ਼ਿਆਲ ਹੈ ਚੋਰਾਂ ਦੀ ਉਹਨਾਂ ਨਾਲ ਪੱਤੀ ਹੋਈ ਹੁੰਦੀ ਹੈ। ਪਿੱਛਲੇ ਦਿਨੀਂ ਜਦੋਂ ਰਾਮ ਪਰਸ਼ਾਦ ਹੁਰਾਂ ਦੀਆਂ ਸ਼ਕਰਕੰਦੀਆਂ ਉੱਤੇ ਧਾੜ ਪਈ ਸੀ ਤਾਂ ਹਰ ਵੇਲੇ ਪੁਲਿਸ ਵਾਲਿਆਂ ਦੇ ਨਿਆਣੇ ਸ਼ਕਰਕੰਦੀਆਂ ਖਾਂਦੇ ਫਿਰਦੇ ਨਜ਼ਰ ਆਉਂਦੇ ਸਨ। ਪੁਲਿਸ ਵਾਲਿਆਂ ਦੀਆਂ ਬੱਕਰੀਆਂ ਭਾਵੇਂ ਕਿਸੇ ਖੇਤ ਵਿਚ ਵੜ ਜਾਣ, ਕਿਸੇ ਦੀ ਮਜ਼ਾਲ ਨਹੀਂ ਸੀ ਕਿ ਉਹਨਾਂ ਨੂੰ ਕਾਜੀ ਹਾਊਸ ਦੇ ਆਏ। ਉਹਨਾਂ ਦੇ ਸੂਰ ਤਾਂ ਭੰਗੀਆਂ ਦਾ ਵੀ ਸਤਿਆਨਾਸ ਕਰ ਦੇਂਦੇ ਨੇ, ਪਰ ਕੋਈ ਸਾਹ ਨਹੀਂ ਕੱਢਦਾ। ਹਰੇਕ ਦੁਕਾਨ ਤੋਂ ਕੁਝ ਨਾ ਕੁਝ ਮੰਗਾਉਂਦੇ ਰਹਿੰਦੇ ਨੇ। ਉਧਾਰ ਦੇ ਪੈਸੇ ਮੰਗ ਲੈਣ ਦੀ ਕਿਸੇ ਦੀ ਹਿੰਮਤ ਨਹੀਂ, ਵਰਨਾ ਫੌਰਨ ‘ਧਾਰਾ ਇੱਕੀ’ ਵਿਚ ਚਲਾਨ ਹੋ ਜਾਏਗਾ…ਤੇ ਭੌਂਕਦਾ ਫਿਰੇਗਾ ਅਦਾਲਤਾਂ ਵਿਚ; ਝੂਠੀਆਂ ਗਵਾਹੀਆਂ ਦੇਣ ਵਾਲਿਆਂ ਦਾ ਘਾਟਾ ਨਹੀਂ…
“ਵਲਾਇਤੀ ਪਿਆਲੀ!” ਕਾਂਸਟੇਬਲ ਚਰੰਜੀ ਲਾਲ ਦੇ ਕੰਨ ਖੜੇ ਹੋ ਗਏ। ਜੇ ਦੇਸੀ ਹੁੰਦੀ ਤਾਂ ਖੈਰ ਹੁੰਦੀ, ਇਹ ਹਨੇਰ ਨਾ ਹੁੰਦਾ। ਆਪਣੇ ਮੈਲੇ ਕੋਟ ਉੱਤੋਂ ਦੀ ਪੇਟੀ ਕਸ ਕੇ ਉਹ ਉਠ ਖੜ੍ਹਾ ਹੋਇਆ ਤੇ ਭੰਗੀਆਂ ਦੀ ਕਲੋਨੀ ਵੱਲ ਰਵਾਨਾ ਹੋ ਗਿਆ। ਜਵਾਕ ਤੇ ਕੁੱਤੇ ਵੀ ਜਲੂਸ ਦੀ ਸ਼ਕਲ ਵਿਚ ਉਸਦੇ ਪਿੱਛੇ ਪਿੱਛੇ ਹੋ ਲਏ। ਜਦੋਂ ਇਹ ਕਾਨੂੰਨ ਦਾ ਰਾਖਾ ਮੁਲਜਮਾਂ ਦੀ ਕੋਠੜੀ ਵਿਚ ਪਹੁੰਚਿਆ, ਉਦੋਂ ਦੂਣਾ ਮਿੱਟੀ ਦੀ ਪਰਾਤ ਵਿਚ ਬਾਜਰੇ ਦਾ ਆਟਾ ਗੁੰਨ੍ਹ ਰਿਹਾ ਸੀ ਤੇ ਪੀਰੂ ਮੀਆਂ ਤਿੰਨ ਇੱਟਾਂ ਦੇ ਚੁੱਲ੍ਹੇ ਵਿਚ ਗਿੱਲੇ ਬੂਝਿਆਂ ਤੇ ਛਟੀਆਂ ਦੀ ਅੱਗ ਬਾਲਣ ਦੀ ਕੋਸ਼ਿਸ਼ ਕਰ ਰਿਹਾ ਸੀ। ਮਿੱਟੀ ਦਾ ਤਵਾ ਕੰਧ ਨਾਲ ਲੱਗਿਆ ਖੜ੍ਹਾ ਸੀ ਅਤੇ ਕੋਲ ਹੀ ਤੌੜੀ ਪਈ ਸੀ।
“ਕਿਉਂ ਪੀਰੂ ਮੀਆਂ, ਅੱਜ ਕਿੱਥੇ ਹੱਥ ਮਾਰਿਆ ਈ ਫੇਰ?” ਚਰੰਜੀ ਲਾਲ ਗੜਕਿਆ।
“ਕਿਤੇ ਵੀ ਨਹੀਂ ਸਰਕਾਰ।” ਪੀਰੂ ਮੀਆਂ ਖੰਘਿਆ।
“ਮੈਂ ਤੈਨੂੰ ਕਿੰਨੀ ਵਾਰੀ ਕਿਹਾ ਏ ਬਈ ਇਹ ਚੋਰੀ ਚਕਾਰੀ ਦਾ ਧੰਦਾ ਨਹੀਂ ਚਲਣਾ।”
“ਮੈਂ ਕਿਹੜੀ ਚੋਰੀ ਕੀਤੀ ਐ ਜਨਾਬ?”
“ਤੇ ਵਲਾਇਤੀ ਪਿਆਲੀ ਤੇਰਾ ਪਿਓ ਦੇ ਗਿਐ ਤੈਨੂੰ?”
“ਉਹ ਤਾਂ ਕੂੜੇ ‘ਚ ਪਈ ਲੱਭੀ ਸੀ ਜੀ।”
“ਤੇ ਭੰਗੜਾਂ ਦਾ ਇਹ ਛੋਹਰ ਵੀ ਕੂੜੇ ‘ਚ ਪਿਆ ਲੱਭਿਆ ਹੋਊ ਜੀ?”
ਛੋਹਰ ਦਾ ਜ਼ਿਕਰ ਪੀਰੂ ਦੀ ਦੁਖਦੀ ਰਗ ਸੀ। ਉਸਨੂੰ ਚੁੱਪਚਾਪ ਉਸਨੇ ਕਲਮਾ ਪੜ੍ਹਾ ਲਈਆਂ ਸਨ…ਪਤਾ ਨਹੀਂ ਦੂਣੇ ਦਾ ਪੜ੍ਹਿਆ ਕਲਾਮ ਅੱਲਾ-ਪਾਕ ਦੇ ਪੱਲੇ ਪਿਆ ਹੋਏਗਾ ਕਿ ਨਹੀਂ…ਪਰ ਮਾਮਲਾ ਬੜਾ ਗੰਭੀਰ ਸੀ। ਜੇ ਕਿਤੇ ਕਿਸੇ ਨੂੰ ਪਤਾ ਲੱਗ ਜਾਂਦਾ ਤਾਂ ਉਹ ਤਬਲੀਖ-ਇਸਲਾਮ (ਇਸਲਾਮ ਧਰਮ ਦਾ ਨਿਰਾਦਰ ਕਰਨ) ਦੇ ਜੁਰਮ ਵਿਚ ਧਰ ਲਿਆ ਜਾਂਦਾ। ਖ਼ੈਰ ਉਸਦੇ ਦਿਲ ਨੂੰ ਤੱਸਲੀ ਹੋ ਗਈ ਸੀ ਤੇ ਦੂਣੇ ਨੂੰ ਕੋਈ ਫ਼ਰਕ ਮਹਿਸੂਸ ਨਹੀਂ ਸੀ ਹੋਇਆ। ਉਹ ਕੁੰਡੇ ਵਾਂਗ ਪੀਰੂ ਮੀਆਂ ਨਾਲ ਜੁੜਕੇ ਪਿਆਲੀ ਦੀ ਨੇੜਤਾ ਵਿਚ ਆਪਣੇ ਆਪ ਨੂੰ ਸੁਰੱਖਿਅਤ ਸਮਝਦਾ ਸੀ। ਉਂਜ ‘ਕੱਲੇ ਕੁੰਡੇ ਵਿਚਾਰੇ ਦਾ ਤਾਂ ਦੁਨੀਆਂ ਵਿਚ ਕੋਈ ਮਹੱਤਵ ਵੀ ਨਹੀਂ ਹੁੰਦਾ। ਪਿਆਲੀ ਨਾਲ ਜੁੜੇ ਹੋਣ ਕਰਕੇ ਉਸਦਾ ਇਕ ਵਿਸ਼ੇਸ਼ ਸਥਾਨ ਬਣ ਜਾਂਦਾ ਹੈ। ਜਦੋਂ ਉਸਨੂੰ ਬੁਖਾਰ ਚੜ੍ਹਦਾ ਸੀ ਤੇ ਡਰਾਵਨੇ ਸੁਪਨੇ ਸਤਾਉਂਦੇ ਹੁੰਦੇ ਸਨ ਤਾਂ ਪੀਰੂ ਮੀਆਂ ਦੀ ਪਿਚਕੀ ਹੋਈ ਹਿੱਕ ਨਾਲ ਚਿਪਕ ਕੇ ਜਿਵੇਂ ਉਹ ਮਾਂ ਦੀ ਗੋਦ ਵਿਚ ਰਮ ਜਾਂਦਾ ਹੁੰਦਾ ਸੀ। ਇਹ ਇਕੱਲਾਪਣ ਵੀ ਕਿੰਨਾ ਸੁੰਨਮ-ਸੁੰਨਾ ਤੇ ਡਰਾਵਨਾ ਹੁੰਦਾ ਹੈ…ਤੇ ਦੂਣਾ ਅਜੇ ਪੂਰੇ ਅੱਠ ਸਾਲ ਦਾ ਵੀ ਨਹੀਂ ਸੀ ਹੋਇਆ।
“ਇਹ ਹੈ ਜੀ ਉਹ ਪਿਆਲੀ!” ਪੀਰੂ ਮੀਆਂ ਨੇ ਕੋਨੇ ਵਿਚ ਰੱਖੇ ਕੁੱਜੇ ਉੱਤੋਂ ਚੁੱਕ ਕੇ ਪਿਆਲੀ ਚਰੰਜੀ ਲਾਲ ਨੂੰ ਫੜਾਅ ਦਿੱਤੀ। ਦੂਣੇ ਦਾ ਕਲੇਜਾ ਵੀ ਜਿਵੇਂ ਪਿਆਲੀ ਦੇ ਨਾਲ ਹੀ ਉਸਦੇ ਹੱਥ ਵਿਚ ਚਲਾ ਗਿਆ।
“ਇਹ ਸਾਲੀ ਤਾਂ ਟੁੱਟੀ ਹੋਈ ਏ ਉਇ…ਕੁੰਡਾ ਤਾਂ ਹੈ ਈ ਨਹੀਂ ਈਹਦਾ।” ਚਰੰਜੀ ਲਾਲ ਨੇ ਪਿਆਲੀ ਜ਼ਮੀਨ ਉੱਤੇ ਸੁੱਟ ਦਿੱਤੀ ਤੇ ਵਾਪਸ ਚਲਾ ਗਿਆ।
ਇਕ ਚੀਕ ਮਾਰ ਕੇ ਪਿਆਲੀ ਦੇ ਕਈ ਟੁਕੜੇ ਹੋ ਗਏ…ਦੂਜੀ ਚੀਕ ਦੂਣੇ ਦੇ ਗਲ਼ ਵਿਚ ਫਸੀ ਰਹਿ ਗਈ। ਆਟੇ ਨਾਲ ਲਿੱਬੜੇ ਹੋਏ ਹੱਥਾਂ ਨਾਲ ਉਸਨੇ ਪਿਆਲੀ ਦੇ ਟੁਕੜਿਆਂ ਨੂੰ ਛੂਹਿਆ…ਜਿਵੇਂ ਜਾਂਚ ਕਰ ਰਿਹਾ ਹੋਏ ਕਿ ਸ਼ਾਇਦ ਉਸ ਵਿਚ ਅਜੇ ਵੀ ਜਾਨ ਬਾਕੀ ਹੈ।
“ਰੋ ਨਾ ਲੱਲਾ, ਮੈਂ ਤੈਨੂੰ ਪਿਆਲੀ ਆਟੇ ਨਾਲ ਜੋੜ ਦਿਆਂਗਾ।”
ਪੀਰੂ ਮੀਆਂ ਨੇ ਉਸਨੂੰ ਦਿਲਾਸਾ ਦਿੱਤਾ। ਦੂਣਾ ਦੌੜ ਗਿਆ ਤੇ ਬਾਣੀਏਂ ਦੀ ਹੱਟੀ ਤੋਂ ਕਣਕ ਦਾ ਆਟਾ ਮੰਗ ਲਿਆਇਆ। ਪੀਰੂ ਮੀਆਂ ਆਟਾ ਘੋਲ ਕੇ ਉਸ ਨਾਲ ਪਿਆਲੀ ਦੇ ਟੁੱਕੜੇ ਜੋੜਨ ਲੱਗੇ। ਮਿੰਟਾਂ ਵਿਚ ਪਿਆਲੀ ਜੁੜ ਗਈ ਤੇ ਬਿਲਕੁਲ ਨਵੀਂ ਲੱਗਣ ਲੱਗ ਪਈ—ਜੇ ਗੌਰ ਨਾਲ ਨਾ ਦੇਖੋ ਤਾਂ ਜੋੜ ਵੀ ਨਹੀਂ ਸਨ ਦਿਸਦੇ।
“ਜਾਹ ਰੱਖ ਆ ਵਿਹੜੇ ਵਿਚ ਲੱਲਾ।” ਤੇ ਲੱਲਾ ਨੇ ਬੋਚ ਕੇ ਪਿਆਲੀ ਨੂੰ ਚੁੱਕਿਆ ਤੇ ਬਾਹਰ ਧੁੱਪ ਵਿਚ ਰੱਖ ਦਿੱਤਾ। ਰੋਟੀ ਖਾਂਦਾ ਹੋਇਆ ਵੀ ਉਹ ਇਕਟੱਕ ਪਿਆਲੀ ਵੱਲ ਦੇਖ ਰਿਹਾ ਸੀ। ਫੇਰ ਜਾ ਕੇ ਉਸਦੇ ਕੋਲ ਬੈਠ ਗਿਆ ਤੇ ਉਸਦੇ ਸੁੱਕਣ ਦੀ ਉਡੀਕ ਕਰਨ ਲੱਗਾ। ਦੁੜੰਗੇ ਮਾਰਦੀ ਹੋਈ ਰਾਤ ਆ ਪਹੁੰਚੀ। ਕਈ ਵਾਰੀ ਬੁਲਾਉਣ ਪਿੱਛੋਂ, ਬੜੀ ਮੁਸ਼ਕਿਲ ਨਾਲ ਅਖੀਰ ਦੂਣਾ ਅੰਦਰ ਆਇਆ। ਉਹ ਤਾਂ ਪਿਆਲੀ ਨੂੰ ਵੀ ਨਾਲ ਹੀ ਲਿਆਉਣਾ ਚਾਹੁੰਦਾ ਸੀ, ਪਰ ਪੀਰੂ ਮੀਆਂ ਨੇ ਸਮਝਾਇਆ ਕਿ ਅਗਲੇ ਦਿਨ ਦੀ ਧੁੱਪ ਲੱਗ ਲੈਣ ਦਿੱਤੀ ਜਾਏ; ਅਜੇ ਜੋੜ ਕੱਚੇ ਹੋਣਗੇ…ਹਿਲਾਇਆਂ-ਡੁਲਾਇਆਂ ਖੁੱਲ੍ਹ ਜਾਣਗੇ।
ਅੰਤਾਂ ਦੀ ਠੰਡ ਸੀ। ਬਰਫ਼ ਦੀਆਂ ਸਲਾਖਾਂ ਪਿੰਡੇ ‘ਚੋਂ ਪਾਰ ਹੁੰਦੀਆਂ ਜਾਪਦੀਆਂ ਸਨ। ਗਰਮੀਆਂ ਵਿਚ ਤਾਂ ਛੱਪੜ ਵਿਚ ਟੁੱਭੀ ਲਾ ਆਓ; ਏਅਰ-ਕੰਡੀਸ਼ਨ ਬਣ ਜਾਂਦਾ ਹੈ। ਪਰ ਇਹ ਪਾਲਾ, ਪਾਲਾ ਖ਼ੁਦਾ ਨੇ ਸਿਰਫ ਇਨਸਾਨ ਨੂੰ ਅਜ਼ਾਬ ਦੋਜ਼ਖ਼ (ਨਰਕ ਦੇ ਕਸ਼ਟ) ਨੂੰ ਯਾਦ ਰੱਖਣ ਲਈ ਭੇਜਿਆ ਹੋਏਗਾ। ਸੂਰਜ ਦੀ ਅੰਗੀਠੀ ਜਦੋਂ ਤਕ ਮਘਦੀ ਰਹਿੰਦੀ ਹੈ, ਜ਼ਿੰਦਗੀ ਸੁੱਖਾਂ ਦਾ ਭੰਗੂੜਾ ਝੂਟਦੀ ਰਹਿੰਦੀ ਹੈ। ਪਰ ਚਾਰ ਵਜੇ ਤੋਂ ਬਾਅਦ ਹੀ ਸੂਰਜ ਦਮ ਤੋੜਨ ਲੱਗ ਪੈਂਦਾ ਹੈ। ਧੁੱਪ ਹੁੰਦੀ ਹੈ ਪਰ ਠਰੀ-ਠਰੀ ਜਿਹੀ। ਫੇਰ ਹਵਾਵਾਂ ਘੋੜੇ ਚੜ੍ਹਦੀਆਂ ਨੇ, ਹਰ ਮੁਸਾਮ ਵਿਚ ਬਰਫ਼ ਦੀਆਂ ਸੂਈਆਂ ਪੁਰਣ ਲੱਗ ਪੈਂਦੀਆਂ ਨੇ ਤੇ ਹੱਡਾਂ ਤਕ ਧਸ ਜਾਂਦੀਆਂ ਨੇ। ਲੱਗਦਾ ਹੈ, ਨੱਕ ਚਿਹਰੇ ਨਾਲ ਹੈ ਹੀ ਨਹੀਂ।…ਤੇ ਜੇ ਹੈ ਵੀ ਤਾਂ ਕੁਝ ਚਿਰ ਵਿਚ ਹੀ ਬਰਫ਼ ਦੀ ਡਲੀ ਬਣ ਕੇ ਹੇਠਾਂ ਡਿੱਗ ਪਵੇਗੀ। ਪਾਣੀ ਬਿੱਛੂ ਵਾਂਗ ਡੰਗ ਮਾਰਦਾ ਹੈ।
ਅਗਲੀ ਸਵੇਰ ਪੀਰੂ ਮੀਆਂ ਦੀ ਅੱਖ ਖੁੱਲ੍ਹੀ ਤਾਂ ਦੂਣਾ ਗਾਇਬ ਸੀ। ਬਾਹਰ ਮੀਂਹ ਪੈ ਰਿਹਾ ਸੀ, ਦਰਵਾਜ਼ਾ ਖੁੱਲ੍ਹਾ ਸੀ, “ਐਨੇ ਮੀਂਹ ‘ਚ ਕਿੱਧਰ ਨਿਕਲ ਗਿਆ ਮਲੈਛ; ਟੱਟੀ ਗਿਆ ਹੋਣੈ। ਬਾਹਰ ਜਾਣ ਦੀ ਕੀ ਲੋੜ ਸੀ…ਜਿੱਥੇ ਜਾਨਵਰਾਂ ਨੇ ਐਨਾ ਗੰਦ ਮਾਰਿਆ ਹੋਇਆ ਆ, ਥੋੜਾ ਹੋਰ ਹੋ ਜਾਂਦਾ…।”
“ਦੂਣਿਆਂ, ਦੂਣਿਆਂ ਓਇ।” ਉਸ ਨੇ ਆਵਾਜ ਮਾਰੀ। ਫੇਰ ਉਸਦਾ ਦਿਲ ਧੜਕਣ ਲੱਗਾ, ਛੱਪੜ ਕੋਲ ਕੋਈ ਕਾਲੀ ਜਿਹੀ ਸ਼ੈ ਪਈ ਦਿਸੀ…ਕੋਈ ਬੱਕਰੀ ਮਰ ਗਈ ਹੋਏਗੀ। ਰਾਤੀਂ, ਬਾਹਰ ਰਹਿ ਗਈ ਹੋਏਗੀ! ਪਰ ਦਿਲ ਨਾ ਮੰਨਿਆਂ। ਬੋਰੀ ਉੱਤੇ ਲੈ ਕੇ ਉਹ ਉਸ ਕਾਲੀ ਸ਼ੈ ਵਲ ਤੁਰ ਪਿਆ।
ਦੂਣਾ ਕੁੰਡੇ ਵਾਂਗ ਮੁੜਿਆ ਪਿਆ ਸੀ। ਉਸਦੇ ਨੱਕ ਵਿਚੋਂ ਲਹੂ ਵਗ ਕੇ ਜੰਮ ਗਿਆ ਸੀ। ਹੱਥਾਂ ਵਿਚ ਆਟੇ ਨਾਲ ਜੋੜੀ ਪਿਆਲੀ ਦੇ ਟੁੱਕੜੇ ਹੁਣ ਤਕ ਫੜ੍ਹੇ ਹੋਏ ਸਨ…ਉਸਦੇ ਜੋੜ ਖੁੱਲ੍ਹ ਚੁੱਕੇ ਸਨ। ਉਸ ਨੇ ਉਸਨੂੰ ਚੁੱਕਣਾ ਚਾਹਿਆ ਪਰ ਉਹ ਆਕੜਿਆ ਪਿਆ ਸੀ। ਉਸਨੇ ਬੋਰੀ ਲਾਹ ਕੇ ਉਸ ਉੱਤੇ ਪਾ ਦਿੱਤੀ।
ਦੁਪਹਿਰ ਤੱਕ ਮੀਂਹ ਰੁਕ ਗਿਆ ਤੇ ਧੁੱਪ ਵੀ ਨਿਕਲ ਆਈ।
ਤੇ ਜਦੋਂ ਦੂਣੇ ਨੂੰ ਅੱਗ ਦਿੱਤੀ ਜਾ ਰਹੀ ਸੀ, ਪੀਰੂ ਮੀਆਂ ਦੂਜੇ ਪਾਸੇ ਮੂੰਹ ਕਰਕੇ ਕੰਧ ਨਾਲ ਲੱਗਿਆ ਬੈਠਾ ਸੀ। ਚਿਤਾ ਦਾ ਮੱਠਾ-ਮੱਠਾ ਸੇਕ ਉਸ ਤਕ ਪਹੁੰਚ ਰਿਹਾ ਸੀ…ਜਿਵੇਂ ਦੂਣਾ ਉਸਨੂੰ ਆਪਣਾ ਆਖ਼ਰੀ ਨਿੱਘ ਦੇ ਰਿਹਾ ਹੋਏ।
ਦੂਰੋਂ ਉਸਨੂੰ ਦੇਖ ਕੇ ਇੰਜ ਜਾਪਦਾ ਸੀ ਜਿਵੇਂ ਕੋਈ ਮੈਲੀ ਜਿਹੀ, ਚਾਹ ਵਾਲੀ ਖ਼ਾਲੀ ਪਿਆਲੀ ਕੰਧ ਕੋਲ ਪਈ ਹੋਈ ਹੈ—ਜਿਸਦਾ ਕੁੰਡਾ ਟੁੱਟਿਆ ਹੋਇਆ ਹੈ।

(ਅਨੁਵਾਦ : ਮਹਿੰਦਰ ਬੇਦੀ, ਜੈਤੋ)

  • ਮੁੱਖ ਪੰਨਾ : ਇਸਮਤ ਚੁਗ਼ਤਾਈ : ਕਹਾਣੀਆਂ ਪੰਜਾਬੀ ਵਿਚ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ