Udari : K.L. Garg

ਉਡਾਰੀ : ਕੇ.ਐਲ. ਗਰਗ

ਅਮਰੀਕਾ ਤੋਂ ਸਾਡੀ ਧੀ ਹੰਸੋ ਦਾ ਲੰਮਾ ਫੋਨ ਆਇਆ ਸੀ। ਉਹ ਕਿੰਨਾ ਚਿਰ ਹੀ ਗੱਲਾਂ ਕਰਦੀ ਰਹੀ ਸੀ। ਹਮੇਸ਼ਾਂ ਹੱਸ-ਹੱਸ ਗੱਲਾਂ ਕਰਨ ਵਾਲੀ ਧੀ ਨੂੰ ਇਸ ਵਾਰ ਕੀ ਹੋ ਗਿਆ ਸੀ? ਉਸ ਦੇ ਬੋਲ ਟੁੱਟ-ਟੁੱਟ ਕੇ ਆ ਰਹੇ ਸਨ। ਉਹਦੀ ਆਵਾਜ਼ ਤੋਂ ਲੱਗਦਾ ਸੀ ਜਿਵੇਂ ਰੋ ਰਹੀ ਹੋਵੇ। ਪਲ-ਪਲ ਪਿੱਛੋਂ ਬੁਸਬੁਸ ਜਿਹੀ ਕਰਦੀ ਜਾਪਦੀ ਸੀ। ਕਹਿ ਰਹੀ ਸੀ:
‘‘ਡੈਡੀ, ਹੁਣ ਪਤਾ ਲੱਗਦੈ ਬਈ ਇੱਥੇ ਇੰਡੀਆ ਈ ਰਹਿੰਦੇ ਤਾਂ ਚੰਗਾ ਸੀ। ਕੀ ਲੈਣਾ ਸੀ ਪਰਾਈ ਧਰਤੀ ’ਤੇ ਆ ਕੇ? ਕੰਨ ਵੀ ਗੁਆਏ ਤੇ ਗਹਿਣੇ ਵੀ। ਜਿਹੋ-ਜਿਹੀ ਵੀ ਸੀ, ਆਪਣੀ ਮਿੱਟੀ ’ਚ ਸਾਹ ਲੈਂਦੇ।’’
ਸਾਡੇ ਵੀ ਉਦੋਂ ਪਤਾ ਨੀ ਕੀ ਭੂਤ ਸਿਰ ’ਤੇ ਸਵਾਰ ਹੋਇਆ ਸੀ। ਸਮਝੋ ਇੱਕ ਜੁਆਕ ਨੂੰ ਬਾਹਰ ਭੇਜਣ ਦੀ ਧੁਨ ਹੀ ਸਵਾਰ ਹੋਈ ਪਈ ਸੀ। ਅਸੀਂ ਵਾਰ-ਵਾਰ ਇੱਕੋ ਗੱਲ ਦੁਹਰਾਉਂਦੇ ਹੁੰਦੇ ਸਾਂ, ‘‘ਇੱਥੇ ਕੋਈ ਜਿਉਣ ਐਂ ਇੰਡੀਆ ’ਚ? …ਮੱਖੀ ਮੱਛਰ ਈ ਸਾਹ ਨੀ ਲੈਣ ਦਿੰਦੇ। ਚਾਰੇ ਪਾਸੇ ਗੰਦਗੀ ਈ ਗੰਦਗੀ, ਚਿੱਕੜ ਈ ਚਿੱਕੜ। ਕੋਈ ਕੰਮ ਕਿਹੜਾ ਟਾਇਮ ’ਤੇ ਹੁੰਦਾ। ਨਿਆਣੇ ਪਹਿਲਾਂ ਤਾਂ ਪੜ੍ਹਾਉਣੇ ਔਖੇ ਤੇ ਫਿਰ ਰੁਜ਼ਗਾਰ ਨੀ ਲੱਭਦਾ। ਨੌਕਰੀਆਂ ਅਲਾਦੀਨ ਦਾ ਚਿਰਾਗ ਲੈ ਕੇ ਲੱਭਣ ਵਾਲੀ ਗੱਲ ਹੋਈ ਪਈ ਐ। ਕੀ ਕਰੀਏ, ਕੀ ਨਾ ਕਰੀਏ?’’
ਜਿਵੇਂ ਕਹਿੰਦੇ ਹੁੰਦੇ ਨੇ ਬਈ ਸ਼ੱਕਰਖੋਰੇ ਨੂੰ ਖਾਣ ਲਈ ਸ਼ੱਕਰ ਕਿਸੇ ਨਾ ਕਿਸੇ ਹੀਲੇ-ਵਸੀਲੇ ਲੱਭ ਈ ਪੈਂਦੀ ਹੁੰਦੀ ਆ। ਹੰਸੋ ਤਿੰਨਾਂ ਬੱਚਿਆਂ ’ਚੋਂ ਸਭ ਤੋਂ ਵੱਡੀ ਸੀ। ਐੱਮ.ਐੱਸਸੀ. ਤਕ ਦੀ ਪੜ੍ਹਾਈ ਵੀ ਕਰ ਚੁੱਕੀ ਸੀ। ਦੇਖਣ-ਪਾਖਣ ਨੂੰ ਵਾਹਵਾ ਜੱਚਦੀ-ਫੱਬਦੀ ਸੀ। ਕਿਸੇ ਰਿਸ਼ਤੇਦਾਰ ਨੇ ਬਾਹਰੋਂ ਆਏ ਮੁੰਡੇ ਦੀ ਦੱਸ ਪਾਈ। ਝੱਟ ਮੰਗਣੀ ਤੇ ਫੱਟ ਵਿਆਹ ਵਾਲੀ ਗੱਲ ਹੋ ਗਈ ਸੀ। ਮੁੰਡੇ ਵਾਲਿਆਂ ਦੀ ਮੰਗ ਵੀ ਕੋਈ ਖਾਸ ਨਹੀਂ ਸੀ। ਮੁਫ਼ਤੋ-ਮੁਫ਼ਤੀ ਵਿਆਹ ਹੁੰਦਾ ਸੀ। ਅੰਨਾ ਕੀ ਭਾਲੇ ਦੋ ਅੱਖਾਂ। ਪਤਨੀ ਕਹਿਣ ਲੱਗੀ:
‘‘ਅੱਜ-ਕੱਲ੍ਹ ਤਾਂ ਧੀਆਂ ਦੇ ਵਿਆਹ ’ਤੇ ਪੰਡਾਂ ਭਰ-ਭਰ ਨੋਟਾਂ ਦੀਆਂ ਖਰਚਣੀਆਂ ਪੈਂਦੀਆਂ। ਸਾਹ ਨ੍ਹੀਂ ਆਉਂਦਾ ਇੱਕ ਵਿਆਹ ਕਰਕੇ। ਆਪਣੇ ਤਾਂ ਸੁੱਖ ਨਾਲ ਦੋ ਬੈਠੀਆਂ। ਇੱਕ ਦਾ ਕਰੀਏ, ਦੂਜੀ ਦਾ ਫਿਰ ਏਵੇਂ ਕੋਈ ਹੋਰ ਲੱਭ ਪਊ। ਨਾਲੇ ਆਪਣੇ ਹੋਰ ਜੀਆਂ ਲਈ ਬਾਹਰ ਦਾ ਬੂਹਾ ਖੁੱਲ੍ਹ ਜਾਊ।’’
ਸਾਡੇ ਕੁੜਮ ਨੇ ਵੀ ਵਿਆਹ ਵੇਲੇ ਇੱਕ-ਦੋ ਪੈੱਗ ਪੀ ਕੇ ਲਾਚੜਦਿਆਂ ਕਹਿ ਦਿੱਤਾ ਸੀ:
‘‘ਕੁੜੀ ਤਾਂ ਪਹੁੰਚੀ ਸਮਝੋ ਹੁਣ ਉੱਥੇ, ਤੁਸੀਂ ਵੀ ਭਰਾ ਜੀ ਖਿੱਚ ਲਉ ਤਿਆਰੀ। ਬਸ ਦਿਨਾਂ ਦੀ ਈ ਗੱਲ ਐ ਹੁਣ ਤਾਂ।’’
ਹੰਸੋ ਦੀ ਖ਼ੁਸ਼ੀ ਦਾ ਤਾਂ ਕੋਈ ਟਿਕਾਣਾ ਹੀ ਨਹੀਂ ਸੀ ਰਿਹਾ। ਉਸ ਨੂੰ ਅਮਰੀਕਾ ਜਾਣ ਦਾ ਸਮਝੋ ਚਾਅ ਈ ਚੜ੍ਹ ਗਿਆ ਹੋਇਆ ਸੀ। ਅਮਰੀਕਾ ਵਿਆਹ ਦਾ ਨਾਂ ਸੁਣਦੇ ਹੀ ਉਹ ਤਾਂ ਹਵਾ ’ਚ ਉੱਡੀ ਫਿਰਦੀ ਸੀ। ਗੱਲ-ਗੱਲ ’ਤੇ ਆਖਿਆ ਕਰੇ:
‘‘ਮੰਮੀ, ਰਾਤੀਂ ਜਾਣੀ ਦੀ ਸੁਫ਼ਨਾ ਆਇਆ ਮੈਨੂੰ। ਮੈਂ ਜਹਾਜ਼ ’ਚ ਬੈਠੀ ਆਂ। ਏਅਰ ਹੋਸਟੈਸ ਘੜੀ-ਮੁੜੀ ਬੈਲਟ ਕਸਣ ਲਈ ਆਖੀ ਜਾਵੇ। ਮੈਨੂੰ ਬੈਲਟ ਈ ਲਾਉਣੀ ਨਾ ਆਵੇ। ਬੈਲਟ ਕਦੇ ਇਧਰੋਂ ਖਿੱਚਾਂ, ਕਦੇ ਉਧਰੋਂ। ਬਸ ਖਿੱਚ-ਖਿਚਾਈ ’ਚ ਈ ਮੇਰੀ ਅੱਖ ਖੁੱਲ੍ਹਗੀ। ਜਾਗਣ ’ਤੇ ਉਹੀ ਦੇਸੀ ਮੰਜਾ ਤੇ ਉਹੀ ਦੇਸੀ ਕਮਰਾ।’’
ਗੱਲਾਂ ਕਰਕੇ ਮਾਂ-ਧੀ ਖ਼ੂਬ ਹੱਸਦੀਆਂ। ਮੈਂ ਪੁੱਛਦਾ ਤਾਂ ਹੱਸ-ਹੱਸ ਕਹਿੰਦੀਆਂ:
‘‘ਡੈਡੀ, ਤੁਹਾਨੂੰ ਦੱਸਣ ਵਾਲੀ ਨੀ ਗੱਲ… ਦੱਸਿਆ ਤਾਂ ਤੁਸੀਂ ਵੀ ਹੱਸ-ਹੱਸ ਲੋਟਪੋਟ ਹੋਜੋਗੇ। ਗੱਲ ਈ ਐਸੀ ਐ।’’
ਹੰਸੋ ਅਮਰੀਕਾ ਚਲੀ ਗਈ ਸੀ। ਆਪਣੀ ਕਬੀਲਦਾਰੀ ਤੇ ਕੰਮ ਧੰਦੇ ’ਚ ਰੁੱਝ ਗਈ ਸੀ। ਬਾਲ ਬੱਚੇ ਵੀ ਹੋ ਗਏ ਸੀ। ਫਿਰ ਕਦੀ-ਕਦੀ ਉਸ ਦਾ ਫੋਨ ਆਉਂਦਾ:
‘‘ਡੈਡੀ, ਇੱਥੇ ਇੰਨਾ ਸੌਖਾ ਨ੍ਹੀਂ ਕੰਮ। ਬਹੁਤ ਮਿਹਨਤ ਕਰਨੀ ਪੈਂਦੀ ਐ। ਤੁਸੀਂ ਤਾਂ ਸਮਝਦੇ ਹੋਣੇ ਐਂ ਬਈ ਡਾਲਰ ਇੱਥੇ ਦਰੱਖ਼ਤਾਂ ਨੂੰ ਲੱਗਦੇ ਆ, ਬਈ ਅਸੀਂ ਤੋੜ-ਤੋੜ ਬੈਗ ਭਰੀ ਜਾਂਦੇ ਆਂ। ਇੱਕ-ਇੱਕ ਡਾਲਰ ਕਮਾਉਣ ਲਈ ਦੰਦ ਟੁੱਟ ਜਾਂਦੇ ਆ। ਕੰਮ ਨ੍ਹੀਂ ਕਰੋਂਗੇ ਤਾਂ ਆਏ ਬਿੱਲਾਂ ਦੇ ਢੇਰ ਕਿਵੇਂ ਜਮ੍ਹਾਂ ਕਰਾਉਂਗੇ। ਇੱਥੇ ਤਾਂ ਪਤਾ ਈ ਨੀ ਲੱਗਦਾ ਕਦੋਂ ਦਿਨ ਚੜ੍ਹਦਾ, ਕਦੋਂ ਛਿਪਦਾ। ਬਸ ਚੱਲ ਸੋ ਚੱਲ ਈ ਐ।’’
ਉਸ ਦੀਆਂ ਇਹੋ-ਜਿਹੀਆਂ ਗੱਲਾਂ ਸੁਣ ਕੇ ਸਾਡੇ ਤਾਂ ਮੱਚ ਹੀ ਸਮਝੋ ਮਰ ਗਏ ਸੀ। ਵਿਉਂਤਾਂ ਧਰੀਆਂ-ਧਰਾਈਆਂ ਹੀ ਰਹਿ ਗਈਆਂ ਸਨ। ਹੰਸੋ ਨੇ ਵੀ ਇੱਕ-ਅੱਧ ਵਾਰ ਪੋਲੇ ਜਿਹੇ ਮੂੰਹ ਨਾਲ ਆਖਿਆ ਸੀ:
‘‘ਮੰਮੀ, ਤੁਸੀਂ ਕਹੋ ਤਾਂ ਤੁਹਾਡੇ ਕਾਗਜ਼ ਭਰ ਦੇਈਏ? ਪਰ ਊਂ ਹੈ ਕੁਸ਼ ਨੀ ਇੱਥੇ। ਬੰਦਾ ਆਪਣੀਆਂ ਜੜ੍ਹਾਂ ਤੋਂ ਤਾਂ ਟੁੱਟਦਾ ਈ ਐ, ਆਪਣੇ-ਆਪ ਨਾਲੋਂ ਵੀ ਟੁੱਟ ਜਾਂਦਾ। ਜੀਹਨੂੰ ਆਪਣੇ ਮੁਲਕ ’ਚ ਰੋਟੀ ਲੱਭਦੀ ਹੋਵੇ, ਪਰਦੇਸਾਂ ਦੀ ਕਾਹਨੂੰ ਖ਼ਾਕ ਛਾਣਦਾ ਫਿਰੇ। ਤੁਸੀਂ ਤੇ ਡੈਡੀ ਸੋਹਣੀਆਂ ਨੌਕਰੀਆਂ ਕਰਦੇ ਓਂ। ਇੱਥੇ ਆ ਕੇ ਰਾਤਾਂ ਜਾਗਣ ਦਾ ਕੀ ਲਾਭ? ਉਧਰਲੇ ਘਰਾਂ ਨੂੰ ਜਿੰਦਰੇ ਮਾਰ ਕੇ, ਇਧਰਲੇ ਤਾਲੇ ਖੋਲ੍ਹਣ ਨਾਲ ਕੀ ਮਿਲਣੈ!’’
‘‘ਕੁੜੀ ਐਮੇਂ ਭੋਰੇ ’ਚ ਸਿੱਟਤੀ,’’ ਕਦੀ-ਕਦੀ ਬੇਬੇ ਵੀ ਦੁਖੀ ਹੋ ਕੇ ਕਹਿ ਦਿੰਦੀ।
ਹੰਸੋ ਦੀਆਂ ਇਹੋ ਜਿਹੀਆਂ ਗੱਲਾਂ ਸੁਣ ਕੇ ਫਿਰ ਕੀਹਦਾ ਮਨ ਕਰਨਾ ਸੀ ਅਮਰੀਕਾ ਜਾਣ ਨੂੰ? ਦੜ ਵੱਟ ਕੇ ਬਹਿ ਗਏ ਸਾਂ। ਇੱਕ-ਅੱਧ ਵਾਰ ਜਾ ਕੇ ਮਿਲ ਆਏ ਸਾਂ। ਇਉਂ ਜਾਣਾ ਕਿਹੜਾ ਸੌਖਾ ਕੰਮ ਸੀ? ਸਮਝੋ ਅੱਧਾ ਪ੍ਰਾਵੀਡੈਂਟ ਫੰਡ ਉੱਡ ਗਿਆ ਸੀ। ਉਂਜ ਕੁੜੀ ਦੇ ਬਾਹਰ ਜਾਣ ਨਾਲ ਰਿਸ਼ਤੇਦਾਰਾਂ ਤੇ ਆਲੇ-ਦੁਆਲੇ ਦੇ ਲੋਕਾਂ ਵਿੱਚ ਸਾਡਾ ਰੁਤਬਾ ਵਧ ਗਿਆ ਸੀ। ਹਰ ਕੋਈ ਸਾਨੂੰ ਵੱਖਰੀ ਨਜ਼ਰ ਨਾਲ ਹੀ ਦੇਖਣ ਲੱਗ ਪਿਆ ਸੀ। ਇੱਕ ਨੇ ਦੂਸਰੇ ਨਾਲ ਤਾਅਰੁਫ਼ ਕਰਵਾਉਂਦਿਆਂ ਕਹਿਣਾ:
‘‘ਇਨ੍ਹਾਂ ਦੀ ਧੀ ਗਈ ਹੋਈ ਐ ਅਮਰੀਕਾ।’’
ਦੂਜੇ ਨੇ ਅੱਖਾਂ ਚੌੜੀਆਂ ਕਰਕੇ ਕਹਿ ਦੇਣਾ:
‘‘ਹੱਛਿਆ ਜੀ! ਵਾਹ ਜੀ ਵਾਹ ਅਮਰੀਕਾ। ਫੇਰ ਤਾਂ ਗੇੜਾ-ਫੇੜਾ ਲੱਗਦਾ ਹੀ ਹੋਣੈਂ। ਬਾਹਰਲੇ ਮੁਲਕਾਂ ਦੀ ਕੀ ਰੀਸ ਐ ਜੀ? ਆਪਾਂ ਤਾਂ ਇੱਥੇ ਨ੍ਹੇਰਾ ਈ ਢੋਂਦੇ ਆਂ। ਸਾਨੂੰ ਤਾਂ ਠੱਗੀ-ਠੋਰੀ ਨੇ ਵੀ ਮਾਰ ਲਿਆ। ਦੂਜੇ ਮੁਲਕ ਐਵੇਂ ਤਾਂ ਨੀ ਤਰੱਕੀ ਕਰਗੇ, ਕੋਈ ਡਸਿਪਲਿਨ ਐ ਉਨ੍ਹਾਂ ’ਚ।’’
ਅਸੀਂ ਸੁਣਦੇ ਭਾਵੇਂ ਹੂੰ-ਹਾਂ ਕਰਦੇ ਰਹਿੰਦੇ ਪਰ ਅੰਦਰੋ-ਅੰਦਰੀ ਸਾਨੂੰ ਆਕੜ ਜਿਹੀ ਚੜ੍ਹ ਜਾਣੀ। ਧੀ ਅਮਰੀਕਾ ’ਚ ਸੀ ਤੇ ਸਾਡੀ ਟੌਅਰ ਇੱਥੇ ਜੰਮੀ ਹੋਈ ਸੀ।
ਧੀ ਹੰਸੋ ਵੀ ਇੱਕ-ਦੋ ਚੱਕਰ ਮਾਰ ਗਈ ਸੀ। ਸਾਰਾ ਟੱਬਰ ਉਸ ਦੀਆਂ ਲਿਆਈਆਂ ਜਾਕਟਾਂ ਤੇ ਬੂਟ-ਜੁਰਾਬਾਂ ਪਾ-ਪਾ ਬਾਹਰ ਨਿਕਲਦੇ ਤਾਂ ਜਾਣ-ਪਛਾਣ ਵਾਲਿਆਂ ਟਿਚਕਰੀ ਲਹਿਜ਼ੇ ’ਚ ਆਖਣਾ:
‘‘ਯਾਰ ਹੁਣ ਤਾਂ ਟੌਅਰ ਹੋਗੀ। ਡਾਲਰਾਂ ’ਚ ਖੇਡਦੇ ਹੋਵੋਂਗੇ। ਇੱਕ ਜੀਅ ਬਾਹਰ ਹੋਵੇ ਤਾਂ ਸਮਝੋ ਸਾਰਾ ਟੱਬਰ ਈ ਚਲਿਆ ਗਿਆ ਬਾਹਰ।’’
ਅਸੀਂ ਲੱਖ ਕਹਿੰਦੇ, ‘‘ਉਏ ਭਾਈ, ਧੀ ਧਿਆਣੀ ਗਈ ਹੋਈ ਐ ਬਾਹਰ। ਧੀ ਦੇ ਪੈਸਿਆਂ ਨਾਲ ਅਸੀਂ ਕੀ ਖੇਡਣਾ ਹੋਇਆ?’’
ਪਰ ਉਹ ਫਿਰ ਮਸੋਸੇ ਮੂੰਹ ਵੀ ਆਖ ਹੀ ਦਿੰਦੇ:
‘‘ਲੈ, ਡਾਲਰ ਦੇਖੇ ਤਾਂ ਹੋਣਗੇ ਹੀ। ਅਸੀਂ ਤਾਂ ਦੇਖੇ ਵੀ ਨ੍ਹੀਂ ਹਾਲੇ ਤਕ।’’
ਅਸੀਂ ਕੁਝ ਕਹਿਣਾ ਤਾਂ ਚਾਹੁੰਦੇ ਪਰ ਧੀ ਧਿਆਣੀ ਦੀ ਗੱਲ ਸੋਚ ਕੇ ਚੁੱਪ ਹੋ ਰਹਿੰਦੇ।
ਪਤਾ ਈ ਨੀ ਲੱਗਿਆ 20 ਵਰ੍ਹੇ ਕਿਵੇਂ ਇੱਕ-ਇੱਕ ਕਰਕੇ ਸਾਡੇ ਸਿਰਾਂ ਤੋਂ ਦੀ ਲੰਘ ਗਏ ਸਨ। ਪਤਾ ਈ ਨੀ ਲੱਗਿਆ ਹੰਸੋ ਦੀ ਧੀ-ਪੁੱਤ ਕਦੋਂ ਵੱਡੇ ਹੋ ਗਏ ਸਨ। ਕੱਲ੍ਹ ਦੀਆਂ ਗੱਲਾਂ ਸੀ।
ਤੇ ਹੁਣ ਹੰਸੋ ਦਾ ਬੁਸਬੁਸ ਕਰਦਾ ਲੰਮਾ ਫੋਨ। ਉਹਦਾ ਝੋਰਾ, ਉਹਦੇ ਸੰਸੇ।
ਹੰਸੋ ਦੀ ਧੀ ਨੇ ਉਨ੍ਹਾਂ ਦੀ ਮਰਜ਼ੀ ਬਗੈਰ, ਉਨ੍ਹਾਂ ਨਾਲ ਸਲਾਹ ਕੀਤੇ ਬਗੈਰ, ਇੱਕ ਕਾਲੇ ਮੁੰਡੇ ਨਾਲ ਕੋਰਟ ਮੈਰਿਜ ਕਰਵਾ ਲਈ ਸੀ। ਹੰਸੋ ਅੰਤਾਂ ਦੀ ਦੁਖੀ ਸੀ। ਹੰਸੋ ਤਾਂ ਚਾਹੁੰਦੀ ਸੀ ਕਿ ਉਹਦੀ ਧੀ ਕਿਸੇ ਆਪਣੀ ਜਾਤ-ਬਰਾਦਰੀ ਵਾਲੇ ਮੁੰਡੇ ਨਾਲ ਵਿਆਹੀ ਜਾਂਦੀ ਪਰ ਚਲੋ ਜੇ ਬਿਰਾਦਰੀ ਤੋਂ ਬਾਹਰ ਜਾਣਾ ਹੀ ਸੀ ਤਾਂ ਘੱਟੋ-ਘੱਟ ਕਿਸੇ ਗੋਰੇ ਮੁੰਡੇ ਨਾਲ ਹੀ ਵਿਆਹ ਕਰਵਾਉਂਦੀ। ਹੰਸੋ ਮੁਤਾਬਕ ਮਾਪੇ ਤਾਂ ਐਵੇਂ ਗਾਜਰ-ਮੂਲੀ ਈ ਹੋ ਗਏ ਫੇਰ।
ਇਧਰ ਬੇਬੇ ਨੇ ਸੁਣਿਆਂ ਤਾਂ ਉਸ ਮਨ ਜਿਹਾ ਮਸੋਸ ਕੇ ਬੱਸ ਏਨਾ ਹੀ ਆਖਿਆ ਸੀ: ‘‘ਬੱਚਿਆਂ ਨੂੰ ਮਾਪੇ ਪਾਲ ਪੋਸ ਕੇ ਵੱਡਾ ਇਸੇ ਲਈ ਕਰਦੇ ਐ ਕਿ ਉਹ ਵੱਡੇ ਹੋ ਕੇ ਉਨ੍ਹਾਂ ਦੀ ਬਾਤ ਹੀ ਨਾ ਪੁੱਛਣ? ਮਾਪੇ ਤਾਂ ਜਿਵੇਂ ਕੋਈ ਚੀਜ਼ ਈ ਨੀ ਹੁੰਦੇ ਅੱਜ-ਕੱਲ੍ਹ ਦੇ ਜੁਆਕਾਂ ਸਾਹਮਣੇ। ਕੀ ਵੇਲਾ ਆ ਗਿਆ? ਭੇਜ ਲੋ ਧੀ ਨੂੰ ’ਮਰੀਕਾ? ਕਿੰਨਾ ਚਾਅ ਹੁੰਦਾ ਧੀਆਂ ਨੂੰ ਸ਼ਗਨਾਂ ਨਾਲ ਦੂਜੇ ਘਰ ਤੋਰਨ ਦਾ। ਸਭ ਵਿੱਚੇ ਰਹਿ ਗਿਆ ਧਰਿਆ-ਧਰਾਇਆ। ਕਿੰਨੀ ਦੁਖੀ ਹੋਈ ਐ ਆਪਣੀ ਹੰਸੋ ਵਿਚਾਰੀ। ਆਪਾਂ ਤਾਂ ਉਸ ਨੂੰ ਐਡੀ ਦੂਰੋਂ, ਦਿਲਾਸਾ ਵੀ ਨ੍ਹੀਂ ਦੇ ਸਕਦੇ।’’
ਬੇਬੇ ਕਈ ਦਿਨ ਕੂੰ-ਕੂੰ ਕਰਦੀ ਰਹੀ ਸੀ।
ਸਾਡੇ ਪੁੱਤਰ ਬੱਲ ਨੇ ਵੀ ਇਸੇ ਤਰ੍ਹਾਂ ਦਾ ਸਿਆਪਾ ਪਾਇਆ ਸੀ। ਉਸ ਨੇ ਵੀ ਆਪਣੇ ਨਾਲ ਕੰਮ ਕਰਦੀ ਹੋਰ ਜਾਤ ਦੀ ਕੁੜੀ ਨਾਲ ਵਿਆਹ ਕਰਵਾਉਣ ਦੀ ਗੱਲ ਆਖੀ ਸੀ। ਅਸੀਂ ਨਹੀਂ ਸਾਂ ਮੰਨੇ।
‘‘ਹਰ ਜਾਤ ਦੇ ਆਪੋ-ਆਪਣੇ ਜੀਨਜ਼ ਹੁੰਦੇ ਐ। ਵਿਰੋਧੀ ਜੀਨਾਂ ਨੂੰ ਮਿਲਾਉਣਾ ਜਾਇਜ਼ ਨਹੀਂ। ਹਰ ਜਾਤ ਦਾ ਆਪੋ-ਆਪਣਾ ਸਲੀਕਾ ਹੁੰਦੈ। ਕਈ ਵਾਰੀ ਕੀ ਹਰ ਵਾਰੀ ਉਹ ਸਲੀਕਾ ਵਿਰੋਧੀ ਜਾਤਾਂ ਵਾਲਿਆਂ ਨੂੰ ਰਾਸ ਨੀ ਆਉਂਦਾ ਹੁੰਦਾ। ਤੇ ਜਲਦੀ ਹੀ ਚਾਅ ਮੱਠਾ ਪੈਣ ਲੱਗਦੈ। ਫੇਰ ਬੱਸ ਉਹੀ ਟੈਂ-ਟੈਂ ਤੇ ਟੁੱਟ ਸਿਆਪਾ।’’
ਬੱਲ ਮੰਨ ਹੀ ਨਹੀਂ ਸੀ ਰਿਹਾ।
‘‘ਇਹ ਸਭ ਪੁਰਾਣੀਆਂ ਦਕਿਆਨੂਸੀ ਗੱਲਾਂ ਨੇ। ਹੁਣ ਦੇ ਜ਼ਮਾਨੇ ’ਚ ਇਨ੍ਹਾਂ ਦਾ ਕੋਈ ਅਰਥ ਨਹੀਂ ਰਹਿ ਜਾਂਦਾ। ਨਵੇਂ ਜ਼ਮਾਨੇ ’ਚ ਬੰਦੇ ਨੂੰ ਬਦਲਣਾ ਚਾਹੀਦੈ।’’ ਉਹ ਮੂੰਹ ਜਿਹਾ ਮਚਕੋੜ ਕੇ ਕਹਿ ਦਿੱਤਾ ਸੀ। ‘‘ਅਸੀਂ ਤੈਨੂੰ ਜੰਮਿਆ, ਪਾਲਿਆ, ਪੜ੍ਹਾਇਆ। ਸਾਡਾ ਤੇਰੀ ਜ਼ਿੰਦਗੀ ’ਚ ਹੁਣ ਕੋਈ ਦਖਲ ਵੀ ਨੀ ਰਿਹਾ?’’ ਆਖਰ ਅਸੀਂ ਅੱਕ ਕੇ ਕਹਿ ਦਿੱਤਾ ਸੀ। ‘‘ਇਹ ਮੇਰੀ ਚੋਣ ਨਹੀਂ ਸੀ ਡੈਡੀ। ਤੁਸੀਂ ਜੋ ਕੀਤਾ ਆਪਣੇ ਲਈ ਕੀਤਾ। ਵਿਆਹ ਮੈਂ ਆਪਣੀ ਚੋਣ ਨਾਲ ਕਰ ਸਕਦਾਂ।’’
‘‘ਪਰ ਉਹਦੇ ਵਿੱਚ ਸਾਡੀ ਸਲਾਹ ਵੀ ਤਾਂ ਹੋਣੀ ਚਾਹੀਦੀ। ਕੀ ਤੇਰੇ ਵਿਆਹ ਵਿੱਚ ਸਾਡੀ ਚੋਣ ਕੋਈ ਮਾਅਨੇ ਨਹੀਂ ਰੱਖਦੀ?’’
ਫੇਰ ਪਤਾ ਨਹੀਂ ਕੀ ਹੋਇਆ? ਕੁੜੀ ਦਾ ਮਨ ਹੀ ਬਦਲ ਗਿਆ ਜਾਂ ਬੱਲ ਦਾ ਮਨ ਹੀ ਉੱਡ ਗਿਆ। ਕਹਿ ਨਹੀਂ ਸਕਦੇ ਕੁਝ ਜਾਂ ਸ਼ਾਇਦ ਉਹਦੀਆਂ ਅੱਖਾਂ ਵਿਚਲੀ ਸ਼ਰਮ ਈ ਭੋਰਾ-ਮਾਸਾ ਜਾਗ ਪਈ ਹੋਵੇ। ਘੈਸ-ਘੈਸ ਤੋਂ ਬਾਅਦ, ਉਹ ਵਿਆਹ ਨਹੀਂ ਸੀ ਹੋ ਸਕਿਆ। ਉਸ ਤੋਂ ਬਾਅਦ ਬੱਲ ਕਿੰਨਾ ਹੀ ਚਿਰ ਥਾਂ ਸਿਰ ਨਹੀਂ ਸੀ ਹੋਇਆ ਪਰ ਅਸੀਂ ਆਪਣੇ ਹੰਕਾਰ ਦੀ ਜਿੱਤ ’ਤੇ ਖ਼ੁਸ਼ ਹੋ ਗਏ ਸਾਂ।
ਅਜੇ ਇਹ ਗੱਲਾਂ ਪਰਿਵਾਰ ਨੂੰ ਭੁੱਲੀਆਂ ਵੀ ਨਹੀਂ ਸਨ ਕਿ ਇੱਕ ਦਿਨ ਅਸੀਂ ਦੇਖਿਆ ਕਿ ਬਰਾਂਡੇ ਦੇ ਰੋਸ਼ਨਦਾਨ ਵਿੱਚ ਚਿੜਾ-ਚਿੜੀ ਨੇ ਆਲ੍ਹਣਾ ਪਾ ਲਿਆ ਹੋਇਆ ਸੀ। ਉਹ ਸਾਰਾ ਦਿਨ ਤੀਲ੍ਹੇ ਤੇ ਫੂਸ ਲਿਆ-ਲਿਆ ਰੋਸ਼ਨਦਾਨ ’ਚ ਜਮ੍ਹਾਂ ਕਰਦੇ ਰਹੇ ਸਨ। ਪਤਨੀ ਨੇ ਅੱਕ ਕੇ ਆਖਿਆ ਸੀ:
‘‘ਇਹ ਤਾਂ ਸਾਰਾ ਦਿਨ ਘਰ ’ਚ ਗੰਦ ਪਾਈ ਰੱਖਦੇ ਆ। ਥਾਂ-ਥਾਂ ਤੀਲ੍ਹੇ ਫੂਸ ਖਿਲਾਰੀ ਜਾਂਦੇ ਆ। ਸਫ਼ਾਈ ਕਰਨੀ ਔਖੀ ਹੋਈ ਪਈ ਐ। ਜੀਅ ਤਾਂ ਕਰਦੈ ਪਈ ਢਾਂਗੇ ਨਾਲ ਆਲ੍ਹਣਾ ਢਾਹ ਦਿਆਂ। ਆਪੇ ਕਿਤੇ ਹੋਰ ਬਣਾ ਲੈਣਗੇ।’’
‘‘ਕਾਹਨੂੰ ਉਜਾੜਦੀ ਐਂ ਅਗਲਿਆਂ ਦਾ ਘਰ। ਮਸਾਂ ਤਾਂ ਘਰ ਬਣਦੈ ਅੱਜ-ਕੱਲ੍ਹ। ਇਸ ਘਰ ਦੀਆਂ ਹੁਣ ਤਕ ਕਰਜ਼ੇ ਦੀਆਂ ਕਿਸ਼ਤਾਂ ਭਰੀ ਜਾਂਦੇ ਆਂ। ਅੱਜ-ਕੱਲ੍ਹ ਘਰ ਬਣਾਉਣਾ ਕਿਤੇ ਸੌਖੈ? ਹੈਂ?’’
ਥੋੜ੍ਹੀ ਦੇਰ ਬਾਅਦ ਅਸੀਂ ਦੇਖਿਆ ਕਿ ਆਲ੍ਹਣੇ ਵਿੱਚ ਬੈਠੇ ਦੋ ਬੋਟ ਚੀਂਅ-ਚੀਂਅ ਕਰ ਰਹੇ ਸਨ। ਉਨ੍ਹਾਂ ਦੇ ਮੂੰਹ ਹਮੇਸ਼ਾਂ ਖੁੱਲ੍ਹੇ ਰਹਿੰਦੇ। ਚਿੜਾ-ਚਿੜੀ ਬਾਹਰੋਂ ਉਡਾਰੀ ਮਾਰ ਕੇ ਕੁਝ ਨਾ ਕੁਝ ਲਿਆਉਂਦੇ ਤੇ ਉਨ੍ਹਾਂ ਦੇ ਅੱਡੇ ਹੋਏ ਮੂੰਹਾਂ ’ਚ ਦਾਣਾ ਦੁੱਕਰ ਪਾਉਂਦੇ। ਕਦੀ ਕੋਈ ਬਿੱਲੀ ਤੁਰਦੀ-ਫਿਰਦੀ ਦੇਖ ਲੈਂਦੇ ਤਾਂ ਬੂਹ-ਦੁਹਾਈ ਪਾ ਦਿੰਦੇ। ਕੋਈ ਜੀਅ ਰੋਸ਼ਨਦਾਨ ਹੇਠੋਂ ਫਰਸ਼ ਤੋਂ ਕੋਈ ਚੀਜ਼ ਚੁੱਕਣ ਜਾਂਦਾ ਤਾਂ ਉਹ ਅੱਕਲਕਾਨ ਜਿਹੇ ਹੋ ਜਾਂਦੇ। ਅਜਿਹੇ ਵੇਲੇ ਉਨ੍ਹਾਂ ਦੀ ਆਵਾਜ਼ ਬਦਲੀ ਹੁੰਦੀ। ਲੱਗਦਾ ਜਿਵੇਂ ਰੋਣਾ ਜਿਹਾ, ਹਾਉਕਾ ਜਿਹਾ ਉਨ੍ਹਾਂ ਦੀ ਆਵਾਜ਼ ’ਚ ਸ਼ਾਮਲ ਹੋ ਰਿਹਾ ਹੁੰਦਾ। ਉਨ੍ਹਾਂ ਨੂੰ ਇਉਂ ਰੋਂਦੇ ਕਲਪਦੇ ਦੇਖ ਬੇਬੇ ਆਖਦੀ:
‘‘ਲੈ ਦੱਸ ਇਨ੍ਹਾਂ ਡੁੱਬਦਿਆਂ ਨੇ ਕਿਹੜਾ ਇਨ੍ਹਾਂ ਦੀ ਖੱਟੀ ਖਾਣੀ ਐਂ। ਫੇਰ ਕਿਵੇਂ ਤੜਫਦੇ ਆ ਇਨ੍ਹਾਂ ਲਈ ਇਹ ਦੋਵੇਂ।’’
ਬੇਬੇ ਇਹੋ ਜਿਹੇ ਵੇਲੇ ਇੱਕ ਅਖਾਣ ਜ਼ਰੂਰ ਸੁਣਾਉਂਦੀ ਬੋਲਦੀ, ‘‘ਧੀਆਂ ਜੁਆਈ ਲੈ ਗਏ, ਬਹੂਆਂ ਲੈ ਗਈਆਂ ਪੁੱਤ, ਕਹਿ ਅਵਧੂਤ ਸੁਣੋ ਬਈ ਸਾਧੋ, ਪ੍ਰਾਣੀ ਰਹੇ ਊਤ ਕਾ ਊਤ।’’
ਇੱਕ ਦਿਨ ਇੱਕ ਬੋਟ ਉਡਾਰੀ ਭਰਨ ਲੱਗਿਆ ਆਲ੍ਹਣੇ ’ਚੋਂ ਹੇਠਾਂ ਫਰਸ਼ ’ਤੇ ਆ ਡਿੱਗਿਆ। ਚਿੜਾ-ਚਿੜੀ ਦੀ ਤਾਂ ਜਿਵੇਂ ਜਾਨ ਹੀ ਨਿਕਲ ਗਈ ਹੋਵੇ। ਚੀਂਅ-ਚੀਂਅ ਕਰਕੇ ਸਾਰਾ ਘਰ ਸਿਰ ’ਤੇ ਚੁੱਕ ਲਿਆ। ਉਨ੍ਹਾਂ ਦੀ ਚੀਂਅ-ਚੀਂਅ ਇੱਕ ਤਰ੍ਹਾਂ ਦੀ ਦਹਿਸ਼ਤ ਭਰੀ ਪ੍ਰਤੱਖ ਸੁਣ ਰਹੀ ਸੀ। ਉਹ ਦੋਵੇਂ ਉਸ ਦੇ ਸਿਰ ਦੁਆਲੇ ਹੀ ਚੱਕਰ ’ਤੇ ਚੱਕਰ ਕੱਢਦੇ ਰਹੇ। ਜਿੰਨਾ ਚਿਰ ਉਹ ਬੋਟ ਮੁੜ ਉੱਡਦਾ ਹੋਇਆ, ਹੰਭਲਾ ਮਾਰ ਕੇ, ਆਲ੍ਹਣੇ ’ਚ ਨਹੀਂ ਪਹੁੰਚ ਗਿਆ, ਚਿੜਾ ਚਿੜੀ ਆਰਾਮ ਨਾਲ ਨਹੀਂ ਬੈਠੇ। ਰਾਤੀਂ ਚਿੜੀ ਬੋਟ ਨੂੰ ਜਿਵੇਂ ਬੁੱਕਲ ’ਚ ਲਈ ਬੈਠੀ ਪਲੋਸਦੀ ਰਹੀ ਹੋਵੇ। ਸ਼ਾਂਤ ਚਿੱਤ, ਅਲਸਾਈ ਅਲਸਾਈ ਹੋਈ। ਬੋਟ ਨੂੰ ਵਾਤਸਲ ਦਾ ਨਿੱਘ ਦਿੰਦੀ ਹੋਈ।
ਹੌਲੀ-ਹੌਲੀ ਬੋਟ ਉੱਡਣ ਦਾ ਅਭਿਆਸ ਕਰਨ ਲੱਗ ਪਏ ਸਨ। ਉਹ ਉੱਡ ਕੇ ਕਦੀ ਬਨੇਰੇ ’ਤੇ ਬਹਿ ਜਾਂਦੇ, ਕਦੀ ਦੂਸਰੇ ਰੋਸ਼ਨਦਾਨ ’ਚ ਜਾ ਬਹਿੰਦੇ। ਬੇਬੇ ਦੇਖ ਕੇ ਕਹਿੰਦੀ:
‘‘ਦੇਖ ਲੈ ਹੁਣ ਇਹ ਇਨ੍ਹਾਂ ਨੂੰ ਕਿਵੇਂ ਉੱਡਣਾ ਸਿਖਾਉਂਦੇ ਨੇ। ਪਤਾ ਵੀ ਐ ਬਈ ਇਨ੍ਹਾਂ ਨੇ ਉਡਾਰੀ ਮਾਰ ਜਾਣੀ ਐ। ਮੁੜ ਕੇ ਇਨ੍ਹਾਂ ਕੋਲ ਨੀ ਆਉਣਾ। ਫੇਰ ਵੀ ਇਹ ਇਨ੍ਹਾਂ ਨੂੰ ਉੱਡਣਾ ਸਿਖਾਈ ਜਾਂਦੇ ਐ।’’
ਤੇ ਫੇਰ ਇੱਕ ਦਿਨ ਦੋਵੇਂ ਬੋਟ ਸੱਚਮੁਚ ਹੀ ਉੱਡ ਗਏ ਸਨ। ਕਦੀ ਨਾ ਮੁੜਣ ਲਈ ਜਿਵੇਂ ਉਹ ਲੰਮੀ ਉਡਾਰੀ ਮਾਰ ਗਏ ਸਨ। ਰਾਤ ਨੂੰ ਚਿੜਾ ਚਿੜੀ ਉਦਾਸ ਜਿਹੇ, ਚੁੱਪ-ਚਾਪ, ਆਲ੍ਹਣੇ ਵਿੱਚ ਇਕੱਲੇ ਬੈਠੇ ਰਹਿ ਗਏ ਸਨ। ਸ਼ਾਇਦ ਬੋਟਾਂ ਨੂੰ ਉਡੀਕਦੇ ਹੋਣ। ਚੁੱਪ-ਚਾਪ ਸ਼ਾਂਤ ਚਿੱਤ ਜਾਂ ਡੁੱਬ ਰਹੇ ਮਨ ਨਾਲ। ਅੱਜ ਉਹ ਬਿਲਕੁਲ ਨਹੀਂ ਸਨ ਕੂ ਰਹੇ। ਉਨ੍ਹਾਂ ਨੂੰ ਇਉਂ ਬੈਠੇ ਦੇਖ ਕੇ ਬੇਬੇ ਤੋਂ ਬੋਲਣੋਂ ਰਿਹਾ ਨਾ ਗਿਆ। ਮੂੰਹ ਜਿਹਾ ਵੱਟ ਕੇ ਕਹਿਣ ਲੱਗੀ: ‘‘ਲੈ ਇਹ ਚੰਦਰੇ ਬੋਟ ਵੀ ’ਮਰੀਕਨ ਜੁਆਕਾਂ ਵਰਗੇ ਨਿਕਲੇ। ਦੇਖ ਲੈ ਮਾਰ ਗਏ ਉਡਾਰੀ, ਮਾਪਿਆਂ ਨੂੰ ’ਕੱਲੇ ਛੱਡ ਕੇ। ਪਿਛਾਂਹ ਮੁੜ ਕੇ ਨਹੀਂ ਦੇਖਿਆ।’’ ਸਾਡੇ ਕੋਲ ਦੋਵੇਂ ਜਨੌਰਾਂ ਲਈ ਫੋਕੀ ਹਮਦਰਦੀ ਤੋਂ ਬਗੈਰ ਕੁਝ ਨਹੀਂ ਸੀ ਰਿਹਾ।

  • ਮੁੱਖ ਪੰਨਾ : ਪੰਜਾਬੀ ਕਹਾਣੀਆਂ ਤੇ ਵਿਅੰਗ; ਕੇ.ਐਲ. ਗਰਗ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ