Uh Aurat (Punjabi Story) : Aneman Singh

ਉਹ ਔਰਤ (ਕਹਾਣੀ) : ਅਨੇਮਨ ਸਿੰਘ

ਆਖ਼ਰ ਉਹ ਔਰਤ ਕੌਣ ਸੀ।
ਇਹ ਸਵਾਲ ਮੇਰੇ ਅੰਦਰ ਕਿੰਨੇ ਚਿਰ ਤੋਂ ਅਟਕਿਆ ਚਲਿਆ ਆ ਰਿਹਾ ਸੀ, ਪਰ ਇਸ ਦਾ ਹੱਲ ਮੈਨੂੰ ਨਹੀਂ ਸੀ ਮਿਲ ਰਿਹਾ। ਆਪਣੇ ਕੰਨੀਉਂ ਮੈਂ ਕਾਫ਼ੀ ਕਨਸੋਅ ਲਈ, ਪਤਾ ਵੀ ਕਰਨਾ ਚਾਹਿਆ ਪਰ ਉਸ ਔਰਤ ਬਾਰੇ ਮੈਨੂੰ ਕੋਈ ਜਾਣਕਾਰੀ ਹਾਸਿਲ ਨਹੀਂ ਹੋਈ ਸੀ।

ਪਿਛਲੇ ਇਕ ਮਹੀਨੇ ’ਚ ਮੇਰਾ ਇਸ ਹਸਪਤਾਲ ’ਚ ਪੰਜਵਾਂ ਚੱਕਰ ਸੀ। ਇਨ੍ਹਾਂ ਪੰਜ ਚੱਕਰਾਂ ’ਚ ਵੀ ਮੇਰੇ ਹੱਥ ਕੁਝ ਨਹੀਂ ਲੱਗਾ ਸੀ। ਮੈਂ ਜਿੰਨਾ ਉਸ ਔਰਤ ਬਾਰੇ ਜਾਣਨ ਦੀ ਕੋਸ਼ਿਸ਼ ਕਰਦਾ ਸਾਂ ਉਹ ਉਨੀ ਹੀ ਬੁਝਾਰਤ ਬਣਦੀ ਜਾ ਰਹੀ ਸੀ।
ਮੈਨੂੰ ਯਾਦ ਹੈ ਜਦੋਂ ਮੈਂ ਉਸ ਨੂੰ ਪਹਿਲੀ ਵਾਰ ਦੇਖਿਆ ਸੀ। ਦੇਖਿਆ ਵੀ ਕਿੱਥੇ, ਉਸ ਦੇ ਹੁਕਮੀ ਲਹਿਜੇ ਨੇ ਮੇਰਾ ਧਿਆਨ ਉਸ ਵੱਲ ਕੇਂਦਰਿਤ ਕਰ ਦਿੱਤਾ ਸੀ-
‘‘ਨੀਂ ਕੁੜੀਏ! ...ਸਿਰ ’ਤੇ ਚੁੰਨੀ ਲੈ...। ਦੇਖ ਕਿਵੇਂ ਸਿਰ ਨੰਗਾ ਕੀਤਾ ਹੋਇਆ ਏ। ...ਠੰਢ ਲੱਗ ਜੂ ...ਜੇ ਤੈਨੂੰ ਠੰਢ ਲੱਗ ਗਈ ਤਾਂ ਜਵਾਕ ਬਿਮਾਰ ਹੋਜੂ ...ਫੇਰ ਵਿਲਕੀ ਜਾਉਂਗੇ!’’ ਉਹ ਬਿਨਾਂ ਸਾਹ ਰੋਕੇ ਬੋਲੀ ਜਾ ਰਹੀ ਸੀ। ਮੈਂ ਪਲਟ ਕੇ ਗਹੁ ਨਾਲ ਉਸ ਵੱਲ ਦੇਖਿਆ, ਉਹ ਅੱਧਖੜ ਉਮਰ ਦੀ ਔਰਤ ਸੀ। ਕੋਈ ਪੰਜਾਹ-ਪਚਵੰਜਾ ਸਾਲਾਂ ਦੀ। ਮਧਰਾ ਕੱਦ ਤੇ ਭਾਰੀ ਦੇਹ...। ...ਪੱਕਾ ਤਵੇ ਵਰਗਾ ਰੰਗ।
ਉਹ ਦੇਖਣ ਤੇ ਬੋਲਚਾਲ ਤੋਂ ਮੈਨੂੰ ਭੱਦੀ ਜਾਪੀ ਸੀ। ਆਖ਼ਰ ਉਹ ਇਸ ਤਰ੍ਹਾਂ ਇੰਨਾ ਰੁੱਖਾ ਕਿਉਂ ਬੋਲ ਰਹੀ ਸੀ। ਉਸ ਦੇ ਚਿਹਰੇ ਅਤੇ ਪਹਿਰਾਵੇ ਤੋਂ ਵੀ ਉਹ ਮੈਨੂੰ ਨਰਸ ਨਹੀਂ ਸੀ ਲੱਗ ਰਹੀ। ਹੋ ਸਕਦੈ ਦਰਜਾ ਚਾਰ ਕਰਮਚਾਰੀ ਹੋਵੇ। ਮੇਰਾ ਮਨ ਅਨੁਮਾਨ ਲਗਾ ਰਿਹਾ ਸੀ।

‘‘ਹੈਂਅ! ਆਹ ਦੇਖ ਲੋ... ਕਿੰਨਾ ਗੰਦ ਪਾਇਆ ਪਿਆ ਏ...!’’ ਉਸ ਨੇ ਇੱਕ ਬੈੱਡ ਦੇ ਆਲੇ-ਦੁਆਲੇ ਖਿੰਡੇ ਪਏ ਫ਼ਾਲਤੂ ਸਾਮਾਨ ਵੱਲ ਦੇਖ ਕੇ ਕਿਹਾ ਸੀ। ਫਿਰ ਉਹ ਕਮਰੇ ਦੇ ਐਨ ਵਿਚਕਾਰ ਆ ਖੜ੍ਹੀ ਹੋਈ। ਜਿਵੇਂ ਸਕੂਲ ਦੇ ਕਲਾਸਰੂਮ ’ਚ ਅਧਿਆਪਕ ਬੱਚਿਆਂ ਨੂੰ ਕੋਈ ਸਾਂਝੀ ਗੱਲ ਸਮਝਾਉਣ ਲਈ ਉਨ੍ਹਾਂ ਦੇ ਬੈਂਚਾਂ ਦੇ ਕੋਲ ਆ ਕਹਿਣ ਲੱਗ ਪਿਆ ਹੋਵੇ, ‘‘ਤੁਸੀਂ ਸਾਰੇ ਜਣੇ ਆਪੋ-ਆਪਣੇ ਬੈੱਡਾਂ ਕੋਲ ਇਕ-ਇਕ ਕੂੜਾਦਾਨ ਕਿਉਂ ਨ੍ਹੀਂ ਖ਼ਰੀਦ ਕੇ ਰੱਖ ਲੈਂਦੇ। ...ਦਸ-ਵੀਹ ਰੁਪਏ ਦੀ ਤਾਂ ਗੱਲ ਹੈ ....ਕੋਈ ਬਹੁਤਾ ਫ਼ਰਕ ਨਹੀਂ ਪੈਣਾ। ...ਜਿੱਥੇ ਇੰਨੇ ਲੱਗੀ ਜਾਂਦੇ ਨੇ ...ਉੱਥੇ ਵੀਹ ਰੁਪਏ ਨਾਲ ਵੀ ਕੁਝ ਨ੍ਹੀਂ ਹੁੰਦਾ। ਤੁਹਾਡਾ ਹੀ ਫ਼ਾਇਦਾ ਏ ...ਜਿੰਨਾ ਕੁਝ ਮਰਜ਼ੀ ਸੁੱਟੀ ਜਾਇਉ ਗੰਦ-ਮੰਦ ਉਸ ’ਚ। ਘੱਟੋ-ਘੱਟ ਕਮਰਾ ਤਾਂ ਸਾਫ਼ ਹੀ ਰਹੂਗਾ।’’

ਇਹ ਕਹਿ ਕੇ ਉਹ ਬੈੱਡ ਕੋਲ ਜਾ ਖੜ੍ਹੀ ਹੋਈ। ਮੈਂ ਦੇਖਿਆ ਉਸ ਬੈੱਡ ਕੋਲ ਕਾਫ਼ੀ ਕੂੜਾ-ਕਰਕਟ ਖਿਲਰਿਆ ਪਿਆ ਸੀ। ਉਹ ਝੁਕ ਕੇ ਕੂੜੇ ਨੂੰ ਇਕੱਠਾ ਕਰਨ ਲੱਗੀ ਤਾਂ ਉਸ ਨੂੰ ਅਜਿਹਾ ਕਰਦਿਆਂ ਦੇਖ ਉਸ ਬੈੱਡ ਕੋਲ ਬੈਠੀ ਇਕ ਹੋਰ ਔਰਤ ਬੋਲੀ, ‘‘ਨਾ ਨਾ ਭੈਣੇ ਨਾ... ਤੂੰ ਕਾਹਨੂੰ ਮਾਰਦੀ ਏਂ ਕੂੜੇ ’ਚ ਹੱਥ... ਮੈਂ ਆਪੇ ਸਾਫ਼ ਕਰ ਦੇਊਂਗੀ।’’ ਉਹ ਲੇਲ੍ਹੜੀਆਂ ਕੱਢਣ ਲੱਗੀ ਪਰ ਉਸ ਦੇ ਮਨ ’ਤੇ ਕੋਈ ਅਸਰ ਨਹੀਂ ਸੀ ਹੋਇਆ।

‘‘ਲੈ..., ਤੂੰ ਕਰ ਦੇਵੇਂਗੀ...। ਜੇ ਕਰਨਾ ਹੁੰਦਾ ਤਾਂ ਪਹਿਲਾਂ ਗੰਦ-ਮੰਦ ਖਿਲਾਰਦੇ ਹੀ ਕਿਉਂ?’’ ਉਸ ਨੇ ਬੁੜਬੁੜ ਕਰਦਿਆਂ ਸਾਰਾ ਕੂੜਾ ਇਕੱਠਾ ਕਰ ਇਕ ਪੌਲੀਥੀਨ ’ਚ ਪਾਇਆ ਤੇ ਫੁਸਫੁਸ ਕਰਦੀ ਕਮਰੇ ’ਚੋਂ ਬਾਹਰ ਨਿਕਲ ਗਈ।
ਮੈਂ ਉਸ ਨੂੰ ਜਾਂਦੇ ਦੇਖਦਾ ਰਹਿ ਗਿਆ ਸਾਂ।

++ ++ ++
ਹਸਪਤਾਲ ’ਚ ਜੇ ਕੋਈ ਸਭ ਤੋਂ ਔਖਾ ਕੰਮ ਹੁੰਦਾ ਹੈ ਤਾਂ ਉਹ ਮਰੀਜ਼ ਦੇ ਕੋਲ ਬੈਠਣਾ ਹੁੰਦਾ ਹੈ। ਉਹ ਵੀ ਉਸ ਸਮੇਂ ਜਦੋਂ ਮਰੀਜ਼ ਚੁੱਪ-ਚਾਪ ਮੌਨ ਬੈੱਡ ’ਤੇ ਲੇਟਿਆ ਪਿਆ ਹੋਵੇ ਤੇ ਤੁਸੀਂ ਬਿਨਾਂ ਕੁਝ ਬੋਲੇ ਉਸ ਵੱਲ ਜਾਂ ਕਮਰੇ ਵੱਲ ਦੇਖਦੇ ਉਸ ਦੇ ਜਲਦ ਤੰਦਰੁਸਤ ਹੋਣ ਦੀ ਦੁਆ ਕਰਦੇ ਰਹੋ।

ਵੱਡੇ ਹਸਪਤਾਲ ਦਾ ਇਹ ਜੱਚਾ ਬੱਚਾ ਵਾਰਡ ਦਾ ਇਕ ਵੱਡ-ਆਕਾਰੀ ਕਮਰਾ ਸੀ। ਕੁੱਲ ਦਸ ਬੈੱਡ ਕਮਰੇ ’ਚ ਦੋ ਕਤਾਰਾਂ ’ਚ ਲੱਗੇ ਹੋਏ ਸਨ। ਇਕ ਕਤਾਰ ’ਚ ਪੰਜ-ਪੰਜ। ਇਨ੍ਹਾਂ ਤੋਂ ਇਲਾਵਾ ਚਾਰ-ਪੰਜ ਸਟੂਲ ਸਨ ਜਾਂ ਫਿਰ ਇਕ ਅੱਧ ਕੁਰਸੀ। ਜਿਸ ’ਤੇ ਮਰੀਜ਼ ਨੂੰ ਮਿਲਣ ਆਇਆ ਕੋਈ ਬੈਠ ਜਾਂਦਾ ਸੀ। ਬੈੱਡਾਂ ’ਤੇ ਜਣਨੀਆਂ ਲੇਟੀਆਂ ਸਨ ਤੇ ਇਨ੍ਹਾਂ ’ਚੋਂ ਜ਼ਿਆਦਾ ਦੇ ਨਵਜਨਮੇ ਬੱਚੇ ਐਮਰਜੈਂਸੀ ਰੂਮ ਦੀਆਂ ਮਸ਼ੀਨਾਂ ’ਚ ਪਏ ਜ਼ਿੰਦਗੀ ਮੌਤ ਵਿਚਾਲੇ ਜੰਗ ਲੜ ਰਹੇ ਸਨ। ਇਸੇ ਤਰ੍ਹਾਂ ਦੀ ਇਕ ਮੌਨ ਜੰਗ ਬੱਚਿਆਂ ਦੇ ਪਰਿਵਾਰ ਵਾਲਿਆਂ ਦੇ ਮਨਾਂ ਅੰਦਰ ਵੀ ਲੜੀ ਜਾ ਰਹੀ ਸੀ। ਕਿਸੇ ਦਾ ਛੇ ਮਹੀਨਿਆਂ ਦਾ ਬੱਚਾ ਮਸ਼ੀਨਾਂ ’ਚ ਪਿਆ ਸੀ ਤੇ ਕਿਸੇ ਦਾ ਸੱਤ ਮਹੀਨਿਆਂ ਦਾ। ਕਿਸੇ ਦੇ ਫੇਫੜੇ ਕਮਜ਼ੋਰ ਸਨ। ਕਿਸੇ ਦੇ ਦਿਮਾਗ਼ ਦਾ ਵਿਕਾਸ ਅਧੂਰਾ ਸੀ। ਕਿਸੇ ਦਾ ਭਾਰ ਘੱਟ ਸੀ ਤੇ ਕਿਸੇ ਦੇ ਸੈੱਲ ਵਧੇ ਹੋਏ ਸਨ। ਇਸ ਤਰ੍ਹਾਂ ਦੀ ਕਸ਼ਮਕਸ਼ ’ਚੋਂ ਤਕਰੀਬਨ ਸਾਰੇ ਮਰੀਜ਼ਾਂ ਦੇ ਪਰਿਵਾਰਕ ਮੈਂਬਰ ਲੰਘ ਰਹੇ ਸਨ। ਜੇ ਇਕ ਮਰੀਜ਼ ਨੂੰ ਛੁੱਟੀ ਮਿਲ ਜਾਂਦੀ ਤਾਂ ਉਸ ਤੋਂ ਪਹਿਲਾਂ ਕੋਈ ਹੋਰ ਮਰੀਜ਼ ਬੈੱਡ ’ਤੇ ਆ ਨਰਸਾਂ ਲਿਟਾ ਦਿੰਦੀਆਂ ਸਨ। ਇਸ ਤਰ੍ਹਾਂ ਇਕ ਉਦਾਸੀ ਸਾਰਿਆਂ ਦੇ ਚਿਹਰਿਆਂ ’ਤੇ ਛਾਈ ਰਹਿੰਦੀ, ਪਰ ਜੇਕਰ ਕੋਈ ਇੰਨੇ ਸੰਨਾਟੇ ’ਚ ਵੀ ਚੁੱਪ ਨਹੀਂ ਰਹਿੰਦਾ ਸੀ ਤਾਂ ਇਹ ਉਹੋ ਔਰਤ ਹੀ ਸੀ।

ਦੁਪਹਿਰ ਦੇ 12 ਵੱਜਦੇ ਤਾਂ ਹਸਪਤਾਲ ਦੇ ਸਾਹਮਣੇ ਕਾਲਜ ਦਾ ਵੱਡਾ ਘੰਟਾ ਘਰ ਖੜਕਣ ਲੱਗਦਾ ਜਿਸ ਨੂੰ ਸੁਣ ਕੇ ਮੁੱਖ ਗੇਟ ਕੋਲ ਮਰੀਜ਼ਾਂ ਨੂੰ ਮਿਲਣ ਵਾਲਿਆਂ ਦਾ ਤਾਂਤਾ ਲੱਗ ਜਾਂਦਾ ਸੀ। ਇਕ ਭੀੜ ਅੰਦਰ ਘੁਸਣ ਲਈ ਹੱਥ ਪੈਰ ਮਾਰਨ ਲੱਗਦੀ ਜਿਸ ਨੂੰ ਹਸਪਤਾਲ ਦੀ ਸਕਿਉਰਿਟੀ ਵੱਲੋਂ ਕਾਫ਼ੀ ਸਮੇਂ ਤੋਂ ਅੰਦਰ ਜਾਣੋਂ ਰੋਕਿਆ ਗਿਆ ਹੁੰਦਾ ਸੀ।
ਮੇਰਾ ਆਉਣਾ ਵੀ ਜ਼ਿਆਦਾਤਰ ਇਸ ਵੇਲੇ ਹੀ ਹੁੰਦਾ ਕਿਉਂਕਿ ਇਸ ਤੋਂ ਪਹਿਲਾਂ ਡਾਕਟਰਾਂ ਵੱਲੋਂ ਮਰੀਜ਼ਾਂ ਦੇ ਚੈਕਅੱਪ ਕਰਨ ਦਾ ਸਮਾਂ ਹੁੰਦਾ ਸੀ। ਤੇ ਅਜਿਹੇ ਸਮੇਂ ’ਚ ਮਰੀਜ਼ ਦਾ ਹਾਲ-ਚਾਲ ਪੁੱਛਣ ਆਉਣ ਵਾਲਿਆਂ ਦੀ ਅੰਦਰ ਆਉਣ ਦੀ ਮਨਾਹੀ ਸੀ।

++ ++ ++
ਵਾਰਡ ’ਚ ਉਸ ਦਾ ਦੂਜਾ ਗੇੜਾ ਸੀ। ਉਹ ਸਾਰਾ ਦਿਨ ਵਾਰੋ-ਵਾਰੀ ਵਾਰਡਾਂ ’ਚ ਚੱਕਰ ਕੱਟਦੀ ਰਹਿੰਦੀ। ਕਿਤੇ ਕੋਈ ਫਜ਼ੂਲ ਦਾ ਕੁਝ ਵੇਖਦੀ ਜਾਂ ਕੋਈ ਕਮੀ ਨਜ਼ਰ ਆਉਂਦੀ ਤਾਂ ਝੱਟ ਦੂਰ ਕਰ ਦਿੰਦੀ। ਦਾਖ਼ਲ ਮਰੀਜ਼ਾਂ ਤੇ ਉਨ੍ਹਾਂ ਦੇ ਨਾਲ ਵਾਲਿਆਂ ਲਈ ਉਹ ਪਰਾਈ ਨਹੀਂ ਸਗੋਂ ਜਾਣੂੰ ਹੋ ਗਈ ਸੀ। ਨਵੀਂਆਂ ਜਣਨੀਆਂ ’ਚੋਂ ਕੋਈ ਉਸ ਨੂੰ ਆਂਟੀ ਆਖ ਬੁਲਾਉਂਦੀ। ਤੇ ਕੋਈ ਮਾਸੀ, ਕੋਈ ਚਾਚੀ ਜਾਂ ਕੋਈ ਅੰਬੋ ਆਖ ਉਸ ਨੂੰ ਸੰਬੋਧਨ ਕਰਦੀ। ਜਿਵੇਂ ਇਕ ਰਿਸ਼ਤਾ ਸਾਰਿਆਂ ਨੇ ਉਸ ਨਾਲ ਜੋੜ ਲਿਆ ਸੀ।

ਇਸੇ ਰਿਸ਼ਤੇ ਦੇ ਮੋਹ ’ਚ ਭਿੱਜੀ ਉਹ ਸਭ ਨੂੰ ਘੂਰ ਵੀ ਲੈਂਦੀ ਤੇ ਰੋਸਾ-ਗਿਲਾ ਵੀ ਕਰ ਛੱਡਦੀ। ...ਜੇ ਕੋਈ ਊਣਤਾਈ ਨਜ਼ਰ ਆਉਂਦੀ ਤਾਂ ਅਗਲੇ ਨੂੰ ਇਸ ਗ਼ਲਤੀ ਬਾਰੇ ਝੱਟ ਡਾਂਟ-ਝਿੜਕ ਵੀ ਲੈਂਦੀ ਸੀ।

ਮੈਨੂੰ ਉਸ ਬਾਰੇ ਕਾਫ਼ੀ ਕੁਝ ਮੇਰੀ ਸੱਸ ਨੇ ਦੱਸਿਆ ਸੀ। ਮੇਰੀ ਸਾਲੇਹਾਰ ਦੇ ਸੱਤਵੇਂ ਮਹੀਨੇ ’ਚ ਬੱਚਾ ਪੈਦਾ ਹੋਇਆ ਸੀ। ਸਮੇਂ ਤੋਂ ਪਹਿਲਾਂ ਜਨਮ ਹੋਣ ਕਾਰਨ ਬੱਚਾ ਕਾਫ਼ੀ ਕਮਜ਼ੋਰ ਸੀ ਜਿਸ ਕਾਰਨ ਡਾਕਟਰਾਂ ਨੇ ਪਿਛਲੇ ਇਕ ਮਹੀਨੇ ਤੋਂ ਉਸ ਨੂੰ ਮਸ਼ੀਨ ’ਚ ਰੱਖਿਆ ਹੋਇਆ ਸੀ।
‘‘ਲੈ ਭੈਣੇ ਇਹ ਤਾਂ ਮੇਰੀ ਵੀ ਮਾਂ ਨਿਕਲੀ... ਕੁੜੇ ਆਹ ਦੇਖ ਖਾਂ...। ਲੈ ਹੁਣ ਇਹਨੂੰ ਦੱਸੋ ਕੌਣ ਸਮਝਾਏ... ਫੋਟ... ਬੱਚੇ ਕੰਨੀ ਪਿੱਠ ਕਰੀ ਪਈ ਐ...।’’ ਮੈਂ ਧੌਣ ਘੁਮਾ ਕੇ ਉੱਧਰ ਦੇਖਿਆ ਤਾਂ ਉਹ ਤਿੰਨ ਨੰਬਰ ਬੈੱਡ ’ਤੇ ਪਈ ਇਕ ਕੁੜੀ ਨੂੰ ਝਿੜਕ ਰਹੀ ਸੀ।
‘‘ਨੀਂ ਤੈਨੂੰ ਜਵਾਕ ਜੰਮੇ ਨੂੰ ਅਜੇ ਦਸ ਦਿਨ ਨ੍ਹੀਂ ਹੋਏ ਤੇ ਤੂੰ ਹੁਣੇ ਈ ਪਿੱਠ ਫੇਰ ਕੇ ਪੈਣ ਲੱਗਗੀ। ਹੈਂਅ! ਤੈਨੂੰ ਅਕਲ ਨ੍ਹੀਂ ਸਿਖਾਈ ਤੇਰੀ ਮਾਂ ਜਾਂ ਸੱਸ ਨੇ ਜੈ ਵੱਢੀਏ। ਮਾਂਵਾਂ ਤਾਂ ਸਾਰੀ ਉਮਰ ਨ੍ਹੀਂ ਆਪਣੀ ਔਲਾਦ ਕੰਨੀਂ ਪਿੱਠ ਫੇਰਦੀਆਂ...।’’ ਉਹ ਬਿਨਾਂ ਦਮ ਲਏ ਬੋਲੀ ਜਾ ਰਹੀ ਸੀ।
ਮੈਂ ਦੇਖਿਆ ਬੈੱਡ ’ਤੇ ਲੇਟੀ ਕੁੜੀ ਨੇ ਦਬਾਦਬ ਪਾਸਾ ਪਰਤ ਲਿਆ ਤੇ ਨਵੇਂ ਜਨਮੇ ਬਾਲ ਨੂੰ ਢਿੱਡ ਨਾਲ ਲਾ ਲਿਆ।
‘‘ਆਂਟੀ ਅੱਖ ਲੱਗ ਗਈ ਸੀ... ਪਤਾ ਨ੍ਹੀਂ ਲੱਗਾ।’’ ਕੁੜੀ ਨੇ ਮੁਜਰਮਾਂ ਵਾਂਗ ਆਪਣਾ ਗੁਨਾਹ ਕਬੂਲ ਕਰ ਲਿਆ ਸੀ।
‘‘ਆਉਣ ਦੇ ਤੇਰੀ ਮਾਂ ਨੂੰ... ਮੈਂ ਖੜਕਾਊਂ ਕੰਨ ਉਹਦੇ...।’’ ਉਹ ਬੋਲਦੀ ਅੱਗੇ ਵਧ ਗਈ।
‘‘ਦੇਖ ਲੈ ਪੁੱਤ, ਸਾਰਾ ਦਿਨ ਇਉਂ ਹੀ ਫਿਰਦੀ ਰਹਿੰਦੀ ਐ... ਜਿਵੇਂ ਦਾਖ਼ਲ ਮਰੀਜ਼ ਤੇ ਉਨ੍ਹਾਂ ਦੇ ਨਾਲ ਦੇ ਇਹਦੇ ਸਕੇ ਸਬੰਧੀ ਹੀ ਹੋਈਏ। ...ਇੰਨਾ ਮੋਹ ਵੀ ਕੋਈ ਕਰ ਸਕਦੈ ਕਿਸੇ ਪਰਾਏ ਨੂੰ।’’ ਨਾਲ ਦੇ ਬੈੱਡ ’ਤੇ ਆਪਣੇ ਮਰੀਜ਼ ਕੋਲ ਬੈਠੀ ਇਕ ਬੁੱਢੀ ਔਰਤ ਮੈਨੂੰ ਕਹਿਣ ਲੱਗੀ। ਮੈਂ ‘ਹਾਂ ਜੀ’ ਕਿਹਾ ਤਾਂ ਉਹ ਫਿਰ ਦੱਸਣ ਲੱਗੀ, ‘‘ਇਹਦੀ ਗੱਲ ਦਾ ਕੋਈ ਬੁਰਾ ਨਹੀਂ ਮਨਾਉਂਦਾ। ਜਦੋਂ ਕੋਈ ਨਵਾਂ ਮਰੀਜ਼ ਆਉਂਦੈ ਤਾਂ ਉਸ ਨੂੰ ਥੋੜ੍ਹਾ ਔਖਾ ਤਾਂ ਲੱਗਦੈ ਪਰ ਫਿਰ ਇਕ ਦੋ ਦਿਨਾਂ ’ਚ ਆਪੇ ਬੁਰਾ ਮਨਾਉਣੋਂ ਹਟ ਜਾਂਦੈ।’’
‘‘ਹਾਂ, ਭੈਣੇ, ਜਦੋਂ ਮੈਂ ਨਵੀਂ ਆਈ ਸੀ ਇੱਥੇ ਤਾਂ ਮੈਨੂੰ ਵੀ ਇਹਦੇ ਬੋਲ ਰੁੱਖੇ ਲੱਗੇ। ਟੁੱਟ ਕੇ ਪੈ ਜਾਂਦੀ ਸੀ ਉਦੋਂ ਤਾਂ। ਹੁਣ ਮਿੱਠਾ ਬੋਲਦੀ ਹੈ। ਕਹੂ- ‘ਤੂੰ ਸਿਆਣੀ ਐ ਭੈਣੇ! ਸਾਰਾ ਕੁਝ ਸਾਫ਼ ਰੱਖਦੀ ਐਂ। ਮੇਰੇ ਕੀ ਦਿਮਾਗ਼ ’ਚ ਨੁਕਸ ਐ ਕਿ ਮੈਂ ਐਵੇਂ ਮਾੜਾ ਬੋਲੀ ਜਾਂਵਾਂ’।’’
‘‘ਹਾਂ ਭਾਈ... ਇਹਨੇ ਵਿਚਾਰੀ ਨੇ ਕੀ ਲੈਣੈ ਜੇ ਕੋਈ ਖ਼ੁਸ਼ੀ ਨਾਲ ਦਸ-ਵੀਹ ਰੁਪਏ ਦੇ ਦਿੰਦੈ ਤਾਂ ਫੜ ਲੈਂਦੀ ਐ। ਨਾਲੇ ਫਾਇਦਾ ਵੀ ਤਾਂ ਕਿੰਨਾ ਕਰਦੀ ਐ।’’
ਇੰਨੇ ਨੂੰ ਇਕ ਨਰਸ ਨੇ ਆ ਕੇ ਟੈਸਟ ਕਰਾ ਕੇ ਲਿਆਉਣ ਦੀ ਹਦਾਇਤ ਉਸ ਨੂੰ ਕੀਤੀ ਤਾਂ ਉਹ ਗੱਲਾਂ ਵਿਚਾਲੇ ਛੱਡ ਉਸ ਦੇ ਮਗਰ ਤੁਰ ਪਈ ਸੀ।
ਮੇਰੀ ਸੱਸ ਉਸ ਦੀਆਂ ਕਿੰਨਾ ਚਿਰ ਗੱਲਾਂ ਕਰਦੀ ਰਹੀ। ਅਖੇ- ਅਜੇ ਸਾਨੂੰ ਇੱਥੇ ਆਇਆਂ ਤੀਜਾ ਦਿਨ ਹੋਇਆ ਸੀ ਜਦੋਂ ਰੋਟੀ ਖਾ ਰਹੇ ਸਨ ਤਾਂ ਉੱਤੋਂ ਆ ਗਈ ਇਹ। ...ਕਹਿੰਦੀ- ‘‘ਭਾਈ, ਰੋਟੀ ਹੋਟਲ ਤੋਂ ਕਿਉਂ ਲਿਆਂਦੀ ਐ? ਇੱਥੇ ਦੋ ਟਾਈਮ ਗੁਰਦੁਆਰੇ ਦੇ ਲੰਗਰ ਵਾਲਾ ਕੈਂਟਰ ਆਉਂਦੈ। ਤਾਜ਼ੀ ਦਾਲ-ਰੋਟੀ, ਚਾਹ-ਪਾਣੀ ਸਭ ਕੁਝ ਹੁੰਦੈ। ਇਹ ਹੋਟਲ ਵਾਲੇ ਤਾਂ ਨੰਗ ਕਰ ਦੇਣਗੇ ਚਾਰ ਦਿਨਾਂ ’ਚ। ਜਾਣ ਲੱਗਿਆਂ ਥੋੜ੍ਹੀ ਬਹੁਤ ਲੰਗਰ ਲਈ ਦਾਨ ਦੀ ਸੇਵਾ ਕਰ ਜਾਣਾ, ਹੋਰ ਕੀ।’’
ਇਉਂ ਉਹ ਨਵੇਂ ਆਏ ਮਰੀਜ਼ ਦੇ ਨਾਲਦਿਆਂ ਨੂੰ ਆਪ ਹੀ ਆ ਕੇ ਕਹੀ ਜਾਊ- ‘‘ਭਾਈ ਟੈਸਟ ਬਾਹਰ ਤੋਂ ਨਾ ਕਰਵਾਇਉ ਲੈਬਾਰਟਰੀ ਵਾਲਿਆਂ ਤੋਂ। ਅੰਦਰ ਪਿੱਛੇ ਸਰਕਾਰੀ ਲੈਬਾਰਟਰੀ ਐ, ਉੱਥੇ ਕਈ ਟੈਸਟ ਤਾਂ ਬਿਲਕੁਲ ਮੁਫ਼ਤ ਹੁੰਦੇ ਨੇ ਤੇ ਕਈ ਬਹੁਤ ਹੀ ਘੱਟ ਰੇਟਾਂ ’ਤੇ।’’

ਤੇ ਕਦੇ ਕਿਸੇ ਨੂੰ ਆਖਦੀ, ‘‘ਦਵਾਈਆਂ ਆਹ ਅੰਦਰ ਹੀ ਸਰਕਾਰੀ ਦੁਕਾਨ ਐ ਜਨ ਔਸ਼ਧੀ ਵਾਲੀ, ਉੱਥੋਂ ਲਿਆਇਆ ਕਰੋ। ਮਿਲ ਜਾਂਦੀਆਂ ਸਾਰੀਆਂ ਦਵਾਈਆਂ ਉੱਥੋਂ ਵਾਜਬ ਰੇਟਾਂ ’ਤੇ।’’ ਬੱਚਿਆਂ ਦੇ ਨੈਪਕਿਨ, ਕੱਪੜੇ, ਤੌਲੀਏ ਆਦਿ ਦੀਆਂ ਦੁਕਾਨਾਂ ਬਾਰੇ ਵੀ ਉਹ ਦੱਸ ਦਿੰਦੀ ਕਿ ਫਲਾਣੀ ਦੁਕਾਨ ’ਤੇ ਘੱਟ ਮੁੱਲ ਲਾਉਂਦੇ ਐ, ਫਲਾਣਾ ਦੁਕਾਨ ਵਾਲਾ ਤਾਂ ਛਿੱਲ ਪੁੱਟ ਲੈਂਦਾ ਹੈ।
ਅਜਿਹੀਆਂ ਗੱਲਾਂ ਕਾਰਨ ਮੇਰੀ ਉਸ ਔਰਤ ’ਚ ਦਿਲਚਸਪੀ ਹੋਰ ਵਧ ਗਈ ਸੀ। ਮਨ ’ਚ ਉਸ ਬਾਰੇ ਅਨੇਕਾਂ ਸਵਾਲ ਤੈਰਦੇ, ਉਸ ਬਾਰੇ ਜਾਣਨ ਲਈ। ...ਤੇ ਇਸ ਵਾਰ ਮੈਂ ਵੀ ਪੱਕਾ ਮਨ ਬਣਾ ਲਿਆ ਕਿ ਉਸ ਬਾਰੇ ਸਾਰਾ ਕੁਝ ਜਾਣ ਕੇ ਹੀ ਰਹਾਂਗਾ। ਆਖ਼ਰ ਉਹ ਔਰਤ ਹੈ ਕੌਣ?

++ ++ ++
ਹਸਪਤਾਲ ’ਚ ਮੇਰਾ ਛੇਵਾਂ ਚੱਕਰ ਹੈ ਅੱਜ। ਇਕ ਖ਼ੁਸ਼ੀ ਹੈ ਸਾਰਿਆਂ ਨੂੰ। ਨਵੇਂ ਜਨਮੇ ਬੱਚੇ ਨੂੰ ਅੱਜ ਤਕਰੀਬਨ ਚਾਲੀ ਦਿਨਾਂ ਬਾਅਦ ਛੁੱਟੀ ਮਿਲਣੀ ਸੀ। ਮੇਰੇ ਮਨ ’ਚ ਇਕ ਹੋਰ ਚਾਅ ਵੀ ਕੁੱਦ ਰਿਹਾ ਸੀ। ਉਸ ਔਰਤ ਬਾਰੇ। ਮੈਂ ਉਸ ਨੂੰ ਮਿਲਾਂਗਾ। ਉਸ ਬਾਰੇ ਉਸ ਨਾਲ ਗੱਲਾਂ ਕਰਾਂਗਾ ਤੇ ਸੁਣਾਂਗਾ ਕਿ ਆਖ਼ਰ ਉਹ ਹੈ ਕੌਣ।
ਹਸਪਤਾਲ ’ਚ ਕਾਗਜ਼-ਪੱਤਰਾਂ ਦੀ ਸਾਰੀ ਕਾਰਵਾਈ ਪੂਰੀ ਹੋ ਚੁੱਕੀ ਸੀ। ਨਿੱਕ-ਸੁੱਕ ਸਾਂਭ ਜਾਣ ਦੀ ਤਿਆਰੀ ’ਚ ਸਾਂ। ਨਜ਼ਰਾਂ ਨੇ ਸਾਰਾ ਵਾਰਡ ਛਾਣ ਮਾਰਿਆ ਪਰ ਉਹ ਕਿਤੇ ਵਿਖਾਈ ਨਹੀਂ ਸੀ ਦੇ ਰਹੀ। ਮੈਂ ਵਾਰਡ ’ਚੋਂ ਨਿਕਲ ਨਾਲ ਦੇ ਵਾਰਡਾਂ ’ਚ ਦੇਖ ਆਇਆ ਪਰ ਉਸ ਦਾ ਕਿਤੇ ਨਾਮੋ ਨਿਸ਼ਾਨ ਨਹੀਂ ਸੀ।
ਮੇਰਾ ਮਨ ਉਦਾਸ ਹੋ ਗਿਆ ਸੀ। ਉਦਾਸੀ ਦੇ ਵੇਗ ’ਚ ਉਸ ਬਾਰੇ ਸੋਚਦਾ ਬਾਹਰਲੇ ਗੇਟ ਕੋਲ ਆ ਗਿਆ ਸਾਂ। ਸਕਿਉਰਿਟੀ ਗਾਰਡ ਵੱਲ ਨਜ਼ਰ ਪੈਂਦੇ ਹੀ ਮੈਂ ਉਸ ਕੋਲ ਜਾ ਉਹਦੇ ਬਾਰੇ ਗੱਲ ਕਰੀ ਤਾਂ ਉਹ ਬੋਲਿਆ ਕਿ ਅਸੀਂ ਤਾਂ ਆਪ ਇਕ ਹਫ਼ਤੇ ਤੋਂ ਉਸ ਦੀ ਉਡੀਕ ਕਰ ਰਹੇ ਹਾਂ।
ਮੈਂ ਜਦੋਂ ਉਸ ਦੇ ਘਰ ਬਾਰੇ, ਉਸ ਦੇ ਪਰਿਵਾਰ ਬਾਰੇ ਪੁੱਛਿਆ ਤਾਂ ਉਸ ਕਿਹਾ, ‘‘ਇੰਨਾ ਤਾਂ ਮੈਨੂੰ ਵੀ ਨਹੀਂ ਪਤਾ ਕਿ ਉਹ ਕੌਣ ਸੀ ਪਰ ਜਿਸ ਦਿਨ ਦੀ ਉਹ ਨਹੀਂ ਆਈ ਹਸਪਤਾਲ ਸੁੰਨਾ-ਸੁੰਨਾ ਲੱਗ ਰਿਹੈ।’’
ਉਦਾਸ ਲਹਿਜੇ ’ਚ ਉਸ ਜਵਾਬ ਦਿੱਤਾ। ਵਾਪਸ ਪਰਤਦਿਆਂ ਜਿਵੇਂ ਮੇਰੇ ਕਦਮ ਵੀ ਭਾਰੀ-ਭਾਰੀ ਹੋ ਗਏ ਹੋਣ।

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਅਨੇਮਨ ਸਿੰਘ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ