Ulahmaan (Punjabi Story) : Kulwant Singh Virk
ਉਲਾਹਮਾਂ (ਕਹਾਣੀ) : ਕੁਲਵੰਤ ਸਿੰਘ ਵਿਰਕ
ਇਹ ਕਹਾਣੀ ਵੀ ਪਾਕਿਸਤਾਨ ਦੀ ਹੈ।
ਆਸੇ ਪਾਸੇ ਤੋਂ ਉਧਲ ਕੇ ਆਈ ਹੋਰ ਖ਼ਲਕਤ ਦੇ ਨਾਲ ਬਲਕਾਰ ਸਿੰਘ ਵੀ ਇਕ ਰੀਫ਼ੀਊਜੀ ਕੈਂਪ ਵਿਚ ਡੱਕਿਆ ਹੋਇਆ ਸੀ।
ਬਲਕਾਰ ਸਿੰਘ ਦੇ ਇਲਾਕੇ ਵਿਚ ਕੋਈ ਲੰਮੇ ਚੌੜੇ ਫ਼ਸਾਦ ਨਹੀਂ ਹੋਏ ਸਨ। ਦੂਰ ਦੂਰ ਦੇ ਪਿੰਡਾਂ ਦੇ ਸਾਡੇ ਜਾਣ ਤੇ ਉਥੇ ਹੋਈ ਵੱਢ ਟੁੱਕ ਦੀਆਂ ਕੇਵਲ ਕਹਾਣੀਆਂ ਹੀ ਇਥੇ ਅਪੜੀਆਂ ਸਨ। ਪਰ ਇਹ ਕਹਾਣੀਆਂ ਨਾ ਸਿਰਫ਼ ਹਰ ਇਕ ਦੇ ਕੰਨੀ ਪਈਆਂ ਸਗੋਂ ਉਥੋਂ ਦੇ ਵਾਯੂ ਮੰਡਲ ਦਾ ਇਕ ਹਿੱਸਾ ਬਣ ਗਈਆਂ ਤੇ ਇਸ ਵਾਯੂ ਮੰਡਲ ਤੋਂ ਹਿੰਦੂ ਸਿੱਖਾਂ ਨੇ ਭਾਂਪ ਲਿਆ ਕਿ ਉਹਨਾਂ ਲਈ ਉਥੇ ਜੀਊਂਦੇ ਰਹਿਣਾ ਅਸੰਭਵ ਸੀ। ਇਕ ਦੋ ਦਿਨਾਂ ਵਿਚ ਹੀ ਹਲ ਵਗਣੋਂ ਖਲੋ ਗਏ। ਪੈਲੀਆਂ ਵਿਚ ਬੀ ਖਲਾਰਦੀਆਂ ਰੁਸ ਗਈਆਂ। ਜੋ ਬੀਜ ਉਹਨਾਂ ਵੱਢਣਾ ਨਹੀਂ ਸੀ ਉਸ ਨੂੰ ਬੀਜਣ ਦਾ ਕੀ ਫ਼ਾਇਦਾ? ਜਿਨ੍ਹਾਂ ਘਰਾਂ ਨੂੰ ਲੋਕੀਂ ਕੱਲ੍ਹ ਤਕ ਲਿੰਬ, ਪੋਚ, ਸਵਾਰ ਰਹੇ ਸਨ ਉਹਨਾਂ ਦੇ ਸੜਨ ਦੀਆਂ ਗੱਲਾਂ ਹੋਣ ਲਗ ਪਈਆਂ। ਲੋਕਾਂ ਦਾ ਆਪਣੇ ਘਰਾਂ, ਜ਼ਮੀਨਾਂ, ਢੱਗਿਆਂ, ਮੱਝੀਂ ਸਭ ਨਾਲ ਪਿਆਰ ਖ਼ਤਮ ਹੋ ਗਿਆ ਤੇ ਬੱਸ ਟੁਰਨ ਦੀਆਂ ਤਿਆਰੀਆਂ ਹੋਣ ਲਗ ਪਈਆਂ। ਸਹਿਜੇ ਸਹਿਜੇ ਆਲੇ ਦੁਆਲੇ ਦੀ ਸਾਰੀ ਹਿੰਦੂ ਸਿੱਖ ਵਸੋਂ ਨਵੇਂ ਬਣੇ ਰੀਫ਼ੀਊਜੀ ਕੈਂਪ ਵਲ ਨੂੰ ਉੱਠ ਤੁਰੀ ਜਿਵੇਂ ਕਿਸੇ ਪੈਲੀ ਵਿਚ ਪਾਣੀ ਆ ਜਾਣ ਤੇ ਉਸ ਵਿਚੋਂ ਤ੍ਰਿੱਡੀਆਂ ਇਕ ਪਾਸੇ ਨੂੰ ਉੱਠ ਨਠਦੀਆਂ ਹਨ। ਪੰਜਾਂ ਸੱਤਾਂ ਦਿਨਾਂ ਵਿਚ ਹੀ ਹਿੰਦੂ ਸਿੱਖ ਜਨਤਾ ਮੁਸਲਮਾਨ ਜਨਤਾ ਤੋਂ ਇਸ ਤਰ੍ਹਾਂ ਅੱਡਰੀ ਹੋ ਬੈਠੀ ਜਿਸ ਤਰ੍ਹਾਂ ਜੱਟੀਆਂ, ਰਲੀਆਂ ਹੋਈਆਂ ਦੋ ਪਤਲੀਆਂ ਤੇ ਮੋਟੀਆਂ ਜਿਨਸਾਂ ਨੂੰ ਛੱਜ ਵਿਚ ਪਾ ਕੇ ਵਖੋ ਵਖ ਕਰ ਦਿੰਦੀਆਂ ਹਨ।
ਇਹ ਬਲਕਾਰ ਸਿੰਘ ਕੁਝ ਅਨੋਖਾ ਜਿਹਾ ਆਦਮੀ ਸੀ। ਸਾਰੇ ਪਿੰਡ ਦਾ ਉਹ ਇਕੱਲਾ ਮਾਲਕ ਸੀ ਇਸ ਦੇ ਬਾਵਜੂਦ ਉਹ ਚਿੱਟ-ਕਪੜੀਆ ਨਹੀਂ ਸੀ। ਪਹਿਰਾਵੇ ਤੋਂ ਉਹ ਬਿਲਕੁਲ ਮਾਮੂਲੀ ਜੱਟ ਜਾਪਦਾ ਸੀ। ਕਿਰਸਾਨਾਂ ਵਾਂਗ ਉਹ ਆਪਣੀ ਹੱਥੀਂ ਵਾਹੀ ਦਾ ਸਾਰਾ ਕੰਮ ਕਰਦਾ ਸੀ। ਉਹਦੀ ਇਸ ਆਦਤ ਨੇ ਉਸ ਨੂੰ ਉਸ ਦੇ ਪਿੰਡ ਵਿਚ ਵੱਸ ਰਹੇ ਮੁਸਲਮਾਨ ਮੁਜ਼ਾਰਿਆਂ, ਕੰਮੀਆਂ ਆਦਿ ਦੇ ਬਹੁਤ ਨੇੜੇ ਲੈ ਆਂਦਾ ਹੋਇਆ ਸੀ। ਉਹ ਬੋਲਦਾ ਵੀ ਡਾਹਡਾ ਮਿੱਠਾ ਸੀ ਇਸ ਨਾਲ ਉਸ ਲਈ ਆਪਣੇ ਪਿੰਡ ਦਾ ਇੰਤਜ਼ਾਮ ਬਹੁਤ ਸਹਿਲਾ ਹੋ ਜਾਂਦਾ ਸੀ। ਉਸ ਦੀ ਨਾਰਾਜ਼ਗੀ ਦੇ ਡਰ ਤੋਂ ਪਿੰਡ ਦੇ ਲੋਕ ਆਪੋ ਵਿਚ ਕਦੀ ਝਗੜਾ ਖਰੂਦ ਨਾ ਕਰਦੇ। ਉਸ ਦੇ ਵੱਡੇ ਵੱਗ ਵਿਚੋਂ ਕੁਝ ਮੱਝੀਂ ਸਦਾ ਜ਼ਿਲੇ ਦੇ ਵਡੇ ਅਫ਼ਸਰਾਂ ਪਾਸ ਸੂਆ ਚੁਆਂਦੀਆਂ ਰਹਿੰਦੀਆਂ, ਤੇ ਜਦੋਂ ਉਹ ਵਿਕ ਜਾਂਦੀਆਂ ਤੇ ਉਹ ਉਹਨਾਂ ਦੀ ਥਾਂ ਨਵੀਆਂ ਭੇਜ ਦਿੰਦਾ। ਇਸ ਕਰਕੇ ਪੁਲਸੀਏ ਜਾਂ ਕਿਸੇ ਮਹਿਕਮੇ ਦੇ ਅਫ਼ਸਰ ਬਲਕਾਰ ਸਿੰਘ ਨੂੰ ਪੁਛੇ ਬਿਨਾਂ ਉਸ ਦੇ ਪਿੰਡ ਵਿਚ ਰਹਿੰਦੇ ਕਿਸੇ ਆਦਮੀ ਨੂੰ ਹੱਥ ਨਾ ਪਾ ਸਕਦੇ। ਪਿੰਡ ਦੇ ਲੋਕਾਂ ਲਈ ਉਹ ਸੁਖਾਵੀਂ ਛਾਂ ਬਣਿਆ ਹੋਇਆ ਸੀ। ਮਜ਼੍ਹਬੀ ਤਅੱਸਬ ਤੋਂ ਉਹ ਅਸਲੋਂ ਖ਼ਾਲੀ ਸੀ। ਜਦੋਂ ਉਹ ਨਮਾਜ਼ ਵੇਲੇ ਕਿਸੇ ਕਮੀਨ ਜਾਂ ਮੁਜ਼ਾਰੇ ਨੂੰ ਇੱਧਰ ਉਧਰ ਫਿਰਦਾ ਵੇਖ ਲੈਂਦਾ ਤਾਂ ਝਟ ਕਹਿੰਦਾ ‘‘ਓਇ ਕਿਧਰ ਕੰਧਾਂ ਨਾਲ ਘਸਰਦਾ ਫਿਰਨਾ ਏਂ, ਮਸੀਤੇ ਕਿਉਂ ਨਹੀਂ ਜਾਂਦਾ, ਬੁਰੇ ਦਿਆ ਬੀਆ।’’
‘‘ਆ ਵੇਖ ਜੀ ਲਗਾ ਜਾਨਾ, ਐਵੇਂ ਮੈਂ ਆਖਿਆ ਹਸੈਨੇ ਦੇ ਘਰੋਂ ਮਕਈ ਦਾ ਬੀ ਪੁਛੀ ਜਾਂ’’ ਉਹ ਜਵਾਬ ਦਿੰਦਾ।
‘‘ਤੇ ਫਿਰ ਅਗ੍ਹਾਂ ਹਿੱਲ ਕੇ ਹੋ ਹਲੀਂ ਤੇ ਨਹੀਂ ਲਗਣਾ ਪੈਂਦਾ ਓਥੇ। ਸਹਿਜੇ ਸਹਿਜੇ ਪੈਰ ਪਿਆ ਟਕਾਨਾ ਏਂ’’ ਬਲਕਾਰ ਸਿੰਘ ਉਸ ਨੂੰ ਤਾੜਦਾ।
ਤੇ ਹੁਣ ਬਲਕਾਰ ਸਿੰਘ ਹੋਰ ਲੋਕਾਂ ਦੇ ਨਾਲ ਕੈਂਪ ਵਿਚ ਆਪਣੀ ਜਾਨ ਲੁਕਾਈ ਬੈਠਾ ਸੀ। ਘੋੜੀ ਤੇ ਚੜ੍ਹ ਕੇ ਸਾਰੇ ਇਲਾਕੇ ਵਿਚ ਭੌਣ ਤੇ ਸਤਿਕਾਰ ਲੈਣ ਵਾਲੇ ਬਲਕਾਰ ਸਿੰਘ ਨੂੰ ਇਹ ਵਿਸ਼ਵਾਸ ਆਉਂਦਿਆਂ ਚਿਰ ਨਹੀਂ ਲੱਗਾ ਸੀ ਕਿ ਜੇ ਉਹ ਕੈਂਪ ਦੀਆਂ ਹੱਦਾਂ ਤੋਂ ਬਾਹਰ ਕਿਧਰੇ ਗਿਆ ਤਾਂ ਮਾਰ ਦਿਤਾ ਜਾਵੇਗਾ। ਅਜੇ ਅਗਲੇ ਦਿਨ ਦੀ ਗੱਲ ਸੀ ਕਿ ਕੋਲ ਦੇ ਸ਼ਹਿਰ ਦਾ ਇਕ ਸਿਆਣਾ ਜਿਹਾ ਸ਼ਾਹ ਜਿਸ ਨੂੰ ਆਪਣੇ ਸ਼ਹਿਰ ਨੂੰ ਖੁਸ਼ੀ ਖੁਸ਼ੀ ਛਡਿਆਂ ਅਜੇ ਦੋ ਦਿਨ ਹੀ ਹੋਏ ਸਨ ਭੌਂ ਕੇ ਗੁੜ ਲੈਣ ਉਥੇ ਚਲਾ ਗਿਆ। ਇਕ ਮੁਸਲਮਾਨ ਦੁਕਾਨਦਾਰ ਨੇ ਉਸ ਦੀ ਬੜੀ ਆਓ ਭਾਗਤ ਕੀਤੀ ਤੇ ਗੁੜ ਵੀ ਬੋਰੀ ਵਿਚ ਪਾ ਦਿਤਾ। ਇੱਨੇ ਨੂੰ ਕਿਸੇ ਮੁਸਲਮਾਨ ਫ਼ੌਜੀ ਨੇ ਉਸ ਨੂੰ ਖੋਹ ਕੇ ਆਪਣੇ ਪਾਸ ਰੱਖ ਲਿਆ ਤੇ ਉਹਨਾਂ ਦੋਹਾਂ ਨੂੰ ਖੂਬ ਸੋਟੇ ਮਾਰੇ। ਸ਼ਾਹ ਵਿਚਾਰਾ ਆਖੇ ਮੈਂ ਆਪਣੇ ਸ਼ਹਿਰ ਆਇਆ ਹੋਇਆ ਹਾਂ ਤੂੰ ਮੈਨੂੰ ਮਾਰਦਾ ਕਿਉਂ ਏਂ ਤੇ ਫ਼ੌਜੀ ਆਖੇ ਤੁਹਾਡੇ ਫਿਰਨ ਦਾ ਹੁਕਮ ਬਿਲਕੁਲ ਬੰਦ ਹੈ ਮੈਂ ਤੈਨੂੰ ਕੈਦ ਕਰਦਾ ਹਾਂ। ਤੂੰ ਕੈਂਪ ਤੋਂ ਬਾਹਰ ਕਿਉਂ ਫਿਰਦਾ ਏਂ। ਉਹਨਾਂ ਦਿਨਾਂ ਵਿਚ ਕੈਦ ਦੇ ਅਰਥ ਚੋਰੀ ਮਾਰ ਦੇਣ ਦੇ ਹੀ ਹੁੰਦੇ ਸਨ। ਸ਼ਾਹ ਆਖੇ ਅਸੀਂ ਵੀ ਪਾਕਿਸਤਾਨ ਦੀ ਰਈਅਤ ਹਾਂ ਤੇ ਆਪਣੀ ਮਰਜ਼ੀ ਨਾਲ ਇਥੋਂ ਜਾ ਰਹੇ ਹਾਂ ਸਾਡਾ ਫਿਰਨਾ ਬੰਦ ਹੋਣ ਦਾ ਹੁਕਮ ਨਹੀਂ ਹੋਇਆ। ਪਰ ਫ਼ੌਜੀ ਆਖੇ ਮੈਨੂੰ ਪੱਕਾ ਪਤਾ ਹੈ ਤੁਹਾਡਾ ਬਾਹਰ ਫਿਰਨਾ ਬੰਦ ਹੋ ਗਿਆ ਹੈ ਤੂੰ ਹੁਣ ਬਚ ਕੇ ਨਹੀਂ ਜਾ ਸਕਦਾ। ਫਿਰ ਹੋਰ ਮੁਸਲਮਾਨਾਂ ਨੇ ਉਸ ਫ਼ੌਜੀ ਦਾ ਤਰਲਾ ਮਿਨਤ ਕਰਕੇ ਸ਼ਾਹ ਦੀ ਖਲਾਸੀ ਕਰਾਈ ਤੇ ਸ਼ਾਹ ਵਿਚਾਰਾ ਸੋਟੇ ਖਾ ਕੇ ਕੈਂਪ ਆਇਆ।
ਬਲਕਾਰ ਸਿੰਘ ਕੈਂਪ ਕੋਲ ਦੀ ਸੜਕ ਤੋਂ ਲੰਘਦੇ ਲੋਕਾਂ ਨੂੰ ਦੂਰੋਂ ਵੇਖਦਾ। ਵਧੇਰੇ ਹੱਕਾਂ ਵਾਲੇ ਇਹ ਵਧੀਆ ਇਨਸਾਨ ਜਿਹੜੇ ਮੁਸਲਮਾਨ ਹੋਣ ਕਰ ਕੇ ਜਿਥੇ ਜੀ ਕਰੇ ਟੁਰ ਫਿਰ ਸਕਦੇ ਹਨ। ਬਲਕਾਰ ਸਿੰਘ ਵਿਚਾਰਾਂ ਤੇ ਇਕ ਦਾਤਣ ਤੋਂ ਤਰਸ ਗਿਆ ਸੀ ਪਰ ਉਸ ਦੀ ਇਹ ਹਿੰਮਤ ਨਹੀਂ ਸੀ ਕਿ ਨੇੜੇ ਦੇ ਕਿਸੇ ਕਿੱਕਰ ਤੋਂ ਉਹ ਦਾਤਣ ਭੰਨ ਲਿਆਵੇ। ਇਹ ਕੀ ਕੌਤਕ ਵਰਤ ਰਿਹਾ ਸੀ ਉਸ ਨੂੰ ਕੋਈ ਸਮਝ ਨਹੀਂ ਆਉਂਦੀ ਸੀ।
ਕੈਂਪ ਦੇ ਨਾਲ ਲੱਗਦੀਆਂ ਪੈਲੀਆਂ ਫੂਲਾ ਸਿੰਘ ਦੀਆਂ ਸਨ ਤੇ ਉਸਦੇ ਮੁਜ਼ਾਰਿਆਂ ਨੇ ਇਹਨਾਂ ਵਿਚ ਗੋਂਗਲੂ ਬੀਜੇ ਹੋਏ ਸਨ। ਭੁੱਜੇ ਹੋਏ ਛੋਲੇ ਤੇ ਸੁੱਕੀਆਂ ਰੋਟੀਆਂ ਖਾ ਖਾ ਕੇ ਫੂਲਾ ਸਿੰਘ ਅੱਕ ਗਿਆ ਸੀ। ਉਸ ਦਾ ਜੀ ਕਰਦਾ ਸੀ ਕਿ ਉਹ ਕਿਸੇ ਦਿਨ ਇਹਨਾਂ ਨਿੱਕੇ ਨਿੱਕੇ ਗੋਂਗਲੂਆਂ ਦੇ ਪੱਤੇ ਖੋਹ ਕੇ ਸਾਗ ਚਾੜ੍ਹੇ ਪਰ ਉਸ ਨੂੰ ਉਥੋਂ ਤੱਕ ਜਾਣ ਦੀ ਹਿੰਮਤ ਨਹੀਂ ਪਈ ਸੀ। ਉਹ ਪੈਲੀ ਜਿਹੜੀ ਉਸ ਦੇ ਪੜਦਾਦੇ ਨੇ ਦਾਦੇ ਨੂੰ ਤੇ ਉਸ ਦੇ ਦਾਦੇ ਨੇ ਉਸ ਦੇ ਪਿਓ ਨੂੰ ਤੇ ਉਸ ਦੇ ਪਿਓ ਨੇ ਉਸ ਨੂੰ ਦਿਤੀ ਸੀ ਹੁਣ ਉਸ ਦੀ ਨਹੀਂ ਰਹੀ ਸੀ। ਪਤਾ ਨਹੀਂ ਕਿਉਂ? ਹੁਣ ਤੇ ਉਹ ਬੱਸ ਇਸ ਨੂੰ ਦੂਰੋਂ ਦੂਰੋਂ ਹੀ ਦੇਖ ਸਕਦਾ ਸੀ, ਜਿਸ ਤਰ੍ਹਾਂ ਕੈਂਪ ਦੇ ਹੋਰ ਸਾਰੇ ਲੋਕ ਸਾਰੀਆਂ ਪੈਲੀਆਂ ਨੂੰ, ਸਾਰੇ ਰਾਹਾਂ, ਬਾਗਾਂ, ਦਰਖ਼ਤਾਂ ਤੇ ਪਿੰਡਾਂ ਨੂੰ ਦੂਰੋਂ ਹੀ ਦੇਖਦੇ ਸਨ। ਹਾਂ ਜੇ ਫੂਲਾ ਸਿੰਘ ਮੁਸਲਮਾਨ ਹੁੰਦਾ ਤਾਂ ਉਹ ਅਜੇ ਵੀ ਆਪਣੀ ਪੈਲੀ ਦੀਆਂ ਵੱਟਾਂ ਤੇ ਜੰਮੇ ਜੰਮੇ ਪੈਰੀਂ ਟੁਰ ਸਕਦਾ। ਉਸ ਦੀ ਵਹੁਟੀ ਇਸ ਛੋਟੇ ਛੋਟੇ ਗੋਂਗਲੂਆਂ ਦੀ ਪੈਲੀ ਵਿਚ ਵੜ ਕੇ ਉਹਨਾਂ ਦੇ ਪੱਤਿਆਂ ਦਾ ਸਾਗ ਤੋੜ ਸਕਦੀ ਤੇ ਜੋ ਕੋਈ ਹੋਰ ਜ਼ਨਾਨੀ ਉਥੇ ਤੋੜਦੀ ਹੁੰਦੀ ਤਾਂ ਅਵਾਜ਼ ਦੇ ਕੇ ਉਸ ਨੂੰ ਹੱਟਕ ਵੀ ਸਕਦੀ।
ਫੂਲਾ ਸਿੰਘ ਦੇ ਪਿੰਡ ਦਾ ਇਕ ਹੋਰ ਬੰਦਾ ਅਫ਼ੀਮ ਦਾ ਅਮਲੀ ਸੀ। ਕੈਂਪ ਵਿਚ ਭਲਾ ਅਫ਼ੀਮ ਕਿੱਥੇ ਤੇ ਅਫ਼ੀਮ ਤੋਂ ਬਿਨਾਂ ਉਸ ਦਾ ਗੁਜ਼ਾਰਾ ਵੀ ਨਹੀਂ ਸੀ। ਪਰ ਸਵਾਲ ਤੇ ਇਹ ਸੀ ਕਿ ਅਫ਼ੀਮ ਉਸ ਨੂੰ ਲਿਆ ਕੌਣ ਦੇਵੇ? ਕੋਈ ਮੁਸਲਮਾਨ ਹੀ ਹੋਵੇ ਨਾ, ਜੋ ਠੇਕੇ ਵਿਚੋਂ ਜਾ ਕੇ ਲਿਆਵੇ, ਹੋਰ ਕਿਸੇ ਦੀ ਸ਼ਹਿਰ ਜਾਣ ਦੀ ਹਿੰਮਤ ਨਹੀਂ ਸੀ। ਅਖ਼ੀਰ ਕੈਂਪ ਵਿਚ ਆਏ ਇਕ ਮੁਸਲਮਾਨ ਤੇਲੀ ਮੁੰਡੇ ਦਾ ਉਸ ਤਰਲਾ ਕੀਤਾ, ਹੱਥ ਜੋੜੇ, ਆਪਣੀ ਬੇਵਸੀ ਦਾ ਵਾਸਤਾ ਪਾਇਆ ਤੇ ਉਸ ਮੁਸਲਮਾਨ ਮੁੰਡੇ ਨੇ ਉਸ ਨੂੰ ਮਹਿੰਗੀ ਸਸਤੀ ਇਕ ਤੌਲਾ ਅਫ਼ੀਮ ਲਿਆ ਕੇ ਦਿਤੀ।
ਇਕ ਹੋਰ ਜੱਟ ਲੱਧਾ ਸਿੰਘ ਦੀ ਹਵੇਲੀ ਕੈਂਪ ਤੋਂ ਨੇੜੇ ਹੀ ਸੀ। ਕੈਂਪ ਵਿਚ ਆਉਣ ਲਗਿਆਂ ਉਹ ਕੁਝ ਲਿਆਰੀਆਂ ਮੱਝੀਂ ਉਥੇ ਛੱਡ ਆਇਆ ਸੀ। ਇਹ ਮੱਝੀ ਉਸ ਦੇ ਮੁਸਲਮਾਨ ਕਾਮੇ ਸਾਂਭਦੇ ਸਨ। ਲੱਧਾ ਸਿੰਘ ਰੋਜ਼ ਮੂੰਹ ਅਨ੍ਹੇਰੇ ਕੈਂਪ ਵਿਚੋਂ ਘੋੜੀ ਤੇ ਚੜ੍ਹ ਜਾਂਦਾ ਤੇ ਪਿੰਡ ਜਾ ਕੇ ਆਪਣੀਆਂ ਮੱਝੀਂ ਚੋਂਦਾ। ਫਿਰ ਦੁਧ ਦਾ ਦੋਹਣਾ ਘੋੜੀ ਤੇ ਰੱਖ ਕੇ ਦਿਨ ਚੜ੍ਹੇ ਨਾਲ ਹੀ ਕੈਂਪ ਵਿਚ ਆ ਵੜਦਾ। ਲੋਕੀ ਉਸ ਨੂੰ ਦੇਖ ਦੇਖ ਕੇ ਰਸ਼ਕ ਖਾਂਦੇ। ਪੰਜ ਸਤ ਦਿਨ ਤੇ ਉਹ ਇਸ ਤਰ੍ਹਾਂ ਕਰਦਾ ਰਿਹਾ ਪਰ ਇਕ ਦਿਨ ਜਦ ਉਹ ਸਵੇਰੇ ਮਝੀਂ ਚੋਣ ਗਿਆ ਤਾਂ ਉਸ ਦੇ ਕਾਮਿਆਂ ਨੇ ਉਸ ਨੂੰ ਕਿਹਾ ਕਿ ਮੁਨਸ਼ੀ ਹੋਰਾਂ ਸਾਨੂੰ ਦਸਿਆ ਹੈ ਕਿ ਇਹ ਮੱਝੀਂ ਹੁਣ ਪਾਕਿਸਤਾਨ ਦੀਆਂ ਹੋ ਗਈਆਂ ਨੇ, ਸਿੱਖ ਇਨ੍ਹਾਂ ਦਾ ਦੁੱਧ ਨਹੀਂ ਲਿਜਾ ਸਕਦੇ। ਜੇ ਅਸਾਂ ਤੁਹਾਨੂੰ ਦੁੱਧ ਦਿਤਾ ਤਾਂ ਉਹ ਸਾਡਾ ਬੁਰਾ ਹਾਲ ਕਰੇਗਾ। ਲੱਧਾ ਸਿੰਘ ਵਿਚਾਰਾ ਦੋਹਣਾ ਸੱਖਣਾ ਹੀ ਮੋੜ ਲਿਆਇਆ। ਉਹ ਕਿਸੇ ਮੁਸਲਮਾਨ ਦੀ ਗੱਲ ਨੂੰ ਕਿਸ ਤਰ੍ਹਾਂ ਮੋੜਾ ਪਾ ਸਕਦਾ ਸੀ।
ਭਾਵੇਂ ਕੈਂਪ ਚਾਰ ਚੁਫੇਰਿਉਂ ਖੁਲ੍ਹਾ ਸੀ ਪਰ ਉਸ ਵਿਚੋਂ ਬਾਹਰ ਨਾ ਜਾ ਸਕਣ ਕਰਕੇ ਇਸ ਤਰ੍ਹਾਂ ਜਾਪਦਾ ਸੀ ਜਿਵੇਂ ਇਸ ਦੇ ਦਵਾਲੇ ਪਰਦਾ ਆਇਆ ਹੋਇਆ ਹੈ। ਕਮਾਦਾਂ, ਕਪਾਹਾਂ ਤੇ ਚਰ੍ਹੀਆਂ ਦਾ ਪਰਦਾ ਤੇ ਕੁਝ ਖੁਲ੍ਹੀਆਂ ਥਾਵਾਂ ਦਾ ਪਰਦਾ ਜਿਸ ਤੋਂ ਪਰ੍ਹੇ ਕੁਝ ਦਿਸਦਾ ਨਹੀਂ ਸੀ। ਇਸ ਪਰਦੇ ਪਿਛੇ ਪਤਾ ਨਹੀਂ ਕੀ ਹੋ ਰਿਹਾ ਸੀ, ਲੋਕ ਕੀ ਕਰ ਰਹੇ ਸਨ, ਕੀ ਸੋਚ ਰਹੇ ਸਨ, ਕੀ ਕਹਿ ਰਹੇ ਸਨ। ਬਲਕਾਰ ਸਿੰਘ ਦੀਆਂ ਆਪਣੀਆਂ ਪੈਲੀਆਂ ਤੇ ਘਰ ਵੀ ਇਸ ਪਰਦੇ ਪਿਛੇ ਹੀ ਸਨ। ਉਨ੍ਹਾਂ ਪੈਲੀਆਂ ਨੂੰ ਕੌਣ ਵਾਹ ਰਿਹਾ ਸੀ? ਉਸ ਦੀਆਂ ਹਵੇਲੀਆਂ ਵਿਚ ਕੌਣ ਰਹਿ ਰਿਹਾ ਸੀ? ਇਹ ਸਭ ਕੁਝ ਜਾਨਣ ਲਈ ਉਸ ਦਾ ਬੜਾ ਜੀ ਕਰਦਾ ਸੀ। ਉਸ ਨੇ ਹਿੰਦੁਸਤਾਨ ਤੋਂ ਆਏ ਮੁਸਲਮਾਨ ਰੀਫ਼ੀਊਜੀ ਸੜਕਾਂ ਤੇ ਤੁਰਦੇ ਫਿਰਦੇ ਦੂਰੋਂ ਵੇਖੇ ਸਨ। ਅੱਜ ਤਕ ਉਸ ਨੇ ਕਿਸੇ ਰੀਫ਼ੀਊਜੀ ਨੂੰ ਨੇੜੇ ਹੋ ਕੇ ਨਹੀਂ ਦੇਖਿਆ ਸੀ। ਇਸ ਨਵੀਂ ਥਾਂ ਤੇ ਉਹ ਲੋਕ ਕਿਸ ਤਰ੍ਹਾਂ ਰਹਿ ਰਹੇ ਸਨ? ਕਿਸ ਹਾਲ ਵਿਚ ਸਨ? ਵਾਹੀ ਕਰਦੇ ਸਨ ਜਾਂ ਮਾਂਦੇ ਪਏ ਹੋਏ ਸਨ? ਇਹ ਸਭ ਕੁਝ ਵੀ ਉਹ ਜਾਨਣਾ ਚਾਹੁੰਦਾ ਸੀ।
ਇਹ ਗੱਲ ਸਾਰੇ ਕੈਂਪ ਵਾਲੇ ਚੰਗੀ ਤਰ੍ਹਾਂ ਜਾਣਦੇ ਸਨ ਕਿ ਜੇ ਕੋਈ ਸਿੱਖ ਕੈਂਪ ਤੋਂ ਬਾਹਰ ਹੀ ਹਵਾ ਖਾ ਸਕਦਾ ਸੀ ਤਾਂ ਉਹ ਫ਼ੌਜੀ ਮੋਟਰ ਵਿਚ ਬੈਠ ਕੇ। ਫ਼ੌਜੀ ਸਿਪਾਹੀ ਕੈਂਪ ਦੇ ਲੋਕਾਂ ਲਈ ਰਾਸ਼ਨ ਲਿਆਉਣ ਲਈ ਜਾਂ ਫਸੇ ਹੋਏ ਹਿੰਦੂ ਸਿੱਖਾਂ ਨੂੰ ਕੱਢਣ ਲਈ ਆਪਣੀਆਂ ਮੋਟਰਾਂ ਵਿਚ ਇਧਰ ਉਧਰ ਫਿਰਦੇ ਰਹਿੰਦੇ। ਬਲਕਾਰ ਸਿੰਘ ਇਹ ਜਾਣਦਾ ਸੀ ਕਿ ਜੇ ਉਹ ਚਾਹੁਣ ਤਾਂ ਉਸ ਨੂੰ ਉਸ ਦੇ ਪਿੰਡ ਲਿਜਾ ਸਕਦੇ ਹਨ। ਪਿੰਡ ਵੇਖਣ ਦੀ ਚਾਹ ਦੇ ਵੱਸ ਹੋ ਕੇ ਬਲਕਾਰ ਸਿੰਘ ਨੇ ਇਕ ਦਿਨ ਆਪਣੇ ਦਿਲ ਦੀ ਖ਼ਾਹਿਸ਼ ਫ਼ੌਜੀਆਂ ਨੂੰ ਜਾ ਦੱਸੀ। ਕੁਝ ਉਸ ਦੀ ਕੈਂਪ ਵਿਚ ਚੌਧਰ ਕਰ ਕੇ ਤੇ ਕੁਝ ਉਸ ਦੀ ਮਿੱਠੀ ਜ਼ਬਾਨ ਦੇ ਅਸਰ ਹੇਠ ਫ਼ੌਜੀ ਉਸ ਨੂੰ ਉਸ ਦੇ ਪਿੰਡ ਲਿਜਾਣਾ ਮੰਨ ਹੀ ਗਏ।
ਬਲਕਾਰ ਸਿੰਘ ਦੇ ਪਿੰਡ ਅਪੜਨ ਦੀ ਖ਼ਬਰ ਝਟ ਪਟ ਹੀ ਸਾਰੇ ਪਿੰਡ ਵਿਚ ਖਿੱਲਰ ਗਈ। ਬੰਦੇ ਤੇ ਕੰਮ ਕਾਰ ਲਈ ਪੈਲੀਆਂ ਵਿਚ ਗਏ ਹੋਏ ਸਨ ਪਰ ਪਿੰਡ ਦੀਆਂ ਜ਼ਨਾਨੀਆਂ ਤੇ ਬੱਚੇ ਝੱਟ ਉਸ ਦੇ ਕੋਲ ਅਪੜ ਗਏ। ਉਨ੍ਹਾਂ ਲਈ ਬਲਕਾਰ ਸਿੰਘ ਉਹੋ ਪਿੰਡ ਦਾ ਪੁਰਾਣਾ ਸਰਦਾਰ ਜਿਸ ਦੇ ਪਿੰਡ ਵਿਚ ਹੁੰਦਿਆਂ ਉਨ੍ਹਾਂ ਨੂੰ ਕਦੀ ਕਿਸੇ ਤੋਂ ਡਰ ਨਹੀਂ ਆਇਆ ਸੀ। ਪਰ ਹੁਣ ਤੇ ਉਹ ਪਿੰਡ ਛੱਡ ਕੇ ਕੈਂਪ ਵਿਚ ਚਲਾ ਗਿਆ ਹੋਇਆ ਸੀ ਤੇ ਸਾਰਾ ਪਿੰਡ ਨਿਆਸਰਾ ਹੋ ਗਿਆ ਸੀ। ਆਖ਼ਰ ਉਸ ਨੇ ਇਸ ਤਰ੍ਹਾਂ ਕਿਉਂ ਕੀਤਾ? ਪਿੰਡ ਦੀਆਂ ਜ਼ਨਾਨੀਆਂ ਸੋਚਦੀਆਂ ਸਨ ਕਿ ਪਿੰਡ ਛਡਦਿਆਂ ਉਸ ਨੂੰ ਪਿੰਡ ਦਿਆਂ ਲੋਕਾਂ ਤੇ ਤਰਸ ਨਾ ਆਇਆ। ਉਨ੍ਹਾਂ ਦੇ ਖ਼ਿਆਲ ਵਿਚ ਉਸ ਨੇ ਉਨ੍ਹਾਂ ਨਾਲ ਬੜਾ ਧੋਖਾ ਕੀਤਾ ਸੀ ਜੋ ਐਸੀ ਉੱਥਲ ਪੁੱਥਲ ਵੇਲੇ ਉਹ ਪਿੰਡ ਨੂੰ ਇਕੱਲਿਆਂ ਛੱਡ ਕੇ ਚਲਾ ਗਿਆ ਸੀ।
‘‘ਸਰਦਾਰ, ਇਹ ਤੂੰ ਕੀ ਕੀਤਾ?’’ ਜ਼ਨਾਨੀਆਂ ਦੀ ਭੀੜ ਵਿਚੋਂ ਬੁੱਢੀ ਮੋਚਣ ਰਾਬਿਆਂ ਦੀ ਆਵਾਜ਼ ਆਈ ‘‘ਸਾਨੂੰ ਏਥੇ ਛੱਡ ਕੇ ਆਪ ਤੂੰ ਕੁੱਪ ਵਿਚ ਜਾ ਵੜਿਉਂ! ਸਾਡੀ ਬਾਂਹ ਕਿਨੂੰ, ਫੜਾਈ ਆ। ਅਸੀਂ ਤੇਰੇ ਪੀੜ੍ਹੀਆਂ ਦੇ ਕੰਮੀ ਸਾਂ।’’ ਆਪਣੇ ਉਲ੍ਹਾਮੇਂ ਨੂੰ ਹੋਰ ਚੋਭਵਾਂ ਬਨਾਣ ਲਈ ਰਾਬਿਆਂ ਨੇ ਜ਼ਰਾ ਠਹਿਰ ਕੇ ਕਿਹਾ, ‘‘ਵਾਹ ਸਰਦਾਰ! ਸਾਡੇ ਨਾਲ ਇਸ ਤਰ੍ਹਾਂ ਕਰਨੀ ਸਾਈ।’’
(ਰਾਹੀਂ: ਚਰਨ ਗਿੱਲ)