Uljhan : Rajasthani Lok Kahani
ਉਲਝਣ : ਰਾਜਸਥਾਨੀ ਲੋਕ ਕਥਾ
ਬੀਜ ਬਿਹਤਰ ਕਿ ਫਲ, ਨ੍ਹੇਰਾ ਬਿਹਤਰ ਕਿ ਚਾਨਣ, ਸੂਰਜ ਦਾ ਚੜ੍ਹਨਾ ਬਿਹਤਰ ਕਿ ਛਿਪਣਾ, ਸ਼ੁਰੂਆਤ ਬਿਹਤਰ ਕਿ ਅੰਤ, ਰਸਤਾ ਬਿਹਤਰ ਕਿ ਮੰਜ਼ਿਲ, ਇਹੋ ਵਿਚਾਰ ਕਰਦਿਆਂ ਕਾਇਨਾਤ ਸੂਰਜ ਭਗਵਾਨ ਦੀਆਂ ਕਿਰਨਾਂ ਦਾ ਝੂਲਾ ਝੂਲਦੀ ਰਹਿੰਦੀ ਹੈ। ਧਰਤੀ ਦੇ ਕਿਸੇ ਰਸਤੇ ਲੱਖੀ ਬਣਜਾਰੇ ਦਾ ਕਾਰਵਾਂ ਜਾ ਰਿਹਾ ਸੀ। ਕੇਸਰ ਕਸਤੂਰੀ ਦਾ ਕਾਰੋਬਾਰ ਅਤੇ ਹੀਰੇ ਮੋਤੀਆਂ ਦੀ ਆੜ੍ਹਤ। ਦੇਸ਼ ਦਾ ਰਾਜਾ ਵੀ ਉਸਦਾ ਕਦਰਦਾਨ। ਲੱਖਾਂ ਵਿੱਚੋਂ ਇੱਕ ਸੁਹਣੀ ਉਸਦੀ ਬਣਜਾਰਨ। ਚੰਦ ਸੂਰਜ ਉਸਦੀਆਂ ਪਲਕਾਂ ਉੱਪਰ ਉਦਯ ਅਸਤ ਹੁੰਦੇ! ਦੋ ਜਿਸਮ, ਇੱਕ ਜਾਨ। ਸਭ ਤੋਂ ਅੱਗੇ ਅੱਗੇ ਬਣਜਾਰੇ ਦਾ ਸੁਨਹਿਰੀ ਰਥ ਜਾ ਰਿਹਾ ਸੀ। ਉਸਦੀ ਗੋਦ ਵਿੱਚ ਲੇਟੀ ਬਣਜਾਰਨ ਗੱਲਾਂ ਵਿੱਚ ਰੁਝੀ ਹੋਈ ਕਿ ਅਚਾਨਕ ਭੇਡਾਂ ਰੰਭਣ ਦੀ ਆਵਾਜ਼ ਸੁਣੀ। ਗੱਲਾਂ ਦੀ ਲੜੀ ਟੁੱਟ ਗਈ, ਉੱਠ ਬੈਠੀ, ਨਜ਼ਰ ਦੀ ਪਕੜ ਵਿੱਚ ਨਾ ਆਏ, ਏਡਾ ਵੱਡਾ ਇਜੜ। ਮੂੰਹ ਨੀਵੇਂ ਕਰੀ ਭੇਡਾਂ, ਧਰਤੀ ਮਾਂ ਨੂੰ ਆਪੋ ਆਪਣੀ ਖੈਰ ਸੁੱਖ ਦੀ ਖ਼ਬਰ ਦਿੰਦੀਆਂ ਦਿੰਦੀਆਂ ਅੱਗੇ ਅੱਗੇ ਤੁਰੀਆਂ ਜਾ ਰਹੀਆਂ ਸਨ। ਪਤੀ ਪਤਨੀ ਭੇਡਾਂ ਦੀ ਮਾਸੂਮੀਅਤ ਨਿਹਾਰਦੇ ਰਹੇ। ਆਪੋ ਆਪਣੀ ਕਾਇਆ ਵਿੱਚ ਹਰੇਕ ਮਸਤ ਹੈ। ਇਸ ਦੌਰਾਨ ਇਜੜ ਦਾ ਪਿੱਛਾ ਕਰਦੇ ਹੋਏ ਇੱਕ ਰਿੱਛ ਉੱਪਰ ਬਣਜਾਰੇ ਦੀ ਨਿਗ੍ਹਾ ਪਈ। ਫੌਰਨ ਤਰਕਸ਼ ਵਿੱਚੋਂ ਤੀਰ ਕੱਢ ਕੇ ਕਮਾਨ ਉੱਪਰ ਚੜ੍ਹਾਇਆ। ਤੀਰ ਛੱਡਣ ਹੀ ਵਾਲਾ ਸੀ ਕਿ ਬਣਜਾਰਨ ਨੇ ਹੱਥ ਫੜ ਲਿਆ, ਬੋਲੀ- ਰੁਕੋ, ਇਹ ਆਦਮੀ ਵਰਗਾ ਲਗਦੈ।
-ਆਦਮੀ?
ਡੂੰਘਾ ਸਾਹ ਲੈ ਕੇ ਬੋਲੀ- ਧਿਆਨ ਨਾਲ ਦੇਖੋ। ਪਾਪ ਹੋ ਜਾਣਾ ਸੀ।
ਟੇਢਾ ਮੂੰਹ ਕਰਕੇ ਬਣਜਾਰਾ ਬੋਲਿਆ- ਕੋਈ ਪਾਪ ਨਾ ਹੁੰਦਾ। ਇਹੋ ਜਿਹੇ ਬੰਦੇ ਆਦਮੀ ਦੇ ਨਾਮ ਉੱਪਰ ਕਲੰਕ ਨੇ। ਇਸ ਨੂੰ ਮੁਕਾਉਣਾ ਹੀ ਬਿਹਤਰ, ਤਦ ਹੀ ਆਦਮੀ ਦੀ ਸ਼ਾਨ ਕਾਇਮ ਰਹਿ ਸਕੇਗੀ। ਆਦਮੀ ਦਾ ਇਹ ਰੂਪ? ਸ਼ਰਮ ਆਉਂਦੀ ਹੈ। ਮੈਨੂੰ ਰੋਕ ਨਾ।
ਹਠ ਕਰਦੀ ਬੋਲੀ- ਆਦਮੀ, ਆਦਮੀ ਹੁੰਦੈ। ਕੋਈ ਤਕੜਾ, ਕੋਈ ਮਾੜਾ। ਕੋਈ ਅਮੀਰ, ਕੋਈ ਗ਼ਰੀਬ, ਕੋਈ ਸਿਆਣਾ, ਕੋਈ ਮੂਰਖ। ਆਲ਼ੇ ਦੁਆਲ਼ੇ ਦਾ, ਸੰਗਤ ਦਾ ਅਸਰ ਹੋਇਆ ਕਰਦੈ।
ਬਣਜਾਰਨ ਦੇ ਹੱਥ ਵਿੱਚ ਫੜਿਆ ਤੀਰ ਜਿਵੇਂ ਬਣਜਾਰੇ ਦੇ ਕਾਲਜੇ ਵਿੱਚੋਂ ਪਾਰ ਲੰਘ ਗਿਆ ਹੋਵੇ। ਗੁੱਸੇ ਵਿੱਚ ਕਿਹਾ- ਮਾਹੌਲ, ਸੰਗਤ, ਮੇਰੀ ਪਤਨੀ ਹੋ ਕੇ ਤੂੰ ਕਿਹੋ ਜਿਹੀਆਂ ਫ਼ਜ਼ੂਲ ਗੱਲਾਂ ਕਰਦੀ ਹੈ? ਭਲਾ ਮਰਦਾਂ ਦਾ ਕਿਹਾ ਗ਼ਲਤ ਹੋ ਸਕਦੈ? ਜੇਹਾ ਬੀਜ, ਤੇਹਾ ਦਰਖਤ। ਅੱਕ ਨੂੰ ਅੱਕ ਲਗਣਗੇ ਅੰਬ ਨਹੀਂ। ਖ਼ਾਨਦਾਨੀ ਤਾਸੀਰ ਨੂੰ ਕਿਵੇਂ ਝੁਠਲਾਇਆ ਜਾ ਸਕਦੈ? ਇਸ ਦੀਆਂ ਸੱਤ ਪੀੜ੍ਹੀਆਂ ਨੂੰ ਘੁਣ ਲੱਗਾ ਹੋਇਐ। ਇਸ ਨੂੰ ਜਨਮ ਦੇਣ ਵਾਲੀ ਕੁੱਖ ਹੀ ਮਨਹੂਸ ਹੈ।
ਮੁਸਕਰਾਈ, ਕਹਿੰਦੀ- ਕਿਸੇ ਮਾਂ ਦੀ ਕੁੱਖ ਮਨਹੂਸ ਨਹੀਂ ਹੁੰਦੀ।
ਅਜੇ ਪੂਰੀ ਗੱਲ ਸੁਣੀ ਨਹੀਂ ਸੀ, ਵਿਚਕਾਰ ਹੀ ਭੜਕ ਪਿਆ- ਤੇਰੀ ਇਹ ਮਜ਼ਾਲ ਕਿ ਤੂੰ ਮੇਰੀ ਮਾਂ ਦਾ ਮੁਕਾਬਲਾ ਇਸ ਪਸ਼ੂ ਦੀ ਮਾਂ ਨਾਲ ਕਰੇਂ?
ਪਹਿਲੀ ਵਾਰ ਪਤੀ ਦੀ ਏਡੀ ਸਖ਼ਤ ਆਵਾਜ਼ ਸੁਣੀ। ਕੰਨਾਂ ਵਿੱਚ ਜਿਵੇਂ ਸ਼ੀਸ਼ਾ ਪੰਘਰਾ ਕੇ ਪਾ ਦਿੱਤਾ ਹੋਏ। ਆਪਣੇ ਆਪ ਨੂੰ ਭੁੱਲ ਕੇ ਬੋਲੀ- ਨਾ ਕਿਸੇ ਮਾਂ ਦੀ ਕੁੱਖ ਮਾੜੀ, ਨਾ ਕਿਸੇ ਪਿਤਾ ਦਾ ਅੰਸ਼। ਇਹ ਤਾਂ ਜਨਮ ਤੋਂ ਬਾਅਦ ਦੇ ਖੇਲ ਹਨ ਸਭ। ਜੋ ਜਿਹਾ ਦੇਖੇਗਾ, ਸੁਣੇਗਾ, ਉਹੋ ਬਣੇਗਾ...!
ਬਣਜਾਰੇ ਦੀ ਜ਼ਬਾਨ ਪਹਿਲੀ ਵਾਰ ਏਨੀ ਸਖ਼ਤ ਹੋਈ। ਖਿਝ ਕੇ ਬੋਲਿਆ- ਇਸਦਾ ਮਤਲਬ ਦਿਨ ਦੁਗਣੀ ਰਾਤ ਚੌਗਣੀ ਮੇਰੀ ਸ਼ੁਹਰਤ ਪਿੱਛੇ ਮੇਰਾ ਕੋਈ ਹੱਥ ਨਹੀਂ? ਰਾਜਾ ਖਾਹਮਖਾਹ ਮੇਰੀ ਕਦਰ ਕਰਦੈ?
-ਬੇਮਤਲਬ ਗੱਲ ਵਧਾਉਣ ਦਾ ਕੀ ਫਾਇਦਾ!
ਮੁਸਕਾਨ ਜਬਰਨ ਰੋਕ ਕੇ ਚੁੱਪ ਹੋ ਗਈ। ਇਹ ਖ਼ਾਮੋਸ਼ ਮੁਸਕਾਨ ਬਣਜਾਰੇ ਦੇ ਕਾਲਜੇ ਵਿਚਦੀ ਬਿਜਲੀ ਵਾਂਗ ਲੰਘ ਗਈ। ਹੱਥ ਫੜਕੇ ਧੱਕੇ ਨਾਲ ਰਥ ਵਿੱਚੋਂ ਉਤਾਰ ਦਿੱਤੀ। ਫੇਰ ਰਿੱਛ ਵਾਂਗ ਜਿਹੜਾ ਚਾਰ ਲੱਤਾਂ ਉੱਤੇ ਤੁਰਿਆ ਆਉਂਦਾ ਆਦਮੀ ਸੀ, ਉਸ ਵੱਲ ਘੜੀਸਦਾ ਲਿਜਾਂਦਾ ਕਹਿੰਦਾ- ਤੇਰੀ ਇਹ ਔਕਾਤ ਕਿ ਇਸ ਨਾਲ ਤੂੰ ਮੇਰਾ ਮੁਕਾਬਲਾ ਕਰਦੀ ਹੈਂ? ਅੱਖਾਂ ਖੋਲ੍ਹ ਕੇ ਪਹਿਲਾਂ ਇਸ ਨੂੰ ਦੇਖ ਤਾਂ ਲੈ।
ਪਤਨੀ ਨੂੰ ਘੜੀਸਦਾ ਹੋਇਆ ਉਹ ਰਿਛ ਜਿਹੇ ਆਦਮੀ ਦੇ ਪਿੱਛੇ ਪਿੱਛੇ ਜਾਣ ਲੱਗਾ। ਲਕ ਉੱਪਰ ਦਰਖਤ ਦਾ ਛਿਲਕਾ, ਓੜ੍ਹਨ। ਲੰਮੇ ਨਹੁੰ। ਚਿੱਕੜ ਲਿਬੜੇ ਵਾਲਾਂ ਦੀਆਂ ਲਟੂਰੀਆਂ। ਮੋਟੇ ਚੰਮ ਦੇ ਹੱਥ ਪੈਰ। ਲਿਸ਼ਕਦੇ ਦੰਦਾਂ ਦੀ ਅਨੋਖੀ ਮੁਸਕਾਨ। ਭੇਡਾਂ ਵਾਂਗ ਤਾਲਾਬ ਵਿੱਚੋਂ ਮੂੰਹ ਹੇਠਾਂ ਕਰਕੇ ਪਾਣੀ ਪੀਂਦਾ। ਪਸ਼ੂਆਂ ਵਾਂਗ ਹੀ ਖਾਣਾ ਖਾਂਦਾ। ਬਣਜਾਰੇ ਦਾ ਹਾਸਾ ਨਾ ਰੁਕਿਆ। ਬਣਜਾਰਨ ਦਾ ਹੱਥ ਛੱਡ ਕੇ ਹੱਸਦਾ ਰਿਹਾ। ਹਸਦਾ ਹਸਦਾ ਬੋਲਿਆ- ਤੈਨੂੰ ਅੱਜ ਕੀ ਪੁੱਠੀ ਗੱਲ ਸੁੱਝੀ? ਖਾਹਮਖਾਹ ਮੈਨੂੰ ਚਿੜਾਇਆ। ਹੁਣ ਸਮਝ ਆਈ ਮੇਰੀ ਗੱਲ?
ਕੋਈ ਜਵਾਬ ਨਹੀਂ ਦਿੱਤਾ। ਫਟੀਆਂ ਫਟੀਆਂ ਅੱਖਾਂ ਨਾਲ ਆਦਮੀ ਦੇ ਵਿਗੜੇ ਰੂਪ ਨੂੰ ਦੇਖਦੀ ਰਹੀ। ਸਿਰ ਵਿੱਚ ਵਰੋਲਾ ਜਿਹਾ ਉੱਠਿਆ! ਉਸਨੂੰ ਆਪਣੀ ਵੱਖਰੀ ਰਾਇ ਜਤਾਉਣ ਦਾ ਵੀ ਹੱਕ ਨਹੀਂ? ਕੇਵਲ ਰੋਟੀ ਕੱਪੜਿਆਂ ਖ਼ਾਤਰ ਮਰਦ ਦੀ ਗ਼ੁਲਾਮੀ ਕਰ ਰਹੀ ਹਾਂ? ਜਿਹੋ ਜਿਹੀ ਵੀ ਹੈ, ਰੋਟੀ ਆਖ਼ਰ ਰੋਟੀ ਹੈ। ਕੱਪੜੇ ਕਿੰਨੀ ਕੀਮਤ ਦੇ ਹੋਣ, ਹਨ ਤਾਂ ਤਨ ਦਾ ਕੱਜਣ ਹੀ। ਹਮਬਿਸਤਰ ਹੋਣ ਤੋਂ ਬਿਨਾਂ ਮੇਰੀ ਹੋਰ ਕੋਈ ਹੈਸੀਅਤ ਨਹੀਂ? ਉਸਦੇ ਰੋਮ ਰੋਮ ਵਿੱਚੋਂ ਚਿੰਗਾਰੀਆਂ ਫੁੱਟਣ ਲੱਗੀਆਂ।
ਬਣਜਾਰਨ ਨੂੰ ਚੁੱਪ ਦੇਖ ਕੇ ਬਣਜਾਰੇ ਦਾ ਗ਼ੁੱਸਾ ਸ਼ਾਂਤ ਹੋ ਗਿਆ। ਉਸਦੀਆਂ ਗੱਲ੍ਹਾਂ ਸਹਿਲਾਉਂਦਾ ਹੋਇਆ ਬੋਲਿਆ- ਪਹਿਲਾਂ ਊਟ ਪਟਾਂਗ ਬੋਲ ਦਿੰਨੀ ਐਂ, ਫਿਰ ਉਸਦਾ ਪਛਤਾਵਾ ਕਰਦੀ ਐਂ।
ਬਣਜਾਰਨ ਨੂੰ ਲੱਗਿਆ ਜਿਵੇਂ ਉਸਦੇ ਦਿਲ ਉੱਪਰ ਕੋਈ ਆਰੀ ਚਲਾ ਰਿਹਾ ਹੋਵੇ। ਸਿਰ ਨੂੰ ਝਟਕਾ ਦੇ ਕੇ ਮੁਸਕਾਨ ਸਹਿਤ ਬੋਲੀ- ਪਛਤਾਵਾ? ਪਛਤਾਵਾ ਕਿਸ ਗੱਲ ਦਾ? ਮੈਂ ਹੁਣ ਵੀ ਆਪਣੀ ਗੱਲ ਤੇ ਕਾਇਮ ਹਾਂ।
ਪਤੀ ਦਾ ਖੂਨ ਖੌਲ ਗਿਆ। ਲਾਡੋ ਨੂੰ ਏਨਾ ਹੰਕਾਰ? ਇੰਨੀ ਮੈਂ? ਜ਼ਿਆਦਾ ਸਿਰ ਚੜ੍ਹ ਗਈ। ਗੁੱਤ ਫੜਕੇ ਝਟਕਾ ਦਿੰਦਿਆਂ ਕਿਹਾ- ਤਾਂ ਆਪਣੀ ਗੱਲ ਉੱਪਰ ਕਾਇਮ ਰਹੀਂ, ਡਾਵਾਂਡੋਲ ਨਾ ਹੋਈਂ। ਐਨਾ ਸਿਰ ਚੜ੍ਹਾਉਣ ਦਾ ਇਹੋ ਨਤੀਜਾ ਨਿਕਲਣਾ ਸੀ! ਚੁੱਪ ਚਾਪ ਮੇਰੇ ਸਾਰੇ ਗਹਿਣੇ ਉਤਾਰ, ਫੇਰ ਸਾਰੀ ਉਮਰ ਇਹਦੀ ਸੁਹਬਤ ਦਾ ਜਾਇਕਾ ਲੈਂਦੀ ਰਹੀਂ। ਮੈਨੂੰ ਤੇਰੇ ਅੰਦਰਲਾ ਜਾਨਵਰ ਦਿਸਦਾ ਹੁੰਦਾ ਸੀ।
ਇਹੋ ਜਿਹੀ ਮੂਰਖ ਗੱਲ ਦੇ ਜਵਾਬ ਵਿੱਚ ਦਸ ਵਾਕ ਕਹੇ ਜਾ ਸਕਦੇ ਸਨ ਪਰ ਹੋਠ ਸਿਉਂ ਲਏ। ਇਹੋ ਜਿਹੀ ਨਿਲੱਜੀ ਗੱਲ ਦਾ ਕੀ ਜਵਾਬ ਦੇਣਾ? ਇਸ ਬੰਦੇ ਦੇ ਆਸਰੇ ਨਾਲੋਂ ਮੌਤ ਚੰਗੀ। ਨਫ਼ਰਤ ਨਾਲ ਉਸਦਾ ਮੂੰਹ ਕੌੜਾ ਹੋ ਗਿਆ। ਇਹੋ ਜਿਹੇ ਸੁਹਾਗ ਅਤੇ ਗਹਿਣਿਆਂ ਉੱਪਰ ਲੱਖ ਲਾਹਣਤ!
ਪਿੱਛਾ ਕਰਨ ਵਾਲਿਆਂ ਤੋਂ ਡਰਦਾ ਡਰਦਾ ਰਿਛ ਅੱਗੇ ਅੱਗੇ ਤੁਰੀ ਗਿਆ। ਅਜਿਹਾ ਨਜ਼ਾਰਾ ਕਦੇ ਦੇਖਣ ਨੂੰ ਨਹੀਂ ਮਿਲਿਆ। ਇਹ ਉਸਦਾ ਪਿੱਛਾ ਕਿਉਂ ਕਰ ਰਹੇ ਹਨ? ਕੀ ਵਿਗਾੜਿਆ? ਰਿਛ ਵਰਗੇ ਬੰਦੇ ਨੇ ਜਦੋਂ ਮਰਦ ਨੂੰ ਔਰਤ ਦੀ ਗੁੱਤ ਫੜਦਿਆਂ ਦੇਖਿਆ, ਸਮਝ ਗਿਆ, ਗੁੱਸੇ ਦਾ ਮਾਮਲਾ ਹੈ। ਕੀ ਪਤਾ ਵਿਚਾਰੀ ਨੂੰ ਇਕੱਲੀ ਦੇਖ ਕੇ ਤੰਗ ਕਰ ਰਿਹਾ ਹੋਵੇ! ਉਸਦੀਆਂ ਅੱਖਾਂ ਵਿੱਚ ਅੰਗਿਆਰਾ ਭੜਕਿਆ। ਜਿਵੇਂ ਤੋਪ ਵਿੱਚੋਂ ਨਿਕਲ ਕੇ ਗੋਲਾ ਦੌੜਦਾ ਹੈ, ਇਉਂ ਛਾਲਾਂ ਮਾਰਦਾ ਉਨ੍ਹਾਂ ਕੋਲ ਆਇਆ। ਬਣਮਾਣਸ ਦਾ ਗੁੱਸਾ ਦੇਖਦਿਆਂ ਬਣਜਾਰੇ ਦਾ ਲਹੂ ਖ਼ੁਸ਼ਕ ਹੋ ਗਿਆ। ਤਿੱਖੇ ਨਹੁੰਆਂ ਵਾਲੇ ਹੱਥਾਂ ਨਾਲ ਗਰਦਣ ਫੜ ਲਈ ਤਾਂ ਪ੍ਰਾਣ ਪੰਖੇਰੂ ਹੋ ਜਾਣਗੇ! ਅੱਧ ਪਚੱਧੇ ਗਹਿਣਿਆਂ ਦੀ ਪੋਟਲੀ ਹੱਥ ਵਿੱਚ ਫੜ ਕੇ ਪਿੱਛੇ ਨੂੰ ਖਿਸਕਣ ਲੱਗਾ। ਬਣਜਾਰਨ ਨੇ ਮੁੜ ਕੇ ਉਸ ਵੱਲ ਦੇਖਿਆ ਵੀ ਨਹੀਂ। ਬੁਰੇ ਸੁਫ਼ਨੇ ਵਾਂਗ ਅਚਨਚੇਤ ਬਿਜਲੀ ਗਿਰੀ...!
ਕੁਝ ਦੇਰ ਬਾਅਦ ਰਾਮ ਜਾਣੇ ਕੀ ਸੋਚਕੇ ਉਹ ਬਣਮਾਣਸ ਅਟਪਟੇ ਇਸ਼ਾਰਿਆਂ ਨਾਲ ਛਾਤੀ ਠੋਕ ਕੇ ਉਸਨੂੰ ਸਮਝਾਉਣ ਲੱਗਾ ਕਿ ਉਸਦੇ ਹੁੰਦੇ ਕਿਸੇ ਤੋਂ ਖ਼ਤਰਾ ਨਹੀਂ। ਉਹ ਸਾਰੇ ਜਾਨਵਰਾਂ ਤੋਂ ਵਧ ਤਕੜਾ ਹੈ। ਚੌਂਕ ਕੇ ਬਣਮਾਣਸ ਨੇ ਰਸਤੇ ਵੱਲ ਉਂਗਲ ਕੀਤੀ। ਬਣਜਾਰਨ ਨੇ ਉਧਰ ਦੇਖਿਆ, ਹੱਥ ਵਿੱਚ ਲਾਠੀ ਲਈ ਗਡਰੀਆ ਆਉਂਦਾ ਦਿਸਿਆ। ਲਾਲ ਰੰਗ ਦਾ ਗੋਲ ਸਾਫ਼ਾ। ਇੱਕ ਹੱਥ ਵਿੱਚ ਚਾਂਦੀ ਦਾ ਕੜਾ, ਕਣਕਵੰਨਾ ਰੰਗ। ਦੋ ਹਿੱਸਿਆਂ ਵਿੱਚ ਵੰਡੀ ਹੋਈ ਕਰੜ ਬਰੜੀ ਦਾਹੜੀ। ਬਣਮਾਣਸ ਵਲ ਮੂੰਹ ਕਰਕੇ ਕਹਿੰਦਾ- ਤੇਰੇ ਭਾਗਾਂ ਨੂੰ ਅੱਜ ਇਹ ਪਰੀ ਕਿਧਰੋਂ ਉੱਤਰ ਆਈ? ਕਦੀ ਛੱਪੜ ਵਿੱਚ ਆਪਣੀ ਸ਼ਕਲ ਦੇਖੀ ਹੈ?
ਆਦਮੀਆਂ ਦੀ ਬੋਲੀ ਤੋਂ ਅਨਜਾਣ ਹੁੰਦਿਆਂ ਵੀ ਉਹ ਗਡਰੀਏ ਦੀ ਰਮਜ ਸਮਝ ਗਿਆ, ਕੁਝ ਇਸ਼ਾਰਾ ਕੀਤਾ। ਨੇੜੇ ਆਉਣ ਸਾਰ ਗਡਰੀਆ ਔਰਤ ਨੂੰ ਪਿਛਲੀ ਰਾਮਾਇਣ ਸੁਣਾਉਣ ਲੱਗ ਪਿਆ ਕਿ ਬਾਈ ਸਾਲ ਪਹਿਲਾਂ ਗਿੱਦੜ ਦੇ ਘੁਰਨੇ ਵਿੱਚ ਉਸਨੂੰ ਇੱਕ ਰੋਂਦਾ ਹੋਇਆ ਬੱਚਾ ਮਿਲਿਆ। ਦੇਖਦੇ ਦੇਖਦੇ ਵੱਡਾ ਹੋ ਗਿਆ ਜਿਵੇਂ ਅੱਜ ਕੱਲ੍ਹ ਦੀ ਗੱਲ ਹੋਵੇ। ਦੋ ਲੱਤਾਂ ਉੱਪਰ ਤੁਰਦੇ, ਗੱਲਾਂ ਬਾਤਾਂ ਕਰਦੇ ਆਦਮੀਆਂ ਨਾਲੋਂ ਇਹ ਵਧ ਕੰਮ ਦਾ ਹੈ। ਜਾਣ ਬੁਝ ਕੇ ਆਦਮੀਆਂ ਦੀਆਂ ਆਦਤਾਂ ਇਸ ਨੇੜੇ ਫਟਕਣ ਨਹੀਂ ਦਿੱਤੀਆਂ। ਇਕੱਲਾ ਦਸਾਂ ਜਿੰਨਾ ਕੰਮ ਕਰਦਾ ਹੈ। ਸਾਰਾ ਦਿਨ ਭੇਡਾਂ ਚਰਾਉਂਦੈ, ਰਾਖੀ ਕਰਦੈ। ਇਹ ਹੁੰਦੈ, ਕੋਈ ਜਾਨਵਰ ਭੇਡਾਂ ਵੱਲ ਦੇਖਦਾ ਵੀ ਨਹੀਂ! ਕੌਡੀ ਦਾ ਖਰਚਾ ਨਹੀਂ। ਜੰਗਲ ਵਿੱਚ ਬਾਂਦਰਾਂ ਵਾਂਗ ਆਪੇ ਕੁਝ ਫਲ ਫੁਲ ਖਾ ਲੈਂਦੈ, ਲੂਣ ਨਾ ਤੇਲ, ਕੱਪੜਾ ਨਾ ਲਤਾ, ਓੜ੍ਹਨ ਨਾ ਬਿਛੌਣ, ਚਿਲਮ ਨਾ ਹੁੱਕਾ। ਆਦਮੀਆਂ ਦੀ ਸੁਹਬਤ ਵਿੱਚ ਰਹਿੰਦਾ, ਹੋਰਾਂ ਦੀਆਂ ਨਿਗਾਹਾਂ ਵਿੱਚ ਰੜਕਦਾ, ਆਪਣਾ ਭਲਾ ਬੁਰਾ ਦੇਖ ਕੇ ਚਲਦਾ। ਇੱਥੇ ਕੋਈ ਡਰ ਨੀਂ। ਰਾਮ ਝੂਠ ਨਾ ਬੁਲਾਏ, ਇਸੇ ਦੀ ਬਦੌਲਤ ਨਿੰਮ ਹੇਠ ਸੌਂ ਜਾਨਾ ਤੇ ਜੁਆਂ ਮਾਰਦਾਂ।
ਸਾਰਾ ਕਿੱਸਾ ਧਿਆਨ ਨਾਲ ਸੁਣਕੇ ਬਣਜਾਰਨ ਨੇ ਗੰਭੀਰ ਹੋ ਕਿਹਾ- ਹੁਣ ਤੱਕ ਜੂਆਂ ਮਾਰੀਆਂ ਸੋ ਮਾਰੀਆਂ, ਬਹੁਤ ਹੋ ਗਿਆ। ਹੁਣ ਆਪਣਾ ਇੱਜੜ ਆਪ ਸੰਭਾਲ, ਮੈਂ ਇਸਨੂੰ ਲੈਣ ਆਈ ਹਾਂ।
ਚਰਵਾਹਾ ਤਿਕੜਮੀ ਸੀ। ਸੋਚਿਆ, ਮਾੜੀ ਮੋਟੀ ਬਹਿਸ ਕਰਨ ਦੀ ਕੀ ਤੁਕ? ਉਹ ਮਰਦ ਹੀ ਕੀ ਜੋ ਅਜਨਬੀ ਔਰਤ ਤੋਂ ਹਾਰ ਮੰਨ ਲਏ! ਖੋਪੜੀ ਵਿੱਚ ਘਸੁੰਨ ਖਾਏ ਬਗ਼ੈਰ ਇਹ ਜਨਾਨੀ ਮੰਨੇਗੀ ਕਿੱਥੇ? ਔਰਤ ਨੂੰ ਮਾਰਨ ਲਈ ਲਾਠੀ ਘੁਮਾਈ ਹੀ ਸੀ ਕਿ ਲਪਕ ਕੇ ਬਣਮਾਣਸ ਨੇ ਫੜ ਲਈ। ਚਰਵਾਹਾ ਭੱਜਣ ਹੀ ਲੱਗਾ ਸੀ ਕਿ ਬਣਮਾਣਸ ਨੇ ਸੋਟੀ ਨਾਲ ਜ਼ਬਰਦਸਤ ਵਾਰ ਪਿੱਠ ਤੇ ਕੀਤਾ। ਚੀਕ ਮਾਰ ਕੇ ਚਰਵਾਹਾ ਮੂਧੇ ਮੂੰਹ ਜ਼ਮੀਨ ਸੁੰਘਣ ਲੱਗਾ। ਤਿੱਖੇ ਨਹੁੰਆਂ ਨਾਲ ਕਾਲਜਾ ਚੀਰਨ ਹੀ ਲੱਗਾ ਸੀ ਕਿ ਬਣਜਾਰਨ ਨੇ ਰੋਕ ਦਿੱਤਾ। ਰੁਕ ਕੇ ਦੂਰ ਹਟ ਗਿਆ। ਚਰਵਾਹੇ ਦੀ ਤਾਂ ਜਿਵੇਂ ਜਾਨ ਹੀ ਨਿਕਲ ਗਈ। ਮੁੜ ਹਿੱਲਿਆ ਤੱਕ ਨਹੀਂ।
ਬਣਜਾਰਨ ਨੂੰ ਕਾਫ਼ੀ ਤਸੱਲੀ ਹੋਈ। ਜਾਨਵਰਾਂ ਵਰਗੇ ਇਸ ਬਣਮਾਣਸ ਵਿੱਚ ਇਨੀ ਸਮਝ ਹੋਏਗੀ, ਸੋਚਿਆ ਨਹੀਂ ਸੀ। ਇਸ ਮਹਾਂਬਲੀ ਸਦਕਾ ਸੁੰਨਸਾਨ ਜੰਗਲ ਵਿੱਚ ਉਹ ਬੇਖ਼ੌਫ਼ ਰਹਿ ਸਕਦੀ ਹੈ। ਕਿਤੇ ਜਾਣ ਦੀ ਲੋੜ ਨਹੀਂ। ਇਸੇ ਜੰਗਲ ਵਿੱਚ ਉਹ ਇਸ ਨੂੰ ਫਿਰ ਆਦਮੀ ਬਣਾ ਕੇ ਦਿਖਾਏਗੀ।
ਥੋੜ੍ਹੀ ਦੇਰ ਬਾਅਦ ਗਡਰੀਆ ਕਰਾਹੁੰਦਾ ਹੋਇਆ ਜ਼ਮੀਨ ਤੋਂ ਉੱਠਿਆ। ਬਣਜਾਰਨ ਨੇ ਸੋਚ ਲਿਆ ਸੀ। ਬੋਲੀ- ਕਰਨੀ ਮੂਜਬ ਥੋੜ੍ਹੀ ਬਹੁਤ ਸੇਵਾ ਤਾਂ ਤੇਰੀ ਹੋ ਗਈ! ਮੁੜ ਕੇ ਅਜਿਹੀ ਹਰਕਤ ਕੀਤੀ, ਬਚੇਂਗਾ ਨਹੀਂ। ਤੈਨੂੰ ਪਤੈ ਕੌਣ ਆਂ ਮੈਂ? ਦੱਸਾਂਗੀ ਵੀ ਨਹੀਂ। ਜਾਨ ਦੀ ਲੋੜ ਹੈ ਤਾਂ ਤਮੀਜ ਨਾਲ ਰਹਿ। ਕੱਲ੍ਹ ਸਵੇਰੇ ਨਾਈ ਭੇਜ ਦੇਈਂ ਨਹੀਂ ਤਾਂ ਇਹ ਨਹੁੰਦਰਾਂ ਤੇਰੇ ਘਰ ਵੀ ਪਹੁੰਚ ਸਕਦੀਆਂ ਨੇ।
ਬੇਵਕੂਫ਼, ਕੁੱਟ ਪੈਣ ਤੋਂ ਡਰਦੈ ਜਾਂ ਮੌਤ ਤੋਂ। ਵੱਡੇ ਲੋਕਾਂ ਦਾ ਡਰ ਮੌਤ ਤੋਂ ਵੀ ਵੱਧ ਖ਼ਤਰਨਾਕ। ਹਕੂਮਤ ਦੇ ਨਾਮ ਦਾ ਤਿਣਕਾ ਵੀ ਤਲਵਾਰ ਨਾਲੋਂ ਵੱਧ ਖ਼ਤਰਨਾਕ ਹੁੰਦੈ। ਦਿਲ ਵਿੱਚ ਪੂਰਾ ਦਹਿਲ ਬੈਠ ਗਿਆ। ਹੱਥ ਜੋੜ ਕੇ ਉੱਥੋਂ ਚੱਲਿਆ ਤਾਂ ਘਰ ਪੁੱਜਣ ਤੱਕ ਹੱਥ ਜੁੜੇ ਹੀ ਰਹੇ। ਗ਼ਰੀਬ ਗੁਰਬਿਆਂ ਦੀ ਮਰਦਾਨਗੀ ਇਹੋ ਜਿਹੀ ਹੀ ਹੁੰਦੀ ਹੈ। ਸ਼ੇਰ ਸਾਹਮਣੇ ਭੇਡ, ਭੇਡ ਸਾਹਮਣੇ ਬਘਿਆੜ। ਇੱਜੜ ਉੱਥੀ ਛਡ ਗਿਆ।
ਗਡਰੀਏ ਦੇ ਜਾਣ ਪਿੱਛੋਂ ਬਣਮਾਣਸ ਦੇ ਦਿਲ ਵਿੱਚ ਪਤਾ ਨਹੀਂ ਕੀ ਸੁੱਝੀ, ਕਿਲਕਾਰੀਆਂ ਮਾਰਦਾ, ਛਾਲਾਂ ਲਾਉਂਦਾ ਅੰਬ ਦੇ ਦਰਖਤ ਤੇ ਚੜ੍ਹ ਕੇ ਪੀਲੇ ਪੀਲੇ ਅੰਬ ਤੋੜ ਕੇ ਹੇਠ ਸੁੱਟਣ ਲੱਗਾ। ਫਿਰ ਧੜੰਮ ਕਰਕੇ ਹੇਠਾਂ ਛਾਲ ਮਾਰੀ। ਖਿੰਡੇ ਅੰਬਾਂ ਦੀ ਢੇਰੀ ਲਾ ਕੇ ਬਣਜਾਰਨ ਵੱਲ ਦੇਖਿਆ। ਅੱਖਾਂ ਹੀ ਅੱਖਾਂ ਰਾਹੀਂ ਖਾਣ ਦੀ ਦਾਅਵਤ ਦਿੱਤੀ।
ਭੁੱਖ ਨਹੀਂ ਸੀ ਪਰ ਉਸਦੀ ਪਾਕਿ ਅਰਜ਼ ਕਿਵੇਂ ਮੋੜਦੀ? ਇੱਕ ਅੰਬ ਚੁੱਕਿਆ, ਹੱਥਾਂ ਵਿਚਕਾਰ ਮਥ ਕੇ ਚੂਪਣ ਲੱਗੀ। ਦੂਜਾ ਮਥ ਕੇ ਉਸ ਵੱਲ ਕਰ ਦਿੱਤਾ। ਦੋ ਤਿੰਨ ਵਾਰ ਇਨਕਾਰ ਕਰਕੇ ਫੜ ਲਿਆ। ਜ਼ਿਆਦਾ ਘੁੱਟਣ ਨਾਲ ਅੰਬ ਦੇ ਰਸ ਦੀ ਪਿਚਕਾਰੀ ਉਸਦੀ ਮਿੱਟੀ ਲਿਬੜੀ ਦਾਹੜੀ ਉੱਪਰ ਪੈ ਗਈ। ਸ਼ਰਮ ਨਾਲ ਨੀਵੀਂ ਪਾ ਲਈ। ਦੂਜੇ ਅੰਬ ਵਿੱਚੋਂ ਪਿਚਕਾਰੀ ਨਹੀਂ ਨਿਕਲੀ। ਇੱਕ ਹੋਰ ਅੰਬ ਚੁਕਿਆ, ਬਣਜਾਰਨ ਦੀ ਦੇਖਾ ਦੇਖੀ ਮਥ ਕੇ ਪਿਲਪਿਲਾ ਅੰਬ ਬਣਜਾਰਨ ਵੱਲ ਕਰ ਦਿੱਤਾ ਤੇ ਹੱਸਣ ਲੱਗਾ। ਹਾਸਾ ਇਹੋ ਜਿਹਾ ਜਿਵੇਂ ਕੱਚਾ ਦੁੱਧ ਝਰ ਰਿਹਾ ਹੋਵੇ।
ਬਣਜਾਰਨ ਨੇ ਉਸ ਦੀ ਗੱਲ ਖ਼ੁਸ਼ੀ ਨਾਲ ਮੰਨੀ। ਖਾਣ ਦਾ ਆਨੰਦ ਹੀ ਹੋਰ ਸੀ। ਉਹ ਵੀ ਸਿਰ ਹਿਲਾ ਹਿਲਾ ਪੂਰੇ ਆਨੰਦ ਨਾਲ ਅੰਬ ਚੂਪਦਾ ਰਿਹਾ।
ਸਹਿਜੇ ਸ਼ਾਮ ਢਲਣ ਲੱਗੀ। ਬਣਜਾਰਨ ਨੂੰ ਪਹਿਲੀ ਵਾਰ ਮਹਿਸੂਸ ਹੋਇਆ ਸੂਰਜ ਦਾ ਚਾਨਣ ਕਿੰਨੀ ਤਾਕਤ ਦਿੰਦੈ। ਸੂਰਜ ਡੁੱਬਣ ਸਾਰ ਦਿਲ ਨੂੰ ਡੋਬ ਪੈਣ ਲੱਗਾ। ਇਸ ਦੂਹਰੇ ਹਨ੍ਹੇਰੇ ਵਿੱਚ ਕਿਵੇਂ ਆਪਣਾ ਰਸਤਾ ਖੋਜੇਗੀ? ਪਸ਼ੂ ਪੰਖੀ ਜਿਵੇਂ ਵਿੱਠ ਕਰਕੇ ਅੱਗੇ ਤੁਰ ਜਾਂਦੇ ਨੇ ਉਸੇ ਤਰ੍ਹਾਂ ਪਤੀ, ਛੱਡ ਕੇ ਤੁਰਦਾ ਹੋਇਆ। ਉਲਟਾ ਮੇਰੀ ਹੀ ਲਾਹ ਪਾਹ ਕੀਤੀ। ਹੁਣ ਤੱਕ ਦੂਜਿਆਂ ਆਸਰੇ ਜ਼ਿੰਦਗੀ ਬਿਤਾਈ, ਹੁਣ ਆਪਣੀ ਜ਼ਿੰਦਗੀ ਆਪ ਜੀਆਂਗੀ। ਇੰਨੇ ਸਾਲ ਤਾਂ ਆਪਣੀ ਬੇਜਾਨ ਲੋਥ ਏਧਰ ਉਧਰ ਘੜੀਸਦੀ ਰਹੀ। ਜ਼ਿੰਦਗੀ ਤਾਂ ਮਿਲੀ ਹੀ ਅੱਜ! ਇਸ ਬਣਮਾਣਸ ਦੇ ਨਮਿੱਤ ਉਸਨੂੰ ਇੱਕ ਨਵਾਂ ਸੂਰਜ ਘੜਨ ਦਾ ਮੌਕਾ ਆਪਣੇ ਆਪ ਹੱਥ ਲੱਗਿਆ।
ਨ੍ਹੇਰਾ ਸੰਘਣਾ ਹੋਣ ਲੱਗਾ। ਸੁੰਨਸਾਨ ਜੰਗਲ ਦਾ ਇੱਕ ਇੱਕ ਦਰਖਤ ਜਿਵੇਂ ਅਦਿੱਖ ਉਂਜਲੇ ਨਾਲ ਸਾਰਾ ਚਾਨਣ ਪੀ ਰਿਹਾ ਹੋਵੇ, ਹਰੇਕ ਦਰਖ਼ਤ ਵਾਸਤੇ ਜਿਵੇਂ ਵੱਖੋ ਵੱਖਰੀ ਰਾਤ ਉਤਰੀ ਹੋਵੇ! ਇਹ ਤਾਂ ਰਾਤ ਹੀ ਹੋਰ ਹੈ! ਇਹ ਨ੍ਹੇਰਾ ਹੀ ਵੱਖਰਾ ਹੈ! ਇਹ ਤਾਰੇ ਹੋਰ ਹੀ ਹਨ ਕੁਝ ਤੇ ਇਸ ਬੇਤੁਕੇ ਨਜ਼ਾਰੇ ਨੂੰ ਦੇਖਣ ਵਾਲੀ ਇਹ ਅੱਖ ਵੀ ਕੋਈ ਦੂਸਰੀ ਹੈ। ਕੇਹਾ ਜਾਦੂ ਛਾ ਗਿਆ ਹੈ!
ਥੋੜ੍ਹੀ ਦੇਰ ਤਾਂ ਬਣਮਾਣਸ ਜਾਗਦਾ ਰਿਹਾ, ਆਖ਼ਰ ਰੋਮ ਰੋਮ ਵਿੱਚ ਘੁਲਦੀ ਜਾਂਦੀ ਨੀਂਦ ਹਾਵੀ ਹੋ ਗਈ, ਜ਼ਮੀਨ ਤੇ ਲੇਟ ਗਿਆ, ਛੇਤੀ ਘੁਰਾੜੇ ਮਾਰਨ ਲੱਗਾ। ਘੁਰਾੜਿਆਂ ਦੀ ਆਵਾਜ਼ ਨਾਲ ਪਹਿਲਾਂ ਚੌਂਕੀ ਫਿਰ ਆਪਣੇ ਆਪ ਵਿੱਚ ਗੁੰਮ ਹੋ ਗਈ। ਜਾਗਣ ਦੀ ਇਹੋ ਜਿਹੀ ਮਹਿਮਾ ਉਸਦੇ ਸੁਫ਼ਨੇ ਵਿੱਚ ਵੀ ਕਦੀ ਨਹੀਂ ਸੀ ਆਈ। ਜਿਵੇਂ ਅੱਜ ਪਹਿਲੀ ਵਾਰ ਅੱਖਾਂ ਖੁ ੱਲ੍ਹੀਆਂ ਹੋਣ। ਹੁਣ ਤੱਕ ਤਾਂ ਨ੍ਹੇਰੇ ਦਾ ਕਾਲਾ ਰੂਪ ਹੀ ਦੇਖਿਆ ਸੀ। ਅੱਜ ਉਹੀ ਅੰਧਿਆਰਾ ਉਸਦੀਆਂ ਅੱਖਾਂ ਸਾਹਮਣੇ ਜਗਮਗਾਉਣ ਲੱਗਾ। ਕਿੰਨਾ ਮੋਹਕ! ਕਿੰਨਾ ਸੁਹਣਾ! ਸੂਰਜ ਦੀ ਨੰਗੀ ਰੌਸ਼ਨੀ ਉਸਦੇ ਬਰਾਬਰ ਖਲੋਣ ਦੀ ਹਿੰਮਤ ਨਹੀਂ ਕਰ ਸਕਦੀ! ਜਾਂ ਤਾਂ ਅੱਜ ਅੱਖਾਂ ਦੀ ਜੋਤ ਬਦਲ ਗਈ ਜਾਂ ਨ੍ਹੇਰੇ ਦਾ ਰੂਪ ਬਦਲ ਗਿਆ...!
ਝਿਲਮਿਲਾਉਂਦਾ ਬਰੀਕ ਕਾਲਾ ਲਿਬਾਸ ਪਹਿਨੀ ਦਰਖ਼ਤ ਆਪਣੀ ਆਪਣੀ ਥਾਂ ਤੇ ਸ਼ਾਂਤ ਖਲੋਤੇ ਰਹੇ। ਚਾਰੇ ਪਾਸੇ ਛਾਏ ਉਸ ਅਥਾਹ ਨ੍ਹੇਰੇ ਨੂੰ ਆਪਣੇ ਮਨ ਵਿੱਚ ਉਤਾਰ ਰਹੀ ਸੀ ਕਿ ਹੌਲ਼ੀ-ਹੌਲ਼ੀ ਆਸਮਾਨ ਦੀ ਕੁੱਖ ਚੀਰ ਕੇ ਗੁਲਾਲ ਦਾ ਇੱਕ ਗੋਲਾ ਬਾਹਰ ਆਉਂਦਾ ਦਿਸਿਆ। ਕਾਲੇ ਲਿਬਾਸ ਵਿੱਚ ਚੰਦਰਮਾ ਦੀ ਹਲਕੀ ਚਾਨਣੀ ਘੁਲਣ ਲੱਗੀ। ਦੇਖਦੇ ਦੇਖਦੇ ਲਾਲ ਗੋਲੇ ਦੀ ਰੰਗਤ ਸੁਨਹਿਰੀ ਹੋ ਗਈ! ਇੰਨੇ ਦਿਨ ਇਹੋ ਕੁਦਰਤ ਸੀ, ਇਹੋ ਅੱਖਾਂ ਸਨ ਪਰ ਦਿਸਿਆ ਕੁਝ ਨਹੀਂ ਸੀ! ਅੱਜ ਅੱਖਾਂ ਦਾ ਜਾਲਾ ਕੱਟਿਆ ਗਿਆ ਤਾਂ ਨਿਗ੍ਹਾ ਦੀ ਤਾਸੀਰ ਬਦਲ ਗਈ। ਰੋਮ ਰੋਮ ਮੰਤਰ ਮੁਗਧ! ਅੱਜ ਆਪਣੇ ਦਿਲ ਦੀ ਆਪ ਮਹਾਰਾਣੀ। ਉਸਦੇ ਜਿਸਮ ਉੱਪਰ ਕਿਸੇ ਦਾ ਕੁੰਡਾ ਨਹੀਂ। ਸਾਹਮਣੇ ਸੌਂ ਰਹੇ ਇਸ ਬਣਮਾਣਸ ਨੂੰ ਉਸਦੇ ਪੈਰਾਂ ਉੱਪਰ ਖੜ੍ਹਾ ਕਰਕੇ ਅਜਿਹਾ ਇਨਸਾਨ ਬਣਾਏਗੀ ਕਿ ਵੱਡੇ ਵੱਡੇ ਈਰਖਾ ਕਰਨ! ਕੁੱਖ ਦੀ ਸਿਰਜਣਾ ਤੋਂ ਵੀ ਵੱਡਾ ਆਨੰਦ! ਕੁੰਭਕਰਣ ਦੀ ਛਿਮਾਹੀ ਨੀਂਦ ਨਾਲ ਵੀ ਇਸ ਖੁਮਾਰੀ ਦਾ ਸੌਦਾ ਨਹੀਂ ਕੀਤਾ ਜਾ ਸਕਦਾ! ਨਾ ਕੋਈ ਭਿਣਕ, ਨਾ ਆਵਾਜ਼। ਦਸੇ ਦਿਸ਼ਾਵਾਂ ਵਿੱਚ ਮੌਨ ਛਾਇਆ ਹੋਇਆ। ਚੰਦ ਦੇ ਬਹਾਨੇ ਜਿਵੇਂ ਕੁਦਰਤ ਨੇ ਆਪਣੇ ਮੂੰਹ ਉੱਪਰ ਪੱਟੀ ਬੰਨ੍ਹ ਲਈ ਹੋਵੇ।
ਅਚਾਨਕ ਕਿਸੇ ਪੰਖੀ ਦੀ ਤੇਜ਼ ਕੁਰਲਾਹਟ ਗੂੰਜ ਉੱਠੀ, ਜਿਵੇਂ ਹਨ੍ਹੇਰੇ ਦਾ ਕਾਲਜਾ ਚੀਰਦੀ ਹੋਈ ਕਟਾਰ ਸਰਕ ਰਹੀ ਹੋਵੇ। ਬਣਜਾਰਨ ਦੇ ਸਾਰੇ ਜਿਸਮ ਵਿੱਚ ਲਹਿਰ ਦੌੜ ਗਈ। ਚੌਂਕ ਕੇ ਉੱਪਰ ਦੇਖਿਆ। ਤਾਰੇ ਵੀ ਉਸ ਵਾਂਗ ਕੰਬ ਰਹੇ ਸਨ। ਬਣਮਾਣਸ ਘੁਰਾੜੇ ਮਾਰ ਰਿਹਾ ਸੀ। ਉਸ ਵਿੱਚ ਹਿੰਮਤ ਆਈ। ਇਹ ਨਾਲ ਹੈ ਤਾਂ ਜਮਰਾਜ ਦਾ ਵੀ ਫ਼ਿਕਰ ਨਹੀਂ। ਤਿੱਖੀ ਕੁਰਲਾਹਟ ਖ਼ਤਮ ਹੋਈ ਤਾਂ ਝੀਂਗਰਾਂ ਨੇ ਉਹ ਸਾਜ਼ ਛੇੜੇ ਜਿਵੇਂ ਉਸਦਾ ਮਨੋਰੰਜਨ ਕਰਨ ਵਾਸਤੇ ਰਾਤ ਬੰਸਰੀਆਂ ਵਜਾਣ ਲੱਗੀ ਹੋਵੇ।
ਇੱਕ ਇੱਕ ਤਾਰੇ ਨੂੰ ਆਪਣੀ ਨਿਗ੍ਹਾ ਦੇ ਅਦਿੱਖ ਧਾਗੇ ਵਿੱਚ ਪਰੋਂਦੀ ਪਰੋਂਦੀ ਰਾਤ ਆਖ਼ਰ ਢਲਣ ਲੱਗੀ। ਹਨ੍ਹੇਰਾ ਫਿੱਕਾ ਪੈਣ ਲੱਗਾ। ਪੂਰਬ ਵਿੱਚ ਰੌਸ਼ਨੀ ਦੇ ਹਰਕਾਰੇ ਚਿੜੀਆਂ ਦੀ ਚਹਿਚਹਾਟ ਦੇ ਬਹਾਨੇ ਘੁੰਗਰੂ ਵਜਾ ਰਹੇ ਸਨ। ਉਜਾਲੇ ਦੀ ਚਾਦਰ ਲਹਿਰਾਉਂਦੀ ਹੋਈ ਅੱਗੇ ਵਧਣ ਲੱਗੀ। ਦੇਖਦੇ ਦੇਖਦੇ ਤਾਰੇ ਰੌਸ਼ਨੀ ਦੇ ਹੜ੍ਹ ਵਿੱਚ ਡੁੱਬ ਗਏ। ਹਾਂ ਸਰਘੀ ਦਾ ਤਾਰਾ ਦੇਰ ਤੱਕ ਡਟਿਆ ਰਿਹਾ। ਆਖ਼ਰ ਉਸਦੇ ਪੈਰ ਵੀ ਉਖੜਨੇ ਸਨ, ਉਹ ਵੀ ਗ਼ਾਇਬ ਹੋ ਗਿਆ।
ਘੁਰਾੜਿਆਂ ਦੀ ਤੰਦ ਟੁੱਟੀ। ਬਣਮਾਣਸ ਹੜਬੜਾ ਨੇ ਉੱਠਿਆ। ਬਣਜਾਰਨ ਵੱਲ ਦੇਖ ਮੁਸਕਾਇਆ। ਬਣਜਾਰਨ ਨੂੰ ਲੱਗਾ ਪਿਛਲੇ ਪਾਸਿਓਂ ਕੋਈ ਆ ਰਿਹੈ। ਮੂੰਹ ਉਧਰ ਕੀਤਾ, ਦੇਖਿਆ, ਕੋਈ ਅਜਨਬੀ ਸੀ। ਸ਼ਾਇਦ ਨਾਈ ਹੋਵੇ। ਮੋਤੀਆ ਰੰਗ ਦਾ ਸਾਫ਼ਾ, ਅਧਖੜ ਉਮਰ, ਬਾਂਸ ਵਾਂਗ ਪਤਲਾ ਤੇ ਲੰਮਾ, ਲਕ ਰਤਾ ਝੁਕਿਆ ਹੋਇਆ। ਸਰੀਰ ਵਾਂਗ ਦੰਦ ਵੀ ਪਤਲੇ ਤੇ ਲੰਮੇ। ਨੇੜੇ ਆ ਕੇ ਹੱਥ ਜੋੜ ਪ੍ਰਣਾਮ ਕੀਤੀ।
ਕਿਸੇ ਅਜਨਬੀ ਨੂੰ ਦੇਖਣਸਾਰ ਬਣਮਾਣਸ ਨੇ ਖੰਘੂਰਾ ਮਾਰਿਆ ਤੇ ਦੌੜਦਾ ਹੋਇਆ ਨਜ਼ਦੀਕ ਆਇਆ। ਬਣਜਾਰੀ ਦੇ ਇਸ਼ਾਰੇ ਨਾਲ ਗ਼ੁੱਸਾ ਸ਼ਾਂਤ ਹੋ ਗਿਆ। ਇਸ਼ਾਰੇ ਨਾਲ ਵਾਲ ਕਟਵਾਉਣ ਅਤੇ ਇਸ਼ਨਾਨ ਕਰਨ ਦੀ ਗੱਲ ਸਮਝਾਈ। ਪਹਿਲਾਂ ਅੜਿਆ, ਬਣਜਾਰਨ ਦੇ ਬਾਰ ਬਾਰ ਕਹਿਣ ਤੇ ਮੰਨ ਗਿਆ।
ਆਪਣੇ ਕੰਮ ਵਿੱਚ ਮਾਹਿਰ ਨਾਈ ਚਲਾਕ ਵੀ ਪੂਰਾ। ਬਿਨਾਂ ਕਹੇ ਸਭ ਕੁਝ ਸਮਝ ਗਿਆ। ਧੋਤੀ ਪਰਨਾ ਵੀ ਲੈ ਕੇ ਆਇਆ ਸੀ। ਬਣਮਾਣਸ ਨੂੰ ਝਰਨੇ ਨੇੜੇ ਲੈ ਗਿਆ। ਬਣਜਾਰਨ ਗੁੰਮ ਸੁੰਮ ਬੈਠੀ ਦੇਖਦੀ ਰਹੀ। ਕਿੰਨਾ ਸਮਾਂ ਬੀਤਿਆ ਕਿ ਨਹੀਂ ਬੀਤਿਆ, ਉਸਨੂੰ ਪਤਾ ਨਹੀਂ।
ਮੁਸਕਾਂਦਾ ਨਾਈ ਧੋਤੀ ਪਹਿਨੇ ਬਣਮਾਣਸ ਦੀ ਬਾਂਹ ਫੜੀ ਆਉਂਦਾ ਦਿਸਿਆ। ਇੱਕ ਵਾਰ ਤਾਂ ਆਪਣੀਆਂ ਅੱਖਾਂ ਉੱਪਰ ਯਕੀਨ ਨਹੀਂ ਆਇਆ। ਅੱਧਾ ਝੁਕਿਆ ਹੋਇਆ, ਅੱਡੀਆਂ ਤੇ ਭਾਰ ਪਾ ਕੇ ਉਹ ਬੜੀ ਮੁਸ਼ਕਲ ਨਾਲ ਦੋ ਲੱਤਾਂ ਉੱਪਰ ਤੁਰਦਾ ਆ ਰਿਹਾ ਸੀ। ਸਾਰੀ ਰੰਗਤ ਹੀ ਬਦਲ ਗਈ। ਰਾਖ ਵਿੱਚ ਦਬਿਆ ਅੰਗਿਆਰ ਹਵਾ ਲੱਗਣ ਸਾਰ ਜਿਵੇਂ ਚਮਕਣ ਲੱਗਦਾ ਹੈ, ਇਵੇਂ ਉਸਦਾ ਤਾਂਬੇ ਰੰਗਾ ਚਿਹਰਾ ਚਮਕ ਰਿਹਾ ਸੀ। ਕਿੱਕਰ ਵਰਗਾ ਮਜਬੂਤ ਤੇ ਕਸਿਆ ਸਰੀਰ! ਬਣਜਾਰੀ ਤੇ ਨਿਗ੍ਹਾ ਪੈਂਦਿਆਂ ਹੀ ਉਸਦੀਆਂ ਅੱਖਾਂ ਭਰ ਆਈਆਂ। ਹੰਝੂ ਉਲਾਂਭੇ ਦੇ ਸਨ ਕਿ ਅਹਿਸਾਨ ਦੇ, ਦੁੱਖ ਦੇ ਕਿ ਪਿਆਰ ਦੇ, ਨਾ ਬਣਮਾਣਸ ਨੂੰ ਪਤਾ ਨਾ ਬਣਜਾਰਨ ਨੂੰ। ਮੁਸਕਾਣ ਦੀ ਕੋਸ਼ਿਸ਼ ਕਰਨ ਲੱਗੀ, ਸਗੋਂ ਅੱਖਾਂ ਛਲਕੀਆਂ। ਮਹਿੰਦੀ ਰੰਗੇ ਹੱਥਾਂ ਨਾਲ ਬਣਮਾਣਸ ਦੀਆਂ ਬਾਹਾਂ ਫੜ ਲਈਆਂ ਤੇ ਅਧ- ਝੁਕੇ ਸਰੀਰ ਨੂੰ ਕਿਵੇਂ ਸਿੱਧਾ ਕਰੇ, ਸੋਚਣ ਲੱਗੀ। ਤੁਰੰਤ ਉਸਦੇ ਦਿਲ ਦੀ ਗੱਲ ਸਮਝ ਗਿਆ, ਇੱਕੋ ਝਟਕੇ ਨਾਲ ਸਿੱਧਾ ਖਲੋਅ ਗਿਆ। ਇਉਂ ਕਰਨ ਨਾਲ ਬੇਸ਼ੱਕ ਹੱਥ ਕੁ ਉੱਚਾ ਹੋ ਗਿਆ ਸੀ ਪਰ ਬਣਜਾਰਨ ਨੂੰ ਲੱਗਾ ਜਿਵੇਂ ਅਸਮਾਨ ਤੱਕ ਪੁੱਜ ਗਿਆ ਹੋਵੇ। ਉਸਦੇ ਦੋ ਪੈਰਾਂ ਦੀ ਛੂਹ ਨਾਲ ਧਰਤੀ ਦਾ ਸੁਹਾਗ ਅਮਰ ਹੋ ਗਿਆ। ਹਵਾ ਦੇ ਬੁੱਲਿਆਂ ਨਾਲ ਝੂਮਦੇ ਦਰਖ਼ਤ ਉਸਨੂੰ ਚੌਰ ਕਰਨ ਲੱਗੇ। ਟੇਢਾ ਹੋ ਕੇ ਸੂਰਜ ਉਸਦੀ ਛਵਿ ਨਿਹਾਰਨ ਲੱਗਾ। ਤਿੱਖਾ ਨੱਕ, ਲੰਮੀ ਗਰਦਣ, ਵੱਡੀਆਂ ਵੱਡੀਆਂ ਅੱਖਾਂ, ਕਾਲੀਆਂ ਸ਼ਾਹ ਸੇਹਲੀਆਂ, ਚਿੱਟੇ ਦੰਦ, ਛਾਤੀ ਉੱਤੇ ਵਲਦਾਰ ਰੋਮ। ਲੰਮੇ ਹੱਥ, ਸ਼ੇਰ ਵਰਗਾ ਪਤਲਾ ਲੱਕ।
ਬਣਜਾਰਨ ਉਸਦਾ ਹੱਥ ਫੜ ਕੇ ਅੱਗੇ ਵਧੀ ਤਾਂ ਉਸਦੇ ਪੈਰ ਵਾਰੋਵਾਰ ਉੱਪਰ ਹੇਠ ਉੱਠਦੇ ਗਿਰਦੇ ਪਿੱਛੇ ਪਿੱਛੇ ਚਲ ਪਏ। ਧਰਤੀ ਉੱਪਰ ਹੇਠ ਹੋ ਹੋ ਉਨ੍ਹਾਂ ਨਾਲ ਤੁਰਨ ਲੱਗੀ ਜਿਵੇਂ ਉਹ ਪੈਰਾਂ ਦੀ ਛੂਹ ਛੱਡਣਾ ਹੀ ਨਾ ਚਾਹੁੰਦੀ ਹੋਵੇ। ਉਸ ਪਵਿੱਤਰ ਪਰਿਕਰਮਾ ਦੇ ਗਵਾਹ ਸਨ ਖ਼ੁਦ ਸੂਰਜ, ਧਰਤੀ ਅਤੇ ਜੰਗਲ।
ਕੁਝ ਦੇਰ ਬਾਅਦ ਝੁਕ ਕੇ ਨਾਈ ਨੇ ਜਾਣ ਦੀ ਆਗਿਆ ਮੰਗੀ। ਖ਼ੁਸ਼ੀ ਖ਼ੁਸ਼ੀ ਬਣਜਾਰਨ ਨੇ ਆਪਣਾ ਕੰਗਣ ਉਸਨੂੰ ਦੇ ਕੇ ਕਿਹਾ- ਰਸੋਈ ਦਾ ਸਾਰਾ ਸਾਮਾਨ, ਧੋਤੀਆਂ ਦਾ ਜੋੜਾ, ਅੰਗਰਖੇ ਤੇ ਸਾਫਾ ਲਿਆਈਂ। ਨਾਈ ਕੋਲ ਕੀ ਦੇਰ? ਕਿਤੇ ਸਮਾ ਜ਼ਾਇਆ ਨਹੀਂ ਕਰੇਗਾ, ਹਾਂ ਚਰਵਾਹੇ ਕੋਲ ਦੀ ਲੰਘਦਿਆਂ ਚਿਲਮ ਦੇ ਦੋ ਸੂਟੇ ਲਾਉਣ ਵਿੱਚ ਤਾਂ ਕੀ ਹਰਜ। ਬਣਮਾਣਸ ਬਾਰੇ ਕੁਝ ਗੱਲਾਂ ਕੀਤੀਆਂ। ਪਿੱਠ ਦੀ ਦਰਦ ਨਾਲੋਂ ਕਲੇਜੇ ਦਾ ਦਰਦ ਵਧੀਕ ਦੁੱਖ ਦੇ ਰਿਹਾ ਸੀ ਚਰਵਾਹੇ ਨੂੰ। ਉਸ ਦੀ ਤਾਂ ਨੀਂਦ ਉੱਡ ਗਈ ਸੀ ਉਸੇ ਦਿਨ ਦੀ। ਪਰ ਹੁਣ ਕੀ ਹੋ ਸਕਦਾ ਸੀ? ਲੰਗੋਟੀਆ ਯਾਰ ਇਹ ਨਾਈ ਕੋਈ ਤਿਕੜਮ ਲੜਾਵੇ ਤਾਂ ਸ਼ਾਇਦ ਗੱਲ ਬਣੇ।
ਨਾਈ ਕਾਹਲ ਵਿੱਚ ਸੀ। ਚਰਵਾਹੇ ਨੂੰ ਦਿਲਾਸਾ ਦੇ ਕੇ ਗਠੜੀ ਸਿਰ ਤੇ ਧਰੀ ਤੇਜ਼ ਕਦਮੀਂ ਚੱਲਿਆ। ਦੋਵੇਂ ਜਣੇ ਗਡਰੀਏ ਦਾ ਛਡਿਆ ਇੱਜੜ ਚਾਰ ਰਹੇ ਸਨ। ਨਾਈ ਨਾਲ ਅੱਖਾਂ ਮਿਲੀਆਂ, ਬਣਮਾਣਸ ਮੰਦ ਮੰਦ ਮੁਸਕਾਇਆ। ਪਿਆਸ ਨਹੀਂ ਸੀ, ਫੇਰ ਵੀ ਓਕ ਲਾ ਕੇ ਦੋਹਣੇ ਦਾ ਸਾਰਾ ਪਾਣੀ ਪੀ ਗਿਆ। ਨਾਈ ਉਸ ਦੀ ਮਾਸੂਮੀਅਤ ਉੱਪਰ ਮੁਸਕਾਇਆ, ਕਹਿਣ ਲੱਗਾ- ਜਿੰਨੀ ਤੇਜ਼ੀ ਨਾਲ ਸਿੱਖ ਰਿਹੈ, ਥੋੜ੍ਹੇ ਦਿਨ ਤੱਕ ਸਾਨੂੰ ਪਿੱਛੇ ਛੱਡ ਜਾਏਗਾ।
ਖ਼ੁਸ਼ ਹੋ ਕੇ ਬਣਜਾਰਨ ਬੋਲੀ- ਤੇਰੇ ਮੂੰਹ ਘਿਉ ਸ਼ੱਕਰ। ਇਸੇ ਆਸ ਉੱਤੇ ਜੀ ਰਹੀ ਹਾਂ। ਭਗਵਾਨ ਕਰੇ ਉਹ ਦਿਨ ਜਲਦੀ ਆਏ!
ਜਾਤ ਦਾ ਨਾਈ ਤੇ ਫਿਰ ਚੌਵੀ ਪਿੰਡਾਂ ਦੀ ਬਰਾਦਰੀ ਦਾ ਪੰਚ! ਮਨਭਾਉਂਦੀ ਗੱਲ ਕੀਤੀ- ਆਏ ਕੀ, ਉਹ ਦਿਨ ਤਾਂ ਆ ਗਿਆ। ਹੁਣ ਤਾਂ ਨਜ਼ਰ ਨਾ ਲੱਗਣ ਦਾ ਟੂਣਾ ਕਰਵਾਉਣ ਦਾ ਫ਼ਿਕਰ ਕਰੋ ਜਜਮਾਨ! ਬਣਜਾਰਨ ਦੇ ਚਿਹਰੇ ਉੱਪਰ ਲਾਲੀ ਛਾ ਗਈ, ਧੀਮੀ ਆਵਾਜ਼ ਵਿੱਚ ਬੋਲੀ- ਇੱਥੇ ਨਜ਼ਰ ਲਾਉਣ ਵਾਲਾ ਹੈ ਈ ਕੌਣ? ਦਰਖਤਾਂ ਅਤੇ ਭੇਡਾਂ ਦੀ ਨਜ਼ਰ ਤਾਂ ਲੱਗਿਆ ਨਹੀਂ ਕਰਦੀ।
ਦੋਵਾਂ ਨੇ ਇਕੱਠਿਆਂ ਬਣਮਾਣਸ ਨੂੰ ਦੇਖਿਆ। ਬਿਨਾਂ ਕੋਈ ਗੱਲ ਸਮਝੇ ਹੱਸਣ ਲੱਗਾ, ਦੇਰ ਤੱਕ ਹੱਸਦਾ ਰਿਹਾ। ਨਿਰਮਲ ਹਾਸੇ ਨਾਲ ਉਸਦੀ ਸੁੰਦਰਤਾ ਹੋਰ ਵਧ ਗਈ।
ਦਿਨ ਚੁਟਕੀਆਂ ਵਿੱਚ ਬੀਤ ਰਹੇ ਸਨ। ਇਨਸਾਨ ਦਾ ਗਿਆਨ, ਯਾਦਾਂ ਅਤੇ ਹੋਸ਼ ਹਵਾਸ਼ ਜਿਵੇਂ ਨੀਂਦ ਵਿੱਚ ਗੁੰਮ ਹੋ ਜਾਂਦੇ ਨੇ, ਜਾਗਣ ਸਾਰ ਸਾਰੀ ਚੇਤਨਾ ਫਿਰ ਪਰਤਦੀ ਹੈ, ਇਸੇ ਤਰ੍ਹਾਂ ਪੈਰਾਂ ਉੱਤੇ ਸਿੱਧਾ ਖੜ੍ਹਾ ਹੁੰਦਿਆਂ ਹੀ ਉਹ ਬਣਮਾਣਸ, ਬਣਜਾਰੀ ਦੇ ਸਿਖਾਉਣ ਨਾਲ ਤੁਰਤ ਫੁਰਤ ਇਉਂ ਸਿੱਖਣ ਲੱਗਾ ਜਿਵੇਂ ਪਿਛਲੇ ਜਨਮ ਦੀਆਂ ਭੁੱਲੀਆਂ ਵਿਸਰੀਆਂ ਗੱਲਾਂ ਯਾਦ ਕਰਨ ਲੱਗਾ ਹੋਵੇ। ਬਣਜਾਰਨ ਦੇ ਸਿਖਾਉਣ ਨੂੰ ਸਮਾਂ ਲਗਦਾ, ਸਿੱਖਣ ਲੱਗਿਆਂ ਉਹ ਸਮਾਂ ਨਾ ਲਾਉਂਦਾ। ਇੱਕ ਵਾਰ ਸਿਖਾਉਣ ਪਿੱਛੋਂ ਸਲੀਕੇ ਨਾਲ ਧੋਤੀ ਪਹਿਨਣਾ, ਸਾਫਾ ਬੰਨ੍ਹਣਾ, ਅੰਗਰਖੀ ਦੀਆਂ ਕਸਾਂ ਬੰਨ੍ਹਣੀਆਂ, ਖਾਣ ਪੀਣ, ਨਹਾਣ ਧੋਣ, ਸਭ ਸਿੱਖ ਗਿਆ। ਇੱਜੜ ਚਾਰਨ ਦਾ ਤਰੀਕਾ ਅਉਂਦਾ ਹੀ ਸੀ, ਚੰਗੇ ਚੰਗੇ ਗਡਰੀਆਂ ਨੂੰ ਮਾਤ ਕਰ ਦਿੰਦਾ। ਭੇਡਾਂ ਨੂੰ ਮੇਂ, ਮੇਂ, ਢਰਰ ਢਰਰ ਕਰਕੇ ਬੁਲਾਉਂਦਾ, ਕਈ ਵਾਰ ਤਾਂ ਬਣਜਾਰਨ ਦੇ ਰੋਕਣ ਤੇ ਰੁਕਦਾ।
ਬਾਰ ਬਾਰ ਰਟਾਉਣ ਬਾਅਦ ਵੀ ਚੰਦ ਸੂਰਜ ਦੇ ਨਾਮ ਯਾਦ ਨਾ ਰਹਿੰਦੇ। ਇਤਰਾਜ ਕਰਦਾ ਕਿ ਅਨੰਤ ਰੌਸ਼ਨੀ ਵਰਤਣ ਵਾਲੇ ਮਾਲਕ ਦਾ ਇੰਨਾ ਛੋਟਾ ਨਾਮ? ਉਸਦਾ ਨਾਮ ਤਾਂ ਬਹੁਤ ਬਹੁਤ ਵੱਡਾ ਹੋਣਾ ਚਾਹੀਦੈ ਕਿ ਨਾਮ ਲੈਂਦਿਆਂ ਮੂੰਹ ਵਿੱਚੋਂ ਅੱਗ ਦੀਆਂ ਲਪਟਾਂ ਨਿਕਲਣ। ਸੂਰਜ ਨੂੰ ਚੰਦ ਜਾਂ ਚੰਦ ਨੂੰ ਸੂਰਜ ਜਾਂ ਤਵਾ ਕਹਿ ਦੇਣ ਨਾਲ ਕੀ ਫ਼ਰਕ ਪੈਂਦੈ? ਕਿੱਥੇ ਪਹਾੜ ਕਿੱਥੇ ਕੰਕਰ! ਪਰ ਦੋਵਾਂ ਦੇ ਅੱਖਰ ਬਰਾਬਰ! ਅੱਗ ਦਾ ਨਾਮ ਲੈਣ ਸਾਰ ਜੇ ਜੀਭ ਨਾ ਜਲੇ ਤਾਂ ਮੁਰਦੇ ਸ਼ਬਦ ਫੇਰ ਕਿਸ ਕੰਮ ਦੇ? ਉਹ ਚੁੱਪ ਚਾਪ ਦਲੀਲਾਂ ਸੁਣਦੀ, ਕੋਈ ਜਵਾਬ ਨਾ ਸੁਝਦਾ। ਇਹ ਸਵਾਲ ਉਸਦੇ ਮਨ ਵਿੱਚ ਨਾ ਕਦੀ ਪੈਦਾ ਹੋਏ ਨਾ ਕਿਸੇ ਤੋਂ ਸੁਣੇ।
ਬਣਮਾਣਸ ਤੋਂ ਚਰਵਾਹਾ ਬਣਦਿਆਂ ਹੀ ਉਸਦਾ ਸਾਰਾ ਵਜੂਦ ਬਦਲ ਗਿਆ। ਇੱਕ ਦਿਨ ਬਣਜਾਰਨ ਨੇ ਆਪਣਾ ਨਾਮ ਦੱਸਿਆ ਤਾਂ ਇਤਰਾਜ ਕਰਦਿਆਂ ਕਿਹਾ- ਇਹੋ ਜਿਹਾ ਰੁੱਖਾ ਅਤੇ ਬੇਸੁਆਦ ਨਾਮ? ਤੇਰਾ ਨਾਮ ਤਾਂ ਚਾਨਣੀ ਤੋਂ ਵਧੀਕ ਸੁਹਣਾ ਹੋਣਾ ਚਾਹੀਦੈ। ਮੈਨੂੰ ਉਲਟੇ ਪੁਲਟੇ ਨਾਮ ਨਾ ਦੱਸੋ।
ਅਗਲੇ ਪਲ ਜ਼ੋਰ ਦੀ ਹੱਸਿਆ। ਸੂਰਜ ਵੱਲ ਇਸ਼ਾਰਾ ਕਰਕੇ ਕਿਹਾ- ਇਸਦਾ ਨਾਮ ਸੂਰਜ ਹੋ ਸਕਦਾ ਹੈ ਤਾਂ ਤੇਰਾ ਨਾਮ ਕਾਲਖ ਹੋਵੇ ਬੇਸ਼ੱਕ, ਨਾਮ ਧਾਮ ਵਿੱਚ ਕੀ ਪਿਆ ਹੈ? ਇਹੀ ਬਹੁਤ ਹੈ ਕਿ ਤੂੰ ਲੱਖਾਂ ਵਿੱਚੋਂ ਇੱਕ ਹੈਂ।
ਆਪਣੀ ਉਪਮਾ ਸੁਣਕੇ ਸੰਗ ਨਾਲ ਬਣਜਾਰਨ ਨੂੰ ਮਾਣ ਵੀ ਹੋਇਆ। ਗੱਲ ਅੱਗੇ ਵਧਾਉਂਦਿਆਂ ਕਿਹਾ- ਬੋਲਣਾ ਪੂਰਾ ਨਹੀਂ ਆਇਆ, ਗੱਲਾਂ ਬਣਾਉਣੀਆਂ ਪਹਿਲਾਂ ਸਿੱਖ ਗਿਆ। ਮੇਰੇ ਬਿਨਾਂ ਕਿਸੇ ਔਰਤ ਦਾ ਨਾਮ ਤੱਕ ਸੁਣਿਆ ਨਹੀਂ, ਗੱਲਾਂ ਲੱਖਾਂ ਦੀਆਂ ਕਰਦਾ ਹੈ।
-ਤੁਹਾਡੇ ਵਰਗਾ ਗੁਰੂ ਮਿਲੇ ਤਾਂ ਕੀ ਕੀ ਨਹੀਂ ਔੜਦਾ?
-ਤਾਂ ਇਹ ਕਸੂਰ ਵੀ ਮੇਰਾ ਹੈ?
-ਨਹੀਂ... ਕਸੂਰਵਾਰ ਭੇਡਾਂ ਹਨ!
ਦੋਵੇਂ ਠਹਾਕਾ ਮਾਰ ਕੇ ਹੱਸੇ ਤਾਂ ਜੰਗਲ ਦਾ ਪੱਤਾ ਪੱਤਾ ਹੱਸ ਪਿਆ। ਵਟਣੇ ਅਤੇ ਭੇਡਾਂ ਦੇ ਦੁੱਧ ਦੀ ਮਾਲਸ਼ ਨਾਲ ਉਸਦਾ ਸਰੀਰ ਚਮਕਣ ਲੱਗਾ। ਤਲੂਏ ਅਤੇ ਹਥੇਲੀਆਂ ਬੀਰ ਵਹੁਟੀਆਂ ਵਰਗੇ ਮੁਲਾਇਮ ਹੋ ਗਏ। ਬਣਜਾਰਨ ਦੇ ਨਵੇਂ ਨਵੇਂ ਪਕਵਾਨ ਖਾ ਕੇ ਭੁੱਖ ਹੋਰ ਚਮਕਣ ਲੱਗੀ। ਜੰਗਲ ਦਾ ਕਣ ਕਣ ਨਾਚ ਕਰਦਾ ਮਹਿਸੂਸ ਹੁੰਦਾ। ਉਸਦੀ ਮਿਹਨਤ ਇਸ ਕਦਰ ਜਲਦੀ ਰੰਗ ਦਿਖਾਵੇਗੀ ਕਿਸੇ ਨੂੰ ਚਿਤ ਚੇਤੇ ਨਹੀਂ ਸੀ।
ਝਿਜਕਦਿਆਂ ਇੱਕ ਦਿਨ ਚਰਵਾਹੇ ਨੇ ਪੁੱਛਿਆ- ਤੁਸੀਂ ਜੋ ਸਿਖਾਓ, ਉਹੀ ਸਿਖੀ ਜਾਵਾਂ ਜਾਂ ਜੋ ਮੈਂ ਪੁੱਛਾਂ ਸੋ ਭੀ ਦੱਸੋਗੇ?
-ਜਰੂਰ ਪੁੱਛੋ, ਖ਼ੁਸ਼ੀ ਹੋਇਗੀ। ਮੈਂ ਖ਼ੁਦ ਇਹ ਕਹਿਣਾ ਚਾਹੁੰਦੀ ਸੀ।
ਅੱਖਾਂ ਚੁਰਾਉਂਦਿਆਂ ਚਰਵਾਹੇ ਨੇ ਕਿਹਾ- ਚੁੰਮਣਾ ਕਿਸ ਨੂੰ ਕਹਿੰਦੇ ਨੇ? ਤੁਸੀਂ ਹੁਣ ਤੱਕ ਇਸ ਬਾਰੇ ਮੈਨੂੰ ਕਿਉਂ ਨਹੀਂ ਦੱਸਿਆ?
ਬਣਜਾਰਨ ਦਾ ਜਿਸਮ ਲਰਜ਼ ਗਿਆ। ਉਸ ਨੂੰ ਨਵਾਂ ਗੁਰੂ ਕੌਣ ਮਿਲਿਆ? ਏਨਾ ਕੁਝ ਜਾਣਨ ਤੋਂ ਬਾਅਦ ਕੀ ਉਹ ਕੇਵਲ ਮੇਰੇ ਉੱਪਰ ਨਿਰਭਰ ਰਹੇਗਾ ਫਿਰ? ਲੱਗਾ ਜਿਵੇਂ ਸਰੀਰ ਦੇ ਜੋੜ ਖੁੱਲ੍ਹ ਜਾਣਗੇ। ਮਨ ਕਰੜਾ ਕਰਕੇ ਬੋਲੀ- ਅਜੇ ਤਾਂ ਬੜਾ ਕੁਝ ਜਾਣਨਾ ਹੈ। ਏਨੀ ਜਲਦਬਾਜ਼ੀ ਕਿਸ ਵਾਸਤੇ?
ਪਰ ਉਹ ਤਾਂ ਬੇਤਾਬ ਸੀ। ਇੱਕ ਪਲ ਉਡੀਕੇ ਬਗ਼ੈਰ ਰੁਕ ਰੁਕ ਕੇ ਪੁੱਛਿਆ,
-ਇੱਕ ਗੱਲ ਹੋਰ ਪੁੱਛਣੀ ਹੈ। ਸੱਚ ਸੱਚ ਦੱਸਿਓ...। ਉਭਰੀ ਹੋਈ ਛਾਤੀ ਹੇਠ ਉਹ ਕੀ ਛੁਪਾਇਆ ਹੋਇਐ?
ਅਬੋਧ ਚਰਵਾਹੇ ਮੂੰਹੋਂ ਇਹ ਲਫ਼ਜ਼ ਸੁਣਕੇ ਉਸਦੇ ਹੋਸ਼ ਉਡ ਗਏ। ਇਹ ਪੱਟੀ ਕਿਸ ਨੇ ਪੜ੍ਹਾਈ? ਜਵਾਬ ਦੇਣ ਦੀ ਥਾਂ ਸਵਾਲ ਪੁੱਛਿਆ- ਤੈਨੂੰ ਇਹ ਗੱਲਾਂ ਕਿਸ ਨੇ ਸਿਖਾਈਆਂ? ਚਰਵਾਹੇ ਦੀ ਜੀਭ ਨੂੰ ਅਜੇ ਝੂਠ ਬੋਲਣਾ ਨਹੀਂ ਆਇਆ ਸੀ। ਉਸਨੇ ਤੁਰੰਤ ਨਾਈ ਦਾ ਨਾਮ ਲੈ ਦਿੱਤਾ।
ਬਣਜਾਰਨ ਦੀਆਂ ਅੱਖਾਂ ਅੱਗੇ ਨ੍ਹੇਰਾ ਛਾ ਗਿਆ। ਜਿਸਦਾ ਸ਼ੱਕ ਸੀ ਉਹੀ ਹੋਇਆ। ਦਿਨ- ਬ-ਦਿਨ ਵਧਦੇ ਗਿਆਨ ਦੇ ਧਨੀ ਇਸ ਚਰਵਾਹੇ ਨੂੰ ਕਿਵੇਂ ਵਸ ਵਿੱਚ ਰੱਖੇ? ਕਿਸੇ ਮੰਤਰ ਰਾਹੀਂ ਇਸਨੂੰ ਮੱਖੀ ਬਣਾ ਕੇ ਰੱਖ ਸਕਦੀ! ਜੇ ਹੁਣੇ ਨਾ ਰੋਕ ਸਕੀ ਫਿਰ ਤੀਰ ਹੱਥੋਂ ਨਿਕਲ ਜਾਏਗਾ। ਤਿੱਖੀ ਆਵਾਜ਼ ਵਿੱਚ ਬੋਲੀ- ਇਸ ਨਾਈ ਦੀ ਸੰਗਤ ਛੱਡਦੇ, ਨਹੀਂ ਬੁਰਾ ਹੋਵੇਗਾ!
ਹੱਸ ਕੇ ਕਹਿੰਦਾ- ਕਿਹੀ ਬੇਸਮਝੀ ਦੀਆਂ ਗੱਲਾਂ ਕਰ ਰਹੀ ਹੋ। ਜਾਨਵਰ ਵੀ ਇਕੱਲਾ ਨਹੀਂ ਰਹਿ ਸਕਦਾ, ਆਦਮੀ ਕਿਵੇਂ ਰਹਿ ਸਕਦੈ? ਉਸਦੀ ਸਾਰੀ ਦੁਨੀਆ ਸਾਥ ਸੰਗ ਵਿੱਚ ਹੈ। ਨਾਲੇ ਵਿਚਾਰਾ ਨਾਈ ਸਾਡਾ ਕੀ ਵਿਗਾੜ ਲਏਗਾ। ਬਣਦੀ ਸਰਦੀ ਮੇਰੀ ਸੇਵਾ ਹੀ ਕਰਦੈ। ਕਦੇ ਟਾਲ ਮਟੋਲ ਨੀਂ ਕਰਦਾ। ਅੱਜ ਕੱਲ੍ਹ ਤਾਂ ਬੜੇ ਅਦਬ ਨਾਲ ਪੇਸ਼ ਆਉਂਦੈ। ਤੁਹਾਡੇ ਹੱਥੋਂ ਏਨੀ ਕੁ ਸਮਝ ਪਾਈ ਹੈ, ਨਵੀਆਂ ਗੱਲਾਂ ਹੋਰ ਸਿੱਖਣ ਦਿਉ। ਨਵੇਂ ਸੁਆਦ ਦੇਖਣ ਦਿਉ, ਨਵੀਆਂ ਥਾਵਾਂ ਤੇ ਘੁੰਮਣ ਦਿਉ।
ਬਣਜਾਰਨ ਉਸਦੇ ਮੂੰਹ ਵੱਲ ਦੇਖਦੀ ਰਹਿ ਗਈ। ਉਹ ਉਸਦੀ ਹੈਰਾਨੀ ਦਾ ਕਾਰਨ ਜਾਣ ਗਿਆ। ਦੁੱਗਣੇ ਹੌਂਸਲੇ ਨਾਲ ਕਹਿਣ ਲੱਗਾ- ਤੁਹਾਨੂੰ ਦੱਸਦਿਆਂ ਡਰ ਲਗਦੈ ਪਰ ਅੱਜ ਕੱਲ੍ਹ ਮੇਰਾ ਮਨ ਵਸ ਵਿੱਚ ਨਹੀਂ। ਜੀ ਕਰਦੈ ਵਰੋਲੇ ਵਾਂਗ ਸਾਰੇ ਜਹਾਨ ਵਿੱਚ ਘੁੰਮਾ।
ਦਿਲ ਦੀ ਧੜਕਣ ਰੁਕਦੀ ਲੱਗੀ, ਅਟਕ ਅਟਕ ਪੁੱਛਿਆ- ਇਕੱਲਾ?
-ਇਕੱਲਾ ਕਿਉਂ? ਤੁਹਾਨੂੰ ਮੋਢੇ ਤੇ ਬਿਠਾ ਕੇ। ਇਕੱਲਾ ਤਾਂ ਹੁਣ ਮਰਨਾ ਵੀ ਨੀ ਚਾਹੁੰਦਾ। ਤੁਸੀਂ ਵੀ ਕੀ ਜਾਣੋਗੇ ਕੋਈ ਚੇਲਾ ਮਿਲਿਆ ਸੀ ਕਦੀ...!
ਉਸਦੇ ਸਾਹ ਵਿੱਚ ਸਾਹ ਆਇਆ। ਹੱਸ ਕੇ ਬੋਲੀ- ਤੂੰ ਤਾਂ ਮੇਰਾ ਗੁਰੂ ਲਗਦੈਂ। ਅੱਗੇ ਹੋਰ ਬੋਲਿਆ ਨਹੀਂ ਗਿਆ। ਜੀਭ ਜਿਵੇਂ ਤਾਲੂ ਨਾਲ ਜਾ ਲੱਗੀ। ਨਾ ਜ਼ਬਾਨ ਵਸ ਵਿੱਚ ਨਾ ਦਿਲੋ ਦਿਮਾਗ਼। ਸੋਚਣ ਲੱਗੀ- ਹੋਰ ਦੇਰ ਕੀਤੀ ਇਹ ਹੱਥੋਂ ਨਿਕਲ ਜਾਏਗਾ ਤੇ ਹੱਥ ਮਲਦੀ ਰਹਿ ਜਾਵਾਂਗੀ। ਹੁਣ ਤਾਂ ਕੇਵਲ ਮਿਲਾਪ ਦਾ ਅਨੰਦ ਇਸਨੂੰ ਬੰਨ੍ਹਕੇ ਰੱਖ ਸਕਦੈ। ਦੇਰ ਸਵੇਰ ਤਾਂ ਇਹ ਹੋਏਗਾ ਹੀ, ਫਿਰ ਦੇਰ ਕਰਕੇ ਖ਼ਤਰਾ ਕਿਉਂ ਉਠਾਵਾਂ?
ਉਸਦੇ ਮਨ ਦੀ ਉਥਲ ਪੁਥਲ ਚਰਵਾਹੇ ਤੋਂ ਛੁਪੀ ਨਾ ਰਹੀ। ਨਾਈ ਦੀ ਉਕਸਾਹਟ ਬਾਅਦ ਪਹਿਲਾਂ ਹੀ ਉਸ ਦਾ ਮਨ ਕਾਬੂ ਵਿੱਚ ਨਹੀਂ ਸੀ। ਅੱਜ ਨਾ ਸਹੀ ਤਾਂ ਫਿਰ ਕਦੀ ਨਹੀਂ। ਅੱਖਾਂ ਚੁਰਾਉਂਦਾ ਬੋਲਿਆ- ਅੱਜ ਤੱਕ ਇਹ ਗੱਲਾਂ ਮੈਥੋਂ ਕਿਉਂ ਲੁਕਾਈਆਂ?
ਉਹ ਭਲਾ ਕੀ ਜਵਾਬ ਦਿੰਦੀ? ਨਜ਼ਰ ਨੀਵੀਂ ਕਰੀ ਪੈਰ ਦੇ ਅੰਗੂਠੇ ਨਾਲ ਮਿੱਟੀ ਕੁਰੇਦਦੀ ਬੋਲੀ- ਔਰਤਾਂ ਵਧੀਕ ਗੱਲਾਂ ਬੋਲ ਕੇ ਨਹੀਂ ਕਹਿ ਸਕਦੀਆਂ। ਅੱਗੇ ਪਿੱਛੇ ਕਈ ਕੁਝ ਸੋਚਣਾ ਪੈਂਦੈ।
ਹੱਦ ਤੱਕ ਪੁੱਜ ਕੇ ਵੀ ਉਹ ਹੱਦ ਨੂੰ ਸਮਝਣ ਲਈ ਤਿਆਰ ਨਹੀਂ ਸੀ, ਤੁਰੰਤ ਪੁੱਛਿਆ- ਪਰ ਜਾਣਦੀ ਤਾਂ ਹੈਂ ਨਾ?
ਕੰਬਦੇ ਬੁੱਲ੍ਹਾਂ ਨਾਲ ਧੀਮੀ ਆਵਾਜ਼ ਵਿੱਚ ਬੋਲੀ- ਹਾਂ ਜਾਣਦੀ ਤਾਂ ਹਾਂ।
ਉਸਦੇ ਅੰਗ ਅੰਗ ਵਿੱਚ ਨਸ਼ਾ ਛਾਣ ਲੱਗਾ। ਨਾਈ ਨੇ ਇਹੋ ਜਿਹੀ ਘੁੱਟੀ ਪਿਲਾਈ ਸੀ। ਉਸਦੀਆਂ ਗੱਲ੍ਹਾਂ ਤੇ ਹੱਥ ਫੇਰਦਿਆਂ ਕਹਿੰਦਾ- ਜਿਹੜੀਆਂ ਕਹਿ ਨਹੀਂ ਸਕਦੀ, ਉਹ ਗੱਲਾਂ ਜਾਣਨੀਆਂ ਵੀ ਨਹੀਂ ਚਾਹੀਦੀਆਂ।
ਬਣਜਾਰਨ ਦੇ ਸੁਹਣੇ ਮੁਖੜੇ ਤੇ ਲਾਲੀ ਛਾ ਗਈ। ਦੂਹਰੀ ਲਾਲੀ। ਹੋਠਾਂ ਹੀ ਹੋਠਾਂ ਵਿੱਚ ਕਿਹਾ- ਇਹ ਗੱਲਾਂ ਆਪੇ ਆ ਜਾਂਦੀਆਂ ਨੇ, ਕਿਸੇ ਤੋਂ ਸਿੱਖਣ ਦੀ ਲੋੜ ਨਹੀਂ ਪੈਂਦੀ।
ਭੇਦ ਪ੍ਰਗਟ ਹੋ ਗਿਆ। ਮਨੋ ਇੱਛਾ ਪੂਰੀ ਹੋਈ। ਕਈ ਦਿਨਾਂ ਤੋਂ ਸੰਜੋਗ ਦੀ ਉਡੀਕ ਕਰ ਰਿਹਾ ਸੀ। ਅੱਜ ਮੌਕਾ ਮਿਲਿਆ। ਸਮੇਂ ਸਿਰ ਬੀਜੀਏ ਤਾਂ ਹੀ ਮੋਤੀ ਪੈਦਾ ਹੋਇਆ ਕਰਦੇ ਨੇ। ਫੇਰ ਤਾਂ ਨਾ ਕੋਈ ਗੱਲ, ਨਾ ਬਾਤ, ਨਾ ਹੋਸ਼ ਨਾ ਹਵਾਸ। ਆਕਾਸ਼ ਵਿੱਚੋਂ ਡਿੱਗੇ ਸੂਰਜ ਦੇ ਦੋ ਟੁਕੜੇ ਆਪਸ ਵਿੱਚ ਗੁੰਨ੍ਹੇ ਗਏ।
ਸ੍ਰਿਸ਼ਟੀ ਸਿਰਜਣਾ ਪਿੱਛੋਂ ਸ਼ਾਇਦ ਪਹਿਲੀ ਵਾਰ ਵਕਤ ਅਤੇ ਹਵਾ ਨੂੰ ਰਤਾ ਕੁ ਦਮ ਲੈਣ ਦਾ ਮੰਗਲ ਮੌਕਾ ਮਿਲਿਆ। ਇੱਕ ਦੂਜੇ ਦੇ ਬੰਧਨ ਵਿੱਚ ਬੰਨ੍ਹੇ ਇੱਕ ਥਾਂ ਇੱਕ ਰੂਪ ਹੋ ਗਏ। ਮੁਕਤ ਹੋਏ ਤਾਂ ਵਕਤ ਅਤੇ ਹਵਾ ਨੂੰ ਬੰਧਨ ਦੇ ਮਹੱਤਵ ਦਾ ਪਤਾ ਲੱਗਿਆ। ਅੱਖਾਂ ਬੰਦ, ਬਣਜਾਰਨ ਬੋਲੀ- ਲਗਦੈ ਕੁਝ ਵੀ ਆਪਣੇ ਟਿਕਾਣੇ ਤੇ ਨਹੀਂ ਰਿਹਾ। ਦਰਖ਼ਤਾਂ ਦੀਆਂ ਜੜ੍ਹਾਂ ਪੋਲੀਆਂ ਹੋ ਗਈਆਂ ਹੋਣਗੀਆਂ। ਸੂਰਜ ਅਤੇ ਪਹਾੜ ਵੀ ਆਪਣੀ ਥਾਂ ਨਹੀਂ ਰਹੇ। ਚਲੋ ਬਾਹਰ ਜਾ ਕੇ ਕੁਦਰਤ ਦੀ ਖ਼ੈਰ ਸੁੱਖ ਪੁੱਛੀਏ...!
ਉਹ ਆਪਣੇ ਅਨੰਦ ਵਿੱਚ ਗੁੰਮ ਸੀ। ਬਣਜਾਰਨ ਦੀ ਗੱਲ ਸੁਣਕੇ ਵੀ ਨਹੀਂ ਸੁਣੀ। ਮਿੱਠਾ ਉਲਾਂਭਾ ਦਿੱਤਾ- ਤੂੰ ਚੰਗੀ ਗੁਰੂ ਮਿਲੀ, ਬੇਕਾਰ ਗੱਲਾਂ ਸਭ ਸਿਖਾ ਦਿੱਤੀਆਂ, ਸਭ ਤੋਂ ਪਹਿਲਾਂ ਸਿਖਾਉਣ ਵਾਲੀ ਗੱਲ ਵੱਲ ਧਿਆਨ ਨਹੀਂ ਦਿੱਤਾ! ਤਾਂ ਵੀ ਗੁਰੂ ਦੱਛਣਾ ਦੇਣ ਵੇਲੇ ਮੈਂ ਕੋਈ ਕਮੀ ਤਾਂ ਨਹੀਂ ਰੱਖੀ?
ਬਣਜਾਰਨ ਦੀਆਂ ਅੱਖਾਂ ਨੂੰ ਜਿਵੇਂ ਬੋਲ ਮਿਲ ਗਏ ਹੋਣ। ਬੋਲੀ-
-ਬਸ ਇਸੇ ਨਾਲ ਖਹਿੜਾ ਛੁਡਾਉਣਾ ਚਾਹੁੰਦਾ ਹੈਂ? ਅਜੇ ਤਾਂ ਕਈ ਨੁਕਸ ਨੇ।
ਥੋੜ੍ਹੀ ਦੇਰ ਬਾਅਦ ਝੋਂਪੜੀ ਵਿੱਚੋਂ ਦੋਵੇਂ ਬਾਹਰ ਆਏ ਤਾਂ ਕੁਦਰਤ ਦੀ ਸਾਰੀ ਰੰਗਤ ਬਦਲੀ ਦਿਸੀ। ਅਨੰਦ ਤੇ ਤਾਲ ਉੱਪਰ ਸਾਰੀ ਬਨਸਪਤੀ ਝੂਮ ਰਹੀ ਨੱਚ ਰਹੀ ਸੀ। ਚੁਪਾਸੇ ਹਰਿਆਲੀ ਹੋਰ ਨਿਖਰ ਗਈ। ਪੱਛਮ ਦੀ ਗੋਦੀ ਵਿੱਚ ਸੂਰਜ ਨੇ ਦਿਲ ਖੋਲ੍ਹਕੇ ਗੁਲਾਲ ਸੁਟਿਆ। ਆਪੋ ਆਪਣੇ ਆਲ੍ਹਣਿਆਂ ਵਿੱਚ ਗਾਉਂਦੇ ਪਰਿੰਦਿਆਂ ਦੀ ਟਿਵ ਟਿਵ ਦੀ ਮਿਠਾਸ ਨਿਰਾਲੀ ਸੀ।
ਅਚਾਨਕ ਚਰਵਾਹੇ ਦੇ ਦਿਲ ਵਿੱਚ ਹੂਕ ਉੱਠੀ। ਟਿਚ ਟਿਚ ਕਰਦਾ ਹੋਇਆ ਪਛਤਾਵੇ ਦੇ ਸੁਰ ਵਿੱਚ ਬੋਲਿਆ- ਤੇਰੇ ਪਿਆਰ ਵਿੱਚ ਭੇਡਾਂ ਨੂੰ ਭੁੱਲ ਹੀ ਗਿਆ! ਸੋਚਦੀਆਂ ਹੋਣੀਆਂ ਇੱਕ ਨਾਲ ਪਿਆਰ ਕਾਰਨ ਸੈਂਕੜੇ ਭੁਲਾ ਦਿੱਤੀਆਂ? ਹੁਣੇ ਆਇਆ।
ਪਿੱਛੋਂ ਜਿਵੇਂ ਆਪਣੇ ਆਪ ਤੋਂ ਡਰਦੀ ਹੋਵੇ। ਘਬਰਾਈ ਆਵਾਜ਼ ਵਿੱਚ ਕਹਿਣ ਲੱਗੀ- ਮੈਂ ਵੀ ਨਾਲ ਚਲਦੀ ਹਾਂ।
-ਤੂੰ ਖਾਹਮਖਾਹ ਕਿਉਂ ਖੇਚਲ ਕਰਦੀ ਹੈਂ? ਇਨੇ ਕੁ ਇੱਜੜ ਵਾਸਤੇ ਤਾਂ ਮੈਂ ਇਕੱਲਾ ਕਾਫ਼ੀ ਹਾਂ।
ਪਿੱਛੇ ਆਉਂਦੀ ਹੋਈ ਕਹਿੰਦੀ- ਮੈਂ ਤੇਰੀ ਛਾਂ ਹਾਂ। ਅੱਠੇ ਪਹਿਰ ਨਾਲ ਨਾਲ ਰਹਾਂਗੀ। ਪਿਛਲੇ ਕੁਝ ਦਿਨਾਂ ਤੋਂ ਇੱਕ ਸਵਾਲ ਚਰਵਾਹੇ ਦੇ ਮਨ ਵਿੱਚ ਘੁੰਮ ਰਿਹਾ ਸੀ ਪਰ ਪੁੱਛਣ ਦਾ ਮੌਕਾ ਨਹੀਂ ਮਿਲਿਆ। ਸਵਾਲ ਹੋਠਾਂ ਤੱਕ ਆਉਂਦਾ, ਫਿਰ ਰੁਕ ਜਾਂਦਾ। ਬਣਜਾਰਨ ਦੇ ਇਹ ਬੋਲ ਸੁਣਕੇ ਸਵਾਲ ਆਪਣੇ ਆਪ ਬਾਹਰ ਆ ਗਿਆ। ਉਸ ਦੀਆਂ ਅੱਖਾਂ ਵਿੱਚ ਨਜ਼ਰ ਗੱਡ ਕੇ ਬੋਲਿਆ- ਜਿਸਦੀ ਛਾਂ ਤੂੰ ਪਹਿਲਾਂ ਹੁੰਦੀ ਸੀ ਉਸਦਾ ਸਾਥ ਕਿਵੇਂ ਛੁਟਿਆ? ਮੈਨੂੰ ਤਾਂ ਉਸ ਦਿਨ ਦੀ ਕੇਵਲ ਇਨੀ ਗੱਲ ਯਾਦ ਹੈ ਕਿ ਉਸਨੇ ਤੇਰੀ ਗੁੱਤ ਫੜੀ ਸੀ।
ਬਣਜਾਰਨ ਦੇ ਦਿਲ ਉੱਪਰ ਜਿਵੇਂ ਸ਼ੇਰ ਨੇ ਪੰਜਾ ਮਾਰਿਆ ਹੋਵੇ। ਪਾਣੀ ਉੱਪਰ ਲਕੀਰ ਵਾਂਗ ਉਸ ਅੰਦਰੋਂ ਸਾਰੀਆਂ ਯਾਦਾਂ ਮਿਟ ਗਈਆਂ ਸਨ ਜਾਂ ਆਪ ਮਿਟਾ ਦਿੱਤੀਆਂ, ਪਰ ਮਿਟੀਆਂ ਕਿੱਥੇ? ਮਿਟਣ ਦਾ ਭਰਮ ਸੀ ਜੋ ਚਰਵਾਹੇ ਦੇ ਪੁੱਛਣ ਸਾਰ ਤੋਪ ਦੇ ਗੋਲੇ ਵਾਂਗ ਭੂਤਕਾਲ, ਵਰਤਮਾਨ ਸਾਹਮਣੇ ਆ ਡਿੱਗਾ। ਅਗਲੇ ਹੀ ਪਲ ਕੁਦਰਤ ਦੀ ਸਾਰੀ ਰੰਗਤ ਵਿਗੜ ਗਈ। ਲੱਗਿਆ ਪੱਤਾ ਪੱਤਾ ਮੂੰਹ ਚਿੜਾ ਰਿਹਾ ਹੋਵੇ। ਚੀਕਦੇ ਪਰਿੰਦੇ ਜਿਵੇਂ ਦੁਰਕਾਰ ਰਹੇ ਹੋਣ! ਦਿਲ ਕੀਤਾ ਸੀ ਕਈ ਵਾਰ ਦੱਸਣ ਨੂੰ, ਚੁੱਪ ਹੋ ਜਾਂਦੀ। ਪਰ ਹੁਣੇ ਇਸ ਨੂੰ ਪੁੱਛਣ ਦੀ ਕੀ ਲੋੜ ਪੈ ਗਈ? ਦੁਖ ਨਾਲ ਬੋਲੀ- ਤੇਰੇ ਮੂੰਹੋਂ ਇਹ ਸਵਾਲ ਨਾ ਸੁਣਦੀ ਚੰਗਾ ਹੁੰਦਾ। ਪਰ ਹੁਣ ਤਾਂ...!
ਵਿਚਕਾਰੋਂ ਗੱਲ ਟੋਕਦਿਆਂ ਬੋਲਿਆ- ਤੇਰੀ ਮਰਜ਼ੀ, ਨਹੀਂ ਗੱਲ ਕਰਨੀ ਨਾ ਸਹੀ। ਮੈਂ ਤਾਂ ਐਵੇਂ ਪੁੱਛ ਲਿਆ।
ਡੂੰਘਾ ਸਾਹ ਲੈ ਕੇ ਬੋਲੀ- ਵੈਸੇ ਹੀ ਪੁਛਦਾ ਤਾਂ ਖ਼ੁਸ਼ੀ ਖ਼ੁਸ਼ੀ ਦਸਦੀ।
ਤੁਰੰਤ ਕੋਈ ਗੱਲ ਨਹੀਂ ਸੁੱਝੀ ਤਾਂ ਚਰਵਾਹੇ ਨੇ ਕਿਹਾ- ਇਸ ਤਰ੍ਹਾਂ ਗ਼ੁੱਸਾ ਕਰੇਂਗੀ ਫਿਰ ਗੱਲ ਕਿਵੇਂ ਹੋਇਆ ਕਰੇਗੀ?
ਬਣਜਾਰੀ ਕੁਝ ਸਹਿਜ ਵਿੱਚ ਆਈ। ਬੋਲੀ- ਹੋਰ ਕੁਝ ਨਾ ਸੁਣੇ ਤਾਂ ਤੇਰੀ ਮਰਜ਼ੀ, ਇਹ ਇੱਕ ਗੱਲ ਸੁਣਨੀ ਪਵੇਗੀ।
ਫਿਰ ਉਸਨੇ ਸਿਲਸਿਲੇ ਵਾਰ ਸਾਰਾ ਕਿੱਸਾ ਵਿਸਥਾਰ ਨਾਲ ਸੁਣਾਇਆ ਤੇ ਨਾਂਹ ਨਾਂਹ ਕਰਦਿਆਂ ਵੀ ਚਰਵਾਹੇ ਨੇ ਕੰਨ ਲਾ ਕੇ ਸਭ ਕੁਝ ਸੁਣਿਆ।
ਸੋਚਦਾ ਰਿਹਾ- ਮੇਰੇ ਕਾਰਨ ਪਤੀ ਪਤਨੀ ਵਿੱਚ ਏਨਾ ਤਕਰਾਰ ਹੋਇਆ! ਜੇ ਬਣਜਾਰਾ ਇਸ ਨੂੰ ਛੱਡ ਕੇ ਨਾ ਜਾਂਦਾ ਤਾਂ ਉਹੀ ਬਣਮਾਣਸ ਦੀ ਜੂਨ ਭੋਗਦਾ। ਸੋਚਦੇ ਹੀ ਰੌਂਗਟੇ ਖੜ੍ਹੇ ਹੋ ਗਏ। ਫਿਰ ਵੀ ਸੰਜੀਦਗੀ ਨਾਲ ਬੋਲਿਆ- ਕੁੱਬੇ ਨੂੰ ਲੱਤ ਰਾਸ ਆ ਗਈ! ਬਣਜਾਰੇ ਦੇ ਗ਼ੁੱਸੇ ਨੇ ਮੇਰੀ ਜ਼ਿੰਦਗੀ ਬਦਲ ਦਿੱਤੀ। ਉਸਦਾ ਇਹ ਅਹਿਸਾਨ ਸੱਤ ਜਨਮ ਨਹੀਂ ਭੁੱਲਿਆ ਜਾ ਸਕਦਾ।
ਇਹ ਗੱਲ ਵੀ ਸੁਣਨੀ ਪੈਣੀ ਸੀ! ਜਿਵੇਂ ਦਿਲ ਵਿੱਚ ਕਟਾਰ ਚੁਭੀ ਹੋਵੇ। ਔਖ ਨਾਲ ਪੁੱਛਿਆ- ਅਤੇ ਮੈਂ? ਮੇਰਾ ਕੀਤਾ ਕਰਾਇਆ ਕੁਝ ਨਹੀਂ?
ਪਛਤਾਵੇ ਦੇ ਸੁਰ ਵਿੱਚ ਬੋਲਿਆ- ਤੇਰੀ ਤਾਂ ਗੱਲ ਹੀ ਹੋਰ ਹੈ। ਤੇਰਾ ਅਹਿਸਾਨ ਸ਼ਬਦ ਨਹੀਂ ਦੱਸ ਸਕਦੇ। ਬਣਜਾਰਾ ਰਹਿਮਦਿਲੀ ਦਿਖਾ ਦਿੰਦਾ ਤਾਂ ਮੇਰਾ ਕੀ ਹਾਲ ਹੁੰਦਾ? ਉਸਦਾ ਕਰਜਾ ਨਾ ਚੁਕਾਵਾਂ ਤਾਂ ਪਾਪ ਲੱਗੇਗਾ। ਹੁਣ ਤਾਂ ਥੋੜ੍ਹੇ ਦਿਨਾਂ ਦੀ ਗੱਲ ਹੈ, ਦੇਖਦੀ ਜਾਹ।
ਉਸਦਾ ਵਹਿਮ ਆਖ਼ਰ ਸਾਹਮਣੇ ਆਇਆ। ਭਰੇ ਮਨ ਨਾਲ ਕਹਿਣ ਲੱਗੀ- ਹੁਣ ਮੈਂ ਹੋਰ ਕੀ ਦੇਖਣਾ? ਜੰਗਲ, ਭੇਡਾਂ, ਦਰਖ਼ਤ, ਪਹਾੜੀਆਂ, ਝਰਨੇ ਮੇਰੇ ਵਾਸਤੇ ਸੁਰਗ ਤੋਂ ਉਤਮ ਹਨ। ਮੈਂ ਸੁਖ ਦੇ ਆਖ਼ਰੀ ਸੋਮੇ ਤੱਕ ਪਹੁੰਚ ਗਈ ਹਾਂ।
-ਪਰ ਮੇਰਾ ਸੁਖ ਅਜੇ ਦੂਰ ਹੈ। ਤੂੰ ਇੱਥੇ ਹੀ ਰੋਕਣਾ ਚਾਹੁੰਦੀ ਹੈਂ? ਇਹ ਨਹੀਂ ਹੋ ਸਕਦਾ!
ਮੈਂ ਤਾਂ ਸੂਰਜ ਚੰਦ ਉੱਪਰ ਰਾਜ ਕਰਨਾ ਚਾਹੁੰਨਾ। ਇਹ ਹਵਾ, ਧੁੱਪ, ਚਾਨਣੀਆਂ ਰਾਤਾਂ ਮੇਰੀ ਖਿਦਮਤ ਵਿੱਚ ਹੋਣਗੀਆਂ! ਇਸ ਨਾਈ ਨੇ ਮੈਨੂੰ ਸਾਰਾ ਭੇਤ ਦੱਸ ਦਿੱਤਾ। ਇਸਨੂੰ ਆਪਣਾ ਖ਼ਾਸ ਦੀਵਾਨ ਬਣਾਊਂਗਾ। ਇਸਦੀ ਮਦਦ ਨਾਲ ਤੂੰ ਮੇਰੀ ਮਹਾਂਰਾਣੀ ਬਣੇਗੀ।
ਉਸਦੀਆਂ ਅੱਖਾਂ ਅੱਗੇ ਧੁੰਦ ਛਾਣ ਲੱਗੀ। ਲੱਕ ਜਿਵੇਂ ਹੌਲ਼ੀ ਹੌਲ਼ੀ ਜਵਾਬ ਦੇਣ ਲੱਗਾ ਹੋਵੇ। ਚਰਵਾਹੇ ਨੂੰ ਝੰਜੋੜ ਕੇ ਬੋਲੀ- ਨਹੀਂ ਨਹੀਂ, ਹੁਣ ਹੋਰ ਨੀ ਆਪਾਂ ਨੂੰ ਕੁਝ ਚਾਹੀਦਾ। ਜੰਗਲ ਦੇ ਇਸ ਸੁਖ ਅੱਗੇ ਵਿਚਾਰੀ ਹਕੂਮਤ ਦੀ ਕੀ ਹੈਸੀਅਤ?
ਦਿਲਾਸਾ ਦਿੰਦਿਆਂ ਚਰਵਾਹਾ ਬੋਲਿਆ- ਇਸੇ ਡਰ ਕਾਰਨ ਮੈਂ ਤੈਨੂੰ ਇਹ ਭੇਦ ਦੱਸਿਆ ਨਹੀਂ। ਹੁਣ ਮੈਂ ਹੌਂਸਲੇ ਵਿੱਚ ਹਾਂ। ਉਸ ਇੱਜੜ ਦੇ ਮਾਲਕ ਚਰਵਾਹੇ ਨੇ ਆਪਣੀ ਗਰਜ ਦੀ ਪੂਰਤੀ ਵਾਸਤੇ ਮੈਨੂੰ ਭੇਡਾਂ ਮਗਰ ਲਾਈ ਰੱਖਿਆ। ਤੇਰੇ ਅਤੇ ਉਸ ਚਰਵਾਹੇ ਵਿੱਚ ਫ਼ਰਕ ਕੀ ਹੋਇਆ ਫਿਰ? ਏਨਾ ਕੁਝ ਸਿਖਾਉਣ ਪਿੱਛੋਂ ਵੀ ਤੂੰ ਮੈਨੂੰ ਉਸੇ ਰੱਸੀ ਨਾਲ ਬੰਨ੍ਹਣਾ ਚਾਹੁੰਦੀ ਹੈਂ। ਇਹ ਨਹੀਂ ਹੋਵੇਗਾ ਹੁਣ! ਇਸ ਜੰਗਲ ਦੀ ਘੁੰਮਣ ਘੇਰੀ ਵਿੱਚ ਮੇਰੀ ਬੁਲੰਦੀ ਕੈਦ ਨਹੀਂ ਕੱਟ ਸਕੇਗੀ। ਹੁਣ ਇਹ ਮੇਰੇ ਵਸ ਵਿੱਚ ਹੈ ਵੀ ਨਹੀਂ। ਜੇ ਅੱਗੇ ਵਧਣ ਤੋਂ ਰੋਕਣਾ ਸੀ ਤਾਂ ਉਸ ਚਰਵਾਹੇ ਵਾਂਗ ਮੈਨੂੰ ਇਨਸਾਨੀ ਰਹਿਣ ਸਹਿਣ ਤੋਂ ਦੂਰ ਰੱਖਣਾ ਸੀ ਫਿਰ।
ਬਣਜਾਰਨ ਦੇ ਮੂੰਹ ਵਿੱਚ ਜਿਵੇਂ ਆਵਾਜ਼ ਨਹੀਂ...! ਬੋਲਣ ਦੀ ਕੋਸ਼ਿਸ਼ ਕੀਤੀ ਪਰ ਅਸਫ਼ਲ। ਚਰਵਾਹੇ ਦੇ ਮੋਢੇ ਤੇ ਸਿਰ ਰੱਖਕੇ ਦੇਰ ਤੱਕ ਰੋਂਦੀ ਰਹੀ।
ਅਚਾਨਕ ਭੀੜ ਦਾ ਸ਼ੋਰੋਗੁਲ, ਰਥਾਂ ਦੀ ਖੜਖੜਾਹਟ ਤੇ ਘੋੜਿਆਂ ਦੇ ਹਿਣਕਣ ਦੀਆਂ ਆਵਾਜ਼ਾਂ ਕੰਨੀ ਪਈਆਂ। ਚੌਂਕ ਕੇ ਇੱਧਰ ਉੱਧਰ ਦੇਖਿਆ। ਸ਼ਹਿਰ ਵੱਲੋਂ ਆਉਂਦੇ ਰਸਤੇ ਰਸਤੇ ਮਸ਼ਾਲਚੀ ਅੱਗੇ ਅੱਗੇ ਆਉਂਦੇ ਦਿਸੇ। ਚਰਵਾਹੇ ਨੇ ਬਣਜਾਰਨ ਦੇ ਹੰਝੂ ਪੂੰਝਦਿਆਂ ਕਿਹਾ- ਪੱਠਾ ਨਾਈ ਲਾਉ ਲਸ਼ਕਰ ਨਾਲ ਆ ਗਿਆ ਲਗਦੈ। ਵਾਕਈ ਜ਼ਬਾਨ ਦਾ ਪੱਕੈ। ਮੇਰੀ ਸਹੁੰ, ਰੋਣ ਧੋਣ ਨਾਲ ਬਦਸ਼ਗਨੀ ਨਾ ਕਰ। ਕੱਲ੍ਹ ਨੂੰ ਚਾਨਣ ਪੱਖ ਦੀ ਤੇਰ੍ਹਵੀਂ ਮੰਗਲੀਕ ਦੇ ਦਿਨ ਮੇਰਾ ਰਾਜਤਿਲਕ ਹੋਵੇਗਾ।
ਖੁੱਲ੍ਹੀਆਂ ਅੱਖਾਂ ਦੇ ਪ੍ਰਤੱਖ ਸੁਫ਼ਨੇ ਸਾਹਮਣੇ ਉਸ ਦਾ ਕੀ ਜ਼ੋਰ? ਸਬਰ ਕਰ ਲਿਆ। ਦੇਖਦਿਆਂ ਦੇਖਦਿਆਂ ਕਾਰਵਾਂ ਨੇੜੇ ਆ ਕੇ ਰੁਕਿਆ। ਕਈ ਬੰਦੇ ਰਥਾਂ ਵਿੱਚੋਂ ਹੇਠ ਉਤਰੇ। ਇੱਜੜ ਦਾ ਪੁਰਾਣਾ ਮਾਲਕ ਅਤੇ ਨਾਈ ਨਮਸਕਾਰ... ਨਮਸਕਾਰ... ਕਰਦੇ ਦੂਹਰੇ ਝੁਕ ਝੁਕ ਕੇ ਅੱਗੇ ਵਧੇ। ਹਿਲਦੇ ਸਿਰ ਉੱਪਰ ਬੁੱਢੇ ਰਾਜਾ ਦਾ ਮੁਕਟ ਵੀ ਹਿੱਲ ਰਿਹਾ ਸੀ। ਬੇਹੋਸ਼ੀ ਜਿਹੀ ਵਿੱਚ ਰਾਜੇ ਨੇ ਚਰਵਾਹੇ ਨੂੰ ਬਾਹਾਂ ਵਿੱਚ ਲੈ ਲਿਆ। ਕੰਬਦੀ ਆਵਾਜ਼ ਵਿੱਚ ਭਰੇ ਗਲੇ ਨਾਲ ਕਿਹਾ- ਮੇਰੇ ਲਾਡਲੇ ਰਾਜਕੁਮਾਰ, ਤੇਰੀ ਤਲਾਸ਼ ਵਿੱਚ ਅਸੀਂ ਇਸ ਜੰਗਲ ਦੀ ਕਿੰਨੀ ਖਾਕ ਛਾਣੀ! ਪਰ ਹੋਣੀ ਨੇ ਇਸ ਦਿਨ ਤੱਕ ਦੀ ਉਡੀਕ ਕਰਵਾਉਣੀ ਸੀ। ਅੱਖਾਂ ਹੁੰਦਿਆਂ ਸੁੰਦਿਆਂ ਅੰਨ੍ਹੇ ਬਣੇ ਰਹੇ। ਤੁਹਾਨੂੰ ਅਨੇਕ ਵਾਰ ਆਪਣੀਆਂ ਅੱਖਾਂ ਨਾਲ ਦੇਖਕੇ ਵੀ ਵਾਪਸ ਮੁੜ ਜਾਂਦੇ। ਚੌਪਾਏ ਬਣਮਾਣਸ ਦੇ ਰੂਪ ਵਿੱਚ ਤੁਹਾਨੂੰ ਕਿਵੇਂ ਪਛਾਣਦੇ? ਭਲਾ ਹੋਵੇ ਇਸ ਨਾਈ ਦਾ ਜਿਸਨੇ ਮਹਿਲ ਵਿੱਚ ਆ ਕੇ ਸੱਚੀ ਗੱਲ ਦੱਸੀ। ਸੁਣਨ ਸਾਰ ਸਮਝ ਗਿਆ ਇਹੀ ਸੱਚ ਹੈ।
ਫਿਰ ਉਸਨੇ ਇਜੜ ਦੇ ਪੁਰਾਣੇ ਮਾਲਕ ਵੱਲ ਨਜ਼ਰ ਘੁਮਾਈ ਤੇ ਗ਼ੁੱਸੇ ਨਾਲ ਬੋਲਿਆ- ਤੂੰ ਮੇਰੇ ਨਾਲ ਕਿਸ ਜਨਮ ਦਾ ਬਦਲਾ ਲਿਆ? ਬਾਰ ਬਾਰ ਪੁੱਛਣ ਤੇ ਵੀ ਤੂੰ ਇਨਕਾਰ ਕਰਦਾ ਰਿਹਾ। ਕਿਉਂ ਕੀਤੀ ਗੁਸਤਾਖੀ?
ਰਾਜੇ ਦੇ ਪੈਰ ਫੜਕੇ ਗਿੜਗਿੜਾਇਆ- ਬਹੁਤ ਵੱਡਾ ਪਾਪ ਹੋਇਆ ਅੰਨਦਾਤਾ! ਇਸ ਗੁਨਾਹ ਸਦਕਾ ਮੌਤ ਦੀ ਸਜ਼ਾ ਘੱਟ ਹੈ।
ਅਗਲੇ ਪਲ ਰਾਜੇ ਦਾ ਗ਼ੁੱਸਾ ਸ਼ਾਂਤ ਹੋ ਗਿਆ। ਪਿਆਰ ਨਾਲ ਕਿਹਾ- ਤੂੰ ਡਰ ਨਾ। ਮੇਰੇ ਹੱਥੋਂ ਅਨਿਆਂ ਨਹੀਂ ਹੋਏਗਾ। ਆਖ਼ਰਕਾਰ ਤੂੰ ਰਾਜਕੁਮਾਰ ਨੂੰ ਜਿਉਂਦਾ ਰੱਖਣ ਵਿੱਚ ਤਾਂ ਮਦਦ ਕੀਤੀ। ਨਹੀਂ ਤਾਂ ਅੱਜ ਦੇ ਦਿਨ ਸੋਨੇ ਦਾ ਇਹ ਸੂਰਜ ਕਿਵੇਂ ਉਦਯ ਹੁੰਦਾ? ਜੋ ਜੀ ਚਾਹੇ ਮੰਗ। ਤੇਰਾ ਉਪਕਾਰ ਆਪਣੇ ਸਿਰ ਉੱਪਰ ਭਾਰ ਵਾਂਗ ਨਹੀਂ ਰੱਖਣਾ।
ਉਹ ਰਾਜੇ ਦੇ ਪੈਰਾਂ ਵਿੱਚ ਲੇਟ ਕੇ ਬੋਲਿਆ- ਇੱਜੜ ਬਿਨਾਂ ਮੈਂ ਜਿਉਂਦਾ ਵੀ ਮੁਰਦੇ ਵਾਂਗ ਹਾਂ। ਗ਼ਰੀਬ ਪਰਵਰ, ਮੇਰਾ ਇੱਜੜ ਮੈਨੂੰ ਵਾਪਸ ਦਿਵਾ ਦਿਉ। ਮੈਨੂੰ ਹੋਰ ਨਹੀਂ ਕੁਝ ਚਾਹੀਦਾ।
ਮੁਸਕਰਾ ਕੇ ਰਾਜੇ ਨੇ ਕਿਹਾ- ਤੂੰ ਵੀ ਮੂਰਖਾਂ ਦਾ ਸਿਰਤਾਜ ਹੈਂ। ਰੇਵੜ ਤਾਂ ਤੇਰਾ ਹੈ ਹੀ। ਰਾਜ ਕੁਮਾਰ ਨੇ ਜਿੰਨਾ ਚਿਰ ਚਰਾਇਆ ਸੋ ਚਰਾਇਆ। ਲੈ ਇਹ ਨੌ ਲੱਖਾ ਹਾਰ ਤੇਰੇ ਹਵਾਲੇ!
ਬਣਜਾਰੀ ਅੱਵਾਕ ਸਾਰਾ ਨਜ਼ਾਰਾ ਦੇਖ ਰਹੀ ਸੀ। ਯਕੀਨ ਨਾ ਕਰੇ ਤਾਂ ਕਿਵੇਂ ਨਾ ਕਰੇ? ਤੇ ਵਿਸ਼ਵਾਸ ਹੁੰਦਾ ਨਹੀਂ ਸੀ। ਬੈਠੇ ਬਿਠਾਏ ਕੀ ਆਫ਼ਤ ਆ ਗਈ!
ਰਾਜ ਪੁਰੋਹਤ ਨੇ ਹੱਥ ਜੋੜ ਕੇ ਪ੍ਰਾਰਥਨਾ ਕੀਤੀ- ਅੰਨਦਾਤਾ, ਇੱਥੋਂ ਵਿਦਾ ਹੋਣ ਦਾ ਸਭ ਤੋਂ ਵਧੀਆ ਮਹੂਰਤ ਇਹੋ ਹੈ। ਹੁਣ ਪਲ ਭਰ ਦੇਰ ਨਾ ਕਰੋ!
-ਦੇਰ ਕਿਸ ਗੱਲ ਦੀ? ਸ਼ੁਭ ਮਹੂਰਤ ਕਿਵੇਂ ਟਾਲਿਆ ਜਾ ਸਕਦੈ? ਚਲੋ।
ਨਾਈ ਕਿਵੇਂ ਪਿੱਛੇ ਰਹੇ? ਤੁਰਤ ਮਾਲਕਾਂ ਅੱਗੇ ਪੱਲਾ ਅੱਡ ਦਿੱਤਾ। ਰਾਜਕੁਮਾਰ ਅਤੇ ਬਣਜਾਰਨ ਦੇ ਚਰਨ ਛੂਹ ਕੇ ਬੋਲਿਆ- ਜੰਗਲ ਦਾ ਬੂਟਾ ਜੰਗਲ ਵਿੱਚ ਹੀ ਰਹੇ ਤਾਂ ਚੰਗਾ। ਤੁਸੀਂ ਰਥ ਵਿੱਚ ਬਿਰਾਜੋ।
ਰਾਜਕੁਮਾਰ ਹੱਸ ਕੇ ਬੋਲਿਆ- ਲੋਲੋ ਪੋਪੋ ਕਰਨ ਦਾ ਕੀ ਅਰਥ? ਤੁਸੀਂ ਅੱਜ ਤੋਂ ਬਾਅਦ ਸਾਡੇ ਦੀਵਾਨ ਹੋ ਗਏ।
ਨਾਈ ਦੀ ਚੁਸਤੀ ਫੁਰਤੀ ਸਦਕਾ ਉਸਨੂੰ ਦੀਵਾਨ ਦਾ ਰੁਤਬਾ ਮਿਲਿਆ, ਇਹ ਮਰਕੇ ਵੀ ਨਹੀਂ ਭੁਲਾਇਆ ਜਾ ਸਕਦਾ। ਆਵਾਜ਼ ਵਿੱਚ ਚਾਸ਼ਣੀ ਘੋਲ ਕੇ ਬੋਲਿਆ- ਜੁੱਤੀਆਂ ਨੂੰ ਪੈਰਾਂ ਦੀ ਥਾਂ ਮਿਲ ਜਾਵੇ ਹੋਰ ਕੀ ਚਾਹੀਦੈ ਮਾਲਕ?
ਗੱਲਾਂ ਕਰਨ ਦੀ ਫੁਰਸਤ ਕਿਸ ਕੋਲ? ਰਥ ਵਾਪਸ ਮੁੜੇ। ਬਣਜਾਰੀ ਦਾ ਬੁਰਾ ਸੁਫ਼ਨਾ ਘੋੜਿਆਂ ਦੀਆਂ ਟਾੱਪਾਂ ਨਾਲ ਅੱਗੇ ਵਧਿਆ। ਰਾਮ ਜਾਣੇ ਇਹ ਰਥ ਕਦੀ ਰੁਕੇਗਾ ਵੀ ਕਿ ਨਹੀਂ।
ਕੰਬਦੇ ਹੱਥ ਰਾਜੇ ਨੇ ਬਣਜਾਰਨ ਦੇ ਸਿਰ ਤੇ ਰੱਖਦਿਆਂ ਕਿਹਾ- ਬੇਟੀ ਤੁਹਾਡਾ ਅਹਿਸਾਨ ਬੋਲਾਂ ਨਾਲ ਉਤਾਰਨਾ ਬੇਅਦਬੀ ਹੈ, ਫਿਰ ਵੀ ਕਹੇ ਬਿਨਾਂ ਰਹਿ ਨਹੀਂ ਸਕਦਾ। ਦੁਖ ਇਸ ਗੱਲ ਦਾ ਹੈ ਕੇਵਲ, ਅੱਜ ਦਾ ਦਿਨ ਵੇਖਣ ਵਾਸਤੇ ਇਨ੍ਹਾਂ ਦੀ ਮਹਾਰਾਣੀ ਮਾਂ ਜਿਉਂਦੀ ਨਹੀਂ। ਕਿਹੋ ਜਿਹੀ ਪਤੀਬਰਤਾ ਔਰਤ ਉੱਤੇ ਮੈਂ ਸ਼ੱਕ ਕੀਤਾ ਪਤਾ ਨਹੀਂ ਕਿਉਂ ਅਕਲ ਤੇ ਪਰਦਾ ਪੈ ਗਿਆ! ਦਰਬਾਰੀਆਂ ਦੀਆਂ ਚਾਲਾਂ ਵਿੱਚ ਮੈਂ ਫਸ ਗਿਆ! ਰਾਜਕੁਮਾਰ ਨੂੰ ਜਨਮ ਦੇਣ ਸਾਰ ਰਾਣੀ ਫਾਂਸੀ ਦੇ ਫੰਦੇ ਉੱਪਰ ਲਟਕ ਗਈ। ਦੀਵਾਨ ਨੂੰ ਸੂਲੀ ਚਾੜ੍ਹ ਕੇ, ਉਸਦੇ ਪਾਪ ਇਸ ਬੱਚੇ ਨੂੰ ਗਿੱਦੜ ਦੀ ਖੱਡ ਵਿੱਚ ਸੁਟਵਾ ਕੇ ਹੀ ਮੈਂ ਦਮ ਲਿਆ। ਸੱਤਵੇਂ ਦਿਨ ਸਾਜ਼ਸ਼ ਪਤਾ ਲੱਗਣ ਤੇ ਮੈਂ ਬੜਾ ਪਛਤਾਇਆ ਪਰ ਉਸਦਾ ਕੀ ਬਣਨਾ ਸੀ? ਰਾਜਕੁਮਾਰ ਦੀ ਤਲਾਸ਼ ਵਿੱਚ ਜੰਗਲ ਦਾ ਪੱਤਾ ਪੱਤਾ ਛਾਣ ਮਾਰਿਆ ਪਰ ਜਦ ਤੱਕ ਮਿਲਾਪ ਦੀ ਘੜੀ ਨਹੀਂ ਆਈ, ਨਹੀਂ ਲੱਭਿਆ। ਆਖ਼ਰ ਨਾਈ ਦੀ ਸਾਰੀ ਗੱਲ ਸੁਣਕੇ ਸਾਡੀ ਭਟਕਣ ਹਟੀ। ਰਾਜਦਾਈ ਨੇ ਜਿੱਥੇ ਦੱਸਿਆ ਸੀ ਸਰੀਰ ਉੱਤੇ ਲਸਣ ਦਾ ਨਿਸ਼ਾਨ ਹੈ, ਉਹ ਵੀ ਮਿਲ ਗਿਆ। ਅੰਨ੍ਹਾ ਵੀ ਦੇਖ ਸਕਦੈ ਰਾਜਕੁਮਾਰ ਮੇਰੇ ਤੇ ਗਿਐ। ਤੁਹਾਡੇ ਹੱਥੋਂ ਆਖ਼ਰ ਸਾਡੇ ਭਾਗ ਜਾਗੇ। ਤੁਸੀਂ ਨਾ ਹੁੰਦੇ, ਰਾਜਕੁਮਾਰ ਹੁੰਦਿਆਂ ਵੀ ਇਹ ਜੰਗਲੀ ਜਾਨਵਰ ਦੀ ਜੂਨ ਭੋਗਦਾ। ਅੱਜ ਮੇਰੀ ਖ਼ਾਹਿਸ਼ ਪੂਰੀ ਹੋਈ। ਕੱਲ੍ਹ ਨੂੰ ਰਾਜਤਿਲਕ ਦੇ ਕੇ ਅਸੀਂ ਕਾਸ਼ੀ ਜੀ ਰਵਾਨਾ ਹੋਵਾਂਗੇ। ਜਦ ਤੱਕ ਪ੍ਰਾਣ ਹਨ ਇਹੀ ਪ੍ਰਾਰਥਨਾ ਕਰਦਾ ਰਹਾਂਗਾ ਕਿ ਦਿਨ ਦੂਣੀ, ਰਾਤ ਚੌਗਣੀ ਤਰੱਕੀ ਕਰੋ, ਰਾਜ ਵਿਸਥਾਰ ਹੋਵੇ। ਦੁਧੀਂ ਨਹਾਉ, ਪੁੱਤੀਂ ਫਲੋ।
ਆਪਣੇ ਦਿਲ ਦੀ ਉਥਲ ਪੁਥਲ ਨੂੰ ਬਣਜਾਰਨ ਨੇ ਆਪਣੇ ਤੱਕ ਰੱਖਿਆ ਤੇ ਰਾਜਾ ਦੇ ਚਰਨਾਂ ਵਿੱਚ ਸੀਸ ਨਿਵਾਇਆ। ਰਾਜਾ ਦਾ ਦਿਲ ਭਰ ਆਇਆ। ਰੁਕਦਿਆਂ ਰੁਕਦਿਆਂ ਮੁਸ਼ਕਲ ਨਾਲ ਬੋਲਿਆ- ਮਾਰਨ ਵਾਲੇ ਨਾਲੋਂ ਬਚਾਉਣ ਵਾਲਾ ਤਕੜਾ ਹੁੰਦਾ ਹੈ, ਫਿਰ ਤੁਸੀਂ ਸੀਸ ਨਿਵਾ ਰਹੇ ਹੋ? ਇਹ ਕੰਮ ਤਾਂ ਮੇਰਾ ਹੈ!
ਹੈਰਾਨ ਹੋ ਕੇ ਦਰਬਾਰੀਆਂ ਨੇ ਦੇਖਿਆ ਰਾਜਾ ਸੀਸ ਨਿਵਾਉਣ ਲਈ ਝੁਕਣ ਲੱਗਾ, ਬਣਜਾਰਨ ਨੇ ਤੁਰੰਤ ਆਪਣੀਆਂ ਬਾਹਾਂ ਨਾਲ ਰੋਕ ਲਿਆ। ਦੋਵਾਂ ਦੀਆਂ ਅੱਖਾਂ ਝਰਨ ਝਰਨ ਵਹਿਣ ਲੱਗੀਆਂ।
ਰਾਜਕੁਮਾਰ ਆਪਣੇ ਹੀ ਸੁਫ਼ਨਿਆਂ ਵਿੱਚ ਮਗਨ। ਦੀਨ ਦੁਨੀਆ ਤੋਂ ਇਕਦਮ ਬੇਖ਼ਬਰ। ਏਨੀ ਖ਼ੁਸ਼ੀ ਕਿ ਜ਼ਮੀਨ ਅਸਮਾਨ ਵਿੱਚ ਨਾ ਸਮਾਏ। ਕਿੱਥੇ ਬਣਮਾਣਸ, ਕਿੱਥੇ ਚਰਵਾਹਾ ਤੇ ਕਿੱਥੇ ਦੇਸ ਦਾ ਮਾਲਕ! ਸਾਰੀ ਦੁਨੀਆ ਨੂੰ ਜੇ ਆਪਣੀ ਹਕੂਮਤ ਵਿੱਚ ਸ਼ਾਮਲ ਨਾ ਕੀਤਾ ਫਿਰ ਲਾਹਨਤ ਹੈ। ਜਦ ਤੱਕ ਹਵਾ, ਸਮੁੰਦਰ ਅਤੇ ਰੌਸ਼ਨੀ ਤੱਕ ਉੱਤੇ ਉਸਦੇ ਰਾਜ ਦੀ ਸਿਆਹੀ ਨਾ ਗਿਰੇ ਤਦ ਤੱਕ ਚੈਨ ਨਾਲ ਨਹੀਂ ਬੈਠੇਗਾ। ਸਿੰਘਾਸਨ ਅਤੇ ਮੁਕਟ ਦਾ ਸੁਆਦ ਚਖੇ ਬਿਨਾਂ ਹੀ ਉਸਦੇ ਸੁਫ਼ਨੇ ਸੂਰਜ ਚੰਦ ਤੱਕ ਉੱਡਣ ਲੱਗੇ।
ਰਾਜਕੁਮਾਰ ਦੇ ਸੁਆਗਤ ਲਈ ਸਾਰਾ ਸ਼ਹਿਰ ਪਲਕਾਂ ਵਿਛਾਈ ਉਡੀਕ ਰਿਹਾ ਸੀ। ਦਾਖ਼ਲ ਹੋਣ ਸਾਰ ਇੱਕ ਸੌ ਇੱਕ ਤੋਪਾਂ ਦੀ ਸਲਾਮੀ ਦਿੱਤੀ ਗਈ, ਹਜ਼ਾਰ ਆਰਤੀਆਂ ਉਤਾਰੀਆਂ, ਵਧਾਈਆਂ ਨੇ ਆਕਾਸ਼ ਸਿਰ ਤੇ ਚੁੱਕ ਲਿਆ। ਅਣਗਿਣਤ ਪੰਡਤਾਂ ਦੇ ਪੰਚਾਂਗਾਂ ਦੇ ਵਰਕੇ, ਮੰਗਲ ਮਹੂਰਤ ਕੱਢਣ ਵਾਸਤੇ ਫੜਫੜਾਉਣ ਲੱਗੇ।
ਅਤਰ ਫੁਲੇਲ ਦੇ ਨਿੱਘੇ ਪਾਣੀ ਨਾਲ ਨਹਾਉਣ ਬਾਅਦ ਬਾਂਦੀਆਂ ਦੀ ਟੋਲੀ ਰਾਜਕੁੰਵਰ ਦੇ ਇਰਦ ਗਿਰਦ ਮੰਡਰਾਉਣ ਲੱਗੀ। ਇੱਕ ਤੋਂ ਵੱਧ ਕੇ ਇੱਕ ਸੁਹਣੀ। ਅੱਖਾਂ ਕੇਵਲ ਦੋ। ਕਿਸ ਕਿਸ ਨੂੰ ਦੇਖ ਸਕਦਾ? ਕਿਸ ਕਿਸ ਦਾ ਰੂਪ ਪੀਂਦਾ? ਅਕਲ ਅਤੇ ਅੱਖਾਂ ਦੋਵੇਂ ਚੁੰਧਿਆ ਗਈਆਂ। ਜੋਤਸ਼ੀਆਂ ਦੇ ਦੱਸੇ ਅਨੁਸਾਰ ਕੱਲ੍ਹ ਦਾ ਚਰਵਾਹਾ ਜਦ ਸਿੰਘਾਸਨ ਤੇ ਬੈਠਾ ਉਸਨੂੰ ਇਉਂ ਲੱਗਣ ਲੱਗਾ ਜਿਵੇਂ ਜੁਗਾਂਤਰਾਂ ਤੋਂ ਧਰਤੀ ਤੇ ਰਾਜ ਕਰਦਾ ਆ ਰਿਹੈ।
ਦਰਬਾਰੀ, ਸਾਮੰਤ, ਠਾਕਰ, ਬਾਂਦੀਆਂ, ਨੌਕਰ ਚਾਕਰ ਖ਼ੁਸ਼ੀ ਵਿੱਚ ਗੜੂੰਦ ਇਧਰ ਉਧਰ ਚੱਕਰ ਕਟ ਰਹੇ ਸਨ, ਉਨ੍ਹਾਂ ਦੇ ਦੇਖਦੇ ਦੇਖਦੇ ਇੱਜੜ ਦਾ ਮਾਲਕ ਸਾਰੀ ਹਕੂਮਤ ਦਾ ਮਾਲਕ ਬਣ ਗਿਆ ਤੇ ਕੱਲ੍ਹ ਦੀ ਬਣਜਾਰਨ ਉਸਦੀ ਮਹਾਰਾਣੀ। ਨਵੇਂ ਰਾਜਾ ਦੇ ਫੁਰਮਾਨ ਸਦਕਾ ਨਾਈ ਨੂੰ ਦੀਵਾਨ ਖ਼ਾਸ ਦਾ ਰੁਤਬਾ ਮਿਲਿਆ। ਰਾਜ ਕੁੰਵਰ ਦੀ ਜ਼ਿੰਦਗੀ ਬਚਾਉਣ ਵਾਲੇ ਗਡਰੀਏ ਨੂੰ ਸੱਤ ਪਿੰਡਾਂ ਦੀ ਜਗੀਰ ਮਿਲੀ। ਹਾਥੀ-ਸਿਰੋਪਾ ਦਾ ਖ਼ਿਤਾਬ ਮਿਲਣ ਤੇ ਲੱਖੀ ਬਣਜਾਰੇ ਨੇ ਇੱਕ ਹਜ਼ਾਰ ਮੁਹਰਾਂ ਰਾਜਾ ਰਾਣੀ ਦੇ ਚਰਨਾਂ ਵਿੱਚ ਭੇਟ ਕੀਤੀਆਂ।
ਬਚਨ ਮੂਜਬ ਨਵੇਂ ਰਾਜਾ ਦਾ ਪਿਤਾ ਪੰਜ ਪੰਡਿਤਾਂ ਸਣੇ ਪੈਦਲ ਕਾਸ਼ੀ ਵੱਲ ਤੁਰ ਪਿਆ। ਰਾਜਸਿੰਘਾਸਨ ਉੱਪਰ ਨਵਾਂ ਰਾਜਾ, ਉਸਦਾ ਨਵਾਂ ਦੀਵਾਨ। ਦੋਵਾਂ ਦੇ ਦਿਲਾਂ ਵਿੱਚ ਨਵੀਆਂ ਨਵੀਆਂ ਵਿਉਂਤਾਂ ਉਭਰਨ ਲੱਗੀਆਂ। ਕਿਹੜੀ ਕਮਜੋਰ ਰਿਆਸਤ ਉੱਤੇ ਹਮਲਾ ਕਰਕੇ ਕਿਵੇਂ ਜਿੱਤਣੈ। ਹਿੰਮਤ ਕਰਕੇ ਇੱਕ ਅੱਧ ਵਾਰ ਰਾਣੀ ਨੇ ਰਾਜਾ ਨੂੰ ਸਮਝਾਉਣ ਦੀ ਕੋਸ਼ਿਸ਼ ਵੀ ਕੀਤੀ, ਕਿਹਾ ਕਿ ਲਾਲਸਾ ਦਾ ਕੋਈ ਅੰਤ ਨਹੀਂ, ਫਿਰ ਬੇਕਾਰ ਰਾਜ ਵਿਸਥਾਰ ਦਾ ਕੀ ਲਾਭ? ਵਧਦੀ ਅਫ਼ਰਾ ਤਫ਼ਰੀ ਅਤੇ ਹਾਇ ਹਾਇ ਅੱਗੇ ਆਰਾਮ ਨਾਲ ਸਾਹ ਲੈਣਾ ਤਾਂ ਨਸੀਬ ਨਹੀਂ ਹੁੰਦਾ।
ਪਰ ਰਾਜਾ ਦੇ ਹੌਂਸਲੇ ਬੁਲੰਦੀਆਂ ਤੇ। ਰਾਣੀ ਦੀ ਬੁੜ ਬੁੜ ਵੱਲ ਧਿਆਨ ਹੀ ਨਹੀਂ। ਆਪਣੇ ਨਵੇਂ ਰੁਤਬੇ ਵਿੱਚ ਪੂਰੀ ਤਰ੍ਹਾਂ ਸਰਾਬੋਰ! ਰਾਣੀ ਆਪਣੀ ਕੁੱਖ ਹਰੀ ਹੋਣ ਦੀ ਖ਼ੁਸ਼ੀ ਵਿੱਚ ਮਗਨ ਸੀ। ਦੋਵਾਂ ਦੀਆਂ ਅੱਖਾਂ ਵਿੱਚ ਵੱਖ ਵੱਖ ਕਿਸਮ ਦੇ ਸੁਫ਼ਨੇ ਪਲ ਰਹੇ। ਰਾਜੇ ਦੀਆਂ ਅੱਖਾਂ ਵਿੱਚ ਵਧਦੀ ਹਕੂਮਤ, ਵਧਦੇ ਸੁਖ, ਨਵੇਂ ਨਵੇਂ ਭੋਗ ਵਿਲਾਸ ਤੇ ਰਾਣੀ ਦੀਆਂ ਅੱਖਾਂ ਵਿੱਚ ਗੋਦ ਫਲਣ ਦੇ ਨਾਲ ਨਾਲ ਨਵੇਂ ਜੀਵ ਦੇ ਸੁਫ਼ਨੇ। ਕਿਵੇਂ ਪਾਲੇ ਕਿਵੇਂ ਪੋਸੇ? ਕਿਵੇਂ ਲਾਡ ਲਡਾਏਗੀ, ਕਿਵੇਂ ਕੀ ਕੀ ਸਿਖਾਏਗੀ। ਰਾਤ ਦਿਨ ਇਸੇ ਉਲਝਣ ਵਿੱਚ ਫਸੀ ਰਹਿੰਦੀ- ਉਸ ਬਣਮਾਣਸ ਦੀ ਜ਼ਿੰਦਗੀ ਚੰਗੀ ਸੀ ਕਿ ਜੰਗਲ ਦੇ ਚਰਵਾਹੇ ਦੀ, ਕਿ ਭੋਗ ਵਿਲਾਸ ਵਿੱਚ ਖਚਿਤ ਸਿੰਘਾਸਨ ਉੱਤੇ ਬੈਠੇ ਰਾਜਾ ਦੀ ਜ਼ਿੰਦਗੀ ਬਿਹਤਰ ਹੈ?
ਬੇਸ਼ੁਮਾਰ ਟਹਿਲੀਏ ਰਾਜਾ ਦੀ ਸੇਵਾ ਵਿੱਚ ਇੱਕ ਲੱਤ ਦੇ ਭਾਰ ਖਲੋਤੇ ਰਹਿੰਦੇ। ਰਾਜਾ ਦਾ ਹੁਕਮ ਹੋਇਆ ਨਹੀਂ ਤੇ ਹਜ਼ਾਰ ਬਾਂਦੀਆਂ ਖਿਦਮਤ ਵਿੱਚ ਹਾਜ਼ਰ ਹੋਈਆਂ ਨਹੀਂ। ਚਾਰੇ ਪਾਸ ੇ ਨਮਸਕਾਰ, ਪ੍ਰਣਾਮ, ਜੀ ਹਜ਼ੂਰੀ ਦੀ ਹੋੜ। ਭੇਟਾਂ ਅਤੇ ਨਜ਼ਰਾਨੇ! ਪੱਥਰ ਦੇ ਬੁੱਤ ਦਾ ਸਿਰ ਵੀ ਫਿਰ ਜਾਂਦਾ, ਉਹ ਤਾਂ ਫੇਰ ਵੀ ਹੱਡ ਮਾਸ ਦਾ ਜਿਉਂਦਾ ਜਾਗਦਾ ਪੁਤਲਾ ਸੀ, ਕਿਵੇਂ ਕਿਸੇ ਦੇ ਵਸ ਵਿੱਚ ਰਹਿੰਦਾ! ਚੜ੍ਹਦੀ ਜਵਾਨੀ, ਵਧਦਾ ਹੌਂਸਲਾ, ਸਿੰਘਾਸਨ ਦਾ ਸਰੂਰ, ਤਾਜ ਦਾ ਹੰਕਾਰ। ਇਸ ਉੱਪਰ ਦਰਬਾਰੀਆਂ ਦਾ ਦੰਦ ਫੰਦ, ਛਲ ਕਪਟ। ਗਡਰੀਆ ਠਾਕਰ, ਲੱਖੀ ਬਣਜਾਰਾ ਅਤੇ ਨਵੇਂ ਦੀਵਾਨ ਵਰਗੇ ਮੁਸਾਹਿਬਾਂ ਦਾ ਸਲਾਹ ਮਸ਼ਵਰਾ! ਦੂਹਰੀ ਵਾਰ ਕਸ਼ੀਦ ਕੀਤੀ ਹੋਈ ਸ਼ਰਾਬ, ਜੀ ਪਰਚਾਵੇ ਲਈ ਨਿਤ ਨਵੀਆਂ ਕੰਵਾਰੀਆਂ ਦਾਸੀਆਂ। ਰੰਗਰਲੀਆਂ ਦਾ ਨਿਤ ਨਵਾਂ ਜ਼ਾਇਕਾ। ਕੱਚੀਆਂ ਕਲੀਆਂ, ਉਧੜਦੇ ਜੋਬਨ। ਦਿਨ ਢਲਣ ਸਾਰ ਰਾਜਾ ਦੀ ਅੱਯਾਸ਼ੀ ਦਾ ਸੂਰਜ ਚੜ੍ਹਦਾ ਤੇ ਸਵੇਰੇ ਅਸਤ ਹੁੰਦਾ।
ਰਾਣੀ ਅੰਦਰ ਹੀ ਅੰਦਰ ਕੁੜ੍ਹਦੀ। ਅੰਦਰ ਹੀ ਅੰਦਰ ਸੁਲਗਦੀ। ਉਸ ਦਾ ਦੁਖ ਸਮਝਣ ਵਾਲਾ ਸਾਰੀ ਰਿਆਸਤ ਵਿੱਚ ਕੋਈ ਨਹੀਂ ਸੀ।
ਨਸ਼ੇ ਵਿੱਚ ਚੂਰ ਰਾਜੇ ਨੂੰ ਇੱਕ ਦਿਨ ਸਾਹਮਣਿਉਂ ਰਾਣੀ ਆਉਂਦੀ ਦਿਖਾਈ ਦਿੱਤੀ ਤਾਂ ਲੜਖੜਾਉਂਦੀ ਜ਼ਬਾਨ ਵਿੱਚ ਬੋਲਿਆ- ਇਸ ਵਧਦੇ ਪੇਟ ਵੱਲ ਦੇਖਣ ਸਾਰ ਮੈਨੂੰ ਉਲਟੀ ਆਉਣ ਵਾਲੀ ਹੋ ਜਾਂਦੀ ਐ। ਤੈਨੂੰ ਇਸ ਗੱਲ ਦਾ ਪਤੈ, ਫੇਰ ਵੀ ਤੂੰ ਮੇਰੇ ਸਾਹਮਣੇ ਆਉਣ ਦੀ ਗੁਸਤਾਖੀ ਕਿਉਂ ਕੀਤੀ? ਤੇਰੀ ਇਹ ਮਜਾਲ?
ਰਾਣੀ ਨੇ ਕੋਈ ਜਵਾਬ ਨਹੀਂ ਦਿੱਤਾ। ਅੰਗਿਆਰ ਉਗਲਣੇ ਚਾਹੁੰਦੀ ਸੀ ਪਰ ਖ਼ੂਨ ਦਾ ਘੁੱਟ ਪੀ ਕੇ ਰਹਿ ਗਈ। ਮੁੜਨ ਲੱਗੀ ਤਾਂ ਰਾਜਾ ਨੇ ਡਗਮਗਾਉਂਦਿਆਂ ਹੱਥ ਫੜ ਕੇ ਕਿਹਾ- ਰਾਜਾ ਸਾਹਮਣੇ ਮਾਮੂਲੀ ਬਣਜਾਰਨ ਦਾ ਇਹ ਹੰਕਾਰ? ਭੜਥਾ ਬਣਵਾ ਸਕਦਾਂ ਤੇਰਾ। ਸੋਚਦੀ ਹੋਏਂਗੀ ਮੈਨੂੰ ਇਸ ਲਾਇਕ ਬਣਾ ਕੇ ਤੂੰ ਮੇਰੇ ਉੱਪਰ ਭਾਰੀ ਅਹਿਸਾਨ ਕੀਤੈ? ਬਣਮਾਣਸ ਦੀ ਜ਼ਿੰਦਗੀ ਵਿੱਚ ਮੈਂ ਵੱਧ ਖ਼ੁਸ਼ ਸਾਂ। ਤੇਰੇ ਚੱਕਰ ਵਿੱਚ ਫਸ ਕੇ ਮੈਂ ਹੁਣ ਤੱਕ ਭਟਕ ਰਿਹਾਂ। ਰਾਮ ਜਾਣੇ ਇਸ ਦਾ ਕਦੋਂ ਤੇ ਕਿਵੇਂ ਅੰਤ ਹੋਵੇਗਾ। ਪਰ ਤੂੰ ਕਿਨ੍ਹਾਂ ਸੋਚਾਂ ਵਿੱਚ ਉਲਝੀ ਹੋਈ ਹੈਂ? ਤੇਰੀ ਹੈਂਕੜ ਮਿਟਾਉਣੀ ਤਾਂ ਮੇਰੇ ਖੱਬੇ ਹੱਥ ਦਾ ਖੇਲ੍ਹ ਹੈ!
ਇਹੋ ਜਿਹੀ ਮੰਦੀ ਗੱਲ ਦਾ ਕੀ ਜਵਾਬ? ਝਟਕੇ ਨਾਲ ਹੱਥ ਛੁਡਾਇਆ ਤੇ ਉੱਥੋਂ ਚਲੀ ਗਈ। ਰਾਜਾ ਬੁੜ ਬੁੜ ਕਰਦਾ ਰੰਗ ਮਹਿਲ ਵੱਲ ਚਲਾ ਗਿਆ। ਫੁੱਲਾਂ ਦੀ ਸੇਜ ਉੱਪਰ ਨਵੀਂ ਕਲੀ ਦਾ ਰੂਪ ਦੇਖਦਿਆਂ ਹੀ ਗ਼ੁੱਸਾ ਠੰਢਾ ਹੋ ਗਿਆ।
ਰਾਣੀ ਦੀ ਅੱਖ ਪਲ ਭਰ ਲਈ ਵੀ ਨਹੀਂ ਲੱਗੀ। ਚੁੰਨੀ ਦੇ ਪੱਲੇ ਨਾਲ ਘਿਉ ਦਾ ਦੀਵਾ ਬੁਝਾ ਦਿੱਤਾ। ਮਾਮੂਲੀ ਕੋਸ਼ਿਸ਼ ਨਾਲ ਇਕ ਚੁਪਾਇਆ ਬਣਮਾਣਸ ਉਸਦੇ ਦੇਖਦੇ ਦੇਖਦੇ ਕਿੱਥੇ ਤੱਕ ਪੁੱਜ ਗਿਆ! ਹੁਣ ਲੱਖ ਯਤਨ ਕਰੋ ਵਾਪਸ ਨਹੀਂ ਪਰਤਾਇਆ ਜਾ ਸਕਦਾ। ਸਮਝਦਾਰੀ ਦਾ ਸਿਰਮੌਰ ਇਹ ਇਨਸਾਨ ਆਪਣੇ ਦੋ ਪੈਰਾਂ ਦੇ ਬਲ ਹਮੇਸ਼ਾਂ ਕੁਰਾਹੇ ਤੇ ਚੱਲੇਗਾ?
ਸੁਫ਼ਨੇ ਵਿੱਚ ਵੀ ਕੀਤੀ ਭੁੱਲ ਸੁਧਾਰੀ ਨਹੀਂ ਜਾ ਸਕਦੀ। ਇਸ ਪ੍ਰਾਸ਼ਚਿਤ ਦਾ ਕੋਈ ਇਲਾਜ ਨਹੀਂ, ਨਾ ਆਖ਼ਰੀ ਪੀੜ੍ਹੀ ਤੱਕ ਇਸ ਭੁੱਲ ਦੇ ਦੰਡ ਤੋਂ ਕੋਈ ਛੁਟਕਾਰਾ! ਸੁੰਨੀਆਂ ਅੱਖਾਂ ਵਾਂਗ ਬਣਜਾਰਨ ਦਾ ਦਿਲ ਵੀ ਸੁੰਨਾ। ਉਦੋਂ ਤੋਂ ਹੁਣ ਤੱਕ ਜੱਚਾਰਾਣੀ ਉਸ ਬੰਦ ਮਹਿਲ ਵਿੱਚ ਪ੍ਰਸੂਤ ਦਰਦ ਨਾਲ ਪਲ ਪਲ ਟਸਕ ਰਹੀ ਹੈ। ਉਸਦੇ ਪੇਟ ਵਿਚੋਂ ਬਣਮਾਣਸ ਵਰਗਾ ਨਿਰਮਲ ਬੱਚਾ ਪੈਦਾ ਹੋਇਗਾ ਕਿ ਕੂਟਨੀਤੀਵਾਨ ਦੁਪਾਇਆ ਮਨੁੱਖ ਦਾ ਜਾਇਆ? ਜਦੋਂ ਤੱਕ ਉਸਦੀ ਕੁੱਖ ਦਾ ਸੁਫ਼ਨਾ ਬਾਹਰ ਨਹੀਂ ਆਏਗਾ ਉਦੋਂ ਤੱਕ ਉਸਦੇ ਦਿਲ ਵਿੱਚ ਸਹਿਕਦੀ ਦੂਹਰੀ ਉਲਝਣ ਸੁਲਝੇਗੀ ਨਹੀਂ...!
(ਮੂਲ ਲੇਖਕ: ਵਿਜੇਦਾਨ ਦੇਥਾ)
(ਅਨੁਵਾਦਕ: ਹਰਪਾਲ ਸਿੰਘ ਪੰਨੂ)