Una O'Dwyer (Punjabi Story) : Gurmeet Karyalvi

ਓਅਨਾ ਓਡਵਾਇਰ (ਕਹਾਣੀ) : ਗੁਰਮੀਤ ਕੜਿਆਲਵੀ

ਮਾਈਕਲ ਫਰਾਂਸਿਸ ਓਡਵਾਇਰ ਮੀਟਿੰਗ ‘ਤੇ ਜਾਣ ਲਈ ਤਿਆਰ ਹੋਣ ਲੱਗਾ ਤਾਂ ਓਅਨਾ ਦਾ ਦਿਲ ਘਟਣ ਲੱਗਾ ਸੀ। ਡਰ ਤਾਂ ਉਸਨੂੰ ਪਹਿਲਾਂ ਵੀ ਲੱਗਦਾ ਰਹਿੰਦਾ ਸੀ ਪਰ ਅੱਜ ਆਮ ਨਾਲੋਂ ਕੁੱਝ ਜਿਆਦਾ ਹੀ ਘਬਰਾਹਟ ਹੋ ਰਹੀ ਸੀ। ਇੱਕ ਵਾਰ ਤਾਂ ਓਅਨਾ ਦਾ ਜੀਅ ਕੀਤਾ ਕਿ ਪਤੀ ਨੂੰ ਸਖ਼ਤੀ ਨਾਲ ਰੋਕੇ ਪਰ ਉਹ ਓਡਵਾਇਰ ਦੇ ਸਖ਼ਤ ਤੇ ਰੁੱਖੇ ਸੁਭਾਅ ਤੋਂ ਤ੍ਰਹਿੰਦੀ ਸੀ। ਉਸਨੇ ਮਲਵੀਂ ਜਿਹੀ ਜੀਭ ਨਾਲ ਝਿਜਕਦਿਆਂ ਝਿਜਕਦਿਆਂ ਮਾਈਕਲ ਨੂੰ ਮੀਟਿੰਗ ‘ਤੇ ਨਾ ਜਾਣ ਦੀ ਸਲਾਹ ਦਿੱਤੀ ਸੀ।

“ਮਾਈਕਲ, ਜੇ ਸਰ ਸਕਦਾ ਏ ਤਾਂ ਜਾਣ ਦਾ ਪ੍ਰੋਗਰਾਮ ਕੈਂਸਲ ਕਰ ਦਿਓ। ਮੇਰੀ ਤਬੀਅਤ ਕੁੱਝ ਠੀਕ ਨਹੀਂ ਹੈ।” ਓਡਵਾਇਰ ਨੂੰ ਰੋਕਣ ਲਈ ਓਅਨਾ ਨੇ ਆਪਣੀ ਤਬੀਅਤ ਦੇ ਖਰਾਬ ਹੋਣ ਦਾ ਬਹਾਨਾ ਕੀਤਾ ਸੀ।

“ਯੂ ਨੋਅ ! ਮੇਰਾ ਜਾਣਾ ਕਿੰਨਾ ਜਰੂਰੀ ਹੈ। ਕੈਕਸਟਨ ਹਾਲ ‘ਚ ਈਸਟ ਇੰਡੀਆ ਅਸੋਸ਼ੀਏਸ਼ਨ ਅਤੇ ਰੁਆਇਲ ਸੈਂਟਰਲ ਏਸ਼ੀਅਨ ਸੁਸਾਇਟੀ ਦੀ ਸਾਂਝੀ ਤੇ ਮਹੱਤਵਪੂਰਨ ਮੀਟਿੰਗ ਹੈ। ਯੂ ਨੋਅ, ਕਿਹੋ ਜਿਹੇ ਲੋਕ ਆ ਰਹੇ ਨੇ ਮੀਟਿੰਗ ‘ਚ ? ਮੀਟਿੰਗ ਦੀ ਪ੍ਰਧਾਨਗੀ ਲਾਰੈਂਸ ਡੂੰਡਾਸ ਮਾਰਕੁਅਸ ਆਫ ਜੈਟਲੈਂਡ ਕਰ ਰਿਹਾ ਜੋ ਉਨ੍ਹੀ ਸੌ ਸਤਾਰਾਂ ਤੋਂ ਉਨ੍ਹੀ ਸੌ ਬਾਈ ਤੱਕ ਬੰਗਾਲ ਦਾ ਗਵਰਨਰ ਰਿਹਾ ਤੇ ਸੈਕਟਰੀ ਆਫ ਸਟੇਟ ਫਾਰ ਇੰਡੀਆ ਦੇ ਪਦ ‘ਤੇ ਰਹਿਣ ਕਰਕੇ ਹਿੰਦੋਸਤਾਨੀ ਮਾਮਲਿਆਂ ਬਾਰੇ ਉਸਨੂੰ ਵਸੀਹ ਗਿਆਨ ਹੈ। ਐਂਡ ਯੂ ਨੋਅ ਬੌਂਬੇ ਦਾ ਗਵਰਨਰ ਰਿਹਾ ਲਾਰਡ ਲਮਿੰਗਟਨ ਅਤੇ ਮੇਰੇ ਤੋਂ ਪਹਿਲਾਂ ਪੰਜਾਬ ਦਾ ਲੈਫਟੀਨੈਂਟ ਗਵਰਨਰ ਰਿਹਾ ਲੁਈਸ ਡੇਨ ਵੀ ਵਿਸ਼ੇਸ਼ ਤੌਰ ‘ਤੇ ਆ ਰਹੇ।”

“ਕੀ ਤੁਹਾਡਾ ਜਾਣਾ ਅਤਿ ਜਰੂਰੀ ਹੈ ?” ਓਅਨਾ ਦੀ ਆਵਾਜ਼ ਬੜੀ ਮੱਧਮ ਸੀ। ਉਸਦੇ ਮੱਥੇ ਉੱਪਰ ਪਏ ਵੱਟ ਹੋਰ ਸੰਘਣੇ ਹੋ ਗਏ। ਉਹ ਮਾਈਕਲ ਨਾਲ ਗੱਲਾਂ ਕਰਦਿਆਂ ਅਕਸਰ ਇਹਨਾਂ ਰਿਟਾਇਰ ਹੋਏ ਬੁੱਢੇ ਨੌਕਰਸ਼ਾਹਾਂ ਦਾ ਮਜ਼ਾਕ ਉਡਾਇਆ ਕਰਦੀ ਸੀ। ਉਹ ਬਰਗੇਡੀਅਰ ਜਨਰਲ ਪਰਸੀ ਸਾਇਕਸ ਨੂੰ ਮਾਨਸਿਕ ਰੋਗੀ, ਲੂਈਸ ਡੇਨ ਨੂੰ ਲੰਮੇ ਕੰਨਾ ਵਾਲਾ ਬੁੱਢਾ ਤੇ ਲਾਰਡ ਲਮਿੰਗਟਨ ਨੂੰ ਮੱਖੀ ਚੂਸ ਕਿਹਾ ਕਰਦੀ ਸੀ। ਓਅਨਾ ਸਭ ਤੋਂ ਵੱਧ ਨਫ਼ਰਤ ਲਾਰਡ ਜੈਟਲੈਂਡ ਨੂੰ ਕਰਦੀ ਸੀ। ਜਦੋਂ ਮਾਈਕਲ ਪੰਜਾਬ ਦਾ ਲੈਫਟੀਨੈਂਟ ਗਵਰਨਰ ਸੀ, ਲਾਰਡ ਜੈਟਲੈਂਡ ਬੰਗਾਲ ਦਾ ਗਵਰਨਰ ਹੁੰਦਾ ਸੀ। ਓਅਨਾ ਜਾਣਦੀ ਸੀ ਕਿ ਮਾਈਕਲ ਦੇ ਵਧੇਰੇ ਫੈਸਲਿਆਂ ‘ਤੇ ਇਸੇ ਖਬੀਸ ਤੇ ਆਕੜਖੋਰ ਬੁੱਢੇ ਲਾਰਡ ਜੈਟਲੈਂਡ ਦਾ ਹੀ ਅਸਰ ਹੁੰਦਾ ਸੀ।

“ਯੂ ਨੋਅ, ਤੂੰ ਕੀ ਕਹਿ ਰਹੀ ਏਂ ? ਮੈਂ ਇਸ ਮੀਟਿੰਗ ਦਾ ਹੀਰੋ ਹੋਵਾਂਗਾ। ਆਈ ਮੀਨ ਰੀਅਲ ਹੀਰੋ। ਯੂ ਨੋਅ, ਪੂਰੇ ਸੰਸਾਰ ਦੀ ਸਿਚੂਏਸ਼ਨ ਕਿੰਨੀ ਕਰਿਟੀਕਲ ਹੈ। ਨਾਜ਼ੀ ਹਿਟਲਰ ਅੱਗੇ ਹੀ ਅੱਗੇ ਵਧਦਾ ਤੁਰਿਆ ਆਉਂਦਾ। ਅਫਗਾਨਿਸਤਾਨ ਦੀ ਮੌਜੂਦਾ ਸਥਿਤੀ ਵੀ ਬ੍ਰਿਟਿਸ਼ਰਜ਼ ਲਈ ਬੜੀ ਮਹੱਤਵਪੂਰਨ ਹੈ। ਮੀਟਿੰਗ ਵਿੱਚ ਇਹਨਾਂ ਤਮਾਮ ਮਸਲਿਆਂ ‘ਤੇ ਵਿਚਾਰ ਹੋਣੀ ਹੈ। ਕੀ ਮੇਰਾ ਉਥੇ ਹੋਣਾ ਜਰੂਰੀ ਨਹੀਂ ਹੈ ?” ਮਾਈਕਲ ਓਡਵਾਇਰ ਨੇ ਪਤਨੀ ਓਅਨਾ ਦੀਆਂ ਅੱਖਾਂ ‘ਚ ਝਾਕਦਿਆਂ ਉਸਨੂੰ ਉਲਟਾ ਸਵਾਲ ਕੀਤਾ ਸੀ। ਓਅਨਾ ਨੇ ਦੇਖਿਆ, ਮਾਈਕਲ ਦੀਆਂ ਅੱਖਾਂ ਮਾਰੂਥਲ ਬਣੀਆਂ ਪਈਆਂ ਸਨ ਜਿੰਨਾਂ ‘ਚ ਦੂਰ ਦੂਰ ਤੱਕ ਵੀ ਪਾਣੀ ਨਹੀਂ ਸੀ। ਓਅਨਾ ਪਿਛਲੇ ਤਿੰਨ ਦਹਾਕਿਆਂ ਤੋਂ ਅਜਿਹੀਆਂ ਖੁਸ਼ਕ ਅੱਖਾਂ ਦਾ ਸਾਹਮਣਾ ਕਰਦੀ ਆ ਰਹੀ ਸੀ। ਕਦੇ ਕਦੇ ਤਾਂ ਉਸਨੂੰ ਓਡਵਾਇਰ ਦੇ ਸਖ਼ਤ ਚਿਹਰੇ ਅਤੇ ਖੁਸ਼ਕ ਅੱਖਾਂ ਤੋਂ ਭੈਅ ਆਉਣ ਲੱਗ ਜਾਂਦਾ ਸੀ।

“ਯੂ ਨੋਅ ! ਮੈਂ ਇਸ ਵਿਚਾਰਧਾਰਾ ਦਾ ਹਾਂ ਕਿ ਜਿੱਥੇ ਕਿਤੇ ਵੀ ਗੜਬੜ ਹੋਵੇ ਤੁਰੰਤ ਸਖ਼ਤੀ ਨਾਲ ਦਬਾ ਦਿੱਤੀ ਜਾਵੇ। ਯੂ ਨੋਅ, ਬਾਗੀਆਂ ਨਾਲ ਨਜਿਠਣ ਦੇ ਮਾਮਲੇ 'ਚ ਤਾਂ ਮੇਰੇ ਵਾਇਸਰਾਏ ਲਾਰਡ ਹਾਰਡਿੰਗ ਨਾਲ ਵੀ ਮੱਤਭੇਦ ਰਹੇ ਨੇ। ਮੈਂ ਫਾਂਸੀ ਦੀ ਸਜ਼ਾ ਵਾਲੇ 24 ਗਦਰੀਆਂ 'ਚੋਂ 17 ਦੀ ਸਜ਼ਾ ਘਟਾ ਕੇ ਉਮਰ ਕੈਦ 'ਚ ਬਦਲ ਦੇਣ ਦੇ ਵਾਇਸਰਾਏ ਦੇ ਫੈਸਲੇ ਨਾਲ ਸਹਿਮਤ ਨਹੀਂ ਸੀ ਹੋਇਆ। ਮੈਂ ਆਪਣੇ ਅਫਸਰਾਂ ਨੂੰ ਅਕਸਰ ਹੀ ਸ਼ੇਖ ਸਾਅਦੀ ਦੀ ਕੁਟੇਸ਼ਨ ਸੁਣਾਇਆ ਕਰਦਾ ਸਾਂ—ਜੇਕਰ ਨਦੀ ਦੇ ਕਿਨਾਰੇ ‘ਚ ਮੋਰੀ ਹੋ ਜਾਵੇ ਤਾਂ ਛੋਟੀ ਜਿਹੀ ਡਲੀ ਨਾਲ ਬੰਦ ਕੀਤੀ ਜਾ ਸਕਦੀ ਹੈ, ਜੇ ਬੰਦ ਨਾ ਕੀਤੀ ਤਾਂ ਇਹ ਹਾਥੀ ਨੂੰ ਡੁਬੋ ਦੇਣ ਵਾਲਾ ਪਾੜ ਪਾ ਸਕਦੀ ਹੈ।” ਮਾਈਕਲ ਓਡਵਾਇਰ ਦੇ ਬੁੱਲਾਂ ‘ਤੇ ਹਲਕੀ ਜਹੀ ਮੁਸਕਰਾਹਟ ਆਈ। ਜਿਸ ਢੰਗ ਨਾਲ ਉਸਨੇ ਸ਼ੇਖ ਸਾਅਦੀ ਦਾ ਕਥਨ ਦੱਸਿਆ ਸੀ, ਓਅਨਾ ਨੂੰ ਮਾਈਕਲ ਦੀ ਮੁਸਕਰਾਹਟ ਜ਼ਹਿਰੀਲੀ ਜਾਪੀ ਸੀ।

“ਏਹਨਾਂ ਗੱਲਾਂ ਦਾ ਅੱਜ ਦੀ ਮੀਟਿੰਗ ਨਾਲ ਕੀ ਸਬੰਧ ਹੈ ?”

“ਬੜਾ ਗਹਿਰਾ ਸਬੰਧ ਹੈ। ਯੂ ਨੋਅ, ਹਿਟਲਰ ਸਾਡੇ ਸਾਮਰਾਜ ਲਈ ਕਿੰਨਾ ਵੱਡਾ ਖ਼ਤਰਾ ਬਣ ਗਿਆ ਹੈ। ਓਧਰ ਇੰਡੀਆ ਵਿੱਚ ਕਾਂਗਰਸ ਨੇ ਆਪਣਾ ਅੰਦੋਲਨ ਤੇਜ਼ ਕਰ ਦਿੱਤਾ ਹੈ। ਅਜਿਹੇ ਹਾਲਾਤ ਵਿੱਚ ਕਾਂਗਰਸ ਤੇ ਉਸਦੇ ਲੀਡਰਾਂ ਪ੍ਰਤੀ ਕਿਸੇ ਤਰ੍ਹਾਂ ਦੀ ਨਰਮੀ ਵਾਲਾ ਵਤੀਰਾ ਉੱਕਾ ਹੀ ਠੀਕ ਨਹੀਂ ਹੈ। ਅੱਜ ਦੇ ਬ੍ਰਿਟਿਸ਼ ਰੂਲਰਜ਼ ਨੂੰ ਇਹ ਚੰਗੀ ਤਰ੍ਹਾਂ ਸਮਝ ਲੈਣਾ ਚਾਹੀਦਾ ਹੈ ਕਿ ਐਨਾ ਵੱਡਾ ਸਾਮਰਾਜ ਰਾਤੋ-ਰਾਤ ਖੜਾ ਨਹੀਂ ਹੋਇਆ, ਇਸ ਵਾਸਤੇ ਸਾਡੇ ਪੁਰਖਿਆਂ ਨੂੰ ਬਹੁਤ ਖੂਨ ਵਹਾਉਣਾ ਪਿਆ ਹੈ। ਲੇਬਰ ਪਾਰਟੀ ਦੇ ਨੇਤਾ ਦੇਸ਼ ਨੂੰ ਇੰਡੀਆ ਪ੍ਰਤੀ ਪਾਲਸੀ ਤਬਦੀਲ ਕਰਨ ਦੀਆਂ ਸਲਾਹਾਂ ਦਿੰਦੇ ਨੇ। ਕੁੱਝ ਨੇਤਾ ਤਾਂ ਇੰਡੀਆ ਨੂੰ ਆਜ਼ਾਦ ਕਰ ਦੇਣ ਦੀਆਂ ਗੱਲਾਂ ਵੀ ਕਰਨ ਲੱਗੇ ਹਨ। ਕੀ ਇਹ ਠੀਕ ਹੈ ? ਕੀ ਅਸੀਂ ਲੱਖਾਂ ਗੋਰੇ ਲੋਕਾਂ ਦੀਆਂ ਕੁਰਬਾਨੀਆਂ ਸਦਕਾ ਕਾਲੇ ਲੋਕਾਂ ਨੂੰ ਜਿੱਤ ਕੇ ਖੜਾ ਕੀਤਾ ਵਿਸ਼ਾਲ ਸਾਮਰਾਜ ਢਹਿ ਢੇਰੀ ਹੁੰਦਾ ਵੇਖ ਕੇ ਚੁੱਪ ਰਹਿ ਸਕਦੇ ਹਾਂ ?” ਮਾਈਕਲ ਓਡਵਾਇਰ ਨੇ ਟੇਬਲ ‘ਤੇ ਏਨੇ ਜੋਰ ਦੀ ਮੁੱਕਾ ਮਾਰਿਆ ਕਿ ਓਅਨਾ ਡਰ ਗਈ।

“ਤੁਹਾਡੀ ਉਮਰ ਹੁਣ ਪਝੱਤਰ ਸਾਲਾਂ ਦੀ ਹੋ ਗਈ ਹੈ। ਤੁਹਾਨੂੰ ਬਾਹਰ ਅੰਦਰ ਤੁਰੇ ਰਹਿਣ ਨਾਲੋਂ ਆਰਾਮ ਦੀ ਵਧੇਰੇ ਜਰੂਰਤ ਹੈ। ਜੋ ਕੁੱਝ ਤੁਸੀਂ ਕਹਿ ਰਹੇ ਹੋ, ਕੀ ਇਹ ਕਹਿਣ ਲਈ ਹੀ ਮੀਟਿੰਗ ‘ਚ ਜਾਣਾ ਹੈ ? ਇਹ ਤਾਂ ਤੁਸੀਂ ਪ੍ਰਧਾਨ ਮੰਤਰੀ ਜਾਂ ਸੈਕਟਰੀ ਆਫ ਸਟੇਟ ਨੂੰ ਪੱਤਰ ਲਿਖ ਕੇ ਵੀ ਆਖ ਸਕਦੇ ਓਂ। ਪੱਤਰ ਦੀ ਉਂਞ ਵੀ ਇੱਕ ਡਾਕੂਮੈਂਟਰੀ ਮਹੱਤਤਾ ਹੁੰਦੀ ਹੈ। ਫਿਰ ਸੈਕਟਰੀ ਆਫ ਸਟੇਟ ਨੂੰ ਫੋਨ ਵੀ ਕਰ ਸਕਦੇ ਓਂ। ਤੁਸੀਂ ਪਹਿਲਾਂ ਵੀ ਤਾਂ ਕਈ ਵਾਰ ਇੰਞ ਕੀਤਾ ਹੈ।” ਓਅਨਾ ਨੇ ਆਪਣੇ ਵਲੋਂ ਜਿਵੇਂ ਆਖਰੀ ਹਥਿਆਰ ਵਰਤਿਆ ਭਾਵੇਂ ਕਿ ਉਹ ਜਾਣਦੀ ਸੀ ਕਿ ਮਾਈਕਲ ੳਡਵਾਇਰ ਦੇ ਫੈਸਲੇ ਲੋਹੇ ‘ਤੇ ਲਕੀਰ ਹੁੰਦੇ ਹਨ। ਹੁਣ ਜੇ ਉਸਨੇ ਜਾਣ ਦਾ ਫੈਸਲਾ ਕੀਤਾ ਹੀ ਸੀ ਤਾਂ ਉਸਨੂੰ ਰੋਕ ਸਕਣਾ ਕਿਵੇਂ ਵੀ ਮੁਮਕਿਨ ਨਹੀਂ।

“ਓਅਨਾ ਡਾਰਲਿੰਗ !” ਓਡਵਾਇਰ ਦਾ ਲਹਿਜ਼ਾ ਇਕਦਮ ਨਰਮ ਹੋ ਗਿਆ। ਓਅਨਾ ਮਾਈਕਲ ਦੇ ਸੁਭਾਅ ਤੋਂ ਜਾਣੂ ਹੈ, ਉਹ ਜਾਣਦੀ ਸੀ ਕਿ ਮਾਈਕਲ ਹੁਣ ਕੋਈ ਬਹੁਤ ਹੀ ਕਰੂਰਤਾ ਭਰੀ ਸ਼ੇਖੀ ਮਾਰੇਗਾ।

“ਯੂ ਨੋਅ, ਜੇ ਸਾਰੀਆਂ ਗੱਲਾਂ ਪੱਤਰਾਂ ਰਾਹੀਂ ਜਾਂ ਫੋਨਾਂ ਰਾਹੀਂ ਕੀਤੀਆਂ ਜਾ ਸਕਦੀਆਂ ਹੁੰਦੀਆਂ ਤਾਂ ਮੀਟਿੰਗਾਂ ਤੇ ਕਾਨਫਰੰਸਾਂ ਦੀ ਲੋੜ ਹੀ ਕੀ ਸੀ ? ਮੈਂ ਮੀਟਿੰਗ ‘ਚ ਤੇਰਾਂ ਅਪਰੈਲ 1919 ਦੀ ਘਟਨਾ ਬਾਰੇ ਦੱਸਣਾ ਹੈ। ਯੂ ਨੋਅ, ਤੇਰਾਂ ਅਪਰੈਲ ਉਨੀ ਸੌ ਉਨੀ, ਵਿਸਾਖੀ ਵਾਲੇ ਦਿਨ ਦੀ ਬ੍ਰਿਟਿਸ਼ ਇਤਿਹਾਸ ‘ਚ ਕੀ ਮਹੱਤਤਾ ਹੈ ? ਇਹ ਦਿਨ ਇੰਡੀਆ ‘ਚ ਬ੍ਰਿਟਿਸ਼ ਸਾਮਰਾਜ ਦੀ ਉਮਰ ਲੰਮੀ ਕਰਨ ਵਾਲੇ ਦਿਨ ਵਜੋਂ ਜਾਣਿਆ ਜਾਂਦਾ ਹੈ।”

“ਓਹ ਮਾਈ ਗੌਡ !” ਓਅਨਾ ਦੀ ਛਾਤੀ ਦੇ ਖੱਬੇ ਪਾਸੇ ਪੀੜ ਉੱਠੀ। ਉਸਨੇ ਦੋਵੇਂ ਹੱਥ ਛਾਤੀ ‘ਤੇ ਰੱਖ ਲਏ।

“ਇੰਡੀਆ ਦੇ ਲੋਕ ਇਸ ਦਿਨ ਨੂੰ ਸਦੀਆਂ ਤੱਕ ਯਾਦ ਰੱਖਣਗੇ। ਜਲ੍ਹਿਆਂ ਵਾਲਾ ਬਾਗ ਦੀ ਘਟਨਾ ਨੂੰ ਯਾਦ ਕਰਕੇ ਕੰਬਦੇ ਰਿਹਾ ਕਰਨਗੇ। ਯੂ ਨੋਅ, ਮੇਰੇ ਹੁਕਮਾਂ ‘ਤੇ ਬਰਗੇਡੀਅਰ ਜਨਰਲ ਰੈਜ਼ੀਨਲ ਐਡਵਰਡ ਡਾਇਰ ਨੇ ਬਗਾਵਤ ਦੀਆਂ ਚਿੰਗਾੜੀਆਂ ਨੂੰ ਭਾਂਬੜ ਬਨਣ ਤੋਂ ਪਹਿਲਾਂ ਹੀ ਦਬਾ ਦਿੱਤਾ ਸੀ। ਇਹ ਡਾਇਰ ਦੀ ਇੱਕ ਫੈਸਲਾਕੁੰਨ ਕਾਰਵਾਈ ਸੀ। ਕਿਆ ਨਜ਼ਾਰਾ ਸੀ ਉੱਥੇ। ਜਖ਼ਮੀਆਂ ਨੂੰ ਪਾਣੀ ਦੇਣ ਵਾਲਾ ਵੀ ਕੋਈ ਨਹੀਂ ਸੀ। ਡਾਇਰ ਨੇ ਬਲੱਡੀ ਇੰਡੀਅਨਜ਼ ਨੂੰ ਅੱਛਾ ਸਬਕ ਸਿਖਾਇਆ ਸੀ। ਉਹ ਇੱਕ ਬਹਾਦਰ ਜਨਰਲ ਸੀ ਜਿਸਨੂੰ ਜ਼ਹਿਰੀਲੇ ਸੱਪਾਂ ਦੇ ਦੰਦ ਕੱਢਣ ਦਾ ਹੁਨਰ ਬਖੂਬੀ ਆਉਂਦਾ ਸੀ।”

“ਨੋ ਮਾਈਕਲ ਨੋ ! ਉਹ ਸਮਾਂ ਯਾਦ ਨਾ ਕਰਵਾਓ। ਕੀ ਇਹ ਚੰਗਾ ਸਮਾ ਸੀ ? ਕੀ ਇੰਜ ਕਰਨਾ ਜਰੂਰੀ ਸੀ ? ਤੁਹਾਨੂੰ ਇਸ ਕਤਲੇਆਮ ‘ਤੇ ਮਾਣ ਕਿਉਂ ਹੈ ?”

“ਯੂ ਨੋਅ, ਕਨਰਲ ਜੇਮਜ਼ ਕੀ ਆਖਦਾ ਹੈ ? ਉਸਦਾ ਕਥਨ ਹੈ ਕਿ ਤੁਸੀਂ ਚਿਤਰੇ ਨੂੰ ਨਰਮਾਈ ਨਾਲ ਨਹੀਂ ਮਾਰ ਸਕਦੇ। ਤੁਸੀਂ ਚਾਹ ਦੀ ਪਿਆਲੀ ਨਾਲ ਮੱਚਦੀ ਅੱਗ ਨਹੀਂ ਬੁਝਾ ਸਕਦੇ। ਓਅਨਾ ਡਾਰਲਿੰਗ ! ਅਸੀਂ ਭੂਤਰੇ ਚੀਤੇ ਨੂੰ ਮਾਰਨ ਲਈ ਸਖ਼ਤੀ ਵਰਤੀ ਸੀ। ਐਵੇਂ ਥੋੜੀ ਜਿਹੀ ਸਖ਼ਤੀ। ਇਸਤੋਂ ਵਧੇਰੇ ਵੀ ਵਰਤੀ ਜਾ ਸਕਦੀ ਸੀ। ਅਸੀਂ ਬਗਾਵਤ ਦੀ ਮੱਚਦੀ ਅੱਗ ਬੁਝਾਉਣ ਲਈ ਚਾਹ ਦੀ ਪਿਆਲੀ ਨਹੀਂ ਸੀ ਵਰਤੀ, ਪੂਰਾ ਮਹਾਂਸਾਗਰ ਬਗਾਵਤੀਆਂ ਉੱਪਰ ਉਲੱਦ ਦਿੱਤਾ ਸੀ। ਹੁਣ ਤੂੰ ਈ ਦੱਸ, ਜਲ੍ਹਿਆਂ ਵਾਲਾ ਬਾਗ ਦੀ ਘਟਨਾ ‘ਤੇ ਮਾਣ ਕਿਉਂ ਨਾ ਕਰੀਏ ?” ਮਾਈਕਲ ਓਡਵਾਇਰ ਦੀਆਂ ਅੱਖਾਂ ਦਾ ਮਾਰੂਥਲ ਫੈਲ਼ ਕੇ ਹੋਰ ਡਰਾਉਣਾ ਤੇ ਭਿਆਨਕ ਹੋ ਗਿਆ।

“ਓਅਨਾ ਡਾਰਲਿੰਗ —ਯੂ ਨੋਅ ! ਮੇਰਾ ਲੋਹੇ ਵਰਗਾ ਪੱਕਾ ਵਿਸ਼ਵਾਸ਼ ਹੈ ਕਿ ਸਾਡੇ ਦੇਸ਼ ਦੇ ਲੋਕ ਮੈਨੂੰ ‘ਸੇਵੀਅਰ ਆਫ ਦਾ ਬ੍ਰਿਟਿਸ਼ ਰੂਲ ਇੰਨ ਇੰਡੀਆ’ ਵਜੋਂ ਮਾਣ ਦਿੰਦੇ ਰਹਿਣਗੇ। ਉਦੋਂ ਵੀ, ਜਦੋਂ ਮੈਂ ਇਸ ਦੁਨੀਆਂ ‘ਤੇ ਨਹੀਂ ਹੋਵਾਂਗਾ। ਜਦੋਂ ਤੱਕ ਦੁਨੀਆਂ ਰਹੇਗੀ। ‘ਸੇਵੀਅਰ ਆਫ ਦਾ ਬ੍ਰਿਟਿਸ਼ ਰੂਲ ਇੰਨ ਇੰਡੀਆ’। ਹਾ ਹਾ ਹਾ ! ਕੀ ਇਹ ਮਾਣ ਕਰਨ ਵਾਲੀ ਕੋਈ ਛੋਟੀ ਗੱਲ ਹੈ ?”

ਓਅਨਾ ਦਾ ਅੰਦਰ ਗੁੱਸੇ ਅਤੇ ਦਰਦ ਨਾਲ ਭਰ ਗਿਆ। ਸੰਘ ਕੌੜਾ ਹੋ ਗਿਆ ਜਿਵੇਂ ਕੁਨੀਨ ਦੀ ਗੋਲੀ ਸੰਘ ‘ਚ ਅੜ ਗਈ ਹੋਵੇ। ਉਸਦਾ ਜੀਅ ਤਾਂ ਕੀਤਾ ਆਖੇ, “ਜਿੰਨਾਂ ਲੋਕਾਂ ਦੇ ਅੰਦਰੋਂ ਮਨੁੱਖਤਾ ਤੇ ਮੁਹੱਬਤ ਉੱਕਾ ਹੀ ਮਰ ਜਾਵੇ ਅਜਿਹੀਆਂ ਗੱਲਾਂ ਉਹ ਲੋਕ ਹੀ ਕਰ ਸਕਦੇ ਨੇ। ਜਿੰਨਾਂ ਦੀਆਂ ਅੱਖਾਂ ‘ਚ ਪਾਣੀ ਨਹੀਂ ਤੇਜ਼ਾਬ ਹੋਵੇ ਤੇ ਜਿੰਨ੍ਹਾਂ ਦੇ ਦਿਮਾਗਾਂ ‘ਚ ਹਰ ਵੇਲੇ ਭੇੜੀਏ ਹੁਆਂਕਦੇ ਹੋਣ, ਉਹ ਕਿਸੇ ਵੀ ਕਤਲੇਆਮ ‘ਤੇ ਮਾਣ ਕਰ ਸਕਦੇ ਹਨ।” ਪਰ ਉਹ ਆਖ ਨਾ ਸਕੀ। ਉਹ ਜਾਣਦੀ ਸੀ ਕਿ ਬੋਲਣ ਦਾ ਕੋਈ ਫਾਇਦਾ ਨਹੀਂ ਹੋਣਾ।

“ਮਿਲਦੇ ਹਾਂ। ਆ ਕੇ ਚਾਹ ਪੀਵਾਂਗੇ ਇਕੱਠੇ।” ਆਖਦਿਆਂ ਫਰਾਂਸਿਸ ਮਾਈਕਲ Eਡਵਾਇਰ ਦੇਹਲੀਓਂ ਬਾਹਰ ਹੋ ਗਿਆ ਸੀ। ਓਅਨਾ ਪੱਥਰ ਦਾ ਬੁੱਤ ਬਣੀ ਜਾਂਦੇ ਮਾਈਕਲ ਨੂੰ ਵੇਖਦੀ ਰਹੀ। ਉਹ ਪਤੀ ਨੂੰ, “ਆਪਣਾ ਖਿਆਲ ਰੱਖਿਓ” ਵੀ ਨਹੀਂ ਸੀ ਆਖ ਸਕੀ ਜੋ ਮਾਈਕਲ ਦੇ ਬਾਹਰ ਕਿਧਰੇ ਜਾਣ ਵਕਤ ਅਕਸਰ ਆਖਦੀ ਹੁੰਦੀ ਸੀ।

ਮਾਈਕਲ ਦੇ ਜਾਣ ਬਾਅਦ ਓਅਨਾ ਦਾ ਵੀ ਘਰ ‘ਚ ਜੀਅ ਨਾ ਲੱਗਾ, ਉਹ ਨੌਕਰਾਣੀ ਮਾਰਥਾ ਨੂੰ ਦੱਸ ਕੇ ਲਾਇਬਰੇਰੀ ਜਾਣ ਲਈ ਘਰ ‘ਚੋਂ ਨਿਕਲ ਗਈ। ਵਾਪਸੀ ‘ਤੇ ਉਸ ਨੇ ਘਰੇਲੂ ਵਰਤੋਂ ਲਈ ਕੁੱਝ ਸਮਾਨ ਖਰੀਦਣ ਬਾਰੇ ਵੀ ਸੋਚਿਆ। ਉਦੋਂ ਓਅਨਾ ਨੂੰ ਨਹੀਂ ਸੀ ਪਤਾ ਕਿ ਉਸਨੂੰ ਸੁਨੇਹਾ ਭੇਜ ਕੇ ਘਰ ਬੁਲਾਇਆ ਜਾਵੇਗਾ।

ਓਅਨਾ ਦੇ ਘਰ ਅੰਦਰ ਵੜਦਿਆਂ ਹੀ ਮਾਰਥਾ ਨੇ ਮੂੰਹ ‘ਤੇ ਹੱਥ ਰੱਖ ਕੇ ਬਾਹਰ ਆਉਂਦੀ ਚੀਕ ਨੂੰ ਬੜੀ ਮੁਸ਼ਕਲ ਨਾਲ ਡੱਕਿਆ। ਉਸਦੀਆਂ ਅੱਖਾਂ ਰੋਣ ਕਾਰਨ ਲਾਲ ਹੋਈਆਂ ਪਈਆਂ ਸਨ। ਕਿਸੇ ਅਣਹੋਣੀ ਘਟਨਾ ਵਾਪਰ ਜਾਣ ਦੇ ਭੈਅ ਕਾਰਨ ਓਅਨਾ ਸੋਫੇ ‘ਤੇ ਢਹਿ ਪਈ ਸੀ।

“ਕੀ ਹੋਇਆ ਮਾਰਥਾ ? ਕੀ ਕੁੱਝ ਗ਼ਲ਼ਤ ਵਾਪਰਿਆ ? ਤੂੰ ਐਨੀ ਭੈਅ ਭੀਤ ਕਿਉਂ ਏਂ ?” ਓਅਨਾ ਨੇ ਪੂਰੀ ਹਿੰਮਤ ਨਾਲ ਆਪਣੇ ਆਪ ਨੂੰ ਖੜਾ ਕਰਦਿਆਂ ਆਖਿਆ ਸੀ।

“ਚੰਗੀ ਖ਼ਬਰ ਨਹੀਂ ਹੈ।”

“ਕੀ ਹੈ ? ਦੱਸਦੀ ਕਿਉਂ ਨਹੀਂ ?” ਓਅਨਾ ਦੀ ਧੜਕਣ ਤੇਜ਼ ਹੋ ਰਹੀ ਸੀ।

“ਮਾਈਕਲ ਸਰ ਨੂੰ ਕਿਸੇ ਸਿਰ ਫਿਰੇ ਨੇ ਗੋਲੀ ਮਾਰ ਦਿੱਤੀ ਹੈ।”

“ਉਫ਼ ! ਇੱਕ ਨਾ ਇੱਕ ਦਿਨ ਇਹ ਹੋਣਾ ਹੀ ਸੀ ਮਾਰਥਾ।” ਓਅਨਾ ਫੇਰ ਤੋਂ ਧੜੰਮ ਕਰਕੇ ਸੋਫੇ ‘ਚ ਡਿੱਗ ਪਈ। ਮਾਰਥਾ ਭੱਜ ਕੇ ਪਾਣੀ ਦਾ ਗਿਲਾਸ ਲਿਆਈ ਤੇ ਓਅਨਾ ਦੇ ਮੂੰਹ ਨੂੰ ਲਾ ਦਿੱਤਾ।

“ਆਪਣੇ ਆਪ ਨੂੰ ਸੰਭਾਲੋ ਮੈਮ ! ਕੁੱਝ ਨਹੀਂ ਹੋਵੇਗਾ ਸਰ ਨੂੰ। ਬੜੀ ਜਲਦੀ ਠੀਕ ਹੋ ਜਾਣਗੇ। ਪਰਮੇਸ਼ਵਰ ਤੁਹਾਡੇ ਸੁਹਾਗ ਦੀ ਰੱਖਿਆ ਕਰਨਗੇ।” ਮਾਰਥਾ ਨੇ ਝਿਜਕਦਿਆਂ ਝਿਜਕਦਿਆਂ ਮਾਲਕਣ ਦਾ ਮੋਢਾ ਫੜ ਲਿਆ ਹੈ। ਜਿਸ ਭਾਵਨਾ ਨਾਲ ਮਾਰਥਾ ਨੇ ਕਿਹਾ ਸੀ ਉਸ ਨੇ ਓਅਨਾ ਨੂੰ ਪਿਘਲਾ ਕੇ ਰੱਖ ਦਿੱਤਾ ਸੀ। ਉਸਨੂੰ ਕੁੱਝ ਵਰ੍ਹੇ ਪਹਿਲਾਂ ਮਾਰਥਾ ਦੇ ਪਤੀ ਦੀ ਮੌਤ ਯਾਦ ਆਈ। ਉਦੋਂ ਰੋਂਦੀ ਹੋਈ ਮਾਰਥਾ ਨੂੰ ਹੌਂਸਲਾ ਦੇਣ ਲਈ ਓਅਨਾ ਨੇ ਵੀ ਬਿਲਕੁੱਲ ਇਸੇ ਤਰ੍ਹਾਂ ਉਸਦਾ ਮੋਢਾ ਘੁੱਟਿਆ ਸੀ।

“ਮਾਰਥਾ ਕਿਸਦਾ ਫੋਨ ਸੀ ?”

“ਕੋਈ ਡਫ਼ਰਨ ਨਾਂ ਦਾ ਸਾਰਜੈਂਟ ਸੀ।”

“ਤੇਰੇ ਮਾਈਕਲ ਸਰ ਜਿਉਂਦੇ ਤਾਂ ਹੈਨ ?” ਮਾਰਥਾ ਨੂੰ ਹੈਰਾਨੀ ਹੋਈ ਕਿ ਓਅਨਾ ਮੈਮ ਨੇ ਇਹ ਸ਼ਬਦ ਐਨੀ ਆਸਾਨੀ ਨਾਲ ਕਿਵੇਂ ਆਖ ਦਿੱਤੇ ਸਨ।

“ਡਫ਼ਰਨ ਨੇ ਸਿਰਫ ਏਨਾ ਕਿਹਾ ਕਿ ਸਰ ਦੇ ਦੋ ਗੋਲੀਆਂ ਲੱਗੀਆਂ ਨੇ। ਗੋਲੀਆਂ ਲੱਗਦਿਆਂ ਹੀ ਉਹ ਥੱਲੇ ਡਿੱਗ ਪਏ।” ਮਾਈਕਲ ਓਡਵਾਇਰ ਦੀ ਮੌਤ ਵਾਲੀ ਗੱਲ ਛੁਪਾ ਕੇ ਮਾਰਥਾ ਨੇ ਅਧੂਰਾ ਸੱਚ ਬਿਆਨ ਕਰ ਦਿੱਤਾ।

“ਡਿੱਗ ਪਏ ? ਹੋਰ ਕੁੱਝ ਨਹੀਂ ਦੱਸਿਆ ?”

“ਹਮਲਾਵਰ ਨੇ ਦੋ ਗੋਲੀਆਂ ਜੈਟਲੈਂਡ ਸਰ ਦੇ ਵੀ ਮਾਰੀਆਂ। ਇੱਕ ਗੋਲੀ ਲੈਮਿੰਗਟਨ ਦੇ ਸੱਜੇ ਹੱਥ ‘ਚ ਤੇ ਇੱਕ ਸਰ ਲੁਈਸ ਡੇਨ ਦੀ ਬਾਂਹ ‘ਚ ਵੱਜੀ ਹੈ।”

“ਹਮਲਾਵਰ ਫੜ ਲਿਆ ਹੈ ਜਾਂ ਮਾਰ ਦਿੱਤਾ ਹੈ ? ਕੀ ਉਹ ਕੋਈ ਇੰਡੀਅਨ ਬੁਆਏ ਹੈ ?”

“ਡਫ਼ਰਨ ਮੁਤਾਬਕ ਹਮਲਾਵਰ ਨੇ ਭੱਜਣ ਦੀ ਕੋਸਿ਼ਸ਼ ਹੀ ਨਹੀਂ ਕੀਤੀ ਤੇ ਆਪਣੇ ਆਪ ਨੂੰ ਗ੍ਰਿਫਤਾਰੀ ਲਈ ਪੇਸ਼ ਕਰ ਦਿੱਤਾ। ਉਹ ਗ੍ਰਿਫਤਾਰੀ ਵੇਲੇ ਨਾਅਰੇ ਮਾਰ ਰਿਹਾ ਸੀ।”

“ਕਿਹੋ ਜਿਹੇ ਨਾਅਰੇ ?”

“ਇਨਕਲਾਬ ਜਿ਼ੰਦਾਬਾਦ—ਇੰਗਲੈਂਡ ਮੁਰਦਾਬਾਦ—ਸਾਮਰਾਜ ਮੁਰਦਾਬਾਦ--।” ਮਾਰਥਾ ਨੂੰ ਜੋ ਕੁੱਝ ਵੀ ਸਾਰਜੈਂਟ ਤੋਂ ਪਤਾ ਲੱਗਾ ਸੀ, ਉਸਨੇ ਦੱਸ ਦਿੱਤਾ।

“ਇਨਕਲਾਬ ਜਿ਼ੰਦਾਬਾਦ—ਇੰਗਲੈਂਡ ਮੁਰਦਾਬਾਦ—ਸਾਮਰਾਜ ਮੁਰਦਾਬਾਦ ! ਇਨਕਲਾਬ ਜਿ਼ੰਦਾਬਾਦ—ਇੰਗਲੈਂਡ ਮੁਰਦਾਬਾਦ—ਸਾਮਰਾਜ ਮੁਰਦਾਬਾਦ ! ਇਨਕਲਾਬ ਜਿ਼ੰਦਾਬਾਦ—ਸਾਮਰਾਜ ਮੁਰਦਾਬਾਦ ! ਇਨਕਲਾਬ ਜਿ਼ੰਦਾਬਾਦ—ਸਾਮਰਾਜ ਮੁਰਦਾਬਾਦ !”

ਓਅਨਾ ਦੇ ਕੰਨਾਂ ‘ਚ ਨਾਅਰਿਆਂ ਦੀਆਂ ਆਵਾਜ਼ਾਂ ਗੂੰਜਣ ਲੱਗੀਆਂ। ਉਸਨੇ ਹੈਰਾਨ ਹੋ ਕੇ ਆਸੇ ਪਾਸੇ ਵੇਖਿਆ, ਉਥੇ ਤਾਂ ਕੋਈ ਵੀ ਨਹੀਂ ਸੀ। ਫਿਰ ਇਹ ਆਵਾਜ਼ਾਂ ਕਿੱਥੋਂ ਆ ਰਹੀਆਂ ਸਨ ?

“ਮਾਰਥਾ ! ਤੇਰਾ ਮਾਈਕਲ ਸਰ ਸਾਮਰਾਜ ਦਾ ਬੜਾ ਵੱਡਾ ਪਿਆਦਾ ਸੀ। ਮੈਨੂੰ ਡਰ ਸੀ ਕਿ ਬੇਗੁਨਾਹਾਂ ਦਾ ਖੂਨ ਕਿਸੇ ਨਾ ਕਿਸੇ ਦਿਨ ਬਾਰੂਦ ਬਣ ਕੇ ਮਾਈਕਲ ਦੀ ਮੌਤ ਦਾ ਕਾਰਨ ਬਣੇਗਾ। ਜਿਸ ਦਿਨ ਅੰਮ੍ਰਿਤਸਰ ਦੇ ਜਲ੍ਹਿਆਂ ਵਾਲਾ ਬਾਗ ‘ਚ ਸ਼ਾਂਤਮਈ ਮੀਟਿੰਗ ਕਰ ਰਹੇ ਹਜ਼ਾਰਾਂ ਬੇਗੁਨਾਹਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ, ਇਹ ਡਰ ਉਸ ਦਿਨ ਤੋਂ ਹੀ ਆਪਣੇ ਨਾਲ ਚੁੱਕੀ ਫਿਰਦੀ ਆ ਰਹੀ ਸਾਂ। ਆਖਰ ਮੇਰਾ ਡਰ ਸੱਚਾ ਸਾਬਤ ਹੋਇਆ। ਸਮਾ ਬੜਾ ਬੇਲਿਹਾਜ਼ ਹੈ ਮਾਰਥਾ, ਤੁਹਾਡੀ ਹਰ ਵਧੀਕੀ ਦਾ ਜਵਾਬ ਜਰੂਰ ਦਿੰਦਾ ਹੈ।” ਓਅਨਾ ਝੱਲਿਆਂ ਵਾਂਗ ਬੋਲੀ ਜਾ ਰਹੀ ਸੀ।

“ਤੇਰੇ ਮਾਈਕਲ ਸਰ ਜਾ ਚੁੱਕੇ ਨੇ ਮਾਰਥਾ---ਬਹੁਤ ਦੂਰ। ਜਿੱਥੇ ਜਾ ਕੇ ਕੋਈ ਵਾਪਸ ਨਹੀਂ ਮੁੜਦਾ।” ਓਅਨਾ ਦੀ ਹਾਲਤ ਵੇਖਦਿਆਂ ਮਾਰਥਾ ਦਾ ਜ਼ਬਤ ਵੀ ਟੁੱਟ ਗਿਆ। ਉਹ ਫੁੱਟ ਫੁੱਟ ਕੇ ਰੋਣ ਲੱਗੀ। ਜਦੋਂ ਦਿਲ ਹੌਲਾ ਹੋ ਗਿਆ ਤਾਂ ਓਅਨਾ ਸੋਫੇ ‘ਤੋਂ ਉੱਠ ਕੇ ਦੀਵਾਰ ‘ਤੇ ਲਟਕਦੀ ਮਾਈਕਲ ਓਡਵਾਇਰ ਦੀ ਫੋਟੋ ਅੱਗੇ ਜਾ ਖੜੀ ਹੋਈ।

“ਸਮਝ ਨਹੀਂ ਆਉਂਦੀ ਮਾਈਕਲ, ਤੂੰ ਇੱਕ ਪਿਆਰ ਭਰੀ ਰੂਹ ਤੋਂ ਪੱਥਰ ਦੇ ਜਿਗਰੇ ਵਾਲੀ ਹਤਿਆਰੀ ਮਾਨਸਿਕਤਾ ‘ਚ ਕਿਵੇਂ ਤਬਦੀਲ ਹੋ ਗਿਆ ?” ਮਾਰਥਾ ਹੈਰਾਨ ਸੀ ਕਿ ਓਅਨਾ ਮੈਡਮ ਐਨੀ ਛੇਤੀ ਇੰਨੀ ਸਹਿਜ ਕਿਵੇਂ ਹੋ ਗਈ ਸੀ।

“ਮਿਸਟਰ ਫਰਾਂਸਿਸ ਮਾਈਕਲ ਓਡਵਾਇਰ ! ਤੂੰ ਕਿੰਨਾ ਖੂਬਸੂਰਤ ਤੇ ਜਵਾਨ ਸੀ ! ਭਰੇ ਹੋਏ ਸਰੀਰ ਵਾਲਾ। ਇੱਕ ਤੇਜ਼ ਤਰਾਰ ਜ਼ਹੀਨ ਨੌਜੁਆਨ। ਮੈਂ ਜਿਸ ਮਾਈਕਲ ਨੂੰ ਪਿਆਰ ਕੀਤਾ ਸੀ-ਉਹ ਮੁਹੱਬਤ ਨਾਲ ਨੱਕੋ ਨੱਕ ਭਰਿਆ ਹੋਇਆ ਸੀ। ਸਮਝ ਨਹੀਂ ਆਉਂਦੀ ਮੁਹੱਬਤ ਨਾਲ ਭਰਿਆ ਹੋਇਆ ਤੇਰਾ ਖੂਬਸੂਰਤ ਦਿਲ਼-ਨਫ਼ਰਤ ਅਤੇ ਹੈਵਾਨੀਅਤ ਨਾਲ ਕਿਵੇਂ ਭਰ ਗਿਆ ?” ਓਡਵਾਇਰ ਦੀ ਤਸਵੀਰ ਨਾਲ ਗੱਲਾਂ ਕਰਦੀ ਓਅਨਾ ਬਹੁਤ ਦੂਰ ਚਲੀ ਗਈ ਸੀ।

***

ਚੌਦਾਂ ਮਾਰਚ ਸੰਨ ਉਨ੍ਹੀ ਸੌ ਚਾਲੀ ਦੇ ਅਖਬਾਰ ਟੇਬਲ ‘ਤੇ ਵਿਛੇ ਪਏ ਹਨ। ਭਾਵੇਂ ਖਬਰਾਂ ਪੜ੍ਹਨ ਨੂੰ ਓਅਨਾ ਦਾ ਉੱਕਾ ਹੀ ਜੀਅ ਨਹੀਂ ਕਰਦਾ ਪਰ ਨਜ਼ਰ ਆਪ ਮੁਹਾਰੇ ਮਾਈਕਲ ਓਡਵਾਇਰ ਉੱਪਰ ਹੋਏ ਹਮਲੇ ਵਾਲੀਆਂ ਖ਼ਬਰਾਂ ‘ਤੇ ਚਲੇ ਜਾਂਦੀ ਹੈ।

“ਸਰ ਦੇ ਹਤਿਆਰੇ ਨੂੰ ਫਾਂਸੀ ਲੱਗੇਗੀ।” ਮਾਰਥਾ ਚਾਹ ਦਾ ਕੱਪ ਟੇਬਲ ‘ਤੇ ਰੱਖਦਿਆਂ ਓਅਨਾ ਦੇ ਸਾਹਮਣੇ ਵਾਲੀ ਕੁਰਸੀ ‘ਤੇ ਬੈਠ ਗਈ ਹੈ। ਓਅਨਾ ਨੇ ਖਾਲ਼ੀ ਖਾਲ਼ੀ ਨਜ਼ਰਾਂ ਨਾਲ ਘੂਰ ਕੇ ਮਾਰਥਾ ਵੱਲ ਵੇਖਿਆ। ਉਸ ਵਲੋਂ ਆਖਿਆ ‘ਹਤਿਆਰਾ’ ਸ਼ਬਦ ਓਅਨਾ ਦੇ ਜਿ਼ਹਨ ‘ਚ ਕਿਧਰੇ ਅਟਕ ਗਿਆ। ਨਾ ਚਾਹੁੰਦਿਆਂ ਵੀ ਉਸਨੇ ਰਾਜਧਾਨੀ ਤੋਂ ਛਪਣ ਵਾਲੀ ਸਭ ਤੋਂ ਮਸ਼ਹੂਰ ਅਖਬਾਰ ‘ਦਾ ਡੇਲੀ ਮਿਰਰ’ ਚੁੱਕ ਲਈ। ਅਖਬਾਰ ਦੇ ਪਹਿਲੇ ਪੰਨੇ ‘ਤੇ ਦੋ ਡੱਬੀਆਂ ਬਣਾਈਆਂ ਹੋਈਆਂ ਸਨ। ਇੱਕ ਡੱਬੀ ‘ਚ ਓਡਵਾਇਰ ਅਤੇ ਦੂਸਰੇ ‘ਚ ਹਮਲਾਵਰ ਦੀ ਫੋਟੋ ਛਾਪੀ ਹੋਈ ਸੀ। ਓਅਨਾ ਨੇ ਮਨ ਹੀ ਮਨ ਦੋਵਾਂ ਫੋਟੋਆਂ ਨੂੰ ਇੱਕ ਦੂਜੇ ਨਾਲ ਮਿਲਾ ਕੇ ਵੇਖਿਆ।

“ਇਹਨਾਂ ‘ਚੋਂ ਲੰਮੇ ਸਮੇਂ ਤੱਕ ਕੌਣ ਜਿਉਂਦਾ ਰਹੇਗਾ ?” ਇਹ ਵਿਚਾਰ ਓਅਨਾ ਦੇ ਦਿਮਾਗ ‘ਚ ਟੱਕ ਟੱਕ ਕਰਨ ਲੱਗਾ। ਉਸਨੂੰ ਪੰਜਾਬ ਦੇ ਰਹਿ ਚੁੱਕੇ ਲੈਫਟੀਨੈਂਟ ਗਵਰਨਰ ਮਾਈਕਲ ਫਰਾਂਸਿਸ ਓਡਵਾਇਰ ਦਾ ਕੱਦ ਹਮਲਾਵਰ ਦੇ ਮੁਕਾਬਲੇ ਕਿਤੇ ਛੋਟਾ ਮਹਿਸੂਸ ਹੋਇਆ।

“ਹਤਿਆਰੇ ਨੂੰ ਫਾਂਸੀ ਹੋਵੇਗੀ।” ਮਾਰਥਾ ਦੇ ਸ਼ਬਦ ਵਾਰ ਵਾਰ ਦਿਮਾਗ ‘ਚ ਖੌਰੂ ਪਾਉਣ ਲੱਗੇ ਸਨ। ਫਾਂਸੀ ਦਾ ਖਿਆਲ ਆਉਂਦਿਆਂ ਹੀ ਦੁਨੀਆ ਭਰ ਦੇ ਕ੍ਰਾਂਤੀਕਾਰੀ ਉਸਦੀਆਂ ਅੱਖਾਂ ਅੱਗੋਂ ਲੰਘ ਗਏ।

ਉਹਨਾਂ ਦਿਨਾਂ ‘ਚ ਓਅਨਾ ਪੰਜਾਬ ਹੀ ਸੀ ਜਦੋਂ ਗਦਰ ਪਾਰਟੀ ਦੇ ਮੋਹਰੀ ਆਗੂ ਕਰਤਾਰ ਸਿੰਘ ਸਰਾਭਾ ਨੂੰ ਉਸਦੇ ਸਾਥੀਆਂ ਸਮੇਤ ਸੈਂਟਰਲ ਜੇਲ੍ਹ ਲਾਹੌਰ ‘ਚ ਫਾਂਸੀ ‘ਤੇ ਲਟਕਾਇਆ ਗਿਆ ਸੀ। ਫਾਂਸੀ ਤੋਂ ਅਗਲੇ ਦਿਨ ਸਤਾਰ੍ਹਾਂ ਨਵੰਬਰ ਉਨ੍ਹੀ ਸੌ ਪੰਦਰ੍ਹਾਂ ਦੀਆਂ ਅਖਬਾਰਾਂ ‘ਚ ਚਾਰੇ ਪਾਸੇ ਇਹਨਾਂ ਗਦਰੀ ਨੌਜਵਾਨਾਂ ਦੀ ਹੀ ਚਰਚਾ ਸੀ। ਅਖਬਾਰਾਂ ਨੇ ਕਰਤਾਰ ਸਿੰਘ ਸਰਾਭੇ ਦੀ ਹੱਸਦੇ ਹੋਏ ਦੀ ਫੋਟੋ ਲਾਈ ਸੀ।

ਓਅਨਾ ਦੀਆਂ ਅੱਖਾਂ ਅੱਗੇ ਲਾਹੌਰ ਜੇਲ੍ਹ ਵਿੱਚ ਫਾਂਸੀ ਦੇ ਤਖਤੇ ‘ਤੇ ਝੂਲਦੇ ਸਰਦਾਰ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਦੇ ਚਿਹਰੇ ਵੀ ਆਏ। ਇੰਗਲੈਂਡ ਦੀਆਂ ਅਖਬਾਰਾਂ ‘ਚ ਇਹਨਾਂ ਤਿੰਨਾਂ ਦੀਆਂ ਤਸਵੀਰਾਂ ਛਪੀਆਂ ਸਨ। ਓਦੋਂ ਤੱਕ ਉਹ ਓਡਵਾਇਰ ਦੇ ਨਾਲ ਲੰਡਨ ਆ ਚੁੱਕੀ ਸੀ। ਉਸ ਦਿਨ ਉਹ ਮਾਈਕਲ ਨਾਲ ਸੋਫੇ ‘ਤੇ ਬੈਠੀ ਹੋਈ ਸੀ। ਮਾਈਕਲ ਨੇ ਹੀ ਭਗਤ ਸਿੰਘ ਹੁਣਾਂ ਦੀ ਫਾਂਸੀ ਵਾਲੀ ਖ਼ਬਰ ਪੜ੍ਹ ਕੇ ਸੁਣਾਈ ਸੀ।

"ਯੂ ਨੋਅ, ਭਗਤ ਸਿੰਘ ਤੇ ਬੀ ਕੇ ਦੱਤ ਨੇ ਨੈਸ਼ਨਲ ਅਸੈਂਬਲੀ 'ਚ ਬੰਬ ਧਮਾਕਾ ਕੀਤਾ ਸੀ। ਇਹ ਹਿਜ਼ ਮੈਜਿਸਟੀ ਖਿ਼ਲਾਫ ਸਿੱਧੀ ਸਿੱਧੀ ਬਗਾਵਤ ਸੀ। ਇਹਨਾਂ ਨੂੰ ਤਾਂ ਫਾਂਸੀ ਨਾਲੋਂ ਵੀ ਵੱਡੀ ਸਜ਼ਾ ਮਿਲਣੀ ਚਾਹੀਦੀ ਸੀ।" ਮਾਈਕਲ ਨੇ ਗੁੱਸੇ ਅਤੇ ਨਫ਼ਰਤ ਨਾਲ ਦੰਦ ਕਰੀਚੇ ਸਨ। ਮਾਈਕਲ ਦੀ ਆਵਾਜ਼ ਇਹਨਾਂ ਕ੍ਰਾਂਤੀਕਾਰੀਆਂ ਪ੍ਰਤੀ ਤ੍ਰਿਸਕਾਰ ਭਰੀ ਸੀ ਪਰ ਓਅਨਾ ਨੂੰ ਆਪਣੇ ਪੇਕੇ ਦੇਸ਼ ਫਰਾਂਸ ਦਾ ਕ੍ਰਾਂਤੀਕਾਰੀ ਆਗੂ ਵੇਲਾਂ ਯਾਦ ਆਇਆ।

“ਹਾਕਮਾਂ ਦੇ ਬੋਲੇ ਕੰਨਾਂ ਨੂੰ ਆਵਾਮ ਦੀ ਆਵਾਜ਼ ਸੁਨਾਉਣ ਲਈ ਧਮਾਕਾ ਕਰਨ ਦੀ ਜਰੂਰਤ ਪੈਂਦੀ ਹੈ। ਫਰਾਂਸੀਸੀ ਕ੍ਰਾਂਤੀਕਾਰੀ ਵੇਲਾਂ ਨੇ ਵੀ ਇਵੇਂ ਕੀਤਾ ਸੀ।” ਓਅਨਾ ਦੇ ਮੂੰਹੋਂ ਆਪ ਮੁਹਾਰੇ ਨਿਕਲ ਗਿਆ। ਮਾਈਕਲ ਓਡਵਾਇਰ ਉਸਦੇ ਮੂੰਹ ਵੱਲ ਵੇਂਹਦਾ ਰਹਿ ਗਿਆ। ਉਸ ਦਾ ਚਿਹਰਾ ਹੋਰ ਸਖ਼ਤ ਹੋ ਗਿਆ ਸੀ।

“ਯੂ ਨੋਅ, ਤੂੰ ਹਮੇਸ਼ਾ ਕ੍ਰਾਂਤੀਕਾਰੀਆਂ ਦਾ ਪੱਖ ਲੈਂਦੀ ਏਂ। ਕਦੇ ਫਰੈਂਚ ਕ੍ਰਾਂਤੀ ਦੀਆਂ ਗੱਲਾਂ ਕਰਨ ਲੱਗਦੀ ਏਂ, ਕਦੇ ਰੂਸ ਵਿੱਚ ਇਨਕਲਾਬ ਕਰਨ ਵਾਲਿਆਂ ਦੀਆਂ ਕਹਾਣੀਆਂ ਛੋਹ ਬੈਠਦੀ ਏਂ ਤੇ ਕਦੇ ਆਇਰਸ਼ ਰੀਪਬਲੀਕਨ ਆਰਮੀ ਦੇ ਬਾਗੀਆਂ ਦਾ ਪੱਖ ਪੂਰਨ ਲੱਗਦੀ ਏਂ।”

“ਕਿਉਂ ਜੋ ਮੇਰੀਆਂ ਨਾੜਾਂ ‘ਚ ਫਰਾਂਸ ਦੇ ਕ੍ਰਾਂਤੀਕਾਰੀਆਂ ਦਾ ਖੂਨ ਹੈ—ਦੁਨੀਆ ਦੀ ਪਹਿਲੀ ਕ੍ਰਾਂਤੀ ਮੇਰੇ ਦੇਸ਼ ‘ਚ ਹੀ ਤਾਂ ਵਾਪਰੀ ਸੀ। ਮੈਨੂੰ ਆਪਣੇ ਫਰਾਂਸੀਸੀ ਹੋਣ ‘ਤੇ ਮਾਣ ਹੈ।”

“ਕੀ ਫਰਾਂਸ ਦੇ ਲੋਕ ਬਸਤੀਵਾਦੀ ਨਹੀਂ ਹੈਨ ?” ਮਾਈਕਲ ਟੇਢੀਆਂ ਨਿਗਾਹਾਂ ਨਾਲ ਵੇਖਣ ਲੱਗਾ ਸੀ।

“ਲੋਕ ਨਹੀਂ-ਹਾਕਮ ਕਹੋ। ਕ੍ਰਾਂਤੀਕਾਰੀਆਂ ਨੇ ਕਦੋਂ ਚਾਹਿਆ ਹੋਵੇਗਾ ਕਿ ਫਰਾਂਸੀਸੀ ਲੋਕ ਬਸਤੀਵਾਦ ਦੇ ਰਾਹ ਪੈਣ, ਇਹ ਬਿਮਾਰੀ ਤਾਂ ਇੱਕ ਦੂਜੇ ਵੱਲ ਵੇਖਦਿਆਂ ਹਾਕਮਾਂ ਦੇ ਖੂਨ ‘ਚ ਵੜ ਆਉਂਦੀ ਹੈ।” ਓਅਨਾ ਸਹਿਜ ਰਹੀ ਸੀ।

“ਕੀ ਤੈਨੂੰ ਬ੍ਰਿਟਿਸ਼ ਲੋਕਾਂ ਨਾਲ ਨਫ਼ਰਤ ਹੈ ?” ਮਾਈਕਲ ਦੀਆਂ ਭਵਾਂ ਤਣ ਗਈਆਂ ਸਨ।

“ਜੇ ਮੈਂ ਬ੍ਰਿਟਿਸ਼ਰਜ਼ ਨੂੰ ਨਫ਼ਰਤ ਕਰਦੀ ਹੁੰਦੀ, ਤੇਰੇ ਨਾਲ ਵਿਆਹ ਕਰਾਉਣ ਦਾ ਫੈਸਲਾ ਕਰਦੀ ? ਜੇ ਕਰਵਾ ਹੀ ਲਿਆ ਸੀ ਤਾਂ ਤੇਰੇ ਬੱਚਿਆਂ ਦੀ ਮਾਂ ਕਿਉਂ ਬਣਦੀ ? ਕੀ ਇੰਨਾ ਸਮਾਂ ਇਕੱਠਿਆਂ ਤੇਰੇ ਨਾਲ ਬਿਤਾ ਸਕਦੀ ? ਹੋਰ ਸਪਸ਼ਟ ਕਰਦੀ ਹਾਂ-ਕ੍ਰਾਂਤੀਕਾਰੀ ਚੰਗੀ ਜਿੰਦਗੀ ਲਈ ਲੜਦੇ ਹਨ ਤੇ ਚੰਗੀ ਜਿੰਦਗੀ ਲਈ ਲੜਨ ਵਾਲੇ ਕਿਸੇ ਨੂੰ ਨਫ਼ਰਤ ਨਹੀਂ ਕਰਦੇ ਹੁੰਦੇ। ਹਾਂ ਮਨੁੱਖਾਂ ਨੂੰ ਕੀੜੇ ਮਕੌੜੇ ਸਮਝਣ ਵਾਲਿਆਂ ਨਾਲ ਨਫ਼ਰਤ ਜਰੂਰ ਕੀਤੀ ਜਾ ਸਕਦੀ ਹੈ।”

“ਕੀ ਕ੍ਰਾਂਤੀਕਾਰੀ ਹੋਣਾ ਮਾਣ ਵਾਲੀ ਗੱਲ ਹੈ ? ਯੂ ਨੋਅ, ਭਗਤ ਸਿੰਘ ਤੇ ਉਸਦੇ ਸਾਥੀਆਂ ਨੇ ਨਹੱਕਾ ਖੂਨ ਵਹਾਇਆ ਸੀ ?” ਓਅਨਾ ਕਿੰਨਾ ਚਿਰ ਮਾਈਕਲ ਦੀਆਂ ਅੱਖਾਂ ‘ਚ ਵੇਖਦੀ ਰਹੀ। ਓਥੇ ਨਫ਼ਰਤ ਤੋਂ ਸਿਵਾਏ ਕੁੱਝ ਨਹੀਂ ਸੀ।

“ਦੂਸਰੇ ਦੇਸ਼ 'ਤੇ ਧੱਕੇ ਨਾਲ ਕਬਜ਼ਾ ਕਰਨ ਵਾਲੇ ਨਹੱਕੇ ਹੁੰਦੇ ਨੇ ? ਨਹੱਕਾ ਖੂਨ ਕਿੰਨ੍ਹਾਂ ਲੋਕਾਂ ਨੇ ਵਹਾਇਆ ਹੈ, ਇਹ ਤੁਸੀਂ ਮੇਰੇ ਨਾਲੋਂ ਜਿਆਦਾ ਚੰਗੀ ਤਰ੍ਹਾਂ ਜਾਣਦੇ ਹੋ। ਉਂਞ ਇਹ ਸਵਾਲ ਤੁਹਾਡੇ ਵਰਗੇ ਤੁਅੱਸਬੀ ਲੋਕ ਅਕਸਰ ਉਠਾਉਂਦੇ ਰਹਿੰਦੇ ਨੇ ਤੇ ਸਮੇ ਸਮੇ ‘ਤੇ ਉਠਾਉਂਦੇ ਰਹਿਣਗੇ। ਮਾਈਕਲ, ਮੈਂ ਤਾਂ ਹੈਰਾਨ ਹਾਂ ਤੁਹਾਡੇ ‘ਤੇ।”

“ਕਿਸ ਗੱਲੋਂ ?”

“ਆਇਰਸ਼ ਰੀਪਬਲਿਕ ਆਰਮੀ ਵਾਲੇ ਬਾਗੀ ਕਿੰਨੇ ਸਮੇਂ ਤੋਂ ਆਜ਼ਾਦੀ ਲਈ ਲੜਾਈ ਲੜ ਰਹੇ ਹਨ। ਤੁਸੀਂ ਆਇਰਸ਼ ਹੋਣ ਦੇ ਬਾਵਜੂਦ ਬਾਗੀਆਂ ਦੀ ਹਿਮਾਇਤ ਨਹੀਂ ਕਰਦੇ। ਹਿਮਾਇਤ ਤਾਂ ਇੱਕ ਪਾਸੇ ਤੁਸੀਂ ਤਾਂ ਕ੍ਰਾਂਤੀ ਦੇ ਨਾਂ ਤੋਂ ਵੀ ਤ੍ਰਬਕ ਜਾਂਦੇ ਓਂ। ਮੈਨੂੰ ਤਾਂ ਯਕੀਨ ਨਹੀਂ ਹੁੰਦਾ ਕਿ ਤੁਸੀਂ ਆਇਰਸ਼ ਹੋ ਵੀ ਕਿ ਨਹੀਂ ?”

“ਮੈਨੂੰ ਕ੍ਰਾਂਤੀ ਤੇ ਕ੍ਰਾਂਤੀਕਾਰੀਆਂ ਨਾਲ ਨਫ਼ਰਤ ਹੈ। ਓਅਨਾ ਅਸੀਂ ਚੌਂਦਾ ਭੈਣ ਭਰਾ ਸਾਂ। ਵੱਡਾ ਫਾਰਮ ਹਾਊਸ ਸੀ ਸਾਡਾ। ਮੇਰੇ ਪਿਤਾ ਜੌਹਨ ਦਾ ਘਰ ਆਇਰਸ਼ ਬਾਗੀਆਂ ਨੇ ਸਾੜ ਦਿੱਤਾ ਕਿਉਂ ਕਿ ਮੇਰੇ ਪਿਤਾ ਨੇ ਬਾਗੀਆਂ ਦਾ ਸਾਥ ਦੇਣ ਤੋਂ ਮਨ੍ਹਾ ਕਰ ਦਿੱਤਾ ਸੀ। ਕਿੰਨਾ ਕੁ ਵੱਡਾ ਕਸੂਰ ਸੀ ਇਹ ?” ਮਾਈਕਲ ਦੀ ਗੱਲ ਸੁਣ ਕੇ ਓਅਨਾ ਦੇ ਉਦਾਸੇ ਚਿਹਰੇ ‘ਤੇ ਵਿਅੰਗਮਈ ਮੁਸਕਾਣ ਆ ਗਈ।

“ਕਸੂਰ ਤਾਂ ਜਲ੍ਹਿਆਂ ਵਾਲਾ ਬਾਗ ‘ਚ ਸ਼ਾਂਤਮਈ ਮੀਟਿੰਗ ਕਰ ਰਹੇ ਲੋਕਾਂ ਦਾ ਵੀ ਕੋਈ ਨਹੀਂ ਸੀ ਜਿੰਨ੍ਹਾਂ ਨੂੰ ਤੁਹਾਡੀ ਪੁਲਿਸ ਅਤੇ ਫੌਜ ਨੇ ਅੰਨੇਵਾਹ ਫਾਇਰਿੰਗ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ।”

“ਤੂੰ ਇਹ ਕਿਉਂ ਭੁੱਲ ਜਾਨੀ ਏਂ ਕਿ ਜਨਰਲ ਡਾਇਰ ਦੀ ਕਾਰਵਾਈ ਤੋਂ ਬਾਅਦ ਪੰਜਾਬ ਦੇ ਉੱਚ ਧਾਰਮਿਕ ਆਗੂਆਂ ਨੇ ਵਿਸ਼ੇਸ਼ ਤੌਰ ‘ਤੇ ਉਸਨੂੰ ਸਨਮਾਨਿਤ ਕੀਤਾ ਸੀ।” ਓਡਵਾਇਰ ਦੇ ਚਿਹਰੇ ‘ਤੇ ਮੁਸਕਰਾਹਟ ਉੱਭਰੀ ਸੀ।

“ਇਸ ਨਾਲ ਡਾਇਰ ਦਾ ਜੁ਼ਲਮ ਜਸਟੀਫਾਈ ਤਾਂ ਨਹੀਂ ਹੋ ਜਾਂਦਾ ? ਇਉਂ ਤਾਂ ਹਿੰਦੋਸਤਾਨ ਦੇ ਕਿੰਨੇ ਹੀ ਲੋਕ ਨੇ ਜੋ ਜਗੀਰਾਂ, ਰੁਤਬਿਆਂ, ਖਿਤਾਬਾਂ ਤੇ ਖੈਰਾਤਾਂ ਦੇ ਲਾਲਚ ‘ਚ ਤੁਹਾਡਾ ਸਾਥ ਦਿੰਦੇ ਨੇ। ਸਾਥ ਹੀ ਨਹੀਂ ਦਿੰਦੇ ਆਪਣੇ ਹਮਵਤਨੀ ਦੇਸ਼ ਭਗਤਾਂ ਨਾਲ ਗਦਾਰੀਆਂ ਵੀ ਕਰਦੇ ਨੇ। ਫਿਰ ਤੁਸੀਂ ਵੀ ਇਹ ਕਿਉਂ ਭੁੱਲ ਜਾਨੇ ਓਂ ?”

“ਕੀ ?”

“ਕਿ ਬ੍ਰਿਟਿਸ਼ ਪਾਰਲੀਮੈਂਟ ‘ਚ ਇਸ ਘਟਨਾ ਦੀ ਜੋਰਦਾਰ ਨਿਖੇਧੀ ਕੀਤੀ ਗਈ ਹੈ। ਵਿੰਸਟਨ ਚਰਚਿਲ, ਜਿਸਨੂੰ ਤੁਸੀਂ ਸ਼ਰਾਬੀ ਲੇਖਕ ਆਖਦੇ ਓਂ-ਉਹ ਤੁਹਾਡੇ ਨਾਲੋਂ ਲੱਖ ਦਰਜੇ ਚੰਗਾ ਨਿਕਲਿਆ ਜਿਸਨੇ ਪਾਰਲੀਮੈਂਟ ‘ਚ ਇਸ ਘਟਨਾ ਨੂੰ ਹੌਲਨਾਕ ਤੇ ਮਨਹੂਸ ਆਖਦਿਆਂ ਨਿੰਦਾ ਕੀਤੀ। ਸਾਬਕਾ ਪ੍ਰਧਾਨ ਮੰਤਰੀ ਹੈਨਰੀ ਐਕੁਸਥ ਭਲਾ ਕੀ ਬੋਲਿਆ ? ਉਸਨੇ ਡਾਇਰ ਦੀ ਹਰਕਤ ਨੂੰ ਅਤਿ ਘਿਨਾਉਣੀ ਤੇ ਅਤਿਆਚਾਰੀ ਆਖਿਐ। ਡਾਇਰ ਨੂੰ ਸਨਮਾਨਿਤ ਕਰਨ ਵਾਲੇ ਤਾਂ ਯਾਦ ਨੇ ਤੁਹਾਨੂੰ-ਗੀਤਾਂਜ਼ਲੀ ਵਾਲਾ ਨੋਬਲ ਇਨਾਮ ਜੇਤੂ ਰਾਵਿੰਦਰ ਨਾਥ ਟੈਗੋਰ ਕਿਉਂ ਯਾਦ ਨਹੀਂ ਜਿਸਨੇ ਘਟਨਾ ਦੇ ਰੋਸ ਵਜੋਂ ‘ਸਰ’ ਦਾ ਖਿਤਾਬ ਤੁਹਾਡੀ ਸਰਕਾਰ ਦੇ ਮੂੰਹ ‘ਤੇ ਚਲਾ ਮਾਰਿਆ। ਡੀਅਰ ਮਾਈਕਲ, ਇਹ ਐਵਾਰਡ ਤੁਹਾਡੀ ਸਰਕਾਰ ਨੇ ਹੀ ਦਿੱਤਾ ਸੀ।”

“ਤੂੰ ਸਦਾ ਰੌਂਗ ਸੋਚਦੀ ਏਂ।”

“ਤੁਸੀਂ ਬਸਤੀਵਾਦੀ ਲੋਕ ਜਿਸਨੂੰ ਰੌਂਗ ਆਖਦੇ ਹੁੰਦੇ ਓਂ, ਅਸਲ ਵਿੱਚ ਓਹੀ ਰਾਈਟ ਹੁੰਦਾ।”

“ਇਹ ਕੋਈ ਚਾਹ ਦੀ ਪਿਆਲੀ ‘ਚ ਆਇਆ ਉਬਾਲ ਨਹੀਂ ਸੀ ਬਲਕਿ ਇੱਕ ਬਹੁਤ ਵੱਡੀ ਬਗਾਵਤ ਦੀ ਤਿਆਰੀ ਸੀ। ਡਾਇਰ ਨੇ ਭੂਤਰੇ ਸਾਨ੍ਹ ਨੂੰ ਸਿੰਗਾਂ ਤੋਂ ਫੜ ਕੇ ਥੱਲੇ ਸੁੱਟਿਆ ਸੀ। ਉਸਨੇ ਪਾਗਲ ਹਾਥੀ ਨੂੰ ਪੂਛ ਤੋਂ ਫੜ ਕੇ ਰੋਕ ਲਿਆ ਸੀ। ਓਅਨਾ, ਤੈਨੂੰ ਕਿੰਨੇ ਵਾਰ ਸਪਸ਼ਟ ਕਰ ਚੁੱਕਾ ਹਾਂ ਕਿ ਜੇਕਰ ਰੈਜ਼ੀਨਲ ਡਾਇਰ ਲੋਕਾਂ ‘ਤੇ ਗੋਲੀ ਚਲਾਉਣ ਦਾ ਹੁਕਮ ਨਾ ਦਿੰਦਾ, ਬਾਗੀਆਂ ਦੇ ਹੌਂਸਲੇ ਬਹੁਤ ਵਧ ਜਾਣੇ ਸਨ।”

“ਫੇਰ ਕੀ ਹੁੰਦਾ ? ਏਹੀ ਕਿ ਮਾਈਕਲ ਓਡਵਾਇਰ ਜਿਹੇ ਗੋਰੀ ਨਸਲ ਦੇ ਤਾਨਾਸ਼ਾਹਾਂ ਨੂੰ ਰਾਜਿਆਂ ਮਹਾਰਾਜਿਆਂ ਜਿਹੀ ਸ਼ਾਹਾਨਾ ਜਿੰਦਗੀ ਛੱਡ ਕੇ ਵਾਪਸ ਆਪਣੇ ਵਤਨ ਇੰਗਲੈਂਡ ਪਰਤਣਾ ਪੈਂਦਾ। ਏਹੀ ਕਿ ਇੰਡੀਅਨ ਲੋਕ ਬਸਤੀਵਾਦੀ ਗੁਲਾਮੀ ਦੇ ਜੂਲ੍ਹੇ ਥੱਲਿਓਂ ਨਿਕਲ ਕੇ ਆਜ਼ਾਦ ਫਿ਼ਜ਼ਾ ‘ਚ ਸਾਹ ਲੈਣ ਲੱਗ ਜਾਂਦੇ।” ਅਜਿਹੇ ਮੌਕੇ ਓਅਨਾ ਦੀ ਆਵਾਜ਼ ਸਖ਼ਤ ਹੋ ਜਾਂਦੀ ਸੀ। ਉਸ ਵੇਲੇ ਉਸ ਨੂੰ ਸਖ਼ਤ ਸੁਭਾਅ ਵਾਲੇ ਮਾਈਕਲ ਓਡਵਾਇਰ ਦੀ ਵੀ ਪ੍ਰਵਾਹ ਨਾ ਹੁੰਦੀ। ਉਹ ਆਪਣੀ ਗੱਲ਼ ਨਿਰਸੰਕੋਚ ਕਹਿ ਦਿੰਦੀ ਸੀ।

“ਯੂ ਨੋਅ, ਹਿੰਦੋਸਤਾਨ ਦੇ ਜ਼ਾਹਲ ਤੇ ਅਸੱਭਿਅਕ ਲੋਕ ਮੁਲਕ ਨੂੰ ਸੰਭਾਲਣ ਦੇ ਯੋਗ ਨਹੀਂ ਹਨ। ਤੂੰ ਸੋਚ ਜੇ ਹਿੰਦੋਸਤਾਨ ਦੇ ਲੋਕ ਅਸੱਭਿਅਕ ਤੇ ਨਿਕੰਮੇ ਨਾ ਹੁੰਦੇ, ਅਸੀਂ ਮੁੱਠੀ ਭਰ ਲੋਕ ਹਜ਼ਾਰਾਂ ਮੀਲ ਦੂਰ ਤੋਂ ਆ ਕੇ ਇੱਥੇ ਰਾਜ ਭਾਗ ਸੰਭਾਲ ਲੈਂਦੇ ? ਓਅਨਾ ਡਾਰਲਿੰਗ, ਇਸ ਗੱਲ਼ ਨੂੰ ਸਮਝ ਕਿ ਸਾਡਾ ਹਿੰਦੋਸਤਾਨ ‘ਤੇ ਰਾਜ ਕਰਨਾ ਪਰਮੇਸ਼ਵਰ ਦੀ ਮਰਜੀ ਅਨੁਸਾਰ ਹੀ ਹੈ। ਗੌਡ ਨੇ ਸਾਡੀ ਵਾਈਟ ਲੋਕਾਂ ਦੀ ਡਿਉਟੀ ਲਾਈ ਹੈ ਕਿ ਅਸੀਂ ਹਿੰਦੋਸਤਾਨ ਦੇ ਅਸੱਭਿਅਕ ਲੋਕਾਂ ਨੂੰ ਤਹਿਜ਼ੀਬ ਸਿਖਾਈਏ।”

“ਸਹੀ ਕਿਹਾ ਮਾਈਕਲ। ਗੌਡ ਨੇ ਕੁੱਲ੍ਹ ਦੁਨੀਆਂ ਨੂੰ ਤਹਿਜ਼ੀਬ ਸਿਖਾਉਣ ਦੀ ਜਿੰਮੇਵਾਰੀ ਤੁਹਾਡੀ ਵਾਈਟ ਲੋਕਾਂ ਦੀ ਲਾਈ ਹੈ। ਤੁਹਾਡਾ ਵੱਡਾ ਲੇਖਕ ਰੁਡਯਰਡ ਕਿਪਲਿੰਗ ਵੀ ਤਾਂ 'ਵਾਈਟ ਮੈਨ' ਨਾਂ ਦੀ ਕਵਿਤਾ 'ਚ ਏਹੀ ਲਿਖਦਾ-ਗੋਰੇ ਬੰਦਿਆਂ ਨੂੰ ਕਾਲਿਆਂ ਦਾ ਬੋਝ ਉਠਾਉਣਾ ਚਾਹੀਦਾ।” ਓਅਨਾ ਨੇ ਕਿਹਾ ਤਾਂ ਵਿਅੰਗ ਨਾਲ ਸੀ ਪਰ ਮਾਈਕਲ ਓਡਵਾਇਰ ਓਅਨਾ ਦੇ ਬੋਲਾਂ ਵਿਚਲੇ ਵਿਅੰਗ ਨੂੰ ਫੜ ਨਹੀਂ ਸੀ ਸਕਿਆ।

“ਹਿੰਦੋਸਤਾਨੀ ਆਗੂ ਵੀ ਨਾਅਹਿਲ ਤੇ ਨਿਕੰਮੇ ਨੇ। ਉਹਨਾਂ ਕੋਲ ਕੋਈ ਤਜ਼ਰਬਾ ਨਹੀਂ ਹੈ।”

“ਕਿਹੋ ਜਿਹਾ ਤਜ਼ਰਬਾ ?”

“ਰਾਜ ਭਾਗ ਦਾ ਤਜ਼ਰਬਾ।”

“ਸਿੱਧਾ ਕਿਉਂ ਨਹੀਂ ਕਹਿੰਦੇ ਕਿ ਦੇਸੀ ਹੁਕਮਰਾਨ ਵਾਈਟ ਰੂਲਰਜ਼ ਵਾਂਗ ਮੁਲਕ ਨੂੰ ਚੂੰਡ ਨਹੀਂ ਸਕਣਗੇ। ਨਾਲੇ ਇਹ ਤੂੰ ਕਿਵੇਂ ਕਹਿ ਸਕਦਾ ਏਂ ? ਹੋ ਸਕਦਾ ਉਹ ਤੁਹਾਡੇ ਵੀ ਬਾਪ ਦਾਦੇ ਸਾਬਤ ਹੋਣ। ਮਾਈਂਡ ਨਾ ਕਰੀਂ ਮਾਈਕਲ ---ਹੁਕਮਰਾਨ ਕਿਸੇ ਵੀ ਮੁਲਕ ਦੇ ਹੋਣ, ਦੇਸੀ ਹੋਣ ਜਾਂ ਵਿਦੇਸ਼ੀ; ਇੱਕੋ ਮਿੱਟੀ ਦੇ ਹੀ ਬਣੇ ਹੁੰਦੇ ਨੇ। ਫਰਕ ਸਿਰਫ਼ ਏਨਾ ਕੁ ਹੁੰਦਾ, ਦੇਸੀ ਹਾਕਮਾਂ ਦੇ ਹੁੰਦਿਆਂ ਲੋਕਾਂ ਨੂੰ ਆਜ਼ਾਦ ਹੋਣ ਦੀ ਫੀਲਿ਼ਗ ਬਣੀ ਰਹਿੰਦੀ ਹੈ।” ਓਅਨਾ ਦੀਆਂ ਤਿੱਖੀਆਂ ਗੱਲਾਂ ਨੇ ਮਾਈਕਲ ਨੂੰ ਤੜਫਾ ਦਿੱਤਾ ਸੀ।

“ਕੁੱਝ ਵੀ ਕਹਿ-ਇਹ ਸੂਰਜ ਦੀ ਰੌਸ਼ਨੀ ਵਾਂਗ ਸਾਫ ਏ ਕਿ ਗੋਰੀ ਨਸਲ, ਅਸੱਭਿਅਕ ਲੋਕਾਂ ‘ਤੇ ਰਾਜ ਕਰ ਰਹੀ ਹੈ ਤੇ ਉਸਨੂੰ ਰਾਜ ਕਰਨ ਦਾ ਅਧਿਕਾਰ ਕੁਦਰਤ ਨੇ ਦਿੱਤਾ ਹੈ।”

“ਜੇ ਅਸੱਭਿਅਕ ਲੋਕਾਂ ‘ਤੇ ਰਾਜ ਕਰਨਾ ਗੋਰੀ ਨਸਲ ਦਾ ਕੁਦਰਤੀ ਅਧਿਕਾਰ ਹੈ ਤਾਂ ਆਪਣੇ ਜਲ ਜੰਗਲ ਤੇ ਜ਼ਮੀਨ ਲਈ ਲੜਨਾ ਵੀ ਲੋਕਾਂ ਦਾ ਕੁਦਰਤੀ ਅਧਿਕਾਰ ਹੈ। ਜਿਵੇਂ ਹਿੰਦੋਸਤਾਨੀ ਇਨਕਲਾਬੀ ਲੜ ਰਹੇ ਨੇ। ਜਿਵੇਂ ਤੇਰੇ ਆਪਣੇ ਆਇਰਸ਼ ਇਨਕਲਾਬੀ ਨੇ। ਤੂੰ ਸਪੇਨ ਤੋਂ ਵੱਖ ਹੋਣ ਦੀ ਲੜਾਈ ਲੜ ਰਹੇ ਕੈਟਾਲੋਨੀਅਨ ਇਨਕਲਾਬੀਆਂ ਬਾਰੇ ਵੀ ਤਾਂ ਜਾਣਦਾ ਈ ਹੋਵੇਂਗਾ। ਹੋਰ ਵੀ ਤਾਂ ਕਿੰਨੇ ਦੇਸ਼ਾਂ ‘ਚ ਇਨਕਲਾਬੀ ਤਹਿਰੀਕਾਂ ਚੱਲ ਰਹੀਆਂ ਨੇ।” ਓਅਨਾ ਦੀਆਂ ਦਲੀਲਾਂ ਅੱਗੇ ਮਾਈਕਲ ਨੂੰ ਚੁੱਪ ਧਾਰਨੀ ਪਈ ਸੀ।

ਮਾਈਕਲ ਨਾਲ ਹੋਈਆਂ ਕਿੰਨੀਆਂ ਹੀ ਗੱਲਾਂ ਓਅਨਾ ਨੂੰ ਯਾਦ ਆ ਰਹੀਆਂ ਸਨ। ਉਸਨੇ ਕੰਬਦੇ ਹੱਥਾਂ ਨਾਲ ਦੂਸਰੀ ਅਖਬਾਰ ਚੁੱਕ ਕੇ ਅੱਖਾਂ ਦੇ ਨੇੜੇ ਕਰ ਲਈ। ਇਸ ਅਖਬਾਰ ਨੇ ਤਾਂ ਵੱਡਾ ਸੰਪਾਦਕੀ ਲੇਖ ਲਿਖ ਕੇ ਓਡਵਾਇਰ ‘ਤੇ ਹਮਲੇ ਦੀ ਕਾਰਵਾਈ ਨੂੰ ਕਾਇਰਤਾ ਪੂਰਨ ਆਖਦਿਆਂ ਬਾਗੀਆਂ ਖਿ਼ਲਾਫ ਸਖ਼ਤ ਕਾਰਵਾਈ ਕਰਨ ਲਈ ਲਿਿਖਆ ਹੈ। ਓਅਨਾ ਨੂੰ ਅਜਿਹੀਆਂ ਸਾਰੀਆਂ ਅਖਬਾਰਾਂ ‘ਤੇ ਗੁੱਸਾ ਆਇਆ ਜਿਹੜੀਆਂ ਸਰਕਾਰਾਂ ਦੀ ਝੋਲੀ ਚੁੱਕਦੀਆਂ ਉਹਨਾਂ ਦੇ ਹਰੇਕ ਚੰਗੇ–ਮਾੜੇ ਫੈਸਲੇ ਦੇ ਸੋਹਲੇ ਗਾਉਣ ਲੱਗਦੀਆਂ ਹਨ। ਓਅਨਾ ਅਨੁਸਾਰ ਇਹ ਅਖਬਾਰਾਂ ਹੀ ਹਾਕਮਾਂ ਨੂੰ ਗਲਤ ਕੰਮ ਕਰਨ ਲਈ ਉਤਸ਼ਾਹਿਤ ਕਰਦੀਆਂ ਹਨ। ਓਅਨਾ ਨੂੰ ਤੇਰਾਂ ਅਪਰੈਲ ਉਨ੍ਹੀ ਸੌ ਉਨੀ ਦੀ ਘਟਨਾ ਤੋਂ ਬਅਦ ਵਾਲੇ ਦਿਨਾਂ ਦੀਆਂ ਇੰਗਲੈਂਡ ਦੀਆਂ ਅਖਬਾਰਾਂ ‘ਚ ਜਨਰਲ ਡਾਇਰ ਅਤੇ ਓਡਵਾਇਰ ਨੂੰ ਜਾਇਜ਼ ਠਹਿਰਾਉਣ ਵਾਲੇ ਛਪੇ ਲੰਬੇ ਲੰਬੇ ਲੇਖ ਯਾਦ ਆਏ। ਕਈ ਅਖਬਾਰਾਂ ਨੇ ਤਾਂ ਡਾਇਰ ਅਤੇ ਓਡਵਾਇਰ ਨੂੰ ਹੀਰੋ ਆਖਦਿਆਂ ਦੋਵਾਂ ਨੂੰ ਵਿਸ਼ੇਸ਼ ਸਨਮਾਨ ਦੇਣ ਦੀ ਗੱਲ ਤੱਕ ਛਾਪ ਦਿੱਤੀ ਸੀ। ‘ਮੌਰਨਿੰਗ ਪੋਸਟ’ ਤਾਂ ਸਾਰੀਆਂ ਅਖਬਾਰਾਂ ਨਾਲੋਂ ਹੀ ਅੱਗੇ ਨਿਕਲ ਗਿਆ ਸੀ। ਅਖਬਾਰ ਨੇ ਡਾਇਰ ਦੇ ਵਾਪਸ ਇੰਗਲੈਂਡ ਆਉਣ ‘ਤੇ ਉਸ ਦੀ ਸਹਾਇਤਾ ਵਾਸਤੇ ‘ਡਾਇਰ ਮੈਮੋਰੀਅਲ ਕੋਸ਼’ ਚਲਾਇਆ ਤੇ ਇਸ ਕਾਰਜ ਲਈ ਛੱਬੀ ਹਜ਼ਾਰ ਪੌਂਡ ਜਮਾ ਕੀਤੇ।

ਓਅਨਾ ਨੂੰ ਅਠਾਰਾਂ ਸੌ ਬਹੱਤਰ ਦੀ ਕੂਕਾ ਲਹਿਰ ਦੌਰਾਨ ਪੰਜਾਬ ਦੇ ਸ਼ਹਿਰ ਮਲੇਰਕੋਟਲਾ 'ਚ ਉਨੰਜਾ ਕੂਕਿਆਂ ਨੂੰ ਤੋਪਾਂ ਨਾਲ ਉਡਾਉਣ ਸਬੰਧੀ ਕੁੱਝ ਸਮਾ ਪਹਿਲਾਂ ਪਾਇਨੀਅਰ ਅਖਬਾਰ ‘ਚ ਛਪਿਆ ਜ਼ਹਿਰੀਲਾ ਵਿਅੰਗ ਆਇਆ ਯਾਦ ਆਇਆ ਜਿਸ ‘ਚ ਲਿਖਿਆ ਸੀ, “ਤੁਸੀਂ ਆਂਡਾ ਤੋੜੇ ਬਗੈਰ ਆਮਲੇਟ ਨਹੀਂ ਬਣਾ ਸਕਦੇ।” ਓਅਨਾ ਦਾ ਮੂੰਹ ਕੁੜੱਤਣ ਨਾਲ ਭਰ ਗਿਆ।

“ਸਰਕਾਰ ਦੀ ਝੋਲੀ ਚੁੱਕਣ ਵਾਲਾ ਮੀਡੀਆ ਨਫ਼ਰਤ ਦਾ ਕਾਰੋਬਾਰ ਕਰਨ ਤੋਂ ਇਲਾਵਾ ਹੋਰ ਕੁੱਝ ਕਰ ਹੀ ਨਹੀਂ ਸਕਦਾ। ਜੇ ਸਰਕਾਰ ਇਹਨਾਂ ਨੂੰ ਬੈਠਣ ਲਈ ਆਖਦੀ ਹੈ ਤਾਂ ਇਹ ਲਿਟਣ ਲੱਗਦੇ ਨੇ।”

ਉਹ ਮਨ ਹੀ ਮਨ ਕਿੰਨਾ ਚਿਰ ਰਾਸ਼ਟਰਵਾਦੀ ਅਖਬਾਰਾਂ ਨੂੰ ਗਾਹਲਾਂ ਕੱਢਦੀ ਰਹੀ।

*******

ਓਅਨਾ ਨੇ ‘ਦਾ ਡੇਲੀ ਹੈਰਾਲਡ’ ਅਖਬਾਰ ਖੋਹਲ ਕੇ ਅੱਖਾਂ ਅੱਗੇ ਕਰ ਲਈ।

ਅਖਬਾਰ ਦੇ ਪਹਿਲੇ ਪੰਨੇ ‘ਤੇ ਇੱਕ ਡੱਬੀ ‘ਚ ਹਮਲਾਵਰ ਦੀ ਫੋਟੋ ਹੈ। ਲੰਮਾ ਓਵਰਕੋਟ ਪਾਈ ਇੱਕ ਸਿਹਤਮੰਦ ਵਿਅਕਤੀ ਨੇ ਸਿਰ ‘ਤੇ ਅੰਗਰੇਜ਼ ਅਫਸਰਾਂ ਜਿਹਾ ਹੈਟ ਪਾਇਆ ਹੋਇਆ। ਰੋਅਬਦਾਰ ਚਿਹਰੇ ‘ਤੇ ਡਰ ਦਾ ਕੋਈ ਨਿਸ਼ਾਨ ਨਹੀਂ ਹੈ ਬਲਕਿ ਅਜੀਬ ਖੁਸ਼ੀ ਤੇ ਸੰਤੁਸ਼ਟੀ ਝਲਕਦੀ ਹੈ।

“ਮੈਂ ਮਰਨ ਤੋਂ ਨਹੀਂ ਡਰਦਾ। ਮਰਨ ਵਾਸਤੇ ਬੁਢਾਪਾ ਉਡੀਕੀ ਜਾਣ ਦਾ ਕੀ ਫਾਇਦਾ ? ਜਦੋਂ ਤੁਸੀਂ ਜਦੋਂ ਜਵਾਨ ਹੋਵੋ, ਉਦੋਂ ਹੀ ਮਰ ਜਾਣਾ ਚਾਹੀਦਾ ਹੈ।” ਮੁਸਕਰਾਉਂਦੇ ਹੋਏ ਹਮਲਾਵਰ ਨੇ ਕਿਹਾ ਸੀ। ਉਸਦੇ ਇਸ ਅਚਾਨਕ ਹਮਲੇ ਕਾਰਨ ਅੰਗਰੇਜ਼ ਸਿਪਾਹੀ ਸਹਿਮ ‘ਚ ਆ ਗਏ ਸਨ।

-ਕੀ ਜੈਟਲੈਂਡ ਮਰ ਗਿਆ ਹੈ ? ਮੈਂ ਉਸਦੇ ਵੀ ਦੋ ਗੋਲੀਆਂ ਮਾਰੀਆਂ ਸਨ। ਇਸ ਹਰਾਮਖੋਰ ਨੂੰ ਵੀ ਮਰਨਾ ਚਾਹੀਦਾ ਸੀ। ਇਸਨੇ ਵੀ ਹਿੰਦੋਸਤਾਨੀ ਆਵਾਮ ‘ਤੇ ਬੜੇ ਜ਼ੁਲਮ ਢਾਹੇ ਸਨ।” ਹਮਲਾਵਰ ਨੇ ਡੀਕਨ ਨੂੰ ਪੁੱਛਿਆ ਤਾਂ ਉਹ ਚੁੱਪ ਰਿਹਾ ਸੀ। ਉਸਦੀ ਚੁੱਪ ਵੱਲ ਵੇਖਦਿਆਂ ਹਮਲਾਵਰ ਨੇ ਅਫਸੋਸ ‘ਚ ਸਿਰ ਹਿਲਾਉਂਦਿਆਂ ਕਿਹਾ, “ਮੈਨੂੰ ਤਾਂ ਯਕੀਨ ਸੀ ਕਿ ਮੈਂ ਬਹੁਤ ਸਾਰੇ ਅਤਿਆਚਾਰੀਆਂ ਦਾ ਖਾਤਮਾ ਕਰ ਦਿੱਤਾ ਹੋਊ। ਮੈਨੂੰ ਆਪਣੀ ਸੁਸਤੀ ‘ਤੇ ਅਫਸੋਸ ਹੈ।”

-ਸਾਰਜੈਂਟ ਜੌਨਜ਼ ਨੇ ਹਮਲਾਵਰ ਦੇ ਹੱਥ ਪਿੱਛੇ ਲਿਜਾਂਦਿਆਂ ਪੁੱਛਿਆ ਸੀ, “ਕੀ ਨਾਂ ਹੈ ਤੇਰਾ ?” ਤੈਨੂੰ ਪਤਾ ਇਹਦਾ ਨਤੀਜਾ ਕੀ ਹੋਊ ? ਤੈਨੂੰ ਕੈਨਨ ਰੋਅ ਪੁਲਿਸ ਸਟੇਸ਼ਨ ਲਿਜਾਣਾ ਹੈ ਜਿੱਥੇ ਤੇਰੇ ਖਿ਼ਲਾਫ ਐਫ਼ ਆਈ ਆਰ ਦਰਜ ਹੋਵੇਗੀ।”

“ਮੇਰਾ ਨਾਂ ਮੁਹੰਮਦ ਸਿੰਘ ਆਜ਼ਾਦ ਹੈ। ਮੈਂ ਬ੍ਰਿਟਿਸ ਸਾਮਰਾਜ ਪ੍ਰਤੀ ਰੋਸ ਪ੍ਰਗਟਾਇਆ ਹੈ ਜਿਸਦਾ ਮੈਨੂੰ ਕੋਈ ਅਫਸੋਸ ਨਹੀਂ ਹੈ। ਮੈਂ ਬਰਤਾਨਵੀ ਸਾਮਰਾਜ ‘ਚ ਭਾਰਤੀਆਂ ਨੂੰ ਭੁੱਖੇ ਮਰਦੇ ਵੇਖਿਆ ਹੈ। ਮੈਨੂੰ ਇਸਦਾ ਕੋਈ ਡਰ ਨਹੀਂ ਕਿ ਕੀ ਸਜ਼ਾ ਮਿਲੇਗੀ। ਭਾਵੇਂ ਕੈਦ ਹੋਵੇ ਜਾਂ ਫਾਂਸੀ। ਮੈਂ ਆਪਣਾ ਫਰਜ਼ ਨਿਭਾਇਆ। ਇਨਕਲਾਬ ਜਿੰਦਾਬਾਦ—ਸਾਮਰਾਜ ਮੁਰਦਾਬਾਦ—ਇੰਗਲੈਂਡ ਮੁਰਦਾਬਾਦ।”

ਓਅਨਾ ਆਪਣੇ ਪਤੀ ਮਾਈਕਲ ਓਡਵਾਇਰ ਦੇ ਕਾਤਲ ਵਲੋਂ ਫੜੇ ਜਾਣ ਉਪਰੰਤ ਦਿੱਤੇ ਜਵਾਬ ਪੜ੍ਹ ਕੇ ਸੁੰਨ ਰਹਿ ਗਈ ਹੈ। ਉਹ ਆਪਣੇ ਆਪ ‘ਤੇ ਹੈਰਾਨ ਹੋਈ ਕਿ ਉਸਨੂੰ ਆਪਣੇ ਪਤੀ ਦੇ ਕਾਤਲ ਖ਼ਿਲਾਫ ਕਿਸੇ ਕਿਸਮ ਦੀ ਨਫ਼ਰਤ ਕਿਉਂ ਨਹੀਂ ਪੈਦਾ ਹੋਈ। ਹਮਲਾਵਰ ਨੇ ਉਮਰ ਦੇ ਅਜਿਹੇ ਪੜਾਅ ‘ਤੇ ਉਸਦੇ ਪਤੀ ਦਾ ਕਤਲ ਕੀਤਾ ਸੀ ਜਿਸ ਪੜਾਅ ‘ਤੇ ਪਤੀ ਪਤਨੀ ਦਾ ਆਪਸੀ ਸਾਥ ਬੜਾ ਮਹੱਤਵਪੂਰਨ ਹੁੰਦਾ। ਇਹੀ ਤਾਂ ਉਮਰ ਹੁੰਦੀ ਹੈ ਜਦੋਂ ਦੋਵੇਂ ਇੱਕ ਦੂਜੇ ਦਾ ਆਸਰਾ ਬਣਕੇ ਬੁਢਾਪਾ ਸੌਖਾ ਕੱਟ ਲੈਂਦੇ ਹਨ।

“ਕੀ ਬੁਢਾਪੇ ‘ਚ ਮੈਨੂੰ ਮਾਈਕਲ ਦੇ ਸਾਥ ਦੀ ਵੱਧ ਜਰੂਰਤ ਨਹੀਂ ਸੀ ? ਹੁਣ ਕੀ ਪਤਾ ਅਗਲਾ ਸਮਾ ਕਿਹੋ ਜਿਹਾ ਬਤੀਤ ਹੋਵੇ ?” ਓਅਨਾ ਨੇ ਆਪਣੇ ਆਪ ਨੂੰ ਸਵਾਲ ਕੀਤਾ ਸੀ।

“ਓਅਨਾ ਉਹਨਾਂ ਹਜ਼ਾਰਾਂ ਲੱਖਾਂ ਲੋਕਾਂ ਬਾਰੇ ਸੋਚ ਜਿੰਨਾਂ ਨੂੰ ਮਾਈਕਲ ਜਿਹੇ ਸਾਮਰਾਜੀਆਂ ਦੀ ਹਵਸ ਨੇ ਮਿੱਟੀ ਦੀਆਂ ਢੇਰੀਆਂ ‘ਚ ਤਬਦੀਲ ਕਰ ਦਿੱਤਾ। ਉਹਨਾਂ ਦੇ ਮਾਂ ਬਾਪ ਦਾ ਬੁਢਾਪਾ ਹੰਝੂਆਂ ‘ਚ ਕਿੰਞ ਰੁੜਿਆ ਹੋਵੇਗਾ ? ਉਹਨਾਂ ਵਿਧਵਾਵਾਂ ਦੇ ਕੀ ਹਾਲ ਹੋਏ ਹੋਣਗੇ ? ਉਹਨਾਂ ਦੇ ਬਾਲ ਬੱਚਿਆਂ ਦਾ ਕੀ ਬਣਿਆ ਹੋਵੇਗਾ ?” ਆਪਣੇ ਸਵਾਲ ਦਾ ਜਵਾਬ ਵੀ ਉਸਨੇ ਆਪ ਹੀ ਦੇ ਦਿੱਤਾ ਸੀ।

“ਹਮਲਾਵਰ ਦਾ ਅਸਲ ਨਾਮ ਤਾਂ ਕੋਈ ਹੋਰ ਹੀ ਹੋਵੇਗਾ-ਮੁਹੰਮਦ ਸਿੰਘ ਆਜ਼ਾਦ ਤਾਂ ਇਸਨੇ ਰੱਖ ਲਿਆ ਹੈ। ਇਸ ਨਾਮ ‘ਚੋਂ ਹਿੰਦੋਸਤਾਨ ਦੀ ਸਾਂਝੀ ਤਹਿਜ਼ੀਬ ਦੀ ਮਹਿਕ ਆਉਂਦੀ ਹੈ। ਹੈਰਾਨੀ ਹੈ ਇਹ ਸਖਸ਼ ਆਪਣੇ ਅੰਦਰ ਬਲਦੀ ਅੱਗ ਨੂੰ ਠਾਰਨ ਲਈ ਪੂਰੇ ਇੱਕੀ ਸਾਲ ਉਡੀਕ ਕਰਦਾ ਰਿਹਾ। ਪਤਾ ਨਹੀਂ ਕਿੱਥੇ ਕਿੱਥੇ ਭਟਕਿਆ ਹੋਵੇਗਾ। ਕਿੰਨੇ ਮੁਲਕਾਂ ‘ਚ ਹੁੰਦਾ ਹੋਇਆ ਲੰਡਨ ਪਹੁੰਚਿਆ ਹੋਵੇਗਾ। ਕਿੰਨੇ ਹਜ਼ਾਰਾਂ ਮੀਲ ਗਾਹੇ ਹੋਣਗੇ। ਕਦੇ ਰੋਟੀ ਮਿਲੀ ਹੋਵੇਗੀ-ਕਦੇ ਭੁੱਖਾ ਸੌਣਾ ਪਿਆ ਹੋਵੇਗਾ। ਬ੍ਰਿਟਿਸ਼ ਸਾਮਰਾਜ ਦਾ ਅੱਧੀ ਦੁਨੀਆ ‘ਤੇ ਤਾਂ ਰਾਜ ਹੈ। ਐਨੇ ਦੇਸ਼ਾਂ ਦੀ ਇੰਨਟੈਲੀਜੈਂਸ ਤੋਂ ਬਚਣਾ ਕਿਤੇ ਆਸਾਨ ਕੰਮ ਹੈ। ਪਤਾ ਨਹੀਂ ਕੀ ਕੀ ਬਨਣਾ ਪਿਆ ਹੋਵੇਗਾ। ਫਿਰ ਐਨੇ ਵਰ੍ਹੇ ਬਦਲੇ ਦੀ ਅੱਗ ਨੂੰ ਅੰਦਰ ਦਬਾ ਕੇ ਰੱਖਣਾ ਕਿਤੇ ਆਸਾਨ ਕੰਮ ਹੈ ? ---ਏਨੇ ਚਿਰ ‘ਚ ਤਾਂ ਬੰਦਾ ਗੁੱਸੇ ਨਾਲ ਉਂਞ ਹੀ ਫਟ ਜਾਵੇ।” ਓਅਨਾ ਦੇ ਅੰਦਰ ਸੋਚਾਂ ਦਾ ਸਮੁੰਦਰ ਖੌਰੂ ਪਾ ਰਿਹਾ ਸੀ।

-ਕੀ ਨਹੀਂ ਸੀ ਹੋ ਸਕਦਾ ਇਹਨਾਂ ਇੱਕੀ ਸਾਲਾਂ ‘ਚ ? ਮੁਹੰਮਦ ਸਿੰਘ ਆਜ਼ਾਦ ਬਣੇ ਇਸ ਨੌਜਵਾਨ ਨੂੰ ਪੁਲਿਸ ਕਿਸੇ ਕੇਸ ‘ਚ ਫੜ ਸਕਦੀ ਸੀ। ਜਿਸ ਸਮੁੰਦਰੀ ਜਹਾਜ ‘ਚ ਉਹ ਸਫਰ ਕਰਦਾ ਸੀ, ਉਹ ਡੁੱਬ ਵੀ ਤਾਂ ਸਕਦਾ ਸੀ। ਹੋ ਸਕਦਾ ਸੀ ਕਿ ਉਹ ਮਾਈਕਲ ਨੂੰ ਮਾਰਨ ਲਈ ਇੰਗਲੈਂਡ ਤਾਂ ਪੁੱਜ ਜਾਂਦਾ ਪਰ ਉਸਨੂੰ ਕਿਧਰੋਂ ਹਥਿਆਰ ਹੀ ਨਾ ਮਿਲਦਾ। ਜੇ ਮਿਲ ਵੀ ਗਿਆ ਸੀ ਤਾਂ ਉਹ ਮੀਟਿੰਗ ਹਾਲ 'ਚ ਹੀ ਨਾ ਦਾਖਲ ਹੋ ਸਕਦਾ। ਇਹ ਵੀ ਸੰਭਵ ਸੀ ਕਿ ਮੌਕੇ ‘ਤੇ ਪਿਸਟਲ ਹੀ ਚੱਲਣੋਂ ਇਨਕਾਰ ਕਰ ਦਿੰਦਾ ਤੇ ਜਾਂ ਫਿਰ ਉਸਦਾ ਨਿਸ਼ਾਨਾ ਹੀ ਖੁੰਝ ਜਾਂਦਾ। ਇਹ ਵੀ ਤਾਂ ਹੋ ਸਕਦਾ ਸੀ ਕਿ----ਜਨਰਲ ਡਾਇਰ ਵਾਂਗ ਮਾਈਕਲ ਫਰਾਂਸਿਸ ਓਡਵਾਇਰ ਵੀ ਬੜੀ ਛੇਤੀ ਕਿਸੇ ਬਿਮਾਰੀ ਨਾਲ ਮਰ ਜਾਂਦਾ। ਫੇਰ ਇਹ ਨੌਜਵਾਨ ਆਪਣੇ ਅੰਦਰਲੀ ਅਗਨੀ ਨੂੰ ਕਿੰਜ ਸ਼ਾਂਤ ਕਰਦਾ ? ਕੀ ਆਪਣੇ ਅੰਦਰਲੀ ਬਦਲੇ ਦੀ ਅੱਗ ਨੂੰ ਠਾਰਨ ਲਈ ਮੈਨੂੰ ਜਾਂ ਮੇਰੇ ਬੱਚਿਆਂ ਨੂੰ -------?”

ਇਹ ਸੋਚਦਿਆਂ ਓਅਨਾ ਕੰਬ ਉੱਠੀ। ਉਸਨੇ ਮਾਰਥਾ ਵਲੋਂ ਥੋੜੀ ਦੇਰ ਪਹਿਲਾਂ ਲਿਆ ਕੇ ਰੱਖਿਆ ਪਾਣੀ ਦਾ ਗਿਲਾਸ ਚੁੱਕਿਆ ਤੇ ਗਟ-ਗਟ ਕਰਕੇ ਪੀ ਗਈ। ਉਸ ਦਾ ਦਿਲ ਤੇਜੀ ਨਾਲ ਧੜਕਣ ਲੱਗਾ। ਉਹ ਬੱਚਿਆਂ ਬਾਰੇ ਸੋਚਣ ਲੱਗੀ। ਧੀ ਮੈਰੀ ਓਡਵਾਇਰ ਕਿਤੇ ਦੂਰ ਗਈ ਹੋਈ ਸੀ। ਉਸਨੂੰ ਟੈਲੀਗ੍ਰਾਮ ਦੇ ਕੇ ਘਟਨਾ ਦੀ ਜਾਣਕਾਰੀ ਦੇ ਦਿੱਤੀ ਸੀ ਤੇ ਉਸਨੇ ਭਲਕ ਤੱਕ ਆ ਜਾਣਾ ਸੀ। ਇੱਕੋ ਇੱਕ ਪੁੱਤਰ ਨੇ ਤਾਂ ਅੱਜ ਸ਼ਾਮ ਨੂੰ ਹੀ ਆ ਜਾਣਾ ਸੀ। ਦੋਵੇਂ ਬੱਚੇ ਆਪਣੀ ਹੀ ਵਿਚਾਰਧਾਰਾ ਵਾਲੇ ਸਨ। ਮੈਰੀ ਤਾਂ ਇਤਿਹਾਸ ‘ਚ ਖਾਸੀ ਰੁਚੀ ਰੱਖਦੀ ਸੀ ਤੇ ਮਾਂ ਨਾਲ ਫਰੈਂਚ ਕ੍ਰਾਂਤੀ ਬਾਰੇ ਕਿੰਨੀਆਂ ਹੀ ਗੱਲਾਂ ਕਰ ਲੈਂਦੀ। ਬਾਪ ਜਿੰਨਾ ਗੱਲਾਂ ‘ਤੇ ਮਾਣ ਕਰਦਾ ਰਹਿੰਦਾ ਸੀ-ਬੱਚਿਆਂ ਲਈ ਉਹਨਾਂ ਦੀ ਕੋਈ ਮਹੱਤਤਾ ਨਹੀਂ ਸੀ

ਓਅਨਾ ਆਪਣੀਆਂ ਹੀ ਸੋਚਾਂ ਤੋਂ ਪ੍ਰੇਸ਼ਾਨ ਹੋ ਗਈ। ਉਸਨੇ ਦੋ ਤਿੰਨ ਵਾਰ ਸਿਰ ਝਟਕਿਆ। ਉਸ ਦਾ ਜੀਅ ਕੀਤਾ ਮਾਰਥਾ ਨੂੰ ਆਵਾਜ਼ ਮਾਰ ਕੇ ਕੋਲ ਬੁਲਾਵੇ ਅਤੇ ਆਪਣੇ ਅੰਦਰ ਹੋ ਰਹੀ ਉਥਲ ਪੁੱਥਲ ਬਾਰੇ ਦੱਸੇੇ ਪਰ ਉਹ ਇਉਂ ਨਾ ਕਰ ਸਕੀ।

-ਮਾਈਕਲ ਤੂੰ ਸਾਮਰਾਜ ਨੂੰ ਪੱਕੇ ਪੈਰੀਂ ਕਰਨ ‘ਤੇ ਹੀ ਲੱਗਾ ਰਿਹਾ। ਦਰਅਸਲ ਤੂੰ ਇਹੀ ਸਮਝਦਾ ਰਿਹਾ ਕਿ ਅੰਗਰੇਜ਼ ਕੌਮ ਪੈਦਾ ਹੀ ਰਾਜ ਕਰਨ ਲਈ ਹੋਈ ਹੈ। ਮੈਂ ਤੈਨੂੰ ਇਤਿਹਾਸ ਦੀ ਖਿੜਕੀ ਰਾਹੀਂ ਡੂੰਘੀ ਖੱਡ ‘ਚ ਦਫ਼ਨ ਹੋਏ ਵਿਸ਼ਾਲ ਸਾਮਰਾਜਾਂ ਵੱਲ ਝਾਕਣ ਲਈ ਆਖਦੀ ਰਹੀ---ਤੂੰ ਇਤਿਹਾਸ ਦਾ ਮਜ਼ਾਕ ਉਡਾਉਂਦਾ ਸੀ। ਤੂੰ ਅਜੀਬ ਕਿਸਮ ਦੇ ਕੰਪਲੈਕਸ ਦਾ ਸਿ਼ਕਾਰ ਸੀ। ਜਦੋਂ ਮੌਕਾ ਮਿਲਦਾ ਤਾਂ ਇਤਿਹਾਸ ਨੂੰ ਆਪਣੇ ਅਨੁਸਾਰ ਵਰਤ ਲੈਂਦਾ-ਜੀਅ ਕਰਦਾ ਤਾਂ ਇਤਿਹਾਸ ਨੂੰ ਆਯਾਸ਼ ਹਾਕਮਾਂ ਦੀ ਕਬਰਗਾਹ ਆਖ ਦਿੰਦਾ। ਕਦੇ ਆਪਣੇ ਵੱਡੇ ਵਡੇਰਿਆਂ ਦੇ ਰਾਜ ‘ਤੇ ਝੂਰਦਾ ਜੋ ਤੇਰੇ ਅਨੁਸਾਰ ਕਿਸੇ ਵਕਤ ਆਇਰਲੈਂਡ ਦੇ ਇੱਕ ਹਿੱਸੇ ‘ਤੇ ਰਾਜ ਕਰਦੇ ਰਹੇ ਸਨ। ਮੈਂ ਸਮਝਦੀਂ ਤੇਰੇ ਅੰਦਰ ਵੀ ਕਿਤੇ ਨਾ ਕਿਤੇ ਰਾਜ ਕਰਨ ਦੀ ਸ਼ਹਿਨਸ਼ਾਹੀ ਭੁੱਖ ਚਮਕਦੀ ਰਹਿੰਦੀ ਸੀ।” ਓਅਨਾ ਨੇ ਟੇਬਲ 'ਤੇ ਪਈ ਮਾਈਕਲ ਦੀ ਲਿਖੀ ਕਿਤਾਬ ‘ਇੰਡੀਆ ਆਈ ਨੋਅ ਇੱਟ’ ਉਲਟਾ ਪੁਲਟਾ ਕੇ ਵੇਖੀ ਤੇ ਰੈਕ 'ਚ ਰੱਖ ਦਿੱਤੀ।

-ਤੇਰੇ ਆਦਰਸ਼ ਵੀ ਤੇਰੇ ਜਿਹੇ ਹੀ ਸਨ। ਕਦੇ ਤੂੰ ਅਠਾਰਾਂ ਸੌ ਸਤਵੰਜਾ ਦੀ ਬਗਾਵਤ ਨੂੰ ਬੇਰਹਿਮੀ ਨਾਲ ਕੁਚਲ ਦੇਣ ਵਾਲੇ ਜੌਹਨ ਨਿਕਲਸਨ ਨੂੰ ਆਪਣਾ ਆਦਰਸ਼ ਆਖਦਿਆਂ ਉਸ ਦੇ ਸੋਹਲੇ ਗਾਉਂਦਾ। ਕਦੇ ਆਪਣੀਆਂ ਚਾਲਾਂ ਨਾਲ ਲਾਹੌਰ ਦੇ ਖਾਲਸਾ ਰਾਜ ਨੂੰ ਖ਼ਤਮ ਕਰਕੇ ਕੰਪਨੀ ਸਰਕਾਰ ਦੇ ਅਧੀਨ ਕਰਨ ਵਾਲਾ ਹੈਨਰੀ ਲਾਰੈਂਸ ਤੇਰੇ ਲਈ ਗੁਰੂ ਹੋ ਜਾਂਦਾ। ਤੂੰ ਦਾਅਵਾ ਕਰਦਾ ਕਿ ਹਰ ਬਗਾਵਤ ਨੂੰ ਦਮਨ ਨਾਲ ਦਬਾਇਆ ਜਾ ਸਕਦਾ। ਮਾਈਕਲ ਬਹੁਤ ਗ਼ਲਤ ਸੋਚਦਾ ਸੀ ਤੂੰ। ਸਿਰਾਂ ‘ਤੇ ਕਫ਼ਨ ਬੰਨ੍ਹ ਕੇ ਨਿਕਲੇ ਲੋਕਾਂ ਨੂੰ ਬੰਬਾਂ ਬੰਦੂਕਾਂ ਨਾਲ ਭਲਾ ਕਿਵੇਂ ਡਰਾਇਆ ਜਾ ਸਕਦਾ ? ਇਹਨਾਂ ਦੇ ਹੌਂਸਲਿਆਂ ਅੱਗੇ ਤਾਂ ਪਹਾੜ ਵੀ ਝੁੱਕ ਜਾਂਦੇ। ਕਿਸੇ ਫਿਲਾਸਫਰ ਨੇ ਠੀਕ ਹੀ ਤਾਂ ਕਿਹਾ ਕਿ ਇਨਕਲਾਬੀ ਕਦੇ ਬਿਮਾਰੀ ਨਾਲ ਨਹੀਂ ਮਰਦੇ।” ਓਅਨਾ ਨੇ ਦਿਮਾਗ ‘ਤੇ ਜੋਰ ਦੇ ਕੇ ਸੋਚਿਆ ਪਰ ਫਿਲਾਸਫਰ ਦਾ ਨਾਮ ਚੇਤੇ ‘ਚ ਨਾ ਆਇਆ। ਆਖਰਕਾਰ ਇਸ ਨਤੀਜੇ ‘ਤੇ ਪਹੁੰਚੀ ਕਿ ਇਹ ਕਿਸੇ ਚਿੰਤਕ ਦਾ ਕਥਨ ਨਹੀਂ ਸੀ ਬਲਕਿ ਇਹ ਸਚਾਈ ਤਾਂ ਉਸਦੇ ਆਪਣੇ ਅੰਦਰੋਂ ਹੀ ਨਿਕਲੀ ਸੀ।

ਓਅਨਾ ਨੇ ਸਾਰੀਆਂ ਅਖਬਾਰਾਂ ਦੀ ਤਹਿ ਮਾਰੀ ਤੇ ਚੁੱਕ ਕੇ ਕਾਨਸ ‘ਤੇ ਰੱਖ ਦਿੱਤੀਆਂ।

******

ਓਅਨਾ ਖਾਲ਼ੀ ਖਾਲ਼ੀ ਨਜ਼ਰਾਂ ਨਾਲ ਖਲਾਅ ‘ਚ ਵੇਖੀ ਜਾਂਦੀ ਸੀ। ਮਾਈਕਲ ਓਡਵਾਇਰ ਨੂੰ ਦਫ਼ਨਾਇਆਂ ਅੱਜ ਪੰਜ ਦਿਨ ਹੋ ਚੁੱਕੇ ਸਨ। ਭਾਵੇਂ ਉਸਨੇ ਆਪਣੇ ਹੱਥੀਂਂ ਮਾਈਕਲ ਓਡਵਾਇਰ ਨੂੰ ਬਰੁਕਵੁੱਡ ਦੇ ਕਬਰਿਸਤਾਨ ‘ਚ ਦਫ਼ਨਾਇਆ ਸੀ ਪਰ ਉਸਨੂੰ ਅਜੇ ਵੀ ਮਾਈਕਲ ਦੀ ਮੌਤ ਦਾ ਯਕੀਨ ਨਹੀਂ ਸੀ ਆ ਰਿਹਾ। ਉਹ ਡਾਇਨਿੰਗ ਟੇਬਲ ‘ਤੇ ਚਾਹ ਦਾ ਕੱਪ ਰੱਖੀ ਕਿੰਨਾ ਕਿੰਨਾ ਚਿਰ ਮਾਈਕਲ ਨੂੰ ਉਡੀਕਦੀ ਰਹਿੰਦੀ। ਮਾਰਥਾ ਨੂੰ ਆਖ ਕੇ ਚਾਹ ਅਤੇ ਸਿਗਰਟ ਦੇ ਹੱਦੋਂ ਵੱਧ ਸ਼ੌਕੀਨ ਮਾਈਕਲ ਲਈ ਵਾਰ ਵਾਰ ਚਾਹ ਬਣਵਾ ਲੈਂਦੀ। ਮਾਈਕਲ ਵਲੋਂ ਲਿਆ ਕੇ ਰੱਖੇ ਸਿਗਰਟ ਦੇ ਪੈਕੇਟ ਵਾਰ ਵਾਰ ਇਧਰੋਂ ਚੁੱਕ ਕੇ ਓਧਰ ਰੱਖਦੀ ਰਹਿੰਦੀ। ਉਸਨੂੰ ਮਾਈਕਲ ਦੀ ਆਵਾਜ਼ ਦਾ ਭੁਲੇਖਾ ਪੈਂਦਾ ਰਹਿੰਦਾ। ਜਾਪਦਾ ਜਿਵੇਂ ਮਾਈਕਲ ਨੇ ਸਿਗਰਟ ਜਾਂ ਚਾਹ ਲਈ ਹਾਕ ਮਾਰੀ ਹੋਵੇ। ਉਹ ਸਿਗਰਟ ਦਾ ਪੈਕੇਟ ਤੇ ਮਾਚਸ ਚੁੱਕ ਕੇ ਮਾਈਕਲ ਦੇ ਸਟੱਡੀ ਰੂਮ ਵੱਲ ਜਾਂਦੀ ਤੇ ਫੇਰ ਬਾਵਰਿਆਂ ਵਾਂਗ ਵਾਪਸ ਆ ਕੇ ਸੋਫੇ ‘ਤੇ ਢਹਿ ਪੈਂਦੀ।

ਮਾਰਥਾ ਨੂੰ ਓਅਨਾ ਦੀ ਅਜਿਹੀ ਹਾਲਤ ‘ਤੇ ਤਰਸ ਆਉਂਦਾ। ਉਹ ਆਨੇ ਬਹਾਨੇ ਮਾਈਕਲ ਸਰ ਦੀਆਂ ਗੱਲਾਂ ਕਰਕੇ ਆਪਣੀ ਮਾਲਕਣ ਦਾ ਧਿਆਨ ਹੋਰ ਪਾਸੇ ਲਾਉਣ ਦੀ ਕੋਸਿ਼ਸ਼ ਕਰਦੀ।

“ਓਅਨਾ ਮੈਮ ! ਤੁਹਾਡੀ ਤੇ ਮਾਈਕਲ ਸਰ ਦੀ ਜੋੜੀ ਕਿੰਨੀ ਖੂਬਸੂਰਤ ਸੀ। ਐਹ ਫੋਟੋ ਵੇਖੋ ! ਤੁਸੀਂ ਦੋਵੇਂ ਰਾਜ ਕੁਮਾਰ ਤੇ ਰਾਜ ਕੁਮਾਰੀ ਲੱਗਦੇ ਹੋ । ਸਰ ਕਿੰਨੇ ਸੋਹਣੇ ਹੁੰਦੇ ਸਨ !”

“ਹਾਂ ਮਾਰਥਾ ! ਮਾਈਕਲ ਬਹੁਤ ਖੂਬਸੂਰਤ ਸੀ। ਕਦੇ ਦਿਲ ਦਾ ਵੀ ਬਹੁਤ ਖੂਬਸੂਰਤ ਸੀ। ਉਸਦੀਆਂ ਗੱਲਾਂ ਵਿੱਚ ਫੁੱਲਾਂ ਤੇ ਤਿਤਲੀਆਂ ਦਾ ਜ਼ਿਕਰ ਹੁੰਦਾ। ਸੱਚ ਪੁੱਛੇ ਤਾਂ ਉਹ ਘਾਹ ਪੱਤੀਆਂ ‘ਤੇ ਪਈ ਤਰੇਲ ਜਿਹਾ ਨਿਰਮਲ ਸੀ, ਤਾਂ ਹੀ ਤਾਂ ਉਸਨੂੰ ਪਿਆਰ ਕਰਨ ਲੱਗੀ ਸਾਂ। ਫਿਰ ਉਹ ਇੰਡੀਅਨ ਸਿਵਲ ਸਰਵਿਸ ਦੀ ਉੱਚੇ ਰੁਤਬੇ ਵਾਲੀ ਨੌਕਰੀ ‘ਤੇ ਲੱਗ ਗਿਆ। ਕੇਵਲ ਇੱਕੀ ਸਾਲ ਦਾ ਸੀ ਜਦੋਂ ਉਸਨੂੰ ਸ਼ਾਹਪੁਰ ਜਿਲ੍ਹੇ ਦਾ ਕੁਲੈਕਟਰ ਲਾ ਦਿੱਤਾ। ਪੰਜਾਬ ਦਾ ਲੈਂਡ ਡਾਇਰੈਕਟਰ ਵੀ ਲੱਗਾ ਰਿਹਾ। ਰੈਵਨਿਊ ਕਮਿਸ਼ਨਰ ਬਣਿਆ। ਉਦੋਂ ਮਾਈਕਲ ਬੱਤੀ ਵਰ੍ਹਿਆਂ ਦਾ ਭਰ ਜੋਬਨ ਗੱਭਰੂ ਸੀ ਜਦੋਂ ਅਸੀਂ ਦੋਵਾਂ ਨੇ ਵਿਆਹ ਕਰਵਾ ਕੇ ਇੱਕ ਹੋਣ ਦਾ ਫੈਸਲਾ ਕੀਤਾ। ਮੈਂ ਉਸ ਕੋਲ ਆ ਗਈ ਸਾਂ। ਜਦੋਂ ਇੱਥੇ ਆ ਕੇ ਦੇਖਿਆ-ਬਹੁਤ ਕੁੱਝ ਬਦਲ ਚੁੱਕਾ ਸੀ। ਮਾਈਕਲ ਦੇ ਮੁਹੱਬਤ ਭਰੇ ਦਿਲ ‘ਚ ਪਾਰਾ ਥਿਰਕਣ ਲੱਗਾ। ਸੱਤਾ ਦਾ ਨਸ਼ਾ ਉਸਦੇ ਦਿਮਾਗ ਨੂੰ ਚੜ੍ਹਨ ਲੱਗ ਪਿਆ ਸੀ। ਹੁਣ ਉਸਦੀਆਂ ਗੱਲਾਂ ‘ਚ ਫੁੱਲਾਂ ਤੇ ਤਿਤਲੀਆਂ ਦਾ ਨਹੀਂ, ਅਹੁਦਿਆਂ, ਤਮਗਿਆਂ ਤੇ ਸਨਮਾਨਾਂ ਦਾ ਜ਼ਿਕਰ ਹੁੰਦਾ। ਉਸਦੀਆਂ ਲਾਲਸਾਵਾਂ ਵਧਦੀਆਂ ਹੀ ਜਾਂਦੀਆਂ ਸਨ। ਉਹ ਬਦਲ ਰਿਹਾ ਸੀ—ਉਹ ਲਗਾਤਾਰ ਬਦਲ ਰਿਹਾ ਸੀ। ਮੈਂ ਬਸ ਬੇਵੱਸ ਵੇਖ ਰਹੀ ਸਾਂ।”

“ਸਰ ਵਿੱਚ ਏਨੀ ਤਬਦੀਲੀ ਕਿਵੇਂ ਆਈ ? ਕੀ ਕੋਈ ਪਿਆਰ ਕਰਨ ਵਾਲਾ ਏਨੀ ਛੇਤੀ ਬਦਲ ਸਕਦਾ ਹੈ ? ਐਲਨ ਤਾਂ ਆਪਣੀ ਮੌਤ ਤੱਕ ਉਸੇ ਤਰ੍ਹਾਂ ਦਾ ਹੀ ਰਿਹਾ, ਜਿਹੋ ਜਿਹਾ ਮੈਨੂੰ ਅੱਲੜ ਉਮਰ ‘ਚ ਮਿਲਿਆ ਸੀ।

ਨਿਰਛਲ-ਨਰਮ-ਨਾਜ਼ਕ ਤੇ ਨਜ਼ਾਕਤ ਨਾਲ ਭਰਿਆ। ਭੋਲਾ ਭਾਲਾ ਜਿਹਾ। ਜੇ ਜਿਉਂਦਾ ਹੁੰਦਾ---ਕਿੰਨੀ ਵਧੀਆ ਜਿੰਦਗੀ ਹੋਣੀ ਸੀ ਸਾਡੀ।” ਮਾਰਥਾ ਨੇ ਡੂੰਘਾ ਹਾਉਂਕਾ ਭਰਿਆ।

“ਜਦੋਂ ਮੈਨੂੰ ਮਾਈਕਲ ਨਾਲ ਮੁਹੱਬਤ ਹੋਈ ਸੀ, ਉਹ ਵੀ ਨਿਰਛਲ, ਨਰਮ, ਨਾਜ਼ਕ ਤੇ ਨਜ਼ਾਕਤ ਨਾਲ ਭਰਿਆ ਹੁੰਦਾ ਸੀ। ਪਰ ਉਸਦੇ ਮੁਹੱਬਤ ਵਾਲੇ ਹਰੇ ਭਰੇ ਰੁੱਖ ‘ਤੇ ਜਿਵੇਂ ਇਛਾਵਾਂ ਦੀ ਅਮਰਵੇਲ ਨੇ ਘੇਰਾ ਪਾ ਲਿਆ ਸੀ। ਉਹ ਉੱਚਾ ਹੀ ਉੱਚਾ ਚੜ੍ਹਦਾ ਜਾ ਰਿਹਾ ਸੀ। ਇਹ ਦਸੰਬਰ ਉਨੀ ਸੌ ਬਾਰਾਂ ਦੀ ਕੋਈ ਠੰਡੀ ਦੁਪਿਹਰ ਸੀ ਜਦੋਂ ਅਸੀਂ ਸਰਕਾਰ ਵਲੋਂ ਮਾਈਕਲ ਨੂੰ ਪੰਜਾਬ ਦਾ ਲੈਫਟੀਨੈਂਟ ਗਵਰਨਰ ਬਣਾ ਦੇਣ ਦੀ ਖ਼ਬਰ ਸੁਣੀ। ਮਹਿਜ਼ ਅਠਤਾਲੀ ਸਾਲ ਦੀ ਛੋਟੀ ਉਮਰ ਤੇ ਐਨਾ ਵੱਡਾ ਰੁਤਬਾ ! ਉੱਤੋਂ ਨਾਈਟਹੁੱਡ ਦਾ ਖਿਤਾਬ। ਹੁਣ ਉਹ ਪੰਜਾਬ ਦਾ ਨਿਰੰਕੁਸ਼ ਸ਼ਾਸ਼ਕ ਸੀ। ਬੇਪਨਾਹ ਤਾਕਤ। ਫੇਰ ਵਾਇਸਰਾਏ ਲਾਰਡ ਹਾਰਡਿੰਗ ਦਾ ਥਾਪੜਾ। ਲੰਡਨ ਵਿਚਲੇ ਡਾਊਨਿੰਗ ਸਟਰੀਟ ਤੋਂ ਚੱਲਦੇ ਬਰਤਾਨਵੀ ਤਖ਼ਤ ਦੀ ਹੱਲਾਸ਼ੇਰੀ ਤੇ ਆਪਣੀ ਗੋਰੀ ਨਸਲ ਦੇ ਸਰਵ ਉੱਤਮ ਹੋਣ ਦਾ ਨੱਕੋ ਨੱਕੋ ਭਰਿਆ ਗੁਮਾਨ। ਫੁੱਲਾਂ, ਤਿਤਲੀਆਂ, ਕਵਿਤਾਵਾਂ ਤੇ ਮੁਹੱਬਤ ਬਾਰੇ ਸੋਚਣ ਦਾ ਵਕਤ ਹੁਣ ਕਿੱਥੇ ਸੀ ਉਸ ਕੋਲ ? ਉਹ ਤਾਂ ਬ੍ਰਿਟਿਸ਼ ਸਾਮਰਾਜ ਦੀਆਂ ਨੀਹਾਂ ਪੱਕੇ ਪੈਰੀਂ ਕਰਨ ਬਾਰੇ ਹੀ ਸੋਚਦਾ ਰਹਿੰਦਾ। ਮਾਰਥਾ, ਜਦੋਂ ਕਿਸੇ ਇਨਸਾਨ ਨੂੰ ਆਪਣੇ ਸਰਵ ਉੱਤਮ ਤੇ ਤਾਕਤਵਰ ਹੋਣ ਦਾ ਭਰਮ ਹੋ ਜਾਵੇ—ਉਹ ਇਨਸਾਨ ਨਹੀਂ ਰਹਿੰਦਾ, ਕੁੱਝ ਹੋਰ ਹੋ ਜਾਂਦਾ ਹੈ। ਤਾਕਤਵਰ ਮਨੁੱਖ ਕਿਸੇ ਨੂੰ ਪਿਆਰ ਨਹੀਂ ਕਰ ਸਕਦਾ—ਉਹ ਕੇਵਲ ਤੇ ਕੇਵਲ ਧੌਂਸ ਜਮਾ ਸਕਦਾ ਹੈ।”

“ਓਅਨਾ ਮੈਮ, ਤੁਸੀਂ ਤਾਂ ਸਰ ਨੂੰ ਏਨਾ ਪਿਆਰ ਕਰਦੇ ਸੀ, ਤੁਸੀਂ ਕਦੇ ਨਹੀਂ ਸੀ ਸਮਝਾਇਆ ?”

“ਹੁਣ ਉਹ ਮੇਰੀ ਸੁਣਦਾ ਹੀ ਕਦੋਂ ਸੀ ?” ਓਅਨਾ ਦੇ ਚਿਹਰੇ ‘ਤੇ ਅਫਸੋਸ ਤੇ ਵਿਅੰਗ ਭਰੀ ਮੁਸਕਾਣ ਉੱਭਰੀ।

“ਸੱਤਾ ਦੇ ਨਸ਼ੇ ‘ਚ ਚੂਰ ਹੋਏ ਲੋਕਾਂ ਨੂੰ ਸਮਝਾਉਣਾ ਬੜਾ ਔਖਾ ਹੁੰਦਾ ਹੈ ਮਾਰਥਾ। ਸੱਤਾ ਮਨੁੱਖ ਨੂੰ ਹਰ ਤਰ੍ਹਾਂ ਨਾਲ ਭ੍ਰਿਸ਼ਟ ਅਤੇ ਹੰਕਾਰੀ ਬਣਾ ਦਿੰਦੀ ਹੈ। ਸੱਤਾ ਤੋਂ ਤਾਂ ਧਰਮ ਵੀ ਡਰਦਾ ਹੈ।” ਓਅਨਾ ਸਰਕਾਰ ਵਲੋਂ ਸਮੇਂ ਸਮੇਂ ‘ਤੇ ਮਾਈਕਲ ਓਡਵਾਇਰ ਨੂੰ ਦਿੱਤੇ ਤਮਗਿਆਂ, ਖਿ਼ਤਾਬਾਂ ਤੇ ਸਨਮਾਨਾਂ ਵੱਲ ਹਿਕਾਰਤ ਭਰੀਆਂ ਨਿਗਾਹਾਂ ਨਾਲ ਵੇਖਣ ਲੱਗੀ ਸੀ।

“ਮਾਰਥਾ ਅਹਿ ਜੋ ਦੀਵਾਰ ‘ਤੇ ਟੰਗੇ ਪਏ ਨੇ, ਸੱਤਾ ਐਹੋ ਜਿਹੇ ਖਿਤਾਬ ਤੇ ਥਾਪੜੇ ਮਾਈਕਲ ਵਰਗਿਆਂ ਨੂੰ ਵੰਡਦੀ ਰਹਿੰਦੀ ਹੈ। ਇਹਨਾਂ ਝੂਠੇ ਥਾਪੜਿਆਂ ਦੀ ਫੂਕ ‘ਚ ਆਏ ਮਾਈਕਲ ਵਰਗੇ ਅਫਸਰਸ਼ਾਹ ਆਵਾਮ ਦਾ ਸਿ਼ਕਾਰ ਕਰਦੇ ਨੇ। ਇਹਨਾਂ ਖਿਤਾਬਾਂ ਤੇ ਤਮਗਿਆਂ ਸਨਮਾਨਾਂ ਨੇ ਮਾਈਕਲ ਦੀ ਸੋਚ ਨੂੰ ਪੁੱਠਾ ਗੇੜਾ ਦੇ ਦਿੱਤਾ ਸੀ। ਉਸਨੂੰ ਮੇਰੀ ਆਵਾਜ਼ ਸੁਣਾਈ ਹੀ ਨਹੀਂ ਸੀ ਦਿੰਦੀ। ਮੈਂ ਬਹੁਤ ਉੱਚੀ ਬੋਲਦੀ ਸਾਂ। ਮੈਂ ਫੁੱਲਾਂ ਤਿਤਲੀਆਂ ਦੀਆਂ ਗੱਲਾਂ ਕਰਨ ਵਾਲੇ ਮਾਈਕਲ ਨੂੰ ਬਹੁਤ ਆਵਾਜ਼ਾਂ ਮਾਰਦੀ ਸਾਂ ਪਰ---।” ਓਅਨਾ ਫੁੱਟ ਫੁੱਟ ਰੋਣ ਲੱਗੀ ਸੀ।

“ਮੈਮ ਰੀਲੈਕਸ ਹੋਵੋ---ਪਲੀਜ਼ ਆਪਣੇ ਆਪ ਨੂੰ ਸੰਭਾਲੋ। ਮੇਰੀ ਮੰਨੋ ਤਾਂ ਕੁੱਝ ਚਿਰ ਲਈ ਸੌਂ ਜਾਵੋ। ਜਿਸ ਦਿਨ ਦੇ ਸਰ ਫੌਤ ਹੋਏ ਨੇ---ਤੁਸੀਂ ਬੜੀ ਮੁਸ਼ਕਲ ਨਾਲ ਕੁੱਝ ਘੰਟੇ ਹੀ ਸੁੱਤੇ ਹੋਵੋਂਗੇ।”

“ਨੀਂਦ ਕਿੱਥੇ ਆਉਂਦੀ ਹੈ ਮਾਰਥਾ ? ਮੈਨੂੰ ਤਾਂ ਨਾਅਰਿਆਂ ਦੀਆਂ ਆਵਾਜਾਂ ਹੀ ਸੁਣਾਈ ਦਿੰਦੀਆਂ ਰਹਿੰਦੀਆਂ। ਧਿਆਨ ਨਾਲ ਸੁਣ, ਇਹ ਆਵਾਜ਼ਾਂ ਹੁਣ ਵੀ ਆ ਰਹੀਆਂ ਨੇ। ਲੱਖਾਂ ਕਰੋੜਾਂ ਆਵਾਜ਼ਾਂ। ਇਨਕਲਾਬ ਜਿੰਦਾਬਾਦ—ਸਾਮਰਾਜ ਮੁਰਦਾਬਾਦ।”

“ਤੁਸੀਂ ਠੀਕ ਨਹੀਂ ਹੋ ਮੈਮ—ਕੋਈ ਆਵਾਜ਼ ਨਹੀਂ ਆ ਰਹੀ।”

“ਤੂੰ ਗ਼ਲਤ ਆਖਦੀ ਏਂ ਮਾਰਥਾ। ਮਾਈਕਲ ਵੀ ਇਉਂ ਹੀ ਆਖਦਾ ਹੁੰਦਾ ਸੀ। ਅੰਤ ਤੱਕ ਆਖਦਾ ਰਿਹਾ ਕਿ ਕੋਈ ਆਵਾਜ਼ ਨਹੀਂ ਆ ਰਹੀ। ਸਾਰੇ ਹਾਕਮ ਹੀ ਇਉਂ ਆਖਦੇ ਹੁੰਦੇ ਨੇ। ਜਿੰਨ੍ਹਾਂ ਦੇ ਕੰਨਾਂ ‘ਤੇ ਪੱਟੀਆਂ ਬੱਝੀਆਂ ਹੋਣ ਉਹਨਾਂ ਨੂੰ ਲੋਕਾਂ ਦੀ ਕੋਈ ਆਵਾਜ਼ ਸੁਣਾਈ ਨਹੀਂ ਦਿੰਦੀ।”

“ਤੁਸੀਂ ਠੀਕ ਕਿਹਾ ਓਅਨਾ ਮੈਮ ! ਤੁਸੀਂ ਬਿਲਕੁੱਲ ਠੀਕ ਕਿਹਾ। ਹਾਕਮਾਂ ਨੂੰ ਆਵਾਮ ਦੀ ਕੋਈ ਚੀਕ ਪੁਕਾਰ ਸੁਣਾਈ ਨਹੀਂ ਦਿੰਦੀ ਹੁੰਦੀ।”

“ਪਤਾ ਇਹ ਆਵਾਜ਼ਾਂ ਮੈਨੂੰ ਪਹਿਲੀ ਵਾਰ ਕਦੋਂ ਸੁਣੀਆਂ ਸਨ ?” ਓਅਨਾ ਦੇ ਸਵਾਲ ਦੇ ਜਵਾਬ ‘ਚ ਮਾਰਥਾ ਕੁੱਝ ਨਾ ਬੋਲੀ ਪਰ ਉਸਦੀਆਂ ਅੱਖਾਂ ਸਵਾਲ ਬਣ ਗਈਆਂ।

“ਜਦੋਂ ਮੈਂ ਪਹਿਲੀ ਵਾਰ ਮਾਈਕਲ ਨਾਲ ਇੰਡੀਆ ਆਈ ਸਾਂ ਉਦੋਂ ਸੁਣੀਆਂ ਸਨ ਤੇ ਫਿਰ ਤੇਰਾਂ ਮਾਰਚ ਉਨੀ ਸੌ ਚਾਲੀ, ਮਾਈਕਲ ਦੀ ਹੱਤਿਆ ਵਾਲੇ ਦਿਨ ਤੱਕ ਸੁਣਦੀ ਰਹੀ ਹਾਂ। ਹੁਣ ਵੀ ਸੁਣੀ ਜਾਂਦੀਆਂ ਨੇ ਤੇ ਸ਼ਾਇਦ ਮੇਰੇ ਕਬਰ ‘ਚ ਪੈਣ ਤੱਕ ਸੁਣਾਈ ਦਿੰਦੀਆਂ ਰਹਿਣ। ਪਰ ਮੈਂ ਹੈਰਾਨ ਹਾਂ ਮਾਈਕਲ ਐਨਾ ਬੋਲਾ ਕਿਉਂ ਸੀ ? ਉਸਨੂੰ ਸੁਣਾਈ ਕਿਉਂ ਨਹੀਂ ਸਨ ਦਿੰਦੀਆਂ ?” ਓਅਨਾ ਖਿੜਕੀ ਅੱਗੇ ਆ ਖੜੀ ਹੋਈ ਜਿਵੇਂ ਸੁਣਾਈ ਦੇ ਰਹੀਆਂ ਆਵਾਜ਼ਾਂ ਨੂੰ ਹੋਰ ਗਹੁ ਨਾਲ ਸੁਨਣਾ ਚਾਹੁੰਦੀ ਹੋਵੇ।

“ਤੁਸੀਂ ਮਾਈਕਲ ਨੂੰ ਇਹ ਆਵਾਜ਼ਾਂ ਸੁਨਣ ਲਈ ਮਜ਼ਬੂਰ ਕਰਨਾ ਸੀ।”

“ਕਿਹਾ ਸੀ। ਵਾਰ ਵਾਰ ਕਿਹਾ ਸੀ। ਕਹਿੰਦੀ ਹੀ ਰਹਿੰਦੀ ਸਾਂ।”

“ਪਹਿਲੀ ਵਾਰ ਕਦੋਂ ਕਿਹਾ ਸੀ ?”

“ਸੰਨ ਉਨੀ ਸੌ ਚੌਂਦਾ ‘ਚ। ਉਦੋਂ ਪਹਿਲੀ ਸੰਸਾਰ ਜੰਗ ਭਖ ਚੁੱਕੀ ਸੀ। ਬ੍ਰਿਟੇਨ ਇਸ ‘ਚ ਉਲਝ ਚੁੱਕਾ ਸੀ। ਉਸਨੇ ਆਪਣੇ ਅਧੀਨ ਬਸਤੀਆਂ ਨੂੰ ਧੱਕੇ ਨਾਲ ਹੀ ਜੰਗ ਦੇ ਮੈਦਾਨ ‘ਚ ਧਕੇਲ ਲਿਆ। ਇਹਨਾਂ ਬਸਤੀਆਂ ‘ਚੋਂ ਧੱਕੇ ਨਾਲ ਫੌਜੀ ਭਰਤੀ ਕਰਨ ਲੱਗਾ। ਇੰਡੀਆ ਦੇ ਪਿੰਡਾਂ ਕਸਬਿਆਂ ‘ਚੋਂ ਵੀ ਧੱਕੇ ਨਾਲ ਫੌਜੀ ਭਰਤੀ ਕੀਤੀ ਜਾਣ ਲੱਗੀ। ਜ਼ੈਲਦਾਰਾਂ, ਨੰਬਰਦਾਰਾਂ, ਪਟਵਾਰੀਆਂ, ਕਾਨੂੰਨਗੋਆਂ, ਤਹਿਸੀਲਦਾਰਾਂ,ਦਰੋਗਿਆਂ ਤੇ ਹੋਰ ਸਰਕਾਰੀ ਅਹਿਲਕਾਰਾਂ ਨੂੰ ਭਰਤੀ ਕਰਵਾਉਣ ਦੇ ਕੋਟੇ ਲਾ ਦਿੱਤੇ। ਮਾਵਾਂ ਦੇ ਗੱਭਰੂ ਪੁੱਤਾਂ ਨੂੰ ਜਬਰਦਸਤੀ ਫੜ ਫੜ ਕੇ ਜੰਗ ਦੀ ਭੱਠੀ ‘ਚ ਝੋਕਣ ਲਈ ਹਜ਼ਾਰਾਂ ਮੀਲ ਦੂਰ ਭੇਜਿਆ ਜਾਣ ਲੱਗਾ।”

“ਤੋਬਾ ! ਤੋਬਾ ! ਇਹ ਤਾਂ ਬਹੁਤ ਧੱਕਾ ਸੀ।” ਮਾਰਥਾ ਨੇ ਕੰਨਾਂ ‘ਤੇ ਹੱਥ ਰੱਖ ਲਏ।

“ਲੋਕਾਂ ‘ਤੇ ਜ਼ੁਲਮ ਹੋ ਰਹੇ ਸਨ। ਫੌਜੀ ਭਰਤੀ ਨਾ ਦੇਣ ਵਾਲੇ ਪਿੰਡਾਂ ਦੇ ਲੋਕਾਂ ਦੀਆਂ ਜ਼ਮੀਨਾਂ ਜਾਇਦਾਦਾਂ ਕੁਰਕ ਹੋ ਰਹੀਆਂ ਸਨ। ਜੇਲ੍ਹਾਂ ‘ਚ ਤੁੰਨ੍ਹਿਆ ਜਾ ਰਿਹਾ ਸੀ। ਵਿਰੋਧ ਕਰਨ ਵਾਲੀਆਂ ਔਰਤਾਂ ਨੂੰ ਵਾਲਾਂ ਤੋਂ ਫੜ ਕੇ ਘੜੀਸਿਆ ਜਾਂਦਾ। ਬਜ਼ੁਰਗਾਂ ਨੂੰ ਕੰਡਿਆਲੀਆਂ ਝਾੜੀਆਂ ‘ਤੇ ਬੈਠਾਇਆ ਜਾਂਦਾ। ਉਹਨਾਂ ਦੇ ਮੂੰਹਾਂ ‘ਤੇ ਥੁੱਕਿਆ ਜਾਂਦਾ। ਕੋੜੇ ਮਾਰੇ ਜਾਂਦੇ। ਉਹ ਕਿਹੜਾ ਤਸ਼ੱਦਦ ਸੀ ਜਿਹੜਾ ਲੋਕਾਂ ‘ਤੇ ਨਹੀਂ ਸੀ ਕੀਤਾ ਜਾ ਰਿਹਾ। ਪੰਜਾਬ ‘ਚੋਂ ਸਭ ਤੋਂ ਵੱਧ ਭਰਤੀ ਕਰਨ ‘ਤੇ ਜ਼ੋਰ ਦਿੱਤਾ ਜਾ ਰਿਹਾ ਸੀ। ਮਾਰਥਾ, ਮੈਂ ਉਸ ਸਮੇ ਦੀ ਚਸ਼ਮਦੀਦ ਗਵਾਹ ਹਾਂ। ਨੌਜਵਾਨ ਬਾਰੂਦ ਦਾ ਖਾਜਾ ਬਣ ਰਹੇ ਸਨ ਤੇ ਬਜ਼ੁਰਗ ਮਾਂ-ਬਾਪ ਕੁਰਲਾ ਰਹੇ ਸਨ।”

“ਉਹ ਮਾਈ ਗਾਡ !” ਮਾਰਥਾ ਦੀ ਚੀਕ ਨਿਕਲਣ ਲੱਗੀ ਸੀ।

“ਉਦੋਂ ਮੈਂ ਪਹਿਲੀ ਵਾਰ ਮਾਈਕਲ ਨੂੰ ਆਵਾਮ ਦੀ ਆਵਾਜ਼ ਸੁਣ ਕੇ ਅਣਮਨੁੱਖੀ ਜੁ਼ਲਮ ਬੰਦ ਕਰਨ ਲਈ ਕਿਹਾ ਸੀ।”

“ਫੇਰ ?”

“ਸੁਣਦੇ ਕਿੱਥੇ ਨੇ ਬੰਦ ਅੱਖਾਂ ਤੇ ਕੰਨਾਂ ਵਾਲੇ। ਇਸ ਜੰਗ ‘ਚ ਹਜ਼ਾਰਾਂ ਨਹੀਂ ਲੱਖਾਂ ਪੰਜਾਬੀਆਂ ਦੀਆਂ ਕੁੰਦਨ ਵਰਗੀਆਂ ਦੇਹਾਂ ਕਬਰੀਂ ਜਾ ਪਈਆਂ। ਪਿੱਛੇ ਮਾਵਾਂ ਕੋਲ ਹਾਉਂਕੇ ਸਨ। ਗੁੰਮ ਗੁਆਚ ਗਏ ਪੁੱਤਾਂ ਦੇ ਪਰਤਣ ਦੀ ਉਡੀਕ ਤੇ ਗੋਰੀ ਚਮੜੀ ਲਈ ਬਦ-ਦੁਆਵਾਂ ਸਨ।” ਓਅਨਾ ਨੇ ਮੂੰਹ ਦੂਜੇ ਪਾਸੇ ਕਰਕੇ ਅੱਖਾਂ ‘ਚ ਉਤਰ ਆਇਆ ਪਾਣੀ ਸਾਫ ਕੀਤਾ ਪਰ ਮਾਰਥਾ ਨੂੰ ਪਤਾ ਚੱਲ ਗਿਆ।

“ਮਾਈਕਲ ਸਰ ਲਈ ਇਹ ਸਹੀ ਨਹੀਂ ਸੀ।” ਮਾਰਥਾ ਨੇ ਓਅਨਾ ਨੂੰ ਟਿਸ਼ੂ ਪੇਪਰ ਫੜਾਉਂਦਿਆਂ ਆਖਿਆ।

“ਫਿਰ ਗਦਰ ਲਹਿਰ ਸ਼ੁਰੂ ਹੋ ਗਈ। ਇਹ ਵੀ ਪਹਿਲੀ ਸੰਸਾਰ ਜੰਗ ਦੇ ਦਿਨਾਂ ਦੀਆਂ ਹੀ ਗੱਲਾਂ ਨੇ। ਅਮਰੀਕਾ, ਕਨੇਡਾ ਤੇ ਹੋਰ ਦੇਸ਼ਾਂ ‘ਚੋਂ ਸੈਂਕੜੇ ਹਜ਼ਾਰਾਂ ਗਦਰੀ ਇੰਡੀਆ ਦੀ ਧਰਤੀ ਵੱਲ ਆ ਗਏ। ਉਹ ਦੇਸ਼ ‘ਚ ਵੱਡੇ ਪੱਧਰ ‘ਤੇ ਹਥਿਆਰਬੰਦ ਬਗਾਵਤ ਫੈਲਾ ਕੇ ਗੋਰੀ ਨਸਲ ਨੂੰ ਦੇਸ਼ ‘ਚੋਂ ਕੱਢ ਦੇਣਾ ਚਾਹੁੰਦੇ ਸਨ।”

“ਫੇਰ ?” ਮਾਰਥਾ ਨੇ ਉਤਸੁਕਤਾ ਦਿਖਾਈ।

“ਮੈਂ ਮਾਈਕਲ ਨੂੰ ਸਖ਼ਤੀ ਨਾਲ ਆਖਿਆ ਕਿ ਬਰਤਾਨਵੀ ਸਰਕਾਰ ਨੂੰ ਟੈਲੀਗਰਾਮ ਭੇਜ ਕੇ ਸਾਰੇ ਹਾਲਾਤ ਤੋਂ ਵਾਕਫ਼ ਕਰਾਓ। ਡਾਊਨਿੰਗ ਸਟਰੀਟ ਨੂੰ ਦੱਸ ਦਿਉ ਕਿ ਬਹੁਤ ਹੋ ਗਈ ਹੈ ਲੁੱਟ ਖਸੁੱਟ, ਹੁਣ ਇੰਡੀਆ ਤੋਂ ਚਲੇ ਜਾਣਾ ਹੀ ਬੇਹਤਰ ਹੋਵੇਗਾ। ਹੋਰ ਖੂਨ ਵਹਾਇਆ ਜਾਣਾ ਠੀਕ ਨਹੀਂ। ਬਾਗੀ ਨੌਜਵਾਨ ਜਾਨ ਤਲੀ ‘ਤੇ ਰੱਖੀ ਫਿਰਦੇ ਹਨ। ਉਹਨਾਂ ਨੂੰ ਆਪਣੀ ਮੌਤ ਦਾ ਉੱਕਾ ਹੀ ਕੋਈ ਫਿਕਰ ਨਹੀਂ। ਜੇ ਇੰਡੀਆ ਦੇ ਕੁੱਝ ਪਰਸੈਂਟ ਲੋਕ ਵੀ ਬਾਗੀਆਂ ਨਾਲ ਮਿਲ ਗਏ ਤਾਂ ਇੱਕ ਵੀ ਅੰਗਰੇਜ਼ ਦਾ ਬਚ ਕੇ ਨਿਕਲਣਾ ਮੁਸ਼ਕਲ ਹੋ ਜਾਵੇਗਾ।”

“ਫਿਰ ਕੀ ਜਵਾਬ ਦਿੱਤਾ ਮਾਈਕਲ ਸਰ ਨੇ ?”

“ਹੂੰਅ---! ਦਿੱਤਾ ਸੀ ਜਵਾਬ-ਬੜਾ ਉਜੱਡ ਜਿਹਾ, ਜਿਸ ‘ਚੋਂ ਹੰਕਾਰ ਦੀ ਬੂ ਆਉਂਦੀ ਸੀ। ਕਹਿਣ ਲੱਗਾ, ‘ਯੂ ਨੋਅ, ਬ੍ਰਿਟਿਸ਼ਰਜ਼ ਨੇ ਅਠਾਰਾਂ ਸੌ ਸਤਵੰਜਾ ਦੀ ਬਗਾਵਤ ਨੂੰ ਕਿੰਨੀ ਬੇਦਰਦੀ ਨਾਲ ਕੁਚਲਿਆ ਸੀ ? ਦਿੱਲੀ ਦੀਆਂ ਗਲੀਆਂ ‘ਚ ਬਾਗੀਆਂ ਦੇ ਖੂਨ ਨਾਲ ਪਰਨਾਲੇ ਵਗ ਪਏ ਸਨ। ਬਾਗੀ ਤੇ ਉਹਨਾਂ ਨੂੰ ਪਨਾਹ ਦੇਣ ਵਾਲੇ ਚੁਰੱਸਤਿਆਂ ‘ਚ ਫਾਂਸੀ ਨਾਲ ਲਟਕਾਏ ਸਨ। ਬਗਾਵਤੀ ਹਿੰਦੂਆਂ ਦੇ ਮੂੰਹਾਂ ‘ਚ ਗਊਂ ਦਾ ਅਤੇ ਮੁਸਲਮਾਨਾਂ ਦੇ ਮੂੰਹਾਂ ‘ਚ ਸੂਰ ਦਾ ਮਾਸ ਧੱਕ ਦਿੱਤਾ। ਤਿੱਖੇ ਦਾਤਰਾਂ ਨਾਲ ਔਰਤਾਂ ਦੀਆਂ ਛਾਤੀਆਂ ਕੱਟ ਦਿੱਤੀਆਂ। ਐਸੀਆਂ ਸਜ਼ਾਵਾਂ ਦਿੱਤੀਆਂ ਕਿ ਸ਼ੈਤਾਨ ਦੀ ਰੂਹ ਵੀ ਕੰਬ ਉੱਠੀ ਸੀ। ਯੂ ਨੋਅ, ਸਤਵੰਜਾ ਦੀ ਬਗਾਵਤ ਦੇ ਮਹਿਜ਼ ਪੰਦਰਾਂ ਸਾਲ ਬਾਅਦ ਪੰਜਾਬ ਦੇ ਨਾਮਧਾਰੀਆਂ ਨੇ ਬਗਾਵਤ ਕਰਨ ਦੀ ਹਿਮਾਕਤ ਕੀਤੀ ਤਾਂ ਮਲੇਰਕੋਟਲੇ ‘ਚ ਇੱਕੋ ਦਿਨ ‘ਚ ਉਨ੍ਹੰਜਾ ਨਾਮਧਾਰੀ ਕੂਕਿਆਂ ਨੂੰ ਤੋਪਾਂ ਅੱਗੇ ਬੰਨ੍ਹ ਕੇ ਉਡਾ ਦਿੱਤਾ ਸੀ।’ ਆਵਦੇ ਵਲੋਂ ਮਾਈਕਲ ਨੇ ਹਿੱਕ ਚੌੜੀ ਕਰਕੇ ਬੜੇ ਮਾਣ ਨਾਲ ਕਿਹਾ ਸੀ।”

“ਓਹ ਪ੍ਰਭੂ ! ਬੇਗੁਨਾਹਾਂ ਦੀ ਹੱਤਿਆ ਕਰਨ ਵਾਲਿਆਂ ਨੂੰ ਮੁਆਫ਼ ਕਰੀਂ। ਉਹ ਨਹੀਂ ਜਾਣਦੇ ਕਿ ਉਹ ਕਿੰਨਾ ਗ਼ਲਤ ਕਰ ਰਹੇ ਨੇ।” ਮਾਰਥਾ ਨੇ ਗਲ਼ੇ ‘ਚ ਪਾਈ ਸਲੀਬ ਨੂੰ ਚੁੰਮਿਆ ਸੀ।

“ਮਾਰਥਾ, ਫਰਾਂਸਿਸ ਮਾਈਕਲ ਓਡਵਾਇਰ, ਲੈਫਟੀਨੈਂਟ ਗਵਰਨਰ ਆਫ ਪੰਜਾਬ ਦੇ ਸਖ਼ਤ ਆਦੇਸ਼ਾਂ ‘ਤੇ ਸੈਂਕੜੇ ਗਦਰੀਆਂ ਨੂੰ ਫੜ ਕੇ ਫਾਂਸੀਆਂ ਦੇ ਤਖਤਿਆਂ ‘ਤੇ ਲਟਕਾ ਦਿੱਤਾ। ਸੈਂਕੜੇ ਬਾਗੀਆਂ ਨੂੰ ਸਮੁੰਦਰ ਦੇ ਐਨ ਵਿਚਕਾਰ ਅੰਡੇਮਾਨ ਦੇ ਟਾਪੂਆਂ ‘ਤੇ ਬਣੀ ਸੈਲੂਲਰ ਜੇਲ੍ਹ ‘ਚ ਸੜਨ ਮਰਨ ਲਈ ਭੇਜ ਦਿੱਤਾ। ਇਹਨਾਂ ਦੀਆਂ ਜਾਇਦਾਦਾਂ ਕੁਰਕ ਕਰ ਲਈਆਂ। ਪੁਲੀਸ, ਕਾਨੂੰਨ, ਜੱਜ ਤੇ ਅਦਾਲਤਾਂ ਇਹਨਾਂ ਦੀਆਂ ਆਪਣੀਆਂ ਸਨ। ਅਪੀਲ ਦਲੀਲ ਕਿੱਥੇ ਸੀ ? ਤੇ ਦੁੱਖ ਦੀ ਗੱਲ਼---ਮਾਈਕਲ ਵਰਗਿਆਂ ਦੇ ਚਿਹਰਿਆਂ ‘ਤੇ ਅਫਸੋਸ ਦਾ ਕੋਈ ਮਾੜਾ ਮੋਟਾ ਨਿਸ਼ਾਨ ਵੀ ਨਹੀਂ ਸੀ ਹੁੰਦਾ। ਉਹ ਘਰ ਹੋਵੇ ਜਾਂ ਦਫ਼ਤਰ—ਸਿਗਰਟ ਦੇ ਕਸ਼ ਖਿਚਦਿਆਂ, ਧੂੰਏ ਦੇ ਬੱਦਲ ਬਣਾਉਂਦਾ ਰਹਿੰਦਾ। ਇਹਨਾਂ ਧੂੰਏ ਦੇ ਬੱਦਲਾਂ ‘ਚੋਂ ਉਸਨੂੰ ਆਪਣੀ ਤਰੱਕੀ ਦੀਆਂ ਪੌੜੀਆਂ ਨਜ਼ਰ ਆਉਂਦੀਆਂ ਪਰ ਮੈਨੂੰ ਇਸ ਧੂੰਏਂ ‘ਚੋਂ ਅੰਗਰੇਜ਼ ਸਾਮਰਾਜ ਦੀ ਚਿਖਾ ਬਲਦੀ ਦਿਖਾਈ ਦਿੰਦੀ।”

-ਤੂੰ ਵੇਖ ਸਕਦੀ ਏਂ। ਬ੍ਰਿਟਿਸ਼ ਸਾਮਰਾਜ ਬਰਬਾਦੀ ਦੇ ਕੰਢੇ ‘ਤੇ ਹੈ। ਆਉਣ ਵਾਲੇ ਪੰਜ ਸੱਤ ਸਾਲਾਂ ‘ਚ ਇਸ ਸਾਮਰਾਜ ਦਾ ਸੂਰਜ ਬਹੁਤ ਛੋਟਾ ਜਿਹਾ ਰਹਿ ਜਾਵੇਗਾ।”

ਓਅਨਾ ਖਿੜਕੀ ਤੋਂ ਬਾਹਰ ਵੇਖਣ ਲੱਗੀ। ਸੂਰਜ ਡੁੱਬ ਰਿਹਾ ਸੀ।

******

ਓਅਨਾ ਨੇ ਮਨ ਹੀ ਮਨ ਮਾਈਕਲ ਓਡਵਾਇਰ ਦੇ ਕਤਲ ਦੇ ਦਿਨਾਂ ਦਾ ਹਿਸਾਬ ਲਾਇਆ। ਮਾਈਕਲ ਦੇ ਕਤਲ ਵਾਲੇ ਦਿਨ ਤੇਰਾਂ ਮਾਰਚ ਉਨ੍ਹੀ ਸੌ ਚਾਲੀ ਤੋਂ ਅੱਜ ਤੱਕ ਉਹ ਬੜਾ ਕੁੱਝ ਸੁਣਦੀ ਤੇ ਪਿੰਡੇ ‘ਤੇ ਹੰਢਾਉਂਦੀ ਆ ਰਹੀ ਸੀ। ਆਪਣੇ ਪਤੀ ਉੱਪਰ ਗੋਲੀਆਂ ਚਲਾਉਣ ਵਾਲੇ ਵਿਅਕਤੀ ਬਾਰੇ ਨਿੱਤ ਨਵੀਂ ਤੋਂ ਨਵੀਂ ਜਾਣਕਾਰੀ ਓਅਨਾ ਨੂੰ ਮਿਲਦੀ ਰਹੀ ਸੀ। ਪੁਲਿਸ ਜਾਂ ਇੰਨਟੈਲੀਜੈਂਸ ਵਿਭਾਗ ਦਾ ਕੋਈ ਨਾ ਕੋਈ ਉੱਚ ਅਧਿਕਾਰੀ ਉਸ ਕੋਲ ਆ ਕੇ ਚੱਲ ਰਹੇ ਘਟਨਾਕ੍ਰਮ ਬਾਰੇ ਜਾਣਕਾਰੀ ਦੇ ਜਾਂਦਾ ਸੀ।

“ਰਿਸਪੈਕਟਡ ਓਅਨਾ ਮੈਮ ! ਸਰ ਮਾਈਕਲ ਓਡਵਾਇਰ ਦਾ ਹਤਿਆਰਾ ਬਹੁਤ ਜਲਦ ਫਾਂਸੀ ਦੇ ਤਖ਼ਤੇ ‘ਤੇ ਹੋਵੇਗਾ।” ਇੱਕ ਦਿਨ ਚੀਫ਼ ਇੰਸਪੈਕਟਰ ਰੌਲੰਗਿਜ਼ ਓਅਨਾ ਦੇ ਘਰ ਆਇਆ ਸੀ। ਰੌਲਿੰਗਜ਼ ਗੱਲ ਦੱਸ ਕੇ ਕਿੰਨਾ ਚਿਰ ਓਅਨਾ ਦੇ ਚਿਹਰੇ ਵੱਲ ਵੇਖਦਿਆਂ ਆਪਣੀ ਗੱਲ਼ ਦਾ ਪ੍ਰਤੀਕਰਮ ਉਡੀਕਦਾ ਰਿਹਾ ਸੀ।

“ਇਸਦਾ ਹੁਣ ਕੀ ਮਤਲਬ ਹੈ ? ਉਸਦੇ ਫਾਂਸੀ ਚੜ੍ਹਨ ਨਾਲ ਮੈਨੂੰ ਕੋਈ ਲਾਭ ਹੈ ? ਕੰਡੇ ਬੀਜ ਕੇ ਕੋਈ ਫੁੱਲਾਂ ਦੀ ਆਸ ਕਿਵੇਂ ਕਰ ਸਕਦਾ ਹੈ ?” ਓਅਨਾ ਦੇ ਜਵਾਬ ਨੇ ਚੀਫ਼ ਇੰਸਪੈਕਟਰ ਰੌਲਿ਼ੰਗਜ਼ ਦਾ ਉਤਸ਼ਾਹ ਠੰਡਾ ਕਰ ਦਿੱਤਾ ਸੀ।

“ਹਤਿਆਰੇ ਦਾ ਨਾਮ ਮੁਹੰਮਦ ਸਿੰਘ ਆਜ਼ਾਦ ਨਹੀਂ ਹੈ।” ਓਅਨਾ ਦੇ ਅਗਲੇ ਸਵਾਲ ਦਾ ਜਵਾਬ ਉਡੀਕਦਾ ਚੀਫ਼ ਕੁੱਝ ਚਿਰ ਚੁੱਪ ਰਿਹਾ ਪਰ ਉਸ ਵਲੋਂ ਕੋਈ ਉਤਸ਼ਾਹ ਨਾ ਦਿਖਾਉਣ ‘ਤੇ ਉਹ ਆਪ ਹੀ ਬੋਲਿਆ ਸੀ।

“ਉਸਦਾ ਅਸਲ ਨਾਮ ਊਧਮ ਸਿੰਘ ਹੈ।” ਹੁਣ ਓਅਨਾ ਨੇ ਸਿਰ ਉੱਪਰ ਚੁੱਕ ਕੇ ਵੇਖਿਆ ਸੀ।

“ਉਹ ਪੰਜਾਬ ਸੂਬੇ ਦੇ ਇੱਕ ਛੋਟੇ ਜਿਹੇ ਕਸਬੇ ਸੁਨਾਮ ਤੋਂ ਹੈ।”

“ਓਹ ! ਇਹ ਤਾਂ ਸੁਨਾਮ ਦੀ ਧਰਤੀ ਲਈ ਬੜੇ ਮਾਣ ਵਾਲੀ ਗੱਲ ਹੋਵੇਗੀ ਕਿ ਊਧਮ ਸਿੰਘ ਉਸਦੀ ਮਿੱਟੀ ‘ਚੋਂ ਪੈਦਾ ਹੋਇਆ। ਜਿਵੇਂ ਸਟਰੈੱਟਫੋਰਡ ਨੂੰ ਮਾਣ ਹੈ ਸੰਸਾਰ ਪ੍ਰਸਿੱਧ ਲੇਖਕ ਵਿਲੀਅਮ ਸੈਕਸ਼ਪੀਅਰ ਨੇ ਉੱਥੇ ਜਨਮ ਲਿਆ। ਜਿਸ ਤਰਾਂ ਸਟਰੈਟਫੋਰਡ ‘ਚ ਵਿਲੀਅਮ ਦੀ ਸ਼ਾਨਦਾਰ ਯਾਦਗਾਰ ਬਣੀ ਹੋਈ ਹੈ, ਸੁਨਾਮ ਦੇ ਲੋਕ ਵੀ ਕਿਸੇ ਦਿਨ ਆਪਣੇ ਨਾਇਕ ਦੀ ਯਾਦ ‘ਚ ਸ਼ਾਨਦਾਰ ਇਮਾਰਤ ਤਾਮੀਰ ਕਰਨਗੇ।” ਓਅਨਾ ਦੀਆਂ ਗੱਲਾਂ ਸੁਣ ਕੇ ਰੌਲਿੰਗਜ਼ ਦਾ ਮੂੰਹ ਅੱਡਿਆ ਹੀ ਰਹਿ ਗਿਆ।

“ਮਿਸਟਰ ਰੌਲਿੰਗਜ਼ ! ਹੈਰਾਨ ਹੋਣ ਦੀ ਲੋੜ ਨਹੀਂ ਹੈ। ਹਰ ਕੌਮ ਦੇ ਆਪਣੇ ਸ਼ਹੀਦ ਹੁੰਦੇ ਹਨ। ਜਿਵੇਂ ਅੰਗਰੇਜ਼ ਕੌਮ ਲਈ ਮਾਈਕਲ ਸ਼ਹੀਦ ਹੋ ਸਕਦਾ ਹੈ ਪਰ ਹਿੰਦੋਸਤਾਨੀਆਂ ਲਈ ਇੱਕ ਬੁੱਚੜ ਪ੍ਰਸ਼ਾਸ਼ਕ ਤੋਂ ਵੱਧ ਕੁੱਝ ਵੀ ਨਹੀਂ। ਹਾਂ ਦੇਰ ਸਵੇਰ ਮੁਹੰਮਦ ਸਿੰਘ ਆਜ਼ਾਦ ਜਾਂ ਜਿਵੇਂ ਤੁਸੀਂ ਦੱਸਿਆ ਹੈ ਊਧਮ ਸਿੰਘ—ਆਪਣੇ ਲੋਕਾਂ ਲਈ ਸ਼ਹੀਦ ਬਣ ਜਾਵੇਗਾ ਕਿਉਂ ਕੇ ਤੁਹਾਡੀਆਂ ਅਦਾਲਤਾਂ ਇੱਕ ਨਾ ਇੱਕ ਦਿਨ ਉਸ ਨੂੰ ਫਾਂਸੀ ਦੇ ਤਖ਼ਤੇ ਤੱਕ ਲੈ ਹੀ ਜਾਣਗੀਆਂ।”

“ਬਣ ਜਾਵੇਗਾ ਤੋਂ ਕੀ ਮਤਲਬ ?”

“ਹਾਂ ਬਣ ਜਾਵੇਗਾ। ਅਜੇ ਤਾਂ ਉੱਥੋ ਦੇ ਸਿਆਸੀ ਆਗੂਆਂ ਲਈ ਉਹ ਭੁੱਲੜ ਦੇਸ਼ ਭਗਤ ਹੀ ਹੈ। ਤੂੰ ਮਹਾਤਮਾ ਗਾਂਧੀ ਦੇ ਉਸ ਬਿਆਨ ਬਾਰੇ ਸੁਣ ਲਿਆ ਹੋਵੇਗਾ ਜੋ ਉਸਨੇ ਮਾਈਕਲ ਦੀ ਮੌਤ ਤੋਂ ਬਾਅਦ ਜਾਰੀ ਕੀਤਾ ਸੀ ?”

“ਹਾਂ, ਉਸਨੇ ਸਰ ਮਾਈਕਲ ਓਡਵਾਇਰ ਦੀ ਮੌਤ, ਲਾਰਡ ਲਮਿੰਗਟਨ, ਲਾਰਡ ਜੈਟਲੈਂਡ, ਅਤੇ ਲੁਈਸ ਡੇਨ ਦੇ ਜਖ਼ਮੀ ਹੋਣ ‘ਤੇ ਗਹਿਰਾ ਦੁੱਖ ਪ੍ਰਗਟ ਕਰਦਿਆਂ ਇਸ ਨੂੰ ਪਾਗਲਪਨ ਵਾਲੀ ਕਾਰਵਾਈ ਕਿਹਾ।” ਚੀਫ਼ ਰੌਲਿ਼ਗਜ਼ ਨੇ ਤੁਰੰਤ ਉੱਤਰ ਦਿੱਤਾ ਸੀ।

“ਆਪਣੇ ਬਿਆਨ ‘ਚ ਉਸਨੇ ਮੇਰੇ ਨਾਲ ਵੀ ਦੁੱਖ ਪ੍ਰਗਟਾਇਆ।”

“ਹਾਂ ਮੈਮ, ਮੈਂ ਪੜ੍ਹਿਆ ਹੈ।”

“ਮੈਂ ਮਾਈਕਲ ਦੀ ਮੌਤ ਨਾਲ ਬੁਰੀ ਤਰ੍ਹਾਂ ਟੁੱਟ ਗਈ ਹਾਂ। ਬਹੁਤ ਉਦਾਸ ਤੇ ਦੁਖੀ ਵੀ ਹਾਂ ਪਰ ਸੱਚ ਜਾਣੀ ਮੈਨੂੰ ਮਹਾਤਮਾ ਗਾਂਧੀ ਦਾ ਹਮਦਰਦੀ ਪ੍ਰਗਟਾਉਣਾ ਉੱਕਾ ਹੀ ਚੰਗਾ ਨਹੀਂ ਲੱਗਾ। ਜਾਨ ਤਲੀ ‘ਤੇ ਰੱਖ ਕੇ ਆਪਣੇ ਦੇਸ਼ ਦੀ ਆਜ਼ਾਦੀ ਲਈ ਲੜ ਰਹੇ ਨੌਜਵਾਨਾਂ ਨੂੰ ਭੁੱਲੜ, ਗੁੰਮਰਾਹ ਹੋਏ ਜਾਂ ਅੱਤਵਾਦੀ ਕਹਿ ਦੇਣਾ ਠੀਕ ਹੈ ? ਇਉਂ ਤਾਂ ਫਿਰ ਫਰੈਂਚ ਕ੍ਰਾਂਤੀ ਲਈ ਲੜਨ ਵਾਲੇ ਸਾਰੇ ਨੌਜਵਾਨ ਹੀ ਅੱਤਵਾਦੀ ਹੋਏ। ਸੋਵੀਅਤ ਕ੍ਰਾਂਤੀ ਲਿਆਉਣ ਵਾਲੇ ਕੀ ਭੁੱਲੜ ਨੌਜਵਾਨ ਸਨ ? ਕੀ ਸਾਰੇ ਆਇਰਸ਼ ਕ੍ਰਾਂਤੀਕਾਰੀ ਖੂੰਖਾਰ ਨੇ? ਫੇਰ ਤਾਂ ਦੁਨੀਆ ਦੇ ਤਮਾਮ ਕ੍ਰਾਂਤੀਕਾਰੀ ਖ਼ਤਰਨਾਕ ਭੇੜੀਏ ਹੋਏ। ਤੇ ਉਸ ਤੇਜ਼ ਤਰਾਰ ਵਕੀਲ ਜਵਾਹਰ ਲਾਲ ਨਹਿਰੂ ਵੱਲ ਵੇਖ ਲਵੋ--ਉਹ ਵੀ ਗੋਲ ਮੋਲ ਗੱਲ ਕਰਦਾ ਹੈ। ਮਾਈਕਲ ਦੇ ਕਤਲ ਨੂੰ ਗ਼ਲਤ ਵੀ ਕਹਿ ਰਿਹਾ ਤੇ ਬਰਤਾਨੀਆ ਸਰਕਾਰ ਨੂੰ ਚੇਤਾਵਨੀ ਵੀ ਦੇ ਰਿਹਾ। ਹੋਰ ਵੀ ਬਥੇਰੇ ਹਿੰਦੋਸਤਾਨੀ ਆਗੂ ਨੇ ਇਹੋ ਜਿਹੇ। ਅਜਿਹੇ ਆਗੂਆਂ ਬਾਰੇ ਤੂੰ ਕੀ ਸੋਚਦਾ ਏਂ ?”

“ਮੈਮ ! ਇਹ ਰਾਜਨੀਤੀ ਹੈ ਤੇ ਸਾਨੂੰ ਪੁਲਿਸ ਜਾਂ ਫੌਜ ਵਾਲਿਆਂ ਨੂੰ ਇਸਦੀ ਬਹੁਤੀ ਸਮਝ ਨਹੀਂ ਹੁੰਦੀ।”

“ਕੀ ਪੁਲਿਸ ਜਾਂ ਫੌਜ ਰਾਜਨੀਤੀ ਨੂੰ ਸਮਝੇ ਬਿਨਾ ਨਿਹੱਥੇ ਲੋਕਾਂ ‘ਤੇ ਕੇਵਲ ਗੋਲੀ ਚਲਾਉਣਾ ਈ ਜਾਣਦੀ ਏ ?” ਓਅਨਾ ਦੀ ਇਸ ਗੱਲ ਦਾ ਰੌਲਿੰਗਜ਼ ਕੋਲ ਕੋਈ ਜਵਾਬ ਨਹੀਂ ਸੀ।

“ਪਤਾ ਉਹ ਰਾਜਨੀਤੀ ਕਿਉਂ ਕਰ ਰਹੇ ਨੇ?” ਓਅਨਾ ਨੇ ਇੱਕ ਹੋਰ ਸਵਾਲ ਦਾਗਿਆ।

“ਕੀ ਪਤਾ ?” ਰੌਲਿੰਗਜ਼ ਦੇ ਮੋਢੇ ਕੰਨਾਂ ਵੱਲ ਵਧੇ।

“ਦੂਸਰੀ ਸੰਸਾਰ ਜੰਗ ‘ਚ ਜਿਸ ਤਰ੍ਹਾਂ ਦੇ ਹਾਲਾਤ ਬਣੇ ਪਏ ਨੇ, ਨਿਰਸੰਦੇਹ ਇੰਗਲੈਂਡ ਜੰਗ ਹਾਰ ਜਾਵੇਗਾ। ਉਸਨੂੰ ਹਿਟਲਰ ਅੱਗੇ ਗੋਡੇ ਟੇਕਣੇ ਪੈਣਗੇ। ਜੇਕਰ ਜਿੱਤ ਵੀ ਗਿਆ ਤਾਂ ਇਹ ਜਿੱਤ ਹਾਰ ਨਾਲੋਂ ਵੀ ਭੈੜੀ ਹੋਵੇਗੀ। ਹਿੰਦੋਸਤਾਨੀ ਲੀਡਰ ਜਾਣਦੇ ਨੇ ਕਿ ਅੰਗਰੇਜ਼ਾਂ ਨੂੰ ਬੜੀ ਛੇਤੀ ਹਿੰਦੋਸਤਾਨ ‘ਚੋਂ ਜਾਣਾ ਪਵੇਗਾ। ਉਹ ਇਸ ਦਾਅ ‘ਤੇ ਬੈਠੇ ਹੋਏ ਨੇ ਕਿ ਅੰਗਰੇਜ਼ ਜਾਂਦੇ ਹੋਏ ਸੱਤਾ ਉਹਨਾਂ ਦੇ ਹੱਥਾਂ ‘ਚ ਦੇ ਕੇ ਜਾਣਗੇ। ਸੱਤਾ ਦੇ ਏਧਰ ਓਧਰ ਖਿਸਕ ਜਾਣ ਦਾ ਡਰ ਸਤਾਉਂਦਾ ਰਹਿੰਦਾ ਭਾਰਤੀ ਆਗੂਆਂ ਨੂੰ।”

“ਕੀ ਸਾਨੂੰ ਸਚਮੁੱਚ ਇਥੋਂ ਨਿਕਲਣਾ ਪਵੇਗਾ ?” ਓਅਨਾ ਨੇ ਸਮਝਿਆ ਰੌਲਿੰਗਜ਼ ਦੇ ਇਸ ਬੇਵਕੂਫ਼ੀ ਭਰੇ ਸਵਾਲ ਦਾ ਉੱਤਰ ਦੇਣ ਦੀ ਲੋੜ ਨਹੀਂ ਹੈ। ਉਸਨੇ ਰੌਲਿੰਗਜ਼ ਨੂੰ ਜੂਸ ਦਾ ਗਿਲਾਸ ਪੀਣ ਦਾ ਇਸ਼ਾਰਾ ਕੀਤਾ।

“ਚੱਲੋ ਛੱਡੋ---ਤੁਸੀਂ ਮੁਹੰਮਦ ਸਿੰਘ ਆਜ਼ਾਦ ਬਾਰੇ ਦੱਸੋ। ਜੇਲ੍ਹ ‘ਚ ਕਿੱਦਾਂ ਦਾ ਵਿਵਹਾਰ ਕਰਦਾ ਹੈ ? ਕੀ ਜੇਲ੍ਹ ‘ਚ ਖਰੂਦ ਕਰਦਾ ਹੈ ? ਜਦੋਂ ਅਦਾਲਤ ‘ਚ ਆਉਂਦਾ ਹੈ, ਕੀ ਉਸਦੇ ਚਿਹਰੇ ਉੱਪਰ ਕੋਈ ਡਰ ਜਾਂ ਸਹਿਮ ਹੁੰਦਾ ਹੈ ?”

“ਮੁਹੰਮਦ ਸਿੰਘ ਅਜ਼ਾਦ ਨਹੀਂ ਮੈਮ-ਊਧਮ ਸਿੰਘ। ਉਸਦੇ ਚਿਹਰੇ ‘ਤੇ ਕਦੇ ਡਰ ਜਾਂ ਸਹਿਮ ਨਾਂ ਦੀ ਕੋਈ ਚੀਜ਼ ਨਹੀਂ ਦੇਖੀ।”

“ਮੁਹੰਮਦ ਸਿੰਘ ਆਜ਼ਾਦ ਹੋਵੇ ਜਾਂ ਊਧਮ ਸਿੰਘ, ਇਸ ‘ਚ ਕੀ ਫਰਕ ਹੈ ? ਹੈ ਤਾਂ ਇੱਕੋ ਹੀ ਵਿਅਕਤੀ।”

“ਮੈਮ, ਨਾਂ ‘ਚ ਬੜਾ ਕੁੱਝ ਹੈ।”

“ਹਾਂ ! ਹਾਂ! ਸਹੀ ਕਿਹਾ ਤੂੰ, ਨਾਂ ‘ਚ ਬੜਾ ਕੁੱਝ ਪਿਆ। ਸ਼ੈਕ਼ਸ਼ਪੀਅਰ ਦਾ ਇਹ ਕਹਿਣਾ ਠੀਕ ਨਹੀਂ ਕਿ ਨਾਂ ‘ਚ ਕੀ ਪਿਆ। ਨਾਂ ‘ਚ ਹੀ ਤਾਂ ਸਾਰਾ ਕੁੱਝ ਹੈ। ਬ੍ਰਿਿਟਸ਼ ਇਤਿਹਾਸ ‘ਚ ਆਪਣਾ ਨਾਂ ਦਰਜ ਕਰਵਾਉਣ ਲਈ ਹੀ ਤਾਂ ਮਾਈਕਲ ਤਾਨਾਸ਼ਾਹਾਂ ਵਾਂਗ ਵਿਵਹਾਰ ਕਰਦਾ ਰਿਹਾ। ਨਾਂ ਚਮਕਾਉਣ ਲਈ ਹੀ ਤਾਂ ਜਨਰਲ ਡਾਇਰ ਜਲ੍ਹਿਆਂ ਵਾਲਾ ਬਾਗ ਦੇ ਛੋਟੇ ਜਿਹੇ ਗੇਟ ਅੱਗੇ ਖੜਕੇ ਗੋਲੀਆਂ ਦਾ ਮੀਂਹ ਵਰਾਉਂਦਾ ਰਿਹਾ। ਇਹ ਨਾਂ ਹੀ ਤਾਂ ਹੈ ਜਿਸ ਨੂੰ ਬਦਲ ਕੇ ਕੋਈ ਊਧਮ ਸਿੰਘ ਤੋਂ ਮੁਹੰਮਦ ਸਿੰਘ ਆਜ਼ਾਦ ਬਣ ਜਾਂਦਾ ਹੈ ਤੇ ਪੂਰੇ ਇੱਕੀ ਵਰ੍ਹਿਆਂ ਬਾਅਦ ਇਤਿਹਾਸ ਦੇ ਪੰਨਿਆਂ ‘ਤੇ ਆਪਣੀ ਮੋਹਰ ਲਾ ਦਿੰਦਾ ਹੈ।” ਰੌਲਿੰਗਜ਼ ਨੂੰ ਸਾਬਕਾ ਅੰਗਰੇਜ਼ ਅਧਿਕਾਰੀਆਂ ‘ਤੇ ਗੋਲੀ ਚਲਾ ਕੇ ਮਾਰਨ ਅਤੇ ਜ਼ਖ਼ਮੀ ਕਰਨ ਵਾਲੇ ਹਮਲਾਵਰ ਦੀ ਤਾਰੀਫ਼ ਉੱਕਾ ਚੰਗੀ ਨਹੀਂ ਸੀ ਲੱਗ ਰਹੀ ਪਰ ਉਸਦੀ ਪੁਲਸੀਆ ਬੁੱਧੀ ਕੋਲ ਓਅਨਾ ਦੀਆਂ ਗਹਿਰ ਗੰਭੀਰ ਗੱਲਾਂ ਦਾ ਕੋਈ ਤੋੜ ਨਹੀਂ ਸੀ।

“ਤੁਸੀਂ ਆਪਣਾ ਖਿਆਲ ਰੱਖਣਾ। ਕਿਸੇ ਤਰ੍ਹਾਂ ਦਾ ਖ਼ਤਰਾ ਜਾਂ ਲੋੜ ਮਹਿਸੂਸ ਹੋਵੇ ਤਾਂ ਤੁਰੰਤ ਫੋਨ ਕਰ ਦੇਣਾ।” ਰੌਲਿੰਕਗਜ਼ ਨੇ ਉੱਠ ਕੇ ਜਾਣ ਲੱਗਿਆਂ ਜਾਣਬੁੱਝ ਕੇ ਆਵਾਜ਼ ਨੂੰ ਬੜੀ ਭੇਤਭਰੀ ਬਣਾਉਂਦਿਆਂ ਚੌਕੰਨਾ ਕੀਤਾ ਪਰ ਓਅਨਾ ‘ਤੇ ਇਸ ਦਾ ਕੋਈ ਅਸਰ ਨਾ ਹੋਇਆ ਤੇ ਉਹ ਸਹਿਜ ਹੋ ਕੇ ਬੈਠੀ ਰਹੀ।

ਮਾਈਕਲ ਦੇ ਕਤਲ ‘ਚ ਨਿੱਤ ਦਿਨ ਆਉਂਦੇ ਨਵੇਂ ਮੋੜ ਬਾਰੇ ਓਅਨਾ ਨੂੰ ਕੋਈ ਨਾ ਕੋਈ ਗੱਲ ਦਾ ਪਤਾ ਲੱਗਦਾ ਰਹਿੰਦਾ। ਇੱਕ ਦਿਨ ਉਸ ਨੂੰ ਜਾਣਕਾਰੀ ਮਿਲੀ ਕਿ ਊਧਮ ਸਿੰਘ ਉਰਫ਼ ਮੁਹੰਮਦ ਸਿੰਘ ਆਜ਼ਾਦ ਬਰਿਕਸਟਨ ਜੇਲ੍ਹ ‘ਚੋਂ ਆਪਣੀ ਜਾਣ ਪਛਾਣ ਵਾਲਿਆਂ ਨੂੰ ਚਿੱਠੀਆਂ ਲਿਖਦਾ ਰਹਿੰਦਾ ਹੈ। ਉਹ ਅਕਸਰ ਕਿਤਾਬਾਂ ਭੇਜਣ ਲਈ ਆਖਦਾ ਹੈ। ਹੋਰ ਤਾਂ ਹੋਰ ਉਸਨੇ ਅਦਾਲਤ ਵਿੱਚ ਸਹੁੰ ਖਾਣ ਲਈ ਵਾਰਸ ਸ਼ਾਹ ਦੁਆਰਾ ਲਿਖੀ ‘ਹੀਰ’ ਨਾਂ ਦੀ ਬਹੁ-ਚਰਚਿਤ ਕਿਤਾਬ ਦੀ ਮੰਗ ਕੀਤੀ ਹੈ।

ਇਹ ਗੱਲ਼ ਸੁਣ ਕੇ ਓਅਨਾ ਨੂੰ ਹੈਰਾਨੀ ਨਹੀਂ ਸੀ ਹੋਈ। ਹਿੰਦੋਸਤਾਨ ਕਿਆਮ ਸਮੇ ਉਸਨੇ ਭਾਰਤੀਆਂ ਅਤੇ ਖਾਸ ਕਰ ਪੰਜਾਬੀਆਂ ਦੇ ਇਤਿਹਾਸ ਤੇ ਸਭਿਆਚਾਰ ਬਾਰੇ ਕਾਫੀ ਜਾਣਕਾਰੀ ਹਾਸਿਲ ਕੀਤੀ ਸੀ। ਇਸੇ ਕਰਕੇ ਉਹ ਜਾਣਦੀ ਸੀ ਕਿ ਪੰਜਾਬ ਦੇ ਪੇਂਡੂ ਜਨ ਮਾਨਸ ਨੂੰ ‘ਹੀਰ’ ਨਾਲ ਕਿੰਨਾ ਗਹਿਰਾ ਲਗਾਅ ਹੈ। ਹੀਰ ਤਾਂ ਇੱਕ ਤਰ੍ਹਾਂ ਪੰਜਾਬੀ ਨੌਜਵਾਨਾਂ ਦੇ ਸੁਪਨਿਆਂ ਦੀ ਸਹਿਜ਼ਾਦੀ ਹੈ।

ਊਧਮ ਸਿੰਘ ਵਲੋਂ ਆਪਣੇ ਕਿਸੇ ਜਾਣ ਪਛਾਣ ਵਾਲੇ ਨੂੰ ਲਿਖੇ ਇੱਕ ਪੱਤਰ ਦੀ ਸ਼ਬਦਾਵਲੀ ਸੁਣਦਿਆਂ ਤਾਂ ਓਅਨਾ ਅੰਦਰ ਹੀ ਅੰਦਰ ਹੱਸ ਪਈ ਸੀ। ਇਸ ਚਿੱਠੀ ‘ਚ ਊਧਮ ਸਿੰਘ ਆਪਣੇ ਆਪ ਨੂੰ ਹਿਜ਼ ਮੈਜਿਸਟੀ ਦਾ ਦਾਮਾਦ ਆਖਦਾ ਹੈ।

“ਕਿੰਨਾ ਬੇਖੌ਼ਫ ਤੇ ਨਿੱਡਰ ਹੈ !” ਓਅਨਾ ਨੇ ਆਪਣੇ ਆਪ ਨੂੰ ਆਖਿਆ ਸੀ।

ਇੱਕ ਦਿਨ ਮਿਲਣ ਆਏ ਪੁਲਿਸ ਅਧਿਕਾਰੀ ਨੇ ਓਅਨਾ ਨੂੰ ਊਧਮ ਸਿੰਘ ਵਲੋਂ ਜੇਲ੍ਹ ਤੋਂ ਲਿਖੀਆਂ ਚਿੱਠੀਆਂ ਦੇ ਫੜੇ ਜਾਣ ਬਾਰੇ ਦੱਸਿਆ।

“ਓਅਨਾ ਮੈਮ, ਊਧਮ ਸਿੰਘ ਇੱਕ ਬੇਹੱਦ ਖ਼ਤਰਨਾਕ ਅਪਰਾਧੀ ਹੈ। ਉਸਦੀਆਂ ਕੁੱਝ ਚਿੱਠੀਆਂ ਫੜੀਆਂ ਗਈਆਂ ਨੇ ਜਿਸ ਤੋਂ ਪਤਾ ਲੱਗਦਾ ਕਿ ਉਹਨੇ ਜੇਲ੍ਹ ‘ਚੋਂ ਭੱਜਣ ਦੀ ਕੋਸਿ਼ਸ਼ ਕੀਤੀ ਹੈ। ਉਸਨੇ ਆਪਣੇ ਜਾਣੂ ਨੂੰ ਚੋਰੀ ਛੁਪੇ ਜੇਲ੍ਹ ਅੰਦਰ ਸਲਾਖਾਂ ਕੱਟਣ ਵਾਲੀ ਆਰੀ ਭੇਜਣ ਲਈ ਲਿਖਿਆ ਸੀ। ਉਸਦਾ ਮਕਸਦ ਜੇਲ੍ਹ ‘ਚੋਂ ਦੌੜ ਕੇ ਕਿਸੇ ਨੂੰ ਮਾਰਨਾ ਵੀ ਹੋ ਸਕਦਾ। ਉਸਦੇ ਨਿਸ਼ਾਨੇ ‘ਤੇ ਕੌਣ ਹੋਵੇਗਾ—ਕਹਿ ਨਹੀਂ ਸਕਦੇ। ਇਸ ਕਰਕੇ ਮੈਮ ਤੁਹਾਨੂੰ ਵੀ ਬਹੁਤ ਜਿਆਦਾ ਚੌਕੰਨੇ ਰਹਿਣ ਦੀ ਜਰੂਰਤ ਹੈ।”

“ਕੀ ਮੀਟਿੰਗ ਵਾਲੇ ਦਿਨ ਤੁਹਾਡੀ ਪੁਲੀਸ ਚੌਕੰਨੀ ਨਹੀਂ ਸੀ ?”

ਅਧਿਕਾਰੀ ਚੁੱਪ ਰਿਹਾ ਸੀ।

“ਮੇਰਾ ਨਹੀਂ ਖਿਆਲ ਕਿ ਉਸਨੇ ਜੇਲ੍ਹ ਤੋਂ ਭੱਜ ਜਾਣ ਦੀ ਕੋਸਿ਼ਸ਼ ਕੀਤੀ ਹੋਵੇਗੀ। ਜੇ ਕੋਸਿ਼ਸ਼ ਕੀਤੀ ਹੁੰਦੀ ਤਾਂ ਜੇਲ੍ਹ ਦੀਆਂ ਦੀਵਾਰਾਂ ਉਸਨੂੰ ਡੱਕ ਨਹੀਂ ਸਨ ਸਕਦੀਆਂ।” ਅਧਿਕਾਰੀ ਓਅਨਾ ਦੀਆਂ ਗੱਲ਼ਾਂ ‘ਤੇ ਹੈਰਾਨ ਹੀ ਨਹੀਂ ਪ੍ਰੇਸ਼ਾਨ ਵੀ ਹੋ ਰਿਹਾ ਸੀ।

“ਇਹ ਤੁਸੀਂ ਕੀ ਕਹਿ ਰਹੇ ਹੋ ਮੈਮ ? ਊਧਮ ਸਿੰਘ ਨੇ ਮਾਈਕਲ ਸਰ ਨੂੰ ਬੇਰਹਿਮੀ ਨਾਲ ਮਾਰਿਆ ਹੈ। ਸਾਡਾ ਸਾਰਿਆਂ ਦਾ ਜੋਰ ਉਸਨੂੰ ਫਾਂਸੀ ਦੇ ਤਖ਼ਤੇ ਤੱਕ ਲੈ ਕੇ ਜਾਣ ‘ਚ ਲੱਗਾ ਹੋਇਆ ਹੈ। ਉਹ ਖ਼ਤਰਨਾਕ ਤੇ ਬਹੁਤ ਹੀ ਖੂੰਖਾਰ ਅਪਰਾਧੀ ਹੈ ਜਿਸਨੇ ਘਿਨਾਉਣਾ ਅਪਰਾਧ ਕੀਤਾ।” ਅਧਿਕਾਰੀ ਨੂੰ ਲੱਗਾ ਓਅਨਾ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਹੋਣ ਕਰਕੇ ਅਜਿਹੀਆਂ ਗੱਲ਼ਾਂ ਕਰ ਰਹੀ ਹੈ।

“ਕੀ ਊਧਮ ਸਿੰਘ ਸੱਚਮੁੱਚ ਖੂੰਖਾਰ ਅਪਰਾਧੀ ਹੈ ?”

“ਬਿਲਕੁੱਲ !”

“ਫੇਰ ਤਾਂ ਉਹ ਹੈਰਿੰਗ ਬਰਥ ‘ਤੇ ਗੋਲੀ ਚਲਾ ਕੇ ਭੱਜ ਸਕਦਾ ਸੀ। ਤੁਹਾਡੀ ਪੁਲੀਸ ਦਾ ਹੀ ਤਾਂ ਕਹਿਣਾ ਕਿ ਹੈਰਿੰਗ ਬਰਥ ਉਸਦੇ ਰਾਹ ‘ਚ ਆ ਗਈ ਸੀ। ਮਿਸਟਰ, ਮੈਂ ਲੰਮਾ ਸਮਾ ਪੰਜਾਬ ਰਹੀ ਹਾਂ। ਉੱਥੋਂ ਦਾ ਸਭਿਆਚਾਰ ਨਿਹੱਥੇ ‘ਤੇ ਗੋਲੀ ਚਲਾਉਣ ਨੂੰ ਠੀਕ ਨਹੀਂ ਸਮਝਦਾ। ਕੀ ਮੈਂ ਤੁਹਾਨੂੰ ਕੁੱਝ ਪੁੱਛ ਸਕਦੀ ਹਾਂ ?”

“ਕਿਉਂ ਨਹੀਂ ?”

“ਤੁਹਾਡੀ ਸਰਕਾਰ ਨੇ ਭਾਰਤ ਵਿੱਚ ਔਰਤਾਂ, ਬੱਚਿਆਂ ਅਤੇ ਨਿਹੱਥੇ ਲੋਕਾਂ ਨੂੰ ਮਾਰਿਆ ਹੈ। ਕੀ ਤੁਸੀਂ ਖੂੰਖਾਰ ਨਹੀਂ ? ਊਧਮ ਸਿੰਘ ਨੇ ਮੇਰੇ ਜੀਵਨ ਸਾਥੀ ਨੂੰ ਮਾਰਿਆ ਹੈ, ਇਸਦਾ ਮੈਨੂੰ ਦੁੱਖ ਹੈ ਅਤੇ ਮੇਰੇ ਜਿਉਂਦੇ ਰਹਿਣ ਤੱਕ ਰਹੇਗਾ। ਕਿਤੇ ਨਾ ਕਿਤੇ ਊਧਮ ਸਿੰਘ ਪ੍ਰਤੀ ਰੰਜ ਵੀ ਹੈ ਤੇ ਰਹੇਗਾ ਵੀ, ਪਰ ਕੀ ਊਧਮ ਸਿੰਘ ਨੇ ਔਰਤਾਂ, ਬੱਚਿਆਂ ਜਾਂ ਬੇਕਸੂਰ ਲੋਕਾਂ ‘ਤੇ ਕੋਈ ਜ਼ੁਲਮ ਕੀਤਾ ਹੈ ? ਜੇ ਨਹੀਂ ਤਾਂ ਖੂੰਖਾਰ ਕਿਵੇਂ ਹੋਇਆ ?”

ਪੁਲਿਸ ਅਧਿਕਾਰੀ ਨੂੰ ਲੱਗਾ—ਉੱਠ ਕੇ ਜਾਣਾ ਚੰਗਾ ਹੀ ਨਹੀਂ, ਜਰੂਰੀ ਵੀ ਹੈ।

ਇਹਨੀ ਦਿਨੀ ਓਅਨਾ ਦੀ ਮਾਨਸਿਕ ਹਾਲਤ ਬੜੀ ਉਦਾਸੀ ਵਾਲੀ ਤੇ ਉਦਰੇਵੇਂ ਭਰੀ ਸੀ। ਨੀਂਦ ਤਾਂ ਉੱਕਾ ਹੀ ਉੱਡ ਗਈ ਸੀ। ਜਦੋਂ ਹੀ ਅੱਖ ਲੱਗਣ ਲੱਗਦੀ, ਡਰਾਉਣਾ ਸੁਪਨਾ ਅੱਖਾਂ ‘ਚ ਉਤਰ ਆਉਂਦਾ-ਗਾੜ੍ਹਾ ਕਾਲਾ ਹਨੇਰਾ ਪਸਰਿਆ ਹੋਇਆ। ਲਾਸ਼ਾਂ ਇੱਕ ਦੂਜੇ ‘ਤੇ ਚੜ੍ਹੀਆਂ ਪਈਆਂ। ਕੁੱਝ ਲੋਕ ਲਾਲਟੈਨ ਦੇ ਮੱਧਮ ਚਾਨਣ ‘ਚ ਲਾਸ਼ਾਂ ਦੇ ਢੇਰ ‘ਚੋਂ ਆਪਣਿਆਂ ਨੂੰ ਭਾਲਣ ਲੱਗੇ ਹਨ। ਦੀਵੇ ਦੀ ਲੋਅ ‘ਚ ਖੂਨ ਦਾ ਛੱਪੜ ਚਮਕ ਰਿਹਾ। ਇੱਕ ਬਿਰਧ ਮਾਤਾ ਮਿੱਟੀ ਬਣੇ ਪਏ ਜਵਾਨ ਪੁੱਤ ਨੂੰ ਬੁੱਕਲ ‘ਚ ਲਈ ਬੈਠੀ ਹੈ। ਹਾਣੀ ਦੀ ਲਾਸ਼ ਵੱਲ ਵੇਖਦਿਆਂ ਇੱਕ ਚੂੜ੍ਹੇ ਵਾਲੀ ਸੱਜ ਵਿਆਹੀ ਨਾਰ ਦੀ ਚੀਕ ਅਸਮਾਨ ਨੂੰ ਚੀਰ ਗਈ। ਅਵਾਰਾ ਕੁੱਤੇ ਲਾਸ਼ਾਂ ਨੋਚ ਰਹੇ ਹਨ। ਧੁੰਦਲੀਆਂ ਨਜ਼ਰਾਂ ਵਾਲਾ ਬੇਵੱਸ ਬਜੁ਼ਰਗ ਹੱਥ ਵਿਚਲੀ ਸੋਟੀ ਨਾਲ ਕੁੱਤਿਆਂ ਨੂੰ ਭਜਾਉਣ ਦਾ ਅਸਫਲ ਯਤਨ ਕਰ ਰਿਹਾ। ਵੱਡੇ ਮੂੰਹ ਵਾਲਾ ਖੂੰਖਾਰ ਕੁੱਤਾ ਇੱਕ ਲਾਸ਼ ਨੂੰ ਘੜੀਸ ਕੇ ਦੂਰ ਲਿਜਾ ਰਿਹਾ। ਕੁੱਤੇ ਦਾ ਮੂੰਹ ਕਦੇ ਡਾਇਰ ‘ਚ ਬਦਲ ਜਾਂਦਾ ਕਦੇ ਓਡਵਾਇਰ ‘ਚ। ਕੁੱਤਾ ਜੋਰ ਦੀ ਬੁਰਕੀ ਭਰਦਾ ਹੈ, ਲਾਸ਼ ਦੀ ਬਾਂਹ ਅੱਡ ਹੋ ਜਾਂਦੀ ਹੈ। ਇਸ ਡਰਾਉਣੇ ਸੁਪਨੇ ਤੋਂ ਤ੍ਰਬਕ ਕੇ ਓਅਨਾ ਚੀਕਾਂ ਮਾਰਦੀ ਉੱਠ ਖੜ੍ਹਦੀ ਹੈ। ਆਲੇ ਦੁਆਲੇ ਦੇਖਦੀ ਹੈ, ਸਾਹਮਣੀ ਕੰਧ ‘ਤੇ ਲੱਗੀ ਫੋਟੋ ‘ਚ ਓਡਵਾਇਰ ਵਾਇਸਰਾਏ ਤੋਂ ਸਨਮਾਨ ਲੈਂਦੇ ਹੋਏ ਮੁਸਕਰਾ ਰਿਹਾ।

ਆਏ ਦਿਨ ਹਮਦਰਦੀ ਪ੍ਰਗਟ ਕਰਨ ਲਈ ਆਉਣ ਵਾਲੇ ਅਧਿਕਾਰੀਆਂ ਦੀਆਂ ਗੱਲਾਂ ਓਅਨਾ ਨੂੰ ਉੱਕਾ ਚੰਗੀਆਂ ਨਹੀਂ ਲੱਗਦੀਆਂ। ਕਈ ਅਧਿਕਾਰੀ ਤਾਂ ਜਾਣ ਬੁੱਝ ਕੇ ਉਸ ਦੁਆਲੇ ਰਹੱਸ ਦਾ ਜਾਲ੍ਹ ਤਾਣ ਦਿੰਦੇ, “ਬੜੀ ਅਜੀਬ ਗੱਲ ਹੈ ਕਿ ਡੀਫੈਂਸ ਦੇ ਵਕੀਲ ਸੇਂਟ ਜੌਹਨ ਨੇ ਕੋਰਟ ਵਿੱਚ ਸਿੱਧ ਕੀਤਾ ਹੈ ਕਿ ਓਡਵਾਇਰ ਸਰ ਅਤੇ ਹਮਲਾਵਰ ਮੁਹੰਮਦ ਸਿੰਘ ਆਜ਼ਾਦ ਉਰਫ਼ ਊਧਮ ਸਿੰਘ ਵਿਚਕਾਰ ਦੋਸਤਾਨਾ ਸਬੰਧ ਸਨ।”

“ਹੁਣ ਤਾਂ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆਉਣਗੀਆਂ ਜਿੰਨਾਂ ‘ਚ ਸਚਾਈ ਘੱਟ ਤੇ ਰੁਮਾਂਸ ਵੱਧ ਹੋਵੇਗਾ। ਕੋਈ ਕੁੱਝ ਕਹੇਗਾ-ਕੋਈ ਕੁੱਝ। ਕੁੱਝ ਤਾਂ ਇੱਥੋਂ ਤੱਕ ਜਾਣਗੇ ਕਿ ਮਾਈਕਲ ਤੇ ਊਧਮ ਸਿੰਘ ਇਕੱਠੇ ਡਰਿੰਕ ਲੈਂਦੇ ਸਨ। ਆਹ ਪੱਤਰਕਾਰ ਤਾਂ ਕਿਸੇ ਹੱਦ ਤੱਕ ਵੀ ਜਾ ਸਕਦੇ ਨੇ। ਕੀ ਕਰਨ, ਅਖਬਾਰਾਂ ਦਾ ਢਿੱਡ ਵੀ ਤਾਂ ਭਰਨਾ ਹੋਇਆ।”

“ਊਧਮ ਸਿੰਘ ਨੇ ਆਪਣੇ ਬਿਆਨਾਂ ‘ਚ ਮੰਨਿਆ ਕਿ ਉਹ ਓਡਵਾਇਰ ਨੂੰ ਕਈ ਵਾਰ ਮਿਲਿਆ ਸੀ। ਪਤਾ ਲੱਗਾ ਊਧਮ ਸਿੰਘ ਇੱਕ ਵਾਰ ਤਾਂ ਓਡਵਾਇਰ ਸਰ ਨੂੰ ਉਦੋਂ ਮਿਲਿਆ ਸੀ ਜਦੋਂ ਸਰ ਪਾਰਕ ਵਿੱਚ ਆਪਣੇ ਕੁੱਤੇ ਸਮੇਤ ਸੈਰ ਕਰ ਰਹੇ ਸਨ।”

“ਮਿਸਟਰ ਐਲਡ, ਇਸਦਾ ਮਤਲਬ ਪਤਾ ਕੀ ਹੈ ?” ਓਅਨਾ ਨੇ ਪਰਿਵਾਰਕ ਮਿੱਤਰ ਜੋਸੇਫ ਐਲਡਰਿਨ ਦੀਆਂ ਅੱਖਾਂ ‘ਚ ਝਾਕਦਿਆਂ ਸਵਾਲ ਦਾਗਿਆ ਸੀ।

“ਕੀ ?”

“ਇਹ ਕਿ ਕ੍ਰਾਂਤੀਕਾਰੀ ਨਿਹੱਥੇ ‘ਤੇ ਵਾਰ ਕਰਨਾ ਅਸੂਲਨ ਠੀਕ ਨਹੀਂ ਸਮਝਦੇ। ਤੁਸੀਂ ਦੱਸੋ, ਉਸ ਸਮੇ ਮਾਈਕਲ ਨੂੰ ਮਾਰਨਾ ਕੋਈ ਔਖਾ ਕੰਮ ਸੀ ?” ਓਅਨਾ ਨੂੰ ਹੈਰਾਨੀ ਭਰੀ ਖ਼ਬਰ ਦੱਸ ਕੇ ਹੈਰਾਨ ਕਰਨ ਦੇ ਮਕਸਦ ਨਾਲ ਆਏ ਦੋਸਤ ਨੇ ਓਅਨਾ ਦੀਆਂ ਗੱਲਾਂ ਸੁਣਕੇ ਹੈਰਾਨ ਹੋ ਕੇ ਜਾਣ ‘ਚ ਹੀ ਭਲਾਈ ਸਮਝੀ ਸੀ।

ਓਅਨਾ ਦਾ ਜਵਾਈ ਨੌਰਮਨ ਹਿਊਸਨ ਅਦਾਲਤੀ ਕਾਰਵਾਈ ਦੇਖਣ ਲਈ ਲਗਾਤਾਰ ਜਾਂਦਾ ਸੀ। ਇਸ ਕੇਸ ‘ਚ ਅਦਾਲਤ ਨੇ ਉਸਦੀ ਗਵਾਹੀ ਵੀ ਦਰਜ ਕੀਤੀ ਸੀ।

“ਮੌਮ ! ਮਾਨਯੋਗ ਜੱਜ ਐਟਕਿਨਸਨ ਦੀ ਕੋਰਟ ਨੇ ਡੈਡ ਦੇ ਕਾਤਲ ਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਹੈ।” ਅਦਾਲਤੀ ਕਾਰਵਾਈ ਦੇ ਖ਼ਤਮ ਹੁੰਦਿਆਂ ਹੀ ਨੌਰਮਨ ਬੜੀ ਤੇਜ਼ੀ ਨਾਲ ਘਰ ਪਰਤਿਆ ਸੀ। ਉਸਨੇ ਆਪਣੇ ਵਲੋਂ ਬੜੇ ਉਤਸ਼ਾਹ ਨਾਲ ਖ਼ਬਰ ਸੁਣਾਈ ਸੀ। ਹਿਊਸਨ ਨੂੰ ਆਸ ਸੀ ਕਿ ਓਅਨਾ ਖ਼ਬਰ ਸੁਣ ਕੇ ਜਰੂਰ ਸੰਤੁਸ਼ਟੀ ਦਾ ਲੰਮਾ ਸਾਹ ਲਵੇਗੀ ਪਰ ਉਹ ਤਾਂ ਸਹਿਜਤਾ ਨਾਲ ਬੈਠੀ ਰਹੀ ਸੀ।

“ਹਤਿਆਰੇ ਨੂੰ 25 ਜੂਨ 1940 ਨੂੰ ਸਵੇਰੇ ਨੌਂ ਵਜੇ ਫਾਂਸੀ ‘ਤੇ ਲਟਕਾ ਦਿੱਤਾ ਜਾਵੇਗਾ।” ਪ੍ਰਤੀਕਰਮ ਜਾਨਣ ਲਈ ਨੌਰਮਨ ਨੇ ਅੱਖਾਂ ਸੱਸ ਦੇ ਚਿਹਰੇ ‘ਤੇ ਗੱਡ ਦਿੱਤੀਆਂ। ਉਹ ਅਜੇ ਵੀ ਚੁੱਪ ਬੈਠੀ ਸੀ।

“ਹੈਰਾਨੀ ਇਹ ਹੈ ਕਿ ਊਧਮ ਸਿੰਘ ਨੇ ਰੋਂਦਿਆਂ ਕੁਰਲਾਉਂਦਿਆਂ ਰਹਿਮ ਦੀ ਭੀਖ ਨਹੀਂ ਮੰਗੀ। ਉਲਟਾ ਸਰਕਾਰ ਦੇ ਕਾਨੂੰਨੀ ਸਲਾਹਕਾਰਾਂ ਵੱਲ ਵਿਅੰਗ ਭਰੀਆਂ ਜ਼ਹਿਰੀਲੀਆਂ ਨਜ਼ਰਾਂ ਨਾਲ ਵੇਖਿਆ। ਮੇਜ਼ ਉੱਪਰ ਦੀ ਜਿਊਰੀ ਮੈਂਬਰਾਂ ਵੱਲ ਥੁੱਕ ਦਿੱਤਾ। ਮੌਤ ਦੀ ਸਜ਼ਾ ਦਾ ਤਾਂ ਉਸ ਉੱਪਰ ਕੋਈ ਅਸਰ ਹੀ ਨਹੀਂ ਸੀ ਹੋਇਆ।” ਓਅਨਾ ਨੇ ਹਲਕਾ ਜਿਹਾ ਸਿਰ ਉੱਪਰ ਚੁੱਕਿਆ ਅਤੇ ਜਵਾਈ ਦੇ ਚਿਹਰੇ ਵੱਲ ਵੇਖਿਆ।

“ਥੈਂਕ ਗਾਡ !” ਓਅਨਾ ਨੇ ਲੰਮਾ ਸਾਹ ਭਰਿਆ। ਨੌਰਮਨ ਨੂੰ ਸਮਝ ਨਾ ਆਈ ਕਿ ਓਅਨਾ ਨੇ ਰੱਬ ਦਾ ਸ਼ੁਕਰਾਨਾ ਊਧਮ ਸਿੰਘ ਨੂੰ ਫਾਂਸੀ ਦੀ ਸਜ਼ਾ ਸੁਣਾ ਦੇਣ ਦੀ ਖ਼ਬਰ ਸੁਣ ਕੇ ਕੀਤਾ ਸੀ ਕਿ ਊਧਮ ਸਿੰਘ ਦੇ ਅਡੋਲ ਰਹਿਣ ਬਾਰੇ ਸੁਣ ਕੇ।

“ਮੌਮ, ਲੱਗਦਾ ਨਹੀਂ ਕਿ ਕਾਤਲ ਨੂੰ 25 ਜੂਨ ਨੂੰ ਫਾਂਸੀ ਹੋਵੇ। ਉਸਦੇ ਕਾਨੂੰਨੀ ਸਲਾਹਕਾਰ ਜਿਊਰੀ ਕੋਲ ਮੌਤ ਦੀ ਸਜ਼ਾ ਖ਼ਿਲਾਫ ਅਪੀਲ ਜਰੂਰ ਦਾਇਰ ਕਰਨਗੇ। ਪਰ---?” ਨੌਰਮਨ ਨੇ ਜਾਣ ਬੁੱਝ ਕੇ ਵਾਕ ਕੁੱਝ ਅਧੂਰਾ ਛੱਡਿਆ। “ਪਰ---ਮੈਨੂੰ ਉਮੀਦ ਹੈ ਕਿ ਜਿਊਰੀ ਵਲੋਂ ਅਪੀਲ ਰੱਦ ਕਰ ਦਿੱਤੀ ਜਾਵੇਗੀ।”

“ਤੁਸੀਂ ਹੁਣ ਆਰਾਮ ਕਰੋ—ਥੱਕੇ ਆਏ ਹੋਵੋਂਗੇ।” ਆਖਦਿਆਂ ਓਅਨਾ ਪਤੀ ਦੀਆਂ ਕਿਤਾਬਾਂ ਵਾਲੇ ਰੈੱਕ ਅੱਗੇ ਜਾ ਖੜੀ ਹੋਈ। ਨੌਰਮਨ ਸਮਝ ਗਿਆ ਕਿ ਮੌਮ ਇਸ ਵਿਸ਼ੇ ‘ਤੇ ਹੋਰ ਗੱਲ ਨਹੀਂ ਕਰਨਾ ਚਾਹੁੰਦੇ।

ਪੰਦਰ੍ਹਾਂ ਜੁਲਾਈ ਦੀ ਸ਼ਾਮ ਨੂੰ ਬੇਟੀ ਮੈਰੀ ਓਡਵਾਇਰ ਨੇ ਮਾਂ ਨੂੰ ਜਿਊਰੀ ਦੇ ਫੈਸਲੇ ਬਾਰੇ ਫੋਨ ‘ਤੇ ਦੱਸਿਆ, “ਮੌਮ, ਜਿਊਰੀ ਵਲੋਂ ਊਧਮ ਸਿੰਘ ਦੀ ਅਪੀਲ ਰੱਦ ਕਰ ਦਿੱਤੀ ਹੈ। ਉਸਨੂੰ 31 ਜੁਲਾਈ 1940 ਨੂੰ ਸਵੇਰੇ ਨੌਂ ਵਜੇ ਲੰਡਨ ਦੀ ਪੈਨਟਨਵਿਲ ਜੇਲ੍ਹ ‘ਚ ਫਾਂਸੀ ‘ਤੇ ਲਟਕਾ ਦਿੱਤਾ ਜਾਵੇਗਾ।”

******

ਊਧਮ ਸਿੰਘ ਨੂੰ ਫਾਂਸੀ ਦੇ ਦਿੱਤੇ ਜਾਣ ਵਾਲੀ ਖ਼ਬਰ ਭਾਵੇਂ ਓਅਨਾ ਨੇ ਰੇਡੀਓ ਤੋਂ ਜਾਰੀ ਸਰਕਾਰੀ ਬੁਲੇਟਿਨ ਰਾਹੀਂ ਸੁਣ ਲਈ ਸੀ ਪਰ ਇਸ ਸਾਰੇ ਘਟਨਾਕ੍ਰਮ ਦੀ ਪੂਰੀ ਜਾਣਕਾਰੀ ਦੇਣ ਲਈ ਲੰਡਨ ਦਾ ਸ਼ੈਰਿਫ਼ ਜਾਰਜ ਪਰਸੀ ਵਿਸ਼ੇਸ਼ ਤੌਰ ‘ਤੇ ਓਅਨਾ ਨੂੰ ਮਿਲਣ ਆਇਆ ਸੀ। ਫਾਂਸੀ ਦੇਣ ਵੇਲੇ ਡਿਊਟੀ ‘ਤੇ ਹਾਜ਼ਰ ਰਹੇ ਜੇਲ੍ਹ ਡਾਕਟਰ ਨੂੰ ਵੀ ਉਹ ਨਾਲ ਹੀ ਲਿਆਇਆ ਸੀ।

ਜਾਰਜ ਪਿਛਲੇ ਲੰਮੇ ਸਮੇ ਤੋਂ ਓਡਵਾਇਰ ਪਰਿਵਾਰ ਦਾ ਨੇੜਲਾ ਮਿੱਤਰ ਸੀ। ਉਹ ਜਦੋਂ ਵੀ ਮਾਈਕਲ ਓਡਵਾਇਰ ਕੋਲ ਮਿਲਣ ਆਉਂਦਾ, ਦੋਵੇਂ ਹੌਲੀ ਹੌਲੀ ਸ਼ਰਾਬ ਦੀਆਂ ਘੁੱਟਾਂ ਭਰਦੇ, ਸਿਗਰਟ ਦੇ ਕਸ਼ ਖਿੱਚਦੇ ਤੇ ਤਾਸ਼ ਖੇਡਦੇ। ਮਾਈਕਲ ਦੀ ਮੌਤ ਸ਼ੈਰਿਫ਼ ਲਈ ਨਿੱਜੀ ਘਾਟਾ ਸੀ।

“ਅੱਜ ਆਖਰ ਮਾਈਕਲ ਸਰ ਨੂੰ ਇਨਸਾਫ਼ ਮਿਲ ਹੀ ਗਿਆ।” ਜਾਰਜ ਪਰਸੀ ਨੇ ਤਸੱਲੀ ਦਾ ਲੰਮਾ ਸਾਹ ਲਿਆ ਸੀ।

“ਊਧਮ ਸਿੰਘ ਦੇ ਫਾਂਸੀ ਚੜ੍ਹਨ ਨਾਲ ਤਾਂ ਮਾਈਕਲ ਨੂੰ ਇਨਸਾਫ ਮਿਲ ਗਿਆ ਹੈ, ਕੀ ਮਾਈਕਲ ਦੀ ਮੌਤ ਨਾਲ ਜਲ੍ਹਿਆਂ ਵਾਲਾ ਬਾਗ ‘ਚ ਮਾਰੇ ਗਏ ਸੈਂਕੜੇ ਲੋਕਾਂ ਨੂੰ ਵੀ ਇਨਸਾਫ਼ ਮਿਲ ਗਿਆ ?” ਓਅਨਾ ਦੇ ਦਿਮਾਗ ‘ਚ ਇਹ ਵਿਚਾਰ ਬਿਜਲੀ ਦੀ ਤੇਜ਼ੀ ਨਾਲ ਦੌੜਿਆ ਪਰ ਉਸਨੇ ਇਸ ਵਿਚਾਰ ਨੂੰ ਬੁੱਲ੍ਹਾਂ ਤੱਕ ਨਾ ਆਉਣ ਦਿੱਤਾ। ਉਸਨੇ ਜਾਰਜ ਦੀ ਗੱਲ ਦੇ ਜਵਾਬ ‘ਚ ਹੋਰ ਈ ਸਵਾਲ ਪੁੱਛ ਲਿਆ।

“ਜੌਜ, ਜਦੋਂ ਊਧਮ ਸਿੰਘ ਨੂੰ ਫਾਂਸੀ ਦੇ ਤਖ਼ਤੇ ਵੱਲ ਲਿਜਾਇਆ ਜਾ ਰਿਹਾ ਸੀ, ਕੀ ਉਹ ਨਾਰਮਲ ਸੀ?”

“ਕੀ ਮਤਲਬ ?”

“ਕੀ ਊਧਮ ਸਿੰਘ ਜੇਲ੍ਹ ਕਰਮਚਾਰੀਆਂ ਅੱਗੇ ਗਿੜਗਿੜਾਇਆ ਸੀ ? ਉਸਨੇ ਫਾਂਸੀ ਦੇ ਤਖ਼ਤੇ ਵੱਲ ਜਾਣ ਤੋਂ ਇਨਕਾਰ ਤਾਂ ਨਹੀਂ ਕੀਤਾ ਜਿਵੇਂ ਕਿ ਮੌਤ ਦੀ ਸਜ਼ਾ ਵਾਲੇ ਅਕਸਰ ਕਰਦੇ ਨੇ ?”

ਓਅਨਾ ਦਾ ਸਵਾਲ ਸੁਣਕੇ ਜਾਰਜ ਨੇ ਆਪ ਜਵਾਬ ਦੇਣ ਦੀ ਥਾਂ ਜੇਲ੍ਹ ਡਾਕਟਰ ਵੱਲ ਵੇਖਿਆ।

“ਨੋ ਮੈਮ ! ਊਧਮ ਸਿੰਘ ਬਿਲਕੁੱਲ ਸ਼ਾਂਤ ਸੀ। ਰੋਣਾ ਜਾਂ ਗਿੜਗੜਾਉਣਾ ਤਾਂ ਇੱਕ ਪਾਸੇ, ਉਸਦੇ ਚਿਹਰੇ ਉੱਪਰ ਤਾਂ ਉਦਾਸੀ ਦਾ ਵੀ ਕੋਈ ਚਿੰਨ੍ਹ ਨਹੀਂ ਸੀ ਸਗੋਂ ਸੰਤੁਸ਼ਟੀ ਝਲਕਦੀ ਸੀ। ਮੈਂ ਖੁਦ ਉਸਦੀ ਮੈਡੀਕਲ ਜਾਂਚ ਕੀਤੀ ਸੀ—ਨਾ ਦਿਲ ਦੀ ਧੜਕਣ ਤੇਜ਼ ਸੀ, ਨਾ ਖੂਨ ਦਾ ਦਬਾਅ ਵੱਧ ਹੋਇਆ। ਉਹ ਤਾਂ ਸਗੋਂ ਆਮ ਨਾਲੋਂ ਵੀ ਸਹਿਜ ਸੀ।” ਜੇਲ੍ਹ ਡਾਕਟਰ ਨੇ ਸ਼ਬਦ ਬੋਚ ਬੋਚ ਕੇ ਵਰਤੇ ਸਨ।

“ਇਹ ਕ੍ਰਾਂਤੀਕਾਰੀ ਵੀ ਬੜੀ ਢੀਠ ਮਿੱਟੀ ਦੇ ਬਣੇ ਹੁੰਦੇ ਨੇ।” ਜਾਰਜ ਦੇ ਮੂੰਹੋਂ ਆਪ ਮੁਹਾਰੇ ਨਿਕਲਿਆ ਸੀ। ਓਅਨਾ ਨੇ ਮਹਿਸੂਸ ਕੀਤਾ ਜਾਰਜ ਆਪਣੇ ਵਲੋਂ ਤਾਂ ਊਧਮ ਸਿੰਘ ਦੇ ਜ਼ਜ਼ਬੇ ਦੀ ਤਾਰੀਫ਼ ਕਰਨੀ ਚਾਹੁੰਦਾ ਸੀ ਪਰ ਉਸ ਤੋਂ ਝਿਜਕਦਿਆਂ ਸ਼ਬਦਾਂ ਨੂੰ ਘੁਮਾ ਫਿਰਾ ਗਿਆ ਸੀ।

“ਫਾਂਸੀ ਚੜ੍ਹਦਿਆਂ ਉਸਨੇ ਕੁੱਝ ਨਾ ਕੁੱਝ ਤਾਂ ਕਿਹਾ ਹੀ ਹੋਵੇਗਾ ?”

“ਜੇਲ੍ਹ ਵਾਰਡ ਤੋਂ ਫਾਂਸੀ ਵਾਲੇ ਤਖਤੇ ਤੱਕ ਨਾਅਰੇ ਹੀ ਮਾਰਦਾ ਰਿਹਾ।”

“ਕਿਹੋ ਜਿਹੇ ਨਾਅਰੇ ?” ਓਅਨਾ ਨੇ ਉਤਸੁਕਤਾ ਨਾਲ ਪੁੱਛਿਆ।

“ਇਨਕਲਾਬ ਜਿੰਦਾਬਾਦ—ਸਾਮਰਾਜ ਮੁਰਦਾਬਾਦ—ਹਿੰਦੋਸਤਾਨ ਜਿੰਦਾਬਾਦ !”

ਓਅਨਾ ਨੇ ਅੱਖਾਂ ਬੰਦ ਕਰ ਲਈਆਂ। ਸੱਜੇ ਹੱਥ ਨਾਲ ਛਾਤੀ ‘ਤੇ ਸਲੀਬ ਦਾ ਨਿਸ਼ਾਨ ਬਣਾਇਆ।

“ਮੈਂ ਮਾਈਕਲ ਨੂੰ ਬੜਾ ਚਿਰ ਤੋਂ ਇਹ ਆਵਾਜ਼ਾਂ ਸੁਨਣ ਲਈ ਆਖਦੀ ਰਹੀ ਸਾਂ—ਅਫਸੋਸ ਉਸਨੇ ਮੇਰੀ ਇੱਕ ਨਹੀਂ ਸੁਣੀ।” ਉਸਨੇ ਅਫਸੋਸ ‘ਚ ਸਿਰ ਹਿਲਾਇਆ।

“ ਕਾਸ਼ ! ਹੁਕਮਰਾਨ ਆਵਾਮ ਦੀ ਆਵਾਜ਼ ਸੁਣ ਲਿਆ ਕਰਨ।”

ਜਾਰਜ ਪਰਸੀ ਅਤੇ ਜੇਲ੍ਹ ਡਾਕਟਰ ਹੈਰਾਨੀ ਨਾਲ ਓਅਨਾ ਦੇ ਮੂੰਹ ਵੱਲ ਵੇਖਦੇ ਰਹਿ ਗਏ ਸਨ।

  • ਮੁੱਖ ਪੰਨਾ : ਕਹਾਣੀਆਂ, ਗੁਰਮੀਤ ਕੜਿਆਲਵੀ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ