Usda Pati (Story in Punjabi) : Saadat Hasan Manto
ਉਸਦਾ ਪਤੀ (ਕਹਾਣੀ) : ਸਆਦਤ ਹਸਨ ਮੰਟੋ
ਲੋਕ ਕਹਿੰਦੇ ਸਨ ਕਿ ਨੱਥੂ ਦਾ ਸਿਰ ਇਸ ਲਈ ਗੰਜਾ ਹੋਇਆ ਹੈ ਕਿ ਉਹ ਹਰ ਵਕਤ ਸੋਚਦਾ ਰਹਿੰਦਾ ਹੈ। ਇਸ ਬਿਆਨ ਵਿੱਚ ਕਾਫ਼ੀ ਸਚਾਈ ਹੈ ਕਿਉਂਕਿ ਸੋਚਦੇ ਵਕਤ ਨੱਥੂ ਸਿਰ ਖੁਰਕਿਆ ਕਰਦਾ ਹੈ।
ਉਸਦੇ ਵਾਲ਼ ਹਾਲਾਂਕਿ ਬਹੁਤ ਖੁਰਦਰੇ ਅਤੇ ਖੁਸ਼ਕ ਹਨ ਅਤੇ ਤੇਲ ਨਾ ਮਲਣ ਦੇ ਸਬੱਬ ਬਹੁਤ ਖ਼ਸਤਾ ਹੋ ਗਏ ਹਨ, ਇਸ ਲਈ ਵਾਰ ਵਾਰ ਖੁਰਕਣ ਨਾਲ਼ ਉਸ ਦੇ ਸਿਰ ਦਾ ਦਰਮਿਆਨੀ ਹਿੱਸਾ ਵਾਲ਼ਾਂ ਤੋਂ ਬਿਲਕੁਲ ਬੇਨਿਆਜ਼ ਹੋ ਗਿਆ ਹੈ। ਜੇਕਰ ਉਸਦਾ ਸਿਰ ਹਰ ਰੋਜ਼ ਧੋਤਾ ਜਾਂਦਾ ਤਾਂ ਇਹ ਹਿੱਸਾ ਜ਼ਰੂਰ ਚਮਕਦਾ। ਮਗਰ ਮੈਲ਼ ਦੀ ਜ਼ਿਆਦਤੀ ਦੇ ਸਬੱਬ ਉਸਦੀ ਹਾਲਤ ਬਿਲਕੁਲ ਉਸ ਤਵੇ ਵਰਗੀ ਹੋ ਗਈ ਹੈ ਜਿਸ `ਤੇ ਹਰ ਰੋਜ਼ ਰੋਟੀਆਂ ਪਕਾਈਆਂ ਜਾਣ ਮਗਰ ਉਸਨੂੰ ਸਾਫ਼ ਨਾ ਕੀਤਾ ਜਾਵੇ।
ਨੱਥੂ ਭੱਠੇ `ਤੇ ਇੱਟਾਂ ਬਣਾਉਣ ਦਾ ਕੰਮ ਕਰਦਾ ਸੀ। ਇਹੀ ਵਜ੍ਹਾ ਹੈ ਕਿ ਉਹ ਅਕਸਰ ਆਪਣੇ ਖ਼ਿਆਲਾਂ ਨੂੰ ਕੱਚੀਆਂ ਇੱਟਾਂ ਸਮਝਦਾ ਸੀ ਅਤੇ ਕਿਸੇ `ਤੇ ਫ਼ੌਰਨ ਹੀ ਸਪਸ਼ਟ ਨਹੀਂ ਕਰਦਾ ਸੀ। ਉਸਦਾ ਇਹ ਸਿਧਾਂਤ ਸੀ ਕਿ ਖ਼ਿਆਲਾਂ ਨੂੰ ਚੰਗੀ ਤਰ੍ਹਾਂ ਪਕਾ ਕੇ ਬਾਹਰ ਕੱਢਣਾ ਚਾਹੀਦਾ ਹੈ ਤਾਂਕਿ ਜਿਸ ਇਮਾਰਤ ਵਿੱਚ ਵੀ ਉਹ ਇਸਤੇਮਾਲ ਹੋਵੇ ਉਸਦਾ ਇੱਕ ਮਜ਼ਬੂਤ ਹਿੱਸਾ ਬਣ ਜਾਵੇ।
ਪਿੰਡ ਵਾਲੇ ਉਸਦੇ ਖ਼ਿਆਲਾਂ ਦੀ ਕਦਰ ਕਰਦੇ ਸਨ ਅਤੇ ਮੁਸ਼ਕਲ ਗੱਲ ਵਿੱਚ ਉਸ ਦਾ ਮਸ਼ਵਰਾ ਲਿਆ ਕਰਦੇ ਸਨ, ਪਰ ਇਸ ਕਦਰ ਹੌਸਲਾ-ਅਫ਼ਜ਼ਾਈ ਨਾਲ਼ ਨੱਥੂ ਆਪਣੇ ਆਪ ਨੂੰ ਅਹਿਮ ਨਹੀਂ ਸਮਝਣ ਲੱਗਾ ਸੀ। ਜਿਸ ਤਰ੍ਹਾਂ ਪਿੰਡ ਵਿੱਚ ਸ਼ੰਭੂ ਦਾ ਕੰਮ ਹਰ ਵਕਤ ਲੜਦੇ-ਝਗੜਦੇ ਰਹਿਣਾ ਸੀ, ਉਸੇ ਤਰ੍ਹਾਂ ਉਸਦਾ ਕੰਮ ਹਰ ਵਕਤ ਦੂਸਰਿਆਂ ਨੂੰ ਮਸ਼ਵਰਾ ਦਿੰਦੇ ਰਹਿਣਾ ਸੀ।
ਉਹ ਸਮਝਦਾ ਸੀ ਕਿ ਹਰ ਸ਼ਖ਼ਸ ਸਿਰਫ ਇੱਕ ਕੰਮ ਲਈ ਪੈਦਾ ਹੁੰਦਾ ਹੈ। ਇਸ ਲਈ ਸ਼ੰਭੂ ਦੇ ਬਾਰੇ ਚੌਪਾਲ ਵਿੱਚ ਜਦੋਂ ਕਦੇ ਜ਼ਿਕਰ ਛਿੜਦਾ ਤਾਂ ਉਹ ਹਮੇਸ਼ਾ ਇਹੀ ਕਿਹਾ ਕਰਦਾ ਸੀ, "ਖਾਦ ਕਿੰਨੀਆਂ ਬਦਬੂਦਾਰ ਚੀਜ਼ਾਂ ਤੋਂ ਬਣਦੀ ਹੈ, `ਤੇ ਖੇਤੀ-ਬਾੜੀ ਉਸਦੇ ਬਿਨਾਂ ਹੋ ਹੀ ਨਹੀਂ ਸਕਦੀ। ਸ਼ੰਭੂ ਦੇ ਹਰ ਸਾਹ ਵਿੱਚ ਗਾਲਾਂ ਦੀ ਬਾਸ ਆਉਂਦੀ ਹੈ, ਠੀਕ ਹੈ, `ਤੇ ਪਿੰਡ ਦੀ ਚਹਿਲ-ਪਹਿਲ ਅਤੇ ਰੌਣਕ ਵੀ ਉਸੇਦੇ ਦਮ ਨਾਲ਼ ਕਾਇਮ ਹੈ ... ਜੇਕਰ ਉਹ ਨਾ ਹੋਵੇ ਤਾਂ ਲੋਕਾਂ ਨੂੰ ਕਿਵੇਂ ਪਤਾ ਲੱਗੇ ਕਿ ਗਾਲਾਂ ਕੀ ਹੁੰਦੀਆਂ ਹਨ। ਚੰਗੇ ਬੋਲ ਜਾਣਨ ਦੇ ਨਾਲ਼-ਨਾਲ਼ ਬੁਰੇ ਬੋਲ ਵੀ ਪਤਾ ਹੋਣੇ ਚਾਹੀਦੇ ਹਨ।"
ਨੱਥੂ ਭੱਠੇ ਤੋਂ ਵਾਪਸ ਆ ਰਿਹਾ ਸੀ ਅਤੇ ਆਮ ਵਾਂਗ ਸਿਰ ਖੁਰਕਦਾ ਪਿੰਡ ਦੇ ਕਿਸੇ ਮਸਲੇ ਬਾਰੇ ਫ਼ਿਕਰ ਕਰ ਰਿਹਾ ਸੀ। ਲਾਲਟੈਣ ਦੇ ਖੰਭੇ ਦੇ ਕੋਲ ਪਹੁੰਚ ਕੇ ਉਸਨੇ ਆਪਣਾ ਹੱਥ ਸਿਰ ਨਾਲੋਂ ਅਲਹਿਦਾ ਕੀਤਾ ਜਿਸ ਦੀਆਂ ਉਂਗਲੀਆਂ ਨਾਲ਼ ਉਹ ਵਾਲ਼ਾਂ ਦਾ ਇੱਕ ਮੈਲ ਭਰਿਆ ਗੁੱਛਾ ਮਰੋੜ ਰਿਹਾ ਸੀ। ਉਹ ਆਪਣੇ ਝੋਂਪੜੇ ਦੇ ਤਾਜ਼ੇ ਲਿੱਪੇ ਹੋਏ ਚਬੂਤਰੇ ਵੱਲ ਵਧਣ ਹੀ ਵਾਲਾ ਸੀ ਕਿ ਸਾਹਮਣੇ ਵਲੋਂ ਉਸਨੂੰ ਕਿਸੇ ਨੇ ਅਵਾਜ਼ ਦਿੱਤੀ।
ਨੱਥੂ ਪਲਟਿਆ ਅਤੇ ਆਪਣੇ ਸਾਹਮਣੇ ਵਾਲੇ ਝੋਂਪੜੇ ਵੱਲ ਵਧਿਆ ਜਿੱਥੇ ਸ੍ਰੀ ਕਿਸ਼ਨ ਉਸਨੂੰ ਹੱਥ ਦੇ ਇਸ਼ਾਰੇ ਨਾਲ਼ ਸੱਦ ਰਿਹਾ ਸੀ।
ਝੋਂਪੜੇ ਦੇ ਛੱਜੇ ਦੇ ਹੇਠਾਂ ਚਬੂਤਰੇ `ਤੇ ਸ੍ਰੀ ਕਿਸ਼ਨ, ਉਸਦਾ ਲੰਗੜਾ ਭਰਾ ਅਤੇ ਚੌਧਰੀ ਬੈਠੇ ਸਨ। ਉਨ੍ਹਾਂ ਦੇ ਅੰਦਾਜ਼-ਏ-ਨਸ਼ਿਸਤ ਤੋਂ ਅਜਿਹਾ ਲੱਗਦਾ ਸੀ ਕਿ ਉਹ ਕੋਈ ਨਿਹਾਇਤ ਹੀ ਅਹਿਮ ਗੱਲ ਸੋਚ ਰਹੇ ਹਨ। ਸਭ ਦੇ ਚਿਹਰੇ ਕੱਚੀਆਂ ਇੱਟਾਂ ਦੇ ਵਾਂਗ ਪਿੱਲੇ ਸਨ। ਸ੍ਰੀ ਕਿਸ਼ਨ ਤਾਂ ਬਹੁਤ ਦਿਨਾਂ ਦਾ ਬੀਮਾਰ ਵਿਖਾਈ ਦਿੰਦਾ ਸੀ। ਇੱਕ ਕੋਨੇ ਵਿੱਚ ਤਾਕਚੇ ਦੇ ਹੇਠਾਂ ਰੂਪਾ ਦੀ ਮਾਂ ਬੈਠੀ ਹੋਈ ਸੀ। ਗ਼ਲੀਜ਼ ਕੱਪੜਿਆਂ ਵਿੱਚ ਉਹ ਮੈਲੇ ਕੱਪੜਿਆਂ ਦੀ ਇੱਕ ਗਠੜੀ ਵਿਖਾਈ ਦੇ ਰਹੀ ਸੀ।
ਨੱਥੂ ਨੇ ਦੂਰੋਂ ਹੀ ਮੁਆਮਲੇ ਦੀ ਨਜ਼ਾਕਤ ਮਹਿਸੂਸ ਕੀਤੀ ਅਤੇ ਕਦਮ ਤੇਜ਼ ਕਰਕੇ ਉਨ੍ਹਾਂ ਦੇ ਕੋਲ ਪਹੁੰਚ ਗਿਆ।
ਸ੍ਰੀ ਕਿਸ਼ਨ ਨੇ ਇਸ਼ਾਰੇ ਨਾਲ਼ ਉਸਨੂੰ ਆਪਣੇ ਕੋਲ ਬੈਠਣ ਨੂੰ ਕਿਹਾ। ਨੱਥੂ ਬੈਠ ਗਿਆ ਅਤੇ ਉਸਦਾ ਇੱਕ ਹੱਥ ਗ਼ੈਰ ਇਰਾਦੀ ਤੌਰ `ਤੇ ਆਪਣੇ ਵਾਲ਼ਾਂ ਦੇ ਉਸ ਗੁੱਛੇ ਵੱਲ ਵੱਧ ਗਿਆ ਜਿਸਦੀ ਜੜਾਂ ਕਾਫ਼ੀ ਹਿੱਲ ਚੁੱਕੀਆਂ ਸਨ। ਹੁਣ ਉਹ ਉਨ੍ਹਾਂ ਲੋਕਾਂ ਦੀਆਂ ਗੱਲਾਂ ਸੁਣਨ ਲਈ ਬਿਲਕੁਲ ਤਿਆਰ ਸੀ।
ਸ੍ਰੀ ਕਿਸ਼ਨ ਉਹਨੂੰ ਆਪਣੇ ਕੋਲ ਬਿਠਾ ਕੇ ਖ਼ਾਮੋਸ਼ ਹੋ ਗਿਆ ਮਗਰ ਉਸਦੇ ਕੰਬਦੇ ਹੋਏ ਹੋਂਟ ਸਾਫ਼ ਜ਼ਾਹਰ ਕਰ ਰਹੇ ਸਨ ਕਿ ਉਹ ਕੁੱਝ ਕਹਿਣਾ ਚਾਹੁੰਦਾ ਹੈ, ਪਰ ਫ਼ੌਰਨ ਨਹੀਂ ਕਹਿ ਸਕਦਾ। ਸ੍ਰੀ ਕਿਸ਼ਨ ਦਾ ਲੰਗੜਾ ਭਰਾ ਵੀ ਖ਼ਾਮੋਸ਼ ਸੀ ਅਤੇ ਵਾਰ ਵਾਰ ਆਪਣੀ ਵਢੀ ਹੋਈ ਲੱਤ ਦੇ ਆਖ਼ਰੀ ਟੁੰਡ-ਮੁੰਡ ਹਿੱਸੇ `ਤੇ ਜੋ ਗੋਸ਼ਤ ਦਾ ਇੱਕ ਬਦਸ਼ਕਲ ਲੋਥੜਾ ਜਿਹਾ ਬਣਾ ਹੋਇਆ ਸੀ, ਹੱਥ ਫੇਰ ਰਿਹਾ ਸੀ।
ਰੂਪਾ ਦੀ ਮਾਂ ਤਾਕਚੇ ਵਿੱਚ ਰੱਖੀ ਹੋਈ ਮੂਰਤੀ ਵਾਂਗ ਗੂੰਗੀ ਬਣੀ ਹੋਈ ਸੀ ਅਤੇ ਚੌਧਰੀ ਆਪਣੀਆਂ ਮੂੰਛਾਂ ਨਾਲ ਗੁੱਸੇ ਭਰਿਆ ਹੰਕਾਰ ਦਰਸਾਉਣਾ ਭੁੱਲ ਕੇ ਜ਼ਮੀਨ `ਤੇ ਲਕੀਰਾਂ ਬਣਾ ਰਿਹਾ ਸੀ।
ਨੱਥੂ ਨੇ ਖ਼ੁਦ ਹੀ ਗੱਲ ਸ਼ੁਰੂ ਕੀਤੀ, "ਤਾਂ ... "
ਸ੍ਰੀ ਕਿਸ਼ਨ ਸ਼ੁਰੂ ਹੋ ਗਿਆ, "ਨੱਥੂ ਗੱਲ ਇਹ ਹੈ ਕਿ ... ਗੱਲ ਇਹ ਹੈ ਕਿ ... ਹੁਣ ਮੈਂ ਤੈਨੂੰ ਕੀ ਦੱਸਾਂ ਕਿ ਗੱਲ ਕੀ ਹੈ। ਮੈਂ ਕੁੱਝ ਕਹਿਣ ਦੇ ਕਾਬਿਲ ਨਹੀਂ ਰਿਹਾ ... ਚੌਧਰੀ! ਤੁਸੀਂ ਹੀ ਜੀ ਕੈੜਾ ਕਰਕੇ ਸਾਰਾ ਕਿੱਸਾ ਸੁਣਾ ਦਿਓ।"
ਨੱਥੂ ਨੇ ਗਰਦਨ ਉਠਾ ਕੇ ਚੌਧਰੀ ਵੱਲ ਵੇਖਿਆ ਮਗਰ ਉਹ ਜ਼ਮੀਨ `ਤੇ ਲਕੀਰਾਂ ਬਣਾਉਂਦਾ ਰਿਹਾ ਅਤੇ ਕੁੱਝ ਨਾ ਬੋਲਿਆ।
ਦੁਪਹਿਰ ਦੀ ਉਦਾਸ ਫ਼ਿਜ਼ਾ ਬਿਲਕੁਲ ਖ਼ਾਮੋਸ਼ ਸੀ। ਅਲਬਤਾ ਕਦੇ ਕਦੇ ਇੱਲਾਂ ਦੀਆਂ ਚੀਖ਼਼ਾਂ ਸੁਣਾਈ ਦਿੰਦੀਆਂ ਸਨ। ਅਤੇ ਝੋਂਪੜੇ ਦੇ ਸੱਜੇ ਹੱਥ ਘੂਰੇ `ਤੇ ਜੋ ਮੁਰਗ਼ ਕੂੜੇ ਨੂੰ ਕੁਰੇਦ ਰਿਹਾ ਸੀ, ਕਦੇ ਕਦੇ ਉਹ ਵੀ ਕਿਸੇ ਮੁਰਗ਼ੀ ਨੂੰ ਵੇਖ ਕੇ ਬੋਲ ਉੱਠਦਾ ਸੀ।
ਕੁਝ ਸਮੇਂ ਤੱਕ ਝੋਂਪੜੇ ਦੇ ਛੱਜੇ ਦੇ ਹੇਠਾਂ ਸਭ ਖ਼ਾਮੋਸ਼ ਰਹੇ ਅਤੇ ਨੱਥੂ ਮੁਆਮਲੇ ਦੀ ਨਜ਼ਾਕਤ ਚੰਗੀ ਤਰ੍ਹਾਂ ਸਮਝ ਗਿਆ।
ਰੂਪਾ ਦੀ ਮਾਂ ਨੇ ਰੋਣੀ ਅਵਾਜ਼ ਵਿੱਚ ਕਿਹਾ, "ਮੇਰੇ ਫੁੱਟੇ ਭਾਗ! ਉਸ ਨੇ ਤਾਂ ਜੋ ਕੁੱਝ ਉਜੜਨਾ ਸੀ ਉਜੜੀ, ਮੇਰੀ ਅਭਾਗਣ ਦੀ ਸਾਰੀ ਦੁਨੀਆ ਬਰਬਾਦ ਹੋ ਗਈ ... ਕੀ ਹੁਣ ਕੁੱਝ ਨਹੀਂ ਹੋ ਸਕਦਾ?"
ਸ੍ਰੀ ਕਿਸ਼ਨ ਨੇ ਮੋਢੇ ਹਿਲਾ ਦਿੱਤੇ ਅਤੇ ਨੱਥੂ ਨੂੰ ਮੁਖ਼ਾਤਬ ਹੋ ਕੇ ਕਿਹਾ, "ਕੀ ਹੋ ਸਕਦਾ ਹੈ? ਭਈ ਮੈਂ ਇਹ ਕਲੰਕ ਦਾ ਟਿੱਕਾ ਆਪਣੇ ਮੱਥੇ `ਤੇ ਲਗਾਉਣਾ ਨਹੀਂ ਚਾਹੁੰਦਾ। ਮੈਂ ਜਦੋਂ ਆਪਣੇ ਲਾਲੂ ਦੀ ਗੱਲ ਰੂਪਾ ਨਾਲ਼ ਪੱਕੀ ਕੀਤੀ ਸੀ ਤਾਂ ਮੈਨੂੰ ਇਹ ਕਿੱਸਾ ਪਤਾ ਨਹੀਂ ਸੀ ... ਹੁਣ ਤੁਸੀਂ ਲੋਕ ਖ਼ੁਦ ਹੀ ਵਿਚਾਰ ਕਰੋ ਕਿ ਸਭ ਕੁੱਝ ਜਾਣਦੇ ਹੋਏ ਮੈਂ ਆਪਣੇ ਬੇਟੇ ਦਾ ਵਿਆਹ ਰੂਪਾ ਨਾਲ਼ ਕਿਵੇਂ ਕਰ ਸਕਦਾ ਹਾਂ?"
ਇਹ ਸੁਣ ਕੇ ਨੱਥੂ ਦੀ ਗਰਦਨ ਉੱਠੀ। ਉਹ ਸ਼ਾਇਦ ਇਹ ਪੁੱਛਣਾ ਚਾਹੁੰਦਾ ਸੀ ਕਿ ਲਾਲੂ ਦਾ ਵਿਆਹ ਰੂਪਾ ਨਾਲ਼ ਕਿਉਂ ਨਹੀਂ ਹੋ ਸਕਦਾ? ਅਜੇ ਕੱਲ ਤੱਕ ਸਭ ਠੀਕ ਠਾਕ ਸੀ। ਹੁਣ ਇੰਨੀ ਜਲਦੀ ਕੀ ਹੋ ਗਿਆ ਕਿ ਰੂਪਾ ਲਾਲੂ ਦੇ ਕਾਬਿਲ ਨਹੀਂ ਰਹੀ। ਉਹ ਰੂਪਾ ਅਤੇ ਲਾਲੂ ਦੋਨਾਂ ਨੂੰ ਚੰਗੀ ਜਾਣਦਾ ਸੀ ਅਤੇ ਸੱਚ ਪੁੱਛੋ ਤਾਂ ਪਿੰਡ ਵਿੱਚ ਹਰ ਸ਼ਖਸ ਇੱਕ ਦੂਜੇ ਨੂੰ ਚੰਗੀ ਤਰ੍ਹਾਂ ਜਾਣਦਾ ਹੈ। ਉਹ ਕਿਹੜੀ ਗੱਲ ਹੈ ਜੋ ਉਸਨੂੰ ਉਨ੍ਹਾਂ ਦੋਨਾਂ ਦੇ ਬਾਰੇ ਪਤਾ ਨਹੀਂ ਸੀ।
ਰੂਪਾ ਉਸਦੀਆਂ ਅੱਖਾਂ ਦੇ ਸਾਹਮਣੇ ਫੁੱਲੀ-ਫਲੀ, ਵਧੀ ਅਤੇ ਜਵਾਨ ਹੋਈ। ਅਜੇ ਕੱਲ ਹੀ ਦੀ ਗੱਲ ਹੈ ਕਿ ਉਸਨੇ ਉਸ ਦੀ ਗੱਲ੍ਹ `ਤੇ ਇੱਕ ਜ਼ੋਰ ਦਾ ਧੱਪਾ ਵੀ ਮਾਰਿਆ ਸੀ ਅਤੇ ਉਹਨੂੰ ਇੰਨੀ ਮਜਾਲ ਨਹੀਂ ਹੋਈ ਸੀ ਕਿ ਚੂੰ ਵੀ ਕਰੇ। ਹਾਲਾਂਕਿ ਪਿੰਡ ਦੇ ਸਭ ਛੋਕਰੇ-ਛੋਕਰੀਆਂ ਗੁਸਤਾਖ਼ ਸਨ ਅਤੇ ਵੱਡਿਆਂ ਦਾ ਬਿਲਕੁਲ ਅਦਬ ਨਹੀਂ ਕਰਦੇ ਸਨ। ਰੂਪਾ ਤਾਂ ਬੜੀ ਭੋਲੀ-ਭਾਲੀ ਕੁੜੀ ਸੀ। ਗੱਲਾਂ ਵੀ ਬਹੁਤ ਘੱਟ ਕਰਦੀ ਸੀ ਅਤੇ ਉਸਦੇ ਚਿਹਰੇ `ਤੇ ਵੀ ਕੋਈ ਅਜਿਹੇ ਲੱਛਣ ਨਹੀਂ ਸੀ ਜਿਸ ਤੋਂ ਇਹ ਪਤਾ ਚੱਲਦਾ ਕਿ ਉਹ ਕੋਈ ਸ਼ਰਾਰਤ ਵੀ ਕੇ ਸਕਦੀ ਹੈ। ਫਿਰ ਅੱਜ ਉਸ ਬਾਰੇ ਇਹ ਗੱਲਾਂ ਕਿਉਂ ਹੋ ਰਹੀਆਂ ਸਨ।
ਨੱਥੂ ਨੂੰ ਪਿੰਡ ਦੇ ਹਰ ਝੋਂਪੜੇ ਅਤੇ ਉਸਦੇ ਅੰਦਰ ਰਹਿਣ ਵਾਲਿਆਂ ਦਾ ਹਾਲ ਪਤਾ ਸੀ। ਮਿਸਾਲ ਦੇ ਤੌਰ `ਤੇ ਉਸਨੂੰ ਪਤਾ ਸੀ ਕਿ ਚੌਧਰੀ ਦੀ ਗਾਂ ਨੇ ਸਵੇਰੇ-ਸਵੇਰੇ ਇੱਕ ਬਛੜਾ ਦਿੱਤਾ ਹੈ ਅਤੇ ਸ੍ਰੀ ਕਿਸ਼ਨ ਦੇ ਲੰਗੜੇ ਭਰਾ ਦੀ ਵਿਸਾਖੀ ਟੁੱਟ ਗਈ ਹੈ। ਗਾਮਾ ਹਲਵਾਈ ਆਪਣੀਆਂ ਮੁੱਛਾਂ ਦੇ ਵਾਲ਼ ਚੁਣਵਾ ਰਿਹਾ ਸੀ ਕਿ ਉਸਦੇ ਹੱਥੋਂ ਸ਼ੀਸ਼ਾ ਡਿੱਗ ਕੇ ਟੁੱਟ ਗਿਆ ਅਤੇ ਇੱਕ ਸੇਰ ਦੁੱਧ ਦੇ ਪੈਸੇ ਨਾਈ ਨੂੰ ਬਤੌਰ ਕੀਮਤ ਦੇਣਾ ਪਏ। ਉਸਨੂੰ ਇਹ ਵੀ ਪਤਾ ਸੀ ਕਿ ਦੋ ਪਾਥੀਆਂ `ਤੇ ਪਰਸਰਾਮ ਅਤੇ ਗੰਗੂ ਦੀ ਚਖ਼-ਪਖ਼ ਹੁੰਦੇ ਹੁੰਦੇ ਰਹਿ ਗਈ ਸੀ ਅਤੇ ਸਾਲਿਗਰਾਮ ਨੇ ਆਪਣੇ ਬੱਚਿਆਂ ਨੂੰ ਪਾਪੜ ਭੁੰਨ ਕੇ ਖਿਲਾਏ ਸਨ। ਹਾਲਾਂਕਿ ਵੈਦ ਜੀ ਨੇ ਮਨ੍ਹਾ ਕੀਤਾ ਸੀ ਕਿ ਉਨ੍ਹਾਂ ਨੂੰ ਮਿਰਚਾਂ ਵਾਲੀ ਕੋਈ ਸ਼ੈ ਨਾ ਦਿੱਤੀ ਜਾਵੇ।
ਨੱਥੂ ਹੈਰਾਨ ਸੀ ਕਿ ਅਜਿਹੀ ਕਿਹੜੀ ਗੱਲ ਹੈ ਜੋ ਉਸਨੂੰ ਪਤਾ ਨਹੀਂ। ਇਹ ਤਮਾਮ ਖ਼ਿਆਲ ਉਸਦੇ ਦਿਮਾਗ਼ ਵਿੱਚ ਇੱਕ ਦਮ ਆਏ ਅਤੇ ਉਹ ਸ੍ਰੀ ਕਿਸ਼ਨ ਕਾਕਾ ਨੂੰ ਆਪਣੀ ਹੈਰਤ ਦੂਰ ਕਰਨ ਦੀ ਖ਼ਾਤਰ ਕੋਈ ਸਵਾਲ ਕਰਨ ਹੀ ਵਾਲਾ ਸੀ ਕਿ ਚੌਧਰੀ ਨੇ ਜ਼ਮੀਨ `ਤੇ ਤੋਤੇ ਦੀ ਸ਼ਕਲ ਮੁਕੰਮਲ ਕਰਦੇ ਹੋਏ ਕਿਹਾ, "ਕੁੱਝ ਸਮਝ ਵਿੱਚ ਨਹੀਂ ਆਉਂਦਾ ... ਥੋੜ੍ਹੇ ਹੀ ਦਿਨਾਂ ਵਿੱਚ ਉਹ ਬੱਚੇ ਦੀ ਮਾਂ ਬਣ ਜਾਵੇਗੀ।"
ਤਾਂ ਇਹ ਗੱਲ ਸੀ। ਨੱਥੂ ਦੇ ਦਿਲ ਨੂੰ ਧੱਕਾ ਜਿਹਾ ਲੱਗਿਆ। ਉਸਨੂੰ ਅਜਿਹਾ ਮਹਿਸੂਸ ਹੋਇਆ ਕਿ ਦੁਪਹਿਰ ਦੀ ਧੁੱਪੇ ਉੱਡਣ ਵਾਲੀਆਂ ਸਾਰੀਆਂ ਚੀਲਾਂ ਉਸਦੇ ਦਿਮਾਗ਼ ਵਿੱਚ ਵੜ ਕੇ ਚੀਖ਼ਣ ਲੱਗੀਆਂ ਹਨ। ਉਸਨੇ ਆਪਣੇ ਵਾਲ਼ ਜ਼ਿਆਦਾ ਤੇਜ਼ੀ ਨਾਲ ਮਰੋੜਨੇ ਸ਼ੁਰੂ ਕਰ ਦਿੱਤੇ।
ਸ੍ਰੀ ਕਿਸ਼ਨ ਕਾਕਾ, ਨੱਥੂ ਵੱਲ ਝੁੱਕਿਆ ਅਤੇ ਵੱਡੇ ਦੁੱਖ ਭਰੇ ਲਹਿਜੇ ਵਿੱਚ ਉਸ ਨੂੰਕਹਿਣ ਲੱਗਾ, "ਪੁੱਤਰ ਤੈਨੂੰ ਇਹ ਗੱਲ ਤਾਂ ਪਤਾ ਹੈ ਕਿ ਮੈਂ ਆਪਣੇ ਬੇਟੇ ਦੀ ਗੱਲ ਰੂਪਾ ਨਾਲ ਪੱਕੀ ਕੀਤੀ ਸੀ। ਹੁਣ ਮੈਂ ਤੈਨੂੰ ਕੀ ਕਹਾਂ ... ਜਰਾ ਕੰਨ ਏਧਰ ਕਰ।"
ਉਸਨੇ ਹੌਲੇ ਜਿਹੇ ਨੱਥੂ ਦੇ ਕੰਨ ਵਿੱਚ ਕੁੱਝ ਕਿਹਾ ਅਤੇ ਫਿਰ ਉਸੇ ਲਹਿਜੇ ਵਿੱਚ ਕਹਿਣ ਲੱਗਾ, "ਕਿੰਨੀ ਸ਼ਰਮ ਦੀ ਗੱਲ ਹੈ। ਮੈਂ ਤਾਂ ਕਿਤੇ ਦਾ ਨਹੀਂ ਰਿਹਾ। ਇਹ ਮੇਰਾ ਬੁਢੇਪਾ ਅਤੇ ਇਹ ਜਾਨ ਲੇਵਾ ਦੁੱਖ, ਹੋਰ ਤਾਂ ਹੋਰ ਲਾਲੂ ਨੂੰ ਦੱਸੋ ਕਿੰਨਾ ਦੁੱਖ ਹੋਇਆ ਹੋਵੇਗਾ, ਤੁਸੀਂ ਇਨਸਾਫ਼ ਕਰੋ, ਕੀ ਲਾਲੂ ਦਾ ਵਿਆਹ ਹੁਣ ਇਸ ਨਾਲ ਹੋ ਸਕਦਾ ਹੈ। ਲਾਲੂ ਦਾ ਵਿਆਹ ਤਾਂ ਪਾਸੇ ਰਿਹਾ, ਕੀ ਅਜਿਹੀ ਕੁੜੀ ਸਾਡੇ ਪਿੰਡ ਵਿੱਚ ਰਹਿ ਸਕਦੀ ਹੈ ... ਕੀ ਇਸਦੇ ਲਈ ਸਾਡੇ ਇੱਥੇ ਕੋਈ ਜਗ੍ਹਾ ਹੈ?"
ਨੱਥੂ ਨੇ ਸਾਰੇ ਪਿੰਡ `ਤੇ ਇੱਕ ਤੈਰਦੀ ਨਜ਼ਰ ਮਾਰੀ ਅਤੇ ਉਸਨੂੰ ਅਜਿਹੀ ਜਗ੍ਹਾ ਨਜ਼ਰ ਨਾ ਆਈ ਜਿੱਥੇ ਰੂਪਾ ਆਪਣੇ ਬਾਪ ਸਮੇਤ ਰਹਿ ਸਕਦੀ ਸੀ। ਅਲਬਤਾ ਉਸਦਾ ਇੱਕ ਝੌਂਪੜਾ ਸੀ ਜਿਸ ਵਿੱਚ ਉਹ ਚਾਹੇ ਕਿਸੇ ਨੂੰ ਵੀ ਰੱਖਦਾ। ਪਿਛਲੇ ਬਰਸ ਉਸਨੇ ਕੋੜ੍ਹੀ ਨੂੰ ਉਸ ਵਿੱਚ ਸ਼ਰਣ ਦਿੱਤੀ ਸੀ। ਹਾਲਾਂਕਿ ਸਾਰਾ ਪਿੰਡ ਉਸਨੂੰ ਰੋਕ ਰਿਹਾ ਸੀ ਅਤੇ ਉਸਨੂੰ ਡਰਾ ਰਿਹਾ ਸੀ ਕਿ ਵੇਖੋ ਇਹ ਰੋਗ ਬੜਾ ਛੂਤ ਵਾਲੀ ਹੁੰਦਾ ਹੈ ਅਜਿਹੀ ਨਾ ਹੋਵੇ ਕਿ ਤੈਨੂੰ ਚਿਮਟ ਜਾਵੇ ਪਰ ਉਹ ਆਪਣੀ ਮਰਜ਼ੀ ਦਾ ਮਾਲਿਕ ਸੀ। ਉਸਨੇ ਉਹੀ ਕੁੱਝ ਕੀਤਾ ਜੋ ਉਸਦੇ ਮਨ ਨੇ ਅੱਛਾ ਸਮਝਿਆ।
ਕੋੜ੍ਹੀ ਉਸਦੇ ਘਰ ਵਿੱਚ ਪੂਰੇ ਛੇ ਮਹੀਨੇ ਰਹਿ ਕੇ ਮਰ ਗਿਆ ਪਰ ਉਸਨੂੰ ਬੀਮਾਰੀ ਬਿਲਕੁਲ ਨਾ ਲੱਗੀ। ਜੇਕਰ ਪਿੰਡ ਵਿੱਚ ਰੂਪਾ ਲਈ ਕੋਈ ਜਗ੍ਹਾ ਨਾ ਰਹੇ ਤਾਂ ਕੀ ਇਸਦਾ ਇਹ ਮਤਲਬ ਸੀ ਕਿ ਉਸਨੂੰ ਮਾਰੀ ਮਾਰੀ ਫਿਰਨ ਦਿੱਤਾ ਜਾਵੇ। ਹਰਗਿਜ਼ ਨਹੀਂ, ਨੱਥੂ ਇਸ ਗੱਲ ਦਾ ਕਾਇਲ ਨਹੀਂ ਸੀ ਕਿ ਦੁਖੀ `ਤੇ ਹੋਰ ਦੁੱਖ ਲੱਦ ਦਿੱਤੇ ਜਾਣ। ਉਸਦੇ ਝੋਂਪੜੇ ਵਿੱਚ ਹਰ ਵਕਤ ਉਸਦੇ ਲਈ ਜਗ੍ਹਾ ਸੀ।
ਉਹ ਛੇ ਮਹੀਨੇ ਤੱਕ ਇੱਕ ਕੋੜ੍ਹੀ ਦੀ ਤੀਮਾਰਦਾਰੀ ਕਰ ਸਕਦਾ ਸੀ ਅਤੇ ਰੂਪਾ ਕੋੜ੍ਹੀ ਤਾਂ ਨਹੀਂ ਸੀ ... ਕੋੜ੍ਹੀ ਤਾਂ ਨਹੀਂ ਸੀ, ਇਹ ਸੋਚਦੇ ਹੋਏ ਨੱਥੂ ਦਾ ਦਿਮਾਗ਼ ਇੱਕ ਡੂੰਘੀ ਗੱਲ ਸੋਚਣ ਲੱਗਾ ... ਰੂਪਾ ਕੋੜ੍ਹੀ ਨਹੀਂ ਸੀ, ਇਸ ਲਈ ਉਹ ਹਮਦਰਦੀ ਦੀ ਜ਼ਿਆਦਾ ਹੱਕਦਾਰ ਵੀ ਨਹੀਂ ਸੀ। ਉਸਨੂੰ ਕੀ ਰੋਗ ਸੀ? ਕੁੱਝ ਵੀ ਨਹੀਂ ਜਿਵੇਂ ਇਹ ਲੋਕ ਕਹਿ ਰਹੇ ਸਨ, ਉਹ ਥੋੜ੍ਹੇ ਹੀ ਦਿਨਾਂ ਵਿੱਚ ਬੱਚੇ ਦੀ ਮਾਂ ਬਨਣ ਵਾਲੀ ਸੀ, `ਤੇ ਇਹ ਵੀ ਕੋਈ ਰੋਗ ਹੈ। ਅਤੇ ਕੀ ਮਾਂ ਬਨਣਾ ਕੋਈ ਪਾਪ ਹੈ?
ਹਰ ਕੁੜੀ ਔਰਤ ਬਣਨਾ ਚਾਹੁੰਦੀ ਹੈ ਅਤੇ ਹਰ ਔਰਤ ਮਾਂ। ਉਸਦੀ ਆਪਣੀ ਇਸਤਰੀ ਮਾਂ ਬਣਨ ਲਈ ਤੜਫ਼ ਰਹੀ ਸੀ ਅਤੇ ਉਹ ਖ਼ੁਦ ਇਹ ਚਾਹੁੰਦਾ ਸੀ ਕਿ ਉਹ ਜਲਦੀ ਮਾਂ ਬਣ ਜਾਵੇ। ਇਸ ਲਿਹਾਜ਼ ਤੋਂ ਵੀ ਰੂਪਾ ਦਾ ਮਾਂ ਬਣਨਾ ਕੋਈ ਅਜਿਹਾ ਜੁਰਮ ਨਹੀਂ ਸੀ ਜਿਸ `ਤੇ ਉਸਨੂੰ ਕੋਈ ਦੰਡ ਦਿੱਤਾ ਜਾਵੇ ਜਾਂ ਫਿਰ ਉਸਨੂੰ ਰਹਿਮ ਦੀ ਹੱਕਦਾਰ ਕਰਾਰ ਦਿੱਤਾ ਜਾਵੇ।
ਉਹ ਇੱਕ ਦੇ ਬਜਾਏ ਦੋ ਬੱਚੇ ਜਣੇ। ਇਸ ਨਾਲ ਕਿਸੇ ਦਾ ਕੀ ਵਿਗੜਦਾ ਸੀ। ਉਹ ਔਰਤ ਹੀ ਤਾਂ ਸੀ। ਮੰਦਰ ਵਿੱਚ ਗੱਡੀ ਹੋਈ ਦੇਵੀ ਤਾਂ ਸੀ ਨਹੀਂ ਅਤੇ ਫਿਰ ਇਹ ਲੋਕ ਖ਼ਵਾਹ-ਮਖ਼ਵਾਹ ਕਿਉਂ ਆਪਣੀ ਜਾਨ ਹੈਰਾਨ ਕਰ ਰਹੇ ਸਨ। ਸ੍ਰੀ ਕਿਸ਼ਨ ਕਾਕੇ ਦੇ ਮੁੰਡੇ ਨਾਲ਼ ਉਸਦਾ ਵਿਆਹ ਹੁੰਦਾ ਤਾਂ ਵੀ ਕਦੇ ਨਾ ਕਦੇ ਬੱਚਾ ਜ਼ਰੂਰ ਪੈਦਾ ਹੁੰਦਾ। ਹੁਣ ਕਿਹੜੀ ਆਫ਼ਤ ਆ ਗਈ ਸੀ। ਇਹ ਬੱਚਾ ਜੋ ਹੁਣ ਉਸਦੇ ਢਿੱਡ ਵਿੱਚ ਸੀ, ਕਿਤੋਂ ਉੱਡ ਕੇ ਤਾਂ ਨਹੀਂ ਆ ਗਿਆ। ਸ਼ਾਦੀ-ਵਿਆਹ ਜ਼ਰੂਰ ਹੋਇਆ ਹੋਵੇਗਾ।
ਇਹ ਲੋਕ ਬਾਹਰ ਬੈਠੇ ਆਪ ਹੀ ਫ਼ੈਸਲਾ ਕਰ ਰਹੇ ਹਨ ਅਤੇ ਜਿਸਦੀ ਸਬੰਧ ਵਿੱਚ ਫ਼ੈਸਲਾ ਹੋ ਰਿਹਾ ਹੈ, ਉਸਤੋਂ ਕੁੱਝ ਪੁੱਛਦੇ ਹੀ ਨਹੀਂ। ਗੋਇਆ ਉਹ ਬੱਚਾ ਨਹੀਂ, ਬਲਕਿ ਇਹ ਖ਼ੁਦ ਜਣ ਰਹੇ ਹੋਣ। ਅਜੀਬ ਗੱਲ ਸੀ। ਅਤੇ ਫਿਰ ਉਨ੍ਹਾਂ ਨੂੰ ਬੱਚੇ ਦੀ ਕੀ ਫ਼ਿਕਰ ਪੈ ਗਈ ਸੀ। ਬੱਚੇ ਦੀ ਫ਼ਿਕਰ ਜਾਂ ਤਾਂ ਮਾਂ ਕਰਦੀ ਹੈ ਜਾਂ ਉਸਦਾ ਬਾਪ ... ਬਾਪ? ਅਤੇ ਮਜ਼ਾ ਵੇਖੋ ਕਿ ਕੋਈ ਬੱਚੇ ਦੇ ਬਾਪ ਦੀ ਗੱਲ ਹੀ ਨਹੀਂ ਕਰਦਾ ਸੀ।
ਇਹ ਸੋਚਦੇ ਹੋਏ ਨੱਥੂ ਦੇ ਦਿਮਾਗ਼ ਵਿੱਚ ਇੱਕ ਗੱਲ ਆਈ ਅਤੇ ਉਸਨੇ ਸ੍ਰੀ ਕਿਸ਼ਨ ਕਾਕਾ ਨੂੰ ਕਿਹਾ, "ਕਾਕਾ, ਜੋ ਕੁੱਝ ਆਪ ਨੇ ਕਿਹਾ, ਉਸ ਤੋਂ ਮੈਨੂੰ ਬਹੁਤ ਦੁੱਖ ਹੋਇਆ, `ਤੇ ਆਪ ਨੇ ਇਹ ਕਿਵੇਂ ਕਹਿ ਦਿੱਤਾ ਕਿ ਰੂਪਾ ਲਈ ਇੱਥੇ ਕੋਈ ਜਗ੍ਹਾ ਨਹੀਂ। ਅਸੀਂ ਸਭ ਆਪਣੇ ਆਪਣੇ ਝੋਂਪੜਿਆਂ ਨੂੰ ਤਾਲੇ ਲੱਗਾ ਦਈਏ ਤਾਂ ਵੀ ਉਸਦੇ ਲਈ ਇੱਕ ਦਰਵਾਜ਼ਾ ਖੁੱਲ੍ਹਾ ਰਹਿੰਦਾ ਹੈ।"
ਚੌਧਰੀ ਨੇ ਜ਼ਮੀਨ `ਤੇ ਤੋਤੇ ਦੀ ਅੱਖ ਬਣਾਉਂਦੇ ਹੋਏ ਕਿਹਾ, "ਤੌਬਾ ਕਾ!"
ਨੱਥੂ ਨੇ ਜਵਾਬ ਦਿੱਤਾ, "ਉਨ੍ਹਾਂ ਦੇ ਲਈ ਜੋ ਪਾਪੀ ਹੋਣ ... ਰੂਪਾ ਨੇ ਕੋਈ ਪਾਪ ਨਹੀਂ ਕੀਤਾ, ਉਹ ਨਿਰਦੋਸ਼ ਹੈ!"
ਚੌਧਰੀ ਨੇ ਹੈਰਤ ਨਾਲ਼ ਸ੍ਰੀ ਕਿਸ਼ਨ ਕਾਕਾ ਵੱਲ ਵੇਖਿਆ ਅਤੇ ਕਿਹਾ, "ਇਸਨੇ ਪੂਰੀ ਗੱਲ ਨਹੀਂ ਸੁਣੀ।"
ਸ੍ਰੀ ਕਿਸ਼ਨ ਦਾ ਲੰਗੜਾ ਭਰਾ ਆਪਣੀ ਕਟੀ ਹੋਈ ਲੱਤ `ਤੇ ਹੱਥ ਫੇਰਦਾ ਰਿਹਾ।
ਨੱਥੂ ਨੇ ਰੂਪਾ ਦੀ ਮਾਂ ਨੂੰ ਕਿਹਾ, "ਹੁਣੇ ਸੁਣ ਲੈਂਦਾ ਹਾਂ ... ਰੂਪਾ ਕਿੱਥੇ ਹੈ?"
ਰੂਪਾ ਦੀ ਮਾਂ ਨੇ ਆਪਣੀਆਂ ਖੁਰਦਰੀਆਂ ਉਂਗਲੀਆਂ ਨਾਲ਼ ਅੱਥਰੂ ਪੂੰਝੇ ਅਤੇ ਕਿਹਾ, "ਅੰਦਰ ਬੈਠੀ ਆਪਣੇ ਨਸੀਬਾਂ ਨੂੰ ਰੋ ਰਹੀ ਹੈ।"
ਇਹ ਸੁਣ ਕੇ ਨੱਥੂ ਨੇ ਆਪਣਾ ਸਿਰ ਇੱਕ ਵਾਰ ਜ਼ੋਰ ਨਾਲ਼ ਖੁਰਕਿਆ ਅਤੇ ਉਠ ਕੇ ਕਮਰੇ ਦੇ ਅੰਦਰ ਚਲਾ ਗਿਆ।
ਰੂਪਾ ਹਨੇਰੀ ਕੋਠੜੀ ਦੇ ਇੱਕ ਕੋਨੇ ਵਿੱਚ ਸਿਰ ਝੁਕਾਏ ਬੈਠੀ ਸੀ। ਉਸਦੇ ਵਾਲ਼ ਬਿਖਰੇ ਹੋਏ ਸਨ। ਮੈਲੇ ਕੁਚੈਲੇ ਕੱਪੜਿਆਂ ਵਿੱਚ ਹਨੇਰੇ ਦੇ ਅੰਦਰ ਉਹ ਗਿੱਲੀ ਮਿੱਟੀ ਦਾ ਢੇਰ ਜਿਹਾ ਵਿਖਾਈ ਦੇ ਰਹੀ ਸੀ। ਜੋ ਗੱਲਾਂ ਬਾਹਰ ਹੋ ਰਹੀਆਂ ਸਨ ਉਨ੍ਹਾਂ ਦਾ ਇੱਕ ਇੱਕ ਲਫਜ ਉਸਨੇ ਸੁਣਿਆ ਸੀ। ਹਾਲਾਂਕਿ ਉਸਦੇ ਕੰਨ ਉਸਦੇ ਆਪਣੇ ਦਿਲ ਦੀਆਂ ਗੱਲਾਂ ਸੁਣਨ ਵਿੱਚ ਲੱਗੇ ਹੋਏ ਸਨ ਜੋ ਕਿਸੇ ਤਰ੍ਹਾਂ ਖ਼ਤਮ ਹੀ ਨਹੀਂ ਹੁੰਦੀਆਂ ਸਨ। ਨੱਥੂ ਅੰਦਰ ਆਉਣ ਲਈ ਉਠਿਆ ਤਾਂ ਉਹ ਦੌੜ ਕੇ ਸਾਹਮਣੇ ਦੀ ਖਟੀਆ `ਤੇ ਜਾ ਪਈ ਅਤੇ ਗੁਦੜੀ ਵਿੱਚ ਆਪਣਾ ਸਿਰ ਮੂੰਹ ਛੁਪਾ ਲਿਆ।
ਨੱਥੂ ਨੇ ਜਦੋਂ ਵੇਖਿਆ ਕਿ ਰੂਪਾ ਛੁਪ ਗਈ ਹੈ ਤਾਂ ਉਸਨੂੰ ਵੱਡੀ ਹੈਰਤ ਹੋਈ। ਉਸਨੇ ਪੁੱਛਿਆ, "ਅਰੇ ਮੇਰੇ ਤੋਂ ਕਿਉਂ ਛੁਪਦੀ ਹੈਂ?"
ਰੂਪਾ ਰੋਣ ਲੱਗੀ ਅਤੇ ਆਪਣੇ ਆਪ ਨੂੰ ਕੱਪੜੇ ਵਿੱਚ ਹੋਰ ਲਪੇਟ ਲਿਆ। ਉਹ ਬਿਨਾਂ ਅਵਾਜ਼ ਦੇ ਰੋ ਰਹੀ ਸੀ। ਮਗਰ ਨੱਥੂ ਨੂੰ ਅਜਿਹਾ ਮਹਿਸੂਸ ਹੋ ਰਿਹਾ ਸੀ ਕਿ ਰੂਪਾ ਦੇ ਅੱਥਰੂ ਉਸਦੇ ਤਪਦੇ ਹੋਏ ਦਿਲ `ਤੇ ਡਿੱਗ ਰਹੇ ਹਨ। ਉਸਨੇ ਗੁਦੜੀ ਦੇ ਉਸ ਹਿੱਸਾ `ਤੇ ਹੱਥ ਫੇਰਿਆ ਜਿਸਦੇ ਹੇਠਾਂ ਰੂਪਾ ਦਾ ਸਿਰ ਸੀ ਅਤੇ ਕਿਹਾ, "ਤੂੰ ਮੇਰੇ ਤੋਂ ਕਿਉਂ ਛੁਪਦੀ ਹੈਂ?"
ਰੂਪਾ ਨੇ ਸਿਸਕੀਆਂ ਵਿੱਚ ਜਵਾਬ ਦਿੱਤਾ, "ਰੂਪਾ ਨਹੀਂ ਛੁਪਦੀ ਨੱਥੂ! ਉਹ ਆਪਣੇ ਪਾਪ ਨੂੰ ਛੁਪਾ ਰਹੀ ਹੈ।"
ਨੱਥੂ ਉਸਦੇ ਕੋਲ ਬੈਠ ਗਿਆ ਅਤੇ ਕਹਿਣ ਲੱਗਾ, "ਕਿਹੜਾ ਪਾਪ ... ਤੂੰ ਕੋਈ ਪਾਪ ਨਹੀਂ ਕੀਤਾ ਅਤੇ ਜੇਕਰ ਕੀਤਾ ਵੀ ਹੋਵੇ ਤਾਂ ਕੀ ਉਸਨੂੰ ਲੁਕਾਉਣਾ ਚਾਹੀਦਾ ਹੈ। ਇਹ ਤਾਂ ਖ਼ੁਦ ਇੱਕ ਪਾਪ ਹੈ ... ਮੈਂ ਤੈਥੋਂ ਸਿਰਫ ਇੱਕ ਗੱਲ ਪੁੱਛਣ ਆਇਆ ਹਾਂ। ਮੈਨੂੰ ਇਹ ਦੱਸ ਕਿ ਕਿਸਨੇ ਤੇਰੀਆਂ ਹਮੇਸ਼ਾ ਹੱਸਦੀਆਂ ਅੱਖਾਂ ਵਿੱਚ ਇਹ ਅੱਥਰੂ ਭਰ ਦਿੱਤੇ ਹਨ। ਕਿਸਨੇ ਇਸ ਬਾਲੜੀ ਉਮਰ ਵਿੱਚ ਤੈਨੂੰ ਪਾਪ ਅਤੇ ਪੁੰਨ ਦੇ ਝਗੜੇ ਵਿੱਚ ਫਸਾ ਦਿੱਤਾ ਹੈ?"
"ਮੈਂ ਕੀ ਕਹਾਂ?" ਰੂਪਾ ਇਹ ਕਹਿ ਕੇ ਗੁਦੜੀ ਵਿੱਚ ਹੋਰ ਸਿਮਟ ਗਈ। ਨੱਥੂ ਬੋਲਦਾ ਸੀ ਅਤੇ ਰੂਪਾ ਨੂੰ ਅਜਿਹਾ ਮਹਿਸੂਸ ਹੁੰਦਾ ਸੀ ਕਿ ਕੋਈ ਉਸਨੂੰ ਇਕੱਠਾ ਕਰ ਰਿਹਾ ਹੈ, ਉਸਨੂੰ ਸੁੰਗੇੜ ਰਿਹਾ ਹੈ।
ਨੱਥੂ ਨੇ ਬੜੀ ਮੁਸ਼ਕਲ ਨਾਲ਼ ਰੂਪਾ ਦੇ ਮੂੰਹ ਤੋਂ ਕੱਪੜਾ ਹਟਾਇਆ ਅਤੇ ਉਹਨੂੰ ਉਠਾ ਕੇ ਬਿਠਾ ਦਿੱਤਾ। ਰੂਪਾ ਨੇ ਦੋਨਾਂ ਹੱਥਾਂ ਵਿੱਚ ਆਪਣੇ ਮੂੰਹ ਨੂੰ ਛੁਪਾ ਲਿਆ ਅਤੇ ਜ਼ੋਰ ਜ਼ੋਰ ਨਾਲ ਰੋਣਾ ਸ਼ੁਰੂ ਕਰ ਦਿੱਤਾ। ਇਸ ਨਾਲ਼ ਨੱਥੂ ਨੂੰ ਬਹੁਤ ਦੁੱਖ ਹੋਇਆ। ਇੱਕ ਤਾਂ ਪਹਿਲਾਂ ਉਸਨੂੰ ਇਹ ਚੀਜ਼ ਸਤਾ ਰਹੀ ਸੀ ਕਿ ਸਾਰੀ ਗੱਲ ਉਸਦੇ ਦਿਮਾਗ਼ ਵਿੱਚ ਮੁਕੰਮਲ ਤੌਰ `ਤੇ ਨਹੀਂ ਆ ਰਹੀ ਅਤੇ ਦੂਜੇ ਰੂਪਾ ਉਸਦੇ ਸਾਹਮਣੇ ਰੋ ਰਹੀ ਸੀ। ਜੇਕਰ ਉਸਨੂੰ ਸਾਰੀ ਗੱਲ ਪਤਾ ਹੁੰਦੀ ਤਾਂ ਉਹ ਉਸਦੇ ਇਹ ਅੱਥਰੂ ਰੋਕਣ ਦੀ ਕੋਸ਼ਿਸ਼ ਕਰ ਸਕਦਾ ਸੀ ਜੋ ਮੈਲ਼ੀ ਗੁਦੜੀ ਵਿੱਚ ਜਜ਼ਬ ਹੋ ਰਹੇ ਸਨ। ਮਗਰ ਉਹਨੂੰ ਸਿਵਾਏ ਇਸ ਦੇ ਹੋਰ ਕੁੱਝ ਪਤਾ ਨਹੀਂ ਸੀ ਕਿ ਰੂਪਾ ਥੋੜ੍ਹੇ ਹੀ ਦਿਨਾਂ ਵਿੱਚ ਬੱਚੇ ਦੀ ਮਾਂ ਬਣਨ ਵਾਲੀ ਹੈ।
ਉਸਨੇ ਫਿਰ ਉਸ ਨੂੰ ਕਿਹਾ, "ਰੂਪਾ ਤੂੰ ਮੈਨੂੰ ਦੱਸਦੀ ਕਿਉਂ ਨਹੀਂ ... ਨੱਥੂ ਭਾਈ ਤੈਥੋਂ ਪੁੱਛ ਰਿਹਾ ਹੈ ਅਤੇ ਉਹ ਕੋਈ ਗ਼ੈਰ ਥੋੜ੍ਹੀ ਹੈ, ਜੋ ਤੂੰ ਇਵੇਂ ਆਪਣੇ ਮਨ ਨੂੰ ਛੁਪਾ ਰਹੀ ਹੈਂ... ਤੂੰ ਰੋਦੀ ਕਿਉਂ ਹੈਂ। ਗ਼ਲਤੀ ਹੋ ਹੀ ਜਾਇਆ ਕਰਦੀ ਹੈ? ਲਾਲੂ ਦਾ ਕਿਸੇ ਹੋਰ ਨਾਲ਼ ਵਿਆਹ ਹੋ ਜਾਵੇਗਾ ਅਤੇ ਤੂੰ ਆਪਣੀ ਜਗ੍ਹਾ ਖ਼ੁਸ਼ ਰਹੇਂਗੀ ... ਤੈਨੂੰ ਦੁਨੀਆ ਦਾ ਡਰ ਹੈ ਤਾਂ ਮੈਂ ਕਹਾਂਗਾ ਕਿ ਤੂੰ ਬਿਲਕੁਲ ਬੇਵਕੂਫ ਹੈਂ, ਲੋਕਾਂ ਦੇ ਜੋ ਜੀ ਵਿੱਚ ਆਏ ਕਹਿਣ, ਤੈਨੂੰ ਇਸ ਨਾਲ਼ ਕੀ ... ਰੋਣ ਧੋਣੇ ਨਾਲ਼ ਕੁੱਝ ਨਹੀਂ ਹੋਵੇਗਾ ਰੂਪਾ, ਅੱਥਰੂ ਭਰੀਆਂ ਅੱਖਾਂ ਨਾਲ਼ ਤੂੰ ਨਾ ਤਾਂ ਮੈਨੂੰ ਹੀ ਠੀਕ ਤਰ੍ਹਾਂ ਵੇਖ ਸਕਦੀ ਹੈਂ ਅਤੇ ਨਾ ਆਪਣੇ ਆਪ ਨੂੰ, ਰੋਣਾ ਬੰਦ ਕਰ ਅਤੇ ਮੈਨੂੰ ਸਾਰੀ ਗੱਲ ਦੱਸ।"
ਰੂਪਾ ਦੀ ਸਮਝ ਵਿੱਚ ਨਹੀਂ ਆਉਂਦਾ ਸੀ ਕਿ ਉਹ ਉਸ ਨੂੰ ਕੀ ਕਹੇ, ਉਹ ਦਿਲ ਵਿੱਚ ਸੋਚ ਰਹੀ ਸੀ ਕਿ ਹੁਣ ਅਜਿਹੀ ਕਿਹੜੀ ਗੱਲ ਰਹਿ ਗਈ ਹੈ ਜੋ ਦੁਨੀਆ ਨੂੰ ਪਤਾ ਨਹੀਂ। ਇਹੀ ਸੋਚਦੇ ਹੋਏ ਉਸਨੇ ਨੱਥੂ ਨੂੰ ਕਿਹਾ, "ਨੱਥੂ ਭਾਈ, ਮੇਰੇ ਨਾਲ਼ੋਂ ਜ਼ਿਆਦਾ ਤਾਂ ਦੂਸਰਿਆਂ ਨੂੰ ਪਤਾ ਹੈ, ਮੈਂ ਤਾਂ ਸਿਰਫ ਇੰਨਾ ਜਾਣਦੀ ਹਾਂ ਕਿ ਜੋ ਕੁੱਝ ਮੈਂ ਸੋਚਦੀ ਸੀ ਉਹ ਇੱਕ ਸੁਫ਼ਨਾ ਸੀ। ਇਵੇਂ ਤਾਂ ਹਰ ਚੀਜ਼ ਸੁਫ਼ਨਾ ਹੁੰਦੀ ਸੀ ਪਰ ਇਹ ਸੁਫ਼ਨਾ ਬਹੁਤ ਹੀ ਅਜੀਬ ਹੈ।
"ਕਿਵੇਂ ਸ਼ੁਰੂ ਹੋਇਆ, ਕਿਸ ਤਰ੍ਹਾਂ ਖ਼ਤਮ ਹੋਇਆ। ਇਸਦਾ ਕੁੱਝ ਪਤਾ ਹੀ ਨਹੀਂ ਚੱਲਦਾ, ਬਸ ਇਵੇਂ ਲੱਗਦਾ ਹੈ ਕਿ ਉਹ ਤਮਾਮ ਦਿਨ ਜੋ ਮੈਂ ਕਦੇ ਖੁਸ਼ੀ ਨਾਲ ਗੁਜ਼ਾਰਦੀ ਸੀ, ਅੱਖਾਂ ਵਿੱਚ ਅੱਥਰੂ ਬਣਨਾ ਸ਼ੁਰੂ ਹੋ ਗਏ ਹਨ। ਮੈਂ ਘੜਾ ਲੈ ਕੇ ਉਛਲਦੀ ਕੁੱਦਦੀ, ਗਾਉਂਦੀ ਖੂਹ `ਤੇ ਪਾਣੀ ਭਰਨੇ ਗਈ। ਪਾਣੀ ਭਰ ਕੇ ਜਦੋਂ ਵਾਪਸ ਆਉਣ ਲੱਗੀ ਤਾਂ ਠੋਕਰ ਲੱਗੀ ਅਤੇ ਘੜਾ ਚਕਨਾਚੂਰ ਹੋ ਗਿਆ। ਮੈਨੂੰ ਬਹੁਤ ਦੁੱਖ ਹੋਇਆ। ਮੈਂ ਚਾਹਿਆ ਕਿ ਉਸ ਟੁੱਟੇ ਹੋਏ ਘੜੇ ਦੇ ਟੁਕੜੇ ਉਠਾ ਕੇ ਝੋਲੀ ਵਿੱਚ ਭਰ ਲਵਾਂ ਪਰ ਲੋਕਾਂ ਨੇ ਰੌਲਾ ਮਚਾਉਣਾ ਸ਼ੁਰੂ ਕਰ ਦਿੱਤਾ, ਨੁਕਸਾਨ ਮੇਰਾ ਹੋਇਆ।
"ਚਾਹੀਦਾ ਤਾਂ ਇਹ ਸੀ ਕਿ ਉਹ ਮੇਰੇ ਨਾਲ਼ ਹਮਦਰਦੀ ਕਰਦੇ, ਪਰ ਉਨ੍ਹਾਂ ਨੇ ਉਲਟਾ ਮੈਨੂੰ ਹੀ ਝਿੜਕਣਾ ਸ਼ੁਰੂ ਕਰ ਦਿੱਤਾ। ਜਿਵੇਂ ਘੜਾ ਉਨ੍ਹਾਂ ਦਾ ਸੀ ਅਤੇ ਤੋੜਨ ਵਾਲੀ ਮੈਂ ਸੀ ਅਤੇ ਇਸ ਰੋੜੇ ਦਾ ਕੋਈ ਕਸੂਰ ਹੀ ਨਹੀਂ ਸੀ ਜੋ ਰਸਤੇ ਵਿੱਚ ਪਿਆ ਸੀ ਅਤੇ ਜਿਸਦੇ ਨਾਲ਼ ਦੂਜੇ ਵੀ ਠੋਕਰ ਖਾ ਸਕਦੇ ਸਨ। ਤੁਸੀਂ ਮੇਰੇ ਤੋਂ ਕੁੱਝ ਨਾ ਪੁੱਛੋ ਮੈਨੂੰ ਕੁੱਝ ਯਾਦ ਨਹੀਂ ਰਿਹਾ।"
ਨੱਥੂ ਦੀਆਂ ਉਂਗਲੀਆਂ ਜ਼ਿਆਦਾ ਤੇਜ਼ੀ ਨਾਲ਼ ਵਾਲ਼ਾਂ ਦਾ ਗੁੱਛਾ ਮਰੋੜਨ ਲੱਗੀਆਂ। ਉਸਨੇ ਬੜੀ ਬੇਚੈਨੀ ਨਾਲ ਕਿਹਾ, "ਮੈਂ ਸਿਰਫ ਪੁੱਛਦਾ ਹਾਂ ਕਿ ਉਹ ਹੈ ਕੌਣ?"
"ਕੌਣ?"
"ਉਹੀ ... ਉਹੀ ... " ਰੂਪਾ ਇਸਤੋਂ ਅੱਗੇ ਕੁੱਝ ਨਹੀਂ ਕਹਿ ਸਕੀ।
ਰੂਪਾ ਦੇ ਸੀਨੇ `ਚੋਂ ਇੱਕ ਬੇਇਖ਼ਤਿਆਰ ਆਹ ਨਿਕਲ ਗਈ, "ਉਹ ਪਹਿਲਾਂ ਜਿੰਨਾ ਨਜ਼ਦੀਕ ਸੀ ਹੁਣ ਓਨਾ ਹੀ ਦੂਰ ਹੈ!"
"ਮੈਂ ਉਸਦਾ ਨਾਮ ਪੁੱਛਦਾ ਹਾਂ ਅਤੇ ਜਾਣਦੀ ਹੈਂ ਮੈਂ ਤੈਥੋਂ ਉਸਦਾ ਨਾਮ ਕਿਉਂ ਪੁੱਛਦਾ ਹਾਂ? ਇਸ ਲਈ ਕਿ ਉਹ ਤੇਰਾ ਪਤੀ ਹੈ ਅਤੇ ਤੂੰ ਉਸਦੀ ਪਤਨੀ ਹੈਂ। ਤੂੰ ਉਸਦੀ ਹੈਂ ਅਤੇ ਉਹ ਤੇਰਾ... ਇਹ ... ਇਹ ... "
ਨੱਥੂ ਇਸਦੇ ਅੱਗੇ ਕੁੱਝ ਕਹਿਣ ਹੀ ਵਾਲਾ ਸੀ ਕਿ ਰੂਪਾ ਨੇ ਦੀਵਾਨਾਵਾਰ ਉਸਦੇ ਮੂੰਹ `ਤੇ ਹੱਥ ਰੱਖ ਦਿੱਤਾ ਅਤੇ ਫਟੇ ਹੋਏ ਲਹਿਜੇ ਵਿੱਚ ਕਿਹਾ, "ਹੌਲੀ ਬੋਲੋ ਨੱਥੂ। ਹੌਲੀ ਬੋਲੋ, ਕਿਤੇ ਉਹ ... ਜੋ ਮੇਰੇ ਹਿਰਦਾ ਵਿੱਚ ਨਵਾਂ ਜੀਵ ਹੈ, ਨਾ ਸੁਣ ਲਵੇ ਕਿ ਉਸਦੀ ਮਾਂ ਪਾਪਣ ਹੈ ... ਨੱਥੂ ਇਸ ਡਰ ਦੇ ਮਾਰੇ ਤਾਂ ਮੈਂ ਜ਼ਿਆਦਾ ਸੋਚਦੀ ਨਹੀਂ, ਜ਼ਿਆਦਾ ਗ਼ਮ ਨਹੀਂ ਕਰਦੀ ਕਿ ਇਸਨ੍ਹੂੰ ਕੁੱਝ ਪਤਾ ਨਾ ਹੋਵੇ ...ਪਰ ਬੈਠੇ ਬੈਠੇ ਕਦੇ ਮੇਰੇ ਮਨ ਵਿੱਚ ਆਉਂਦਾ ਹੈ ਕਿ ਡੁੱਬ ਮਰਾਂ, ਆਪਣਾ ਗਲਾ ਘੁੱਟ ਲਵਾਂ, ਜਾਂ ਫਿਰ ਜ਼ਹਿਰ ਖਾ ਕੇ ਮਰ ਜਾਂਵਾਂ ... "
ਨੱਥੂ ਨੇ ਉਠ ਕੇ ਟਹਿਲਣਾ ਸ਼ੁਰੂ ਕਰ ਦਿੱਤਾ। ਉਹ ਸੋਚ ਰਿਹਾ ਸੀ। ਇੱਕ ਦੋ ਸੈਕੇਂਡ ਗ਼ੌਰ ਕਰਨ ਦੇ ਬਾਅਦ ਉਸਨੇ ਕਿਹਾ, "ਕਦੇ ਨਹੀਂ, ਮੈਂ ਤੈਨੂੰ ਕਦੇ ਮਰਨੇ ਨਹੀਂ ਦੇਵਾਂਗਾ, ਤੂੰ ਕਿਉਂ ਮਰੇਂ। ਇਵੇਂ ਤਾਂ ਮੌਤ ਤੋਂ ਛੁਟਕਾਰਾ ਨਹੀਂ, ਸਾਰਿਆ ਨੇ ਇੱਕ ਦਿਨ ਮਰਨਾ ਹੈ ਪਰ ਇਸ ਲਈ ਤਾਂ ਜੀਣਾ ਵੀ ਜ਼ਰੂਰੀ ਹੈ ... ਮੈਂ ਕੁੱਝ ਪੜ੍ਹਿਆ ਨਹੀਂ, ਮੈਂ ਕੋਈ ਪੰਡਤ ਨਹੀਂ, ਪਰ ਜੋ ਕੁੱਝ ਮੈਂ ਕਿਹਾ ਹੈ ਠੀਕ ਹੈ, ਤੂੰ ਮੈਨੂੰ ਉਸਦਾ ਨਾਮ ਦੱਸ ਦੇ। ਮੈਂ ਤੈਨੂੰ ਉਸਦੇ ਕੋਲ ਲੈ ਚਲਾਂਗਾ ਅਤੇ ਉਸਨੂੰ ਮਜਬੂਰ ਕਰਾਂਗਾ ਕਿ ਉਹ ਤੇਰੇ ਨਾਲ਼ ਵਿਆਹ ਕਰ ਲਵੇ ਅਤੇ ਤੈਨੂੰ ਆਪਣੇ ਕੋਲ ਰੱਖੇ ... ਉਹੀ ਤੇਰਾ ਪਤੀ ਹੈ!"
ਨੱਥੂ ਫਿਰ ਰੂਪਾ ਦੇ ਕੋਲ ਬੈਠ ਗਿਆ ਅਤੇ ਕਹਿਣ ਲੱਗਾ, "ਲੈ ਮੇਰੇ ਕੰਨ ਵਿੱਚ ਕਹਿ ਦੇ... ਉਹ ਕੌਣ ਹੈ? ਰੂਪਾ ਕੀ ਤੈਨੂੰ ਮੇਰੇ `ਤੇ ਭਰੋਸਾ ਨਹੀਂ, ਕੀ ਤੈਨੂੰ ਯਕੀਨ ਨਹੀਂ ਆਉਂਦਾ ਕਿ ਮੈਂ ਤੇਰੇ ਲਈ ਕੁੱਝ ਕਰ ਸਕੂੰਗਾ।"
ਰੂਪਾ ਨੇ ਜਵਾਬ ਦਿੱਤਾ, "ਆਪ ਮੇਰੇ ਲਈ ਸਭ ਕੁੱਝ ਕਰ ਸਕਦੇ ਹੋ ਨੱਥੂ, ਪਰ ਜਿਸ ਆਦਮੀ ਦੇ ਕੋਲ ਤੁਸੀਂ ਮੈਨੂੰ ਲੈ ਜਾਣਾ ਚਾਹੁੰਦੇ ਹੋ, ਕੀ ਉਹ ਵੀ ਕੁੱਝ ਕਰੇਗਾ? ਉਹ ਮੈਨੂੰ ਭੁੱਲ ਵੀ ਚੁੱਕਿਆ ਹੋਵੇਂਗਾ।"
ਨੱਥੂ ਨੇ ਕਿਹਾ, "ਤੈਨੂੰ ਵੇਖਦੇ ਹੀ ਉਸਨੂੰ ਸਭ ਕੁੱਝ ਯਾਦ ਆ ਜਾਵੇਗਾ ... ਬਾਕੀ ਚੀਜ਼ਾਂ ਦੀ ਯਾਦ ਉਸਨੂੰ ਮੈਂ ਦਿਵਾ ਦੇਵਾਂਗਾ ... ਤੂੰ ਮੈਨੂੰ ਉਸਦਾ ਨਾਮ ਤਾਂ ਦੱਸ। ਇਹ ਠੀਕ ਹੈ ਕਿ ਇਸਤਰੀ ਆਪਣੇ ਪਤੀ ਦਾ ਨਾਮ ਨਹੀਂ ਲੈਂਦੀ ਪਰ ਅਜਿਹੇ ਮੌਕਾ `ਤੇ ਤੈਨੂੰ ਕੋਈ ਸ਼ਰਮ ਨਹੀਂ ਆਉਣੀ ਚਾਹੀਦੀ।"
ਰੂਪਾ ਖ਼ਾਮੋਸ਼ ਰਹੀ, ਇਸ `ਤੇ ਨੱਥੂ ਹੋਰ ਜ਼ਿਆਦਾ ਬੇਚੈਨ ਹੋ ਗਿਆ, "ਮੈਂ ਤੈਨੂੰ ਇੱਕ ਸਿੱਧੀ ਸਾਦੀ ਗੱਲ ਸਮਝਾਂਦਾ ਹਾਂ ਅਤੇ ਤੂੰ ਸਮਝਦੀ ਹੀ ਨਹੀਂ, ਸ਼ੁਦਾਇਣ, ਜੋ ਤੇਰੇ ਬੱਚੇ ਦਾ ਬਾਪ ਹੈ ਉਹੀ ਤੇਰਾ ਪਤੀ ਹੈ, ਹੁਣ ਮੈਂ ਤੈਨੂੰ ਕਿਵੇਂ ਸਮਝਾਵਾਂ? ਤੂੰ ਤਾਂ ਬਸ ਅੱਥਰੂ ਬਹਾਏ ਜਾਂਦੀ ਹੈਂ, ਕੁੱਝ ਸੁਣਦੀ ਹੀ ਨਹੀਂ ਹੈਂ, ਮੈਂ ਪੁੱਛਦਾ ਹਾਂ, ਉਸਦਾ ਨਾਮ ਦੱਸਣ ਵਿੱਚ ਹਰਜ ਹੀ ਕੀ ਹੈ ... ਲਓ, ਤੂੰ ਹੋਰ ਰੋਣਾ ਸ਼ੁਰੂ ਕਰ ਦਿੱਤਾ। ਅੱਛਾ ਭਈ ਮੈਂ ਜ਼ਿਆਦਾ ਗੱਲਾਂ ਨਹੀਂ ਕਰਦਾ। ਤੂੰ ਇਹ ਦੱਸ ਦੇ ਕਿ ਉਹ ਹੈ ਕੌਣ ...ਤੂੰ ਸਮਝ ਲੈ। ਮੈਂ ਉਸਦਾ ਕੰਨ ਫੜ ਕੇ ਸਿੱਧੇ ਰਸਤੇ `ਤੇ ਲੈ ਆਵਾਂਗਾ।"
ਰੂਪਾ ਨੇ ਸਿਸਕੀਆਂ ਵਿੱਚ ਕਿਹਾ, "ਆਪ ਵਾਰ ਵਾਰ ਪਤੀ ਨਾ ਕਹੋ ਨੱਥੂ, ਮੇਰੀ ਜਵਾਨੀ ਮੇਰੀ ਆਸ, ਮੇਰੀ ਦੁਨੀਆ, ਕਦੇ ਦੀ ਵਿਧਵਾ ਹੋ ਚੁੱਕੀ ਹੈ। ਆਪ ਮੇਰੀ ਮਾਂਗ ਵਿੱਚ ਸੰਧੂਰ ਭਰਨਾ ਚਾਹੁੰਦੇ ਹੋ ਅਤੇ ਮੈਂ ਚਾਹੁੰਦੀ ਹਾਂ ਕਿ ਸਾਰੇ ਵਾਲ਼ ਹੀ ਨੋਚ ਦਵਾਂ... ਨੱਥੂ ਹੁਣ ਕੁੱਝ ਨਹੀਂ ਹੋ ਸਕੇਗਾ। ਮੇਰੀ ਝੋਲੀ ਦੇ ਬੇਰ ਜ਼ਮੀਨ `ਤੇ ਡਿੱਗ ਕੇ ... ਸਭ ਦੇ ਸਭ ਖੱਡ ਵਿੱਚ ਜਾ ਪਏ ਹਨ। ਹੁਣ ਉਨ੍ਹਾਂ ਨੂੰ ਬਾਹਰ ਕੱਢਣ ਦਾ ਕੀ ਫ਼ਾਇਦਾ? ਉਸਦਾ ਨਾਮ ਪੁੱਛ ਕੇ ਤੁਸੀਂ ਕੀ ਕਰੋਗੇ, ਲੋਕ ਤਾਂ ਮੇਰਾ ਨਾਮ ਭੁੱਲ ਜਾਣਾ ਚਾਹੁੰਦੇ ਹਨ।"
ਨੱਥੂ ਤੰਗ ਆ ਗਿਆ ਅਤੇ ਤੇਜ਼ ਲਹਿਜੇ ਵਿੱਚ ਕਹਿਣ ਲੱਗਾ, "ਤੂੰ ... ਤੂੰ ਬੇਵਕੂਫ ਹੈਂ, ਮੈਂ ਤੈਥੋਂ ਕੁੱਝ ਨਹੀਂ ਪੁੱਛਾਂਗਾ।"
ਉਹ ਉਠ ਕੇ ਜਾਣ ਲੱਗਿਆ ਤਾਂ ਰੂਪਾ ਨੇ ਹੱਥ ਦੇ ਇਸ਼ਾਰੇ ਨਾਲ਼ ਉਸਨੂੰ ਰੋਕਿਆ। ਅਜਿਹਾ ਕਰਦੇ ਹੋਏ ਉਸਦਾ ਰੰਗ ਜ਼ਰਦ ਪੈ ਗਿਆ।
ਨੱਥੂ ਨੇ ਉਸਦੀਆਂ ਗਿੱਲੀਆਂ ਅੱਖਾਂ ਵੱਲ ਵੇਖਿਆ, "ਬੋਲ?"
ਰੂਪਾ ਬੋਲੀ, "ਨੱਥੂ ਭਾਈ, ਮੈਨੂੰ ਮਾਰੋ, ਖ਼ੂਬ ਕੁੱਟੋ। ਸ਼ਾਇਦ ਇਸ ਤਰ੍ਹਾਂ ਮੈਂ ਉਸਦਾ ਨਾਮ ਦੱਸ ਦੇਵਾਂ। ਤੁਹਾਨੂੰ ਯਾਦ ਹੋਵੇਗਾ, ਇੱਕ ਵਾਰ ਮੈਂ ਬਚਪਨ ਵਿੱਚ ਮੰਦਰ ਦੇ ਇੱਕ ਰੁੱਖ ਤੋਂ ਕੱਚੇ ਅੰਬ ਤੋੜੇ ਸਨ ਅਤੇ ਤੁਸੀਂ ਇੱਕ ਹੀ ਚਪੇੜ ਮਾਰ ਕੇ ਮੇਰੇ ਕੋਲੋਂ ਸੱਚੀ ਗੱਲ ਕਹਾਈ ਸੀ ... ਆਓ ਮੈਨੂੰ ਮਾਰੋ, ਇਹ ਚੋਰ ਜਿਸ ਨੂੰ ਮੈਂ ਆਪਣੇ ਮਨ ਵਿੱਚ ਪਨਾਹ ਦੇ ਰੱਖੀ ਹੈ ਬਿਨਾਂ ਮਾਰ ਦੇ ਬਾਹਰ ਨਹੀਂ ਨਿਕਲੇਗਾ।"
ਨੱਥੂ ਖ਼ਾਮੋਸ਼ ਰਿਹਾ। ਇੱਕ ਪਲ ਲਈ ਉਸਨੇ ਕੁੱਝ ਸੋਚਿਆ, ਫਿਰ ਅਚਾਨਕ ਉਸਨੇ ਰੂਪਾ ਦੀ ਪੀਲੀ ਗੱਲ੍ਹ `ਤੇ ਏਨੀ ਜ਼ੋਰ ਨਾਲ਼ ਥੱਪੜ ਮਾਰਿਆ ਕਿ ਛੱਤ ਦੇ ਕੁਝ ਸੁੱਕੇ ਅਤੇ ਗਰਦ ਨਾਲ਼ ਅੱਟੇ ਤਿਨਕੇ ਧਮਕ ਦੇ ਮਾਰੇ ਹੇਠਾਂ ਡਿੱਗ ਪਏ। ਨੱਥੂ ਦੀਆਂ ਸਖ਼ਤ ਉਂਗਲੀਆਂ ਨੇ ਰੂਪਾ ਦੀ ਗੱਲ੍ਹ `ਤੇ ਕਈ ਨਹਿਰਾਂ ਖੋਦ ਦਿੱਤੀਆਂ।
ਨੱਥੂ ਨੇ ਗਰਜ ਕੇ ਪੁੱਛਿਆ, "ਦੱਸ, ਉਹ ਕੌਣ ਹੈ?"
ਝੋਂਪੜੇ ਦੇ ਬਾਹਰ ਸ੍ਰੀ ਕਿਸ਼ਨ ਦੇ ਲੰਗੜੇ ਭਰਾ ਦੀ ਅੱਧੀ ਲੱਤ ਕੰਬੀ। ਚੌਧਰੀ ਜਿਸ ਤਿਨਕੇ ਨਾਲ਼ ਜ਼ਮੀਨ `ਤੇ ਇੱਕ ਹੋਰ ਤੋਤੇ ਦੀ ਸ਼ਕਲ ਬਣਾ ਰਿਹਾ ਸੀ, ਹੱਥ ਕੰਬਣ ਦੇ ਸਬੱਬ ਦੂਹਰਾ ਹੋ ਗਿਆ। ਸ੍ਰੀ ਕਿਸ਼ਨ ਕਾਕਾ ਨੇ ਕੁਲੰਗ ਦੀ ਤਰ੍ਹਾਂ ਆਪਣੀ ਗਰਦਨ ਉੱਚੀ ਕਰਕੇ ਝੋਂਪੜੇ ਦੇ ਅੰਦਰ ਵੇਖਿਆ। ਅੰਦਰੋਂ ਨੱਥੂ ਦੀ ਗੁੱਸੇ ਭਰੀ ਅਵਾਜ਼ ਆ ਰਹੀ ਸੀ। ਮਗਰ ਇਹ ਪਤਾ ਨਹੀਂ ਚੱਲਦਾ ਸੀ ਕਿ ਉਹ ਕੀ ਕਹਿ ਰਿਹਾ ਹੈ।
ਅੱਖਾਂ ਹੀ ਅੱਖਾਂ ਵਿੱਚ ਸ੍ਰੀ ਕਿਸ਼ਨ ਕਾਕਾ, ਚੌਧਰੀ ਅਤੇ ਲੰਗੜੇ ਕੇਸ਼ਵ ਨੇ ਆਪਸ ਵਿੱਚ ਕਈ ਗੱਲਾਂ ਕੀਤੀਆਂ। ਆਖ਼ਰ ਵਿੱਚ ਸ੍ਰੀ ਕਿਸ਼ਨ ਕਾਕਾ ਦਾ ਭਰਾ ਵਿਸਾਖੀ ਟੇਕ ਕੇ ਉੱਠਿਆ। ਉਹ ਝੋਂਪੜੇ ਵਿੱਚ ਜਾਣ ਹੀ ਵਾਲਾ ਸੀ ਕਿ ਨੱਥੂ ਬਾਹਰ ਨਿਕਲਿਆ। ਕੇਸ਼ਵ ਇੱਕ ਪਾਸੇ ਹੱਟ ਗਿਆ। ਨੱਥੂ ਨੇ ਪਲਟ ਕੇ ਆਪਣੇ ਪਿੱਛੇ ਵੇਖਿਆ ਅਤੇ ਕਿਹਾ ਕਿ "ਆ ਰੂਪਾ" ਫਿਰ ਉਸਨੇ ਰੂਪਾ ਦੀ ਮਾਂ ਨੂੰ ਕਿਹਾ, "ਮਾਂ ਤੂੰ ਬਿਲਕੁਲ ਚਿੰਤਾ ਨਾ ਕਰ, ਸਭ ਠੀਕ ਹੋ ਜਾਵੇਗਾ। ਅਸੀਂ ਸ਼ਾਮ ਤੱਕ ਪਰਤ ਆਵਾਂਗੇ।"
ਕਿਸੇ ਨੇ ਨੱਥੂ ਨੂੰ ਇਹ ਨਹੀਂ ਪੁੱਛਿਆ ਕਿ ਉਹ ਰੂਪਾ ਨੂੰ ਲੈ ਕੇ ਕਿੱਧਰ ਜਾ ਰਿਹਾ ਹੈ। ਸ੍ਰੀ ਕਿਸ਼ਨ ਕਾਕਾ ਕੁੱਝ ਪੁੱਛਣ ਹੀ ਵਾਲਾ ਸੀ ਕਿ ਨੱਥੂ ਅਤੇ ਰੂਪਾ ਦੋਨੋਂ ਚਬੂਤਰੇ ਤੋਂ ਉੱਤਰ ਕੇ ਮੋਰੀ ਦੇ ਉਸ ਪਾਰ ਜਾ ਚੁੱਕੇ ਸਨ। ਇਸ ਲਈ ਉਹ ਆਪਣੀ ਮੁੱਛ ਦੇ ਸਫ਼ੈਦ ਵਾਲ਼ ਨੋਚਣ ਵਿੱਚ ਮਗਨ ਹੋ ਗਿਆ ਅਤੇ ਚੌਧਰੀ ਨੇ ਕੁੱਬੇ ਤਿਨਕੇ ਨੂੰ ਸਿੱਧਾ ਕਰਨ ਸ਼ੁਰੂ ਕਰ ਦਿੱਤਾ।
ਭੱਠੇ ਦੇ ਮਾਲਿਕ ਲਾਲਾ ਗਣੇਸ਼ ਦਾਸ ਦਾ ਮੁੰਡਾ ਸਤੀਸ਼ ਜਿਸ ਨੂੰ ਭੱਠੇ ਦੇ ਮਜ਼ਦੂਰ ਛੋਟੇ ਲਾਲਾ ਜੀ ਕਿਹਾ ਕਰਦੇ ਸਨ, ਆਪਣੇ ਕਮਰੇ ਵਿੱਚ ਇਕੱਲਾ ਚਾਹ ਪੀ ਰਿਹਾ ਸੀ। ਕੋਲ ਹੀ ਤਿਪਾਈ `ਤੇ ਇੱਕ ਖੁੱਲ੍ਹੀ ਹੋਈ ਕਿਤਾਬ ਰੱਖੀ ਸੀ ਜਿਸ ਨੂੰ ਸ਼ਾਇਦ ਉਹ ਪੜ੍ਹ ਰਿਹਾ ਸੀ। ਕਿਤਾਬ ਦੀ ਜਿਲਦ ਦੀ ਤਰ੍ਹਾਂ ਉਸਦਾ ਚਿਹਰਾ ਵੀ ਜਜ਼ਬਿਆਂ ਤੋਂ ਖ਼ਾਲੀ ਸੀ। ਅਜਿਹਾ ਲੱਗਦਾ ਸੀ ਕਿ ਉਸਨੇ ਆਪਣੇ ਚਿਹਰੇ `ਤੇ ਗਿਲਾਫ ਚੜ੍ਹਾ ਰੱਖਿਆ ਹੈ। ਉਹ ਹਰ ਰੋਜ਼ ਆਪਣੇ ਅੰਦਰ ਇੱਕ ਨਵਾਂ ਸਤੀਸ਼ ਪਾਉਂਦਾ ਸੀ। ਉਹ ਠੰਡ ਅਤੇ ਗਰਮੀਆਂ ਦੇ ਦਰਮਿਆਨੀ ਮੌਸਮ ਦੀ ਤਰ੍ਹਾਂ ਰੰਗ ਵਟਾਉਂਦਾ ਸੀ। ਉਹ ਗਰਮ ਅਤੇ ਠੰਡੀਆਂ ਲਹਿਰਾਂ ਦਾ ਇੱਕ ਮਜਮੂਆ ਸੀ। ਦੂਜੇ ਦਿਮਾਗ਼ ਨਾਲ਼ ਸੋਚਦੇ ਸਨ ਪਰ ਉਹ ਹੱਥਾਂ ਅਤੇ ਪੈਰਾਂ ਨਾਲ਼ ਸੋਚਦਾ ਸੀ। ਜਿੱਥੇ ਹਰ ਸ਼ੈ ਖੇਲ ਨਜ਼ਰ ਆਉਂਦੀ ਹੈ। ਇਹੀ ਵਜ੍ਹਾ ਹੈ ਕਿ ਆਪਣੀ ਜ਼ਿੰਦਗੀ ਨੂੰ ਗੇਂਦ ਦੀ ਭਾਂਤੀ ਉਛਾਲ ਰਿਹਾ ਸੀ। ਉਹ ਸਮਝਦਾ ਸੀ ਕਿ ਉਛਲ ਕੁੱਦ ਹੀ ਜ਼ਿੰਦਗੀ ਦਾ ਅਸਲ ਮਕਸਦ ਹੈ, ਉਹਨੂੰ ਮਸਲ ਦੇਣ ਵਿੱਚ ਬਹੁਤ ਜ਼ਿਆਦਾ ਮਜ਼ਾ ਆਉਂਦਾ ਹੈ। ਹਰ ਸ਼ੈ ਨੂੰ ਉਹ ਮਸਲ ਕੇ ਵੇਖਦਾ ਸੀ।
ਔਰਤਾਂ ਦੇ ਦੇ ਸੰਬੰਧ ਵਿੱਚ ਉਸਦਾ ਨਜ਼ਰੀਆ ਇਹ ਸੀ ਕਿ ਮਰਦ ਚਾਹੇ ਕਿੰਨਾ ਹੀ ਬੁੱਢਾ ਹੋ ਜਾਵੇ ਮਗਰ ਉਹਨੂੰ ਔਰਤ ਜਵਾਨ ਮਿਲਣੀ ਚਾਹੀਦੀ ਹੈ। ਔਰਤ ਵਿੱਚ ਜਵਾਨੀ ਨੂੰ ਉਹ ਓਨਾ ਹੀ ਜ਼ਰੂਰੀ ਖ਼ਿਆਲ ਕਰਦਾ ਸੀ ਜਿੰਨਾ ਆਪਣੇ ਟੇਨਿਸ ਖੇਡਣ ਵਾਲੇ ਰੈਕਟ ਵਿੱਚ ਬਣੇ ਹੋਏ ਜਾਲ ਦੇ ਅੰਦਰ ਤਣਾਉ ਨੂੰ। ਦੋਸਤਾਂ ਨੂੰ ਕਿਹਾ ਕਰਦਾ ਸੀ, "ਜ਼ਿੰਦਗੀ ਦੇ ਸਾਜ਼ ਦਾ ਹਰ ਤਾਰ ਹਰ ਵਕਤ ਤਣਿਆ ਹੋਣਾ ਚਾਹੀਦਾ ਹੈ ਤਾਂਕਿ ਜ਼ਰਾ ਸੀ ਜੁੰਬਸ਼ `ਤੇ ਵੀ ਉਹ ਲਰਜ਼ਣਾ ਸ਼ੁਰੂ ਕਰ ਦੇਵੇ।"
ਇਹ ਲਰਜ਼ਿਸ਼, ਇਹ ਕੰਪਕਪਾਹਟ ਜਿਸਦੇ ਨਾਲ਼ ਸਤੀਸ਼ ਨੂੰ ਇਸ ਕਦਰ ਪਿਆਰ ਸੀ ਦਰਅਸਲ ਉਸਦੇ ਗੰਦੇ ਖ਼ੂਨ ਦੇ ਖੌਲਾਓ ਦਾ ਨਤੀਜਾ ਸੀ। ਕਾਮੁਕ ਖ਼ਾਹਿਸ਼ਾਂ ਉਸਦੇ ਅੰਦਰ ਇਸ ਕਦਰ ਜ਼ਿਆਦਾ ਹੋ ਗਈਆਂ ਸਨ ਕਿ ਜਵਾਨ ਹੈਵਾਨਾਂ ਨੂੰ ਵੇਖ ਕੇ ਵੀ ਉਸਨੂੰ ਲੱਜ਼ਤ ਮਹਿਸੂਸ ਹੁੰਦੀ ਸੀ। ਉਹ ਜਦੋਂ ਆਪਣੀ ਘੋੜੀ ਦੇ ਜਵਾਨ ਬੱਚੇ ਦੇ ਕਪਕਪਾਤੇ ਹੋਏ ਬਦਨ ਨੂੰ ਵੇਖਦਾ ਸੀ ਤਾਂ ਉਸਨੂੰ ਨਾਕਾਬਿਲ-ਏ-ਬਿਆਨ ਖ਼ੁਸ਼ੀ ਹਾਸਲ ਹੁੰਦੀ ਸੀ। ਉਹਨੂੰ ਵੇਖ ਕੇ ਕਈ ਵਾਰ ਉਸਦੇ ਦਿਲ ਵਿੱਚ ਇਹ ਖ਼ਵਾਹਿਸ਼ ਪੈਦਾ ਹੋਈ ਸੀ ਕਿ ਉਹ ਆਪਣਾ ਬਦਨ ਉਸਦੇ ਤਰੋਤਾਜ਼ਾ ਬਦਨ ਦੇ ਨਾਲ਼ ਘਸਾਏ।
ਸਤੀਸ਼ ਚਾਹ ਪੀ ਰਿਹਾ ਸੀ ਅਤੇ ਦਿਲ ਹੀ ਦਿਲ ਵਿੱਚ ਚਾਹਦਾਨੀ ਦੀ ਤਾਰੀਫ਼ ਕਰ ਰਿਹਾ ਸੀ ਜੋ ਬੇਦਾਗ਼ ਸਫ਼ੈਦ ਚੀਨੀ ਦੀ ਬਣੀ ਹੋਈ ਸੀ। ਸਤੀਸ਼ ਨੂੰ ਦਾਗ਼ ਪਸੰਦ ਨਹੀਂ ਸਨ। ਉਹ ਹਰ ਸ਼ੈ ਵਿੱਚ ਹਮਵਾਰੀ ਪਸੰਦ ਕਰਦਾ ਸੀ। ਸਾਫ਼ ਬਦਨ ਔਰਤਾਂ ਨੂੰ ਵੇਖ ਕੇ ਉਹ ਅਕਸਰ ਕਿਹਾ ਕਰਦਾ ਸੀ, "ਮੇਰੀਆਂ ਨਜ਼ਰਾਂ ਉਸ ਔਰਤ `ਤੇ ਕਈ ਘੰਟੇ ਤੈਰਦੀਆਂ ਰਹੀਆਂ ... ਉਹ ਕਿਸ ਕਦਰ ਹਮਵਾਰ ਸੀ। ਅਜਿਹਾ ਲੱਗਦਾ ਸੀ ਕਿ ਸ਼ੱਫ਼ਾਫ਼ ਪਾਣੀ ਦੀ ਛੋਟੀ ਜਿਹੀ ਝੀਲ ਹੈ।"
ਇਹ ਕਮਰਾ ਜਿਸ ਵਿੱਚ ਉਸ ਵਕਤ ਸਤੀਸ਼ ਬੈਠਾ ਹੋਇਆ ਸੀ ਖ਼ਾਸਕਰ ਕੇ ਉਸਦੇ ਲਈ ਬਣਵਾਇਆ ਗਿਆ ਸੀ। ਕਮਰੇ ਦੇ ਸਾਹਮਣੇ ਟੈਨਿਸ ਕੋਰਟ ਸੀ। ਇੱਥੇ ਉਹ ਆਪਣੇ ਦੋਸਤਾਂ ਦੇ ਨਾਲ਼ ਹਰ ਰੋਜ਼ ਸ਼ਾਮ ਨੂੰ ਟੈਨਿਸ ਖੇਡਦਾ ਸੀ। ਅੱਜ ਉਸ ਨੇ ਆਪਣੇ ਦੋਸਤਾਂ ਨੂੰ ਕਹਿ ਦਿੱਤਾ ਸੀ ਕਿ ਉਹ ਟੈਨਿਸ ਖੇਡਣ ਨਹੀਂ ਆਵੇਗਾ ਕਿਉਂਕਿ ਉਸ ਨੇ ਅੱਜ ਇੱਕ ਦਿਲਚਸਪ ਖੇਲ ਖੇਡਣਾ ਸੀ। ਭੰਗੀ ਦੀ ਨੌਜਵਾਨ ਕੁੜੀ ਜਿਸ ਬਾਰੇ ਉਸਨੇ ਇੱਕ ਰੋਜ਼ ਆਪਣੇ ਦੋਸਤ ਨੂੰ ਇਹ ਕਿਹਾ ਸੀ, "ਤੂੰ ਉਸਨੂੰ ਵੇਖੇਂ... ਸੱਚ ਕਹਿੰਦਾ ਹਾਂ, ਤੇਰੀਆਂ ਨਜ਼ਰਾਂ ਉਸਦੇ ਚਿਹਰੇ ਤੋਂ ਫਿਸਲ ਫਿਸਲ ਜਾਣਗੀਆਂ। ਮੇਰੀਆਂ ਨਜ਼ਰਾਂ ਉਹਨੂੰ ਦੇਖਣ ਤੋਂ ਪਹਿਲਾਂ, ਉਸਦੇ ਖੁਰਦਰੇ ਵਾਲ਼ਾਂ ਨੂੰ ਫੜ ਲੈਂਦੀਆਂ ਹਨ ਤਾਂ ਕਿ ਫਿਸਲ ਨਾ ਜਾਣ... " ਅੱਜ ਇੱਕ ਮੁੱਦਤ ਦੇ ਬਾਅਦ ਟੈਨਿਸ ਕੋਰਟ ਵਿੱਚ ਉਸ ਨਾਲ਼ ਖੁਫ਼ੀਆ ਮੁਲਾਕਾਤ ਕਰਨ ਲਈ ਆ ਰਹੀ ਸੀ।
ਉਹ ਚਾਹ ਪੀ ਰਿਹਾ ਸੀ ਅਤੇ ਉਹਨੂੰ ਅਜਿਹਾ ਲੱਗਦਾ ਸੀ ਕਿ ਚਾਹ ਵਿੱਚ ਉਸ ਜਵਾਨ ਕੁੜੀ ਦੇ ਸਾਂਵਲੇ ਰੰਗ ਦਾ ਅਕਸ ਪੈ ਰਿਹਾ ਸੀ।
ਉਸਦੇ ਆਉਣ ਦਾ ਵਕਤ ਹੋ ਗਿਆ ਸੀ। ਬਾਹਰ ਸੁੱਕੇ ਪੱਤੇ ਖੜਕੇ ਤਾਂ ਸਤੀਸ਼ ਨੇ ਪਿਆਲੀ ਵਿੱਚੋਂ ਚਾਹ ਦਾ ਆਖ਼ਰੀ ਘੁੱਟ ਪੀਤਾ ਅਤੇ ਉਸਦੇ ਆਉਣ ਦਾ ਇੰਤਜ਼ਾਰ ਕਰਨ ਲੱਗਾ!
ਇੱਕ ਲੰਮਾ ਜਿਹਾ ਸਾਇਆ ਟੈਨਿਸ ਕੋਰਟ ਦੇ ਝਾੜੂ ਦਿੱਤੇ ਹੋਏ ਸੀਨੇ `ਤੇ ਹਿੱਲਿਆ ਅਤੇ ਕੁੜੀ ਦੀ ਬਜਾਏ ਨੱਥੂ ਪ੍ਰਗਟ ਹੋਇਆ।
ਸਤੀਸ਼ ਨੇ ਗ਼ੌਰ ਨਾਲ਼ ਉਸ ਵੱਲ ਵੇਖਿਆ ਕਿ ਆਉਣ ਵਾਲਾ ਭੱਠੇ ਦਾ ਇੱਕ ਮਜ਼ਦੂਰ ਹੈ। ਨੱਥੂ ਆਪਣੇ ਵਾਲ਼ਾਂ ਦਾ ਇੱਕ ਗੁੱਛਾ ਉਂਗਲੀਆਂ ਨਾਲ਼ ਮਰੋੜ ਰਿਹਾ ਸੀ ਅਤੇ ਟੈਨਿਸ ਕੋਰਟ ਵੱਲ ਵਧਾ ਰਿਹਾ ਸੀ। ਸਤੀਸ਼ ਦੀ ਕੁਰਸੀ ਬਰਾਂਡੇ ਵਿੱਚ ਵਿਛੀ ਸੀ। ਕੋਲ ਪਹੁੰਚ ਕੇ ਨੱਥੂ ਖੜਾ ਹੋ ਗਿਆ ਅਤੇ ਸਤੀਸ਼ ਵੱਲ ਇਵੇਂ ਦੇਖਣ ਲੱਗਾ ਜਿਵੇਂ ਛੋਟੇ ਲਾਲਾ ਜੀ ਨੂੰ ਉਸਦੀ ਆਉਣ ਦੀ ਗ਼ਰਜ਼ ਅਤੇ ਮਕਸਦ ਚੰਗੀ ਤਰ੍ਹਾਂ ਪਤਾ ਹੋਵੇ।
ਸਤੀਸ਼ ਨੇ ਪੁੱਛਿਆ, "ਕੀ ਹੈ?"
ਨੱਥੂ ਖ਼ਾਮੋਸ਼ੀ ਨਾਲ਼ ਬਰਾਂਡੇ ਦੀਆਂ ਪੌੜੀਆਂ `ਤੇ ਬੈਠ ਗਿਆ ਅਤੇ ਕਹਿਣ ਲੱਗਾ, "ਛੋਟੇ ਲਾਲਾ ਜੀ! ਮੈਂ ਉਸਨੂੰ ਲੈ ਕੇ ਆਇਆ ਹਾਂ। ਹੁਣ ਤੁਸੀਂ ਉਸਨੂੰ ਆਪਣੇ ਕੋਲ ਰੱਖ ਲਓ, ਪਿੰਡ ਵਾਲੇ ਉਸਨੂੰ ਬਹੁਤ ਤੰਗ ਕਰ ਰਹੇ ਹਨ।"
ਸਤੀਸ਼ ਹੈਰਾਨ ਹੋ ਗਿਆ। ਉਸਦੀ ਸਮਝ ਵਿੱਚ ਨਹੀਂ ਆਇਆ ਕਿ ਨੱਥੂ ਕੀ ਕਹਿ ਰਿਹਾ ਹੈ। ਉਸਨੇ ਪੁੱਛਿਆ "ਕਿਸ ਨੂੰ? ਕਿਸ ਨੂੰ ਤੰਗ ਕਰ ਰਹੇ ਹਨ।"
ਨੱਥੂ ਨੇ ਜਵਾਬ ਦਿੱਤਾ, "ਆਪ ਆਪ ... ਰੂਪਾ ਨੂੰ ... ਆਪ ਦੀ ਪਤਨੀ ਨੂੰ।"
"ਮੇਰੀ ਪਤਨੀ?" ਸਤੀਸ਼ ਚਕਰਾ ਗਿਆ। "ਮੇਰੀ ਪਤਨੀ ... ਤੁਹਾਡਾ ਦਿਮਾਗ਼ ਤਾਂ ਨਹੀਂ ਬਹਿਕ ਗਿਆ? ਇਹ ਕੀ ਬਕ ਰਿਹਾ ਹੈਂ?"
ਇਹ ਕਹਿੰਦੇ ਹੀ ਉਸਦੇ ਅੰਦਰ ... ਬਹੁਤ ਅੰਦਰ ਰੂਪਾ ਦਾ ਖ਼ਿਆਲ ਪੈਦਾ ਹੋਇਆ ਅਤੇ ਉਸਨੂੰ ਯਾਦ ਆਇਆ ਕਿ ਪਿਛਲੇ ਸਾਵਣ ਵਿੱਚ ਉਹ ਇੱਕ ਮੋਟੀਆਂ ਮੋਟੀਆਂ ਅੱਖਾਂ ਅਤੇ ਗਦਰਾਏ ਹੋਏ ਜਿਸਮ ਵਾਲੀ ਇੱਕ ਕੁੜੀ ਨਾਲ਼ ਕੁੱਝ ਦਿਨਾਂ ਖੇਡਿਆ ਸੀ। ਉਹ ਦੁੱਧ ਲੈ ਕੇ ਸ਼ਹਿਰ ਵਿੱਚ ਜਾਇਆ ਕਰਦੀ ਸੀ। ਇੱਕ ਵਾਰ ਉਸਨੇ ਦੁੱਧ ਦੀਆਂ ਬੂੰਦਾਂ ਉਸਦੇ ਉਭੱਰਦੇ ਹੋਏ ਸੀਨੇ `ਤੇ ਟਪਕਦੀਆਂ ਵੇਖੀਆਂ ਸਨ ਅਤੇ ... ਹਾਂ, ਹਾਂ ਇਹ ਰੂਪਾ ਉਹੀ ਕੁੜੀ ਸੀ ਜਿਸਦੇ ਬਾਰੇ ਵਿੱਚ ਉਸਨੇ ਇੱਕ ਵਾਰ ਇਹ ਖ਼ਿਆਲ ਕੀਤਾ ਸੀ ਕਿ ਉਹ ਦੁੱਧ ਨਾਲੋਂ ਵਧੇਰੇ ਮੁਲਾਇਮ ਹੈ। ਉਹਨੂੰ ਹੈਰਤ ਵੀ ਹੁੰਦੀ ਸੀ ਕਿ ਇਹ ਇੱਟਾਂ ਪੱਥਣ ਵਾਲੇ ਅਜਿਹੀਆਂ ਨਰਮ-ਨਾਜ਼ੁਕ ਲੜਕੀਆਂ ਕਿਵੇਂ ਪੈਦਾ ਕਰ ਲੈਂਦੇ ਹਨ।
ਉਹ ਭੰਗੀ ਦੀ ਕੁੜੀ ਨੂੰ ਭੁੱਲ ਸਕਦਾ ਸੀ। ਸੁਸ਼ੀਲਾ ਨੂੰ ਭੁੱਲ ਸਕਦਾ ਸੀ, ਜੋ ਹਰ ਰੋਜ਼ ਉਸਦੇ ਨਾਲ਼ ਟੈਨਿਸ ਖੇਡਦੀ ਸੀ। ਉਹ ਹਸਪਤਾਲ ਦੀ ਨਰਸ ਨੂੰ ਭੁੱਲ ਸਕਦਾ ਸੀ ਜਿਸਦੇ ਸਫ਼ੈਦ ਕੱਪੜਿਆਂ ਦਾ ਉਹ ਪ੍ਰਸ਼ੰਸਕ ਸੀ। ਉਹ ਇਸ ... ਪਰ ਰੂਪਾ ਨੂੰ ਨਹੀਂ ਭੁੱਲ ਸਕਦਾ ਸੀ। ਉਸਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਦੂਜੀ ਜਾਂ ਤੀਜੀ ਮੁਲਾਕਾਤ `ਤੇ ਜਦੋਂ ਕਿ ਰੂਪਾ ਨੇ ਆਪਣਾ ਆਪ ਉਸਦੇ ਹਵਾਲੇ ਕਰ ਦਿੱਤਾ ਸੀ ਤਾਂ ਉਸਦੀ ਇੱਕ ਗੱਲ `ਤੇ ਉਸਨੂੰ ਬਹੁਤ ਹਾਸੀ ਆਈ ਸੀ।
ਰੂਪਾ ਨੇ ਉਸ ਨੂੰ ਕਿਹਾ ਸੀ, "ਛੋਟੇ ਲਾਲਾ ਜੀ! ਕੱਲ ਸੁੰਦਰੀ ਚਮਾਰੀ ਕਹਿ ਰਹੀ ਸੀ, ਜਲਦੀ ਜਲਦੀ ਵਿਆਹ ਕਰ ਲੈ ਰੀ। ਬਹੁਤ ਮਜਾ ਆਉਂਦਾ ਹੈ ... ਉਸਨੂੰ ਕੀ ਪਤਾ ਕਿ ਮੈਂ ਵਿਆਹ ਕਰ ਵੀ ਚੁੱਕੀ ਹਾਂ ... " ਮਗਰ ਰੂਪਾ ਸੀ ਕਿੱਥੇ? ਸਤੀਸ਼ ਦੀ ਹੈਵਾਨੀ ਹਿੱਸ ਉਸਦਾ ਨਾਮ ਸੁਣਦੇ ਹੀ ਬੇਦਾਰ ਹੋ ਚੁੱਕੀ ਸੀ। ਸੋ ਸਤੀਸ਼ ਦਾ ਦਿਮਾਗ਼ ਮੁਆਮਲੇ ਦੀ ਨਜ਼ਾਕਤ ਨੂੰ ਸਮਝ ਗਿਆ ਸੀ। ਮਗਰ ਉਸਦਾ ਜਿਸਮ ਸਿਰਫ ਆਪਣੀ ਦਿਲਚਸਪੀ ਵੱਲ ਕੇਂਦਰਿਤ ਸੀ।
ਸਤੀਸ਼ ਨੇ ਪੁੱਛਿਆ "ਕਿੱਥੇ ਹੈ ਰੂਪਾ?"
ਨੱਥੂ ਉਠ ਖੜਾ ਹੋਇਆ, "ਬਾਹਰ ਖੜੀ ਹੈ ... ਮੈਂ ਹੁਣੇ ਉਸਨੂੰ ਲਿਆਂਦਾ ਹਾਂ।"
ਸਤੀਸ਼ ਨੇ ਫ਼ੌਰਨ ਰੋਹਬਦਾਰ ਲਹਿਜੇ ਵਿੱਚ ਕਿਹਾ, "ਖ਼ਬਰਦਾਰ ਜੇ ਉਸਨੂੰ ਤੂੰ ਇੱਥੇ ਲਿਆਇਆ ... ਜਾ ਭੱਜ ਜਾ ਇੱਥੋਂ।"
"`ਤੇ ... `ਤੇ ... ਛੋਟੇ ਲਾਲਾ ਜੀ ਉਹ ... ਉਹ ਤੁਹਾਡੀ ਪਤਨੀ ਹੋ ਚੁੱਕੀ ਹੈ ... ਬੱਚੇ ਦੀ ਮਾਂ ਬਣਨ ਵਾਲੀ ਹੈ ਅਤੇ ਬੱਚਾ ਤੁਹਾਡਾ ਹੀ ਤਾਂ ਹੋਵੇਗਾ ... ਤੁਹਾਡਾ ਹੀ ਤਾਂ ਹੋਵੇਗਾ।" ਨੱਥੂ ਨੇ ਤੁਤਲਾਉਂਦੇ ਹੋਏ ਕਿਹਾ।
ਤਾਂ ਰੂਪਾ ਗਰਭਵਤੀ ਹੋ ਚੁੱਕੀ ਸੀ ... ਸਤੀਸ਼ ਨੂੰ ਕੁਦਰਤ ਦੀ ਇਹ ਸਿਤਮ ਜ਼ਰੀਫ਼ੀ ਸਖ਼ਤ ਨਾਪਸੰਦ ਸੀ। ਉਸਦੀ ਸਮਝ ਵਿੱਚ ਨਹੀਂ ਆਉਂਦਾ ਸੀ ਕਿ ਔਰਤ ਅਤੇ ਮਰਦ ਦੇ ਸੰਬੰਧ ਦੇ ਨਾਲ਼ ਨਾਲ਼ ਇਹ ਹਮਲ ਦਾ ਸਿਲਸਿਲਾ ਕਿਉਂ ਜੋੜ ਦਿੱਤਾ ਹੈ।
ਮਰਦ ਜਦੋਂ ਕਿਸੇ ਔਰਤ ਦੀ ਖ਼ਾਸ ਖ਼ੂਬੀ ਦਾ ਦੀਵਾਨਾ ਹੁੰਦਾ ਹੈ ਤਾਂ ਉਸਦੀ ਸਜ਼ਾ ਬੱਚੇ ਦੀ ਸ਼ਕਲ ਵਿੱਚ ਕਿਉਂ ਦੋਨਾਂ ਧਿਰਾਂ ਨੂੰ ਭੁਗਤਣੀ ਪੈਂਦੀ ਹੈ ... ਰੂਪਾ ਬੱਚੇ ਦੇ ਬਿਨਾਂ ਕਿੰਨੀ ਚੰਗੀ ਸੀ ਅਤੇ ਉਹ ਖ਼ੁਦ ਉਸ ਬੱਚੇ ਦੇ ਬਿਨਾਂ ਕਿੰਨੇ ਚੰਗੇ ਤਰੀਕੇ ਨਾਲ਼, ਰੂਪਾ ਦੇ ਨਾਲ਼ ਸੰਬੰਧ ਕਾਇਮ ਰੱਖ ਸਕਦਾ ਸੀ। ਇਸ ਜਨਮ ਦੇ ਸਿਲਸਿਲੇ ਦੀ ਵਜ੍ਹਾ ਨਾਲ਼ ਕਈ ਵਾਰ ਉਸਦੇ ਦਿਲ ਵਿੱਚ ਇਹ ਖ਼ਿਆਲ ਪੈਦਾ ਹੋਇਆ ਕਿ ਔਰਤ ਇੱਕ ਬੇਕਾਰ ਸ਼ੈ ਹੈ ਯਾਨੀ ਉਹਨੂੰ ਹੱਥ ਲਗਾਓ ਅਤੇ ਇਹ ਬੱਚਾ ਪੈਦਾ ਹੋ ਜਾਂਦਾ ਹੈ, ਇਹ ਵੀ ਕੋਈ ਗੱਲ ਹੋਈ।
ਹੁਣ ਉਸਦੀ ਸਮਝ ਵਿੱਚ ਨਹੀਂ ਆਉਂਦਾ ਸੀ ਕਿ ਉਹ ਉਸ ਬੱਚੇ ਦਾ ਕੀ ਕਰੇ ਜੋ ਪੈਦਾ ਹੋ ਰਿਹਾ ਸੀ। ਥੋੜ੍ਹੀ ਦੇਰ ਗ਼ੌਰ ਕਰਕੇ ਉਸਨੇ ਨੱਥੂ ਨੂੰ ਆਪਣੇ ਕੋਲ ਬਿਠਾਇਆ ਅਤੇ ਬੜੇ ਆਰਾਮ ਨਾਲ਼ ਕਿਹਾ, "ਤੁਸੀਂ ਰੂਪਾ ਦੇ ਕੀ ਲੱਗਦੇ ਹੋ ... ਖੈਰ ਛੱਡੋ ਇਸ ਕਿੱਸੇ ਨੂੰ ... ਵੇਖੋ, ਇਹ ਬੱਚੇ-ਵੱਚੇ ਦੀ ਗੱਲ ਮੈਨੂੰ ਪਸੰਦ ਨਹੀਂ, ਮੁਫ਼ਤ ਵਿੱਚ ਅਸੀਂ ਦੋਨਾਂ ਬਦਨਾਮ ਹੋ ਜਾਵਾਂਗੇ। ਤੁਸੀਂ ਇਸ ਤਰ੍ਹਾਂ ਕਰੋ, ਰੂਪਾ ਨੂੰ ਇੱਥੇ ਛੱਡ ਜਾਓ ... ਮੈਂ ਉਸਨੂੰ ਅੱਜ ਹੀ ਕਿਸੇ ਅਜਿਹੀ ਜਗ੍ਹਾ ਭਿਜਵਾ ਦੇਵਾਂਗਾ ਜਿੱਥੇ ਇਹ ਬੱਚਾ ਜ਼ਾਇਆ ਕਰ ਦਿੱਤਾ ਜਾਵੇ ਅਤੇ ਰੂਪਾ ਨੂੰ ਮੈਂ ਕੁੱਝ ਰੁਪਏ ਦੇ ਦੇਵਾਂਗਾ, ਉਹ ਖ਼ੁਸ਼ ਹੋ ਜਾਵੇਗੀ। ਤੁਹਾਡਾ ਇਨਾਮ ਵੀ ਤੁਹਾਨੂੰ ਮਿਲ ਜਾਵੇਗਾ ... ਰੁਕੋ।"
ਇਹ ਕਹਿ ਕੇ ਸਤੀਸ਼ ਨੇ ਆਪਣੀ ਜੇਬ ਵਿੱਚੋਂ ਬਟੂਆ ਕੱਢਿਆ ਅਤੇ ਦਸ ਰੁਪਏ ਦਾ ਨੋਟ ਨੱਥੂ ਦੇ ਹੱਥ ਵਿੱਚ ਦੇ ਕੇ ਕਿਹਾ, "ਇਹ ਰਿਹਾ ਤੁਹਾਡਾ ਇਨਾਮ ... ਜਾਓ ਐਸ਼ ਕਰੋ।"
ਨੱਥੂ ਚੁਪਕੇ ਜਿਹੇ ਉੱਠਿਆ। ਦਸ ਰੁਪਏ ਦਾ ਨੋਟ ਉਸਨੇ ਚੰਗੀ ਤਰ੍ਹਾਂ ਮੁੱਠੀ ਵਿੱਚ ਦਬਾ ਲਿਆ ਅਤੇ ਉੱਥੋਂ ਚੱਲ ਪਿਆ। ਸਤੀਸ਼ ਨੇ ਤਸੱਲੀ ਦਾ ਸਾਹ ਲਿਆ ਕਿ ਚਲੋ ਛੁੱਟੀ ਹੋਈ। ਹੁਣ ਉਹ ਭੰਗੀ ਦੀ ਕੁੜੀ ਬਾਰੇ ਸੋਚਣ ਲੱਗਾ ਕਿ ਜੇਕਰ ਉਸਨੂੰ ਵੀ ... ਮਗਰ ਇਹ ਕੀ, ਨੱਥੂ ਰੂਪਾ ਦੇ ਨਾਲ਼ ਵਾਪਸ ਆ ਰਿਹਾ ਸੀ।
ਰੂਪਾ ਦੀਆਂ ਨਜ਼ਰਾਂ ਝੁਕੀਆਂ ਹੋਈਆਂ ਸਨ ਅਤੇ ਉਹ ਇਵੇਂ ਚੱਲ ਰਹੀ ਸੀ ਜਿਵੇਂ ਉਸਨੂੰ ਬਹੁਤ ਤਕਲੀਫ ਹੋ ਰਹੀ ਹੋਵੇ। ਸਤੀਸ਼ ਨੇ ਸੋਚਿਆ, ਇਹ ਬੱਚਾ ਪੈਦਾ ਕਰਨਾ ਵੀ ਇੱਕ ਚੰਗੀ ਖ਼ਾਸੀ ਮੁਸੀਬਤ ਲੱਗਦੀ ਹੈ।
ਨੱਥੂ ਅਤੇ ਰੂਪਾ ਦੋਨੋਂ ਬਰਾਂਡੇ ਦੀਆਂ ਪੌੜੀਆਂ ਦੇ ਕੋਲ ਖੜੇ ਹੋ ਗਏ। ਸਤੀਸ਼ ਨੇ ਰੂਪਾ ਵੱਲ ਵੇਖੇ ਬਿਨਾਂ ਕਿਹਾ, "ਵੇਖ ਰੂਪਾ, ਮੈਂ ... ਉਸ ਨੂੰ ਸਭ ਕੁੱਝ ਸਮਝਾ ਦਿੱਤਾ ਹੈ। ਤੂੰ ਫ਼ਿਕਰ ਨਾ ਕਰ, ਸਭ ਠੀਕ ਹੋ ਜਾਵੇਗਾ ... ਸਮਝੀ ... ਕਿਉਂ ਭਈ ਤੂੰ ਸਭ ਕੁੱਝ ਦੱਸ ਦਿੱਤਾ ਨਾ?"
ਨੱਥੂ ਨੇ ਦਸ ਰੁਪਏ ਦਾ ਨੋਟ ਖ਼ਾਮੋਸ਼ੀ ਨਾਲ਼ ਸਤੀਸ਼ ਵੱਲ ਵਧਾਇਆ ਅਤੇ ਕਿਹਾ, "ਛੋਟੇ ਲਾਲਾ ਜੀ! ਕਾਗ਼ਜ਼ ਦੇ ਇਸ ਟੁਕੜੇ ਨਾਲ਼ ਤੁਸੀਂ ਮੈਨੂੰ ਖ਼ਰੀਦਣਾ ਚਾਹੁੰਦੇ ਹੋ। ਮੈਂ ਤਾਂ ਇੱਕ ਬਹੁਤ ਬੜਾ ਸੌਦਾ ਕਰਨ ਆਇਆ ਸੀ।"
ਸਤੀਸ਼ ਨੇ ਸਮਝਿਆ ਕਿ ਨੱਥੂ ਸ਼ਾਇਦ ਦਸ ਰੁਪਏ ਨਾਲੋਂ ਜ਼ਿਆਦਾ ਮੰਗਦਾ ਹੈ, "ਕਿੰਨੇ ਚਾਹੀਦੇ ਨੇ ਤੁਹਾਨੂੰ, ਮੇਰੇ ਕੋਲ ਇਸ ਵਕਤ ਪੰਜਾਹ ਹਨ ਲੈਣੇ ਨੇ ਤਾਂ ਲੈ ਜਾਓ।"
ਨੱਥੂ ਨੇ ਰੂਪਾ ਵੱਲ ਵੇਖਿਆ। ਰੂਪਾ ਦੀਆਂ ਅੱਖਾਂ ਵਿੱਚੋਂ ਅੱਥਰੂ ਨਿਕਲ ਕੇ ਸੀਮੈਂਟ ਨਾਲ਼ ਲਿੱਪੀਆਂ ਹੋਈਆਂ ਪੌੜੀਆਂ `ਤੇ ਟਪਕ ਰਹੇ ਸਨ। ਉਸਦੇ ਦਿਲ `ਤੇ ਇਹ ਕਤਰੇ ਖੁਰੇ ਹੋਏ ਸੀਸੇ ਦੀ ਤਰ੍ਹਾਂ ਡਿੱਗ ਰਹੇ ਸਨ।
ਸਤੀਸ਼ ਵੱਲ ਉਸਨੇ ਮੁੜ ਕੇ ਕਿਹਾ, "ਛੋਟੇ ਲਾਲਾ ਜੀ, ਇਹ ਤੁਹਾਡੀ ਪਤਨੀ ਹੈ, ਤੁਸੀਂ ਇਸਦੇ ਬੱਚੇ ਦੇ ਬਾਪ ਹਨ ... ਜਿਵੇਂ ਵੱਡੇ ਲਾਲਾ ਜੀ ਤੁਹਾਡੇ ਬਾਪ ਹਨ। ਰੂਪਾ ਲਈ ਹੋਰ ਕੋਈ ਜਗ੍ਹਾ ਨਹੀਂ ਹੈ, ਉਹ ਤੁਹਾਡੇ ਕੋਲ ਰਹੇਗੀ ਅਤੇ ਤੁਸੀਂ ਉਸਨੂੰ ਪਤਨੀ ਬਣਾ ਕੇ ਰੱਖੋਗੇ। ਸਭ ਪਿੰਡ ਵਾਲੇ ਇਸਨੂੰ ਧੁਤਕਾਰ ਰਹੇ ਹਨ, ਕਿਸਲਈ ... ਇਸ ਲਈ ਕਿ ਉਹ ਤੁਹਾਡਾ ਬੱਚਾ ਆਪਣੇ ਢਿੱਡ ਵਿੱਚ ਲਈ ਫਿਰਦੀ ਹੈ ... ਤੁਹਾਨੂੰ ਫੜਨੀ ਪਵੇਗੀ, ਉਸ ਕੁੜੀ ਦੀ ਬਾਂਹ ਜਿਸ ਨੇ ਤੁਹਾਨੂੰ ਆਪਣਾ ਸਭ ਕੁੱਝ ਦੇ ਦਿੱਤਾ।"
"ਤੁਹਾਡਾ ਦਿਲ ਪੱਥਰ ਦਾ ਨਹੀਂ ਹੈ ਛੋਟੇ ਲਾਲਾ ਜੀ! ਅਤੇ ਇਸ ਛੋਕਰੀ ਦਾ ਦਿਲ ਵੀ ਪੱਥਰ ਨਹੀਂ ਹੈ। ਤੁਸੀਂ ਇਸਨ੍ਹੂੰ ਸਹਾਰਾ ਨਾ ਦਿੱਤਾ ਤਾਂ ਹੋਰ ਕੌਣ ਦੇਵੇਗਾ, ਇਹ ਆਉਂਦੀ ਨਹੀਂ ਸੀ। ਰੋ-ਰੋ ਕੇ ਆਪਣੀ ਜਾਨ ਹੈਰਾਨ ਕਰ ਰਹੀ ਸੀ। ਮੈਂ ਇਸਨੂੰ ਸਮਝਾਇਆ ਅਤੇ ਕਿਹਾ, ਸ਼ੁਦਾਇਣੇ ਤੂੰ ਕਿਉਂ ਰੋਦੀ ਹੈ, ਤੇਰਾ ਪਤੀ ਜ਼ਿੰਦਾ ਹੈ, ਚੱਲ ਮੈਂ ਤੈਨੂੰ ਉਸਦੇ ਕੋਲ ਲੈ ਚੱਲਾਂ।"
ਸਤੀਸ਼ ਨੂੰ ਪਤੀ-ਪਤਨੀ ਦਾ ਮਤਲਬ ਹੀ ਸਮਝ ਵਿੱਚ ਨਹੀਂ ਆਉਂਦਾ ਸੀ। "ਵੇਖ ਭਰਾਵਾ! ਜ਼ਿਆਦਾ ਬਕਵਾਸ ਨਾ ਕਰੋ, ਤੁਸੀਂ ਇਵੇਂ ਡਰਾ ਧਮਕਾ ਕੇ ਮੇਰੇ ਤੋਂ ਜ਼ਿਆਦਾ ਰੁਪਿਆ ਵਸੂਲ ਨਹੀਂ ਕਰ ਸਕਦੇ। ਮੈਂ ਇੱਕ ਸੌ ਰੁਪਿਆ ਦੇਣ ਨੂੰਰਾਜੀ ਹਾਂ। ਮਗਰ ਸ਼ਰਤ ਇਹ ਹੈ ਕਿ ਬੱਚਾ ਜ਼ਾਇਆ ਕਰ ਦਿੱਤਾ ਜਾਵੇ। ਅਤੇ ਤੁਸੀਂ ਜੋ ਮੈਨੂੰ ਇਹ ਕਹਿੰਦੇ ਹੋ ਕਿ ਮੈਂ ਇਸਨੂੰ ਆਪਣੇ ਘਰ ਵਿੱਚ ਬਸਾ ਲਵਾਂ ਤਾਂ ਇਹ ਨਾਮੁਮਕਿਨ ਹੈ। ਮੈਂ ਇਸਦਾ ਪਤੀ ਸੁਪਨੇ ਵਿੱਚ ਵੀ ਨਹੀਂ ਬਣਿਆ ਅਤੇ ਨਾ ਹੀ ਇਹ ਮੇਰੀ ਕਦੇ ਪਤਨੀ ਬਣੀ ਹੈ ... ਸਮਝੇ? ਸੌ ਰੁਪਿਆ ਲੈਣਾ ਹੋਵੇ ਤਾਂ ਕੱਲ੍ਹ ਆਕੇ ਇੱਥੋਂ ਲੈ ਜਾਣਾ, ਹੁਣ ਇੱਥੋਂ ਨੌਂ ਦੋ ਗਿਆਰਾਂ ਹੋ ਜਾਓ।"
ਨੱਥੂ ਚਕਰਾ ਗਿਆ।
"`ਤੇ ... ਹੋਰ ... ਇਹ ਬੱਚਾ ਕੀ ਅਸਮਾਨ ਤੋਂ ਡਿਗਿਆ ਹੈ? ਇਸਦੀਆਂ ਅੱਖਾਂ ਵਿੱਚ ਅੱਥਰੂ ਭੂਤ-ਪ੍ਰੇਤਾਂ ਨੇ ਭਰ ਦਿੱਤੇ ਹਨ? ਮੇਰਾ ਦਿਲ ... ਮੇਰਾ ਦਿਲ ਕੌਣ ਮਸਲ ਰਿਹਾ ਹੈ? ਇਹ ਰੁਪਏ ... ਇਹ ਸੌ ਰੁਪਿਆ ਕੀ ਤੁਸੀਂ ਖ਼ੈਰਾਤ ਦੇ ਤੌਰ `ਤੇ ਦੇ ਰਹੇ ਹੋ? ਕੁੱਝ ਹੋਇਆ ਹੈ ਤਾਂ ਇਹ ਸਭ ਕੁੱਝ ਹੋ ਰਿਹਾ ਹੈ ... ਕੋਈ ਗੱਲ ਹੈ ਤਾਂ ਇਹ ਹਲਚਲ ਮੱਚ ਰਹੀ ਹੈ। ਤੁਸੀਂ ਇਸ ਬੱਚੇ ਦੇ ਬਾਪ ਹੋ ਤਾਂ ਕੀ ਇਸਦੇ ਪਤੀ ਨਹੀਂ? ਮੇਰੀ ਸਮਝ ਨੂੰ ਕੁੱਝ ਹੋ ਗਿਆ ਹੈ ਜਾਂ ਤੁਹਾਡੀ ਸਮਝ ਨੂੰ ... "
ਸਤੀਸ਼ ਇਹ ਤਕਰੀਰ ਬਰਦਾਸ਼ਤ ਨਹੀਂ ਕਰ ਸਕਿਆ। "ਉੱਲੂ ਦੇ ਪੱਠੇ! ਤੂੰ ਜਾਂਦਾ ਹੈਂ ਕਿ ਨਹੀਂ ਇੱਥੋਂ, ਖੜਾ ਆਪਣੀ ਮੰਤਕ ਛਾਂਟ ਰਿਹਾ ਹੈਂ, ਜਾ ਜੋ ਕਰਨਾ ਹੈ ਕਰ ਲੈ ... ਦੇਖੂੰਗਾ ਤੂੰ ਮੇਰਾ ਕੀ ਵਿਗਾੜ ਲਏਂਗਾ?"
ਨੱਥੂ ਨੇ ਹੌਲੀ ਜਿਹੇ ਕਿਹਾ, "ਮੈਂ ਤਾਂ ਸੰਵਾਰਨ ਆਇਆ ਸੀ ਛੋਟੇ ਲਾਲਾ ਜੀ ... ਤੁਸੀਂ ਨਾਹਕ ਕਿਉਂ ਵਿਗੜ ਰਹੇ ਹੋ, ਤੁਸੀਂ ਕਿਉਂ ਨਹੀਂ ਇਸਦੀ ਬਾਂਹ ਫੜ ਲੈਂਦੇ, ਇਹ ਤੁਹਾਡੀ ਪਤਨੀ ਹੈ।"
"ਪਤਨੀ ਦੇ ਬੱਚੇ ਹੁਣ ਤੂੰ ਆਪਣੀ ਬਕਵਾਸ ਬੰਦ ਕਰੇਗਾ ਜਾਂ ਨਹੀਂ ... ਬੱਚਾ ਬੱਚਾ ਕੀ ਬਕ ਰਿਹਾ ਹੈ ... ਜਾ ਲੈ ਜਾ ਆਪਣੀ ਇਸ ਕੁੱਝ ਲੱਗਦੀ ਨੂੰ, ਵਰਨਾ ਯਾਦ ਰੱਖ, ਖੱਲ ਉਧੇੜ ਦੇਵਾਂਗਾ।"
ਨੱਥੂ ਦੇ ਸਭ ਪੱਠੇ ਆਕੜ ਗਏ, "ਭਗਵਾਨ ਦੀ ਕਸਮ, ਮੇਰੇ ਵਿੱਚ ਇੰਨੀ ਸ਼ਕਤੀ ਹੈ ਕਿ ਇਵੇਂ ਹੱਥਾਂ ਵਿੱਚ ਘੁੱਟ ਕੇ ਤੇਰਾ ਸਾਰਾ ਲਹੂ ਨਚੋੜ ਦੇਵਾਂ ... ਮੇਰੀ ਖੱਲ ਤੇਰੇ ਇਨ੍ਹਾਂ ਨਾਜ਼ੁਕ ਹੱਥਾਂ ਨਾਲ਼ ਨਹੀਂ ਉਧੜੇਗੀ। ਮੈਂ ਤੇਰੀ ਬੋਟੀ ਬੋਟੀ ਨੋਚ ਸਕਦਾ ਹਾਂ, ਪਰ ਮੈਂ ਕੁੱਝ ਨਹੀਂ ਕਰ ਸਕਦਾ। ਮੈਂ ਤੈਨੂੰ ਹੱਥ ਤੱਕ ਨਹੀਂ ਲਗਾਉਣਾ ਚਾਹੁੰਦਾ ... ਤੁਸੀਂ ਰੂਪਾ ਦੇ ਬੱਚੇ ਦਾ ਬਾਪ ਹੋ, ਤੁਸੀਂ ਰੂਪਾ ਦੇ ਪਤੀ ਹੋ। ਜੇਕਰ ਮੈਂ ਤੁਹਾਡੇ `ਤੇ ਹੱਥ ਚੁੱਕਿਆ ਤਾਂ ਮੈਨੂੰ ਡਰ ਹੈ ਕਿ ਰੂਪਾ ਦੇ ਦਿਲ ਨੂੰ ਧੱਕਾ ਲੱਗੇਗਾ। ਆਪ ਔਰਤਾਂ ਨਾਲ਼ ਮਿਲਦੇ-ਜੁਲਦੇ ਹੋ ਤੇ ਆਪ ਔਰਤ ਦਾ ਦਿਲ ਨਹੀਂ ਜਾਣਦੇ।"
ਸਤੀਸ਼ ਆਪੇ ਤੋਂ ਬਾਹਰ ਹੋ ਗਿਆ ਅਤੇ ਚੀਖ਼ਣ ਲੱਗਾ, "ਤੇਰੀ ਅਤੇ ਤੇਰੀ ਰੂਪਾ ਦੀ ਐਸੀ ਤੈਸੀ ... ਨਿਕਲ ਇੱਥੋਂ ਬਾਹਰ।"
ਨੱਥੂ ਵੱਧ ਕੇ ਰੂਪਾ ਦੇ ਅੱਗੇ ਖੜਾ ਹੋ ਗਿਆ ਅਤੇ ਸਤੀਸ਼ ਦੇ ਕੋਲ ... ਬਿਲਕੁਲ ਕੋਲ ਜਾ ਕੇ ਕਹਿਣ ਲੱਗਾ, "ਛੋਟੇ ਲਾਲਾ ਜੀ, ਮੈਨੂੰ ਮੁਆਫ਼ ਕਰ ਦਿਓ। ਮੈਂ ਅਜਿਹੀਆਂ ਗੱਲਾਂ ਕਹਿ ਦਿੱਤੀਆਂ ਹਾਂ ਜੋ ਮੈਨੂੰ ਨਹੀਂ ਕਹਿਣੀਆਂ ਚਾਹੀਦੀਆਂ ਹੈ ਸਨ, ਮੈਨੂੰ ਮੁਆਫ਼ ਕਰ ਦਿਓ, ਮਗਰ ਰੂਪਾ ਦਾ ਹੱਥ ਫੜ ਲਓ। ਤੁਸੀਂ ਇਸਦੇ ਪਤੀ ਹੋ, ਇਸਦੇ ਭਾਗ ਵਿੱਚ ਤੁਹਾਡੇ ਬਿਨਾਂ ਹੋਰ ਕੋਈ ਮਰਦ ਨਹੀਂ ਲਿਖਿਆ ਗਿਆ। ਇਹ ਤੁਹਾਡੀ ਹੈ ... ਹੁਣ ਤੁਸੀਂ ਇਸਨੂੰ ਆਪਣਾ ਬਣਾ ਲਓ ... ਇਹ ਵੇਖੋ ਮੈਂ ਤੁਹਾਡੇ ਸਾਹਮਣੇ ਹੱਥ ਜੋੜਦਾ ਹਾਂ।"
"ਕਿਵੇਂ ਵਾਹਿਆਤ ਆਦਮੀ ਨਾਲ਼ ਵਾਹ ਪਿਆ ਹੈ।" ਸਤੀਸ਼ ਨੇ ਕਮਰੇ ਦੇ ਅੰਦਰ ਜਾਂਦੇ ਹੋਏ ਕਿਹਾ, "ਕਹਿੰਦਾ ਹਾਂ ਮੈਂ ਰੂਪਾ-ਵੂਪਾ ਨੂੰ ਨਹੀਂ ਜਾਣਦਾ। ਮਗਰ ਇਹ ਖ਼ਵਾਹ ਮਖ਼ਵਾਹ ਉਸਨੂੰ ਮੇਰੇ ਪੱਲੇ ਬੰਨ੍ਹ ਰਿਹਾ ਹੈ ... ਜਾਓ, ਜਾਓ ਹੋਸ਼ ਦੀ ਦਵਾਈ ਕਰੋ।"
ਕਮਰੇ ਦਾ ਸਿਰਫ ਇੱਕ ਦਰਵਾਜ਼ਾ ਖੁੱਲ੍ਹਾ ਸੀ ਜਿਸ ਵਿਚੋਂ ਸਤੀਸ਼ ਅੰਦਰ ਦਾਖ਼ਲ ਹੋਇਆ ਸੀ। ਅੰਦਰ ਦਾਖ਼ਲ ਹੋ ਕੇ ਉਸਨੇ ਇਹ ਦਰਵਾਜ਼ਾ ਬੰਦ ਕਰ ਦਿੱਤਾ। ਨੱਥੂ ਨੇ ਦਰਵਾਜ਼ੇ ਦੀ ਲੱਕੜੀ ਵੱਲ ਵੇਖਿਆ ਤਾਂ ਉਸਨੂੰ ਸਤੀਸ਼ ਦੇ ਚਿਹਰੇ ਅਤੇ ਉਸ ਵਿੱਚ ਕੋਈ ਫ਼ਰਕ ਨਜ਼ਰ ਨਾ ਆਇਆ।
ਨੱਥੂ ਨੇ ਆਪਣੇ ਸਿਰ ਦੇ ਵਾਲ਼ ਮਰੋੜਨੇ ਸ਼ੁਰੂ ਕਰ ਦਿੱਤੇ ਅਤੇ ਜਦੋਂ ਪਲਟ ਕੇ ਉਸਨੇ ਰੂਪਾ ਨੂੰ ਕੁੱਝ ਕਹਿਣਾ ਚਾਹਿਆ ਤਾਂ ਉਹ ਜਾ ਚੁੱਕੀ ਸੀ ਅਤੇ ਉਹ ਉਸਦਾ ਪਿੱਛਾ ਕਰਨ ਲਈ ਭੱਜਿਆ, ਮਗਰ ਉਹ ਜਾ ਚੁੱਕੀ ਸੀ।
ਬਾਹਰ ਨਿਕਲ ਕੇ ਉਸ ਨੇ ਰੂਪਾ ਨੂੰ ਬਹੁਤ ਦੂਰ ਦਰਖਤਾਂ ਦੇ ਝੁੰਡ ਵਿੱਚ ਗਾਇਬ ਹੁੰਦੇ ਵੇਖਿਆ। ਉਹ ਉਸਦੇ ਪਿੱਛੇ ਇਹ ਕਹਿੰਦਾ ਹੋਇਆ ਭੱਜਿਆ, "ਰੂਪਾ ... ਰੂਪਾ, ਰੁੱਕ ਜਾ, ਮੈਂ ਇੱਕ ਵਾਰ ਫਿਰ ਉਸਨੂੰ ਸਮਝਾਵਾਂਗਾ ... ਉਹੀ ਤੇਰਾ ਪਤੀ ਹੈ, ਉਸ ਦਾ ਘਰ ਹੀ ਤੇਰੀ ਅਸਲ ਜਗ੍ਹਾ ਹੈ।"
ਉਹ ਬਹੁਤ ਦੇਰ ਤੱਕ ਭੱਜਦਾ ਰਿਹਾ ਮਗਰ ਰੂਪਾ ਬਹੁਤ ਦੂਰ ਨਿਕਲ ਗਈ ਸੀ। ਉਸ ਰੋਜ਼ ਤੋਂ ਅੱਜ ਤੱਕ ਨੱਥੂ, ਰੂਪਾ ਦੀ ਤਲਾਸ਼ ਵਿੱਚ ਭਟਕ ਰਿਹਾ ਹੈ ਮਗਰ ਉਹ ਉਸਨੂੰ ਨਹੀਂ ਮਿਲੀ। ਉਹ ਲੋਕਾਂ ਨੂੰ ਕਹਿੰਦਾ ਹੈ, "ਮੈਂ ਰੂਪਾ ਦੇ ਪਤੀ ਨੂੰ ਜਾਣਦਾ ਹਾਂ ... ਤੁਸੀਂ ਉਸਨੂੰ ਖੋਜ ਕੇ ਲਿਆਓ, ਮੈਂ ਉਸਨੂੰ ਉਸਦੇ ਪਤੀ ਨੂੰ ਮਿਲਾ ਦੇਵਾਂਗਾ।"
ਲੋਕ ਇਹ ਸੁਣ ਕੇ ਹੱਸ ਦਿੰਦੇ ਹਨ। ਬੱਚੇ ਜਦੋਂ ਵੀ ਨੱਥੂ ਨੂੰ ਵੇਖਦੇ ਹਨ ਤਾਂ ਉਸ ਨੂੰ ਪੁੱਛਦੇ ਹਨ, "ਉਸਦਾ ਪਤੀ ਕੌਣ ਹੈ ਨੱਥੂ ਭਾਈ?" ਤਾਂ ਨੱਥੂ ਉਨ੍ਹਾਂ ਨੂੰ ਮਾਰਨ ਲਈ ਭੱਜਦਾ ਹੈ।
(ਅਨੁਵਾਦ : ਚਰਨ ਗਿੱਲ)