Usnu Kisne Maria (Story in Punjabi) : Jeelani Bano
ਉਸ ਨੂੰ ਕਿਸ ਨੇ ਮਾਰਿਆ (ਕਹਾਣੀ) : ਜੀਲਾਨੀ ਬਾਨੋ
‘‘ਉਸ ਨੂੰ ਕਿਹਨੇ ਮਾਰਿਆ?’’
‘‘ਔਰਤ ਆਪਣੇ ਆਪ ਕਦੇ ਨਹੀਂ ਮਰਦੀ। ਹਮੇਸ਼ਾਂ ਉਸ ਨੂੰ ਕੋਈ ਹੋਰ ਮਾਰਦਾ ਹੈ।’’
‘‘ਫਿਰ ਤੁਸੀਂ ਇਹ ਗੱਲ ਸਾਡੇ ਤੋਂ ਕਿਉਂ ਪੁੱਛ ਰਹੇ ਹੋ ਇੰਸਪੈਕਟਰ ਸਾਹਿਬ?’’
‘‘ਸੜਕਾਂ ’ਤੇ ਭੀਖ ਮੰਗਣ ਵਾਲੀ ਇਕ ਆਵਾਰਾ ਛੋਕਰੀ ਕਿਵੇਂ ਮਰ ਗਈ? ਤੁਸੀਂ ਪੁੱਛਗਿੱਛ ਕਰਨ ਆਏ ਹੋ? ਸਾਰੀ ਕਾਲੋਨੀ ਦੇ ਲੋਕਾਂ ਨੂੰ ਇਕੱਠੇ ਕਰ ਲਿਆ ਹੈ।’’
‘‘ਇੰਸਪੈਕਟਰ ਸਾਹਿਬ! ਅੱਲ੍ਹਾ ਦੇ ਫਜ਼ਲ ਨਾਲ ਇਸ ਕਲੋਨੀ ਵਿਚ ਸਾਰੇ ਪੜ੍ਹੇ-ਲਿਖੇ, ਇਖ਼ਲਾਕੀ ਲੋਕ ਰਹਿੰਦੇ ਹਨ।’’
‘‘ਉਹ ਸੜਕਾਂ ’ਤੇ ਨੰਗੀ ਘੁੰਮਣ ਵਾਲੀ ਆਵਾਰਾ ਛੋਕਰੀ ਸੀ। ਭੀਖ ਮੰਗਦੀ ਸੀ। ਉਸ ਦਾ ਨਾ ਕੋਈ ਘਰ ਸੀ, ਨਾ ਕੋਈ ਰਿਸ਼ਤੇਦਾਰ। ਕੱਲ੍ਹ ਰਾਤ ਕਾਲੋਨੀ ਦੇ ਆਵਾਰਾ ਲੜਕੇ ਉਸ ’ਤੇ ਟੁੱਟ ਪਏ ਹੋਣਗੇ। ਫਿਰ ਉਸ ਨੂੰ ਧੂੰਹਦੇ ਇੱਥੇ ਫੁਟਪਾਥ ’ਤੇ ਸੁੱਟ ਗਏ ਹੋਣਗੇ।’’
‘‘ਤੁਸੀਂ ਸਾਡੇ ਤੋਂ ਪੁੱਛ ਰਹੇ ਹੋ ਕਿ ਉਸ ਨੂੰ ਕਿਸ ਨੇ ਮਾਰਿਆ?’’
‘‘ਮੈਂ ਸਿਰਫ਼ ਇਕ ਵਾਰ ਉਸ ਨੂੰ ਡੰਡੇ ਮਾਰ ਕੇ ਗੇਟ ਤੋਂ ਬਾਹਰ ਕਰ ਦਿੱਤਾ ਸੀ।’’
‘‘ਮੈਂ ਤਾਂ ਉਸ ਨੂੰ ਪਤਾ ਨਹੀਂ ਕਿੰਨੀ ਵਾਰ ਬਾਹਰ ਕੱਢਿਆ। ਹਰ ਵੇਲੇ ਰੋਟੀ ਮੰਗਣ ਆ ਜਾਂਦੀ ਸੀ।’’
‘‘ਇੰਸਪੈਕਟਰ ਸਾਹਿਬ, ਮੈਂ ਤਾਂ ਉਸ ਨੂੰ ਆਪਣੇ ਘਰ ਦੇ ਕੋਲ ਢੁਕਣ ਵੀ ਨਹੀਂ ਦਿੰਦੀ ਸੀ। ਬਗੀਚੇ ਵਿਚ ਕੁੱਤੇ ਲਈ ਖਾਣਾ ਰੱਖੋ ਤਾਂ ਉਹ ਵੀ ਖਾ ਲੈਂਦੀ ਸੀ।’’
‘‘…ਤੇ ਮੰਮੀ, ਉਹ ਕੂੜੇ ਦੇ ਢੇਰ ਤੋਂ ਕੇਲੇ ਅਤੇ ਅੰਬ ਦੇ ਛਿਲਕੇ ਚੁੱਕ ਕੇ ਚੱਟ ਲੈਂਦੀ ਸੀ।’’
‘‘ਮੁੰਨੀ, ਤੂੰ ਚੁੱਪ…, ਗੰਦੀਆਂ ਗੱਲਾਂ ਨਾ ਕਰ।’’
‘‘ਏਥੇ ਬੜੇ ਅਹਿਮ ਲੋਕ ਰਹਿੰਦੇ ਹਨ, ਭਲਾ ਇਸ ਗੰਦੀ ਭਿਖਾਰਨ ਛੋਕਰੀ ਦਾ ਕਤਲ ਕੌਣ ਕਰੇਗਾ? ਮੈਂ ਇਕ ਪ੍ਰੋਫ਼ੈਸਰ ਹਾਂ। ਮੇਰਾ ਇਨ੍ਹਾਂ ਗੱਲਾਂ ਨਾਲ ਕੀ ਸਬੰਧ ਹੈ!’’
‘‘… ਬੇਸ਼ਰਮ ਸੀ। ਨੰਗੀ ਘੁੰਮਦੀ ਸੀ। ਮਸਜਿਦ ਤੋਂ ਨਮਾਜ਼ ਪੜ੍ਹ ਕੇ ਨਿਕਲੋ ਤਾਂ ਉਸ ਨੂੰ ਦੇਖ ਕੇ ਵੁਜ਼ੂ ਟੁੱਟ ਜਾਂਦਾ ਸੀ। ਲਾਹੌਲ ਵਲਾ…। ਇਸ ਲਈ ਤਾਂ ਔਰਤ ਨੂੰ ਹੁਕਮ ਦਿੱਤਾ ਗਿਆ ਹੈ ਕਿ ਆਪਣਾ ਚਿਹਰਾ ਲੁਕਾਈ ਰੱਖੇ।’’
‘‘ਵਿਚਾਰੇ, ਮਰਦਾਂ ਦੀ ਜਿਣਸੀ ਖਾਹਿਸ਼ ਨਾ ਭੜਕ ਉੱਠੇ।’’
‘‘ਰਾਤ ਨੂੰ ਸਾਰੇ ‘ਕੌਣ ਬਣੇਗਾ ਕਰੋੜਪਤੀ’ ਦੇਖ ਰਹੇ ਸਨ ਅਤੇ ਉਹ ਦਰਵਾਜ਼ਾ ਭੰਨ ਕੇ ਚੀਖ ਰਹੀ ਸੀ, ਰੋਟੀ ਦਿਓ, ਰੋਟੀ ਦਿਓ। ਮੈਂ ਕਿੰਨੀ ਵਾਰ ਆਪਣੇ ਬੱਚੇ ਨੂੰ ਰੋਕਿਆ। ਉਸ ਦੇ ਕੋਲ ਨਾ ਜਾਓ, ਕੋਈ ਰੋਗ ਚਿੰਬੜ ਜਾਏਗਾ। ਪਰ ਉਹ ਛੋਟੇ ਬੱਚਿਆਂ ਦੇ ਨਾਲ ਨੱਚਦੀ ਗਾਉਂਦੀ ਸੀ।’’
‘‘ਮੇਰੀ ਬੇਬੀ, ਸਭਨਾਂ ਤੋਂ ਲੁਕਾ ਕੇ ਉਸ ਨੂੰ ਰੋਟੀ ਦੇ ਆਉਂਦੀ ਸੀ। ਇਕ ਵਾਰ ਉਸ ਦੇ ਸਿਰ ’ਚੋਂ ਖ਼ੂਨ ਵਗ ਰਿਹਾ ਸੀ ਤਾਂ ਬੇਬੀ ਉਸ ਲਈ ਦਵਾਈ ਲੈ ਕੇ ਭੱਜੀ।’’
‘‘… ਬੜੀ ਚਲਾਕ ਸੀ। ਪਾਗਲਾਂ ਵਰਗੀ ਐਕਟਿੰਗ ਕਰਕੇ ਸਭਨਾਂ ਨੂੰ ਆਪਣੇ ਕੋਲ ਬੁਲਾ ਲੈਂਦੀ ਸੀ।’’
‘‘ਇਕ ਦਿਨ ਉਸ ਦੀ ਲੱਤ ਵੀ ਜ਼ਖ਼ਮੀ ਹੋ ਗਈ ਸੀ ਤਾਂ ਧਰਤੀ ’ਤੇ ਹੱਥ ਧਰ ਕੇ ਤੁਰਦੀ ਸੀ।’’
‘‘ਹੋ ਸਕਦਾ ਹੈ ਕੱਲ੍ਹ ਰਾਤ ਵੀ ਛੋਕਰਿਆਂ ਨੇ ਉਸ ਨਾਲ ਮੂੰਹ ਕਾਲਾ ਕਰਕੇ ਸੜਕ ’ਤੇ ਸੁੱਟ ਦਿੱਤਾ ਹੋਵੇ।’’
‘‘ਹੋ ਸਕਦਾ ਹੈ ਕਿਸੇ ਕਾਰ ਨੇ ਉਸ ਨੂੰ ਦਰੜ ਦਿੱਤਾ ਹੋਵੇ। ਰਾਤ ਨੂੰ ਕਲੋਨੀ ਦੇ ਬਹੁਤ ਸਾਰੇ ਲੋਕ ਕਲੱਬ ਤੋਂ ਆਉਂਦੇ ਹਨ ਤਾਂ ਮਦਹੋਸ਼ੀ ਵਿਚ ਕਾਰਾਂ ਦੇ ਐਕਸੀਡੈਂਟ ਹੋ ਜਾਂਦੇ ਹਨ।’’
‘‘ਇਹ ਤੁਸੀਂ ਕੀ ਰਹਿ ਰਹੋ ਹੋ ਇੰਸਪੈਕਟਰ ਸਾਹਿਬ। ਰਾਤ ਨੂੰ ਕਿਸੇ ਔਰਤ ਦੇ ਰੋਣ-ਚੀਕਣ ਦੀ ਆਵਾਜ਼ ਆਏ ਤਾਂ ਅਸੀਂ ਬਾਹਰ ਜਾ ਕੇ ਦੇਖੀਏ ਕਿ ਕੀ ਹੋਇਆ ਹੈ?’’
‘‘ਸ੍ਰੀਮਾਨ ਜੀ, ਇੱਥੇ ਤਾਂ ਸਾਰੀ ਰਾਤ ਫੜੋ-ਫੜਾਈ ਦੀ ਖੇਡ ਚਲਦੀ ਰਹਿੰਦੀ ਹੈ।’’
‘‘ਰਾਤ ਏਨੀ ਜ਼ੋਰ ਦਾ ਮੀਂਹ ਪੈ ਰਿਹਾ ਸੀ ਅਤੇ ਉਹ ਗੇਟ ’ਤੇ ਜ਼ੋਰ-ਜ਼ੋਰ ਨਾਲ ਪੱਥਰ ਮਾਰ ਰਹੀ ਸੀ। ਬੜੀ ਮੁਸ਼ਕਿਲ ਨਾਲ ਗਾਰਡ ਨੇ ਉਸ ਨੂੰ ਮਾਰ ਕੇ ਭਜਾਇਆ।’’
‘‘ਇੰਸਪੈਕਟਰ ਸਾਹਿਬ, ਉਹ ਲੜਕੀ ਹਿੰਦੂ ਸੀ। ਇਕ ਮੁਸਲਮਾਨ ਦੇ ਘਰ ਦੇ ਸਾਹਮਣੇ ਉਸ ਦਾ ਕਤਲ ਹੋਇਆ ਹੈ?’’
‘‘ਇਹ ਤੁਸੀਂ ਕੀ ਕਹਿ ਰਹੋ ਹੋ? ਤੁਹਾਨੂੰ ਕਿਹਨੇ ਕਿਹਾ ਕਿ ਇਸ ਕਾਲੋਨੀ ਦੇ ਮੁਸਲਮਾਨ ਹਿੰਦੂ ਆਪਸ ਵਿਚ ਲੜਦੇ ਹਨ? ਤੌਬਾ-ਤੌਬਾ, ਅੱਲ੍ਹਾ ਸਾਡਾ ਦੀਨ-ਈਮਾਨ ਸਲਾਮਤ ਰੱਖੇ। ਸੜਕ ’ਤੇ ਨੰਗੀ ਘੁੰਮਣ ਵਾਲੀ ਛੋਕਰੀ ਨਾਲ ਸਾਡਾ ਕੀ ਵਾਸਤਾ?’’
‘‘ਸਾਹਿਬ, ਅਸੀਂ ਬ੍ਰਾਹਮਣ ਲੋਕ ਹਾਂ। ਅਛੂਤ ਜਾਤ ਦੀ ਛੋਕਰੀ ਕੌਣ ਹੈ? ਕਿੱਥੋਂ ਆਈ ਹੈ? ਕਿਵੇਂ ਮਰੀ? ਸਾਨੂੰ ਕੁਝ ਨਹੀਂ ਪਤਾ। ਅਸੀਂ ਉਸ ਨੂੰ ਮੰਦਰ ਦੇ ਅੱਗਿਓਂ ਪਰ੍ਹਾਂ ਕਰ ਦਿੱਤਾ ਸੀ।’’
‘‘ਹੁਣ ਤਾਂ ਤੁਹਾਨੂੰ ਯਕੀਨ ਹੋ ਗਿਆ ਨਾ ਕਿ ਇਸ ਕਾਲੋਨੀ ਵਿਚ ਉਸ ਮੰਗਤੀ ਛੋਕਰੀ ਨੂੰ ਕਿਸੇ ਨੇ ਕਤਲ ਨਹੀਂ ਕੀਤਾ। ਉਸ ਦਾ ਕਾਤਲ ਕੌਣ ਹੈ? ਚਲੋ, ਅਸੀਂ ਵੀ ਤੁਹਾਡੇ ਨਾਲ ਮਿਲ ਕੇ ਉਸ ਨੂੰ ਲੱਭਾਂਗੇ ਇੰਸਪੈਕਟਰ ਸਾਹਿਬ… ਏਧਰ ਦੇਖੋ ਮੰਗਤੀ ਦੀ ਲਾਸ਼ ਕੋਲ ਇਕ ਬੁੱਢੀ ਔਰਤ ਆ ਗਈ ਹੈ। ਉਹ ਜ਼ੋਰ-ਜ਼ੋਰ ਨਾਲ ਰੋ ਰਹੀ ਹੈ।’’
‘‘ਨਹੀਂ, ਉਹਦੀ ਮਾਂ ਨਹੀਂ ਹੈ। ਉਸ ਦਾ ਤਾਂ ਕੋਈ ਵੀ ਰਿਸ਼ਤੇਦਾਰ ਕਦੇ ਨਜ਼ਰ ਨਹੀਂ ਪਿਆ।’’
‘‘ਤੁਸੀਂ ਨਹੀਂ ਜਾਣਦੇ, ਮੌਲਾਨਾ, ਹੁਣ ਇਸ ਦਾ ਕਿਰਿਆ-ਕਰਮ ਕਰਨ ਵਾਲੇ ਅਤੇ ਲਾਵਾਰਿਸ ਹੋਣ ਦੇ ਦਾਅਵੇਦਾਰ ਬਹੁਤ ਆ ਜਾਣਗੇ। ਹੁਣ ਉਹ ਤੁਹਾਡੇ ਤੋਂ ਚੰਦਾ ਵਸੂਲ ਕਰਨਗੇ, ਸਰਕਾਰ ਵੀ ਕੁਝ ਦੇਵੇਗੀ।’’
‘‘ਸਾਰੀ ਕਾਲੋਨੀ ਇਸ ਬੁੱਢੀ ਨੂੰ ਰੁਪਏ ਦਾਨ ਕਰੇਗੀ ਕਿਉਂਕਿ ਉਹ ਮਰਨ ਵਾਲੀ ਦੀ ਮਾਂ ਬਣ ਜਾਏਗੀ।’’
‘‘ਮੰਮੀ ਮੇਰੀ ਗੱਲ ਸੁਣੋ।’’ ਬੇਬੀ ਨੇ ਉੱਚੀ ਆਵਾਜ਼ ਵਿਚ ਆਪਣੀ ਮੰਮੀ ਨੂੰ ਕਿਹਾ, ‘‘ਉਹ ਬੁੱਢੀ ਕਹਿ ਰਹੀ ਹੈ ਕਿ ਉਹ ਮੰਗਤੀ ਦੀ ਮਾਂ ਨਹੀਂ ਹੈ। ਮੈਂ ਪੁੱਛਿਆ, ਤੂੰ ਕੌਣ ਹੈਂ? ਉਹ ਰੋਂਦੀ-ਰੋਂਦੀ ਕਹਿ ਰਹੀ ਸੀ, ‘ਮਰਨ ਵਾਲੀ ਸੜਕ ’ਤੇ ਇਕੱਲੀ ਪਈ ਹੈ। ਉਸ ਦੀ ਮੌਤ ’ਤੇ ਰੋਣ ਵਾਲਾ ਕੋਈ ਨਹੀਂ ਹੈ, ਇਸ ਲਈ ਮੈਂ ਰੋ ਰਹੀ ਹਾਂ’।’’
(ਅਨੁਵਾਦ: ਨਿਰਮਲ ਪ੍ਰੇਮੀ)