Vaadhu Gian : Lu Xun

ਵਾਧੂ ਗਿਆਨ : ਲੂ ਸ਼ੁਨ

ਦੁਨੀਆਂ ਵਿੱਚ ਵਾਧੂ ਪੈਦਾਵਾਰ ਦੇ ਕਾਰਨ ਆਰਥਿਕ ਸੰਕਟ ਪੈਦਾ ਹੋ ਗਿਆ ਹੈ। ਜਦੋਂਕਿ ਤਿੰਨ ਕਰੋੜ ਤੋਂ ਵੀ ਜ਼ਿਆਦਾ ਮਜ਼ਦੂਰ ਭੁੱਖੇ ਮਰ ਰਹੇ ਹਨ, ਪਰ ਅਨਾਜ ਦਾ ਵਾਧੂ ਭੰਡਾਰ ਇੱਕ ”ਬਾਹਰਮੁਖੀ ਸੱਚਾਈ” ਹੈ। ਅਜਿਹਾ ਨਾਂ ਹੁੰਦਾ ਤਾਂ ਅਮਰੀਕਾ ਸਾਨੂੰ ਕਣਕ ਉਧਾਰ ਨਾ ਦੇ ਸਕਦਾ ਅਤੇ ਸਾਨੂੰ ”ਜਬਰਦਸਤ ਫ਼ਸਲ ਦੀ ਆਫ਼ਤ” ਨਹੀਂ ਝੱਲਣੀ ਪੈਂਦੀ। ਪਰ ਗਿਆਨ ਵੀ ਵਾਧੂ ਹੋ ਸਕਦਾ ਹੈ ਜਿਸਦੇ ਕਾਰਨ ਹੋਰ ਵੀ ਗੰਭੀਰ ਸੰਕਟ ਪੈਦਾ ਹੋ ਜਾਂਦਾ ਹੈ। ਕਿਹਾ ਜਾ ਰਿਹਾ ਹੈ ਕਿ ਅੱਜ ਪਿੰਡਾਂ ਵਿੱਚ ਜਿੰਨਾਂ ਜ਼ਿਆਦਾ ਸਿੱਕਿਆ ਦਾ ਫੈਲਾਅ ਹੋਵੇਗਾ, ਪਿੰਡਾਂ ਦੀ ਕੰਗਾਲੀ ਓਨੀ ਹੀ ਤੇਜ਼ੀ ਨਾਲ਼ ਹੋਵੇਗੀ। ਬੇਸ਼ੱਕ ਇਹ ਇੱਕ ਜਬਰਦਸਤ ਮਾਨਸਿਕ ਫ਼ਸਲ ਦੀ ਸਮੱਸਿਆ ਹੈ। ਕਪਾਹ ਬੇਹੱਦ ਸਸਤੀ ਹੋ ਗਈ ਹੈ ਇਸ ਲਈ ਅਮਰੀਕੀ ਆਪਣੇ ਕਪਾਹ ਦੇ ਖੇਤਾਂ ਨੂੰ ਹੀ ਖਤਮ ਕਰ ਰਹੇ ਹਨ। ਇਸ ਤਰਾਂ ਚੀਨ ਨੂੰ ਵੀ ਗਿਆਨ ਦਾ ਖਾਤਮਾ ਕਰ ਦੇਣਾ ਚਾਹੀਦਾ ਹੈ। ਇਹ ਪੱਛਮ ਤੋਂ ਸਿੱਖਿਆ ਇੱਕ ਬੇਹਤਰੀਨ ਨੁਸਖਾ ਹੈ।
ਪੱਛਮੀ ਲੋਕ ਬੜੇ ਯੋਗ ਹਨ। ਪੰਜ-ਛੇ ਸਾਲ ਪਹਿਲਾਂ ਜਰਮਨੀ ਵਾਲਿਆਂ ਨੇ ਸ਼ਿਕਾਇਤ ਕੀਤੀ ਕਿ ਉਹਨਾਂ ਦੇ ਕਾਲਜਾਂ ਵਿੱਚ ਵਿਦਿਆਰਥੀ-ਵਿਦਿਆਰਥਣਾਂ ਦੀ ਗਿਣਤੀ ਬਹੁਤ ਜ਼ਿਆਦਾ ਹੋ ਗਈ ਹੈ ਅਤੇ ਕਈ ਰਾਜਨੀਤੀਵਾਨਾਂ ਅਤੇ ਸਿੱਖਿਆ ਸ਼ਾਸਤਰੀਆਂ ਨੇ ਨੌਜਵਾਨਾਂ ਨੂੰ ਸਲਾਹ ਦੇਣ ਲਈ ਕਾਫ਼ੀ ਸ਼ੋਰ-ਸ਼ਰਾਬਾ ਕੀਤਾ ਕਿ ਉਹਨਾਂ ਨੂੰ ਯੂਨੀਵਰਸਿਟੀਆਂ ਵਿੱਚ ਦਾਖਲਾ ਨਹੀਂ ਲੈਣਾ ਚਾਹੀਦਾ। ਅੱਜ ਜਰਮਨੀ ਵਿੱਚ ਉਹ ਨਾ ਸਿਰਫ਼ ਇਹ ਸਲਾਹ ਦੇ ਰਹੇ ਹਨ ਸਗੋਂ ਗਿਆਨ ਨੂੰ ਖਤਮ ਕਰਨ ਦੀ ਕਾਰਵਾਈ ਵੀ ਸ਼ੁਰੂ ਕਰ ਚੁੱਕੇ ਹਨ। ਉਹ ਚੁਣ-ਚੁਣ ਕੇ ਕਿਤਾਬਾਂ ਨੂੰ ਸਾੜ ਰਹੇ ਹਨ ; ਲੇਖਕਾਂ ਨੂੰ ਆਪਣੇ ਖਰੜੇ ਨਿਗਲ ਜਾਣ ਦਾ ਹੁਕਮ ਦੇ ਰਹੇ ਹਨ ਅਤੇ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਦੇ ਸਮੂਹਾਂ ਨੂੰ ਲੇਬਰ ਕੈਂਪਾਂ ਵਿੱਚ ਬੰਦ ਕਰ ਰਹੇ ਹਨ – ਇਸਨੂੰ ”ਬੇਰੋਜ਼ਗਾਰੀ ਦੀ ਸਮੱਸਿਆ ਦੇ ਹੱਲ” ਦੇ ਰੂਪ ‘ਚ ਜਾਣਿਆ ਜਾਂਦਾ ਹੈ। ਕੀ ਅੱਜ ਚੀਨ ਵਿੱਚ ਵੀ ਇਹ ਸ਼ਿਕਾਇਤ ਨਹੀਂ ਕੀਤੀ ਜਾ ਰਹੀ ਹੈ ਕਿ ਕਾਨੂੰਨ ਅਤੇ ਕਲਾ ਦੇ ਵਿਸ਼ਿਆਂ ਵਿੱਚ ਬਹੁਤ ਜ਼ਿਆਦਾ ਵਿਦਿਆਰਥੀ ਹੋ ਗਏ ਹਨ? ਇਹੀ ਨਹੀਂ, ਆਪਣੇ ਤਾਂ ਹਾਈ ਸਕੂਲ ਦੇ ਵਿਦਿਆਰਥੀ ਵੀ ਬਹੁਤ ਜ਼ਿਆਦਾ ਹਨ। ਇਸ ਲਈ ਇੱਕ ”ਸਖਤ” ਪਰੀਖਿਆ ਪ੍ਰਣਾਲੀ ਨੂੰ ਲੋਹੇ ਦੇ ਝਾੜੂ ਦੀ ਤਰ੍ਹਾਂ ਚਲਾਏ ਜਾਣ ਦੀ ਜ਼ਰੂਰਤ ਹੈ – ਸੜਾਕ, ਸੜਾਕ, ਸੜਾਕ! — ਸਾਰੇ ਵਾਧੂ ਨੌਜਵਾਨ ਬੁੱਧੀਜੀਵੀਆਂ ਨੂੰ ਹੂੰਝ ਕੇ ”ਆਮ ਲੋਕਾਂ” ਦੇ ਢੇਰ ਵਿੱਚ ਸੁੱਟ ਦੇਣਾ ਚਾਹੀਦਾ ਹੈ।
ਵਾਧੂ ਗਿਆਨ ਤੋਂ ਸੰਕਟ ਕਿਵੇਂ ਹੋ ਸਕਦਾ ਹੈ? ਕੀ ਇਹ ਇੱਕ ਤੱਥ ਨਹੀਂ ਹੈ ਕਿ ਕਰੀਬ ਨੱਬੇ ਫੀਸਦੀ ਚੀਨੀ ਲੋਕ ਅਨਪੜ੍ਹ ਹਨ? ਹਾਂ, ਪਰ ਜ਼ਿਆਦਾ ਗਿਆਨ ਵੀ ਇੱਕ ”ਬਾਹਰਮੁਖੀ ਸੱਚਾਈ” ਹੈ ਅਤੇ ਇਸ ਤੋਂ ਪੈਦਾ ਹੋਣ ਵਾਲ਼ਾ ਸੰਕਟ ਵੀ। ਜਦੋਂ ਤੁਹਾਡੇ ਕੋਲ਼ ਜ਼ਰੂਰਤ ਤੋਂ ਜ਼ਿਆਦਾ ਗਿਆਨ ਹੋ ਜਾਂਦਾ ਹੈ ਤਾਂ ਤੁਸੀਂ ਜਾਂ ਤਾਂ ਬਹੁਤ ਜ਼ਿਆਦਾ ਕਲਪਣਾਸ਼ੀਲ ਹੋ ਜਾਂਦੇ ਹੋ ਜਾਂ ਬਹੁਤ ਜ਼ਿਆਦਾ ਨਰਮਦਿਲ। ਜੇਕਰ ਤੁਸੀਂ ਬਹੁਤ ਜ਼ਿਆਦਾ ਕਲਪਣਾਸ਼ੀਲ ਹੋਵੋਂਗੇ ਤਾਂ ਤੁਸੀਂ ਬਹੁਤ ਜ਼ਿਆਦਾ ਸੋਚੋਗੇਂ। ਜੇਕਰ ਤੁਸੀਂ ਬਹੁਤ ਜ਼ਿਆਦਾ ਨਰਮਦਿਲ ਹੋਵੋਂਗੇ ਤਾਂ ਤੁਸੀਂ ਬੇਰਹਿਮ ਨਹੀਂ ਹੋ ਸਕੋਗੇ। ਜਾਂ ਤਾਂ ਤੁਸੀਂ ਆਪਣਾ ਸੰਤੁਲਨ ਗਵਾ ਬੈਠੋਗੇ ਜਾਂ ਫੇਰ ਦੂਸਰਿਆਂ ਦੇ ਸੰਤੁਲਨ ਨਾਲ਼ ਛੇੜਛਾੜ ਕਰੋਗੇ ; ਅਤੇ ਇਸ ਤਰਾਂ ਸਮੱਸਿਆ ਆਉਂਦੀ ਹੈ। ਇਸ ਲਈ ਗਿਆਨ ਨੂੰ ਖਤਮ ਕਰ ਦੇਣਾ ਚਾਹੀਦਾ ਹੈ।
ਪਰ ਸਿਰਫ ਗਿਆਨ ਹੀ ਖਤਮ ਕਰਨਾ ਕਾਫੀ ਨਹੀਂ ਹੈ। ਢੁੱਕਵੀਂ ਅਮਲੀ ਸਿੱਖਿਆ ਵੀ ਜ਼ਰੂਰੀ ਹੈ। ਪਹਿਲੀ ਜ਼ਰੂਰਤ ਹੈ ਇੱਕ ਕਿਸਮਤਵਾਦੀ ਫਲਸਫਾ — ਲੋਕਾਂ ਨੂੰ ਆਪਣੇ ਨੂੰ ਹੋਣੀ ਦੇ ਹੱਥਾਂ ਵਿੱਚ ਛੱਡ ਦੇਣਾ ਚਾਹੀਦਾ ਹੈ ਅਤੇ ਜੇਕਰ ਉਹਨਾਂ ਦੀ ਕਿਸਮਤ ਦੁੱਖਾਂ ਭਰੀ ਹੋਵੇ ਤਾਂ ਵੀ ਉਹਨਾਂ ਨੂੰ ਸੰਤੁਸ਼ਟ ਰਹਿਣਾ ਚਾਹੀਦਾ ਹੈ। ਦੂਜੀ ਜ਼ਰੂਰਤ ਹੈ ਮਤਲਬਪ੍ਰਸਤੀ ਵਿੱਚ ਮਹਾਰਤ। ਹਵਾ ਦਾ ਰੁੱਖ ਪਹਿਚਾਣੋ ਅਤੇ ਆਧੁਨਿਕ ਹਥਿਆਰਾਂ ਦੀ ਤਾਕਤ ਬਾਰੇ ਜਾਣੋ। ਘੱਟੋ-ਘੱਟ ਇਹਨਾਂ ਦੇ ਅਮਲੀ ਸਿਲੇਬਸਾਂ ਨੂੰ ਤੁਰੰਤ ਉਤਸ਼ਾਹ ਦਿੱਤਾ ਜਾਣਾ ਚਾਹੀਦਾ ਹੈ। ਇਨ੍ਹਾਂ ਨੂੰ ਉਤਸ਼ਾਹ ਦੇਣ ਦਾ ਤਰੀਕਾ ਬੜਾ ਸਿੱਧਾ-ਸਾਧਾ ਹੈ। ਪੁਰਾਣੇ ਜ਼ਮਾਨੇ ਵਿੱਚ ਵਿਚਾਰਵਾਦ ਦਾ ਵਿਰੋਧ ਕਰਨ ਵਾਲੇ ਇੱਕ ਫ਼ਿਲਾਸਫਰ ਦਾ ਕਹਿਣਾ ਸੀ ਕਿ ਜੇਕਰ ਤੁਹਾਨੂੰ ਇਸ ਵਿੱਚ ਸ਼ੱਕ ਹੈ ਕਿ ਆਟੇ ਦੀ ਕੌਲੀ ਦੀ ਹੋਂਦ ਹੈ ਜਾਂ ਨਹੀਂ, ਤਾਂ ਤੁਸੀਂ ਇਸ ਨੂੰ ਖਾ ਲਵੋ ਅਤੇ ਦੇਖੋ ਕਿ ਤੁਸੀਂ ਸੰਤੁਸ਼ਟ ਮਹਿਸੂਸ ਕਰਦੇ ਹੋ ਜਾਂ ਨਹੀਂ। ਇਸ ਲਈ ਅੱਜ ਜੇਕਰ ਤੁਸੀਂ ਬਿਜਲੀ ਦੇ ਬਾਰੇ ਸਮਝਾਉਣਾ ਚਾਹੁੰਦੇ ਹੋ ਤਾਂ ਤੁਸੀਂ ਉਹਨਾਂ ਨੂੰ ਬਿਜਲੀ ਦਾ ਝਟਕਾ ਦੇ ਕੇ ਦੇਖ ਸਕਦੇ ਹੋ ਕਿ ਉਹਨਾਂ ਨੂੰ ਚੋਟ ਲਗਦੀ ਹੈ ਜਾਂ ਨਹੀਂ। ਜੇਕਰ ਤੁਸੀਂ ਉਹਨਾਂ ਨੂੰ ਹਵਾਈ ਜਹਾਜਾਂ ਜਾਂ ਅਜਿਹੀਆਂ ਹੀ ਚੀਜਾਂ ਦੇ ਕਾਰਨਾਮਿਆਂ ਨਾਲ਼ ਪ੍ਰਭਾਵਿਤ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਉਹਨਾਂ ਦੇ ਸਿਰਾਂ ਦੇ ਉਪਰ ਹਵਾਈ ਜਹਾਜ਼ ਉਡਾ ਕੇ ਬੰਬ ਸੁੱਟ ਸਕਦੇ ਹੋ, ਇਹ ਦੇਖਣ ਲਈ ਕਿ ਉਹ ਮਰਦੇ ਹਨ ਜਾਂ ਨਹੀਂ…..
ਇਸ ਤਰਾਂ ਦੀ ਅਮਲੀ ਸਿਖਿਆ ਹੋਵੇ ਤਾਂ ਵਾਧੂ ਗਿਆਨ ਦੀ ਸਮੱਸਿਆ ਕਦੇ ਹੋਵੇਗੀ ਹੀ ਨਹੀਂ। ਆਮੀਨ!
(ਰਚਨਾਕਾਲ -1933: ਅਨੁਵਾਦ – ਰਾਜਵਿੰਦਰ)

  • ਮੁੱਖ ਪੰਨਾ : ਲੂ ਸ਼ੁਨ ਚੀਨੀ ਕਹਾਣੀਆਂ ਅਤੇ ਲੇਖ ਪੰਜਾਬੀ ਵਿੱਚ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ