ਵਾਸੀਲ ਨੇ ਅਜਗਰ ਨੂੰ ਕਿਵੇਂ ਹਰਾਇਆ : ਬੇਲਾਰੂਸੀ ਪਰੀ-ਕਹਾਣੀ

ਇੰਜ ਭਾਵੇਂ ਹੋਇਆ ਸੀ ਜਾਂ ਨਹੀਂ, ਇਹ ਭਾਵੇਂ ਝੂਠ ਏ ਜਾਂ ਸਚ , ਫੇਰ ਵੀ ਸੁਣੀਏ , ਕਹਾਣੀ ਕੀ ਸੁਣਾਂਦੀ ਏ ।

ਤੇ ਇਹ ਜੇ ਕਹਾਣੀ। ਇਕ ਵਾਰੀ ਇਕ ਦੇਸ ਵਿਚ ਇਕ ਬਹੁਤ ਹੀ ਡਰਾਉਣਾ ਤੇ ਭਿਆਨਕ ਅਜਗਰ ਆ ਨਾਜ਼ਲ ਹੋਇਆ। ਉਹਨੇ ਇਕ ਜੰਗਲ ਦੇ ਅਧ-ਵਿਚਕਾਰ ਪਹਾੜ ਦੇ ਇਕ ਪਾਸੇ ਨਾਲ ਆਪਣੇ ਲਈ ਇਕ ਡੂੰਘਾ ਸਾਰਾ ਟੋਇਆ ਪੁਟ ਲਿਆ, ਤੇ ਆਰਾਮ ਕਰਨ ਲਈ ਪੈ ਗਿਆ।

ਉਹਨੇ ਆਰਾਮ ਚੋਖਾ ਚਿਰ ਕੀਤਾ ਜਾਂ ਨਾ ਕੀਤਾ, ਇਹਦਾ ਹੁਣ ਕਿਸੇ ਨੂੰ ਚੇਤਾ ਨਹੀਂ ਰਿਹਾ, ਪਰ ਜਿਸ ਪਲ ਹੀ ਉਹ ਉਠਿਆ, ਉਹ ਏਡੀ ਉਚੀ ਸਾਰੀ ਚਿਲਕਿਆ ਕਿ ਉਹਦੀ ਆਵਾਜ਼ ਹਰ ਕਿਸੇ ਦੇ ਕੰਨੀਂ ਆ ਪਈ;

“ਆਓ, ਲੋਕੋ, ਘਰਾਂ ਵਾਲਿਉ ਤੇ ਘਰਾਂ ਵਾਲੀਉ, ਬੁਢਿਉ ਤੇ ਜਵਾਨੋ, ਤੁਹਾਨੂੰ ਹਰ ਰੋਜ਼ ਹਰ ਇਕ ਨੂੰ ਮੇਰੇ ਲਈ ਇਕ ਚੜ੍ਹਾਵਾ ਲਿਆਣਾ ਹੋਏਗਾ: ਕੋਈ ਇਕ ਗਾਂ ਲਿਆ ਸਕਦੈ, ਤੇ ਕੋਈ ਦੂਜਾ - ਇਕ ਲੇਲਾ, ਤੇ ਕੋਈ ਤੀਜਾ - ਇਕ ਸੂਰ! ਜਿਹੜਾ ਆਗਿਆ ਪਾਲੇਗਾ, ਉਹ ਜੀਵੇਗਾ। ਜਿਹੜਾ ਨਹੀਂ ਪਾਲੇਗਾ, ਉਹ ਮਰੇਗਾ, ਉਹਨੂੰ ਮੈਂ ਨਿਘਾਰ ਜਾਵਾਂਗਾ ! ਲੋਕ ਡਰ ਗਏ ਤੇ ਉਹ ਅਜਗਰ ਨੂੰ ਚੜ੍ਹਾਵਾ ਪਹੁੰਚਾਣ ਲਗ ਪਏ, ਜਿਹੜਾ ਉਹਨੇ ਮੰਗਿਆ ਸੀ। ਇੰਜ ਕਿੰਨਾ ਹੀ ਚਿਰ ਹੁੰਦਾ ਰਿਹਾ ਤੇ ਅਖ਼ੀਰ ਇਕ ਦਿਨ ਆਇਆ, ਜਦੋਂ ਲਿਆਉਣ ਲਈ ਕੁਝ ਬਾਕੀ ਹੀ ਨਾ ਰਿਹਾ। ਇਸ ਲਈ ਕਿ ਹਰ ਕਿਸੇ ਕੋਲ ਅਸਲੋਂ ਉਹੀਉ ਚੀਜ਼ ਹੀ ਰਹਿ ਗਈ ਸੀ, ਜਿਹਦੇ ਬਿਨਾਂ ਡੰਗ ਨਹੀਂ ਸੀ ਟਪ ਸਕਦਾ। ਪਰ ਅਜਗਰ ਇਸ ਕਿਸਮ ਦਾ ਸੀ ਕਿ ਉਹ ਤੂੜ ਕੇ ਖਾਧੇ ਬਿਨਾਂ ਇਕ ਦਿਨ ਵੀ ਨਹੀਂ ਸੀ ਲੰਘਾ ਸਕਦਾ। ਤਾਂ, ਉਹ ਪਿੰਡੋਂ ਪਿੰਡ ਉੱਡਣ ਲਗਾ, ਲੋਕਾਂ ਨੂੰ ਫੜਨ ਤੇ ਚੁਕ ਆਪਣੇ ਘੁਰਨੇ ਵਿਚ ਲਿਆਉਣ ਲਗਾ।

ਲੋਕ ਗੁਆਚੀਆਂ ਰੂਹਾਂ ਵਾਂਗ ਵੈਣ ਪਾਂਦੇ ਫਿਰਦੇ, ਨਿਰਦਈ ਅਜਗਰ ਤੋਂ ਆਪਣੀ ਖਲਾਸੀ ਕਰਾਣ ਦਾ ਅਜਾਈਂ ਚਾਰਾ ਕਰਦੇ ਫਿਰਦੇ।

ਹੋਇਆ ਇਹ ਕਿ, ਅਸਲੋਂ ਉਹਨੀ ਹੀ ਦਿਨੀਂ ਉਸ ਇਲਾਕੇ ਵਿਚ ਇਕ ਆਦਮੀ ਆ ਨਿਕਲਿਆ, ਜਿਹਦਾ ਨਾਂ ਵਾਸੀਲ ਸੀ, ਤੇ ਉਹਨੇ ਵੇਖਿਆ ਲੋਕ ਹਥ ਮਲਦੇ ਤੇ ਉਚੀ-ਉਚੀ ਕੁਰਲਾਂਦੇ, ਉਦਾਸ ਤੇ ਨਿਮੋਝੂਣੇ ਹੋਏ ਪਏ ਫਿਰਦੇ ਸਨ।

“ਗਲ ਕੀ ਏ?" ਉਹਨੇ ਪੁਛਿਆ "ਸਾਰੇ ਰੋ ਕਿਉਂ ਰਹੇ ਹੋ?"

ਲੋਕਾਂ ਨੇ ਉਹਨੂੰ ਆਪਣੀ ਮੁਸੀਬਤ ਦੱਸੀ, ਤੇ ਵਾਸੀਲ ਉਹਨਾਂ ਨੂੰ ਧਰਵਾਸ ਦੇਣ ਲਗਾ।

"ਫ਼ਿਕਰ ਨਾ ਕਰੋ,"ਉਹਨੇ ਆਖਿਆ।"ਮੈਂ ਤੁਹਾਨੂੰ ਇਸ ਆਫ਼ਤ ਤੋਂ ਬਚਾਣ ਦਾ ਜਤਨ ਕਰਾਂਗਾ।"

ਤੇ ਇਕ ਭਾਰਾ ਲਠ ਚੁਕ, ਉਹ ਉਸ ਜੰਗਲ ਵਿਚ ਜਾ ਪਹੁੰਚਿਆ, ਜਿਥੇ ਅਜਗਰ ਰਹਿੰਦਾ ਸੀ।

ਅਜਗਰ ਨੇ ਉਹਨੂੰ ਵੇਖਿਆ ਤੇ ਆਪਣੀਆਂ ਵਡੀਆਂ-ਵਡੀਆਂ ਹਰੀਆਂ ਅੱਖਾਂ ਝਮਕਾ, ਪੁੱਛਣ ਲਗਾ:

"ਇਹ ਲਠ ਚੁਕ ਕੇ ਕਿਉਂ ਆਇਐਂ?"

"ਤੈਨੂੰ ਧੈਂਬੜ ਚਾੜ੍ਹਨ ਲਈ!"ਵਾਸੀਲ ਨੇ ਜਵਾਬ ਦਿਤਾ।

"ਤੋਬਾ, ਬੜਾ ਬਹਾਦਰ ਏਂ ਤੂੰ!" ਅਜਗਰ ਨੇ ਆਖਿਆ। “ਚੰਗਾ ਹੋਵੇ ਜੇ ਅਜੇ ਜਦੋਂ ਤੂੰ ਨਠ ਸਕਣੈਂ, ਨਠ ਜਾਏਂ ਤਾਂ। ਏਸ ਲਈ ਕਿ ਮੈਂ ਇਕੋ ਫੂਕ ਈ ਮਾਰਨੀਂ ਏ, ਤੇ ਤੂੰ ਏਥੋਂ ਇੰਜ ਉਡਣਾ ਏਂ ਕਿ ਦਿਸਣਾ ਈ ਨਹੀਂ, ਪੂਰੇ ਤਿੰਨ ਵਰਸਤ ਦੂਰ ਜਾ ਪਏਂਗਾ!"

ਵਾਸੀਲ ਮੁਸਕਰਾਇਆ।

"ਬੁੱਢੇ ਕਾਂ-ਡਰਾਵਿਆ, ਐਵੇਂ ਫੜਾਂ ਨਾ ਮਾਰ ਪਿਆ," ਉਹਨੇ ਆਖਿਆ। “ਮੈਂ ਤੇਰੇ ਤੋਂ ਵਡੇ ਦੈਂਤ ਵੇਖੇ ਹੋਏ ਨੇ। ਤਕਣੇ ਆਂ, ਕਿਦੵੀ ਫੂਕ 'ਚ ਬਹੁਤਾ ਜ਼ੋਰ ਏ। ਚਲ ਫੇਰ, ਮਾਰ ਫੂਕ!"

ਤੇ ਅਜਗਰ ਨੇ ਏਡੇ ਜ਼ੋਰ ਨਾਲ ਫੂਕ ਮਾਰੀ ਕਿ ਪੱਤੇ ਦਰਖ਼ਤਾਂ ਤੋਂ ਝੜ ਪਏ, ਤੇ ਵਾਈਲ ਗੋਡਿਆਂ ਪਰਨੇ ਜਾ ਪਿਆ।

"ਛਡ, ਇਹ ਵੀ ਕੋਈ ਫੂਕ ਏ!" ਟਪ ਕੇ ਉਠ ਖਲੋਦਿਆਂ, ਉਹਨੇ ਕਿਹਾ। “ਇਹਨੂੰ ਵੇਖ ਬਿੱਲੀ ਦਾ ਹਾਸਾ ਨਿਕਲ ਸਕਦਾ ਏ! ਹੁਣ ਮੈਨੂੰ ਮਾਰਨ ਦੇ। ਸਿਰਫ਼ ਗਲ ਇਹ ਏ, ਜੇ ਤੂੰ ਨਹੀਂ ਚਾਹੁੰਦਾ, ਤੇਰੇ ਆਨੇ ਨਿਕਲ ਪੈਣ ਤਾਂ ਉਹਨਾਂ ਉਤੇ ਪੱਟੀ ਬੰਨ੍ਹ ਲੈ।"

ਅਜਗਰ ਨੇ ਅੱਖਾਂ ਉਤੇ ਰੂਮਾਲ ਬੰਨ੍ਹ ਲਿਆ, ਤੇ ਵਾਸੀਲ ਉਹਦੇ ਕੋਲ ਆ ਗਿਆ ਤੇ ਉਹਨੇ ਲਠ ਉਹਦੇ ਸਿਰ ਉਤੇ ਏਡੇ ਜ਼ੋਰ ਨਾਲ ਦੇ ਮਾਰਿਆ ਕਿ ਅਜਗਰ ਦੀਆਂ ਅੱਖਾਂ ਵਿਚੋਂ ਚੰਗਿਆੜੇ ਨਿਕਲ ਆਏ।

"ਕੀ ਇਹਦਾ ਮਤਲਬ ਏ, ਤੂੰ ਮੇਰੇ ਨਾਲੋਂ ਤਕੜਾ ਏ?" ਅਜਗਰ ਨੇ ਪੁਛਿਆ। “ਚਲ ਫੇਰ ਕਰੀਏ,ਤੇ ਵੇਖੀਏ ਸਾਡੇ 'ਚੋਂ ਕਿਹੜਾ ਚਟਾਨ ਨੂੰ ਬਹੁਤੀ ਤੇਜ਼ੀ ਨਾਲ ਤੋੜ ਸਕਦੈ।"

ਤੇ ਅਜਗਰ ਨੇ ਇਕ ਪੂਰੇ ਸੌ ਪੂਡ ਵਜ਼ਨ ਵਾਲੀ ਚਟਾਨ ਫੜੀ ਤੇ ਉਹਨੂੰ ਆਪਣੇ ਪੰਜਿਆਂ ਵਿਚ ਏਡੇ ਜ਼ੋਰ ਨਾਲ ਘੁਟ ਚੂਰੋ-ਚੂਰ ਕਰ ਦਿਤਾ ਕਿ ਮਿੱਟੀ ਬੱਦਲ ਬਣ ਕੇ ਉਡ ਪਈ।

"ਬੜੀ ਮਲ ਮਾਰੀ ਆ! ਵਾਸੀਲ ਹਸਿਆ। “ਗਲ ਤਾਂ ਹੋਏ ਜੇ ਤੂੰ ਉਹਨੂੰ ਏਨਾ ਘੁਟ ਦੇਵੇਂ ਕਿ ਵਿਚੋਂ ਪਾਣੀ ਨਿਕਲ ਆਏ।” ਅਜਗਰ ਡਰ ਗਿਆ। ਉਹਨੂੰ ਮਹਿਸੂਸ ਹੋਣ ਲਗ ਪਿਆ ਸੀ ਕਿ ਉਹਨਾਂ ਦੋਵਾਂ ਵਿਚੋਂ ਵਾਸੀਲ ਤਕੜਾ ਸੀ, ਤੇ ਵਾਸੀਲ ਦੇ ਲਠ ਵਲ ਵੇਖਦਿਆਂ, ਉਹ ਕਹਿਣ ਲਗਾ: “ਮੈਥੋਂ ਮੰਗ ਜੁ ਮੰਗਣਾ ਈਂ, ਤੇ ਤੈਨੂੰ ਮਿਲ ਜਾਏਗਾ।”

“ਮੈਨੂੰ ਚਾਹੀਦਾ ਈ ਕੁਝ ਨਹੀਂ, ਵਾਸੀਲ ਨੇ ਜਵਾਬ ਦਿਤਾ। “ਮੇਰੇ ਕੋਲ ਘਰ ਹਰ ਚੀਜ਼ ਚੰਗੀ–ਚੋਖੀ ਏ, ਤੇਰੇ ਨਾਲੋਂ ਬਹੁਤੀ।

“ਸਚ ਕਹਿ ਰਿਹੈਂ ? ਅਜਗਰ ਨੇ ਬੇਵਿਸ਼ਵਾਸੀ ਨਾਲ ਪੁਛਿਆ।

"ਜੇ ਅਤਬਾਰ ਨਹੀਉਂ ਆਉਂਦਾ, ਤਾਂ ਆ ਤੇ ਅੱਖੀਂ ਵੇਖ ਲੈ! ਤੇ ਉਹ ਗੱਡੇ ਵਿਚ ਬੈਠ ਗਏ ਤੇ ਚਲ ਪਏ।

ਪਰ ਏਧਰ ਅਜਗਰ ਨੂੰ ਭੁਖ ਲਗ ਰਹੀ ਸੀ। ਉਹਨੂੰ ਜੰਗਲ ਦੇ ਸਿਰੇ ਤੇ ਢਗਿਆਂ ਦਾ ਇਕ ਵਗ ਦਿਸਿਆ ਤੇ ਉਹ ਵਾਸੀਲ ਨੂੰ ਕਹਿਣ ਲਗਾ:

“ਜਾ ਇਕ ਢੱਗਾ ਫੜ ਲਿਐ, ਤੇ ਕੁਝ ਖਾਣ ਨੂੰ ਹੋ ਜਾਏਗਾ ਸਾਡੇ ਕੋਲ। ਤੇ ਵਾਸੀਲ ਜੰਗਲ ਵਿਚ ਚਲਾ ਗਿਆ ਤੇ ਲੀਪਾ ਦੇ ਦਰਖ਼ਤਾਂ ਤੋਂ ਛਿਲ ਲਾਹੁਣ ਲਗ ਪਿਆ। ਅਜਗਰ - ਉਡੀਕਦਾ ਰਿਹਾ ਤੇ ਉਡੀਕਦਾ ਰਿਹਾ ਤੇ ਅਖੀਰ ਉਹਨੂੰ ਲੱਭਣ ਲਈ ਨਿਕਲ ਪਿਆ।

(ਲੀਪਾ-ਸਫ਼ੈਦੇ ਵਰਗਾ ਇਕ ਰੁਖ - ਸੰ :)

"ਏਨਾ ਚਿਰ ਕਿਉਂ ਲਗ ਰਿਹਾ ਈ?" ਉਹਨੇ ਉਹਦੇ ਤੋਂ ਪੁਛਿਆ।

“ਵੇਖਦਾ ਨਹੀਂ, ਮੈਂ ਲੀਪਾ ਦੇ ਦਰਖ਼ਤਾਂ ਦੀ ਛਿੱਲ ਲਾਹ ਰਿਹਾਂ, ਵਾਸੀਲ ਨੇ ਜਵਾਬ ਦਿਤਾ।

“ਛਿੱਲ ਕੀ ਕਰਨੀ ਆਂ?” “ਕੁਝ ਰੱਸੀ ਵਟਣੀ ਏ, ਏਸ ਲਈ ਕਿ ਰੋਟੀ ਲਈ ਕੋਈ ਪੰਜ ਢੱਗੇ ਫੜ ਸਕੀਏ। "

"ਪੰਜ ਢੱਗੇ ਅਸੀਂ ਕੀ ਕਰਨੇ ਨੇ? ਇਕੋ ਕਾਫ਼ੀ ਏ।" ਤੇ ਅਜਗਰ ਨੇ ਇਕ ਢੱਗੇ ਨੂੰ ਧੌਣੋਂ ਫੜ ਲਿਆ ਤੇ ਧਰੀਕਦਾ-ਧਰੀਕਦਾ ਉਹਨੂੰ ਗੱਡੇ ਕੋਲ ਲੈ ਗਿਆ।

“ਜਾ ਹੁਣ ਕੁਝ ਲੱਕੜ ਲੈ ਆ, ਢੱਗੇ ਨੂੰ ਭੁੰਨਣ ਲਈ, ਉਹਨੇ ਵਾਸੀਲ ਨੂੰ ਆਖਿਆ। ਤੇ ਵਾਸੀਲ ਜੰਗਲ ਵਿਚ ਇਕ ਸ਼ਾਹ ਬਲੂਤ ਦੇ ਦਰਖ਼ਤ ਹੇਠ ਬਹਿ ਗਿਆ, ਉਹਨੇ ਆਪਣੇ ਲਈ ਇਕ ਸਿਗਰਟ ਵੱਟੀ ਤੇ ਸੂਟੇ ਲਾਣ ਲਗ ਪਿਆ।

ਅਜਗਰ ਉਹਨੂੰ ਕਿੰਨਾ ਹੀ ਚਿਰ ਉਡੀਕਦਾ ਰਿਹਾ, ਤੇ ਅਖ਼ੀਰ ਜਦੋਂ ਉਹਦੇ ਸਬਰ ਦੀ ਹਦ ਹੋ ਗਈ, ਉਹਨੂੰ ਲੱਭਣ ਲਈ ਨਿਕਲ ਪਿਆ।

ਏਨਾ ਚਿਰ ਕਿਉਂ ਲਗ ਰਿਹਾ ਈ?" ਉਹਨੇ ਵਾਸੀਲ ਨੂੰ ਪੁਛਿਆ।

“ਮੈਂ ਕੋਈ ਬਾਰਾਂ ਸ਼ਾਹ ਬਲੂਤ ਲਿਜਾਣਾ ਚਾਹੁਣਾ, ਚੁਣਨ ਲਗਾ ਹੋਇਆਂ, ਸਭ ਤੋਂ ਸੰਘਣੇ ਕਿਹੜੇ ਨੇ।"

"ਅਸਾਂ ਬਾਰਾਂ ਸ਼ਾਹ ਬਲੂਤ ਕੀ ਕਰਨੇ ਨੇ? ਇਕੋ ਕਾਫ਼ੀ ਏ,” ਅਜਗਰ ਨੇ ਆਖਿਆ ਤੇ ਇਕੋ ਮਰੋੜਾ ਦੇ, ਉਹਨੇ ਸਭ ਤੋਂ ਸੰਘਣਾ ਸ਼ਾਹ ਬਲੂਤ ਪੁਟ ਲਿਆ।

ਉਹਨੇ ਢੱਗੇ ਨੂੰ ਭੁੰਨਿਆ ਤੇ ਵਾਸੀਲ ਨੂੰ ਸਦਿਆ, ਆਏ ਉਹਦੇ ਨਾਲ ਬਹਿ ਕੇ ਖਾਵੇ।

"ਲਗ ਪਓ, ਆਪ ਈ ਖਾ ਪਿਆ," ਵਾਸੀਲ ਨੇ ਆਖਿਆ। “ਮੈਂ ਘਰ ਜਾ ਕੇ ਖਾ ਲਾਂਗਾ। ਇਕ ਢੱਗਾ ਮੇਰੇ ਲਈ ਕੀ ਏ—ਇਕੋ ਬੁਰਕੀ!"

ਅਜਗਰ ਨੇ ਢੱਗਾ ਖਾ ਲਿਆ ਤੇ ਬੁਲ ਚੱਟਣ ਲਗਾ। ਉਹ ਗੱਡੇ 'ਤੇ ਬਹਿ ਫੇਰ ਚਲ ਪਏ ਤੇ ਛੇਤੀ ਹੀ ਵਾਸੀਲ ਦੇ ਘਰ ਕੋਲ ਪਹੁੰਚ ਪਏ। ਬਚਿਆਂ ਨੇ ਦੂਰੋਂ ਆਪਣੇ ਪਿਓ ਨੂੰ ਆਉਂਦਿਆਂ ਤਕਿਆ, ਤੇ ਉਹ ਖੁਸ਼ੀ ਨਾਲ ਕੂਕਾਂ ਮਾਰਨ ਲਗ ਪਏ :

“ਬਾਪੂ ਆ ਗਿਐ! ਬਾਪੂ ਆ ਗਿਐ!"

ਪਰ ਅਜਗਰ ਨੂੰ ਸਮਝ ਨਾ ਪਈ ਤੇ ਉਹ ਪੁੱਛਣ ਲਗਾ :

“ਬੱਚੇ ਕੀ ਰੌਲਾ ਪਾ ਰਹੇ ਨੇ?"

"ਵੇਖ ਕੇ ਬੜੇ ਖੁਸ਼ ਹੋਏ ਨੇ, ਮੈਂ ਤੈਨੂੰ ਘਰ ਲਿਆ ਰਹਾਂ, ਉਹਨਾਂ ਨੂੰ ਖੁਆਣ ਲਈ। ਬੜੀ ਭੁਖ ਲਗੀ ਹੋਈ ਨੇ।"

ਹੁਣ ਤਾਂ ਅਜਗਰ ਦਾ ਤਰਾਹ ਹੀ ਨਿਕਲ ਗਿਆ, ਤੇ ਉਹਨੇ ਗੱਡੇ ਤੋਂ ਛਾਲ ਕਢ ਮਾਰੀ ਤੇ ਭਜ ਨਿਕਲਿਆ। ਪਰ ਉਹਨੂੰ ਰਾਹ ਨਾ ਲਭਿਆ ਤੇ ਉਹ ਦਲਦਲ ਵਿਚ ਜਾ ਵੜਿਆ। ਦਲਦਲ ਬੜੀ ਡੂੰਘੀ ਸੀ, ਤੇ ਡੂੰਘੀ ਸਚੀ ਮੁਚੀ ਉਹ ਏਨੀ ਸੀ ਕਿ ਉਹਦੀ ਤਹਿ ਤਕ ਨਹੀਂ ਸੀ ਪਹੁੰਚਿਆ ਜਾ ਸਕਦਾ, ਤੇ ਅਜਗਰ ਉਹਦੇ ਵਿਚ ਧਸ ਗਿਆ ਤੇ ਡੁਬ ਗਿਆ। ਤੇ ਏਸ ਤਰ੍ਹਾਂ ਉਹਦਾ ਅੰਤ ਹੋ ਗਿਆ।

  • ਮੁੱਖ ਪੰਨਾ : ਲੋਕ ਕਹਾਣੀਆਂ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ