Vaddi Kaun ? : Rajasthani Lok Kahani
ਵੱਡੀ ਕੌਣ? : ਰਾਜਸਥਾਨੀ ਲੋਕ ਕਥਾ
ਵੱਡੀ ਰਾਤ ਦਾ ਵੱਡਾ ਸਵੇਰਾ। ਲੋਕ ਕਥਾ ਵਿੱਚ ਸਚ ਬਥੇਰਾ। ਜਿਵੇਂ ਦੁੱਧ ਵਿੱਚ ਮੱਖਣ ਛੁਪਿਆ ਰਹਿੰਦਾ ਹੈ ਇਸੇ ਤਰ੍ਹਾਂ ਲੋਕ ਕਥਾ ਵਿੱਚ ਸੱਚ ਲੁਕਿਆ ਰਹਿੰਦਾ ਹੈ। ਬੀਜ ਵਿੱਚ ਪੂਰਾ ਰੁੱਖ ਤੇ ਰੁੱਖ ਵਿੱਚ ਬੀਜ, ਜਿਵੇਂ ਲੱਕੜ ਵਿੱਚ ਅੱਗ ਛਿਪੀ ਰਹਿੰਦੀ ਹੈ, ਇਸ ਤਰ੍ਹਾਂ ਲੋਕ ਕਥਾ ਵਿੱਚ ਬਰੀਕ ਮਰਮ ਲੁਕਿਆ ਹੁੰਦਾ ਹੈ, ਗੁੱਝਾ ਗਿਆਨ।
ਇੱਕ ਸੀ ਕਿਸਾਨ, ਕਿਸਾਨ ਦੇ ਦੋ ਬੇਟੇ। ਵੱਡੇ ਦਾ ਨਾਮ ਰੱਖਿਆ ਦੌਲਤ ਅਤੇ ਛੋਟੇ ਦਾ ਨਾਮ ਦੀਨ। ਉਮਰ ਵਿੱਚ ਤਿੰਨ ਸਾਲ ਦਾ ਫ਼ਰਕ ਪਰ ਸੁਭਾਅ ਵਿੱਚ ਫ਼ਰਕ ਵੱਡਾ। ਗਿੱਦੜ ਅਤੇ ਕਾਂ ਵਾਂਗ ਦੌਲਤ ਘਾਗ, ਦੀਨ ਘੁੱਗੀ ਕਬੂਤਰ ਵਾਂਗ ਭੋਲਾ ਭਾਲਾ, ਸਿੱਧਾ ਸਾਦਾ। ਦੌਲਤ ਠਿਗਣਾ, ਪੇਟੂ, ਕਣਕਵੰਨਾ ਰੰਗ, ਗਹਿਰੀਆਂ ਅੱਖਾਂ, ਚਪਟਾ ਨੱਕ, ਰੋਮ ਰੋਮ 'ਚੋਂ ਝਰਦੀ ਚਤੁਰਾਈ। ਦੀਨ ਪਤਲਾ ਤੇ ਲੰਮਾ, ਤਾਂਬੇ ਰੰਗਾ, ਤਿੱਖਾ ਨੱਕ, ਪਾਰਦਰਸ਼ੀ ਸ਼ਕਲ, ਨਿਰਮਲ ਅੱਖਾਂ, ਖਰਾ ਉਜਲਾ ਮਨ। ਵੱਡੇ ਭਰਾ ਦਾ ਪੂਰਾ ਆਦਰ ਕਰਦਾ। ਅੱਡੋ ਅੱਡ ਸੁਭਾਵਾਂ ਨੂੰ ਅੱਡੋ ਅੱਡ ਫਲ ਲੱਗੇ।
ਸੁਰਗਵਾਸ ਹੋਣ ਤੋਂ ਪਹਿਲਾਂ ਆਪਣੇ ਹੱਥੀਂ ਕਿਸਾਨ ਪਿਤਾ ਨੇ ਜ਼ਮੀਨ ਜਾਇਦਾਦ, ਪੈਸਾ ਟਕਾ, ਦੇਣਦਾਰੀ ਲੈਣਦਾਰੀ ਬਰੋ ਬਰਾਬਰ ਵੰਡ ਦਿੱਤੀ। ਦੋ ਸਾਲ ਵਿੱਚ ਹੌਲ਼ੀ ਹੌਲ਼ੀ ਬੇਈਮਾਨੀ ਸਦਕਾ ਦੌਲਤ ਨੇ ਦੀਨ ਦੀ ਜਾਇਦਾਦ ਹੜੱਪ ਕਰ ਲਈ। ਮਾਂ ਜਾਇਆ ਸਕਾ ਭਾਈ ਹੁੰਦੇ ਸੁੰਦੇ ਦੀਨ ਵੱਡੇ ਭਰਾ ਕੋਲ ਮਜ਼ਦੂਰੀ ਕਰਨ ਲੱਗਾ। ਉਸਦੀ ਟੁੱਟੀ ਫੁੱਟੀ ਝੌਂਪੜੀ ਦੇ ਕੰਮ ਕਾਜ ਠੱਪ ਹੁੰਦੇ ਗਏ, ਉਸਨੂੰ ਪਤਾ ਤੱਕ ਨਾ ਲੱਗਾ। ਲੋਕਾਂ ਤੋਂ ਕਿਹੜਾ ਕੋਈ ਗੱਲ ਲੁਕੀ ਛਿਪੀ ਰਹਿੰਦੀ ਹੈ ਇਸ ਵਾਸਤੇ ਦੀਨ ਨੂੰ ਕੌਣ ਆਪਣੀ ਧੀ ਦਾ ਹੱਥ ਫੜਾਏ? ਨਾ ਸ਼ਗਨ ਨਾ ਸ਼ਾਦੀ। ਦੌਲਤ ਦੌਲਤ ਸੀ, ਧੂਮ ਧਾਮ ਨਾਲ ਵਿਆਹ ਹੋਇਆ। ਸੰਜੋਗਾਂ ਦੀ ਗੱਲ, ਭਰਜਾਈ ਭਰਾ ਤੋਂ ਵੀ ਵੱਧ ਤੇਜ਼ ਤਰਾਰ, ਹੰਕਾਰਨ, ਛਟੀ ਹੋਈ ਔਰਤ। ਦਿਉਰ ਦੇ ਚੰਗੇ ਭਲੇ ਕੰਮ ਵਿੱਚ ਮੀਨ ਮੇਖ ਕੱਢਦੀ, ਲੜਨ ਦਾ ਕੋਈ ਮੌਕਾ ਨਾ ਖੁੰਝਾਉਂਦੀ। ਜਿਸ ਦਿਨ ਘਰ ਵਿੱਚ ਆਈ, ਗੋਹਾ ਵੀ ਦੀਨ ਚੁੱਕੇ, ਪਾਥੀਆਂ ਵੀ ਦੀਨ ਪੱਥੇ। ਸ਼ੁਰੂ ਸ਼ੁਰੂ ਵਿੱਚ ਤਾਂ ਅੱਧੇ ਦੁੱਧ ਵਿੱਚ ਅੱਧਾ ਪਾਣੀ ਪਾ ਕੇ ਦੇ ਵੀ ਦਿੰਦੀ ਥੋੜ੍ਹੇ ਦਿਨਾ ਪਿੱਛੋਂ ਤਾਂ ਦੀਨ ਦੇ ਹਿੱਸੇ ਬਸ ਲੱਸੀ ਆਉਂਦੀ। ਅੱਧੀ ਰਾਤ ਗਈ ਸੌਂਦਾ, ਸਰਘੀ ਵੇਲੇ ਸਵਖਤੇ ਉੱਠਦਾ। ਹਰੇਕ ਕੰਮ ਵਿੱਚ ਮਾਹਿਰ। ਹੁਨਰਮੰਦ। ਕੰਮ ਤੋਂ ਬਾਅਦ ਫੇਰ ਕੰਮ ਉਸ ਵਾਸਤੇ ਸੁੱਖ ਆਨੰਦ ਹੋਇਆ ਕਰਦਾ। ਪਿੰਡ ਦੇ ਲੋਕਾਂ ਨੇ ਬਥੇਰੀ ਵਾਰ ਉਸਨੂੰ ਸਮਝਾਇਆ ਸੀ ਪਰ ਉਸਦੇ ਪੱਲੇ ਕੋਈ ਗੱਲ ਨਾ ਪੈਂਦੀ। ਲੋਕ ਸੋਚਦੇ ਇਸ ਦੇ ਦੁੱਖਾਂ ਦਾ ਕੋਈ ਪਾਰਾਵਾਰ ਨਹੀਂ ਪਰ ਉਹ ਆਪਣੇ ਆਪ ਵਿੱਚ ਮਸਤ ਰਹਿੰਦਾ। ਹੋਠਾਂ ਉੱਪਰ ਬੱਚਿਆਂ ਵਰਗੀ ਮਾਸੂਮ ਮੁਸਕਾਨ ਖੇਡਦੀ ਰਹਿੰਦੀ। ਆਪਣੇ ਆਪ ਨੂੰ ਛੱਡ ਕੇ ਕਿਸੇ ਹੋਰ ਦੀ ਗੱਲ ਮੰਨਣ ਨੂੰ ਉਸਦਾ ਦਿਲ ਨਾ ਕਰਦਾ। ਦੂਜਿਆਂ ਦੀਆਂ ਗੱਲਾਂ ਵਿੱਚ ਆਉਣ ਦੀ ਆਦਤ ਪਈ ਹੀ ਨਹੀਂ।
ਇੱਕ ਦਿਨ ਗਰਮੀ ਦੀ ਰੁੱਤੇ, ਸਾਂ ਸਾਂ ਸ਼ੂਕਦੀਆਂ ਲੂਆਂ, ਅੱਗ ਵਰਗੀ ਧੁ ੱਪ ਵਿੱਚ ਉਹ ਝਾੜ ਝੰਖਾੜ ਪੁੱਟ ਕੇ ਜ਼ਮੀਨ ਵਾਹੀਯੋਗ ਬਣਾਉਣ ਲੱਗਾ ਹੋਇਆ ਸੀ। ਦਿਨ ਢਲਣ ਨੂੰ ਆ ਗਿਆ, ਭਾਬੀ ਰੋਟੀ ਲੈ ਕੇ ਨੀ ਆਈ। ਸਸਤਾਣ ਦੀ ਤਾਂ ਗੱਲ ਛੱਡੋ ਉਸਨੇ ਪਿੰਡ ਵੱਲ ਦੇਖਿਆ ਵੀ ਨਾ। ਪਰ ਜਿਨ੍ਹਾਂ ਨੇ ਦੇਖਣਾ ਸੀ ਉਨ੍ਹਾਂ ਤੋਂ ਕੀ ਛੁਪਿਆ? ਲੱਛਮੀ ਅਤੇ ਕਿਸਮਤ ਤਕਰਾਰ ਕਰਦੀਆਂ ਹੋਈਆਂ ਉਥੋਂ ਦੀ ਲੰਘੀਆਂ। ਲੱਛਮੀ ਕਹੇ- ਮੈਂ ਵੱਡੀ, ਕਿਸਮਤ ਕਹੇ ਮੈਂ। ਲਉ ਜੀ, ਦੀਨ ਨੂੰ ਦੇਖਣ ਸਾਰ ਉਨ੍ਹਾਂ ਨੂੰ ਫੈਸਲਾ ਕਰਨ ਦਾ ਮੌਕਾ ਮਿਲ ਗਿਆ। ਆਪਣੇ ਆਪ ਵਿੱਚ ਮਸਤ, ਦ੍ਰਿੜ੍ਹ ਇਰਾਦੇ ਦਾ ਮਨੁੱਖ ਨਿਰਵਿਘਨ ਕਹੀ ਚਲਾ ਰਿਹਾ ਸੀ, ਪਸੀਨੇ ਨਾਲ ਲਥ-ਪਥ, ਮਿੱਟੀ ਘੱਟੇ ਨਾਲ ਅੱਟਿਆ ਹੋਇਆ। ਉਸ ਵੱਲ ਇਸ਼ਾਰਾ ਕਰਕੇ ਲੱਛਮੀ ਕਹਿੰਦੀ- ਦੇਖ ਮੇਰਾ ਚਮਤਕਾਰ। ਮੇਰੇ ਵੱਲੋਂ ਮੂੰਹ ਮੋੜਨ ਵਾਲੇ ਦੀ ਇਹ ਹਾਲਤ ਹੁੰਦੀ ਹੈ। ਮੇਰੀ ਮਿਹਰਬਾਨੀ ਸਦਕਾ ਇਸ ਦਾ ਭਰਾ ਦੌਲਤ ਮੌਜਾਂ ਕਰ ਰਿਹਾ ਹੈ, ਗੁਲਛੱਰਰੇ ਉਡਾ ਰਿਹਾ ਹੈ ਤੇ ਇਹ ਦੀਨ, ਬਲਦ ਵਾਂਗ ਦਿਨ ਰਾਤ ਨ੍ਹੇਰਾ ਢੋਂਦਾ ਹੈ, ਖ਼ੂਨ ਪਸੀਨਾ ਵਹਾਉਂਦਾ ਹੈ। ਇਸ ਦਾ ਭਰਾ ਟੰਗ ਤੇ ਟੰਗ ਧਰਕੇ ਪਲੰਘ ਤੇ ਲੇਟਿਆ ਮੌਜ ਕਰਦਾ ਹੈ, ਬਹੂ ਮਹਿੰਦੀ ਰੰਗੇ ਹੱਥਾਂ ਨਾਲ ਪੱਖੀ ਝਲਦੀ ਹੈ।
-ਪਗ਼ਲੀ ਇਸ ਵਿੱਚ ਤੇਰਾ ਕੀ ਚਮਤਕਾਰ? ਕਿਸਮਤ ਮੁਸਕਾਈ- ਇਹ ਤਾਂ ਮੇਰਾ ਕ੍ਰਿਸ਼ਮਾ ਹੈ। ਪਿਤਾ ਦੀ ਮੌਤ ਬਾਅਦ ਤੂੰ ਤਾਂ ਬਰਾਬਰ ਬਰਾਬਰ ਵੰਡੀ ਗਈ ਸੀ ਪਰ ਮੈਂ ਦੀਨ ਦੀ ਮਦਦ ਨਹੀਂ ਕੀਤੀ ਇਸ ਕਰਕੇ ਕਸ਼ਟ ਭੋਗ ਰਿਹਾ ਹੈ। ਫੁੱਟੀ ਕਿਸਮਤ ਜੋੜ ਦਏਂ ਤੇਰੀ ਕੀ ਹੈਸੀਅਤ? ਹੁਣ ਵੀ ਜੋਰ ਲਾ ਕੇ ਦੇਖ ਲੈ, ਕੁਝ ਕਰ ਸਕਦੀ ਹੈਂ ਕਰਲੈ। ਕਸਰ ਨਾ ਛੱਡੀਂ ਕੋਈ।
ਲੱਛਮੀ ਦੇ ਕਾਲਜੇ ਵਿੱਚ ਇੱਕੋ ਵਾਰ ਜਿਵੇਂ ਹਜ਼ਾਰ ਸੂਲਾਂ ਖੁਭ ਗਈਆਂ। ਨੱਕ ਬੁੱਲ੍ਹ ਟੇਰ ਕੇ ਕਹਿਣ ਲੱਗੀ- ਜ਼ਿਆਦਾ ਹੰਕਾਰ ਗਾਲ ਦਿੰਦਾ ਹੈ। ਉਬਲਿਆ ਦੁੱਧ ਰਾਖ ਵਿੱਚ ਡਿੱਗਦਾ ਹੈ। ਤੇਰਾ ਮੇਰਾ ਕੀ ਮੁਕਾਬਲਾ? ਮੇਰੀ ਨਜ਼ਰ ਜਿਸ ਉੱਤੇ ਸਵੱਲੀ ਹੋਵੇ ਤੂੰ ਉਸਦਾ ਵਾਲ ਵਿੰਗਾ ਨੀ ਕਰ ਸਕਦੀ। ਜੇ ਮੈਂ ਨਜ਼ਰ ਫੇਰ ਲਵਾਂ, ਤੂੰ ਬੇਸ਼ੱਕ ਸਿਰ ਪਟਕ-ਪਟਕ ਮਰ ਜਾਏਂ ਤਾਂ ਵੀ ਕੁਝ ਨਹੀਂ ਹੋ ਸਕਦਾ। ਤੂੰ ਜੋ ਕਰਨੈ ਕਰਲੈ। ਮੈਂ ਇਸ ਇੱਕੋ ਫਸਲ ਨਾਲ ਦੀਨ ਦਾ ਬੇੜਾ ਪਾਰ ਕਰ ਦਿਆਂਗੀ, ਫਿਰ ਦੇਖਾਂਗੀ ਕੌਣ ਇਸਨੂੰ ਦੁਖ ਦਿੰਦਾ ਹੈ। ਦੇਖਦੀ ਜਾਈਂ, ਇਸ ਨੂੰ ਦੁੱਧ ਦੇ ਸਰੋਵਰ ਵਿੱਚ ਨਾ ਨੁਹਾ ਦਿਆਂ ਮੇਰਾ ਨਾਮ ਬਦਲ ਦੇਈਂ ਫੇਰ ਬੇਸ਼ੱਕ।
ਕਿਸਮਤ ਨੇ ਸੋਚਿਆ, ਪਾਗ਼ਲ ਨਾਲ ਬਹਿਸ ਵਿੱਚ ਉਲਝਣਾ ਠੀਕ ਨਹੀਂ ਹੁੰਦਾ। ਹੱਸ ਕੇ ਚੁੱਪ ਕਰ ਗਈ। ਉਸਦਾ ਹਾਸਾ ਲੱਛਮੀ ਨੂੰ ਜ਼ਹਿਰ ਵਾਂਗ ਲੱਗਾ। ਦੋਵਾਂ ਵਿੱਚ ਪੂਰੀ ਠਣ ਗਈ।
ਹਾੜ੍ਹੀ ਦੀ ਫਸਲ ਵੰਡਣ ਵੇਲੇ ਘਰ ਵਾਲੀ ਦੇ ਉਕਸਾਉਣ ਬਾਅਦ ਦੌਲਤ ਨੇ ਦੀਨ ਨੂੰ ਮਜਦੂਰੀ ਦੇ ਇਵਜ਼ ਵਿੱਚ ਕਿਹਾ- ਤੂੰ ਮਤੀਰੇ ਤੇ ਕੱਕੜੀਆਂ ਲੈ ਲੈ। ਵੇਲਾਂ ਨੂੰ ਫਲ ਲੱਗੇ ਨਾ ਲੱਗੇ ਤੇਰੇ ਭਾਗ। ਕਿਸੇ ਗੱਲ ਤੇ ਤਕਰਾਰ ਕਰਨਾ ਦੀਨ ਜਾਣਦਾ ਹੀ ਨਹੀਂ ਸੀ। ਹਾਂ ਕਰ ਦਿੱਤੀ। ਕੁਦਰਤ ਨੇ ਪਤਾ ਨੀ ਕੀ ਸੋਚ ਕੇ ਕਿਸ ਮੌਜ ਵਿੱਚ ਆ ਕੇ ਅਜੀਬੋ ਗ਼ਰੀਬ ਮਨੁੱਖ ਸਿਰਜ ਦਿੱਤਾ, ਉਸਦੇ ਭੇਤ ਕੌਣ ਜਾਣੇ? ਕਦੇ ਕਦੇ ਕਿਸੇ ਸ਼ਤਾਬਦੀ ਵਿੱਚ ਕੁਦਰਤ ਵੀ ਕੋਈ ਪਾਗ਼ਲਪਣ ਕਰਕੇ ਖ਼ੁਸ਼ ਹੋਇਆ ਕਰਦੀ ਹੈ, ਫਿਰ ਉਹ ਸੋਚ ਵਿਚਾਰ ਨਹੀਂ ਕਰਿਆ ਕਰਦੀ। ਆਦਮੀ ਆਦਮੀ ਹੈ, ਉਸਦਾ ਹਿਸਾਬ ਅੱਡ, ਕੁਦਰਤ ਦਾ ਮਜਾਜ਼ ਅੱਡ। ਤੇ ਉਧਰ ਲੱਛਮੀ ਦੀ ਖਿਝ ਖੱਪ ਵੱਖਰੀ ਕਿਸਮ ਦੀ। ਉਸਨੇ ਦੀਨ ਦੀ ਮਦਦ ਕਰਨੀ ਸੀ ਤਾਂ ਪਿੱਛੇ ਕਿਉਂ ਰਹੇ? ਮਤੀਰੇ ਮਤੀਰੇ ਅਤੇ ਕੱਕੜੀ ਕੱਕੜੀ ਵਿੱਚ ਬੀਜਾਂ ਦੀ ਥਾਂ ਅੱਖ ਬਚਾ ਕੇ ਉਸਨੇ ਹੀਰੇ ਮੋਤੀ ਭਰ ਦਿੱਤੇ। ਫਸਲ ਪੱਕੀ ਤਾਂ ਆਪਣੇ ਘਰ ਢੋਣ ਵਾਸਤੇ ਦੀਨ ਨੂੰ ਤਿੰਨ ਦਿਨ ਲੱਗੇ। ਇੱਕ ਵੀ ਬੀਜ ਜ਼ਾਇਆ ਨਹੀਂ ਕਰੇਗਾ। ਆਖ਼ਰੀ ਸਹਾਰਾ ਹੁਣ ਬੀਜਾਂ ਦਾ ਹੀ ਹੈ। ਮਗਜ਼ ਕੱਢਾਂਗੇ, ਭੁੰਨ-ਭੁੰਨ ਕੇ ਖਾਇਆ ਕਰਾਂਗੇ ਮੌਜ ਨਾਲ। ਬੀਜਾਂ ਨੂੰ ਘੜਿਆਂ ਵਿੱਚ ਪਾ ਕੇ ਛਾਂ ਹੇਠ ਮਿੱਟੀ ਵਿੱਚ ਦੱਬ ਕੇ ਰੱਖਾਂਗਾ, ਖ਼ਰਾਬ ਨੀਂ ਹੋਣਗੇ। ਪਹਿਲਾਂ ਕੱਕੜੀਆਂ ਦੇ ਮਗਜ਼। ਜਿੰਨਾ ਚਿਰ ਕੱਕੜੀਆਂ ਦੇ ਮਗਜ਼ ਨਹੀਂ ਮੁਕਦੇ, ਮਤੀਰੇ ਦੇ ਬੀਜ ਛੁਹੇਗਾ ਵੀ ਨਹੀਂ। ਸਾਰੀਆਂ ਗੱਲਾਂ ਦਾ ਪਤੈ।
ਸਾਰਾ ਦਿਨ ਮਿਹਨਤ ਕਰਕੇ ਕੜਾਕੇ ਦੀ ਭੁੱਖ ਲੱਗੀ। ਦਾਤੀ ਨਾਲ ਇੱਕ ਕੱਕੜੀ ਚੀਰੀ। ਬੀਜਾਂ ਦੀ ਬਜਾਏ ਲਿਸ਼ਕਦੇ ਕੰਕਰ ਦੇਖੇ, ਹੈਰਾਨ ਰਹਿ ਗਿਆ। ਇਹ ਕੀ ਹੋਇਆ? ਸਾਰੇ ਕੰਕਰ ਇੱਕੋ ਸਾਂਚੇ ਵਿੱਚ ਢਲੇ ਹੋਏ। ਇਹੋ ਜੀ ਅਣਹੋਣੀ ਨਾ ਕਦੇ ਦੇਖੀ ਨਾ ਸੁਣੀ। ਕੁਦਰਤ ਦੀਆਂ ਕੁਦਰਤ ਜਾਣੇ! ਦਿਲ ਤਾਂ ਨਹੀਂ ਸੀ ਕਰਦਾ ਪਰ ਇੱਕ ਮਤੀਰਾ ਚੀਰ ਲਿਆ। ਉਸ ਵਿੱਚ ਵੀ ਇਹੋ ਕੰਕਰ। ਦੋ ਤਿੰਨ ਕੱਕੜੀਆਂ ਦੋ ਤਿੰਨ ਮਤੀਰੇ ਹੋਰ ਤੋੜੇ, ਸਭ ਵਿੱਚ ਉਹੀ ਕੁਝ। ਹੁਣ ਹੋਰ ਮੱਥਾ ਕੀ ਮਾਰਨਾ? ਖਾਣ ਵਾਲਾ ਗੁੱਦਾ ਰੱਖ ਕੇ ਕੰਕਰ ਟੋਕਰੇ ਵਿੱਚ ਪਾਏ ਤੇ ਵਿਹੜੇ ਦੇ ਖੂੰਜੇ ਵਿੱਚ ਦੱਬ ਦਿੱਤੇ, ਗੋਲ-ਗੋਲ, ਸਾਫ਼-ਸਾਫ਼ ਚਿਕਨੇ-ਚਿਕਨੇ ਕੰਕਰ। ਭਾਈ ਭਰਜਾਈ ਹੱਸਣਗੇ, ਖਿੱਲੀ ਉਡਾਉਣਗੇ, ਸੋ ਉਨ੍ਹਾਂ ਨੂੰ ਕੀ ਦੱਸਣਾ! ਨਸੀਬ ਕੋਸੀ ਜਾਏ, ਇਹ ਪਾਠ ਉਸਨੇ ਪੜ੍ਹਿਆ ਨਹੀਂ ਸੀ, ਰੱਬ ਅੱਗੇ ਹਾੜ੍ਹੇ ਕੱਢਣੇ ਵੀ ਉਸਨੂੰ ਚੰਗੇ ਨਾ ਲੱਗਦੇ। ਸਬਰ ਸ਼ੁਕਰ ਵਾਲਾ ਸਿਧਾ ਸਾਦਾ ਬੰਦਾ।
ਵੱਡਾ ਭਰਾ ਦੌਲਤ ਉਸੇ ਤਰ੍ਹਾਂ ਮੌਜਾਂ ਲੁੱਟਦਾ ਰਿਹਾ। ਲੱਛਮੀ ਦੀ ਮਿਹਰ ਹੋਣ ਦੇ ਬਾਵਜੂਦ ਦੀਨ ਪਹਿਲਾਂ ਵਾਂਗ ਦਿਹਾੜੀ ਕਰਦਾ ਰਿਹਾ। ਲੋਕਾਂ ਭਾਣੇ ਦੁਖ ਝਲਦਾ। ਉਹੀ ਟੁੱਟੀ ਝੋਂਪੜੀ, ਉਹੀ ਖਸਤਾ ਹਾਲ ਵਿਹੜਾ, ਉਹੀ ਗ਼ਰੀਬ ਮਜ਼ਦੂਰ। ਦਿਨ ਚੜ੍ਹਦਾ ਛਿਪਦਾ ਰਿਹਾ। ਦੀਨ ਆਪਣੀ ਦੁਨੀਆ ਵਿੱਚ ਰਹਿੰਦਾ, ਨੌ ਲੱਖ ਤਾਰਿਆਂ ਨਾਲ ਜੜੀ ਹੋਈ ਰਾਤ ਆਪਣੇ ਹਿਸਾਬ ਨਾਲ ਢਲਦੀ। ਆਪਣੇ ਆਪ ਤੋਂ ਬਾਹਰ ਨਿਕਲਣ ਦੀ ਇੱਛਾ ਉਸਨੂੰ ਕਦੇ ਹੋਈ ਹੀ ਨਹੀਂ। ਆਪਣੀ ਮੌਜ ਵਿੱਚ ਵਗਦੀ ਨਦੀ ਨੂੰ ਹਜ਼ਾਰ ਕੋਹ ਦੂਰ ਜਾ ਕੇ ਵੀ ਪਤਾ ਨਹੀਂ ਲਗਦਾ ਹੁੰਦਾ ਪਿਆਸ ਕੀ ਹੁੰਦੀ ਹੈ। ਫੁੱਲ ਨੂੰ ਕੀ ਪਤਾ ਉਹ ਕਿੰਨਾ ਸੁਹਣਾ ਹੈ। ਬੱਦਲਾਂ ਅੰਦਰਲੇ ਪਾਣੀ ਵਿਚਕਾਰ ਘਿਰੀ ਬਿਜਲੀ ਨੂੰ ਕਦ ਇੱਛਾ ਹੋਈ ਕਿ ਆਪਣੀ ਅੱਗ ਬੁਝਾ ਲਵੇ?
ਕਿਸਮਤ ਲੱਛਮੀ ਵੱਲ ਦੇਖਦੀ, ਖਿੱਲੀ ਉਡਾਣ ਵਾਸਤੇ ਹੱਸਦੀ। ਉਸਦਾ ਹੱਸਣਾ ਲੱਛਮੀ ਨੂੰ ਅੱਗ ਲਾ ਦਿੰਦਾ। ਇੰਨੀ ਮਿਹਰਬਾਨੀ ਕਰਦੀ ਹਾਂ ਇਸ ਮੂਰਖ ਤੇ, ਪਰ ਇਹ ਉਹੀ ਗ਼ਰੀਬ ਦਾ ਗ਼ਰੀਬ। ਹੀਰੇ ਮੋਤੀਆਂ ਦੀ ਪਛਾਣ ਨਹੀਂ, ਝੂਰਦਾ ਹੈ ਬੀਜ ਕਿੱਧਰ ਗਏ, ਮਗਜ਼ ਖਾਣੇ ਸਨ! ਕੰਕਰ ਸਮਝ ਰਿਹੈ, ਇਸਦੀ ਅਕਲ ਦਾ ਕੀ ਕਰਾਂ? ਬੇਸ਼ੁਮਾਰ ਮਾਇਆ ਦੇ ਸਕਦੀ ਹੈ ਲੱਛਮੀ, ਇਸ ਦਾ ਕਰਨਾ ਕੀ ਐ, ਇਹ ਤਾਂ ਨਹੀਂ ਸਿਖਾ ਸਕਦੀ। ਜੇ ਅਕਲ ਨਹੀਂ, ਧਨ ਕੀ ਕਰੇ ਫੇਰ?
ਅੱਧਾ ਭੁੱਖਾ ਅੱਧਾ ਰੱਜਿਆ ਦੀਨ ਜੂਨ ਕੱਟਦਾ ਰਿਹਾ, ਦਿਨ ਆਪਣੇ ਹਿਸਾਬ ਨਾਲ ਬੀਤਦੇ ਗਏ। ਗ਼ਰੀਬ ਤੋਂ ਰੱਬ ਨੇ ਬੀਜ ਵੀ ਖੋਹ ਲਏ! ਭੁੰਨ ਕੇ ਮਗਜ਼ ਚੱਬਣ ਦਾ ਸੁਆਦ ਵੀ ਨਾ ਲੈ ਸਕਿਆ। ਮਗਜ਼ ਖਾਂਦੇ, ਲੱਸੀ ਦਾ ਛੰਨਾ ਪੀਂਦੇ, ਨਜ਼ਾਰਾ ਆ ਜਾਂਦਾ। ਉਮਰ ਵਧਦੀ ਗਈ ਪਰ ਅਕਲ ਉੱਥੇ ਦੀ ਉੱਥੇ। ਕੁਦਰਤ ਨੇ ਵੀ ਤਾਂ ਇਨ੍ਹਾਂ ਥੋੜ੍ਹੇ ਕੁ ਗਿਣੇ ਚੁਣੇ ਬੰਦਿਆਂ ਰਾਹੀਂ ਆਪਣੇ ਸੁਫ਼ਨਿਆਂ ਦਾ ਜ਼ਾਇਕਾ ਲੈਣਾ ਹੁੰਦੈ। ਪਸ਼ੂ-ਪੰਛੀ ਵੀ ਆਪਣੇ ਭਲੇ ਬੁਰੇ ਦਾ ਖ਼ਿਆਲ ਰੱਖਦੇ ਨੇ ਪਰ ਦੀਨ ਦੀ ਸਮਝ ਉਨ੍ਹਾਂ ਜਿੰਨੀ ਵੀ ਨਹੀਂ।
ਇੱਕ ਦਿਨ ਸੰਜੋਗ ਦੀ ਗੱਲ ਇਹ ਹੋਈ ਕਿ ਵਪਾਰ ਕਰਦਾ ਕਰਦਾ ਲੱਖੀ ਵਣਜਾਰਾ ਉਧਰੋਂ ਦੀ ਲੰਘਣ ਲੱਗਾ, ਦੀਨ ਦੀ ਝੌਂਪੜੀ ਦੇ ਬਾਹਰ ਖੁੱਲ੍ਹੇ ਥਾਂ ਤੰਬੂ ਤਾਣੇ, ਡੇਰਾ ਲਾ ਲਿਆ। ਕੇਸਰ, ਕਸਤੂਰੀ, ਸੁੱਕੇ ਮੇਵਿਆਂ ਦਾ ਵਪਾਰੀ, ਅਣਗਿਣਤ ਮਾਇਆ ਦਾ ਧਨੀ। ਕੇਵਲ ਅਮੀਰ ਉਮਰਾ, ਸੇਠ ਸ਼ਾਹੂਕਾਰ, ਰਾਜਾ ਮਹਾਰਾਜਾ, ਬਾਦਸ਼ਾਹ ਨਾਲ ਵਾਸਤਾ। ਮਨ ਚਾਹਿਆ ਭਾਉ ਦਸਦਾ ਤੇ ਗਾਹਕ ਸੋਚਦੇ ਸਸਤਾ ਦੇ ਰਿਹਾ ਹੈ, ਲਿਹਾਜ ਕਰ ਰਿਹੈ।
ਮੁੱਠੀ ਵਿੱਚ ਮਾਇਆ ਹੋਵੇ ਜੰਗਲ ਵਿੱਚ ਮੰਗਲ ਹੋ ਜਾਂਦਾ ਹੈ। ਸਵਾ ਘੜੀ ਰਾਤ ਢਲੀ, ਕੰਮ ਮੁਕਾ ਕੇ ਗਪਸ਼ਪ ਵਾਸਤੇ ਲੱਖੀ, ਦੀਨ ਦੇ ਵਿਹੜੇ ਵਿੱਚ ਚਲਾ ਗਿਆ। ਕਾਲੀ ਘੁੱਪ ਰਾਤ। ਹੱਥ ਨੂੰ ਹੱਥ ਨਾ ਲੱਭੇ। ਗ਼ਰੀਬ ਦੀਨ ਦੀ ਝੌਂਪੜੀ ਵਿੱਚ ਦੀਵਾ ਤੱਕ ਨਹੀਂ। ਗੱਲਾਂ ਕਰਦਿਆਂ ਲੱਖੀ ਵਣਜਾਰੇ ਨੇ ਇੱਕ ਖੂੰਜੇ ਵਿੱਚ ਰੌਸ਼ਨੀ ਦੇਖੀ। ਪੁੱਛਿਆ- ਇਹ ਇੱਧਰ ਕੁਝ ਜਲ ਰਿਹਾ ਹੈ ਭਾਈ। ਕਿਸ ਚੀਜ਼ ਦੀ ਲਾਟ ਹੈ ਇਹ?
ਦੀਨ ਨੇ ਕਿਹਾ- ਜਲਦਾ ਸੁਲਗਦਾ ਕੁਝ ਨਹੀਂ ਏਥੇ। ਡਰ ਨਾ। ਕੰਕਰਾਂ ਦਾ ਚਾਨਣ ਹੈ। ਨੇਰ੍ਹੇ ਵਿੱਚ ਰੋਜ਼ ਈ ਚਮਕਦੇ ਨੇ। ਵਣਜਾਰੇ ਨੂੰ ਬੜੀ ਹੈਰਾਨੀ ਹੋਈ। ਕੰਕਰ? ਇਹ ਕਿਹੋ ਜਿਹੇ ਕੰਕਰ? ਦੇਖਾਂ ਤਾਂ ਸਹੀ।
ਇਹ ਕਹਿਕੇ ਉਹ ਖੂੰਜੇ ਵੱਲ ਗਿਆ। ਨੇੜੇ ਜਾ ਕੇ ਝਲਕ ਦੇਖੀ, ਉਦੀਂ ਤਾੜ ਗਿਆ ਇਹ ਮੂਰਖ ਬੰਦਾ ਹੀਰੇ ਮੋਤੀਆਂ ਨੂੰ ਕੰਕਰ ਕਹਿ ਰਿਹੈ। ਹਥੇਲੀ ਵਿੱਚ ਰੱਖੇ ਤਾਂ ਜਿਵੇਂ ਬੀਰ ਵਹੁਟੀਆਂ ਹੋਣ! ਏਨੇ ਮੁੱਲਵਾਨ ਹੀਰੇ ਇਸ ਕੋਲ ਆਏ ਕਿੱਥੋਂ? ਅਕਲ ਅਤੇ ਅੱਖਾਂ ਦੋਵਾਂ ਨੂੰ ਚੌਂਧਕ ਲੱਗ ਗਈ। ਇੱਕ ਨਗੀਨਾ ਸੱਤ ਪੀੜ੍ਹੀਆਂ ਦੀ ਗ਼ਰੀਬੀ ਚੱਕ ਦਏ! ਇਸ ਦੇ ਖੂੰਜੇ ਵਿੱਚ ਕੰਕਰਾਂ ਵਾਂਗ ਸੁੱਟੇ ਪਏ ਹਨ! ਸਹੀ ਹੈ, ਜੌਹਰੀ ਬਗ਼ੈਰ ਕੌਣ ਪਛਾਣੇ! ਮੂਰਖਾਂ ਵਾਸਤੇ ਕੰਕਰ ਨੇ।
ਦੀਨ ਤੋਂ ਪੁੱਛਿਆ। ਉਸਨੇ ਕੋਈ ਗੱਲ ਨਹੀਂ ਛੁਪਾਈ। ਬੱਚਿਆਂ ਵਾਂਗ ਇੱਕ-ਇੱਕ ਦੋ-ਦੋ ਕੱਕੜੀਆਂ, ਮਤੀਰੇ ਦਾਤੀ ਨਾਲ ਚੀਰ ਕੇ ਵੀ ਦਿਖਾਏ। ਦੱਸਿਆ- ਹੱਕ ਤਾਂ ਮੇਰਾ ਬਾਜਰੇ ਦੇ ਖੇਤ ਉੱਪਰ ਬਣਦਾ ਸੀ, ਭਾਬੀ ਦੀ ਸੀਖਤ ਵਿੱਚ ਆ ਕੇ ਭਰਾ ਨੇ ਮੈਨੂੰ ਇਹ ਕੱਕੜੀਆਂ ਮਤੀਰਿਆਂ ਦਾ ਖੇਤ ਦੇ ਦਿੱਤਾ। ਕੁਦਰਤ ਵੀ ਸ਼ਾਇਦ ਭਾਬੀ ਦੀ ਸੀਖਤ ਮੰਨਦੀ ਹੈ। ਤੁਸੀਂ ਤਾਂ ਦੇਸ-ਪ੍ਰਦੇਸ ਵਿੱਚ ਘੁੰਮਦੇ ਰਹਿੰਦੇ ਹੋ, ਦੱਸੋ ਕਿਤੇ ਦੇਖਿਆ ਕੁਦਰਤ ਦਾ ਇਹ ਤਮਾਸ਼ਾ? ਬੀਜ ਹੁੰਦੇ, ਮਗਜ਼ ਕੱਢ ਕੇ ਖਾਂਦੇ ਮਜ਼ੇ ਨਾਲ। ਕੰਕਰ ਨਾ ਖਾਏ ਜਾਣ ਨਾ ਨਿਗਲੇ ਜਾਣ!
ਉਸਦੀਆਂ ਗੱਲਾਂ ਸੁਣਕੇ ਲੱਖੀ ਵਣਜਾਰਾ ਉਲਝਣ ਵਿੱਚ ਪੈ ਗਿਆ। ਯਕੀਨ ਆਵੇ ਤਾਂ ਕਿਵੇਂ ਆਵੇ? ਕੋਈ ਇਹੋ ਜਿਹਾ ਬੰਦਾ ਵੀ ਹੈ ਦੁਨੀਆ ਵਿੱਚ ਜਿਸਨੂੰ ਹੀਰੇ ਮੋਤੀ ਅਤੇ ਕੰਕਰ ਵਿੱਚ ਫ਼ਰਕ ਨਾ ਦਿਸੇ? ਸੈਂਕੜੇ ਸਾਧੂ ਸੰਤਾਂ, ਰਿਸ਼ੀਆਂ ਮੁਨੀਆਂ ਨਾਲ ਵਾਹ ਪਿਆ, ਇਹੋ ਜਿਹੀ ਅਭੇਦ ਖਰੀ ਨਜ਼ਰ ਤਾਂ ਅੱਜ ਤੱਕ ਨਹੀਂ ਦੇਖੀ। ਲੱਖੀ ਉਨ੍ਹਾਂ ਕੰਕਰਾਂ ਦਾ ਮੁੱਲ ਚੰਗੀ ਤਰ੍ਹਾਂ ਜਾਣਦਾ ਸੀ। ਖ਼ਜ਼ਾਨੇ ਦੀ ਮਰਿਆਦਾ ਦਾ ਮਾਣ ਰੱਖਦਿਆਂ ਦੀਨ ਨੂੰ ਕਿਹਾ- ਕੁਦਰਤ ਦੇ ਤਮਾਸ਼ੇ ਬਾਰੇ ਸੋਚਣਾ ਬੰਦ ਕਰ। ਇੱਕ- ਇੱਕ ਕੰਕਰ ਬਦਲੇ ਮੈਂ ਤੈਨੂੰ ਸੌ-ਸੌ ਮੁਹਰਾਂ ਦਿੰਦਾ। ਫੇਰ ਤਾਂ ਕੋਈ ਫ਼ਿਕਰ ਨਹੀਂ?
-ਮੈਂ ਫ਼ਿਕਰ ਦੀ ਗੱਲ ਕਦ ਕੀਤੀ? ਮੈਂ ਤਾਂ ਕੁਦਰਤ ਦੇ ਤਮਾਸ਼ੇ ਦਾ ਜ਼ਿਕਰ ਕੀਤਾ ਹੈ ਤੁਹਾਡੇ ਕੋਲ ਸਿਰਫ਼। ਲਗਦੈ ਤੁਸੀਂ ਵੀ ਮੇਰਾ ਮਜ਼ਾਕ ਉਡਾਣ ਲੱਗੇ। ਕੰਕਰ ਜਾਂ ਮੁਹਰਾਂ ਖਾ ਕੇ ਦਿਖਾਉ ਮੈਨੂੰ ਤਾਂ ਮੰਨਾ। ਓ ਪੇਟ ਤਾਂ ਮਗਜ਼ਾਂ, ਬਾਜਰੇ ਜਾਂ ਜਵਾਰ ਦੇ ਦਾਣਿਆਂ ਨਾਲ ਭਰੂ। ਮੇਰਾ ਫ਼ਿਕਰ ਨਾ ਕਰੋ। ਭੁੱਖ ਤ੍ਰੇਹ ਦੀ ਮੈਂ ਬਹੁਤੀ ਪਰਵਾਹ ਨਹੀਂ ਕਰਿਆ ਕਰਦਾ। ਮੈਂ ਤਾਂ ਮਤੀਰੇ ਦੇ ਗੁੱਦੇ ਨਾਲ ਕੰਮ ਸਾਰ ਲੂੰ। ਫੇਰ ਜੰਗਲ ਵਿੱਚ ਫਲ ਬੂਟੇ ਕਿਹੜਾ ਥੋੜ੍ਹੇ ਨੇ।
ਲੱਖੀ ਵਣਜਾਰੇ ਨੇ ਧੀਰਜ ਨਾਲ ਗੱਲ ਸਮਝਾਉਣੀ ਚਾਹੀ- ਬਾਜ਼ਾਰ ਜਾਹ। ਇੱਕ ਮੁਹਰ ਬਦਲੇ ਜੋ ਚਾਹੇਂ ਜਿੰਨਾ ਚਾਹੇਂ ਖਰੀਦ ਸਕਦੈਂ, ਘਿਉ, ਗੁੜ, ਖੰਡ, ਮਿਰਚ, ਮਸਾਲੇ, ਭਾਂਡੇ-ਟੀਂਡੇ, ਕੱਪੜੇ ਲੱਤੇ, ਗਾਂ ਮੱਝ ਕੁਝ ਵੀ। ਮੁਹਰਾਂ ਜੇਬ ਵਿੱਚ ਹੋਣ ਤਾਂ ਪੱਕੀ ਹਵੇਲੀ ਬਣਨ ਵਿੱਚ ਦੇਰ ਨਹੀਂ ਲਗਦੀ।
ਪਰ ਦੀਨ ਦੇ ਦਿਮਾਗ਼ ਵਿੱਚ ਕੋਈ ਗੱਲ ਵੜੀ ਹੀ ਨਾ। ਕਹਿੰਦਾ- ਨਾ ਬਾਬਾ ਨਾ, ਇਹ ਕੂੜਾ- ਕਬਾੜਾ ਮੈਨੂੰ ਨੀ ਠੀਕ ਲਗਦਾ। ਪਸ਼ੂ-ਪੰਛੀਆਂ ਕੋਲ ਕਿਹੜੀਆਂ ਮੁਹਰਾਂ ਨੇ? ਫੇਰ ਵੀ ਮਜ਼ੇ ਨਾਲ ਰਹਿੰਦੇ ਨੇ, ਉੱਡੇ ਫਿਰਦੇ ਨੇ। ਮੈਂ ਨੀ ਦੇਖਿਆ ਉਹ ਕਦੇ ਰੋਣ ਧੋਣ ਕਰਦੇ ਹੋਣ।
ਬਾਰ-ਬਾਰ ਲੱਖੀ ਵਣਜਾਰਾ ਜ਼ਿੱਦ ਕਰਦਾ ਰਿਹਾ ਤਾਂ ਆਖ਼ਰ ਜਵਾਰ ਬਾਜਰੇ ਦੀਆਂ ਪੰਜਾਹ ਭਰੀਆਂ ਬਦਲੇ ਦੀਨ ਸਾਰੇ ਹੀਰੇ, ਮਤੀਰੇ ਤੇ ਕੱਕੜੀਆਂ ਦੇਣੀਆਂ ਮੰਨ ਗਿਆ। ਉਲਟਾ ਲੱਖੀ ਵਣਜਾਰੇ ਨੂੰ ਸਮਝਾਉਣ ਲੱਗਾ- ਮੈਂ ਸਾਰਾ ਹਿਸਾਬ ਲਾ ਲਿਆ। ਸਾਲ ਭਰ ਵਾਸਤੇ ਇਹ ਅੰਨ ਮੇਰੇ ਲਈ ਬਹੁਤ ਹੈ। ਇਸ ਵਿੱਚੋਂ ਨਾ ਪੰਛੀਆਂ ਲਈ ਚੋਗੇ ਦੀ ਕਮੀ ਰਹੇ ਨਾ ਸਾਧੂ ਸੰਤਾਂ ਵਾਸਤੇ ਭੋਜਨ ਘਟੇ। ਤੇ ਮੈਨੂੰ ਬੈਠੇ ਬਠਾਏ ਨੂੰ ਦੋ ਵੇਲੇ ਦੀ ਰੋਟੀ! ਮੰਨੋ, ਮੇਰੀਆਂ ਲੋੜਾਂ ਬਹੁਤ ਘੱਟ ਨੇ। ਮੈਨੂੰ ਸੁਫ਼ਨੇ ਵਿੱਚ ਵੀ ਕਦੇ ਘਾਟਾ ਨਹੀਂ ਪਿਆ। ਕੁਦਰਤ ਦੀ ਮਨਸ਼ਾ ਵਾਂਗ ਜੀ ਰਿਹਾ ਹਾਂ। ਪੂਰਾ ਸੁਖੀ। ਕਮੀ ਹੈ ਈ ਨੀ ਜਦੋਂ। ਕੁਦਰਤ ਤੋਂ ਮੰਗੀ ਜਾਣਾ, ਮੰਗੀ ਜਾਣਾ, ਮੇਰੀ ਆਦਤ ਨਹੀਂ।
ਦੀਨ ਦੀ ਬੇਵਕੂਫ਼ੀ ਦਾ ਲੱਖੀ ਕੋਲ ਨਾ ਕੋਈ ਇਲਾਜ ਨਾ ਕੋਈ ਜਵਾਬ। ਦੀਨ ਨਹੀਂ ਮੰਨਿਆਂ ਤਾਂ ਠੀਕ ਹੈ, ਲੱਖੀ ਮੰਨ ਗਿਆ। ਤਾਂ ਵੀ ਏਨਾ ਮਾਲ ਮੁਫ਼ਤ ਵਿੱਚ ਲੈ ਕੇ ਲੱਖੀ ਨੂੰ ਜਿੰਨੀ ਖ਼ੁਸ਼ੀ ਹੋਣੀ ਚਾਹੀਦੀ ਸੀ, ਹੋਈ ਨਹੀਂ। ਬਦਲੇ ਵਿੱਚ ਦੀਨ ਜਿੰਨੀਆਂ ਮਰਜ਼ੀ ਮੁਹਰਾਂ ਲੈ ਲੈਂਦਾ, ਖ਼ੁਸ਼ੀ ਹੁੰਦੀ। ਦੀਨ ਦੇ ਵਰਤਾਰੇ ਬਾਅਦ ਸੋਚਣ ਲੱਗਾ- ਏਨੀ ਹਫ਼ੜਾ ਦਫੜੀ, ਭੱਜ ਦੌੜ, ਖਿੱਚ ਧੂਹ ਕਿਸ ਵਾਸਤੇ? ਆਖ਼ਰ ਸਭ ਛੱਡ ਛਡਾ ਕੇ ਇੱਕ ਦਿਨ ਖਾਲੀ ਹੱਥ ਜਾਣਾ ਤਾਂ ਪਵੇਗਾ ਹੀ। ਸਾਰੀ ਠਾਠ ਬਾਤ ਧਰੀ ਧਰਾਈ ਰਹਿ ਜਾਏਗੀ। ਕਾਣੀ ਕੌਡੀ ਨਾਲ ਨਹੀਂ ਜਾਣੀ। ਏਸ ਪ੍ਰਪੰਚ ਦੀ ਕਿਤੇ ਤਾਂ ਹੱਦ ਹੋਵੇ! ਨਾ ਦੀਨ ਵਾਲੇ ਪਾਗ਼ਲਪਣ ਨਾਲ ਗੱਲ ਬਣੇਗੀ ਨਾ ਵਣਜ ਵਪਾਰ ਦੇ ਨਿਰੰਤਰ ਚੱਕਰ ਵਿੱਚੋਂ ਕੁਝ ਨਿਕਲੇਗਾ। ਇਹੋ ਜਿਹੀ ਉਧੇੜ ਬੁਣ ਉਸਦੀ ਜ਼ਿੰਦਗੀ ਵਿੱਚ ਪਹਿਲੀ ਵਾਰ ਆਈ ਜ਼ਰੂਰ ਪਰ ਛੇਤੀ ਹੀ ਉਸਨੇ ਮੂੰਹ ਉੱਪਰੋਂ ਮੱਖੀ ਵਾਂਗ ਉਡਾ ਦਿੱਤੀ। ਹੁਣ ਇਹ ਕਾਰਵਾਂ ਸਮੇਟਣਾ ਆਸਾਨ ਕੰਮ ਨਹੀਂ। ਪਤਾ ਨਹੀਂ ਕਿੱਥੇ-ਕਿੱਥੇ ਵਪਾਰ ਦੀਆਂ ਤੰਦਾਂ ਉਲਝੀਆਂ ਪਈਆਂ ਨੇ। ਹੁਣ ਤੱਕ ਜੋ ਚੱਲਦਾ ਰਿਹਾ, ਉਹੀ ਚੱਲੇਗਾ। ਕਿਤੇ ਲੈਣਦਾਰੀਆਂ ਬਕਾਇਆ, ਕਿਤੇ ਦੇਣਦਾਰੀਆਂ। ਹੋਰ ਕੁਝ ਹੁਣ ਹੋ ਈ ਨੀਂ ਸਕਦਾ।
ਪਰ ਇਸ ਅਚਾਨਕ ਵਾਪਰੀ ਘਟਨਾ ਨੂੰ ਦੇਖ ਕੇ ਕਿਸਮਤ ਨੇ ਸੁਖ ਦਾ ਸਾਹ ਲਿਆ। ਲੱਛਮੀ ਵੱਲ ਮੁਸਕਰਾਉਂਦਿਆਂ ਬੋਲੀ- ਹੁਣ ਵੀ ਜ਼ਿੱਦ ਉੱਪਰ ਅੜੀ ਰਹੇਂਗੀ? ਤੇਰੀ ਅਪੰਰਪਾਰ ਮਿਹਰਬਾਨੀ ਦੇ ਬਾਵਜੂਦ ਦੀਨ ਨੂੰ ਘਾਟੇ ਦਾ ਘਾਟਾ। ਮੈਂ ਲੱਖੀ ਵਣਜਾਰੇ ਉੱਪਰ ਦਿਆਲੂ ਹੋਈ, ਦੀਨ ਦੀ ਸਾਰੀ ਮਾਇਆ ਇੱਧਰ ਆ ਡਿਗੀ ਮੁਫ਼ਤ ਵਿੱਚ। ਦੁਨੀਆ ਵਿਚਲਾ ਸਾਰਾ ਚਮਤਕਾਰ ਮੇਰਾ ਹੈ। ਤੂੰ ਹੁਣ ਵੀ ਨਾ ਮੰਨੇ ਤੇਰੀ ਮਰਜ਼ੀ।
-ਆਪਣੀ ਗੱਲ ਆਪਣੇ ਅੰਦਰ ਰੱਖ, ਲੱਛਮੀ ਨੇ ਕਿਹਾ- ਮੈਨੂੰ ਸਮਝਾਉਣ ਦੀ ਲੋੜ ਨਹੀਂ। ਮੇਰੀ ਮਰਜ਼ੀ ਜੋ ਮੇਰੀ ਮਰਜ਼ੀ। ਤੂੰ ਤਾਂ ਚੀਜ਼ ਹੀ ਕੀ ਮੈਂ ਰੱਬ ਦੀ ਪਰਵਾਹ ਨੀ ਕੀਤੀ ਕਦੀ, ਉਹ ਵੀ ਮੇਰੀ ਸੰਗਤ ਵਾਸਤੇ ਤਰਸਦੈ। ਮੇਰੇ ਕ੍ਰਿਸ਼ਮੇ ਦਾ ਮੈਨੂੰ ਪਤਾ, ਤੂੰ ਚੁੱਪਚਾਪ ਦੇਖਦੀ ਜਾਹ।
ਕਿਸਮਤ ਮੁਸਕਾਂਦੀ ਰਹੀ, ਲੱਛਮੀ ਖਿਝਦੀ ਰਹੀ।
ਅਚਾਨਕ ਲੱਖੀ ਵਣਜਾਰੇ ਦੇ ਦਿਲ ਵਿੱਚ ਰਾਜੇ ਦਾ ਖ਼ਿਆਲ ਆਇਆ ਤਦ ਬਚਿਆ ਖੁਚਿਆ ਆਨੰਦ ਉਸ ਕੋਲੋਂ ਖਿਸਕਣ ਲੱਗਾ। ਉੱਥੋਂ ਦਾ ਰਾਜਾ ਖਰਾ ਧਰਮੀ, ਖਰਾ ਇਨਸਾਫ਼ ਕਰਨ ਵਾਲਾ। ਵਣਜਾਰੇ ਨੂੰ ਪੁਰਾਣੀ ਘਟਨਾ ਯਾਦ ਆਈ। ਗ਼ਰੀਬ ਹੋਣ ਕਰਕੇ ਲੱਖੀ ਦੀ ਔਰਤ ਧਨਾਡ ਨਾਲ ਭੱਜ ਗਈ ਸੀ। ਲੱਖੀ ਇਸ ਰਾਜੇ ਕੋਲ ਆ ਕੇ ਫਰਿਆਦ ਕਰਦਾ ਤਾਂ ਰਾਜੇ ਨੇ ਔਰਤ ਲੱਖੀ ਨਾਲ ਤੋਰ ਦੇਣੀ ਸੀ। ਪਰ ਇੱਧਰ ਧਿਆਨ ਦੇਣ ਦੀ ਥਾਂ ਉਸਨੇ ਸੋਚਿਆ ਧਨ ਕਮਾਉਂਦੇ ਹਾਂ। ਦਿਨ ਦੁੱਗਣੀ ਰਾਤ ਚੌਗਣੀ ਆਮਦਨ ਹੁੰਦੀ ਰਹੀ। ਰਾਜੇ ਨੂੰ ਪੂਰਾ ਟੈਕਸ ਦਿੰਦਾ। ਇੱਕ ਜ਼ਿਮੀਦਾਰ ਦੀ ਸੁਹਣੀ ਧੀ ਨਾਲ ਵਿਆਹ ਹੋ ਗਿਆ। ਸੁਖੀ ਵਸ ਰਿਹਾ ਸੀ।
ਆਪਣਾ ਤਾਮਝਾਮ ਲੈ ਕੇ ਲੱਖੀ ਵਣਜਾਰਾ ਰਾਜ ਮਹਿਲ ਪੁੱਜਾ। ਮੋਤੀਆਂ ਨਾਲ ਭਰਿਆ ਸੋਨੇ ਦਾ ਥਾਲ ਰਾਜੇ ਨੂੰ ਨਜ਼ਰਾਨਾ ਭੇਟ ਕੀਤਾ। ਆਦਮੀ ਸੋਚਦਾ ਕੁਝ ਹੈ, ਹੋ ਕੁਝ ਹੋਰ ਜਾਂਦਾ ਹੈ। ਜੇ ਹਰ ਸੋਚੀ ਹੋਈ ਗੱਲ ਪੂਰੀ ਹੋ ਜਾਏ ਫੇਰ ਤਾਂ ਆਦਮੀ ਸੁਰਗ ਨੂੰ ਪੌੜੀਆਂ ਲਾ ਲਏ। ਰਾਜੇ ਕੋਲ ਰਾਜਕੁਮਾਰੀ ਬੈਠੀ ਸੀ। ਉਸਨੂੰ ਕੋਈ ਵਰ ਪਸੰਦ ਨਹੀਂ ਸੀ ਆਇਆ ਹੁਣ ਤੱਕ। ਇਹੋ ਜਿਹਾ ਅਮੁੱਲ ਖ਼ਜ਼ਾਨਾ ਦੇਖ ਕੇ ਰਾਜਾ ਖ਼ੁਸ਼ ਹੋਇਆ ਪਰ ਰਾਜਕੁਮਾਰੀ ਦੇ ਮੱਥੇ ਉੱਪਰ ਤਿਊੜੀਆਂ ਪੈ ਗਈਆਂ, ਬੋਲੀ- ਪਹਿਲੋਂ ਇਹ ਦੱਸੋ ਅਜਿਹਾ ਅਮੁੱਲ ਖ਼ਜ਼ਾਨਾ ਆਇਆ ਕਿੱਥੋਂ? ਹੁਣ ਰਾਜਾ ਵੀ ਕ੍ਰੋਧ ਵਿੱਚ ਆ ਗਿਆ। ਕਿਹਾ- ਪਹਿਲਾਂ ਤਾਂ ਇਹ ਦੱਸ ਇਹੋ ਜਿਹੇ ਹੀਰੇ ਲਏ ਕਿੱਥੋਂ, ਫਿਰ ਇਹ ਦੱਸ ਇਸ ਨਜ਼ਰਾਨੇ ਬਦਲੇ ਕਿਹੜਾ ਅਪਰਾਧ ਮਾਫ਼ ਕਰਵਾਉਣ ਦੀ ਮਨਸ਼ਾ ਹੈ? ਸੱਚ ਦੱਸ ਦਏਂ ਤਾਂ ਗੁਨਾਹ ਮਾਫ਼, ਝੂਠ ਬੋਲਿਆ ਤਾਂ ਜਿਉਂਦੇ ਨੂੰ ਅੱਗ ਵਿੱਚ।
ਵਣਜਾਰਾ ਲੱਗਾ ਥਰ-ਥਰ ਕੰਬਣ। ਅੱਖਾਂ ਅੱਗੇ ਧੁੰਦ ਛਾ ਗਈ। ਹੀਰਿਆਂ ਦਾ ਥਾਲ ਹੱਥੋਂ ਡਿੱਗ ਪਿਆ। ਖ਼ੁਦ ਤੁਰ ਕੇ ਸ਼ੇਰ ਦੀ ਗੁਫ਼ਾ ਵਿੱਚ ਜਾ ਪੁੱਜਾ! ਇਹੋ ਨਤੀਜਾ ਨਿਕਲਣਾ ਸੀ! ਸੱਚ ਬੋਲਣਾ ਪਿਆ।
ਰਾਜਕੁਮਾਰੀ ਦੰਗ ਰਹਿ ਗਈ। ਇਹੋ ਜਿਹੇ ਹੀਰੇ ਰਤਨਾ ਨੂੰ ਕੰਕਰ ਜਾਣਨ ਵਾਲਾ ਅਜੇ ਵੀ ਧਰਤੀ ਉੱਪਰ ਕੋਈ ਬੰਦਾ ਹੈ? ਯਕੀਨ ਨਹੀਂ ਆਉਂਦਾ। ਫਿਰ ਵੀ ਭਰੋਸਾ ਕਰਕੇ ਉਸਨੇ ਪਿਤਾ ਨੂੰ ਕਿਹਾ- ਇਸ ਨੂੰ ਮਾਫ਼ ਕਰ ਦਿਉ ਪਿਤਾ ਸ਼੍ਰੀ। ਇਹ ਨਜ਼ਰਾਨਾ ਲੈ ਕੇ ਨਾ ਆਉਂਦਾ ਤਾਂ ਮੈਨੂੰ ਅਜਿਹੇ ਅਮੁੱਲ ਜਵਾਨ ਦੀ ਦੱਸ ਨਾ ਪੈਂਦੀ। ਮੈਂ ਕਦੀ ਨਹੀਂ ਸੋਚਿਆ, ਮੇਰੇ ਕਾਬਲ ਕੋਈ ਜੁਆਨ ਹੈ ਜਾਂ ਹੋ ਸਕਦਾ ਹੈ। ਹੁਣ ਵਿਆਹ ਕਰਾਂਗੀ ਦੀਨ ਨਾਲ ਨਹੀਂ ਤਾਂ ਕਿਸੇ ਨਾਲ ਵੀ ਨਹੀਂ।
ਰਾਜੇ ਨੂੰ ਵੀ ਖ਼ੁਸ਼ੀ ਹੋਈ। ਏਨੀ ਸਮਝਦਾਰ ਧੀ ਕੁਆਰੀ ਕਿਉਂ ਰਹੇ? ਵਣਜਾਰੇ ਹੱਥ ਦੀਨ ਕੋਲ ਸਾਹਾ ਭੇਜ ਦਿੱਤਾ। ਢੋਲ ਨਗਾਰਿਆਂ ਨਾਲ ਲੱਖੀ ਜਦੋਂ ਪਿੰਡ ਪੁੱਜਾ ਤੇ ਦੀਨ ਨਾਲ ਰਾਜਕੁਮਾਰੀ ਦੇ ਸ਼ਗਨ, ਵਿਆਹ ਦੀ ਗੱਲ ਦੱਸੀ, ਸਾਰੇ ਦੰਗ ਰਹਿ ਗਏ। ਵੱਡੇ ਭਰਾ ਦੌਲਤ ਅਤੇ ਉਸਦੀ ਬੀਵੀ ਨੇ ਇੱਕ ਪਾਸੇ ਲਿਜਾ ਕੇ ਲੱਖੀ ਨੂੰ ਬੜਾ ਸਮਝਾਇਆ, ਦੀਨ ਦੀ ਨਿੰਦਾ ਚੁਗਲੀ ਕੀਤੀ, ਬੁਰਾ ਭਲਾ ਕਿਹਾ ਪਰ ਵਣਜਾਰਾ ਕਹੇ- ਮੈਂ ਰਾਜੇ ਦਾ ਹੁਕਮ ਕਿਵੇਂ ਟਾਲਾਂ? ਆਪਣੀ ਇੱਛਾ ਵਿਰੁੱਧ ਦੌਲਤ ਨੂੰ ਚੁੱਪ ਕਰਨਾ ਪਿਆ। ਭਾਬੀ ਡਰ ਗਈ, ਰਾਜੇ ਦਾ ਜਵਾਈ ਹੋ ਕੇ ਬਦਲਾ ਤਾਂ ਲਏਗਾ ਹੀ ਲਏਗਾ। ਪਰ ਰਾਜੇ ਅੱਗੇ ਕਿਸਦਾ ਜੋਰ? ਬੁੱਲ੍ਹ ਮਿਚ ਗਏ। ਡਰ ਤੋਂ ਵੱਡਾ ਕੋਈ ਗੁਰੂ ਨਹੀਂ। ਪਾਗ਼ਲ ਦੀਨ ਨੂੰ ਨਾ ਭੈਅ ਨਾ ਲੋਭ। ਉਹ ਤਾਂ ਆਪਣੀ ਸਾਜੀ ਹੋਈ ਦੁਨੀਆ ਵਿੱਚ ਜਿਉਣਾ ਚਾਹੁੰਦਾ ਸੀ। ਰਾਜਕੁਮਾਰੀ ਨਾਲ ਵਿਆਹ ਦੀ ਗੱਲ ਉਸਦੇ ਗਲ ਵਿੱਚੋਂ ਨਹੀਂ ਉਤਰੀ। ਬਿਨਾਂ ਵਲ ਫੇਰ ਪਾਏ ਦੀਨ ਨੇ ਕਿਹਾ- ਮੈਂ ਕੋਈ ਕਸੂਰ ਕੀਤਾ ਹੋਵੇ ਰਾਜਾ ਮੈਨੂੰ ਦੰਡ ਦੇ ਸਕਦਾ ਹੈ, ਇਹ ਉਸਨੂੰ ਹੱਕ ਹੈ, ਪਰ ਜਬਰਦਸਤੀ ਆਪਣੀ ਧੀ ਮੇਰੇ ਨਾਲ ਵਿਆਹੇ, ਇਹ ਨੀਂ ਹੋ ਸਕਦਾ। ਕਿਸੇ ਨਾਲ ਵਿਆਹ ਕਰਾਂ ਨਾ ਕਰਾਂ, ਇਹ ਮੇਰੀ ਮਰਜ਼ੀ ਹੈ। ਰਾਜਕੁਮਾਰੀ ਹੈ ਬੇਸ਼ੱਕ, ਹੈ ਤਾਂ ਔਰਤ ਜਾਤ, ਭਾਬੀ ਵਰਗੀ ਨਿਕਲੀ ਮੇਰਾ ਤਾਂ ਜੀਣਾ ਹਰਾਮ ਕਰ ਦਏਗੀ? ਮੈਂ ਨੀ ਮੁੱਲ ਲੈਣਾ ਇਹ ਖ਼ਤਰਾ।
ਦਿਉਰ ਦੀ ਗੱਲ ਸੁਣਕੇ ਭਾਬੀ ਅੱਗ ਬਗੂਲਾ ਹੋ ਗਈ, ਦਿਲ ਵਿੱਚ ਹਜ਼ਾਰਾਂ ਗਾਲਾਂ ਉੱਠੀਆਂ ਪਰ ਬੁੱਲ੍ਹ ਸਿਉਂ ਲਏ। ਗ਼ੁੱਸਾ ਬੜਾ ਸਿਆਣਾ ਹੁੰਦੈ। ਆਪਣੇ ਭਲੇ ਬੁਰੇ ਦਾ ਖ਼ਿਆਲ ਆਉਣ ਸਾਰ ਝੱਗ ਵਾਂਗ ਬੈਠ ਜਾਂਦਾ ਹੈ। ਵੱਡਾ ਭਾਈ ਹੁਣ ਕਿਸ ਹਥਿਆਰ ਦੀ ਵਰਤੋਂ ਕਰੇ, ਸਮਝ ਨੀ ਆਉਂਦਾ। ਧਰਤੀ ਦਾ ਕੋਨਾ-ਕੋਨਾ ਛਾਣਿਆ ਸੀ ਲੱਖੀ ਵਣਜਾਰੇ ਨੇ, ਕਦੇ ਹਾਥੀ 'ਤੇ, ਕਦੀ ਘੋੜੇ 'ਤੇ, ਕਦੀ ਪੈਦਲ, ਪਰ ਦੀਨ ਵਰਗੇ ਮਨੁੱਖ ਦਾ ਜੋੜ ਨਹੀਂ ਦਿਸਿਆ ਕਿਤੇ। ਇਹੋ ਜਿਹੇ ਸਿਰਫ਼ਿਰਿਆਂ ਸਦਕਾ ਜਹਾਨ ਜਿਉਂਦਾ ਤਾਂ ਰਹਿੰਦਾ ਹੈ ਪਰ ਇਨ੍ਹਾਂ ਦੇ ਸਹਾਰੇ ਚਲਦਾ ਨਹੀਂ। ਦੀਨ ਦੀਆਂ ਨਵੀਆਂ ਨਿਰਾਲੀਆਂ ਗੱਲਾਂ ਸੁਣ ਕੇ ਵਣਜਾਰੇ ਨੂੰ ਲੱਗਾ ਜਿਵੇਂ ਅੰਦਰਲਾ ਅੰਧੇਰਾ ਥੋੜ੍ਹਾ-ਥੋੜ੍ਹਾ ਛਟਣ ਲੱਗਾ ਹੈ।
ਪਹਿਲਾਂ ਦੀਨ ਨੂੰ ਕਿਸੇ ਨੇ ਗੱਲ ਨਹੀਂ ਕਰਨ ਦਿੱਤੀ ਸੀ ਕਦੀ। ਚੁੱਪਚਾਪ ਵੱਡੇ ਭਰਾ ਦੀਆਂ ਵਗਾਰਾਂ ਕਰਦਾ ਰਹਿੰਦਾ। ਜ਼ਮੀਨ ਜਾਇਦਾਦ ਵਾਸਤੇ ਲੜਨਾ ਤਾਂ ਉਸਨੂੰ ਸਿਰੇ ਦੀ ਮੂਰਖਤਾ ਲਗਦੀ। ਗੱਲ ਹੋਵੇ ਤਾਂ ਬੰਦਾ ਝਗੜਾ ਝੇੜਾ ਕਰੇ ਵੀ! ਅੱਜ ਕੁਝ ਗੱਲਾਂ ਕਰਨ ਲੱਗਾ।
ਲੱਖੀ ਵਣਜਾਰੇ ਨੂੰ ਵਿਚੋਲਗਿਰੀ ਦਾ ਮੌਕਾ ਮਿਲਿਆ, ਉਹ ਵੀ ਰਾਜਕੁਮਾਰੀ ਦਾ, ਉਹ ਅਜਿਹੀ ਘੜੀ ਕਿਉਂ ਗਵਾਏ? ਸੋਚ ਸੋਚ ਕੇ ਦੀਨ ਨੂੰ ਕਿਹਾ- ਜੇ ਤੁਸੀਂ ਇਹ ਰਿਸ਼ਤਾ ਕਬੂਲ ਨਾ ਕੀਤਾ, ਰਾਜਾ ਜਿਉਂਦੇ ਨੂੰ ਕੰਧ ਵਿੱਚ ਚਿਣਵਾ ਦਿਉ। ਹੁਣ ਆਪਣਾ ਬੁਰਾ ਭਲਾ ਆਪ ਸੋਚ।
ਵਣਜਾਰੇ ਦੀ ਗੱਲ ਸੁਣ ਕੇ ਦੀਨ ਨੂੰ ਮੱਲੋ ਮੱਲੀ ਹਾਸੀ ਆ ਗਈ। ਹੱਸਦਿਆਂ ਹੱਸਦਿਆਂ ਕਹਿਣ ਲੱਗਾ- ਹੁਣ ਤੱਕ ਸਾਰੇ ਮੈਨੂੰ ਤੂੰ ਤੂੰ ਕਰਕੇ ਬੁਲਾਇਆ ਕਰਦੇ, ਰਾਜਕੁਮਾਰੀ ਦਾ ਰਿਸ਼ਤਾ ਆਉਂਦਿਆਂ ਹੀ ਤੁਸੀਂ ਤੁਸੀਂ ਦੀ ਝੜੀ ਲਾ ਦਿੱਤੀ। ਰਾਜੇ ਦਾ ਨਾਮ ਤਾਂ ਹੈ ਵੱਡਾ ਪਰ ਇਹ ਦੱਸੋ ਕੋਈ ਜੰਮਿਆ ਜਾਇਆ ਮੌਤ ਤੋਂ ਕਿੰਨਾ ਕੁ ਚਿਰ ਡਰੇਗਾ? ਕੰਧਾਂ ਵਿੱਚ ਚਿਣਵਾਣ ਦਾ ਹੁਕਮ ਦੇਣ ਵਾਲੇ ਰਾਜ ੇ ਕਦੇ ਮਰਨਗੇ ਨਹੀਂ? ਫਿਰ ਮੌਤ ਤੋਂ ਸਾਨੂੰ ਕਿਉਂ ਡਰਾਉਂਦੇ ਨੇ? ਉਨ੍ਹਾਂ ਨੂੰ ਪੁੱਛਣਾ ਤਾਂ ਸੀ ਤੁਸੀਂ? ਚੁੱਪਚਾਪ ਸਾਹਾ ਫੜ ਲਿਆ ਤੇ ਤੁਰ ਆਏ ਪਾਗ਼ਲਾਂ ਵਾਂਗ ਵਿਆਹ ਦੀ ਪੇਸ਼ਕਸ਼ ਲੈ ਕੇ।
ਲੱਖੀ ਵਣਜਾਰੇ ਨੂੰ ਇਹੋ ਜਿਹੇ ਜਵਾਬ ਦੀ ਹੀ ਉਮੀਦ ਸੀ। ਜਵਾਬ ਸੁਣਕੇ ਫਿਕਰਮੰਦ ਨਹੀਂ ਹੋਇਆ ਪਰ ਦਿਲ ਦੀ ਗੱਲ ਜ਼ਾਹਰ ਨਹੀਂ ਕੀਤੀ। ਛੋਟੇ ਭਰਾ ਉੱਤੇ ਧੌਂਸ ਜਮਾਉਣ ਵਾਲਾ ਦੌਲਤ ਬੜਾ ਘਬਰਾਇਆ। ਇਹ ਬੇਵਕੂਫ਼ ਪੂਰੇ ਪਿੰਡ ਨੂੰ ਮਰਵਾਏਗਾ। ਹੁਣ ਤਾਂ ਇਸ ਦੀ ਖਿੱਚ ਧੂਹ ਲਾਹਣਤ ਫਾਹਣਤ ਵੀ ਨਹੀਂ ਕਰਨ ਜੋਗੇ। ਰਾਜੇ ਦਾ ਜਵਾਈ ਮਨਮਰਜ਼ੀ ਨਹੀਂ ਕਰੇਗਾ ਹੋਰ ਕੀ ਕਰੇਗਾ? ਸੌ ਸੁਨਿਆਰ ਦੀ ਇੱਕ ਲੁਹਾਰ ਦੀ! ਸਭ ਕੁਝ ਚਕਨਾ ਚੂਰ! ਹਾਲਾਤ ਦੇਖ ਕੇ ਉਸ ਨੇ ਮਿੰਨਤ ਤਰਲਾ ਸ਼ੁਰੂ ਕੀਤਾ, ਅਰਜੋਈਆਂ ਦੀ ਝੜੀ ਲਾ ਦਿੱਤੀ, ਹੱਥ ਪੈਰ ਜੋੜੇ, ਆਖਰ ਦਾਉ ਠੀਕ ਬੈਠ ਗਿਆ। ਦੀਨ ਦਾ ਸਖ਼ਤ ਹਿਰਦਾ ਓਲੇ ਵਾਂਗ ਪੰਘਰ ਗਿਆ।
ਰਾਜਕੁਮਾਰੀ ਨਾਲ ਵਿਆਹ ਵਾਸਤੇ ਔਖਾ ਸੌਖਾ ਮੰਨ ਗਿਆ ਪਰ ਇੱਕ ਜ਼ਿੱਦ ਹੋਰ ਫੜ ਲਈ। ਠੀਕ ਹੈ, ਜੰਨ ਚੜੂੰਗਾ ਪਰ ਹਾਥੀ ਉੱਪਰ ਸੋਨੇ ਦੇ ਹੌਦੇ ਤੇ ਨਹੀਂ ਬੈਠਾਂਗਾ। ਕਹਿੰਦਾ ਹਾਥੀ ਉੱਪਰ ਬੈਠਾ ਬੰਦਾ ਡੱਡੂ ਲਗਦੈ। ਹਾਥੀ ਦਿਸੀ ਜਾਂਦੈ, ਬੰਦਾ ਦਿਸਦਾ ਨੀਂ। ਧਰਤੀ ਉੱਪਰ ਪੈਦਲ ਜਾਂਦਾ ਮਰਦ ਕਿੰਨਾ ਤਾਕਤਵਰ, ਕਿੰਨਾ ਗਜ਼ਬ ਲਗਦਾ ਹੈ। ਕਦਮ ਕਦਮ ਅੱਗੇ ਵਧਣ ਦਾ ਜ਼ਾਇਕਾ ਹੀ ਕੁਝ ਹੋਰ ਹੈ...। ਇਹ ਕਹਿ ਕੇ ਕਠਪੁਤਲੀ ਵਾਂਗ ਉਹ ਵੱਡੇ ਭਾਈ ਅੱਗੇ ਖਲੋਅ ਗਿਆ। ਹੱਥ ਜੋੜ ਕੇ ਕਿਹਾ- ਹਾਥੀ ਦੀ ਸਵਾਰੀ ਕਰਨ ਵਾਸਤੇ ਮੈਨੂੰ ਮਨਾਉਣ ਨਾ ਲੱਗ ਜਾਇਉ। ਤੁਹਾਡੀ ਗੱਲ ਰੱਦ ਕਰਨੀ ਮੈਨੂੰ ਚੰਗੀ ਨੀ ਲਗਦੀ, ਆਖਰ ਮੇਰੇ ਤੋਂ ਤਿੰਨ ਸਾਲਾ ਪਹਿਲਾਂ ਮਾਂ ਦਾ ਦੁੱਧ ਤੁਸੀਂ ਚੁੰਘਿਆ ਹੈ ਨਾ, ਮਾਂ ਦੀ ਮਰਿਆਦਾ ਵੀ ਤਾਂ ਮੈਨੂੰ ਰੱਖਣੀ ਪਏਗੀ। ਰਾਜਕੁਮਾਰੀ ਨਾਲ ਵਿਆਹ ਦੀ ਬਲਾ ਸਹੇੜਨ ਦੀ ਗੱਲ ਮੈਂ ਮੰਨ ਗਿਆ ਇਸੇ ਨੂੰ ਬਹੁਤ ਸਮਝੋ। ਹਾਥੀ ਤੇ ਨੀ ਚੜ੍ਹਨਾ ਮੈਂ।
ਦੌਲਤ ਨੂੰ ਵੀ ਛੋਟੇ ਭਾਈ ਉੱਪਰ ਤਰਸ ਆ ਗਿਆ। ਹੱਸ ਕੇ ਕਹਿੰਦਾ- ਤੇਰੀ ਮਰਜ਼ੀ ਹੁਣ, ਮੇਰੇ ਭਾਣੇ ਗੋਡਣੀਆਂ ਭਾਰ ਰੁੜ੍ਹਦਾ ਜਾਹ। ਮੈਨੂੰ ਕੋਈ ਇਤਰਾਜ਼ ਨਹੀਂ। ਪਰ ਰਾਜਾ ਜੀ ਨੂੰ ਕਹਿਕੇ ਮੇਰੇ ਨਾਮ ਬਾਰਾਂ ਪਿੰਡਾਂ ਦਾ ਪਟਾ ਤਾਂ ਲਿਖਵਾਂ ਦੇਈਂ। ਤੇਰਾ ਵੱਡਾ ਭਰਾ ਹਾਂ ਆਖ਼ਰ।
ਇਹੋ ਜਿਹੀਆਂ ਗੱਲਾਂ ਉੱਪਰ ਦੀਨ ਸਿਰ ਖਪਾਈ ਨਹੀਂ ਸੀ ਕਰਿਆ ਕਰਦਾ। ਸਿਰ ਨੂੰ ਕਿਊਂ ਵਖਤ ਪਾਈ ਰੱਖਣਾ ਹੋਇਆ ਹਰ ਵਕਤ ਜਦੋਂ ਉਸਦਾ ਸਾਰਾ ਸਰੀਰ ਸੋਚਣ ਦਾ ਕੰਮ ਕਰਦਾ ਹੈ। ਸਹਿਜ ਭਾਵ ਮਾਫ਼ੀ ਮੰਗਣ ਦੇ ਲਹਿਜੇ ਵਿੱਚ ਬੋਲਿਆ- ਹੁਕਮ ਕਰੋ ਤਾਂ ਆਪਣਾ ਸਿਰ ਕੱਟ ਕੇ ਤੁਹਾਡੇ ਕਦਮਾਂ ਵਿੱਚ ਰੱਖ ਦਿਆਂ ਪਰ ਰਾਜੇ ਤੋਂ ਪਿੰਡ ਦਿਵਾਉਣ ਦਾ ਮੇਰਾ ਕੋਈ ਹੱਕ ਨਹੀਂ। ਦੂਜੇ ਜ਼ਿਮੀਦਾਰਾਂ ਵਾਂਗੂੰ ਹੱਥ ਤੇ ਹੱਥ ਧਰੀ ਬੈਠੇ ਹਰਾਮ ਦੀ ਕਮਾਈ ਪਚਾ ਲਉਂਗੇ?
ਦੌਲਤ ਕੁਝ ਕਹਿਣ ਲੱਗਾ ਸੀ ਕਿ ਭਾਬੀ ਨੇ ਟੋਕ ਦਿੱਤਾ- ਪਹਿਲਾਂ ਵਿਆਹ ਤਾਂ ਹੋ ਲੈਣ ਦੋ। ਪਿੱਛੋਂ ਦੇਖੀ ਜਾਊਗੀ। ਦੀਨ ਨੂੰ ਕਿਹਾ- ਤੈਥੋਂ ਵੱਡੇ ਨੇ ਇਹ, ਤੈਨੂੰ ਸਿੱਖਿਆ ਦਿੰਦੇ ਨੂੰ ਸੰਗ ਨੀ ਲਗਦੀ ਦੀਨ? ਰਾਜੇ ਦਾ ਸੌ ਵਾਰ ਜਵਾਈ ਹੋਜਾ, ਇਨ੍ਹਾਂ ਤੋਂ ਰਹੇਂਗਾ ਤਾਂ ਛੋਟਾ ਹੀ। ਇੱਕ ਘੜੀ ਵੀ ਵੱਡਾ ਨਹੀਂ ਹੋ ਸਕਦਾ।
ਦੀਨ ਨੇ ਕੀ ਬਹਿਸ ਕਰਨੀ ਸੀ? ਵਣਜਾਰੇ ਨੂੰ ਕਹਿੰਦਾ- ਪਤਾ ਨੀ ਕਿਹੜੀ ਕੁਲੱਖਣੀ ਘੜੀ ਮੇਰੇ ਵਿਹੜੇ ਕੋਲ ਤੁਸੀਂ ਤੰਬੂ ਤਾਣ ਲਏ। ਬਿਨਾਂ ਦੱਸੇ ਮੇਰੇ ਉੱਪਰ ਬਿਪਤਾ ਆ ਡਿੱਗੀ। ਭਾਣਾ ਮੰਨਣ ਬਿਨਾਂ ਹੁਣ ਤਾਂ ਕੋਈ ਚਾਰਾ ਵੀ ਨਹੀਂ ਨਾ। ਠੀਕ ਐ ਫੇਰ, ਜਾਣੈ ਤਾਂ ਦੇਰ ਕਾਸ ਵਾਸਤੇ? ਚਲਦੇ ਹਾਂ। ਬੁਰੇ ਸੁਫ਼ਨੇ ਵਾਂਗ ਇਹ ਵੀ ਬਰਦਾਸ਼ਤ ਕਰਲਾਂਗੇ।
ਲੱਖੀ ਵਣਜਾਰੇ ਦੀ ਖ਼ੁਸ਼ੀ ਦਾ ਕੋਈ ਪਾਰਾਵਾਰ ਨਹੀਂ। ਵੱਡੇ ਤੋਂ ਵੱਡੇ ਸੌਦੇ ਦੇ ਮੁਨਾਫ਼ੇ ਨਾਲੋਂ ਦੀਨ ਦੇ ਸੰਗ ਸਾਥ ਪੈਦਲ ਜਾ ਕੇ ਰਾਜਕੁਮਾਰੀ ਵਿਆਹ ਲਿਆਉਣ ਵਰਗਾ ਮਾਣ ਕਿੱਥੇ ਹੋਰ? ਤੁਰਦੀ ਤੁਰਦੀ ਤਾਂ ਕੀੜੀ ਵੀ ਮੰਜਲ ਤੇ ਪਹੁੰਚ ਜਾਂਦੀ ਹੈ। ਪੁੱਜ ਗਏ। ਰਾਜਾ, ਰਾਜਕੁਮਾਰੀ, ਦਰਬਾਰੀ ਸਭ ਇੰਤਜ਼ਾਰ ਕਰ ਰਹੇ ਸਨ। ਲੱਖੀ ਵਣਜਾਰੇ ਨਾਲ ਦੀਨ ਆਉਂਦਾ ਦੇਖਿਆ, ਸ਼ਹਿਨਾਈਆਂ ਵੱਜ ਗਈਆਂ।
ਮਹਾਵਤ ਨੇ ਪਹਿਲਾਂ ਹੀ ਆ ਕੇ ਰਾਜਕੁਮਾਰੀ ਨੂੰ ਦੱਸ ਦਿੱਤਾ ਸੀ ਕਿ ਉਹਨੇ ਹਾਥੀ ਉੱਤੇ ਬੈਠਣੋਂ ਇਨਕਾਰ ਕਰ ਦਿੱਤਾ ਹੈ, ਪੈਦਲ ਚੱਲਣ ਦੀ ਜ਼ਿੱਦ ਬਾਰੇ ਦੱਸਿਆ। ਰਾਜਕੁਮਾਰੀ ਹੋਰ ਖ਼ੁਸ਼ ਹੋਈ। ਰਾਜੇ ਨੂੰ ਦੱਸਿਆ, ਉਹ ਵੀ ਖ਼ੁਸ਼ ਹੋਇਆ ਕਿਉਂਕਿ ਉਸ ਦੀ ਧੀ ਦਾ ਸੁਭਾਅ ਵੀ ਬਿਲਕੁਲ ਇਹੋ ਜਿਹਾ ਸੀ, ਜੋੜੀ ਖ਼ੂਬ ਬਣੇਗੀ।
ਮਿੱਟੀ ਘੱਟੇ ਵਿੱਚ ਲਿੱਬੜੇ ਬੰਨੜੇ ਨੂੰ ਇਸ਼ਨਾਨ ਕਰਵਾਉਣ ਬਾਂਦੀਆਂ ਆਈਆਂ। ਦੀਨ ਨੇ ਮੋੜ ਦਿੱਤੀਆਂ, ਕਹਿੰਦਾ- ਮੇਰੇ ਹੱਥ ਪੈਰ ਕੰਮ ਨੀ ਕਰਦੇ? ਮੈਂ ਕੋਈ ਬਿਮਾਰ ਹਾਂ? ਖੂਹ ਵਿੱਚੋਂ ਖ਼ੁਦ ਬਾਲਟੀ ਪਾਣੀ ਦੀ ਕੱਢਾਂਗਾ, ਖ਼ੁਦ ਨਹਾਵਾਂਗਾ। ਹੱਥ ਪੈਰ ਨਾ ਹਿਲਾਵਾਂ ਮੈਨੂੰ ਚੈਨ ਨੀ ਮਿਲਦਾ।
ਬਾਂਦੀਆਂ ਬੁੱਲ੍ਹਾਂ ਹੀ ਬੁੱਲ੍ਹਾਂ ਵਿੱਚ ਚੁੰਨੀ ਦੀ ਕੰਨੀ ਦਬਾ ਕੇ ਹੱਸੀਆਂ। ਪੇਂਡੂ, ਪੇਂਡੂ ਹੀ ਰਹੇਗਾ। ਰਾਜ ਦਰਬਾਰ ਦੇ ਤੌਰ ਤਰੀਕੇ ਕੀ ਜਾਣੇ ਵਿਚਾਰਾ! ਰਾਜਕੁਮਾਰੀ ਕਰਕੇ ਰਾਜੇ ਦੇ ਵੀ ਭਾਗ ਫੁੱਟ ਗਏ। ਰੱਬ ਤੋਂ ਬਿਨਾਂ ਕੌਣ ਇਨ੍ਹਾਂ ਨੂੰ ਸਮਝਾਏ। ਜਵਾਈ ਹੋਵੇ ਅੰਨਦਾਤਾ ਦਾ, ਪਾਣੀ ਦੀ ਬਾਲਟੀ ਖਿੱਚੇ ਆਪ। ਬੇਇੱਜ਼ਤੀ ਕਰਨ ਵਿੱਚ ਕੋਈ ਕਸਰ ਬਾਕੀ ਤਾਂ ਨੀ ਹੋਰ?
ਰੇਸ਼ਮੀ ਲਿਬਾਸ ਲੈ ਕੇ ਆਈਆਂ ਬਾਂਦੀਆਂ ਨੂੰ ਕਿਹਾ- ਨਾ, ਆਪਣੇ ਕੋਲ ਰੱਖੋ ਆਪਣੇ ਲਿਬਾਸ, ਮੈਨੂੰ ਆਪਣਾ ਦੇਸੀ ਪਹਿਰਾਵਾ ਠੀਕ ਹੈ। ਜੇ ਰੇਸ਼ਮੀ ਕੱਪੜਿਆਂ ਨਾਲ ਵਿਆਹ ਕਰਵਾਉਣਾ ਸੀ ਫਿਰ ਮੈਨੂੰ ਕਿਉਂ ਸੱਦਿਆ? ਦੇਹ ਨੂੰ ਸ਼ਿੰਗਾਰਨ ਨਾਲ ਆਦਮੀ ਗੁਣਵਾਨ ਨਹੀਂ ਹੋਇਆ ਕਰਦਾ।
ਦਰਬਾਰ ਦੇ ਸਾਰੇ ਲੋਕ ਦੀਨ ਦੀਆਂ ਗੱਲਾਂ ਸੁਣਕੇ ਕੁੜ੍ਹਦੇ ਪਰ ਰਾਜਕੁਮਾਰੀ ਦੇ ਦਿਲ ਦੀ ਕਲੀ ਕਲੀ ਖਿੜੀ ਜਾਂਦੀ। ਮਨੋਕਾਮਨਾ ਅਨੁਸਾਰ ਉਸਨੂੰ ਪਤੀ ਮਿਲ ਗਿਆ। ਆਦਮੀ ਦੀ ਦੇਹ ਵਿਚਲੇ ਗਿੱਦੜ ਬਘਿਆੜ ਦਰਬਾਰੀਆਂ ਵਿੱਚ ਦਿਸਦੇ ਸਨ। ਹਜ਼ਾਰ ਪਦਵੀਆਂ ਦੇ ਦਿਉ। ਆਦਮੀ ਮਹਾਨ ਨਹੀਂ ਹੁੰਦਾ, ਆਚਰਣ ਵੱਡਾ ਬਣਾਉਂਦਾ ਹੈ। ਅੰਦਰ ਹਨੇਰਾ ਹੈ ਤਾਂ ਹਜਾਰ ਸੂਰਜ ਉਸ ਵਿੱਚ ਚਾਨਣ ਨਹੀਂ ਕਰ ਸਕਦੇ। ਰਾਜਕੁਮਾਰੀ ਖ਼ੁਸ਼ ਹੈ ਤਾਂ ਰਾਜਾ ਬੇਅੰਤ ਖ਼ੁਸ਼।
ਫੇਰਿਆਂ ਤੋਂ ਪਹਿਲਾਂ ਬਾਂਦੀਆਂ ਉਸਨੂੰ ਹੀਰੇ ਮੋਤੀ ਜੜਿਤ ਰੰਗ ਮਹਿਲ ਵਿੱਚ ਲੈ ਗਈਆਂ। ਇਤਰ ਫੁਲੇਲ ਦੇ ਵਰੋਲੇ ਸਿਰ ਨੂੰ ਚੜ੍ਹ ਗਏ, ਚੱਕਰ ਆ ਗਏ। ਨੱਕ ਉੱਪਰ ਕੱਪੜਾ ਰੱਖ ਕੇ ਕਹਿੰਦਾ- ਇੱਥੇ ਕੋਈ ਬਿੱਲੀ ਮਰੀ ਪਈ ਲਗਦੀ ਹੈ! ਹਾਸਾ ਰੋਕ ਕੇ ਬਾਂਦੀਆਂ ਨੇ ਦੱਸਿਆ- ਦੂਲੇ ਰਾਜੇ ਖ਼ਾਤਰ ਉਜੈਨ ਤੋਂ ਇਤਰ ਦੀਆਂ ਸ਼ੀਸ਼ੀਆਂ ਮੰਗਵਾਈਆਂ ਹਨ, ਮੁਸ਼ਕ ਕਾਫ਼ੂਰ ਦੇ ਦੀਵੇ ਬਾਲੇ ਹਨ। ਅੱਜ ਦੀ ਰਾਤ ਖ਼ੁਸ਼ਬੂ ਨਹੀਂ ਬਰਸੀ ਤਾਂ ਕਦੋਂ ਬਰਸੇਗੀ ਫੇਰ?
-ਸਮਝਣਾ ਨਹੀਂ ਚਾਹੁੰਦੀਆਂ ਤਾਂ ਕਿਵੇਂ ਸਮਝਾਵਾਂ? ਦੀਨ ਨੇ ਕਿਹਾ- ਆਦਮੀ ਦੇ ਗੁਣਾ ਤੋਂ ਵਧੀਕ ਮੁੱਲਵਾਨ ਕੋਈ ਖ਼ੁਸ਼ਬੂ ਨਹੀਂ। ਅਤਰ ਫੁਲੇਲ ਛਿੜਕਣ ਨਾਲ ਮਨ ਦੀ ਮੈਲ ਸਾਫ਼ ਨਹੀਂ ਹੁੰਦੀ। ਇੱਥੋਂ ਦੇ ਦਰਬਾਰੀਆਂ ਵਿੱਚੋਂ ਮੈਨੂੰ ਸੂਗ ਆ ਰਹੀ ਹੈ। ਨਿੰਮ ਦੇ ਦਰੱਖ਼ਤ ਹੇਠ ਨਾ ਬੈਠਿਆ ਮੇਰਾ ਦਮ ਘੁਟ ਜਾਏਗਾ।
-ਹਜ਼ੂਰ ਦੇ ਚਰਨ ਤਾਂ ਹੀਰੇ ਮੋਤੀਆਂ ਨਾਲ ਜੜੇ ਵਿਹੜੇ ਵਿੱਚ ਸ਼ੋਭਾ ਦਿੰਦੇ ਨੇ, ਬਾਂਦੀਆਂ ਨੇ ਚਾਰੇ ਪਾਸਿਓਂ ਘਿਰੇ ਦੀਨ ਨੂੰ ਕਿਹਾ- ਜੇ ਤੁਸੀਂ ਮਿੱਟੀ ਤੇ ਕਦਮ ਰੱਖੇ, ਅੰਨਦਾਤਾ ਬਹੁਤ ਨਾਰਾਜ਼ ਹੋਣਗੇ। ਅਸੀਂ ਨਹੀਂ ਟਾਲ ਸਕਦੀਆਂ ਉਨ੍ਹਾਂ ਦਾ ਹੁਕਮ।
-ਤੁਹਾਨੂੰ ਅੰਨਦਾਤਾ ਦੇ ਹੁਕਮ ਦੀ ਪਈ ਹੈ ਮੇਰਾ ਸਿਰ ਫਟਣ ਲੱਗਾ ਹੈ। ਨਿੱਕੀ ਮੋਟੀ ਗੱਲ ਤੁਹਾਡੇ ਦਿਮਾਗ਼ ਵਿੱਚ ਨਹੀਂ ਵੜਦੀ। ਗੋਬਰ ਵਿੱਚ ਹੀਰੇ ਮੋਤੀ ਜੜਨ ਨਾਲ ਗੋਬਰ ਦੀ ਕੀਮਤ ਨਹੀਂ ਵਧਦੀ। ਮਨੁੱਖ ਦੀ ਮਹਾਨਤਾ ਉਸਦੇ ਚਰਿਤ੍ਰ ਸਦਕਾ ਹੈ, ਹੀਰੇ ਮੋਤੀ, ਸਿੰਘਾਸਨ ਜਾਂ ਸੋਨੇ-ਚਾਂਦੀ ਨਾਲ ਨਹੀਂ।
ਰਾਜਕੁਮਾਰੀ ਨੇ ਦੀਨ ਦੀਆਂ ਗੂੜ੍ਹ ਗੱਲਾਂ ਦਾ ਅਰਥ ਰਾਜਾ ਰਾਣੀ ਨੂੰ ਦੱਸਿਆ, ਬਹੁਤ ਖ਼ੁਸ਼ ਹੋਏ। ਖ਼ੁਸ਼ੀ ਦੀ ਏਡੀ ਵੱਡੀ ਲਹਿਰ ਵਿੱਚ ਰਾਜੇ ਨੇ ਚਾਹਿਆ ਕਿ ਅੱਧਾ ਰਾਜ ਜਵਾਈ ਨੂੰ ਦੇ ਦਿਆਂ। ਦੀਨ ਨੇ ਪੇਸ਼ਕਸ਼ ਸੁਣੀ। ਉਸਦਾ ਮਨ ਕਸੈਲਾ ਹੋ ਗਿਆ, ਤਾਂ ਵੀ ਦਿਲ ਉੱਪਰ ਕਾਬੂ ਰੱਖ ਕੇ ਸਹਿਜੇ ਕਿਹਾ- ਗੁਣ ਦੇਖਕੇ ਮੈਂ ਰਾਜਕੁਮਾਰੀ ਨਾਲ ਵਿਆਹ ਦੀ ਹਾਮੀ ਭਰ ਦਿੱਤੀ ਸੀ, ਇਹੋ ਬਹੁਤ ਹੈ। ਉੱਪਰ ਇਹ ਰਾਜਭਾਗ ਦਾ ਪੰਗਾ ਸੁਣ ਲਿਆ। ਖਰੀ ਗੱਲ ਕਰਦਾ ਹੁੰਨਾ ਮੈਂ, ਮੇਰੇ ਵਸ ਵਿੱਚ ਨਹੀਂ ਇਹ ਖਲਜਗਣ। ਮੈਨੂੰ ਨੀ ਕੋਈ ਠਾਠ-ਬਾਠ ਚਾਹੀਦਾ। ਮੈਂ ਆਪਣਾ ਮਨ ਆਪਣੇ ਕਾਬੂ ਵਿੱਚ ਰੱਖ ਸਕਾਂ ਇਹੀ ਬਹੁਤਾ ਕਰਕੇ ਜਾਣੋ। ਮਨ ਕਾਬੂ ਵਿੱਚ ਰਹਿ ਜਾਏ ਬਹੁਤ ਹੈ, ਇਸ ਤੋਂ ਵੱਧ ਦਾ ਤਾਂ ਮੈਂ ਕਦੀ ਸੁਫ਼ਨਾ ਵੀ ਨਹੀਂ ਲਿਆ। ਤੁਸੀਂ ਅੱਧੇ ਜਾਂ ਪੂਰੇ ਰਾਜ ਦੀ ਗੱਲ ਕਰਨ ਲੱਗੇ! ਮਤਲਬ ਕਿ ਮੈਂ ਫਿਰ ਇਸ ਵਿਆਹ ਬਾਰੇ ਦੁਬਾਰਾ ਕੁਝ ਸੋਚਾਂ?
ਸੁਣ ਕੇ ਰਾਜਕੁਮਾਰੀ ਦੀ ਖ਼ੁਸ਼ੀ ਤਾਂ ਚੰਦ ਤਾਰਿਆਂ ਤੋਂ ਪਾਰ ਲੰਘ ਗਈ। ਪਰ ਰਾਜਾ ਰਾਣੀ ਉਲਝਣ ਵਿੱਚ ਪੈ ਗਏ। ਇਕਲੌਤੀ ਬੇਟੀ ਦੇ ਸੁਖ ਤੋਂ ਹਰ ਚੀਜ਼ ਕੁਰਬਾਨ ਪਰ ਦੀਨ ਨੂੰ ਗੱਲ ਸਮਝ ਵਿੱਚ ਆਏ ਤਾਂ ਹੀ ਹੈ ਨਾ। ਪਹਿਲੀ ਵਾਰ ਰਾਜੇ ਨੂੰ ਲੱਗਿਆ ਮੈਂ ਕਿੰਨਾ ਕਮਜ਼ੋਰ ਅਤੇ ਕੰਗਾਲ ਹਾਂ। ਉਸਨੇ ਦੀਨ ਨੂੰ ਧਿਆਨ ਨਾਲ ਹੇਠੋਂ ਉੱਪਰ ਤੱਕ ਦੇਖਿਆ, ਉਸਨੂੰ ਉਸਦਾ ਕੱਦ ਬਹੁਤ ਉੱਚਾ ਲੱਗਿਆ। ਦੀਨ ਠੀਕ ਤਾਂ ਕਹਿੰਦਾ ਹੈ। ਲਾਡਲੀ ਧੀ ਦੇ ਗੁਣਾਂ ਸਾਹਮਣੇ ਰਾਜ ਦਾ ਕੀ ਮਹੱਤਵ? ਗੁਣਾਂ ਉੱਪਰੋਂ ਸੌ ਰਾਜ ਕੁਰਬਾਨ। ਦੋਵੇਂ ਸਮਝਦਾਰ ਨੇ, ਆਪੋ ਆਪਣੀ ਇੱਛਾ ਅਨੁਸਾਰ ਜੀਵਨ ਬਿਤਾਉਣ। ਇਨ੍ਹਾਂ ਦੀ ਖ਼ੁਸ਼ੀ ਵਿੱਚ ਸਾਡੀ ਖ਼ੁਸ਼ੀ।
ਦੀਨ ਨੇ ਮੁੜ ਮੁੜ ਰਾਜਾ, ਰਾਣੀ, ਦੀਵਾਨ ਅਤੇ ਲੱਖੀ ਵਣਜਾਰੇ ਵੱਲ ਨਜ਼ਰ ਮਾਰੀ। ਕੋਈ ਨਹੀਂ ਬੋਲਿਆ ਤਾਂ ਦੀਨ ਨੂੰ ਬੋਲਣਾ ਪਿਆ। ਰਾਜੇ ਵੱਲ ਮੂੰਹ ਕਰਕੇ ਕਿਹਾ- ਰਾਜ ਭਾਗ ਦੀ ਲਟਾ- ਪੀਂਘ ਨਾਲੋਂ ਤਾਂ ਮੈਨੂੰ ਸੂਲੀ ਤੇ ਟੰਗ ਦਿਉ ਬੇਸ਼ੱਕ। ਮੇਰਾ ਵੱਡਾ ਭਰਾ ਸਾਰੀ ਉਮਰ ਮੇਰੀ ਇੱਕ ਭਰਜਾਈ ਉੱਪਰ ਰਾਜ ਨਹੀਂ ਕਰ ਸਕਿਆ। ਅਣਗਿਣਤ ਪਰਜਾ ਉੱਪਰ ਰਾਜ ਕਰਨਾ ਪੂਰੀ ਗ਼ਲਤਫਹਿਮੀ ਹੈ, ਪੂਰੀ ਦੀ ਪੂਰੀ ਮੂਰਖਤਾ। ਫਿਰ ਰਾਜਕੁਮਾਰੀ ਨੂੰ ਮੁਸਕਰਾ ਕੇ ਕਹਿਣ ਲੱਗਾ- ਜੋ ਦਿਲ ਵਿੱਚ ਸੀ ਮੈਂ ਕਹਿ ਦਿੱਤਾ। ਸਾਫ਼-ਸਾਫ਼ ਕਹਿ ਦਿੱਤਾ। ਹੁਣ ਜੋ ਕਹੋਗੇ ਸੋ ਕਰੂੰਗਾ। ਮੇਰੇ ਵਰਗੇ ਬੇਸਮਝ ਨੂੰ ਤੁਸੀਂ ਕੋਈ ਗੱਲ ਸੋਚ ਕੇ ਪਸੰਦ ਕੀਤਾ ਹੋਣਾ, ਹੁਣ ਤੱਕ ਤਾਂ ਸਾਰੇ ਮਖੌਲ ਉਡਾਉਂਦੇ ਆਏ ਹਨ। ਮੇਰੇ ਅੰਦਰ ਤੁਹਾਨੂੰ ਕੀ ਦਿਸਿਆ ਤੁਸੀਂ ਜਾਣੋ।
ਰਾਜਕੁਮਾਰੀ ਨੇ ਕਿਹਾ- ਇਹ ਚੋਣ ਮੇਰੀ ਆਪਣੀ ਧਰੋਹਰ ਹੈ ਕਿਸੇ ਨੂੰ ਨਹੀਂ ਦੱਸਾਂਗੀ। ਬੱਚੇ ਵਾਂਗ ਮਚਲਦਿਆਂ ਕਿਹਾ- ਦੱਸਣ ਦੀ ਨਹੀਂ, ਸਮਝਣ ਦੀ ਗੱਲ ਹੈ। ਰਹੀ ਗੱਲ ਰਾਜ ਚਲਾਉਣ ਦੀ, ਇਸ ਦਾ ਫ਼ਿਕਰ ਨਾ ਕਰੋ, ਇਹ ਝਮੇਲਾ ਮੈਂ ਸੰਭਾਲ ਲਵਾਂਗੀ।
-ਫਿਰ ਇਹ ਜਾਣਨ ਦਾ ਸਮਾਂ ਕਿਵੇਂ ਕੱਢੋਗੇ ਕੀ ਚੰਗਾ ਹੈ ਕੀ ਬੁਰਾ? ਰਾਜ ਦਾ ਆਡੰਬਰ ਏਨਾ ਵੱਡਾ ਹੈ ਨਾ ਤੁਸੀਂ ਮੈਨੂੰ ਜਾਣ ਪਾਉਂਗੇ ਨਾ ਆਪਣੇ ਆਪ ਨੂੰ। ਆਪਣੇ ਆਪ ਨੂੰ ਮਿਲਣ ਵਾਸਤੇ ਵਕਤ ਨਹੀਂ ਹੁੰਦਾ ਰਾਜਿਆਂ ਕੋਲ।
-ਇਹ ਮੇਰੇ ਤੇ ਛੱਡੋ, ਰਾਜਕੁਮਾਰੀ ਨੇ ਕਿਹਾ- ਤੁਹਾਨੂੰ ਜਾਣਨ ਵਾਸਤੇ ਸਮੇਂ ਦੀ ਨਹੀਂ, ਸਮਝ ਦੀ ਲੋੜ ਹੈ। ਸਮਝ ਨਾ ਹੋਵੇ ਤਾਂ ਸੌ ਸਾਲ ਵਿੱਚ ਕੋਈ ਕੰਮ ਦੀ ਇੱਕ ਗੱਲ ਨਹੀਂ ਸਮਝ ਸਕਦਾ। ਤੁਹਾਡੇ ਵੱਡੇ ਭਰਾ ਦੌਲਤ, ਭਰਜਾਈ ਤੇ ਪਿੰਡ ਵਾਸੀਆਂ ਕੋਲ ਤਾਂ ਸਮਾਂ ਹੀ ਸਮਾਂ ਸੀ, ਉਹ ਤੁਹਾਨੂੰ ਸਮਝ ਗਏ? ਤੁਹਾਨੂੰ ਪ੍ਰਾਪਤ ਕਰਨਾ ਦੁਰਲਭ ਸੀ, ਇਸ ਮੁਕਾਬਲੇ ਰਾਜ ਕਰਨਾ ਤਾਂ ਬਹੁਤ ਸੌਖਾ ਹੈ। ਜਿਸ ਅਕਲ ਸਦਕਾ ਤੁਹਾਨੂੰ ਲੱਭਿਆ ਉਸੇ ਅਕਲ ਸਦਕਾ ਰਾਜ ਕਰਾਂਗੀ। ਕਦੀ ਕਦਾਈਂ ਰਾਜ ਕਰਨ ਦੀ ਜ਼ਿੰਮੇਵਾਰੀ ਚੁੱਕਣੀ, ਰਾਜ ਤਿਆਗਣ ਤੋਂ ਵੱਡੀ ਤਪੱਸਿਆ ਬਣ ਜਾਂਦੀ ਹੈ। ਤੁਹਾਡੀਆਂ ਗੱਲਾਂ ਤੋਂ ਹੀ ਮੈਨੂੰ ਇਸ ਵਰਤਾਰੇ ਦੀ ਪ੍ਰੇਰਨਾ ਮਿਲੀ। ਫਿਰ ਰਾਜਕੁਮਾਰੀ ਹੱਸੀ, ਨਿਰਛਲ ਹਾਸਾ ਸਾਰਿਆਂ ਨੂੰ ਚੰਗਾ ਲੱਗਾ, ਦੀਨ ਨੂੰ ਵੀ।
ਦੂਜ ਦਾ ਚੰਦ ਚੜ੍ਹਨਸਾਰ ਆਪਣੀ ਇੱਛਾ ਅਨੁਸਾਰ ਸਾਦਾ ਲਿਬਾਸ ਪਹਿਨ ਕੇ ਰਾਜਕੁਮਾਰੀ ਵਿਆਹ ਮੰਡਪ ਵਿੱਚ ਆਈ। ਫੇਰੇ ਹੋਣ ਹੀ ਲੱਗੇ ਸਨ ਕਿ ਲੱਛਮੀ ਤੇ ਕਿਸਮਤ ਤਕਰਾਰ ਕਰਦੀਆਂ ਕਰਾਉਂਦੀਆਂ ਉੱਥੇ ਵੀ ਆ ਧਮਕੀਆਂ। ਲੱਛਮੀ ਕਹੇ- ਮੈਂ ਵੱਡੀ। ਕਿਸਮਤ ਕਹੇ ਮੈਂ ਵੱਡੀ।
ਲੱਛਮੀ ਦਾ ਰੰਗ ਸੁਨਹਿਰੀ, ਕਿਸਮਤ ਦਾ ਸੰਧੂਰੀ। ਤਕਰਾਰ ਦਾ ਕੋਈ ਨਤੀਜਾ ਨਾ ਨਿਕਲਿਆ ਤਾਂ ਉਨ੍ਹਾਂ ਨੇ ਲੱਖੀ ਵਣਜਾਰੇ ਨੂੰ ਪੰਚ ਮੰਨ ਕੇ ਫੈਸਲਾ ਕਰਨ ਲਈ ਕਿਹਾ। ਸ਼ੁਰੂ ਤੋਂ ਅਖ਼ੀਰ ਤੱਕ ਸਾਰੀ ਗੱਲ ਲੱਖੀ ਨੂੰ ਦੱਸ ਕੇ ਕਿਹਾ- ਤੁਹਾਨੂੰ ਵੀ ਦੀਨ ਬਾਰੇ ਪੂਰਾ ਪਤਾ ਹੈ। ਤੁਸੀਂ ਸ਼ੁਰੂ ਤੋਂ ਅਖ਼ੀਰ ਤੱਕ ਘਟਨਾਵਾਂ ਦੇ ਸਾਖੀ ਰਹੇ ਹੋ। ਸਾਡਾ ਝਗੜਾ ਸੁਲਝਾਉ, ਝਗੜਾ ਮੁੱਕਣ ਤੋਂ ਬਾਅਦ ਫੇਰੇ ਹੋਣਗੇ। ਤੁਸੀਂ ਸਾਡੇ ਪੰਚ।
ਲੱਖੀ ਨੂੰ ਹੋਰ ਕੀ ਚਾਹੀਦਾ ਸੀ? ਅੰਨ੍ਹੇ ਦੇ ਪੈਰ ਹੇਠ ਬਟੇਰਾ ਆ ਗਿਆ। ਲੱਖੀ ਤਾਂ ਇਸ ਮੌਕੇ ਦੀ ਉਡੀਕ ਵਿੱਚ ਸੀ। ਦੀਨ ਦੀ ਸੰਗਤ ਕੀ ਹੋਈ ਉਸਦੀ ਤਾਂ ਸ਼ਤਰੰਜ ਹੀ ਉਲਟ ਗਈ! ਇਹੋ ਜਿਹਾ ਮੌਕਾ ਵੀ ਮਿਲੇਗਾ ਕਿ ਲੱਛਮੀ ਅਤੇ ਕਿਸਮਤ ਮੈਨੂੰ ਜੱਜ ਮੰਨਣਗੀਆਂ, ਕਦੀ ਖਾਬੋ ਖ਼ਿਆਲ ਵਿੱਚ ਨਹੀਂ ਆਇਆ। ਹੁਣ ਮੌਕਾ ਮਿਲਿਆ ਹੈ, ਸੰਭਾਲੀਏ। ਪਲ ਭਰ ਦੀ ਢਿੱਲ ਕਿਉਂ ਕਰਨੀ? ਸਹਿਜ ਨਾਲ ਬੋਲਿਆ- ਜੋ ਫੈਸਲਾ ਕਰਾਂ, ਮਨਜ਼ੂਰ? ਦੋਹਾਂ ਨੇ ਕਿਹਾ, ਮਨਜ਼ੂਰ, ਮਨਜ਼ੂਰ।
ਲੱਖੀ ਨੇ ਕਿਹਾ- ਵਿਆਹ ਹੋਣ ਪਿੱਛੋਂ ਵਿਵਾਦ ਆਪੇ ਹੱਲ ਹੋ ਜਾਏਗਾ। ਮੇਰੀ ਅਕਲ ਅਨੁਸਾਰ ਨਾ ਲੱਛਮੀ ਵੱਡੀ ਹੈ ਨਾ ਕਿਸਮਤ। ਵੱਡੀ ਹੈ ਰਾਜਕੁਮਾਰੀ। ਜਦ ਤੱਕ ਉਹ ਵਿਆਹ ਵਾਸਤੇ ਕਿਸੇ ਨੂੰ ਚੁਣਦੀ ਨਹੀਂ, ਲੱਛਮੀ ਅਤੇ ਕਿਸਮਤ ਦਾ ਤਕਰਾਰ ਕਾਇਮ ਰਹੇਗਾ। ਜਦੋਂ ਵਰ ਮਿਲ ਗਿਆ ਨਾ ਲੱਛਮੀ ਦਾ ਕੋਈ ਵਸ ਚਲੇ ਨਾ ਕਿਸਮਤ ਦਾ। ਉਦੋਂ ਨਾ ਲੱਖੀ ਵਣਜਾਰੇ ਦੀ ਚਲਾਕੀ ਕੰਮ ਆਏ ਨਾ ਦੌਲਤ ਦਾ ਛਲ ਕਪਟ ਚੱਲੇ। ਕਿਸਮਤ ਦੀ ਕੋਈ ਦਾਲ ਨਹੀਂ ਗਲਣੀ।
ਉਸਦੀਆਂ ਨਿਆਇਕ ਗੱਲਾਂ ਸੁਣਕੇ ਲੱਛਮੀ ਤੇ ਕਿਸਮਤ ਚੁੱਪਚਾਪ ਖਿਸਕ ਗਈਆਂ, ਕਿਸੇ ਨੂੰ ਪਤਾ ਵੀ ਨਾ ਲੱਗਾ।
ਲੱਖੀ ਵਣਜਾਰੇ ਨੇ ਫਿਰ ਰਾਜਕੁਮਾਰੀ ਅਤੇ ਦੀਨ ਨੂੰ ਕਿਹਾ- ਰਾਜ ਦੀ ਵਾਗਡੋਰ ਰਾਜਕੁਮਾਰੀ ਸੰਭਾਲੇ ਜਾਂ ਦੀਨ, ਇੱਕੋ ਗੱਲ ਹੈ। ਫੌਜ, ਖਜਾਨਾ ਤੇ ਸਿੰਘਾਸਨ ਆਪੋ ਆਪਣਾ ਅਸਰ ਦਿਖਾਇਆ ਕਰਦੇ ਨੇ। ਜੇ ਤੁਸੀਂ ਇਨ੍ਹਾਂ ਦੇ ਨਸ਼ੇ ਤੋਂ ਮੁਕਤ ਰਹੇ ਫਿਰ ਤੁਸੀਂ ਧਰਮੀ ਹੋ, ਮਰਿਆਦਾ ਪੁਰਸ਼ ਹੋ। ਬਰਸਾਂ ਤੋਂ ਮੈਂ ਦੁਨੀਆ ਦੇ ਰਾਜਿਆਂ ਦਾ ਰੰਗ ਢੰਗ ਦੇਖ ਰਿਹਾ ਹਾਂ। ਸਾਰੇ ਰਾਜੇ ਇੱਕ ਤੋਂ ਇੱਕ ਚੜ੍ਹਦੇ ਦੁਰਾਚਾਰੀ, ਅਨਿਆਈ, ਹਤਿਆਰੇ, ਨਿਰਦਈ ਅਤੇ ਹਵਸਾਂ ਮਾਰੇ ਲਾਲਚੀ ਹਨ। ਜਿਵੇਂ ਇੱਕੋ ਨਾਗਣ ਦੇ ਬੱਚੇ ਹੋਣ।
ਇੱਕ ਦੇਸ ਦੀ ਪੁਰਾਣੀ ਸਾਖੀ ਹੈ। ਰਾਜੇ ਦੇ ਮਰਨ ਉਪਰੰਤ ਹਥਣੀ ਨੇ ਤਿੰਨ ਵਾਰ ਇੱਕ ਰਿਸ਼ੀ ਦੇ ਗਲ ਵਿੱਚ ਮਾਲਾ ਪਹਿਨਾਈ ਤਾਂ ਪਰਜਾ ਅਤੇ ਦਰਬਾਰ ਨੇ ਉਸਨੂੰ ਆਪਣਾ ਰਾਜਾ ਮੰਨ ਲਿਆ। ਥੋੜ੍ਹੇ ਦਿਨ ਠੀਕ ਰਿਹਾ ਪਰ ਫਿਰ ਪਾਪੀ ਰਾਜਿਆਂ ਨੂੰ ਮਾਤ ਕਰਨ ਲੱਗਾ। ਰਾਜ ਸੱਤਾ ਏਨੀ ਨਿਰਦਈ ਕਿ ਕਬੂਤਰ ਨੂੰ ਬਾਜ ਬਣਾ ਦਿੰਦੀ ਹੈ। ਹੁਣ ਜੋ ਹੋਇਗਾ ਸਾਹਮਣੇ ਆ ਜਾਏਗਾ। ਪਹਿਲੋਂ ਹੀ ਇਸ ਦੀ ਚਿੰਤਾ ਕਿਉਂ ਕਰਨੀ ਹੋਈ? ਮੇਰੇ ਉੱਤੇ ਵੀ ਤੁਹਾਡੀ ਸੰਗਤ ਦਾ ਘੱਟ ਅਸਰ ਨਹੀਂ ਹੋਇਆ। ਪੀੜ੍ਹੀਆਂ ਤੋਂ ਸੰਭਾਲ ਕੇ ਰੱਖੀ ਮਾਇਆ ਦਾ ਮਹੱਤਵ ਵੀ ਤਾਂ ਹੈ ਜੇ ਰਾਜੇ ਦੇ ਖਜਾਨੇ ਨਾਲ ਜੁੜਕੇ ਪਰਜਾ ਦੇ ਕੰਮ ਆਏ। ਤੁਹਾਡਾ ਸੇਵਕ ਬਣਕੇ ਮੈਂ ਆਪਣੇ ਪੁਰਾਣੇ ਕੰਮਾਂ ਦਾ ਪ੍ਰਾਸ਼ਚਿਤ ਕਰਦਾ ਹਾਂ। ਮਾਇਆ ਦਾ ਤਿਆਗ ਕਰਕੇ ਜੋ ਆਨੰਦ ਮਿਲਦਾ ਹੈ, ਇਕੱਠੀ ਕਰਨ ਨਾਲ ਨਹੀਂ ਮਿਲਦਾ, ਇਹ ਗਿਆਨ ਵੀ ਤੁਹਾਡੀ ਸੰਗਤ ਸਦਕਾ ਮਿਲਿਆ। ਪਰਮੇਸਰ ਸੁਖੀ ਰੱਖੇ।
(ਮੂਲ ਲੇਖਕ: ਵਿਜੇਦਾਨ ਦੇਥਾ)
(ਅਨੁਵਾਦਕ: ਹਰਪਾਲ ਸਿੰਘ ਪੰਨੂ)