Vain (Punjabi Story) : Ahmad Nadeem Qasmi

ਵੈਣ (ਕਹਾਣੀ) : ਅਹਿਮਦ ਨਦੀਮ ਕਾਸਮੀ

ਬਸ ਕੁਝ ਅਜਿਹਾ ਈ ਮੌਸਮ ਸੀ, ਜਦੋਂ ਤੂੰ ਸੋਲਾਂ ਸਾਲ ਪਹਿਲਾਂ ਮੇਰੀ ਝੋਲੀ ’ਚ ਆਈ ਸੈਂ। ਬਰਕੈਨਾਂ ’ਤੇ ਖਿੜੇ ਫੁੱਲ ਇਸੇ ਤਰ੍ਹਾਂ ਮੁਸਕਰਾ ਰਹੇ ਸੀ ਤੇ ਬੇਰੀਆਂ ’ਤੇ ਕਾਟੋਆਂ ਤਣਿਆਂ ਤੋਂ ਟੀਸੀਆਂ ਤਕ ਇਸੇ ਤਰ੍ਹਾਂ ਭੱਜੀਆਂ ਫਿਰਦੀਆਂ ਸਨ ਤੇ ਇਹੋ-ਜਿਹੀ ਹਵਾ ਵਗ ਰਹੀ ਸੀ ਜਿਵੇਂ ਸਦੀਆਂ ਦੇ ਸੁੱਕੇ ਤਖ਼ਤਿਆਂ ’ਚ ਵੀ ਕਰੂੰਬਲਾਂ ਫੁੱਟ ਪੈਣਗੀਆਂ। ਜਦੋਂ ਤੂੰ ਮੇਰੀ ਝੋਲੀ ’ਚ ਆਈ ਸੈਂ, ਦੀਵੇ ਦੀ ਕਾਲੀ, ਪੀਲੀ ਰੋਸ਼ਨੀ ’ਚ ਊਂਘਦਾ ਹੋਇਆ ਕੋਠਾ ਦਮਕਣ ਲੱਗ ਪਿਆ ਸੀ ਤੇ ਦਾਈ ਨੇ ਕਿਹਾ ਸੀ, ‘‘ਹਾਏ ਨੀਂ ਏਸ ਕੁੜੀ ਦੇ ਅੰਗ-ਅੰਗ ’ਚ ਤਾਂ ਜੁਗਨੂੰ ਟਹਿਕਦੇ ਆ।’’
ਉਸ ਵੇਲੇ ਮੈਂ ਵੀ ਦਰਦਾਂ ਦੇ ਖੁਮਾਰ ’ਚ ਆਪਣੇ ਜਿਸਮ ਦੀ ਉਸ ਬੋਟੀ ਨੂੰ ਦੇਖਿਆ ਸੀ ਤੇ ਮੈਨੂੰ ਤਾਂ ਯਾਦ ਨਈਂ ਪਰ ਦਾਈ ਨੇ ਮੈਨੂੰ ਦੱਸਿਆ ਸੀ ਕਿ ਮੈਂ ਮੁਸਕਰਾ ਕੇ ਤੇਰੇ ਚਿਹਰੇ ਦੀ ਦਮਕ ’ਚ ਆਪਣੇ ਹੱਥਾਂ ਦੀਆਂ ਲਕੀਰਾਂ ਨੂੰ ਇੰਜ ਦੇਖਣ ਲੱਗ ਪਈ ਸਾਂ ਜਿਵੇਂ ਕੋਈ ਖ਼ਤ ਪੜ੍ਹ ਰਿਹਾ ਹੋਵੇ।
ਅਗਲੀ ਰਾਤ ਜਦੋਂ ਤੇਰੇ ਅੱਬੂ ਨੇ ਮੌਕਾ ਤਾੜ ਕੇ ਤੈਨੂੰ ਦੇਖਿਆ ਤਾਂ ਉਦਾਸ ਹੋ ਗਿਆ ਸੀ। ਮੈਂ ਕਿਹਾ ਸੀ, ‘‘ਤੂੰ ਤਾਂ ਕਹਿੰਦਾ ਸੈਂ ਮੁੰਡਾ ਹੋਵੇ ਭਾਵੇਂ ਕੁੜੀ, ਸਭ ਖ਼ੁਦਾ ਦੀ ਦੇਣ ਏ। ਹੁਣ ਇਹ ਮੂੰਹ ਕਿਉਂ ਲਟਕਾ ਲਿਐ।’’ ਤੇ ਉਸ ਨੇ ਕਿਹਾ ਸੀ, ‘‘ਤੂੰ ਨਈਂ ਜਾਣਦੀ ਨਾ ਭੋਲੀਏ ਲੋਕੇ। ਤੂੰ ਮਾਂ ਏਂ ਨਾ, ਤੂੰ ਕਿਵੇਂ ਜਾਣੇ ਕਿ ਖ਼ੁਦਾ ਐਨੀਆਂ ਸੋਹਣੀਆਂ ਕੁੜੀਆਂ ਸਿਰਫ਼ ਅਜਿਹੇ ਬੰਦਿਆਂ ਨੂੰ ਦੇਂਦਾ ਏ ਜਿਨ੍ਹਾਂ ਉੱਤੇ ਉਹ ਡਾਹਢਾ ਖ਼ਫ਼ਾ ਹੁੰਦਾ ਏ।’’ ਉਸ ਵੇਲੇ ਮੇਰਾ ਜੀਅ ਕੀਤਾ ਸੀ ਕਿ ਮੈਂ ਤੇਰੇ ਅੱਬੂ ਦੀਆਂ ਅੱਖਾਂ ਉਸ ਦੀ ਖੋਪੜੀ ’ਚੋਂ ਕੱਢ ਕੇ ਬਦਾਮਾਂ ਵਾਂਗ ਭੰਨ ਦਿਆਂ ਕਿਉਂਕਿ ਮੇਰੀ ਜਾਨ ਉਹ ਤੈਨੂੰ ਇੰਜ ਦੇਖ ਰਿਹਾ ਸੀ ਜਿਵੇਂ ਚਿੜੀ, ਸੱਪ ਨੂੰ ਦੇਖਦੀ ਏ। ਉਹ ਤੇਰੀ ਖ਼ੂਬਸੂਰਤੀ ਦੇਖ ਕੇ ਡਰ ਗਿਆ ਸੀ ਤੇ ਫੇਰ ਉਸ ਨੇ ਆਪਣੀ ਉਮਰ ਦੇ ਸੋਲ੍ਹਾਂ-ਸਤਾਰਾਂ ਸਾਲ ਤੈਥੋਂ ਡਰਦਿਆਂ-ਹੋਇਆਂ ਈ ਬਿਤਾ ਦਿੱਤੇ ਸੀ। ਉਹ ਹੁਣ ਵੀ ਡਰਿਆ ਤੇ ਸਹਿਮਿਆ ਹੋਇਆ, ਬਾਹਰ ਗਲੀ ’ਚ ਡੱਠੀ ਮੰਜੀ ਉੱਤੇ, ਲੋਕਾਂ ’ਚ ਘਿਰਿਆ ਬੈਠਾ ਏ ਤੇ ਆਸਮਾਨ ਵੱਲ ਇੰਜ ਦੇਖ ਰਿਹਾ ਏ ਜਿਵੇਂ ਉਹ ਉਸੇ ਵੱਲ ਆ ਰਿਹਾ ਹੋਵੇ।
ਤੂੰ ਮੇਰੇ ’ਤੇ ਤਾਂ ਨਈਂ ਸੈਂ ਗਈ ਮੇਰੀਏ ਬੱਚੀਏ। ਮੈਂ ਤਾਂ ਪਿੰਡ ਦੀ ਇੱਕ ਆਮ ਜਿਹੀ ਕੁੜੀ ਸਾਂ। ਮੇਰਾ ਨੱਕ-ਨਕਸ਼ਾ ਬਿਲਕੁਲ ਸਿੱਧਾ-ਸਾਦਾ ਸੀ। ਹਾਂ, ਤੂੰ ਆਪਣੇ ਅੱਬੂ ’ਤੇ ਗਈ ਸੈਂ ਜਿਹੜਾ ਬੜਾ ਸੁਣੱਖਾ ਸੀ। ਉਹ ਤਾਂ ਹੁਣ ਵੀ ਬੜਾ ਸੋਹਣਾ ਏ ਪਰ ਹੁਣ ਉਸ ਦਾ ਸੁਹੱਪਣ ਸੋਲ੍ਹਾਂ-ਸਤਾਰਾਂ ਵਰ੍ਹਿਆਂ ਦੀ ਧੂੜ ਨਾਲ ਢਕਿਆ ਗਿਆ ਏ। ਹੁਣ ਵੀ ਉਸ ਦੀਆਂ ਮੋਟੀਆਂ-ਮੋਟੀਆਂ ਅੱਖਾਂ, ਚੀਰਵੀਆਂ ਬਾਦਾਮੀ ਨੇ ਤੇ ਹੁਣ ਵੀ ਉਸ ਦੇ ਚਿਹਰੇ ਤੇ ਮੁੱਛਾਂ ਦੇ ਰੰਗ ’ਚੋਂ ਸੋਨੇ ਦੀ ਭਾਹ ਮਾਰਦੀ ਏ। ਪਰ ਜਦੋਂ ਤੂੰ ਪੈਦਾ ਹੋਈ ਸੈਂ ਨਾ! ਤਾਂ ਬਿਲਕੁਲ ਮੂਰਤ ਹੁੰਦਾ ਸੀ। ਤੂੰ ਆਈ ਤਾਂ ਉਹ ਡਰ ਗਿਆ ਸੀ ਪਰ ਉਸ ਡਰ ਨੇ ਉਸ ਦੀ ਸ਼ਕਲ ਨਈਂ ਸੀ ਬਦਲੀ- ਬਸ, ਜ਼ਰਾ ਜਿੰਨੀ ਬੁਝਾ ਦਿੱਤੀ ਸੀ। ਤੇਰੇ ਆਉਣ ਪਿੱਛੋਂ ਮੈਂ ਉਸ ਦੇ ਮੋਤੀਆਂ ਵਰਗੇ ਦੰਦ ਬੜੇ ਘੱਟ ਦੇਖੇ। ਉਸ ਦੇ ਪੰਖੜੀਆਂ ਵਰਗੇ ਬੁੱਲ੍ਹ ਹਮੇਸ਼ਾਂ ਇੰਜ ਭਿਚੇ ਰਹੇ ਜਿਵੇਂ ਖੁੱਲ੍ਹੇ ਤਾਂ ਕੁਝ ਹੋ ਜਾਵੇਗਾ।
ਹੁਣ ਕੁਝ ਚਿਰ ਪਹਿਲਾਂ ਜਦੋਂ ਉਹ ਆਇਆ ਤੇ ਉਸ ਨੇ ਤੈਨੂੰ ਦੇਖਿਆ ਤਾਂ ਮੈਨੂੰ ਇੰਜ ਲੱਗਿਆ ਜਿਵੇਂ ਕਿਸੇ ਬਹੁਤ ਵੱਡੇ ਮਹਿਲ ਦੀਆਂ ਨੀਹਾਂ ਬੈਠ ਗਈਆਂ ਹੋਣ। ਉਹ ਇੱਥੇ ਖੜ੍ਹਾ-ਖੜ੍ਹਾ ਈ ਯਕਦਮ ਅੰਦਰੋਂ ਬੁੱਢਾ ਹੋ ਗਿਆ। ਜਦੋਂ ਉਹ ਪਰਤਿਆ ਤਾਂ ਮੈਂ ਡਰੀ ਕਿ ਉਹ ਗਲੀ ਤਕ ਪਹੁੰਚਣ ਤੋਂ ਪਹਿਲਾਂ ਈ ਢੇਰ ਹੋ ਜਾਵੇਗਾ। ਪਰ ਹੁਣੇ-ਹੁਣੇ ਮੈਂ ਕੰਧ ਤੋਂ ਝਾਕ ਕੇ ਦੇਖਿਆ ਏ ਤਾਂ ਉਹ ਗਲੀ ਵਿੱਚ ਬੈਠਾ ਏ ਤੇ ਜਮ੍ਹਾਂ ਹੁੰਦੇ ਲੋਕਾਂ ਨੂੰ ਇੰਜ ਡਰ-ਡਰ ਕੇ, ਤ੍ਰਭਕ ਤ੍ਰਭਕ ਕੇ ਦੇਖ ਰਿਹਾ ਏ ਜਿਵੇਂ ਉਸ ਦੀ ਚੋਰੀ ਫੜੀ ਗਈ ਹੋਵੇ।
ਤੂੰ ਜਦੋਂ ਤਿੰਨ-ਚਾਰ ਸਾਲ ਦੀ ਹੋ ਕੇ ਦੌੜਨ-ਭੱਜਣ ਲੱਗ ਪਈ ਤਾਂ ਦੇਖਣ ਵਾਲਿਆਂ ਨੂੰ ਯਕੀਨ ਨਈਂ ਸੀ ਆਉਂਦਾ ਕਿ ਮਿੱਟੀ ਦਾ ਬਣਿਆ ਇਨਸਾਨ ਇੰਨਾ ਖ਼ੂਬਸੂਰਤ ਵੀ ਹੋ ਸਕਦਾ ਏ! ਇੱਕ ਵਾਰੀ ਤੂੰ ਡਿੱਗ ਪਈ ਤੇ ਤੇਰੇ ਮੱਥੇ ’ਤੇ ਸੱਟ ਵੱਜੀ। ਮੈਂ ਰੋਂਦਿਆਂ-ਰੋਂਦਿਆਂ ਬੇਹਾਲ ਹੋ ਗਈ ਪਰ ਤੇਰੇ ਅੱਬੂ ਨੇ ਚਹਿਕ ਕੇ ਕਿਹਾ ਸੀ, ‘‘ਖ਼ੁਦਾ ਜੋ ਵੀ ਕਰਦਾ ਏ, ਠੀਕ ਕਰਦਾ ਏ। ਸਾਡੀ ਰਾਣੋ ਧੀ ਦੇ ਮੱਥੇ ’ਤੇ ਸੱਟ ਦੇ ਨਿਸ਼ਾਨ ਨੇ ਉਸ ਦੀ ਖ਼ੂਬਸੂਰਤੀ ਨੂੰ ਦਾਗ਼ਦਾਰ ਕਰ ਦਿੱਤਾ ਏ।’’ ਪਰ ਖ਼ੁਦਾ ਨੂੰ ਕੁਝ ਹੋਰ ਮਨਜ਼ੂਰ ਸੀ। ਸੱਟ ਦਾ ਨਿਸ਼ਾਨ ਤਾਂ ਬਾਕੀ ਰਹਿ ਗਿਆ ਪਰ ਇਹ ਨਿਸ਼ਾਨ ਬਿਲਕੁਲ ਨਵੇਂ ਚੰਦ ਵਰਗਾ ਸੀ। ਲਾਲ-ਲਾਲ ਜਿਹਾ ਵੀ ਸੀ ਤੇ ਸੁਨਹਿਰੀ-ਸੁਨਹਿਰੀ ਜਿਹਾ ਵੀ… ਜਿਹੜਾ ਹੁਣ ਮੇਰੀ ਜਾਨ ਪੀਲਾ-ਪੀਲਾ ਜਿਹਾ ਲੱਗ ਰਿਹਾ ਏ।
ਜਦੋਂ ਤੂੰ ਪੰਜ ਸਾਲ ਦੀ ਹੋਈ ਤਾਂ ਮੈਂ ਕੁਰਾਨ ਸ਼ਰੀਫ਼ ਪੜ੍ਹਾਉਣ ਲਈ ਤੈਨੂੰ ਬੀਬੀ-ਜੀ ਕੋਲ ਬਿਠਾਲ ਦਿੱਤਾ। ਉਦੋਂ ਪਤਾ ਲੱਗਿਆ ਕਿ ਤੇਰੀ ਆਵਾਜ਼ ਵੀ ਤੇਰੇ ਵਾਂਗ ਖ਼ੂਬਸੂਰਤ ਏ। ਬੀਬੀ-ਜੀ ਦੇ ਘਰ ਦੀਆਂ ਕੰਧਾਂ ਅੰਦਰੋਂ ਕੁਰਾਨ ਸ਼ਰੀਫ਼ ਪੜ੍ਹਨ ਵਾਲੀਆਂ ਬੱਚੀਆਂ ਦੀਆਂ ਆਵਾਜ਼ਾਂ ਆਉਂਦੀਆਂ ਤਾਂ ਉਨ੍ਹਾਂ ’ਚੋਂ ਮੇਰੀ ਰਾਣੋ ਧੀ ਦੀ ਆਵਾਜ਼ ਸਾਫ਼ ਪਛਾਣੀ ਜਾਂਦੀ ਸੀ। ਤੇਰੀ ਆਵਾਜ਼ ਵਿੱਚ ਚਾਂਦੀ ਦੀਆਂ ਕਟੋਰੀਆਂ ਦੀ ਟੁਣਕ ਸੀ। ਅਜਿਹੀ ਟੁਣਕ ਕਿ ਤੂੰ ਚੁੱਪ ਵੀ ਹੋ ਜਾਂਦੀ ਸੈਂ ਤਦ ਵੀ ਚਾਰੇ ਪਾਸੇ ਟੁਣਕਦੀ ਰਹਿੰਦੀ ਸੀ। ਫੇਰ ਇੰਜ ਹੋਇਆ ਕਿ ਪਹਿਲਾਂ ਤੂੰ ‘ਆਯਤ’ (ਕੁਰਾਨ ਦਾ ਇੱਕ ਵਾਕ) ਪੜ੍ਹਦੀ ਸੀ ਤੇ ਤੇਰੇ ਪਿੱਛੋਂ ਤੇਰੀਆਂ ਸਾਥਣਾਂ ਦੀ ਆਵਾਜ਼ ਆਉਂਦੀ ਸੀ। ਜਦੋਂ ਤੂੰ ਇਕੱਲੀ ਪੜ੍ਹ ਰਹੀ ਹੁੰਦੀ ਸੈਂ ਤਾਂ ਗਲੀ ’ਚੋਂ ਲੰਘਣ ਵਾਲਿਆਂ ਦੇ ਪੈਰ ਰੁਕ ਜਾਂਦੇ ਤੇ ਚਿੜੀਆਂ ਦੇ ਝੁੰਡ ਬਨੇਰਿਆਂ ’ਤੇ ਉੱਤਰ ਆਉਂਦੇ ਸੀ। ਇੱਕ ਵਾਰੀ ਮਜ਼ਾਰ ਸਾਈਂ ਦੂਲ੍ਹੇ ਸ਼ਾਹ ਦੇ ਮਜਾਵਰ (ਦਰਗਾਹ ਦਾ ਸੇਵਾਦਾਰ) ਸਾਈਂ ਹਜ਼ਰਤ ਸ਼ਾਹ ਇੱਧਰੋਂ ਦੀ ਲੰਘੇ ਤੇ ਤੇਰੀ ਆਵਾਜ਼ ਸੁਣ ਕੇ ਕਿਹਾ ਸੀ, ‘‘ਇਹ ਕੌਣ ਲੜਕੀ ਏ ਜੀਹਦੀ ਆਵਾਜ਼ ਵਿੱਚ ਅਸੀਂ ਫਰਿਸ਼ਤਿਆਂ ਦੇ ਖੰਭਾਂ ਦੀ ਫੜਫੜਾਹਟ ਸੁਣ ਰਹੇ ਆਂ।’’ ਤੇ ਜਦੋਂ ਤੈਨੂੰ ਪਤਾ ਲੱਗਿਆ ਕਿ ਸਾਈਂ ਹਜ਼ਰਤ ਸ਼ਾਹ ਨੇ ਇਹ ਕਿਹਾ ਏ ਤਾਂ ਤੂੰ ਇੰਨੀ ਖ਼ੁਸ਼ ਹੋਈ ਕਿ ਰੋਣ ਲੱਗ ਪਈ ਸੈਂ।
ਉਦੋਂ ਇੰਜ ਹੁੰਦਾ ਕਿ ਔਰਤਾਂ ਪਾਣੀ ਦੇ ਭਰੇ ਭਾਂਡੇ ਲਿਆਉਂਦੀਆਂ ਤੇ ਤੇਰੀ ਤਿਲਾਵਤ (ਕੁਰਾਨ ਸ਼ਰੀਫ਼ ਦਾ ਪਾਠ) ਖ਼ਤਮ ਹੋਣ ਦੀ ਉਡੀਕ ਕਰਦੀਆਂ ਰਹਿੰਦੀਆਂ। ਤੂੰ ਕੁਰਾਨ ਸ਼ਰੀਫ਼ ਬੰਦ ਕਰ ਕੇ ਉੱਠਦੀ ਤੇ ‘ਬਰਕਤ ਸਾਈਂ ਦੂਲ੍ਹੇ ਸ਼ਾਹ ਜੀ’ ਕਹਿੰਦੀ ਹੋਈ ਉਨ੍ਹਾਂ ਭਾਂਡਿਆਂ ’ਤੇ ‘ਛੂ’ ਕਰਦੀ ਤੇ ਔਰਤਾਂ ਇਹ ਪਾਣੀ ਆਪਣੇ ਪਿਆਰਿਆਂ ਨੂੰ ਪਿਲਾਉਂਦੀਆਂ ਤਾਂ ਬੀਮਾਰ ਚੰਗੇ-ਭਲੇ ਹੋ ਜਾਂਦੇ। ਬੇਨਮਾਜ਼, ਨਮਾਜ਼ੀ ਹੋ ਜਾਂਦੇ।
ਉਨ੍ਹੀਂ ਦਿਨੀਂ ਮੈਨੂੰ ਇੰਜ ਲੱਗਣ ਲੱਗਾ ਜਿਵੇਂ ਤੂੰ ਨੂਰ ਦੀ ਬਣੀ ਹੋਈ ਤਾਂ ਹਮੇਸ਼ਾਂ ਤੋਂ ਏਂ ਪਰ ਹੁਣ ਤੂੰ ਬੀਬੀ-ਜੀ ਦੇ ਘਰੋਂ ਵਾਪਸ ਘਰ ਆਉਂਦੀ ਏਂ ਤਾਂ ਤੇਰੇ ਚਿਹਰੇ ’ਤੇ ਮੇਰੀਆਂ ਨਜ਼ਰਾਂ ਨਈਂ ਟਿਕਦੀਆਂ ਜਿਵੇਂ ਸੂਰਜ ’ਤੇ ਨਈਂ ਟਿਕ ਸਕਦੀਆਂ। ਖ਼ੁਦਾ ਤੇ ਰਸੂਲ ਦੇ ਬਾਅਦ ਤੂੰ ਸਾਈਂ ਦੂਲ੍ਹੇ ਸ਼ਾਹ ਜੀ ਦਾ ਨਾਂ ਜਪਦੀ ਰਹਿੰਦੀ ਸੈਂ। ਇਸੇ ਲਈ ਤਾਂ ਤੇਰਾ ਅੱਬਾ ਇੱਕ ਵਾਰੀ ਤੈਨੂੰ ਸਾਈਂ ਦੂਲ੍ਹੇ ਸ਼ਾਹ ਜੀ ਦੇ ਮਜ਼ਾਰ ’ਤੇ ਸਲਾਮ ਵੀ ਕਰਵਾ ਲਿਆਇਆ ਸੀ।
ਕੁਰਾਨ ਸ਼ਰੀਫ਼ ਤੂੰ ਇੰਨਾ ਪੜ੍ਹਿਆ ਮੇਰੇ ਜਿਗਰ ਦੀ ਬੋਟੀ ਕਿ ਹੁਣ ਵੀ ਜਦੋਂ ਚਾਰੇ ਪਾਸੇ ਸੰਨਾਟਾ ਏ, ਸਿਰਫ਼ ਇੱਧਰੋਂ-ਉੱਧਰੋਂ ਸਿਸਕੀਆਂ ਦੀ ਆਵਾਜ਼ ਆ ਜਾਂਦੀ ਏ, ਮੈਂ ਤੇਰੇ ਆਸੇ-ਪਾਸੇ ਤੇਰੀ ਆਵਾਜ਼ ’ਚ ਕੁਰਾਨ ਸ਼ਰੀਫ਼ ਦਾ ਪਾਠ ਸੁਣ ਰਹੀ ਆਂ। ਤੇਰੇ ਬੁੱਲ੍ਹ ਨਈਂ ਹਿੱਲ ਰਹੇ ਪਰ ਮੈਂ ਆਪਣੇ ਦੁੱਧ ਦੀ ਸਹੁੰ ਖਾ ਕੇ ਕਹਿੰਨੀ ਆਂ ਕਿ ਇਹ ਆਵਾਜ਼ ਤੇਰੀ ਏ। ਜ਼ਮੀਨ ’ਤੇ ਅਜਿਹੀ ਸੁਰੀਲੀ ਆਵਾਜ਼ ਮੇਰੀ ਰਾਣੋ ਦੇ ਸਿਵਾਏ ਹੋਰ ਕਿਸੇ ਦੀ ਹੋ ਸਕਦੀ ਏ!
ਇੱਕ ਦਿਨ ਜਦੋਂ ਤੇਰੇ ਚਾਚੇ ਦੀਨ ਮੁਹੰਮਦ ਦੀ ਬੀਵੀ ਆਪਣੇ ਮੁੰਡੇ ਲਈ ਤੇਰਾ ਰਿਸ਼ਤਾ ਮੰਗਣ ਆਈ ਤਾਂ ਮੈਨੂੰ ਪਤਾ ਲੱਗਿਆ ਕਿ ਤੂੰ ਵਿਆਹ ਦੀ ਉਮਰ ਨੂੰ ਪਹੁੰਚ ਗਈ ਏਂ। ਮਾਂਵਾਂ ਤਾਂ ਧੀ ਦੇ ਸਿਰ ’ਤੇ ਚੁੰਨੀ ਲੈਂਦਿਆਂ ਈ ਸਮਝ ਜਾਂਦੀਆਂ ਨੇ ਕਿ ਵਕਤ ਆ ਰਿਹਾ ਏ ਪਰ ਤੇਰੇ ਬਾਰੇ ਮੈਂ ਸੋਚ ਈ ਨਾ ਸਕੀ। ਤੂੰ ਸੋਚਣ ਦੀ ਮੋਹਲਤ ਨਈਂ ਦਿੱਤੀ। ਮੈਂ ਤੇਰੇ ਅੱਬਾ ਨਾਲ ਆਪਣੀ ਇਸ ਬੇਖ਼ਬਰੀ ਦੀ ਗੱਲ ਕੀਤੀ ਤਾਂ ਉਹ ਬੋਲਿਆ, ‘‘ਤੂੰ ਤਾਂ ਸਦਾ ਦੀ ਬੇਖ਼ਬਰੀ ਏਂ ਪਰ ਮੈਂ ਏਡਾ ਬੇਖ਼ਬਰ ਨਈਂ ਆਂ। ਬਸ, ਗੱਲ ਇਹ ਐ ਕਿ ਮੈਨੂੰ ਕੁੜੀ ਤੋਂ ਡਰ ਲੱਗਦਾ ਏ। ਉਸ ਨਾਲ ਵੀ ਤਾਂ ਗੱਲ ਕਰ। ਉਸ ਨੇ ਤਾਂ ਜਿਵੇਂ ਆਪਣਾ ਸਭ ਕੁਝ ਮੌਲਾ ਦੀ ਰਾਹ ’ਤੇ ਤਜ ਦਿੱਤਾ ਏ।’’
ਉਦੋਂ ਪਹਿਲੀ ਵਾਰੀ ਮੈਨੂੰ ਵੀ ਤੈਥੋਂ ਭੈਅ ਆਇਆ। ਮੈਂ ਸੋਚਿਆ, ਜੇ ਮੈਂ ਤੇਰੇ ਨਾਲ ਰਿਸ਼ਤੇ ਦੀ ਗੱਲ ਕੀਤੀ ਤਾਂ ਕਿਤੇ ਤੈਨੂੰ ਗੁੱਸਾ ਨਾ ਆ ਜਾਵੇ। ਪਰ ਫੇਰ ਉਸੇ ਸ਼ਾਮ ਸਾਈਂ ਹਜ਼ਰਤ ਸ਼ਾਹ ਦਾ ਇੱਕ ਖਾਦਿਮ ਆਇਆ ਤੇ ਉਸ ਨੇ ਦੱਸਿਆ ਕਿ ਕੱਲ੍ਹ ਤੋਂ ਸਾਈਂ ਦੂਲ੍ਹੇ ਸ਼ਾਹ ਜੀ ਦਾ ਉਰਸ ਏ ਜਿਹੜਾ ਤਿੰਨ ਦਿਨ ਤੱਕ ਚੱਲੇਗਾ ਤੇ ਸਾਈ ਹਜ਼ਰਤ ਸ਼ਾਹ ਨੇ ਸੁਪਨੇ ਵਿੱਚ ਸਾਈਂ ਦੂਲ੍ਹੇ ਸ਼ਾਹ ਜੀ ਨੂੰ ਦੇਖਿਆ ਏ ਤੇ ਇਹ ਫਰਮਾਉਂਦੇ ਸੁਣਿਆ ਏ ਕਿ ਮੇਰੀ ਚੇਲੀ ਰਾਣੋ ਨੂੰ ਬੁਲਾ ਕੇ ਤਿੰਨ ਦਿਨ ਤਕ ਉਸ ਤੋਂ ਮੇਰੇ ਮਜ਼ਾਰ ’ਤੇ ਕੁਰਾਨ ਸ਼ਰੀਫ਼ ਦੀ ਤਿਲਾਵਤ ਕਰਵਾਓ ਵਰਨਾ ਸਾਰਿਆਂ ਨੂੰ ਭਸਮ ਕਰ ਦਿਆਂਗਾ। ਤੂੰ ਜਾਣਦੀ ਸੈਂ ਧੀਏ ਕਿ ਸਾਈਂ ਦੂਲ੍ਹੇ ਸ਼ਾਹ ਜੀ ਬੜੇ ਜਲਾਲ (ਗੁੱਸੇ) ਵਾਲੇ ਸਾਈਂ ਸਨ। ਜ਼ਿੰਦਗੀ ਵਿੱਚ ਜਿਸ ਨੇ ਵੀ ਉਨ੍ਹਾਂ ਵਿਰੁੱਧ ਕੋਈ ਗੱਲ ਕੀਤੀ, ਉਸ ਨੂੰ ਬਸ ਇੱਕ ਨਜ਼ਰ ਭਰ ਕੇ ਦੇਖਿਆ ਤੇ ਰਾਖ ਕਰ ਦਿੱਤਾ। ਮਰਨ ਪਿੱਛੋਂ ਉਨ੍ਹਾਂ ਦੀ ਦਰਗਾਹ ਵਿੱਚ ਜਾਂ ਉਸ ਦੇ ਆਸੇ-ਪਾਸੇ ਕੋਈ ਬੁਰੀ ਗੱਲ ਹੋ ਜਾਵੇ ਤਾਂ ਉਨ੍ਹਾਂ ਦਾ ਮਜ਼ਾਰ ਸ਼ਰੀਫ਼ ਸਿਰਹਾਣੇ ਵਾਲੇ ਪਾਸਿਓਂ ਖੁੱਲ੍ਹ ਜਾਂਦਾ ਏ ਤੇ ਉਸ ਵਿੱਚੋਂ ਉਨ੍ਹਾਂ ਦਾ ਪਵਿੱਤਰ ਹੱਥ ਨਿਕਲਦਾ ਏ। ਬੁਰਾ ਕੰਮ ਜਾਂ ਬੁਰੀ ਗੱਲ ਕਰਨ ਵਾਲਾ ਜਿੱਥੇ ਵੀ ਹੋਵੇ, ਖਿੱਚਿਆ ਆਉਂਦਾ ਏ। ਆਪਣੀ ਗਰਦਨ ਸਾਈਂ ਜੀ ਦੇ ਪਵਿੱਤਰ ਹੱਥ ’ਚ ਦੇ ਦੇਂਦਾ ਏ ਤੇ ਫੇਰ ਉੱਥੇ ਈ ਢੇਰ ਹੋ ਜਾਂਦਾ ਏ। ਸਾਈਂ ਜੀ ਦਾ ਪਵਿੱਤਰ ਹੱਥ ਵਾਪਸ ਮਜ਼ਾਰ ਸ਼ਰੀਫ਼ ’ਚ ਚਲਾ ਜਾਂਦਾ ਏ ਤੇ ਮਜ਼ਾਰ-ਸ਼ਰੀਫ਼ ਦੀਆਂ ਕੰਧਾਂ ਇੰਜ ਜੁੜ ਜਾਂਦੀਆਂ ਨੇ ਜਿਵੇਂ ਕਦੀ ਖੁੱਲ੍ਹੀਆਂ ਈ ਨਾ ਹੋਣ।
ਕੀਹਦੀ ਮਜਾਲ ਸੀ ਕਿ ਸਾਈਂ ਦੂਲ੍ਹੇ ਸ਼ਾਹ ਜੀ ਦਾ ਹੁਕਮ ਨਾ ਮੰਨਦਾ। ਦੂਜੇ ਦਿਨ ਅਸੀਂ ਤਿੰਨੇ ਇੱਕ ਊਠ ’ਤੇ ਕੁਜਾਵੇ ’ਚ ਬੈਠੇ ਦਰਗਾਹ ਸਾਈਂ ਦੂਲ੍ਹੇ ਸ਼ਾਹ ਜੀ ਵੱਲ ਜਾ ਰਹੇ ਸਾਂ। ਮੈਂ ਕੁਜਾਵੇ ਦੇ ਇੱਕ ਪਾਸੇ ਸਾਂ ਤੇ ਤੂੰ ਮੇਰੀ ਜਾਨ! ਕੁਜਾਵੇ ਦੇ ਦੂਜੇ ਪਾਸੇ ਤੇ ਵਿਚਕਾਰ ਊਠ ਦੇ ਪਲਾਨ ’ਤੇ ਤੇਰਾ ਅੱਬਾ ਬੈਠਾ ਸੀ। ਊਠ ਜਿਉਂ ਈ ਉੱਠਿਆ ਤੇ ਚੱਲਣ ਲੱਗਾ ਸੀ ਤਾਂ ਤੂੰ ਕੁਰਾਨ ਸ਼ਰੀਫ਼ ਦੀਆਂ ਤਿਲਾਵਤਾਂ ਸ਼ੁਰੂ ਕਰ ਦਿੱਤੀਆਂ ਸਨ। ਤੇ ਮੇਰੀ ਪਾਕ ਤੇ ਨੇਕ ਬੱਚੀ, ਮੈਂ ਆਪਣੀਆਂ ਅੱਖਾਂ ਨਾਲ ਦੇਖਿਆ ਕਿ ਸਾਡਾ ਊਠ ਜਿੱਥੋਂ ਵੀ ਲੰਘਦਾ, ਲੋਕ ਦੂਰ-ਦੂਰ ਤੋਂ ਖਿੱਚੇ ਤੁਰੇ ਆਉਂਦੇ ਸਨ। ਉਹ ਸਾਡੇ ਨਾਲ-ਨਾਲ ਤੁਰ ਰਹੇ ਤੇ ਰੋ ਰਹੇ ਸੀ ਤੇ ਸੁਬਹਾਨ-ਅੱਲ੍ਹਾ, ਸੁਬਹਾਨ-ਅੱਲ੍ਹਾ ਕਰ ਰਹੇ ਸਨ। ਕੁਜਾਵੇ ਦੇ ਉੱਪਰ ਚਿੜੀਆਂ, ਮੜਕੀਆਂ ਤੇ ਕਬੂਤਰਾਂ ਦੇ ਝੁੰਡ ਆਉਂਦੇ ਸਨ ਤੇ ਗੋਤਾ ਲਾ ਕੇ ਜਿਵੇਂ ਮੇਰੀ ਬੱਚੀ ਦੀ ਆਵਾਜ਼ ਦਾ ਸ਼ਰਬਤ ਪੀ ਕੇ ਨੱਚਦੇ-ਤੈਰਦੇ ਹੋਏ ਦੂਰ ਨਿਕਲ ਜਾਂਦੇ ਸਨ। ਮੈਂ ਸੋਚਦੀ ਸਾਂ ਕਿ ਇਹ ਸਾਡੀ ਪਾਪੀਆਂ ਦੀ ਕਿਸ ਨੇਕੀ ਦਾ ਫ਼ਲ ਏ ਕਿ ਖ਼ੁਦਾ ਨੇ ਸਾਨੂੰ ਅਜਿਹੀ ਧੀ ਦਿੱਤੀ ਏ ਜਿਹੜੀ ਧਰਤੀ ’ਤੇ ਕੁਰਾਨ ਸ਼ਰੀਫ਼ ਦਾ ਪਾਠ ਕਰਦੀ ਏ ਤਾਂ ਉਸ ਦੀ ਆਵਾਜ਼ ਆਸਮਾਨ ਤਕ ਪਹੁੰਚ ਜਾਂਦੀ ਏ। ਆਸਮਾਨ ਦਾ ਖ਼ਿਆਲ ਮੈਨੂੰ ਇੰਜ ਆਉਂਦਾ ਸੀ ਕਿ ਇੱਕ ਵਾਰੀ ਤੇਰੇ ਅੱਬਾ ਨੇ ਝੁਕ ਕੇ ਮੇਰੇ ਕੰਨ ਵਿੱਚ ਹੌਲੀ ਜਿਹੀ ਕਿਹਾ ਸੀ, ‘‘ਉੱਪਰ ਦੇਖ, ਇਹ ਕੇਹੇ ਨੂਰਾਨੀ ਪਰਿੰਦੇ ਨੇ ਜਿਹੜੇ ਸਾਡੇ ਨਾਲ-ਨਾਲ ਉੱਡ ਰਹੇ ਨੇ। ਮੈਂ ਇਨ੍ਹਾਂ ਇਲਾਕਿਆਂ ’ਚ ਅਜਿਹੇ ਪਰਿੰਦੇ ਕਦੀ ਨਈਂ ਦੇਖੇ ਜਿਨ੍ਹਾਂ ਦੇ ਖੰਭਾਂ ’ਚ ਸਿਤਾਰੇ ਚਮਕਦੇ ਹੋਣ। ਇਹ ਤਾਂ ਆਸਮਾਨ ਤੋਂ ਉਤਰ ਕੇ ਆਉਣ ਵਾਲੇ ਫਰਿਸ਼ਤੇ ਜਾਪਦੇ ਨੇ।’’ ਤੇ ਮੇਰੀਆਂ ਅੱਖਾਂ ਦੀ ਨੂਰ ਬੱਚੀ! ਮੈਂ ਤੇਰੀ ਜਾਹਿਲ ਮਾਂ ਸਹੁੰ ਖਾ ਕੇ ਕਹਿ ਸਕਦੀ ਆਂ ਕਿ ਉਹ ਫਰਿਸ਼ਤੇ ਈ ਸਨ। ਕੁਝ ਇਹੋ-ਜਿਹੇ ਜਿਵੇਂ ਨਿੱਕੇ-ਨਿੱਕੇ ਬੱਚਿਆਂ ਦੇ ਖੰਭ ਲੱਗ ਗਏ ਹੋਣ ਤੇ ਉਹ ਹਵਾ ਵਿੱਚ ਹੁਮਕਦੇ ਫਿਰਦੇ ਹੋਣ ਤੇ ਉਹ ਮੇਰੀ ਪਹੁੰਚੀ ਹੋਈ ਧੀ ਤੋਂ ਕੁਰਾਨ ਸ਼ਰੀਫ਼ ਦਾ ਪਾਠ ਸੁਣਨ ਆਏ ਹੋਣ।
ਫੇਰ ਜਦੋਂ ਦਰਗਾਹ ਸਾਈਂ ਦੂਲ੍ਹੇ ਸ਼ਾਹ ਜੀ ਕੋਲ ਸਾਡਾ ਊਠ ਬੈਠਿਆ ਤਾਂ ਜਿਵੇਂ ਤੂੰ ਭੁੱਲ ਗਈ ਸੈਂ ਕਿ ਤੇਰੇ ਨਾਲ ਤੇਰੇ ਮਾਂ-ਪਿਓ ਵੀ ਨੇ। ਤੂੰ ਮਜ਼ਾਰ ਸ਼ਰੀਫ਼ ਵੱਲ ਇੰਜ ਖਿੱਚੀਦੀ ਤੁਰ ਗਈ ਸੈਂ ਜਿਵੇਂ ਸਾਈਂ ਦੂਲ੍ਹੇ ਸ਼ਾਹ ਜੀ ਤੇਰੀ ਉਂਗਲ ਫੜ ਕੇ ਤੈਨੂੰ ਆਪਣੇ ਘਰ ਲਈ ਜਾ ਰਹੇ ਹੋਣ।
ਮਜ਼ਾਰ ਸ਼ਰੀਫ਼ ਨੂੰ ਚੁੰਮ ਕੇ ਉਸ ਦੇ ਇੱਕ ਪਾਸੇ ਬੈਠ ਕੇ ਤੂੰ ਕੁਰਾਨ ਸ਼ਰੀਫ਼ ਦੀ ਤਿਲਾਵਤ ਸ਼ੁਰੂ ਕਰ ਦਿੱਤੀ ਸੀ ਤੇ ਤੇਰੀ ਆਵਾਜ਼ ਦੀ ਮਿਠਾਸ ਚਖਣ ਲਈ ਲੋਕ ਮਜ਼ਾਰ ਸ਼ਰੀਫ਼ ਦੁਆਲੇ ਜੁੜ ਗਏ ਸਨ। ਅਸੀਂ ਦੋਵਾਂ ਨੇ ਮਜ਼ਾਰ ਸ਼ਰੀਫ਼ ਨੂੰ ਆਪਣੇ ਪੋਰਾਂ ਨਾਲ ਛੂਹਿਆ ਤੇ ਫੇਰ ਆਪਣੇ ਪੋਰ ਚੁੰਮ ਲਏ। ਫੇਰ ਅਸੀਂ ਸਾਈਂ ਹਜ਼ਰਤ ਸ਼ਾਹ ਦੀ ਸੇਵਾ ’ਚ ਉਨ੍ਹਾਂ ਦੇ ਚਰਨਾਂ ਨੂੰ ਛੂਹਣ ਤੇ ਪਵਿੱਤਰ ਹੱਥ ਨੂੰ ਚੁੰਮਣ ਪਹੁੰਚੇ ਸੀ ਤੇ ਉਨ੍ਹਾਂ ਨੇ ਫ਼ਰਮਾਇਆ ਸੀ, ‘‘ਆਪਣੀ ਬੇਟੀ ਨੂੰ ਸਾਈਂ ਜੀ ਦੇ ਕਦਮਾਂ ਵਿੱਚ ਬਿਠਾ ਕੇ ਤੁਸੀਂ ਆਪਣੇ ਅਗਲੇ-ਪਿਛਲੇ ਗੁਨਾਹ ਮੁਆਫ਼ ਕਰਾ ਲਏ ਨੇ। ਤੁਸੀਂ ਇੰਸ਼ਾ ਅੱਲ੍ਹਾ ਜੱਨਤੀ ਓਂ।’’ ਇਹ ਸੁਣ ਕੇ ਖ਼ੁਸ਼ੀ ਨਾਲ ਸਾਡੇ ਸਾਹਾਂ ਦੀ ਗਤੀ ਤੇਜ਼ ਹੋ ਗਈ ਸੀ। ਫੇਰ ਅਸੀਂ ਅੰਦਰ ਜਾ ਕੇ ਬੀਬੀਆਂ ਨੂੰ ਸਲਾਮ ਕੀਤਾ ਤੇ ਤੈਨੂੰ ਮੇਰੀ ਜਾਨ ਸਾਈਂ ਦੂਲ੍ਹੇ ਸ਼ਾਹ ਜੀ ਤੇ ਹਜਰਤ ਸ਼ਾਹ ਜੀ ਤੇ ਉਨ੍ਹਾਂ ਦੇ ਘਰਾਣੇ ਦੀਆਂ ਬੀਬੀਆਂ ਦੀ ਅਮਾਨਤ ’ਚ ਦੇ ਕੇ ਅਸੀਂ ਦੋਵੇਂ ਇਹ ਕਹਿ ਕੇ ਪਿੰਡ ਆ ਗਏ ਕਿ ਉਰਸ ਦੇ ਤਿੰਨ ਦਿਨ ਬੀਤਣ ਪਿੱਛੋਂ ਅਗਲੇ ਦਿਨ ਅਸੀਂ ਆਪਣੀ ਇਸ ਨਿਆਮਤ (ਰੱਬੀ ਦਾਤ) ਨੂੰ ਲੈਣ ਹਾਜ਼ਰ ਹੋ ਜਾਵਾਂਗੇ ਜਿਹੜੀ ਖ਼ੁਦਾ ਨੇ ਤੇ ਉਸ ਦੇ ਹਬੀਬ-ਏ-ਪਾਕ ਨੇ ਸਾਡੀ ਗ਼ਰੀਬਾਂ ਤੇ ਪਾਪੀਆਂ ਦੀ ਕਿਸੇ ਸਿੱਧੀ-ਸਾਦੀ ਨੇਕੀ ਤੋਂ ਖ਼ੁਸ਼ ਹੋ ਕੇ ਬਖ਼ਸ਼ੀ ਏ।
ਨੀਂ ਮੇਰੀ ਬੱਚੀਏ, ਨੀਂ ਮੇਰੇ ਜਿਗਰ ਦੀ ਬੋਟੀਏ, ਨੀਂ ਮੇਰੀ ਸਾਫ਼-ਸੁਥਰੀ ਰਾਣੋ ਧੀਏ! ਫੇਰ ਜਦੋਂ ਤੀਜੇ ਦਿਨ ਬਾਅਦ ਅਸੀਂ ਦੋਵੇਂ ਸਾਈਂ ਦੂਲ੍ਹੇ ਸ਼ਾਹ ਜੀ ਦੇ ਮਜ਼ਾਰ ’ਤੇ ਗਏ ਤਾਂ ਤੂੰ ਉੱਥੇ ਬੈਠੀ ਸੈਂ ਜਿੱਥੇ ਅਸੀਂ ਤੈਨੂੰ ਬੈਠਾਅ ਗਏ ਸੀ ਪਰ ਕੀ ਇਹ ਤੂੰ ਈ ਸੈਂ? ਤੇਰੀਆਂ ਅੱਖਾਂ ਦੀਆਂ ਪੁਤਲੀਆਂ ਫੈਲ ਗਈਆਂ ਸਨ। ਤੇਰੇ ਬੁੱਲ੍ਹਾਂ ’ਤੇ ਜੰਮੇ ਖ਼ੂਨ ਦੀਆਂ ਪੇਪੜੀਆਂ ਸਨ। ਤੇਰੇ ਵਾਲ ਖਿੱਲਰੇ ਹੋਏ ਸਨ। ਚਾਦਰ ਤੇਰੇ ਸਿਰ ਤੋਂ ਲੱਥੀ ਹੋਈ ਸੀ ਪਰ ਆਪਣੇ ਅੱਬੂ ਨੂੰ ਦੇਖ ਕੇ ਵੀ ਤੈਨੂੰ ਆਪਣਾ ਸਿਰ ਢਕਣ ਦਾ ਖ਼ਿਆਲ ਨਈਂ ਸੀ ਆਇਆ। ਤੇਰਾ ਰੰਗ ਮਿੱਟੀ ਹੋਇਆ-ਹੋਇਆ ਸੀ। ਤੇ ਸਾਨੂੰ ਦੇਖਦੇ ਈ ਤੂੰ ਚੀਕ ਪਈ ਸੈਂ, ‘‘ਮੈਥੋਂ ਦੂਰ ਰਹੋ ਅੱਬਾ, ਮੇਰੇ ਕੋਲ ਨਾ ਆਵੀਂ ਅੰਮਾਂ, ਮੈਂ ਉਦੋਂ ਤਕ ਇੱਥੇ ਰਹਾਂਗੀ ਜਦੋਂ ਤਕ ਸਾਈਂ ਦੂਲ੍ਹੇ ਸ਼ਾਹ ਜੀ ਦਾ ਮਜ਼ਾਰ ਸ਼ਰੀਫ਼ ਨਈਂ ਖੁੱਲ੍ਹਦਾ ਤੇ ਉਸ ਵਿੱਚੋਂ ਉਨ੍ਹਾਂ ਦਾ ਪਵਿੱਤਰ ਹੱਥ ਨਈਂ ਨਿਕਲਦਾ। ਜਦੋਂ ਤਕ ਫ਼ੈਸਲਾ ਨਈਂ ਹੁੰਦਾ, ਮੈਂ ਇੱਥੇ ਈ ਰਹਾਂਗੀ। ਤੇ ਮਜ਼ਾਰ ਸ਼ਰੀਫ਼ ਖੁੱਲ੍ਹੇਗਾ, ਅੱਜ ਨਈਂ ਤਾਂ ਕੱਲ੍ਹ ਖੁੱਲ੍ਹੇਗਾ। ਇੱਕ ਮਹੀਨੇ ਬਾਅਦ, ਇੱਕ ਸਾਲ ਬਾਅਦ, ਦੋ ਸਾਲ ਬਾਅਦ ਸਹੀ… ਪਰ ਮਜ਼ਾਰ ਸ਼ਰੀਫ਼ ਜ਼ਰੂਰ ਖੁੱਲ੍ਹੇਗਾ ਤੇ ਪਵਿੱਤਰ ਹੱਥ ਜ਼ਰੂਰ ਨਿਕਲੇਗਾ। ਓਦੋਂ ਮੈਂ ਖ਼ੁਦ ਆਪਣੇ ਅੱਬੂ ਤੇ ਅੰਮਾਂ ਦੇ ਕਦਮਾਂ ’ਚ ਚਲੀ ਜਾਵਾਂਗੀ ਤੇ ਸਾਰੀ ਉਮਰ ਉਨ੍ਹਾਂ ਦੀਆਂ ਜੁੱਤੀਆਂ ਸਿੱਧੀਆਂ ਕਰਾਂਗੀ ਤੇ ਉਨ੍ਹਾਂ ਦੇ ਪੈਰ ਧੋ-ਧੋ ਪੀਵਾਂਗੀ ਪਰ ਹੁਣ ਮੈਂ ਨਈਂ ਆ ਸਕਦੀ। ਮੈਂ ਵੱਝ ਗਈ ਆਂ। ਮੈਂ ਮਰ ਗਈ ਆਂ।’’ ਫੇਰ ਯਕਦਮ ਤੇਰੀ ਭੁੱਬ ਨਿਕਲ ਗਈ ਤੇ ਪਰ ਤੂੰ ਯਕਦਮ ਆਪਣੇ ਅੱਥਰੂ ਡੱਕ ਲਏ ਸਨ ਤੇ ਭਰੜਾਈ ਹੋਈ ਆਵਾਜ਼ ’ਚ ਤਿਲਾਵਤ ਕਰਨ ਲੱਗ ਪਈ ਸੈਂ ਤੂੰ। ਆਸੇ-ਪਾਸੇ ਖੜ੍ਹੇ ਕਈ ਲੋਕ ਸਾਡੇ ਨਾਲ-ਨਾਲ ਰੋਣ ਲੱਗ ਪਏ ਸਨ ਤੇ ਕਹਿਣ ਲੱਗੇ ਸਨ, ‘‘ਅਸਰ ਆ ਗਿਆ ਏ। ਦਿਨ-ਰਾਤ ਮਜ਼ਾਰ ਸ਼ਰੀਫ਼ ’ਤੇ ਰਹਿਣ ਕਰਕੇ ਇਸ ’ਚ ਕੋਈ ਕਸਰ ਆ ਗਈ ਏ।’’
ਤੇਰੇ ਅੱਬੂ ਨੇ ਫਰਿਆਦ ਕੀਤੀ ਸੀ, ‘‘ਅਸਰ ਆ ਗਿਆ ਏ… ਕਸਰ ਆ ਗਈ ਏ? ਦਿਨ-ਰਾਤ ਕੁਰਾਨ ਸ਼ਰੀਫ਼ ਦੀ ਤਿਲਾਵਤ ਕਰਨ ਵਾਲੀ ਕੁੜੀ ’ਚ ਕੋਈ ਕਸਰ ਕਿੰਜ ਆ ਸਕਦੀ ਏ? ਤੇ ਜੇ ਤੁਸੀਂ ਕਹਿੰਦੇ ਓ ਕਿ ਕਸਰ ਆ ਗਈ ਏ ਤਾਂ ਸਾਈਂ ਹਜ਼ਰਤ ਸ਼ਾਹ ਕਿੱਥੇ ਨੇ?’’ ਉਹ ਰੋਂਦਾ ਹੋਇਆ ਸਾਈਂ ਹਜ਼ਰਤ ਸ਼ਾਹ ਵੱਲ ਤੁਰ ਪਿਆ ਸੀ ਤੇ ਮੈਂ ਵਿਲਕਦੀ ਹੋਈ ਉਸ ਦੇ ਪਿੱਛੇ-ਪਿੱਛੇ ਸਾਂ। ਪਰ ਸਾਨੂੰ ਖਾਦਿਮ ਨੇ ਦੱਸਿਆ ਕਿ ਸਾਈਂ ਜੀ ਤਾਂ ਉਰਸ ਦੇ ਫ਼ੌਰਨ ਬਾਅਦ ਇੱਕ ਕੋਠੜੀ ’ਚ ਬੰਦ ਹੋ ਕੇ ਬੈਠ ਜਾਂਦੇ ਨੇ ਤੇ ਕਈ ਦਿਨ ਤਕ ਵਜੀਫ਼ਾ (ਜਪ) ਫ਼ਰਮਾਉਂਦੇ ਰਹਿੰਦੇ ਨੇ ਤੇ ਕਿਸੇ ਨੂੰ ਨਈਂ ਮਿਲਦੇ। ਫੇਰ ਮੈਂ ਅੰਦਰ ਬੀਬੀਆਂ ਕੋਲ ਜਾਣਾ ਚਾਹਿਆ ਸੀ। ਵੱਡੇ ਦਰਵਾਜ਼ੇ ’ਤੇ ਖਾਦਿਮ ਨੇ ਦੱਸਿਆ ਕਿ ਰਾਣੋ ਦੀ ਹਾਲਤ ਤੋਂ ਬੀਬੀਆਂ ਪਹਿਲਾਂ ਈ ਬੜੀਆਂ ਪ੍ਰੇਸ਼ਾਨ ਨੇ ਤੇ ਉਨ੍ਹਾਂ ਨੂੰ ਹੋਰ ਪ੍ਰੇਸ਼ਾਨ ਕਰਨਾ ਪਾਪ ਏ। ਅਸੀਂ ਫੇਰ ਅਹੁਲ ਕੇ ਮਜ਼ਾਰ ਸ਼ਰੀਫ਼ ਵੱਲ ਗਏ ਪਰ ਐਤਕੀਂ ਮੇਰੀ ਬੱਚੀ ਤੂੰ ਸਾਨੂੰ ਦੇਖਿਆ ਤਾਂ ਤੈਨੂੰ ਜਲਾਲ ਆ ਗਿਆ ਤੇ ਤੂੰ ਇੰਨੇ ਜ਼ੋਰ ਨਾਲ ਚੀਕ ਕੇ ਕਿਹਾ ਸੀ, ‘‘ਤੁਸੀਂ ਗਏ ਕਿਉਂ ਨਈਂ?’’ ਤੇ ਮੈਨੂੰ ਯਕੀਨ ਈ ਨਈਂ ਸੀ ਆਇਆ ਕਿ ਉਹ ਚੀਕ ਉਸ ਹਲਕ ’ਚੋਂ ਨਿਕਲੀ ਏ ਜਿਸ ’ਚੋਂ ਤਿਲਾਵਤ ਦੇ ਸਿਵਾਏ ਕਦੀ ਕੁਝ ਹੋਰ ਨਿਕਲਿਆ ਈ ਨਈਂ ਸੀ!
ਅਸੀਂ ਉੱਜੜੇ-ਪੁੱਜੜੇ ਮਾਪੇ ਮਜ਼ਾਰ ਸ਼ਰੀਫ਼ ਦੇ ਇੱਕ ਪਾਸੇ ਨੁੱਕਰ ’ਚ ਬੈਠ ਕੇ ਰੋ ਰਹੇ ਸੀ ਤੇ ਲੋਕ ਸਾਨੂੰ ਰੋਂਦਿਆਂ ਨੂੰ ਦੇਖ ਕੇ ਰੋ ਰਹੇ ਸਨ। ਸਾਈਂ ਹਜ਼ਰਤ ਸ਼ਾਹ ਦਾ ਖਾਦਿਮ ਆਇਆ ਤੇ ਉਸ ਨੇ ਦੱਸਿਆ ਕਿ ਸਾਈਂ ਜੀ ਨੂੰ ਰਾਣੋ ਦੀ ਇਸ ਹਾਲਤ ਦਾ ਬੜਾ ਦੁੱਖ ਸੀ ਤੇ ਉਨ੍ਹਾਂ ਨੇ ਫ਼ਰਮਾਇਆ ਸੀ ਕਿ ਇਹ ਕੁੜੀ ਅਚਾਨਕ ਜਿੰਨ-ਭੂਤ ਦੇ ਕਬਜੇ ’ਚ ਚਲੀ ਗਈ ਏ ਤੇ ਸਾਈਂ ਹਜ਼ਰਤ ਸ਼ਾਹ ਜ਼ਾਸ ਵਜੀਫ਼ਾ ਫ਼ਰਮਾ ਰਹੇ ਨੇ ਕਿ ਜਿੰਨ ਉਤਰੇ ਤਾਂ ਇਸ ਅਮਾਨਤ ਨੂੰ ਉਸ ਦੇ ਮਾਂ-ਪਿਓ ਤਕ ਪਹੁੰਚਾਇਆ ਜਾਵੇ। ਫੇਰ ਹੁਕਮ ਹੋਇਆ ਕਿ ਤੁਸੀਂ ਜਾਓ ਤੇ ਰਾਣੋ ਨੂੰ ਦਰਗਾਹ ਸ਼ਰੀਫ਼ ਦੀ ਨਿਗਰਾਨੀ ’ਚ ਰਹਿਣ ਦਿਓ।
‘‘ਹੁਣ ਤੁਸੀਂ ਜਾਓ,’’ ਸਾਡੇ ਸਿਰਾਂ ’ਤੇ ਤੇਰੀ ਆਵਾਜ਼ ਗੂੰਜੀ ਸੀ। ਅਸੀਂ ਸਿਰ ਚੁੱਕ ਕੇ ਦੇਖਿਆ ਸੀ ਕਿ ਤੇਰੀਆਂ ਅੱਖਾਂ ਤਲਾਵਾਂ ਵਾਂਗ ਭਰੀਆਂ ਹੋਈਆਂ ਸਨ। ‘‘ਹੁਣ ਤੁਸੀਂ ਜਾਓ ਮੇਰੇ ਅੱਬੂ, ਜਾਓ ਮੇਰੀ ਅੰਮਾਂ, ਹੁਣ ਤੁਸੀਂ ਜਾਓ, ਮਜ਼ਾਰ ਸ਼ਰੀਫ਼ ਜ਼ਰੂਰ ਖੁੱਲ੍ਹੇਗਾ, ਮੁਬਾਰਕ ਹੱਥ ਜ਼ਰੂਰ ਨਿਕਲੇਗਾ, ਫ਼ੈਸਲਾ ਜ਼ਰੂਰ ਹੋਵੇਗਾ। ਫ਼ੈਸਲਾ ਹੋ ਜਾਵੇ ਤਾਂ ਮੈਂ ਸਿੱਧੀ ਤੁਹਾਡੇ ਕੋਲ ਪਹੁੰਚਾਂਗੀ।’’ ਇਹ ਕਹਿ ਕੇ ਤੂੰ ਮਜ਼ਾਰ ਸ਼ਰੀਫ਼ ਵੱਲ ਪਰਤ ਗਈ ਸੈਂ ਤੇ ਤੁਰਦੀ ਹੋਈ ਇੰਜ ਡੋਲ ਰਹੀ ਸੈਂ ਜਿਵੇਂ ਕੱਟੀ ਪਤੰਗ ਡੋਲ ਰਹੀ ਹੁੰਦੀ ਏ।
ਮੈਂ ਤੇਰੇ ਤੋਂ ਸਦਕੇ ਜਾਵਾਂ ਮੇਰੀਏ ਧੀਏ! ਅਸੀਂ ਤੇਰੇ ਮਾਪੇ ਉਸ ਪਿੱਛੋਂ ਵੀ ਵਾਰੀ-ਵਾਰੀ ਤੇਰੇ ਕੋਲ ਪਹੁੰਚੇ ਪਰ ਹੁਣ ਤਾਂ ਤੂੰ ਸਾਨੂੰ ਪਛਾਣਦੀ ਵੀ ਨਈਂ ਸੈਂ। ਅਸੀਂ ਤੈਨੂੰ ਬੁਲਾਉਂਦੇ ਤਾਂ ਤੂੰ ਸਾਨੂੰ ਇੰਜ ਸੁੰਨੀਆਂ-ਸੁੰਨੀਆਂ ਅੱਖਾਂ ਨਾਲ ਦੇਖਦੀ ਸੈਂ ਜਿਵੇਂ ਹੈਰਾਨ ਹੋ ਰਹੀ ਹੋਵੇਂ ਕਿ ਇਹ ਆਵਾਜ਼ ਕਿੱਧਰੋਂ ਆਈ ਏ! ਤੇਰਾ ਰੰਗ ਮੈਲਾ-ਮੈਲਾ ਜਿਹਾ ਹੋ ਗਿਆ ਸੀ। ਤੇਰੇ ਬੁੱਲ੍ਹ ਆਕੜ ਕੇ ਪਾਟ ਗਏ ਸਨ। ਤੇਰੇ ਵਾਲਾਂ ਵਿੱਚ ਗਰਦ ਸੀ, ਡੱਕੇ-ਡੌਲੇ ਸਨ, ਖ਼ੁਸ਼ਕ ਟੁੱਟੇ ਹੋਏ ਪੱਤੇ ਸਨ। ਇੱਕ ਵਾਰੀ ਜਦੋਂ ਅਸੀਂ ਤੇਰੇ ਲਈ ਕੱਪੜਿਆਂ ਦਾ ਨਵਾਂ ਜੋੜਾ ਲੈ ਕੇ ਗਏ ਸੀ ਤੇ ਅਸੀਂ ਇਹ ਕੱਪੜੇ ਤੇਰੇ ਸਾਹਮਣੇ ਰੱਖੇ ਤਾਂ ਤੂੰ ਇਹ ਕੱਪੜੇ ਹੱਥ ਵਿੱਚ ਲੈ ਕੇ ਉੱਠੀ ਤੇ ਇੱਕ ਪਾਸੇ ਚਲੀ ਗਈ। ਤੇਰਾ ਇੱਕ ਵੀ ਪੈਰ ਸਿੱਧਾ ਨਈਂ ਸੀ ਪੈ ਰਿਹਾ। ਫੇਰ ਤੂੰ ਗਾਇਬ ਹੋ ਗਈ ਸੈਂ ਤੇ ਅਸੀਂ ਖ਼ੁਸ਼ ਹੋਏ ਸੀ ਕਿ ਤੂੰ ਕਿਤੇ ਕੱਪੜੇ ਬਦਲਣ ਗਈ ਏਂ। ਫੇਰ ਯਕਦਮ ਇੱਕ ਪਾਸੇ ਰੌਲਾ ਪੈਣ ਲੱਗਾ ਸੀ ਤੇ ਤੂੰ ਉਸੇ ਤਰ੍ਹਾਂ ਵਾਪਸ ਆ ਰਹੀ ਸੈਂ ਤੇ ਤੇਰੇ ਪਿੱਛੇ-ਪਿੱਛੇ ਦਰਗਾਹ ਦੇ ਕੁਝ ਖਾਦਿਮ ਸਨ ਜਿਨ੍ਹਾਂ ਨੇ ਦੱਸਿਆ ਸੀ ਕਿ ਤੂੰ ਨਵੇਂ ਕੱਪੜਿਆਂ ਦਾ ਇਹ ਜੋੜਾ ਦਰਗਾਹ ਸ਼ਰੀਫ਼ ਦੇ ਲੰਗਰ ਦੀ ਦੇਗ ਹੇਠ ਮੱਚਦੀ ਅੱਗ ਵਿੱਚ ਸੁੱਟ ਦਿੱਤਾ ਸੀ।
ਤਿਲਾਵਤ ਤਾਂ ਤੂੰ ਹੁਣ ਵੀ ਕਰ ਰਹੀ ਸੈਂ ਪਰ ਆਵਾਜ਼ ਵਿੱਚ ਚਾਂਦੀ ਦੀਆਂ ਕਟੋਰੀਆਂ ਦੀ ਟੁਣਕ ਨਈਂ ਸੀ। ਫੇਰ ਤੂੰ ਪੜ੍ਹਦੀ-ਪੜ੍ਹਦੀ ਮਜ਼ਾਰ ਸ਼ਰੀਫ਼ ਦੇ ਸਿਰਹਾਣੇ ਵੱਲ ਝੁਕ ਜਾਂਦੀ ਸੈਂ ਜਿਵੇਂ ਕੋਈ ਝਿਰੀ, ਕੋਈ ਦਰਾੜ ਲੱਭਣ ਦੀ ਕੋਸ਼ਿਸ਼ ਕਰ ਰਹੀ ਹੋਵੇਂ- ਫੇਰ ਤੂੰ ਫੁੱਟ-ਫੁੱਟ ਰੋਣ ਲੱਗ ਪੈਂਦੀ ਸੈਂ ਤੇ ਤਿਲਾਵਤ ਨੂੰ ਰੋਕ ਕੇ ਹੌਲੀ-ਹੌਲੀ ਜਿਵੇਂ ਖ਼ੁਦ ਨੂੰ ਸਮਝਾਉਂਦੀ ਸੈਂ, ‘‘ਮਜ਼ਾਰ ਸ਼ਰੀਫ਼ ਜ਼ਰੂਰ ਖੁੱਲ੍ਹੇਗਾ ਤੇ ਪਵਿੱਤਰ ਹੱਥ ਜ਼ਰੂਰ ਨਿਕਲੇਗਾ, ਫ਼ੈਸਲਾ ਜ਼ਰੂਰ ਹੋਵੇਗਾ, ਇਨਸਾਫ਼ ਜ਼ਰੂਰ ਹੋਵੇਗਾ।’’ ਫੇਰ ਤੂੰ ਅੱਖਾਂ ਬੰਦ ਕਰ ਲੈਂਦੀ ਤੇ ਤਿਲਾਵਤ ਵਿੱਚ ਮਗਨ ਹੋ ਜਾਂਦੀ ਸੈਂ।
ਇੱਕ ਵਾਰੀ ਅਸੀਂ ਸਾਈਂ ਹਜ਼ਰਤ ਸ਼ਾਹ ਦੀ ਖ਼ਿਦਮਤ ਵਿੱਚ ਹਾਜ਼ਰ ਹੋਏ ਤੇ ਅਰਜ਼ ਕੀਤੀ, ‘‘ਜਿੰਨ-ਭੂਤ ਕੁਰਾਨ ਸ਼ਰੀਫ਼ ਪੜ੍ਹਨ ਵਾਲਿਆਂ ਦੇ ਨੇੜੇ ਨਈਂ ਫੜਕਦੇ ਤੇ ਦੂਰ ਬੈਠੇ-ਬੈਠੇ ਹੱਸਦੇ ਤੇ ਝੂੰਮਦੇ ਰਹਿੰਦੇ ਨੇ। ਜੇ ਸਾਡੀ ਹੀਰੇ ਵਰਗੀ ਧੀ ’ਤੇ ਅਜਿਹੇ ਕਾਫ਼ਰ ਜਿੰਨ ਆ ਗਏ ਨੇ ਜਿਹੜੇ ਕੁਰਾਨ ਸ਼ਰੀਫ਼ ਦੀ ਤਿਲਾਵਤ ਦਾ ਵੀ ਲਿਹਾਜ਼ ਨਈਂ ਕਰਦੇ ਤਾਂ ਇਹ ਤੁਹਾਡੇ ਦਰਗਾਹ ਸ਼ਰੀਫ਼ ਦੇ ਈ ਜਿੰਨ ਨੇ। ਤੁਹਾਡੇ ਹੁਕਮ ਨਾਲ ਉਤਰ ਜਾਣਗੇ। ਖ਼ੁਦਾ ਦੇ ਨਾਂ ’ਤੇ, ਰਸੂਲ ਦੇ ਪਾਕ ਨਾਂ ’ਤੇ, ਪੀਰ ਦਸਤਗੀਰ ਦੇ ਨਾਂ ’ਤੇ, ਸ਼ਾਈਂ ਦੂਲ੍ਹੇ ਸ਼ਾਹ ਜੀ ਦੇ ਨਾਂ ’ਤੇ ਸਾਡੇ ਨਾਲ ਮਜ਼ਾਰ ਸ਼ਰੀਫ਼ ’ਤੇ ਚੱਲੋ ਤੇ ਜਿੰਨ ਲਾਹੋ।’’ ਉਦੋਂ ਸ਼ਾਈਂ ਹਜ਼ਰਤ ਸ਼ਾਹ ਜੀ ਨੇ ਫ਼ਰਮਾਇਆ ਸੀ, ‘‘ਅਸੀਂ ਜਿੰਨ ਤਾਂ ਲਾਹ ਦਿੰਦੇ ਪਰ ਤੁਸੀਂ ਠੀਕ ਕਿਹਾ ਏ- ਇਹ ਕੋਈ ਵੱਡਾ ਕਾਫ਼ਿਰ ਜਿੰਨ ਏਂ ਤੇ ਕਾਫ਼ਿਰ ਜਿੰਨ ਸਾਡੇ ਕਬਜੇ ਵਿੱਚ ਨਈਂ। ਅਸੀਂ ਇੱਥੇ ਦੁਆ ਕਰ ਰਹੇ ਆਂ, ਤੁਸੀਂ ਘਰ ਜਾ ਕੇ ਦੁਆ ਕਰੋ। ਸਾਡਾ ਵਜੀਫ਼ਾ ਜਾਰੀ ਰਹੇਗਾ।’’
ਜਦੋਂ ਅਸੀਂ ਟੁੱਟੇ ਹੋਏ ਵਾਪਸ ਜਾ ਰਹੇ ਸਾਂ ਤਾਂ ਬੁੱਢੀ ਖਾਦਿਮਾ ਨੇ ਮੈਨੂੰ ਇੱਕ ਪਾਸੇ ਲਿਜਾ ਕੇ ਦੱਸਿਆ ਸੀ, ‘‘ਉਰਸ ਦੇ ਤੀਜੇ ਦਿਨ ਹਜ਼ਰਤ ਸ਼ਾਹ ਮਜ਼ਾਰ ਵੱਲ ਆਏ ਸਨ। ਤੇ ਤੇਰੀ ਬਦਨਸੀਬ ਧੀ ਨੇ ਮਜ਼ਾਰ ਸ਼ਰੀਫ਼ ਤੋਂ ਗੋਲ-ਗੋਲ ਲਹਿਰੀਏ ਪੱਥਰ ਚੁੱਕ ਕੇ ਝੋਲੀ ਵਿੱਚ ਭਰ ਲਏ ਸਨ ਤੇ ਚੀਕ-ਚੀਕ ਕੇ ਕਿਹਾ ਸੀ ਕਿ ‘ਸਾਈਂ ਮਜ਼ਾਰ ਸ਼ਰੀਫ਼ ’ਚੋਂ ਮੁਬਾਰਕ ਹੱਥ ਤਾਂ ਜਦੋਂ ਨਿਕਲੇਗਾ, ਨਿਕਲੇਗਾ, ਜੇ ਤੂੰ ਇੱਕ ਕਦਮ ਵੀ ਅੱਗੇ ਵਧਿਆ ਤਾਂ ਮੈਂ ਸਾਈਂ ਦੂਲ੍ਹੇ ਸ਼ਾਹ ਜੀ ਦੇ ਦਿੱਤੇ ਹੋਏ ਇਨ੍ਹਾਂ ਪੱਥਰਾਂ ਨਾਲ ਤੇਰਾ ਨਾਸ਼ ਕਰ ਦਿਆਂਗੀ।’ ਖਾਦਿਮ ਤੇਰੀ ਧੀ ਦੀ ਕੁੱਟ-ਮਾਰ ਕਰਨ ਲਈ ਅੱਗੇ ਵਧੇ ਤਾਂ ਸਾਈਂ ਜੀ ਨੇ ਉਨ੍ਹਾਂ ਨੂੰ ਰੋਕ ਕੇ ਕਿਹਾ ਕਿ ‘ਨਾਦਾਨੋਂ! ਇਹ ਲੜਕੀ ਨਈਂ ਬੋਲ ਰਹੀ, ਉਸ ਦੇ ਅੰਦਰਲਾ ਕਾਫ਼ਿਰ ਜਿੰਨ ਬੋਲ ਰਿਹਾ ਏ। ਜਦੋਂ ਤਕ ਇਸ ਨੇ ਮਜ਼ਾਰ ਸ਼ਰੀਫ਼ ਉੱਤੇ ਕਬਜਾ ਕੀਤਾ ਹੋਇਆ ਏ, ਸਾਨੂੰ ਤੇ ਸਾਡੇ ਖ਼ਾਨਦਾਨ ਦੇ ਕਿਸੇ ਮਰਦ-ਔਰਤ ਨੂੰ ਇੱਧਰ ਨਈਂ ਆਉਣਾ ਚਾਹੀਦਾ ਵਰਨਾ ਕੀ ਪਤਾ ਕਿ ਇਹ ਜਿੰਨ ਕੀ ਕਰ ਬੈਠੇ’।’’ ਫੇਰ ਦਰਗਾਹ ਸ਼ਰੀਫ਼ ਦਾ ਇੱਕ ਖਾਦਿਮ ਆਇਆ ਕਿ ਤੁਹਾਡੀ ਧੀ ਤੁਹਾਨੂੰ ਬੁਲਾ ਰਹੀ ਏ। ਡਿੱਗਦੇ-ਢਹਿੰਦੇ ਉੱਥੇ ਪਹੁੰਚੇ ਤਾਂ ਤੂੰ ਮਜ਼ਾਰ ਸ਼ਰੀਫ਼ ਦੇ ਪੁਆਂਦੀ ਲੇਟੀ ਹੋਈ ਸੈਂ। ਚਿਰਾਗ਼ ਦੀ ਰੋਸ਼ਨੀ ਵਿੱਚ ਅਸੀਂ ਦੇਖਿਆ ਕਿ ਤੇਰੀਆਂ ਅੱਖਾਂ ਤਾੜੇ ਲੱਗੀਆਂ ਹੋਈਆਂ ਸਨ ਤੇ ਤੇਰੇ ਬੁੱਲ੍ਹ ਮਸੀਂ ਈ ਹਿੱਲ ਰਹੇ ਸਨ। ਜ਼ਾਹਿਰ ਏ ਕਿ ਤੂੰ ਉਸ ਸਮੇਂ ਵੀ ਤਿਲਾਵਤ ਕਰ ਰਹੀ ਸੈਂ। ਫੇਰ ਜਦੋਂ ਮੈਂ ਤੇਰਾ ਸਿਰ ਗੋਦੀ ਵਿੱਚ ਰੱਖਿਆ ਤੇ ਤੇਰੇ ਅੱਬਾ ਨੇ ਤੇਰਾ ਹੱਥ ਆਪਣੇ ਹੱਥ ਵਿੱਚ ਘੁੱਟ ਕੇ ਰੋਣਾ ਸ਼ੁਰੂ ਕਰ ਦਿੱਤਾ ਤਾਂ ਬੜੀ ਕਮਜ਼ੋਰ ਆਵਾਜ਼ ’ਚ ਤੂੰ ਕਿਹਾ ਸੀ, ‘‘ਮੇਰੀ ਅੰਮਾਂ, ਮੇਰੇ ਅੱਬਾ! ਕੌਣ ਜਾਣੇ ਮਜ਼ਾਰ ਸ਼ਰੀਫ਼ ਕਿਉਂ ਨਈਂ ਖੁੱਲ੍ਹਿਆ? ਹਾਲੇ ਇਨਸਾਫ਼ ਨਈਂ ਹੋਇਆ ਪਰ ਚਲੋ ਫ਼ੈਸਲਾ ਤਾਂ ਹੋ ਗਿਆ। ਚਲੋ ਮੈਂ ਈ ਗੁਨਾਹਗਾਰ ਸਹੀ। ਸਾਈਂ ਦੂਲ੍ਹੇ ਸ਼ਾਹ ਜੀ, ਤੁਸੀਂ ਤਾਂ ਬੜਾ ਇੰਤਜ਼ਾਰ ਕਰਵਾਇਆ। ਹੁਣ ਕਿਆਮਤ ਦੇ ਦਿਨ ਜਦੋਂ ਅਸੀਂ ਸਾਰੇ ਖ਼ੁਦਾ ਦੇ ਸਾਹਮਣੇ ਪੇਸ਼ ਹੋਵਾਂਗੇ, ਖ਼ੁਦਾ ਦੇ ਸਾਹਮਣੇ… ਖ਼ੁਦਾ…’’ ਇਸ ਪਿੱਛੋਂ ਤੂੰ ਚੁੱਪ ਹੋ ਗਈ ਸੈਂ ਤੇ ਉਦੋਂ ਦੀ ਚੁੱਪ ਏਂ।
ਫੇਰ ਅਸੀਂ ਤੈਨੂੰ ਇੱਥੇ ਘਰ ਚੁੱਕ ਲਿਆਏ ਤੇ ਜਦੋਂ ਹੁਣੇ-ਹੁਣੇ ਸੁਬਹ-ਸਵੇਰੇ ਸਾਈਂ ਹਜ਼ਰਤ ਸ਼ਾਹ ਦਾ ਖ਼ਾਸ ਖਾਦਿਮ ਸਾਈਂ ਜੀ ਵੱਲੋਂ ਤੇਰੇ ਲਈ ਕਫ਼ਨ ਲਿਆਇਆ ਤਾਂ ਤੇਰੇ ’ਚੋਂ ਨਿਕਲਿਆ ਜਿੰਨ ਤੇਰੇ ਅੱਬਾ ’ਚ ਆ ਗਿਆ। ਉਸ ਨੇ ਕਫ਼ਨ ਹੱਥ ਵਿੱਚ ਫੜਿਆ ਤੇ ਉਸ ਚੁੱਲ੍ਹੇ ਵਿੱਚ ਝੋਂਕ ਦਿੱਤਾ ਜਿਸ ਉੱਤੇ ਤੈਨੂੰ ਗੁਸਲ ਕਰਵਾਉਣ ਲਈ ਪਾਣੀ ਗਰਮ ਕੀਤਾ ਜਾ ਰਿਹਾ ਸੀ। ਹੁਣ ਮੇਰੇ ਜਿਗਰ ਦੀ ਬੋਟੀ! ਮੇਰੀ ਨੇਕ ਤੇ ਪਾਕ, ਮੇਰੀ ਸਾਫ਼-ਸੁਥਰੀ ਰਾਣੋ ਧੀ! ਆ, ਮੈਂ ਤੇਰੇ ਮੱਥੇ ਦੇ ਬੁਝੇ ਹੋਏ ਚੰਦ ਨੂੰ ਚੁੰਮ ਲਵਾਂ। ਦੇਖ ਕਿ ਬਰਕੈਨਾਂ ’ਤੇ ਖਿੜੇ ਫੁੱਲ ਉਸੇ ਤਰ੍ਹਾਂ ਮੁਸਕਰਾ ਰਹੇ ਨੇ ਤੇ ਬੇਰੀਆਂ ’ਤੇ ਕਾਟੋਆਂ ਤਣਿਆਂ ਤੋਂ ਟੀਸੀਆਂ ਤਕ ਉਸੇ ਤਰ੍ਹਾਂ ਭੱਜੀਆਂ ਫਿਰਦੀਆਂ ਨੇ ਤੇ ਓਹੋ-ਜਿਹੀ ਹਵਾ ਵਗ ਰਹੀ ਏ ਜਿਵੇਂ ਸਦੀਆਂ ਦੇ ਸੁੱਕੇ ਤਖ਼ਤਿਆਂ ’ਚ ਵੀ ਕਰੂੰਬਲਾਂ ਫੁੱਟ ਪੈਣਗੀਆਂ ਤੇ ਚਾਰੇ-ਪਾਸੇ ਤੇਰੀ ਤਿਲਾਵਤ ਦੀ ਆਵਾਜ਼ ਦੀ ਗੂੰਜ ਏ ਤੇ ਸਾਈਂ ਹਜ਼ਰਤ ਸ਼ਾਹ ਜੀ ਦੇ ਕਫ਼ਨ ਦੇ ਸੜਨ ਦੀ ਬਦਬੂ ਸਾਰੇ ਮਾਹੌਲ ਵਿੱਚ ਫੈਲ ਚੁੱਕੀ ਏ ਤੇ ਮੇਰੇ ਅੰਦਰ ਇੰਨਾ ਦਰਦ ਜਮ੍ਹਾਂ ਹੋ ਗਿਆ ਏ ਜਿੰਨਾ ਤੈਨੂੰ ਜਨਮ ਦੇਣ ਵੇਲੇ ਹੋਇਆ ਸੀ।
(ਉਰਦੂ ਕਹਾਣੀ-ਅਨੁਵਾਦ: ਮਹਿੰਦਰ ਬੇਦੀ)

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਅਹਿਮਦ ਨਦੀਮ ਕਾਸਮੀ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ