ਵੱਖਰਾ ਈ ਸੁਆਦ ਹੁੰਦਾ ਸੀ ਘਿਓ-ਸ਼ੱਕਰ ਤੇ ਮੰਡੇ ਖਾਣ ਦਾ (ਲੇਖ) : ਲਾਭ ਸਿੰਘ ਸ਼ੇਰਗਿੱਲ

ਦੇਖਦਿਆਂ-ਦੇਖਦਿਆਂ ਬਹੁਤ ਕੁੱਝ ਬਦਲ ਗਿਆ ਹੈ। ਕਿੱਥੇ ਥੁੜਾਂ, ਤੰਗੀਆਂ-ਤੁਰਸ਼ੀਆਂ, ਸਾਧਨਾਂ ਦੀ ਘਾਟ, ਸੰਚਾਰ ਦੀ ਕਮੀ ਤੇ ਕਿੱਥੇ ਸਾਧਨ ਸੰਪੰਨ ਤੇ ਸਹੂਲਤਾਂ ਨਾਲ਼ ਲਬਰੇਜ਼ ਅੱਜ ਦਾ ਮਨੁੱਖ ਅਤੇ ਇਹ ਚਮਤਕਾਰ ਯੁਕਤ ਜ਼ਮਾਨਾ। ਹੈਰਾਨੀ ਜਨਕ ਤਬਦੀਲੀ ਨੇ ਸਭ ਕੁੱਝ ਹੀ ਬਦਲ ਕੇ ਰੱਖ ਦਿੱਤਾ। ਆਧੁਨਿਕਤਾ ਦੇ ਇਸ ਦੌਰ ਨੇ ਸਾਦਗੀ, ਸ਼ੁੱਧ ਖਾਣ-ਪੀਣ, ਸਹਿਜਤਾ, ਮੇਲ-ਜੋਲ, ਸਬਰ, ਕੁਦਰਤ ਦੀ ਨੇੜਤਾ ਆਦਿ ਹੋਰ ਪਤਾ ਨਹੀਂ ਕਿੰਨਾ ਕੁੱਝ ਸਾਡੇ ਤੋਂ ਖੋਹ ਕੇ ਇਸ ਚਕਾਚੌਂਧ ਵਾਲ਼ੀ ਦੁਨੀਆਂ ਵਿੱਚ ਲਿਆ ਖੜ੍ਹਾ ਕੀਤਾ ਹੈ। ਆਏ-ਗਏ (ਮਾਲਵੇ ਵਿੱਚ ਇਹ ਸ਼ਬਦ ਜੋੜ ਘਰ ਆਏ ਕਿਸੇ ਪ੍ਰਾਹੁਣੇ ਲਈ ਵਰਤੇ ਜਾਂਦੇ ਹਨ) ਦੇ ਸੁਆਗਤ ਅਤੇ ਉਸ ਦੀ ਖਾਤਰ (ਸੇਵਾ) ਕਰਨ ਦੇ ਢੰਗ ਬਦਲਦੇ ਜਾ ਰਹੇ ਹਨ ਜਾਂ ਕਹਿ ਲਈਏ ਕਿ ਬਦਲ ਚੁੱਕੇ ਹਨ।

ਅੱਜ ਦਾ ਸਮਾਂ ਅਤੇ ਉਹ ਗੁਜ਼ਰਿਆ ਜ਼ਮਾਨਾ ਚੇਤੇ ਕਰਦਿਆਂ ਲੱਗਦਾ ਹੈ ਕਿ ਉੱਨਤੀ ਦੇ ਨਾਂ 'ਤੇ ਅਸੀਂ ਕਿੰਨਾ ਕੁੱਝ ਗਵਾ ਲਿਆ ਹੈ। ਛੋਟੇ ਹੁੰਦਿਆਂ ਦੀਆਂ ਉਹ ਗੱਲਾਂ ਅੱਜ ਵੀ ਉਸੇ ਤਰ੍ਹਾਂ ਚੇਤਿਆਂ ਵਿੱਚ ਘੁੰਮਣ ਲੱਗਦੀਆਂ ਹਨ। ਜਦੋਂ ਘਰ ਕੋਈ ਪ੍ਰਾਹੁਣਾ ਆਉਣਾ ਤਾਂ ਉਸ ਨੂੰ ਖਾਣੇ ਵਿੱਚ ਘਿਓ ਸ਼ੱਕਰ ਜਾਂ ਕੋਈ ਰੱਜਦਾ-ਪੁੱਜਦਾ ਘਰ ਘਿਓ ਬੂਰਾ ਦਿੰਦਾ। ਇਹ ਦੇਸੀ ਮਿੱਠਾ ਉਸ ਸਮੇਂ ਆਉ ਭਗਤ ਦੀ ਇੱਕ ਵਧੀਆ ਵੰਨਗੀ ਸੀ। ਦੇਸੀ ਘਿਓ ਅਤੇ ਸ਼ੱਕਰ ਦਾ ਸੁਮੇਲ ਜਿੱਥੇ ਸਰੀਰ ਨੂੰ ਬਲ ਬਖਸ਼ਦਾ ਸੀ ਉੱਥੇ ਹੀ ਮਿਲਾਵਟ ਤੋਂ ਕੋਹਾਂ ਦੂਰ ਸ਼ੁੱਧਤਾ ਦੀ ਗਵਾਹੀ ਭਰਦਾ ਸੀ। ਲੋਕਾਂ ਦੇ ਜੁੱਸੇ ਨਰੋਏ ਅਤੇ ਮਨ ਸਾਫ਼ ਸਨ। ਅੱਜ ਦੇ ਦੌਰ ਵਿੱਚ ਪ੍ਰਾਹੁਣਾਚਾਰੀ ਦਾ ਰੂਪ ਬਿਲਕੁਲ ਬਦਲ ਗਿਆ ਹੈ। ਹੁਣ ਕਿਸੇ ਦੇ ਆਉਣ 'ਤੇ ਰਸੋਈ ਵਿੱਚੋਂ ਖੁਸ਼ਬੂਆਂ ਨਹੀਂ ਉੱਠਦੀਆਂ ਸਗੋਂ ਮੋਬਾਇਲ ਤੋਂ ਆਰਡਰ ਕਰਦਿਆਂ ਹੀ‌ ਡਿਲਿਵਰੀ ਬੁਆਏ ਝੱਟ ਬੂਹੇ 'ਤੇ ਖਾਣ-ਪੀਣ ਦਾ ਸਾਮਾਨ ਲੈ ਕੇ ਹਾਜ਼ਰ ਹੋ ਜਾਂਦਾ ਹੈ। ਉਦੋਂ ਪਿੰਡਾਂ ਵਿੱਚ ਤਕਰੀਬਨ ਸਾਰੇ ਘਰਾਂ ਵਿੱਚ ਗੁੜ ਸ਼ੱਕਰ ਆਮ ਹੁੰਦਾ ਸੀ। ਬਹਾਨੇ ਨਾਲ਼ ਸਾਨੂੰ ਵੀ ਖਾਣ ਲਈ ਘਿਓ ਸ਼ੱਕਰ ਜਾਂ ਘਿਓ ਬੂਰਾ ਮਿਲ ਜਾਂਦਾ ਸੀ। ਬੇਸ਼ੱਕ ਜਦੋਂ ਚਾਹੁੰਦੇ ਅਸੀਂ ਅਜਿਹਾ ਮਿੱਠਾ ਖਾ ਸਕਦੇ ਸੀ ਪਰ ਕਿਸੇ ਪ੍ਰਾਹੁਣੇ ਦੇ ਆਉਣ ਨਾਲ਼ ਉਸ ਲਈ ਰਲਾਇਆ ਇਹ ਘਿਓ ਸ਼ੱਕਰ ਖਾਣ ਦਾ ਅਲੱਗ ਹੀ ਸੁਆਦ ਹੁੰਦਾ ਸੀ। ਛੋਟੇ ਹੁੰਦਿਆਂ ਦਾ ਬਣਿਆ ਘਿਓ ਸ਼ੱਕਰ ਖਾਣ ਦਾ ਸੁਆਦ ਅੱਜ ਵੀ ਜਦੋਂ ਕਦੇ ਜੇਕਰ ਜੀਅ ਕਰਦਾ ਹੈ ਤਾਂ ਖਾ ਲਈਦਾ ਹੈ ਪਰ ਜੋ ਉਹ ਸੁਆਦ ਸੀ ਹੁਣ ਵਾਲ਼ੇ 'ਚ ਨਹੀਂ ਕਿਉਂਕਿ ਉਹ ਘਰ ਦਾ ਬਣਾਇਆ ਸ਼ੁੱਧ ਦੇਸੀ ਘਿਓ ਤੇ ਸ਼ੁੱਧ ਦੇਸੀ ਸ਼ੱਕਰ ਅੱਜ ਕਿੱਥੇ। ਅੱਜ ਘਰਾਂ ਵਿੱਚ ਲਵੇਰੀਆਂ (ਦੁਧਾਰੂ ਪਸ਼ੂ) ਰੱਖਣ ਦਾ ਦੌਰ ਲੱਗਭੱਗ ਖ਼ਤਮ ਹੋਣ ਦੇ ਕਿਨਾਰੇ ਹੈ। ਕੋਠੀ ਕਲਚਰ ਦੀ ਬਦੌਲਤ ਹੁਣ ਲੱਖਾਂ ਰੁਪਏ ਲਾ ਕੇ ਪਾਈਆਂ ਕੋਠੀਆਂ ਵਾਲ਼ੇ ਵਿਹੜਿਆਂ ਵਿੱਚ ਖ਼ਾਲੀ ਥਾਂ ਤੇ ਡੰਗਰ ਪਸ਼ੂ ਬੰਨ੍ਹੇ ਹੋਣ ਤੋਂ ਆਏ ਗਏ ਦੇ ਸਾਹਮਣੇ ਘਰ ਵਾਲ਼ੇ ਆਪਣੀ ਹੱਤਕ ਸਮਝਦੇ ਹਨ। ਡੰਗਰ ਪਸ਼ੂ ਦੀ ਥਾਂ ਉਸ ਖ਼ਾਲੀ ਥਾਂ 'ਚ ਅੰਗਰੇਜ਼ੀ ਘਾਹ ਲਾ ਕੇ ਪਾਰਕ ਬਣਾਉਣਾ ਆਧੁਨਿਕਤਾ ਸਮਝਣ ਲੱਗ ਪਏ ਹਨ।

ਜੇਕਰ ਅਜ਼ਾਦੀ ਤੋਂ ਬਾਅਦ ਜਿੱਥੇ ਅਬਾਦੀ ਵਧਣ ਦੇ ਨਾਲ਼ ਪੈਦਾ ਹੋਏ ਅਨਾਜ ਸੰਕਟ ਦੀ ਗੱਲ ਕਰਦੇ ਹਾਂ ਉੱਥੇ ਹਰੀ ਕ੍ਰਾਂਤੀ ਨੇ ਇਸ ਸੰਕਟ ਨੂੰ ਦੂਰ ਕਰ ਦਿੱਤਾ। ਇਸ ਦੁਆਰਾ ਨਵੇਂ ਬੀਜ, ਖਾਦਾਂ ਤੇ ਖੇਤੀਬਾੜੀ ਲਈ ਨਵੀਂ ਤਕਨੀਕ ਦੀ ਵਰਤੋਂ ਨਾਲ਼ ਦੇਸ਼ ਵਿੱਚ ਅਨਾਜ ਦੀ ਥੁੜ ਦੂਰ ਹੋ ਗਈ ਅਤੇ ਦੇਸ਼ ਅਨਾਜ ਪੱਖੋਂ ਆਤਮ ਨਿਰਭਰ ਬਣ ਗਿਆ। ਕਣਕ ਦੇ ਨਾਲ਼-ਨਾਲ਼ ਬਾਜਰਾ,ਜਵਾਰ,ਮੱਕੀ,ਜੌਂ ਆਦਿ ਅਨਾਜਾਂ ਦੇ ਉਤਪਾਦਨ ਵਿੱਚ ਵੀ ਹੋਰ ਵਾਧਾ ਹੋਇਆ। ਕਿਸਾਨ ਨੇ ਆਪਣੀ ਹੱਡ-ਭੰਨਵੀ ਮਿਹਨਤ ਤੇ ਨਵੀਂ ਖੇਤੀਬਾੜੀ ਤਕਨੀਕ ਦੀ ਵਰਤੋਂ ਨਾਲ਼ ਇਸ ਕ੍ਰਾਂਤੀ ਨੂੰ ਸਫ਼ਲ ਕਰ ਦਿਖਾਇਆ। ਜਿੱਥੇ ਇੱਕ ਪਾਸੇ ਦੇਸ਼ ਦੇ ਭੰਡਾਰ ਅਨਾਜ ਨਾਲ਼ ਭਰ ਗਏ ਉੱਥੇ ਨਵੀਨ ਬੀਜਾਂ, ਖਾਦਾਂ ਤੇ ਸੰਦਾਂ ਦੇ ਉਪਯੋਗ ਨੇ ਹੌਲ਼ੀ-ਹੌਲ਼ੀ ਰਵਾਇਤੀ ਖੇਤੀ ਸਭਿਆਚਾਰ ਨੂੰ ਖੋਰਨਾ ਸ਼ੁਰੂ ਕਰ ਦਿੱਤਾ। ਅੱਜ ਆਧੁਨਿਕ ਮਸ਼ੀਨਰੀ ਦੇ ਪਸਾਰੇ ਨੇ ਹੱਥ ਕਿਰਤ ਨੂੰ ਲੱਗਭੱਗ ਖ਼ਤਮ ਕਰ ਦਿੱਤਾ ਹੈ ਅਤੇ ਰਵਾਇਤੀ ਖੇਤੀ ਹੁਣ ਬੀਤੇ ਸਮੇਂ ਦੀ ਝੋਲ਼ੀ ਵਿੱਚ ਪੈ ਚੁੱਕੀ ਹੈ। ਖ਼ੈਰ ਗੱਲ ਖਾਣ ਪੀਣ ਦੀ ਕਰ ਰਹੇ ਸੀ ਉਸੇ ਵੱਲ ਮੁੜਦੇ ਹਾਂ। ਉਦੋਂ ਸਿਆਲਾਂ ਵਿੱਚ ਤਕਰੀਬਨ ਸਾਰੇ ਘਰਾਂ ਵਿੱਚ ਬਾਜਰੇ,ਮੱਕੀ ਦੀਆਂ ਰੋਟੀਆਂ ਹੀ ਪੱਕਦੀਆਂ ਸਨ। ਜਦੋਂ ਕੋਈ ਖ਼ਾਸ ਰਿਸ਼ਤੇਦਾਰ ਆਉਂਦਾ ਤਾਂ ਕਣਕ ਦੇ ਪਤਲੇ-ਪਤਲੇ ਮੰਡੇ (ਫੁਲਕੇ) ਲਾਹੇ ਜਾਂਦੇ। ਅਸੀਂ ਵੀ ਮੋਟੇ ਅਨਾਜ ਦੀਆਂ ਰੋਟੀਆਂ ਖਾ-ਖਾ ਕੇ ਅੱਕ ਚੁੱਕੇ ਹੁੰਦੇ ਸੀ। ਉਸ ਦਿਨ ਅਸੀਂ ਵੀ ਵੱਖਰਾ ਭੋਜਨ ਖਾ ਕੇ ਆਨੰਦ ਮਹਿਸੂਸ ਕਰਦੇ। ਬੀਮਾਰੀਆਂ ਦੇ ਜਾਲ਼ ਵਿੱਚ ਫਸਿਆ ਅੱਜ ਮਨੁੱਖ ਫ਼ਿਰ ਤੋਂ ਕਣਕ ਨੂੰ ਛੱਡ ਕੇ ਮੋਟੇ ਅਨਾਜਾਂ ਦੀ ਤਲਾਸ਼ ਵਿੱਚ ਤੇ ਇਸ ਦੇ ਸੇਵਨ ਵੱਲ ਮੁੜ ਰਿਹਾ ਹੈ। ਅੱਜਕੱਲ੍ਹ ਇਕਹਿਰੇ ਪਰਿਵਾਰ ਹਨ ਤੇ ਘਰ ਵਿੱਚ ਪਕਵਾਨ ਤਿਆਰ ਕਰਨ ਅਤੇ ਖੇਚਲ ਝੱਲਣ ਦੀ ਬਜਾਇ ਕਿਸੇ ਪ੍ਰਾਹੁਣੇ ਦੇ ਆਉਣ 'ਤੇ ਬਜ਼ਾਰੀ ਖਾਣ-ਪੀਣ ਪੇਸ਼ ਕੀਤਾ ਜਾਂਦਾ ਹੈ ਜੋ ਗੁਣਵੱਤਾ ਤੇ ਸ਼ੁੱਧਤਾ ਦੀ ਕਸਵੱਟੀ 'ਤੇ ਖਰਾ ਨਹੀਂ ਉੱਤਰਦਾ। ਇਹ ਜੀਭ ਨੂੰ ਸੁਆਦ ਬੇਸ਼ੱਕ ਲੱਗਦਾ ਹੈ ਪਰ ਕਿੰਨੀਆਂ ਅਣਗਿਣਤ ਬੀਮਾਰੀਆਂ ਪੈਦਾ ਕਰ ਜਾਂਦਾ ਜਿਸ ਦਾ ਸ਼ਾਇਦ ਸਾਨੂੰ ਇਲਮ ਹੀ ਨਹੀਂ ਹੁੰਦਾ।

ਅੱਜ ਮਾਰੂ ਰਸਾਇਣਾਂ ਨਾਲ਼ ਤਿਆਰ ਫ਼ਲ, ਸਬਜ਼ੀਆਂ ਤੇ ਅਨਾਜਾਂ ਵਿੱਚ ਮਿਲਾਵਟ ਦਾ ਬਜ਼ਾਰ ਪੂਰੀ ਤਰ੍ਹਾਂ ਸਰਗਰਮ ਹੈ ਜੋ ਇਨਸਾਨ ਦੀ ਲਾਲਚੀ ਸੋਚ ਦਾ ਬਾਖੂਬੀ ਪ੍ਰਗਟਾਵਾ ਕਰਦਾ ਹੈ। ਅੱਜ ਵਿਅਕਤੀ ਲਈ ਪੈਸਾ ਹੀ ਮੁੱਖ ਹੋ ਗਿਆ ਹੈ ਹਮਦਰਦੀ ਖ਼ਤਮ ਹੁੰਦੀ ਜਾ ਰਹੀ ਹੈ। ਉਦੋਂ ਆਦਮੀ ਵਿੱਚ ਇਨਸਾਨੀਅਤ ਦਾ ਮਾਦਾ ਸੀ ਸਾਧਨਾਂ ਪੱਖੋਂ ਭਾਵੇਂ ਅਸੀਂ ਗ਼ਰੀਬ ਸੀ ਪਰ ਸੋਚ ਪੱਖੋਂ ਯਕੀਨਨ ਹੀ ਬਹੁਤ ਅਮੀਰ ਸੀ।

ਆਧੁਨਿਕਤਾ ਦੀ ਇਸ ਦੌੜ ਨੇ ਸਾਡੇ ਤੋਂ ਕੁਦਰਤ ਦੀ ਨੇੜਤਾ ਵੀ ਖੋਹ ਲਈ ਹੈ। ਪਹਿਲਾਂ ਮਨੁੱਖ ਖੁੱਲ੍ਹੀ ਤੇ ਸ਼ੁੱਧ ਹਵਾ ਵਿੱਚ ਸਾਹ ਲੈਂਦਾ ਸੀ। ਮਿੱਟੀ ਨਾਲ ਉਸ ਦਾ ਸਿੱਧਾ ਗੂੜ੍ਹਾ ਰਿਸ਼ਤਾ ਸੀ ਪਰ ਅੱਜ ਅਸੀਂ ਕੰਕਰੀਟ ਰੂਪੀ ਜੰਗਲਾਂ ਵਿੱਚ ਕੈਦ ਹੋ ਕੇ ਰਹਿ ਗਏ ਹਾਂ। ਪਹਿਲਾਂ ਲੋਕ ਇੱਕ ਦੂਜੇ ਨਾਲ਼ ਦੁੱਖ-ਸੁੱਖ ਸਾਂਝਾ ਕਰਦੇ ਸਨ। ਗਲ਼ੀ-ਮੁਹੱਲੇ ਵਿੱਚ ਇੱਕ ਦੂਜੇ ਦੀ ਖ਼ਬਰ-ਸਾਰ ਲਈ ਜਾਂਦੀ ਸੀ ਹੁਣ ਅਸੀਂ ਬਹੁ-ਮੰਜ਼ਿਲੀ ਇਮਾਰਤਾਂ ਵਿੱਚ ਗੁਆਂਢੀ ਤੋਂ ਵੀ ਅਣਜਾਣ ਹਾਂ। ਹਰ ਕੋਈ ਆਪਣੇ ਮੋਬਾਇਲ ਦੀ ਸਕਰੀਨ ਵਿੱਚ ਗੁਆਚਿਆ ਹੋਇਆ ਹੈ। ਇਹ ਤਕਨੀਕੀ ਵਿਕਾਸ ਸਾਨੂੰ ਸੰਸਾਰ ਰੂਪੀ ਪਿੰਡ ਨਾਲ਼ ਤਾਂ ਜੋੜ ਰਿਹਾ ਹੈ ਪਰ ਆਪਣੇ-ਆਪ ਅਤੇ ਆਪਣੇ ਨੇੜਲੇ ਲੋਕਾਂ ਤੋਂ ਦੂਰ ਕਰ ਰਿਹਾ ਹੈ। ਮਨੁੱਖ ਨੇ ਸੁੱਖ-ਸਾਧਨ ਤਾਂ ਇਕੱਠੇ ਕਰ ਲਏ ਹਨ ਪਰ ਉਨ੍ਹਾਂ ਦਾ ਆਨੰਦ ਮਾਨਣ ਲਈ ਸਿਹਤ ਅਤੇ ਸਮਾਂ ਦੋਵੇਂ ਹੀ ਗੁਆ ਦਿੱਤੇ ਹਨ। ਇੱਕ ਹੋਰ ਹੈਰਾਨੀ ਦੀ ਗੱਲ ਅੱਜ ਅਸੀਂ ਇੰਨੇ ਆਧੁਨਿਕ ਹੋ ਗਏ ਹਾਂ ਕਿ ਸਾਦਗੀ ਦੇ ਅਰਥ ਹੀ ਬਦਲ ਦਿੱਤੇ ਹਨ। ਹੁਣ ਸਾਦਗੀ ਮਤਲਬ ਪਛੜਿਆ ਹੋਇਆ ਕਰਾਰ ਦੇ ਦਿੱਤਾ ਜਾਂਦਾ ਹੈ ਜਦਕਿ ਅਸਲ ਵਿੱਚ ਸਾਦਗੀ ਹੀ ਜੀਵਨ ਦਾ ਸਭ ਤੋਂ ਵੱਡਾ ਸੱਚ ਸੀ ਤੇ ਹੈ।

ਅੱਜ ਦੇ ਇਸ ਚਮਤਕਾਰੀ ਯੁੱਗ ਵਿੱਚ ਜਿੱਥੇ ਵਿਗਿਆਨ ਨੇ ਸਾਡੀ ਜ਼ਿੰਦਗੀ ਆਸਾਨ ਬਣਾਈ ਹੈ ਉੱਥੇ ਹੀ ਸਾਨੂੰ ਇਹ ਸੋਚਣ ਦੀ ਲੋੜ ਹੈ ਕਿ ਕਿਤੇ ਅਸੀਂ ਵਿਕਾਸ ਦੀ ਕੀਮਤ ਆਪਣੀਆਂ ਜੜ੍ਹਾਂ ਨਾਲੋਂ ਟੁੱਟ ਕੇ ਤਾਂ ਨਹੀਂ ਚੁਕਾ ਰਹੇ ? ਸਾਨੂੰ ਵਾਪਸ ਉਨ੍ਹਾਂ ਕਦਰਾਂ-ਕੀਮਤਾਂ ਵੱਲ ਮੁੜਨਾ ਪਵੇਗਾ ਜਿੱਥੇ ਰਿਸ਼ਤਿਆਂ ਦੀ ਗਰਮਾਹਟ ਸੀ ਅਤੇ ਖਾਣੇ ਵਿੱਚ ਸ਼ੁੱਧਤਾ ਸੀ। ਬੇਸ਼ੱਕ ਅਸੀਂ ਸਮੇਂ ਨੂੰ ਪਿੱਛੇ ਨਹੀਂ ਮੋੜ ਸਕਦੇ ਪਰ ਅਸੀਂ ਅੱਜ ਦੀਆਂ ਸਹੂਲਤਾਂ ਅਤੇ ਪੁਰਾਣੀ ਸਾਦਗੀ ਵਿਚਕਾਰ ਇੱਕ ਸੰਤੁਲਨ ਜ਼ਰੂਰ ਬਣਾ ਸਕਦੇ ਹਾਂ। ਆਪਣੇ ਬੱਚਿਆਂ ਨੂੰ ਉਨ੍ਹਾਂ ਕਥਾ-ਕਹਾਣੀਆਂ ਨਾਲ ਜੋੜਨਾ, ਕੁਦਰਤ ਨਾਲ ਪਿਆਰ ਕਰਨਾ ਸਿਖਾਉਣਾ ਅਤੇ ਬਾਜ਼ਾਰੀ ਚਕਾਚੌਂਧ ਦੀ ਬਜਾਇ ਸ਼ੁੱਧ ਅਤੇ ਸਾਦਾ ਜੀਵਨ ਜਿਉਣ ਲਈ ਪ੍ਰੇਰਿਤ ਕਰਨਾ ਸਮੇਂ ਦੀ ਮੁੱਖ ਲੋੜ ਹੈ।

ਇਹ ਕਹਿਣਾ ਕਿਸੇ ਵੀ ਤਰ੍ਹਾਂ ਗ਼ਲਤ ਨਹੀਂ ਹੋਵੇਗਾ ਕਿ ਅੱਜ ਅਸੀਂ ਇੱਕ ਬਨਾਉਟੀ ਤੇ ਦਿਖਾਵੇ ਵਾਲ਼ੀ ਜ਼ਿੰਦਗੀ ਜਿਉਣ ਦੇ ਆਦੀ ਬਣਦੇ ਜਾ ਰਹੇ ਹਾਂ ਜਿਸ ਨਾਲ਼ ਅਸਲ, ਸੱਚ ਤੇ ਸਾਦਗੀ ਸਾਡੀ ਜ਼ਿੰਦਗੀ ਤੋਂ ਵਿਸਰਦੇ ਜਾ ਰਹੇ ਹਨ। ਜੇਕਰ ਅਸੀਂ ਚਾਹੁੰਦੇ ਹਾਂ ਕਿ ਸਾਡੀ ਆਉਣ ਵਾਲੀ ਪੀੜ੍ਹੀ ਸਿਰਫ਼ ਸਾਧਨ ਸੰਪੰਨ ਹੀ ਨਾ ਹੋਵੇ ਸਗੋਂ ਸੰਸਕਾਰ ਭਰਪੂਰ ਅਤੇ ਸਿਹਤਮੰਦ ਵੀ ਹੋਵੇ ਤਾਂ ਸਾਨੂੰ ਪੁਰਾਣੇ ਸਮਿਆਂ ਦੀ ਉਸ ਸਹਿਜਤਾ ਅਤੇ ਸਾਦਗੀ ਨੂੰ ਮੁੜ ਆਪਣੇ ਜੀਵਨ ਵਿੱਚ ਥਾਂ ਦੇਣੀ ਪਵੇਗੀ। ਉਹ ਘਿਓ-ਸ਼ੱਕਰ ਦੀ ਮਿਠਾਸ ਅਤੇ ਬਜ਼ੁਰਗਾਂ ਦੀਆਂ ਸਿੱਖਿਆਵਾਂ ਹੀ ਸਾਨੂੰ ਇੱਕ ਚੰਗੇਰੇ ਅਤੇ ਸੰਤੁਲਿਤ ਸਮਾਜ ਦੇ ਨਿਰਮਾਣ ਵੱਲ ਲੈ ਕੇ ਜਾ ਸਕਦੀਆਂ ਹਨ।

  • ਮੁੱਖ ਪੰਨਾ : ਕਹਾਣੀਆਂ ਅਤੇ ਲੇਖ : ਲਾਭ ਸਿੰਘ ਸ਼ੇਰਗਿੱਲ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ
  •