Urdu Di Kitaab (Vand De Dukhre) : Sanwal Dhami

ਉਰਦੂ ਦੀ ਕਿਤਾਬ (ਵੰਡ ਦੇ ਦੁੱਖੜੇ) : ਸਾਂਵਲ ਧਾਮੀ

ਜਰਨੈਲ ਸਿੰਘ ਭੁੱਲਰ ਗੋਇੰਦਵਾਲ ਸਾਹਿਬ ’ਚ ਮਿਸ਼ਨਰੀ ਹਸਪਤਾਲ ਚਲਾ ਰਹੇ ਨੇ। ਗੱਲਾਂ ਚੱਲੀਆਂ ਤਾਂ ਉਨ੍ਹਾਂ ਨੇ ਲੀਕੋ ਆਰ-ਪਾਰ ਦੇ ਉਨ੍ਹਾਂ ਚੁਰਾਸੀ ਪਿੰਡਾਂ ਦਾ ਜ਼ਿਕਰ ਕੀਤਾ, ਜਿੱਥੇ ਭੁੱਲਰ ਵੱਸਦੇ ਸਨ। ਉਨ੍ਹਾਂ ਨੂੰ ਮਹਿਮੂਦ ਖੇੜਾ, ਕਾਲੀਆਂ ਸੰਖਤਰਾ, ਰਾਜੋਕੇ, ਦੂਹਲ,ਪਲੌਦ, ਠੱਠੀ ਜੈਮਲ ਸਿੰਘ, ਲਲਿਆਣੀ, ਸਰੈਚ, ਰਾਏ, ਪਾਂਡੋਕੇ, ਗਲਵੇਹੜਾ,ਦਫ਼ਤੂਹ, ਵਡਾਣੇ, ਚੜੇਵਾਨ, ਲੱਖਨੇ ਕੇ, ਵੱਡੀ ਸਰਹਾਲੀ, ਨਿੱਕੀ ਸਰਹਾਲੀ ਤੇ ਕਤਲੂਹੀ ਆਦਿ ਕਈ ਪਿੰਡਾਂ ਦੇ ਨਾਂ ਯਾਦ ਸਨ।

“ਸਾਡੇ ਕੁਝ ਪਿੰਡਾਂ ’ਚ ਮੁਸਲਮਾਨ ਭੁੱਲਰਾਂ ਦੇ ਵੀ ਘਰ ਸਨ। ਦੋ-ਤਿੰਨ ਘਰ ਲਲਿਆਣੀ ’ਚ ਵੀ ਸਨ। ਇਨ੍ਹਾਂ ’ਚੋਂ ਇਕ ਸਾਹਬਦੀਨ ਹੁੰਦਾ ਸੀ। ਮਾਹਰ, ਮੰਗੋਲ, ਕਿਰਤੋ ਕੇ, ਰਣਸੀਂਹ ਕੇ, ਬੇਅ ਕੇ, ਜੱਸੋ ਕੇ, ਨਾਥੇ ਕੇ, ਲਾਲੇ ਕੇ, ਦਲਪੱਤ ਕੇ, ਨੀਵੇਂ ਪਿੰਡੀਏ, ਭੋਲੇ ਕੇ ਆਦਿ ਲਲਿਆਣੀ ਦੀਆਂ ਤੇਰ੍ਹਾਂ ਪੱਤੀਆਂ ਸਨ। ਮੇਰਾ ਦਾਦਾ ਸ. ਮੀਂਹਾ ਸਿੰਘ ਵੀ ਲੰਬੜਦਾਰ ਸੀ।

ਸਾਡੇ ਪਿੰਡ ’ਚ ਤੇਲੀ, ਮੋਚੀ, ਲੁਹਾਰ ਤੇ ਘੁਮਿਆਰ ਸਨ। ਸ਼ੇਰਾ ਨਾਂ ਦੇ ਦੋ ਲੁਹਾਰ ਵੀ ਹੁੰਦੇ ਸਨ। ਮੋਚੀਆਂ ਵਿਚੋਂ ਮਾਮੂੰ ਬੜਾ ਕਾਰੀਗਰ ਸੀ। ਇੱਥੇ ਬਾਵਿਆਂ ਵਾਲਾ ਬਾਗ਼ ਬੜਾ ਮਸ਼ਹੂਰ ਸੀ। ਦੱਸਦੇ ਨੇ ਕਿ ਇਨ੍ਹਾਂ ਨੂੰ ਜਹਾਂਗੀਰ ਨੇ ਸੌ ਕਿੱਲਾ ਜ਼ਮੀਨ ਦਿੱਤੀ ਸੀ। ਇਨ੍ਹਾਂ ’ਚੋਂ ਇਕ ਸਰਵਣ ਦਾਸ ਡੇਰਾ ਘੀ-ਮੰਡੀ ਅਖਾੜਾ ਅੰਮ੍ਰਿਤਸਰ ਤੇ ਬਾਅਦ ’ਚ ਹਰਿਦੁਆਰ ’ਚ ਵੀ ਮਹੰਤ ਰਿਹਾ ਏ।

ਕਤਲੂਹੀ ਅਤੇ ਸਰਹਾਲੀ ਦੇ ਦਰਮਿਆਨ  ਸਾਡੇ ਜਠੇਰਿਆਂ ਦਾ ਮੇਲਾ ਲੱਗਦਾ ਸੀ। ਲੋਕ ਗੱਡਾਂ ’ਤੇ ਚੜ੍ਹ ਕੇ ਜਾਂਦੇ, ਜਿਵੇਂ ਮੇਲ ’ਤੇ ਜਾਈਦਾ। ਉੱਥੇ ਇੰਨਾ ਇਕੱਠ ਹੋ ਜਾਂਦਾ ਕਿ ਖੂਹ ਦਾ ਪਾਣੀ ਮੁੱਕ ਜਾਂਦਾ।

ਲਲਿਆਣੀ ’ਚ ਲੜਕੀਆਂ ਦਾ ਪ੍ਰਾਇਮਰੀ ਸਕੂਲ ਤੇ ਸਰਕਾਰੀ ਮਿਡਲ ਸਕੂਲ ਵੀ ਸੀ। ਮੇਰੇ ਦਾਦਾ ਜੀ ਦਾ ਛੋਟਾ ਭਰਾ ਜਥੇਦਾਰ ਕਰਮ ਸਿੰਘ ਲਲਿਆਣੀ ਗੁਰਦੁਆਰਾ ਕਮੇਟੀ ਲਾਹੌਰ ਦਾ ਪ੍ਰਧਾਨ ਤੇ ਨਨਕਾਣਾ ਸਾਹਿਬ ਦਾ ਵਾਈਸ-ਪ੍ਰੈਜੀਡੈਂਟ ਸੀ। ਉਨ੍ਹਾਂ ਨੇ ਕੋਸ਼ਿਸ਼ ਕਰਕੇ ਪੰਜਤਾਲੀ ਵਿਚ ਓਥੇ ਖ਼ਾਲਸਾ ਹਾਈ ਸਕੂਲ ਬਣਵਾਇਆ ਸੀ। ਮੈਂ ਪੰਜਵੀਂ ਅਤੇ ਛੇਵੀਂ ਇਸ ਸਕੂਲ ਤੋਂ ਪਾਸ ਕੀਤੀ ਸੀ। 

ਮੈਂ ਸੱਤਵੀ ’ਚ ਸਾਂ ਕਿ ਗੜਬੜ ਸ਼ੁਰੂ ਹੋ ਗਈ। ਸੋਲ੍ਹਾਂ ਅਗਸਤ ਨੂੰ ਸਾਡੇ ਘਰ ’ਤੇ ਮੁਸਲਿਮ ਲੀਗੀਆਂ, ਮਿਲਟਰੀ ਵਾਲਿਆਂ ਤੇ ਆਮ ਲੋਕਾਂ ਨੇ ਮਸ਼ੀਨਗੰਨਾਂ ਨਾਲ ਹਮਲਾ ਕਰ ਦਿੱਤਾ। ਸਾਡੇ ਸੱਤ ਮੈਂਬਰ ਓਥੇ ਸ਼ਹੀਦ ਹੋ ਗਏ ਸਨ। ਮੈਨੂੰ ਮੇਰੀ ਮਾਂ ਨੇ ਇਕ ਦਿਨ ਪਹਿਲਾਂ ਮਾਮੇ ਨਾਲ ਜੱਬੋ ਮਹਿਲ ਪਿੰਡ ’ਚ ਘੱਲ ਦਿੱਤਾ ਸੀ। ਦੋ ਕੁ ਦਿਨਾਂ ਬਾਅਦ ਨੇੜਲੇ ਪਿੰਡ ਬੂੰਗੇ ’ਤੇ ਹਮਲਾ ਹੋ ਗਿਆ। ਮੇਰੇ ਨਾਨਕਿਆਂ ਨੇ ਕਾਹਲੀ-ਕਾਹਲੀ ਗੱਡੇ ਜੋਏ। ਨਿੱਕਾ-ਮੋਟਾ ਸਮਾਨ ਉੱਤੇ ਰੱਖਿਆ ਤੇ ਅਸੀਂ ਤੁਰ ਪਏ। ਅਸੀਂ ਸ਼ਾਮ ਵੇਲੇ ਤੁਰੇ ਤੇ ਦਿਨ ਚੜ੍ਹਦੇ ਨੂੰ ਇੱਧਰ ਹਿੰਦੋਸਤਾਨ ਦੇ ਪਿੰਡ ਬਾਸਰਕੇ ’ਚ ਆ ਗਏ ਸਾਂ। 

ਓਥੇ ਸਾਨੂੰ ਲਲਿਆਣੀ ਦਾ ਇਕ  ਨੌਜਵਾਨ ਮਿਲਿਆ। ਮੇਰੇ ਮਾਮੇ ਪੁੱਛਣ ਲੱਗੇ ਕਿ ਸਾਡੇ ਟੱਬਰਾਂ ਦਾ ਕੀ ਹਾਲ ਏ? ਉਹ ਬੋਲਿਆ- ਉਨ੍ਹਾਂ ਦਾ ਤਾਂ ਬੀਅ ਨਾਸ਼ ਹੋ ਗਿਆ ਏ। ਬਾਸਰਕੇ ਤੋਂ ਭਿੱਖੀਵਿੰਡ ਨੇੜਲੇ ਪਿੰਡ ਮੁਗ਼ਲਵਾਲਾ ਆਣ ਬੈਠੇ ਸਾਂ। ਓਥੋਂ ਜਲਾਲਾਬਾਦ ਤੇ ਜਲਾਲਾਬਾਦ ਤੋਂ ਪੱਟੀ। ਮਹੀਨਾ ਭਰ ਅਸੀਂ ਇੱਥੇ-ਓਥੇ ਭਟਕਦੇ ਰਹੇ ਸਾਂ!” ਉਹ ਚੁੱਪ ਹੋ ਗਏ ਸਨ। 

“ਤੁਹਾਡੇ ਘਰ ’ਤੇ ਹਮਲੇ ਕਰਨ ਵਾਲੇ ਕੌਣ ਸਨ?” ਮੈਂ ਸਵਾਲ ਕੀਤਾ। 

“ਉਨ੍ਹਾਂ ਦਾ ਲੀਡਰ ਤੇਲੀਆਂ ਵਿਚੋਂ ਦੋਸਤ ਮੁਹੰਮਦ, ਮੁਲਵਾਣਿਆਂ ਵਿਚੋਂ ਮਾਸਟਰ ਮੀਆਂ ਮੁਨੀਰ ਤੇ ਉਸਦਾ ਭਰਾ ਅਨਵਰ ਸੀ। ਇਕ ਸਰਦਾਰ ਘੁਮਿਆਰ ਸੀ। ਉਹ ਕੱਪੜੇ ਦੀ ਦੁਕਾਨ ਕਰਦਾ ਸੀ। ਸਾਡਾ ਘਰ ਚੜ੍ਹਦੇ ਪਾਸੇ ਮੁਸਲਮਾਨਾਂ ਦੇ ਦਾਇਰੇ ’ਚ ਵੱਸਦਾ ਸੀ। ਰੌਲਿਆਂ ਦੇ ਸ਼ੁਰੂ ’ਚ ਸਾਡਾ ਟੱਬਰ ਨਿਕਲ ਤੁਰਿਆ ਸੀ। ਹੋਰਨਾਂ ਨੇ ਰੋਕ ਲਿਆ। ਕਹਿਣ ਲੱਗੇ-ਤੁਸੀਂ ਚਲੇ ਗਏ ਤਾਂ ਸਾਡਾ ਕੀ ਬਣੂੰ। ਉਨ੍ਹਾਂ ਨੇ ਸਾਨੂੰ ਘੜਿਆਲ ਦੇ ਦਿੱਤਾ। ਕਹਿਣ ਲੱਗੇ-ਤੁਸੀਂ ਖੜਕਾਓਗੇ ਤਾਂ ਸਾਰਾ ਪਿੰਡ ਓਥੇ ’ਕੱਠਾ ਹੋ ਜਾਵੇਗਾ। 

ਹਮਲੇ ਵਾਲੇ ਦਿਨ, ਮੇਰੀਆਂ ਦੋ ਛੋਟੀਆਂ ਭੈਣਾਂ ਤੇ ਇਕ ਭਰਾ ਚਾਚੀ ਨਾਲ ਕਿਸੇ ਹੋਰ ਘਰ ’ਚ ਚਲੇ ਗਏ ਸਨ। ਮੇਰੇ ਦਾਦੇ ਦਾ ਭਰਾ ਮੀਟਿੰਗ ’ਚ ਗਿਆ ਹੋਣ ਕਰਕੇ ਬਚ ਗਿਆ ਸੀ। ਉਸਦੇ ਘਰ ਦੀ, ਮੇਰੇ ਦਾਦੀ-ਦਾਦਾ, ਮੇਰੇ ਮਾਪੇ, ਵੱਡਾ ਭਰਾ ਤੇ ਟੱਬਰ ’ਚੋਂ ਇਕ ਹੋਰ ਬੰਦਾ ਓਸ ਹਮਲੇ ’ਚ ਮਾਰੇ ਗਏ। ਸਾਰਿਆਂ ਤੋਂ ਵੱਡਾ ਮੈਂ ਹੀ ਬਚਿਆ ਸਾਂ, ਜਿਹੜਾ ਉਦੋਂ ਤੇਰਵੇਂ ਸਾਲ ’ਚ ਸੀ। ਸਾਡੇ ਪਿੰਡ ’ਚ ਸਭ ਨਾਲੋਂ ਵੱਡਾ ਘਰ ਸਰਦਾਰ ਨੰਦ ਸਿੰਘ ਹੋਰਾਂ ਦਾ ਸੀ। ਉਸਨੂੰ ਥਾਣੇ ਬੁਲਾ ਕੇ ਗੋਲੀ ਮਾਰੀ ਗਈ।” ਉਹ ਪਲ ਕੁ ਲਈ ਚੁੱਪ ਹੋ ਗਏ ਸਨ। 

“ਤੁਸੀਂ ਆਪਣੇ ਭਰਾ ਤੇ ਭੈਣਾਂ ਨੂੰ ਕਦੋਂ ਮਿਲੇ ?” ਮੈਂ ਅਗਾਂਹ ਪੁੱਛਿਆ। 

“ਕੋਈ ਮਹੀਨੇ ਕੁ ਬਾਅਦ ਅਸੀਂ ਪੱਟੀ ਮਿਲੇ ਸਾਂ। ਪੰਜ ਛੀ ਸਾਲ ਅਸੀਂ ਨਾਨਕਿਆਂ ਕੋਲ ਰਹੇ। ਫਿਰ ਜਨਵਰੀ 1953 ’ਚ ਅਸੀਂ ਬਲੋਚ ਕੇਰਾ ਚਲੇ ਗਏ। ਇਸਨੂੰ ਰਸੂਲਪੁਰ ਤੇ ਬਲੋਚਾਂ ਦਾ ਕੇਰਾ ਵੀ ਕਹਿੰਦੇ ਨੇ। ਛੋਟੇ ਭਰਾ ਭੈਣ ਮੈਂ ਹੀ ਸੰਭਾਲੇ। ਹਲ਼ ਵਾਹੁਣਾ ਸਿੱਖਿਆ ਤੇ ਖੇਤੀ ਸ਼ੁਰੂ ਕਰ ਦਿੱਤੀ। ਕੁਝ ਸਾਲਾਂ ਬਾਅਦ ਮੇਰਾ ਵਿਆਹ ਹੋ ਗਿਆ। ਮੇਰੀ ਪਤਨੀ ਮੇਰੇ ਵੱਡੇ ਭਰਾ ਦੀ ਮੰਗ ਸੀ।” ਉਹ ਠੰਢਾ ਹਉਕਾ ਭਰਦਿਆਂ ਚੁੱਪ ਹੋ ਗਏ। 

“ਤੁਸੀਂ ਮੁੜ ਨਹੀਂ ਗਏ ਕਦੇ ਆਪਣੇ ਪਿੰਡ?” ਮੈਂ ਸਵਾਲ ਕੀਤਾ।  

“ਮੇਰੀ ਮਾਂ ਨੇ ਨਨਕਾਣਾ ਸਾਹਿਬ ਮੱਥਾ ਟਿਕਾਉਣ ਦੀ ਸੁੱਖਣਾ ਸੁੱਖੀ ਸੀ। ਪਹਿਲਾਂ ਤਾਂ ਮੌਕਾ ਹੀ ਨਾ ਮਿਲਿਆ। ਫਿਰ ਉਜਾੜੇ ਪੈ ਗਏ। ਮਾਂ ਵੀ ਕਤਲ ਹੋ ਗਈ। ਪੰਜਾਹ ਵਰ੍ਹਿਆਂ ਬਾਅਦ, ਮੇਰੀ ਭੂਆ, ਭੈਣ ਤੇ ਮੈਂ ਨਨਕਾਣਾ ਸਾਹਿਬ ਗਏ। ਜਦੋਂ ਲਾਹੌਰ ਮੁੜੇ ਤਾਂ ਉਹ ਆਖਣ ਲੱਗੀਆਂ ਕਿ ਅਸੀਂ ਤਾਂ ਪਿੰਡ ਜਾਣੈ। ਮੇਰਾ ਤਾਂ ਜੀ ਨਹੀਂ ਸੀ ਕਰਦਾ, ਪਰ ਉਨ੍ਹਾਂ ਦਾ ਦਿਲ ਰੱਖਣ ਲਈ ਮੈਨੂੰ ਲਲਿਆਣੀ ਜਾਣਾ ਪਿਆ। ਸਾਡੇ ਘਰ ’ਚ ਚੌਦਾਂ ਘਰ ਆਬਾਦ ਹੋ ਗਏ ਨੇ। ਮੇਰੇ ਨਾਲ ਪੜ੍ਹਨ ਵਾਲਿਆਂ ’ਚੋਂ ਮੁਹੰਮਦ ਰਫ਼ੀਕ ਮੈਨੂੰ ਬੜੇ ਪਿਆਰ ਨਾਲ ਮਿਲਿਆ। ਉਸਨੇ ਮੈਨੂੰ ਹਮਲੇ ਦੀ ਸਾਰੀ ਕਹਾਣੀ ਦੱਸੀ। ਮੇਰੇ ਬਾਪ ਕੋਲ ਦੇਸੀ ਬੰਬ ਸੀ, ਉਹ ਮੇਰਾ ਬਾਪ ਸੁੱਟਦਾ ਰਿਹਾ। ਫਿਰ ਹਮਲਾਵਰਾਂ ਨੇ...।” ਉਨ੍ਹਾਂ ਨੇ ਇਹ ਗੱਲ ਅਧੂਰੀ ਛੱਡ ਦਿੱਤੀ। 

“...ਬਾਕੀ ਮੁਸਲਮਾਨ ਵੀ ਬੜੇ ਤਪਾਕ ਨਾਲ ਮਿਲੇ। ਉਹ ਸਾਨੂੰ ਤੋਰਨ ਸਾਡੀ ਕਾਰ ਤਕ ਵੀ ਆਏ, ਪਰ ਦੋਸਤ ਮੁਹੰਮਦ ਦਾ ਛੋਟਾ ਭਰਾ ਬਿੱਲੂ ਘੋਰੀ ਨਾ ਮਿਲਣ ਆਇਆ। ਉਹ ਹਾਲੇ ਵੀ ਮੇਰੇ ਬਾਪ ਦਾ ਛੋਟਾ ਨਾਂ ਲੈ ਕੇ ਗੱਲ ਕਰਦਾ ਸੀ। ਅਸੀਂ ਬੇਗਾਨੇ ਦੇਸ਼ ’ਚ ਸਾਂ। ਅਸੀਂ ਲਿਖਤ-ਪੜ੍ਹਤ ਤੋਂ ਬਗੈਰ ਗਏ ਸਾਂ। ਬਸ ਸਬਰ ਹੀ ਕੀਤਾ। ਉਸਨੂੰ ਵੱਡਾ ਦੁੱਖ ਇਸ ਗੱਲ ਦਾ ਸੀ ਕਿ ਅਸੀਂ ਸੰਤਾਲੀ ’ਚ ਬਚ ਕਿਵੇਂ ਗਏ?’’

“ਬਿੱਲੂ ਘੋਰੀ ਇੰਨੀ ਨਫ਼ਰਤ ਕਿਉਂ ਕਰਦਾ ਸੀ?” ਮੈਂ ਪੁੱਛਿਆ।

“ਸਾਡੀ ਨੌਂ ਹਲਾਂ ਦੀ ਵਾਹੀ ਸੀ। ਬਿੱਲੂ ਦਾ ਬਾਪ ਆਜੜੀ ਸੀ। ਕਿਤੇ ਉਸਨੇ ਸਾਡੀ ਕਪਾਹ ’ਚ ਭੇਡਾਂ-ਬੱਕਰੀਆਂ ਛੱਡ ਦਿੱਤੀਆਂ। ਮੇਰੇ ਦਾਦੇ ਨੇ ਰੋਕਿਆ ਤਾਂ ਉਸਨੇ ਕੁਹਾੜੀ ਦਾ ਵਾਰ ਕਰ ਦਿੱਤਾ। ਮੇਰਾ ਦਾਦਾ ਡਾਹਢਾ ਤਕੜਾ ਸੀ। ਉਸਨੇ ਆਜੜੀ ਨੂੰ ਢਾਹ ਲਿਆ। ਉਸਦਾ ਕੁਟਾਪਾ ਕਰਕੇ ਦਾਦੇ ਨੇ ਉਸਦਾ ਮਾਲ ਵਲਿਆ ਤੇ ਥਾਣੇ ’ਚ ਦੇਣ ਵਾਸਤੇ ਤੁਰ ਪਿਆ। ਪੰਚਾਇਤੀ ਲੋਕ ਗਏ ਤਾਂ ਉਨ੍ਹਾਂ ਨੇ ਜ਼ੋਰ ਪਾ ਕੇ ਉਹ ਮਾਲ ਮੁੜਵਾ ਦਿੱਤਾ। ਦਾਦੇ ਦੀ ਕੁੱਟ ਨਾਲ ਕੋਈ ਉਹ ਕੋਈ ਪੰਜ-ਛੀ ਮਹੀਨੇ ਬਾਅਦ ਮਰ ਗਿਆ। ਸੰਤਾਲੀ ’ਚ ਉਨ੍ਹਾਂ ਨੇ ਬਾਹਰੋਂ ਬੰਦੇ ਸੱਦ ਕੇ ਉਹੀ ਬਦਲਾ ਲਿਆ ਸੀ!” ਇਹ ਆਖ ਉਹ ਚੁੱਪ ਕਰ ਗਏ। 

“ਕੋਈ ਹੋਰ ਗੱਲ?” ਮੈਂ ਗੱਲ ਮੁਕਾਉਣ ਦੇ ਇਰਾਦੇ ਨਾਲ ਇਹ ਸਵਾਲ ਕੀਤਾ। 

“ਰਫ਼ੀਕ ਤੇ ਸਾਡੇ ਘਰ ’ਚ ਵੱਸਦਾ ਬਰਨਾਲੀਆ ਸੰਧੂ ਮੈਨੂੰ ਲਾਹੌਰ ਵੀ ਮਿਲਣ ਆਏ ਸਨ। ਹਜ਼ੂਰੀ ਬਾਗ਼ ’ਚ ਬੈਠ ਕੇ ਅਸੀਂ ਬਹੁਤ ਗੱਲਾਂ ਕੀਤੀਆਂ। ਉਹ ਮੈਨੂੰ ਕੋਈ ਤੋਹਫ਼ਾ ਦੇਣਾ ਚਾਹੁੰਦੇ ਸੀ। ਮੈਂ ਆਖਿਆ-ਨਾ ਮੈਂ ਕਿਸੇ ਲਈ ਤੋਹਫ਼ਾ ਲੈ ਕੇ ਆਇਆਂ ਤੇ ਨਾ ਮੈਂ ਲੈਣਾ ਏ।” ਉਹ ਫਿੱਕੇ ਜਿਹੇ ਹੱਸ ਕੇ ਚੁੱਪ ਹੋ ਗਏ ਸਨ। 

“ਤੁਸੀਂ ਰਫ਼ੀਕ ਦਾ ਤੋਹਫ਼ਾ ਕਿਉਂ ਨਹੀਂ ਲਿਆ?” ਮੈਂ ਸਵਾਲ ਕੀਤਾ ਤਾਂ ਉਹ ਉਦਾਸ ਹੋ ਗਏ। 

“ਪਹਿਲਾਂ ਤਾਂ ਮੈਂ ਨਾਂਹ ਕਰ ਦਿੱਤੀ ਸੀ, ਪਰ ਜਦੋਂ ਰਫ਼ੀਕ ਨੇ ਅਖ਼ਬਾਰ ਦੀ ਤਹਿ ਖੋਲ੍ਹੀ ਤਾਂ ਮੇਰੀਆਂ ਅੱਖਾਂ ’ਚ ਅੱਥਰੂ ਆ ਗਏ ਸਨ। ਮੈਂ ਉਸ ਤੋਹਫ਼ੇ ਨੂੰ ਦੋਵੇਂ ਹੱਥਾਂ ਨਾਲ ਚੁੱਕ ਕੇ ਮੱਥੇ ਨਾਲ ਛੁਹਾਇਆ ਸੀ। ਉਹ ਤੋਹਫ਼ਾ ਨਹੀਂ ...” ਜਰਨੈਲ ਸਿੰਘ ਹੋਰੀਂ ਪਹਿਲੀ ਵਾਰ ਭਾਵੁਕ ਹੋਏ ਸਨ। ਮੈਂ ਚੁੱਪ ਰਹਿਣਾ ਬਿਹਤਰ ਸਮਝਿਆ। 

“ਜਦੋਂ ਸਾਡੇ ਜੀਅ ਉਨ੍ਹਾਂ ਨੇ ਮਾਰ ਦਿੱਤੇ ਤਾਂ ਕੁਝ ਲੁਟੇਰੇ ਸਾਡੇ ਘਰ ’ਚ ਆਣ ਵੜੇ ਸਨ। ਉਨ੍ਹਾਂ ਨੇ ਸਾਡਾ ਘਰ ਲੁੱਟ ਲਿਆ। ਉਨ੍ਹਾਂ ਲੋਕਾਂ ’ਚ ਰਫ਼ੀਕ ਵੀ ਸੀ। ਉਹ ਮੇਰੇ ਟੱਬਰ ਦਾ ਹਾਲ ਵੇਖਣ ਆਇਆ ਸੀ। ਉਸਨੇ ਸਾਡੇ ਘਰੋਂ ਸਿਰਫ਼ ਇਕ ਚੀਜ਼ ਚੁੱਕੀ ਤੇ ਉਹ ਚੀਜ਼ ਉਸਨੇ ਪੰਜਾਹ ਸਾਲ ਸੰਭਾਲ ਰੱਖੀ ਸੀ। ਉਸੀ ਚੀਜ਼ ਨੂੰ ਅਖ਼ਬਾਰ ’ਚ ਲਪੇਟ ਕੇ ਉਹ ਮੇਰੇ ਲਈ ਲੈ ਕੇ ਆਇਆ ਸੀ।” ਜਰਨੈਲ ਸਿੰਘ ਹੋਰਾਂ ਦੇ ਬੋਲ ਭਾਰੇ ਹੋ ਗਏ ਸਨ। 

“ਉਹ ਕੀ ਸੀ?” ਮੈਂ ਸਵਾਲ ਕੀਤਾ। 

“ਉਹ ਮੇਰੀ ਸੱਤਵੀਂ ਜਮਾਤ ਦੀ ਉਰਦੂ ਦੀ ਕਿਤਾਬ ਸੀ !” ਇਸ ਤੋਂ ਅਗਾਂਹ ਉਹ ਬੋਲ ਨਹੀਂ ਸਨ ਸਕੇ। 

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਸਾਂਵਲ ਧਾਮੀ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ