Tamak Vajdi Rahi (Vand De Dukhre) : Sanwal Dhami
ਟਮਕ ਵੱਜਦੀ ਰਹੀ (ਵੰਡ ਦੇ ਦੁੱਖੜੇ) : ਸਾਂਵਲ ਧਾਮੀ
ਸ਼ਿਵਾਲਿਕ ਦੀਆਂ ਪਹਾੜੀਆਂ ’ਚ ਵਸੇ ਹੋਰਨਾਂ ਪਿੰਡਾਂ ਵਰਗਾ ਪਿੰਡ ਹੈ, ਕੋਟਲਾ। ਇਸਦੇ ਚੜ੍ਹਦੇ ਪਾਸੇ ਧੌਲਧਾਰ ਦੀਆਂ ਪਹਾੜੀਆਂ ਨੇ ਤੇ ਲਹਿੰਦੇ ਪਾਸੇ ਹੁਸ਼ਿਆਰਪੁਰ ਦੀ ਤਹਿਸੀਲ ਦਸੂਹਾ ਦੇ ਪਿੰਡ। 1966 ਤਕ ਇਹ ਪੰਜਾਬ ਦਾ ਪਿੰਡ ਸੀ, ਫਿਰ ਇਹ ਹਿਮਾਚਲ ਪ੍ਰਦੇਸ਼ ਦੇ ਹਿੱਸੇ ਆ ਗਿਆ। ਅੱਜ ਇਸਦੀ ਤਹਿਸੀਲ ਜੱਸਵਾਂ ਹੈ ਤੇ ਜ਼ਿਲ੍ਹਾ ਕਾਂਗੜਾ।
ਇਸ ਪਿੰਡ ਦੇ ਰਜਿੰਦਰ ਕੁਮਾਰ ਸ਼ਰਮਾ ਹੋਰਾਂ ਕੋਲ ਸੰਤਾਲੀ ਦੇ ਆਰ-ਪਾਰ ਦੀਆਂ ਕੁਝ ਲਹੂ-ਭਿੱਜੀਆਂ ਯਾਦਾਂ ਮਹਿਫ਼ੂਜ਼ ਪਈਆਂ ਨੇ। ਇਸ ਪਿੰਡ ’ਚੋਂ ਉੱਠ ਕੇ ਇਨ੍ਹਾਂ ਦੇ ਪਿਤਾ ਜੀ ਲਾਹੌਰ ਚਲੇ ਗਏ ਸਨ। ਅਨਾਰਕਲੀ ਬਾਜ਼ਾਰ ’ਚ ਉਨ੍ਹਾਂ ਦੀ ਸਟੇਸ਼ਨਰੀ ਦੀ ਦੁਕਾਨ ਸੀ। ਸ਼ਿਆਲਮੀਂ ਦਰਵਾਜ਼ੇ ਅੰਦਰ ਮਾਈ ਸਰੂਪਾਂ ਦੀ ਗਲੀ ’ਚ ਤਿੰਨ ਮੰਜ਼ਿਲਾ ਮਕਾਨ ਵੀ ਸੀ। ਉਸ ਮੁਹੱਲੇ ’ਚ ਸਾਰੇ ਘਰ ਹਿੰਦੂਆਂ ਦੇ ਸਨ।
“ਇਕ ਗਵਾਲ ਮੰਡੀ ਮੁਹੱਲਾ ਵੀ ਹੁੰਦਾ ਸੀ...।” ਉਹ ਯਾਦ ਕਰਦੇ ਹੋਏ ਆਖਦੇ ਨੇ।
“...ਹਰ ਮੁਹੱਲੇ ਦੇ ਵੱਡੇ-ਵੱਡੇ ਗੇਟ ਹੁੰਦੇ। ਰਾਤ ਨੂੰ ਇਹ ਗੇਟ ਬੰਦ ਕਰ ਦਿੱਤੇ ਜਾਂਦੇ। ਬਾਹਰ ਚੌਕੀਦਾਰ ਪਹਿਰਾ ਦਿੰਦੇ। ਸਾਡਾ ਸਭ ਦਾ ਮੇਲ-ਜੋਲ ਬੜਾ ਸੀ। ਮੇਰੇ ਪਿਤਾ ਜੀ ਸਲਵਾਰ-ਕਮੀਜ਼ ਪਹਿਨਦੇ। ਉੱਤੋਂ ਅਚਕਨ ਪਾਉਂਦੇ। ਪੱਗ ਬੰਨ੍ਹ ਕੇ ਸਿਰ ’ਤੇ ਤੁਰਲਾ ਛੱਡਦੇ। ਗੋਰਾ ਰੰਗ, ਉੱਚਾ ਕੱਦ ਤੇ ਲੰਮਾ ਨੱਕ। ਉਹ ਮੁਸਲਮਾਨ ਹੀ ਲੱਗਦੇ। ਉਨ੍ਹਾਂ ਦਾ ਜ਼ਿਆਦਾ ਪਿਆਰ-ਮੁਹੱਬਤ ਵੀ ਮੁਸਲਮਾਨਾਂ ਨਾਲ ਸੀ।
ਮੈਂ ਪੰਜ ਕੁ ਸਾਲ ਦਾ ਹੋਵਾਂਗਾ। ਇਕ ਵਾਰ ਅਸੀਂ ਕੋਈ ਖੇਡ-ਤਮਾਸ਼ਾ ਦੇਖਣ ਗਏ। ਮੈਂ ਹਾਥੀ ਵੱਲ ਦੇਖਦਾ ਰਹਿ ਗਿਆ। ਮਾਪੇ ਅਗਾਂਹ ਲੰਘ ਗਏ। ਹਾਥੀ ਅੱਖਾਂ ਤੋਂ ਓਝਲ ਹੋਇਆ ਤਾਂ ਮਾਪਿਆਂ ਦੀ ਯਾਦ ਆਈ। ਮੈਂ ਰੋਣ ਲੱਗ ਪਿਆ। ਇਕ ਮੌਲਵੀ ਨੇ ਮੈਨੂੰ ਚੁੱਕ ਲਿਆ। ਬੜੇ ਮੋਹ ਨਾਲ ਪੁੱਛਣ ਲੱਗਾ, ‘ਬੇਟਾ, ਕਿੱਥੇ ਜਾਣਾ ਤੂੰ?’ ਮੈਂ ਰੋਂਦਿਆਂ ਆਪਣਾ ਪਤਾ ਦੱਸਿਆ। ਉਹ ਮੈਨੂੰ ਲੈ ਕੇ ਤੁਰ ਪਿਆ। ਰਾਹ ’ਚ ਮੈਨੂੰ ਮੇਰੇ ਮਾਪੇ ਮਿਲ ਗਏ।
ਲਾਹੌਰ, ਲਾਹੌਰ ਹੀ ਸੀ। ਰਾਵੀ ਦੇ ਕਿਨਾਰੇ ਬਸੰਤ ਦਾ ਮੇਲਾ ਲੱਗਦਾ। ਬੜਾ ਖੁੱਲ੍ਹਾ ਮੈਦਾਨ ਹੁੰਦਾ ਸੀ। ਸਭ ਉੱਥੇ ਇਕੱਠੇ ਹੁੰਦੇ। ਹਿੰਦੂ, ਸਿੱਖ, ਮੁਸਲਮਾਨ ਸਾਰੇ ਮੇਲੇ ’ਚ ਪਤੰਗ ਉਡਾਉਂਦੇ। ਮੈਨੂੰ ਆਪਣਾ ਸਕੂਲ ਵੀ ਯਾਦ ਹੈ। ਮੌਲਵੀ ਸਾਹਿਬ ਪੜ੍ਹਾਉਂਦੇ ਹੁੰਦੇ ਸਨ। ਤੀਸਰੀ-ਚੌਥੀ ਜਮਾਤ ਮੈਂ ਉੱਥੇ ਪੜ੍ਹਿਆ।
ਸੰਤਾਲੀ ਚੜ੍ਹਦਿਆਂ ਹੀ ਉੱਥੋਂ ਦੀ ਫ਼ਿਜ਼ਾ ਜ਼ਹਿਰੀਲੀ ਹੋਣ ਲੱਗ ਪਈ। ਛੁਰੇਬਾਜ਼ੀ ਦੀਆਂ ਖ਼ਬਰਾਂ ਮਿਲਦੀਆਂ ਰਹਿੰਦੀਆਂ। ਜਾਨ-ਮਾਲ ਦਾ ਖ਼ਤਰਾ ਵਧਦਾ ਜਾ ਰਿਹਾ ਸੀ। ਮੇਰੇ ਪਿਤਾ ਜੀ ਮੈਨੂੰ ਕੋਟਲੇ ਛੱਡ ਗਏ। ਇੱਧਰ ਆ ਕੇ ਮੈਂ ਪੰਜਵੀਂ ’ਚ ਦਾਖਲਾ ਲੈ ਲਿਆ। ਦੋ-ਚਾਰ ਮਹੀਨੇ ਸ਼ਾਂਤੀ ਨਾਲ ਲੰਘੇ ਹੋਣਗੇ। ਉਹ ਜ਼ਹਿਰੀਲੀ ਹਵਾ ਸਾਡੇ ਪਹਾੜਾਂ ਵੱਲ ਵੀ ਰੁਮਕਣ ਲੱਗ ਪਈ। ਫਿਰ ਉਹ ਹਨੇਰੀ ਬਣ ਗਈ। ਕਾਲੀ ਹਨੇਰੀ। ਸਕੂਲ ਬੰਦ ਹੋ ਗਏ। ਅਸੀਂ ਮੰਦਰ ਜਾ ਕੇ ਭਗਵਾਨ ਅੱਗੇ ਆਪਣੇ ਪਿਤਾ ਜੀ ਦੇ ਸਹੀ-ਸਲਾਮਤ ਘਰ ਪਰਤਣ ਦੀਆਂ ਅਰਦਾਸਾਂ ਕਰਦੇ। ਉਹ ਸਤੰਬਰ ਮਹੀਨੇ ਦੇ ਅੱਧ ’ਚ ਘਰ ਪਹੁੰਚੇ ਸਨ। ਉਨ੍ਹਾਂ ਨੇ ਪੂਰੀ ਕਹਾਣੀ ਸੁਣਾਈ।
‘ਮੈਂ ਤੁਰਿਆ ਜਾ ਰਿਹਾ ਸਾਂ। ਇਕ ਮੁਸਲਮਾਨ ਨੇ ਕਿਹਾ, ‘‘ਸ਼ਰਮਾ ਜੀ, ਕਿੱਥੇ ਤੁਰੇ ਜਾ ਰਹੇ ਹੋ? ਇੱਧਰ ਆਓ-ਇੱਧਰ ਆਓ। ਮੈਂ ਹੱਥ ਉੱਪਰ ਨੂੰ ਕੀਤਾ ਤਾਂ ਉਨ੍ਹਾਂ ਮੈਨੂੰ ਉੱਪਰ ਖਿੱਚ ਲਿਆ। ਇਸ ਕਾਰਨ ਮੈਂ ਬਚ ਗਿਆ। ਅੱਗੇ ਤੋਂ ਹਿੰਦੂਆਂ-ਸਿੱਖਾਂ ਦੇ ਕਾਤਲਾਂ ਦਾ ਟੋਲਾ ਆ ਰਿਹਾ ਸੀ।’’
‘‘ਇੱਥੇ ਆ ਕੇ ਉਨ੍ਹਾਂ ਦਾ ਦਿਲ ਨਹੀਂ ਸੀ ਲੱਗਿਆ। ਉਹ ਆਪਣੀ ਦੁਕਾਨ, ਆਪਣੇ ਮਕਾਨ ਤੇ ਆਪਣੇ ਦੋਸਤਾਂ ਨੂੰ ਯਾਦ ਕਰਕੇ ਰੋਂਦੇ ਰਹਿੰਦੇ ਸਨ। ਉਨ੍ਹਾਂ ਸਾਨੂੰ ਵਧੀਆ ਢੰਗ ਨਾਲ ਪੜ੍ਹਾਉਣ ਦੇ ਜਿਹੜੇ ਸੁਪਨੇ ਵੇਖੇ ਸਨ, ਉਹ ਸੰਤਾਲੀ ਨੇ ਚਕਨਾਚੂਰ ਕਰ ਦਿੱਤੇ। ਉਹ ਬਹੁਤ ਮਾਯੂਸ ਹੋ ਗਏ। ਮੇਰੀ ਮਾਂ ਨੂੰ ਅਕਸਰ ਆਖਦੇ -ਮੇਰਾ ਹੁਣ ਜੀਣ ਨੂੰ ਉੱਕਾ ਦਿਲ ਨਹੀਂ ਕਰਦਾ। ਮੈਂ ਬੱਚਿਆਂ ਨੂੰ ਗੁਰਬਤ ’ਚ ਨਹੀਂ ਵੇਖ ਸਕਦਾ। ਸਾਡੇ ਕੋਲ ਜ਼ਮੀਨ ਤਾਂ ਸੀ, ਪਰ ਸੀ ਬੰਜਰ। ਸਾਡਾ ਰੁਜ਼ਗਾਰ ਤਾਂ ਲਾਹੌਰ ਦੇ ਸਿਰ ’ਤੇ ਚੱਲਦਾ ਸੀ। ਸਾਡੇ ਲਈ ਰੋਟੀ ਇਕ ਮਸਲਾ ਬਣ ਗਈ। ਸਾਨੂੰ ਬਚਪਨ ’ਚ ਬਹੁਤ ਮਿਹਨਤ ਕਰਨੀ ਪਈ। ਜੋ ਕੰਮ ਮਿਲਦਾ, ਅਸੀਂ ਕਰ ਲੈਂਦੇ।” ਸ਼ਰਮਾ ਜੀ ਚਾਣਚੱਕ ਚੁੱਪ ਹੋ ਗਏ।
“ਸੰਤਾਲੀ ਵੇਲੇ ਤੁਹਾਡੇ ਆਪਣੇ ਪਿੰਡ ਦੇ ਕੀ ਹਾਲਾਤ ਸਨ?” ਉਨ੍ਹਾਂ ਨੂੰ ਨਿੱਜੀ ਦੁੱਖ ’ਚੋਂ ਕੱਢਣ ਲਈ, ਮੈਂ ਇਹ ਸਵਾਲ ਕੀਤਾ।
“ਓਸ ਵੇਲੇ ਹਰ ਘਰ ’ਚ ਬਰਛੇ ਤਲਵਾਰਾਂ ਪੈਦਾ ਹੋ ਗਈਆਂ। ਡਰ ਏਹੋ ਸੀ ਕਿ ਸਾਡੇ ਉੱਤੇ ਹਮਲਾ ਨਾ ਹੋ ਜਾਏ। ਸਾਡੇ ਨੇੜੇ ਘਾਟੀ ਕੋਲ ਬਹੁਤੇ ਮੁਸਲਮਾਨ, ਡੰਡੋਹਾ ਪਿੰਡ ’ਚ ਹੁੰਦੇ ਸਨ। ਦੂਜਾ ਗੜ੍ਹ ਧਰਮਪੁਰ ਦੇ ਕੋਲ ਦੇਹਰੀਆਂ ਪਿੰਡ ਸੀ। ਸਾਡੇ ਆਪਣੇ ਪਿੰਡ ਕੋਟਲੇ ਵਿਚ ਵੀ ਮੁਸਲਮਾਨਾਂ ਦੇ ਤਿੰਨ ਘਰ ਸਨ। ਬੜੀ ਸਾਂਝ ਸੀ, ਉਨ੍ਹਾਂ ਨਾਲ। ਪਹਿਲਾ ਘਰ ਭਰਾਈਆਂ ਦਾ ਸੀ, ਦੂਸਰਾ ਜੋਗੀਆਂ ਦਾ ਤੇ ਤੀਜਾ ਤੇਲੀਆਂ ਦਾ। ਇਨ੍ਹਾਂ ਘਰਾਂ ’ਚ ਬਹੁਤ ਵਿੱਥ ਸੀ। ਉਹ ਸਾਰੇ ਬੜੇ ਜਵਾਨ ਸਨ। ਤੇਲੀਆਂ ’ਚੋਂ ਇਕ ਨਸਰਾ ਹੁੰਦਾ ਸੀ। ਉਸਦੇ ਪੱਟ ਦੇਖ ਕੇ ਅਸੀਂ ਬਹੁਤ ਖ਼ੁਸ਼ ਹੁੰਦੇ। ਉਸਨੇ ਪੱਟਾਂ ’ਤੇ ਮੋਰਨੀਆਂ ਵੀ ਪਵਾਈਆਂ ਸਨ। ਉਸਦੇ ਸਰੀਰ ਦੀ ਹਰ ਕੋਈ ਤਾਰੀਫ਼ ਕਰਦਾ। ਉਸਨੂੰ ਬੜੀ ਬੇਦਰਦੀ ਨਾਲ ਮਾਰਿਆ ਸੀ।
ਜੋਗੀਆਂ ’ਚੋਂ ਹਾਕਮ ਅਲੀ ਕੱਪੜੇ ਸਿਉਣ ਦਾ ਕਿੱਤਾ ਕਰਦਾ ਸੀ। ਉਹ ਬੜਾ ਚੰਗਾ ਬੰਦਾ ਸੀ। ਉਸਦੇ ਘਰ ਦੇ ਅੱਗੇ ਇਕ ਅੰਬ ਦਾ ਬੂਟਾ ਸੀ। ਉਹ ਤੇ ਉਸਦਾ ਜੀਜਾ ਅੰਬ ’ਤੇ ਚੜ੍ਹ ਗਏ। ਕਿਸੇ ਨੂੰ ਪਤਾ ਲੱਗ ਗਿਆ। ਗੋਲੀ ਮਾਰੀ ਤੇ ਹਾਕਮ ਡਿੱਗ ਪਿਆ। ਉਸਦਾ ਜੀਜਾ ਉੱਥੋਂ ਦੌੜ ਗਿਆ। ਉਹ ਕੁਝ ਦਿਨ ਜੰਗਲ ’ਚ ਲੁਕਿਆ ਰਿਹਾ। ਫਿਰ ਮੈਂ ਸੁਣਿਆ ਕਿ ਉਸਨੂੰ ਵੀ ਕਤਲ ਕਰ ਦਿੱਤਾ ਗਿਆ।
ਦੋ ਵਿਹੜਿਆਂ ਦੇ ਮੁਸਲਮਾਨ, ਉਨ੍ਹਾਂ ਨੇ ਖ਼ਤਮ ਕਰ ਦਿੱਤੇ ਸਨ ਤੇ ਹੁਣ ਉਹ ਸ਼ੇਰੂ ਤੇਲੀ ਦੇ ਘਰ ਵੱਲ ਜਾ ਰਹੇ ਸਨ। ਮੈਂ ਤੇ ਮੇਰੀ ਭੂਆ ਦਾ ਪੁੱਤ, ਅਸੀਂ ਵੀ ਘਰੋਂ ਨਿਕਲੇ। ਅਸੀਂ ਦੇਖਿਆ ਕਿ ਉੱਥੇ ਇਕ ਲੱਤ ਨੂੰ ਕੁੱਤੇ ਖਿੱਚ ਕੇ ਲਿਜਾ ਰਹੇ ਸਨ। ਕੋਈ ਮਜ਼ਾਕ ਕਰ ਰਿਹਾ ਸੀ- ‘ਓਹ ਦੇਖੋ...ਨਸਰੇ ਭਲਵਾਨ ਦਾ ਗੋਡਾ।’
ਮੈਨੂੰ ਸਮਝ ਨਹੀਂ ਸੀ ਆ ਰਹੀ ਕਿ ਉਹ ਸਭ ਕੁਝ ਕਿਉਂ ਵਾਪਰ ਰਿਹੈ। ਮੈਂ ਕਾਰਨ ਪੁੱਛਿਆ। ਜਵਾਬ ਮਿਲਿਆ-ਬਾਹਰਲੇ ਪਿੰਡਾਂ ਦੇ ਬੰਦੇ ਆਏ ਨੇ। ਉਹ ਮੁਸਲਮਾਨਾਂ ਨੂੰ ਵੱਢ ਰਹੇ ਨੇ। ਮੈਂ ਹੈਰਾਨ ਹੋ ਗਿਆ। ਮੈਂ ਦੁਖੀ ਦਿਲ ਨਾਲ ਪੁੱਛਿਆ-ਕਿਉਂ? ਇਹ ਤਾਂ ਸਾਡੇ ਪਿੰਡ ਦੇ ਬੰਦੇ ਨੇ। ਇਹ ਤਾਂ ਸਾਡੇ ਨਾਲ ਪੜ੍ਹਦੇ ਨੇ। ਸਾਰੇ ਤਾਂ ਸਾਡੇ ਆਪਣੇ ਨੇ। ਹਾਕਮ ਅਲੀ ਸਾਡਾ ਦਰਜੀ। ਸ਼ੇਰਾ ਟਮਕ (ਛੋਟਾ ਨਗਾਰਾ) ਵਜਾਉਂਦਾ। ਅਸੀਂ ਉਸ ਕੋਲੋਂ ਤੇਲ ਲੈਣ ਜਾਂਦੇ। ਸਾਨੂੰ ਕੋਈ ਫ਼ਰਕ ਮਹਿਸੂਸ ਨਹੀਂ ਹੁੰਦਾ। ਭਲਵਾਨ ਨਸਰਾ ਸਾਨੂੰ ਸਾਰਿਆਂ ਨੂੰ ਇੰਨਾ ਪਿਆਰ ਕਰਦਾ ਹੁੰਦਾ ਸੀ। ਦੂਰ-ਦੂਰ ਤਕ ਕੁਸ਼ਤੀਆਂ ਜਿੱਤਦਾ ਸੀ। ਸਾਡੇ ਪਿੰਡ ਦਾ ਨਾਂ ਰੋਸ਼ਨ ਕਰਦਾ ਸੀ। ਬਾਹਰੋਂ ਆ ਕੇ ਲੋਕ ਇਨ੍ਹਾਂ ਨੂੰ ਕਿਵੇਂ ਮਾਰ ਗਏ? ਪਿੰਡ ਵਾਲਿਆਂ ਰੋਕਿਆ ਕਿਉਂ ਨਹੀਂ? ਇਨ੍ਹਾਂ ਸਵਾਲਾਂ ਦਾ ਜਵਾਬ ਕੌਣ ਦਿੰਦਾ?
ਅਸੀਂ ਵੀ ਕਾਤਲਾਂ ਦੀ ਭੀੜ ਪਿੱਛੇ ਤੁਰ ਪਏ।
ਸਾਡੇ ਘਰਾਂ ਤੋਂ ਕਾਫ਼ੀ ਦੂਰ ਤੇਲੀਆਂ ਦਾ ਘਰ ਸੀ। ਇਕ ਬਹੁਤ ਹੀ ਖ਼ੁਸ਼ਮਿਜ਼ਾਜ ਆਦਮੀ ਸੀ। ਉਸਨੂੰ ਸ਼ੇਰਾ ਕਹਿੰਦੇ ਸਨ। ਲੰਮੀਆਂ-ਲੰਮੀਆਂ ਮੁੱਛਾਂ। ਉਹ ਟਮਕ ਵਜਾਉਂਦਾ ਹੁੰਦਾ ਸੀ। ਉਸਨੇ ਕੋਹਲੂ ਵੀ ਲਗਾਇਆ ਹੋਇਆ ਸੀ। ਬਲਦ ਦੀਆਂ ਅੱਖਾਂ ਨੂੰ ਖੋਪੇ ਲੱਗੇ ਹੁੰਦੇ ਸਨ। ਅਸੀਂ ਬੱਚੇ ਸਕੂਲ ਆਉਂਦੇ-ਜਾਂਦੇ, ਉਹ ਸਭ ਕੁਝ ਵੇਖ ਕੇ ਹੈਰਾਨ ਹੁੰਦੇ ਰਹਿੰਦੇ। ਸਭ ਤੋਂ ਪਹਿਲਾਂ ਹਮਲਾਵਰਾਂ ਨੇ ਸ਼ੇਰੇ ਦੀ ਬਿਰਧ ਮਾਂ ਨੂੰ ਮਾਰਿਆ। ਉਸਦੇ ਖ਼ੂਨ ’ਚ ‘ਝੰਡਾ’ ਰੰਗਿਆ। ਉਹ ਝੰਡਾ ਸਕੂਲ ਦੇ ਉੱਪਰ ਟੰਗਿਆ।
ਜਦੋਂ ਅਸੀਂ ਸ਼ੇਰੂ ਦੇ ਵਿਹੜੇ ’ਚ ਪਹੁੰਚੇ ਤਾਂ ਅਸੀਂ ਦੇਖਿਆ ਕਿ ਸ਼ੇਰੂ ਆਪਣੇ ਵਿਹੜੇ ’ਚ ਹੱਥ ਜੋੜ ਕੇ ਬੈਠਾ ਸੀ। ਉਹ ਕਾਤਲਾਂ ਦੇ ਮਿੰਨਤਾਂ-ਤਰਲੇ ਕਰ ਰਿਹਾ ਸੀ। ਵਿਹੜੇ ਦੇ ਇਕ ਖੂੰਜੇ ਉਸਦੀ ਬੁੱਢੀ ਮਾਂ ਦੀ ਲਾਸ਼ ਪਈ ਸੀ।
“ਅਸੀਂ ਹੁਣੇ ਛੱਡ ਦਿੰਦੇ ਆਂ ਜੀ ਪਿੰਡ! ਬਸ! ਇਕ ਵਾਰ ਜਾਨ ਬਖ਼ਸ਼ ਦਿਓ!” ਉਹ ਮਸਾਂ ਬੋਲਿਆ।
“ਤੇਰੀ ਜਾਨ ਬਖ਼ਸ਼ ਦੇਵਾਂਗੇ, ਤੂੰ ਆਪਣੀ ਟਮਕ ਵਜਾ।” ਕੋਈ ਹੱਸਦਿਆਂ ਬੋਲਿਆ।
ਉਹ ਗੋਡਿਆਂ ’ਤੇ ਹੱਥ ਰੱਖ ਕੇ ਉੱਠਿਆ। ਪੈਰ ਘੜੀਸਦਾ ਕੋਠੇ ’ਤੇ ਗਿਆ। ਆਪਣੀ ਟਮਕ ਲੈ ਕੇ ਮੁੜ ਭੀੜ ’ਚ ਆ ਖੜ੍ਹਾ ਹੋਇਆ। ਉਸਨੇ ਕੰਬਦੇ ਹੱਥਾਂ ਨਾਲ ਟਮਕ ਵਜਾਉਣੀ ਸ਼ੁਰੂ ਕੀਤੀ। ਕਿਸੇ ਨੇ ਉਸਦੇ ਮੂੰਹ ’ਤੇ ਥੱਪੜ ਮਾਰਦਿਆਂ ਆਖਿਆ-ਬੰਦਿਆਂ ਵਾਂਗ ਵਜਾ। ਮੈਂ ਆਪਣੀਆਂ ਇਨ੍ਹਾਂ ਅੱਖਾਂ ਨਾਲ ਉਸਨੂੰ ਵੇਖਿਆ। ਉਹ ਮੁਸਕਰਾਉਂਦੇ ਚਿਹਰੇ ਨਾਲ ਟਮਕ ਵਜਾ ਰਿਹਾ ਸੀ। ਉਸ ਦੀਆਂ ਅੱਖਾਂ ’ਚੋਂ ਤ੍ਰਿਪ-ਤ੍ਰਿਪ ਅੱਥਰੂ ਵਗ ਰਹੇ ਸਨ।
ਕਾਤਲ ਉਸਦੇ ਕੋਠੇ ਅੰਦਰ ਚਲੇ ਗਏ। ਅੰਦਰੋਂ ਉਸਦੀ ਪਤਨੀ, ਪੁੱਤਰਾਂ ਤੇ ਧੀਆਂ ਦੇ ਚੀਕਣ ਦੀਆਂ ਆਵਾਜ਼ਾਂ ਆ ਰਹੀਆਂ ਸਨ। ਉਨ੍ਹਾਂ ਨੂੰ ਕਤਲ ਕੀਤਾ ਜਾ ਰਿਹਾ ਸੀ ਤੇ ਉਹ ਟਮਕ ਵਜਾਈ ਜਾ ਰਿਹਾ ਸੀ। ਆਖ਼ਰ ਉਹ ਬੇਹੋਸ਼ ਹੋ ਕੇ ਡਿੱਗ ਪਿਆ। ਜਦੋ ਉਸਨੂੰ ਕਤਲ ਕਰਨ ਲੱਗੇ ਤਾਂ ਅਸੀਂ ਉੱਥੋਂ ਦੌੜ ਆਏ।”
ਗੱਲ ਮੁਕਾਉਂਦਿਆਂ ਰਜਿੰਦਰ ਕੁਮਾਰ ਸ਼ਰਮਾ ਰੋ ਪਏ।