Kilhe Wali Dadi (Vand De Dukhre) : Sanwal Dhami
ਕਿਲ੍ਹੇ ਵਾਲੀ ਦਾਦੀ (ਵੰਡ ਦੇ ਦੁੱਖੜੇ) : ਸਾਂਵਲ ਧਾਮੀ
ਇਕ ਮੁਲਕ ਨੂੰ ਦੋ ਟੁਕੜਿਆਂ ’ਚ ਵੰਡਣ ਤੋਂ ਬਾਅਦ ਵੀ ਮਜ਼ਹਬੀ ਤੁਅੱਸਬ ਆਪਣੇ ਰੰਗ ਵਿਖਾਉਂਦਾ ਰਿਹਾ। ਆਬਾਦੀਆਂ ਦੇ ਤਬਾਦਲੇ ਹੋਏ ਤਾਂ ਏਧਰ-ਓਧਰ ਕਈ ਪਿੰਡਾਂ, ਕਸਬਿਆਂ ਤੇ ਸ਼ਹਿਰਾਂ ਦੇ ਨਾਂ ਬਦਲ ਦਿੱਤੇ ਗਏ। ਕਈ ਥਾਂ ਇਸਦਾ ਵਿਰੋਧ ਵੀ ਹੋਇਆ। ਟੋਭਾ ਟੇਕ ਸਿੰਘ ਵਿਰਸੇ ਨੂੰ ਪਿਆਰ ਕਰਨ ਵਾਲਿਆਂ ਦੀ ਇਕ ਖ਼ੂਬਸੂਰਤ ਉਦਾਹਰਨ ਹੈ।
ਅਫ਼ਸੋਸ ਦੀ ਗੱਲ ਕਿ ਜ਼ਿਲ੍ਹਾ ਸਿਆਲਕੋਟ ਦੀ ਤਹਿਸੀਲ ਨਾਰੋਵਾਲ ਦਾ ਕਸਬਾ ਕਿਲ੍ਹਾ ਸੋਭਾ ਸਿੰਘ ਮਾਰਚ, 1999 ’ਚ ਕਿਲ੍ਹਾ ਅਹਿਮਦ ਆਬਾਦ ਹੋ ਗਿਆ। ਇਸ ਕਸਬੇ ਦੇ ‘ਸੋਨੀਆਂ ਦੇ ਮੁਹੱਲੇ’ ’ਚ ਪੈਦਾ ਹੋਈ ਬੀਬੀ ਸੰਤੋਸ਼ ਡੋਗਰਾ ਅੱਜਕੱਲ੍ਹ ਪੂਰਬੀ ਦਿੱਲੀ ਦੇ ਮੁਹੱਲੇ ਅਨੰਦ ਵਿਹਾਰ ’ਚ ਰਹਿ ਰਹੀ ਏ। ਸੰਤਾਲੀ ’ਚ ਉਹ ਕੋਈ ਅੱਠ ਕੁ ਵਰ੍ਹਿਆਂ ਦੀ ਸੀ। ਉਸਦੇ ਪੁੱਤਰ ਨੀਰਜ ਡੋਗਰਾ ਨੇ ਮੈਨੂੰ ਆਪਣੇ ਘਰ ਬੁਲਾਇਆ ਤਾਂ ਜੋ ਮੈਂ ਉਸਦੀ ਮਾਂ ਦੀਆਂ ਮਿੱਠੀਆਂ-ਕੌੜੀਆਂ ਯਾਦਾਂ ਨੂੰ ਰਿਕਾਰਡ ਕਰ ਸਕਾਂ। ਗੱਲਬਾਤ ਸ਼ੁਰੂ ਹੋਈ ਤਾਂ ਉਹ ਆਪਣੇ ਬਚਪਨ ਨੂੰ ਯਾਦ ਕਰਦਿਆਂ ਬੋਲੀ,“ਸਾਡੇ ਮੁਹੱਲੇ ਦੇ ਬਹੁਤੇ ਲੋਕ ਦੁਕਾਨਦਾਰ ਸਨ। ਓਥੋਂ ਦਾ ਠਠਿਆਰੀ ਮੁਹੱਲਾ ਬਹੁਤ ਮਸ਼ਹੂਰ ਸੀ। ਮੇਰੇ ਪਿਤਾ ਜੀ ਸਟੇਸ਼ਨ ਮਾਸਟਰ ਸਨ। ਉਨ੍ਹਾਂ ਦਾ ਨਾਂ ਪੰਡਤ ਵਧਾਵਾ ਮੱਲ ਸੀ। ਦਾਦਾ ਜੀ ਦਾ ਨਾਂ ਲਛਮਣ ਦਾਸ ਤੇ ਦਾਦੀ ਦਾ ਨਾਂ ਸੀ ਜਮੁਨਾ। ਦਾਦੀ ਸਾਡੇ ਨਾਲੋਂ ਵੱਧ ਪਿਆਰ ਸਾਡੇ ਛੋਟੇ ਭਰਾ ਜੋਗਿੰਦਰ ਨੂੰ ਕਰਦੀ ਹੁੰਦੀ ਸੀ। ਅਸੀਂ ਪੰਜ ਭੈਣਾਂ ਸਾਂ। ਸਾਡੇ ਦੋ ਘਰ ਸਨ। ਉਹ ਪੁਰਾਣੇ ਘਰ ’ਚ ਰਹਿੰਦੀ। ਛੋਟੇ ਭਰਾ ਨੂੰ ਦਿਨ-ਰਾਤ ਨਾਲ ਰੱਖਦੀ। ਉਸਨੂੰ ਡਰਾਉਂਦੀ ਰਹਿੰਦੀ ਕਿ ਜੇ ਉਹ ਕੁੜੀਆਂ ਦੇ ਘਰ ਗਿਆ ਤਾਂ ਉਹ ਵੀ ਕੁੜੀ ਬਣ ਜਾਏਗਾ।
ਉਹ ਪੂਜਾ ਪਾਠ ਵੀ ਬਹੁਤ ਕਰਦੀ ਸੀ। ਮੇਰੀ ਮਾਂ ਵੱਡੇ ਤੜਕੇ ਉਸਨੂੰ ਨਹਾਉਣ ਲਈ ਪਾਣੀ ਦੀ ਬਾਲਟੀ ਦੇ ਕੇ ਆਉਂਦੀ। ਉਸਦਾ ਦਿਲ ਕਰਦਾ ਤਾਂ ਨਵੇਂ ਘਰ ਆ ਕੇ ਰੋਟੀ ਖਾ ਲੈਂਦੀ, ਨਹੀਂ ਤਾਂ ਅਸੀਂ ਰੋਟੀ ਓਥੇ ਪਹੁੰਚਾ ਕੇ ਆਉਂਦੇ। ਉਹ ਸ਼ਾਮੀਂ ਆਉਂਦੀ। ਬਹੁਤ ਵਾਰ ਆਟਾ ਗੁੰਨ੍ਹ ਜਾਂਦੀ। ਅਸੀਂ ਫਿਰ ਉਸਨੂੰ ਰਾਤ ਦੀ ਰੋਟੀ ਦੇ ਕੇ ਆਉਂਦੇ।
ਇਕ ਵਾਰ ਸਾਡੇ ਮੁਹੱਲੇ ਆ ਕੇ ਇਕ ਗਾਂ ਮਰ ਗਈ। ਮੇਰੀ ਦਾਦੀ ’ਕੱਲੇ-’ਕੱਲੇ ਘਰ ਗਈ। ਸਾਰੇ ਹਿੰਦੂ ਇਕੱਠੇ ਕਰ ਲਏ। ਕਹਿਣ ਲੱਗੀ- ਬਹੁਤ ਵੱਡਾ ਪਾਪ ਹੋ ਗਿਆ ਏ। ਸਾਡੀ ਗਲੀ ਭ੍ਰਿਸ਼ਟ ਹੋ ਗਈ ਏ। ਚਲੋ ਹੁਣ ਸਾਰੇ ਹਰਿਦੁਆਰ ਨਹਾ ਕੇ ਆਓ। ਉਸਦਾ ਦਬਦਬਾ ਬਹੁਤ ਸੀ। ਉਸਦਾ ਕਿਹਾ ਕੋਈ ਮੋੜ ਨਹੀਂ ਸੀ ਸਕਦਾ।
ਉਹ ਜਿਸ ਤੀਰਥ-ਸਥਾਨ ’ਤੇ ਜਾਂਦੀ, ਆਪਣੇ ਨਾਲ ਚਿੱਟਾ ਕੱਪੜਾ ਲੈ ਜਾਂਦੀ। ਉਸ ਨਦੀ ਜਾਂ ਸਰੋਵਰ ’ਚ ਉਸ ਕੱਪੜੇ ਨੂੰ ਧੋਂਦੀ। ਮੁੜ ਕੇ ਆਉਂਦੀ ਤਾਂ ਸਾਡੀ ਮਾਂ ਨੂੰ ਤਾੜਨਾ ਕਰਦੀ- ਇਹ ਮੇਰਾ ਖੱਫ਼ਣ ਏ। ਮੈਂ ਇਸਨੂੰ ਪਵਿੱਤਰ ਜਲ ’ਚ ਧੋ ਕੇ ਲਿਆਈ ਆਂ। ਮੇਰੇ ਉੱਤੇ ਇਹੋ ਪਾਉਣਾ। ਕੋਈ ਹੋਰ ਨਾ ਪਾਇਓ।
ਸੰਨ ਸੰਤਾਲੀ ਦੀ ਗੱਲ ਏ। ਗਰਮੀਆਂ ਦੀਆਂ ਛੁੱਟੀਆਂ ਸਨ। ਅਸੀਂ ਇੱਥੇ ਦਿੱਲੀ ਆਏ ਹੋਏ ਸਾਂ। ਇੱਥੇ ਮੇਰੇ ਪਿਤਾ ਜੀ ਦੇ ਭੂਆ ਦਾ ਪੁੱਤਰ ਰਹਿੰਦਾ ਸੀ। ਉਹ ਕਹਿਣ ਲੱਗਾ-ਹੁਣ ਵਾਪਸ ਨਾ ਜਾਇਓ। ਬੜਾ ਰੌਲਾ ਪੈਂਦਾ ਕਿ ਪਾਕਿਸਤਾਨ ਬਣ ਜਾਣਾ। ਸਾਡੇ ਪਿਤਾ ਜੀ ਨੇ ਆਖਿਆ ਕਿ ਮੇਰੀ ਮਾਂ ਤਾਂ ਓਥੇ ਆ। ਮੇਰਾ ਵੱਡਾ ਭਰਾ ਤੇ ਮੇਰੇ ਮਾਤਾ ਜੀ, ਦਾਦੀ ਨੂੰ ਲੈਣ ਲਈ ਕਿਲ੍ਹਾ ਸੋਭਾ ਸਿੰਘ ਗਏ। ਜਦੋਂ ਉਸਨੂੰ ਤੁਰਨ ਲਈ ਆਖਿਆ ਤਾਂ ਉਹ ਕਹਿਣ ਲੱਗੀ-ਮੈਂ ਆਪਣਾ ਕਿਲ੍ਹਾ ਛੱਡ ਕੇ ਕਿਤੇ ਨਹੀਂ ਜਾਣਾ। ‘ਤੈਨੂੰ ਕੋਈ ਮਾਰ ਜਾਏਗਾ।’ ਮੇਰੀ ਮਾਂ ਨੇ ਫ਼ਿਕਰ ਨਾਲ ਆਖਿਆ ਤਾਂ ਡਾਂਗ ਹੱਥ ’ਚ ਲੈ ਕੇ ਉਹ ਅਗਾਂਹ ਬੋਲੀ, ‘ਸਾਡੇ ਮੁਹੱਲੇ ’ਚ ਆਏ ਤਾਂ ਸਹੀ ਕੋਈ।’
ਜਦੋਂ ਉਹ ਨਾ ਮੰਨੀ ਤਾਂ ਮੇਰੀ ਮਾਂ ਨੇ ਮੁਹੱਲੇ ਦੀਆਂ ਔਰਤਾਂ ਨੂੰ ਇਕੱਠਾ ਕੀਤਾ ਕਿ ਕੱਲ੍ਹ ਨੂੰ ਉਹ ਇਹ ਨਾ ਕਹਿਣ ਕਿ ਡੋਗਰੇ ਆਪ ਤਾਂ ਚਲੇ ਗਏ,ਪਰ ਬਿਰਧ ਮਾਂ ਨੂੰ ਓਥੇ ਛੱਡ ਆਏ। ਲੋਕਾਂ ਨੇ ਵੀ ਸਮਝਾਇਆ, ਪਰ ਉਹ ਇਕੋ ਗੱਲ ਕਹੀ ਜਾਏ- ਮੈਂ ਆਪਣਾ ਕਿਲ੍ਹਾ ਕਿਉਂ ਛੱਡਾ? ਤੁਸੀਂ ਜਾਓ। ਮੈਂ ਰੋਕਦੀ ਆਂ ਤੁਹਾਨੂੰ।
ਸਾਰੇ ਲੋਕ ਜ਼ੋਰ ਲਗਾ ਕੇ ਥੱਕ ਗਏ, ਪਰ ਉਹ ਅੜੀ ਰਹੀ। ਤੁਰਨ ਲੱਗਿਆਂ ਮੇਰੀ ਮਾਂ ਨੇ ਭਰੀਆਂ ਅੱਖਾਂ ਨਾਲ ਉਸਦੇ ਚਰਨ ਸਪਰਸ਼ ਕੀਤੇ। ਦਾਦੀ ਕੋਲ ਸੋਨਾ ਬਹੁਤ ਸੀ। ਦਾਦੀ ਨੇ ਆਪਣੀਆਂ ਉਂਗਲਾਂ ’ਚੋਂ ਦੋ ਮੁੰਦਰੀਆਂ ਉਤਾਰ ਕੇ ਮੇਰੀ ਮਾਂ ਨੂੰ ਦਿੱਤੀਆਂ। ਕਹਿਣ ਲੱਗੀ- ਇਕ ਮੇਰੇ ਏਸ ਪੋਤੇ ਦੀ ਘਰ ਵਾਲੀ ਤੇ ਦੂਜੀ ਮੇਰੀ ਵੱਡੀ ਪੋਤਰੀ ਨੂੰ ਦੇ ਦਈਂ। ਮੇਰੀ ਮਾਂ ਅਤੇ ਭਰਾ ਨਿਰਾਸ਼ ਹੋ ਕੇ ਦਿੱਲੀ ਮੁੜ ਆਏ ਸਨ।
ਥੋੜ੍ਹੀ ਦੇਰ ਬਾਅਦ ਵੱਢ-ਟੁੱਕ ਸ਼ੁਰੂ ਹੋ ਗਈ। ਸਾਰਾ ਕਿਲ੍ਹਾ ਓਥੋਂ ਤੁਰ ਆਇਆ, ਪਰ ਮੇਰੀ ਦਾਦੀ ਤੇ ਮੁਹੱਲੇ ਦੀਆਂ ਦੋ ਔਰਤਾਂ ਓਥੇ ਰਹੀਆਂ। ਪਿੰਡ ਵਾਲਿਆਂ ਨੇ ਬਾਅਦ ’ਚ ਦੱਸਿਆ ਕਿ ਉਹ ਹਰ ਵੇਲੇ ਆਪਣੇ ਕੋਲ ਡਾਂਗ ਰੱਖਦੀ ਹੁੰਦੀ ਸੀ। ਘਰਾਂ ਨੂੰ ਜਿੰਦਰੇ ਮਾਰ ਕੇ, ਗੱਠੜੀਆਂ ਚੁੱਕੀ ਤੁਰੇ ਜਾਂਦੇ ਮੁਹੱਲੇ ਵਾਲਿਆਂ ਨੂੰ ਰੋਕਦੀ ਤੇ ਹੱਸ ਕੇ ਪੁੱਛਦੀ- ਇਹ ਕਿਲ੍ਹਾ ਕਿਸੇ ਦੇ ਪਿਉ ਦਾ ਏ, ਜੋ ਤੁਹਾਡੇ ਕੋਲੋਂ ਖੋਹ ਲਏਗਾ। ਆਪਣੇ ਘਰਾਂ ਨੂੰ ਛੱਡ ਕੇ ਨਾ ਜਾਓ। ਜਦੋਂ ਕੋਈ ਆਇਆ, ਮੈਂ ਮੂਹਰੇ ਹੋਵਾਂਗੀ।
‘ਪਾਕਿਸਤਾਨ ਬਣ ਗਿਆ ਏ!’ ਕੋਈ ਉਸਨੂੰ ਇਹ ਗੱਲ ਸਮਝਾਉਂਦਾ ਤਾਂ ਉਹ ਅੱਗਿਓਂ ਆਖਦੀ- ਬਣ ਗਿਆ ਤਾਂ ਮੈਂ ਆਪਣੇ ਘਰੋਂ ਥੋੜ੍ਹੋ ਨਿਕਲ ਜਾਣਾ। ਇਹ ਕਿਲ੍ਹਾ ਮੇਰਾ ਏ। ਪਾਕਿਸਤਾਨ ਮਾਮਾ ਲੱਗਦਾ ਇਹਦਾ!
ਬਹੁਤੇ ਲੋਕ ਉਸਨੂੰ ਘਰਾਂ ਦੀਆਂ ਚਾਬੀਆਂ ਫੜਾਉਂਦੇ ਹੋਏ ਆਖਦੇ- ਤੇਰਾ ਕਿਲ੍ਹਾ ਏ। ਤੂੰ ਰਹਿ ਇੱਥੇ। ਪਿੱਛੋਂ ਸਾਡੇ ਘਰਾਂ ਦਾ ਵੀ ਖਿਆਲ ਰੱਖੀਂ।
ਉਹ ਚਾਬੀਆਂ ਨੂੰ ਸੰਭਾਲਦੀ ਹੋਈ ਬੜੇ ਮਾਣ ਨਾਲ ਆਖਦੀ- ਜਦੋਂ ਮਰਜ਼ੀ ਹੋਈ ਆ ਜਾਇਓ। ਮੈਂ ਕਿੱਥੇ ਜਾਣਾ? ਤੁਸੀਂ ਤਾਂ ਡਰਪੋਕ ਓ। ਮੈਂ ਤਾਂ ਇੱਥੇ ਰਹਿਣਾ। ਆਪਣੇ ਕਿਲ੍ਹੇ ’ਚ।
ਸਾਰਾ ਮੁਹੱਲਾ ਖਾਲੀ ਹੋ ਗਿਆ। ਮੁਹੱਲੇ ਦੇ ਬੰਦਿਆਂ ਨੇ ਕੈਂਪ ’ਚ ਆ ਕੇ ਮਹਿਸੂਸ ਕਰ ਲਿਆ ਸੀ ਕਿ ਹੁਣ ਘਰਾਂ ਵੱਲ ਨਹੀਂ ਪਰਤਿਆ ਜਾਣਾ। ਉਨ੍ਹਾਂ ਨੇ ਫ਼ੌਜੀਆਂ ਨਾਲ ਗੱਲ ਕੀਤੀ। ਉਹ ਮੇਰੀ ਦਾਦੀ ਤੇ ਉਸ ਦੀਆਂ ਸਾਥਣਾਂ ਨੂੰ ਲੈਣ ਲਈ ਟਰੱਕ ਲੈ ਕੇ ਗਏ! ਉਹ ਉਸਨੂੰ ਕੈਂਪ ਤਕ ਲੈ ਵੀ ਆਏ, ਪਰ...!” ਬੀਬੀ ਸੰਤੋਸ਼ ਡੋਗਰਾ ਚੁੱਪ ਹੋ ਗਈ।
“...ਕਈ ਸਾਲ ਉਸਦਾ ਕੋਈ ਪਤਾ ਨਾ ਲੱਗਿਆ। ਫਿਰ ਬੜੇ ਸਾਲਾਂ ਬਾਅਦ ਮੇਰੇ ਵੱਡੇ ਭਰਾ ਨੇ ਦਾਦੀ ਨਾਲ ਪਿੱਛੇ ਰਹਿਣ ਵਾਲੀ ਇਕ ਔਰਤ ਨੂੰ ਲੱਭ ਲਿਆ। ਉਸ ਕੋਲੋਂ ਸਾਨੂੰ ਕੈਂਪ ਦੀ ਸਾਰੀ ਕਹਾਣੀ ਪਤਾ ਲੱਗੀ।
ਉਸਨੇ ਦੱਸਿਆ, ‘‘ਜਦੋਂ ਡੋਗਰਾ ਮਿਲਟਰੀ ਗਈ ਤਾਂ ਉਹ ਆਪਣੇ ਘਰ ਮੂਹਰੇ ਡਾਂਗ ਲੈ ਕੇ ਖੜ੍ਹੀ ਸੀ। ਸਾਨੂੰ ਤਾਂ ਉਦੋਂ ਪਤਾ ਲੱਗਿਆ, ਜਦੋਂ ਫ਼ੌਜੀ ਉਸਨੂੰ ਫੜ ਕੇ ਬਾਹਰ ਵੱਲ ਲੈ ਤੁਰੇ। ਅਸੀਂ ਉਨ੍ਹਾਂ ਨਾਲ ਮਸਾਂ ਰਲੀਆਂ। ਉਹ ਫ਼ੌਜੀਆਂ ਨੂੰ ਕਹਿ ਰਹੀ ਸੀ- ਮੈਂ ਆਪਣਾ ਕਿਲ੍ਹਾ ਛੱਡ ਕੇ ਕਿਤੇ ਨਹੀਂ ਜਾਣਾ। ਫ਼ੌਜੀਆਂ ਨੇ ਸਾਨੂੰ ਟਰੱਕਾਂ ’ਤੇ ਚੜ੍ਹਾ ਲਿਆ। ਉਹ ਸਾਰੀ ਵਾਟ ਰੋਂਦੀ ਰਹੀ। ਫ਼ੌਜੀਆਂ ਨੂੰ ਕੁੰਭੀ ਨਰਕ ’ਚ ਜਾਣ ਦੇ ਸਰਾਪ ਦਿੰਦੀ ਰਹੀ। ਜਦੋਂ ਅਸੀਂ ਕੈਂਪ ’ਚ ਪਹੁੰਚੀਆਂ ਤਾਂ ਹੈਰਾਨ ਰਹਿ ਗਈਆਂ। ਓਥੇ ਤਾਂ ਹਜ਼ਾਰਾਂ ਲੋਕ ਇਕੱਠੇ ਹੋਏ ਪਏ ਸਨ। ਬਹੁਤ ਬੁਰਾ ਹਾਲ ਸੀ। ਅਸੀਂ ਤਾਂ ਮੰਗ-ਪਿੰਨ ਕੇ ਖਾ ਲੈਂਦੀਆਂ ਸਾਂ, ਪਰ ਉਸਨੇ ਅੰਨ-ਪਾਣੀ ਨੂੰ ਮੂੰਹ ਨਾ ਲਗਾਇਆ। ਮੁੜ-ਮੁੜ ਇਕੋ ਗੱਲ ਕਰੀ ਜਾਏ-ਮੈਨੂੰ ਮੇਰੇ ਕਿਲ੍ਹੇ ’ਚ ਛੱਡ ਆਓ!
ਇਕ ਦਿਨ ਕਹਿਣ ਲੱਗੀ-ਮੈਂ ਹੁਣ ਤੁਰ ਜਾਣਾ। ਤੁਸੀਂ ਕਿਲ੍ਹੇ ਜਾਓ। ਸੰਦੂਕ ’ਚ ਖੱਫ਼ਣ ਪਿਆ ਮੇਰਾ। ਉਹ ਲੈ ਕੇ ਆਓ। ਇਸ ਤੋਂ ਬਾਅਦ ਉਹ ਚੁੱਪ ਹੋ ਗਈ ਤੇ ਦੋ ਦਿਨਾਂ ਬਾਅਦ ਉਸਨੇ ਦਮ ਤੋੜ ਦਿੱਤਾ। ਕੈਂਪ ਦੇ ਪ੍ਰਬੰਧਕ ਆਏ ਤੇ ਉਸਦੀ ਲਾਸ਼ ਨੂੰ ਕਿਸੇ ਬੋਰੀ ਵਾਂਗ ਚੁੱਕ ਕੇ ਕੈਂਪ ਤੋਂ ਬਾਹਰ ਵੱਲ ਨੂੰ ਲੈ ਤੁਰੇ। ਉਸਦੀ ਕਮੀਜ਼ ਦੇ ਬੋਝੇ ਵਿਚ ਕੋਈ ਵੀਹ ਘਰਾਂ ਦੀਆਂ ਚਾਬੀਆਂ ਹੋਣਗੀਆਂ। ਚਾਬੀਆਂ ਖੜਕੀਆਂ ਤਾਂ ਬੰਦਿਆਂ ਦੀਆਂ ਅੱਖਾਂ ਲਿਸ਼ਕ ਉੱਠੀਆਂ। ਉਨ੍ਹਾਂ ’ਚੋਂ ਇਕ ਨੇ ਬੋਝੇ ’ਚ ਹੱਥ ਪਾਇਆ ਤਾਂ ਉਸਦੇ ਹੱਥ ’ਚ ਚਾਬੀਆਂ ਦੇ ਕਈ ਗੁੱਛੇ ਆ ਗਏ। ਉਹ ਕੌੜਾ ਜਿਹਾ ਮੁਸਕਰਾ ਪਿਆ।
ਉਨ੍ਹਾਂ ਨੇ ਇਕ ਖੂੰਜੇ ਵਿਚ ਥੋੜ੍ਹਾ ਜਿਹਾ ਟੋਆ ਪੁੱਟਿਆ। ਸਾਡੀ ਦਾਦੀ ਦੀ ਲਾਸ਼ ਉਸ ਵਿਚ ਰੱਖ ਦਿੱਤੀ ਤੇ ਥੋੜ੍ਹੀ ਜਿਹੀ ਮਿੱਟੀ ਉਸ ’ਤੇ ਹੋਰ ਪਾ ਦਿੱਤੀ। ਆਖ਼ਰੀ ਵਕਤ ਉਸ ਵਿਚਾਰੀ ਨੂੰ ਖੱਫ਼ਣ ਵੀ ਨਸੀਬ ਨਾ ਹੋਇਆ।” ਬੀਬੀ ਸੰਤੋਸ਼ ਡੋਗਰਾ ਦੀਆਂ ਅੱਖਾਂ ਭਰ ਆਈਆਂ। “ਦੁਨੀਆਂ ਤੋਂ ਇਉਂ ਰੁਖ਼ਸਤ ਹੋਈ ਸੀ, ਸਾਡੀ ਉਹ ਕਿਲ੍ਹੇ ਵਾਲੀ ਦਾਦੀ!” ਬੀਬੀ ਸੰਤੋਸ਼ ਡੋਗਰਾ ਨੇ ਹਉਕਾ ਭਰਿਆ ਤੇ ਚੁੱਪ ਹੋ ਗਈ।