Ik Mahan Aurat Di Kahani (Vand De Dukhre) : Sanwal Dhami

ਇਕ ਮਹਾਨ ਔਰਤ ਦੀ ਕਹਾਣੀ (ਵੰਡ ਦੇ ਦੁੱਖੜੇ) : ਸਾਂਵਲ ਧਾਮੀ

ਬਾਬਾ ਸਰਨ ਦਾਸ ਨੇ ਸੌ ਵਰ੍ਹਿਆਂ ਤੋਂ ਵੱਧ ਦੀ ਉਮਰ ਭੋਗ ਲਈ ਏ। ਉੱਨੀਂਵੀ ਸਦੀ ਦੇ ਅੱਧ ਤਕ ਇਨ੍ਹਾਂ ਦੇ ਬਜ਼ੁਰਗ ਜਲੰਧਰ ਜ਼ਿਲ੍ਹੇ ਦੇ ਕੁੱਕੜ ਪਿੰਡ ’ਚ ਰਹਿੰਦੇ ਸਨ। ਉੱਥੇ ਪਲੇਗ ਪੈ ਗਈ। ਲੋਕ ਮਰਨ ਲੱਗੇ ਤਾਂ ਇਕ ਬਜ਼ੁਰਗ ਨੇ ਪਿੰਡ ਦੇ ਨੌਜਵਾਨਾਂ ਨੂੰ ਉੱਥੋਂ ਦੁੜਾ ਦਿੱਤਾ। ਉਹ ਚੜ੍ਹਦੇ ਪਾਸੇ ਵੱਲ ਤੁਰ ਪਏ। ਤੁਰਦੇ-ਤੁਰਦੇ ਉਹ ਕੰਢੀ ਦੇ ਇਲਾਕੇ ’ਚ ਪਹੁੰਚ ਗਏ। ਇਕ ਥਾਂ ਉਨ੍ਹਾਂ ਨੇ ਕਿਸੇ ਸਾਧ ਨੂੰ ਕੁੱਲੀ ਪਾ ਕੇ ਰਹਿੰਦਾ ਵੇਖਿਆ। ਉਸ ਸਾਧ ਨੇ ਇਨ੍ਹਾਂ ਨੂੰ ਭੋਜਨ ਛਕਾਇਆ। ਕੁੱਕੜ-ਪਿੰਡੀਆਂ ਨੇ ਵੀ ਇੱਥੇ ਹੀ ਕੁੱਲੀਆਂ ਪਾ ਲਈਆਂ। ਇੱਥੋਂ ਹੀ ਭੁੱਲੇਵਾਲ ਪਿੰਡ ਦਾ ਮੁੱਢ ਬੱਝਿਆ। ਭੁੱਲੇਵਾਲ ਯਾਨੀ ਕਿਸੇ ਹੋਰ ਪਿੰਡ ਤੋਂ ਭੁੱਲ ਕੇ ਆਏ ਬਾਸ਼ਿੰਦਿਆਂ ਦਾ ਪਿੰਡ। ਕੁਝ ਵਰ੍ਹਿਆਂ ਬਾਅਦ ਜਦੋਂ ਭੱਟੀ ਗੋਤ ਦੇ ਮੁਸਲਮਾਨ ਜੱਟ ਵੀ ਇੱਥੇ ਆਣ ਵਸੇ ਤਾਂ ਭੁੱਲੇਵਾਲ ਨਾਲ ਰਾਠਾਂ ਸ਼ਬਦ ਵੀ ਜੁੜ ਗਿਆ। ਜੱਟਾਂ ਨੇ ਆਪਣਾ ਸੰਦ-ਸੰਦੇੜਾ ਤਿਆਰ ਕਰਨ ਲਈ ਲੁਹਾਰ-ਤਰਖਾਣ ਤੇ ਹੋਰ ਸ਼ਿਲਪਕਾਰ ਵੀ ਲੈ ਆਂਦੇ। ਅੱਧੀ ਸਦੀ ਬਾਅਦ ਉਹ ਧਾਰਮਿਕ ਅਗਵਾਈ ਲਈ ਬੂਟੇ ਸ਼ਾਹ ਸੱਯਦ ਨੂੰ ਲੈ ਆਏ ਤੇ ਪਿੰਡ ਦੇ ਚੜ੍ਹਦੇ ਪਾਸੇ ਉਸਨੂੰ ਕੁਝ ਜ਼ਮੀਨ ਦੇ ਦਿੱਤੀ। ਅੱਜਕੱਲ੍ਹ ਇਹ ਜ਼ਿਲ੍ਹਾ ਹੁਸ਼ਿਆਰਪੁਰ ਦੀ ਗੜ੍ਹਸ਼ੰਕਰ ਤਹਿਸੀਲ ਦਾ ਚਰਚਿਤ ਪਿੰਡ ਹੈ। ਨੇੜਲੇ ਪਿੰਡ ਹਨ: ਜੰਡੋਲੀ, ਘੁੱਕਰੋਵਾਲ, ਪਰਸੋਵਾਲ, ਲਹਿਲੀ ਖੁਰਦ, ਹੰਦੋਵਾਲ, ਸਿੰਘਪੁਰ ਤੇ ਚਾਣਥੂ ਬ੍ਰਾਹਮਣਾਂ।

ਵੀਹਵੀਂ ਸਦੀ ਦੇ ਚੌਥੇ ਦਹਾਕੇ ’ਚ ਜਦੋਂ ਸਰਨ ਦਾਸ ਨੇ ਹੋਸ਼ ਸੰਭਾਲੀ ਤਾਂ ਇਸ ਪਿੰਡ ’ਚ ਮੁਸਲਮਾਨਾਂ ਦੇ ਤੀਹ ਕੁ ਘਰ ਸਨ। ਫ਼ਜ਼ਲ, ਯੂਸਫ਼, ਸ਼ਰੀਫ਼ ਤੇ ਅਲੀ ਮੁਹੰਮਦ ਇਸਦੇ ਹਾਣੀ ਸਨ। ਇੱਥੋਂ ਦਾ ਚੌਧਰੀ ਅਬਦੁੱਲ ਯਾਕੂਮ ਸੀ। ਸਭ ਨਾਲੋਂ ਵੱਡੀ ਹਵੇਲੀ ਉਸਦੀ ਸੀ। ਪਿੰਡ ਦੇ ਸਾਰੇ ਫ਼ੈਸਲੇ ਇੱਥੇ ਹੀ ਹੁੰਦੇ ਸਨ।

“ਉਹ ਗ਼ਰੀਬੀ ਦਾ ਦੌਰ ਸੀ। ਰੁਜ਼ਗਾਰ ਕੋਈ ਨਹੀਂ ਸੀ। ਜੱਟਾਂ ’ਚੋਂ ਕੁਝ ਟੱਬਰ ਬਾਰ ’ਚ ਚਲੇ ਗਏ ਸਨ। ਕੁਝ ਸਾਡੇ ਬੰਦੇ ਵੀ ਕੰਮ-ਕਾਰ ਲਈ ਉਨ੍ਹਾਂ ਦੇ ਨਾਲ ਹੀ ਤੁਰ ਗਏ। ਇੱਥੇ ਕੁਝ ਟੱਬਰ ਖੱਡੀਆਂ ਦਾ ਕੰਮ ਕਰਦੇ ਸਨ ਤੇ ਬਾਕੀ ਮੁਸਲਮਾਨਾਂ ਨਾਲ ਖੇਤਾਂ ’ਚ ਕੰਮ ਕਰਦੇ ਹੁੰਦੇ ਸੀ। ਹਾੜ੍ਹੀ-ਸਾਉਣੀ ਇਨ੍ਹਾਂ ਨੂੰ ਵੀ ਦਾਣਾ-ਫੱਕਾ ਮਿਲ ਜਾਂਦਾ ਸੀ। ਉਹ ਬੰਦੇ ਚੰਗੇ ਸੀ। ਜੇ ਸਾਡੇ ਵਿਆਹ-ਸ਼ਾਦੀ ਨੂੰ ਕੋਈ ਕਮੀ-ਪੇਸ਼ੀ ਹੁੰਦੀ ਤਾਂ ਉਹ ਸਾਡੀ ਹਰ ਤਰ੍ਹਾਂ ਇਮਦਾਦ ਕਰਦੇ। ਮੇਰੀ ਮਾਂ ਸਯੱਦਾਂ ਦੇ ਘਰ ਦਾ ਕੰਮ ਕਰਦੀ ਹੁੰਦੀ ਸੀ। ਬੂਟੇ ਸ਼ਾਹ ਦੇ ਘਰੋਂ ਬੀਬੀ ਸੌ ਵਰ੍ਹਿਆਂ ਤੋਂ ਵੱਧ ਉਮਰ ਭੋਗ ਕੇ ਮਰੀ ਸੀ। ਅਸੀਂ ਆਪਣਾ ਬਚਪਨ ਬਾਬੇ ਬੂਟੇ ਸ਼ਾਹ ਦੇ ਦਰਬਾਰ ’ਤੇ ਹੀ ਗੁਜ਼ਾਰਿਆ। ਬਾਬੇ ਮਲੰਗ ਸ਼ਾਹ ਦਾ ਪੋਤਾ ਤਾਲਿਬ ਹੁਸੈਨ ਸਿੰਘਪੁਰ ਦੇ ਸਕੂਲ ’ਚ ਪੜ੍ਹਾਉਂਦਾ ਸੀ। ਮੈਂ ਵੀ ਚਾਰ ਜਮਾਤਾਂ ਉਨ੍ਹਾਂ ਕੋਲੋਂ ਪੜ੍ਹੀਆਂ ਸਨ।” ਬਾਬਾ ਸਰਨ ਦਾਸ ਬੀਤੇ ਵਕਤ ਨੂੰ ਯਾਦ ਕਰਕੇ ਬੋਲੀ ਗਿਆ।

“ਸੰਤਾਲੀ ’ਚ ਕੀ ਹੋਇਆ?” ਮੈਂ ਸਵਾਲ ਕੀਤਾ।

“ਇਕ ਦਿਨ ਕੁਝ ਮੁਸਲਮਾਨਾਂ ਨੇ ਪਿੰਡ ਦੇ ਚੜ੍ਹਦੇ ਪਾਸੇ ਰੌਲਾ ਪਾ ਦਿੱਤਾ ਕਿ ਹਮਲਾ ਹੋ ਗਿਆ। ਦੇਖਦੇ-ਦੇਖਦੇ ਸਾਰੇ ਮੁਸਲਮਾਨ ਛਵੀਆਂ-ਗੰਡਾਸੇ ਲੈ ਕੇ ਉੱਥੇ ਪਹੁੰਚ ਗਏ। ਪਤਾ ਲੱਗਾ ਕਿ ਇਹ ਰੌਲਾ ਤਾਂ ਇਹ ਵੇਖਣ ਲਈ ਪਾਇਆ ਗਿਆ ਸੀ ਕਿ ਔਖੇ ਵੇਲੇ ਸਾਰੇ ਇਕੱਠੇ ਹੁੰਦੇ ਵੀ ਹਨ ਕਿ ਨਹੀਂ। ਫਿਰ ਪਿੰਡ ’ਚ ਪਹਿਰਾ ਲੱਗਣ ਲੱਗਾ। ਅਸੀਂ ਵੀ ਪਹਿਰੇ ’ਤੇ ਜਾਂਦੇ ਹੁੰਦੇ ਸਾਂ।

ਸਾਡੇ ਇਲਾਕੇ ਦੇ ਇਕ ਸਾਧ ਨੇ ਜਥਾ ਤਿਆਰ ਕਰ ਲਿਆ ਤੇ ਉਹ ਕੰਢੀ ’ਚ ਵੱਸਦੇ ਮੁਸਲਮਾਨਾਂ ਨੂੰ ਕਤਲ ਕਰਨ ਲੱਗਾ। ਇਕ ਸ਼ਾਮ ਉਹ ਸਾਡੇ ਪਿੰਡ ਦੇ ਲਹਿੰਦੇ ਪਾਸੇ ਵਾਲੀ ਚੋਈ ’ਚ ਆਣ ਇਕੱਠੇ ਹੋਏ। ਰਾਤ ਪੈਣ ’ਤੇ ਉਨ੍ਹਾਂ ਮਸ਼ਾਲਾਂ ਬਾਲ ਲਈਆਂ। ਖਾਨਗਾਹ ਲੰਘ ਕੇ ਉਨ੍ਹਾਂ ਧੋਬਿਆਂ ਵੱਲੋਂ ਇਕੱਠੇ ਕੀਤੇ ਪੱਤਿਆਂ ਨੂੰ ਅੱਗ ਲਗਾ ਦਿੱਤੀ। ਜਦੋਂ ਧਾੜਵੀ ਗਲੀਆਂ ’ਚ ਆਏ ਤਾਂ ਮੁਸਲਮਾਨਾਂ ਨੇ ਛੱਤਾਂ ’ਤੇ ਚੜ੍ਹ ਕੇ ਉਨ੍ਹਾਂ ਦੇ ਪੱਥਰ-ਵੱਟੇ ਮਾਰੇ। ਧਾੜਵੀਆਂ ਨੇ ਫਾਇਰ ਕਰਨੇ ਸ਼ੁਰੂ ਕਰ ਦਿੱਤੇ। ਮੁਸਲਮਾਨ ਫ਼ੌਜੀਆਂ ਨੇ ਰੌਲਾ ਪਾ ਦਿੱਤਾ ਕਿ ਡਰੋ ਨਾ ਇਹ ਫੋਕੇ ਫਾਇਰ ਨੇ। ਫਿਰ ਉਨ੍ਹਾਂ ਪੱਕੇ ਫਾਇਰ ਕਰ ਦਿੱਤੇ। ਇੱਥੇ ਪੰਜ-ਸੱਤ ਆਦਮੀ ਮਰ ਗਏ। ਮਰਨ ਵਾਲਿਆਂ ’ਚ ਜਾਮੀ ਤੇ ਉਸਦਾ ਭਰਾ ਵੀ ਸਨ। ਉਹ ਦੋਵੇਂ ਮੰਦੂ ਦੇ ਪੁੱਤਰ ਸਨ ਤੇ ਫ਼ੌਜ ’ਚੋਂ ਛੁੱਟੀ ਆਏ ਹੋਏ ਸਨ। ਜਿਹੜੇ ਮੁਸਲਮਾਨ ਪਿੰਡੋਂ ਦੌੜ ਪਏ, ਉਹ ਹਮਲਾਵਰਾਂ ਨੇ ਪਰਸੋਵਾਲ ਵਾਲੇ ਚੋਅ ’ਚ ਘੇਰ ਕੇ ਮਾਰ ਦਿੱਤੇ। ਨੇੜਲੇ ਪਿੰਡਾਂ ਵਾਲੇ ਸਾਡੀਆਂ ਅੱਖਾਂ ਸਾਹਵੇਂ ਗੱਡਿਆਂ ’ਤੇ ਸਾਮਾਨ ਲੱਦ-ਲੱਦ ਲੈ ਗਏ।

ਕੁਝ ਬਜ਼ੁਰਗ ਪਿੱਛੇ ਰਹਿ ਗਏ। ਉਨ੍ਹਾਂ ਨੇ ਨੇੜਲੇ ਪਿੰਡ ਜੰਡੋਲੀ ਦੇ ਇਕ ਬੰਦੇ ਨੂੰ ਗਹਿਣਾ-ਗੱਟਾ ਫੜਾਇਆ ਹੋਇਆ ਸੀ। ਰੌਲਾ ਘਟਿਆ ਤਾਂ ਬਜ਼ੁਰਗਾਂ ਨੇ ਉਸ ਬੰਦੇ ਕੋਲੋਂ ਆਪਣਾ ਸਾਮਾਨ ਮੰਗਿਆ। ਉਹ ਰਾਤ ਨੂੰ ਬੰਦੇ ਲੈ ਕੇ ਆਇਆ ਤੇ ਉਨ੍ਹਾਂ ਬਜ਼ੁਰਗਾਂ ਦੇ ਗਲੇ ਘੁੱਟ ਗਿਆ।

ਦੋ ਕੁ ਦਿਨਾਂ ਬਾਅਦ ਤੇਲੀਆਂ ਦਾ ਸ਼ਰੀਫ਼ ਬਚਦਾ-ਬਚਾਉਂਦਾ ਪਿੰਡ ਨੂੰ ਮੁੜ ਆਇਆ ਸੀ। ਉਹ ਬੁਰੀ ਤਰ੍ਹਾਂ ਜਲਿਆ ਪਿਆ ਸੀ। ਉਸਦੇ ਮਾਪੇ ਵੀ ਉਸ ਨਾਲ ਸਨ। ਉਸਦੀ ਮਾਂ ਦਾ ਨਾਂ ਭਰੋ ਸੀ। ਉਸਦੇ ਜ਼ਖ਼ਮਾਂ ’ਚੋਂ ਪਾਣੀ ਰਿਸ ਰਿਹਾ ਸੀ। ਅਸੀਂ ਉਸਦੇ ਥੱਲੇ ਸਵਾਹ ਸੁੱਟ ਕੇ ਉਸਨੂੰ ਲੰਮਾ ਪਾ ਦਿੱਤਾ। ਬਾਪੂ ਬਸੀ ਕਲਾਂ ਪਿੰਡ ਤੋਂ ਹਕੀਮ ਨੂੰ ਵੀ ਸੱਦਣ ਗਿਆ। ਮਾਹੌਲ ਹੀ ਇੰਨਾ ਡਰਾਉਣਾ ਸੀ ਕਿ ਲੋਕ ਘਰੋਂ ਨਹੀਂ ਸਨ ਨਿਕਲਦੇ। ਅਗਲੇ ਦਿਨ ਸ਼ਰੀਫ਼ ਮਰ ਗਿਆ। ਮੈਂ ਉਦੋਂ ਕੱਪੜਾ ਬੁਣਦਾ ਹੁੰਦਾ ਸੀ। ਉਹ ਕਹਿਣ ਲੱਗੇ- ਸਾਡੇ ਕੋਲ ਤਾਂ ਖੱਫਣ ਵੀ ਨਹੀਂ ਹੈਗਾ। ਮੈਂ ਉਨ੍ਹਾਂ ਨੂੰ ਸੋਲਾਂ ਗਜ਼ ਕੱਪੜਾ ਦਿੱਤਾ ਸੀ। ਸਾਨੂੰ ਨਾਲ ਲੈ ਕੇ ਬੁੱਢੇ ਮਾਪਿਆਂ ਨੇ ਸ਼ਰੀਫ ਦਾ ਕਫ਼ਨ-ਦਫ਼ਨ ਕੀਤਾ। ਫਿਰ ਮੀਂਹ ਸ਼ੁਰੂ ਹੋ ਗਏ। ਮੇਰਾ ਬਾਪੂ ਤੇ ਦੋਵੇਂ ਚਾਚੇ ਵਰ੍ਹਦੇ ਮੀਂਹ ’ਚ ਸ਼ਰੀਫ਼ ਦੇ ਮਾਪਿਆਂ ਨੂੰ ਮਾਹਿਲਪੁਰ ਛੱਡ ਕੇ ਆਏ ਸਨ।

ਹਮਲੇ ਤੋਂ ਚਾਰ ਕੁ ਦਿਨ ਬਾਅਦ ਦੀ ਗੱਲ ਏ। ਅੱਧੀ ਰਾਤ ਨੂੰ ਸਾਡਾ ਦਰਵਾਜ਼ਾ ਖੜਕਿਆ। ਅਸੀਂ ਡਰ ਗਏ। ਮਾਂ ਨੇ ਦਰਵਾਜ਼ਾ ਖੋਲ੍ਹਿਆ ਤਾਂ ਸਾਹਵੇਂ ਮਾਸਟਰ ਤਾਲਿਬ ਹੁਸੈਨ ਖੜ੍ਹੇ ਸਨ। ਠੰਢ ਨਾਲ ਕੰਬਦੇ। ਉਨ੍ਹਾਂ ਦੱਸਿਆ ਸੀ ਕਿ ਉਨ੍ਹਾਂ ਦੇ ਘਰ ਤੀਸਰੇ ਪੁੱਤਰ ਨੇ ਜਨਮ ਲਿਆ ਹੈ ਤੇ ਉਹ ਹਮਲੇ ਤੋਂ ਡਰਦੇ ਦਰਗਾਹ ਨੂੰ ਛੱਡ ਕੇ ਨੇੜਲੇ ਮੱਕੀ ਦੇ ਖੇਤ ’ਚ ਬੈਠੇ ਹਨ। ਆਪਣੀ ਪਤਨੀ ਦਾ ਮੰਜਾ ਵੀ ਉਹ ਉੱਥੇ ਹੀ ਘੜੀਸ ਕੇ ਲੈ ਗਏ।
ਸਾਡੀ ਮਦਦ ਕਰੋ। ਨਹੀਂ ਤਾਂ ਉਹ ਮਰ ਜਾਣਗੇ-ਹੱਥ ਜੋੜਦਿਆਂ ਉਹ ਵਿਲਕ ਉੱਠੇ।
ਅਸੀਂ ਸਾਰੇ ਸੋਚਾਂ ’ਚ ਡੁੱਬ ਗਏ। ਜਨੂੰਨੀ ਲੋਕ ਮੁਸਲਮਾਨਾਂ ਦੀ ਮਦਦ ਕਰਨ ਵਾਲਿਆਂ ਨੂੰ ਵੀ ਨਹੀਂ ਬਖ਼ਸ਼ਦੇ ਸਨ। ਕੁਝ ਪਲ ਚੁੱਪ ਪਸਰੀ ਰਹੀ। ਫਿਰ ਮੇਰੀ ਮਾਂ ਚਾਣਚੱਕ ਮੰਜੇ ਤੋਂ ਉੱਠਦਿਆਂ ਬੋਲੀ- ਉੱਠੋ ਸ਼ੇਰੋ...ਆਪਣੇ ਚਾਚਿਆਂ ਨੂੰ ਵੀ ’ਵਾਜ਼ ਮਾਰ ਲਓ।
ਮਾਂ ਸਾਰਿਆਂ ਮੂਹਰੇ ਲੱਗ ਤੁਰੀ। ਅਸੀਂ ਦੋਵੇਂ ਭਰਾ ਤੇ ਦੋਵੇਂ ਚਾਚੇ ਉਸਦੇ ਪਿੱਛੇ ਤੁਰ ਪਏ। ਸਾਡੇ ਪਿੱਛੇ-ਪਿੱਛੇ ਮਾਸਟਰ ਹੋਰੀਂ ਤੁਰ ਰਹੇ ਸਨ।

ਅਸੀਂ ਮਾਸਟਰ ਹੋਰਾਂ ਦੀ ਪਤਨੀ ਦਾ ਮੰਜਾ ਚੁੱਕ ਕੇ ਆਪਣੇ ਘਰ ਵੱਲ ਮੁੜ ਪਏ ਤੇ ਸ਼ਾਹ ਜੀ ਦਾ ਸਾਰਾ ਟੱਬਰ ਸਾਡੇ ਪਿੱਛੇ-ਪਿੱਛੇ ਤੁਰ ਪਿਆ। ਉਹ ਪੰਜ-ਸੱਤ ਜੀਅ ਤਿੰਨ ਦਿਨ ਸਾਡੇ ਘਰ ਲੁਕੇ ਰਹੇ। ਫਿਰ ਮੇਰੇ ਬਾਪੂ ਨੇ ਸਿੰਘਪੁਰ ਦੇ ਚੰਨਣ ਸਿੰਘ ਨਾਲ ਰਾਬਤਾ ਕੀਤਾ। ਉਸਨੇ ਮੁਸਲਮਾਨ ਫ਼ੌਜ ਨੂੰ ਇਤਲਾਹ ਕਰ ਦਿੱਤੀ ਸੀ। ਇਕ ਸਵੇਰ ਫ਼ੌਜ ਦੇ ਦੋ ਟਰੱਕ ਆ ਗਏ। ਉਹ ਤੁਰਨ ਲੱਗੇ ਤਾਂ ਅਸੀਂ ਵਿਹੜੇ ਵਾਲਿਆਂ ਨੇ ਇਕੱਠੇ ਕਰਕੇ ਉਨ੍ਹਾਂ ਨੂੰ ਕੁਝ ਰੁਪਏ ਵੀ ਦਿੱਤੇ ਸਨ। ਕੁਝ ਵਰ੍ਹੇ ਉਨ੍ਹਾਂ ਦੀਆਂ ਚਿੱਠੀਆਂ ਵੀ ਆਉਂਦੀਆਂ ਰਹੀਆਂ। ਹੌਲੀ-ਹੌਲੀ ਸਾਰਾ ਕੁਝ ਖ਼ਤਮ ਹੋ ਗਿਆ।” ਸਰਨ ਦਾਸ ਨੇ ਅਫ਼ਸੋਸ ਨਾਲ ਗੱਲ ਮੁਕਾਈ।
“ਤੁਹਾਡੀ ਮਾਂ ਤਾਂ ਕਮਾਲ ਦੀ ਔਰਤ ਸੀ।” ਇਹ ਲਫ਼ਜ਼ ਮੇਰੇ ਮੂੰਹੋਂ ਮੱਲੋ-ਜ਼ੋਰੀ ਨਿਕਲ ਗਏ।

“ਰੱਖੋ ਨਾਂ ਸੀ ਮੇਰੀ ਮਾਂ ਦਾ। ਪੇਕੇ ਉਸਦੇ ਬੋਹਣ-ਪੱਟੀ ਸਨ। ਉਸਨੇ ਸ਼ਾਹਾਂ ਨੂੰ ਆਖਿਆ ਸੀ-ਕੋਈ ਤੁਹਾਨੂੰ ਮਾਰਨ ਆਇਆ ਤਾਂ ਪਹਿਲਾਂ ਸਾਨੂੰ ਮਾਰੇਗਾ। ਸਾਨੂੰ ਉਸਨੇ ਹੁਕਮ ਕੀਤਾ ਹੋਇਆ ਸੀ ਕਿ ਸ਼ਾਹ ਹੁਰਾਂ ਦੀ ਹਿਫ਼ਾਜ਼ਤ ਕਰਦਿਆਂ ਜੇਕਰ ਤੁਹਾਨੂੰ ਕਤਲ ਕਰਨਾ ਜਾਂ ਕਤਲ ਹੋਣਾ ਵੀ ਪੈ ਜਾਏ ਤਾਂ ਪਿੱਛੇ ਨਹੀਂ ਹਟਣਾ। ਮੈਂ ਆਪੇ ਸਬਰ ਕਰ ਲਊਂਗੀ। ਕੀ ਦੱਸਾਂ ਕਾਕਾ, ਮੇਰੀ ਮਾਂ ਤਾਂ...।” ਬਾਬਾ ਸਰਨ ਦਾਸ ਕੋਲੋਂ ਗੱਲ ਪੂਰੀ ਨਹੀਂ ਹੋਈ। ਉਹ ਰੋ ਪਏ।
ਮੇਰਾ ਸਿਰ ਵੀ ਆਪ-ਮੁਹਾਰੇ ਝੁਕ ਗਿਆ।

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਸਾਂਵਲ ਧਾਮੀ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ