Rabb Varga Banda Si Shafeek Muhammad (Vand De Dukhre) : Sanwal Dhami

ਰੱਬ ਵਰਗਾ ਬੰਦਾ ਸੀ ਸ਼ਫ਼ੀਕ ਮੁਹੰਮਦ (ਵੰਡ ਦੇ ਦੁੱਖੜੇ) : ਸਾਂਵਲ ਧਾਮੀ

ਨੱਬੇ ਵਰ੍ਹਿਆਂ ਦਾ ਬਜ਼ੁਰਗ ਭਾਗ ਰਾਮ ਸੰਤਾਲੀ ਦੀਆਂ ਯਾਦਾਂ ਦੀ ਪੰਡ ਚੁੱਕੀ ਫਿਰਦੈ। ਉਹ ਜ਼ਿਲ੍ਹਾ ਜਲੰਧਰ ਦੀ ਸਬ-ਤਹਿਸੀਲ ਭੋਗਪੁਰ ਦੇ ਪਿੰਡ ਘੋੜੇਵਾਹੀ ’ਚ ਰਹਿੰਦਾ ਏ। ਇਸੇ ਪਿੰਡ ਤੋਂ ਉੱਠ ਕੇ ਉਸ ਦੇ ਬਜ਼ੁਰਗ ਜ਼ਿਲ੍ਹਾ ਮੁਲਤਾਨ ਦੀ ਤਹਿਸੀਲ ਵਿਹਾੜੀ ’ਚ ਚਲੇ ਗਏ ਸਨ। ਬੂਰਾ ਮੰਡੀ ਥਾਣਾ ਸੀ ਏ, ਚੱਕ ਨੰਬਰ ਸੀ ਸੋਲ੍ਹਾਂ। ਚਾਰ, ਪੰਦਰਾਂ ਤੇ ਸੋਲ੍ਹਾਂ, ਇਹ ਤਿੰਨ ਚੱਕ ਸਿੱਖਾਂ ਦੇ ਸਨ। ਬਹੁਤੇ ਸਿੱਖ ਸਿਆਲਕੋਟ, ਗੁੱਜਰਾਂਵਾਲਾ ਤੇ ਅੰਮ੍ਰਿਤਸਰ ਜ਼ਿਲ੍ਹਿਆਂ ਤੋਂ ਗਏ ਹੋਏ ਸਨ।

“ਤਰਨ ਤਾਰਨ ਕੋਲੋਂ ਪਿੰਡ ਸੇਰੋਂ ਤੋਂ ਗਿਆ ਦੇਵਾ ਸਿੰਘ ਸਾਡੇ ਚੱਕ ਦਾ ਵੱਡਾ ਜ਼ਿਮੀਂਦਾਰ ਸੀ। ਅਸੀਂ ਕਪਾਹ ਚੁਗਣ ਤੇ ਕੱਪੜਾ ਬੁਣਨ ਦਾ ਕੰਮ ਕਰਦੇ ਸਾਂ। ਵਾਢੀਆਂ ਦੇ ਦਿਨਾਂ ’ਚ ਤਾਂ ਉੱਥੇ ਮੇਲਾ ਲੱਗ ਜਾਂਦਾ। ਨਵੀਂ-ਨਵੀਂ ਆਬਾਦੀ ਸੀ, ਕਹਿਰ ਦੀਆਂ ਫ਼ਸਲਾਂ ਹੁੰਦੀਆਂ ਸਨ। ਪਿੰਡ ’ਚ ਵਣ-ਵਣ ਦੀ ਲੱਕੜੀ ਇਕੱਠੀ ਹੋਈ ਸੀ।
“ਸੰਤਾਲੀ ’ਚ ਪਿੰਡ ਦਾ ਕੀ ਬਣਿਆ?” ਮੈਂ ਅਗਲਾ ਸਵਾਲ ਕੀਤਾ।

“ਸਿਆਣੇ ਬੰਦੇ ਤਾਂ ਰੌਲਿਆਂ ਦੇ ਸ਼ੁਰੂ ’ਚ ਹੀ ਨਿਕਲ ਆਏ ਸੀ। ਜਿਹੜੇ ਕਮਲੇ ਸਨ, ਉਨ੍ਹਾਂ ਏਹੀ ਕਹੀ ਜਾਣਾ- ਉਏ ਅਸੀਂ ਕਿੱਥੇ ਚਲੇ ਜਾਣਾ, ਮੁਰੱਬੇ ਛੱਡ ਕੇ? ਫਿਰ ਇਕ ਸ਼ਾਮ ਪੰਦਰਾਂ ਚੱਕ ਵਾਲਿਆਂ ਦੇਖਿਆ ਕਿ ਧਾੜਵੀਆਂ ਦੇ ਜਥੇ ਤਾਂ ਉਨ੍ਹਾਂ ਦੇ ਖੂਹਾਂ ’ਤੇ ਫਿਰਨ ਲੱਗੇ ਨੇ। ਉਹ ਸਾਰਾ ਪਿੰਡ ਉੱਠ ਕੇ ਸਾਡੇ ਚੱਕ ’ਚ ਆ ਗਿਆ। ਮੈਂ ਲਹਿੰਦੀ ਗੁੱਠੇ ਕੰਬੋਆਂ ਦੇ ਡੇਰੇ ਪੱਠੇ ਵੱਢਣ ਗਿਆ ਹੋਇਆ ਸੀ। ਉੱਥੇ ਇਕ ਸਿਆਲਕੋਟੀਆ ਜੱਟ ਗਿਆ। ਕਹਿੰਦਾ-ਨੱਠ ਆਓ, ਪੰਦਰਾਂ ਚੱਕ ’ਤੇ ਹਮਲਾ ਹੋ ਗਿਆ ਏ। ਮੈਂ ਪਿੰਡ ਮੁੜਿਆ ਤਾਂ ਸਾਰੇ ਪਿੰਡ ਨੂੰ ਸੱਪ ਸੁੰਘ ਗਿਆ ਸੀ। ਟਿਕੀ ਰਾਤ ’ਤੇ ਪੰਦਰਾਂ ਵਾਲਿਆਂ ਦੇ ਜੰਦਰੇ ਟੁੱਟਣ ਦੀਆਂ ਆਵਾਜ਼ਾਂ ਸਾਡੇ ਚੱਕ ਤਕ ਸੁਣਦੀਆਂ ਸਨ।

ਮੁਹਤਬਰਾਂ ਸਲਾਹ ਕੀਤੀ ਕਿ ਕੁਝ ਬੰਦੇ ਚਾਰ ਚੱਕ ਭੇਜੇ ਜਾਣ। ਉਸ ਪਿੰਡ ਦੇ ਬੰਦਿਆਂ ਨੇ ਸ਼ਹੀਦੀ ਜਥਾ ਬਣਾਇਆ ਹੋਇਆ ਸੀ। ਸੁੰਦਰ ਸਿੰਘ ਕੰਬੋਅ ਤੇ ਮੈਂ ਉਸ ਪਿੰਡ ਗਏ। ਜਦੋਂ ਅਸੀਂ ਚਾਰ ਚੱਕ ’ਚ ਪਹੁੰਚੇ ਤਾਂ ਉਹ ਵੀ ਚੌਕ ’ਚ ਇਕੱਠੇ ਹੋਣ ਲੱਗੇ। ਅਸੀਂ ਮਦਦ ਮੰਗੀ ਤਾਂ ਉਹ ਬੋਲੇ- ਦੁਕਾਨਦਾਰ ਦਾ ਭਰਾ ਲੈ ਜਾਓ। ਇਹ ਵੀ ਸ਼ਹੀਦੀ ਜਥੇ ’ਚ ਈ ਆ। ਉਨ੍ਹਾਂ ਦੀ ਇਹ ਪੇਸ਼ਕਸ਼ ਸਾਨੂੰ ਮਜ਼ਾਕ ਜਿਹੀ ਲੱਗੀ ਤੇ ਅਸੀਂ ਉਵੇਂ ਮੁੜ ਆਏ।

ਫਿਰ ਦੇਵਾ ਸਿੰਘ ਖ਼ੁਦ ਗਿਆ। ਉਦੋਂ ਤਕ ਉਨ੍ਹਾਂ ਗੱਡੇ ਜੋੜਨੇ ਸ਼ੁਰੂ ਕਰ ਦਿੱਤੇ ਸਨ। ਉਸਨੇ ਪਿੰਡ ਮੁੜਦਿਆਂ ਹੁਕਮ ਚਾੜ੍ਹ ਦਿੱਤਾ ਕਿ ਹੁਣ ਉੱਠ ਪਓ। ਚਾਰ ਚੱਕ ’ਚੋਂ ਮੁੜ ਕੇ ਮੈਂ ਤਾਂ ਆਪਣੇ ਘਰ ਆ ਕੇ ਸੌਂ ਗਿਆ। ਜਦੋਂ ਪਿੰਡ ਵਾਲੇ ਤੁਰੇ ਤਾਂ ਮੈਂ ਅੱਭੜ ਵਾਹੇ ਉੱਠਿਆ। ਬਾਪੂ ਨੇ ਮੇਰੀ ਬਾਂਹ ਫੜ ਲਈ। ਕਹਿਣ ਲੱਗਾ- ਆਰਾਮ ਨਾਲ ਬੈਠਾ ਰਹੁ। ਇਨ੍ਹਾਂ ਜ਼ਿਮੀਦਾਰਾਂ ਕਿੱਥੇ ਤੁਰ ਜਾਣਾ, ਘਰ-ਬਾਰ ਤੇ ਮੁਰੱਬੇ ਛੱਡ ਕੇ? ਬੜੀ ਹੱਦ ਬੂਰੇ ਮੰਡੀ ਤੋਂ ਮੁੜ ਆਉਣਗੇ।

ਸਾਡੇ ਪਿੰਡ ਵਾਲੇ ਹਾਲੇ ਚਾਰ ਚੱਕ ਦੇ ਵਸੀਵੇਂ ’ਤੇ ਪਹੁੰਚੇ ਸਨ ਕਿ ਉਸ ਚੱਕ ’ਤੇ ਹਮਲਾ ਹੋ ਗਿਆ। ਅਸੀਂ ਸੋਲ੍ਹਾਂ ’ਚ ਵੀ ਉਹ ਚੀਕ-ਚਿਹਾੜਾ ਸੁਣਿਆ। ਅਸੀਂ ਦੋਵੇਂ ਪਿਉ-ਪੁੱਤ ਸਵੇਰ ਤਕ ਡਰ ਨਾਲ ਕੰਬਦੇ ਰਹੇ। ਦਿਨ ਚੜ੍ਹਿਆ ਤਾਂ ਨੇੜਲੇ ਪਿੰਡ ਕਮਾਦਾਂ ਵਾਲੀ ਦਾ ਮੁਸਲਮਾਨ ਜ਼ੈਲਦਾਰ ਆ ਗਿਆ। ਉਹ ਮੈਨੂੰ ਤੇ ਜਾਡਲੀ ਵਾਲਿਆਂ ’ਚੋਂ ਰਾਮੇ ਤੇ ਵਰਿਆਮੇ ਨੂੰ ਘੋੜੀ ਮੂਹਰੇ ਲਗਾ ਕੇ ਚਾਰ ਚੱਕ ਲੈ ਗਿਆ। ਚਾਰੇ ਪਾਸੇ ਲੋਥਾਂ ਹੀ ਲੋਥਾਂ ਸਨ। ਜ਼ੈਲਦਾਰ ਨੇ ਹੁਕਮ ਦਿੱਤਾ- ਇਹ ਸਾਰੀਆਂ ਲੋਥਾਂ ਲੂਹ ਸੁੱਟੋ। ਬੱਚੇ, ਬੁੱਢੇ ਤੇ ਜਵਾਨ; ਸਾਰੇ ਲਹੂ ’ਚ ਡੁੱਬੇ ਪਏ ਸਨ।

ਕਲੇਜਾ ਮੂੰਹ ਨੂੰ ਆਉਂਦਾ ਸੀ, ਪਰ ਕੀ ਕਰਦੇ? ਜ਼ੈਲਦਾਰ ਦੇ ਬੰਦੇ ਸਾਡੇ ਪਹਿਰੇ ’ਤੇ ਸਨ। ਮਨਾਂ ’ਤੇ ਪੱਥਰ ਰੱਖ ਕੇ ਅਸੀਂ ਡਟ ਗਏ। ਅਸੀਂ ਕਿਹੜਾ ਉਨ੍ਹਾਂ ਬਦਨਸੀਬਾਂ ਨੂੰ ਸ਼ਮਸ਼ਾਨਘਾਟ ਤਕ ਲਿਜਾਣਾ ਸੀ। ਢਾਰਿਆਂ ਅੰਦਰ ਲਾਸ਼ਾਂ ਕਰਕੇ, ਮੋਹੜੀ ਖਿੱਚ ਦਿੰਦੇ ਤੇ ਅੱਗ ਲਗਾ ਦਿੰਦੇ। ਕੰਡਿਆਂ ਵਾਲੀਆਂ ਵਾੜ੍ਹਾਂ ਧੂਹ ਕੇ ਲਾਸ਼ਾਂ ’ਤੇ ਕਰ ਦਿੰਦੇ ਤੇ ਲਾਂਬੂ ਲਗਾ ਦਿੰਦੇ। ਫਿਰ ਚਾਣਚਕ ਮੁਸਲਮਾਨਾਂ ਨੇ ‘ਮਿਲਟਰੀ ਪੈਣ’ ਦਾ ਰੌਲਾ ਪਾ ਦਿੱਤਾ। ਅਸੀਂ ਵੀ ਨੱਠ ਪਏ ਤੇ ਆਪਣੇ ਪਿੰਡ ਪਹੁੰਚ ਕੇ ਵਣਾਂ-ਝੀਂਡਿਆਂ ’ਚ ਲੁਕ ਗਏ। ਸੂਰਜ ਡੁੱਬੇ ਤੋਂ ਬਾਅਦ ਘਰ ਮੁੜੇ ਤਾਂ ਕੀ ਦੇਖਿਆ ਕਿ ਲੁਟੇਰੇ ਸਾਡਾ ਮਾਲ-ਡੰਗਰ ਵੀ ਖੋਲ੍ਹ ਕੇ ਲੈ ਗਏ ਸਨ।

ਮੇਰੇ ਹੱਥ ਜੋੜਦੇ-ਜੋੜਦੇ ਉਹ ਉਮਰਾਂ ਦੀ ਕਮਾਈ ਖੋਲ੍ਹ ਕੇ ਲੈ ਗਏ- ਬਾਪੂ ਰੋ-ਰੋ ਸਾਰੀ ਕਹਾਣੀ ਸੁਣਾਉਣ ਲੱਗਾ। ਬਾਪੂ ਦਾ ਕਲਾਵਾ ਭਰਕੇ ਮੈਂ ਉਸਨੂੰ ਇਉਂ ਵਰਾਉਣਾ ਸ਼ੁਰੂ ਕੀਤਾ, ਜਿਉਂ ਉਹ ਕੋਈ ਬਾਲ ਹੋਵੇ। ਬਾਪੂ ਨੇ ਦੀਵੇ ਦੀ ਕੰਬਦੀ ਲੋਅ ’ਚ ਮੈਥੋਂ ਚਾਰ ਚੱਕ ਦੀ ਪੂਰੀ ਕਹਾਣੀ ਸੁਣੀ ਤੇ ਪਿੰਡ ਛੱਡਣ ਦਾ ਫ਼ੈਸਲਾ ਕਰ ਲਿਆ। ਨੇੜੇ ਇਕ ਮੁਸਲਮਾਨਾਂ ਦਾ ਪਿੰਡ ਸੀ। ਉੱਥੇ ਵੀ ਸਾਡੇ ਚੱਕ ਦੇ ਕੁਝ ਬੰਦੇ ਰਹਿੰਦੇ ਸਨ। ਡਰਦੇ-ਡਰਦੇ ਅਸੀਂ ਉੱਥੇ ਪਹੁੰਚ ਗਏ। ਦੋ ਰਾਤਾਂ ਉਸ ਪਿੰਡ ਰਹੇ ਤੇ ਤੀਜੇ ਦਿਨ ਵਾਪਸ ਸੋਲ੍ਹਾਂ ਚੱਕ ਆ ਗਏ। ਪਿੰਡੋਂ ਨਿਕਲਣ ਦਾ ਇੰਤਜ਼ਾਮ ਕਰਦੇ ਰਹੇ। ਸਾਨੂੰ ਇਹੋ ਖ਼ਬਰਾਂ ਮਿਲਣੀਆਂ ਕਿ ਹਿੰਦੂਆਂ-ਸਿੱਖਾਂ ਦੇ ਟਰੱਕ ਤਾਂ ਜਾਂਦੇ ਆ, ਪਰ ਰਾਹ ’ਚ ਮਾਰ ਦਿੱਤੇ ਜਾਂਦੇ ਆ।

ਫਿਰ ਸਾਡੇ ਪਿੰਡ ਇੱਧਰੋਂ ਲੁਧਿਆਣੀਏ ਮੁਸਲਮਾਨ ਵੀ ਪਹੁੰਚ ਗਏ। ਉੱਜੜੇ-ਪੁੱਜੜੇ ਲੋਕ! ਜ਼ਖ਼ਮੀ! ਵਿਚਾਰਿਆਂ ਦੇ ਮੰਦੇ ਹਾਲ! ਅਸੀਂ ਡਰੀਏ ਕਿ ਚੜ੍ਹਦੇ ਪਾਸੇ ਹੋਏ ਜ਼ੁਲਮਾਂ ਦਾ ਬਦਲਾ ਉਹ ਸਾਡੇ ਕੋਲੋਂ ਲੈਣਗੇ, ਪਰ ਨਹੀਂ! ਉਨ੍ਹਾਂ ਆਪਣੇ ਦੁੱਖ ਤਾਂ ਸੁਣਾਏ, ਪਰ ਸਾਡੇ ਵੱਲ ਕੌੜੀ ਨਜ਼ਰ ਨਾਲ ਬਿਲਕੁਲ ਵੀ ਨਹੀਂ ਵੇਖਿਆ। ਕੁਝ ਦਿਨਾਂ ’ਚ ਅਸੀਂ ਉਨ੍ਹਾਂ ਨਾਲ ਘੁਲ-ਮਿਲ ਗਏ।
ਕੁਝ ਦੇਰ ਬਾਅਦ ਨੇੜਲੇ ਪਿੰਡ ਵਾਲੇ ਜਾਂਗਲੀ ਇਕੱਠੇ ਹੋ ਕੇ ਸਾਡੇ ਚੱਕ ਆ ਗਏ। ਉਹ ਲੁਧਿਆਣੀਏ ਮੁਸਲਮਾਨਾਂ ਨੂੰ ਕਹਿਣ ਲੱਗੇ- ਆਹ ਦੋ ਘਰ ਨਹੀਂ ਮਰੇ, ਤੁਹਾਡੇ ਕੋਲੋਂ! ਹੋਵੋ ਪਾਸੇ ਅੱਜ ਇਨ੍ਹਾਂ ਦਾ ਕੰਮ ਤਮਾਮ ਕਰ ਦਈਏ। ਅੱਗਿਓਂ ਚੌਧਰੀ ਅਸਲਮ ਆਖਣ ਲੱਗਾ-ਜੇ ਤੁਸੀਂ ਮਾਰ ਕੇ ਜਾਓਗੇ ਤਾਂ ਇਸ ’ਚ ਸਾਡੀ ਬੇਇੱਜ਼ਤੀ ਆ। ਤੁਸੀਂ ਜਾਓ, ਅਸੀਂ ਆਪੇ ਮਾਰ ਦੇਵਾਂਗੇ। ਦੋ ਤਾਂ ਘਰ ਆ ਸਾਰੇ।

ਜਦੋਂ ਉਹ ਚਲੇ ਗਏ ਤਾਂ ਅਸੀਂ ਬੂਰਾ ਮੰਡੀ ਥਾਣੇ ਇਤਲਾਹ ਕਰ ਦਿੱਤੀ। ਲੁਧਿਆਣੀਏ ਸਾਡੇ ਗਵਾਹ ਬਣ ਗਏ। ਦੂਜੀ ਸਵੇਰ ਪੁਲੀਸ ਨੇ ਉਹ ਜਾਂਗਲੀ ਚੁੱਕ ਕੇ ਸਾਡੇ ਪਿੰਡ ਲੈ ਆਂਦੇ। ਚੌਕ ’ਚ ਖੜ੍ਹੇ ਕਰਕੇ ਮੋਚਨਿਆਂ ਨਾਲ ਉਨ੍ਹਾਂ ਦੀਆਂ ਮੁੱਛਾਂ ਪੁੱਟਣੀਆਂ ਸ਼ੁਰੂ ਕਰ ਦਿੱਤੀਆਂ। ਉਹ ਚੀਕਾਂ ਮਾਰਨ। ਥਾਣੇਦਾਰ ਬੋਲਿਆ- ਉਏ ਤੁਸੀਂ ਆਹ ਦੋ ਘਰਾਂ ਦੇ ਪੰਜ-ਸੱਤ ਜੀਅ ਮਾਰ ਜਾਣੇ ਸੀ ਤੇ ਓਧਰ ਚੜ੍ਹਦੇ ਪਾਸੇ, ਇਸਦੇ ਬਦਲੇ ’ਚ ਪਤਾ ਨਹੀਂ ਸਾਡੇ ਕਿੰਨੇ ਨਿਰਦੋਸ਼ ਮੁਸਲਮਾਨਾਂ ਦਾ ਕਤਲ ਹੋ ਜਾਣਾ ਸੀ।

ਕੋਈ ਛੇ ਮਹੀਨੇ ਅਸੀਂ ਬੜੇ ਆਰਾਮ ਨਾਲ ਕੱਟੇ। ਫਿਰ ਪਿੰਡ ਦੇ ਮੁਸਲਮਾਨ ਸਾਨੂੰ ਵਿਹਾੜੀ ਵਾਲੇ ਕੈਂਪ ’ਚ ਛੱਡ ਗਏ। ਲੁਧਿਆਣੀਆਂ ’ਚੋਂ ਇਕ ਹੋਰ ਨਾਂ ਯਾਦ ਹੈ ਮੈਨੂੰ, ਮੁਹੰਮਦ ਸ਼ਫ਼ੀਕ। ਮੇਰਾ ਤਾਂ ਉਹ ਯਾਰ ਬਣ ਗਿਆ ਸੀ। ਜਾਂਗਲੀਆਂ ਖ਼ਿਲਾਫ਼ ਉਹ ਸਾਡਾ ਗਵਾਹ ਵੀ ਬਣਿਆ ਸੀ। ਵਿਚਾਰਾ ਸਾਡੇ ਨਾਲ ਲੰਗ ਮਾਰਦਾ, ਬੂਰੇ ਵਾਲੇ ਥਾਣੇ ਤਕ ਵੀ ਗਿਆ ਸੀ। ਉਸਦੀ ਦੇਹ ’ਤੇ ਜ਼ਖ਼ਮਾਂ ਦੇ ਬੜੇ ਨਿਸ਼ਾਨ ਸਨ। ਸੱਜੀ ਬਾਂਹ ਤੇ ਖੱਬੀ ਲੱਤ ਤਾਂ ਨਕਾਰਾ ਈ ਹੋ ਚੁੱਕੀਆਂ ਸਨ। ਇੱਧਰ ਉਸ ਵਿਚਾਰੇ ਦੀਆਂ ਭੈਣਾਂ ਵੀ ਚੁੱਕੀਆਂ ਗਈਆਂ ਸਨ। ਮਾਪੇ ਵੀ ਕਤਲ ਕਰ ਦਿੱਤੇ ਗਏ ਸਨ।

“ਸ਼ਫ਼ੀਕ...ਤੇਰੇ ਨਾਲ ਓਧਰ ਹਿੰਦੂ-ਸਿੱਖਾਂ ਨੇ ਇੰਨਾ ਧੱਕਾ ਕੀਤਾ ਤੇ ਤੂੰ ਸਾਡੀ ਮਦਦ ਕਿਉਂ ਕਰਦਾ ਰਿਹਾਂ?” ਜਦੋਂ ਵਿਹਾੜੀ ਵਾਲੇ ਕੈਂਪ ’ਚ ਸਾਨੂੰ ਛੱਡ ਕੇ ਉਹ ਮੁੜਨ ਲੱਗਾ ਤਾਂ ਮੈਂ ਉਸਨੂੰ ਸਵਾਲ ਕੀਤਾ।

ਉਹ ਰੋ ਪਿਆ। ਕਾਫ਼ੀ ਦੇਰ ਰੋਂਦਾ ਰਿਹਾ ਤੇ ਫਿਰ ਅੱਖਾਂ ਪੂੰਝਦਿਆਂ ਬੋਲਿਆ- ਤੈਨੂੰ ਕੌਣ ਕਹਿੰਦਾ ਕਿ ਉਹ ਹਿੰਦੂ-ਸਿੱਖ ਸਨ? ਉਹ ਤਾਂ ਭੁੱਖੇ-ਨੰਗੇ ਲੋਕ ’ਕੱਠੇ ਹੋਏ ਸਨ। ਉਨ੍ਹਾਂ ਦੀ ਕਈ ਤਰ੍ਹਾਂ ਦੀ ਭੁੱਖ ਸੀ। ਏਧਰ-ਓਧਰ ਇਨ੍ਹਾਂ ਲੋਕਾਂ ਨੂੰ ‘ਸੁਨਹਿਰੀ’ ਮੌਕਾ ਮਿਲ ਗਿਆ ਸੀ। ਓਧਰ ਉਨ੍ਹਾਂ ਸਾਨੂੰ ਲੁੱਟਣ-ਮਾਰਨ ਲਈ ਔਰੰਗੇ ਤੇ ਜਹਾਂਗੀਰ ਦੇ ਜ਼ੁਲਮਾਂ ਦਾ ਬਹਾਨਾ ਬਣਾ ਲਿਆ।
ਮਜ਼ਲੂਮਾਂ ਨੂੰ ਲੁੱਟ ਕੇ ਆਪਣੇ ਘਰ ਭਰ ਵੀ ਲਏ ਤੇ ਵਸਾ ਵੀ ਲਏ। ਧਰਮੀ ਲੋਕ ਤਾਂ ਉਹ ਸਨ, ਮੱਲਾ ਸਿੰਘ ਵਰਗੇ, ਜਿਹੜੇ ਸਾਡੀ ਹਿਫ਼ਾਜ਼ਤ ਕਰਦੇ ਉੱਥੇ ਕਤਲ ਹੋ ਗਏ।

ਇਹ ਆਖ ਉਹ ਲੰਗ ਮਾਰਦਾ ਤੁਰ ਗਿਆ। ਚੰਦਰੇ ਸੰਤਾਲੀ ਨੇ ਉਸਨੂੰ ਭਰ ਜਵਾਨੀ ’ਚ ਇਕੱਲਾ ਤੇ ਅਪਾਹਜ ਕਰ ਦਿੱਤਾ ਸੀ। ਮੈਂ ਭਰੀਆਂ ਅੱਖਾਂ ਨਾਲ ਉਸਨੂੰ ਉਦੋਂ ਤਕ ਵੇਖਦਾ ਰਿਹਾ, ਜਦੋਂ ਤਕ ਉਹ ਅੱਖਾਂ ਤੋਂ ਓਝਲ ਨਹੀਂ ਸੀ ਹੋ ਗਿਆ। ਅੱਜ ਬਹੱਤਰ ਵਰ੍ਹਿਆਂ ਬਾਅਦ ਵੀ ਉਸਨੂੰ ਯਾਦ ਕਰਦਿਆਂ ਮੇਰਾ ਸਿਰ ਆਪ-ਮੁਹਾਰੇ ਝੁਕ ਜਾਂਦੈ। ਸੱਚਮੁਚ ਉਹ ਰੱਬ ਵਰਗਾ ਬੰਦਾ ਸੀ।”
ਗੱਲ ਮੁਕਾਉਂਦਿਆਂ ਬਾਬੇ ਭਾਗ ਰਾਮ ਦਾ ਸਿਰ ਝੁਕ ਗਿਆ।

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਸਾਂਵਲ ਧਾਮੀ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ