Kar Bhala, Ho Bhala (Vand De Dukhre) : Sanwal Dhami

ਕਰ ਭਲਾ, ਹੋ ਭਲਾ (ਵੰਡ ਦੇ ਦੁੱਖੜੇ) : ਸਾਂਵਲ ਧਾਮੀ

ਮੈਂ ਨਾਜ਼ਰ ਸਿੰਘ ਘੱਗ ਵਲਦ ਕਰਮ ਸਿੰਘ ਜ਼ਿਲ੍ਹਾ ਕਪੂਰਥਲਾ ਦੀ ਤਹਿਸੀਲ ਫਗਵਾੜਾ ਦੇ ਪਿੰਡ ਸਪਰੋੜ ’ਚ ਰਹਿੰਦਾ ਸਾਂ। ਸੰਤਾਲੀ ’ਚ ਮੈਂ ਸੋਲ੍ਹਾਂ ਸਾਲ ਦਾ ਸਾਂ। ਸਾਡੇ ਪਿੰਡ ਦੇ ਬਹੁਤੇ ਮੁਸਲਮਾਨ ਕਿਰਤੀ ਸਨ। ਅਲੀਆ ਤੇ ਬੰਨਾ, ਦੋ ਗੁੱਜਰ ਭਰਾ ਜ਼ਮੀਨ ਵਾਲੇ ਸਨ। ਦਰਵੇਸ਼ਾਂ ’ਚੋਂ ਡਾਕਟਰ ਜਮਾਲਦੀਨ ਹੁੰਦਾ ਸੀ। ਅੱਲਾ ਦਿੱਤਾ, ਤਾਲਿਬ, ਨੂਰ ਦੀਨ, ਕਰੀਮ ਬਖ਼ਸ਼ ਤੇ ਕਰਮਾ ਕੁਝ ਹੋਰ ਬੰਦੇ ਸਨ। ਤੇਲੀਆਂ ’ਚੋਂ ਅਲੀ ਗੌਹਰ ਸਾਡੇ ਪਿੰਡ ਦਾ ਚੌਕੀਦਾਰ ਹੁੰਦਾ ਸੀ।

ਇਕ ਵਾਰ ਮੈਂ ਪਸ਼ੂ ਚਾਰ ਰਿਹਾ ਸੀ। ਇਕ ਬੱਗਾ ਕੁੱਤਾ ਦੇਖ ਕੇ ਸਾਡਾ ਹਾਣੀ ਖ਼ੁਸ਼ੀਆ ਕਹਿਣ ਲੱਗਾ-ਇਹ ਤਾਂ ਮੇਰੇ ਮਾਮਿਆਂ ਦਾ ਕੁੱਤਾ। ਉਸਨੇ ਉਸ ਕੁੱਤੇ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਕੁੱਤੇ ਨੇ ਉਸਨੂੰ ਵੱਢ ਦਿੱਤਾ। ਖ਼ੁਸ਼ੀਆ ਹਲ਼ਕ ਗਿਆ। ਉਸਦੀ ਮਾਂ ਉਸਨੂੰ ਮੂੰਹ ਲਾਵੇ ਕਿ ਮੈਂ ਵੀ ਹਲ਼ਕ ਕੇ ਮਰ ਜਾਣਾ।

ਗੰਢਮਾਂ, ਚਹੇੜੂ ਤੇ ਮੇਹਟਾਂ ਸਾਡੇ ਨੇੜਲੇ ਪਿੰਡ ਨੇ। ਮੇਹਟਾਂ ਦੇ ਮੁਸਲਮਾਨਾਂ ਨੂੰ ਪਿੰਡ ਵਾਲਿਆਂ ਆਖਿਆ-ਚਲੋ ਤੁਹਾਨੂੰ ਪਾਕਿਸਤਾਨ ਛੱਡ ਆਈਏ। ਉਹ ਸਾਢੇ ਤਿੰਨ ਸੌ ਬੰਦਾ ਲੈ ਕੇ ਤੁਰ ਪਏ ਤੇ ਉਨ੍ਹਾਂ ’ਚੋਂ ਬਹੁਤੇ ਉਨ੍ਹਾਂ ਨੇ ਰੇਲਵੇ ਫਾਟਕ ’ਤੇ ਵੱਢ ਦਿੱਤੇ। ਉਸੀ ਸ਼ਾਮ ਸਾਡੇ ਪਿੰਡ ਦਾ ਇਕ ਬੰਦਾ ਗੰਡਮਾਂ ਤੋਂ ਪੰਜ-ਸੱਤ ਬਦਮਾਸ਼ ਲੈ ਆਇਆ। ਉਹ ਕਹਿਣ ਲੱਗੇ- ਅਸੀਂ ਸਪਰੋੜ ਦੀਆਂ ਕੁੜੀਆਂ ਨਹੀਂ ਜਾਣ ਦੇਣੀਆਂ। ਸਾਡੇ ਪਿੰਡ ਦੇ ਸਿੱਖਾਂ ਨੇ ਛਵੀਆਂ ਉਲਾਰਦਿਆਂ ਕਿਹਾ-ਇਹ ਸਾਡੀਆਂ ਧੀਆਂ ਨੇ। ਜੇ ਕਿਸੇ ਨੇ ਗਾਟਾ ਲਹਾਉਣਾ ਤਾਂ ਇਨ੍ਹਾਂ ਨੂੰ ਹੱਥ ਪਾਏ। ਸਾਡੇ ਪਿੰਡ ਦੇ ਸਾਧੂ ਸਿੰਘ, ਦਲੀਪ ਸਿੰਘ ਤੇ ਨਿਰੰਜਨ ਸਿੰਘ ਨੇ ਦੋ ਟਰੱਕ ਮੰਗਵਾਏ। ਪਿੰਡ ਦੇ ਮੁਸਲਮਾਨਾਂ ਨੂੰ ਉਨ੍ਹਾਂ ’ਚ ਬਿਠਾ ਕੇ ਤੋਰਿਆ। ਦੋ ਮਹੀਨੇ ਕੈਂਪ ਤਕ ਦਾਣਾ-ਆਟਾ ਵੀ ਪਹੁੰਚਾਉਂਦੇ ਰਹੇ।

1962 ਦੀ ਗੱਲ ਏ। ਸਾਨੂੰ ਪਤਾ ਲੱਗਿਆ ਕਿ ਦਸ ਹਜ਼ਾਰ ’ਚ ਪਾਕਿਸਤਾਨ ਦੇ ਰਾਹੋਂ ਇੰਗਲੈਂਡ ਜਾਣਾ ਸੌਖਾ ਏ। ਬਾਪੂ ਨੇ ਗੱਲ ਮੁਕਾ ਲਈ। ਇਕ ਬੰਦਾ ਸਾਨੂੰ ਭਿੱਖੀਵਿੰਡ ਛੱਡ ਆਇਆ। ਉੱਥੋਂ ਅਸੀਂ ਖਾਲੜਾ ਸਰਹੱਦ ’ਤੇ ਪਹੁੰਚ ਗਏ। ਅੱਠ ਦਿਨ ਨਾਰੜੀ ਪਿੰਡ ’ਚ ਬੈਠੇ ਰਹੇ। ਨੌਵੀਂ ਰਾਤ ਅਸੀਂ ਸਰਹੱਦ ਟੱਪ ਕੇ ਬਰਕੀ ਨੇੜਲੇ ਪਿੰਡ ਨੂਰਪੁਰ ਪਹੁੰਚ ਗਏ।

ਦਿਨੇ ਅਸੀਂ ਖੇਤਾਂ ’ਚ ਲੁਕ ਕੇ ਬੈਠ ਜਾਂਦੇ ਤੇ ਰਾਤ ਨੂੰ ਕਿਸੇ ਦੀ ਹਵੇਲੀ ਆ ਜਾਂਦੇ। ਕੁਝ ਦਿਨਾਂ ਬਾਅਦ ਨੂਰਪੁਰ ਵਾਲਿਆਂ ਨੇ ਇਕ ਬੰਦਾ ਸੱਦਿਆ। ਉਸਨੇ ਸਾਡੇ ਕੋਲੋਂ ਪੰਜ-ਪੰਜ ਰੁਪਏ ਲਏ ਤੇ ਸਾਨੂੰ ਲਾਹੌਰ ਲੈ ਗਿਆ। ਲਾਰੀ-ਅੱਡੇ ਤੋਂ ਇਕ ਟਾਂਗੇ ਵਾਲੇ ਨੇ ਸਾਥੋਂ ਰੁਪਈਆ-ਰੁਪਈਆ ਲਿਆ ਤੇ ਸਾਨੂੰ ਡਾਕਟਰ ਆਲਮਗੀਰ ਦੇ ਦਫ਼ਤਰ ਅੱਗੇ ਉਤਾਰ ਦਿੱਤਾ। ਇਹ ਉਹ ਬੰਦਾ ਸੀ ਜਿਸਨੇ ਸਾਨੂੰ ਕਰਾਚੀ ਬੰਦਰਗਾਹ ਤੋਂ ਸਮੁੰਦਰੀ ਜਹਾਜ਼ ਰਾਹੀਂ ਗੋਰਿਆਂ ਦੇ ਮੁਲਕ ਪਹੁੰਚਾਉਣਾ ਸੀ।

ਡਾਕਟਰ ਨੇ ਸਾਨੂੰ ਅਦਬ ਨਾਲ ਬੈਠਣ ਲਈ ਆਖਿਆ। ਬਿਸਕੁਟਾਂ ਨਾਲ ਚਾਹ ਪਿਆਈ ਤੇ ਪੁੱਛਣ ਲੱਗਾ-ਦੱਸੋ ਕਿੱਦਾਂ ਆਏ ਹੋ? ਅਸੀਂ ਆਖਿਆ- ਤੁਹਾਨੂੰ ਪਤਾ ਈ ਆ। ਉਸਨੇ ਫੋਨ ਕੀਤਾ। ਕੁਝ ਦੇਰ ਬਾਅਦ ਦੋ ਥਾਣੇਦਾਰ ਤੇ ਚਾਰ ਸਿਪਾਹੀ ਆ ਗਏ। ਪੁੱਛਣ ਲੱਗੇ-ਸਰਦਾਰੋ ਕਿੱਦਾਂ ਬੈਠੇ ਹੋ? ਮੈਂ ਕਿਹਾ-ਮੇਰਾ ਨਾਂ ਸ਼ਾਨ ਅਲੀ ਹੈ ਤੇ ਇਹ ਨੂਰ ਦੀਨ। ਅਸੀਂ ਆਏ ਆਂ ਲੈਲਪੁਰੋਂ। ਥਾਣੇਦਾਰ ਪੁੱਛਣ ਲੱਗਾ-ਇੱਥੇ ਕੀ ਕਰਨਾ? ਨੂਰ ਦੀਨ ਬੋਲਿਆ-ਕੰਮ ਲੱਭਣ।
‘ਫਿਰ ਆ ਕੇ ਕਿੱਥੇ ਉਤਰੇ?’ ਦੂਜੇ ਥਾਣੇਦਾਰ ਦਾ ਸਵਾਲ ਸੀ।
ਅਸੀਂ ਜਿਸ ਥਾਂ ਦਾ ਨਾਂ ਲਿਆ,ਉੱਥੇ ਕੋਈ ਬੱਸ ਨਹੀਂ ਸੀ ਰੁਕਦੀ। ਉਹ ਹੱਸ ਪਏ। ਉਨ੍ਹਾਂ ਨੇ ਸਾਨੂੰ ਫੜ ਲਿਆ। ਇਕ ਥਾਣੇਦਾਰ ਪਿੱਛੋਂ ਧੋਗੜੀ ਤੋਂ ਸੀ। ਉਹ ਪੁੱਛਣ ਲੱਗਾ-ਸੰਤਾਲੀ ’ਚ ਕਿੰਨੇ ਮੁਸਲਮਾਨ ਮਾਰੇ ਸੀ? ਮੈਂ ਉਸਨੂੰ ਬੜੇ ਮਾਣ ਨਾਲ ਆਪਣੇ ਪਿੰਡ ਦੀ ਪੂਰੀ ਕਹਾਣੀ ਸੁਣਾ ਦਿੱਤੀ।

ਉਨ੍ਹਾਂ ਨੇ ਸਾਨੂੰ ਹਵਾਲਾਤ ’ਚ ਡੱਕ ਦਿੱਤਾ। ਦੋ ਖਾਨੇ ਬੈਠਕ ਤੇ ਚੌਦਾਂ ਬੰਦੇ। ਹਫ਼ਤਾ ਬਹੁਤ ਔਖਾ ਲੰਘਿਆ। ਫਿਰ ਉਨ੍ਹਾਂ ਨੇ ਸਾਨੂੰ ਜੇਲ੍ਹ ’ਚ ਭੇਜ ਦਿੱਤਾ। ਉੱਥੇ ਸਾਡੇ ਬਿਆਨ ਹੋਏ। ਥੋੜ੍ਹੇ ਦਿਨਾਂ ਬਾਅਦ ਮੈਨੂੰ ਜੇਲ੍ਹ ’ਚ ਗੰਡਮਾਂ ਦਾ ਸਿਪਾਹੀ ਮਿਲ ਗਿਆ। ਇਹ ਟੱਬਰ ਸਾਡੇ ਪਿੰਡ ਅੱਧ ’ਤੇ ਜ਼ਮੀਨ ਵਾਹੁੰਦਾ ਹੁੰਦਾ ਸੀ। ਕਹਿਣ ਲੱਗਾ-ਤੁਹਾਡੇ ਖੂਹ ’ਤੇ ਤਾਂ ਅਸੀਂ ਜੰਗ-ਪਲੰਘਾ ਖੇਡਦੇ ਹੁੰਦੇ ਸੀ। ਮੈਂ ਪੁੱਛਿਆ-ਤੂੰ ਘੋਕੇ ਦਾ ਮੁੰਡਾ? ਉਹ ਉਹੀਓ ਸੀ। ਉਸਦਾ ਇਕ ਵੱਡਾ ਭਰਾ ਹੁੰਦਾ ਸੀ-ਬੱਗੂ ਪਹਿਲਵਾਨ।

ਸਾਡੇ ਪਿੰਡ ਦੇ ਵਸੀਵੇਂ ’ਤੇ ਥੇਹ ਏ। ਇੱਥੇ ਸਾਲ ਮਗਰੋਂ ਛਿੰਜ ਹੁੰਦੀ ਸੀ। ਮੈਂ ਬੱਗੂ ਨੂੰ ਕਈ ਵਾਰ ਘੁਲਦੇ ਵੇਖਿਆ ਸੀ। ਉਸਦੇ ਗੇਲੀਆਂ ਵਰਗੇ ਪੱਟ ਹੁੰਦੇ ਸਨ ਤੇ ਉਸਨੇ ਵੱਧਰੀਆਂ ਜਿਹੀਆਂ ਪਾਈਆਂ ਹੁੰਦੀਆਂ। ਉਹ ਕਈ ਦਿਨ ਮੇਰੇ ਖ਼ਿਆਲਾਂ ’ਚ ਘੁੰਮਦਾ ਰਹਿੰਦਾ। ਮੈਂ ਉਸ ਵਰਗਾ ਪਹਿਲਵਾਨ ਬਣਨਾ ਲੋਚਦਾ। ਮੈਂ ਸਿਪਾਹੀ ਨੂੰ ਇਹ ਸਾਰੀ ਕਹਾਣੀ ਸੁਣਾਈ।

ਇਕ ਦਿਨ ਮੈਨੂੰ ਮੁਲਾਕਾਤ ਦਾ ਸੁਨੇਹਾ ਮਿਲਿਆ। ਮੈਂ ਗਿਆ ਤਾਂ ਸਲਾਖਾਂ ਤੋਂ ਪਾਰ ਇਕ ਕਰੰਗ ਜਿਹਾ ਬੰਦਾ ਅੰਦਰ ਵੱਲ ਧੱਸੀਆਂ ਉਦਾਸ ਅੱਖਾਂ ਨਾਲ ਮੈਨੂੰ ਪਛਾਣਨ ਦੀ ਕੋਸ਼ਿਸ਼ ਕਰਨ ਲੱਗਾ। ਮੈਂ ਪੁੱਛਿਆ-ਤੁਸੀਂ ਕੌਣ? ਉਹ ਰੋ ਪਿਆ। ਕਹਿਣ ਲੱਗਾ-ਸੰਤਾਲੀ ਦਾ ਉਜਾੜਿਆ ਇਕ ਬੰਦਾ- ਬੱਗੇ ਖਾਂ। ਜਿਸਨੂੰ ਫਗਵਾੜੇ ਦੇ ਲੋਕ ਬੱਗੂ ਭਲਵਾਨ ਕਹਿੰਦੇ ਹੁੰਦੇ ਸੀ। ਉਸਦੀ ਗੱਲ ਸੁਣਦਿਆਂ ਮੇਰੀਆਂ ਤਾਂ ਧਾਹਾਂ ਨਿਕਲ ਗਈਆਂ।

ਕੁਝ ਦਿਨਾਂ ਬਾਅਦ ਹੌਲਦਾਰ ਨੇ ਮੈਨੂੰ ਪਿੰਡ ਵਾਲੇ ਚੌਕੀਦਾਰ ਅਲੀ ਗੌਹਰ ਦਾ ਪਤਾ ਲਿਆ ਦਿੱਤਾ। ਉਹ ਸੰਤਾਲੀ ਤੋਂ ਬਾਅਦ ਵੀ ਦੋ-ਤਿੰਨ ਵਾਰ ਸਪਰੋੜ ਆਇਆ ਸੀ। ਮੈਂ ਉਸਨੂੰ ਚਿੱਠੀ ਲਿਖਵਾਈ। ਆਪਣਾ ਨਾਂ ਪਤਾ ਦੱਸ ਕੇ ਅਰਜ਼ ਕੀਤੀ ਕਿ ਮੇਰੇ ਕੱਪੜੇ ਪਾਟ ਗਏ ਨੇ। ਉਹ ਤੀਜੇ ਦਿਨ ਮਿਲਣ ਆ ਗਿਆ। ਕੱਪੜੇ ਤੇ ਨਾਲ ਹਲਵਾ ਬਣਾ ਕੇ ਲਿਆਇਆ। ਫਿਰ ਉਹ ਹਫ਼ਤੇ ’ਚ ਜ਼ਰੂਰ ਮਿਲਣ ਆਉਂਦਾ। ਮੈਂ ਚੌਦਾਂ ਮਹੀਨੇ ਜੇਲ੍ਹ ’ਚ ਰਿਹਾ। ਉਹ ਨੇਮ ਨਾਲ ਆਉਂਦਾ ਰਿਹਾ।

ਜ਼ਮਾਨਤ ਤੋਂ ਬਾਅਦ ਮੈਂ ਤੇ ਮੇਰਾ ਦੋਸਤ ਅਸੀਂ ਅਲੀ ਗੌਹਰ ਦੇ ਘਰ ਰਹਿਣ ਲੱਗ ਪਏ। ਮੁਹੱਲਾ ਫ਼ੈਜ਼ ਬਾਗ਼। ਗੰਦੇ ਨਾਲੇ ਦੇ ਕੋਲ। ਉਹ ਚਾਹ ਦੀ ਦੁਕਾਨ ਵੀ ਕਰਦਾ ਸੀ ਤੇ ਉਸਨੇ ਮੱਝਾਂ ਵੀ ਰੱਖੀਆਂ ਸਨ। ਮੇਰਾ ਦੋਸਤ ਜਿਹੜਾ ਹਲ਼ਕ ਕੇ ਮਰਿਆ ਸੀ, ਉਸਦੀ ਮਾਂ ਵੀ ਮੈਨੂੰ ਮਿਲਣ ਆਈ। ਮੈਨੂੰ ਬੁੱਕਲ ’ਚ ਲੈ ਕੇ ਬੜੀ ਦੇਰ ਡੁਸਕਦੀ ਰਹੀ। ਮੇਰਾ ਮੱਥਾ ਚੁੰਮਦਿਆਂ ਕਹਿਣ ਲੱਗੀ-ਜੇ ਜਿਉਂਦਾ ਹੁੰਦਾ ਤਾਂ ਮੇਰਾ ਖ਼ੁਸ਼ੀਆ ਵੀ ਤੇਰੇ ਜਿੱਡਾ ਹੋਣਾ ਸੀ।

ਅਲੀ ਗੌਹਰ ਹੋਰਾਂ ਸਾਨੂੰ ਦੋ-ਦੋ ਪਰੌਂਠੇ ਸਵੇਰੇ ਖਿਲਾ ਦੇਣੇ। ਅਸੀਂ ਸਾਰਾ ਦਿਨ ਘੁੰਮੀਂ ਜਾਣਾ। ਅਸੀਂ ਪੂਰਾ ਮਹੀਨਾ ਲਾਹੌਰ ’ਚ ਘੁੰਮਦੇ ਰਹੇ। ਸਾਨੂੰ ਵਾਪਸ ਆਉਣ ਦਾ ਪਤਾ ਨਾ ਲੱਗੇ। ਬਾਕੀ ਸਾਥੀਆਂ ਨੂੰ ਉਡੀਕਣ ਲੱਗੇ। ਇਕ ਦਿਨ ਲਾਹੌਰ ਘੁੰਮਦਿਆਂ ਸਾਨੂੰ ਅੱਠ-ਦਸ ਜਣੇ ਹੋਰ ਮਿਲ ਗਏ। ਕਹਿਣ ਲੱਗੇ-ਅਸੀਂ ਤਾਂ ਭੁੱਖੇ ਮਰੀ ਜਾਂਦੇ ਆਂ। ਮੈਂ ਉਨ੍ਹਾਂ ਨੂੰ ਵੀ ਅਲੀ ਗੌਹਰ ਦੇ ਘਰ ਲੈ ਆਇਆ। ਫਿਰ ਤਾਂ ਜਿਹੜਾ ਵੀ ਜੇਲ੍ਹੋਂ ਛੁਟਣਾ, ਉਹੀ ਤਾਏ ਦੇ ਘਰ ਆ ਜਾਣਾ।

ਚੌਕੀਦਾਰ ਦੀ ਇਕ ਧੀ ਸੀ ਛੀਦਾ। ਜਦੋਂ ਇੱਧਰੋਂ ਗਈ ਤਾਂ ਉਹ ਦਸ ਕੁ ਸਾਲਾਂ ਦੀ ਸੀ। ਉਸਨੇ ਦੁਆ ਕਰਨੀ-ਅੱਲ੍ਹਾ ਤਾਅਲਾ, ਮੇਰੇ ਭਰਾਵਾਂ ਨੂੰ ਉਨ੍ਹਾਂ ਦੇ ਟੱਬਰਾਂ ’ਚ ਪਹੁੰਚਾ ਦੇ। ਇਕ ਦਿਨ ਮੈਂ ਛੀਦਾ ਨੂੰ ਕਿਹਾ-ਸਾਡੇ ਕੋਲ ਸਰਹੱਦ ਟੱਪਣ ਲਈ ਪੈਸੇ ਨਹੀਂ ਹਨ। ਉਸਨੇ ਪੁੱਛਿਆ-ਕਿੰਨੇ ਕੁ ਚਾਹੀਦੇ ਨੇ? ਉਹ ਕਹਿਣ ਲੱਗੀ- ਬਾਰ੍ਹਾਂ ਸੌ ਦੀ ਘੋੜੀ ਵੇਚੀ ਆ, ਜਿੰਨੇ ਚਾਹੀਦੇ ਨੇ, ਚੁੱਕ ਲੈ। ਜਦੋਂ ਮੈਂ ਰੁਪਏ ਲੈ ਕੇ ਗਿਣਨ ਲੱਗਾ ਤਾਂ ਤਾਇਆ ਅਲੀ ਗੌਹਰ ਆ ਗਿਆ। ਕਹਿੰਦਾ-ਮੈਨੂੰ ਤਾਂ ਲੁੱਟਿਆ ਸੀ, ਹੁਣ ਮੇਰੀ ਧੀ ਵੀ ਲੁੱਟਣੀ ਆ। ਦਰਅਸਲ, ਬਾਰਾਂ ਰੁਪਏ ਵਿਆਜ ’ਤੇ ਤਾਏ ਨੇ ਮੈਨੂੰ ਤਿੰਨ ਸੌ ਰੁਪਏ ਪਹਿਲਾਂ ਹੀ ਲੈ ਕੇ ਦਿੱਤੇ ਹੋਏ ਸਨ।

ਮੈਂ ਕਿਹਾ-ਜੇ ਅਸੀਂ ਅਸਲ ਦੇ ਹੋਵਾਂਗੇ ਤਾਂ ਤੁਹਾਡੇ ਰੁਪਏ ਵਾਪਸ ਜ਼ਰੂਰ ਭੇਜਾਂਗੇ। ਮੈਂ ਜੇਲ੍ਹ ’ਚ ਸਰਹੱਦ ਨੇੜਲੇ ਪਿੰਡ ਬਰਸੀਣ ਦੇ ਕਿਸੇ ਮੁਸਲਮਾਨ ਨਾਲ ਪਹਿਲਾਂ ਹੀ ਗੱਲ ਕੀਤੀ ਹੋਈ ਸੀ। ਅਸੀਂ ਨੌਂ ਜਣੇ ਬਰਸੀਣ ਪਿੰਡ ਪਹੁੰਚ ਗਏ। ਉਸਨੇ ਸਾਨੂੰ ਕਿਸੇ ਬੰਦੇ ਨਾਲ ਮਿਲਾਇਆ। ਉਸ ਬੰਦੇ ਨਾਲ ਅੱਸੀ ਰੁਪਏ ਪ੍ਰਤੀ ਵਿਅਕਤੀ ਦੇ ਹਿਸਾਬ ਨਾਲ ਸੌਦਾ ਹੋਇਆ। ਸ਼ਾਮ ਢਲੇ ਉਸਨੇ ਸਾਨੂੰ ਸਾਰਿਆਂ ਨੂੰ ਦੁੜਾ ਲਿਆ। ਲੋਕ ਪੁੱਛਣ ਤਾਂ ਅਸੀਂ ਕਹੀਏ-ਘੋੜੀਆਂ ਚੋਰੀ ਹੋ ਗਈਆਂ। ਅਸੀਂ ਪੁਲ ’ਤੇ ਨਾਕਾ ਲਾਉਣਾ।
ਪੁਲ ਲੰਘ ਕੇ ਉਹ ਸਾਨੂੰ ਅਮਰੂਦਾਂ ਦੇ ਬਾਗ਼ ’ਚ ਲੈ ਗਿਆ। ਸਾਰੀ ਰਾਤ ਅਸੀਂ ਉੱਥੇ ਬੈਠੇ ਰਹੇ। ਤੜਕੇ ਚਾਰ ਵਜੇ ਉਸਨੇ ਸਾਨੂੰ ਖਾਲੇ ਜਿਹੇ ’ਚ ਪਾ ਲਿਆ। ਉਸਦੇ ਕਹਿਣ ’ਤੇ ਕੱਪੜੇ ਲਾਹ ਕੇ ਅਸੀਂ ਹੱਥਾਂ ’ਚ ਫੜ ਲਏ। ਉਸਨੇ ਦੌੜਨ ਲਈ ਕਿਹਾ ਤਾਂ ਅਸੀਂ ਸ਼ੂਟ ਵੱਟ ਦਿੱਤੀ।

ਇੱਥੇ ਆ ਕੇ ਮੈਂ ਆਪਣੇ ਇੰਗਲੈਂਡ ਵੱਸਦੇ ਪੇਂਡੂ ਕੋਲੋਂ ਤਾਏ ਨੂੰ ਰੁਪਏ ਪਹੁੰਚਾ ਦਿੱਤੇ। ਸਗੋਂ ਦੁੱਗਣੇ ਭਿਜਵਾਏ। ਇੱਥੋਂ ਖ਼ਤ ਵੀ ਘੱਲਿਆ। ਧੰਨਵਾਦ ਤੋਂ ਬਾਅਦ ਇਹ ਲਿਖਵਾਇਆ ਕਿ ਇਨ੍ਹਾਂ ਵਾਧੂ ਰੁਪਈਆਂ ’ਚੋਂ ਸਪਰੋੜ ਪਿੰਡ ਵੱਲੋਂ ਭੈਣ ਛੀਦਾ ਦੇ ਨਿਕਾਹ ’ਤੇ ਦੋ ਸੂਟ ਲੈ ਦੇਣੇ ਤੇ ਗੰਡਮਾਂ ਵਾਲੇ ਬੀਰੂ ਪਹਿਲਵਾਨ ਨੂੰ ਪੰਜ ਕਿਲੋ ਬਦਾਮ ਪਹੁੰਚਾ ਦੇਣੇ।

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਸਾਂਵਲ ਧਾਮੀ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ