Bapu Ki Abba! (Vand De Dukhre) : Sanwal Dhami
ਬਾਪੂ ਕਿ ਅੱਬਾ! (ਵੰਡ ਦੇ ਦੁੱਖੜੇ) : ਸਾਂਵਲ ਧਾਮੀ
ਮਈ ਦੀ ਤਪਦੀ ਦੁਪਹਿਰ ਸੀ। ਪੈਰ ਘੜੀਸਦੀ ਇਕ ਬਜ਼ੁਰਗ ਔਰਤ ਲਿੰਕ-ਰੋਡ ’ਤੇ ਤੁਰੀ ਜਾ ਰਹੀ ਸੀ। ਮੈਂ ਕਾਰ ਰੋਕ ਲਈ। ਥੱਲੇ ਉਤਰਿਆ।
ਕਿੱਥੇ ਜਾਣਾ ਬੀਬੀ ਜੀ- ਉਸਦੇ ਪੈਰਾਂ ’ਤੇ ਝੁਕਦਿਆਂ, ਮੈਂ ਪੁੱਛਿਆ।
ਉਹ ਨੇੜਲੇ ਪਿੰਡ ਅਫ਼ਸੋਸ ਕਰਨ ਲਈ ਜਾ ਰਹੀ ਸੀ।
ਮੈਂ ਉਸਨੂੰ ਕਾਰ ’ਚ ਬਿਠਾਇਆ ਤੇ ਗੱਲਬਾਤ ਸ਼ੁਰੂ ਕੀਤੀ। ਉਸ ਬਜ਼ੁਰਗ ਔਰਤ ਦਾ ਜਨਮ ਚੱਕ ਨੰਬਰ ਇਕ ਸੌ ਛਿਆਨਵੇਂ ’ਚ ਹੋਇਆ ਸੀ। ਉਸ ਚੱਕ ਨੂੰ ਸੰਢਿਆਂਵਾਲਾ ਸਟੇਸ਼ਨ ਲੱਗਦਾ ਸੀ। ਜ਼ਿਲ੍ਹਾ ਸੀ ਲਾਇਲਪੁਰ। ਇਹ ਮੁਸਲਮਾਨ ਜੱਟਾਂ ਦਾ ਪਿੰਡ ਸੀ। ਉਹ ਹੁਸ਼ਿਆਰਪੁਰ ਦੇ ਪਿੰਡਾਂ ਹੁੱਕੜਾਂ, ਰਾਏਪੁਰ, ਸੁਤੈਹਿਰੀ ਤੇ ਹਲਕਿਆਂ ਦੀ ਪੰਡੋਰੀ ਤੋਂ ਗਏ ਹੋਏ ਸਨ।
“ਸੰਤਾਲੀ ਦੀਆਂ ਤਾਂ ਕੁਸ਼ ਨਾ ਪੁੱਛ। ਮੇਰੇ ਪੰਜ ਭਰਾ ਤੇ ਮਾਂ-ਪਿਉ ਓਧਰ ਰਹਿ ਗਏ ਸੀ। ਮੈਂ ਵੀ ਕਈ ਵਰ੍ਹਿਆਂ ਬਾਅਦ ਓਧਰੋਂ ਏਧਰ ਆਈ ਸਾਂ, ਆਪਣੇ ਭੂਆ-ਫੁੱਫੜ ਨਾਲ।”
ਇਹ ਗੱਲ ਸੁਣਦਿਆਂ, ਉਹ ਆਮ ਜਿਹੀ ਔਰਤ ਮੇਰੇ ਲਈ ਖ਼ਾਸ ਹੋ ਗਈ। ਚਾਣਚੱਕ ਮੇਰੇ ਅੰਦਰ ਕਈ ਸਵਾਲ ਵੀ ਉੱਗ ਆਏ ਸਨ। ਉਸਨੂੰ ਕਾਹਲ ਸੀ। ਨਾਂ ਪਤਾ ਪੁੱਛ ਕੇ ਮੈਂ ਬੀਬੀ ਅਮਰੋ ਨੂੰ ਉਸਦੀ ਮੰਜ਼ਲ ’ਤੇ ਉਤਾਰ ਦਿੱਤਾ। ਕੁਝ ਦਿਨਾਂ ਬਾਅਦ, ਮੈਂ ਉਸਦੇ ਘਰ ਪਹੁੰਚ ਗਿਆ।
“ਹੁੱਕੜਾਂ ਪਿੰਡ ਤੋਂ ਮੇਰਾ ਪਿਓ ਗਿਆ ਸੀ, ਓਧਰ। ਨੱਥਾ ਨਾਂ ਸੀ ਉਸਦਾ। ਓਥੇ ਸਾਡੀਆਂ ਖੱਡੀਆਂ ਸਨ। ਬਾਪੂ ਦਿਨ-ਭਰ ਕੱਪੜਾ ਬੁਣਦਾ ਰਹਿੰਦਾ। ਮੇਰੀ ਮਾਂ ਬਿਸ਼ਨ ਦੇਈ ਤੇ ਛੋਟੇ ਭਰਾ ਉਸਦੇ ਨਾਲ ਹੱਥ ਵਟਾਉਂਦੇ। ਵੱਡੇ ਭਰਾ ਸਾਧੂ ਤੇ ਹੰਸ ਰਾਜ ਸ਼ਹਿਰ ਰਹਿ ਕੇ ਪੜ੍ਹਦੇ ਸਨ। ਛੋਟੇ ਜੀਤ, ਅਮੀਆਂ ਤੇ ਬਲਦੇਵ ਨਈਂ ਸੀ ਪੜ੍ਹੇ। ਇਨ੍ਹਾਂ ਸਾਰੀ ਉਮਰ ਮਿਹਨਤ-ਮਜ਼ੂਰੀ ਈ ਕੀਤੀ ਆ। ਪੰਜ ਭਾਈਆਂ ਦੀ ’ਕੱਲੀ ਭੈਣ ਸਾਂ ਮੈਂ।” ਠੰਢਾ ਹਉਕਾ ਭਰਦਿਆਂ ਉਹ ਚੁੱਪ ਹੋ ਗਈ।
“ਸੰਤਾਲੀ ’ਚ ਤੁਹਾਡਾ ਟੱਬਰ ਇੱਧਰ ਕਿਉਂ ਨਹੀਂ ਸੀ ਆਇਆ?” ਮੈਂ ਸਵਾਲ ਕੀਤਾ।
“ਇੱਧਰੋਂ ਭੁੱਖੇ ਮਰਦੇ ਤਾਂ ਉਹ ਬਾਰ ’ਚ ਗਏ ਸੀ। ਮਸਾਂ-ਮਸਾਂ ਘਰ ਬਣਿਆ ਸੀ। ਲੋਕਾਂ ਦੀਆਂ ਬੁੱਤੀਆਂ ਕਰਕੇ ਖੱਡੀਆਂ ਲਗਾਈਆਂ ਸੀ। ਓਧਰੋਂ ਰੌਲੇ ਪੈ ਗਏ। ਸਾਡੇ ਪਿੰਡ ਆਲੇ ਜੱਟ ਚੰਗੇ ਸੀ। ਉਨ੍ਹਾਂ ਆਖਿਆ ਕਿ ’ਰਾਮ ਨਾਲ ਬੈਠੇ ਰਹੋ। ਇੱਥੇ ਕੋਈ ਤਾਢ੍ਹੀ ’ਵਾ ਵੱਲ ਨਈਂ ਤੱਕ ਸਕਦਾ। ਓਸ ਚੱਕ ’ਚ ਸਾਡੀ ਬਰਾਦਰੀ ਦੇ ਦਸ-ਬਾਰਾਂ ਘਰ ਸਨ। ਬਾਕੀ ਤਾਂ ਚੋਰੀ-ਛਿਪੇ ਏਧਰ ਆ ਗਏ, ਪਰ ਮੇਰਾ ਬਾਪੂ ਓਥੋਂ ਨਹੀਂ ਸੀ ਹਿੱਲਿਆ। ਮੇਰੀ ਮਾਂ ਦੇ ਪੇਕੇ ਇੱਧਰ ਸੀ। ਉਹ ਵਿਚਾਰੀ ਬਹੁਤ ਤੜਫ਼ਦੀ ਹੋਈ, ਬਾਪੂ ਅੱਗੇ ਹੱਥ ਜੋੜਦੀ। ਬਾਪੂ ਮੂਹਰਿਓਂ ਕਹਿੰਦਾ- ਓਥੇ ਹੁੱਕੜਾਂ ’ਚ ਕਿਹੜਾ ਮਹਿਲ ਉਡੀਕਦੇ ਨੇ ਸਾਨੂੰ? ਇੱਥੇ ਬੜਾ ਸੋਹਣਾ ਕੰਮ ਰਿੜ੍ਹਿਆ ਹੋਇਆ। ਓਧਰ ਜਾ ਕੇ ਕੀ ਕਰਾਂਗੇ? ਚਲੇ ਗਏ ਤਾਂ ਮੁੜ ਪੈਰਾਂ ’ਤੇ ਆਉਣ ਨੂੰ ਫਿਰ ਪੰਦਰਾਂ-ਵੀਹ ਵਰ੍ਹੇ ਲੱਗ ਜਾਣੇ ਨੇ।
ਬਾਪੂ ਦੀਆਂ ਇਹ ਗੱਲਾਂ ਸੁਣਕੇ, ਮਾਂ ਵਿਚਾਰੀ ਚੁੱਪ ਹੋ ਜਾਂਦੀ। ਅੰਦਰ ਵੜ ਕੇ ਰੋ ਲੈਂਦੀ। ਕਦੇ-ਕਦੇ ਉਹ ਗੌਣ ਜਿਹੇ ਵੀ ਗਾਉਂਦੀ। ਮੈਨੂੰ ਇਵੇਂ ਲੱਗਦਾ ਕਿ ਉਹ ਖ਼ੁਸ਼ ਏ, ਪਰ ਜਦੋਂ ਆਪਣੀ ਜਾਨ ’ਤੇ ਬਣੀਆਂ, ਉਸਦੇ ਦੁੱਖਾਂ ਦੀ ਸਮਝ ਮੈਨੂੰ ਉਦੋਂ ਆਈ।” ਉਸਦਾ ਗੱਚ ਭਰ ਆਇਆ। ਉਸਦੇ ਘਸਮੈਲੈ ਜਿਹੇ ਚਿਹਰੇ ’ਤੇ ਚਾਣਚੱਕ ਤਿਊੜੀਆਂ ਉੱਭਰ ਆਈਆਂ ਸਨ। ਮੈਂ ਉਸਦੇ ਸ਼ਾਂਤ ਹੋਣ ਦੀ ਉਡੀਕ ਕਰਦਾ ਰਿਹਾ।
“ਤੁਸੀਂ ਇੱਧਰ ਕਿਵੇਂ ਆ ਗਏ?” ਮੈਂ ਪੁੱਛਿਆ।
“ਮੇਰਾ ਪਹਿਲਾ ਵਿਆਹ ਟੁੱਟ ਗਿਆ ਸੀ। ਮੇਰਾ ਇਕ ਪੁੱਤਰ ਵੀ ਸੀ। ਉਹ ਵਿਚਾਰਾ ਜਮਾਂਦਰੂ ਗੂੰਗਾ ਤੇ ਬੋਲਾ ਸੀ। ਜਦੋਂ ਉਹ ਚਾਰ-ਪੰਜ ਵਰ੍ਹਿਆਂ ਦਾ ਹੋ ਕੇ ਵੀ ਨਾ ਬੋਲਿਆ ਤਾਂ ਮੇਰੇ ਪਤੀ ਨੇ ਮੈਨੂੰ ਛੱਡ ਦਿੱਤਾ। ਮੈਂ ਪੇਕਿਆਂ ਦੇ ਰਹਿਣ ਲੱਗ ਪਈ। ਮੇਰੇ ਭੂਆ-ਫੁੱਫੜ ਨੇ ਮੇਰਾ ਰਿਸ਼ਤਾ ਇਸ ਪਿੰਡ ਕਰ ਦਿੱਤਾ ਸੀ। ਛੇਤੀਂ ਮਗਰੋਂ ਰੌਲੇ ਪੈ ਗਏ। ਅਸੀਂ ਓਸ ਚੱਕ ’ਚ ਟਿਕੇ ਰਹੇ। ਇੱਧਰੋਂ ਮੇਰੇ ਸਹੁਰਿਆਂ ਵੱਲੋਂ ਫੁੱਫੜ ਨੂੰ ਚਿੱਠੀਆਂ ਜਾਣ ਲੱਗ ਪਈਆਂ। ਮੇਰੇ ਭੂਆ-ਫੁੱਫੜ ਨੇ ਮੇਰੇ ਲਈ ਆਪਣਾ ਹਰਿਆ-ਭਰਿਆ ਘਰ ਅਤੇ ਖੱਡੀਆਂ ਛੱਡ ਦਿੱਤੀਆਂ। ਕਿਸੇ ਨੂੰ ਸ਼ੱਕ ਨਾ ਪਵੇ, ਖੁੰਡਾਂ ’ਤੇ ਮੱਝਾਂ ਵੀ ਉਵੇਂ ਬੱਝੀਆਂ ਰਹਿਣ ਦਿੱਤੀਆਂ। ਉਨ੍ਹਾਂ ਨੇ ਕਿਸੇ ਨੂੰ ਵੀ ਨਾ ਦੱਸਿਆ। ਇਕ ਬੰਦੇ ਨੂੰ ਰੁੱਗ ਰੁਪਈਆਂ ਦਾ ਦਿੱਤਾ ਤੇ ਉਹ ਸਾਨੂੰ ਸਰਹੱਦੋਂ ਪਾਰ ਕਰ ਗਿਆ। ਅਸੀਂ ਇੱਧਰ ਆ ਗਏ। ਕੁਝ ਦਿਨਾਂ ਬਾਅਦ ਉਨ੍ਹਾਂ ਮੈਨੂੰ ਇਸ ਘਰ ਬਿਠਾਲ ਦਿੱਤਾ। ਇੱਥੇ ਮੇਰੇ ਚਾਰ ਬੱਚੇ ਹੋਏ। ਦੋ ਪੁੱਤ ਤੇ ਦੋ ਧੀਆਂ। ਕੁਦਰਤ ਦੇ ਰੰਗ ਦੇਖੋ, ਇਕ ਪੁੱਤ-ਧੀ ਗੂੰਗੇ-ਬੋਲੇ ਨੇ ਤੇ ਦੂਜੇ ਦੋਵੇਂ ਬੜੇ ਸੋਹਣੇ। ਪੁੱਤਰਾ ਬੜੇ ਦੁੱਖ ਵੇਖੇ ਨੇ ਮੈਂ। ਹੁਣ ਜਦੋਂ ਦੁੱਖ ਹੱਦੋਂ ਵਧ ਜਾਣ ਤਾਂ ਮੈਂ ਵੀ ਆਪਣੀ ਮਾਂ ਵਾਂਗ ਗੌਣ ਗਾਉਂਦੀ ਆਂ!” ਇਹ ਕਹਿੰਦਿਆਂ ਉਹ ਫਿੱਕਾ ਜਿਹਾ ਹੱਸ ਪਈ।
“ਤੁਸੀਂ ਮੁੜ ਨਈਂ ਗਏ ਓਧਰ?’ ਮੈਂ ਅਗਲਾ ਸਵਾਲ ਕੀਤਾ।
“ਦਸ ਵਰ੍ਹਿਆਂ ਬਾਅਦ ਗਈ ਸਾਂ। ਮੇਰੇ ਵੱਡੇ ਭਰਾ ਮਾਸਟਰ ਲੱਗ ਗਏ ਸਨ। ਉਨ੍ਹਾਂ ਨੇ ਲੈਲਪੁਰ ਸ਼ਹਿਰ ’ਚ ਮਕਾਨ ਬਣਾ ਲਏ ਸੀ। ਤਿੰਨ ਭਰਾ ਮਾਪਿਆਂ ਨਾਲ ਪਿੰਡ ’ਚ ਰਹਿੰਦੇ ਸੀ। ਮਾਂ ਮੰਜੇ ’ਤੇ ਬਿਮਾਰ ਪਈ ਸੀ। ਬਾਪੂ ਵਿਚਾਰਾ ਵੀ ਕੰਮ ਕਰਨ ਜੋਗਾ ਨਹੀਂ ਸੀ ਰਿਹਾ। ਬੜਾ ਲਿੱਸਾ ਹੋ ਗਿਆ ਸੀ। ਛੋਟਿਆਂ ਭਰਾਵਾਂ ’ਚੋਂ ਕਿਸੇ ਦਾ ਵਿਆਹ ਨਹੀਂ ਸੀ ਹੋਇਆ। ਮਾਂ ਮੈਨੂੰ ਮਿਲ ਕੇ ਬੜਾ ਰੋਈ ਸੀ। ਕਹਿਣ ਲੱਗੀ-ਪਹਿਲਾਂ ਮੈਂ ਮਾਪਿਆਂ ਨੂੰ ਰੋਂਦੀ ਹੁੰਦੀ ਸਾਂ, ਹੁਣ ਧੀਏ ਤੂੰ ਵੀ ਪ੍ਰਦੇਸਣ ਹੋ ਗਈ ਏਂ। ਮੈਂ ਸਭ ਕੁਝ ਚੁੱਪ-ਚਾਪ ਸੁਣਦੀ ਰਹੀ। ਮੈਂ ਕਹਿਣਾ ਚਾਹੁੰਦੀ ਸਾਂ ਕਿ ਮੈਂ ਓਧਰ ਬੈਠੀ ਮਾਪਿਆਂ ਨੂੰ ਰੋਂਦੀ ਰਹਿੰਦੀ ਆਂ, ਪਰ ਮੈਂ ਚੁੱਪ ਰਹੀ।
ਵੱਡੇ ਭਰਾ ਨੇ ਮੈਨੂੰ ਨਨਕਾਣਾ ਸਾਹਿਬ ਵੀ ਵਿਖਾਇਆ ਸੀ। ਪੂਰਾ ਮਹੀਨਾ ਰਹੀ ਸਾਂ, ਮੈਂ ਓਥੇ। ਮਾਂ ਮੈਨੂੰ ਮੁੜਨ ਨਹੀਂ ਸੀ ਦਿੰਦੀ। ਮੁੜ-ਮੁੜ ਇਕੋ ਗੱਲ ਕਹੀ ਜਾਏ-ਮੈਨੂੰ ਤੋਰ ਕੇ ਤੁਰ ਜਾਈਂ। ਓਧਰੋਂ ਆਈ ਨੂੰ ਹਾਲੇ ਮਹੀਨਾ ਵੀ ਨਹੀਂ ਸੀ ਹੋਇਆ ਕਿ ਚਿੱਠੀ ਆ ਗਈ। ਮਾਂ ਤੁਰ ਗਈ ਸੀ। ਮਾਮੇ ਅਫ਼ਸੋਸ ਕਰਨ ਆਏ ਤਾਂ ਮੇਰੇ ਨਾਲ ਬੜੇ ਔਖੇ-ਤੱਤੇ ਹੋਣ ਕਿ ਤੇਰੇ ਬਾਪੂ ਦੀ ਜ਼ਿੱਦ ਨੇ ਸਾਨੂੰ ਸਾਡੀ ਭੈਣ ਨਾਲ ਨਹੀਂ ਮਿਲਣ ਦਿੱਤਾ। ਮੈਂ ਕੁਝ ਨਾ ਬੋਲੀ। ਸਮਝ ਨਹੀਂ ਸੀ ਆਉਂਦੀ ਕਿ ਬਾਪੂ ਦਾ ਓਧਰ ਰਹਿਣ ਦਾ ਫ਼ੈਸਲਾ ਚੰਗਾ ਸੀ ਕਿ ਬੁਰਾ!” ਉਸਦੇ ਮੱਥੇ ’ਤੇ ਸਵਾਲੀਆ ਨਿਸ਼ਾਨ ਉੱਗ ਆਇਆ ਸੀ।
“ਤੁਸੀਂ ਮੁੜ ਨਹੀਂ ਗਏ, ਓਧਰ?” ਮੈਂ ਗੱਲ ਨੂੰ ਅਗਾਂਹ ਤੋਰਨ ਲਈ ਪੁੱਛਿਆ।
“ਪੰਜ ਕੁ ਸਾਲਾਂ ਬਾਅਦ, ਮੈਂ ਫਿਰ ਗਈ ਸਾਂ। ਦੂਜੀ ਵਾਰ ਮੇਰਾ ਪੁੱਤਰ ਵੀ ਮੇਰੇ ਨਾਲ ਸੀ। ਜਦੋਂ ਮੈਂ ਟੇਸ਼ਣ ’ਤੇ ਉਤਰੀ ਤਾਂ ਸਾਰਿਆਂ ਨਾਲੋਂ ਛੋਟਾ ਬਲਦੇਵ ਮੈਨੂੰ ਲੈਣ ਆਇਆ ਹੋਇਆ ਸੀ। ਮੈਂ ਤਾਂ ਉਹ ਪਛਾਣਿਆ ਈ ਨਾ। ਦਾੜ੍ਹੀ ਵਧੀ ਹੋਈ ਤੇ ਸਲਵਾਰ-ਕਮੀਜ਼ ਪਾਈ ਹੋਈ। ਜਦੋਂ ਉਹ ਬੋਲਿਆ ਤਾਂ ਮੈਨੂੰ ਪਛਾਣ ਆਈ। ਮੈਂ ਆਪਣੇ ਪੁੱਤ ਨੂੰ ਕਿਹਾ-ਪੈਰੀਂ ਹੱਥ ਲਾ, ਇਹ ਤੇਰਾ ਬਲਦੇਵ ਮਾਮਾ ਏ। ਉਹ ਕਹਿਣ ਲੱਗਾ-ਭੈਣੇ ਹੌਲੀ ਬੋਲ! ਇਹ ਕਹਿੰਦਿਆਂ, ਉਹ ਰੋ ਪਿਆ। ਓਥੇ ਤਾਂ ਉਸਦੀ ਗੱਲ ਮੈਨੂੰ ਸਮਝ ਨਾ ਆਈ, ਪਰ ਜਦੋਂ ਮੈਂ ਘਰ ਪਹੁੰਚੀ ਤਾਂ ਘਰ ਦਾ ਰੰਗ-ਰੂਪ ਹੀ ਬਦਲਿਆ ਪਿਆ ਸੀ। ਕੰਧਾਂ ਤੋਂ ਪੁਰਾਣੀਆਂ ਤਸਵੀਰਾਂ ਗਾਇਬ ਹੋ ਗਈਆਂ ਸਨ। ਬਾਪੂ ਤੇ ਦੂਜੇ ਦੋਵੇਂ ਭਰਾਵਾਂ ਨੇ ਵੀ ਦਾੜ੍ਹੀਆਂ ਵਧਾਈਆਂ ਹੋਈਆਂ ਸਨ। ਬਾਪੂ ਵੀ ਹੁਣ ਨੱਥੂ ਨਹੀਂ ਸੀ ਰਿਹਾ। ਉਹ ਇਲਮਦੀਨ ਹੋ ਗਿਆ ਸੀ। ਵੱਡਾ ਭਰਾ ਸਾਧੂ, ਸ਼ੇਰ ਮੁਹੰਮਦ ਤੇ ਉਸ ਤੋਂ ਛੋਟਾ ਹੰਸ ਰਾਜ ਕਾਦਿਰ ਬਖ਼ਸ਼ ਹੋ ਗਿਆ ਸੀ। ਬਲਦੇਵ ਨੂੰ ਹੁਣ ਸਾਰੇ ਬਸ਼ੀਰ-ਬਸ਼ੀਰ ਕਹਿੰਦੇ ਸਨ। ਅਮੀਆਂ ਅਮੀ ਮੁਹੰਮਦ ਹੋ ਗਿਆ ਸੀ ਤੇ ਜੀਤਾ ਅਜ਼ੀਜ ਬਖ਼ਸ਼। ਸਭ ਕੁਸ਼ ਬੜਾ ਓਪਰਾ-ਓਪਰਾ ਜਿਹਾ ਲੱਗ ਰਿਹਾ ਸੀ। ਖ਼ੁਸ਼ੀ ਦੀ ਗੱਲ ਇਹੋ ਸੀ ਕਿ ਹੁਣ ਸਾਰੇ ਭਾਈਆਂ ਦੇ ਘਰ ਵੱਸ ਗਏ ਸਨ। ਦੁੱਖ ਦੀ ਗੱਲ ਇਹ ਕਿ ਇਸ ਵਾਰ ਵਿਚਾਰਾ ਪਿਉ ਮੰਜੇ ’ਤੇ ਪਿਆ ਹੋਇਆ ਸੀ। ਮੈਨੂੰ ਮਿਲ ਕੇ ਬੜਾ ਰੋਇਆ। ਮੁੜ-ਮੁੜ ਸਾਡੀ ਮਾਂ ਦੀਆਂ ਗੱਲਾਂ ਕਰੀ ਜਾਵੇ। ਪਛਤਾਈ ਜਾਵੇ!” ਇਹ ਆਖ ਉਹ ਚੁੱਪ ਹੋ ਗਈ।
ਮੈਂ ਹੁੰਗਾਰਾ ਭਰਨਾ ਵੀ ਮੁਨਾਸਿਬ ਨਹੀਂ ਸੀ ਸਮਝਿਆ।
“ਬਾਪੂ ਜਿਵੇਂ ਮੈਨੂੰ ਹੀ ਉਡੀਕਦਾ ਹੋਵੇ....।” ਉਹ ਅਗਾਂਹ ਬੋਲੀ।
“....ਤੀਜੇ ਦਿਨ ਉਹ ਗੱਲਾਂ ਕਰਦਾ-ਕਰਦਾ, ਇਕ ਪਾਸੇ ਨੂੰ ਲੁੜ੍ਹਕ ਗਿਆ ਸੀ। ਮੈਂ ‘ਹਾਏ ਓਏ ਬਾਪੂ’ ਕਹਿ ਕੇ ਦੁਹੱਥੜ ਮਾਰੀ ਤਾਂ ਅਮੀਏ ਦੀ ਘਰ ਵਾਲੀ ਮੈਨੂੰ ਹਲੂਣਦਿਆਂ, ਗੁੱਸੇ ’ਚ ਬੋਲੀ ਸੀ-ਬਾਪੂ ਨਹੀਂ, ਅੱਬੂ ਆਖੋ। ਮੈਨੂੰ ਤਾਂ ਗੁੱਸਾ ਚੜ੍ਹ ਗਿਆ। ਮੁੜ ਦੁਹੱਥੜ ਮਾਰਦਿਆਂ, ਮੈਂ ਹੋਰ ਵੀ ਉੱਚੀ ਆਵਾਜ਼ ’ਚ ਬੋਲੀ ਸਾਂ-ਵੇ ਲੋਕੋ, ਮਰਨ ਵਾਲਾ, ਬਾਪੂ ਸੀ ਮੇਰਾ, ਅੱਬਾ ਹੋਊ ਇਨ੍ਹਾਂ ਦਾ। ਮੁੜ ਕੋਈ ਕੁਸ਼ ਨਾ ਬੋਲਿਆ। ਮੇਰਾ ਓਥੇ ਕੀ ਵੱਸ ਚੱਲਣਾ ਸੀ? ਲੌਢੇ ਵੇਲੇ ਉਨ੍ਹਾਂ ਆਪਣੇ ਅੱਬੂ ਨੂੰ ਦਫ਼ਨਾ ਦਿੱਤਾ ਸੀ। ਬਾਪੂ ਦਾ ਉਹ ਦੇਸ਼ ਮੇਰੇ ਲਈ ਹਮੇਸ਼ਾਂ-ਹਮੇਸ਼ਾਂ ਲਈ ਬਿਗਾਨਾ ਹੋ ਗਿਆ! ਮੁੜ ਨਾ ਮੈਂ ਓਧਰ ਗਈ, ਨਾ ਉਨ੍ਹਾਂ ’ਚੋਂ ਹੀ ਕੋਈ ਏਧਰ ਆਇਆ। ਕਹਾਣੀ ਖ਼ਤਮ ਹੋ ਗਈ!”
ਗੱਲ ਮੁਕਾ ਪਹਿਲਾਂ ਉਹ ਉਦਾਸ ਜਿਹਾ ਮੁਸਕਰਾਈ, ਫਿਰ ਫਿੱਕਾ ਜਿਹਾ ਹੱਸੀ ਤੇ ਆਖ਼ਰ ਭੁੱਬੀਂ ਰੋਣ ਲੱਗ ਪਈ।