Gahl Ni Kaddhni (Vand De Dukhre) : Sanwal Dhami

ਗਾਲ੍ਹ ਨੀਂ ਕੱਢਣੀ (ਵੰਡ ਦੇ ਦੁੱਖੜੇ) : ਸਾਂਵਲ ਧਾਮੀ

ਹੁਸ਼ਿਆਰਪੁਰ ਦੇ ਕਸਬੇ ਟਾਂਡੇ ਦਾ ਪਿੰਡ ਘੋੜੇਵਾਹ ਸੰਤਾਲੀ ਤੋਂ ਪਹਿਲਾਂ ਮੁਸਲਮਾਨ ਰਾਜਪੂਤਾਂ ਦਾ ਮਸ਼ਹੂਰ ਪਿੰਡ ਸੀ। ਇਹਦੇ ਨੇੜੇ-ਨੇੜੇ ਗੜੀ, ਕੰਧਾਲਾ ਜੱਟਾਂ, ਦਰਿਆ, ਬਾਬਕ, ਜੌੜਾ ਤੇ ਬਘਿਆੜੀ ਆਦਿ ਪਿੰਡ ਨੇ। ਇਸ ਇਲਾਕੇ ’ਚ ਸਭ ਨਾਲੋਂ ਜ਼ਿਆਦਾ ਟੌਹਰ ਘੋੜੇਵਾਹ ਵਾਲੇ ਜ਼ੈਲਦਾਰ ਦੀ ਹੁੰਦੀ ਸੀ। ਉਹਨੇ ਥਾਣੇਦਾਰ ਨੂੰ ਆਖਿਆ ਹੋਇਆ ਸੀ- ਜੇ ਮੇਰੇ ਕੋਲੋਂ ਮਸਲਾ ਹੱਲ ਨਾ ਹੋਵੇ ਤਾਂ ਤੂੰ ਉਦੋਂ ਮੇਰੀ ਜ਼ੈਲ ’ਚ ਦਾਖਲ ਹੋਣਾ ਏ।

ਉਸ ਜ਼ੈਲਦਾਰ ਦੀਆਂ ਗੱਲਾਂ ਬਜ਼ੁਰਗ ਨੂੰ ਅੱਜ ਵੀ ਯਾਦ ਨੇ।

ਇਕ ਵਾਰ ਉਹਦੇ ਪੁੱਤਰ ਨੇ ਕਿਸੇ ਕੁੜੀ ਨਾਲ ਛੇੜਖਾਨੀ ਕੀਤੀ। ਕੋਲ ਖੜ੍ਹੇ ਕਿਸੇ ਸਿਆਣੇ ਬੰਦੇ ਨੇ ਉਹਨੂੰ ਟੋਕਿਆ। ਮੁੰਡਾ ਮੂਹਰਿਓਂ ਗਾਲ੍ਹ ਕੱਢ ਕੇ ਬੋਲਿਆ-ਅਸੀਂ ਤਾਂ ਇੰਜ ਹੀ ਕਰਦੇ ਹੁੰਦੇ ਆਂ। ਉਹ ਸਿਆਣਾ-ਬਿਆਣਾ ਬੰਦਾ ਸ਼ਿਕਾਇਤ ਲੈ ਕੇ ਜ਼ੈਲਦਾਰ ਕੋਲ ਪਹੁੰਚ ਗਿਆ। ਜ਼ੈਲਦਾਰ ਆਪਣੇ ਪੁੱਤਰ ਨੂੰ ਕਹਿਣ ਲੱਗਾ- ਆਪਣੀ ਜੁੱਤੀ ਲਾਹ ਕੇ ਮੇਰੇ ਹੱਥ ’ਚ ਫੜਾ ਦੇ। ਜਦੋਂ ਜ਼ੈਲਦਾਰ ਆਪਣੇ ਪੁੱਤਰ ਦੇ ਸਿਰ ’ਚ ਜੁੱਤੀਆਂ ਮਾਰਨ ਲੱਗਾ ਤਾਂ ਇਹ ਸਭ ਵੇਖ ਕੇ ਸ਼ਿਕਾਇਤ ਲੈ ਕੇ ਗਿਆ ਉਹ ਬੰਦਾ ਡਰ ਗਿਆ। ਉਹ ਮੁੰਡੇ ਨੂੰ ਛੁਡਾਉਣ ਲੱਗਾ ਤਾਂ ਜ਼ੈਲਦਾਰ ਨੇ ਪੰਜ-ਸੱਤ ਜੁੱਤੀਆਂ ਉਹਦੇ ਵੀ ਰੱਖ ਦਿੱਤੀਆਂ।

ਗੜੀ ਪਿੰਡ ਦੇ ਮਾਧੋ ਸਿੰਘ ਨੂੰ ਚੜ੍ਹਦੀ ਉਮਰੇ ਘੁਲਣ ਦਾ ਸ਼ੌਕ ਪੈ ਗਿਆ। ਉਹਦੀ ਬੈਠਕ ਪਿੰਡ ਦੇ ਇਕ ਸ਼ਰਾਰਤੀ ਬੰਦੇ ਨਾਲ ਹੋ ਗਈ। ਇਕ ਵਾਰ ਖੱਖ ਪਿੰਡ ਤੋਂ ਬਰਾਤ ਆਈ। ਮਾਧੋ ਦੇ ਸਾਥੀ ਨੇ ਕੋਈ ਸ਼ਰਾਰਤ ਕਰ ਦਿੱਤੀ। ਕੇਸ ਜ਼ੈਲਦਾਰ ਕੋਲ ਚਲਾ ਗਿਆ। ਉਨ੍ਹੀਂ ਦਿਨੀਂ ਮਾਧੋ ਸਿੰਘ ਦਾ ਵੱਡਾ ਭਰਾ ਫ਼ੌਜ ’ਚੋਂ ਛੁੱਟੀ ਆਇਆ ਹੋਇਆ ਸੀ। ਉਹ ਜ਼ੈਲਦਾਰ ਨੂੰ ਮਿਲਿਆ। ਉਹਨੇ ਜ਼ੈਲਦਾਰ ਨੂੰ ਸਾਰੀ ਕਹਾਣੀ ਸੁਣਾਈ। ਉਹਦੀ ਇਜ਼ਾਜਤ ਨਾਲ ਉਹ ਮਾਧੋ ਸਿੰਘ ਨੂੰ ਪਿੰਡੋਂ ਲੈ ਗਿਆ ਤੇ ਫ਼ੌਜ ’ਚ ਭਰਤੀ ਕਰਵਾ ਦਿੱਤਾ। ਬਾਅਦ ’ਚ ਇਹੀ ਮਾਧੋ ਸਿੰਘ ਭਾਰਤ ਦਾ ਬਹੁਤ ਵੱਡਾ ਪਹਿਲਵਾਨ ਬਣਿਆ।

ਇਕ ਵਾਰ ਦੀ ਗੱਲ ਏ। ਜ਼ੈਲਦਾਰ ਦੇ ਭਤੀਜੇ ਰਫ਼ੀਕ ਦੀ ਲੜਾਈ ਪਿੰਡ ਦੇ ਮੁੰਡੇ ਰਮਜ਼ਾਨ ਨਾਲ ਹੋ ਗਈ। ਦੋਵਾਂ ਇਕ-ਦੂਜੇ ਦੇ ਵਾਲ਼ ਫੜ ਲਏ। ਰਫ਼ੀਕ ਰਮਜ਼ਾਨ ਨੂੰ ਮਾਂ-ਭੈਣ ਦੀਆਂ ਗਾਲ੍ਹਾਂ ਕੱਢੀ ਜਾਏ। ਰਮਜ਼ਾਨ ਨੇ ਮੂਹਰਿਓਂ ਇਕ ਵੀ ਗਾਲ੍ਹ ਨਾ ਕੱਢੀ। ਸਗੋਂ ਉਹਨੂੰ ਆਖੀ ਗਿਆ-ਰਫ਼ੀਕ, ਤੈਨੂੰ ਰੱਬ ਦਾ ਵਾਸਤਾ ਗਾਲ੍ਹਾਂ ਨਾ ਕੱਢ। ਅਗਲੇ ਦਿਨ ਦੀ ਗੱਲ ਏ। ਪ੍ਰਾਰਥਨਾ ਵੇਲੇ ਵੱਡੇ ਉਸਤਾਦ ਨੇ ਰਮਜ਼ਾਨ ਦੀ ਗੱਲ ਸਾਰੇ ਬੱਚਿਆਂ ਨੂੰ ਸੁਣਾਈ।

ਲੜਾਈ ਵਾਲੀ ਸ਼ਾਮ ਰਮਜ਼ਾਨ ਦਾ ਅੱਬਾ ਰਫ਼ੀਕ ਦੀ ਸ਼ਿਕਾਇਤ ਲੈ ਕੇ ਜ਼ੈਲਦਾਰ ਕੋਲ ਗਿਆ। ਜ਼ੈਲਦਾਰ ਕਹਿਣ ਲੱਗਾ-ਰਮਜ਼ਾਨ ਤੈਨੂੰ ਕਿਹੜਾ ਕੋਈ ਗਾਲ੍ਹ ਨਹੀਂ ਆਉਂਦੀ। ਹੁਣੇ ਮੇਰੇ ਸਾਹਮਣੇ ਇਸ ਹਰਾਮਜ਼ਾਦੇ ਨੂੰ ਰੱਜ ਕੇ ਗਾਲ੍ਹਾਂ ਕੱਢ। ਰਮਜ਼ਾਨ ਮੂਹਰਿਓਂ ਕਹਿਣ ਲੱਗਾ-ਜ਼ੈਲਦਾਰ ਸਾਹਿਬ, ਮੇਰੇ ਉਸਤਾਦਾਂ ਮੈਨੂੰ ਏਹੋ ਸਬਕ ਸਿਖਾਇਆ ਹੈ ਕਿ ਕਦੇ ਕਿਸੇ ਨੂੰ ਗਾਲ੍ਹ ਨਹੀਂ ਕੱਢਣੀ। ਮੈਂ ਇਹਨੂੰ ਕਤਲ ਕਰ ਵੀ ਸਕਦਾ ਹਾਂ ਤੇ ਖ਼ੁਦ ਕਤਲ ਹੋ ਵੀ ਸਕਦਾਂ ਹਾਂ, ਪਰ ਮੇਰੇ ਮੂੰਹੋਂ ਕਦੇ ਕਿਸੇ ਲਈ ਗਾਲ੍ਹ ਨਹੀਂ ਨਿਕਲ ਸਕਦੀ। ਇਹ ਗੱਲ ਸੁਣਾਉਂਦਿਆਂ, ਉਸਤਾਦ ਜਜ਼ਬਾਤੀ ਹੋ ਗਿਆ ਸੀ। ਇਹ ਗੱਲ ਸੁਣਕੇ ਬੱਚੇ ਬੜੀ ਦੇਰ ਤਾੜੀਆਂ ਮਾਰਦੇ ਰਹੇ ਸਨ।

ਤਾੜੀਆਂ ਮਾਰਨ ਵਾਲਿਆਂ ’ਚ ਪੰਜਵੀਂ ਜਮਾਤ ਦਾ ਵਿਦਿਆਰਥੀ ਰਾਮਾ ਵੀ ਸੀ। ਹੁਣ ਉਹ ਚੁਰਾਨਵੇਂ ਵਰ੍ਹਿਆਂ ਦਾ ਬਾਬਾ ਰਾਮਾ ਹੋ ਚੁੱਕਿਆ ਏ। ਕੁਝ ਦਿਨ ਪਹਿਲਾਂ ਮੈਂ ਉਹਨੂੰ ਮਿਲਣ ਗਿਆ। ਸਾਫ਼-ਸੁਥਰੀ ਦਿਖ ਵਾਲੇ ਇਸ ਬਜ਼ੁਰਗ ਨੇ ਮਿੱਠੇ ਬੋਲਾਂ ਨਾਲ ਮੇਰਾ ਸਵਾਗਤ ਕੀਤਾ। ਅਸੀਂ ਕੋਠੇ ’ਤੇ ਡੱਠੀਆਂ ਕੁਰਸੀਆਂ ’ਤੇ ਬੈਠ ਗਏ ਤੇ ਸੰਤਾਲੀ ਦੇ ਆਰ-ਪਾਰ ਦੀਆਂ ਗੱਲਾਂ ਸ਼ੁਰੂ ਹੋ ਗਈਆਂ।

“ਜਵਾਨੀ ਦਾ ਵੀ ਨਸ਼ਾ ਹੁੰਦਾ। ਓਸ ਨਸ਼ੇ ’ਚ ਕਈ ਵਾਰ ਚੰਗੇ-ਮੰਦੇ ਦਾ ਵੀ ਖ਼ਿਆਲ ਨਹੀਂ ਰਹਿੰਦਾ। ਉਦੋਂ ਮੈਂ ਵੀ ਮੁੰਡਿਆਂ ਦੀ ਟੋਲੀ ’ਚ ਰਲ਼ ਗਿਆ ਸੀ। ਇਕ ਵਾਰ ਦੀ ਗੱਲ ਸੁਣਾਵਾਂ। ਅਸੀਂ ਪੰਜ-ਸੱਤ ਮੁੰਡੇ ਘੋੜੇਵਾਹ ਪਿੰਡ ਵੱਲ ਜਾ ਰਹੇ ਸੀ। ਰਾਹ ’ਚ ਇਕ ਬਾਈ-ਤੇਈ ਵਰ੍ਹਿਆਂ ਦਾ ਮੁੰਡਾ ਜ਼ਖ਼ਮੀ ਹੋਇਆ ਦਰਦ ਨਾਲ ਚੀਕੀ ਜਾ ਰਿਹਾ ਸੀ। ਮੈਂ ਉਹਨੂੰ ਪਹਿਲਾਂ ਵੀ ਕਈ ਵਾਰ ਦੇਖਿਆ ਸੀ। ਘੋੜੀ ’ਤੇ ਸਵਾਰ ਹੋਇਆ, ਉਹ ਕੋਈ ਰਾਜਕੁਮਾਰ ਲੱਗਦਾ ਹੁੰਦਾ ਸੀ। ਅਸੀਂ ਉਹਦੇ ਕੋਲੋਂ ਲੰਘਣ ਲੱਗੇ ਤਾਂ ਉਹ ਸਾਨੂੰ ਕਹਿੰਦਾ-ਰੱਬ ਦਾ ਵਾਸਤਾ, ਮੈਨੂੰ ਮਾਰ ਦਿਓ। ਅਸੀਂ ਹੈਰਾਨ ਹੁੰਦਿਆਂ, ਇਕ-ਦੂਜੇ ਵੱਲ ਵੇਖਣ ਲੱਗੇ। ਉਦੋਂ ਬੰਦਾ ਮਾਰਨਾ ਕਿਹੜਾ ਕੋਈ ਵੱਡੀ ਗੱਲ ਸੀ। ਦਿਨ-ਰਾਤ ਏਹੋ ਤਾਂ ਕੰਮ ਚੱਲਦਾ ਸੀ। ਅਸੀਂ ਪਿੰਡਾਂ ’ਤੇ ਹਮਲਾ ਕਰਦੇ। ਲੋਕ ਜਾਨ ਬਚਾਉਣ ਲਈ ਦੌੜਦੇ। ਇੱਥੋਂ ਤਕ ਕਿ ਮਾਵਾਂ ਆਪਣੇ ਦੁੱਧ ਚੁੰਘਦੇ ਬੱਚੇ ਸੁੱਟ ਕੇ ਦੌੜ ਜਾਂਦੀਆਂ। ਬੰਦੇ ਆਪਣੀਆਂ ਜਨਾਨੀਆਂ ਨੂੰ ਛੱਡ ਕੇ ਭੱਜ ਜਾਂਦੇ। ਸਾਹਮਣੇ ਮੌਤ ਦੇਖ ਕੇ ਸਾਂਝ-ਸਕੀਰੀਆਂ, ਰਿਸ਼ਤੇ-ਨਾਤੇ ਤੇ ਮੋਹ-ਮੁਹੱਬਤ ਸਭ ਕੁਝ ਭੁੱਲ-ਭੁਲਾ ਜਾਂਦਾ।

ਪਰ ਏਹੋ ਜਿਹਾ ਵਕੂਆ ਪਹਿਲਾਂ ਕਦੇ ਨਹੀਂ ਸੀ ਹੋਇਆ। ਕੇਡੀ ਅਨੋਖੀ ਗੱਲ ਸੀ। ਕੋਈ ਸੋਹਣਾ-ਸੁਨੱਖਾ ਗੱਭਰੂ ਹੱਥ ਜੋੜ ਕੇ ਕਤਲ ਹੋਣ ਲਈ ਮਿੰਨਤਾਂ ਕਰ ਰਿਹਾ ਸੀ। ਮੈਂ ਮਿਆਨ ’ਚੋਂ ਤਲਵਾਰ ਧੂਹਣ ਲੱਗਾ ਤਾਂ ਮੇਰਾ ਹੱਥ ਤੇ ਦਿਲ ਦੋਵੇਂ ਕੰਬ ਗਏ। ਮੈਂ ਤਾਂ ਥਾਏਂ ਬੁੱਤ ਹੋ ਗਿਆ। ਮੇਰੇ ਮਿੱਤਰ ਵੀ ਦੁਚਿੱਤੀ ’ਚ ਪਏ, ਉਹਦੇ ਸਿਰਾਹਣੇ ਅਹਿੱਲ ਖੜ੍ਹੇ ਰਹੇ। ਉਹ ਹੱਥ ਜੋੜੀ ਮਿੰਨਤਾਂ ਕਰੀ ਜਾ ਰਿਹਾ ਸੀ। ਸਾਡੇ ’ਚੋਂ ਕੋਈ ਵੀ ਸ਼ਖ਼ਸ ਉਹਨੂੰ ਕਤਲ ਕਰਨ ਦੀ ਹਿੰਮਤ ਨਾ ਕਰ ਸਕਿਆ। ਮੈਂ ਮੂੰਹ ਭੁਆ ਕੇ ਵੇਖਿਆ ਕਿ ਪਿੰਡ ਦੇ ਜੱਟਾਂ ਦੀ ਟੋਲੀ ਤੁਰੀ ਆ ਰਹੀ ਸੀ। ਉਨ੍ਹਾਂ ਦੇ ਹੱਥਾਂ ’ਚ ਫੜੀਆਂ ਛਵੀਆਂ ਅਤੇ ਤਲਵਾਰਾਂ ਦੇ ਲਿਸ਼ਕੋਰੇ ਨਾਲ ਅੱਖਾਂ ਚੁੰਧਿਆ ਰਹੀਆਂ ਸਨ। ਉਨ੍ਹਾਂ ਵੱਲ ਵੇਖਦਿਆਂ, ਮੈਂ ਧਰਮ-ਸੰਕਟ ’ਚੋਂ ਨਿਕਲ ਆਇਆ। ਮੈਂ ਉਸ ਜ਼ਖ਼ਮੀ ਮੁੰਡੇ ਨੂੰ ਆਖਿਆ-ਸੋਹਣਿਆ, ਤੇਰਾ ਛੁਟਕਾਰਾ ਇੰਜ ਨਹੀਂ ਹੋਣਾ। ਉਹ ਬੰਦੇ ਜਦੋਂ ਤੇਰੇ ਕੋਲ ਦੀ ਲੰਘਣ ਤਾਂ ਤੂੰ ਉਨ੍ਹਾਂ ਨੂੰ ਗਾਲ੍ਹ ਕੱਢਦਿਆਂ ਆਖੀਂ ਕਿ ਮੈਨੂੰ ਵੀ ਮਾਰੋ।

ਅਸੀਂ ਹਾਲੇ ਥੋੜ੍ਹੀ ਦੂਰ ਹੀ ਗਏ ਸਾਂ ਕਿ ਸਾਨੂੰ ਉਸ ਮੁੰਡੇ ਦੀ ਗਾਲ੍ਹ ਸੁਣਾਈ ਦਿੱਤੀ। ਅਸੀਂ ਰੁਕ ਕੇ ਪਿਛਾਂਹ ਵੇਖਿਆ। ਕੋਈ ਨੌਜਵਾਨ ਗੁੱਸੇ ’ਚ ਤਲਵਾਰ ਚੁੱਕੀ ਉਸ ਮੁੰਡੇ ਵੱਲ ਨੂੰ ਉੱਲਰਿਆ। ਚੜ੍ਹਦੇ ਸੂਰਜ ਦੀ ਰੋਸ਼ਨੀ ’ਚ ਤਲਵਾਰ ਲਿਸ਼ਕੀ। ਇਕ ਚੀਕ ਉੱਭਰੀ ਤੇ ਫਿਰ ਚੁਫ਼ੇਰੇ ਚੁੱਪ ਛਾ ਗਈ।

ਅਸੀਂ ਉੱਥੋਂ ਤੁਰ ਗਏ। ਉਹਦੀ ਗਾਲ੍ਹ ਨੇ ਮੇਰਾ ਮਨ ਕੌੜਾ ਕਰ ਦਿੱਤਾ ਸੀ। ਮੈਂ ਖ਼ੁਦ ਹੈਰਾਨ ਸਾਂ ਕਿ ਮੈਨੂੰ ਕੀ ਹੋ ਗਿਆ? ਇਕ ਦਿਨ ਪਹਿਲਾਂ ਅਸੀਂ ਬਘਿਆੜੀ ਪਿੰਡ ’ਤੇ ਹਮਲਾ ਕੀਤਾ ਸੀ। ਉਹ ਵੀ ਮੁਸਲਮਾਨਾਂ ਦਾ ਵੱਡਾ ਪਿੰਡ ਸੀ। ਨੇੜਲੇ ਕਈ ਪਿੰਡਾਂ ਦੇ ਮੁਸਲਮਾਨ ਉੱਥੇ ਇਕੱਠੇ ਹੋ ਗਏ ਸਨ। ਉਹ ਮੰਜ਼ਰ ਮੈਨੂੰ ਕਦੇ ਨਹੀਂ ਭੁੱਲਿਆ। ਕੋਈ ਵਾਰ ਕਰ ਰਿਹਾ। ਕੋਈ ਖ਼ੁਦ ਨੂੰ ਬਚਾ ਰਿਹਾ। ਕੋਈ ਦੌੜ ਰਿਹਾ। ਕੋਈ ਹੱਥ ਜੋੜ ਰਿਹਾ। ਚੁਫ਼ੇਰੇ ਚੀਕ-ਚਿਹਾੜਾ। ਘੋੜੀਆਂ ਦੀਆਂ ਟਾਪਾਂ ਦਾ ਸ਼ੋਰ। ਉੱਥੇ ਦੋ ਘੰਟਿਆਂ ’ਚ ਬਾਈ ਸੌ ਬੰਦਾ ਕਤਲ ਹੋਇਆ ਸੀ। ਇਕ ਕਮਰੇ ’ਚ ਅਸੀਂ ਵੇਖਿਆ ਕਿ ਔਰਤਾਂ ਦੀਆਂ ਲਾਸ਼ਾਂ ਦਾ ਢੇਰ ਲੱਗਾ ਹੋਇਆ ਸੀ। ਬਘਿਆੜੀ ਪਿੰਡ ਦੀਆਂ ਗਲ਼ੀਆਂ ਲਹੂ ਨਾਲ ਚਿੱਕੜ ਹੋ ਗਈਆਂ ਸਨ। ਇੰਨਾ ਕੁਝ ਦੇਖ ਕੇ ਵੀ ਮਨ ਨਹੀਂ ਸੀ ਓਦਰਿਆ, ਪਰ ਕਤਲ ਹੋਣ ਲਈ ਹੱਥ ਜੋੜਦਾ ਉਹ ਗੱਭਰੂ ਅੱਖਾਂ ਤੋਂ ਓਝਲ ਨਹੀਂ ਸੀ ਹੋ ਰਿਹਾ। ਤਲਵਾਰ ਮੈਨੂੰ ਮਣਾਂ-ਮੂੰਹੀ ਭਾਰੀ ਲੱਗਣ ਲੱਗ ਪਈ। ਹੱਥ-ਪੈਰ ਝੂਠੇ ਪੈ ਗਏ। ਬਾਬਕ ਪਿੰਡ ਦੀ ਫਿਰਨੀ ਤੋਂ ਮੈਂ ਮੁੜਨ ਦਾ ਫ਼ੈਸਲਾ ਕਰ ਲਿਆ। ਮੇਰੇ ਸਾਥੀ ਹੈਰਾਨ ਹੋਏ। ਮੈਥੋਂ ਕਾਰਨ ਪੁੱਛਣ ਲੱਗੇ ਤਾਂ ਮੈਂ ਬੱਖੀ ’ਚ ਉੱਠੇ ਸੂਲ ਦਾ ਝੂਠ ਬੋਲ ਦਿੱਤਾ। ਬਾਅਦ ’ਚ ਸੱਜਣ-ਮਿੱਤਰ ਸੱਦਣ ਵੀ ਆਉਂਦੇ ਰਹੇ, ਪਰ ਉਸ ਦਿਨ ਤੋਂ ਬਾਅਦ ਮੈਂ ਪਿੰਡੋਂ ਬਾਹਰ ਪੈਰ ਨਹੀਂ ਸੀ ਪਾਇਆ।

ਇਨ੍ਹਾਂ ਗੱਲਾਂ ਨੂੰ ਬੜੇ ਵਰ੍ਹੇ ਬੀਤ ਗਏ ਨੇ ਪੁੱਤਰਾ। ਉਸ ਮੁੰਡੇ ਦੇ ਕਤਲ ਹੋਣ ਲਈ ਪਾਏ ਵਾਸਤੇ ਅੱਜ ਵੀ ਨਹੀਂ ਭੁੱਲਦੇ। ਉਹਦੇ ਮੂੰਹੋਂ ਨਿਕਲੀ ਗਾਲ੍ਹ ਅੱਜ ਵੀ ਕੰਨਾਂ ’ਚ ਗੂੰਜਦੀ ਏ। ਅੱਜ ਵੀ ਜਦੋਂ ਉਹ ਵੇਲਾ ਯਾਦ ਆ ਜਾਏ ਤਾਂ ਮੂੰਹ ’ਚੋਂ ਬੁਰਕੀ ਡਿੱਗ ਜਾਂਦੀ ਏ। ਅੱਜ ਵੀ ਕਦੇ-ਕਦੇ ਅੱਧੀ ਰਾਤੇ ਅੱਖ ਖੁੱਲ੍ਹ ਜਾਂਦੀ ਏ। ਫਿਰ ਸੋਚਾਂ ਦੀ ਲੜੀ ਤੁਰ ਪੈਂਦੀ ਆ। ਪਛਤਾਵਾ ਹੁੰਦਾ ਕਿ ਉਨ੍ਹਾਂ ਲੋਕਾਂ ਦਾ ਕੀ ਕਸੂਰ ਸੀ? ਅਗਰ ਹਿੰਦੂ-ਸਿੱਖਾਂ ਨੂੰ ਕਿਸੇ ਨੇ ਕਤਲ ਕੀਤਾ ਸੀ ਤਾਂ ਉਨ੍ਹਾਂ ਦੇ ਕਾਤਲ ਤਾਂ ਓਧਰ ਸਨ। ਜਿਨ੍ਹਾਂ ਨੂੰ ਅਸੀਂ ਇੱਧਰ ਕਤਲ ਕੀਤਾ, ਉਹ ਸਾਰੇ ਤਾਂ ਬੇਕਸੂਰ ਸਨ। ਅੱਜ ਮੇਰੇ ਮਨ ’ਤੇ ਮਣਾ-ਮੂੰਹੀਂ ਬੋਝ ਏ। ਮੁਆਫ਼ੀ ਵੀ ਮੰਗੀਏ ਤਾਂ ਕਿਹਦੇ ਕੋਲੋਂ ਮੰਗੀਏ? ਬਘਿਆੜੀ ਪਿੰਡ ’ਚੋਂ ਤਾਂ ਸ਼ਾਇਦ ਹੀ ਕੋਈ ਬਚ ਕੇ ਗਿਆ ਹੋਵੇ। ਫਿਰ ਵੀ ਮੈਂ ਉਨ੍ਹਾਂ ਸਾਰੇ ਬੇਕਸੂਰ ਲੋਕਾਂ ਦੇ ਬੱਚਿਆਂ ਕੋਲੋਂ ਮੁਆਫ਼ੀ ਮੰਗਦਾਂ, ਮੈਂ ਜਿਨ੍ਹਾਂ ਨੂੰ ਕਤਲ ਕੀਤਾ ਜਾਂ ਕਤਲ ਕਰਨ ਲਈ ਸਾਥੀਆਂ ਨੂੰ ਹੱਲਾਸ਼ੇਰੀ ਦਿੱਤੀ!” ਚਾਣਚੱਕ ਉਹਦੇ ਚਿਹਰੇ ’ਤੇ ਸ਼ਾਂਤੀ ਦਾ ਭਾਵ ਪਸਰ ਗਿਆ।

“ਤੁਸੀਂ ਹਮਲੇ ਕਰਦੇ ਰਹੇ। ਨਿਰਦੋਸ਼ ਲੋਕਾਂ ਨੂੰ ਕਤਲ ਕਰਦੇ ਰਹੇ। ਇਕ ਗੱਲ ਮੇਰੀ ਸਮਝ ’ਚ ਨਹੀਂ ਆਈ ਕਿ ਉਸ ਮੁੰਡੇ ਦੇ ਕਤਲ ਨੂੰ ਤੁਸੀਂ ਕਿਉਂ ਦਿਲ ’ਤੇ ਲਗਾ ਲਿਆ ਸੀ?” ਗੱਲਬਾਤ ਦੇ ਅਖ਼ੀਰ ’ਚ ਮੈਂ ਸਵਾਲ ਕੀਤਾ।

“....ਤੋਬਾ! ਤੋਬਾ!! ਤੋਬਾ!!!” ਬਾਬੇ ਰਾਮੇ ਨੇ ਲੰਮਾ ਹਉਕਾ ਭਰਿਆ।

“...ਵਕਤ ਦੇ ਰੰਗ ਬੜੇ ਨਿਰਾਲੇ ਨੇ ਪੁੱਤਰਾ! ਉਹ ਮੁੰਡਾ ਜਿਹਨੇ ਕਤਲ ਹੋਣ ਲਈ ਸਾਡੇ ਪਿੰਡ ਦੇ ਜੱਟਾਂ ਨੂੰ ਗਾਲ੍ਹ ਕੱਢੀ ਸੀ ,ਪਤਾ ਉਹ ਕੌਣ ਸੀ?” ਉਹਨੇ ਸਵਾਲੀਆ ਨਜ਼ਰਾਂ ਮੇਰੇ ਚਿਹਰੇ ’ਤੇ ਟਿਕਾ ਦਿੱਤੀਆਂ ਸਨ।

“ਕੌਣ ਸੀ?” ਮੇਰਾ ਮਨ-ਮਸਤਕ ਜਗਿਆਸਾ ਨਾਲ ਭਰ ਗਿਆ ਸੀ।

“ਜਿਹਨੇ ਕਦੇ ਜ਼ੈਲਦਾਰ ਨੂੰ ਕਿਹਾ ਸੀ ਕਿ ਮੈਂ ਕਤਲ ਕਰ ਵੀ ਸਕਦਾਂ ਤੇ ਖ਼ੁਦ ਵੀ ਹੋ ਸਕਦਾਂ, ਪਰ ਕਦੇ ਕਿਸੇ ਨੂੰ ਗਾਲ੍ਹ ਨਹੀਂ ਕੱਢ ਸਕਦਾ। ਕਤਲ ਹੋਣ ਲਈ ਉਹਨੂੰ ਗਾਲ੍ਹ ਕੱਢਣੀ ਪਈ ਸੀ। ਉਹ ਰਮਜ਼ਾਨ ਸੀ ਪੁੱਤਰਾ! ਉਹੀ ਰਮਜ਼ਾਨ ਜਿਹਦੇ ਲਈ ਕਦੇ ਅਸੀਂ ਤਾੜੀਆਂ ਮਾਰੀਆਂ ਸਨ।” ਗੱਲ ਮੁਕਾਉਂਦਿਆਂ, ਬਾਬੇ ਨੇ ਦੋਵੇਂ ਹੱਥ ਜੋੜ ਕੇ ਅੰਬਰ ਵੱਲ ਨੂੰ ਉਠਾ ਲਏ ਸਨ।

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਸਾਂਵਲ ਧਾਮੀ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ