Gunahgar Haan Main (Vand De Dukhre) : Sanwal Dhami
ਗੁਨਾਹਗਾਰ ਹਾਂ ਮੈਂ... (ਵੰਡ ਦੇ ਦੁੱਖੜੇ) : ਸਾਂਵਲ ਧਾਮੀ
ਇਕ ਨਵੰਬਰ ਉੱਨੀ ਸੌ ਛਿਆਹਠ ਨੂੰ ਪੰਜਾਬ ਦੇ ਫਿਰ ਤੋਂ ਟੁਕੜੇ ਹੋਏ। ਹੁਸ਼ਿਆਰਪੁਰ ਦੀ ਤਹਿਸੀਲ ਊਨਾ, ਹਿਮਾਚਲ ਪ੍ਰਦੇਸ ਦੇ ਜ਼ਿਲ੍ਹੇ ਕਾਂਗੜਾ ਨੂੰ ਮਿਲ ਗਈ। ਇਕ ਸਤੰਬਰ ਉੱਨੀ ਸੌ ਬਹੱਤਰ ਨੂੰ ਕਾਂਗੜੇ ’ਚੋਂ ਦੋ ਜ਼ਿਲ੍ਹੇ ਹੋਰ ਬਣ ਗਏ; ਹਮੀਰਪੁਰ ਅਤੇ ਊਨਾ। ਅੱਜਕੱਲ੍ਹ ਊਨਾ ਜ਼ਿਲ੍ਹੇ ਦੀਆਂ ਪੰਜ ਤਹਿਸੀਲਾਂ ਹਨ। ਇਨ੍ਹਾਂ ’ਚੋਂ ਇਕ ਦਾ ਨਾਂ ਅੰਬ ਹੈ।
ਹੁਸ਼ਿਆਰਪੁਰ ਤੋਂ ਗਗਰੇਟ ਵੱਲ ਜਾਈਏ ਤਾਂ ਅਠਾਰਾਂ ਕੁ ਕਿਲੋਮੀਟਰ ਤੋਂ ਊਨਾ ਜ਼ਿਲ੍ਹਾ ਸ਼ੁਰੂ ਹੋ ਜਾਂਦਾ ਹੈ। ਇੱਥੋਂ ਸੱਜੇ ਹੱਥ ਜਾਈਏ ਤਾਂ ਪਾਂਬੜਾ ਪਿੰਡ ਤੋਂ ਬਾਅਦ ਥੱਪਲਾਂ ਪਿੰਡ ਆ ਜਾਂਦਾ ਹੈ। ਇਸ ਨੀਮ-ਪਹਾੜੀ ਪਿੰਡ ਦੇ ਘਰ ਦੂਰ-ਦੂਰ ਤਕ ਖਿੱਲਰੇ ਹੋਏ ਹਨ। ਅੰਬਾਂ ਅਤੇ ਬੋਹੜਾਂ ਦੀ ਵਿਸ਼ਾਲਤਾ ਰੂਹ ਨਸ਼ਿਆ ਜਾਂਦੀ ਹੈ। ਕਾਲੀਆਂ ਸਲੇਟਾਂ ਵਾਲੀਆਂ ਤਿਰਛੀਆਂ ਛੱਤਾਂ ਦਾ ਭਾਰ ਚੁੱਕੀ ਖੜ੍ਹੀਆਂ ਲਿੰਬੀਆਂ ਕੰਧਾਂ ’ਤੇ ਉੱਕਰੇ ਮੋਰ-ਤੋਤਿਆਂ ਨੂੰ ਵੇਖਦਿਆਂ ਸਿਰਜਕ ਹੱਥਾਂ ਅੱਗੇ ਸਿਰ ਝੁਕ ਜਾਂਦਾ ਹੈ।
ਸੰਤਾਲੀ ਤੋਂ ਪਹਿਲਾਂ ਇਸ ਪਿੰਡ ਵਿਚ ਰਾਜਪੂਤ, ਮੁਸਲਮਾਨ ਗੁੱਜਰ ਤੇ ਆਦਿ ਧਰਮੀ ਵੱਸਦੇ ਸਨ। ਦੋਵੇਂ ਲੰਬੜਦਾਰੀਆਂ ਰਾਜਪੂਤਾਂ ਕੋਲ ਸਨ। ਇੱਥੇ ਮੁਸਲਮਾਨ ਗੁੱਜਰਾਂ ਦਾ ਕੋਈ ਡੇਢ ਸੌ ਘਰ ਸੀ। ਵੰਡ ਵੇਲੇ ਬਹੁਤੇ ਪਾਕਿਸਤਾਨ ਚਲੇ ਗਏ। ਚਾਰ ਕੁ ਟੱਬਰ ਇੱਥੇ ਰਹਿ ਵੀ ਗਏ। ਹੁਣ ਇੱਥੇ ਕਾਲਸ, ਚੌਹਾਨ ਤੇ ਗੋਰਸ਼ੀ ਗੋਤ ਦੇ ਗੁੱਜਰਾਂ ਦੇ ਚਾਲੀ ਕੁ ਘਰ ਵੱਸਦੇ ਨੇ।
ਇਸ ਪਿੰਡ ਨੂੰ ਮੈਂ ਬਾਬੇ ਰਾਣੂੰ ਕਾਲਸ ਨਾਲ ਮੁਲਾਕਾਤ ਕਰਨ ਗਿਆ ਸਾਂ।
ਇਨ੍ਹਾਂ ਦੇ ਅੱਬਾ ਦਾ ਨਾਂ ਹਾਕੂ ਸੀ। ਇਹ ਤਿੰਨ ਭਰਾ ਤੇ ਤਿੰਨ ਭੈਣਾਂ ਸਨ। ਰਾਣੂੰ ਸਾਰਿਆਂ ਨਾਲੋਂ ਛੋਟਾ ਸੀ। ਵੱਡੇ ਸਭ ਭੈਣ-ਭਰਾ ਵਿਆਹੇ ਹੋਏ ਸਨ। ਭਰਾਵਾਂ ਦੇ ਨਾਂ ਦੁਲੱਮੀ ਤੇ ਦੁੱਲਣ ਸੀ। ਭੈਣਾਂ ਦੇ ਨਾਂ ਕਰਮਤੇ, ਦੁੰਮੀ ਤੇ ਰਹਿਮਤੇ ਸੀ।
ਆਓ, ਬਾਬੇ ਰਾਣੂੰ ਦੀ ਕਹਾਣੀ ਉਹਦੇ ਮੂੰਹੋਂ ਸੁਣੀਏ।
“ਸੰਤਾਲੀ ਤੋਂ ਪਹਿਲਾਂ ਇੱਥੇ ਬਹੁਤ ਰੌਣਕਾਂ ਹੁੰਦੀਆਂ। ਗੁੱਜਰ ਮੱਝਾਂ-ਬੱਕਰੀਆਂ ਵੀ ਚਾਰਦੇ ਤੇ ਖੇਤੀ ਵੀ ਕਰਦੇ। ਕੂੜਾ ਤੇ ਖੁਦਾਈਆ ਇੱਥੋਂ ਦੇ ਮਸ਼ਹੂਰ ਗੁੱਜਰ ਹੁੰਦੇ ਸੀ। ਪਿੰਡ ਵਿਚ ਮਸੀਤ ਸੀ। ਹੁਣ ਵੀ ਆ। ਮੇਰੇ ਬਚਪਨ ਦੇ ਸਾਥੀ ਸੀ: ਮੰਗਤੂ ਤੇ ਨਬੀਆ।
ਸੰਤਾਲੀ ਵਿਚ ਸਾਡੇ ਉੱਤੇ ਕੋਈ ਹਮਲਾ ਨਹੀਂ ਹੋਇਆ। ਜੰਗਲਾਂ ਵਿਚ ਵਸਣ ਵਾਲੇ ਚਾਰ ਕੁ ਘਰ ਇੱਥੇ ਰਹਿ ਗਏ ਤੇ ਬਾਕੀ ਸਾਰੇ ਇੱਥੋਂ ਉੱਠ ਕੇ ਨਸਰਾਲੇ ਵਾਲੇ ਕੈਂਪ ਵਿਚ ਚਲੇ ਗਏ। ਉੱਥੇ ਅਸੀਂ ਪੱਚੀ ਕੁ ਦਿਨ ਰਹੇ। ਉੱਥੇ ਬਿਮਾਰੀ ਨਾਲ ਤਾਂ ਬਹੁਤ ਮਰੇ, ਪਰ ਸਾਡੇ ਉੱਤੇ ਹਮਲਾ ਕੋਈ ਨਹੀਂ ਹੋਇਆ।
ਜਦੋਂ ਨਸਰਾਲੇ ਤੋਂ ਤੁਰੇ ਤਾਂ ਬਲੋਚ ਮਿਲਟਰੀ ਸਾਡੇ ਨਾਲ ਸੀ। ਭੁੱਖਾ-ਪਿਆਸ ਕੱਟਦੇ ਅਸੀਂ ਵਾਘੇ ਵਾਲੀ ਹੱਦ ਟੱਪ ਗਏ। ਸਾਰਿਆਂ ਨੇ ਸੁੱਖ ਦਾ ਸਾਹ ਲਿਆ। ਅਸੀਂ ਸ਼ੇਖੂਪੁਰੇ ਦੇ ਪਿੰਡ ਖਾਹਰੇ ਵਿਚ ਪਹੁੰਚ ਗਏ। ਇਕ ਵਧੀਆ ਘਰ ’ਤੇ ਕਬਜ਼ਾ ਕਰ ਲਿਆ। ਕਈ ਘਰਾਂ ਵਿਚ ਕਣਕ ਰਹਿ ਗਈ ਸੀ, ਕਈਆਂ ਵਿਚ ਚੌਲ਼। ਕਮਾਦ ਵੀ ਉਂਜ ਹੀ ਖੜ੍ਹੇ ਸਨ। ‘ਸਾਡੇ ਘਰ’ ਵਿਚ ਤੀਹ ਕੁਇੰਟਲ ਤੋਰੀਆ ਪਿਆ ਸੀ। ਉਹਨੂੰ ਵੇਚ-ਵੇਚ ਅਸੀਂ ਖਾਣਾ-ਦਾਣਾ ਖ਼ਰੀਦਦੇ ਰਹੇ।
ਓਸ ਪਿੰਡ ਵਿਚ ਬਹੁਤੇ ਲੋਕ ਪਹਾੜੀ ਸਨ। ਜ਼ਮੀਨ ਵਧੀਆ ਸੀ। ਨਹਿਰੀ ਪਾਣੀ ਲੱਗਦਾ ਸੀ। ਪਹਾੜੀਆਂ ਨੇ ਬਹੁਤ ਮਿਹਨਤਾਂ ਕੀਤੀਆਂ। ਉਨ੍ਹਾਂ ਹੌਲੀ-ਹੌਲੀ ਮੱਝ ਤੋਂ ਮੱਝਾਂ ਤੇ ਮੱਝਾਂ ਤੋਂ ਵੱਗ ਬਣਾ ਲਏ। ਅਸੀਂ ਵੀ ਬੱਕਰੀ ਤੋਂ ਬੱਕਰੀਆਂ ਤੇ ਬੱਕਰੀਆਂ ਤੋਂ ਇੱਜੜ ਬਣਾ ਲਿਆ ਸੀ।
ਸ਼ਾਮ ਢਲਦੀ। ਬਜ਼ੁਰਗ ਹੁੱਕੇ ਮਘਾ ਕੇ ਬੈਠ ਜਾਂਦੇ। ਕਸ਼ ਭਰਦੇ। ਹੁੱਕਿਆਂ ਦੀ ਗੁੜ-ਗੁੜ ਨਾਲ ਵਤਨ ਨੂੰ ਯਾਦ ਕਰਦੇ। ਦੋਸਤਾਂ, ਪਹਾੜਾਂ, ਚਰਾਂਦਾਂ, ਪਗਡੰਡੀਆਂ, ਕਬਰਾਂ ਤੇ ਅੰਬਾਂ ਦੀਆਂ ਗੱਲਾਂ ਕਰਦੇ। ਹਉਕੇ ਭਰਦੇ। ਹੰਝੂ ਕੇਰਦੇ।
ਮੈਂ ਮਾਂ ਨਾਲ ਜਦੋਂ ਵੀ ਥੱਪਲਾਂ ਦੀ ਗੱਲ ਕਰਦਾ ਤਾਂ ਉਹ ਰੋ ਪੈਂਦੀ। ਪਿਉ ਨਾਲ ਗੱਲ ਕਰਦਾ ਤਾਂ ਉਹ ਉਦਾਸ ਹੋ ਜਾਂਦਾ। ਭਰਾ ਵੀ ਇਸ ਪਿੰਡ ਦੀ ਗੱਲ ਖੁੱਲ੍ਹ ਕੇ ਨਾ ਕਰਦੇ। ਉਨ੍ਹਾਂ ਦਾ ਖਿਆਲ ਸੀ ਥੱਪਲਾਂ ਦੀਆਂ ਗੱਲਾਂ ਕਰਨ ਨਾਲ ਮੇਰਾ ਮਨ ਓਦਰ ਜਾਏਗਾ। ਉੱਥੇ ਮੇਰਾ ਕੰਮ ਬੱਕਰੀਆਂ ਚਾਰਨ ਦਾ ਸੀ। ਮੇਰੇ ਨਾਲ ਬਾਬਾ ਰੂੜਾ ਹੁੰਦਾ ਸੀ। ਅਸੀਂ ਦੁਪਹਿਰ ਨੂੰ ਬੱਕਰੀਆਂ ਕਿੱਕਰ ਥੱਲੇ ਬਿਠਾ ਦਿੰਦੇ ਤੇ ਥੱਪਲਾਂ ਦੀਆਂ ਗੱਲਾਂ ਕਰਨ ਲੱਗ ਜਾਂਦੇ। ਗੱਲ ਕਰਦਾ-ਕਰਦਾ ਉਹ ਕਿਸੇ ਮੇਮਣੇ ਨੂੰ ਬੁੱਕਲ ਵਿਚ ਲੈ ਕੇ ਰੋਣ ਲੱਗ ਜਾਂਦਾ। ਥੋੜ੍ਹਾ ਸੰਭਲਦਾ ਤਾਂ ਆਪਣੇ ਦੋਸਤਾਂ ਨੂੰ ਆਵਾਜ਼ਾਂ ਮਾਰਨ ਲੱਗ ਜਾਂਦਾ।
‘ਕਿੱਥੇ ਮਰ ਗਿਆ ਓਏ ਨਰੈਣ ਚੰਦਾ? ਓਏ ਸਾਨੂੰ ਕਿਉਂ ਤੋਰ ਦਿੱਤਾ ਗੁੱਜਰ ਸਿਆਂ? ਪਾਪੀਓ, ਆਪ ਤੁਸੀਂ ਥੱਪਲਾਂ ਵਿਚ ਬੈਠੇ ਹੋ ਤੇ ਸਾਨੂੰ ਜਲਾਵਤਨ ਕਰ ਛੱਡਿਆ ਏ।’
ਉਹਦੀਆਂ ਗੱਲਾਂ ਸੁਣ ਕੇ ਮੈਂ ਵੀ ਰੋਣ ਲੱਗ ਪੈਂਦਾ। ਇੰਨਾ ਰੋਂਦਾ ਕਿ ਬਾਬਾ ਰੂੜਾ ਆਪਣਾ ਦਰਦ ਭੁੱਲ ਕੇ ਮੈਨੂੰ ਵਰਾਉਣ ਲੱਗ ਜਾਂਦਾ। ਮੈਂ ਘਰ ਮੁੜਦਾ। ਉਦਾਸ ਚਿਹਰਾ ਤੇ ਸੁੱਜੀਆਂ ਅੱਖਾਂ ਵੇਖ ਮੇਰੇ ਮਾਪੇ ਮੈਨੂੰ ਕਈ ਤਰ੍ਹਾਂ ਦੇ ਸਵਾਲ ਕਰਦੇ। ਮੈਂ ਪਿੰਡ ਦੀ ਯਾਦ ਆਉਣ ਬਾਰੇ ਦੱਸਦਾ।
ਮਾਪਿਆਂ ਨੇ ਮੇਰਾ ਨਿਕਾਹ ਕਰ ਦਿੱਤਾ। ਉਹ ਖੜਕਾਂ ਪਿੰਡ ਤੋਂ ਗਏ ਸੀ। ਨਿਕਾਹ ਤੋਂ ਬਾਅਦ ਵੀ ਮੇਰਾ ਮਨ ਓਦਰਿਆ ਰਿਹਾ। ਘਰਵਾਲੀ ਨੇ ਸਮਝਾਉਣਾ ਕਿ ਲੱਖਾਂ ਲੋਕ ਏਧਰੋਂ ਓਧਰ ਤੇ ਓਧਰੋਂ ਏਧਰ ਆਏ ਨੇ। ਤੇਰੇ ਨਾਲ ਕੋਈ ਜੱਗੋਂ ਤੇਰਵੀਂ ਤਾਂ ਨਹੀਂ ਹੋਈ। ਉਹਦੀਆਂ ਗੱਲਾਂ ਸੁਣ ਕੇ ਦਿਲ ਕੁਝ ਦੇਰ ਲਈ ਥੰਮ ਜਾਂਦਾ। ਅਗਲੇ ਦਿਨ ਫਿਰ ਤੋਂ ਬਾਬਾ ਰੂੜਾ ਵਤਨ ਦੀਆਂ ਕਹਾਣੀਆਂ ਛੋਹ ਲੈਂਦਾ। ਮੇਰਾ ਮਨ ਫਿਰ ਤੋਂ ਡੋਲ ਜਾਂਦਾ। ਕਦੇ-ਕਦੇ ਉਹ ਉੱਚੀ ਹੇਕ ਵਿਚ ਪਹਾੜੀ ਗੀਤ ਗਾਉਂਦਾ:
ਬਾਹਮਣਾ ਦਿਆ ਛੋਰੂਆ ਵੇ,
ਰਾਹ ਵਿਚ ਬੰਗਲੂ ਤੇਰਾ,
ਵੇ ਤੇਰੀ ਸੌਂਹ, ਰਾਹ ਵਿਚ ਬੰਗਲੂ ਤੇਰਾ।
ਵੇ ਰਾਤੀਂ ਓਏ ਰਹਿਣਾ ਦੇ,
ਰਹਿਣਾ, ਓਏ ਰਹਿਣਾ, ਦਿਲ ਜਾਨੀਆਂ..ਆਂ...ਆਂ...ਆਂ।
ਕੂੰਜਾਂ ਉੜੀਆਂ, ਵੇ ਉੜੀਆਂ,
ਜਾ ਰਹੀਆਂ ਕੋਹਨੂਰ ਵੇ ਮਾਹੀਆ।
ਧੁੱਪਾਂ ਪੈਂਦੀਆਂ, ਪੈਂਡੇ ਦੂਰ ਵੇ ਮਾਹੀਆ।
ਵੇ ਛੱਤਰੀਆਂ ਤਾਣੀ ਦੇਣਾ,
ਛੱਤਰੀਆਂ ਤਾਣੀ ਦੇਣਾ...ਮਨ ਕੇ ਪੀਆ...ਆ...ਆ...ਆ।
ਜਦੋਂ ਉਹਦੀ ਹੇਕ ਹੂਕ ਜਿਹੀ ਬਣ ਜਾਂਦੀ ਤਾਂ ਮੇਰੇ ਚੁਫ਼ੇਰੇ ਨਿੱਕੇ-ਨਿੱਕੇ ਪਹਾੜ ਉੱਗ ਆਉਂਦੇ। ਕਿੱਕਰਾਂ ਅੰਬਾਂ ਵਿਚ ਵਟ ਜਾਂਦੀਆਂ। ਪੈਰਾਂ ਵਿਚ ਕੰਕਰ ਚੁੱਭਦੇ ਮਹਿਸੂਸ ਹੁੰਦੇ। ਮੈਂ ਧਾਹਾਂ ਮਾਰਨ ਲੱਗ ਜਾਂਦਾ।
ਇਕ ਦੁਪਹਿਰ ਉਹ ਮੈਨੂੰ ਪੁੱਛਣ ਲੱਗਾ- ਓਏ ਰਾਣੂੰਆਂ, ਤੂੰ ਵਤਨ ਜਾਣਾ? ਮੈਂ ਉਹਨੂੰ ਹੈਰਾਨੀ ਨਾਲ ਵੇਖਣ ਲੱਗਾ। ਮੈਨੂੰ ਮਾਪੇ, ਭਾਈ, ਭੈਣਾਂ ਤੇ ਵਹੁਟੀ ਦਾ ਖਿਆਲ ਆ ਗਿਆ। ਮੈਂ ਆਖਿਆ- ਜਾਣ ਨੂੰ ਦਿਲ ਤਾਂ ਬਹੁਤ ਕਰਦਾ ਪਰ ਸਾਰੇ ਰਿਸ਼ਤੇ ਨਾਤੇ ਤਾਂ ਹੁਣ ਇੱਧਰ ਨੇ!
ਉਹ ਉਦਾਸ ਜਿਹਾ ਹੱਸ ਕੇ ਬੋਲਿਆ-ਓਏ ਰਾਣੂੰਆਂ, ਮੈਂ ਵੀ ਘਰਵਾਲੀ, ਆਪਣੇ ਚਾਰ ਭਰਾ, ਪੁੱਤ-ਭਤੀਜੇ, ਪੋਤਰੇ-ਪੋਤਰੀਆਂ, ਧੀਆਂ-ਦੋਹਤੇ ਸਭ ਇੱਧਰ ਹੀ ਛੱਡ ਕੇ ਜਾਣੇ ਨੇ! ਵਤਨ ਜਾਂ ਰਿਸ਼ਤਿਆਂ ’ਚੋਂ ਸਾਨੂੰ ਇਕ ਪਾਸਾ ਚੁਣਨਾ ਪੈਣਾ। ਮੈਨੂੰ ਕੱਲ੍ਹ ਤਕ ਪੱਕਾ ਦੱਸ ਦਈਂ। ਰਸਤਾ ਮੈਨੂੰ ਯਾਦ ਏ। ਅਸੀਂ ਸਰਵਣ ਦੀ ਵਹਿੰਗੀ ਦੇ ਸਹਾਰੇ ਤੁਰੀ ਜਾਣਾ ਏ।
ਮੈਨੂੰ ਸਾਰੀ ਰਾਤ ਨੀਂਦ ਨਾ ਆਈ। ਪਤਨੀ ਮੁੜ-ਮੁੜ ਉਦਾਸੀ ਦਾ ਕਾਰਨ ਪੁੱਛੀ ਜਾਏ। ਮੈਂ ‘ਹੂੰਅ-ਹਾਂਅ’ ਕਰਕੇ ਟਾਲਦਾ ਰਿਹਾ। ਅਗਲੇ ਦਿਨ ਮੈਂ ਬਾਬੇ ਰੂੜੇ ਨੂੰ ਆਪਣਾ ਫ਼ੈਸਲਾ ਸੁਣਾ ਦਿੱਤਾ। ਮੇਰੀ ਗੱਲ ਸੁਣ ਕੇ ਉਹ ਖ਼ੁਸ਼ੀ ਵਿਚ ਬੋਲਿਆ- ਤੂੰ ਸੱਚਮੁਚ ਪਹਾੜਾਂ ਦਾ ਜਾਇਆ ਏਂ!
ਉਸ ਦਿਨ ਬੱਕਰੀਆਂ ਚਾਰਦਿਆਂ ਅਸੀਂ ਨਾ ਕੋਈ ਗੀਤ ਗਾਇਆ। ਨਾ ਰੋਏ। ਬਸ ਖਾਰੇ ਪਿੰਡ ਤੋਂ ਥੱਪਲਾਂ ਦੇ ਸਫ਼ਰ ਦੀਆਂ ਗੱਲਾਂ ਕਰਦੇ ਰਹੇ। ਕਦੇ ਮਨ ਵਿਚ ਚਾਅ ਫੁੱਟਦਾ ਤੇ ਕਦੇ-ਕਦੇ ਮਨ ਡਾਹਢਾ ਉਦਾਸ ਜਿਹਾ ਹੋ ਜਾਂਦਾ।
ਰਾਤ ਪਈ। ਅਸੀਂ ਪਿੰਡੋਂ ਨਿਕਲ ਕੇ ਚੜ੍ਹਦੀ ਦਿਸ਼ਾ ਵੱਲ ਤੁਰ ਪਏ। ਬਾਬੇ ਰੂੜੇ ਦੇ ਦਾੜ੍ਹੀ-ਮੁੱਛਾਂ ਸਨ। ਉਹਨੇ ਪੱਗ ਬੰਨ੍ਹ ਲਈ। ਅਸੀਂ ਸਾਰੀ ਰਾਤ ਤੁਰਦੇ ਰਹੇ। ਦਿਨ ਚੜ੍ਹਿਆ। ਅਸੀਂ ਕਮਾਦ ਵਿਚ ਲੁਕ ਗਏ। ਦੋ ਰਾਤਾਂ ਦੇ ਬਾਅਦ ਜਦੋਂ ਬਾਬੇ ਰੂੜੇ ਨੇ ਧਰਤੀ ਨੂੰ ਚੁੰਮਦਿਆਂ ਧਾਹ ਮਾਰੀ ਤਾਂ ਮੈਂ ਸਮਝ ਗਿਆ ਕਿ ਅਸੀਂ ਭਾਰਤ ਵਿਚ ਪਹੁੰਚ ਚੁੱਕੇ ਆਂ।
ਇਸੀ ਤਰ੍ਹਾਂ ਲੁਕਦੇ-ਛਿਪਦੇ ਅਸੀਂ ਚੌਥੇ-ਪੰਜਵੇਂ ਦਿਨ ਹੁਸ਼ਿਆਰਪੁਰ ਪਹੁੰਚ ਗਏ। ਅਗਾਂਹ ਪਗਡੰਡੀਆਂ ਵਾਲਾ ਪਹਾੜੀ ਰਸਤਾ ਸੀ। ਬਾਬਾ ਰੂੜਾ ਮਾਣ ਵਿਚ ਬੋਲਿਆ-ਆਪਣਾ ਇਲਾਕਾ ਆ ਗਿਆ ਏ। ਹੁਣ ਕੋਈ ਡਰ ਨਹੀਂ। ਜਦੋਂ ਅਸੀਂ ਗੁੱਜਰ ਸਿੰਘ ਤੇ ਨਰੈਣ ਚੰਦ ਲੰਬੜਦਾਰਾਂ ਦਾ ਨਾਂ ਲਿਆ ਤਾਂ ਕਿਹੜਾ ਹਿੰਮਤ ਕਰੂ ਸਾਨੂੰ ਹੱਥ ਪਾਉਣ ਦੀ!
ਇਹ ਵਾਟ ਅਸੀਂ ਦਿਨ ਸਮੇਂ ਕੀਤੀ ਸੀ।
ਪਿੰਡ ਪਹੁੰਚੇ ਤਾਂ ਸਾਰਾ ਪਿੰਡ ’ਕੱਠਾ ਹੋ ਗਿਆ। ਲੰਬੜਦਾਰਾਂ ਸਾਨੂੰ ਸੰਭਾਲ ਲਿਆ। ਸਾਨੂੰ ਮੁੜ ਤੋਂ ਸਾਡੇ ਘਰਾਂ ਵਿਚ ਵਾੜ ਦਿੱਤਾ। ਦੋ-ਦੋ ਬੱਕਰੀਆਂ ਵੀ ਦੇ ਦਿੱਤੀਆਂ। ਸਾਲ ਕੁ ਬਾਅਦ ਮੇਰਾ ਕਿਸੇ ਗੁੱਜਰ ਦੀ ਵਿਧਵਾ ਧੀ ਨਾਲ ਨਿਕਾਹ ਵੀ ਕਰਵਾ ਦਿੱਤਾ। ਦੋ ਕੁ ਸਾਲ ਬਾਅਦ ਦੀ ਗੱਲ ਏ। ਇਕ ਦਿਨ ਬਾਬੇ ਰੂੜੇ ਦਾ ਪੁੱਤ ਉਹਨੂੰ ਲੈਣ ਆ ਗਿਆ। ਬਾਬੇ ਨੇ ਬੜੀਆਂ ਲੇਰਾਂ ਮਾਰੀਆਂ। ਦੋਸਤਾਂ ਨੂੰ ਵੀ ਆਵਾਜ਼ਾਂ ਮਾਰੀਆਂ। ਪੁੱਤ ਅੱਗੇ ਹੱਥ ਜੋੜ ਕੇ ਤਰਲੇ ਪਏ- ਮੈਨੂੰ ਆਪਣੇ ਪਿਉ ਦਾਦਿਆਂ ਕੋਲ ਸੌਣ ਦੇ।
ਪੁੱਤ ਨਾ ਮੰਨਿਆ ਤੇ ਉਹਨੂੰ ਰੋਂਦੇ-ਕੁਰਲਾਉਂਦੇ ਨੂੰ ਇੱਥੋਂ ਲੈ ਗਿਆ।
ਪੰਜ-ਛੇ ਸਾਲਾਂ ਬਾਅਦ ਮੇਰੇ ਅੱਬਾ-ਅੰਮੀ ਮੈਨੂੰ ਮਿਲਣ ਆਏ। ਬੁੱਢੀਆਂ ਬਾਹਵਾਂ ਨਾਲ ਮੇਰਾ ਕਲਾਵਾ ਭਰ ਕੇ ਬੜਾ ਰੋਏ। ਕਹਿਣ ਲੱਗੇ- ਤੂੰ ’ਕੱਲਾ ਕਿਉਂ ਤੁਰ ਆਇਆਂ? ਸਾਨੂੰ ਵੀ ਨਾਲ ਲੈ ਆਉਂਦਾ। ਮਹੀਨਾ ਕੁ ਰਹਿ ਕੇ ਉਹ ਮੁੜ ਗਏ। ਹੁਣ ਤਾਂ ਵਿਚਾਰੇ ਦੁਨੀਆਂ ਤੋਂ ਹੀ ਤੁਰ ਗਏ ਨੇ। ਦੋਵੇਂ ਭਰਾ ਤੇ ਤਿੰਨੋਂ ਭੈਣਾਂ ਵੀ ਫੌਤ ਹੋ ਗਈਆਂ ਨੇ। ਹੁਣ ਤਾਂ...।” ਗੱਲ ਅਧੂਰੀ ਛੱਡ ਉਹ ਫਿੱਕਾ ਜਿਹਾ ਹੱਸਿਆ।
“...ਕਈ ਵਾਰ ਪਛਤਾਵਾ ਵੀ ਹੁੰਦਾ ਕਿ ਅਗਰ ਮੈਂ ਓਧਰ ਆਪਣੇ ਭਰਾਵਾਂ ਵਿਚ ਵਸਿਆ ਰਹਿੰਦਾ ਤਾਂ ਸ਼ਾਇਦ ਚੰਗਾ ਹੁੰਦਾ। ਉਹ ਤਾਂ ਬੜਾ ਸੱਦਦੇ ਰਹੇ, ਪਰ ਇਕ ਬਹੁਤ ਵੱਡੀ ਅੜਚਣ ਸੀ, ਜਿਸ ਕਰਕੇ ਮੈਂ ਕਦੇ ਵੀ ਓਧਰ ਨਾ ਜਾ ਸਕਿਆ!” ਇਹ ਆਖ ਉਹ ਚੁੱਪ ਹੋ ਗਿਆ।
“ਉਹ ਕੀ?” ਮੈਂ ਸਵਾਲ ਕੀਤਾ।
“ਮੈਂ ਇੱਧਰ ਆ ਗਿਆ। ਉਹਦੇ ਮਾਪਿਆਂ ਨੇ ਮੈਨੂੰ ਦੋ ਸਾਲ ਉਡੀਕਿਆ। ਕਈ ਖ਼ਤ ਵੀ ਲਿਖੇ। ਮੈਂ ਕਿੱਥੇ ਮੁੜਨਾ ਸੀ! ਉਨ੍ਹਾਂ ਮੇਰੀ ਘਰਵਾਲੀ ਮੇਰੇ ਤਾਏ ਦੇ ਪੁੱਤ ਦੇ ਘਰ ਬਿਠਾਲ ਦਿੱਤੀ। ਉਹ ਬੁੱਢੜ ਜਿਹਾ ਲੋੜਕੂ ਬੰਦਾ ਸੀ। ਮੇਰੀ ਘਰਵਾਲੀ ਤਾਂ ਪਰੀਆਂ ਵਰਗੀ ਸੀ। ਮੈਂ ਉਹਦੀ ਜ਼ਿੰਦਗੀ ਤਬਾਹ ਕਰ ਦਿੱਤੀ। ਭੈਣ-ਭਾਈਆਂ ਨੂੰ ਮਿਲਣ ਲਈ ਦਿਲ ਤਾਂ ਤੜਫ਼ਦਾ ਰਿਹਾ, ਪਰ ਜੇ ਮੈਂ ਓਧਰ ਜਾਂਦਾ ਤਾਂ ਉਹਦੇ ਮੱਥੇ ਕਿਵੇਂ ਲੱਗਦਾ?” ਠੰਢਾ ਹਉਕਾ ਭਰਦਿਆਂ, ਉਹ ਬਿੰਦ ਕੁ ਲਈ ਚੁੱਪ ਹੋ ਗਿਆ।
“ਏਸ ਪਿੰਡ ਦੇ ਸਿਰ ਤੋਂ ਮੈਂ ਸਾਰੇ ਰਿਸ਼ਤੇ ਵਾਰੇ ਨੇ! ਏਸ ਧਰਤੀ ਲਈ ਮੈਂ ਕਈ ਦਿਲ ਤੋੜੇ ਨੇ! ਖੌਰੇ ਕਿੱਦਾਂ ਦਾ ਗੁਨਾਹਗਾਰ ਹਾਂ ਮੈਂ!” ਇਹ ਆਖ ਉਹ ਪਹਿਲਾਂ ਮੁਸਕਰਾਇਆ ਤੇ ਫਿਰ ਰੋ ਪਿਆ।