Muzrim Waris Shah ! (Vand De Dukhre) : Sanwal Dhami

ਮੁਜ਼ਰਿਮ ਵਾਰਿਸ ਸ਼ਾਹ ! (ਵੰਡ ਦੇ ਦੁੱਖੜੇ) : ਸਾਂਵਲ ਧਾਮੀ

ਸੰਤਾਲੀ ਤੋਂ ਸੱਤ ਕੁ ਸਾਲ ਬਾਅਦ ਦੀ ਗੱਲ ਏ। ਡਸਕੇ ਦਾ ਚੌਧਰੀ ਮੁਹੱਬਤ ਨਸਰੁੱਲਾ ਖਾਂ ਸਾਹੀ ਸਿਆਲਕੋਟ ਦੀ ਕਚਹਿਰੀ ਅੱਗਿਓਂ ਲੰਘ ਰਿਹਾ ਸੀ। ਉਸਨੇ ਵੇਖਿਆ ਇਕ ਸਰਦਾਰ ਨੂੰ ਪੁਲੀਸ ਵਾਲੇ ਹੱਥਕੜੀਆਂ ਲਗਾਈਂ ਕਚਹਿਰੀ ਦੇ ਮੁੱਖ ਦਰਵਾਜ਼ੇ ਵੱਲ ਲਿਜਾ ਰਹੇ ਨੇ।

ਉੱਚੇ-ਲੰਮੇ ਅੱਧਖੜ ਸਰਦਾਰ ਦੇ ਖ਼ਸਤਾ ਹਾਲ ਕੱਪੜੇ ਅਤੇ ਸਿਰ ’ਤੇ ਮੈਲ਼ੀ ਪੱਗ ਵੇਖਦਿਆਂ ਚੌਧਰੀ ਦਾ ਦਿਲ ਤੜਫ਼ ਉੱਠਿਆ। ਉਨ੍ਹਾਂ ਨੇ ਆਪਣੇ ਡਰਾਈਵਰ ਨੂੰ ਕਾਰ ਰੋਕਣ ਲਈ ਆਖਿਆ। ਕਾਹਲੀ ਨਾਲ ਕਾਰ ’ਚੋਂ ਉਤਰਿਆ ਤੇ ਪੁਲੀਸ ਵਾਲਿਆਂ ਨੂੰ ਰੁਕਣ ਲਈ ਆਵਾਜ਼ ਮਾਰੀ।

ਚੌਧਰੀ ਸਿਆਲਕੋਟ ਜ਼ਿਲ੍ਹੇ ਦੇ ਸਿਰਕੱਢ ਆਦਮੀਆਂ ’ਚ ਇਕ ਸੀ। ਉਸਦਾ ਦਾਦਾ ਇਸ ਕਚਹਿਰੀ ’ਚ ਵਕਾਲਤ ਕਰਦਾ ਰਿਹਾ ਸੀ। ਉਸਦਾ ਤਾਇਆ ਚੌਧਰੀ ਸਰ ਮੁਹੰਮਦ ਨਸਰੁੱਲਾ ਖਾਂ ਪਾਕਿਸਤਾਨ ਦਾ ਪਹਿਲਾ ਵਿਦੇਸ਼ ਮੰਤਰੀ ਰਿਹਾ ਸੀ। ਕੋਲ ਜਾਣ ’ਤੇ ਉਸਨੇ ਮਹਿਸੂਸ ਕੀਤਾ ਕਿ ਸਰਦਾਰ ਦੇ ਮੈਲ਼ੇ ਕੱਪੜਿਆਂ ’ਚੋਂ ਬਦਬੂ ਉੱਠ ਰਹੀ ਏ। ਉਸਦੀ ਡੀਲ-ਡੌਲ਼, ਰੋਹਬਦਾਰ ਦਿੱਖ ਤੇ ਚਮਕਦੀਆਂ ਭੂਰੀਆਂ ਅੱਖਾਂ ਤੋਂ ਚੌਧਰੀ ਨੇ ਸਹਿਜੇ ਅੰਦਾਜ਼ਾ ਲਗਾ ਲਿਆ ਕਿ ਕਦੇ ਉਹ ਬੜਾ ਸੋਹਣਾ ਤੇ ਸ਼ੌਕੀਨ ਜਵਾਨ ਰਿਹਾ ਹੋਵੇਗਾ। ਚੌਧਰੀ ਨੇ ਸਰਦਾਰ ਨੂੰ ਫਤਿਹ ਬੁਲਾਈ ਤਾਂ ਉਹ ਹੈਰਾਨ ਹੋ ਗਿਆ। ਉਸਨੇ ਜਵਾਬ ਦਿੰਦਿਆਂ ਚੌਧਰੀ ਨੂੰ ਗਹੁ ਨਾਲ ਵੇਖਿਆ। ਇਕ ਪਲ ਲਈ ਉਸਨੇ ਸੋਚਿਆ ਕਿ ਸ਼ਾਇਦ ਉਸਦਾ ਕੋਈ ਬਚਪਨ ਦਾ ਦੋਸਤ ਹੋਵੇਗਾ।

“ਕਿਹੜੇ ਗੁਨਾਹ ’ਚ ਫੜ ਲਿਆ, ਸਰਦਾਰ ਜੀ ਨੂੰ?” ਚੌਧਰੀ ਨੇ ਪੁਲੀਸ ਵਾਲਿਆਂ ਨੂੰ ਸਵਾਲ ਕੀਤਾ ਤਾਂ ਸਰਦਾਰ ਸਮਝ ਗਿਆ ਕਿ ਉਹ ਕੋਈ ਤੁਰਿਆ ਜਾਂਦਾ ਅਣਜਾਣ ਬੰਦਾ ਏ ਜੋ ਉਸਨੂੰ ਵੇਖ ਕੇ ਉਂਜ ਹੀ ਰੁਕ ਗਿਆ ਏ।

ਪੁਲੀਸ ਵਾਲਿਆਂ ਨੇ ਦੱਸਿਆ ਕਿ ਉਹ ਜਸੂਸ ਏ ਤੇ ਦੋ ਮਹੀਨੇ ਪਹਿਲਾਂ ਹੱਦ ਉਲੰਘ ਕੇ ਪਾਕਿਸਤਾਨ ਦੇ ਸਰਹੱਦੀ ਪਿੰਡ ’ਚ ਆਣ ਵੜਿਆ ਸੀ।

“ਪੱਗ ਬੰਨ੍ਹ ਕੇ?” ਚੌਧਰੀ ਨੇ ਹਲਕਾ ਜਿਹਾ ਹੱਸ ਕੇ ਸਵਾਲ ਕੀਤਾ ਤਾਂ ਪੁਲੀਸ ਵਾਲਿਆਂ ਨੇ ਨਜ਼ਰਾਂ ਝੁਕਾਂ ਲਈਆਂ।

“ਮੈਂ ਸਰਦਾਰਾਂ ਨੂੰ ਬਹੁਤ ਚੰਗੀ ਤਰ੍ਹਾਂ ਜਾਣਦਾਂ। ਯਕੀਨ ਕਰੋ ਕਿ ਇਹ ਕਿਤੇ ਨਹੀਂ ਦੌੜ ਚੱਲਾ। ਤੁਸੀਂ ਹੱਥਕੜੀਆਂ ਖੋਲ੍ਹ ਦਿਓ। ਆਓ ਪਹਿਲਾਂ ਇਨ੍ਹਾਂ ਦੀ ਕੋਈ ਟਹਿਲ-ਸੇਵਾ ਤਾਂ ਕਰੀਏ।”

ਕੋਈ ਹੋਰ ਹੁੰਦਾ ਤਾਂ ਸ਼ਾਇਦ ਪੁਲੀਸ ਵਾਲੇ ਉਸਨੂੰ ਦਬਕ ਕੇ ਦੁੜਾ ਦਿੰਦੇ। ਉਹ ਤਾਂ ਡਸਕੇ ਦੇ ਉਸ ਸ਼ਾਹੀ ਖਾਨਦਾਨ ਦਾ ਜਵਾਨ ਸੀ, ਜਿਸਦੀ ਸਾਰੇ ਦੇਸ਼ ’ਚ ਤੂਤੀ ਬੋਲਦੀ ਸੀ। ਪੁਲੀਸ ਵਾਲਿਆਂ ਨੇ ਹੱਥਕੜੀ ਖੋਲ੍ਹ ਦਿੱਤੀ। ਉਹ ਕਿਸੇ ਵਕੀਲ ਦੇ ਕੈਬਿਨ ’ਚ ਬੈਠ ਗਏ। ਚੌਧਰੀ ਨੇ ਉਸ ਸਰਦਾਰ ਕੋਲੋਂ ਪਿੰਡ ਪੁੱਛਿਆ ਤਾਂ ਉਸ ਦੀਆਂ ਮੋਟੀਆਂ ਅੱਖਾਂ ’ਚ ਚਾਣਚੱਕ ਅੱਥਰੂ ਛਲਕ ਆਏ।

“ਮੇਰਾ ਅਸਲ ਪਿੰਡ ਤਾਂ ਇੱਧਰ ਰਹਿ ਗਿਆ। ਮੈਂ ਵਜ਼ੀਰਾਬਾਦ ਦੇ ਹਾਈ ਸਕੂਲ ’ਚ ਪੜ੍ਹਿਆਂ। ਸਾਨੂੰ ਉਰਦੂ ਮੌਲਵੀ ਹਸਨ ਸ਼ਾਹ ਹੋਰੀਂ ਪੜ੍ਹਾਉਂਦੇ ਹੁੰਦੇ ਸਨ। ਉਹ ਸ਼ਾਇਰ ਵੀ ਸਨ। ਉਨ੍ਹਾਂ ਨੇ ਮੈਨੂੰ ਵੀ ਸ਼ਾਇਰੀ ਪੜ੍ਹਨ ਦਾ ਸ਼ੌਕ ਪਾ ਦਿੱਤਾ ਸੀ। ਮੈਂ ਵਧੀਆ ਸ਼ਾਇਰੀ ਦਾ ਸ਼ੈਦਾਈ ਵਾਂ। ਸ਼ਾਹ ਹੁਸੈਨ, ਵਾਰਿਸ ਸ਼ਾਹ, ਮੁਹੰਮਦ ਸ਼ਾਹ, ਮੌਲਵੀ ਗੁਲਾਮ ਰਸੂਲ; ਇਨ੍ਹਾਂ ਨੂੰ ਤਾਂ ਮੈਂ ਘੋਲ ਕੇ ਪੀਤਾ ਹੋਇਆ।

ਜਦੋਂ ਅਸੀਂ ਇੱਧਰੋਂ ਉੱਜੜ ਕੇ ਗਏ ਤਾਂ ਮੈਂ ਆਪਣੀਆਂ ਕਿਤਾਬਾਂ ਬਗ਼ੈਰਾ ਹੋਰ ਕੁਝ ਨਹੀਂ ਸੀ ਚੁੱਕਿਆ। ਸਾਡੇ ਕਾਫ਼ਲੇ ’ਤੇ ਬੜੇ ਹਮਲੇ ਹੋਏ। ਵਾਰਿਸ ਸ਼ਾਹ ਦੀ ਹੀਰ ਤੋਂ ਬਿਨਾਂ ਬਾਕੀ ਸਭ ਕਿਤਾਬਾਂ ਰਾਹ ’ਚ ਹੀ ਖਿੱਲਰ-ਖੁੱਲਰ ਗਈਆਂ। ਅੱਜ ਵੀ ਮੈਂ ਹਲ਼ ਵਾਹੁੰਦਿਆਂ ਵਾਰਿਸ ਦੀ ਹੀਰ ਗਾਉਂਦਾ ਰਹਿੰਦਾ। ਬਹੁਤੇ ਲੋਕ ਮੈਨੂੰ ਸ਼ੁਦਾਈ ਸਮਝਦੇ ਨੇ!” ਉਹ ਕੌੜਾ ਜਿਹਾ ਹੱਸ ਕੇ ਚੁੱਪ ਹੋ ਗਿਆ।

“ਓਧਰ ਕਿੱਥੇ ਬੈਠੇ ਹੋ?” ਚੌਧਰੀ ਨੇ ਸਵਾਲ ਕੀਤਾ।

“ਬਿਲਕੁਲ ਹੱਦ ’ਤੇ ਪਿੰਡ ਏ ਸਾਡਾ। ਅਸੀਂ ਹਲ਼ ਵਾਹੁੰਦੇ ਇਕ ਦੂਜੇ ਨਾਲ ਗੱਲਾਂ ਕਰਦੇ ਰਹਿੰਦੇ ਆਂ। ਸ਼ਾਹ ਵੇਲੇ ਇਕ-ਦੂਜੇ ਕੋਲੋਂ ਅਚਾਰ ਤੇ ਲੱਸੀ ਵੀ ਮੰਗ ਲੈਂਦੇ ਆਂ। ਅਸੀਂ ਇਕ ਦੂਜੇ ਕੋਲੋਂ ਦਾਤੀ ਰੰਬਾ ਵੀ ਮੰਗ ਲੈਂਦੇ ਆਂ। ਅਸੀਂ ਵੱਖ ਜ਼ਰੂਰ ਹੋ ਗਏ ਆਂ, ਪਰ ਸਾਡੀ ਬੋਲੀ ਤੇ ਰਹਿਤਲ ਤਾਂ ਸਾਂਝੀ ਏ ਨਾ। ਸਾਡੀ ਧਰਤੀ ਜ਼ਰੂਰ ਵੰਡੀ ਗਈ ਆ, ਪਰ ਸਾਡੇ ਗੁਰੂ ਨਾਨਕ, ਬਾਬਾ ਫ਼ਰੀਦ, ਬੁੱਲੇ ਤੇ ਵਾਰਿਸ ਨੂੰ ਕੌਣ ਵੰਡ ਸਕਦਾ?” ਉਸਦੇ ਬੋਲ ਭਾਰੇ ਹੋ ਗਏ। ਚੌਧਰੀ ਨੇ ਸਿਪਾਹੀਆਂ ਕੋਲੋਂ ਜੇਲ੍ਹ ਦਾ ਪਤਾ ਪੁੱਛਿਆ ਤੇ ਜਲਦੀ ਮਿਲਣ ਦਾ ਵਾਅਦਾ ਕਰਕੇ ਉੱਠ ਪਿਆ।

“ਸਰਦਾਰ ਜੀ, ਤੁਹਾਨੂੰ ਕਿਹੜੇ ਰੰਗ ਦੀਆਂ ਪੱਗਾਂ ਪਸੰਦ ਨੇ?” ਵਿਛੜਨ ਲੱਗਿਆਂ ਚੌਧਰੀ ਨੇ ਸਵਾਲ ਕੀਤਾ।

“ਚੌਧਰੀ ਸ੍ਵਾਬ.. ਵਾਹਿਗੁਰੂ ਦੀ ਕਿਰਪਾ ਨਾਲ ਵਕਤ ਬੜਾ ਸੋਹਣਾ ਰਿੜੀ ਜਾਂਦੈ। ਕਿਸੇ ਸ਼ੈਅ ਦੀ ਲੋੜ ਨਹੀਂ।” ਸਰਦਾਰ ਨੇ ਨਾਂਹ ਕੀਤੀ ਤਾਂ ਚੌਧਰੀ ਨੇ ਉਸਦਾ ਹੱਥ ਫੜਦਿਆਂ ਮੋਹ ਨਾਲ ਆਖਿਆ- ਅਸੀਂ ਵੀ ਪਹਿਲਾਂ ਸਿੱਖ ਸਾਂ। ਮੇਰੇ ਪੜਦਾਦੇ ਸਿਕੰਦਰ ਖਾਂ ਦਾ ਦਾਦਾ ਨਬਾਈਦਾਰ ਸਿੰਘ ਭੰਗੀਆਂ ਵੇਲੇ ਮੁਸਲਮਾਨ ਹੋ ਗਿਆ ਸੀ। ਜ਼ੈਲਦਾਰ ਅਮਰ ਸਿੰਘ ਤੇ ਸਰਦਾਰ ਸ਼ਿਵਦੇਵ ਸਿੰਘ ਸਾਹੀ ਮੇਰੇ ਚਾਚੇ ਤਾਏ ਸਨ। ਤਾਏ ਸ਼ਿਵਦੇਵ ਸਿੰਘ ਦਾ ਪੁੱਤਰ ਸ਼ਿਵਚਰਨ ਸਿੰਘ ਸਾਹੀ ਮੇਰਾ ਜਿਗਰੀ ਯਾਰ ਸੀ। ਅਸੀਂ ਡਸਕੇ ਦੇ ਸਕੂਲ ’ਚ ਇਕੱਠੇ ਪੜ੍ਹੇ ਸਾਂ। ਉਨ੍ਹਾਂ ਦੀ ਮੋਰਾਂਵਾਲੀ ਕੋਠੀ ਵਿਚਲੇ ਪੁਰਾਣੇ ਖੂਹ ਦੀ ਮੌਣ ਨਾਲ ਢਾਸਣਾ ਲਗਾ ਕੇ ਅਸੀਂ ਦਸਵੀ ’ਚ ਪੜ੍ਹਦਿਆਂ ਸਾਰਾ ਦੀਵਾਨ-ਏ-ਗਾਲ਼ਿਬ ਹਿਫ਼ਜ਼ ਕਰ ਲਿਆ ਸੀ। ਫਿਰ ਸੰਤਾਲੀ ਆ ਗਿਆ। ਮੇਰੇ ਅੱਬਾ ਚੌਧਰੀ ਸ਼ਕਰੂਲਾ ਖਾਂ ਸਾਹੀ ਨੇ ਡਸਕੇ ਇਲਾਕੇ ਦੇ ਹਿੰਦੂ ਸਿੱਖਾਂ ਦੀ ਹਰ ਤਰ੍ਹਾਂ ਹਿਫ਼ਾਜ਼ਤ ਕੀਤੀ। ਕਿੰਜ ਦੱਸਾਂ ਕਿ ਸਰਦਾਰਾਂ ਨਾਲ ਕਿੰਨਾ ਪਿਆਰ ਸੀ ਸਾਡਾ। ਮੇਰੀਆਂ ਅੱਖਾਂ...” ਚੌਧਰੀ ਹੋਰਾਂ ਦਾ ਗੱਚ ਭਰ ਆਇਆ।

“...ਸਰਦਾਰਾਂ ਨੂੰ ਵੇਖਣ ਲਈ ਤਰਸ ਗਈਆਂ ਸਨ, ਪਰ ਆਹ ਕਦੇ ਨਹੀਂ ਸੀ ਸੋਚਿਆ ਕਿ ਮੈਂ ਕਿਸੇ ਸਰਦਾਰ ਨੂੰ ਇਸ ਹਾਲਤ ’ਚ ਵੇਖਾਂਗਾ। ਉਹ ਸਰਦਾਰ ਜਿਹੜੇ ਕੁਝ ਸਾਲ ਪਹਿਲਾਂ ਤਕ ਇੱਥੋਂ ਦੇ ਮਾਲਕ ਸਨ। ਉਨ੍ਹਾਂ ’ਚੋਂ ਇਕ ਅੱਜ ਹੱਥਕੜੀਆਂ ’ਚ ਨੂੜਿਆ ਸਿਆਲਕੋਟ ਦੀਆਂ ਸੜਕਾਂ ’ਤੇ ਤੁਰ ਰਿਹਾ ਏ! ਇਹ ਸਭ ਕੁਝ ਜਰਨਾ ਮੇਰੇ ਲਈ ਬੜਾ ਔਖਾ ਏ!” ਇਹ ਕਹਿੰਦਿਆਂ ਚੌਧਰੀ ਹੋਰੀਂ ਰੋ ਪਏ।

“ਦਿਲ ਹੌਲਾ ਨਾ ਕਰੋ ਚੌਧਰੀ ਸਾਹਬ!” ਕਿਸੇ ਸਿਪਾਹੀ ਨੇ ਕੰਬਦੀ ਜ਼ੁਬਾਨ ’ਚ ਆਖਿਆ। ਚੌਧਰੀ ਹੋਰਾਂ ਲੰਮੇ-ਲੰਮੇ ਸਾਹ ਲਏ ਤੇ ਸੰਭਲਦਿਆਂ ਗਾਲਿਬ ਦੀ ਗ਼ਜ਼ਲ ਛੋਹ ਲਈ:

“ਦਿਲ ਹੀ ਤੋ ਹੈ ਨਾ ਸੰਗ-ਓ-ਖ਼ਿਸ਼ਤ...” ਚੌਧਰੀ ਦੀ ਅਵਾਜ਼ ਫਿਰ ਤੋਂ ਹਉਕੇ ’ਚ ਡੁੱਬ ਗਈ।

“ਦਰਦ ਸੇ ਭਰ ਨਾ ਆਏ ਕਿਉਂ?” ਸਰਦਾਰ ਨੇ ਮਿਸਰਾ ਪੂਰਾ ਕੀਤਾ।

“ਰੋਏਂਗੇ ਹਮ ਹਜ਼ਾਰ ਵਾਰ...” ਇਹ ਆਖ ਚੌਧਰੀ ਹੋਰੀਂ ਸਰਦਾਰ ਵੱਲ ਵੇਖਣ ਲੱਗੇ।

“ਕੋਈ ਹਮੇਂ ਮਨਾਏ ਕਿਉਂ?” ਸ਼ਿਅਰ ਮੁਕੰਮਲ ਕਰਦਿਆਂ ਸਰਦਾਰ ਦੀ ਵੀ ਧਾਹ ਨਿਕਲ ਗਈ।

ਇਸ ਤੋਂ ਬਾਅਦ ਦੋਵੇਂ ਕੋਈ ਗੱਲ ਨਾ ਕਰ ਸਕੇ। ਇਸ ਮੁਲਾਕਾਤ ਤੋਂ ਤਿੰਨ ਦਿਨ ਬਾਅਦ ਚੌਧਰੀ ਸਾਹਬ ਜੇਲ੍ਹਦਾਰ ਕੋਲ ਗਏ। ਉਸਨੂੰ ਸਾਰੀ ਕਹਾਣੀ ਸੁਣਾ ਕੇ ਗੁਜਾਰਿਸ਼ ਕੀਤੀ ਕਿ ਸਰਦਾਰ ਹੋਰਾਂ ਦੇ ਖਾਣ-ਪੀਣ ਦਾ ਖ਼ਾਸ ਖਿਆਲ ਰੱਖਿਆ ਜਾਏ। ਸਾਰਾ ਖ਼ਰਚ ਉਹ ਖ਼ੁਦ ਦੇਣਗੇ।

ਸਰਦਾਰ ਨੂੰ ਜੇਲ੍ਹਦਾਰ ਦੇ ਕਮਰੇ ’ਚ ਬੁਲਾਇਆ ਗਿਆ। ਹਾਲ-ਚਾਲ ਪੁੱਛਣ ਮਗਰੋਂ ਚੌਧਰੀ ਨੇ ਜੁੱਤੀਆਂ ਦਾ ਜੋੜਾ, ਕੁਝ ਕੱਪੜੇ ਤੇ ਤਿੰਨ ਪੱਗਾਂ ਬੜੇ ਅਦਬ ਨਾਲ ਉਸਦੇ ਹਵਾਲੇ ਕਰ ਦਿੱਤੀਆਂ।

ਸਰਦਾਰ ਦੀਆਂ ਅੱਖਾਂ ਛਲਕ ਗਈਆਂ।

“ਸਰਦਾਰ ਜੀ..ਮੈਂ ਤੁਹਾਡੇ ਕੇਸ ਬਾਬਤ ਗੱਲ ਤੋਰ ਲਈ ਏ। ਤੁਸੀਂ ਹੁਣ ਬਹੁਤੀ ਦੇਰ ਇੱਥੇ ਨਹੀਂ ਰਹਿਣ ਲੱਗੇ, ਪਰ ਜਿੰਨੀ ਦੇਰ ਤੁਸੀਂ ਇੱਥੇ ਹੋ ਮੈਂ ਤੁਹਾਨੂੰ ਹਫ਼ਤੇ ’ਚ ਦੋ ਵਾਰ ਜ਼ਰੂਰ ਮਿਲਣ ਆਇਆ ਕਰਾਂਗਾ।” ਚੌਧਰੀ ਨੇ ਸਰਦਾਰ ਦਾ ਹੱਥ ਫੜਦਿਆਂ ਆਖਿਆ।

ਜੇਲ੍ਹਦਾਰ ਨੇ ਚਾਹ ਮੰਗਵਾ ਲਈ। ਉਹ ਬੜੀ ਦੇਰ ਅਦਬ ਦੀਆਂ ਗੱਲਾਂ ਕਰਦੇ ਰਹੇ। ਸਰਦਾਰ ਨੇ ਚੌਧਰੀ ਨੂੰ ਆਪਣੇ ਯਾਰ ਮੁਨੀਰ ਹੁਸੈਨ ਬਾਰੇ ਦੱਸਿਆ। ਉਨ੍ਹਾਂ ਦੋਵਾਂ ਨੂੰ ਸਕੂਲੋਂ ਕਈ ਵਾਰ ਕੁੱਟ ਪਈ ਸੀ। ਕਾਰਨ ਇਹ ਹੁੰਦਾ ਸੀ ਕਿ ਉਹ ਸਬਕ ਯਾਦ ਕਰਨ ਨਾਲੋਂ ਸ਼ਾਇਰੀ ਪੜ੍ਹਨੀ ਵੱਧ ਪਸੰਦ ਕਰਦੇ ਸਨ।

“ਸਰਦਾਰ ਜੀ, ਮੈਨੂੰ ਇਸ ਗੱਲ ਦਾ ਪੂਰਾ-ਪੂਰਾ ਯਕੀਨ ਹੈ ਕਿ ਤੁਸੀਂ ਜਸੂਸ ਨਹੀਂ ਹੋ। ਹੈਰਾਨੀ ਇਸ ਗੱਲ ਦੀ ਏ ਕਿ ਤੁਸੀਂ ਹੱਦ ਉਲੰਘ ਕੇ ਇਸ ਪਾਸੇ ਕਿਉਂ ਆ ਗਏ ਸੋ?” ਚੌਧਰੀ ਦਾ ਸਵਾਲ ਸੁਣ ਕੇ ਸਰਦਾਰ ਹੱਸ ਪਿਆ।

“ਇਹ ਸੱਚ ਹੈ ਕਿ ਮੈਂ ਹੱਦ ਟੱਪ ਕੇ ਇਸ ਪਾਸੇ ਆਇਆਂ ਹਾਂ, ਪਰ ਮੈਂ ਮੁਜ਼ਰਿਮ ਬਿਲਕੁਲ ਨਹੀਂ ਹਾਂ! ਉਹ ਕੋਈ ਹੋਰ ਏ, ਜਿਸਦੀ ਵਜ੍ਹਾ ਨਾਲ ਮੈਂ ਇਸ ਜੇਲ੍ਹ ਅੰਦਰ ਡੱਕਿਆ ਹੋਇਆਂ।” ਸਰਦਾਰ ਨੇ ਮੁਸਕਰਾ ਕੇ ਆਖਿਆ।

“ਉਹ ਕੌਣ ਏ?” ਜੇਲ੍ਹਦਾਰ ਨੇ ਹੈਰਾਨੀ ਨਾਲ ਪੁੱਛਿਆ।

“ਉਹ ਵਾਰਿਸ ਸ਼ਾਹ ਏ!” ਇਹ ਆਖ ਉਹ ਫਿੱਕਾ ਜਿਹਾ ਹੱਸ ਪਿਆ।

“ਉਹ ਕਿਵੇਂ?” ਚੌਧਰੀ ਦੇ ਮੂੰਹੋਂ ਇਹ ਸਵਾਲ ਆਪ-ਮੁਹਾਰੇ ਨਿਕਲ ਗਿਆ ਸੀ।

“ਚਾਨਣੀ ਰਾਤ ਸੀ...” ਸਰਦਾਰ ਨੇ ਕਾਵਿਕ-ਲਹਿਜੇ ’ਚ ਗੱਲ ਸ਼ੁਰੂ ਕੀਤੀ।

“...ਫ਼ਿਜ਼ਾ ਪੁੰਗਾਰਿਆਂ ਦੀ ਮਹਿਕ ਨਾਲ ਭਰੀ ਪਈ ਸੀ। ਛੋਟਾ ਭਾਈ ਹਲਟ ਹਿੱਕ ਰਿਹਾ ਸੀ ਤੇ ਬਲ਼ਦਾਂ ਦੇ ਗਲ਼ਾਂ ’ਚ ਪਈਆਂ ਟੱਲੀਆਂ ਨਿਰੰਤਰ ਸੰਗੀਤ ਪੈਦਾ ਕਰ ਰਹੀਆਂ ਸਨ। ਮੈਂ ਨਿਸਰੀ ਕਣਕ ਨੂੰ ਆਖਰੀ ਪਾਣੀ ਲਗਾ ਰਿਹਾ ਸਾਂ। ਬਿਲਕੁਲ ਟਿਕੀ ਰਾਤੇ, ਕਿਤੇ ਦੂਰੋਂ ਸੁਰੀਲੀ ਤੇ ਦਰਦ ਭਰੀ ਆਵਾਜ਼ ਉੱਭਰੀ। ਕੋਈ ਇਸ਼ਕ ਦਾ ਡੰਗਿਆ, ਧੁਰ ਰੂਹ ’ਚੋਂ ਵਾਰਿਸ ਸ਼ਾਹ ਦੀ ਹੀਰ ਗਾ ਰਿਹਾ ਸੀ:

ਰੂਹ ਛੱਡ ਕਲਬੂਤ ਜਿਉਂ ਵਿਦਾਅ ਹੁੰਦਾ, ਤਿਵੇਂ ਏਹ ਦਰਵੇਸ਼ ਸਿਧਾਰਿਆ ਈ ।

ਅੰਨ ਪਾਣੀ ਹਜ਼ਾਰੇ ਦਾ ਕਸਮ ਕਰਕੇ, ਕਸਦ ਝੰਗ ਸਿਆਲ ਚਿਤਾਰਿਆ ਈ ।

ਕੀਤਾ ਰਿਜ਼ਕ ਨੇ ਆਣ ਉਦਾਸ ਰਾਂਝਾ, ਚਲੋ ਚਲੀ ਹੀ ਜੀਉ ਪੁਕਾਰਿਆ ਈ ।

ਕੱਛੇ ਵੰਝਲੀ ਮਾਰ ਕੇ ਰਵਾਂ ਹੋਇਆ, ਵਾਰਿਸ ਸ਼ਾਹ ਨੇ ਵਤਨ ਵਿਸਾਰਿਆ ਈ ।

ਮੈਂ ਕਣਕ, ਕਿਆਰਾ, ਪਾਣੀ, ਹੱਦਾਂ ਸਭ ਕੁਝ ਭੁੱਲ ਗਿਆ। ਉਸਨੂੰ ਹੋਰ ਗਹੁ ਨਾਲ ਸੁਣਨ ਲਈ ਮੈਂ ਉਸ ਆਵਾਜ਼ ਦੇ ਨੇੜੇ ਤੇ ਹੋਰ ਨੇੜੇ ਹੁੰਦਾ ਗਿਆ। ਉਨ੍ਹਾਂ ਪਲਾਂ ’ਚ ਦਿਸ਼ਾਵਾਂ ਕਿਸਨੂੰ ਯਾਦ ਰਹਿੰਦੀਆਂ ਨੇ! ਤੁਰਦਾ-ਤੁਰਦਾ ਮੈਂ ਉਸ ਫ਼ਕੀਰ ਦੇ ਬਿਲਕੁਲ ਸਾਹਵੇਂ ਜਾ ਬੈਠਾ। ਉਹ ਗਾਉਂਦਾ ਰਿਹਾ ਤੇ ਮੈਂ ਰੋਂਦਾ ਰਿਹਾ। ਫਿਰ ਕਿਸੇ ਨੇ ਮੈਨੂੰ ਵੇਖ ਲਿਆ। ਉਸਨੇ ਪੁਲੀਸ ਸੱਦ ਲਿਆਂਦੀ ਤੇ ਮੈਂ....”

ਸਰਦਾਰ ਦੀ ਕਹਾਣੀ ਸੁਣਦਿਆਂ ਚੌਧਰੀ ਅਤੇ ਜੇਲ੍ਹਦਾਰ ਦੋਵਾਂ ਦੇ ਨੈਣ ਉੱਛਲ ਆਏ ਸਨ।

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਸਾਂਵਲ ਧਾਮੀ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ