Chak Khalil Vekhan Di Taangh (Vand De Dukhre) : Sanwal Dhami

ਚੱਕ ਖ਼ਲੀਲ ਵੇਖਣ ਦੀ ਤਾਂਘ (ਵੰਡ ਦੇ ਦੁੱਖੜੇ) : ਸਾਂਵਲ ਧਾਮੀ

‘ਗੁੱਜਰਾਂਵਾਲੇ ਤੋਂ ਕੋਈ ਪੰਜ ਕੋਹ ਦੂਰ ਸੀ ਸਾਡਾ ਪਿੰਡ। ਨਾਂ ਸੀ ਚੱਕ ਖ਼ਲੀਲ। ਨਾਨਕੇ ਆਲੋ ਮਾਹਰ, ਮਾਸੀ ਸਹਿਜੋ ਕੇ ਤੇ ਹੋਰ ਰਿਸ਼ਤੇਦਾਰੀਆਂ ਵੀ ਸਿਆਲਕੋਟ ਜ਼ਿਲ੍ਹੇ ਦੇ ਪਿੰਡ ਬੰਬਾਵਾਲਾ, ਜੰਡੂ ਸਾਹੀਆਂ ਤੇ ਬੰਸੀਵਾਲ਼ਾ ਵਿਚ ਸਨ। ਸਾਡਾ ਘਰ ਪਿੰਡ ਦੇ ਵਿਚਾਲੇ ਹੁੰਦਾ ਸੀ। ਤਿੰਨ ਕੋਠੜੀਆਂ ਸਨ। ਤਿੰਨ ਭਾਈਆਂ ਕੋਲ ਇਕ-ਇਕ। ਅੱਗੇ ਵਰਾਂਡਾ ਹੁੰਦਾ ਸੀ, ਬੜਾ ਖੁੱਲ੍ਹਾ। ਸਾਰੇ ਇਕੱਠੇ ਰਹਿੰਦੇ ਸਾਂ ਸਾਰੇ। ਹੁਣ ਪਤਾ ਨਹੀਂ ਉਹ ਘਰ ਹੈਗਾ ਕਿ ਢੱਠ ਗਿਆ!’ ਜ਼ਿਲ੍ਹਾ ਸੰਗਰੂਰ ਦੀ ਤਹਿਸੀਲ ਲਹਿਰਾਗਾਗਾ ਦੇ ਪਿੰਡ ਕਾਲੀਆਂ ਦੇ ਇਕ ਘਰ ’ਚ ਬੈਠਾ ਬਾਬਾ ਦਲੀਪ ਸਿੰਘ ਭੰਗੂ ਸੰਤਾਲੀ ’ਚ ਗੁਆਚੇ ਆਪਣੇ ਸ਼ਹਿਰ, ਗਰਾਂ ਤੇ ਘਰ ਨੂੰ ਯਾਦ ਕਰਦਾ ਰਹਿੰਦਾ ਹੈ। ਇਸ ਪਿੰਡ ’ਚ ਜ਼ਮੀਨ ਦੇ ਮਾਲਕ ਸਿੱਖ ਹੀ ਸਨ। ਨੰਬਰਦਾਰ ਫ਼ਜ਼ਲ ਅਹਿਮਦ ਇਕੋ-ਇਕ ਮੁਸਲਮਾਨ ਸੀ, ਜਿਸ ਕੋਲ ਛੇ ਕਿੱਲੇ ਪੈਲ਼ੀ ਸੀ। ਇਹ ਵੀ ਉਸਨੇ ਭੰਗੂਆਂ ਕੋਲੋਂ ਖ਼ਰੀਦੀ ਸੀ। ਭੰਗੂਆਂ ਦੇ ਪੰਦਰਾਂ-ਸੋਲ੍ਹਾਂ ਘਰ ਸਨ। ਚਾਰ ਕੁ ਘਰ ਮੁਸਲਮਾਨ ਘੁਮਿਆਰਾਂ, ਚਾਰ ਕੁ ਲੁਹਾਰਾਂ ਤੇ ਅੱਠ-ਦਸ ਘਰ ਇਸਾਈਆਂ ਦੇ ਸਨ। ਦਲੀਪ ਸਿੰਘ ਭੰਗੂ ਦੇ ਬਾਪ ਦਾ ਨਾਂ ਇੰਦਰ ਸਿੰਘ ਸੀ। ਇਹ ਤਿੰਨ ਭਾਈ ਸਨ। ਸੌ ਕਿੱਲੇ ਦੇ ਕਰੀਬ ਜ਼ਮੀਨ ਸੀ। ਚਾਲੀ ਕਿੱਲੇ ਜ਼ਮੀਨ ਨੂੰ ਕੋਈ ਮਾਮਲਾ ਨਹੀਂ ਸੀ। ਮੁਸਲਮਾਨ ਪਟਵਾਰੀ ਮੀਆਂ ਫਰਜੰਦ ਅਲੀ ਜਦੋਂ ਵੀ ਇਨ੍ਹਾਂ ਦੇ ਖੂਹ ’ਤੇ ਆਉਂਦਾ ਤਾਂ ਇਕ ਗੱਲ ਜ਼ਰੂਰ ਆਖਦਾ,‘ਜੱਟੋ ਮਾਮਲਾ ਲਗਵਾ ਲਓ, ਨਹੀਂ ਤਾਂ ਪਛਤਾਓਗੇ, ਕਿਸੇ ਦਿਨ।’ ਇਨ੍ਹਾਂ ਅੱਗਿਓਂ ਆਖਣਾ, ‘ਅਸੀਂ ਵਾਹੁੰਦੇ-ਖਾਂਦੇ ਆਂ, ਖੂਹ ਵਿਚ ਲੱਗਿਆ ਪਿਆ, ਸਾਡੇ ਕੋਲੋਂ ਕਿਹੜਾ ਕੋਈ ਖੋਹਣ ਡਿਹਾ।’ ਦਰਅਸਲ, ਬਜ਼ੁਰਗ ਮਾਮਲਾ ਤਾਰਨ ਤੋਂ ਡਰਦੇ ਸਨ। ਉਹ ਚਾਲੀ ਕਿੱਲੇ ‘ਵੈਰਾਨੀ’ ਜ਼ਮੀਨ ਲੀਕੋਂ ਇਸ ਪਾਰ ਨਾ ਆ ਸਕੀ। ਬਜ਼ੁਰਗ ਪਟਵਾਰੀ ਫ਼ਰਜ਼ੰਦ ਅਲੀ ਨੂੰ ਯਾਦ ਕਰਦੇ ਤੁਰ ਗਏ। ਇਸ ਘਾਟੇ ਦੀ ਟੀਸ ਸਤਾਸੀ ਸਾਲਾ ਬਜ਼ੁਰਗ ਇੰਦਰ ਸਿੰਘ ਦੀਆਂ ਗੱਲਾਂ ’ਚੋਂ ਅੱਜ ਵੀ ਮਹਿਸੂਸ ਕੀਤੀ ਜਾ ਸਕਦੀ ਏ। ਸੰਨ ਛਿਆਲੀ ਦੇ ਦਸੰਬਰ ਮਹੀਨੇ ਦੀ ਗੱਲ ਹੈ। ਕਾਬਲ ’ਚੋਂ ਅੱਧਖੜ ਉਮਰ ਦਾ ਸਿੱਖ ਭਾਈ ਆਇਆ। ਨਾਲ ਉਸਦੇ ਜਵਾਨ ਧੀ ਤੇ ਛੋਟਾ ਪੁੱਤਰ ਵੀ ਸੀ। ਉਸਦੇ ਟੱਬਰ ਦੇ ਬਾਕੀ ਜੀਅ ਮਾਰੇ ਗਏ ਸਨ। ਉਹ ਚੱਕ ਖ਼ਲੀਲ ਵਾਲਿਆਂ ਨੂੰ ਕਹਿਣ ਲੱਗਾ, ‘ਤੁਸੀਂ ਰਹਿਣਾ ਨਈਂ ਇੱਥੇ, ਪਾਕਿਸਤਾਨ ਬਣ ਗਿਆ ਸਮਝੋ। ਤੁਹਾਨੂੰ ਅੰਬਰਸਰ ਨੂੰ ਜਾਣਾ ਪਏਗਾ।’ ਅੱਗੋਂ ਭੰਗੂਆਂ ਦੇ ਮੁੰਡੇ ਉਸਨੂੰ ਮਖ਼ੌਲ ਕਰਨ ਲੱਗੇ,‘ਅਸੀਂ ਜ਼ਮੀਨਾਂ ਛੱਡ ਕੇ ਕਿੱਥੇ ਜਾਣਾ ਏਂ? ਇਹ ਐਵੇਂ ਝੂਠ ਮਾਰਦਾ।’

ਸੰਤਾਲੀ ਦੀ ਅਪਰੈਲ ਤਕ ਉਹ ਇਸ ਪਿੰਡ ਦੇ ਗੁਰੂ-ਘਰ ’ਚ ਪਾਠ ਕਰਦਾ ਰਿਹਾ ਤੇ ਹਾੜੀ ਦੇ ਦਾਣੇ ਲੈ ਕੇ ਉਹ ਚੜ੍ਹਦੇ ਪੰਜਾਬ ਦੀ ਗੱਡੀ ਚੜ੍ਹ ਆਇਆ। ਅਗਸਤ ਮਹੀਨਾ ਚੜ੍ਹਿਆ ਤਾਂ ਸਿੱਖਾਂ ਨੇ ਮਹਿਸੂਸ ਕੀਤਾ ਕਿ ਵਕਤ ਅਜੀਬੋ-ਗਰੀਬ ਰੰਗ ਬਦਲ ਰਿਹਾ ਹੈ। ਧਾੜਵੀ ਖੇਤਾਂ ’ਚੋਂ ਮੱਝਾਂ ਖੋਲ੍ਹ ਕੇ ਲੈ ਜਾਣ ਲੱਗੇ। ਫਿਰ ਇਨ੍ਹਾਂ ਨੂੰ ਪਿੰਡ ’ਚੋਂ ਕੱਢਣ ਲਈ ਹਮਲੇ ਹੋਣ ਲੱਗੇ। ਮੁਹਤਬਰ ਬੰਦੇ ਤਲਵੰਡੀ ਦੇ ਮੁਸਲਮਾਨ ਜ਼ੈਲਦਾਰ ਕੋਲੋਂ ਰਾਖੀ ਲਈ ਰਫ਼ਲਾਂ ਲੈਣ ਗਏ। ਜ਼ੈਲਦਾਰ ਅੱਗਿਓਂ ਫ਼ਜ਼ਲ ਅਹਿਮਦ ਨੰਬਰਦਾਰ ਨੂੰ ਆਖਣ ਲੱਗਾ,‘ਰਫ਼ਲਾਂ ਕੀ ਕਰਨੀਆਂ ਤੁਸੀਂ? ਵੰਡ ਹੋ ਗਈ ਏ। ਇਹ ਹੁਣ ਇੱਥੇ ਨਹੀਂ ਰਹਿ ਸਕਦੇ। ਇਨ੍ਹਾਂ ਨੂੰ ਮਰਵਾਓ ਨਾ। ਇਨ੍ਹਾਂ ਨੂੰ ਜਿਉਂਦੇ ਕੱਢੋ।’ ਪਿੰਡ ਮੁੜੇ ਤਾਂ ਦਿਨ ਡੁੱਬ ਚੁੱਕਾ ਸੀ। ਪੂਰੇ ਪਿੰਡ ਨੂੰ ਅਸਲੀਅਤ ਦੱਸੀ। ਸਾਰਿਆਂ ਨੂੰ ਉਹ ਕਾਬਲੀ ਸਿੱਖ ਯਾਦ ਆਇਆ। ਰੋਂਦਿਆਂ ਪਿੰਡ ਛੱਡਿਆ ਤੇ ਗਲ਼ੋਟੀਆਂ ਪਿੰਡ ’ਚ ਆ ਗਏ। ਇਹ ਉਹੀ ਪਿੰਡ ਏ ਜਿਸਨੇ ਡਾ. ਦੀਵਾਨ ਸਿੰਘ ਕਾਲੇਪਾਣੀ ਤੇ ਗਾਇਕ ਗ਼ੁਲਾਮ ਅਲੀ ਹੁਰਾਂ ਨੂੰ ਪੈਦਾ ਕੀਤਾ। ਤੀਸਰੇ ਦਿਨ ਸਰਦਾਰ ਅਮਰ ਸਿੰਘ ਡਸਕਿਓਂ ਖ਼ਬਰ ਲਿਆਇਆ। ਉੱਥੇ ਮਿਲਟਰੀ ਦਾ ਪਹਿਰਾ ਸੀ। ਚੱਕ ਖ਼ਲੀਲ, ਭੱਟੀ ਭੰਗੋ, ਬੌਰੇ, ਸੇਖ਼ਵਾਂ ਤੇ ਗੋਲ਼ੀਆਂ; ਇਹ ਪੰਜ ਪਿੰਡ ਡਸਕੇ ’ਚ ਇਕੱਠੇ ਹੋ ਗਏ। ਪੰਜ ਦਿਨਾਂ ਬਾਅਦ ਇੱਥੋਂ ਕਾਫ਼ਲਾ ਤੁਰਿਆ ਤਾਂ ਰਾਹ ’ਚ ਅਗਲੀ ਰਾਤ ਅਲੀਪੁਰ ਸੈਯਦਾਂ ’ਚ ਗੁਜ਼ਾਰੀ। ਇਸ ਪਿੰਡ ਦੇ ਜਨੂੰਨੀਆਂ ਨੇ ਹਿੰਦੂ-ਸਿੱਖਾਂ ਨੂੰ ਕਤਲ ਕਰਨ ਤੇ ਲੁੱਟਣ ਲਈ ਬਹੁਤ ਵੱਡਾ ਜਥਾ ਬਣਾਇਆ ਹੋਇਆ ਸੀ। ਸ਼ਾਮ ਢਲੀ ਤਾਂ ਢੋਲ ਵੱਜਣ ਲੱਗ ਪਏ। ਕੈਂਪ ’ਤੇ ਹਮਲਾ ਹੋ ਗਿਆ। ਮਿਲਟਰੀ ਦੇ ਮੁਸਲਮਾਨ ਅਫ਼ਸਰ ਨੇ ਗੋਲੀ ਚਲਾ ਦਿੱਤੀ। ਸਾਰੇ ਹਮਲਾਵਰ ਪਿਛਾਂਹ ਭੱਜ ਗਏ। ਇੱਥੋਂ ਤੁਰੇ ਤਾਂ ਦੋ ਕੁ ਮੀਲ ’ਤੇ ਦਿਨ ਡੁੱਬ ਗਿਆ। ਨੇੜੇ ਨਿੱਕਾ ਜਿਹਾ ਛੱਪੜ ਸੀ। ਮਿਲਟਰੀ ਵਾਲੇ ਆਖਣ ਲੱਗੇ ਕਿ ਇੱਥੇ ਕੈਂਪ ਲਗਾ ਲਓ। ਸਿੱਖ-ਹਿੰਦੂਆਂ ਨੂੰ ਸ਼ੱਕ ਸੀ ਕਿ ਇਹ ਅਫ਼ਸਰ ਧਾੜਵੀਆਂ ਨਾਲ ਰਲਿਆ ਹੋਇਆ। ਉਨ੍ਹਾਂ ਕੁਝ ਰੁਪਏ ਇਕੱਠੇ ਕੀਤੇ। ਅਫ਼ਸਰ ਨੂੰ ਫੜਾਉਣ ਲੱਗੇ ਤਾਂ ਉਹ ਬੋਲਿਆ,‘ਮੈਂ ਪੈਸਾ ਨਹੀਂ। ਤੁਸੀਂ ਕੋਈ ਫ਼ਿਕਰ ਨਾ ਕਰੋ। ਮੈਂ ਮਰ ਗਿਆ ਤਾਂ ਭਾਵੇਂ ਕੋਈ ਤੁਹਾਨੂੰ ਮਾਰ ਜਾਏ। ਨਹੀਂ ਤਾਂ ਮੈਂ ਤੁਹਾਨੂੰ ਮਰਨ ਨਹੀਂ ਦਿੰਦਾ।’

ਉਹ ਨੇਕ ਇਨਸਾਨ ਸਾਰੀ ਰਾਤ ਕੈਂਪ ’ਤੇ ਪਹਿਰਾ ਦਿੰਦਾ ਰਿਹਾ। ਇੱਥੋਂ ਤੁਰ ਕੇ ਕਾਫ਼ਲਾ ਨਾਰੋਵਾਲ ਆ ਗਿਆ। ਬਾਹਰਲੇ ਪਾਸੇ ਥੇਹ ਸੀ। ਦੋ ਬੋਹੜਾਂ ਸਨ, ਵੱਡੀਆਂ-ਵੱਡੀਆਂ। ਰਾਤ ਇੱਥੇ ਗੁਜ਼ਾਰੀ। ਇੱਥੋਂ ਤੁਰੇ ਤਾਂ ਭੁੱਖ ਨਾਲ ਜਾਨ ਨਿਕਲ ਰਹੀ ਸੀ। ਅੱਗੇ ਚਾਰ ਕੁ ਕਿੱਲੇ ਮੱਕੀ ਸੀ। ਪਹਿਲਾਂ ਮਿਲਟਰੀ ਵਾਲੇ ਮੱਕੀ ਅੰਦਰ ਗਏ। ਉਨ੍ਹਾਂ ਦੋ-ਤਿੰਨ ਫਾਇਰ ਕੱਢੇ। ਫਿਰ ਉਨ੍ਹਾਂ ਆਖਿਆ ਕਿ ਛੱਲੀਆਂ ਤੋੜ ਲਓ। ਲੋਕਾਂ ਨੇ ਚਾਰੇ ਕਿੱਲੇ ਮੱਕੀ ਦੀਆਂ ਛੱਲੀਆਂ ਤੋੜ ਲਈਆਂ। ਲੋਕ ਚਾਰ ਦਿਨਾਂ ਦੇ ਭੁੱਖੇ ਸਨ। ਉਹ ਛੱਲੀਆਂ ਨੂੰ ਤੁੱਕਿਆਂ ਸਣੇ ਖਾ ਗਏ। ਤੁਰਦੇ-ਤੁਰਦੇ ਮਸਾਂ ਜੱਸੜ ਸਟੇਸ਼ਨ ਆਇਆ। ਨਿਰੰਤਰ ਮੀਂਹ ਪੈਂਦਾ ਰਿਹਾ। ਤੀਜੇ ਦਿਨ ਗੱਡੀ ਆਈ। ਸਭ ਲੋਕ ਅੰਮ੍ਰਿਤਸਰ ਆ ਗਏ। ਇੱਥੇ ਲੋਕਾਂ ਨੇ ਲੰਗਰ ਲਗਾਏ ਹੋਏ ਸਨ। ਇੱਥੇ ਇਨ੍ਹਾਂ ਨੂੰ ਪਤਾ ਲੱਗਿਆ ਕਿ ਗੁੱਜਰਾਂਵਾਲੇ ਜ਼ਿਲ੍ਹੇ ਨੂੰ ਫ਼ਿਰੋਜ਼ਪੁਰ ਮਿਲਣਾ। ਇੱਥੇ ਪਹੁੰਚ ਉਨ੍ਹਾਂ ਛਾਉਣੀ ’ਚ ਡੇਰਾ ਲਗਾ ਲਿਆ। ਇੱਥੇ ਹੜ੍ਹ ਆ ਗਿਆ। ਚੱਕ ਖ਼ਲੀਲ ਦੇ ਕਾਫ਼ੀ ਲੋਕ ਇੱਥੇ ਰੁੜ੍ਹ ਗਏ। ਬਚੇ ਲੋਕ ਅਗਲੇ ਦਿਨ ਜਲੰਧਰ ਨੂੰ ਤੁਰ ਪਏ। ਇੱਥੇ ਵੀ ਬੜਾ ਮੀਂਹ ਪਿਆ। ਇੱਥੋਂ ਫਿਰ ਪਟਿਆਲੇ ਆ ਗਏ। ਪਟਿਆਲਿਓ ਪਹਿਲਾਂ ਮੁਹਤਬਰ ਬੰਦੇ ਕਾਲੀਏ ਪਿੰਡ ਨੂੰ ਵੇਖਣ ਆਏ। ਫਿਰ ਪਟਿਆਲੇ ਤੋਂ ਕੱਚੀ ਅਲਾਟਮੈਂਟ ਕਰਵਾਈ। ਇੱਥੇ ਆਏ ਤਾਂ ਇਹ ਪਿੰਡ ਸਾਰਾ ਕੱਚਾ ਸੀ। ਕੁਝ ਬੰਦੇ ਕਹਿਣ ਲੱਗੇ ਕਿ ਇੱਥੇ ਜਿਉਣ ਦਾ ਹੱਜ ਨਹੀਂ ਕੋਈ, ਇੱਥੋਂ ਤੁਰ ਜਾਈਏ। ਸਿਆਣਿਆਂ ਸਲਾਹ ਦਿੱਤੀ ਕਿ ਜੇ ਪਿੰਡ ਛੱਡ ਦਿੱਤਾ ਤਾਂ ਇਹ ਵੀ ਮੱਲਿਆ ਜਾਣਾ। ਚੱਕ ਖ਼ਲੀਲ ਤੇ ਭੱਟੀ ਭੰਗੋ, ਭੰਗੂਆਂ ਦੇ ਇਹ ਦੋਵੇਂ ਪਿੰਡ ਇਸ ਇਕੋ ਪਿੰਡ ਕਾਲੀਆ ’ਚ ਸਮਾ ਗਏ ਸਨ। ਥਾਂ-ਕੁਥਾਂ ਭਟਕਦਿਆਂ ਸਿਆਲ ਚੜ੍ਹ ਆਇਆ ਸੀ। ਇਸ ਟੱਬਰ ਨੇ ਵੀ ਦੋ ਕੋਠੇ ਮੱਲ ਲਏ। ਇੰਦਰ ਸਿੰਘ ਹੁਰੀਂ ਵੱਡੇ ਸਨ ਤੇ ਬਾਕੀ ਚਾਰੋਂ ਭਰਾ ਛੋਟੇ। ਇਹ ਬਾਲਣ ਇਕੱਠਾ ਕਰ ਲੈਂਦੇ। ਕਿਸੇ ਰਾਤ ਇੰਦਰ ਸਿੰਘ ਤੇ ਕਿਸੇ ਰਾਤ ਬਾਪ ਨੇ ਜਾਗਣਾ। ਇਕੋ-ਇਕ ਖੇਸ ਸੀ ਇਨ੍ਹਾਂ ਕੋਲ। ਅੱਗ ਦੁਆਲੇ ਬਹਿ ਕੇ ਸਿਆਲ ਕੱਟਿਆ। ਜੱਦੀ ਲੋਕਾਂ ਕੋਲੋਂ ਦਾਣੇ ਮੰਗੇ ਤੇ ਉੱਜੜ ਕੇ ਗਏ ਮੁਸਲਮਾਨਾਂ ਦਾ ਸਾਮਾਨ ਵੀ ਲੈ ਲਿਆ। ਹੋਰਾਂ ਵਾਂਗ ਇਹ ਪਿਉ-ਪੁੱਤ ਵੀ ਦਿਹਾੜੀਆਂ ਕਰਨ ਲੱਗੇ। ਵੱਡੇ ਤੜਕੇ ਤੁਰ ਜਾਣਾ। ਦਿਨ ਚੜ੍ਹਦੇ ਨੂੰ ਕੰਮ ’ਤੇ ਪਹੁੰਚ ਜਾਣਾ। ਦਸ ਵਜੇ ਮੁੜਨਾ। ਮਸਾਂ ਚਾਰ ਕੁ ਘੰਟੇ ਆਰਾਮ ਕਰਨਾ। ਗੁੱਜਰਾਂਵਾਲੇ ਦੀ ਜ਼ਮੀਨ ਬੜੀ ਚੰਗੀ ਸੀ। ਕਦੇ ਸੋਚਿਆ ਵੀ ਨਹੀਂ ਸੀ ਕਿ ਅਸੀਂ ਮਾਲਵੇ ਦੇ ਟਿੱਬਿਆਂ ’ਚ ਆਵਾਂਗੇ। ਉਹ ਪਿੰਡ ਨਹੀਂ ਭੁੱਲਦਾ। ਦਿਨੇਂ ਇੱਥੇ ਹੁੰਦੇ ਆਂ, ਰਾਤ ਨੂੰ ਚੱਕ ਖ਼ਲੀਲ। ਹੁਣ ਆਂਹਦੇ ਨੇ ਖੁੱਲ੍ਹ ਹੋਣੀ ਆਂ। ਜੇ ਮੌਕਾ ਮਿਲਿਆ ਤਾਂ ਆਪਣਾ ਪਿੰਡ ਵੇਖ ਕੇ ਆਵਾਂਗੇ। ਪਰ...!’ ਇਕ ਪਲ ਲਈ ਬਾਬਾ ਇੰਦਰ ਸਿੰਘ ਦੀਆਂ ਅੱਖਾਂ ’ਚੋਂ ਕੋਈ ਆਸ ਉੱਭਰੀ ਤੇ ਅਗਲੇ ਪਲ ਹੰਝੂਆਂ ’ਚ ਡੁੱਬ ਗਈ।

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਸਾਂਵਲ ਧਾਮੀ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ