Moian Nu Aawazaan ! (Vand De Dukhre) : Sanwal Dhami

ਮੋਇਆਂ ਨੂੰ ਆਵਾਜ਼ਾਂ! (ਵੰਡ ਦੇ ਦੁੱਖੜੇ) : ਸਾਂਵਲ ਧਾਮੀ

ਜੇਜੋਂ, ਹਵੇਲੀ ਤੇ ਝੰਜੋਵਾਲ; ਇਹ ਤਿੰਨੋਂ ਪਿੰਡ ਜ਼ਿਲ੍ਹਾ ਹੁਸ਼ਿਆਰਪੁਰ ਦੀ ਗੜ੍ਹਸ਼ੰਕਰ ਤਹਿਸੀਲ ’ਚ ਪੈਂਦੇ ਹਨ। ਇਨ੍ਹਾਂ ਪਿੰਡਾਂ ’ਚੋਂ ਉੱਠ ਕੇ ਤੰਬੜ ਗੋਤ ਦੇ ਸੈਣੀ ਜ਼ਿਲ੍ਹਾ ਸ਼ੇਖ਼ੂਪੁਰਾ (ਹੁਣ ਪਾਕਿਸਤਾਨ) ਦੀ ਤਹਿਸੀਲ ਨਨਕਾਣਾ ਸਾਹਿਬ ਦੇ ਚੱਕ ਨੰਬਰ ਚਾਰ ’ਚ ਜਾ ਵਸੇ ਸਨ। ਇਸ ਚੱਕ ਨੂੰ ਗੁਗੇਰਾ ਬ੍ਰਾਂਚ ਨਹਿਰ ਦਾ ਪਾਣੀ ਲੱਗਦਾ ਸੀ। ਇਸ ਕਰਕੇ ਇਸਦਾ ਅਸਲ ਨਾਂ ਸੀ ਚਾਰ ਜੀ.ਬੀ.। ਚੱਕਵਾਸੀਆਂ ਨੇ ਇਸਦਾ ਇਕ ਆਪਣਾ ਨਾਂ ‘ਭਗਵਾਨਪੁਰਾ’ ਵੀ ਰੱਖ ਲਿਆ ਸੀ। ਜ਼ਿਲ੍ਹਾ ਹੁਸ਼ਿਆਰਪੁਰ ਦੇ ਹੀ ਜਿਆਣ ਤੇ ਪੰਡੋਰੀ ਗੰਗਾ ਸਿੰਘ ਆਦਿ ਪਿੰਡਾਂ ਤੋਂ ਖੱਡੀਆਂ ਬੁਣਨ ਵਾਲੇ ਵੀ ਉੱਥੇ ਪਹੁੰਚ ਗਏ ਸਨ। ਚੱਗਰਾਂ ਵਾਲੇ ਗੰਗੂ ਰਾਮ ਦੇ ਚਾਰ ਪੁੱਤਰ ਸਨ। ਇਹ ਟੱਬਰ ਅੱਧ ’ਤੇ ਜ਼ਮੀਨ ਲੈ ਕੇ ਖੇਤੀ ਕਰਦਾ ਸੀ। ਇਕ ਘਰ ਜ਼ਿਲ੍ਹਾ ਜਲੰਧਰ ਦੇ ਪਿੰਡ ਕੋਟਲਾ ਤੋਂ ਗਿਆ ਹੋਇਆ ਸੀ। ਉਹ ਮਿੱਟੀ ਦੇ ਭਾਂਡੇ ਬਣਾਉਂਦਾ ਸੀ। ਜੰਗੀ ਨਾਂ ਦਾ ਵਿਅਕਤੀ ਸੇਪ ’ਤੇ ਕੱਪੜੇ ਸਿਉਂਦਾ ਤੇ ਇਸ ਬਦਲੇ ਉਸਨੂੰ ਹਾੜ੍ਹੀ-ਸਾਉਣੀ ਦਾਣੇ ਮਿਲਦੇ ਸਨ। ਨਨਕਾਣਾ ਸਾਹਿਬ ਨੇੜਲੇ ਚੱਕਾਂ ’ਚ ਵੱਸਦੇ ਲਗਪਗ ਸਾਰੇ ਸੈਣੀਆਂ ਦਾ ਪਿਛੋਕੜ ਜਲੰਧਰ ਤੇ ਹੁਸ਼ਿਆਰਪੁਰ ਜ਼ਿਲ੍ਹਿਆਂ ਦਾ ਸੀ। ਸੱਤ ਤੇ ਅੱਠ ਚੱਕਾਂ ਵਿਚਕਾਰ ਸੈਣੀਬਾਰ ਸਕੂਲ ਦੀ ਸਥਾਪਨਾ, ਇਸ ਇਲਾਕੇ ਦੀ ਵੱਡੀ ਪ੍ਰਾਪਤੀ ਸੀ। ਇਸ ਸਕੂਲ ਦੀ ਉਸਾਰੀ ’ਚ ਮੋਹਰੀ ਭੂਮਿਕਾ ਸੱਤ ਚੱਕ ਵਾਲੇ ਸਤੌਰੀਏ ਸ. ਠਾਕੁਰ ਸਿੰਘ ਬਡਵਾਲ ਹੁਰਾਂ ਨਿਭਾਈ ਸੀ। ਇਹ ਬਹੁਤ ਮਿਹਨਤੀ ਲੋਕ ਸਨ। ਵਾਧੂ ਖਰਚ ਜਾਂ ਫੋਕੇ ਵਿਖਾਵਿਆਂ ’ਚ ਇਨ੍ਹਾਂ ਦਾ ਕੋਈ ਯਕੀਨ ਨਹੀਂ ਸੀ। ਧੀ-ਪੁੱਤ ਦੇ ਵਿਆਹ ਦਾ ਭਾਰ ਪੂਰਾ ਪਿੰਡ ਚੁੱਕਦਾ ਸੀ। ਰੋਟੀ ਵੇਲੇ ਪਿੰਡ ਦੇ ਮੁਹਤਬਰ ਬੰਦਿਆਂ ਨੇ ਵਹੀ ਲੈ ਕੇ ਬੈਠ ਜਾਣਾ। ਹਰੇਕ ਲਾਣੇਦਾਰ ਨੂੰ ਪੁੱਛਣਾ- ਤੇਰੇ ਇਸਨੇ ਪੰਜ ਪਾਏ ਸੀ, ਭਾਈ ਤੂੰ ਦੱਸ, ਕਿੰਨਾ ਸ਼ਗਨ ਪਾਉਣਾ? ਮੇਰੇ ਦਸ ਲਿਖ ਲਓ ਜੀ- ਮੂਹਰਿਓਂ ਅਜਿਹਾ ਕੋਈ ਜਵਾਬ ਮਿਲਣਾ। ਮਾਂਹ,ਚੌਲ਼, ਸ਼ੱਕਰ ਤੇ ਦੇਸੀ ਘਿਓ ਘਰ ਦੇ ਹੁੰਦੇ। ਨਾਲ ਅੰਬਾਂ ਨੂੰ ਉਬਾਲ ਕੇ ਮਲਾਂਜੀ ਬਣਾ ਲੈਂਦੇ। ਰੋਟੀ ਖਾਣ ਵਾਲੇ ਥਾਲੀ, ਕੌਲੀ ਤੇ ਗਿਲਾਸ ਆਪਣਾ ਲੈ ਕੇ ਜਾਂਦੇ ਹੁੰਦੇ ਸਨ। ਉਹ ਵੇਲੇ ਸਸਤੇ ਸਨ। ਪੰਝੀ ਰੁਪਏ ’ਚ ਵਰ੍ਹੀ ਦੇ ਚਾਰ ਸੂਟ ਬਣ ਜਾਂਦੇ। ਇਨ੍ਹਾਂ ’ਚ ਇਕ ਸੂਟ ਸ਼ਨੀਲ ਦਾ ਵੀ ਹੁੰਦਾ। ਜਿਸਨੂੰ ਜਨੇਤ ਜਾਣ ਲਈ ਕਹਿਣਾ, ਉਸਨੇ ਆਪਣਾ ਕਿਰਾਇਆ ਆਪ ਲਗਾ ਕੇ ਜਾਣਾ। ਚਾਰ ਚੱਕ ’ਚ ਝੰਡੇ ਤੇਲੀ ਦਾ ਕੋਹਲੂ ਹੁੰਦਾ ਸੀ। ਉਸਦਾ ਭਰਾ ਹੱਸੂ ਕਿਸਾਨਾਂ ਨਾਲ ਸੀਰੀ ਰਲਦਾ ਸੀ। ਸੰਤਾਲੀ ਤੋਂ ਕਈ ਸਾਲਾਂ ਤਕ ਉਹ ਚਾਰ ਚੱਕ ਵਾਲਿਆਂ ਨੂੰ ਚਿੱਠੀਆਂ ਲਿਖਵਾਉਂਦਾ ਰਿਹਾ ਸੀ-ਅਸੀਂ ਤਾਂ ਭੁੱਖੇ ਮਰਦੇ ਪਏ ਆਂ ਸਰਦਾਰੋ, ਸਾਨੂੰ ਚੜ੍ਹਦੇ ਪੰਜਾਬ ਸੱਦ ਲਓ। ਜਵਾਬ ’ਚ ਮੁਖਲਿਆਣੇ ਵੱਸਦੇ ਮਾਸਟਰ ਪ੍ਰੀਤਮ ਸਿੰਘ ਨੇ ਉਸਨੂੰ ਪੁੱਛਿਆ ਸੀ-ਹੱਸੂ ਚਾਚਾ ਤੂੰ ਹੁਣ ਕਿਸੇ ਨਾਲ ਸੀਰੀ ਨਹੀਂ ਰਲਦਾ? ਹੱਸੂ ਨੇ ਜਵਾਬ ’ਚ ਲਿਖਵਾਇਆ ਸੀ-ਕਿਸੇ ਵੀ ਜ਼ਿਮੀਂਦਾਰਾਂ ਦੇ ਅੱਠ ਤੋਂ ਘੱਟ ਨਿਆਣੇ ਨਹੀਂ, ਸਾਨੂੰ ਸੀਰੀ ਕਿਹਨੇ ਰੱਖਣਾ? ਚਾਰ ਚੱਕ ’ਚ ਇਕ ਰਹਿਮੀ ਫਕੀਰ ਵੀ ਹੁੰਦਾ ਸੀ। ਉਹ ਆਪਣੀ ਦਵਾਈ ਕਰਕੇ ਬਹੁਤ ਮਸ਼ਹੂਰ ਸੀ। ਖੱਦਰ ਦੇ ਕੱਪੜੇ ’ਚ ਲਪੇਟ ਕੇ ਉਹ ਕਾਲੀ ਜਿਹੀ ਦਵਾਈ ਫੋੜੇ ’ਤੇ ਲਗਾ ਦਿੰਦਾ। ਉਸ ਕੱਪੜੇ ਨੇ ਉਦੋਂ ਉਤਰਨਾ, ਜਦੋਂ ਫੋੜਾ ਠੀਕ ਹੋ ਜਾਣਾ। ਉਸ ਕੋਲ ਲਗਪਗ ਹਰ ਬਿਮਾਰੀ ਦਾ ਇਲਾਜ ਸੀ, ਪਰ ਜਦੋਂ ਕੋਈ ਮੌਲੇ ਦੀ ਦੇਸੀ ਦਵਾਈ ਨਾਲ ਠੀਕ ਨਾ ਹੁੰਦਾ ਤਾਂ ਉਸਨੂੰ ਨਨਕਾਣਾ ਸਾਹਿਬ ਦੇ ਵੱਡੇ ਹਸਪਤਾਲ ਲੈ ਤੁਰਦੇ। ਗੱਡਾ ਹਾਲੇ ਵਸੀਵਾਂ ਵੀ ਨਾ ਲੰਘਦਾ ਤਾਂ ਪਿੰਡ ’ਚ ਗੱਲਾਂ ਸ਼ੁਰੂ ਹੋ ਜਾਂਦੀਆਂ ਕਿ ਹੁਣ ਇਸਨੇ ਜਿਉਂਦਾ ਨਹੀਂ ਮੁੜਨਾ। ਰੱਖੀ ਦਾਈ ਉਸ ਚੱਕ ਦੀ ਸਭ ਨਾਲੋਂ ਸਤਿਕਾਰਤ ਔਰਤ ਸੀ। ਦੱਸਦੇ ਨੇ ਕਿ ਚਾਰ ਚੱਕ ਦੇ ਮੁਹਤਬਰ ਉਸਨੂੰ ਮਿੰਨਤਾਂ-ਤਰਲਿਆਂ ਨਾਲ ਇਸ ਚੱਕ ’ਚ ਲੈ ਕੇ ਆਏ ਸਨ। ਰਹਿਣ ਲਈ ਕਨਾਲ ਜ਼ਮੀਨ ਦਿੱਤੀ ਸੀ। ਉਹ ਜਾਂਗਲੀ ਬੋਲੀ ਬੋਲਦੀ ਸੀ। ਹਰ ਕੋਈ ਉਸਨੂੰ ਸਿਰ ਝੁਕਾ ਕੇ ਮਿਲਦਾ ਸੀ। ਸੰਤਾਲੀ ਵੇਲੇ, ਜਦੋਂ ਚਾਰ ਚੱਕੀਏ ਪਿੰਡ ਛੱਡਣ ਦੀਆਂ ਤਿਆਰੀਆਂ ਕਰਨ ਲੱਗੇ ਤਾਂ ਉਨ੍ਹਾਂ ਨੇ ਰੱਖੀ ਦਾਈ ਨੂੰ ਨਾਲ ਤੁਰਨ ਲਈ ਬਹੁਤ ਮਿੰਨਤਾਂ ਕੀਤੀਆਂ। ਉਹ ਆਪਣਾ ਘਰ-ਪਰਿਵਾਰ ਛੱਡ ਕੇ ਇਨ੍ਹਾਂ ਨਾਲ ਕਿਵੇਂ ਤੁਰ ਸਕਦੀ ਸੀ?

ਇਹ ਸਾਰੀਆਂ ਗੱਲਾਂ ਮੈਂ ਮੁਖਲਿਆਣੇ ਵੱਸਦੇ ਨੱਬੇ ਸਾਲਾ ਪ੍ਰੀਤਮ ਸਿੰਘ ਤੰਬੜ ਤੇ ਹੁਸ਼ਿਆਰਪੁਰ ਸ਼ਹਿਰ ਦੇ ਸੁੰਦਰ ਨਗਰ ਮੁਹੱਲੇ ’ਚ ਰਹਿ ਰਹੀ ਬੀਬੀ ਸਵਰਨ ਕੌਰ ਕੋਲੋਂ ਸੁਣੀਆਂ ਨੇ। ਚੱਗਰੀਏ ਗੰਗੂ ਰਾਮ ਦੀ ਧੀ ਸਵਰਨ ਕੌਰ ਹੁਣ ਬਿਆਸੀ ਵਰ੍ਹਿਆਂ ਦੀ ਏ। ਇਸਦੇ ਚਾਰ ਭਰਾ ਸਨ। ਸੰਤਾਲੀ ਵੇਲੇ ਮੌਲਾ ਬਾਰ੍ਹਾਂ ਤੇ ਦੌਲਾ ਪੰਦਰਾਂ ਕੁ ਵਰ੍ਹਿਆਂ ਦਾ ਸੀ। ਪਿੰਡ ਦੇ ਲਹਿੰਦੇ ਪਾਸੇ ਬਾਗ਼ ’ਚ ਬਣੇ ਢਾਰਿਆਂ ’ਚ ਇਹ ਟੱਬਰ ਰਹਿੰਦਾ ਹੁੰਦਾ ਸੀ। ਸੰਤਾਲੀ ’ਚ ਜਦੋਂ ਇਸ ਚੱਕ ’ਤੇ ਹਮਲਾ ਹੋਇਆ ਤਾਂ ਪਿੰਡ ਦੇ ਲੋਕ ਖਿੰਡਰ-ਪੁੰਡਰ ਗਏ। ਬਹੁਤੇ ਪਿੰਡੋਂ ਨਿਕਲ ਕੇ ਬਾਗ਼ ’ਚ ਆ ਗਏ। ਕੋਈ ਸੰਗਤਰਿਆਂ ਥੱਲੇ, ਕੋਈ ਕੇਲਿਆਂ ਪਿੱਛੇ ਤੇ ਕੋਈ ਬੇਰੀਆਂ ਓਹਲੇ ਲੁਕ ਗਿਆ ਸੀ। ਰਾਤ ਪੈਣ ’ਤੇ ਜਦੋਂ ਲੋਕ ਇੱਥੋਂ ਤੁਰੇ ਤਾਂ ਮੌਲਾ ਤੇ ਦੌਲਾ ਉੱਥੇ ਹੀ ਰਹਿ ਗਏ ਸਨ। ਬਾਗ਼ ’ਚੋਂ ਨਿਕਲ ਕੇ ਇਹ ਪਿੰਡ ਕਾਫ਼ਲੇ ਦੀ ਸ਼ਕਲ ’ਚ ਨਨਕਾਣਾ ਸਾਹਿਬ ਪਹੁੰਚ ਗਿਆ ਸੀ। ਉੱਥੇ ਇਨ੍ਹਾਂ ਨੇ ਅੱਠ-ਦਸ ਦਿਨ ਗੁਜ਼ਾਰੇ ਸਨ। ਇੱਥੋਂ ਕਾਫ਼ਲਾ ਤੁਰਿਆ ਤਾਂ ਗੰਢਾ ਸਿੰਘ ਵਾਲੇ ਹੈੱਡ ’ਤੇ ਇਨ੍ਹਾਂ ਨੂੰ ਰੋਕ ਲਿਆ ਗਿਆ। “ਬੰਦਿਆਂ ਨਾਲ ਤੀਵੀਆਂ ਵੀ ਲੁੱਟਣ ਆਈਆਂ ਹੋਈਆਂ ਸਨ। ਤੀਵੀਆਂ ਨੇ ਸਾਡੀ ਮਾਰ-ਕੁੱਟ ਵੀ ਕੀਤੀ। ਤਲਾਸ਼ੀਆਂ ਲਈਆਂ। ਜੋ ਗਹਿਣਾ-ਗੱਟਾ ਲੁਕੋਇਆ ਸੀ, ਉਹ ਲੈ ਲਿਆ। ਸ਼ੁਕਰ ਰੱਬ ਦਾ ਕੋਈ ਕਤਲ ਨਹੀਂ ਹੋਇਆ। ਸਾਥੋਂ ਪਹਿਲਾ ਵਾਲਾ ਅੱਧਾ ਕਾਫ਼ਲਾ ਤਾਂ ਉਨ੍ਹਾਂ ਜਾਨੋਂ ਮਾਰ ਦਿੱਤਾ ਸੀ। ਸਾਡੀ ਚੰਗੀ ਕਿਸਮਤ ਕਿ ਮੌਕੇ ’ਤੇ ਗੋਰਖੇ ਆ ਗਏ ਸਨ।” ਬੀਬੀ ਸਵਰਨ ਕੌਰ ਆਪਣੀ ਕਹਾਣੀ ਸੁਣਾ ਰਹੀ ਸੀ। “ਕੋਈ ਮਹੀਨਾ ਭਰ ਅਸੀਂ ਫਗਵਾੜੇ ਕਿਸੇ ਰਿਸ਼ਤੇਦਾਰ ਕੋਲ ਰਹੇ ਤੇ ਫਿਰ ਆਪਣੇ ਜੱਦੀ ਪਿੰਡ ਚੱਗਰਾਂ ਆ ਗਏ। ਛੇਤੀਂ ਸਾਨੂੰ ਫੁਗਲਾਣੇ ਪਿੰਡ ’ਚ ਕਿਸੇ ਮੁਸਲਮਾਨ ਦਾ ਘਰ ਮਿਲ ਗਿਆ। ਕੀ ਦੱਸਾਂ ਪੁੱਤਰਾ, ਕਿਤੇ ਘੋੜੇ ਵਰਗਾ ਸੀ ਬਾਪੂ ਮੇਰਾ, ਬਸ ਮੌਲੇ ਤੇ ਦੌਲੇ ਦੇ ਵਿਛੋੜੇ ਨੇ ਲੈ ਲਿਆ। ਮੰਜਾ ਮੱਲ ਕੇ ਪੈ ਗਿਆ। ਅਸੀਂ ਤਾਂ ਇਹੋ ਸੋਚਿਆ ਸੀ ਕਿ ਉਹ ਕਿਸੇ ਮਾਰ ਸੁੱਟੇ ਹੋਣੇ ਨੇ। ਮੈਂ ਮਾਂ ਨੂੰ ਮੌਤ ਤੋੜੀ ਮੁੜ ਕਦੇ ਹੱਸਦੇ ਨਹੀਂ ਵੇਖਿਆ। ਮੁੱਕਦੀ ਗੱਲ ਇਹ ਕਿ ਸਾਡੇ ਮਾਪੇ ਉਨ੍ਹਾਂ ਦੋਹਾਂ ਨੂੰ ਰੋਂਦੇ ਦੁਨੀਆਂ ਤੋਂ ਤੁਰ ਗਏ।” ਬੀਬੀ ਨੇ ਨਿਰਾਸ਼ਾ ’ਚ ਸਿਰ ਮਾਰਦਿਆਂ ਹਉਕਾ ਭਰਿਆ। “ਮੁੜ ਪਤਾ ਲੱਗਿਆ, ਭਰਾਵਾਂ ਦਾ?” ਮੈਂ ਸਵਾਲ ਕੀਤਾ। “ਬੜੇ ਸਾਲਾਂ ਦੇ ਬਾਅਦ, ਉਹ ਮਿਲਣ ਆਏ ਸੀ। ਸਾਨੂੰ ਚਾਰ ਚੱਕ ’ਚ ਚੱਗਰੀਏ ਕਿਹਾ ਜਾਂਦਾ ਸੀ। ਉਨ੍ਹਾਂ ਨੂੰ ਸਾਡਾ ਜੱਦੀ ਪਿੰਡ ਯਾਦ ਸੀ। ਪਹਿਲਾਂ ਉਹ ਚੱਗਰਾਂ ਆਏ ਤੇ ਫਿਰ ਪੁੱਛਦੇ-ਪੁਛਾਉਂਦੇ ਫੁਗਲਾਣੇ ਪਹੁੰਚ ਗਏ। ਉਹ ਤਾਂ ਪਛਾਣ ਹੀ ਨਹੀਂ ਸੀ ਹੁੰਦੇ। ਸਿਰਾਂ ’ਤੇ ਪੱਗੜ ਜਿਹੇ ਬੰਨ੍ਹੇ ਹੋਏ ਸਨ। ਹੁੱਕੇ ਉਨ੍ਹਾਂ ਦੇ ਕੋਲ ਸਨ। ਵੱਡੀਆਂ-ਵੱਡੀਆਂ ਮੁੱਛਾਂ। ਸ਼ਕਲੋਂ ਬੇਸ਼ਕਲ ਹੋਏ। ਇੱਥੇ ਮਹੀਨਾ ਭਰ ਰਹੇ। ਫਿਰ ਤੁਰ ਗਏ। ਉਸਤੋਂ ਬਾਅਦ ਨਾ ਕੋਈ ਚਿੱਠੀ, ਨਾ ਪੱਤਰ। ਰੱਬ ਜਾਣੇ ਜਿਉਂਦੇ ਵੀ ਨੇ ਕਿ...!” ਅੱਖਾਂ ਮੀਟਦਿਆਂ ਬੀਬੀ ਨੇ ਵਾਕ ਅਧੂਰਾ ਛੱਡ ਦਿੱਤਾ। ਕੁਝ ਦੇਰ ਲਈ ਸਾਡੇ ਦਰਮਿਆਨ ਚੁੱਪ ਪੱਸਰੀ ਰਹੀ। “ਮੌਲੇ ਤੇ ਦੌਲੇ ਨੂੰ ਜਦੋਂ ਮਾਪੇ ਨਾ ਮਿਲੇ ਤਾਂ ਉਹ ਬੜਾ ਰੋਏ। ਫਿਰ ਮਸਾਣਾਂ ’ਚ ਵੀ ਗਏ। ਉੱਥੇ ਮਾਪਿਆਂ ਦੀਆਂ ਢੇਰੀਆਂ ਲੱਭ ਦੇ ਫਿਰਨ। ਫਿਰ ਭਲਾ ਕੀ ਮਿਲਣਾ ਸੀ, ਵਿਚਾਰਿਆਂ ਨੂੰ! ਬੀਬੀ-ਭਾਪੇ ਦਾ ਨਾਂ ਲੈ ਕੇ ’ਵਾਜ਼ਾਂ ਪਏ ਮਾਰਨ। ਕਦੇ ਮੋਏ-ਮੁੱਕੇ ਵੀ ਹੁੰਗਾਰਾ ਭਰਦੇ ਨੇ!” ਗੱਲ ਮੁਕਾ ਕੇ ਬੀਬੀ ਨੇ ਚਿਹਰਾ ਚੁੰਨੀ ’ਚ ਲੁਕੋ ਲਿਆ ਤੇ ਡੁਸਕਣ ਲੱਗ ਪਈ।

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਸਾਂਵਲ ਧਾਮੀ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ