Mainu Muaf Kar Dein Dharmian (Vand De Dukhre) : Sanwal Dhami

ਮੈਨੂੰ ਮੁਆਫ਼ ਕਰ ਦੇਈਂ ਧਰਮਿਆ (ਵੰਡ ਦੇ ਦੁੱਖੜੇ) : ਸਾਂਵਲ ਧਾਮੀ

ਜ਼ਿਲ੍ਹਾ ਗੁਰਦਾਸਪੁਰ ਦੀ ਤਹਿਸੀਲ ਸ਼ਕਰਗੜ੍ਹ ’ਚ ਇਕ ਪਿੰਡ ਹੈ ਚੱਕ ਲੱਲਮਾਂ-ਲਾਲੀਆਂ। ਇਸਨੂੰ ਕਾਲੇ ਖਾਂ ਦਾ ਚੱਕ ਵੀ ਕਿਹਾ ਜਾਂਦੈ। ਸੰਤਾਲੀ ਤੋਂ ਪਹਿਲਾਂ ਇਹ ਰਾਜਪੂਤ, ਸੈਣੀਆਂ, ਆਰੀਆਂ, ਮਹਾਜਨਾਂ ਤੇ ਮੁਸਲਮਾਨਾਂ ਦਾ ਘੁੱਗ ਵੱਸਦਾ ਪਿੰਡ ਸੀ। ਇਸ ਇਲਾਕੇ ਦੀ ਜ਼ਮੀਨ ਬਹੁਤੀ ਉਪਜਾਊ ਨਹੀਂ ਸੀ। ਚੁਫ਼ੇਰੇ ਕਿੱਕਰਾਂ ਹੀ ਕਿੱਕਰਾਂ ਦਿਸਦੀਆਂ। ਮੀਂਹ ਪੈ ਜਾਂਦੇ ਤਾਂ ਕਮਾਦ, ਚਰ੍ਹੀ ਤੇ ਬਾਜਰਾ ਹੋ ਜਾਂਦੇ। ਮੱਕੀ ਤਾਂ ਕਿਤੇ-ਕਿਤੇ ਹੁੰਦੀ ਸੀ। ਝੋਨਾ ਬਿਲਕੁਲ ਨਹੀਂ ਸੀ ਹੁੰਦਾ। ਫੱਗਣ ਆਉਂਦਿਆਂ ਦਾਣੇ ਮੁੱਕ ਜਾਂਦੇ ਤੇ ਲੋਕ ਸੱਤੂ ਭੁੰਨ-ਭੁੰਨ ਖਾਣ ਲੱਗ ਜਾਂਦੇ। ਕਪੂਰੇ ਆਰੀਏ ਦੇ ਚਾਰ ਪੁੱਤਰਾਂ ’ਚੋਂ ਜਗਤੂ ਤੇ ਭਗਤੂ ਨੇ ਵੇਈਂ ਤੋਂ ਉਰਾਰ ਨਰੋਟ ਜੈਮਲ ਸਿੰਘ ਲਾਗਲੇ ਪਿੰਡ ਚੱਕ ਪ੍ਰੇਮ ਸਿੰਘ ’ਚ ਆਣ ਟੱਪਰੀਆਂ ਪਾ ਲਈਆਂ ਸਨ। ਉਹ ਜ਼ਿਮੀਂਦਾਰਾਂ ਕੋਲੋਂ ਜ਼ਮੀਨ ਅੱਧ ’ਤੇ ਲੈ ਕੇ ਝੋਨਾ ਲਗਾਉਂਦੇ। ਉਦੋਂ ਇਨ੍ਹਾਂ ਨੂੰ ‘ਲਾਹੜੇ’ ਕਿਹਾ ਜਾਂਦਾ ਸੀ। ਭਗਤੂ ਦੀ ਬਿਆਸੀ ਸਾਲਾ ਧੀ ਬੀਬੀ ਧਰਮੋ ਦੇਵੀ ਜ਼ਿਲ੍ਹਾ ਪਠਾਨਕੋਟ ’ਚ, ਜੰਮੂ ਦੀ ਹੱਦ ’ਤੇ ਵੱਸਦੇ ਪਿੰਡ ਫਤਿਹਪੁਰ ’ਚ ਰਹਿ ਰਹੀ ਏ। ਸੰਤਾਲੀ ਤੋਂ ਆਰ-ਪਾਰ ਦੀਆਂ ਕਈ ਕਹਾਣੀਆਂ ਉਸਦੇ ਚੇਤਿਆਂ ’ਚ ਉੱਕਰੀਆਂ ਪਈਆਂ ਹਨ। “ਮੇਰੇ ਨਾਨਕੇ ਪਿੰਡ ਭਾਈਪੁਰ ਸਨ। ਮੇਰੇ ਦੋ ਮਾਮਿਆਂ ਦੇ ਵਿਆਹ ਹੋਏ ਸਨ, ਪਰ ਬੱਚਾ ਕੋਈ ਨਹੀਂ ਸੀ ਹੋਇਆ। ਮੇਰੀ ਨਾਨੀ ਸਰਧੀ ਮੈਨੂੰ ਆਪਣੇ ਕੋਲ ਲੈ ਗਈ। ਰੌਲਿਆਂ ਤਕ ਮੈਂ ਉੱਥੇ ਈ ਰਹੀ। ਸੰਤਾਲੀ ਦੀ ਤਾਂ ਕੁਝ ਨਾ ਪੁੱਛ ਪੁੱਤਰਾ। ਉਦੋਂ ਬੜੇ ਹੱਲੇ ਪੈਂਦੇ ਰਹੇ ਨੇ। ਉਨ੍ਹਾਂ ਕੋਲ ਕਿਰਪਾਨਾਂ, ਟਕੂਆ ਤੇ ਸੁੱਗੇ ਜਿਹੇ ਹੁੰਦੇ ਸਨ। ਮੇਰੇ ਮਾਮੇ, ਸ਼ੰਕਰ ਤੇ ਰਾਮ ਲਾਲ ਇੱਧਰ ਆਉਂਦੇ ਮੁਸਲਮਾਨਾਂ ਨੇ ਘੇਰ ਲਏ ਸਨ। ਉਹ ਖਾਲੀ ਹੱਥ ਵਾਪਸ ਮੁੜੇ। ਦੋਵਾਂ ਦੇ ਸਿਰ ਪਾਟੇ ਹੋਏ ਸਨ। ਕੋਈ ਦੋ ਮਹੀਨਿਆਂ ਬਾਅਦ ਉਹ ਮੁੜ ਵੇਈਂ ਪਾਰ ਕਰ ਕੇ ਏਧਰ ਆਏ ਸਨ। ਪਿੱਛੇ ਰਹਿ ਗਈਆਂ, ਮੈਂ ਤੇ ਮੇਰੀ ਨਾਨੀ।

ਮੁਸਲਮਾਨਾਂ ’ਚੋਂ ਮੈਨੂੰ ਇਕ ਬੰਦਾ ਯਾਦ ਹੈ, ਭੂਰੂ ਸੁਲਤਾਨ ਨਾਂ ਸੀ ਉਸਦਾ। ਬੰਦਾ ਕਾਹਦਾ ਸਾਡੇ ਲਈ ਤਾਂ ਉਹ ਰੱਬ ਸੀ। ਉਹ ਮੈਨੂੰ ਤੇ ਨਾਨੀ ਨੂੰ ਵੇਈਂ ਦੇ ਕੰਢੇ ਛੱਡ ਕੇ ਗਿਆ। ਅਗਾਂਹ ਨਾਨੀ ਨੂੰ ਬਮਿਆਲ ਦਾ ਰਾਹ ਭੁੱਲ ਗਿਆ। ਅਸੀਂ ਮੁੜ ਪਿਛਾਂਹ ਵੱਲ ਚਲੀਆਂ ਗਈਆਂ। ਉੱਥੇ ਸਾਨੂੰ ਮੱਝਾਂ ਚਾਰਦਾ ਇਕ ਪਠਾਣ ਮਿਲ ਗਿਆ। ਪੁੱਛਣ ਲੱਗਾ ਮਾਈ ਕੌਣ ਆ ਤੂੰ ਤੇ ਕਿੱਥੇ ਜਾਣਾ? ਨਾਨੀ ਕਹਿਣ ਲੱਗੀ ਮੈਂ ਜੁਲਾਹ ਹਾਂ ਤੇ ਅਸੀਂ ਬਮਿਆਲ ਜਾਣਾ। ਮੇਰੀ ਨਾਨੀ ਨੇ ਕੰਨੀਂ ਸੋਨੇ ਦੀਆਂ ਡੰਡੀਆਂ ਪਾਈਆਂ ਹੋਈਆਂ ਸਨ। ਉਹ ਕਹਿੰਦਾ ‘ਤੂੰ ਜੁਲਾਹੀ ਨਹੀਂ, ਤੂੰ ਹਿੰਦਣੀ ਏਂ। ਇਹ ਮੁਸਲਮਾਨਾਂ ਵਾਲੀਆਂ ਡੰਡੀਆਂ ਨਹੀਂ। ਤੂੰ ਜਾਹ ਤੇ ਇਹ ਕੁੜੀ ਮੈਨੂੰ ਦੇ-ਦੇ।’ ਨਾਨੀ ਕਹਿਣ ਲੱਗੀ ‘ਜਿੱਥੇ ਮੈਂ ਮਰਾਂਗੀ, ਉੱਥੇ ਇਹ ਮਰੇਗੀ।’ ਉਹ ਮੇਰੀ ਨਾਨੀ ਦੇ ਸਿਰ ’ਤੇ ਡਾਟ ਲੈ ਕੇ ਖਲੋ ਗਿਆ। ਮੇਰੀ ਬਾਂਹ ਫੜ ਕੇ ਉਹ ਮੈਨੂੰ ਆਪਣੇ ਵੱਲ ਖਿੱਚੇ ਤੇ ਨਾਨੀ ਆਪਣੇ ਵੱਲ। ਉਸ ਦੀਆਂ ਅੱਖਾਂ ਅੱਜ ਵੀ ਜਦੋਂ ਯਾਦ ਆ ਜਾਂਦੀਆਂ ਨੇ ਤਾਂ ਮੇਰੀ ਦੇਹ ਕੰਬ ਉੱਠਦੀ ਏ। ਚੰਗੀ ਕਿਸਮਤ ਨੂੰ ਉਸ ਦੀਆਂ ਮੱਝੀਆਂ ਦੌੜ ਗਈਆਂ ਤੇ ਉਹ ਉਨ੍ਹਾਂ ਨੂੰ ਮੋੜਨ ਚਲਾ ਗਿਆ। ਨਾਨੀ ਮੈਨੂੰ ਹਿੱਕ ਨਾਲ ਲਗਾ ਕੇ ਦੌੜ ਪਈ। ਤਿੰਨ ਦਿਨ ਤੇ ਦੋ ਰਾਤਾਂ ਅਸੀਂ ਚਰ੍ਹੀਆਂ-ਬਾਜਰਿਆਂ ’ਚ ਲੁਕ ਕੇ ਕੱਟੀਆਂ। ਮੱਕੀ ਦੀਆਂ ਕੱਚੀਆਂ ਛੱਲੀਆਂ ਖਾ ਕੇ ਗੁਜ਼ਾਰਾ ਕਰਦੇ ਰਹੇ। ਫਿਰ ਵੇਈਂ ਦੇ ਕੰਢੇ ਹੋ-ਹੋ ਕੇ ਅਸੀਂ ਦੁਪਹਿਰ ਨੂੰ ਬਮਿਆਲ ਪਹੁੰਚੀਆਂ। ਉੱਥੇ ਸਾਡੇ ਕੁਝ ਰਿਸ਼ਤੇਦਾਰ ਪਹਿਲਾਂ ਤੋਂ ਈ ਵੱਸਦੇ ਸਨ। ਇੱਧਰ ਆ ਕੇ ਮੈਂ ਛੇ ਮਹੀਨੇ ਆਪਣੇ ਮਾਮਿਆਂ ਕੋਲ ਰਹੀ। ਫਿਰ ਜਦੋਂ ਸਾਰੇ ਵੱਖਰੇ-ਵੱਖਰੇ ਹੋ ਗਏ ਤਾਂ ਮੇਰੀ ਕਿਸੇ ਬਾਤ ਨਾ ਪੁੱਛੀ। ਮੈਂ ਆਪਣੇ ਮਾਪਿਆਂ ਕੋਲ ਆ ਗਈ, ਕੋਠੇ ਪ੍ਰੇਮ ਸਿੰਘ। ਘਰ ਆਈ ਤਾਂ ਪਤਾ ਲੱਗਿਆ ਕਿ ਮੇਰਾ ਬਾਬਾ ਤੇ ਰਿਸ਼ਤੇ ’ਚੋਂ ਲੱਗਦੀਆਂ ਮੇਰੀਆਂ ਦੋ ਭੂਆ ਇੱਧਰ ਨਹੀਂ ਸਨ ਪਹੁੰਚੀਆਂ। ਪਿਓ ਦੇ ਵਿਯੋਗ ’ਚ ਮੇਰੇ ਬਾਪੂ ਨੇ ਖਾਣਾ-ਪੀਣਾ ਸਭ ਕੁਝ ਭੁਲਾਇਆ ਹੋਇਆ ਸੀ।

ਮੇਰੀਆਂ ਸਕੀਆਂ ਦੋ ਭੂਆਂ ਲਾਹੌਰ ਸ਼ਹਿਰ ਵਿਆਹੀਆਂ ਹੋਈਆਂ ਸਨ। ਉਹ ਆਪਣੇ ਗਹਿਣਿਆਂ ਦੀ ਗੱਠੜੀ ਮੇਰੇ ਬਾਬੇ ਨੂੰ ਦੇ ਆਈਆਂ ਕਿ ਤੂੰ ਲੈ ਆਈਂ। ਤਾਇਆ ਸ਼ੰਕਰ, ਮਿਹਰਦੀਨ ਪਠਾਣ ਤੇ ਬਦਰੂ ਲੁਹਾਰ, ਇਹ ਤਿੰਨੋਂ ਮੇਰੇ ਦਾਦੇ ਤੇ ਰਿਸ਼ਤੇਦਾਰ ਕੁੜੀਆਂ ਨੂੰ ਵੇਈਂ ਪਾਰ ਕਰਾਉਣ ਲਈ ਤੁਰ ਪਏ। ਬਾਬੇ ਨੇ ਸਿਰ ’ਤੇ ਗਹਿਣਿਆਂ ਦੀ ਗੱਠੜੀ ਰੱਖੀ ਹੋਈ ਸੀ। ਰਾਹ ’ਚ ਮੁਸਲਮਾਨਾਂ ਤਾਏ ਨੂੰ ਇਹ ਕਹਿ ਕੇ ਮੋੜ ਦਿੱਤਾ ਕਿ ਤੂੰ ਫ਼ਿਕਰ ਨਾ ਕਰ, ਅਸੀਂ ਆਪਣੇ ਯਾਰ ਨੂੰ ਬਮਿਆਲ ਤਕ ਛੱਡ ਕੇ ਆਵਾਂਗੇ। ਇਸ ਗੱਲ ਨੂੰ ਅੱਧਾ ਵਰ੍ਹਾ ਬੀਤ ਗਿਆ ਸੀ। ਨਾ ਉਹ ਬਮਿਆਲ ਪਹੁੰਚੇ ਤੇ ਨਾ ਹੀ ਲੱਲਮਾਂ-ਲਾਲੀਆਂ ਨੂੰ ਮੁੜੇ। ਮੇਰਾ ਬਾਪ ਦੂਜੇ-ਤੀਜੇ ਦਿਨ ਨਵੀਂ ਬਣੀ ਸਰਹੱਦ ’ਤੇ ਜਾਂਦਾ। ਕੈਂਪਾਂ ਦੇ ਗੇੜੇ ਵੀ ਕੱਢਦਾ। ਪਹਿਲਾਂ ਤੋਂ ਇੱਧਰ ਰਹਿ ਰਹੇ ਰਿਸ਼ਤੇਦਾਰਾਂ ਨੂੰ ਵੀ ਪੁੱਛਣ ਜਾਂਦਾ, ਪਰ ਉਨ੍ਹਾਂ ਦੀ ਕੋਈ ਖ਼ਬਰ ਨਾ ਮਿਲਦੀ। ਜਦੋਂ ਵਿਰਲੇ-ਟਾਂਵੇਂ, ਰਹੇ-ਖੂਹੇ ਲੋਕ ਉੱਧਰੋਂ ਇੱਧਰ ਆ ਰਹੇ ਸਨ ਤਾਂ ਮੇਰਾ ਬਾਪ ਇੱਧਰੋਂ ਉੱਧਰ ਚਲਾ ਗਿਆ। ਪਹਿਲਾਂ ਉਹ ਆਪਣੇ ਪਿੰਡ ਪਹੁੰਚਿਆ। ਕਿਸੇ ਤਰ੍ਹਾਂ ਮਿਹਰਦੀਨ ਤੇ ਬਦਰੂ ਹੁਰਾਂ ਨੂੰ ਮਿਲਿਆ। ਉਨ੍ਹਾਂ ਇਹੋ ਆਖਿਆ ਸੀ ਕਿ ਉਹ ਤਾਂ ਤਿੰਨਾਂ ਨੂੰ ਵੇਈਂ ਪਾਰ ਕਰਵਾ ਕੇ ਹੀ ਵਾਪਸ ਮੁੜੇ ਸਨ। ਮੇਰਾ ਬਾਪ ਮਹੀਨਾ ਭਰ ਉੱਧਰ ਰਿਹਾ। ਉਸਨੇ ਵਣਜਾਰੇ ਦਾ ਭੇਸ ਧਾਰ ਲਿਆ। ਸਾਰਾ ਸ਼ਕਰਗੜ੍ਹ ਗਾਹ ਮਾਰਿਆ, ਪਰ ਉਸਨੂੰ ਮੇਰਾ ਦਾਦਾ ਕਿਤੋਂ ਨਾ ਮਿਲਿਆ। ਜਦੋਂ ਉਹ ਮੁੜਿਆ ਤਾਂ ਉਹ ਪਛਾਣਿਆ ਨਹੀਂ ਸੀ ਜਾ ਰਿਹਾ। ਉਹ ਇੰਜ ਸੀ ਜਿਵੇਂ ਸ਼ੁਦਾਈ ਹੋ ਗਿਆ ਹੋਵੇ। ਕੁਝ ਦਿਨ ਉਹ ਪਿੰਡ ਰਿਹਾ। ਉਦਾਸ-ਉਦਾਸ। ਘਰ ’ਚ ਉਸਦਾ ਕਿੱਥੇ ਦਿਲ ਲੱਗਦਾ ਸੀ। ਚੱਤੋ-ਪਹਿਰ ਆਪਣੇ-ਆਪ ਨਾਲ ਗੱਲਾਂ ਕਰਦਾ ਰਹਿੰਦਾ। ਇਕ ਦਿਨ ਉਹ ਅੱਧੀ ਰਾਤੇ ਉੱਠ ਕੇ ਫਿਰ ਤੁਰ ਗਿਆ। ਉਹ ਵੱਖ-ਵੱਖ ਭੇਸਾਂ ’ਚ ਆਪਣੇ ਬਾਪ ਨੂੰ ਲੱਭਣ ਉਸ ਪਾਰ ਜਾਂਦਾ ਰਿਹਾ। ਕਦੇ ਵੰਗਾਂ-ਚੂੜੀਆਂ ਵੇਚਣ ਵਾਲਾ ਵਣਜਾਰਾ, ਜਦੇ ਸਬਜ਼ੀ ਵੇਚਣ ਵਾਲਾ, ਕਦੇ ਕੁਝ ਤੇ ਕਦੇ ਕੁਝ। ਉਹ ਵਿਚਾਰਾ ਤਿੰਨ ਸਾਲ ਇਉਂ ਹੀ ਭਟਕਦਾ ਰਿਹਾ। ਫਿਰ ਅੱਕ ਕੇ ਉਸਨੇ ਲੱਲਮਾਂ ਲਾਲੀਆਂ ਦੇ ਉਨ੍ਹਾਂ ਦੋਵਾਂ ਮੁਸਲਮਾਨਾਂ ਨੂੰ ਚਿੱਠੀ ਲਿਖੀ ਕਿ ਉਹ ਫਲਾਣੀ ਤਰੀਕ ਨੂੰ ਬਮਿਆਲ ਵਾਲੀ ਹੱਦ ’ਤੇ ਮੁਲਾਕਾਤ ਕਰਨ ਆਉਣ। ਉਹ ਉੱਥੇ ਸ਼ਾਮ ਤਕ ਉਡੀਕਦਾ ਰਿਹਾ, ਪਰ ਉਹ ਨਹੀਂ ਆਏ। ਉਸਨੇ ਫਿਰ ਚਿੱਠੀਆਂ ਪਾਈਆਂ। ਹਰ ਵਾਰ ਲਿਖੀ ਤਰੀਕ ਨੂੰ ਸਰਹੱਦ ’ਤੇ ਜਾਂਦਾ ਰਿਹਾ। ਕਿਤੇ ਅੱਠਵੀਂ-ਨੌਵੀਂ ਵਾਰ, ਉਨ੍ਹਾਂ ’ਚੋਂ ਇਕ ਬਦਰੂ ਲੁਹਾਰ ਮੁਲਾਕਾਤ ਕਰਨ ਲਈ ਆਇਆ। ਮੇਰੇ ਪਿਓ ਨੇ ਆਖਿਆ ‘ਮੈਂ ਤਾਂ ਦੋਵੇਂ ਪਾਸਿਆਂ ਦੇ ਸੈਆਂ ਪਿੰਡ ਫਰੋਲ ਮਾਰੇ ਨੇ ਚਾਚਾ। ਮੈਨੂੰ ਮੇਰਾ ਪਿਓ ਨਹੀਂ ਲੱਭਾ। ਜੇ ਉਹ ਹੁੰਦਾ ਤਾਂ ਮਿਲਦਾ ਨਾ? ਤੂੰ ਮੇਰੇ ਪਿਓ ਦਾ ਬੜਾ ਗੂੜ੍ਹਾ ਯਾਰ ਸੈਂ। ਦੱਸ ਤੂੰ ਉਸਨੂੰ ਕਿੱਥੇ ਲੁਕੋ ਛੱਡਿਆ ਏ? ਤੂੰ ਅੱਲ੍ਹਾ ਦੀ ਕਸਮ ਖਾ ਕੇ ਦੱਸ ਕਿ ਅਸਲੀਅਤ ਕੀ ਏ? ਬਾਪੂ ਦੀ ਗੱਲ ਸੁਣ ਕੇ ਬਦਰੂ ਨੇ ਨੀਵੀਂ ਪਾ ਲਈ। ਮੁਲਾਕਾਤ ਕਰਕੇ ਘਰ ਮੁੜਿਆ ਤਾਂ ਬਾਪੂ ਮੰਜੇ ’ਤੇ ਡਿੱਗ ਹੀ ਪਿਆ। ਸਾਡੀ ਮਾਂ ਤੇ ਅਸੀਂ ਸਾਰੇ ਬੱਚੇ ਉਸ ਕੋਲੋਂ ਗੱਲ ਪੁੱਛ-ਪੁੱਛ ਥੱਕ ਗਏ, ਪਰ ਉਹ ਕੁਝ ਨਹੀਂ ਸੀ ਬੋਲ ਰਿਹਾ। ਫਿਰ ਅਸੀਂ ਤਾਏ ਨੂੰ ਸੱਦ ਲਿਆਏ। ‘ਕਿੱਦਾਂ ਕੁਝ ਪਤਾ ਲੱਗਾ ਫਿਰ ਭਾਪੇ ਦਾ?’ ਤਾਏ ਨੇ ਇਹ ਸਵਾਲ ਕੀਤਾ ਤਾਂ ਮੇਰੇ ਬਾਪੂ ਨੇ ਧਾਹਾਂ ਮਾਰ ਦਿੱਤੀਆਂ। “ਬਦਰੂ ਆਇਆ ਸੀ। ਕਹਿਣ ਲੱਗਾ ‘ਧਰਮਿਆ ਤੂੰ ਕਪੂਰੇ ਹੁਰਾਂ ਨੂੰ ਲੱਭਣਾ ਛੱਡ ਦੇ। ਹੁਣ ਨਹੀਂ ਮਿਲਣੇ ਉਹ ਤੈਨੂੰ। ਮੈਂ ਪੁੱਛਿਆ-ਚਾਚਾ ਕਿਉਂ? ਅੱਗਿਓਂ ਕਹਿੰਦਾ- ਵੇਈਂ ਟਪਾਈ ਤੇ ਮੈਂ ਤੇਰੇ ਬਾਪੂ ਕੋਲੋਂ ਪੁੱਛਿਆ- ਮੁਸ਼ਕੜੀ ’ਚ ਕੀ ਬੱਧੀਦਾ ਕਪੂਰਿਆ? ਉਹ ਬੋਲਿਆ-ਇਹ ਗਹਿਣੇ ਨੇ। ਮੇਰੀਆਂ ਕੁੜੀਆਂ ਦੇ ਵੀ ਤੇ ਨੂੰਹਾਂ ਦੇ ਵੀ। ਸਾਨੂੰ ਮੁਆਫ਼ ਕਰ ਦਈਂ ਧਰਮਿਆਂ। ਓਸ ਘੜੀ ਅਸੀਂ ਸਦੀਆਂ ਦੀਆਂ ਸਾਂਝਾ ਵਿਸਾਰ ਦਿੱਤੀਆਂ। ਲੋਭ ’ਚ ਅੰਨ੍ਹੇ ਹੋ ਗਏ। ਅਸੀਂ ਗੱਠੜੀ ਉਸਦੇ ਸਿਰੋਂ ਖਿੱਚ ਲਈ ਤੇ ਫਿਰ...। ਉਹ ਚੁੱਪ ਹੋ ਗਿਆ। ਮੈਂ ਆਖਿਆ-ਚਾਚਾ ਹੁਣ ਚੁੱਪ ਨਾ ਕਰ। ਮੇਰੇ ’ਤੇ ਕੁਝ ਰਹਿਮ ਖਾ। ਪੂਰੀ ਕਹਾਣੀ ਦੱਸ। ਉਹ ਰੋ ਪਿਆ ਤੇ ਮੇਰੇ ਮੂਹਰੇ ਹੱਥ ਜੋੜਦਿਆਂ ਬੋਲਿਆ-ਸਾਨੂੰ ਮੁਆਫ਼ ਕਰ ਦੇਣਾ ਧਰਮਿਆ, ਅਸੀਂ ਕਪੂਰੇ ਤੇ ਉਨ੍ਹਾਂ ਦੋਵਾਂ ਕੁੜੀਆਂ ਨੂੰ ਮਾਰ ਘੱਤਿਆ ਸੀ।” ਗੱਲ ਮੁਕਾਉਂਦਿਆਂ ਬੀਬੀ ਧਰਮੋ ਨੇ ਲੰਮਾ-ਠੰਢਾ ਹਉਕਾ ਭਰਿਆ।

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਸਾਂਵਲ ਧਾਮੀ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ