Vasiatnama (Punjabi Story) : Charanjit Singh Pannu

ਵਸੀਅਤਨਾਮਾ (ਕਹਾਣੀ) : ਚਰਨਜੀਤ ਸਿੰਘ ਪੰਨੂ

ਪਿਤਾ ਜੀ ਦੀ ਆਵਾਜ਼ ਆਈ। ਉਨ੍ਹਾਂ ਸਭ ਨੂੰ ਇਕੱਠੇ ਆਪਣੇ ਕੋਲ ਬੁਲਾਇਆ। ਕਹਿਣ ਲੱਗੇ, “ਏਕੇ ਵਿਚ ਬਰਕਤ ਹੈ…ਕਹਾਣੀ ਤੁਹਾਨੂੰ ਸਭ ਨੂੰ ਪਤਾ ਹੈ, ਦੱਸਣ ਦੀ ਲੋੜ ਨਹੀਂ।” ‘ਹਾਂ ਜੀ ਸਮਝ ਗਏ…।’ ਸਭ ਨੇ ਹੁੰਗਾਰਾ ਭਰਿਆ।
‘ਹੋਰ ਸੁਣੋ…। ਵੇਖੋ! ਮੌਸਮ ਕਿੰਨਾ ਖਰਾਬ ਹੈ। ਮਨਹੂਸ ਖਬਰਾਂ ਨਾਲ ਅਖਬਾਰਾਂ ਭਰੀਆਂ ਪਈਆਂ ਹਨ ਕਿ ਕੋਈ ਪੂਰੇ ਦਾ ਪੂਰਾ ਟੱਬਰ ਆਪਣੇ ਬਜੁਰਗ ਦੇ ਫੁਲ ਹਰਿਦੁਆਰ ਪਾਉਣ ਜਾਂਦਾ ਦੁਰਘਟਨਾ ਦਾ ਸ਼ਿਕਾਰ ਹੋ ਕੇ ਮੌਤ ਦੇ ਮੂੰਹ ਜਾ ਪਿਆ। ਇਨਸਾਨ ਦੇ ਮਰਨ ਪਿਛੋਂ ਦੇਹ ਮਿੱਟੀ ਹੋ ਜਾਂਦੀ ਹੈ ਤੇ ਇਸ ਨੂੰ ਸਮੇਟਣ ਵਾਸਤੇ ਲੰਬੇ ਚੌੜੇ ਖਲਜਗਣ ਤੇ ਕਰਮ-ਕਾਂਡ ਨਿਰਾ ਢਕਵੰਜ ਨੇ ਤੇ ਇਨ੍ਹਾਂ ਦਾ ਮਤਲਬ ਲੋਕ-ਦਿਖਾਵੇ ਤੋਂ ਬਿਨਾ ਹੋਰ ਕੁੱਝ ਨਹੀਂ। ਇਸ ਨੂੰ ਨੇੜੇ ਦੇ ਕਿਸੇ ਨਹਿਰ ਨਾਲੇ ਵਿਚ ਜਲ ਪ੍ਰਵਾਹ ਕਰ ਦਿਓ। ਮੈਂ ਤੁਹਾਡੀ ਮਾਂ ਨੂੰ ਕਹਿ ਦਿੱਤਾ ਜੇ, ਪਈ ਇਹ ਉਮੀਦ ਨਾ ਰੱਖੀਂ ਕਿ ਤੇਰੇ ਬਾਅਦ ਮੈਂ ਹਵਨ ਕਰਾ ਕੇ ਤੇਰੀਆਂ ਅਰਦਾਸਾਂ ਕਰਾਉਂਦਾ ਫਿਰੂੰ। ਤੂੰ ਵੀ ਸੁਣ ਲੈ! ਮੇਰੇ ਮਰਨ ‘ਤੇ ਕੋਈ ਮੜ੍ਹੀ ਮਸਾਣੀਂ ਨਹੀਂ ਪੂਜਣੀ। ਪੰਡਿਤ ਪਖੰਡ ਨਹੀਂ ਕਰਾਉਣਾ। ਜੇ ਮੈਂ ਇਹ ਡਰਾਮਾ ਵੇਖ ਲਿਆ ਤਾਂ ਉਠ ਕੇ ਮੈਂ ਉਥੇ ਹੀ ਸੁਧਾਰ ਦੇਣਾ ਤੈਨੂੰ, ਫਿਰ ਨਾ ਕਹੀਂ ਲੋਕਾਂ ਸਾਹਮਣੇ ਮੇਰੀ ਬੇਪਤੀ ਖਰਾਬ ਕੀਤੀ ਆ।” ਉਨ੍ਹਾਂ ਦੇ ਬੀਜੀ ਵੱਲ ਸੰਬੋਧਨ ਨਾਲ ਸੰਕੀਰਨ ਮਾਹੌਲ ਵਿਚ ਪਾਣੀ ਦੇ ਬੁਲਬੁਲੇ ਜਿਹਾ ਠਹਾਕਾ ਉਭਰਿਆ।
ਮੈਂ ਪਿਤਾ ਜੀ ਦਾ ਮੂੰਹ ਮੱਥਾ ਸਹਿਲਾਉਂਦਾ ਹਾਂ। ਮੱਥੇ ‘ਤੇ ਉਕਰੇ ‘ਚੰਦ’ ਦੀਆਂ ਰਿਸ਼ਮਾਂ ਮੱਧਮ ਪੈ ਰਹੀਆਂ ਹਨ। ਇਹ ਚੰਦ ਦਾ ਨਿਸ਼ਾਨ ਮੈਨੂੰ ਪੰਜਾਹ ਸਾਲ ਪਿੱਛੇ ਲੈ ਗਿਆ, ਜਦ ਪਿਤਾ ਜੀ ਲੇਹ ਲੱਦਾਖ ਨੌਕਰੀ ਕਰਦੇ ਸਨ। ਚੀਨ ਨਾਲ ਲੜਾਈ ਛਿੜ ਗਈ ਸੀ, ਉਹ ਲਾਪਤਾ ਅਫਸਰਾਂ ਵਿਚੋਂ ਇੱਕ ਸਨ, ਜੋ ਬਹੁਤ ਦੇਰ ਬਾਅਦ ਜਿਉਂਦੇ ਵਾਪਸ ਮੁੜੇ ਸਨ। ਉਹ ਇੱਕ ਮਹੀਨੇ ਦੀ ਛੁੱਟੀ ਘਰ ਆਏ। ਸਾਰੇ ਪਿੰਡ ਨੇ ਖੁਸ਼ੀ ਵਿਚ ਦੀਪਮਾਲਾ ਕੀਤੀ। ਮੈਨੂੰ ਬਹੁਤੀ ਹੋਸ਼ ਤਾਂ ਨਹੀਂ ਪਰ ਏਨਾ ਪਤਾ ਸੀ ਕਿ ਮੇਰੇ ਪਿਤਾ ਜੀ ਕੋਈ ਉਚੇਚਾ ਮਾਅਰਕਾ ਮਾਰ ਕੇ ਆਏ ਹਨ ਜਿਸ ਕਰ ਕੇ ਉਨ੍ਹਾਂ ਦੀ ਆਓ ਭੁਗਤ ਹੋ ਰਹੀ ਹੈ। ਸਾਰਾ ਪਿੰਡ ਸਾਡੇ ਘਰ ਢੁੱਕ ਰਿਹਾ ਸੀ। ਜਮਾਤ ਵਿਚ ਹੋਰ ਬੱਚੇ ਜਦ ਮੱਛਰੇ ਹੋਏ ਆਪਣੇ ਪਾਪਾ ਬਾਰੇ ਚੋਪੜੀਆਂ ਗੱਲਾਂ ਕਰਦੇ, ਮੈਨੂੰ ਤੁੱਖਣਾ ਦੇਣ ਵਾਂਗ ਲਗਦੀਆਂ ਤੇ ਹੀਣਤਾ-ਭਾਵ ਮਹਿਸੂਸ ਹੋਣ ਲੱਗਦਾ।
ਉਸ ਦਿਨ ਜਦ ਪਿਤਾ ਜੀ ਨੂੰ ਘਰ ਵੇਖ ਚਾਂਭਲਿਆ ਆਪਣੇ ਸਾਥੀਆਂ ਨੂੰ ਦੱਸਣ ਕਿ ਵੇਖੋ ਮੇਰਾ ਬਾਪੂ ਵੀ ਜਿਉਂਦਾ ਘਰ ਵਾਪਸ ਆ ਗਿਆ ਹੈ, ਮੈਂ ਛੱਤ ‘ਤੇ ਚੜ੍ਹ ਗਿਆ। ਮੈਂ ਨੱਚਦਾ ਟੱਪਦਾ ਮਹਿਮਾਨਾਂ ਨੂੰ ਦੱਸ ਰਿਹਾ ਸਾਂ, ‘ਦੇਖੋ ਲੋਕੋ! ਮੇਰੇ ਪਿਤਾ ਜੀ ਆਏ ਨੇ…ਜੰਗ ਜਿੱਤ ਕੇ।’
ਪਿਤਾ ਜੀ ਬਰਾਂਡੇ ਦੀ ਪੱਕੀ ਬੁਰਜੀ ਨਾਲ ਮੰਜੇ ‘ਤੇ ਢੋਅ ਲਾਈ ਬੈਠੇ ਬਾਹਰੋਂ ਆਇਆਂ ਨਾਲ ਗੱਲਾਂ ‘ਚ ਮਸਰੂਫ ਸਨ। ਸ਼ੁੱਭਚਿੰਤਕ ਉਨ੍ਹਾਂ ਦੀਆਂ ਫੌਜੀ ਬਹਾਦਰੀ ਦੀਆਂ ਕਹਾਣੀਆਂ ਸੁਣ ਰਹੇ ਸਨ। ਪਿਤਾ ਜੀ ਦੇ ਅਫਸਰ ਉਨ੍ਹਾਂ ਦੀ ਕਾਬਲੀਅਤ ਤੇ ਸੂਰਬੀਰਤਾ ਤੋਂ ਬਹੁਤ ਪ੍ਰਸੰਨ ਸਨ। 1947 ਦੇ ਉਜਾੜੇ ਸਮੇਂ ਵੀ ਪਾਕਿਸਤਾਨ ਤੋਂ ਇੱਧਰ ਪੰਜਾਬ ਆਉਂਦੇ ਸੈਂਕੜੇ ਗੱਡੇ ਪਖਤੂਨਾਂ ਦੇ ਟੋਲੇ ਨੇ ਬੱਲੋ ਦੇ ਹੈੱਡ ‘ਤੇ ਘੇਰ ਲਏ। ਪਿਤਾ ਜੀ ਸਾਨੂੰ ਲੱਭਦੇ ਲੱਭਦੇ ਉਥੇ ਆ ਪਹੁੰਚੇ। ਉਨ੍ਹਾਂ ਨੇ ਆਪਣੀ ਸਿੱਖ ਰੈਜੀਮੈਂਟ ਦੀ ਮਦਦ ਨਾਲ ਪਖਤੂਨਾਂ ਨੂੰ ਭਜਾ ਦਿੱਤਾ। ਪਿੰਡ ਦੇ ਉਹ ਲੋਕ ਹੁਣ ਤੱਕ ਉਨ੍ਹਾਂ ਦੀ ਬਹਾਦਰੀ ਦੀ ਗਾਥਾ ਸੁਣਾਉਂਦੇ/ਸੁਣਦੇ ਰਹੇ ਹਨ। ਪ੍ਰਸ਼ੰਸਾ ਵਜੋਂ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਨੇ ਘਰ ਆ ਕੇ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਕੀਤਾ ਸੀ।
ਮੈਂ ਚਾਂਭਲਿਆਂ ਉਸ ਬੁਰਜੀ ਉਤੇ ਨੇੜੇ ਹੋ ਕੇ ਥੱਲੇ ਦੇਖਣ ਤੇ ਲੋਕਾਂ ਦਾ ਧਿਆਨ ਖਿੱਚਣ ਦੀ ਕੋਸ਼ਿਸ਼ ਕਰ ਰਿਹਾ ਸਾਂ ਕਿ ਮੈਂ ਤੁਹਾਡੇ ਵੱਡੇ ਹੀਰੋ ਦਾ ਪੁੱਤਰ ਹਾਂ। ਮੇਰੀਆਂ ਹਰਕਤਾਂ ਨਾਲ ਕੱਚੇ ਚੰਨੇ ਦੇ ਸਿਰੋਂ ਇੱਕ ਪੱਕੀ ਇੱਟ ਉਖੜ ਕੇ ਥੱਲੇ ਬੈਠੇ ਪਿਤਾ ਦੇ ਸਿਰ ‘ਚ ਜਾ ਵੱਜੀ ਤੇ ਲਹੂ ਦੀਆਂ ਘਰਾਲਾਂ ਵਗਾ ਗਈ। ਮੈਂ ਥੱਲੇ ਉਤਰਿਆ ਤਾਂ ਵੇਖਿਆ ਪਿਤਾ ਜੀ ਲਹੂ ਲੁਹਾਨ ਬੇਸੁੱਧ ਹੋਏ ਪਏ ਸਨ ਤੇ ਲੋਕ ਉਨ੍ਹਾਂ ਦੀਆਂ ਤਲੀਆਂ ਝੱਸ ਰਹੇ ਸਨ। ਪਿਤਾ ਜੀ ਬੇਸੁੱਧ ਪਏ ਸਨ। ਕੁੱਝ ਹਮਦਰਦ ਮਥਰੇ ਵੈਦ ਵਲ ਭੱਜੇ। ਵੈਦ ਦੇ ਆਉਣ ਤੋਂ ਪਹਿਲਾਂ ਉਹ ਹੋਸ਼ ਵਿਚ ਆ ਗਏ। ਵੈਦ ਨੇ ਉਨ੍ਹਾਂ ਦਾ ਮੱਥਾ ਪਲੋਸਿਆ ਤੇ ਰਿਸਦਾ ਖੂਨ ਅੰਗੂਠੇ ਨਾਲ ਸਾਫ ਕੀਤਾ ਅਤੇ ਮਲ੍ਹਮ ਲਾ ਕੇ ਇੱਕ ਟਾਕੀ ਜੋੜ ਕੇ ਖੜਬਾਨ੍ਹਾ ਜਿਹਾ ਬੰਨ੍ਹ ਦਿੱਤਾ। ਕਈ ਦਿਨ ਪਿੱਛੋਂ ਜ਼ਖਮ ਤਾਂ ਠੀਕ ਹੋ ਗਿਆ ਪਰ ਡੂੰਘਾ ਨਿਸ਼ਾਨ ਪਿੱਛੇ ਰਹਿ ਗਿਆ।
ਕਿਸੇ ਸਿਆਣੇ ਨੇ ਸਲਾਹ ਦਿੱਤੀ ਕਿ ਤਰਨਤਾਰਨ ਦੇ ਮੇਲੇ ਵਿਚ ਮੱਥੇ ਦੀ ਸੱਟ ਬਾਰੇ ਡਾਕਟਰ ਦੀ ਸਲਾਹ ਲਈ ਜਾਵੇ। ਮੱਸਿਆ ਦੇ ਦਿਨ ਸੜਕ ‘ਤੇ ਜਾਂਦੇ ਰਸਤੇ ਵਿਚ ਕੁੜੀਆਂ ਦੀ ਢਾਣੀ ਇੱਕ ਵਣਜਾਰੇ ਸਾਹਮਣੇ ਬੈਠੀ ਵੇਖ ਕੇ ਰੁਕ ਗਏ। ਉਹ ਉਨ੍ਹਾਂ ਦੇ ਹੱਥਾਂ ਬਾਂਹਾਂ ਤੇ ਉਨ੍ਹਾਂ ਦੇ ਨਾਂ ਨਿਸ਼ਾਨ ਉਕਰ ਰਿਹਾ ਸੀ, ਮੋਰਨੀ ਪਾ ਰਿਹਾ ਸੀ…ਚੰਦ ਬਣਾ ਰਿਹਾ ਸੀ। ਉਸ ਨੂੰ ਹਾਸੇ ਭਾਣੇ ਹੀ ਪੁੱਛ ਬੈਠੇ ਕਿ ਮੱਥੇ ਦੇ ਇਸ ਡੂੰਘੇ ਧੱਬੇ ਦਾ ਕੀ ਇਲਾਜ ਹੈ?
‘ਬੈਠੋ! ਹੁਣੇ ਬੈਠੋ। ਇਸ ਦਾ ਤਾਂ ਬੜਾ ਸੁੰਦਰ ਚੰਦ ਬਣ ਜਾਵੇਗਾ। ਚੰਦ ਤਾਂ ਪਹਿਲਾਂ ਹੀ ਬਣਿਆ ਬਣਾਇਆ ਹੈ, ਮੈਂ ਇਸ ਲਾਗੇ ਤਾਰਾ ਵੀ ਲਾ ਦਿੰਨਾਂ।’ ਉਸ ਨੇ ਕਲਾਮਈ ਕਾਰੀਗਰੀ ਨਾਲ ਜ਼ਖਮ ਨੂੰ ਐਸਾ ਭਰਿਆ ਕਿ ਕੋਈ ਸਰਜਨ ਵੀ ਏਨੀ ਸਫਾਈ ਨਾਲ ਨਹੀਂ ਕਰ ਸਕਦਾ। ਉਸ ਨੇ ਚੰਦ ਵਿਚ ਤਾਰਾ ਬਿੰਦੀ ਲਾ ਦਿੱਤੀ। ਹਾਂ! ਇਹ ਉਹ ਚੰਦ ਹੈ ਜੋ ਮੇਰੀਆਂ ਬਚਪਨ ਦੀਆਂ ਸ਼ਰਾਰਤਾਂ ਨੇ ਜੰਮਿਆ ਸੀ।
ਪਿਤਾ ਜੀ ਤਿੰਨ ਚਾਰ ਦਿਨਾਂ ਤੋਂ ਉਠਦੇ ਬਹਿੰਦੇ ਕੁੱਝ ਘਬਰਾਹਟ ਤੇ ਤਲਖੀ ਮਹਿਸੂਸ ਕਰਨ ਲੱਗੇ ਸਨ।
‘ਕਮਜ਼ੋਰੀ ਬੜੀ…ਬੱਸ ਹੋਗੀ ਹੁਣ, ਮੇਰੀ ਗੱਡੀ ਤਿਆਰ ਹੈ…ਐਹਦਾ ਮੱਥਾ ਵੀ ਵੇਖ ਕਿਵੇਂ ਹੱਸ ਰਿਹਾ ਹੈ, ਰਤਨ ਸਿੰਘ ਵਾਂਗ।’ ਅਚਾਨਕ ਖਜਾਨ ਸਿੰਘ ਨੂੰ ਸਾਹਮਣੇ ਆਇਆ ਵੇਖ ਕੇ ਉਨ੍ਹਾਂ ਦੀ ਮੁਹਾਣ ਬਦਲ ਗਈ। ਉਹ ਆਪਣੇ ਛੋਟੇ ਭਾਈ ਰਤਨ ਸਿੰਘ ਨੂੰ ਯਾਦ ਕਰ ਰਹੇ ਸਨ ਜੋ 1971 ਦੀ ਜੰਗ ਵਿਚ ਲਾਹੌਰ ਸੈਕਟਰ ਦੇ ਡੋਗਰਾਈ ਵਿਖੇ ਸ਼ਹੀਦ ਹੋ ਗਿਆ ਸੀ।
“ਨਹੀਂ ਚਿੰਤਾ ਨਾ ਕਰੋ ਡੈਡ! ਉਠੋ ਤੁਰੋ…ਹੰਭਲਾ ਮਾਰੋ। ਤੁਸੀਂ ਅਜੇ ਸੈਂਕੜਾ ਮਾਰਨਾ ਹੈ। ਬਹੁਤ ਸਾਲ ਬਾਕੀ ਨੇ ਅਜੇ।” ਮੈਂ ਹੱਸਦਿਆਂ ਉਨ੍ਹਾਂ ਦਾ ਧਿਆਨ ਮੋੜਨ ਦੀ ਕੋਸ਼ਿਸ਼ ਕੀਤੀ, ਜਿਵੇਂ ਮੈਨੂੰ ਉਹ ਛੋਟੇ ਹੁੰਦੇ ਨੂੰ ਦਿੰਦੇ ਸਨ। ਉਹ ਮਿੱਠਾ ਜਿਹਾ ਮੁਸਕਰਾ ਪਏ।
“ਮੈਂ ਵੀ ਚਾਹੁੰਦਾ ਹਾਂ ਪਰ ਸੈਂਕੜੇ ਨੂੰ ਤੇ ਅਜੇ ਸੱਤ ਸਾਲ ਬਾਕੀ ਪਏ ਨੇ। ਏਨਾ ਲੰਬਾ ਪੈਂਡਾ ਹੁਣ ਮੈਥੋਂ ਤੁਰਿਆ ਨਹੀਂ ਜਾਣਾ ਪੁੱਤ।” ਉਨ੍ਹਾਂ ਹਉਕਾ ਲਿਆ।
“ਸਤਿਨਾਮ ਵਾਹਿਗੁਰੂ ਬੋਲੋ! ਹਉਕਾ ਨਹੀਂ ਭਰਨਾ ਸੁੱਖੀ-ਸਾਂਦੀ।” ਮਾਤਾ ਨੇੜੇ ਹੋ ਗਈ।
ਮੈਂ ਉਡੀਕਦਾ ਹਾਂ, ਪਿਤਾ ਜੀ ਹੁਣੇ ਉਠੇ ਕਿ ਉਠੇ। ਉਨ੍ਹਾਂ ਦੀਆਂ ਸਿਥਲ ਪਈਆਂ ਬੰਦ ਅੱਖਾਂ ਦੀਆਂ ਝਿੰਮਣੀਆਂ ਦੀ ਹਰਕਤ ਕਿਆਸ ਕੇ ਮੇਰਾ ਆਪਾ ਨਿੰਮੋਝੂਣਾ ਹੋ ਜਾਂਦਾ ਹੈ। ਉਹ ਸ਼ਾਂਤ ਸਮੁੰਦਰ ਦੀਆਂ ਲਹਿਰਾਂ ਵਾਂਗ ਧੁੱਪ ਛਾਂ ਗਰਮ ਸਰਦੀ ਤੋਂ ਨਿਰਭੈ ਅਹਿੱਲ ਪਏ ਸਨ। ਕੱਲ੍ਹ ਡਾਕਟਰ ਨੇ ਸਲਾਹ ਦਿੱਤੀ ਸੀ, “ਕਈ ਵੇਰਾਂ ਸੋਡੀਅਮ ਦੀ ਕਮੀ ਕਰ ਕੇ ਮਰੀਜ਼ ਦਾ ਸੁਭਾ ਚਿੜਚਿੜਾ ਜਿਹਾ ਹੋ ਜਾਂਦਾ ਹੈ ਤੇ ਕਿਸੇ ਨਾਲ ਬੋਲਣਾ ਚੰਗਾ ਨਹੀਂ ਲਗਦਾ। ਉਨ੍ਹਾਂ ਨੂੰ ਰੈਸਟ ਕਰਨ ਦਿਓ, ਵਾਰ ਵਾਰ ਬੁਲਾਓ ਨਾ।”
ਮੈਂ ਇੰਤਜ਼ਾਰ ਕਰਦਾ ਹਾਂ, ਹੁਣੇ ਇਨ੍ਹਾਂ ਦਾ ਸੋਡੀਅਮ ਲੈਵਲ ਨਾਰਮਲ ਹੋ ਜਾਵੇਗਾ ਤੇ ਇਹ ਇਸ਼ਾਰਾ ਕਰਨਗੇ, ‘ਬੇਟਾ! ਧੁੱਪ ਆ ਗਈ ਹੈ, ਮੰਜਾ ਛਾਂਵੇਂ ਕਰ ਦਿਓ, ਮੇਰੀ ਖੂੰਡੀ ਮੇਰੇ ਨੇੜੇ ਕਰ ਦਿਓ।’ ਪਰ ਕੋਈ ਹੁਕਮ ਨਾ ਹੋਇਆ। ਮਾਤਾ ਦੱਬੇ ਪੈਰੀਂ ਆ ਕੇ ਗੁੜ, ਚੌਲ, ਕਣਕ, ਮੱਕੀ, ਦਾਲ, ਖੰਡ, ਲੂਣ, ਤੇਲ ਆਦਿ ਸਤਨਾਜਾ ਬਣਾ ਕੇ ਸਿਰਹਾਣੇ ਰੱਖ ਕੇ ਗੁਟਕਾ ਫੜ੍ਹ ਬੈਠੀ ਹੈ।
‘ਮੌਤ ਜ਼ਿੰਦਗੀ ਦੇ ਬਹੁਤ ਨੇੜੇ ਹੈ ਪਤਾ ਨਹੀਂ ਅਗਲਾ ਸਵਾਸ ਆਵੇ ਜਾਂ ਨਾ। ਬੰਦੇ ਦੀ ਕੋਈ ਮੁਨਿਆਦ ਨਹੀਂ। ਮੌਤ ਇੱਕ ਅਟੱਲ ਸੱਚਾਈ ਹੈ। ਮਰੇ ਹੋਏ ਲੋਕ ਕੋਈ ਨਰਕ ਨਹੀਂ ਭੋਗਦੇ, ਨਾ ਹੀ ਉਹ ਕਿਸੇ ਸਵਰਗ ਵਿਚ ਫੁੱਲਾਂ ਦੀ ਸੇਜ ਮਾਣਦੇ ਹਨ। ਭਾਵੇਂ ਕਿੰਨਾ ਵੀ ਵੱਡਾ ਰਾਜਾ ਰਸਾਲੂ, ਰਾਵਣ, ਕੁੰਭਕਰਨ ਜਾਂ ਕੋਈ ਹੋਰ ਰਿੱਧੀਆਂ ਸਿੱਧੀਆਂ ਨੂੰ ਵੱਸ ਕਰਨ ਵਾਲਾ, ਆਖਰ ਤਾਂ ਮੌਤ ਨੇ ਆ ਹੀ ਨੱਪਣਾ ਹੈ। ਫਿਰ ਠੰਢ ਗਰਮੀ ਨੇ ਨਹੀਂ ਸਤਾਉਣਾ। ਮੌਤ ਦੀ ਗੂੜ੍ਹੀ ਨੀਂਦ ਵਿਚ ਸੁੱਤਾ ਜੀਵ ਵਾਪਸ ਅੱਖਾਂ ਨਹੀਂ ਖੋਲ੍ਹਦਾ।’
ਪਿਛਲੇ ਦਿਨੀਂ ਕਿਸੇ ਦੋਸਤ ਦੇ ਭੋਗ ਸਮੇਂ ਪਿਤਾ ਜੀ ਦੇ ਕੀਤੇ ਭਾਸ਼ਣ ਦੇ ਸ਼ਬਦ ਮੇਰੇ ਜ਼ਿਹਨ ਵਿਚੋਂ ਗੁਜ਼ਰ ਜਾਂਦੇ ਹਨ। ਮੈਂ ਉਨ੍ਹਾਂ ਨੂੰ ਹਿਲਾਉਣ ਦੀ ਸੋਚਦਾ ਹਾਂ ਕਿ ਕਿਤੇ ਇਹ ਵੀ ਉਸ ਗੂੜ੍ਹੀ ਨੀਂਦੇ ਤਾਂ ਨਹੀਂ ਚਲੇ ਗਏ ਪਰ ਮੇਰਾ ਹੌਸਲਾ ਨਹੀਂ ਪੈਂਦਾ।
ਕਮਲ ਤਿਆਰ ਹੋ ਕੇ ਆ ਜਾਂਦਾ ਹੈ, “ਮੈਂ ਪਿਤਾ ਜੀ ਤੋਂ ਅਸ਼ੀਰਵਾਦ ਲੈਣਾ ਹੈ…ਮੈਂ ਅਮਰੀਕਨ ਵੀਜ਼ੇ ਲਈ ਬਿਨੈ-ਪੱਤਰ ਦੇਣ ਜਾਣਾ ਹੈ। ਗੁਰਜੀਤ ਇਨ੍ਹਾਂ ਦੀ ਅਸ਼ੀਰਵਾਦ ਲੈ ਕੇ ਗਿਆ, ਪਹਿਲੇ ਹੱਲੇ ਹੀ ਸਿੱਧਾ ਅਮਰੀਕਾ ਪਹੁੰਚ ਗਿਆ, ਬਿਨਾ ਕਿਸੇ ਰੁਕਾਵਟ ਤੋਂ।” ਮੇਰਾ ਭਤੀਜਾ ਰਾਜਕਮਲ ਆਪਣੀ ਮੰਮੀ ਦਾ ਪੜ੍ਹਾਇਆ ਬੜਾ ਉਤਸ਼ਾਹਿਤ ਹੋ ਰਿਹਾ ਹੈ।
“ਪਿਤਾ ਜੀ! ਮੈਂ ਦਿੱਲੀ ਚੱਲਿਆਂ ਵੀਜ਼ੇ ਵਾਸਤੇ।” ਕੋਈ ਹੁੰਗਾਰਾ ਨਹੀਂ, ਕੋਈ ਆਵਾਜ਼ ਨਹੀਂ, ਕੋਈ ਹਿਲਜੁਲ ਨਹੀਂ। ਉਹ ਪਿਤਾ ਜੀ ਦੀ ਸੇਵਾ ਵਾਸਤੇ ਦੁਬਈ ਤੋਂ ਪਿਛਲੇ ਮਹੀਨੇ ਹੀ ਇੱਥੇ ਆਇਆ ਸੀ।
ਉਹ ਮੂੰਹ ਤੋਂ ਕੱਪੜਾ ਹਟਾਉਂਦਾ ਹੈ, ‘ਪਿਤਾਅ…ਜੀਅਅ।’ ਉਸ ਦੀਆਂ ਚੰਘਿਆੜਾਂ ਨਿਕਲ ਜਾਂਦੀਆਂ ਹਨ। ਉਹ ਸੱਚਮੁੱਚ ਹੀ ਗੂੜ੍ਹੀ ਨੀਂਦੇ ਚਲੇ ਗਏ ਨੇ।
ਮੈਂ ਰੋਜ਼ ਵਾਂਗ ਪਿੱਛੇ ਬੈਠ ਕੇ ਪਿਤਾ ਜੀ ਨੂੰ ਕਲਾਵਾ ਭਰ ਕੇ ਉਠਾਉਣ ਦੀ ਕੋਸ਼ਿਸ਼ ਕਰਦਾ ਹਾਂ। ਆਵਾਜ਼ ਦਿੰਦਾ ਹਾਂ…ਕੋਈ ਜੁਆਬ ਨਹੀਂ। ਮੂੰਹ ਨੂੰ ਪਾਣੀ ਲਾਉਂਦੇ, ਪਾਣੀ ਪਾਸੇ ਚੋਅ ਜਾਂਦਾ ਹੈ। ਉਨ੍ਹਾਂ ਦੀ ਨਿਰਜਿੰਦ ਧੌਣ ਆਪਣਾ ਭਾਰ ਚੁੱਕਣ ਤੋਂ ਇਨਕਾਰੀ ਹੋ ਜਾਂਦੀ ਹੈ।
“ਭੌਰ ਉਡਾਰੀ ਮਾਰ ਗਿਆ…ਲਿਟਾ ਦਿਓ ਹੁਣ।” ਉਨ੍ਹਾਂ ਨੂੰ ਸੋਮਨ ਕਰਨ ਵਾਲੇ ਸਾਰੇ ਹਥਿਆਰ ਫੇਲ੍ਹ ਹੁੰਦੇ ਵੇਖ ਕੇ ਮਾਤਾ ਨੇ ਡੂੰਘਾ ਹਉਕਾ ਭਰਿਆ। ਕਮਲ ਦੇ ਹੱਥ ਫੜ੍ਹਿਆ ਕਾਗਜ਼ਾਂ ਦਾ ਪੁਲੰਦਾ ਡੋਲ ਗਿਆ। “ਅਸ਼ਵਨੀ ਨੂੰ ਬੁਲਾਓ।” ਮਾੜੀ ਮੋਟੀ ਤਕਲੀਫ ‘ਤੇ ਉਹ ਜਿਵੇਂ ਆਪ ਹੀ ਕਿਹਾ ਕਰਦੇ ਸਨ। ਕਮਲ ਡਾਕਟਰ ਵੱਲ ਦੌੜ ਜਾਂਦਾ ਹੈ। ਡਾਕਟਰ ਬਨਾਰਸੀ ਦਾ ਬੇਟਾ ਅਸ਼ਵਨੀ ਕੁਮਾਰ ਆਪਣੇ ਪਾਪਾ ਵਾਂਗ ਪਿਤਾ ਜੀ ਦੀ ਬਹੁਤ ਇੱਜਤ ਕਰਦਾ ਹੈ। ਪਿਤਾ ਜੀ ਉਸ ‘ਤੇ ਬਹੁਤ ਇਤਬਾਰ ਕਰਦੇ ਹਨ। ਝੱਟ ਹੀ ਉਹ ਸੰਦੂਕੜੀ ਫੜ੍ਹੀ ਆ ਜਾਂਦਾ ਹੈ।
‘ਬਾਪੂ ਜੀ ਸਤਿ ਸ੍ਰੀ ਅਕਾਲ’ ਕਹਿੰਦਾ ਉਨ੍ਹਾਂ ਦੀ ਨਬਜ਼ ਫੜ੍ਹ ਅੱਖਾਂ ਟੋਂਹਦਾ ਹੈ। ਟਾਰਚ ਮਾਰ ਕੇ ਅੱਖਾਂ ਦੀਆਂ ਪੁਤਲੀਆਂ ਹਰਕਤਾਂ ਵਿਚ ਝਾਤੀ ਮਾਰ ਕੇ ਸਿਰ ਫੇਰਦਾ ਪਿੱਛੇ ਹੋ ਜਾਂਦਾ ਹੈ। ਉਸ ਦੀਆਂ ਅੱਖਾਂ ਵੀ ਭਰ ਆਈਆਂ ਹਨ।
“ਹਸਪਤਾਲ ਲੈ ਚੱਲੀਏ?” ਮੈਂ ਅਜੇ ਹੌਸਲਾ ਨਹੀਂ ਹਾਰਿਆ।
“ਨਹੀਂ ਕੋਈ ਫਾਇਦਾ ਨਹੀਂ।” ਉਸ ਦਾ ਸਪਸ਼ਟ ਜੁਆਬ ਸੀ। ਕਿਰਨਬੀਰ ਦੀਆਂ ਅੱਖਾਂ ਵਿਚ ਡਲ੍ਹਕਦੇ ਹੰਝੂ ਬਰਸਾਤ ਬਣ ਆਏ। ਸ਼ੈਲੀ ਮੂੰਹ ਅੱਡ ਕੇ ਉਚੀ ਚੀਕ ਮਾਰਦੀ ਬੇਸੁੱਧ ਹੋ ਗਈ। ਅੱਜ ਸਵੇਰੇ ਚਾਹ ਦੇਣ ਆਈ ਸ਼ੈਲੀ ਦੇ ਸਿਰ ਪਿਆਰ ਦਿੰਦੇ ਉਹ ਅੱਖਾਂ ਭਰ ਆਏ ਸਨ। ਸ਼ੈਲੀ ਮੇਰੇ ਛੋਟੇ ਵੀਰ ਅਮਰਜੀਤ ਸਿੰਘ ਦੀ ਬੇਟੀ ਹੈ ਜੋ ਨਵੰਬਰ ਚੁਰਾਸੀ ਦੀ ਕਾਲੀ ਹਨੇਰੀ ਵਿਚ, ਜਵਾਨੀ ਦੀ ਉਮਰੇ ਉਸ ਨੂੰ ਤਿੰਨ ਸਾਲ ਦੀ ਉਮਰੇ ਯਤੀਮ ਕਰ ਗਿਆ ਸੀ। ਇਹ ਥੋੜ੍ਹ ਪਿਤਾ ਜੀ ਨੂੰ ਸਾਰੀ ਉਮਰ ਪੱਛਦੀ ਰਹੀ ਹੈ।
ਸ਼ੈਲੀ ਦੀ ਮੰਮੀ ਬਲਜੀਤ ਵੀ ਆ ਗਈ…ਉਸ ਨੂੰ ਵੀ ਕਿਸੇ ਨੇ ਫੋਨ ਕਰ ਦਿੱਤਾ ਹੋਊ। ਉਹ ਖਾਲਸਾ ਕਾਲਜ ਕੰਮ ‘ਤੇ ਜਾਂਦੀ ਹੈ।
“ਹਾਏ ਪਿਤਾ ਜੀ! ਮੇਰਾ ਕੀ ਬਣੂ? ਮੈਨੂੰ ਕੀਹਦੇ ਸਹਾਰੇ ਛੱਡ ਚੱਲੇ ਓ? ਸਵੇਰੇ ਤਾਂ ਕਹਿੰਦੇ ਸੀ, ਮੈਂ ਅਜੇ ਨਹੀਂ ਜਾਣਾ…ਹਾਏ ਮੈਨੂੰ ਉਡੀਕ ਲੈਂਦੇ। ਹਾਏ ਵੇ ਲੋਕਾ ਮੈਂ ਇਨ੍ਹਾਂ ਦੇ ਸਹਾਰੇ ਆਪਣਾ ਔਖਾ ਸਮਾਂ ਕੱਟ ਲਿਆ, ਹੁਣ ਕੀਹਦੇ ਆਸਰੇ ਛੱਡ ਚੱਲੇ ਓ ਪਿਤਾ ਜੀ।” ਉਹ ਪਿੱਟਣ ਲੱਗ ਪਈ। ਅਮਰਜੀਤ ਦੀ ਭਰ ਜਵਾਨੀ ਵਿਚ ਮੌਤ ਤੋਂ ਪਿੱਛੋਂ ਉਹ ਹੀ ਮਾਤਾ ਪਿਤਾ ਦੇ ਨਾਲ ਇੱਕ ਦੂਸਰੇ ਦੀ ਡੰਗੋਰੀ ਬਣਦੇ ਰਹੇ ਹਨ। ਮਾਤਾ ਨੇ ਉਠ ਕੇ ਉਸ ਨੂੰ ਦਿਲਾਸਾ ਦਿੱਤਾ।
“ਸਬਰ ਕਰੋ ਹੁਣ, ਏਨਾ ਹੀ ਸਾਥ ਲਿਖਿਆ ਸੀ। ਥੋੜ੍ਹੀ ਸੇਵਾ ਕੀਤੀ ਤੁਸਾਂ?” ਮਾਤਾ ਉਨ੍ਹਾਂ ਦਾ ਬਿਸਤਰਾ ਸੰਵਾਰਨ ਲੱਗ ਪਈ। ਸਿਰ ਮੂੰਹ ਪਲੋਸਿਆ, ਵਾਲ ਸਵਾਰੇ। ਉਪਰ ਦੀ ਰਜਾਈ ਸਿੱਧੀ ਕਰ ਕੇ ਮਾਤਾ ਹੱਥ ਜੋੜਦੀ ਅੱਖਾਂ ਮਲਦੀ ਪੱਲਾ ਝਾੜਦੀ ਪਿੱਛੇ ਹੋ ਗਈ।
“ਚਲੋ ਫੋਨ ਕਰੋ ਹੁਣ ਬਾਹਰ ਨੂੰ, ਕੁਲਵੰਤ ਨੂੰ ਕਰ ਦਿਓ, ਜੀਤ ਨੂੰ ਵੀ ਦੱਸ ਦਿਓ।” ਮਾਤਾ ਅੱਖਾਂ ਪੂੰਝ ਰਹੀ ਹੈ। ਖਜ਼ਾਨ ਵੀ ਜਲਦੀ ਆ ਗਿਆ ਤੇ ਰੋਂਦਾ ਰੋਂਦਾ ਪਿਤਾ ਜੀ ਨੂੰ ਚਿੰਬੜ ਗਿਆ, ਬੜੀ ਮੁਸ਼ਕਿਲ ਨਾਲ ਉਠਾ ਕੇ ਪਾਸੇ ਕੀਤਾ। ਉਹ ਅੱਖਾਂ ਮਲਦਾ ਵਿਹੜੇ ਵਿਚ ਦਰੀਆਂ ਵਿਛਾਉਣ ਲੱਗਾ। ਦਰਵਾਜੇ ਮੂਹਰੇ ਹਿਲਜੁਲ ਵੇਖ ਕੇ ਆਂਢੀ ਗਵਾਂਢੀ ਇਕੱਠੇ ਹੋਣੇ ਸ਼ੁਰੂ ਹੋ ਗਏ। ਭੀੜ ਵਧਣ ਲੱਗੀ। ਮੌਸਮ ਯਖ ਠੰਢਾ ਤੇ ਖਰਾਬ ਹੈ। ਕਈ ਦਿਨਾਂ ਤੋਂ ਸੂਰਜ ਦੇਵਤਾ ਨਹੀਂ ਦਿਸਿਆ।
“ਠੰਢ ਨੇ ਫਰਸ਼ ਵੀ ਬਰਫ ਵਾਂਗ ਠੰਢਾ ਕਰ ਦਿੱਤਾ ਹੈ। ਲੋਕਾਂ ਦੇ ਬੈਠਣ ਵਾਸਤੇ ਥੱਲੇ ਗੱਦੇ ਵਿਛਾਉਣੇ ਚਾਹੀਦੇ ਨੇ।” ਮਾਤਾ ਦੇ ਕਹਿਣ ‘ਤੇ ਕਮਲ ਨੇ ਟੈਂਟ ਹਾਊਸ ਨੂੰ ਫੋਨ ਕਰ ਦਿੱਤਾ।
ਮੇਰੀ ਪਤਨੀ ਅਜੀਤ ਕੌਰ ਪਿਛਲੇ ਛੇ ਮਹੀਨੇ ਤੋਂ ਮਾਤਾ ਦੀ ਨਿੱਘਰਦੀ ਹਾਲਤ ਸੁਣ ਕੇ ਉਸ ਦੀ ਸੇਵਾ ਵਾਸਤੇ ਅਮਰੀਕਾ ਤੋਂ ਇੱਥੇ ਆ ਗਈ ਸੀ, ਮੈਂ ਨਹੀਂ ਸੀ ਆ ਸਕਿਆ, ਕਿਉਂਕਿ ਸਿਟੀਜ਼ਨ ਬਣਨ ਤੋਂ ਬਾਅਦ ਓ. ਸੀ. ਆਈ. ਕਾਰਡ ਵਾਸਤੇ ਦਿੱਤਾ ਮੇਰਾ ਪਾਸਪੋਰਟ ਅਜੇ ਨਹੀਂ ਸੀ ਮਿਲਿਆ। ਅਜੀਤ ਨੇ ਵੀ ਟੈਸਟ ਤਾਂ ਮੇਰੇ ਨਾਲ ਹੀ ਦਿੱਤਾ ਸੀ ਪਰ ਮੇਰੇ ਕਾਗਜ਼ਾਂ ਵਿਚ ਕੁੱਝ ਨੁਕਸ ਕਾਰਨ ਮੇਰੀ ਸਹੁੰ ਇੱਕ ਮਹੀਨਾ ਲੇਟ ਹੋ ਗਈ। ਇਸ ਸਮੇਂ ਸੈਨ ਫਰਾਂਸਿਸਕੋ ਵਿਖੇ ਭਾਰਤੀ ਅੰਬੈਸੀ ‘ਤੇ ਕੁਰੱਪਸ਼ਨ ਦੀਆਂ ਕਈ ਸ਼ਿਕਾਇਤਾਂ ਕਾਰਨ ਉਥੇ ਵੀ ਕੰਮ ਬਹੁਤ ਲੇਟ ਹੋ ਰਿਹਾ ਸੀ।
ਉਸ ਵੇਲੇ ਮਾਤਾ ਜੀ ਬਹੁਤੇ ਹੀ ਢਿੱਲੇ ਸਨ। ਡਾਕਟਰਾਂ ਨੇ ਸਿਰ ਫੇਰ ਦਿੱਤਾ ਸੀ, “ਸਿਹਤ ਬੜੀ ਕਮਜ਼ੋਰ ਹੈ, ਇਹ ਦੋ ਚਾਰ ਦਿਨ ਦੀ ਪ੍ਰਾਹੁਣੀ ਹੈ। ਘਰ ਲਿਜਾ ਕੇ ਸੇਵਾ ਕਰ ਲਓ।” ਉਹ ਤਾਂ ਕਾਇਮ ਹੋ ਗਈ ਪਰ ਪਿਤਾ ਜੀ ਢਿੱਲੇ ਹੋ ਗਏ। ਹੁਣ ਇੱਕ ਮਹੀਨੇ ਤੋਂ ਪਿਤਾ ਜੀ ਮੰਜੇ ‘ਤੇ ਪੈ ਗਏ ਸਨ ਤੇ ਕਈ ਵੇਰਾਂ ਹਸਪਤਾਲ ਦਾਖਲ ਕਰਾਉਣਾ ਪਿਆ। ਅਜੀਤ ਕੱਲ੍ਹ ਹੀ ਪਿਤਾ ਜੀ ਦੇ ਹੁਕਮ ‘ਤੇ ਰਾਜਨ ਬੇਟੀ ਕੋਲ ਨਵਾਂ ਸ਼ਹਿਰ ਗਈ ਸੀ। ਪਿਤਾ ਜੀ ਉਸ ਦਾ ਜਰਾ ਵੀ ਵਿਸਾਹ ਨਹੀਂ ਸਨ ਖਾਂਦੇ। ਅੱਜ ਸਵੇਰੇ ਘੰਟਾ ਕੁ ਪਹਿਲਾਂ ਹੀ ਪਿਤਾ ਜੀ ਬਾਰੇ ਪੁੱਛਣ ਲਈ ਉਸ ਦਾ ਫੋਨ ਆਇਆ ਸੀ। ਮੈਂ ਦੱਸਿਆ ਸੀ ਕਿ ਉਹ ਠੀਕ ਠਾਕ ਹਨ। ਕਮਲ ਨੇ ਉਸ ਨੂੰ ਇਹ ਮਨਹੂਸ ਖਬਰ ਦੇ ਦਿੱਤੀ। ਝਬਦੇ ਹੀ ਉਸ ਦਾ ਮੈਨੂੰ ਫੋਨ ਆ ਗਿਆ। ਉਹ ਮੇਰੀ ਸਵੇਰ ਦੀ ਰਿਪੋਰਟ ‘ਤੇ ਬਹੁਤ ਦੁਖੀ ਤੇ ਨਾਰਾਜ਼ ਹੋਣ ਲੱਗੀ ਕਿ ਸਵੇਰੇ ਦੱਸ ਦਿੰਦੇ ਤਾਂ ਮੈਂ ਪਿਤਾ ਜੀ ਦਾ ਆਖਰੀ ਵਾਰ ਮੂੰਹ ਵੇਖ ਲੈਂਦੀ। ਮੈਂ ਦੱਸਿਆ ਕਿ ਉਹ ਤਾਂ ਸਾਡੇ ਕੋਲ ਬੈਠਿਆਂ ਵੀ ਸਾਨੂੰ ਦੱਸੇ ਬਿਨਾ ਹੀ ਹੱਥ ਛੁਡਾ ਕੇ ਕਿਤੇ ਟੁੱਭੀ ਮਾਰ ਗਏ ਨੇ।
ਫੋਨ ਦੀ ਸ਼ਾਮਤ ਆਉਂਦੀ ਹੈ। ਬਾਹਰਲੀਆਂ ਘੰਟੀਆਂ ਖੜਕਣ ਲੱਗੀਆਂ ਹਨ। ‘ਮੈਂ ਕੱਲ੍ਹ ਆ ਜਾਣਾ ਹੈ।’ ਦੁਬਈ ਤੋਂ ਸਰਬਜੀਤ ਕਲਪਦਾ ਹੈ। ਅਮਰੀਕਾ ਤੋਂ ਦਲਵੀਰ ਤੇ ਸੁਖਵੀਰ ਦੇ ਫੋਨ ਵੀ ਆ ਗਏ ਨੇ। ਕਮਲ ਰਾਹੀਂ ਖਬਰ ਮਿਲਦੇ ਹੀ ਤੁਰੰਤ ਸਭਨਾਂ ਦੀ ਪ੍ਰਾਪਤੀ ਰਸੀਦ ਮੁੜ ਆ ਗਈ। ਗੁਰਜੀਤ ਪਰਸੋਂ ਦਾ ਇੱਥੋਂ ਤੁਰਿਆ ਹੁਣੇ ਅਮਰੀਕਾ ਪਹੁੰਚਿਆ ਸੀ ਤੇ ਉਥੇ ਉਸ ਦੀ ਰਿਸੈਪਸ਼ਨ ਪਾਰਟੀ ਚੱਲ ਰਹੀ ਹੈ। ਅਜੇ ਇੱਧਰ ਤਾਂ ਕਿਸੇ ਰਿਸ਼ਤੇਦਾਰ ਨੂੰ ਪਤਾ ਨਹੀਂ, ਉਧਰ ਸਾਰੇ ਹਾਹਾਕਾਰ ਮੱਚ ਗਈ। ਉਨ੍ਹਾਂ ਦੇ ਵਾਰੀ ਵਾਰੀ ਫੋਨ ਖੜਕਣ ਲੱਗੇ।
ਕੁਲਵੰਤ ਆ ਗਈ, ਰੋਂਦੀ ਹਾਲ ਪਾਹਰਿਆ ਕਰਦੀ। “ਹਾਏ ਪਿਤਾ ਜੀ! ਮੈਨੂੰ ਕਿਉਂ ਨਾ ਉਡੀਕਿਆ, ਅੱਗੇ ਰੋਜ਼ ਫੋਨ ਕਰ ਲੈਂਦੇ ਸੀ, ਅੱਜ ਮੇਰੀ ਯਾਦ ਕਿਉਂ ਨਾ ਆਈ!” ਉਹ ਪਿਤਾ ਜੀ ‘ਤੇ ਵਿਛ ਜਾਂਦੀ ਹੈ। ਮੈਂ ਆਪਣੀ ਇਕਲੌਤੀ ਭੈਣ ਨੂੰ ਤਸੱਲੀ ਦਿੰਦਾ ਕਲਾਵਾ ਭਰ ਕੇ ਪਿੱਛੇ ਹਟਾਉਂਦਾ ਹਾਂ।
“ਇਨ੍ਹਾਂ ਦਾ ਬਿਸਤਰਾ ਥੱਲੇ ਕਰ ਦਿਓ ਹੁਣ!” ਡੰਗੋਰੀ ਖੜਕਾਉਂਦਾ ਬਾਬੂ ਸਾਂਸੀ ਆ ਪਹੁੰਚਿਆ। ਉਸ ਨੇ ਲਾਗੀਆਂ ਵਾਲੀ ਸਰਸਰੀ ਸਲਾਹ ਦਿੱਤੀ।
‘ਕਿਉਂ? ਸਾਰੇ ਘਰ ਪਰਿਵਾਰ ਦਾ ਮਾਲਕ ਸਾਡਾ ਬਾਪ! ਥੱਲੇ ਕਿਉਂ ਪਾਈਏ!’ ਮੈਨੂੰ ਅਜਿਹੇ ਫਜ਼ੂਲ ਵਹਿਮਾਂ ਭਰਮਾਂ ਤੋਂ ਬੜੀ ਚਿੜ ਹੈ।
‘ਔਗੁਣ ਹੁੰਦਾ ਹੈ ਭਾਊ!…ਇਹ ਬੈਡ ਵੀ ਨਾਲ ਹੀ ਸਾੜਨਾ ਪਊ।’ ਪਿੱਛਿਓਂ ਕਿਸੇ ਨੇ ਦੱਬੀ ਜਿਹੀ ਗਵਾਹੀ ਦਿੱਤੀ।
‘ਧੰਨਵਾਦ ਤੁਹਾਡਾ! ਇਹ ਕੰਮ ਸਾਡੇ ‘ਤੇ ਰਹਿਣ ਦਿਓ, ਤੁਸੀਂ ਹੋਰ ਸੇਵਾ ਦੱਸੋ। ਇਸ ਬੈਡ ‘ਤੇ ਮੈਂ ਸੌਂਇਆਂ ਕਰੂੰ ਹੁਣ।’ ਸੁਣ ਕੇ ਉਹ ਕੰਨੀ ਵਲ੍ਹੇਟ ਕੇ ਪਾਸੇ ਬੈਠ ਗਏ।
ਬੂਈ ਸ਼ਾਹ ਆ ਕੇ ਉਨ੍ਹਾਂ ਦੇ ਸਾਹਮਣੇ ਖੜੋ ਗਿਆ।
‘ਵੇਖੋ ਭਾਜੀ!.. ਸੂਬੇਦਾਰ ਸਾਹਿਬ ਆਪਣੀ ਚੰਗੀ ਪੁਗਾ ਗਏ। ਕੱਲ੍ਹ ਪਰਸੋਂ ਚੰਗੇ ਭਲੇ ਮਿਲੇ ਹੱਸਦੇ ਹੱਸਦੇ…ਕੋਈ ਚਿੱਤ ਚੇਤਾ ਨਹੀਂ ਸੀ ਇਹੋ ਜਿਹੀ ਹੋਣੀ ਦਾ। ਮਹਾਤਮਾ ਵਾਲੀ ਮੌਤ ਹੈ ਇਹ, ਕਿਸੇ ਕਿਸੇ ਨੂੰ ਅਜਿਹੀ ਮੌਤ ਨਸੀਬ ਹੁੰਦੀ ਹੈ। ਨਾ ਦੁੱਖ ਨਾ ਤਕਲੀਫ। ਨਹੀਂ ਤਾਂ ਲੋਕ ਕਿਵੇਂ ਸਾਲਾਂ ਬੱਧੀ ਮੰਜੇ ‘ਤੇ ਹੱਡ ਰਗੜਦੇ ਰਹਿੰਦੇ ਨੇ। ਆਪ ਵੀ ਦੁਖੀ ਤੇ ਪਿਛਲੇ ਵੀ ਦੁਖੀ। ਉਸ ਕੋਲੋਂ ਛੁਟਕਾਰੇ ਲਈ ਅਰਦਾਸਾਂ ਕਰਦੇ ਨੇ। ਉਹ ਬੜੇ ਸੱਚੇ ਸੁੱਚੇ ਪਰਉਪਕਾਰੀ ਤੇ ਦਿਆਲੂ ਇਨਸਾਨ ਸਨ ਤੇ ਹਰ ਡਿਊਟੀ ਬੜੀ ਚੁਸਤੀ ਫੁਰਤੀ ਨਾਲ ਕਰਦੇ ਸਨ। ਵੇਖੋ! ਸੇਵਾਮੁਕਤੀ ਤੋਂ ਬਾਅਦ ਵੀ ਉਨ੍ਹਾਂ ਆਪਣੀ ਜੀਵਨ ਜੱਦੋਜਹਿਦ ਨਹੀਂ ਛੱਡੀ। ਜੱਟ ਦਾ ਪੁੱਤ ਹੁੰਦਿਆਂ ਉਨ੍ਹਾਂ ਨੇ ਚੱਕੀ ਲਾਈ, ਰੂੰ ਪੇਂਜਾ, ਵੜੇਵਿਆਂ ਵਾਲੀ ਵੇਲਣੀ ਤੇ ਝੋਨਾ ਛੜਨ ਵਾਲੀ ਮਸ਼ੀਨ ਨੇ ਉਨ੍ਹਾਂ ਦੇ ਸਾਥੀ-ਸੰਗੀਆਂ ਦਾ ਦਾਇਰਾ ਹੋਰ ਵਧਾ ਦਿੱਤਾ।
‘ਤੁਹਾਡੇ ਕੋਲ ਭਾੜਾ ਹੈ ਤਾਂ ਦੇ ਦਿਓ ਜੋ ਮਰਜ਼ੀ, ਨਹੀਂ ਤਾਂ ਨਾ ਸਹੀ ਜਾਂ ਫੇਰ ਸਹੀ।’ ਕਹਿ ਕੇ ਉਹ ਰਜਿਸਟਰ ਰੱਖ ਦਿੰਦੇ। ਕਿੱਲੋ, ਦੋ, ਪੰਜ, ਦਸ ਕਿੱਲੋ ਦੀਆਂ ਆਟਾ ਥੈਲੀਆਂ ਬਣਾ ਕੇ ਵੇਚਣੀਆਂ ਇਨ੍ਹਾਂ ਦੀ ਹੀ ਕਾਢ ਸੀ ਜੋ ਬਾਅਦ ਵਿਚ ਅਸਾਂ ਵੀ ਅਪਨਾ ਲਈ।’
‘ਸੂਬੇਦਾਰ ਸਾਹਿਬ! ਤੁਸੀਂ ਤਾਂ ਸਾਡਾ ਧੰਦਾ ਬੰਦ ਕਰਵਾ ਦਿਉਗੇ। ਇਹ ਜੋ ਪੈਸਾ ਦੋ ਪੈਸੇ ਤੁਸੀਂ ਛੱਡਦੇ ਓ, ਇਨ੍ਹਾਂ ਨੂੰ ਜਮਾਂ ਕਰ ਕੇ ਵੇਖੋ, ਮਹੀਨੇ ਦੇ ਸੈਂਕੜੇ ਰੁਪਏ ਬਣ ਜਾਣੇ ਨੇ।’ ਪਹਿਲੀ ਚੱਕੀ ਵਾਲੇ ਬੈਗਾ ਸ਼ਾਹ ਨੇ ਆ ਕੇ ਉਲਾਂਭਾ ਦਿਤਾ।
‘ਤੁਸੀਂ ਕੰਮ ਸ਼ੁਰੂ ਕੀਤਾ ਹੈ ਤਾਂ ਇਹਦੇ ਵਿਚੋਂ ਕੁੱਝ ਕਮਾਈ ਕਰੋ। ਤੁਸੀਂ ਮੇਰੇ ਸਾਰੇ ਗਾਹਕ ਵੀ ਖਿੱਚ ਲਏ ਨੇ।’
‘ਇਹ ਬਾਬੇ ਨਾਨਕ ਦੀ ਚੱਕੀ ਆ ਸ਼ਾਹ ਜੀ! ਜੋ ਆਵੇ ਸੋ ਰਾਜ਼ੀ ਜਾਵੇ।’ ਉਹ ਹੱਸਦੇ ਉਸ ਦਾ ਮੂੰਹ ਬੰਦ ਕਰ ਦਿੰਦੇ।
ਚੱਕੀ ਵਾਲਾ ਇਹ ਚੌਂਕ ਹਰ ਆਏ ਗਏ ਵਾਸਤੇ ਪਿੰਡ ਦੀ ਸੱਥ ਬਣ ਗਿਆ ਤੇ ਕੋਈ ਵੀ ਰਾਹਗੀਰ ਇਨ੍ਹਾਂ ਦੀ ਹਾਜ਼ਰੀ ਭਰੇ ਬਿਨਾ ਨਾ ਲੰਘਦਾ। ਉਹ ਹਰ ਮਹੀਨੇ ਛਬੀਲ ਜਾਂ ਲੰਗਰ ਲਾਈ ਰੱਖਦੇ। ਆਪਣੀ ਮੌਤ ਤੋਂ ਇੱਕ ਸਾਲ ਪਹਿਲਾਂ ਉਨ੍ਹਾਂ ਆਪਣੀਆਂ ਮਰਗ-ਰਸਮਾਂ ਆਪ ਕਰਵਾ ਲਈਆਂ ਸਨ। ਅਖੰਡ ਪਾਠ ਕਰਾ ਕੇ ਲੰਗਰ ਲਾ ਕੇ ਆਪਣੀ ਰੁਖਸਤ ਦਾ ਇੰਤਜ਼ਾਮ ਕਰ ਲਿਆ ਸੀ।
‘ਮੈਂ ਹੁਣ ਸੁਰਖਰੂ ਹਾਂ, ਤੁਸੀਂ ਕਰੋ ਜਾਂ ਨਾ, ਇਹ ਤੁਹਾਡੀ ਮਰਜ਼ੀ! ਮੈਂ ਆਪਣਾ ਕੰਮ ਨਿਬੇੜ ਦਿੱਤਾ ਹੈ।’ ਉਨ੍ਹਾਂ ਭਰੀ ਸਭਾ ਵਿਚ ਸੰਦੇਸ਼ ਦਿੱਤਾ ਸੀ।
ਖਾਲਸਾ ਜਸਵਿੰਦਰ ਸਿੰਘ ਆ ਗਿਆ। ਉਸ ਨੇ ਮੂੰਹ ਤੋਂ ਪੜਦਾ ਚੁੱਕ ਕੇ ਵੇਖਿਆ ਤੇ ਪੈਰਾਂ ‘ਤੇ ਸਿਰ ਝੁਕਾਇਆ। ਉਸ ਨੂੰ ਪਿਤਾ ਜੀ ਨੇ ਦਰਬਾਰ ਸਾਹਿਬ ਨੌਕਰੀ ਲੁਆ ਦਿੱਤੀ ਸੀ। ਉਹ ਉਸ ਦਾ ਗੁਰਸਿੱਖ ਚਿਹਰਾ-ਮੋਹਰਾ ਵੇਖ ਕੇ ਖਾਲਸਾ ਦਾ ਖਿਤਾਬ ਦਿੰਦੇ ਸਨ। ਆਪਣੀ ਕਾਬਲੀਅਤ ਤੇ ਮਿਲਾਪੜੇ ਸੁਭਾ ਕਾਰਨ ਉਹ ਜਲਦੀ ਹੀ ਹਰਿਮੰਦਰ ਸਾਹਿਬ ਦੇ ਅੰਦਰਲੀ ਸੇਵਾ ਤੱਕ ਪਹੁੰਚ ਗਿਆ। ਗੁਰੂ ਘਰ ਦੇ ਬਹੁਤ ਨੇੜੇ ਹੋਣ ਕਾਰਨ ਗੂੜ੍ਹ ਗਿਆਨ ਵਿਚ ਪ੍ਰਬੀਨ ਪਿਤਾ ਜੀ ਦੇ ਗੁਣ ਗਾਉਂਦਾ ਨਹੀਂ ਥੱਕਦਾ। ਉਹ ਆਪਣੇ ਧਾਰਮਿਕ ਪ੍ਰਵਚਨਾਂ ਨਾਲ ਗਿਆਨਵਾਨ ਹੋਣ ਦੀ ਪੁਸ਼ਟੀ ਕਰ ਰਿਹਾ ਹੈ।
“ਜੇਹਾ ਚੀਰੀ ਲਿਖਿਆ ਤੇਹੇ ਕਰਮ ਕਮਾਵਹਿ॥ ਘੱਲੇ ਆਵਹਿ ਨਾਨਕਾ ਸੱਦੇ ਉਠ ਜਾਹਿ॥’ ਦੇ ਮਹਾਂਵਾਕ ਅਨੁਸਾਰ ਸਰਵ ਸ਼ਕਤੀਮਾਨ ਪਰਮ ਪਰਮਾਤਮਾ ਇਨਸਾਨ ਨੂੰ ਆਪ ਇਸ ਮਨੁੱਖ ਜੂਨੀ ਵਿਚ ਭੇਜਦਾ ਹੈ ਤੇ ਆਪ ਹੀ ਸੱਦਾ ਦੇ ਕੇ ਬੁਲਾ ਲੈਂਦਾ ਹੈ। ‘ਜੰਮਣ ਮਰਣਾ ਹੁਕਮ ਹੈ ਭਾਣੇ ਆਵੇ ਜਾਏ॥’ ਜਦ ਕਿਸੇ ਦਾ ਨੰਬਰ ਆ ਗਿਆ, ਉਸ ਨੂੰ ਘੱਲਣ ਵਾਲੇ ਨੇ ਲੈ ਜਾਣਾ ਹੈ। ਇਸ ਮਾਮਲੇ ਵਿਚ ਉਹ ਬੜਾ ਬੇਗਰਜ਼, ਬੇਕਿਰਕ, ਬੇਪ੍ਰਵਾਹ ਤੇ ਕੋਰਾ ਹੈ, ਤੋੜਨ ਲੱਗਾ ਕੱਚੇ ਪੱਕੇ, ਛੋਟੇ ਵੱਡੇ, ਅਮੀਰ ਗਰੀਬ ਦਾ ਕੋਈ ਭਿੰਨ ਭੇਦ ਨਹੀਂ ਰੱਖਦਾ। ਦਿੱਤੀ ਹੋਈ ਉਮਰ ਨਾ ਕਿਸੇ ਨੂੰ ਉਧਾਰੀ ਦਿੱਤੀ ਜਾ ਸਕਦੀ ਹੈ ਤੇ ਨਾ ਹੀ ਉਧਾਰੀ ਲਈ ਜਾ ਸਕਦੀ ਹੈ। ਆਪਣੀ ਧੁਰੋਂ ਲਿਖਾਈ ਸਾਹਾਂ ਦੀ ਪੂੰਜੀ ਖਤਮ ਕਰਨ ਤੋਂ ਬਾਅਦ ‘ਸੂਰਜ ਕਿਰਣ ਮਿਲੇ ਜਲ ਕਾ ਜਲੁ ਹੂਆ ਰਾਮ’ ਅਨੁਸਾਰ ਇਹ ਆਤਮਾ ਆਪਣੇ ਅਸਲੇ ਵਿਚ ਜਾ ਲੀਨ ਹੁੰਦੀ ਹੈ। ਮੌਤ ਕਦੇ ਵੀ ਅਣਹੋਣੀ ਨਹੀਂ ਹੁੰਦੀ। ‘ਚਿੰਤਾ ਤਾ ਕੀ ਕੀਜੀਐ ਜਾ ਅਣਹੋਣੀ ਹੋਏ…।” ਸਾਰੇ ਉਸ ਵੱਲ ਅੱਖਾਂ ਅੱਡੀ ਬੈਠੇ ਉਸ ਦੇ ਪ੍ਰਵਚਨ ਸੁਣ ਰਹੇ ਹਨ।
‘ਇਨ੍ਹਾਂ ਨੂੰ ਤਾਂ ਠੰਢ ਲਗਦੀ ਹੋਊ। ਏ ਜੀ! ਬੋਲੋ ਹੁਣ! ਦੱਸੋ ਕੋਈ ਸਲਾਹ। ਦੱਸੋ ਕੁੱਝ ਆਪਣੇ ਖਾਲਸੇ ਨੂੰ।’ ਮਾਤਾ ਨੇੜੇ ਹੋ ਕੇ ਗੱਲਾਂ ਕਰਨ ਦੇ ਮੂਡ ਵਿਚ ਅੱਖਾਂ ਸਿੰਮ ਰਹੀ ਹੈ। ਹਵਾ ਨਾਲ ਹੁੰਦੀ ਗੁਫਤਗੂ ਸੁਣ ਕੇ ‘ਕੇਰਾਂ ਫੇਰ ਸਾਰੇ ਬੈਠੇ ਜਜ਼ਬਾਤੀ ਹੋ ਗਏ ਹਨ।
“ਜਾਣਾ ਤਾਂ ਸਭ ਨੇ ਹੀ ਹੈ ਪਰ ਇਹੋ ਜਿਹੀ ਮੌਤ ਤਾ ਕਿਸੇ ਸੁਭਾਗੀ ਸਤਜੁਗੀ ਆਤਮਾ ਨੂੰ ਹੀ ਨਸੀਬ ਹੁੰਦੀ ਹੈ। ਬਿਨਾ ਕਿਸੇ ਦੁੱਖ ਤਕਲੀਫ ਦੇ ਸੁੱਤੇ ਹੀ ਸੌ ਗਏ। ਚੰਗੇ ਭਲੇ ਟੇਢੇ ਹੋਏ ਚਾਹ ਦਾ ਘੁੱਟ ਪੀ ਕੇ। ਬੜੀਆਂ ਅਸੀਸਾਂ ਲਈਆਂ ਉਹਨੇ ਗਰੀਬਾਂ ਦੀਆਂ, ਉਹੀ ਉਸ ਦੇ ਕੰਮ ਆ ਗਈਆਂ।” ਬਾਬੂ ਨੇ ਆਪਣਾ ਵੱਤਰ ਵਾਹ ਲਿਆ।
“ਔਹ ਵੇਖੋ ਵਿਚਾਰਾ ਲੰਬੜ! ਡੂਢ ਸਾਲ ਮੰਜੇ ‘ਤੇ ਹੱਡ ਗੋਡੇ ਰਗੜਦਾ ਰਿਹਾ। ਹੱਡੀਆਂ ਦਿਸਣ ਲੱਗੀਆਂ ਸਨ ਉਸ ਦੀਆਂ। ਉਪਰਲੇ ਵਿਚਾਰੇ ਉਸ ਦੀ ਜਾਨ ਦੇ ਛੁਟਕਾਰੇ ਲਈ ਕਿੰਨੇ ਓਹੜ-ਪੋਹੜ ਕਰਦੇ ਰਹੇ ਪਰ ਉਸ ਦੀ ਜਾਨ ਛੇ ਮਹੀਨੇ ਲਟਕਦੀ ਰਹੀ। ਪਤਾ ਨਹੀਂ ਕਿਹੜੇ ਪਾਪਾਂ ਦਾ ਫਲ ਭੋਗਿਆ ਉਸ ਨੇ।” ਨੰਦੂ ਨੇ ਗੱਲ ਅੱਗੇ ਵਧਾਈ।
‘ਮੁਰਦੇ ਨੂੰ ਰਾਤ ਘਰ ਰੱਖਣ ਨਾਲ ਉਸ ਦੀ ਕਾਣ ਲੰਬੀ ਹੋ ਜਾਂਦੀ ਹੈ। ਇਸ ਤਰ੍ਹਾਂ ਉਹ ਤਖਤੇ ਵਿਚ ਫਿਟ ਨਹੀਂ ਬੈਠਦਾ, ਉਸ ਦੀ ਗਤੀ ਨਹੀਂ ਹੁੰਦੀ ਤੇ ਧਰਮਰਾਜ ਉਸ ਨੂੰ ਦੁਰਕਾਰ ਦਿੰਦਾ ਹੈ।’ ਇਕ ਆਵਾਜ਼ ਆਉਂਦੀ ਹੈ।
‘ਉਹ ਧਰਮਰਾਜ ਦੇ ਚੌਖਟੇ ਮਨਜ਼ੂਰ ਨਹੀਂ ਚੜ੍ਹਦਾ! ਇਹ ਕੀ ਅਹਿਮਕਪੁਣਾ ਹੈ! ਕੋਈ ਫਰਕ ਨਹੀਂ ਪੈਂਦਾ। ਏਨੀ ਠੰਢ ਵਿਚ ਤਾਂ ਸਭ ਕੁੱਝ ਸੁੰਗੜ ਜਾਂਦਾ ਹੈ ਤਾਂ ਲਾਸ਼ ਲੰਬੀ ਕਿਵੇਂ ਹੋ ਜਾਊ…ਕਿਧਰ ਨੂੰ ਦੌੜ ਜਾਵੇਗੀ।’ ਇਕ ਹੋਰ ਹੁੰਗਾਰਾ ਭਰਦਾ ਉਸ ਦੀ ਗੱਲ ਕੱਟ ਦਿੰਦਾ ਹੈ।
ਪਿਤਾ ਜੀ ਨੂੰ ਤੋਰਨ ਦੀਆਂ ਸਲਾਹਾਂ ਹੁੰਦੀਆਂ ਹਨ। ਕੁਲਵੰਤ ਹਿੱਕ ‘ਤੇ ਹੱਥ ਮਾਰਦੀ ਹੈ, “ਏਡਾ ਵੱਡਾ ਹੋ ਕੇ ਗਿਆ ਮੇਰਾ ਪਿਉ, ਅਸੀਂ ਵੱਡਾ ਕਰ ਕੇ ਕੱਢਾਂਗੇ…ਠੋਕ ਵਜਾ ਕੇ।” ਇਕੇਰਾਂ ਫੇਰ ਉਸ ਦੀਆਂ ਭੁੱਬਾਂ ਨਿਕਲ ਗਈਆਂ।
‘ਉਹ ਤਾਂ ਆਪ ਅਜਿਹੇ ਬੇਫਜੂਲ ਸੰਸਕਾਰਾਂ ਦੇ ਖਿਲਾਫ ਲੋਕਾਂ ਨੂੰ ਵਰਜਦੇ ਰਹੇ। ਉਹ ਕਹਿੰਦੇ ਸਨ ਕਿ ਇਸ ਪੰਜ-ਭੂਤਕ ਸਰੀਰਕ ਮਿੱਟੀ ਨੂੰ ਆਪਣੇ ਧਾਰਮਕ ਸਮਾਜਕ ਰਹੁ ਰੀਤਾਂ ਨਾਲ ਠਿਕਾਣੇ ਲਾਉਣਾ ਚਾਹੀਦਾ ਹੈ। ਹੋਰ ਕਿਸੇ ਥੇਈ-ਥਪੇਈ ਦੀ ਲੋੜ ਨਹੀਂ। ਬਦਾਮ, ਛੁਹਾਰੇ, ਮਖਾਣੇ ਬਿੱਦ ਘੱਟੇ ਮਿੱਟੀ ਵਿਚ ਸੁੱਟਣ ਦੀ ਲੋੜ ਨਹੀਂ। ਪਰ ਜੇ ਤੁਸੀਂ ਆਪਣੀ ਕਰਨੀ ਹੀ ਹੈ ਤਾਂ ਪ੍ਰਸ਼ਾਦ ਵਾਂਗ ਵੰਡ ਦਿਓ। ਪਿਛਲੇ ਪੰਜ ਸਾਲਾਂ ਵਿਚ ਜਦੋਂ ਦੇ ਇਹ ਪਿੰਡ ਵਿਚ ਸੁਧਾਰ ਸਭਾ ਦੇ ਪ੍ਰਧਾਨ ਬਣੇ, ਉਨ੍ਹਾਂ ਨੇ ਅਜਿਹੇ ਫਜ਼ੂਲ ਸੰਸਕਾਰਾਂ ਦੇ ਖਿਲਾਫ ਲੋਕਾਂ ਨੂੰ ਜਾਗਰੂਕ ਕੀਤਾ ਤੇ ਇਸੇ ਕਰ ਕੇ ਪਿੰਡ ਵਿਚੋਂ ਇਹ ਕੁਰੀਤੀਆਂ ਸੰਸਕਾਰ ਲਗਭਗ ਬੰਦ ਹੋ ਗਈਆਂ ਨੇ।’ ਹੱਥ ਵਿਚ ਸੋਟੀ ਲਈ ਖੜ੍ਹੇ ਕੇਸਰ ਨੇ ਆਪਣਾ ਹਿੱਸਾ ਪਾ ਦਿੱਤਾ।
“ਅਸੀਂ ਤਾਂ ਕਰਾਂਗੇ…ਪਿਤਾ ਜੀ ਤੋਂ ਸੋਟ ਕਰਾਂਗੇ, ਰੱਜ ਕੇ ਕਰਾਂਗੇ। ਪੈਸੇ ਵੀ ਸੁੱਟਾਂਗੇ ਤੇ ਛੁਹਾਰੇ ਬਦਾਮ ਵੀ। ਉਹ ਆਪਣੀ ਚਲਾ ਗਏ, ਹੁਣ ਸਾਡੀ ਮਰਜ਼ੀ ਹੈ, ਮੈਂ ਆਪਣੀ ਮਰਜ਼ੀ ਚਲਾਵਾਂਗੀ।” ਕੁਲਵੰਤ ਬਜ਼ਿਦ ਹੁੰਦੀ ਗਈ। ਉਸ ਦੀਆਂ ਲਿਲ੍ਹਕੜੀਆਂ ਅੱਗੇ ਸਭ ਬੇਵੱਸ ਹੋ ਗਏ। ਸੁਨੰਦਾ ਮੈਂਬਰ, ਬੀਰੂ ਨਾਈ ਤੇ ਹੋਰ ਲਾਗੀ ਸਾਰੇ ਨਿਰਉਤਰ ਹੋ ਗਏ।
“ਲਿਖੋ ਫਿਰ ਬਿੱਦ: ਬਦਾਮ, ਛੁਹਾਰੇ, ਮਖਾਣੇ, ਮੂੰਗਫਲੀ।” ਘਰ ਦੇ ਮੈਂਬਰਾਂ ਨੂੰ ਸਿੱਖਿਆ ਦਿੰਦੀ ਨੈਣ ਨੇ ਬੁੱਲ੍ਹਾਂ ‘ਤੇ ਉਂਗਲ ਧਰ ਲਈ।
“ਇਹ ਸਾਮਾਨ ਧਰਤੀ ‘ਤੇ ਸੁੱਟਣ ਦੀ ਥਾਂ ਲਿਫਾਫੇ ਵਿਚ ਪਾ ਕੇ ਵੰਡ ਦਿਓ। ਮਹਿੰਗੇ ਭਾ ਦੀਆਂ ਵਸਤਾਂ ਮਿੱਟੀ ਵਿਚ ਖੇਹ ਖਰਾਬ ਨਹੀਂ ਕਰਨੀਆਂ ਚਾਹੀਦੀਆਂ।” ਸਾਂਸਣ ਨੇ ਉਚੇਰੀ ਸਿਆਣਪ ਜਤਾਈ।
“ਮੂੰਗਫਲੀ ਨਹੀਂ ਪਾਉਣੀ, ਅਸੀਂ ਬਦਾਮ ਖੁਆਵਾਂਗੇ ਲੋਕਾਂ ਨੂੰ। ਜੰਜ ਕੱਢਾਂਗੇ ਪਿਤਾ ਜੀ ਦੀ ਪੂਰੇ ਢੋਲ ਢਮੱਕੇ ਨਾਲ। ਆਤਸ਼ਬਾਜ਼ੀ ਚਲਾਵਾਂਗੇ, ‘ਕੱਠ ਕਰਾਂਗੇ ਆਪਣੇ ਪਿਤਾ ਜੀ ਦਾ ਪੂਰਾ, ਲੱਡੂ ਜਲੇਬੀਆਂ ਖੁਆਵਾਂਗੇ ਲੋਕਾਂ ਨੂੰ।” ਕੁਲਵੰਤ ਝੱਲਿਆਂ ਵਾਂਗ ਹੱਥ ਮਾਰ ਰਹੀ ਹੈ।
“ਲਿਖੋ! ਤੀਹ ਕਿੱਲੋ ਬਦਾਮ, ਤੀਹ ਕਿੱਲੋ ਛੁਹਾਰੇ, ਵੀਹ ਕਿੱਲੋ ਮਖਾਣੇ, ਚਲੋ ਵੀਹ ਮੂੰਗਫਲੀ ਪਾ ਲਓ।…ਇਹ ਤਾਂ ਬਿੱਦ ਹੋਈ। ਬਾਕੀ ਘਿਉ ਪੰਜ ਕਿੱਲੋ ਦੇਸੀ, ਚੰਦਨ ਲੱਕੜੀ ਬੂਰਾ ਦੋ ਕਿੱਲੋ ਤੇ ਹੋਰ ਸਾਰੀ ਪੂਰੀ ਸਮਗਰੀ ਦੁਕਾਨਦਾਰ ਆਪੇ ਦੱਸ ਦੇਊ।” ਉਸ ਦੀ ਮੂੰਹ-ਜ਼ੋਰ ਜ਼ਿੱਦ ਮੂਹਰੇ ਕਿਸੇ ਨੇ ਬੋਲਣ ਦਾ ਹੀਆ ਨਾ ਕੀਤਾ।
ਕਮਲ ਨੇ ਆ ਕੇ ਦੱਸਿਆ ਕਿ ਉਹ ਸਵਾ ਕਵਿੰਟਲ ਬਿੱਦ ਦਾ ਆਰਡਰ ਦੇ ਆਇਆ ਹੈ।
“ਚਲੋ ਠੀਕ ਕੀਤਾ! ਤੂੰ ਭੂਆ ਤੋਂ ਵੀ ਦੋ ਕਦਮ ਅੱਗੇ ਹੋ ਗਿਆ।” ਸੋਗਮਈ ਚੁਗਿਰਦੇ ਵਿਚ ਹਲਕੀ ਜਿਹੀ ਹਾਸੜ ਉਭਰੀ।
“ਭਾ ਜੀ ਇਹ ਤਾਂ ਠੀਕ ਨਹੀਂ ਹੋਇਆ। ਇਸ ਵਿਚ ਪੌਣ ਪਾਉਣੀ ਸੀ।” ਲਾਗਣ ਨੇ ਫੇਰ ਚੋਭ ਲਾ ਦਿੱਤੀ।
“ਹੁਣ ਪੌਣੇ ਦੋ ਕਵਿੰਟਲ ਕਰੋ ਜਾਂ ਪੌਣਾ ਇੱਕ।” ਸਭਨਾਂ ਨੇ ਸਿਰ ਉਚੇ ਚੁੱਕੇ।
“ਤੁਸੀਂ ਬਸਤਰ ਵਾਸਤੇ ਵੀ ਜੋ ਲੀੜਾ-ਲੱਤਾ ਲੈਣਾ, ਸਾਰੇ ਪੌਣੇ ਦੋ, ਪੌਣੇ ਤਿੰਨ, ਪੌਣੇ ਚਾਰ ਲੈਣਾ ਹੈ।” ਨੈਣ ਨੇ ਨਵਾਂ ਸੋਹਲਾ ਸੁਣਾ ਦਿੱਤਾ।
“ਹੋਰ ਸੁਣ ਲੋ ਭਾ ਜੀ! ਤੁਸੀਂ ਬਾਹਰੋਂ ਆਏ ਜੇ ਵਿਦੇਸ਼ਾਂ ਵਿਚੋਂ, ਤੁਹਾਨੂੰ ਇੱਥੋਂ ਦੇ ਰਿਵਾਜ਼ਾਂ ਦਾ ਪਤਾ ਨਹੀਂ।” ਨੈਣ ਨੇ ਭਰਵੱਟੇ ਉਚੇ ਚੁੱਕ ਕੇ ਉਂਗਲ ਸਿੱਧੀ ਕੀਤੀ।
“ਸੁੱਖ ਨਾਲ ਲੰਮੀ ਚੌੜੀ ਸਕੀਰੀ ਵਾਲਾ, ਕੁੜਮਾਂ ਵਾਲਾ ਸੀ ਮੇਰਾ ਬਾਪੂ। ਸਾਰੇ ਨਿਗਦੇ ਦੇਹ ਉਤੇ ਪਾਉਣ ਵਾਸਤੇ ਸ਼ਾਲ, ਲੋਈਆਂ, ਭੂਰੇ, ਖੇਸ, ਕੰਬਲ ਤੇ ਬਸਤਰ ਲਿਆਉਣਗੇ ਮਹਿੰਗੇ ਤੋਂ ਮਹਿੰਗੇ ਵਧ ਚੜ੍ਹ ਕੇ। ਇਹ ਸਾਰੇ ਮੇਰੇ ਹੁੰਦੇ ਨੇ, ਮੇਰਾ ਹੱਕ ਕਿਸੇ ਹੋਰ ਨੂੰ ਨਾ ਚੁਕਾ ਦਿਓ।”
“ਨਾ ਬੀਬੀ ਨਾ, ਝੂਠ ਨਾ ਮਾਰ। ਅੱਧ ਮੇਰਾ ਵੀ ਤਾਂ ਬਣਦਾ ਹੈ। ਐਵੇਂ ਝਗੜਾ ਨਾ ਪਾ ਬਹੀਂ।” ਸਾਂਸੀ ਨਾਲ ਖੜ੍ਹੀ ਸਾਂਸਣ ਨੇ ਵੀ ਆਪਣਾ ਹੱਕ ਜਤਾ ਦਿੱਤਾ।
ਘਣਘੋਰ ਕਾਲੇ ਬੱਦਲਾਂ ਦੀ ਗੜਗੱਜ ਨਾਲ ਦਿਨੇ ਹੀ ਰਾਤ ਪੈ ਗਈ। ਵਿਹੜੇ ਵਿਚ ਡਾਹਿਆ ਪਿਤਾ ਜੀ ਦਾ ਮੰਜਾ ਚੁੱਕ ਕੇ ਅੰਦਰ ਕਰਨ ਦੀ ਦੇਰ ਸੀ ਕਿ ਮੋਹਲੇਧਾਰ ਬਾਰਸ਼ ਸ਼ੁਰੂ ਹੋ ਗਈ। ਬਰਫ ਦੀ ਲੋੜ ਨਹੀਂ ਪਈ ਕਿਉਂਕਿ ਏਨੇ ਠੰਢੇ ਮੌਸਮ ਵਿਚ ਓਦਾਂ ਹੀ ਕੁਲਫੀ ਜੰਮੀ ਜਾ ਰਹੀ ਹੈ।
ਅਖੰਡ ਪਾਠ ਵਾਸਤੇ ਸਲਾਹਾਂ ਚੱਲੀਆਂ। “ਫਲਾਣੇ ਦਾ ਬਾਬਾ ਮਰਿਆ, ਉਨ੍ਹਾਂ ਸਾਰਾ ਪ੍ਰੋਗਰਾਮ ਪੈਲੇਸ ਵਿਚ ਕੀਤਾ, ਬੜਾ ਚੰਗਾ ਲੱਗਾ। ਲੋਕਾਂ ਬੜੀਆਂ ਸਿਫਤਾਂ ਕੀਤੀਆਂ ਉਨ੍ਹਾਂ ਦੀਆਂ…ਬੱਲੇ ਬੱਲੇ ਹੋ’ਗੀ।” ਬਲਵਿੰਦਰ ਹੱਥ ਮਾਰ ਮਾਰ ਦੱਸ ਰਹੀ ਸੀ। ਉਸ ਦੀ ਸਲਾਹ ‘ਤੇ ਇਕਦਮ ਫੋਨ ‘ਤੇ ਹੀ ਪੈਲੇਸ ਦੀ ਬੁਕਿੰਗ ਹੋ ਗਈ ਤੇ ਪੰਜ ਹਜ਼ਾਰ ਦੀ ਥੱਦੀ ਵੀ ਭੇਜ ਦਿੱਤੀ ਗਈ। ਇਸ ਵੇਲੇ ਕੋਈ ਕਿਸੇ ਦੇ ਹੁਕਮ ਨੂੰ ਟਾਲ ਨਹੀਂ ਸੀ ਸਕਦਾ।
ਗਿਆਨੀ…ਸਿੰਘ ਨੇ ਉਨ੍ਹਾਂ ਦੀ ਅਰਦਾਸ ਕਰਨ ਲਈ ਅਗਾਊਂ ਰਜ਼ਾਮੰਦੀ ਦੇ ਦਿੱਤੀ। “ਤੁਸੀਂ ਅਮਰੀਕਾ ਗਏ ਦਾ ਮੇਰਾ ਏਨਾ ਮਾਣ ਕੀਤਾ, ਮੈਂ ਕਦੇ ਭੁੱਲ ਨਹੀਂ ਸਕਦਾ। ਇਹ ਮਹਾਂਪੁਰਖ ਤੁਹਾਡੇ ਹੀ ਨਹੀਂ, ਮੇਰੇ ਵੀ ਬਾਪ ਸਨ। ਮੈਂ ਉਨ੍ਹਾਂ ਨੂੰ ਜ਼ਰੂਰ ਆਖਰੀ ਅਕੀਦਤ ਭੇਟ ਕਰਾਂਗਾ।” ਦੁਬਈ ਦੀ ਯਾਤਰਾ ਸਮੇਂ ਉਹ ਸਰਬਜੀਤ ਕੋਲ ਵੀ ਠਹਿਰੇ ਸਨ। ਇਸ ਲਈ ਉਹ ਉਨ੍ਹਾਂ ‘ਤੇ ਆਪਣਾ ਹੱਕ ਜਤਾਉਂਦਾ ਸੀ।
ਉਸ ਦੀ ਉਮੀਦ ਕਰ ਕੇ ਹੀ ਪੈਲੇਸ ਦੀ ਥਾਂ ਇਹ ਰਸਮ ਗੁਰਦੁਆਰੇ ਕਰਨੀ ਪਈ। ਪੈਲੇਸ ਵਿਚ ਉਸ ਨੇ ਰਜ਼ਾਮੰਦੀ ਨਾ ਦਿੱਤੀ ਕਿਉਂਕਿ ਉਥੇ ਕੀਰਤਨ ਕਰਨ ਦੀ ਸ਼੍ਰੋਮਣੀ ਕਮੇਟੀ ਵੱਲੋਂ ਮਨਾਹੀ ਹੈ। ਪੰਜ ਹਜ਼ਾਰ ਐਡਵਾਂਸ ਦਿੱਤਾ ਜੋ ਹੋਟਲ ਵਾਲਿਆਂ ਨੇ ਵਾਪਸ ਕਰਨਾ ਮੰਨ ਲਿਆ, ਪਰ ਬਾਅਦ ਵਿਚ ਮੁੱਕਰ ਗਏ, ਅਖੇ ਤੁਹਾਡੇ ਕੈਂਸਲ ਕਰਨ ‘ਤੇ ਸਾਡਾ ਹਾਲ ਖਾਲੀ ਗਿਆ ਤੇ ਸਾਨੂੰ ਦਸ ਹਜ਼ਾਰ ਦਾ ਘਾਟਾ ਪੈ ਗਿਆ। ਅਗਲੇ ਹੀ ਦਿਨ ਗਿਆਨੀ ਜੀ ਦਾ ਫੋਨ ਆ ਗਿਆ, “ਮੈਨੂੰ ਜ਼ਰੂਰੀ ਕੰਮ ਵਾਸਤੇ ਲੁਧਿਆਣੇ ਜਾਣਾ ਪੈ ਗਿਆ, ਮੁਆਫ ਕਰਨਾ, ਮੈਂ ਨਹੀਂ ਆ ਸਕਦਾ।”
“ਕੋਈ ਚੰਗੀ ਸਾਮੀ ਟੱਕਰ ਗਈ ਹੋਊ। ਤੁਸੀਂ ਪੇਸ਼ਗੀ ਨਹੀਂ ਦਿੱਤਾ ਕੁੱਝ?” ਇਕੱਠ ਵਿਚ ਤਰ੍ਹਾਂ ਤਰ੍ਹਾਂ ਦੀ ਚਰਚਾ ਚੱਲ ਪਈ। ਪਰ ਸਭ ਨੇ ਖੁਸ਼ੀ ਜਾਹਰ ਕੀਤੀ ਕਿ ਚਲੋ ਜਲਦੀ ਛੁਟਕਾਰਾ ਹੋ ਜਾਊ। ਉਹ ਆਉਂਦਾ ਤਾਂ ਉਸ ਨੇ ਸ਼ਬਦ ਵੀ ਪੜ੍ਹਨਾ ਸੀ, ਭਾਸ਼ਣ ਵੀ ਦੇਣਾ ਸੀ ਤੇ ਭੋਗ ਘੱਟੋ ਘੱਟ ਇੱਕ ਘੰਟਾ ਹੋਰ ਪਛੜ ਜਾਣਾ ਸੀ।
“ਅਜਿਹੇ ਮੌਕੇ ਜਵਾਈਆਂ-ਭਾਈਆਂ ਨੂੰ ਵੀ ਮੰਨਣਾ ਪੈਂਦਾ ਹੈ। ਉਨ੍ਹਾਂ ਦੀਆਂ ਮਨੌਤਾਂ ਦੀ ਲਿਸਟ ਵੀ ਨਾਲ ਹੀ ਬਣਾ ਲਓ।” ਕੁਲਵੰਤ ਨੇ ਚੁਫੇਰੇ ਨਜ਼ਰਾਂ ਘੁਮਾਈਆਂ।
“ਤੂੰ ਵੀ ਦੱਸ ਦੇਹ! ਤੈਨੂੰ ਕੀ ਚਾਹੀਦਾ?” ਮੈਂ ਉਸ ਨੂੰ ਆਪਣੇ ਨਾਲ ਘੁੱਟ ਲਿਆ, ਇੱਕੋ ਇੱਕ ਛੋਟੀ ਭੈਣ ਹੈ ਮੇਰੀ ਉਹ।
“ਮੈਂ ਨੀਂ ਕੁੱਝ ਮੰਗਦੀ ਪਰ ਤੁਸੀਂ ਆਪਣੇ ਨੱਕ-ਮੂਜਬ ਆਪੇ ਵੇਖ ਲਿਓ ਕੀ ਕਰਨਾ, ਮੇਰੇ ਪਿਉ ਨੇ ਕਿਹੜਾ ਰੋਜ਼ ਰੋਜ਼ ਮਰਨਾ!” ਉਸ ਨੇ ਸਿੱਧੀ ਸਾਡੀ ਔਕਾਤ ਨੂੰ ਵੰਗਾਰ ਦੇ ਦਿੱਤੀ।
“ਚਾਚੇ ਤਾਏ ਤੇ ਭੂਆ ਦੇ ਧੀ ਜੁਆਈ ਵੀ ਸ਼ਾਮਲ ਕਰ ਲਓ।” ਮਾਤਾ ਨੇ ਸਿਫਾਰਿਸ਼ ਕੀਤੀ ਤੇ ਕੁਲਵੰਤ ਨੇ ਸਹੀ ਮਾਰ ਦਿੱਤੀ।
ਅਖਬਾਰ ਦੀ ਖਬਰ ਅਨੁਸਾਰ ਪਿਛਲੇ ਦਿਨੀਂ ਧੁੰਦ ਤੇ ਕੋਹਰੇ ਕਾਰਨ ਕਈ ਹਾਦਸਿਆਂ ਵਿਚ ਕਈ ਜਾਨਾਂ ਮੌਤ ਦੇ ਝੂਲੇ ਜਾ ਪਈਆਂ ਸਨ। ਇੱਕ ਕਾਰ ਸੜਕ ‘ਤੇ ਖਰਾਬ ਖੜ੍ਹੇ ਇੱਕ ਟਰੱਕ ਦੇ ਪਿੱਛੇ ਥੱਲੇ ਜਾ ਕੇ ਪੀਚੀ ਗਈ।
“ਵਾਹ ਗੁਰੂ ਵਾਹ ਗੁਰੂ..।” ਸੁਣ ਕੇ ਮਾਤਾ ਗੁਣਗੁਣਾਈ।
“ਠੰਢ ਲਗਦੀ ਹੋਊ ਇਨ੍ਹਾਂ ਨੂੰ।” ਉਸ ਨੇ ਪਿਤਾ ਜੀ ‘ਤੇ ਕੰਬਲ ਪਾ ਦਿੱਤਾ।
ਜ਼ਾਲਮ ਮੌਸਮ ਦੇ ਭਿਅੰਕਰ ਚਾਲੇ ਵੇਖ ਕੇ ਡਰ ਲੱਗ ਰਿਹਾ ਸੀ ਕਿ ਇਸ ਤਰ੍ਹਾਂ ਪਤਾ ਨਹੀਂ ਕਿੰਨੇ ਦਿਨ ਸਸਕਾਰ ਵਾਸਤੇ ਸਮਾਂ ਨਾ ਮਿਲੇ। “ਇਹ ਲੋਕਾਂ ਦੇ ਅੜੇ-ਥੁੜੇ ਕੰਮ ਸੰਵਾਰਦੇ ਹੁੰਦੇ ਸੀ, ਅੱਜ ਰੱਬ ਨੇ ਆਪ ਸੰਵਾਰਨਾ ਇਨ੍ਹਾਂ ਦਾ ਕਾਰਜ। ਵੇਖਿਓ ਹੁਣੇ ਸਾਫ ਹੋ ਜਾਣਾ ਮੌਸਮ। ਸੰਤਾਂ ਦੇ ਕਾਰਜ ਆਪ ਖਲੋਆ, ਹਰ ਕੰਮ ਕਰਾਵਣ ਆਇਆ ਰਾਮ।” ਮਾਮੇ ਕਾਬਲ ਸਿੰਘ ਨੇ ਧਰਵਾਸ ਦਿੱਤਾ।
ਕਈ ਦਿਨ ਦੀ ਝੜੀ ਕਾਰਨ ਆਰੇ ‘ਤੇ ਪਿਆ ਬਾਲਣ ਭਿੱਜ ਚੁਕਾ ਸੀ ਤੇ ਅੰਦਰ ਰੱਖੇ ਸੁੱਕੇ ਬਾਲਣ ਦਾ ਉਹ ਮੂੰਹ ਮੰਗਿਆ ਭਾਅ ਮੰਗ ਰਹੇ ਸਨ। ਸ਼ਮਸ਼ਾਨ ਘਾਟ ਸਾਰਾ ਪਾਣੀ ਵਿਚ ਡੁੱਬਾ ਪਿਆ ਸੀ ਪਰ ਉਚੇ ਥੜ੍ਹੇ ‘ਤੇ ਸਿੜ੍ਹੀ ਚਿਣੀ ਜਾ ਚੁੱਕੀ ਸੀ। ਚਾਰ ਕਨਾਲਾਂ ਦੀ ਚਾਰਦੀਵਾਰੀ ਅੰਦਰ ਇਸ ਸ਼ਮਸ਼ਾਨ ਘਾਟ ਦੀ ਲਹਿੰਦੀ ਨੁੱਕਰੇ ਲਾਲ ਚਾਦਰ ਨਾਲ ਢਕੀ ਇੱਕ ਕਬਰ ਦੇ ਉਦਾਲੇ ਬੈਠੇ ਅਮਲੀ ਅੱਗ ਸੇਕ ਰਹੇ ਹਨ। ਇੱਥੇ ਕਿਸੇ ਸ਼ਰਧਾਲੂ ਦੇ ਬਣਵਾਏ ਕਮਰੇ ਵਿਚ ਪਿੰਡ ਤੇ ਆਸ ਪੜੋਸ ਦੇ ਅਮਲੀ ਭੰਗੀਆਂ ਦੀ ਮਜਲਸ ਜੁੜੀ ਰਹਿੰਦੀ ਹੈ ਤੇ ਇੱਥੇ ਹੀ ਉਨ੍ਹਾਂ ਦੇ ਦਾਰੂ ਸਿੱਕੇ ਤੇ ਭੰਗ ਪੋਸਤ ਆਦਿ ਨਸ਼ਿਆਂ ਦਾ ਝੱਸ ਪੂਰਾ ਹੁੰਦਾ ਹੈ। ਬਾਗ ਬਗੀਚੀ ਦੀ ਦੇਖ ਰੇਖ ਵਾਸਤੇ ਇੱਕ ਬਾਗਚੀ ਹੈ, ਜਿਸ ਦੀ ਮਿਹਰ ਸਦਕਾ ਇੱਥੇ ਦਾ ਛੋਟਾ ਟਿਊਬਵੈਲ ਚੱਲਦਾ ਇਨ੍ਹਾਂ ਗਰੀਬਾਂ ਦੀ ਨੁਹਾਈ ਧੁਆਈ ਦੇ ਕੰਮ ਆਉਂਦਾ ਹੈ। ਅੰਦਰ ਛਾਂਦਾਰ ਦਰਖਤ ਤੇ ਵੱਖ ਵੱਖ ਕਿਸਮ ਦੇ ਫੁਲ ਵੀ ਹਨ, ਜੋ ਠੰਢ ਕਾਰਨ ਸਿਰ ਸੁੱਟੀ ਮੁਰਝਾਏ ਬੈਠੇ ਹਨ। ਬੇਘਰੇ ਲੋਕ ਇੱਥੇ ਆ ਕੇ ਸ਼ਰਾਬ ਦਾਰੂ ਪੀਣ ਦਾ ਅਹਾਤਾ ਸਮਝ ਕੇ ਮੌਜ ਮਸਤੀ ਕਰਦੇ ਹਨ। ਉਨ੍ਹਾਂ ਨੂੰ ਮੁਰਦਿਆਂ ਤੋਂ ਬਿਲਕੁਲ ਡਰ ਨਹੀਂ ਲੱਗਦਾ। ਪਹਿਲਾਂ ਸ਼ਰਧਾਵਾਨ ਦਾਨੀ ਲੋਕ ਆਪਣੇ ਮ੍ਰਿਤਕਾਂ ਜਾਂ ਪੁਰਖਿਆਂ ਦੇ ਨਾਂ ‘ਤੇ ਇਸ ਦੀ ਸਾਂਭ ਸੰਭਾਲ ਮੁਰੰਮਤ ਦਾ ਕੰਮ ਪੁੰਨ ਦੇ ਤੌਰ ‘ਤੇ ਕਰਵਾ ਦਿੰਦੇ ਸਨ ਪਰ ਜਦ ਦਾ ਇਹ ਕਾਰਪੋਰੇਸ਼ਨ ਦੇ ਅਧੀਨ ਆਇਆ ਹੈ, ਅਜਿਹੀ ਸੇਵਾ ਵਾਸਤੇ ਵੀ ਸਰਕਾਰ ਕੋਲੋਂ ਅਗਾਊਂ ਮਨਜ਼ੂਰੀ ਲੈਣੀ ਪੈਂਦੀ ਹੈ। ਲੋਕਾਂ ਦੀ ਕੀਤੀ ਸੇਵਾ ਸਰਕਾਰੀ ਖਜ਼ਾਨੇ ਦੀਆਂ ਫਾਈਲਾਂ ਵਿਚ ਦਾਖਲ ਹੋ ਕੇ ਅਫਸਰਾਂ ਦੇ ਚੌਂਕੇ ਚੁੱਲ੍ਹੇ ਜਾ ਚੜ੍ਹਦੀ ਹੈ।
ਸਸਕਾਰ ਵਾਸਤੇ ਧਰਤੀ ਤੋਂ ਤਿੰਨ ਫੁੱਟ ਉਚੇ ਦੋ ਚਬੂਤਰੇ ਬਣੇ ਹੋਏ ਹਨ, ਜਿਨ੍ਹਾਂ ਦੀ ਲੰਬਾਈ-ਚੌੜਾਈ ਏਨੀ ਛੋਟੀ ਤੰਗ ਹੈ ਕਿ ਚਿਤਾ ਨੂੰ ਅੱਗ ਦੇਣ ਵਾਸਤੇ ਪਰਿਕਰਮਾ ਕਰਦਾ ਬੰਦਾ ਕਈ ਵੇਰਾਂ ਪਾਸੇ ਡਿਗਦਾ ਸੁਣਿਆ ਹੈ। ਇਸ ਦੀਆਂ ਟੀਨ ਦੀਆਂ ਛੱਤਾਂ ਖਸਤਾ ਹਾਲਤ ਵਿਚ ਹਨ, ਜੋ ਮੀਂਹ ਦੀ ਵਾਛੜ ਤੇ ਕਣੀਆਂ ਨੂੰ ਰੋਕ ਨਹੀਂ ਸਕਦੀਆਂ। ਪਿਤਾ ਜੀ ਦੀ ਇੱਛਾ ਅਨੁਸਾਰ ਇਨ੍ਹਾਂ ਦੀ ਸੇਵਾ ਕਰਨ ਦਾ ਅਸੀਂ ਮਨ ਬਣਾ ਲਿਆ ਤੇ ਮਿਸਤਰੀ ਠੇਕੇਦਾਰ ਨੂੰ ਬੁਲਾ ਕੇ ਆਰਡਰ ਦੇ ਦਿੱਤਾ ਪਰ ਸਰਕਾਰ ਦੀਆਂ ਰਵਾਇਤੀ ਬੰਦਿਸ਼ਾਂ ਤੇ ਰਸਮੀ ਕਾਰਵਾਈਆਂ ਇਸ ਦੇ ਰਸਤੇ ਰੁਕਾਵਟ ਬਣ ਗਈਆਂ।
ਫੁਲ ਚੁਣ ਕੇ ਇੱਕ ਲਾਲ ਗੁਥਲੀ ਵਿਚ ਪਾ ਦਿੱਤੇ ਤੇ ਬਾਕੀ ਰਾਖ ਹੂੰਝ ਕੇ ਬੋਰੀ ਭਰ ਲਈ। ਔਰਤਾਂ ਨੇ ਅਸਤਾਂ ਦੀ ਗੁਥਲੀ ਨਾਲ ਪਰਿਕਰਮਾ ਕਰ ਕੇ ਮੱਥਾ ਟੇਕਿਆ ਤੇ ਸਭਨਾਂ ਨੇ ਉਨ੍ਹਾਂ ਦੇ ਰਾਹ ਦੀ ਟਿਕਟ ਵਾਸਤੇ ਪੈਸੇ ਚੜ੍ਹਾਏ। ਮੈਂ ਗੁਥਲੀ ਫੜ੍ਹ ਕੇ ਹਿੱਕ ਨਾਲ ਲਾ ਲਈ।
“ਆਓ ਪਿਤਾ ਜੀ ਚੱਲੀਏ।…ਆਵਾਜ਼ ਮਾਰ ਲਓ।” ਸਿਵਿਆਂ ਤੋਂ ਰੁਖਸਤ ਸਮੇਂ ਬਾਬੂ ਸਿੰਘ ਸਾਂਸੀ ਨੇ ਮੈਨੂੰ ਹਦਾਇਤ ਕੀਤੀ। ਪਹਿਲਾਂ ਵੀ ਕਈ ਵੇਰਾਂ ਬਾਹਰ ਜਾਣ ਸਮੇਂ ਉਨ੍ਹਾਂ ਨੂੰ ਅਜਿਹੀ ਸੁਲ੍ਹਾ ਮਾਰਦੇ ਹੁੰਦੇ ਸੀ ਪਰ ਅੱਜ ਇਹ ਸ਼ਬਦ ਕਹਿਣ ਦੀ ਥਾਂ ਮੇਰੀਆਂ ਭੁੱਬਾਂ ਨਿਕਲ ਗਈਆਂ।
“ਮੇਰੇ ਕੋਲ ਹੀ ਤਾਂ ਹਨ ਮੇਰੇ ਨਾਲ।” ਮੇਰੀ ਖਾਮੋਸ਼ ਹਾਲਤ ਵੇਖ ਕੇ ਕੁਲਵੰਤ ਮੇਰੇ ਨੇੜੇ ਆ ਗਈ।
“ਭਾ ਜੀ ‘ਵਾਜ ਮਾਰੋ, ਪਿਤਾ ਜੀ ਨੂੰ ‘ਵਾਜ ਮਾਰੋ, ਨਾਲ ਲੈ ਲਓ, ਆ ਜੋ ਪਿਤਾ ਜੀ ਆ ਜੋ। ਤੁਹਾਨੂੰ ਛੱਡ ਕੇ ਆਈਏ ਗੋਇੰਦਵਾਲ! ਤੁਹਾਡੇ ਘਰ ਤੁਹਾਡੀ ਅਸਲੀ ਜਗ੍ਹਾ।” ਉਸ ਦੇ ਵੈਣਾਂ ਨਾਲ ਭੀੜ ਵਿਚ ਫੇਰ ਕੁਰਲਾਹਟ ਮੱਚ ਪਿਆ। ਮੇਰੇ ਮੂੰਹੋਂ ਇਹ ਸ਼ਬਦ ਨਹੀਂ ਨਿਕਲੇ। ਅੰਤਰ ਮਨ ਵਿਚੋਂ ਮੈਂ ਇਹ ਰਸਮੀ ਕਾਰਵਾਈ ਕਰ ਲਈ ਤੇ ਫੁੱਲਾਂ ਵਾਲੀ ਥੈਲੀ ਛਾਤੀ ਨਾਲ ਘੁੱਟ ਕੇ ਕਾਰ ਵੱਲ ਵਧ ਗਿਆ। ਮਾਤਾ ਜੀ ਨੂੰ ਮੈਂ ਉਨ੍ਹਾਂ ਦੀ ਪਹਿਲਾਂ ਹੀ ਰਾਖਵੀਂ ਛੱਡੀ ਸੀਟ ‘ਤੇ ਬਿਠਾ ਦਿੱਤਾ। ਜਨਵਰੀ ਮਹੀਨੇ ਦੀ ਪਹਿਲੀ ਤਰੀਕ! ਕਹਿਰਾਂ ਭਰੀ ਧੁੰਦ ਤੇ ਠੰਢ ਦਾ ਜ਼ੋਰ। ਸਭ ਨੇ ਵਰਜਿਆ ਕਿ ਮਾੜਾ ਸਰੀਰ ਹੈ ਮਾਤਾ ਨੂੰ ਰਹਿਣ ਦਿਓ ਪਰ ਉਹ ਨਾ ਮੰਨੀ।
“ਮੈਂ ਆਪੇ ਚੜ੍ਹਾ ਕੇ ਆਊਂ ਪੰਘੂੜੇ ਵਿਚ ਆਪਣੇ ਸਰਦਾਰ ਜੀ ਨੂੰ।” ਖੂੰਡੀ ਫੜ ਕੇ ਉਹ ਅੱਗੇ ਪਹਿਲਾਂ ਹੀ ਤਿਆਰ ਖੜ੍ਹੀ ਸੀ।
ਗਾੜ੍ਹੀ ਧੁੰਦ ਕਾਰਨ ਹੱਥ ਨੂੰ ਹੱਥ ਨਹੀਂ ਸੀ ਦਿਸਦਾ। ਚਾਰ ਕਾਰਾਂ ਜਾਣ ਲਈ ਤਿਆਰ ਖੜ੍ਹੀਆਂ ਸਨ। ਪਿਤਾ ਜੀ ਪਹਿਲੀ ਕਾਰ ਦੀ ਪਿਛਲੀ ਸੀਟ ‘ਤੇ ਮੇਰੇ ਅਤੇ ਮਾਤਾ ਦੇ ਵਿਚਕਾਰ ਬਿਰਾਜਮਾਨ ਸਵਾਰ ਸਨ। ਇੱਥੋਂ ਗੋਇੰਦਵਾਲ ਸਾਹਿਬ ਪਹੁੰਚਣ ਲਈ ਦੋ ਤਿੰਨ ਰਸਤੇ ਹਨ। ਪਹਿਲਾ ਛੇਹਰਟਾ, ਸੰਨ੍ਹ ਸਾਹਿਬ, ਝਬਾਲ, ਤਰਨਤਾਰਨ ਵਾਲਾ; ਦੂਜਾ ਢਪੱਈ-ਖਾਜਾਨਾ ਗੇਟ, ਝਬਾਲ ਅਤੇ ਤੀਸਰਾ ਖਾਲਸਾ ਕਾਲਜ, ਚਾਟੀ ਵਿੰਡ ਗੇਟ ਤਰਨਤਾਰਨ। ਮੇਰੇ ਡਰਾਈਵਰ ਨੇ ਛੇਹਰਟੇ ਵਾਲਾ ਸਿੱਧਾ ਰਸਤਾ ਚੁਣ ਲਿਆ ਤੇ ਹੋਰਾਂ ਨੂੰ ਵੀ ਪਿੱਛੇ ਲੱਗਣ ਦਾ ਇਸ਼ਾਰਾ ਕਰ ਦਿੱਤਾ।
“ਤੁਸੀਂ ਭਾ ਜੀ ਚਿੰਤਾ ਨਾ ਕਰਿਓ…ਉਹ ਆਪ ਸਾਰੇ ਲੋਕਾਂ ਨੂੰ ਰਸਤੇ ਪਾਉਂਦੇ ਰਹੇ ਨੇ…ਤੁਹਾਨੂੰ ਵੀ ਉਨ੍ਹਾਂ ਆਪੇ ਉਂਗਲ ਲਾ ਕੇ ਲੈ ਜਾਣਾ।” ਜਸਵਿੰਦਰ ਸਿੰਘ ਮੱਤਾਂ ਦੇ ਰਿਹਾ ਸੀ। ਥੋੜ੍ਹੀ ਦੂਰ ਜਾ ਕੇ ਕਾਰਾਂ ਇੱਕ ਦੂਸਰੀ ਤੋਂ ਓਝਲ ਹੋ ਗਈਆਂ। ਗੱਗੋ ਬੂਹੇ ਦਾ ਅੱਡਾ ਆ ਗਿਆ। ਝਬਾਲ ਤੋਂ ਤਰਨਤਾਰਨ ਦੀ ਸੜਕੇ ਪੈਣ ਦੀ ਥਾਂ ਅਸੀਂ ਗਲਤ ਭਿੱਖੀਵਿੰਡ ਵਾਲੀ ਸੜਕੇ ਪੈ ਗਏ। ਪੁੱਛਣ ‘ਤੇ ਪਤਾ ਲੱਗਾ ਕਿ ਅਸਲੀ ਰਸਤਾ ਤਾਂ ਝਬਾਲ ਚੌਂਕ ਤੋਂ ਤਰਨਤਾਰਨ ਵਾਲਾ ਹੈ ਪਰ ਉਹ ਅੱਜ ਕੱਲ੍ਹ ਮੁਰੰਮਤ ਵਾਸਤੇ ਬੰਦ ਹੈ, ਇਸ ਲਈ ਤੁਹਾਨੂੰ ਇੱਧਰ ਪਿੰਡਾਂ ਵਿਚਦੀ ਜਾਣਾ ਬਿਹਤਰ ਰਹੇਗਾ। ਦੱਸੇ ਮਾਰਗ ‘ਤੇ ਚੱਲਦੇ ਅਸੀਂ ਤਰਨਤਾਰਨ ਪਹੁੰਚ ਗਏ। ਫੋਨ ਕਰਨ ‘ਤੇ ਦੂਸਰੀਆਂ ਕਾਰਾਂ ਵਾਲਿਆਂ ਫੋਨ ਨਾ ਚੁੱਕਿਆ। ਉਨ੍ਹਾਂ ਬਾਰੇ ਕੋਈ ਖਬਰ ਨਾ ਮਿਲਣ ਕਾਰਨ ਸਾਡਾ ਫਿਕਰ ਵਧ ਗਿਆ। ਕੁੱਝ ਦੇਰ ਉਡੀਕ ਕੇ ਅਸੀਂ ਚੱਲਦੇ ਰਹੇ ਕਿ ਉਹ ਜ਼ਰੂਰ ਸਾਡੇ ਤੋਂ ਪਹਿਲਾਂ ਪਹੁੰਚ ਗਏ ਹੋਣਗੇ ਪਰ ਉਹ ਉਥੇ ਨਾ ਪਹੁੰਚੇ। ਘੰਟੇ ਕੁ ਪਿਛੋਂ ਉਹ ਪਹੁੰਚੇ ਤਾਂ ਦੱਸਿਆ, “ਅਸੀਂ ਤੁਹਾਨੂੰ ਵੇਖ ਲਿਆ ਸੀ ਕਿ ਤੁਸੀਂ ਝਬਾਲ ਤੋਂ ਗਲਤ ਰਸਤੇ ਪੈ ਗਏ ਹੋ। ਅਸੀਂ ਬਥੇਰੇ ਹਾਰਨ ਮਾਰੇ ਪਰ ਤੁਸੀਂ ਨਹੀਂ ਸੁਣੇ। ਅਸੀਂ ਸਮਝਿਆ ਆਪੇ ਵਾਪਸ ਮੁੜ ਆਉਗੇ। ਅਸੀਂ ਝਬਾਲ-ਤਰਨਤਾਰਨ ਵਾਲੀ ਸੜਕੇ ਪੈ ਗਏ। ਉਹ ਮੁਰੰਮਤ ਹੋਣ ਕਾਰਨ ਬੰਦ ਸੀ। ਉਥੋਂ ਮੁੜ ਕੇ ਫਿਰ ਬਹੋੜੂ ਵਾਲੀ ਨਹਿਰੇ ਪੈ ਕੇ ਵਾਪਸ ਚਾਟੀ ਵਿੰਡ ਪਹੁੰਚੇ ਤੇ ਉਥੋਂ ਲੰਬਾ ਰਸਤਾ ਤੈਅ ਕਰ ਕੇ ਗੋਇੰਦਵਾਲ ਪਹੁੰਚੇ।”
ਮੈਨੂੰ ਤੁਰਨ ਵੇਲੇ ਜਸਵਿੰਦਰ ਸਿੰਘ ਦੀ ਹਦਾਇਤ ਯਾਦ ਆ ਗਈ ਤੇ ਉਹੌ ਸੱਚ ਸਾਬਤ ਹੋਈ ਕਿ ਪਿਤਾ ਜੀ ਸਾਨੂੰ ਪਹਿਲਾਂ ਹੀ ਜੀ. ਪੀ. ਐਸ਼ ਵਾਂਗ ਠੀਕ ਰਸਤੇ ਲੈ ਕੇ ਆਏ ਸਨ।
ਬਉਲੀ ਦੀਆਂ ਚੁਰਾਸੀ ਪੌੜੀਆਂ ਉਤਰ ਕੇ ਹੇਠੋਂ ਬਿਆਸ ਦਰਿਆ ਦਾ ਪਾਣੀ ਬਾਲਟੀ ਭਰ ਕੇ ਉਪਰ ਲਿਆਏ। ਮਿਥੀ ਥਾਂ ਫੁੱਲਾਂ ਵਾਲੀ ਥੈਲੀ ਖੋਲ੍ਹ ਕੇ ਇਸ਼ਨਾਨ ਕਰਵਾਇਆ ਤੇ ਫਿਰ ਕੋਈ ਦੋ ਕੁ ਮੀਲ ਬਾਹਰ ਦਰਿਆ ਬਿਆਸ ‘ਤੇ ਬਣੇ ਘਾਟ ਵੱਲ ਚੱਲ ਪਏ। ਘਾਟ ‘ਤੇ ਬਹੁਤ ਭੀੜ ਸੀ। ਵਾਰੀ ਆਉਣ ‘ਤੇ ਅਸੀਂ ਦਰਿਆ ਦੇ ਡੂੰਘੇ ਪਾਣੀ ਵੱਲ ਵਧਾਏ ਲੱਕੜ ਦੇ ਉਚੇ ਪਲੈਟਫਾਰਮ ‘ਤੇ ਜਾ ਕੇ ਪਹਿਲਾਂ ਅਸਤ ਵਹਾ ਦਿੱਤੇ ਤੇ ਫਿਰ ਰਾਖ ਵਾਲੀ ਬੋਰੀ ਗੇਰੂ ਰੰਗੇ ਪਾਣੀ ਦੀ ਭੇਟ ਕਰ ਕੇ ਹੱਥ ਜੋੜਦੇ ਮੁੜ ਗੁਰਦੁਆਰੇ ਆ ਮੱਥਾ ਟੇਕਿਆ। ਸਫਰ ਲਈ ਇਕੱਠੇ ਹੋਏ ਪੈਸਿਆਂ ਵਿਚੋਂ ਸਾਰੇ ਨਿਗਦਿਆਂ ਲਈ ਪਿਤਾ ਜੀ ਦਾ ਆਖਰੀ ਤੋਹਫਾ, ਨਿਸ਼ਾਨੀ ਵਜੋਂ ਸਟੀਲ ਗੜਵੀਆਂ ਖਰੀਦੀਆਂ ਤੇ ਘਰ ਪਰਤ ਆਏ।
ਪਿਤਾ ਜੀ ਨੂੰ ਸੱਚੇ ਘਰ ਪਹੁੰਚਾ ਕੇ ਸਾਰੇ ਜੀ ਇੱਕ ਦੂਜੇ ਗਲ ਲੱਗ ਰੱਜ ਕੇ ਰੋਏ ਤੇ ਦਿਲ ਹੌਲਾ ਕੀਤਾ। ਉਨ੍ਹਾਂ ਦੀਆਂ ਗੱਲਾਂ ਬਾਤਾਂ ਕਰ ਕੇ ਸਦਮੇ ਵਿਚੋਂ ਨਿਕਲਣ ਦੀ ਕੋਸ਼ਿਸ਼ ਕੀਤੀ। ਆਖਰ ਤਾਂ ਇਹ ਸਬਰ ਸਿਦਕ ਕਰਨਾ ਹੀ ਪੈਂਦਾ ਹੈ।
ਘਰ ਦੇ ਸਾਰੇ ਜੀਅ ਪਿਤਾ ਜੀ ਦੇ ਵਸੀਅਤਨਾਮੇ ਬਾਰੇ ਬਹੁਤ ਉਤਾਵਲੇ ਸਨ।
“ਸਾਰੇ ਕਾਰਜ ਭੁਗਤ ਲੈਣ ਦਿਓ, ਫਿਰ ਇਹ ਕੰਮ ਕਰਾਂਗੇ। ਇਹ ਸਾਰੇ ਜੀਆਂ ਸਾਹਮਣੇ ਹੀ ਖੋਲ੍ਹਣਾ ਹੈ।” ਮੈਂ ਇਹ ਸਾਰਾ ਸਮਾਂ ਟਾਲਾ ਵੱਟੀ ਰੱਖਿਆ।
ਸਾਰੀਆਂ ਰਸਮਾਂ ਪਿਛੋਂ ਬੀਜੀ ਇੱਕ ਲਿਫਾਫਾ ਲੈ ਆਏ। ਸਾਰੇ ਲਾਲ ਪੋਟਲੀ ਵੱਲ ਬੜੀ ਉਤਸੁਕਤਾ ਨਾਲ ਨਿਹਾਰਨ ਲੱਗੇ। ਇਹ ਭਾਨ ਵਾਲੀ ਪੋਟਲੀ ਉਹ ਸਾਡੇ ਵਿਆਹਾਂ ‘ਤੇ ਸੋਟ ਕਰਨ ਵੇਲੇ ਵਰਤਦੇ ਰਹੇ ਹਨ। ਇਸ ਵਿਚੋਂ ਇੱਕ ਕਾਗਜ਼ ਨਿਕਲਦਾ ਹੈ। ਵਸੀਅਤਨਾਮਾ ਖੋਲ੍ਹਣ ਤੇ ਪੜ੍ਹਨ ਦਾ ਮੇਰਾ ਹੀ ਨੌਗਾ ਪੈ ਗਿਆ। ਮੈਂ ਬੜੇ ਅਦਬ ਨਾਲ ਤਹਿ ਕੀਤਾ ਕਾਗਜ਼ ਦਾ ਟੁਕੜਾ ਖੋਲ੍ਹਿਆ।
“ਮੇਰਾ ਅੰਤਿਮ ਸਮਾਂ ਨੇੜੇ ਹੈ। ਮੈਂ ਇੱਕ ਮੁਸਾਫਰ ਵਾਂਗ ਆਇਆ ਸੀ ਤੇ ਹੁਣ ਵਾਪਸ ਜਾ ਰਿਹਾ ਹਾਂ, ਖਾਲਮ-ਖਾਲੀ। ਮੈਨੂੰ ਸ਼ਮਸ਼ਾਨ ਘਾਟ ਲਿਜਾਂਦੇ ਸਮੇਂ ਰੱਬ ਦਾ ਨਾਮ ਜਪਦੇ ਪ੍ਰਭੂ ਦਾ ਸ਼ੁਕਰਾਨਾ ਕਰਨਾ ਹੈ, ਰੋਣਾ ਕੁਰਲਾਉਣਾ ਨਹੀਂ। ਸਾਰੇ ਹੱਕਦਾਰਾਂ ਦਾ ਹੱਕ ਮੈਂ ਪਹਿਲਾਂ ਹੀ ਦੇ ਚੁਕਾ ਹਾਂ। ਏਨਾ ਕੁੱਝ ਜਮੀਨ, ਜਾਇਦਾਦ, ਵਹੀ ਖਾਤੇ ਹੁੰਦੇ ਹੋਏ ਮੈਂ ਹੁਣ ਕੁੱਝ ਵੀ ਨਾਲ ਨਹੀਂ ਲਿਜਾ ਸਕਿਆ। ਤੁਸੀਂ ਵੀ ਮਿਹਰਬਾਨੀ ਕਰ ਕੇ ਮੇਰੇ ਪਿੱਛੇ ਪਰੋਹਤਾਂ ਰਾਹੀਂ ਕੱਪੜੇ, ਬਿਸਤਰੇ, ਭਾਂਡੇ ਜਾਂ ਹੋਰ ਕੁੱਝ ਭੇਜਣ ਦੀ ਕੋਸ਼ਿਸ਼ ਨਾ ਕਰਿਓ ਕਿਉਂਕਿ ਮੇਰੇ ਤੱਕ ਹੁਣ ਕੁੱਝ ਵੀ ਨਹੀਂ ਅੱਪੜ ਸਕਣਾ।”
ਹੋਰ ਲਿਖਿਆ ਸੀ, “ਅਗਨ ਭੇਟ ਸਮੇਂ ਸਿਰ ਮੂੰਹ ਵਿਚ ਦੇਸੀ ਘਿਉ ਰੋੜ੍ਹਨ ਦੀ ਥਾਂ ਇਹ ਗਰੀਬ-ਗੁਰਬੇ ਦੇ ਮੂੰਹ ਪਾਇਓ। ਚੰਦਨ ਦੀ ਮਹਿੰਗੀ ਲੱਕੜੀ ‘ਤੇ ਅਜਾਈਂ ਖਰਚ ਨਹੀਂ ਕਰਨਾ। ਮੇਰੀ ਰਾਖ ਅਸਤ ਕਿਸੇ ਨੇੜਲੇ ਨਹਿਰ ਸੂਏ ਵਿਚ ਵਹਾ ਦਿਓ। ਮ੍ਰਿਤਕ ਦੀ ਫੋਟੋ ਗੁਰੂ ਗ੍ਰੰਥ ਸਾਹਿਬ ਅੱਗੇ ਨਹੀਂ ਰੱਖਣੀ, ਏਦਾਂ ਲੋਕ ਮੱਥਾ ਟੇਕਦੇ ਸਮੇਂ ਫੋਟੋ ਨੂੰ ਵੀ ਸਿਰ ਨਿਵਾਉਂਦੇ ਹਨ, ਜੋ ਠੀਕ ਨਹੀਂ। ਅਰਦਾਸ ਦਿਵਸ ‘ਤੇ ਸੰਗਤਾਂ ਨੂੰ ਸਾਦਾ ਲੰਗਰ ਛਕਾਇਆ ਜਾਵੇ। ਮੀਟ-ਸ਼ਰਾਬ ਬਿਲਕੁਲ ਨਾ ਵਰਤਾਉਣੇ। ਦਸਾਂ ਨਹੁੰਆਂ ਦੀ ਕਿਰਤ ਕਰੋ, ਰਲ ਮਿਲ ਕੇ ਇਤਫਾਕ ਨਾਲ ਰਹਿਓ, ਏਕੇ ਵਿਚ ਬਰਕਤ ਹੈ। ਰੱਬ ਰਾਖਾ!”
ਮੈਂ ਆਖਰੀ ਲਾਈਨ ਪੜ੍ਹਦਾ ਉਪਰ ਝਾਕਦਾ ਹਾਂ। ਸਾਰੇ ਸੂੜਕੇ ਮਾਰ ਰਹੇ ਹਨ। ਹਰੇਕ ਦੇ ਚਿਹਰੇ ‘ਤੇ ਹੰਝੂਆਂ ਦੀਆਂ ਘਰਾਲਾਂ ਬੁੱਲ੍ਹਾਂ ਤੱਕ ਪਲਮ ਆਈਆਂ ਹਨ।

  • ਮੁੱਖ ਪੰਨਾ : ਕਹਾਣੀਆਂ, ਚਰਨਜੀਤ ਸਿੰਘ ਪੰਨੂ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ