Punjabi Stories/Kahanian
ਓ ਹੈਨਰੀ
O Henry
Punjabi Kavita
  

After Twenty Years O Henry

Veeh Saalaan Baad
ਵੀਹ ਸਾਲਾਂ ਬਾਅਦ ਓ ਹੈਨਰੀ

ਸਿਪਾਹੀ ਦੇ ਸੁਸਤ ਭਾਰੀ ਕਦਮਾਂ ਦੀ ਆਵਾਜ਼ ਸੜਕ ਵਿੱਚੋਂ ਆਈ। ਕੁਵੇਲਾ ਨਹੀਂ ਸੀ ਹੋਇਆ। ਅਜੇ ਤਾਂ ਰਾਤ ਦੇ ਦਸ ਵੀ ਨਹੀਂ ਸਨ ਵੱਜੇ ਪਰ ਆਲੇ-ਦੁਆਲੇ ਕੋਈ ਨਹੀਂ ਸੀ। ਠੰਢੀ ਹਵਾ ਅਤੇ ਮੀਂਹ ਦੀ ਵਾਛੜ ਨੇ ਲੋਕਾਂ ਨੂੰ ਅੰਦਰੀਂ ਵਾੜ ਦਿੱਤਾ ਸੀ।
ਸਿਪਾਹੀ ਆਮ ਰਫ਼ਤਾਰ ਨਾਲ ਚੱਲ ਰਿਹਾ ਸੀ। ਕਦੇ-ਕਦੇ ਉਹ ਰੁਕ ਕੇ ਵੇਖਦਾ ਕਿ ਦਰਵਾਜ਼ੇ ਨੂੰ ਤਾਲਾ ਠੀਕ ਤਰ੍ਹਾਂ ਲੱਗਿਆ ਹੋਇਆ ਹੈ। ਕਦੇ-ਕਦੇ ਉਹ ਆਪਣੇ ਡੰਡੇ ਨੂੰ ਘੁਮਾਉਂਦਾ ਜਾਂ ਸ਼ਾਂਤਮਈ ਗਲੀ ਵਿੱਚ ਘੋਖਵੀਂ ਨਜ਼ਰ ਮਾਰਦਾ। ਉਸ ਦੀ ਥੀਟ ਅਮਨ ਚੈਨ ਵਾਲੀ ਸੀ। ਇੱਥੇ ਮੁੱਖ ਤੌਰ ‘ਤੇ ਦੁਕਾਨਾਂ ਜਾਂ ਦਫ਼ਤਰ ਸਨ ਜਿਹੜੇ ਕਦੋਂ ਦੇ ਬੰਦ ਹੋ ਗਏ ਸਨ। ਰੋਸ਼ਨੀ ਸਿਰਫ਼ ਕੋਨੇ ਵਾਲੇ ਕੈਮਿਸਟ ਸਟੋਰ, ਇੱਕ ਸਿਗਰਟ ਸਟੋਰ ਅਤੇ ਰਾਤ ਭਰ ਖੁੱਲ੍ਹਣ ਵਾਲੇ ਇੱਕ ਕੈਫ਼ੇ ‘ਤੇ ਸੀ।
ਸਿਪਾਹੀ ਅਚਾਨਕ ਹੌਲੀ ਚੱਲਣ ਲੱਗ ਪਿਆ। ਉਸ ਨੂੰ ਇੱਕ ਹਾਰਡਵੇਅਰ ਸਟੋਰ ਦੇ ਹਨੇਰੇ ਦਰਵਾਜ਼ੇ ਦੇ ਲਾਂਘੇ ਵਿੱਚ ਇੱਕ ਆਦਮੀ ਦਿੱਸਿਆ ਜਿਸ ਦੇ ਮੂੰਹ ਵਿੱਚ ਅਣ-ਬਲਦੀ ਸਿਗਰਟ ਸੀ। ਉਹ ਉਸ ਕੋਲ ਗਿਆ। ”ਅਫ਼ਸਰਾ!” ਆਦਮੀ ਨੇ ਤੁਰੰਤ ਆਖਿਆ, ”ਮੈਂ ਤਾਂ ਇੱਥੇ ਇੱਕ ਦੋਸਤ ਦੀ ਉਡੀਕ ਕਰ ਰਿਹਾ ਹਾ। ਵੀਹ ਸਾਲ ਪਹਿਲਾਂ ਅਸੀਂ ਇੱਕ ਮੀਟਿੰਗ ਦਾ ਆਯੋਜਨ ਕੀਤਾ ਸੀ। ਇਹ ਗੱਲ ਤੈਨੂੰ ਅਜੀਬ ਲੱਗਦੀ ਐ, ਹੈ ਨਾ? ਮੈਂ ਤੈਨੂੰ ਦੱਸਾਂਗਾ ਤੇ ਫਿਰ ਤੈਨੂੰ ਆਪ ਹੀ ਸਮਝ ਆ ਜਾਵੇਗੀ। ਵੀਹ ਸਾਲ ਪਹਿਲਾਂ ਇਸ ਸਟੋਰ ਦੀ ਥਾਂ ਇੱਕ ਰੈਸਤਰਾਂ ਹੁੰਦਾ ਸੀ- ਬਿੱਗ ਜੋ ਬਰੈਡੀ ਰੈਸਤਰਾਂ।”
”ਪੰਜ ਸਾਲ ਪਹਿਲਾਂ ਉਸ ਨੂੰ ਢਾਹ ਦਿੱਤਾ ਗਿਆ ਸੀ।” ਸਿਪਾਹੀ ਨੇ ਆਖਿਆ।
ਦਰਵਾਜ਼ੇ ਦੇ ਲਾਂਘੇ ਵਿੱਚ ਖੜ੍ਹੇ ਆਦਮੀ ਨੇ ਮਾਚਿਸ ਨਾਲ ਆਪਣੀ ਸਿਗਰਟ ਸੁਲਗਾਈ। ਮਾਚਸ ਦੀ ਰੋਸ਼ਨੀ ਵਿੱਚ ਸਿਪਾਹੀ ਨੇ ਇੱਕ ਪੀਲਾ, ਨਿੱਕੀਆਂ ਅੱਖਾਂ ਵਾਲਾ ਚੌਰਸ ਚਿਹਰਾ ਵੇਖਿਆ ਜਿਸ ਦੇ ਸੱਜੇ ਭਰਵੱਟੇ ਦੇ ਨੇੜੇ ਇੱਕ ਛੋਟਾ ਸਫ਼ੈਦ ਨਿਸ਼ਾਨ ਵੀ ਸੀ। ਉਸ ਨੇ ਆਦਮੀ ਦਾ ਟਾਈ-ਪਿੰਨ ਵੀ ਵੇਖਿਆ ਜਿਸ ‘ਤੇ ਬੇਤਰਤੀਬੀ ਨਾਲ ਹੀਰੇ ਜੜੇ ਹੋਏ ਸਨ।
ਆਦਮੀ ਨੇ ਸਿਗਰਟ ਦਾ ਸੂਟਾ ਲਾਇਆ ਅਤੇ ਆਪਣੀ ਕਹਾਣੀ ਜਾਰੀ ਰੱਖੀ, ”ਵੀਹ ਸਾਲ ਪਹਿਲਾਂ…”
ਉਸ ਨੇ ਆਖਿਆ, ”ਮੈਂ ਇੱਥੇ ਆਪਣੇ ਸਭ ਤੋਂ ਚੰਗੇ ਮਿੱਤਰ ਤੇ ਦੁਨੀਆਂ ਦੇ ਸਭ ਤੋਂ ਸੱਚੇ ਆਦਮੀ ਜਿੰਮੀ ਵੈੱਲਜ਼ ਨਾਲ ‘ਬਿੱਗ ਜੋ ਬਰੈਡੀ’ ‘ਤੇ ਡਿਨਰ ਕੀਤਾ ਸੀ। ਜਿੰਮੀ ਤੇ ਮੈਂ ਇੱਥੇ ਨਿਊਯਾਰਕ ਵਿੱਚ ਇਕੱਠੇ ਪਲੇ ਸੀ। ਅਸੀਂ ਭਰਾਵਾਂ ਵਾਂਗ ਸੀ। ਮੈਂ ਅਠਾਰਾਂ ਵਰ੍ਹਿਆਂ ਦਾ ਸੀ ਤੇ ਜਿੰਮੀ ਵੀਹਾਂ ਦਾ। ਅਗਲੀ ਸਵੇਰ ਮੈਂ ਧਨ ਕਮਾਉਣ ਲਈ ਪੱਛਮ ਵੱਲ ਚਲਿਆ ਜਾਣਾ ਸੀ। ਪਰ ਜਿੰਮੀ… ਜਿੰਮੀ ਨੂੰ ਤਾਂ ਤੁਸੀਂ ਨਿਊਯਾਰਕ ਤੋਂ ਇੱਕ ਇੰਚ ਵੀ ਨਹੀਂ ਸੀ ਹਿਲਾ ਸਕਦੇ। ਉਸ ਲਈ ਤਾਂ ਦੁਨੀਆਂ ਵਿੱਚ ਇਹੀ ਇੱਕ ਥਾਂ ਸੀ। ਉਸ ਰਾਤ ਅਸੀਂ ਫ਼ੈਸਲਾ ਕੀਤਾ ਕਿ ਵੀਹ ਸਾਲਾਂ ਬਾਅਦ ਇੱਥੇ ਫਿਰ ਮਿਲਾਂਗੇ। ਅਸੀਂ ਚਾਹੇ ਕਿੰਨੇ ਵੀ ਦੂਰ ਹੋਈਏ, ਅਮੀਰ ਹੋਈਏ ਜਾਂ ਗ਼ਰੀਬ, ਜੇ ਜਿਉਂਦੇ ਹੋਏ ਤਾਂ ਜ਼ਰੂਰ ਮਿਲਾਂਗੇ। ਅਸੀਂ ਸੋਚਿਆ ਸੀ ਕਿ ਵੀਹ ਸਾਲਾਂ ਵਿੱਚ ਅਸੀਂ ਆਪਣੀਆਂ ਜ਼ਿੰਦਗੀਆਂ ਬਣਾ ਲਵਾਂਗੇ।”
”ਇਹ ਸਭ ਬਹੁਤ ਦਿਲਚਸਪ ਐ।” ਸਿਪਾਹੀ ਨੇ ਆਖਿਆ, ”ਪਰ ਮੀਟਿੰਗਾਂ ਵਿਚਲਾ ਸਮਾਂ ਬਹੁਤ ਲੰਮਾ ਹੈ। ਤੈਨੂੰ ਆਪਣੇ ਮਿੱਤਰ ਬਾਰੇ ਮਗਰੋਂ ਕੁਝ ਨ੍ਹੀਂ ਪਤਾ ਲੱਗਿਆ?”
”ਗੱਲ ਇਹ ਹੈ ਕਿ ਅਸੀਂ ਪਹਿਲਾਂ ਤਾਂ ਬਾਕਾਇਦਗੀ ਨਾਲ ਇੱਕ-ਦੂਜੇ ਨੂੰ ਖ਼ਤ ਲਿਖਦੇ ਰਹੇ। ਫਿਰ ਮੈਂ ਕੰਮ-ਕਾਰ ਵਿੱਚ ਇੰਨਾ ਰੁੱਝ ਗਿਆ ਕਿ ਮੇਰੇ ਕੋਲ ਖ਼ਤ ਲਿਖਣ ਦਾ ਸਮਾਂ ਹੀ ਨਹੀਂ ਸੀ ਹੁੰਦਾ। ਹੌਲੀ-ਹੌਲੀ ਅਸੀਂ ਇੱਕ-ਦੂਜੇ ਦਾ ਥਹੁ-ਟਿਕਾਣਾ ਭੁੱਲ ਗਏ ਪਰ ਉਹ ਦੁਨੀਆਂ ਦਾ ਸਭ ਤੋਂ ਚੰਗਾ ਤੇ ਸੱਚਾ ਮਿੱਤਰ ਸੀ। ਮੈਨੂੰ ਯਕੀਨ ਹੈ ਕਿ ਜੇ ਜਿੰਮੀ ਜਿਉਂਦਾ ਹੋਇਆ ਤਾਂ ਉਹ ਆਪਣੇ ਮਿੱਤਰ ਨੂੰ ਕਦੇ ਵੀ ਨਹੀਂ ਭੁੱਲੇਗਾ। ਮੈਂ ਅੱਜ ਰਾਤ ਹਜ਼ਾਰ ਮੀਲ ਤੋਂ ਉਸ ਨੂੰ ਮਿਲਣ ਇੱਥੇ ਆਇਆ ਹਾਂ ਅਤੇ ਜੇ ਉਹ ਮਿਲ ਗਿਆ ਤਾਂ ਮੇਰਾ ਇੰਨੀ ਦੂਰੋਂ ਆਉਣਾ ਸਫ਼ਲ ਹੋ ਜਾਵੇਗਾ।”
ਪੱਛਮ ਵਾਲੇ ਆਦਮੀ ਨੇ ਆਪਣੀ ਜੇਬ ਵਿੱਚੋਂ ਇੱਕ ਖ਼ੂਬਸੂਰਤ ਘੜੀ ਕੱਢੀ। ਸਿਪਾਹੀ ਨੇ ਵੇਖਿਆ ਕਿ ਇਸ ਦੇ ਢੱਕਣਾਂ ‘ਤੇ ਨਿੱਕੇ-ਨਿੱਕੇ ਹੀਰੇ ਜੜੇ ਹੋਏ ਸਨ।
”ਦਸ ਵੱਜਣ ‘ਚ ਤਿੰਨ ਮਿੰਟ ਰਹਿੰਦੇ ਨੇ।” ਉਸ ਨੇ ਆਖਿਆ, ”ਪੂਰੇ ਦਸ ਵੱਜੇ ਸਨ ਜਦੋਂ ਅਸੀਂ ‘ਬਿੱਗ ਜੋ ਬਰੈਡੀ’ ਦੇ ਦਰਵਾਜ਼ੇ ‘ਤੇ ਇੱਕ-ਦੂਜੇ ਨੂੰ ਅਲਵਿਦਾ ਆਖੀ ਸੀ।”
”ਪੱਛਮ ਵਿੱਚ ਤੂੰ ਚੰਗਾ ਰਿਹਾ?” ਸਿਪਾਹੀ ਨੇ ਪੁੱਛਿਆ।
”ਬੁਰਾ ਵੀ ਨਹੀਂ। ਮੈਨੂੰ ਉਮੀਦ ਹੈ ਜਿੰਮੀ ਵੀ ਚੰਗਾ ਹੀ ਰਿਹਾ ਹੋਵੇਗਾ। ਜਿੰਮੀ ਥੋੜ੍ਹਾ ਜਿਹਾ ਸੁਸਤ ਸੀ। ਬੰਦਾ ਵਧੀਆ ਸੀ ਪਰ ਸੀ ਸੁਸਤ। ਉਹ ਕਦੇ ਕੋਈ ਰਿਸਕ ਨਹੀਂ ਸੀ ਲੈਂਦਾ। ਮੈਨੂੰ ਤਾਂ ਧਨ ਕਮਾਉਣ ਲਈ ਰਿਸਕ ਲੈਣਾ ਪਿਆ। ਪੱਛਮ ਵਿੱਚ ਤਾਂ ਇਹ ਸਭ ਕਰਨਾ ਵੀ ਪੈਂਦਾ ਹੈ।” ਸਿਪਾਹੀ ਨੇ ਆਪਣਾ ਡੰਡਾ ਘੁਮਾਇਆ ਅਤੇ ਤੁਰਨ ਲੱਗਿਆ, ”ਮੈਂ ਆਪਣੀ ਡਿਊਟੀ ‘ਤੇ ਅੱਗੇ ਜਾਣਾ ਹੈ।” ਉਸ ਨੇ ਆਖਿਆ, ”ਉਮੀਦ ਹੈ ਤੇਰਾ ਮਿੱਤਰ ਆਵੇਗਾ। ਕੀ ਤੂੰ ਲੰਮਾ ਸਮਾਂ ਉਸ ਦੀ ਉਡੀਕ ਕਰੇਂਗਾ?” ”ਘੱਟੋ-ਘੱਟ ਅੱਧਾ ਘੰਟਾ,” ਆਦਮੀ ਨੇ ਆਖਿਆ, ”ਜੇ ਜਿੰਮੀ ਜਿਉਂਦਾ ਹੋਇਆ ਤਾਂ ਉਦੋਂ ਤਕ ਆ ਜਾਵੇਗਾ। ਮੈਂ ਉਸ ਦੀ ਉਡੀਕ ਕਰਾਂਗਾ। ਮੈਨੂੰ ਬੁਰਾ ਨਹੀਂ ਲੱਗੇਗਾ ਜੇ ਮੈਨੂੰ ਜਿੰਮੀ ਦੀ, ਪਿਆਰੇ ਜਿੰਮੀ ਦੀ, ਲੰਮਾ ਸਮਾਂ ਵੀ ਉਡੀਕ ਕਰਨੀ ਪਵੇ। ਅਫ਼ਸਰਾ! ਸ਼ੁਭ ਰਾਤਰੀ।”
”ਸ਼ੁਭ ਰਾਤਰੀ।” ਸਿਪਾਹੀ ਨੇ ਆਖਿਆ ਅਤੇ ਸੁਸਤ ਭਾਰੀ ਕਦਮਾਂ ਨਾਲ ਕਿਤੇ-ਕਿਤੇ ਕਿਸੇ ਦਰਵਾਜ਼ੇ ਨੂੰ ਟੋਂਹਦਾ, ਆਪਣੀ ਬੀਟ ਵਿੱਚ ਤੁਰਦਾ ਰਿਹਾ।
ਇਸ ਵੇਲੇ ਤਕ ਤੇਜ਼ ਮੀਂਹ ਪੈਣ ਲੱਗ ਪਿਆ ਸੀ ਅਤੇ ਹਨੇਰੀ ਵੀ ਆ ਗਈ ਸੀ। ਥੋੜ੍ਹੇ ਜਿਹੇ ਲੋਕ, ਜਿਹੜੇ ਅਜਿਹੇ ਭੈੜੇ ਮੌਸਮ ਵਿੱਚ ਅਜੇ ਬਾਹਰ ਸਨ, ਕਾਹਲੀ-ਕਾਹਲੀ ਸਿਰ ਝੁਕਾ ਕੇ ਦੌੜੇ। ਉਨ੍ਹਾਂ ਦੇ ਕੋਟਾਂ ਦੇ ਕਾਲਰ ਉਪਰ ਵੱਲ ਨੂੰ, ਟੋਪ ਹੇਠਾਂ ਵੱਲ ਨੂੰ ਅਤੇ ਹੱਥ ਜੇਬਾਂ ਵਿੱਚ ਸਨ। ਹਾਰਡਵੇਅਰ ਸਟੋਰ ਦੇ ਹਨੇਰੇ ਦਰਵਾਜ਼ੇ ਦੇ ਲਾਂਘੇ ਵਿੱਚ ਉਹ ਆਦਮੀ ਜਿਹੜਾ ਹਜ਼ਾਰ ਮੀਲ ਤੋਂ ਆਪਣੇ ਪੁਰਾਣੇ ਮਿੱਤਰ ਨੂੰ ਮਿਲਣ ਆਇਆ ਸੀ, ਸਿਗਰਟ ਦੇ ਸੂਟੇ ਲਾਉਂਦਾ ਉਸ ਦੀ ਉਡੀਕ ਵਿੱਚ ਖੜ੍ਹਾ ਸੀ। ਉਸ ਨੂੰ ਉੱਥੇ ਉਡੀਕਦਿਆਂ ਵੀਹ ਕੁ ਮਿੰਟ ਹੋਏ ਸਨ ਜਦ ਇੱਕ ਲੰਮਾ ਆਦਮੀ ਕਾਹਲੀ-ਕਾਹਲੀ ਗਲੀ ਲੰਘ ਕੇ ਉਸ ਕੋਲ ਆਇਆ। ਹੋਰਨਾਂ ਵਾਂਗ ਇਸ ਆਦਮੀ ਨੇ ਵੀ ਲੰਮਾ ਰੇਨਕੋਟ ਪਾਇਆ ਹੋਇਆ ਸੀ ਜਿਸ ਦਾ ਕਾਲਰ ਉਪਰ ਵੱਲ ਉਸ ਦੇ ਕੰਨਾਂ ਤਕ ਪਹੁੰਚਿਆ ਹੋਇਆ ਸੀ ਜਦੋਂ ਕਿ ਉਸ ਦਾ ਟੋਪ ਹੇਠਾਂ ਉਸ ਦੇ ਮੱਥੇ ਤਕ ਆਇਆ ਹੋਇਆ ਸੀ।
”ਤੂੰ ਬੌਬ ਐਂ?” ਆਦਮੀ ਨੇ ਅਨਿਸ਼ਚਿਤਤਾ ਨਾਲ ਪੁੱਛਿਆ।
”ਜਿੰਮੀ ਵੈੱਲਜ਼, ਇਹ ਤੂੰ ਹੀ ਹੈਂ?” ਦਰਵਾਜ਼ੇ ਦੇ ਲਾਂਘੇ ਵਿੱਚ ਖੜ੍ਹਾ ਆਦਮੀ ਚਿਲਾਇਆ।
ਹੁਣੇ ਆਏ ਆਦਮੀ ਨੇ ਪਹਿਲੇ ਦੇ ਦੋਵੇਂ ਹੱਥ ਆਪਣੇ ਹੱਥਾਂ ਵਿੱਚ ਘੁੱਟ ਲਏ।
”ਤੂੰ ਬੌਬ ਐਂ, ਪਿਆਰਾ ਬੌਬ। ਮੈਨੂੰ ਯਕੀਨ ਸੀ ਕਿ ਜੇ ਤੂੰ ਜਿਉਂਦਾ ਹੋਇਆ ਤਾਂ ਜ਼ਰੂਰ ਆਏਂਗਾ। ਵੀਹ ਸਾਲ ਲੰਮਾ ਸਮਾਂ ਹੁੰਦੈ, ਹੈ ਨਾ? ‘ਬਿੱਗ ਜੋ ਬਰੈਡੀ’ ਖ਼ਤਮ ਹੋ ਗਿਆ ਹੈ। ਕਿੰਨੀ ਮਾੜੀ ਗੱਲ ਹੈ! ਅਸੀਂ ਆਪਣੇ ਮਿਲਾਪ ਦੀ ਖ਼ੁਸ਼ੀ ਵਿੱਚ ਇੱਥੇ ਡਿਨਰ ਕਰ ਲੈਂਦੇ। ਤੈਨੂੰ ਪੱਛਮ ਕਿਵੇਂ ਲੱਗਿਆ?”
”ਵਧੀਆ। ਇਸ ਨੇ ਮੈਨੂੰ ਉਹ ਸਭ ਕੁਝ ਦਿੱਤਾ ਜੋ ਮੈਂ ਚਾਹੁੰਦਾ ਸੀ। ਜਿੰਮੀ, ਤੂੰ ਬਹੁਤ ਬਦਲ ਗਿਆ ਹੈਂ। ਮੈਂ ਕਦੇ ਸੋਚਿਆ ਨਹੀਂ ਸੀ ਕਿ ਤੂੰ ਇੰਨਾ ਲੰਮਾ ਹੈਂ।”
”ਮੇਰਾ ਖ਼ਿਆਲ ਹੈ ਤੇਰੇ ਜਾਣ ਤੋਂ ਬਾਅਦ ਮੈਂ ਥੋੜ੍ਹਾ ਜਿਹਾ ਲੰਮਾ ਹੋ ਗਿਆ।”
”ਜਿੰਮੀ, ਨਿਊਯਾਰਕ ਵਿੱਚ ਤੇਰਾ ਸਭ ਠੀਕ ਚੱਲ ਰਿਹਾ ਹੈ?”
”ਬੁਰਾ ਨਹੀਂ। ਮੈਨੂੰ ਕੋਈ ਸ਼ਿਕਾਇਤ ਨੀਂ। ਮੈਂ ਸ਼ਹਿਰ ਦੇ ਇੱਕ ਦਫ਼ਤਰ ਵਿੱਚ ਕੰਮ ਕਰਦਾ ਹਾਂ। ਬੌਬ, ਆ ਆਪਾਂ ਕਿਸੇ ਹੋਰ ਥਾਂ ਚੱਲੀਏ ਅਤੇ ਪੁਰਾਣਿਆਂ ਸਮਿਆਂ ਦੀਆਂ ਗੱਲਾਂ ਰੱਜ ਕੇ ਕਰੀਏ।”
ਦੋਵੇਂ ਬਾਂਹ ਵਿੱਚ ਬਾਂਹ ਪਾ ਕੇ ਤੁਰਨ ਲੱਗੇ। ਪੱਛਮ ਤੋਂ ਆਇਆ ਆਦਮੀ ਆਪਣੀ ਜ਼ਿੰਦਗੀ ਤੇ ਆਪਣੀਆਂ ਕਾਮਯਾਬੀਆਂ ਬਾਰੇ ਗੱਲਾਂ ਕਰਦਾ ਰਿਹਾ। ਦੂਜਾ, ਜਿਸ ਨੇ ਆਪਣਾ ਚਿਹਰਾ ਆਪਣੇ ਕੋਟ ਦੇ ਕਾਲਰ ਵਿੱਚ ਛੁਪਾਇਆ ਹੋਇਆ ਸੀ, ਬਹੁਤ ਦਿਲਚਸਪੀ ਨਾਲ ਸੁਣਦਾ ਰਿਹਾ।
ਗਲੀ ਦੇ ਕੋਨੇ ‘ਤੇ ਉਹ ਕੈਮਿਸਟ ਦੇ ਸਟੋਰ ‘ਤੇ, ਜਿਹੜਾ ਰੋਸ਼ਨੀਆਂ ਨਾਲ ਜਗਮਗਾ ਰਿਹਾ ਸੀ, ਪਹੁੰਚੇ। ਉਹ ਰੁਕ ਗਏ ਅਤੇ ਉਨ੍ਹਾਂ ਨੇ ਇੱਕ-ਦੂਜੇ ਦੇ ਚਿਹਰੇ ਵੱਲ ਧਿਆਨ ਨਾਲ ਵੇਖਿਆ। ਅਚਾਨਕ ਹੀ ਪੱਛਮ ਵਾਲਾ ਉੱਚੀ-ਉੱਚੀ ਬੋਲਣ ਲੱਗਿਆ, ”ਤੂੰ ਜਿੰਮੀ ਵੈੱਲਜ਼ ਨਹੀਂ। ਵੀਹ ਸਾਲਾਂ ਦਾ ਸਮਾਂ ਲੰਮਾ ਤਾਂ ਹੁੰਦਾ ਹੈ ਪਰ ਇੰਨਾ ਲੰਮਾ ਵੀ ਨਹੀਂ ਕਿ ਤੇਰਾ ਨੱਕ ਲੰਮੇ ਤੋਂ ਛੋਟਾ ਹੋ ਜਾਵੇ।”
”ਪਰ ਇਹ ਇੰਨਾ ਲੰਮਾ ਤਾਂ ਹੁੰਦਾ ਹੈ ਕਿ ਇੱਕ ਭਲਾ ਆਦਮੀ ਮੁਜਰਮ ਬਣ ਜਾਏ।” ਦੂਜੇ ਨੇ ਆਖਿਆ, ”ਸਿਲਕੀ ਬੌਬ, ਤੂੰ ਪਿਛਲੇ ਦਸ ਮਿੰਟਾਂ ਤੋਂ ਹਿਰਾਸਤ ਵਿੱਚ ਹੈਂ। ਸ਼ਿਕਾਗੋ ਦੀ ਪੁਲੀਸ ਤੇਰੀ ਭਾਲ ਵਿੱਚ ਹੈ। ਉਸ ਨੂੰ ਪਤਾ ਸੀ ਕਿ ਤੂੰ ਇਧਰ ਆਏਂਗਾ ਅਤੇ ਸਾਨੂੰ ਫ਼ੋਨ ਆਇਆ ਕਿ ਅਸੀਂ ਨਜ਼ਰ ਰੱਖੀਏ। ਪੁਲੀਸ ਨੇ ਤੇਰੇ ਨਾਲ ਗੱਲ ਕਰਨੀ ਹੈ ਤੇ ਤੈਨੂੰ ਪਤਾ ਹੀ ਐ ਕਿ ਕਿਉਂ- ਉਸ ਬੈਂਕ ਡਾਕੇ ਬਾਰੇ। ਪਰ ਇਸ ਤੋਂ ਪਹਿਲਾਂ ਆਪਾਂ ਪੁਲੀਸ ਸਟੇਸ਼ਨ ਚੱਲੀਏ, ਮੈਂ ਤੈਨੂੰ ਇੱਕ ਛੋਟਾ ਜਿਹਾ ਪੱਤਰ ਦੇਣਾ ਹੈ। ਤੂੰ ਇਸ ਨੂੰ ਖਿੜਕੀ ਵਿੱਚੋਂ ਆ ਰਹੀ ਰੋਸ਼ਨੀ ਵਿੱਚ ਪੜ੍ਹ ਸਕਦਾ ਹੈਂ। ਇਹ ਪੱਤਰ ਜਿੰਮੀ ਵੈੱਲਜ਼ ਵੱਲੋਂ ਹੈ। ਉਹ ਇਸ ਬੀਟ ਦਾ ਸਿਪਾਹੀ ਹੈ।”
ਪੱਛਮ ਵਾਲੇ ਆਦਮੀ ਨੇ ਪੱਤਰ ਵੇਖਿਆ। ਜਦ ਉਹ ਇਸ ਨੂੰ ਪੜ੍ਹਨ ਲੱਗਿਆ ਤਾਂ ਉਹ ਅਡੋਲ ਸੀ ਪਰ ਫਿਰ ਉਸ ਦੇ ਹੱਥ ਕੰਬਣ ਲੱਗ ਪਏ। ਪੱਤਰ ਬਹੁਤ ਛੋਟਾ ਸੀ:
ਬੌਬ, ਮੈਂ ਸਮੇਂ ਸਿਰ ਪਹੁੰਚ ਗਿਆ ਸੀ। ਪਰ ਜਦ ਤੂੰ ਆਪਣੀ ਸਿਗਰਟ ਸੁਲਗਾਈ ਤਾਂ ਮੈਂ ਤੈਨੂੰ ‘ਸਿਲਕੀ ਬੌਬ’ ਵਜੋਂ ਪਛਾਣ ਲਿਆ ਜਿਹੜਾ ਸ਼ਿਕਾਗੋ ਪੁਲੀਸ ਨੂੰ ਲੋੜੀਂਦਾ ਹੈ। ਮੈਂ ਤੈਨੂੰ ਆਪ ਗ੍ਰਿਫ਼ਤਾਰ ਨਹੀਂ ਕਰ ਸਕਿਆ ਅਤੇ ਸਾਦੇ ਕੱਪੜਿਆਂ ਵਾਲੇ ਸਿਪਾਹੀ ਨੂੰ ਆਪਣਾ ਇਹ ਕੰਮ ਕਰਨ ਲਈ ਆਖਿਆ ਹੈ।
ਜਿੰਮੀ।

ਅਨੁਵਾਦ: ਡਾ. ਹਰਨੇਕ ਸਿੰਘ ਕੈਲੇ

ਪੰਜਾਬੀ ਕਹਾਣੀਆਂ (ਮੁੱਖ ਪੰਨਾ)