Viang Di Dhaar : K.L. Garg

ਵਿਅੰਗ ਦੀ ਧਾਰ (ਵਿਅੰਗ) : ਕੇ.ਐਲ. ਗਰਗ

ਬਚਪਨ ਵਿੱਚ ਜਦੋਂ ਅਸੀਂ ਸ਼ਰਾਰਤਾਂ ਕਰਨ ਜਾਂ ਅਜਿਹੇ ਹੀ ਪੁੱਠੇ-ਸਿੱਧੇ ਕੰਮ ਕਰਨ ਤੋਂ ਬਾਜ਼ ਨਾ ਆਉਂਦੇ ਤਾਂ ਸਾਡੇ ਪਿਤਾ ਖੌਂਸੜਾ ਦਿਖਾ ਕੇ ਗੁੱਸੇ ਨਾਲ ਆਖਦੇ:
‘‘ਸੁਧਰ ਜਾਓ ਓਏ ਸੁਧਰ ਜਾਓ। ਨਹੀਂ ਤਾਂ ਇਸੇ ਖੌਂਸੜੇ ਨਾਲ ਮੰਜੈਤੀ ਹੋ ਜਾਊ।’’
ਵਿਅੰਗ ਦਾ ਕੀ ਇਹੋ ਕਰਮ ਹੁੰਦਾ ਹੈ? ਭ੍ਰਿਸ਼ਟਾਚਾਰੀਆਂ, ਠੱਗਾਂ, ਚੋਰਾਂ, ਬੇਈਮਾਨਾਂ, ਕਮੀਨਿਆਂ, ਲਾਲਚੀਆਂ ਤੇ ਢੋਂਗੀਆਂ ਨੂੰ ਸੁਧਾਰਨਾ। ਸ਼ਾਇਦ ਇਹੋ ਹੋਵੇ, ਪਰ ਉਹ ਇਸ ਖਲਕਤ ਨੂੰ ਮੇਰੇ ਪਿਤਾ ਵਾਂਗ ਗੁੱਸੇ ’ਚ ਆ ਕੇ ਖੌਂਸੜਾ ਨਹੀਂ ਦਿਖਾਉਂਦਾ। ਸ਼ਬਦ ਦੀਆਂ ਤਿੰਨ ਸ਼ਕਤੀਆਂ ਹੁੰਦੀਆਂ ਹਨ: ਅਭਿਧਾ, ਵਿਅੰਜਨਾ ਤੇ ਲਕਸ਼ਣਾ। ਉਹ ਵਿਅੰਜਨਾ ਸ਼ਕਤੀ ਦਾ ਪ੍ਰਯੋਗ ਕਰਕੇ ਭੁੱਲਿਆਂ ਨੂੰ ਰਾਹ-ਏ-ਰਾਸਤ ’ਤੇ ਲਿਆਉਂਦਾ ਹੈ।
ਕਈ ਲੋਕ ਕਹਿੰਦੇ ਹਨ ਕਿ ਵਿਅੰਗ ਦਾ ਫੱਟ ਤਲਵਾਰ ਵੱਜਣ ਵਾਂਗ ਗਹਿਰਾ ਹੁੰਦਾ ਹੈ, ਪਰ ਵਿਅੰਗਕਾਰ ਤਾਂ ਤਲਵਾਰ ਦੀ ਵਰਤੋਂ ਹੀ ਨਹੀਂ ਕਰਦਾ। ਉਹ ਤਾਂ ਕੁਝ ਸ਼ਬਦ ਵਰਤ ਕੇ ਆਪਣਾ ਕੰਮ ਕਰ ਜਾਂਦਾ ਹੈ।
ਹਿੰਦੀ ਭਾਸ਼ਾ ਦਾ ਇੱਕ ਕਵੀ ਹੋਇਆ ਹੈ ਬਿਹਾਰੀ। ਉਸ ਨੇ ਕੁੱਲ ਸੱਤ ਸੌ ਵਿਅੰਗ ਦੋਹੇ ਲਿਖੇ ਹਨ। ਉਸ ਦੇ ਪ੍ਰਸ਼ੰਸਕ ਆਲੋਚਕ ਉਸ ਬਾਰੇ ਆਖਦੇ ਹਨ:
ਸਤਸਈ ਕੇ ਦੋਹਰੇ ਜਿਉਂ ਨਾਵਿਕ ਕੇ ਤੀਰ,
ਦੇਖਣ ਮੇਂ ਛੋਟੇ ਲਗੇਂ ਘਾਵ ਕਰੇਂ ਗੰਭੀਰ।
ਅਸੀਂ ਬਹੁਤ ਖਿਮਾ ਯਾਚਨਾ ਨਾਲ ਇਨ੍ਹਾਂ ਪ੍ਰਸ਼ੰਸਕਾਂ ਆਲੋਚਕਾਂ ਨਾਲ ਵੀ ਸਹਿਮਤ ਨਹੀਂ ਹਾਂ। ਵਿਅੰਗ ਦਾ ਕਾਰਜ ਘਾਵ (ਜ਼ਖ਼ਮ) ਕਰਨਾ ਨਹੀਂ ਹੁੰਦਾ ਸਗੋਂ ਬਹੁਤ ਪਿਆਰ ਨਾਲ ਘਾਵ ਨੂੰ ਭਰਨਾ ਹੁੰਦਾ ਹੈ। ਜ਼ਖ਼ਮ ਭਰ ਕੇ ਰੋਗੀ ਨੂੰ ਤੰਦਰੁਸਤ ਕਰਨਾ ਹੁੰਦਾ ਹੈ। ਵਿਅੰਗ ਲੇਖਕ ਨੂੰ ਹਰ ਤਰ੍ਹਾਂ ਦੇ ਰੋਗੀ, ਭੋਗੀ, ਯੋਗੀ ਤੇ ਢੋਂਗੀ ਨਾਲ ਹਮਦਰਦੀ ਹੋਣੀ ਚਾਹੀਦੀ ਹੈ ਤਾਂ ਕਿ ਉਹ ਇਨ੍ਹਾਂ ਨੂੰ ਸਹਿਣਯੋਗ ਮਨੁੱਖ ਬਣਾ ਸਕੇ। ਹੁਣ ਇੱਥੇ ਇੱਕ ਹੋਰ ਪ੍ਰਸ਼ਨ ਵੀ ਪੈਦਾ ਹੁੰਦਾ ਹੈ ਕਿ ਕੀ ਵਿਅੰਗ ਲਿਖਣ ਵੇਲੇ ਵਿਅੰਗਕਾਰ ਗੁੱਸੇ ਵਿੱਚ ਹੁੰਦਾ ਹੈ? ਵਿਅੰਗ ਲਿਖਣ ਵੇਲੇ ਉਸ ਦੀਆਂ ਅੱਖਾਂ ਚੜ੍ਹੀਆਂ ਹੋਈਆਂ ਤੇ ਚਿਹਰਾ ਲਾਲ ਤਪਿਆ ਹੋਇਆ ਹੁੰਦਾ ਹੈ? ਅਸੀਂ ਆਪਣੇ ਆਮ ਜੀਵਨ ਵਿੱਚ ਦੇਖਦੇ ਹਾਂ ਕਿ ਕ੍ਰੋਧੀ ਮਨੁੱਖ ਦਾ ਆਪਣੇ ਆਪ ’ਤੇ ਕੰਟਰੋਲ ਨਹੀਂ ਰਹਿੰਦਾ। ਇਸ ਹਾਲਤ ਵਿੱਚ ਉਹ ਗਾਲ੍ਹਾਂ ਤਾਂ ਕੱਢ ਸਕਦਾ ਹੈ, ਵਿਅੰਗ ਨਹੀਂ ਲਿਖ ਸਕਦਾ। ਵਿਅੰਗ ਲਿਖਣ ਵੇਲੇ ਤਾਂ ਲੇਖਕ ਦੇ ਸਾਰੇ ਤੱਤ ਇਕਸੁਰ ਹੋਣੇ ਚਾਹੀਦੇ ਹਨ। ਕਈ ਇਹ ਕਹਿੰਦੇ ਹਨ ਕਿ ਫਲਾਣੇ ਲੇਖਕ ਦੇ ਵਿਅੰਗ ਦਾ ਡੰਗਿਆ ਪਾਣੀ ਨਹੀਂ ਮੰਗਦਾ। ਉਨ੍ਹਾਂ ਦੀ ਪੂਛ ਵਿੱਚ ਡੰਗ ਹੁੰਦਾ ਹੈ। ਕੀ ਵਿਅੰਗਕਾਰ ਸੱਪ, ਭੂੰਡ ਜਾਂ ਅਠੂੰਹਾਂ ਹੁੰਦਾ ਹੈ, ਜਿਸ ਦਾ ਡੰਗਿਆ ਮਰੀਜ਼ ਪਾਣੀ ਨਹੀਂ ਮੰਗਦਾ? ਵਿਅੰਗ ਲੇਖਕ ਵੀ ਆਮ ਇਨਸਾਨ ਹੁੰਦਾ ਹੈ ਜੋ ਡੰਗ ਨਹੀਂ ਮਾਰਦਾ ਸਗੋਂ ਰਾਹਤ ਦਿੰਦਾ ਹੈ। ਹਾਂ, ਉਸ ਦੇ ਸ਼ਬਦਾਂ ਨਾਲ ਕਿਸੇ ਦਾ ਝੂਠ ਬੇਪਰਦ ਹੋ ਜਾਵੇ, ਕਿਸੇ ਦੀ ਪੋਲ ਖੁੱਲ੍ਹ ਜਾਵੇ ਤਾਂ ਇਹ ਉਸ ਦਾ ਸਮਾਜਿਕ ਕਰਤੱਵ ਹੈ।
ਭਗਤ ਕਬੀਰ ਹਿੰਦੂ ਸੀ ਜਾਂ ਮੁਸਲਮਾਨ? ਇਹ ਡੂੰਘੀ ਖੋਜ ਦਾ ਵਿਸ਼ਾ ਹੈ। ਪਰ ਉਨ੍ਹਾਂ ਨੇ ਆਪਣੇ ਵਿਅੰਗਾਂ ਰਾਹੀਂ ਦੋਵਾਂ ਦੀਆਂ ਰਹੁ-ਰੀਤਾਂ ਨੂੰ ਵੰਗਾਰਿਆ ਹੈ। ਜਨਮ ਤੋਂ ਆਪਣੇ ਆਪ ਨੂੰ ਸ਼ੁੱਧ ਅਤੇ ਪਵਿੱਤਰ ਸਮਝਣ ਵਾਲੇ ਅਗਿਆਨੀ ਤੇ ਦੰਭੀ ਬ੍ਰਾਹਮਣਾਂ ਲਈ ਉਨ੍ਹਾਂ ਨੇ ਡੰਕੇ ਦੀ ਚੋਟ ਨਾਲ ਆਖਿਆ:
ਤੂੰ ਜੋ ਬਾਹਮਣ ਬਾਹਮਣੀ ਜਾਇਆ,
ਆਨ ਵਾਟ ਕਾਹੇ ਨਹੀਂ ਆਇਆ।
ਇਸੇ ਤਰ੍ਹਾਂ ਮੁਸਲਮਾਨਾਂ ਨੂੰ ਵੀ ਉਸ ਨੇ ਆਪਣੇ ਤਿੱਖੇ ਸ਼ਬਦਾਂ ਰਾਹੀਂ ਲਲਾਕਾਰਿਆ:
ਕੰਕਰ ਪੱਥਰ ਜੋੜ ਕੇ ਮਸਜਿਦ ਲਈ ਬਣਾਇ,
ਤਾ ਚੜ੍ਹ ਮੁੱਲਾ ਬਾਂਗ ਦੇ ਬਹਿਰਾ ਹੁਆ ਖੁਦਾਇ।
ਵਿਅੰਗਕਾਰ ਦਾ ਭਾਵ ਕਿਸੇ ਨੂੰ ਜ਼ਲੀਲ ਕਰਨਾ ਜਾਂ ਉਸ ਦੀ ਹੇਠੀ ਕਰਨਾ ਨਹੀਂ ਹੁੰਦਾ ਸਗੋਂ ਉਸ ਦੀ ਸੁੱਤੀ ਆਤਮਾ ਨੂੰ ਝੰਜੋੜ ਕੇ ਜਾਂ ਜਗਾ ਕੇ ਸਹੀ ਰਾਹ ਦਿਖਾਉਣਾ ਹੁੰਦਾ ਹੈ। ਭਗਤ ਕਬੀਰ ਨੇ ਆਪਣੇ ਸਮਿਆਂ ਵਿੱਚ ਇਹੋ ਕੁਝ ਕੀਤਾ ਸੀ। ਅੱਜ ਜਦੋਂ ਅਸੀਂ ਨਿੱਕੇ ਨਿੱਕੇ ਧਾਰਮਿਕ ਵਿਰੋਧਾਂ ਕਾਰਨ ਲਹੂ ਦੀਆਂ ਨਦੀਆਂ ਵਹਾਉਣ ਲਈ ਤਿਆਰ ਹੋ ਜਾਂਦੇ ਹਾਂ ਤਾਂ ਛੇ-ਸੱਤ ਸੌ ਸਾਲ ਪਹਿਲਾਂ ਅਜਿਹੀਆਂ ਗੱਲਾਂ ਆਖਣੀਆਂ ਵੱਡੇ ਦਿਲ ਗੁਰਦੇ ਵਾਲਾ ਕੰਮ ਸੀ। ਇਸ ਸੰਦਰਭ ਵਿੱਚ ਇੱਕ ਹੋਰ ਸੁਆਲ ਮਨ ਵਿੱਚ ਆਉਂਦਾ ਹੈ: ਕੀ ਵਿਅੰਗ ਵਿੱਚ ਹਾਸਰਸ ਦਾ ਰਲੇਵਾਂ ਜ਼ਰੂਰੀ ਹੁੰਦਾ ਹੈ? ਕਈ ਆਲੋਚਕਾਂ ਦਾ ਮੱਤ ਹੈ ਕਿ ਵਿਅੰਗ ਵਰਗੀ ਖੁਸ਼ਕ ਚੀਜ਼ ਨੂੰ ਪੜ੍ਹਨਯੋਗ ਬਣਾਉਣ ਲਈ ਹਾਸਰਸ ਦਾ ਮਿਸ਼ਰਣ ਜ਼ਰੂਰੀ ਹੈ। ਨਿਰੋਲ ਵਿਅੰਗ ਗਾਲੀ-ਗਲੋਚ ਜਿਹਾ ਹੋ ਜਾਂਦਾ ਹੈ ਤੇ ਨਿਰਾ ਹਾਸਾ-ਠੱਠਾ ਫੂਹੜਪੁਣੇ ਨੂੰ ਹੀ ਜ਼ਾਹਿਰ ਕਰਦਾ ਹੈ। ਇਨ੍ਹਾਂ ਦਾ ਸਹਿਜ ਤੇ ਕੁਦਰਤੀ ਸੁਮੇਲ ਹੀ ਇੱਕ ਵਧੀਆ ਰੌਚਕ ਤੇ ਪੜ੍ਹਨਯੋਗ ਵਿਅੰਗ ਸਿਰਜਦਾ ਹੈ। ਕਈ ਹੋਰ ਵੱਖਰੀ ਮੱਤ ਵਾਲੇ ਵੀ ਹਨ। ਉਨ੍ਹਾਂ ਦਾ ਆਖਣਾ ਹੈ ਕਿ ਵਿਅੰਗ ਨੂੰ ਹਾਸਰਸ ਦੀਆਂ ਬੈਸਾਖੀਆਂ ਨਹੀਂ ਵਰਤਣੀਆਂ ਚਾਹੀਦੀਆਂ। ਉਹ ਆਪਣੀ ਗੱਲ ਦੀ ਪੁਸ਼ਟੀ ਲਈ ਕਬੀਰ ਦੀ ਮਿਸਾਲ ਦਿੰਦੇ ਹਨ। ਭਗਤ ਕਬੀਰ ਨੇ ਆਪਣੇ ਵਿਅੰਗ ਦੋਹਿਆਂ ਵਿੱਚ ਕਿਹੜੇ ਹਾਸਰਸ ਦੀ ਵਰਤੋਂ ਕੀਤੀ ਹੈ? ਉਹ ਨਿਰੋਲ ਤੇ ਨਿਰੋਲ ਵਿਅੰਗ ਹਨ, ਚੌਵੀ ਕੈਰੇਟ ਦੇ ਸੋਨੇ ਵਰਗੇ। ਭਗਤ ਕਬੀਰ ਨੇ ਕਿਸੇ ਅਖੌਤੀ ਹਾਸਰਸ ਦਾ ਆਸਰਾ ਨਹੀਂ ਲਿਆ। ਸਿੱਧੇ ਸ਼ਬਦਾਂ ਵਿੱਚ ਆਪਣੀ ਗੱਲ ਆਖੀ ਹੈ। ਸ਼ਬਦਾਂ ਦੀ ਅਭਿਧਾ ਸ਼ਕਤੀ ਅਤੇ ਸ਼ੁੱਧ ਵਿਅੰਗਾਂ ਕਾਰਨ ਹੀ ਪਾਠਕ ਹਾਲੇ ਤਕ ਭਗਤ ਕਬੀਰ ਦੀ ਮਹਿਮਾ ਦਾ ਗਾਣ ਕਰਦੇ ਹਨ ਤੇ ਭਵਿੱਖ ਵਿੱਚ ਵੀ ਕਰਦੇ ਰਹਿਣਗੇ।
ਆਪਣੀ ਹੁਣ ਤਕ ਦੀ ਯਾਤਰਾ ਦੌਰਾਨ ਅਸੀਂ ਵਿਅੰਗ ਨੂੰ ਤੀਰ, ਤਲਵਾਰ, ਤੋਪ, ਬੰਦੂਕ ਤੇ ਡੰਗ ਮੰਨਣੋਂ ਇਨਕਾਰੀ ਹੁੰਦੇ ਆਏ ਹਾਂ। ਫਿਰ ਵਿਅੰਗ ਹੈ ਕੀ ਤੇ ਕੀ ਹੈ ਇਸ ਦਾ ਪ੍ਰਯੋਜਨ? ਸਾਡੀ ਅਲਪ ਬੁੱਧੀ ਮੁਤਾਬਿਕ ਵਿਅੰਗ ਸਰਜਨ ਦੇ ਔਜ਼ਾਰ ਜਿਹਾ ਹੁੰਦਾ ਹੈ, ਜੋ ਸਰੀਰ ’ਤੇ ਨਿਕਲੇ ਮਾਸਖੋਰੇ ਫੋੜੇ ਨੂੰ ਚੀਰ ਕੇ, ਉਸ ਦਾ ਮਵਾਦ ਕੱਢ ਕੇ, ਰੋਗੀ ਨੂੰ ਰਾਹਤ ਦਿੰਦਾ ਹੈ, ਉਸ ਨੂੰ ਤੰਦਰੁਸਤ ਕਰਦਾ ਹੈ। ਵਿਅੰਗ ਲੇਖਕ ਅਜਿਹਾ ਵਿਅਕਤੀ ਹੈ ਜੋ ਸਮਾਜ ਦੇ ਸਰੀਰ ’ਤੇ ਕੁਰੀਤੀਆਂ ਦੇ ਉੱਗੇ ਸੈਂਕੜੇ ਫੋੜਿਆਂ, ਜੋ ਸਮਾਜ ਦੀ ਆਬੋ ਹਵਾ ਤੇ ਤਹਿਜ਼ੀਬ ਨੂੰ ਤਬਾਹ ਕਰਨ ’ਤੇ ਤੁਲੇ ਹੋਏ ਹਨ, ਦਾ ਇਲਾਜ ਕਰਕੇ ਨਵੇਂ ਸਮਾਜ ਦੀ ਪੁਨਰ ਉਸਾਰੀ ਕਰੇ। ਜੜ੍ਹ ਹੋ ਚੁੱਕੇ ਫਲਸਫ਼ਿਆਂ, ਬੋਸੀਦਾ ਹੋ ਗਈਆਂ ਰਹੁ-ਰੀਤਾਂ, ਵੇਲਾ ਵਿਹਾ ਚੁੱਕੇ ਰਿਵਾਜਾਂ ਨੂੰ ਰੱਦ ਕਰਕੇ ਨਵੇਂ ਮਨੁੱਖ ਤੇ ਨਵੇਂ ਸਮਾਜ ਦੇ ਨਿਰਮਾਣ ਵੱਲ ਰੁਚਿਤ ਹੋਵੇ। ਇਸ ਕਾਰਜ ਵਿੱਚ ਵਿਅੰਗਕਾਰ ਦਾ ਆਪਣੇ ਕੰਮ ਵਿੱਚ ਅਤਿਅੰਤ ਨਿਪੁੰਨ ਹੋਣਾ ਲਾਜ਼ਮੀ ਹੈ। ਪੇਟ ਦੇ ਆਪਰੇਸ਼ਨ ਦੌਰਾਨ ਕੈਂਚੀ ਪੇਟ ਅੰਦਰ ਹੀ ਭੁੱਲ ਜਾਣਾ, ਗ਼ਲਤ ਨਸ ਕੱਟ ਦੇਣਾ, ਦੁਖਦੇ ਦੰਦ ਦੀ ਥਾਂ ਤੰਦਰੁਸਤ ਦੰਦ ਹੀ ਕੱਢ ਦੇਣਾ ਜਾਂ ਪੇਟ ਦੇ ਆਪਰੇਸ਼ਨ ਵੇਲੇ ਚਲਾਕੀ ਨਾਲ ਅਗਲੇ ਦਾ ਗੁਰਦਾ ਹੀ ਕੱਢ ਲੈਣ ਦੀਆਂ ਅਨੇਕਾਂ ਮਿਸਾਲਾਂ ਕੁਝ ‘ਸਰਜਨਾਂ’ ਬਾਰੇ ਮਿਲ ਜਾਂਦੀਆਂ ਹਨ। ਵਿਅੰਗ ਲੇਖਕ ਵੀ ਆਪਣੀ ਲਿਖਤ ਵਿੱਚ ਸੁਜਾਨ ਨਹੀਂ ਹੈ ਤਾਂ ਕੰਮ ਦਾ ਘੜੰਮ ਹੋਣ ਵਿੱਚ ਬਹੁਤੀ ਦੇਰ ਨਹੀਂ ਲੱਗਦੀ। ਵਿਅੰਗ ਸਹੀ ਤਰ੍ਹਾਂ ਨਾ ਕੀਤਾ ਹੋਵੇ ਤਾਂ ਇਹ ਕਮਜ਼ੋਰ ਯੋਧੇ ਦੇ ਤੀਰ ਵਾਂਗ, ਵਿਅੰਗਕਾਰ ਕੋਲ ਹੀ ਪਰਤ ਆਉਂਦਾ ਹੈ। ਜੇ ਵਿਅੰਗਕਾਰ ਦੇ ਕੀਤੇ ਵਾਰ ’ਤੇ ਅੱਗੋਂ ਪਲਟਵਾਰ ਹੋ ਜਾਵੇ ਤਾਂ ਵਿਅੰਗਕਾਰ ਲਈ ਇਸ ਤੋਂ ਵੱਡੀ ਸ਼ਰਮ ਤੇ ਨਮੋਸ਼ੀ ਵਾਲੀ ਗੱਲ ਕੋਈ ਨਹੀਂ ਹੁੰਦੀ।
ਇਸੇ ਤਰ੍ਹਾਂ ਇੱਕ ਵਿਅੰਗਕਾਰ ਪ੍ਰਿੰਸੀਪਲ ਦੀ ਬੱਸ ਦਾ ਐਕਸੀਡੈਂਟ ਹੋ ਗਿਆ। ਸਟਾਫ ਨੇ ਜੀਅ ਜਾਨ ਨਾਲ ਉਸ ਦੀ ਸੇਵਾ ਕੀਤੀ। ਮਨੋਂ ਉਸ ਦੀ ਸੇਵਾ-ਸੰਭਾਲ ਕੀਤੀ। ਉਹ ਤੰਦਰੁਸਤ ਹੋ ਕੇ ਆਪਣੇ ਸਕੂਲ ਪਰਤਿਆ ਤਾਂ ਪਹਿਲੇ ਦਿਨ ਹੀ ਪ੍ਰਾਰਥਨਾ ਸਭਾ ਵਿੱਚ ਕਹਿਣ ਲੱਗਾ:
‘‘ਵਾਹਿਗੁਰੂ ਤੇ ਕੁਝ ਮਿੱਤਰਾਂ ਦੀ ਕਿਰਪਾ ਤੇ ਸੇਵਾ ਨਾਲ ਮੇਰੀ ਜਾਨ ਬਚ ਗਈ ਹੈ। ਸਹਿਯੋਗੀਆਂ ਨੇ ਤਨ-ਮਨ ਨਾਲ ਮੇਰੀ ਸੇਵਾ ਕੀਤੀ। ਮੇਰੀ ਇੱਛਾ ਹੈ ਕਿ ਵਾਹਿਗੁਰੂ ਛੇਤੀ ਹੀ ਇਨ੍ਹਾਂ ’ਤੇ ਵੀ ਇਹੋ ਜਿਹੀ ਘੜੀ ਲਿਆਵੇ ਤੇ ਮੈਂ ਇਨ੍ਹਾਂ ਵਾਂਗ ਹੀ ਇਨ੍ਹਾਂ ਦੀ ਸੇਵਾ-ਸੰਭਾਲ ਕਰਾਂ। ਮੈਨੂੰ ਬਹੁਤ ਤਾਂਘ ਹੈ ਕਿ ਅਜਿਹੀ ਘੜੀ ਜਲਦੀ ਤੋਂ ਜਲਦੀ ਆਵੇ।’’ ਖ਼ੁਸ਼ ਹੋਣ ਦੀ ਥਾਂ ਸਟਾਫ ਮੈਂਬਰਾਂ ਨੇ ਡਾਂਗਾਂ ਕੱਢ ਲਈਆਂ। ਬਹੁਤ ਲੇਲੇ-ਪੇਪੇ ਕਰਕੇ ਉਸ ਨੂੰ ਆਪਣੀ ਜਾਨ ਛੁਡਾਉਣੀ ਪਈ। ਇਹ ਅਨਪੜ੍ਹ ਵਿਅੰਗਕਾਰ ਦਾ ਕੀਤਾ ਬੇਢੱਬਾ ਵਿਅੰਗ ਸੀ।
ਜੇ ਰੋਗੀ ਬੱਚੇ ਨੂੰ ਹਾਸਰਸੀ ਲਾਲੀਪਾਪ ਦਿਖਾ ਕੇ ਵੀ ਟੀਕਾ ਲਗਾਉਣਾ ਪਵੇ ਤਾਂ ਉਸ ਤੋਂ ਵੀ ਗੁਰੇਜ਼ ਨਾ ਕਰੋੋ। ਕਈ ਵਾਰ ਮਲੇਰੀਏ ਦੇ ਗੰਭੀਰ ਰੋਗੀ ਨੂੰ ਖੰਡ ਵਿੱਚ ਲਿਪਟੀ ਕੁਨੀਨ ਦੇਣ ਵਿੱਚ ਵੀ ਕੋਈ ਹਰਜ਼ ਨਹੀਂ ਹੁੰਦਾ। ਵਿਅੰਗ ਦਾ ਕਾਰਜ ਇਸ ਸਮਾਜ ਨੂੰ ਸੋਹਣਾ ਤੇ ਸਿਹਤਮੰਦ ਬਣਾਉਣਾ ਹੈ। ਵਿਅੰਗਕਾਰ ਦਾ ਕੰਮ ਮੇਰੇ ਪਿਤਾ ਵਾਂਗ ਜੁਆਕਾਂ ਨੂੰ ਖੌਂਸੜਾ ਦਿਖਾ ਕੇ ਭੈਅਭੀਤ ਕਰਨਾ ਬਿਲਕੁਲ ਨਹੀਂ ਹੈ।

  • ਮੁੱਖ ਪੰਨਾ : ਪੰਜਾਬੀ ਕਹਾਣੀਆਂ ਤੇ ਵਿਅੰਗ; ਕੇ.ਐਲ. ਗਰਗ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ