The Romance of a Busy Broker (Story in Punjabi) : O Henry
ਵਿਅਸਤ ਦਲਾਲ ਦਾ ਰੁਮਾਂਸ (ਕਹਾਣੀ) : ਓ ਹੈਨਰੀ
ਹਾਰਵੇ ਮੈਕਸਵੈੱਲ, ਜੋ ਸ਼ੇਅਰ ਬਾਜ਼ਾਰ ਦਾ ਦਲਾਲ ਸੀ, ਤੇ ਜਿਸਦਾ ਚਿਹਰਾ ਅਕਸਰ ਹੀ ਭਾਵਹੀਣ ਜਿਹਾ ਰਹਿੰਦਾ ਸੀ, ਅੱਜ ਜਦੋਂ ਉਹ ਪੂਰੇ ਸਾਢੇ ਨੌਂ ਵਜੇ ਆਪਣੀ ਖ਼ੂਬਸੂਰਤ ਸਟੈਨੋਗ੍ਰਾਫ਼ਰ ਨਾਲ ਕੰਪਨੀ ’ਚ ਬੜੀ ਫ਼ੁਰਤੀ ਨਾਲ ਦਾਖ਼ਲ ਹੋਇਆ ਤਾਂ ਉਸ ਦੇ ਕਲਰਕ ਪਿੱਚਰ ਨੇ ਉਸ ਵੱਲ ਕੁਝ ਹੈਰਾਨੀ ਭਰੀ ਦਿਲਚਸਪੀ ਨਾਲ ਦੇਖਿਆ। ਉਸ ਨੇ ਪਿੱਚਰ ਨੂੰ ਬੜੇ ਚੁਸਤ ਅੰਦਾਜ਼ ’ਚ ‘ਸ਼ੁਭ ਸਵੇਰ’ ਆਖੀ ਅਤੇ ਬੜੇ ਜੋਸ਼ ਨਾਲ ਆਪਣੇ ਡੈਸਕ ਵੱਲ ਇੰਜ ਗਿਆ ਜਿਵੇਂ ਉਹਦੇ ਤਕ ਦੌੜ ਕੇ ਜਾਣਾ ਚਾਹੁੰਦਾ ਹੋਵੇ। ਫਿਰ ਉਹ ਚਿੱਠੀਆਂ ਤੇ ਟੈਲੀਗ੍ਰਾਮਾਂ ਦੇ ਵੱਡੇ ਸਾਰੇ ਢੇਰ ’ਚ ਖੁੱਭ ਗਿਆ ਜੋ ਉਸੇ ਦੀ ਉਡੀਕ ਵਿੱਚ ਸਨ।
ਉਸ ਦੇ ਨਾਲ ਵਾਲੀ ਖ਼ੂਬਸੂਰਤ ਔਰਤ ਇੱਕ ਸਾਲ ਤੋਂ ਉਸ ਦੀ ਸਟੈਨੋਗ੍ਰਾਫ਼ਰ ਦੇ ਤੌਰ ’ਤੇ ਕੰਮ ਕਰ ਰਹੀ ਸੀ। ਉਹ ਨਿਰਸੰਦੇਹ ਬਹੁਤ ਸੁਹਣੀ ਸੀ। ਉਹ ਦੇਖਣ ’ਚ ਦੂਜੀਆਂ ਸਟੈਨੋਗ੍ਰਾਫ਼ਰਾਂ ਵਰਗੀ ਨਹੀਂ ਸੀ ਲੱਗਦੀ। ਉਹ ਵਾਲਾਂ ਦੇ ਕੋਈ ਦਿਲਕਸ਼ ਸਟਾਈਲ ਬਣਾਉਣ ਦੀ ਤੜਕ ਭੜਕ ਤੋਂ ਦੂਰ ਸੀ। ਉਹ ਚੇਨ, ਗਜਰਾ ਤੇ ਨਾ ਹੀ ਕਦੇ ਕੋਈ ਲਾਕੇਟ ਹੀ ਪਾਉਂਦੀ ਸੀ ਅਤੇ ਨਾ ਹੀ ਕਿਸੇ ਵੱਲੋਂ ਖਾਣੇ ਦੇ ਸੱਦੇ ਦੀ ਉਡੀਕ ਰੱਖਦੀ ਸੀ। ਉਸ ਦਾ ਫਿੱਕਾ, ਸਾਦ ਮੁਰਾਦਾ ਪਹਿਰਾਵਾ ਉਸ ਦੇ ਸਰੀਰ ’ਤੇ ਬਹੁਤ ਫੱਬਦਾ ਸੀ ਅਤੇ ਉਸ ਦੇ ਸਲੀਕੇ ਵੱਲ ਧਿਆਨ ਖਿੱਚਦਾ ਸੀ। ਉਸ ਦੀ ਸਾਫ਼, ਕਾਲੇ ਰੰਗ ਦੀ ਪਗੜੀ ਵਰਗੀ ਟੋਪੀ ’ਤੇ ਦੱਖਣੀ ਅਮਰੀਕਾ ਦੇ ਤੋਤੇ ਦਾ ਸੁਨਹਿਰੀ ਤੇ ਹਰੇ ਰੰਗ ਦਾ ਖੰਭ ਟੰਗਿਆ ਹੋਇਆ ਸੀ। ਅੱਜ ਉਹ ਥੋੜ੍ਹਾ ਜਿਹਾ ਸੰਗਦੀ ਸੰਗਦੀ ਇੰਜ ਜਾਪ ਰਹੀ ਸੀ ਜਿਵੇਂ ਕਿਸੇ ਅਲੌਕਿਕ ਹੁਸਨ ਦੀ ਮਲਿਕਾ ਹੋਵੇ। ਉਸ ਦੀਆਂ ਲਿਸ਼ਕਦੀਆਂ ਅੱਖਾਂ ਸੁਪਨਮਈ ਜਾਪ ਰਹੀਆਂ ਸਨ ਅਤੇ ਉਸ ਦੀਆਂ ਹਲਕੇ ਗੁਲਾਬੀ ਰੰਗ ਦੀਆਂ ਮੁਲਾਇਮ ਗੱਲ੍ਹਾਂ ਪੂਰੀ ਤਰ੍ਹਾਂ ਚਮਕ ਰਹੀਆਂ ਸਨ। ਉਸ ਦੇ ਚਿਹਰੇ ਦੇ ਭਾਵਾਂ ਤੋਂ ਇੰਜ ਜਾਪ ਰਿਹਾ ਸੀ ਜਿਵੇਂ ਉਹ ਆਪਣੀ ਹੀ ਕੋਈ ਬੀਤੇ ਸਮੇਂ ਦੀ ਗੱਲ ਯਾਦ ਕਰ ਕੇ ਖ਼ੁਸ਼ ਹੋ ਰਹੀ ਹੋਵੇ।
ਪਿੱਚਰ ਨੂੰ ਅੱਜ ਸਟੈਨੋਗ੍ਰਾਫ਼ਰ ਦੇ ਤੌਰ ਤਰੀਕਿਆਂ ’ਚ ਫ਼ਰਕ ਨਜ਼ਰ ਆ ਰਿਹਾ ਸੀ ਅਤੇ ਉਹ ਉਸ ਬਾਰੇ ਕੁਝ ਹੋਰ ਜਾਣਨ ਲਈ ਉਤਸੁਕ ਸੀ। ਸਟੈਨੋਗ੍ਰਾਫ਼ਰ ਨਾਲ ਵਾਲੇ ਕਮਰੇ ’ਚ, ਜਿੱਥੇ ਉਸ ਦੀ ਸੀਟ ਹੁੰਦੀ ਸੀ, ਉਸ ’ਚ ਜਾਣ ਦੀ ਬਜਾਏ ਬਾਹਰ ਵਾਲੇ ਦਫ਼ਤਰ ’ਚ ਕੁਝ ਚਿਰ ਲਈ ਰੁਕ ਗਈ। ਇੱਕ ਵਾਰੀ ਤਾਂ ਉਹ ਮੈਕਸਵੈੱਲ ਦੇ ਡੈਸਕ ਦੇ ਵੀ ਕਾਫ਼ੀ ਨੇੜੇ ਚਲੀ ਗਈ ਤਾਂ ਕਿ ਉਸ ਨੂੰ ਉਸ ਦੇ ਆਉਣ ਦਾ ਅਹਿਸਾਸ ਹੋ ਜਾਏ।
ਪਰ ਹੁਣ ਉੱਥੇ ਡੈਸਕ ਉੱਪਰ ਕੋਈ ਆਦਮੀ ਨਹੀਂ ਸਗੋਂ ਮਸ਼ੀਨ ਰੂਪੀ ਬੰਦਾ ਬੈਠਾ ਹੋਇਆ ਜਾਪ ਰਿਹਾ ਸੀ ਜੋ ਨਿਊਯਾਰਕ ਦੇ ਇੱਕ ਬਹੁਤ ਹੀ ਰੁਝੇਵਿਆਂ ਭਰੇ ਬਾਜ਼ਾਰ ਦਾ ਦਲਾਲ ਸੀ ਤੇ ਉਹ ਬਿਜਲੀ ਦੀ ਤੇਜ਼ੀ ਵਾਂਗ ਆਪਣਾ ਕੰਮ ਕਰ ਰਿਹਾ ਸੀ।
‘‘ਹਾਂ… ਕੀ ਗੱਲ ਹੈ? ਕੀ ਕੁਝ ਚਾਹੀਦਾ ਹੈ?’’ ਮੈਕਸਵੈੱਲ ਨੇ ਉੱਥੇ ਖੜ੍ਹੀ ਸਟੈਨੋਗ੍ਰਾਫ਼ਰ ਨੂੰ ਬੜੀ ਕਾਹਲੀ ਨਾਲ ਪੁੱਛਿਆ। ਮੈਕਸਵੈੱਲ ਦੀ ਸਾਰੀ ਡਾਕ ਖੁੱਲ੍ਹੀ ਹੋਈ ਸੀ ਅਤੇ ਡੈਸਕ ਉੱਪਰ ਚਿੱਠੀਆਂ ਤੇ ਟੈਲੀਗ੍ਰਾਮਾਂ ਦਾ ਢੇਰ ਲੱਗਾ ਹੋਇਆ ਸੀ। ਉਸ ਨੇ ਆਪਣੀਆਂ ਤਿੱਖੀਆਂ, ਭੂਰੀਆਂ ਅੱਖਾਂ ਨਾਲ ਓਪਰਾ, ਰੁੱਖਾ ਜਿਹਾ, ਕਾਹਲੀ ਤੇ ਕੁਝ ਬੇਸਬਰੀ ਨਾਲ ਸਟੈਨੋਗ੍ਰਾਫ਼ਰ ਵੱਲ ਦੇਖਿਆ।
‘‘ਕੁਝ ਨਹੀਂ,’’ ਸਟੈਨੋਗ੍ਰਾਫ਼ਰ ਨੇ ਕਿਹਾ ਤੇ ਥੋੜ੍ਹਾ ਜਿਹਾ ਮੁਸਕਰਾ ਕੇ ਉੱਥੋਂ ਚੱਲ ਪਈ।
ਸਟੈਨੋਗ੍ਰਾਫ਼ਰ ਨੇ ਕਲਰਕ ਨੂੰ ਪੁੱਛਿਆ, ‘‘ਮਿਸਟਰ ਪਿੱਚਰ, ਕੀ ਭਲਾ ਮਿਸਟਰ ਮੈਕਸਵੈੱਲ ਨੇ ਤੁਹਾਨੂੰ ਨਵੀਂ ਸਟੈਨੋਗ੍ਰਾਫ਼ਰ ਨਿਯੁਕਤ ਕਰਨ ਲਈ ਕਿਹਾ ਹੈ?’’
ਪਿੱਚਰ ਨੇ ਜੁਆਬ ਦਿੱਤਾ, ‘‘ਹਾਂ, ਉਸ ਨੇ ਮੈਨੂੰ ਨਵੀਂ ਸਟੈਨੋਗ੍ਰਾਫ਼ਰ ਦੀ ਨਿਯੁਕਤੀ ਕਰਨ ਨੂੰ ਕਿਹਾ ਸੀ। ਮੈਂ ਕੱਲ੍ਹ ਏਜੰਸੀ ਵਾਲਿਆਂ ਨੂੰ ਇਤਲਾਹ ਕਰ ਦਿੱਤੀ ਸੀ ਕਿ ਉਹ ਅੱਜ ਸਵੇਰੇ ਕੁਝ ਉਮੀਦਵਾਰ ਸਾਡੇ ਦਫ਼ਤਰ ’ਚ ਭੇਜਣ। ਹੁਣ ਪੌਣੇ ਦਸ ਵੱਜ ਚੁੱਕੇ ਹਨ, ਪਰ ਹਾਲੇ ਤਕ ਕੋਈ ਵੀ ਨਹੀਂ ਪਹੁੰਚਿਆ।’’
‘‘ਚਲੋ ਠੀਕ ਹੈ, ਜਦੋਂ ਤਕ ਕੋਈ ਮੇਰੀ ਥਾਂ ’ਤੇ ਆ ਨਹੀਂ ਜਾਂਦਾ, ਮੈਂ ਉਦੋਂ ਤਕ ਆਪਣਾ ਕੰਮ ਪਹਿਲਾਂ ਵਾਂਗ ਹੀ ਕਰਦੀ ਰਹਾਂਗੀ,’’ ਉਹ ਇਹ ਕਹਿ ਕੇ ਕਾਹਲੀ ਨਾਲ ਆਪਣੇ ਡੈਸਕ ’ਤੇ ਆ ਗਈ। ਉਸ ਨੇ ਆਪਣੀ ਕਾਲੇ ਰੰਗ ਦੀ ਪੱਗ ਵਰਗੀ ਟੋਪੀ, ਜਿਸ ’ਤੇ ਦੱਖਣੀ ਅਮਰੀਕਾ ਦੇ ਇੱਕ ਖ਼ਾਸ ਕਿਸਮ ਦੇ ਤੋਤੇ ਦਾ ਖੰਭ ਲੱਗਾ ਹੋਇਆ ਸੀ, ਨੂੰ ਇਸ ਦੀ ਮਿੱਥੀ ਹੋਈ ਥਾਂ ’ਤੇ ਟੰਗ ਦਿੱਤਾ।
ਜੇ ਕੋਈ ਵਿਅਕਤੀ ਮੈਨਹੈਟਨ (ਨਿਊਯਾਰਕ ਦਾ ਟਾਪੂ, ਜੋ ਐਕਸਚੇਂਜ ਦੀਆਂ ਸਰਗਰਮੀਆਂ ਤੇ ਮਨਪ੍ਰਚਾਵੇ ਦੇ ਹੋਰ ਸਾਧਨਾਂ ਲਈ ਮਸ਼ਹੂਰ ਹੈ) ਦੇ ਸ਼ੇਅਰ ਬਾਜ਼ਾਰ ਦੇ ਦਲਾਲ ਦੇ ਰੁਝੇਵਿਆਂ ਭਰੇ ਕੰਮਾਂ ਨੂੰ ਦੇਖਣ ਤੋਂ ਟਾਲਾ ਵੱਟਦਾ ਹੈ ਤਾਂ ਉਹ ਮਾਨਵ ਜਾਤੀ ਦੇ ਵਿਗਿਆਨ ਦੇ ਪੇਸ਼ੇ ਵਾਸਤੇ ਯੋਗ ਨਹੀਂ ਹੋ ਸਕਦਾ। ਕਵੀ ‘ਖ਼ੂਬਸੂਰਤ ਜ਼ਿੰਦਗੀ ਦੀ ਨੱਠ ਭੱਜ’ ਦੇ ਇੱਕ ਘੰਟੇ ਬਾਰੇ ਕਵਿਤਾਵਾਂ ਲਿਖਦੇ ਹਨ ਜਾਂ ਬੋਲਦੇ ਹਨ, ਪਰ ਸ਼ੇਅਰ ਬਾਜ਼ਾਰ ਦੇ ਦਲਾਲ ਦੀ ਜ਼ਿੰਦਗੀ ਦਾ ਸਿਰਫ਼ ਇੱਕ ਘੰਟਾ ਹੀ ਨੱਠ ਭੱਜ ਵਾਲਾ ਨਹੀਂ ਸਗੋਂ ਉਸ ਦੇ ਸਾਰੇ ਮਿੰਟ ਤੇ ਸਕਿੰਟ ਵੀ ਉਸ ਦੀ ਜ਼ਿੰਦਗੀ ਰੂਪੀ ਸਟੇਜ ਦੇ ਅਗਲੇ ਪਿਛਲੇ ਹਿੱਸਿਆਂ ਨਾਲ ਲਟਕੇ ਤੇ ਭਰੇ ਪਏ ਹੁੰਦੇ ਹਨ ਭਾਵ ਇਹ ਹੈ ਕਿ ਉਸ ਨੂੰ ਇੱਕ ਪਲ ਦੀ ਵੀ ਵਿਹਲ ਨਹੀਂ ਹੁੰਦੀ।
ਅੱਜ ਮੈਕਸਵੱਲ ਦਾ ਦਿਨ ਬਹੁਤ ਹੀ ਰੁਝੇਵਿਆਂ ਭਰਿਆ ਸੀ। ਪ੍ਰਿੰਟਿੰਗ ਮਸ਼ੀਨ ਦੇ ਚੱਲਣ ਦੇ ਸ਼ੋਰ ਦੌਰਾਨ ਰਿਬਨਾਂ ਵਰਗੇ ਬਹੁਤ ਸਾਰੇ ਕਾਗਜ਼, ਜਿਨ੍ਹਾਂ ’ਤੇ ਸ਼ੇਅਰ ਬਾਜ਼ਾਰ ਨਾਲ ਸਬੰਧਿਤ ਜਾਣਕਾਰੀ ਲਿਖੀ ਹੋਈ ਸੀ, ਬਾਹਰ ਆ ਰਹੇ ਸਨ। ਡੈਸਕ ’ਤੇ ਪਏ ਟੈਲੀਫ਼ੋਨ ’ਤੇ ਵਾਰ ਵਾਰ ਉਹੀ ਪੁਰਾਣੀ ਟਰਨ ਟਰਨ ਦੀ ਆਵਾਜ਼ ਆ ਰਹੀ ਸੀ। ਦਫ਼ਤਰ ’ਚ ਲੋਕਾਂ ਦੀ ਭੀੜ ਇਕੱਠੀ ਹੋ ਗਈ ਸੀ ਅਤੇ ਲੋਕ ਰੇਲਿੰਗ ਦੇ ਉੱਪਰੋਂ ਦੀ ਹੋ ਕੇ ਖੁਸ਼ਮਿਜਾਜ਼ੀ ਨਾਲ, ਫ਼ੁਰਤੀ ਨਾਲ ਤੇ ਕੁਝ ਗੁੱਸੇ ਨਾਲ ਉਤੇਜਿਤ ਹੋ ਕੇ ਉਸ ਨਾਲ ਗੱਲਬਾਤ ਕਰ ਰਹੇ ਸਨ। ਹਰਕਾਰੇ ਸੁਨੇਹੇ ਤੇ ਟੈਲੀਗ੍ਰਾਮਾਂ ਲੈ ਕੇ ਇਧਰ ਉਧਰ ਆ ਜਾ ਰਹੇ ਸਨ। ਦਫ਼ਤਰ ਦੇ ਕਲਰਕ ਇੰਜ ਉੱਛਲ ਰਹੇ ਸਨ ਜਿਵੇਂ ਸਮੁੰਦਰੀ ਤੂਫ਼ਾਨ ਦੌਰਾਨ ਯਾਤਰੀ ਉੱਛਲ ਰਹੇ ਹੋਣ। ਇੱਥੋਂ ਤਕ ਕਿ ਪਿੱਚਰ ਦਾ ਚਿਹਰਾ ਵੀ ਹੌਲੀ ਹੌਲੀ ਉਤਸ਼ਾਹ ਨਾਲ ਭਰ ਗਿਆ ਸੀ।
ਸ਼ੇਅਰ ਬਾਜ਼ਾਰ ਵਿੱਚ ਤੂਫ਼ਾਨ, ਝੱਖ਼ੜ, ਬਰਫ਼ੀਲੇ ਤੂਫ਼ਾਨ, ਬਰਫ਼ਾਨੀ ਤੋਦੇ ਅਤੇ ਜਵਾਲਾਮੁਖੀ ਫੁੱਟ ਰਹੇ ਸਨ, ਭਾਵ ਸ਼ੇਅਰ ਬਾਜ਼ਾਰ ਵਿੱਚ ਤੇਜ਼ੀ ਨਾਲ ਆ ਰਹੇ ਉਤਰਾਵਾਂ ਚੜ੍ਹਾਵਾਂ ਨੇ ਖ਼ਲਬਲੀ ਮਚਾਈ ਹੋਈ ਸੀ ਅਤੇ ਦਲਾਲਾਂ ਦੇ ਦਫ਼ਤਰਾਂ ਵਿੱਚ ਇਨ੍ਹਾਂ ਸਾਰੀਆਂ ਘਟਨਾਵਾਂ ਬਾਰੇ ਲਘੂ ਰੂਪ ’ਚ ਦੁਬਾਰਾ ਦੱਸਿਆ ਜਾ ਰਿਹਾ ਸੀ। ਮੈਕਸਵੈੱਲ ਨੇ ਆਪਣੀ ਕੁਰਸੀ ਘੜੀਸ ਕੇ ਕੰਧ ਨਾਲ ਕਰ ਲਈ ਤੇ ਪੱਬਾਂ ਭਾਰ ਖਲੋ ਕੇ ਤੇਜ਼ੀ ਨਾਲ ਆਪਣਾ ਕਾਰੋਬਾਰ ਕਰਨ ਲੱਗਿਆ। ਉਹ ਡਰਾਮੇ ਦੇ ਸਿੱਖੇ ਹੋਏ ਕਿਸੇ ਫ਼ੁਰਤੀਲੇ ਮਸਖ਼ਰੇ ਪਾਤਰ ਵਾਂਗ ਪ੍ਰਿੰਟਿੰਗ ਮਸ਼ੀਨ ਵੱਲੋਂ ਫ਼ੋਨ ਵੱਲ ਤੇ ਡੈਸਕ ਤੋਂ ਦਰਵਾਜ਼ੇ ਵੱਲ ਉੱਛਲਦਾ ਹੋਇਆ ਆਉਣ ਜਾਣ ਲੱਗਿਆ।
ਇਸ ਵਧਦੇ ਹੋਏ ਤੇ ਇੰਨੇ ਜ਼ਿਆਦਾ ਤਣਾਅਪੂਰਨ ਸਮੇਂ ਦੌਰਾਨ ਦਲਾਲ ਅਚਾਨਕ ਹੀ ਇੱਕ ਔਰਤ ਦੇ ਉੱਥੇ ਆਉਣ ਨਾਲ ਸੁਚੇਤ ਹੋ ਗਿਆ ਜਿਸ ਨੇ ਆਪਣੇ ਸੁਨਹਿਰੀ ਵਾਲਾਂ ਦੀਆਂ ਲਟਕਦੀਆਂ ਹੋਈਆਂ ਲਿਟਾਂ ਨੂੰ ਰੋਲ ਕਰਕੇ ਉੱਚਾ ਕਰਕੇ ਬੰਨ੍ਹਿਆ ਹੋਇਆ ਸੀ ਅਤੇ ਆਪਣੇ ਸਿਰ ਉੱਪਰ ਮਖ਼ਮਲੀ ਟੋਪੀ ਪਾਈ ਹੋਈ ਸੀ ਜੋ ਹਿੱਲ ਰਹੀ ਸੀ ਤੇ ਕਿਨਾਰਿਆਂ ਤੋਂ ਸ਼ੁਤਰਮੁਰਗ ਦੀ ਸ਼ਕਲ ਵਰਗੀ ਜਾਪ ਰਹੀ ਸੀ। ਉਸ ਦਾ ਗਾਊਨ ਸੀਲ ਮੱਛੀ ਦੀ ਚਮੜੀ ਵਰਗੇ ਕੱਪੜੇ ਤੋਂ ਬਣਿਆ ਜਾਪ ਰਿਹਾ ਸੀ। ਉਸ ਨੇ ਗਲੇ ’ਚ ਅਮਰੀਕੀ ਅਖ਼ਰੋਟਾਂ ਦੀ ਸ਼ਕਲ ਦੇ ਮੋਤੀਆਂ ਦੀ ਇੱਕ ਲੰਬੀ ਮਾਲਾ ਪਾਈ ਹੋਈ ਸੀ ਜਿਸ ਦਾ ਅਖ਼ੀਰਲਾ ਸਿਰਾ ਹੇਠਾਂ ਫ਼ਰਸ਼ ਦੇ ਨਾਲ ਕਰਕੇ ਲਟਕ ਰਿਹਾ ਸੀ ਅਤੇ ਉਸ ਵਿੱਚ ਚਾਂਦੀ ਦਾ ਬਣਿਆ ਹੋਇਆ ਦਿਲ ਦੀ ਸ਼ਕਲ ਦਾ ਲਾਕੇਟ ਪਿਆ ਹੋਇਆ ਸੀ। ਉਹ ਜਵਾਨ ਔਰਤ ਇਹ ਸਾਰੀਆਂ ਸੱਜ-ਧੱਜ ਵਾਲੀਆਂ ਚੀਜ਼ਾਂ ਪਹਿਨ ਕੇ ਸ਼ਾਂਤ ਚਿੱਤ ਹੋ ਕੇ ਉੱਥੇ ਖੜ੍ਹੀ ਸੀ ਅਤੇ ਪਿੱਚਰ ਉਸ ਦੇ ਹਾਵ-ਭਾਵ ਸਮਝਣ ਦੀ ਕੋਸ਼ਿਸ਼ ਕਰ ਰਿਹਾ ਸੀ।
ਪਿੱਚਰ ਨੇ ਮੈਕਸਵੈੱਲ ਨੂੰ ਦੱਸਿਆ, ‘‘ਸਟੈਨੋਗ੍ਰਾਫ਼ਰਾਂ ਦੀ ਏਜੰਸੀ ਤੋਂ ਇੱਕ ਮਹਿਲਾ ਉਮੀਦਵਾਰ ਨੌਕਰੀ ਬਾਰੇ ਪਤਾ ਕਰਨ ਆਈ ਹੈ।’’
ਮੈਕਸਵੈੱਲ ਥੋੜ੍ਹਾ ਜਿਹਾ ਮੁੜਿਆ। ਉਸ ਦੇ ਹੱਥਾਂ ’ਚ ਕਾਫ਼ੀ ਸਾਰੇ ਕਾਗਜ਼ ਤੇ ਪ੍ਰਿੰਟਿੰਗ ਮਸ਼ੀਨ ’ਚੋਂ ਨਿਕਲੇ ਕਾਗਜ਼ਾਂ ਦੇ ਟੁਕੜੇ ਸਨ। ਉਹ ਮੱਥੇ ’ਤੇ ਤਿਊੜੀ ਪਾ ਕੇ ਬੋਲਿਆ, ‘‘ਕਾਹਦੀ ਨੌਕਰੀ ਬਾਰੇ?’’
ਪਿੱਚਰ ਬੋਲਿਆ, ‘‘ਸਟੈਨੋਗ੍ਰਾਫ਼ਰ ਦੀ ਨੌਕਰੀ ਬਾਰੇ, ਕਿਉਂਕਿ ਕੱਲ੍ਹ ਤੁਸੀਂ ਮੈਨੂੰ ਏਜੰਸੀ ਨੂੰ ਫ਼ੋਨ ਕਰਨ ਲਈ ਕਿਹਾ ਸੀ ਕਿ ਉਹ ਇੱਥੇ ਅੱਜ ਸਵੇਰੇ ਕਿਸੇ ਨੂੰ ਭੇਜਣ।’’
‘‘ਪਿੱਚਰ, ਤੇਰਾ ਦਿਮਾਗ਼ ਖਰਾਬ ਹੋ ਗਿਆ ਹੈ। ਮੈਂ ਤੈਨੂੰ ਇਹੋ ਜਿਹੀ ਹਦਾਇਤ ਕਿਉਂ ਦੇਣੀ ਸੀ? ਮਿਸ ਲੈਸਲੀ ਪਿਛਲੇ ਇੱਕ ਸਾਲ ਤੋਂ ਤਸੱਲੀਬਖ਼ਸ਼ ਕੰਮ ਕਰ ਰਹੀ ਹੈ। ਜਿੰਨਾ ਚਿਰ ਚਾਹੇ, ਉਹ ਇਸ ਅਹੁਦੇ ’ਤੇ ਕੰਮ ਕਰ ਸਕਦੀ ਹੈ।’’ ਫਿਰ ਪਿੱਚਰ ਨੇ ਉਸ ਔਰਤ ਨੂੰ ਕਿਹਾ, ‘‘ਇੱਥੇ ਕੋਈ ਖ਼ਾਲੀ ਆਸਾਮੀ ਨਹੀਂ ਹੈ।’’ ਮੈਕਸਵੈੱਲ ਨੇ ਨਾਲ ਹੀ ਪਿੱਚਰ ਨੂੰ ਕਿਹਾ, ‘‘ਏਜੰਸੀ ਨੂੰ ਦਿੱਤਾ ਹੋਇਆ ਇਹ ਆਡਰ ਹੁਣ ਕੈਂਸਲ ਕਰ ਦਿਉ ਅਤੇ ਹੋਰ ਕਿਸੇ ਨੂੰ ਹੁਣ ਇਧਰ ਲੈ ਕੇ ਆਉਣ ਦੀ ਲੋੜ ਨਹੀਂ।’’
ਚਾਂਦੀ ਦੇ ਦਿਲ ਦੀ ਮਾਲਾ ਵਾਲੀ ਔਰਤ ਪੂਰੇ ਜ਼ੋਰ-ਸ਼ੋਰ ਨਾਲ ਦਫ਼ਤਰ ਦੇ ਫਰਨੀਚਰ ਵਿੱਚ ਵੱਜਦੀ ਹੋਈ ਤੇ ਖੜਾਕ ਕਰਦੀ ਹੋਈ ਨਾਰਾਜ਼ਗੀ ਦੀ ਭਾਵਨਾ ਨਾਲ ਦਫ਼ਤਰ ’ਚੋਂ ਨਿਕਲ ਗਈ। ਪਿੱਚਰ ਇੱਕ ਪਲ ਲਈ ਲੇਖਾਕਾਰ ਕੋਲ ਰੁਕਿਆ ਅਤੇ ਮੈਕਸਵੈੱਲ ਬਾਰੇ ਕਹਿਣ ਲੱਗਾ, ‘‘ਇਹ ‘ਬੁੱਢਾ ਆਦਮੀ’ ਦਿਨੋ ਦਿਨ ਦੁਨੀਆਂ ਤੋਂ ਬੇਖ਼ਬਰ ਤੇ ਭੁਲੱਕੜ ਹੁੰਦਾ ਜਾ ਰਿਹਾ ਹੈ।’’
ਕਾਰੋਬਾਰ ਦੀ ਚਾਲ ’ਚ ਹੋਰ ਤੇਜ਼ੀ ਤੇ ਤੀਬਰਤਾ ਆ ਗਈ ਸੀ। ਅੱਧੀ ਦਰਜਨ ਤਾਂ ਉੱਥੇ ਅਜਿਹੇ ਸਟਾਕ ਸਨ ਜਿਨ੍ਹਾਂ ’ਚ ਮੈਕਸਵੈੱਲ ਦੇ ਆਪਣੇ ਗਾਹਕਾਂ ਨੇ ਪੂੰਜੀ ਲਾਈ ਹੋਈ ਸੀ। ਸ਼ੇਅਰ ਖ਼ਰੀਦਣ ਤੇ ਵੇਚਣ ਦੇ ਆਡਰ ਇੰਨੀ ਤੇਜ਼ੀ ਨਾਲ ਆ ਜਾ ਰਹੇ ਸਨ ਜਿੰਨੀ ਤੇਜ਼ੀ ਨਾਲ ਅਬਾਬੀਲਾਂ ਉੱਡਦੀਆਂ ਹਨ। ਉਸ ਦੀ ਆਪਣੀ ਕੁਝ ਜਮ੍ਹਾਂ ਪੂੰਜੀ ਖ਼ਤਰੇ ’ਚ ਪੈ ਗਈ ਸੀ, ਪਰ ਤਾਂ ਵੀ ਉਹ ਵਧੀਆ, ਕੁਸ਼ਲ ਤੇ ਮਜ਼ਬੂਤ ਅਤੇ ਚੰਗੀ ਤਰ੍ਹਾਂ ਤਣੀ ਹੋਈ ਮਸ਼ੀਨ ਵਾਂਗ ਪੂਰੀ ਸਪੀਡ ਨਾਲ ਬਿਲਕੁਲ ਸਹੀ ਬਿਨਾਂ ਕਿਸੇ ਹਿਚਕਿਚਾਹਟ ਦੇ ਉਚਿਤ ਸ਼ਬਦ ਬੋਲਦਾ ਤੇ ਫ਼ੈਸਲੇ ਕਰਦਾ ਹੋਇਆ ਸਾਰੇ ਕੰਮ ਘੜੀ ਦੀ ਰਫ਼ਤਾਰ ਨਾਲ ਕਰ ਰਿਹਾ ਸੀ। ਇੱਥੇ ਬੱਸ ਪੂੰਜੀ, ਪੈਸਿਆਂ ਦੀਆਂ ਸ਼ਰਤਾਂ, ਕਰਜ਼ਿਆਂ, ਚੀਜ਼ਾਂ ਗਿਰਵੀ ਰੱਖਣ, ਵਪਾਰ ਤੇ ਕਰਜ਼ੇ ਦੇ ਕਾਗਜ਼ਾਂ ਬਾਰੇ ਹੀ ਗੱਲਾਂ ਸਨ- ਇਹ ਪੂੰਜੀ ਲਾਉਣ ਦਾ ਇੱਕ ਵੱਖਰਾ ਹੀ ਸੰਸਾਰ ਸੀ ਅਤੇ ਇੱਥੇ ਇਨਸਾਨਾਂ ਦੀ ਜਾਂ ਕੁਦਰਤ ਦੀ ਦੁਨੀਆਂ ਬਾਰੇ ਕੋਈ ਥਾਂ ਨਹੀਂ ਸੀ।
ਜਦੋਂ ਦੁਪਹਿਰ ਦੇ ਖਾਣੇ ਦਾ ਸਮਾਂ ਹੋਇਆ ਤਾਂ ਰੌਲਾ ਰੱਪਾ ਕੁਝ ਘੱਟ ਹੋਇਆ। ਮੈਕਸਵੈੱਲ ਆਪਣੇ ਹੱਥਾਂ ’ਚ ਬਹੁਤ ਸਾਰੇ ਦਸਤਾਵੇਜ਼ ਅਤੇ ਟੈਲੀਗ੍ਰਾਮਾਂ ਫੜ ਕੇ ਆਪਣੇ ਡੈਸਕ ਦੇ ਨੇੜੇ ਖੜ੍ਹਾ ਸੀ। ਉਸ ਦੇ ਸੱਜੇ ਕੰਨ ’ਤੇ ਇੱਕ ਫਾਊਨਟੇਨ ਪੈੱਨ ਟੰਗਿਆ ਹੋਇਆ ਸੀ ਤੇ ਉਸ ਦੇ ਵਾਲਾਂ ਦੀਆਂ ਲਿਟਾਂ ਮੱਥੇ ’ਤੇ ਇਧਰ ਉਧਰ ਖਿੰਡੀਆਂ ਹੋਈਆਂ ਸਨ। ਉਸ ਦੇ ਕਮਰੇ ਦੀ ਬਾਰੀ ਖੁੱਲ੍ਹੀ ਹੋਈ ਸੀ, ਧਰਤੀ ’ਤੇ ਫੁੱਲ ਬੂਟੇ ਵਿਗਸਣ ਨਾਲ ਬਹਾਰ ਦੀ ਪਿਆਰੀ ਰੁੱਤ ਦੀ ਆਮਦ ਕੁਝ ਨਿੱਘੀ ਹੋ ਗਈ ਸੀ।
ਬਾਰੀ ਰਾਹੀਂ ਅਚੇਤ ਹੀ ਹੌਲੀ ਹੌਲੀ ਲਿਲੀ ਦੇ ਫੁੱਲਾਂ ਦੀ ਕੋਮਲ ਤੇ ਮਿੱਠੀ ਸੁਗੰਧ ਆਉਣ ਲੱਗੀ ਜਿਸ ਨੇ ਦਲਾਲ ਨੂੰ ਇੱਕ ਪਲ ਵਾਸਤੇ ਮੰਤਰ ਮੁਗਧ ਕਰ ਦਿੱਤਾ ਕਿਉਂਕਿ ਇਸ ਤਰ੍ਹਾਂ ਦੀ ਸੁਗੰਧ ਲੈਸਲੀ ਕੋਲੋਂ ਆਉਂਦੀ ਸੀ ਅਤੇ ਇਹ ਸੁਗੰਧ ਸਿਰਫ਼ ਉਸ ਦੀ ਹੀ ਹੋ ਸਕਦੀ ਸੀ।
ਅਜਿਹੀ ਖੁਸ਼ਬੂ ਸੁੰਘਣ ਨਾਲ ਉਸਨੂੰ ਜਾਪਿਆ ਕਿ ਮਿਸ ਲੈਸਲੀ ਸਪਸ਼ਟ ਤੇ ਪ੍ਰਤੱਖ ਰੂਪ ’ਚ ਉਸ ਦੇ ਸਾਹਮਣੇ ਆ ਗਈ ਹੋਵੇ। ਪੂੰਜੀ ਨਿਵੇਸ਼ ਦਾ ਸੰਸਾਰ ਅਚਾਨਕ ਹੀ ਖ਼ਤਮ ਹੋ ਗਿਆ ਅਤੇ ਉਹ (ਮਿਸ ਲ਼ੈਸਲੀ) ਤਾਂ ਉੱਥੋਂ ਸਿਰਫ਼ ਵੀਹ ਕਦਮ ਦੂਰ ਅਗਲੇ ਕਮਰੇ ’ਚ ਸੀ।
ਮੈਕਸਵੈੱਲ ਕਹਿਣ ਲੱਗਾ, ‘‘ਮੈਨੂੰ ਸੰਤ ਜਾਰਜ ਦੀ ਸਹੁੰ, ਮੈਂ ਹੁਣੇ ਉਹਦੇ ਨਾਲ ਗੱਲ ਕਰਾਂਗਾ। ਮੈਂ ਹੈਰਾਨ ਹਾਂ ਕਿ ਮੈਂ ਇੰਨੇ ਚਿਰ ਤੋਂ ਉਸ ਨਾਲ ਗੱਲ ਕਿਉਂ ਨਹੀਂ ਕੀਤੀ!’’
ਉਸ ਨੇ ਅੰਦਰ ਵਾਲੇ ਦਫ਼ਤਰ ਜਾਣ ਲਈ ਛੇਤੀ ਨਾਲ ਪੈਰ ਪੁੱਟੇ। ਉਹ ਬੜੀ ਫ਼ੁਰਤੀ ਨਾਲ ਸਟੈਨੋਗ੍ਰਾਫ਼ਰ ਦੇ ਮੇਜ਼ ਵੱਲ ਗਿਆ। ਸਟੈਨੋਗ੍ਰਾਫ਼ਰ ਨੇ ਇੱਕ ਮੁਸਕਰਾਹਟ ਨਾਲ ਉਸ ਵੱਲ ਦੇਖਿਆ। ਉਸ ਦੀਆਂ ਗੱਲ੍ਹਾਂ ਦਾ ਰੰਗ ਹਲਕਾ ਗੁਲਾਬੀ ਹੋ ਗਿਆ ਤੇ ਉਸ ਦੀਆਂ ਅੱਖਾਂ ’ਚ ਮੋਹ ਤੇ ਭੋਲਾਪਣ ਛਲਕਣ ਲੱਗਿਆ। ਮੈਕਸਵੈੱਲ ਆਪਣੀ ਇੱਕ ਕੂਹਣੀ ਡੈਸਕ ਉੱਪਰ ਰੱਖ ਕੇ ਖਲੋ ਗਿਆ। ਉਸ ਦੇ ਦੋਵੇਂ ਹੱਥਾਂ ’ਚ ਫੜੇ ਹੋਏ ਕਾਗਜ਼ ਹਾਲੇ ਵੀ ਲਹਿਰਾ ਰਹੇ ਸਨ ਤੇ ਪੈੱਨ ਉਸੇ ਤਰ੍ਹਾਂ ਕੰਨ ਉੱਪਰ ਟੰਗਿਆ ਹੋਇਆ ਸੀ।
ਉਸ ਨੇ ਛੇਤੀ ਨਾਲ ਕਹਿਣਾ ਸ਼ੁਰੂ ਕੀਤਾ, ‘‘ਮਿਸ ਲੈਸਲੀ, ਮੇਰੇ ਕੋਲ ਇੱਕ ਪਲ ਤੋਂ ਜ਼ਿਆਦਾ ਸਮਾਂ ਨਹੀਂ। ਮੈਂ ਇਸੇ ਇੱਕੋ ਪਲ ’ਚ ਇੱਕ ਗੱਲ ਕਹਿਣੀ ਚਾਹੁੰਦਾ ਹਾਂ। ਕੀ ਤੂੰ ਮੇਰੇ ਨਾਲ ਵਿਆਹ ਕਰੇਂਗੀ? ਮੇਰੇ ਕੋਲ ਆਮ ਲੋਕਾਂ ਵਾਂਗ ਤੇਰੇ ਨਾਲ ਪਿਆਰ ਕਰਨ ਲਈ ਸਮਾਂ ਨਹੀਂ ਸੀ, ਪਰ ਮੈਂ ਤੈਨੂੰ ਸੱਚਮੁੱਚ ਪਿਆਰ ਕਰਦਾ ਹਾਂ। ਮਿਹਰਬਾਨੀ ਕਰਕੇ, ਛੇਤੀ ਕੁਝ ਦੱਸ। ਨਹੀਂ ਤਾਂ ਦੂਜੇ ਲੋਕਾਂ ਨੇ ਆ ਕੇ ਇੱਥੇ ਇਕੱਠੇ ਹੋ ਜਾਣਾ ਹੈ।’’
ਖ਼ੂਬਸੂਰਤ ਸਟੈਨੋਗ੍ਰਾਫ਼ਰ ਕਹਿਣ ਲੱਗੀ, ‘‘ਹੈਂ, ਤੂੰ ਕੀ ਕਹਿ ਰਿਹਾ ਹੈਂ?’’ ਉਹ ਉੱਠ ਖਲੋਤੀ ਤੇ ਹੈਰਾਨ ਹੋ ਕੇ ਅੱਖਾਂ ਘੁੰਮਾਉਂਦੀ ਹੋਈ ਉਸ ਵੱਲ ਦੇਖਣ ਲੱਗੀ। ਮੈਕਸਵੈੱਲ ਬੇਚੈਨੀ ਨਾਲ ਕਹਿਣ ਲੱਗਿਆ, ‘‘ਕੀ ਤੂੰ ਸਮਝਦੀ ਨਹੀਂ ਕਿ ਮੈਂ ਤੇਰੇ ਨਾਲ ਵਿਆਹ ਕਰਾਉਣਾ ਚਾਹੁੰਦਾ ਹਾਂ। ਮਿਸ ਲੈਸਲੀ, ਮੈਂ ਤੈਨੂੰ ਪਿਆਰ ਕਰਦਾ ਹਾਂ। ਮੈਂ ਇਹ ਗੱਲ ਤੈਨੂੰ ਦੱਸਣੀ ਚਾਹੁੰਦਾ ਸਾਂ ਅਤੇ ਹੁਣ ਜਦੋਂਕਿ ਕੰਮ ਕੁਝ ਮੱਠਾ ਪਿਆ ਹੈ ਤਾਂ ਮੈਂ ਇਸ ਗੱਲ ਲਈ ਇੱਕ ਮਿੰਟ ਕੱਢ ਕੇ ਤੇਰੇ ਕੋਲ ਆਇਆ ਹਾਂ। ਲਉ, ਉਹ ਮੈਨੂੰ ਹੁਣ ਫ਼ੋਨ ’ਤੇ ਬੁਲਾਉਣ ਵੀ ਲੱਗ ਪਏ ਹਨ। ਪਿੱਚਰ, ਜ਼ਰਾ ਉਨ੍ਹਾਂ ਨੂੰ ਕਹਿ ਕਿ ਇੱਕ ਮਿੰਟ ਮੇਰੀ ਉਡੀਕ ਕਰਨ। ਮਿਸ ਲੈਸਲੀ, ਕੀ ਤੂੰ ਕੋਈ ਗੱਲ ਨਹੀਂ ਕਹੇਂਗੀ?’’
ਇਹ ਗੱਲ ਸੁਣ ਕੇ ਸਟੈਨੋਗ੍ਰਾਫ਼ਰ ਨੂੰ ਅਜੀਬ ਜਿਹਾ ਮਹਿਸੂਸ ਹੋਇਆ। ਪਹਿਲਾਂ ਤਾਂ ਉਹ ਆਪਣੀ ਹੈਰਾਨੀ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰਦੀ ਲੱਗੀ, ਉਸ ਦੀਆਂ ਹੈਰਾਨੀ ਭਰੀਆਂ ਅੱਖਾਂ ਵਿੱਚੋਂ ਅੱਥਰੂ ਵਹਿ ਤੁਰੇ ਤੇ ਫਿਰ ਉਸ ਦੀਆਂ ਅੱਖਾਂ ’ਚ ਖ਼ੁਸ਼ੀ ਵਾਲੀ ਚਮਕ ਆ ਗਈ ਤੇ ਉਸ ਨੇ ਮੁਸਕਰਾ ਕੇ ਆਪਣੀ ਇੱਕ ਬਾਂਹ ਬੜੇ ਤਰਸ ਜਿਹੇ ਨਾਲ ਸ਼ੇਅਰ ਦਲਾਲ ਦੀ ਧੌਣ ਵੱਲ ਸਰਕਾ ਦਿੱਤੀ।
ਉਹ ਬੜੀ ਹੀ ਹਲੀਮੀ ਨਾਲ ਬੋਲੀ, ‘‘ਮੈਨੂੰ ਹੁਣ ਪਤਾ ਲੱਗ ਚੁੱਕਾ ਹੈ ਕਿ ਤੂੰ ਇਹ ਪੁਰਾਣਾ ਕਾਰੋਬਾਰ ਕਰਦੇ ਸਮੇਂ ਏਨਾ ਵਿਅਸਤ ਹੋ ਜਾਂਦਾ ਹੈਂ ਕਿ ਇਸ ਕੰਮ ਤੋਂ ਇਲਾਵਾ ਤੇਰੇ ਦਿਮਾਗ਼ ’ਚੋਂ ਹੋਰ ਸਭ ਗੱਲਾਂ ਮਨਫ਼ੀ ਹੋ ਜਾਂਦੀਆਂ ਹਨ। ਪਹਿਲਾਂ ਤਾਂ ਮੈਂ ਡਰ ਗਈ ਸੀ। ਹਾਰਵੇ, ਕੀ ਤੈਨੂੰ ਯਾਦ ਨਹੀਂ ਕਿ ਅਸੀਂ ਹਾਲੇ ਰਾਤੀਂ ਅੱਠ ਵਜੇ ਨੁੱਕਰ ਵਾਲੇ ਗਿਰਜਾਘਰ ਵਿੱਚ ਵਿਆਹ ਕਰਵਾਇਆ ਸੀ?’’
(ਅਨੁਵਾਦ: ਬਲਰਾਜ ਧਾਰੀਵਾਲ)