Wapsi : K.L. Garg

ਵਾਪਸੀ : ਕੇ.ਐਲ. ਗਰਗ

ਨਾਵਲ ‘ਹਿੱਲਦੇ ਦੰਦ’ ਦਾ ਇੱਕ ਕਾਂਡ

ਬੱਸ ਦੇ ਕੰਡਕਟਰ ਨੇ ਸੀਟੀ ਮਾਰਦਿਆਂ ਉੱਚੀ ਆਵਾਜ਼ ’ਚ ਆਖਿਆ, ‘‘ਚੱਲੋ ਭਾਈ ਕੂੜੇਵਾਲ ਦੀਆਂ ਸੁਆਰੀਆਂ ਬਾਰੀ ਕੋਲ ਹੋ ਜੋ। ਜਲਦੀ ਕਰੋ ਭਾਈ ਜਲਦੀ। ਬੱਸ ਬਹੁਤਾ ਟੈਮ ਨੀ ਖੜ੍ਹਣੀ ਇੱਥੇ। ਚੱਲੋ ਬਈ ਚੱਲੋ ਜਲਦੀ ਕਰੋ। ਅੱਗੇ ਈ ਲੇਟ ਆਂ ਅਸੀਂ। ਮੌਸਮ ਖਰਾਬ ਐ, ਨ੍ਹੇਰਾ ਹੋਈ ਜਾਂਦੈ। ਚੰਡੀਗੜ੍ਹ ਪਹੁੰਚਣੈ ਬੱਸ ਨੇ।’’ ਕੰਡਕਟਰ ਦੀ ਹਰਫ਼ਲੀ ਜਿਹੀ ਆਵਾਜ਼ ਸੁਣਦਿਆਂ ਹੀ ਕੁਲਵਿੰਦਰ ਉਰਫ਼ ਕੱਲੋ ਆਪਣੀਆਂ ਯਾਦਾਂ ’ਚੋਂ ਤ੍ਰਭਕ ਕੇ ਇਉਂ ਉੱਠੀ, ਜਿਵੇਂ ਬਿਜਲੀ ਦਾ ਕਰੰਟ ਲੱਗਿਆ ਹੋਵੇ। ਉਸ ਨੂੰ ਲੱਗਾ ਜਿਵੇਂ ਕਿਸੇ ਨੇ ਝੰਜੋੜ ਕੇ ਉਸ ਨੂੰ ਡੂੰਘੀ ਨੀਂਦ ’ਚੋਂ ਜਗਾ ਦਿੱਤਾ ਹੋਵੇ। ਉਸ ਦਬਾਸੱਟ ਉੱਠ ਕੇ ਆਪਣੇ ਪਹੀਆਂ ਵਾਲੇ ਸੂਟਕੇਸ ਦਾ ਹੈਂਡਲ ਝਟਕਾ ਦੇ ਕੇ ਉਤਾਂਹ ਕੱਢਿਆ ਤੇ ਉਸ ਨੂੰ ਰੇੜ੍ਹਦੀ ਹੋਈ ਬਾਰੀ ਵੱਲ ਅਹੁਲੀ। ਉਸ ਨੂੰ ਹਾਲੇ ਵੀ ਯਕੀਨ ਨਹੀਂ ਸੀ ਆ ਰਿਹਾ ਕਿ ਉਹ ਸਚਮੁੱਚ ਹੀ ਕੂੜੇਵਾਲ ਅੱਪੜ ਗਈ ਸੀ। ਇੱਕ-ਅੱਧ ਹੋਰ ਸਵਾਰੀ ਵੀ ਉਸ ਵਾਂਗ ਹੀ ਆਪਣੀ ਸੀਟ ਤੋਂ ਉੱਠ ਖਲ੍ਹੋਤੀ ਸੀ। ਉਸ ਐਵੇਂ ਸਰਸਰੀ ਜਿਹੀ ਨਜ਼ਰ ਸਵਾਰੀ ਵੱਲ ਦੇਖਿਆ ਤਾਂ ਉਸ ਨੂੰ ਝਟਪਟ ਹੀ ਪਛਾਣ ਲਿਆ ਸੀ। ਉਹ ਮਾਰ ਖੰਡਿਆਂ ਦੀ ਬੁੜ੍ਹੀ ਤੇਜੋ ਸੀ। ਦੋਵਾਂ ਦੀਆਂ ਨਜ਼ਰਾਂ ਮਿਲੀਆਂ ਤਾਂ ਤੇਜੋ ਅਹੁਲ ਕੇ ਉਸ ਵੱਲ ਆਈ ਤੇ ਉਸ ਦਾ ਸਿਰ ਪਲੋਸਦਿਆਂ ਕਹਿਣ ਲੱਗੀ, ‘‘ਲੈ ਇਹ ਤਾਂ ਸਾਡੀ ਕੱਲੋ ਰਾਣੀ ਆਈ ਲੱਗਦੀ ਐ। ਹੋਰ ਸੁਣਾ ਮਹੈਣ ਸਭ ਰਾਜੀ ਖ਼ੁਸ਼ੀ ਨੇ। ਪ੍ਰਾਹੁਣਾ ਨ੍ਹੀਂ ਆਇਆ ਤੇਰੇ ਨਾਲ? ਸੱਚ ਪ੍ਰਾਹੁਣਾ ਆਉਂਦਾ ਤਾਂ ਕਾਰ ’ਤੇ ਆਉਂਦੀ। ਤੇਰੇ ਵਿਆਹ ’ਚ ਕਾਰ ਦੇ ਕੇ ਸੂਬੇਦਾਰਨੀ ਨੇ ਤਾਂ ਪਿੰਡ ਦਾ ਨਾਓਂ ਕੱਢਤਾ ਤੀ। ਕੱਲੀਓ ਆਈ ਲੱਗਦੀ ਐਂ?ਚੱਲ ਭਾਈ ਆਪਣੀ ਬੇਬੇ ਨੂੰ ਮਿਲਜੇਂਗੀ। ਤੇਰੇ ਵਿਆਹ ਤੋਂ ਬਾਅਦ ਤਾਂ ਵਿਚਾਰੀ ਜਮਾਂ ਈ ਕੱਲੀ ਰਹਿਗੀ। ਕਈ ਵਾਰੀ ਤੈਨੂੰ ਯਾਦ ਕਰ ਕੇ ਦਿਲ ਮਸੋਸਿਆ ਜਿਹਾ ਕਰ ਲੈਂਦੀ ਹੈ। ਊਂ ਭਾਈ ਧੀਆਂ ਨੇ ਤਾਂ ਆਪਣੇ ਘਰ ਜਾਣਾ ਈ ਹੁੰਦੈ ਸਾਊ।’’‘‘ਉਏ ਭਾਈ ਤੁਸੀਂ ਤਾਂ ਇੱਥੇ ਈ ਬਿਰਦ ਖੋਲ੍ਹ ਕੇ ਬਹਿਗੀਆਂ। ਹੇਠਾਂ ਉਤਰ ਕੇ ਮਾਰ ਲਿਓ ਮਗਜੌਲੀ ਜਿਹੜੀ ਮਾਰਨੀ ਐਂ। ਬੱਸ ’ਚ ਈ ਕਾਹਨੂੰ ਛਾਉਣੀ ਪਾ ਕੇ ਖੜ੍ਹਗੀਆਂ। ਜਲਦੀ ਕਰੋ ਬੇਬੇ ਜਲਦੀ। ਅਸੀਂ ਵੀ ਕਿਤੇ ਟਿਕਾਣੇ ਲੱਗਣੈ ਜਾ ਕੇ।’’ ਕੰਡਕਟਰ ਨੇ ਸੀਟੀ ਦੀ ਸੁੜ-ਸੁੜ ਕਰਦਿਆਂ ਤੇਜ਼ੀ ਜਿਹੀ ਨਾਲ ਆਖਿਆ। ‘‘ਵੇ ਭਾਈ ਐਡੀ ਕੀ ਤੇਰੇ ਖੁਰਾਂ ਹੇਠ ਅੱਗ ਮੱਚਦੀ ਐ? ਉੱਤਰੀ ਤਾਂ ਜਾਨੇ ਆਂ। ਪਿੰਡ ਦੀ ਧੀ ਧਿਆਣੀ ਆਈ ਐ। ਦੋ ਬੋਲ ਵੀ ਸਾਂਝੇ ਨਾ ਕਰੀਏ। ’ਗਾਂਹ ਕੀ ਤੂੰ? ਹੋਰ ਸੁਣੇਂਗਾ ਸਲੋਤਰ ਮੇਰੇ ਕੋਲੋਂ ਰਹਿਰਾਸ ਵੇਲੇ। ਤਮੀਜ਼ ਤਾਂ ਜਾਣੀਂ ਘਰ ਈ ਕੀਲੀ ’ਤੇ ਟੰਗ ਕੇ ਆਉਂਦੇ ਆ। ਮੂੰਹ ’ਚ ਨਿੰਮ ਈ ਘੋਲੀ ਰੱਖਦੇ ਆ ਚੰਦਰੇ।’’ ਤੇਜੋ ਬੁੜ੍ਹੀ ਦੀਆਂ ਕਰਾਰੀਆਂ ਸੁਣ ਕੇ ਕੰਡਕਟਰ ਮੂੰਹ ’ਚ ਹੀ ਬੁੜਬੁੜ ਕਰਨ ਲੱਗ ਪਿਆ ਸੀ:
‘‘ਘਰੋਂ ਨੂੰਹ ਨਾਲ ਲੜ ਕੇ ਆਈ ਹੋਈ ਐਂ ਬੁੜ੍ਹੀ। ਇਹੋ ਜਿਹੀ ਕੌੜੀ ਜ਼ੁਬਾਨ ਵਾਲੀਆਂ ਈ ਜੁੱਤੀਆਂ ਖਾਂਦੀਆਂ ਹੁੰਦੀਐਂ…।’’
‘‘ਹੋਰ ਨਾ ਖਾਲੀਂ ਮੈਥੋਂ ਦੁੱਪੜ… ਬਹੁਤੀ ਲੁਤਰੋ ਚੱਲਦੀ ਐ ਤੇਰੀ।’’
‘‘ਚੱਲ ਛੱਡ ਤਾਈ… ਆ ਜਾ ਆ ਜਾ…।’’ ਕੱਲੋ ਦੇ ਆਖਣ ’ਤੇ ਦੋਵੇਂ ਦਬਾਸੱਟ ਹੇਠਾਂ ਲਹਿ ਗਈਆਂ ਸਨ। ਤੇਜੋ ਬੁੜ੍ਹੀ ਹਾਲੇ ਵੀ ਬੁੜ-ਬੁੜ ਕਰੀ ਜਾ ਰਹੀ ਸੀ।
‘‘ਤਾਈ ਇਨ੍ਹਾਂ ਦੇ ਮੂੰਹ ਨ੍ਹੀਂ ਲੱਗਣਾ ਚਾਹੀਦਾ। ਇਨ੍ਹਾਂ ਦੀ ਜੀਭ ਤਾਂ ਕੁਹਾੜੇ ਨਾਲ ਪਾਟੀ ਹੁੰਦੀ ਆ। ਅਗਲੇ ਦੇ ਗਲ਼ ਪੈਣ ਦਾ ਬਹਾਨਾ ਈ ਲੱਭਦੇ ਹੁੰਦੇ ਆ।’’ ਕੱਲੋ ਤੋਂ ਕਹਿ ਹੋ ਗਿਆ ਸੀ।
‘‘ਤੈਨੂੰ ਨੀ ਪਤਾ ਇਹ ਸੂਤ ਈ ਏਦਾਂ ਆਉਂਦੇ ਐ। ਮੈਂ ਵੀ ਮਾਰਖੰਡਿਆਂ ਦੀ ਬੁੜ੍ਹੀ ਆਂ। ਮੈਂ ਤਾਂ ਕਰ ਦਿੰਦੀ ਸਿੱਧਾ ਸਤੀਰ। ਲਿਆ ਮੈਂ ਚੱਕ ਲੈਨੀਂ ਆਂ ਤੇਰੀ ਟਰੰਕੀ। ਤੂੰ ਕਾਹਨੂੰ ਔਖੀ ਹੁੰਨੀਂ ਐਂ!’’
‘‘ਕੋਈ ਨਾ ਤਾਈ ਕੋਈ ਨਾ। ਇਹ ਤਾਂ ਪਹੀਆਂ ਵਾਲਾ ਸੂਟਕੇਸ ਆ। ਆਪੇ ਈ ਰਿੜ੍ਹਦਾ ਜਾਊ।’’
ਕੱਲੋ ਨੇ ਸੂਟਕੇਸ ਦਾ ਹੈਂਡਲ ਫੜ ਕੇ ਇਧਰ-ਉਧਰ ਦੂਰ ਤਕ ਝਾਤ ਮਾਰੀ। ਪਿੰਡ ਉਹਦੇ ਸਾਹਮਣੇ ਦੂਰ ਤਕ ਵਿਛਿਆ ਪਿਆ ਸੀ। ਉਹੀ ਪਿੰਡ ਜਿੱਥੇ ਉਹਦਾ ਬਚਪਨ ਬੀਤਿਆ ਸੀ। ਉਹੀ ਪਿੰਡ ਜਿੱਥੇ ਉਸ ਪੀਂਘਾਂ ਝੂਟੀਆਂ ਸਨ। ਸਾਈਕਲ ’ਤੇ ਚੜ੍ਹ ਕੇ ਬੀਹੀਆਂ ਦੇ ਗੇੜੇ ਕੱਢੇ ਸਨ। ਪਿੰਡ ਦੇ ਬਾਹਰ ਵਗਦੇ ਸੂਏ ’ਚ ਤਾਰੀਆਂ ਲਾਈਆਂ ਸਨ। ਆਪਣੇ ਹਾਣੀ ਮੁੰਡਿਆਂ ਨਾਲ ਬਾਘੜਾਂ ਖੇਡੀਆਂ ਸਨ। ਗੁੱਲੀ ਨੂੰ ਡੰਡੇ ਨਾਲ ਟੁੱਲਾਂ ਮਾਰੀਆਂ ਸਨ। ਉਹੀ ਪਿੰਡ ਅੱਜ ਉਸ ਨੂੰ ਓਪਰਾ-ਓਪਰਾ ਲੱਗ ਰਿਹਾ ਸੀ। ਲੱਗਦਾ ਸੀ ਜਿਵੇਂ ਉਸ ਦੀ ਰੂਹ ਕਿਧਰੇ ਉੱਡ-ਪੁੱਡ ਗਈ ਹੋਵੇ। ਅਜੇ ਉਹ ਇਸ ਤਰ੍ਹਾਂ ਦੀਆਂ ਸੋਚਾਂ ’ਚ ਡੁੱਬੀ ਖਲੋਤੀ ਹੀ ਸੀ ਕਿ ਪਤਾ ਨਹੀਂ ਸੂ ਕਿਧਰੋਂ, ਝਿਉਰਾਂ ਦਾ ਜੈਬਾ ਸਿੱਧਰਾ ਅਚਾਨਕ ਉਸ ਕੋਲ ਆ ਕੇ ਖਲੋ ਗਿਆ ਸੀ।
‘‘ਬੱਲੇ-ਬੱਲੇ, ਇਹ ਤਾਂ ਸਾਡੀ ਕੱਲੋ ਬੀਬੀ ਆਈ ਐ। ਬੱਲੇ ਬਈ ਬੱਲੇ, ਸ਼ਾਬਾ ਬਈ ਸ਼ਾਬਾ ਕੱਲੋ ਬੀਬੀ ਆਈ ਐ।’’ ਆਖ ਉਸ ਸੂਟਕੇਸ ਦੇ ਹੈਂਡਲ ਨੂੰ ਹੱਥ ਪਾ ਲਿਆ ਸੀ।
‘‘ਲਿਆ ਮੈਂ ਲੈ ਕੇ ਚੱਲੂੰ ਟਰੰਕੀ। ਮੈਂ ਤਾਂ ਘਰੇ ਤਾਈ ਕੋਲ ਛੱਡ ਕੇ ਆਊਂ।’’ ਜੈਬੇ ਨੇ ਪੂਰੇ ਉਮਾਹ ਨਾਲ ਆਖ ਦਿੱਤਾ ਸੀ।
‘‘ਚੰਗਾ ਸਾਊ ਆਈਂ ਫੇਰ ਘਰੇ। ਰਹੇਂਗੀ ਨਾ ਕੁਸ਼ ਦਿਨ? ਵਿਆਹ ਤੋਂ ਪਿੱਛੋਂ ਪਹਿਲੀ ਵਾਰੀ ਤੇਰੀ ਸ਼ਕਲ ਦੇਖੀ ਐ। ਮੈਂ ਵੀ ਕੋਸ਼ਿਸ਼ ਕਰੂੰ ਗੇੜਾ ਮਾਰਨ ਦੀ। ਸੂਬੇਦਾਰਨੀ ਨੂੰ ਮਿਲਿਆਂ ਵੀ ਦੇਰ ਹੋਗੀ। ਕਬੀਲਦਾਰੀ ਦੇ ਟੈਂਟੇ ਈ ਸਾਹ ਨ੍ਹੀਂ ਲੈਣ ਦਿੰਦੇ। ਚੱਲ ਜੈਬਾ ਛੱਡ ਦੂ ਤੈਨੂੰ ਘਰੇ।’’ ਆਖ ਤੇਜੋ ਬੁੜ੍ਹੀ ਪਿੰਡ ਦੀ ਦੂਜੀ ਫਿਰਨੀ ਵੱਲ ਨੂੰ ਮੁੜ ਗਈ ਸੀ।
‘‘ਲਿਆ ਬੀਬੀ ਟਰੰਕੀ ਮੇਰੇ ਸਿਰ ’ਤੇ ਰਖਾ ਦੇ। ਮੈਂ ਲੈ ਚੱਲੂੰ।’’ ਆਖ ਜੈਬਾ ਸੂਟਕੇਸ ਦੁਆਲੇ ਬਾਹਾਂ ਵਲਣ ਲੱਗ ਪਿਆ ਸੀ।
‘‘ਇਹ ਤਾਂ ਪਹੀਆਂ ਵਾਲੈ, ਆਪਾਂ ਰੇੜ੍ਹ ਕੇ ਈ ਲੈ ਚੱਲਾਂਗੇ। ਸੌਖਾ ਈ ਐ ਰੇੜ੍ਹਣਾ। ਸਿਰ ’ਤੇ ਚੁੱਕਣ ਦੀ ਲੋੜ ਨੀ ਪੈਣੀ।’’
ਕੱਲੋ ਦੇ ਆਖਣ ’ਤੇ ਜੈਬੇ ਨੇ ਸੂਟਕੇਸ ਦਾ ਹੈਂਡਲ ਫੜ ਕੇ ਉਸ ਨੂੰ ਧੂਹਣ ਦੀ ਕੋਸ਼ਿਸ਼ ਕੀਤੀ। ਉਭੜ-ਖਾਭੜ ਇੱਟਾਂ ਲੱਗੀਆਂ ਹੋਣ ਕਾਰਨ ਸੂਟਕੇਸ ਰਿੜ੍ਹਣਾ ਔਖਾ ਸੀ। ਜੈਬੇ ਨੂੰ ਜ਼ੋਰ ਲਾਉਂਦਿਆਂ ਦੇਖ ਕੇ ਕੱਲੋ ਨੇ ਆਖਿਆ, ‘‘ਬਹੁਤਾ ਜ਼ੋਰ ਲਾਉਣ ਦੀ ਲੋੜ ਨ੍ਹੀਂ। ਦੇਖੀਂ ਕਿਤੇ ਹੈਂਡਲ ਈ ਨਾ ਪੱਟ ਦੇਈਂ। ਬੀਹੀ ਦੀਆਂ ਇੱਟਾਂ ਉੱਚੀਆਂ ਨੀਵੀਆਂ ਨੇ। ਸੂਟਕੇਸ ਠੀਕ ਤਰ੍ਹਾਂ ਰਿੜ੍ਹਣਾ ਨੀ।’’
‘‘ਬੀਬੀ ਪਿੰਡ ਦੇ ਲਾਲ ਝੰਡੇ ਆਲੇ ਕਹਿੰਦੇ ਤੀ ਬਈ ਸਰਪੰਚ ਵਧੀਆ ਇੱਟਾਂ ਖਾ ਗਿਆ। ਬੀਹੀ ’ਚ ਕੱਚੀਆਂ ਪਿੱਲੀਆਂ ਲਾਤੀਆਂ। ਸਾਥੋਂ ਤਾਂ ਰੋਟੀ ਮਸਾਂ ਖਾਧੀ ਜਾਂਦੀ ਐ, ਸਰਪੰਚ ਇੱਟਾਂ ਖਾ ਗਿਆ! ਬੀਬੀ, ਖਾ ਲੈਂਦੇ ਆ ਇੱਟਾਂ ਅੱਜ-ਕੱਲ੍ਹ ਲੋਕ? ਇਹ ਤਾਂ ਫੇਰ ਕਮਾਲ ਈ ਹੋਗੀ।’’
ਕੱਲੋ ਕੁਝ ਨਹੀਂ ਬੋਲੀ। ਚੁੱਪ ਰਹੀ। ਉਹ ਸ਼ਹਿਰ ਚ’ ਇਹੋ ਜਿਹੀਆਂ ਬਥੇਰੀਆਂ ਗੱਲਾਂ ਸੁਣਦੀ ਰਹਿੰਦੀ ਸੀ। ਜਨਤਾ ਇਹੋ ਜਿਹਾ ਬਥੇਰਾ ਕੁਸ਼ ਦੇਖ ਕੇ ਵੀ ਚੁੱਪ ਰਹਿੰਦੀ ਸੀ। ਵਿੱਚੇ-ਵਿੱਚ ਰਿੱਝਦੀ ਰਹਿੰਦੀ ਸੀ।
ਜਦੋਂ ਉੱਚੀ-ਨੀਵੀਂ ਬੀਹੀ ’ਚ ਸੂਟਕੇਸ ਠੀਕ ਤਰ੍ਹਾਂ ਨਾ ਰੁੜ੍ਹਿਆ ਤਾਂ ਜੈਬਾ ਕਹਿਣ ਲੱਗਾ, ‘‘ਬੀਬੀ, ਮੈਨੂੰ ਤਾਂ ਭਾਰ ਸਿਰ ’ਤੇ ਈ ਚੱਕਣ ਦੀ ਆਦਤ ਪਈ ਹੋਈ ਐ। ਰੇੜ੍ਹਣਾ ਰੂੜ੍ਹਣਾ ਨੀ ਆਉਂਦਾ ਮੈਨੂੰ। ਸਿਰ ’ਤੇ ਭਾਰ ਢੋਣਾ ਸੌਖਾ ਲੱਗਦੈ। ਤੂੰ ਬੀਬੀ ਗਈ ਦਾ ਫ਼ਿਕਰ ਨਾ ਕਰ। ਐਨ ਗੁਲੇਲੇ ਆਂਕੂੰ ਬੱਜੂੰ ਘਰੇ ਤਾਈ ਕੋਲ।’’ ਆਖ ਹੱਸਦਿਆਂ-ਹੱਸਦਿਆਂ, ਉਸ ਨੇ ਸਿਰ ’ਤੇ ਰਖਾ ਲਿਆ ਸੀ।
ਦੋ-ਚਾਰ ਕਦਮ ਚੁੱਪਚਾਪ ਤੁਰਦਿਆਂ ਉਸ ਹੱਸ ਕੇ ਆਖਿਆ, ‘‘ਲੈ ਆਹ ਕੁੜਤਾ ਪਜਾਮਾ ਤਾਈ ਨੇ ਤੇਰੇ ਵਿਆਹ ਵੇਲੇ ਨਮਾਂ ਸਮਾ ਕੇ ਦਿੱਤਾ ਸੀ। ਨਮੇਂ ਮੌਜੇ ਵੀ ਲੈ ਕੇ ਦਿੱਤੇ ਸੀ। ਕੁੜਤਾ-ਪਜਾਮਾ ਓਦਨ ਦਾ ਪਾਇਆ ਮੁੜ ਕੇ ਨੀ ਲਾਹਿਆ।’’
‘‘ਕਿਉਂ?’’ ਕੱਲੋ ਤੋਂ ਅਚਾਨਕ ਕਹਿ ਹੋ ਗਿਆ ਸੀ।
‘‘ਫੇਰ ਇਹਨੂੰ ਧੋਣਾ ਪੈਣਾ ਤੀ। ਕਹਿੰਦੇ ਤੀ ਬਈ ਧੋਤੇ ਤੋਂ ਕੱਪੜਾ ਬੋਦਾ ਹੋ ਜਾਂਦੈ। ਪਾਟ ਵੀ ਜਾਂਦੈ। ਦੇਖ ਲੈ ਉਮੇਂ ਦਾ ਉਮੇਂ ਨਵਾਂ ਨੁੱਕ ਪਿਐ। ਭੋਰਾ ਬਲ ਨੀ ਪੈਣ ਦਿੱਤਾ।’’ ਆਖ ਉਹ ਜ਼ੋਰ-ਜ਼ੋਰ ਦੀ ਹੱਸਣ ਲੱਗ ਪਿਆ ਸੀ।
ਕੱਲੋ ਨੇ ਜੈਬੇ ਦੇ ਪੈਰਾਂ ਵੱਲ ਨਜ਼ਰ ਮਾਰੀ ਤਾਂ ਨੰਗੇ ਪੈਰਾਂ ’ਤੇ ਗਿੱਠ-ਗਿੱਠ ਮਿੱਟੀ ਤੇ ਮੈਲ ਚੜ੍ਹੀ ਹੋਈ ਸੀ।
‘‘ਤੇਰੇ ਨਵੇਂ ਮੌਜੇ ਕਿੱਥੇ ਗਏ?’’
ਮੌਜਿਆਂ ਦਾ ਨਾਂ ਸੁਣਦਿਆਂ ਹੀ ਜੈਬੇ ਦਾ ਹਸੂੰ-ਹਸੂੰ ਕਰਦਾ ਚਿਹਰਾ ਇਕਦਮ ਉਦਾਸ ਹੋ ਗਿਆ ਸੀ। ਪਲ ਦੀ ਪਲ ਉਹਦਾ ਰੋਣ ਜਿਹਾ ਨਿਕਲਦਾ ਜਾਪਿਆ। ਰੋਂਦੂ ਜਿਹੀ ਆਵਾਜ਼ ’ਚ ਕਹਿਣ ਲੱਗਾ, ‘‘ਮੱਸਿਆ ਵਾਲੇ ਦਿਨ ਗੁਰਦੁਆਰੇ ਗਿਆ ਤੀ ਮੱਥਾ ਟੇਕਣ। ਜੋੜੇ ਬਾਹਰ ਲਾਹ ਕੇ ਅੰਦਰ ਗਿਆ। ਮੱਥਾ ਟੇਕਿਆ, ਪ੍ਰਸ਼ਾਦ ਲੈ ਕੇ ਬਾਹਰ ਆਇਆ ਤਾਂ ਮੌਜੇ ਤਾਂ ਸਮਝੋ ਤਿੱਤਰ ਹੋਏ ਪਏ ਤੇ ਬਥੇਰੇ ਲੱਭੇ ਪਰ ਬੀਬੀ ਗੁਆਚੀ ਚੀਜ਼ ਕਿਤੇ ਲੱਭਦੀ ਹੁੰਦੀ ਐ। ਚੱਲ ਊਂ ਤਾਂ ਚੰਗਾ ਈ ਹੋਇਆ। ਪਹਿਲੀ ਵਾਰੀ ਪਾਉਣ ਕਰਕੇ ਮੌਜੇ ਪੈਰਾਂ ’ਚ ਲਗਦੇ ਬਹੁਤ ਤੇ। ਇੱਕ ਗੱਲੋਂ ਤਾਂ ਜਿਮੇਂ ਦੰਦੀਆਂ ਵੱਢਦੇ ਹੋਣ। ਚੰਗਾ ਈ ਹੋਇਆ, ਖਹਿੜਾ ਈ ਛੁੱਟ ਗਿਆ ਮੌਜਿਆਂ ਤੋਂ। ਨੰਗੇ ਪੈਰੀਂ ਤੁਰਨ ’ਚ ਜੋ ਸੁਆਦ ਐ ਉਹ ਮੌਜਿਆਂ ’ਚ ਕਿੱਥੇ?’’ ਆਖ ਜੈਬਾ ਰੋਂਦਾ-ਰੋਂਦਾ ਹੱਸਣ ਲੱਗ ਪਿਆ ਸੀ।
‘‘ਲੋਕ ਕਿਤੇ ਕਮਲੇ ਆ ਜਿਹੜੇ ਮੌਜੇ ਪਾਈ ਰੱਖਦੇ ਆ।’’ ਕੱਲੋ ਨੇ ਐਵੇਂ ਗੱਲ ਚਲਾਉਣ ਵਜੋਂ ਈ ਆਖ ਦਿੱਤਾ ਸੀ।
‘‘ਪਤਾ ਨਹੀਂ ਕਮਲੇ ਆ ਕਿ ਸਿਆਣੇ… ਪਰ ਨੰਗੇ ਪੈਰੀਂ ਤੁਰਨ ਦਾ ਆਪਣਾ ਈ ਸੁਆਦ ਹੁੰਦੈ ਬੀਬੀ।’’
ਐਵੇਂ ਪੈਂਡਾ ਮੁਕਾਉਣ ਲਈ ਜੈਬੇ ਨੇ ਫਿਰ ਗੱਲ ਤੋਰੀ, ‘‘ਬੀਬੋ, ਭਲਾ ਵਿਆਹ ਸ਼ਾਦੀ ਵੇਲੇ ਲੋਕੀਂ ਨਮੇਂ ਲੀੜੇ ਕਾਹਤੋਂ ਸੁਆਉਂਦੇ ਹੁੰਦੇ ਐ?’’ ਜੈਬੇ ਦਾ ਸਵਾਲ ਸੁਣ ਕੇ ਕੱਲੋ ਇੱਕ ਵਾਰ ਤਾਂ ਹਲੂਣੀ ਜਿਹੀ ਗਈ ਸੀ ਪਰ ਫੇਰ ਝੱਟ ਹੀ ਆਪਣੇ ਆਪ ਨੂੰ ਸੰਭਾਲਦਿਆਂ, ਉਸ ਆਖਿਆ, ‘‘ਨਵੇਂ ਲੀੜੇ ਪਹਿਨ ਕੇ ਵਿਹਾਂਦੜ ਸੁਹਣੇ-ਸੁਹਣੇ ਲੱਗਣ ਲੱਗ ਪੈਂਦੇ ਐ। ਹੋਰ ਕੀ!’’
‘‘ਸੁਹਣੇ ਸੁਹਣੇ, ਤਾਜ਼ੇ ਤਾਜ਼ੇ… ਹੈਂ? ਜੈਬੇ ਨੇ ਉਤਸ਼ਾਹ ਜਿਹੇ ਨਾਲ ਕੱਲੋ ਵੱਲ ਝਾਕਦਿਆਂ ਕਹਿ ਦਿੱਤਾ ਸੀ।
‘‘ਹਾਂ, ਹਾਂ, ਨਵੇਂ ਨਵੇਂ, ਤਾਜ਼ੇ ਤਾਜ਼ੇ, ਸੁਹਣੇ ਸੁਹਣੇ…।’’ ਕੱਲੋ ਨੇ ਹਾਮੀ ਭਰਦਿਆਂ ਆਖ ਦਿੱਤਾ ਸੀ।
‘‘ਹਰੇਕ ਵਿਆਹ ਵੇਲੇ ਫੇਰ ਜੈਬੇ ਨੂੰ ਨਮੇਂ ਨਮੇਂ ਲੀੜੇ ਮਿਲਿਆ ਕਰਨਗੇ ਨਾ? ਨਮੇਂ ਨੁੱਕ ਲੀੜੇ।’’ ਉਸ ਮੂੰਹ ’ਚੋਂ ਹਵਾ ਜਿਹੀ ਕੱਢਦੇ ਹੋਏ ਪੁੱਛਿਆ ਸੀ।
‘‘ਹਾਂ, ਹਾਂ, ਤੈਨੂੰ ਤਾਂ ਹਰੇਕ ਵਿਆਹ ’ਚ ਨਵੇਂ ਲੀੜੇ ਮਿਲ ਜਾਇਆ ਕਰਨਗੇ। ਏਨਾਂ ਤਾਂ ਤੂੰ ਕੰਮ ਕਰਦੈਂ ਵਿਆਹਾਂ-ਸ਼ਾਦੀਆਂ ’ਚ। ਖ਼ੂਨ ਪਸੀਨਾ ਤਾਂ ਇੱਕ ਕਰ ਦਿੰਨੈ।’’ ਕੱਲੋ ਨੇ ਝੱਟ ਕਹਿ ਦਿੱਤਾ ਸੀ।
‘‘ਫੇਰ ਤਾਂ ਜੈਬੇ ਬਾਈ ਦੀ ਟੌਹਰ ਹੋਜਿਆ ਕਰੂ। ਜੈਬਾ ਨਮੇਂ ਲੀੜੇ ਪਾ ਕੇ ਚੌੜਾ ਹੋ ਹੋ ਤੁਰਿਆ ਕਰੂ।’’ ਜੈਬੇ ਨੇ ਆਪਣੀਆਂ ਟੰਗਾਂ ਚੌੜੀਆਂ ਕਰ ਕੇ ਤੁਰਨ ਦਾ ਸਵਾਂਗ ਕੀਤਾ ਤਾਂ ਉਸ ਦੇ ਸਿਰ ’ਤੇ ਚੁੱਕਿਆ ਸੂਟਕੇਸ ਪਾਪੀ ਬੰਦੇ ਦੇ ਮਨ ਵਾਂਗ ਡਗਮਗਾਉਣ ਲੱਗ ਪਿਆ ਸੀ।
‘‘ਦੇਖੀਂ ਦੇਖੀਂ। ਚੌੜਾ ਹੋ ਕੇ ਤੁਰਨ ਲੱਗਿਆਂ ਸੂਟਕੇਸ ਨਾ ਸਿੱਟ ਦੀ ਹੇਠਾਂ।’’ ਕੱਲੋ ਨੇ ਤਾੜਨਾ ਕਰਦਿਆਂ ਜੈਬੇ ਨੂੰ ਕਹਿ ਦਿੱਤਾ ਸੀ।
‘‘ਲੈ ਬੀਬੋ ਭਾਈ ਤੂੰ ਭੋਰਾ ਫ਼ਿਕਰ ਨਾ ਕਰ। ਜੈਬਾ ਆਪ ਭਾਵੇਂ ਡਿੱਗ ਪੇ ਪਰ ਤੇਰੀ ਟਰੰਕੀ ਕਦਾਚਿਤ ਨ੍ਹੀਂ ਡਿੱਗਣ ਦਿੰਦਾ। ਇਹ ਤਾਂ ਮੈਨੂੰ ਜਾਨ ਤੋਂ ਵੀ ਵੱਧ ਪਿਆਰੀ ਐ।’’ ਜੈਬੇ ਨੇ ਲਾਚੜ ਦੇ ਕਹਿ ਦਿੱਤਾ ਸੀ।
‘‘ਐਵੇਂ ਚੌੜ ਚੌੜ ’ਚ ਸੂਟਕੇਸ ਨਾ ਤੋੜ ਦੀਂ। ਬਹੁਤਾ ਮੀਆਂ ਮਿੱਠੂ ਬਣਨ ਦੀ ਲੋੜ ਨ੍ਹੀਂ।’’ ਕੱਲੋ ਤੋਂ ਕਹਿ ਹੋ ਗਿਆ ਸੀ।
ਮਿੰਟ ਕੁ ਚੁੱਪ ਰਹਿ ਕੇ ਜੈਬਾ ਫੇਰ ਛਿੜ ਪਿਆ ਸੀ, ‘‘ਬੀਬੋ ਤੂੰ ਕਹਿੰਦੀ ਤੀ ਬਈ ਜੈਬੇ ਨੂੰ ਹਰੇਕ ਵਿਆਹ ’ਚ ਨਮੇਂ ਲੀੜੇ ਮਿਲਿਆ ਕਰਨਗੇ? ਠੀਕ ਐ ਨਾ?’’
‘‘ਹਾਂ…ਹਾਂ…।’’ ਕੱਲੋ ਨੇ ਐਵੇਂ ਕਹਿ ਦਿੱਤਾ ਸੀ।
‘‘ਫੇਰ ਹੁਣ ਬੀਬੋ ਤੂੰ ਵਿਆਹ ਕਦੋਂ ਕਰੇਂਗੀ? ਮੈਨੂੰ ਫੇਰ ਤਾਹੀਓਂ ਨਮੇਂ ਲੀੜੇ ਮਿਲਣਗੇ ਨਾ। ਮੌਜੇ ਨ੍ਹੀਂ ਲੈਣੇ ਮੈਂ ਐਤਕੀਂ। ਐਮੇਂ ਗੁਰਦੁਆਰੇ ਜਾਣਾ ਔਖਾ ਹੋ ਜਾਂਦੈ।’’ ਜੈਬੇ ਨੇ ਆਪਣੇ ਭਾਣੇ ਤਾਂ ਇਹ ਗੱਲ ਬਹੁਤ ਹੁੱਬ ਕੇ ਆਖੀ ਸੀ ਪਰ ਕੱਲੋ ’ਤੇ ਤਾਂ ਜਿਵੇਂ ਅਚਾਨਕ ਬਿਜਲੀ ਹੀ ਡਿੱਗ ਪਈ ਹੋਵੇ। ਪਲ ਦੀ ਪਲ ਉਸ ਨੂੰ ਸਮਝ ਨਹੀਂ ਸੀ ਪੈ ਰਹੀ ਕਿ ਉਹ ਜੈਬੇ ਨੂੰ ਕੀ ਜਵਾਬ ਦੇਵੇ। ਸਿੱਧਰੇ ਨੇ ਕਿੱਡੀ ਗੱਲ ਕਹਿ ਦਿੱਤੀ ਸੀ। ਉਸ ਨੂੰ ਤਾਂ ਇਸ ਦਾ ਕਿਆਸ ਵੀ ਨਹੀਂ ਸੀ। ਉਸ ਪਲ ਦੀ ਪਲ ਸੋਚਿਆ:
‘‘ਆਂਹਦੇ ਹੁੰਦੇ ਐ ਬਈ ਕਿਸੇ ਸਿੱਧਰੇ ਦੀ ਚਾਣ-ਚੱਕ ਆਖੀ ਹੋਈ ਗੱਲ ਕਈ ਵਾਰੀ ਸੱਚੀ ਹੀ ਹੋ ਜਾਂਦੀ ਹੁੰਦੀ ਐ।’’
ਪਰ ਫੇਰ ਉਹ ਸੰਭਲ ਕੇ ਥੋੜ੍ਹਾ ਤੁਹਸ਼ ਹੁੰਦਿਆਂ ਕਹਿਣ ਲੱਗੀ, ‘‘ਚੱਲ ਐਵੇਂ ਬਹੁਤਾ ਨ੍ਹੀਂ ਭੌਂਕੀਦਾ। ਚੁੱਪਚਾਪ ਤੁਰਿਆ ਚੱਲ। ਵਿਆਹ ਤੋਂ ਬਗੈਰ ਵੀ ਤੈਨੂੰ ਨਵੇਂ ਕੱਪੜੇ ਸੰਵਾਂ ਦਿਆਂਗੇ। ਬੇਬੇ ਨੂੰ ਕਹਿ ਕੇ ਲੈ ਦੂੰ ਤੈਨੂੰ ਨਵੇਂ ਲੀੜੇ।’’
ਕੱਲੋ ਦੀ ਝਿੜਕ ਸੁਣ ਕੇ ਜੈਬਾ ਪਲ ਦੀ ਪਲ ਤਾਂ ਮਸੋਸਿਆ ਜਿਹਾ ਹੀ ਗਿਆ ਸੀ। ਨਵੇਂ ਲੀੜੇ ਲੈਣ, ਪਾਉਣ ਤੇ ਸੁਆਉਣ ਦਾ ਉਸ ਦਾ ਸਾਰਾ ਉਤਸ਼ਾਹ ਹੀ ਜਿਵੇਂ ਦਮ ਤੋੜ ਗਿਆ ਹੋਵੇ। ਵਿਆਹ ਸ਼ਾਦੀ ’ਚ ਜਾਨ ਤੋੜ ਕੰਮ ਕਰ ਕੇ ਨਵੇਂ ਕੱਪੜੇ ਲੈਣ ਦਾ ਤਾਂ ਉਸ ਨੂੰ ਚਿੱਤ ਚੇਤਾ ਵੀ ਨਹੀਂ ਸੀ। ਨਵੇਂ ਲੀੜਿਆਂ ਦਾ ਅਰਥ ਤਾਂ ਉਸ ਲਈ ਜਾਨ-ਤੋੜ ਮਿਹਨਤ ਹੀ ਸੀ ਜੋ ਉਹ ਵਿਆਹ-ਸ਼ਾਦੀ ਵੇਲੇ ਕਰਦਾ ਹੁੰਦਾ ਸੀ।
‘‘ਵਿਆਹ ਸ਼ਾਦੀ ਤੋਂ ਬਗੈਰ ਕਾਹਦੇ ਲੀੜੇ ਤੇ ਕਿਹੜੇ ਲੀੜੇ?’’ ਉਸ ਰੋਂਦੂ ਜਿਹੀ ਆਵਾਜ਼ ’ਚ ਕਹਿ ਵੀ ਦਿੱਤਾ ਸੀ।
‘‘ਚੱਲ ਚੱਲ, ਤੁਰਿਆ ਚੱਲ। ਘਰ ਪਹੁੰਚਣ ਵਾਲੇ ਬਣੀਏ। ਬੇਬੇ ਉਡੀਕੀ ਜਾਂਦੀ ਹੋਣੀ ਐਂ।’’ ਕੱਲੋ ਨੇ ਉਸ ਨੂੰ ਤੇਜ਼ ਤੁਰਨ ਦੀ ਤਾਕੀਦ ਕਰ ਦਿੱਤੀ ਸੀ।
ਤੁਰਦਿਆਂ-ਤੁਰਦਿਆਂ ਜੈਬਾ ਇੱਕ ਪਲ ਰੁਕ ਕੇ ਕੱਲੋ ਵੱਲ ਗਹੁ ਨਾਲ ਦੇਖਦਿਆਂ ਬੋਲਿਆ।
‘‘ਬੀਬੋ, ਮੇਰਾ ਵੀ ਭਲਾਂ ਵਿਆਹ ਹੋਊ?’’
ਕੱਲੋ ਨੂੰ ਉਸ ਦਾ ਸਵਾਲ ਸੁਣ ਕੇ ਇਕਦਮ ਹਾਸਾ ਆ ਗਿਆ ਸੀ। ਹੱਸਦੇ ਹੋਏ ਪੁੱਛਣ ਲੱਗੀ, ‘‘ਕਿਉਂ ਕਰਵਾਉਣੈ ਤੂੰ ਵਿਆਹ? ਚੰਗਾ ਭਲਾ ਤਾਂ ਹੈਗਾ ਤੂੰ। ਹੋਜੂ ਵਿਆਹ। ਵਿਆਹ ਨੂੰ ਕੀ ਘੁਲਾੜੀ ਗੇੜਨੀ ਐ। ਪਰ ਤੂੰ ਕਾਹਤੋਂ ਕਰਾਉਣੈ ਵਿਆਹ? ਹੈਂ?’’
‘‘ਲੈ ਹੈ…ਲੈ ਦੇਖ ਲੈ…। ਪ੍ਰਾਹੁਣਾ ਬਣ ਕੇ ਨਮੇਂ ਲੀੜੇ ਪਾਊਂ, ਸਿਹਰਾ ਬੰਨੂੰ, ਹੱਥ ’ਚ ਤਲਵਾਰ ਫੜੂੰ ਵਿਆਂਦੜ ਆਂਙੂੰ। ਜੈਬੇ ਦੀ ਟੌਹਰ ਹੋਜੂ। ਜੈਬਾ ਚੰਗਾ ਚੰਗਾ ਲੱਗਣ ਲੱਗ ਜੂ।’’ ਜੈਬਾ ਲਾਚੜ-ਲਾਚੜ ਬੋਲਣ ਲੱਗ ਪਿਆ ਸੀ।
‘‘ਤੇ ਉਹਨੂੰ ਖੁਆਏਂਗਾ ਕਿੱਥੋਂ? ਉਹਦੇ ਲਈ ਨਵੇਂ ਲੀੜੇ ਕਿੱਥੋਂ ਲਿਆਵੇਂਗਾ?’’ ਕੱਲੋ ਨੇ ਹੱਸਦੀ ਨੇ ਪੁੱਛਿਆ।
ਕੱਲੋ ਦਾ ਸਵਾਲ ਸੁਣ ਕੇ ਇੱਕ ਵਾਰ ਤਾਂ ਜੈਬਾ ਝੇਂਪ ਜਿਹਾ ਹੀ ਗਿਆ ਸੀ। ਪਲ ਦੀ ਪਲ ਉਸ ਨੂੰ ਕੋਈ ਜਵਾਬ ਨਹੀਂ ਸੀ ਅਹੁੜਿਆ। ਉਦਾਸ ਜਿਹਾ ਵੀ ਲੱਗਣ ਲੱਗ ਪਿਆ ਸੀ ਪਰ ਫੇਰ ਝੱਟ ਹੀ ਫੁਰਤੀ ਜਿਹੀ ਨਾਲ ਬੋਲਿਆ, ‘‘ਥੋਡੇ ਘਰੋਂ ਮੰਗ ਲਿਆ ਕਰੂੰ। ਆਪਣੇ ਲਈ ਵੀ ਤਾਂ ਮੰਗਦਾ ਈ ਆਂ, ਉਹਦੇ ਲਈ ਵੀ ਮੰਗ ਲਿਆ ਕਰੂੰ ਤਾਈ ਤੋਂ। ਨਾਲੇ ਹੁਣ ਤਾਂ ਬੀਬੋ ਤੂੰ ਵੀ ਆਗੀ ਐਂ। ਤੇਰੇ ਆਲੇ ਲੀੜੇ ਪਾ ਲਿਆ ਕਰੂ।’’
ਉਸ ਦੀਆਂ ਗੱਲਾਂ ਕੱਲੋ ਨੂੰ ਇਕਦਮ ਉਦਾਸ ਕਰ ਗਈਆਂ ਸਨ। ਬੱਸ ਉਸ ਏਨਾ ਹੀ ਆਖਿਆ, ‘‘ਠੀਕ ਐ, ਠੀਕ ਐ। ਤੁਰਿਆ ਚੱਲ, ਤੁਰਿਆ ਚੱਲ।’’
ਆਖ ਕੱਲੋ ਨੇ ਡੂੰਘੀ ਚੁੱਪ ਹੀ ਵੱਟ ਲਈ ਸੀ। ਜੈਬੇ ਦਾ ਉਤਸ਼ਾਹ ਵੀ ਮੱਠਾ ਪੈ ਗਿਆ ਸੀ। ਉਸ ਕੋਲ ਜਿਵੇਂ ਗੱਲਾਂ ਮੁੱਕ ਹੀ ਗਈਆਂ ਹੋਣ।
ਜੈਬੇ ਦਾ ਨਵੇਂ ਲੀੜਿਆਂ ਵਾਲਾ ਚਾਅ ਤੇ ਉਤਸ਼ਾਹ ਹੁਣ ਮੱਠਾ ਪੈ ਗਿਆ ਸੀ। ਕੱਲੋ ਦੀ ਚੁੱਪ ਨੇ ਜਿਵੇਂ ਉਸ ਦੀਆਂ ਆਸਾਂ ’ਤੇ ਪਾਣੀ ਫੇਰ ਦਿੱਤਾ ਹੋਵੇ। ਸਾਰੇ ਰਾਹ, ਮੁੜ ਉਹ ਕੂਇਆ ਤਕ ਨਹੀਂ ਪਰ ਉਹਦੀਆਂ ਸਿੱਧਰੀਆਂ ਗੱਲਾਂ ਨਾਲ ਕੱਲੋ ਦੇ ਮਨ ’ਚ ਜਿਵੇਂ ਜਵਾਰਭਾਟਾ ਪੈਦਾ ਹੋ ਗਿਆ ਹੋਵੇ। ਉਹ ਸੋਚ ਰਹੀ ਸੀ:
‘‘ਕਈ ਵਾਰੀ ਬਿਲਕੁਲ ਸਿੱਧਰਾ ਬੰਦਾ ਵੀ ਕਿੱਡੀ ਵੱਡੀ ਗੱਲ ਕਹਿ ਜਾਂਦਾ ਹੈ। ਸਿਆਣੇ ਤਾਂ ਇਸ ਦਾ ਕਿਆਸ ਤਕ ਨਹੀਂ ਕਰ ਸਕਦੇ।’’ ਜੈਬੇ ਦੀਆਂ ਭੋਲੇ-ਭਾਅ ਆਖੀਆਂ ਗੱਲਾਂ ਨਾਲ ਉਹ ਚੇਤਿਆਂ ਦੇ ਸਾਗਰ ’ਚ ਡੁੱਬਕੀਆਂ ਲਾਉਣ ਲੱਗ ਪਈ ਸੀ। ਬੀਤਿਆ ਸਮਾਂ ਫ਼ਿਲਮ ਦੀ ਰੀਲ ਵਾਂਗ ਤੇਜ਼ੀ ਨਾਲ ਉਸ ਦੀਆਂ ਅੱਖਾਂ ਮੂਹਰੋਂ ਲੰਘਣ ਲੱਗ ਪਿਆ ਸੀ।
ਉਸ ਦਾ ਸੂਬੇਦਾਰ ਬਾਪੂ, ਬੇਬੇ, ਪਿੰਡ, ਬਚਪਨ, ਜਵਾਨੀ, ਪਤੀ ਇੱਕ-ਇੱਕ ਕਰ ਕੇ ਉਹਦੇ ਚੇਤਿਆਂ ’ਚੋਂ ਉੱਭਰਨ ਲੱਗ ਪਏ ਸਨ। ਨਾਲ ਨਾਲ ਤੁਰੇ ਜਾਂਦੇ ਜੈਬੇ ਦਾ ਤਾਂ ਉਸ ਨੂੰ ਧਿਆਨ ਹੀ ਨਹੀਂ ਸੀ ਰਿਹਾ। ਜਿਵੇਂ ਕੋਈ ਵਜੂਦ ਉਹਦੇ ਨਾਲ ਹੋਵੇ ਈ ਨਾ।
ਘਰ ਦੇ ਬੂਹੇ ’ਚ ਬੇਬੇ ਬਾਹਾਂ ਚੌੜੀਆਂ ਕਰੀ ਉਸ ਦੀ ਉਡੀਕ ਕਰ ਰਹੀ ਸੀ। ਬੇਬੇ ਇਉਂ ਖਲੋਤੀ ਸੀ ਜਿਵੇਂ ਕੋਈ ਚਿਰ ਵਿਛੁੰਨੀ ਚੀਜ਼ ਦੀ ਤਾਂਘ ਕਰ ਰਿਹਾ ਹੋਵੇ।
ਝੱਟ ਹੀ ਮਾਵਾਂ-ਧੀਆਂ ਇੱਕ-ਦੂਜੇ ਦੀ ਜੱਫੀ ’ਚ ਘੁੱਟੀਆਂ ਹੋਈਆਂ ਸਨ।
‘‘ਮੈਂ ਤਾਂ ਅੰਨ੍ਹੀ ਈ ਹੋਗੀ ਆਂ, ਤੈਨੂੰ ’ਡੀਕਦੀ ’ਡੀਕਦੀ।’’ ਕੱਲੋ ਨੂੰ ਸੀਨੇ ਨਾਲ ਘੁਟਦਿਆਂ ਬੇਬੇ ਬੋਲੀ ਸੀ।
‘‘ਲੈ ਹੁਣ ਹੋਜਾ ਸੁਜਾਖੀ, ਮੈਂ ਆ ਗੀ ਆਂ ਬੇਬੇ।’’ ਆਖ ਕੱਲੋ ਹੱਸ ਪਈ ਸੀ।

  • ਮੁੱਖ ਪੰਨਾ : ਪੰਜਾਬੀ ਕਹਾਣੀਆਂ ਤੇ ਵਿਅੰਗ; ਕੇ.ਐਲ. ਗਰਗ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ