Waqt De Khambhan Naal Bajjhi Wafa (Punjabi Story) : Gurmeet Karyalvi

ਵਕਤ ਦੇ ਖੰਭਾਂ ਨਾਲ ਬੱਝੀ ਵਫਾ (ਕਹਾਣੀ) : ਗੁਰਮੀਤ ਕੜਿਆਲਵੀ

“ ਈ----ਛੀਅ”

ਥਾਣੇਦਾਰ ਨੇ ਦੇਸੀ ਦਾਰੂ ਦਾ ਭਰਿਆ ਗਿਲਾਸ ਅੰਦਰ ਸੁੱਟਿਆ । ਅੱਕ ਦੇ ਦੁੱਧ ਵਰਗੀ ਕੌੜੀ ਦਾਰੂ ਸੰਘ ਚੀਰਦੀ ਲੰਘ ਗਈ । ਉਸਨੇ ਨੱਕ ਉਤਾਂਹ ਚੜਾਇਆ ਤੇ ਸਾਹ ਬਾਹਰ ਨੂੰ ਸੁੱਟਦਿਆਂ ਫੁਰਕੜਾ ਮਾਰਿਆ । ਦਾਰੂ ਅਤੇ ਥੁੱਕ ਦੇ ਕਿੰਨੇ ਸਾਰੇ ਤਾਰੇ ਮੁਛਾਂ 'ਤੇ ਆ ਟਿਕੇ ।

“ਥਾਣੇਦਾਰ ਅਜੀਤ ਕੁਮਾਰ-- ਆਏ ਚਿੱਘੀ ਲਾ ਕੇ ਵੈਰੀਆਂ ਦਾ ਖ਼ੂਨ ਪੀਂਦਾ।” ਉਸਨੇ ਮੀਟ ਨਾਲ ਭਰੇ ਕੌਲੇ ਨੂੰ ਮੂੰਹ ਲਾ ਕੇ ਸੰਘਣੀ ਤੇ ਕਰਾਰੀ ਤਰੀ ਡਕਾਰ ਲਈ ਤੇ ਕੌਲਾ ‘ਠੱਕ’ ਕਰਕੇ ਟੇਬਲ 'ਤੇ ਰੱਖ ਦਿੱਤਾ ।

“ਜਨਾਪ ਨੂੰ ਫਿਰ ਐਮੇਂ ਤਾਂ ਨ੍ਹੀ ਦੁਨੀਆ ਥਾਣੇਦਾਰ ਜੀਤਾ ਜਲਾਦ ਆਖਦੀ "

“ਭਟਿੱਟਰਾ----ਹੁਣ ਤਾਂ ਬੰਦਾ ਮਾਰੇ ਬਿਨਾਂ ਵੀ ਸਾਲੀ ਚੈਨ ਜਈ ਨ੍ਹੀ ਆਉਂਦੀ । ਜਿੱਦਣ ਦਿਨ ਸੁੱਕਾ ਲੰਘਜੇ--- ਜਣੀਦਾ ਹੱਡ ਜੇ ਟੁੱਟਦੇ ਰਹਿੰਦੇ । ਸੱਚ ਮੰਨੀ ਹੁਣ ਤਾਂ ਮੈਂ ਗਿਣਤੀ ਕਰਨੀ ਵੀ ਛੱਡਤੀ । ਕਿਹੜਾ ਹਿਸਾਬ-ਕਿਤਾਬ ਲਾਉਂਦਾ ਫਿਰੇ । ਤੈਨੂੰ ਦੱਸਾਂ, ਹਿਸਾਬ ਵਿਚ ਆਪਣਾ ਹੱਥ ਪਹਿਲੇ ਦਿਨੋਂ ਈ ਤੰਗ ਐ । ਹਿਸਾਬ ਵਿਚ ਚੰਗੇ ਹੁੰਦੇ, ਆਪਾਂ ਬੰਦੇ ਨੀ ਸੀ ਕੁੱਟਣੇ । ਮੇਰਾ ਮਤਲਬ ਜਮਦੂਤਾਂ ਆਲੇ ਮਹਿਕਮੇ 'ਚ ਨ੍ਹੀ ਸੀ ਆਉਂਦੇ । ਕਿਤੇ ਮਾਸਟਰ ਲੱਗ ਕੇ ਜੁਆਕ ਕੁੱਟਦੇ ਹੋਣਾ ਸੀ ।”

“ਜਨਾਪ ਹੁਣ ਬੰਦੇ ਕੁੱਟਦੇ-ਫੇਰ ਜੁਆਕ ਕੁੱਟਦੇ ਹੋਣਾ ਸੀ । ਕੁੱਟਣਾ ਮਾਰਨਾ ਤਾਂ ਲਿਖਿਆ ਈ ਸੀ ਨਾ ।”

“ਸਾਹਬ ਬਹਾਦਰ । ਆਹ ਤੁਸੀਂ ਸੱਚੀ ਗੱਲ ਕੀਤੀ ਊਂ । ਮਾਂਈ ਆਪਣੇ ਆਲਾ ਸਾਥ ਸੱਚੀਓਂ ਜਮਦੂਤਾਂ ਆਲਾ ਬਣਿਆ ਪਿਆ ਈ । ਬੰਦੇ ਵੀ ਹੁਣ ਆਪਾਂ ਨੂੰ ਕੁੱਕੜ-ਕੁਕੜੀਆਂ ਈ ਲੱਗਦੇ । ਕੋਈ ਆਪਣੀ ਕੜਿੱਕੀ 'ਚ ਆਵੇ ਸਹੀ, ਫੇਰ ਕੀ-ਵੇਖੂ ਹੱਥ ਲਾ-ਲਾ ਕੇ ।” ਹੌਲਦਾਰ ਨਛੱਤਰ ਜੀਹਦੀ ਅੱਲ 'ਵੇਖੂ ਹੱਥ ਲਾ -ਲਾ ਕੇ ਪਈ ਹੋਈ ਸੀ , ਨਸ਼ੇ ਵਿਚ ਟੁੰਨ ਹੋਇਆ ਬੋਲਿਆ ਸੀ ।

“ਨਛੱਤਰਾ ! ਆਪਣੇ ਅਰਗੇ, ਜਿਹੜੇ ਸੁੱਟ ਭਲਾਈ ਤੋਂ ਸਾਰੇ ਈ ਕੰਮ ਕਰਦੇ ਆ, ਸੁਣਿਐ ਜਮਦੂਤ ਉਨ੍ਹਾਂ ਨੂੰ ਤਸੀਹੇ ਬੜੇ ਦਿੰਦੇ ਐ । ਜਮੂਰਾਂ ਨਾਲ ਮਾਸ ਤੋੜਦੇ, ਆਹ ਆਪਣੇ ਭਟਿੱਟਰ ਆਗੂੰ । ਤੇਰੇ ਆਗੂੰ ਪੱਟਾਂ 'ਤੇ ਘੋਟਨਾ ਫੇਰਦੇ । ਚੱਡੇ ਪਾੜ ਕੇ ਜ਼ਖ਼ਮਾਂ 'ਚ ਲੂਣ ਪਾਉਂਦੇ । ਪੈਰਾਂ ਦੀਆਂ ਪਾਤਲੀਆਂ ਕੁੱਟਦੇ ਡਾਂਗਾਂ ਨਾਲ।"
“ਜਨਾਪ । ਸਿੱਧਾ ਕਿਉਂ ਨ੍ਹੀ ਕਹਿੰਦੇ ਉਥੇ ਆਪਣੇ ਆਲੇ ਥਾਣੇ ਦੀ ਬਰਾਂਚ ਐ।"
“ਭਟਿੱਟਰਾ ਤੂੰ ਵੀ ਮਾਂਈਂ-- ਗੱਲ ਕਿਹੜਾ ਡਿੱਗਣ ਦਿਨਾ ਭੁੰਞੇ । ਮਾਂ ਆਵਦੀ ਗੱਲ ਕਿਸੇ ਸਿਰੇ ਬੰਨ੍ਹ ਲੱਗ ਵੀ ਲੈਣ ਦਿਆ ਕਰ ।”

“ਸਾਹਬ ਬਹਾਦਰ ਜਿੱਦਣ ਕਿਤੇ ਭਟਿੱਟਰ ਦਾ ਵਾਹ ਪੈ ਗਿਆ ਐਹੋ ਜੇ ਜਮਦੂਤਾਂ ਨਾਲ--ਫੇਰ ਵੇਖੂ ਹੱਥ ਲਾ-ਲਾ ਕੇ । ਮਾਈਂ--ਸਭ ਭੁੱਲ ਜਾਣਗੀਆਂ ਲਾਹੌਰ-ਪਸ਼ੌਰ ਦੀਆਂ । ਹੁਣ ਆਉਂਦੀਆਂ ਗੱਲਾਂ। ਚੰਗੀ ਦਾਰੂ ਪੀਣ ਨੂੰ , ਚੰਗਾ ਮੀਟ-ਮੁਰਗਾ ਖਾਣ ਨੂੰ। ਚੰਗਾ ਖਾਣਾ-ਮਾੜਾ ਬੋਲਣਾ । ਸਾਲੀ ਗੌਰਮਿੰਟ ਵੀ ਜਮੂਰੇ ਭਰਤੀ ਕਰ-ਕਰ ਥਾਣੇ ਭਰਨ ਡਈ ਐ। ਮਾਈਂ ਜਦੋਂ ਭਟਿੱਟਰ ਅਰਗੇ ਹੋਮਗਾਟੀਏ ਹੱਥ ਐਸ ਐਲ ਆਰ ਫੜਾਤੀ-- ਉਦੋਂ ਰੱਬ ਨੂੰ ਟੱਬ ਨ੍ਹਾ ਦੱਸੂ ਤਾਂ ਹੋਰ ਕੀ ਕਰੂ ? ਜਿੱਦਣ ਕਿਤੇ ਪੈ ਗਿਆ ਜੰਗ-ਪਲੰਗਾ, ਮਾਈਂ --ਫੇਰੂ ਹੱਥ ਲਾ - ਲਾ ਕੇ ।”

“ਜਨਾਪ--ਸੁਣ ਲਿਆ? ਸੁਣ ਲਿਆ ਕੀ ਕਹਿੰਦਾ ? ਏਨੂੰ ਮੇਰੀ ਐਸ ਐਲ ਆਰ ਪਤਾ ਨ੍ਹੀ ਕਿਉਂ ਰੜਕਦੀ ਰਹਿੰਦੀ । ਆਵਦੇ ਅੱਲੀਂ ਨੀ ਵੇਂਹਦਾ ਫੁਖਰਾ ਮਝੈਲ । ਮੋਢੇ ਪਾ ਕੇ ਏਕੇ ਸੰਤਾਲੀ, ਆਕੜ-ਆਕੜ ਤੁਰੂ ਜਿਵੇਂ ਜਨੇਤੇ ਆਇਆ ਹੁੰਦਾ। ਕੋਈ ਏਹਨੂੰ ਪੁੱਛੇ, ਕਦੀ ਫਾਇਰ ਕੀਤਾ ਸਿੱਧਾ ਕਿਸੇ ਅੱਲੀਂ ਅੱਜ ਤੱਕ? ਐਵੇਂ ਅਸਮਾਨੀ ਛੱਡਦਾ ਰਹਿੰਦਾ ਜਦੋਂ ਕਦੇ ਲੋੜ ਪੈਜੇ । ਬੇਫਜ਼ੂਲ ਬਾਰੂਦ ਫੂਕਤਾ ਸਰਕਾਰ ਦਾ, ਹਜ਼ਾਰਾਂ-ਲੱਖਾਂ ਦਾ। ਜਨਾਪ ! ਜਿੱਦਣ ਭੈਣੀ ਆਲੇ ਰਾਹ 'ਤੇ ਅਸਲੀ ਮੁਕਾਬਲਾ ਹੋਇਆ ਸੀ--ਯਾਦ ਐ ਨਾ ? ਉਦਣ ਸਾਰੀ ਪੈਂਟ ਗਿੱਲੀ ਕਰਲੀ ਸੀਗੀ ਵੱਡੇ ਪੰਜਵੜੀਏ ਵੱਡੇ ਸੂਰਮੇ ਨੇ । ਅਜੇ ਏਹਨੂੰ ਚੰਗੇ ਭਲੇ ਬੰਦੇ ਕੁੱਕੜ-ਕੱਕੜੀਆਂ ਦਿਖਾਈ ਦਿੰਦੇ।"

“ਭਟਿੱਟਰਾ! ਕੰਜਰ ਦਿਆ , ਗੱਲ ਤੁਰਨ ਦਿਆ ਕਰ ਅੱਗੇ ।" ਥਾਣੇਦਾਰ ਨੇ ਲੱੈਗ ਪੀਸ ਚੂੰਡ ਕੇ ਹੱਡੀ ਦੂਰ ਚਲਾ ਮਾਰੀ ।

“ ਸਾਹਬ ਬਹਾਦਰ ! ਏਹਨੂੰ ਮਾਈਂ--ਭੌਂਕੀ ਜਾਣ ਦਿਉ। ਤੁਸੀਂ ਗੱਲ ਦੱਸੋ ਅੱਗੇ । ਜਨਾਪ--। ”

“ਭਟਿੱਟਰਾ ਇਕ ਦਿਨ ਸਾਰੇ ਜਮਦੂਤ 'ਕੱਠੇ ਹੋ ਕੇ ਧਰਮਰਾਜ ਕੋਲ ਵਾਗੇ ਅਖੇ ਮਾਰਾਜ੍ਹ ਐਥੇ ਭੀੜ ਲੱਗੀ ਜਾਂਦੀ ਬਾਹਲੀ । ਅਸੀਂ ਤਾਂ ਕੁੱਟਦੇ ਮਾਰਦੇ ਹੰਭ ਜਾਨੇ ਆਂ । ਕੋਈ ਹੱਲ ਕੱਢੀਏ । ਅੱਗੋਂ ਧਰਮਰਾਜ ਆਂਹਦਾ, ‘ਤੁਸੀਂ ਈ ਦੱਸੋ ਕੀ ਹੌਲ ਕੱਢੀਏ ?’ ਲਉ ਜੀ ਗੱਲ ਪੈਗੀ ਜਮਦੂਤਾਂ ਦੇ ਪੇਟੇ । ਅਖੇ ਜਿਹੜਾ ਬੋਲੇ ਉਹੀ ਕੁੰਡਾ ਖੋਹਲੇ। ਸੋਚ ਵਿਚਾਰ ਕੇ ਕਹਿੰਦੇ, ‘ਮਾਰਾਜ ਤੁਸੀਂ ਹੋਏ ਤੀਨ ਲੋਕ ਦੇ ਮਾਲਕ । ਥੋਨੂੰ ਸੁਝਾਅ ਦਿੰਦੇ ਚੰਗੇ ਨ੍ਹੀ ਲੱਗਦੇ, ਪਰ --?’ ਧਰਮਰਾਜ ਗੜ੍ਹਕੇ ਨਾਲ ਬੋਲਿਆ , ‘ ਪਰ? ਪਰ ਕੀ ? ਸਾਫ਼-ਸਾਫ਼ ਦੱਸੋ । ਮੈਨੂੰ ਵੀ ਪਤਾ ਲੱਗੇ ਥੋਡੇ ਅੰਦਰ ਕੀ ਖਿਚੜੀ ਪੱਕ ਰਹੀ ਐ । ਮੈਨੂੰ ਪਤਾ ਸਿੱਧੀ ਗੱਲ ਤਾਂ ਤੁਸੀਂ ਕੋਈ ਕਰਨੀ ਨ੍ਹੀ ਅਖੇ ਮੁਰਦਾ ਬੋਲੂ ਤਾਂ ਖੱਫਣ ਪਾੜੂ ਪਰ ਤੁਸੀਂ ਬੋਲੋ --।”

“ਜਨਾਪ ਧਰਮਰਾਜ ਆਖਦਾ ਹੋਊ- ਏਧਰ-ਓਧਰ ਦੀਆਂ ਮਾਰ ਕੇ ਟੈਮ ਖ਼ਰਾਬ ਨਾ ਕਰੋ , ਮੇਰੇ ਨਾਲ ਤਾਂ ਪੰਜਾਬ ਆਲੀ ਪੁਲਿਸ ਆਗੂ ਸਿੱਧੀ ਸਪਸ਼ਟ ਗੱਲ ਕਰੋ-ਦੋ ਟੁੱਕ ।” ਭਟਿੱਟਰ ਨੇ ਵਿਚਾਲਿਉਂ ਟੋਕਿਆ ਤਾਂ ਨਛੱਤਰ ਹੌਲਦਾਰ ਨੇ ਅੱਖਾਂ ਕੱਢ ਕੇ ਉਸ ਨੂੰ ਘੂਰਿਆ । ਭਟਿੱਟਰ ਨਸ਼ੇ ‘ਚ ਝੂਲ ਰਿਹਾ ਸੀ । ਦਰਅਸਲ ਕਈ ਦਿਨਾਂ ਦੇ ਨੀਂਦਰੇ ਬਾਅਦ ਅੱਜ ਸਾਰੇ ਹੀ ਜਵਾਨਾਂ ਨੂੰ ਸ਼ੁਗਲ ਕਰਨ ਦਾ ਮੌਕਾ ਮਿਲਿਆ ਸੀ । ਭਟਿੱਟਰ ਦਾ ਅਸਲ ਨਾਂ ਤਾਂ ਜਿਵੇਂ ਸਾਰੇ ਭੁੱਲ ਹੀ ਗਏ ਸਨ । ਆਪਣਾ ਨਾਂ ਤਾਂ ਉਹ ਆਪ ਵੀ ਜਿਵੇਂ ਭੁੱਲ ਹੀ ਗਿਆ ਸੀ । ਸਾਰਾ ਥਾਣਾ ਉਸਨੂੰ ਭਟਿੱਟਰ ਹੀ ਆਖ ਕੇ ਬੁਲਾਉਂਦਾ ਸੀ । ਹੌਲਦਾਰ ਨਛੱਤਰ ਨਾਲ ਉਸਦੀ ਹਮੇਸ਼ਾ ਚੁੰਝ ਅੜੀ ਰਹਿੰਦੀ।

“ਭਟਿੱਟਰਾ ਜਮਦੂਤ ਕਹਿਣ ਲੱਗੇ, ‘ਸੁਆਮੀ । ਥੱਲੇ ਧਰਤੀ 'ਤੇ ਈ ਕੁੱਝ ਸਾਡੇ ਅਰਗੇ ਬੰਦੇ ਭੇਜ ਦੇਈਏ ਡੈਪੂਟੇਸ਼ਨ 'ਤੇ । ਆਪਣਾ ਅੱਧ-ਪਚੱਧ ਕੰਮ ਉਥੇ ਨਬੇੜੀ ਜਾਣਗੇ । ਫੇਰ ਇਥੇ ਵੀ ਭੀੜ ਘੱਟ ਹੋਜੂ । ਹੁਣ ਤਾਂ ਹਿੰਦੁਸਤਾਨ ਦੀਆਂ ਕਚਹਿਰੀਆਂ ਆਗੂ ਕੇਸਾਂ ਦੀ ਈ ਭੀੜ ਲੱਗੀ ਰਹਿੰਦੀ । ਕਈ ਵਾਰ ਤਾਂ ਭੁਲੇਖੇ ਨਾਲ ਕੋਈ ਬੇਗੁਨਾਹ ਈ ਰਗੜਿਆ ਜਾਂਦਾ । ਫੇਰ ਕੀ ਧਰਮਰਾਜ ਨੇ ਸੁਣਦਿਆਂ ਹੀ ਸਿਰ ਫੇਰ ਦਿੱਤਾ, ‘ਨਾਂਹ ! ਬਈ ਉੱਕਾ ਈ ਨਾਂਹ । ਏਹ ਨ੍ਹੀ ਉੱਕਾ ਈ ਠੀਕ । ਆਏਂ ਤਾਂ ਧਰਤੀ ' ਤੇ ਜਵਾਂ ਈ ਗੰਦ ਪੈਜੂ। ਆਦਮਜ਼ਾਤ ਦਾ ਹੈਨੀ ਕੋਈ ਦੀਨ - ਇਮਾਨ । ਇਨ੍ਹਾਂ ਹੱਕ-ਨਹੱਕ ਨ੍ਹੀ ਵੇਖਿਆ ਕਰਨਾ । ਗਾਂਧੀ ਮਾਰ੍ਹਾਜ ਦੀਆਂ ਮੂਰਤੀਆਂ ਆਲੇ ਨੋਟਾਂ ਨੇ ਇਨ੍ਹਾਂ ਦੀਆਂ ਅੱਖਾਂ ਅੱਗੇ ਸਰੋਂ ਫੁਲਾ ਦਿਆ ਕਰਨੀ । ਨੋਟ ਵੇਖਦਿਆਂ ਸਾਰ ਗੁਨਾਹਗਾਰ ਨੂੰ ਦੁੱਧ ਧੋਤਾ ਸਾਬਤ ਕਰ ਦਿਆ ਕਰਨਾ ਤੇ ਜੀਹਦੇ ਮਾਤੜ੍ਹ ਕੋਲ ਪੱਲੇ ਧੇਲੀ ਨਾ ਹੋਈ ਉਹਨੂੰ ਨਹੱਕੇ ਨੂੰ ਬੱਕਰੇ ਵਾਗੂੰ ਕੋਹ ਦਿਆ ਕਰਨਾ । ਨਹੀਂ--ਨਹੀਂ । ਏਹ ਨ੍ਹੀ ਹੋਣ ਦੇਣਾ । ਇਉਂ ਤਾਂ ਜਮ੍ਹਾ ਈ ਗੰਦ ਪੈਜੂ ।”

“ਸਾਹਬ ਬਹਾਦਰ । ਧਰਮਰਾਜ ਸੋਚਦਾ ਹੋਊ-ਜੀਹਦੀ ਭਟਿੱਟਰ ਅਰਗੇ ਦੀ ਜੇਬ 'ਚ ਹੜਤਾਲ ਹੋਈ , ਉਹ ਤਾਂ ਵੇਖੂ ਹੱਥ ਲਾ-ਲਾ ਕੇ ।”

“ਉਸਸ! ਫੇਰ ਜਨਾਪ ?" ਭਟਿੱਟਰ ਨੇ ਮੀਟ ਦੀ ਸੰਖੀ ਮੂੰਹ 'ਚ ਪਾ ਕੇ ਪਿੱਛੇ ਨੂੰ ਸੁੜਾਕਾ ਮਾਰ ਕੇ , ਨਲੀ ਵਿਚਲੀ ਮਿੱਝ ਅੰਦਰ ਖਿੱਚ ਲਈ ।

“ਫੇਰ ਕੀ ? ਜਮਦੂਤ ਵੀ ਵੇਹਰ ਖਲੋਤੇ । ਆਪਣੇ ਰੋਡਵੇਜ਼ ਦੇ ਕੰਡਕਟਰਾਂ ਡਰਾਈਵਰਾਂ ਵਾਂਗੂੰ ਬਹਿਗੇ ਧਰਨੇ 'ਤੇ । ਹੋਣ ਲੱਗਪੀ ਜ਼ਿੰਦਾਬਾਦ ਮੁਰਦਾਬਾਦ । ਮੁਰਦਾਬਾਦ -ਜ਼ਿੰਦਾਬਾਦ ।”
“ਜਨਾਪ । ਉਥੇ ਜਮਦੂਤਾਂ ' ਚ ਵੀ ਕੰਮਰੇਟ ਹੈਗੇ --?”
“ਮਾਂ ਆਵਦੀ ਦਾ--ਭਟਿੱਟਰ ਵੀ ਨਵੀਓਂ ਗੱਲ ਕੱਢੂ ।”

“ਨਹੀਂ ਜਨਾਪ! ਜਨਾਪ ਈ ਕਹਿੰਦੇ ਅਖੇ ਜ਼ਿੰਦਾਬਾਦ-ਮੁਰਦਾਬਾਦ , ਮੁਰਦਾਬਾਦ--ਜ਼ਿੰਦਾਬਾਦ ਹੋਣ ਲੱਗਪੀ । ਮੇਰਾ ਮਤਬਲ ਜਿੱਥੇ ਚਾਰ ਕਾਮਰੇਟ ਹੋਣਗੇ , ਜ਼ਿੰਦਾਬਾਦ--ਮੁਰਦਾਬਾਦ ਤਾਂ ਉੱਥੇ ਈ ਹੋਊ ।”

“ਉਏ ਭਟਿੱਟਰਾ ! ਮਾਈਂ ਗੱਲ ਅੱਗੇ ਤੁਰਨ ਦਿਆ ਕਰ। ਮਸਾਂ ਕਿਤੇ ਸਾਹਬ ਬਹਾਦਰ ਅੱਜ ਖਿੜੇ ਆ।
ਮਾਈਂ--ਸਾਬ੍ਹ ਬਹਾਦਰ ਨੂੰ ਚੜ੍ਹ ਗਿਆ ਨਾ ਗੁੱਸਾ, ਫਿਰ ਵੇਖੀਂ ਹੱਥ ਲਾ-ਲਾ ਕੇ। ਮਸੀਂ ਕਿਤੇ ਸਾਬ੍ਹ-ਬਹਾਦਰ ਰੱਬ ਦੇ ਘਰ ਦੀ ਸੁਣਾਉਣ ਡਊਂ ਸੀ । ਭਟਿੱਟਰਾ-ਮਾਈਂ ਰੱਬ-ਰੱਬ ਕਰ, ਨਹੀਂ ਹੁਣ ਤੂੰ ਕਿਤੇ ਝੱਲ-ਬੇਲੇ ' ਚ ਮੁਕਾਬਲਾ ਬਣਾਉਂਦੇ ਹੋਣਾ ਸੀ । ਨਹੀਂ ਸੱਚ, ਸਾਹਬ ਬਹਾਦਰ ਹੋਰਾਂ ਨਾਲ ਰਲ ਕੇ ਕਿਸੇ ਨਾਲ ਮੁਕਾਬਲਾ ਕਰਨ ਡਏ ਹੋਣਾ ਸੀ । ਤੁਸੀਂ ਗੱਲ ਅੱਗੇ ਤੋਰੋ ਸਾਹਬ --।”

“ਸੌਰੀ ਜਨਾਪ ! --ਪਲੀਜ਼ ਆਗੇ ਬੜੋ ਜਨਾਪ ।” ਦਾਰੂ ਭਟਿੱਟਰ ਦੇ ਉੱਤੋਂ ਦੀ ਹੋ ਚੱਲੀ ਸੀ ।
“ਫੇਰ ਕੀ ? ਧਰਮਰਾਜ ਨੂੰ ਮੰਨਣੀ ਪਈ । ਉਹਨੇ ਬੰਦੇ ਭੇਜਤੇ ਥੱਲੇ ਧਰਤੀ ’ ਤੇ। ਆਪਣੇ ਪੰਜਾਬ 'ਚ ਕੁੱਝ ਜ਼ਿਆਦਾ ਈ ਟਰਾਂਸਫਰ ਕਰਤੇ ।”
“ਜਨਾਪ ! ਆਪਣੇ ਪੰਜਾਬ ' ਚ ਕਿਹੜੇ -ਕਿਹੜੇ ਭੇਜੇ? ਜਨਾਪ ਕੋਲ ਤਾਂ ਸਾਰਿਆਂ ਦੀ ਮਿਸਲ ਹੋਊ-- ? ”

“ਭਟਿੱਟਰਾ ! ਕਿੰਨਾ ਚਿਰ ਹੋ ਗਿਆ ਤੈਨੂੰ ਆਹ ਬੰਦੂਕ ਫੜੀ ਫਿਰਦੇ ਨੂੰ ; ਤੈਨੂੰ ਅਜੇ ਪਤਾ ਈ ਨੀ ਲੱਗਾ ? ਆਹ ਤੇਰੇ ਸਾਹਮਣੇ ਕੀ ਬੈਠਾ ? ਤੈਨੂੰ ਦੀਂਹਦਾ ਨ੍ਹੀ ਥਾਣੇਦਾਰ ਅਜੀਤ ਕੁਮਾਰ ਉਰਫ਼ ਥਾਣੇਦਾਰ ਜੀਤਾ ਜਲਾਦ ?” ਥਾਣੇਦਾਰ ਨੇ ਗੱਲ ਖ਼ਤਮ ਕਰਕੇ ਠਹਾਕਾ ਮਾਰਿਆ। ਦੈਂਤਾਂ ਵਰਗਾ ਭਿਆਨਕ ਹਾਸਾ ਥਾਣੇ ਦੇ ਕੁਆਟਰਾਂ 'ਚੋਂ ਨਿਕਲ ਕੇ, ਟਿਕੀ ਰਾਤ ਨੂੰ ਕੰਬਣੀ ਛੇੜਦਾ, ਅੰਗਰੇਜ਼ਾਂ ਵੇਲੇ ਦੇ ਬਣੇ ਹੋਏ ਥਾਣੇ ਦੇ ਰੋਸ਼ਨਦਾਨਾਂ ‘ਚ ਸਹਿਮੇ ਬੈਠੇ ਉੱਲੂਆਂ ਦੇ ਝੁੰਡ ਵਿਚ ਚਲਾ ਗਿਆ ।

“ਜਨਾਬ ਸੰਧੂ ਢਾਣੀ ਆਲੇ ਦਾ ਕੀ ਕਰਨਾ ? ਕੀ ਹੁਕਮ ਐ ਜਨਾਬ ਦਾ ? ਕਰ ਦੇਈਏ ਰੋਜਨਾਮਚੇ ਵਿਚ ਦਰਜ ? ਪਾ ਦਈਏ ਕੇਸ ਇਹਦੇ ਤੇ ?”

“ਮੁਨਸ਼ੀ !”
“ ਜੀ ਸਰ !”
"ਊਂ ਤਾਂ ਤੂੰ ਅਖ਼ਬਾਰ ’ਚੋਂ ਫ਼ਿਲਮੀ ਐਕਟਰਨੀਆਂ ਦੀਆਂ ਨੰਗੀਆਂ ਲੱਤਾਂ ਵੇਖਣ ਤੋਂ ਇਲਾਵਾ ਕੋਈ ਹੋਰ ਖ਼ਬਰ ਪੜਦਾ ਨੀ ਹੁੰਦੈ-- ਪਰ ਕੱਲ੍ਹ ਕੀ ਪੜ੍ਹ ਕੇ ਸੁਣਾਈ ਜਾਂਦਾ ਸੀ ?”
“ਸਰ ਕੋਈ ਐਮਨੈਸ਼ਟੀ ਇੰਟਰਨੈਸ਼ਨਲ ਐ। ਉਹ ਰੌਲੀ ਪਾਉਂਦੀ ਅਖੇ ਪੰਜਾਬ ਅਤੇ ਕਸ਼ਮੀਰ 'ਚ ਸੁਰੱਖਿਆ ਫੋਰਸਾਂ ਵਲੋਂ ਮਨੁੱਖੀ ਅਧਿਕਾਰਾਂ ਦਾ ਘਾਣ ਕੀਤਾ ਜਾ ਰਿਹਾ ।"

“ਯੱਦੇ ਮਨੁੱਖੀ ਅਧਿਕਾਰਾਂ ਦੇ । ਮੇਰੇ ਸਾਹਮਣੇ ਲਿਆਉ ਖਾਂ ਕੇਰਾਂ ਵੱਡੇ ਐਮਨੈਸ਼ਟੀ ਵਾਲੇ ਨੂੰ। ਦੱਸਾਂ ਇਹਨੂੰ ਕੀ ਹੁੰਦੈ ਮਨੁੱਖੀ ਅਧਿਕਾਰ । ਮੂਧਾ ਪਾ ਕੇ ਘੋਟਨਾ ਫੇਰਾਂ । ਬਰਿਆਟ ਵੇਖੀਂ ਕਿਵੇਂ ਪੈਂਦੀ । ਫੇਰ ਪਤਾ ਲੱਗੂ ਮਨੁੱਖੀ ਅਧਿਕਾਰ ਹੁੰਦੇ ਕੀ ਐ । ਕਸ਼ਮੀਰ 'ਚ ਫੋਰਸਾਂ ਵਾਲਿਆਂ ਦੇ ਸਿਰ ਵੱਢ ਕੇ ਚੁਰਾਹੇ ਵਿਚ ਟੰਗ ਦਿੱਤੇ। ਪੰਜਾਬ ਵਿਚ ਸਾਡੇ ਪਰਿਵਾਰ ਕੋਹ-ਕੋਹ ਕੇ ਮਾਰ ਦਿੱਤੇ । ਦੁੱਧ ਚੁੰਘਦੇ ਬੱਚੇ ਤੱਕ ਨ੍ਹੀਂ ਬਖ਼ਸ਼ੇ । ਇਹ ਨ੍ਹੀ ਮਨੁੱਖੀ ਅਧਿਕਾਰਾਂ ਦੀ ਉਲੰਘਣਾ ? ਜੇ ਉਹ ਸਾਨੂੰ ਮਾਰਨ ਤਾਂ ਹੱਕਾਂ ਦੀ ਲੜਾਈ- ਤੇ ਜੇ ਅਸੀਂ ਮਾਰੀਏ ਤਾਂ ਮਨੁੱਖੀ ਅਧਿਕਾਰਾਂ ਦੀ ਉਲੰਘਣਾ। ਇਹ ਵੀ ਨਾ-- ਸਾਲਾ ਨਿਤ ਨਵਾਂ ਈ ਜੰਮ ਪੈਂਦਾ ਮਨੁੱਖੀ ਅਧਿਕਾਰਾਂ ਦਾ ਪਹਿਰੇਦਾਰ ।” ਥਾਣੇਦਾਰ ਨੇ ਗੁੱਸੇ ਵਿਚ ਥੁੱਕ ਨਿਕਲਿਆ ਸੀ ।

“ ਮੁਨਸ਼ੀ ?’
“ ਜੀ ਸਰ”
“ਭਲਾ ਆਪਣੇ ਦੇਸ਼ 'ਚ ਕੇਸ ਕਿੰਨੇ ਕੁ ਚੱਲਦੇ ਹੋਣੇ ਕੋਰਟਾਂ -ਕਚਹਿਰੀਆਂ ' ਚ ?"
“ਸਰ ! ਮੇਰੇ ਸਾਬ੍ਹ ਨਾਲ ਸਾਬ-ਕਿਤਾਬ ਈ ਕੋਈ ਨ੍ਹੀ। ਲੱਖਾਂ 'ਚ ਨ੍ਹੀ ਇਹ ਤਾਂ ਕਰੋੜਾਂ 'ਚ ਈ ਹੋਣਗੇ। ਸਰ ! ਮੈਨੂੰ ਤਾਂ ਆਏਂ ਲੱਗਦਾ ਹੁੰਦਾ ਜਿਵੇਂ ਆਪਣੇ ਮੁਲਕ 'ਚ ਤੀਆ ਹਿੱਸਾ ਲੋਕ ਹਸਪਤਾਲਾਂ 'ਚ ਪਏ ਆ । ਫੇਰ ਤੀਆ ਹਿੱਸਾ ਬੱਸਾਂ-ਰੇਲਾਂ 'ਚ ਚੜ੍ਹੇ ਫਿਰਦੇ ਆ ਤੇ ਬਾਕੀ ਦੇ ਤੀਆ ਹਿੱਸਾ ਕਚਹਿਰੀਆਂ ’ਚ ਤੁਰੇ ਫਿਰਦੇ ਜੱਜਾਂ ਵਕੀਲਾਂ ਕੋਲ ਤਰੀਕਾਂ ਭੁਗਤਦੇ ।”

“ਮੁਨਸ਼ੀ ਸਾਬ੍ਹ । ਜਦੋਂ ਪਹਿਲਾਂ ਈ ਐਨੀ ਜ਼ਿਆਦਾ ਭੀੜ ਐ, ਫੇਰ ਆਪਾਂ ਕਚਹਿਰੀਆਂ 'ਚ ਹੋਰ ਭੀੜ ਕਾਸਨੂੰ ਵਧਾਉਣੀ ? ਠੀਕੈ ਕਿ ਨਈਂ ? ਥਾਣੇਦਾਰ ਜੀਤੇ ਜਲਾਦ ਦਾ ਤਾਂ ਸਿੱਧਾ ਹਿਸਾਬ ਆ ਵਈ ਕਚਹਿਰੀਆਂ 'ਤੇ ਘੱਟ ਤੋਂ ਘੱਟ ਬੋਝ ਪਾਉ । ਫੇਰ ਹੋਰ ਸੁਣ! ਮਿਸਲ ਚੱਕ ਕੇ ਸ਼ਹਾਦਤ 'ਤੇ ਤੁਰੇ ਰਹੋ ਆਏ ਦਿਨ। ਆਪਾਂ ਨ੍ਹੀ ਏਸ ਕੁੱਤ-ਖਾਨੇ ’ਚ ਪੈ ਕੇ ਰਾਜ਼ੀ । ਇਹਦੇ ਨਾਲੋਂ ਤਾਂ--ਠੀਕ ਨ੍ਹੀ ਵਈ ਕੰਮ ਇਕ ਪਾਸੇ ਲਾਉ । ਨਾ ਚੋਰ ਲੱਗੇ ਨਾ ਕੁੱਤੀ ਭੌਂਕੇ । ਕੀ ਖ਼ਿਆਲ। "

“ ਸਰ ! ਖ਼ਿਆਲ ਤਾਂ ਸਰ ਹੋਰਾਂ ਦਾ ਠੀਕੈ। ਫਿਰ ਦੇ ਦੇਈਏ ਇਹਨੂੰ ਵੀ ਨਵਾਂ ਮੁਲਕ ?"
“ਬਿਲਕੁਲ ਬਿਲਕੁਲ । ਜ਼ਿਆਦਾ ਟਾਈਮ ਨ੍ਹੀ ਰੱਖਣਾ । ਅੱਜ ਖਾਉ ਪੀਉ ਤੋਂ ਪਿੱਛੋਂ ਬਣਾ ਦਿਉ ਇਹਨੂੰ ਨਵੇਂ ਮੁਲਕ ਦਾ ਰਾਸ਼ਟਰਪਤੀ ।” ਥਾਣੇਦਾਰ ਵਲੋਂ ਮੁਕਾਬਲਾ ਬਣਾ ਦੇਣ ਨੂੰ ਲੈ ਕੇ ‘ਨਵਾਂ ਮੁਲਕ’ ਕੋਡ ਵਰਡ ਬਣਾ ਲਿਆ ਹੋਇਆ ਸੀ।

“ਦਰੁਸਤ ਆਖਿਆ ਜਨਾਪ ਨੇ। ਐਹੋ ਜੇ ਖ਼ਤਰਨਾਕ ਮੁਲਜ਼ਮ ਨੂੰ ਜ਼ਿਆਦਾ ਦੇਰ ਰੱਖਣਾ ਠੀਕ ਵੀ ਹੈਨੀ। ਐਵੇਂ ਏਧਰੋਂ-ਉਧਰੋਂ ਸੌ ਸਿਪਾਰਸ਼ਾਂ ਆਉਣ ਲੱਗ ਪੈਂਦੀਆਂ। ਭਟਿੱਟਰ ਅਜੇ ਹੁਣੇ ਆ ਕੇ ਖੜਾ ਸੀ।

“ਭਟਿੱਟਰਾ । ਊਂ ਏਹ ਤਾਂ ਤੈਨੂੰ ਪਤਾ ਵਈ ਥਾਣੇਦਾਰ ਜੀਤੇ ਜਲਾਦ ਨੂੰ ਡੀ ਐਸ ਪੀ , ਐਸ ਐਸ ਪੀ ਦੀ ਤਾਂ ਜ਼ੁਰਅਤ ਹੈਨੀ ਕੁਛ ਪੁੱਛਣ-ਪੁਛਾਉਣ ਦੀ। ਇਧਰੋਂ ਤਾਂ ਸਮਝ ਲੈ ਉੱਕਾ ਈ ਫਰੀ ਆਂ, ਪਰ ਜੇ ਕਿਧਰੇ ਉੱਤੋਂ ਡੀ ਜੀ ਪੀ ਸਾਹਿਬ ਅੱਲੋਂ ਕੋਈ ਇਸ਼ਾਰਾ ਹੋਜੇ, ਫੇਰ ਔਖਾ ਜਿਆ ਹੋ ਜਾਂਦਾ। ਤੈਨੂੰ ਪਤਾ ਹੱਥੀਂ ਆਇਆ ਸ਼ਿਕਾਰ ਸੁੱਕਾ ਛੱਡਣਾ ਥਾਣੇਦਾਰ ਜੀਤੇ ਜਲਾਦ ਨੂੰ ਔਖਾ ਬੜਾ ਲੱਗਦਾ। ਪਰ ਉਤੋਂ ਇਸ਼ਾਰਾ ਹੋਜੇ‘ਨਵਾਂ ਮੁਲਕ' ਦੇਣ ਤੋਂ ਬਿਨਾਂ ਈ ਛੱਡਣਾ ਪੈਂਦਾ। ਫੇਰ ਕਈ ਦਿਨ ਸਾਲੀ ਰੜਕ ਜ੍ਹੀ ਪੈਂਦੀ ਰਹਿੰਦੀ । ਭਟਿੱਟਰਾ ਤੈਨੂੰ ਤਾਂ ਪਤਾ ਈ ਐ ਥਾਣੇਦਾਰ ਅਜੀਤ ਕੁਮਰ ਅਤੇ ਡੀ ਜੀ ਪੀ ਸਾਹਿਬ ਦੇ ਵਿਚ-ਵਿਚਾਲੇ ਕੁੱਝ ਨ੍ਹੀ, ਬਸ ਸਿਧੀ ਤਾਰ ਜੁੜੀ ਐ ਦੋਨਾਂ ਦੀ। ਐਥੇ ਥਾਣੇ ‘ਚ ਥਾਣੇਦਾਰ ਅਜੀਤ ਕੁਮਾਰ ਉਰਫ਼ ਜੀਤਾ ਜਲਾਦ--ਤੇ ਉੱਤੇ ਚੰਡੀਗੜ੍ਹ ਸਾਹਬ ਬਹਾਦਰ ਡੀ ਜੀ ਪੀ ਸਾਹਬ । ਜੀਤਾ ਸਿਧੀ ਰਿਪੋਰਟ ਡੀ ਜੀ ਪੀ ਸਾਹਬ ਨੂੰ ਕਰਦਾ। ਕਿਸੇ ਐਰੇ-ਗੈਰੇ ਨੱਥੂ ਖੈਰੇ ਨੂੰ ਨ੍ਹੀ ।”

“ਬਿਲਕੁਲ ਦਰੁਸਤ ਆਖਿਆ ਜਨਾਪ ਨੇ। ਜਨਾਪ ਨ੍ਹੀ ਉੱਕਾ ਈ ਜੱਜਾਂ -ਵਕੀਲਾਂ 'ਤੇ ਬੋਝ ਪਾ ਕੇ ਰਾਜੀ । ਜਨਾਪ ਦੀ ਤਾਂ ਆਪਣੀ ਅਦਾਲਤ --।”

“ਭਟਿੱਟਰਾ ? " ਥਾਣੇਦਾਰ ਨੇ ਉਸਦੀ ਗੱਲ ਕੱਟ ਦਿੱਤੀ ਸੀ ।

"ਆਵਦੀ ਅਕਾਸ਼ਵਾਣੀ ਕਰ ਬੰਦ ਤੇ ਜਾਹ ਜਾਕੇ ਵੇਖੂ ਹੱਥ ਲਾ-ਲਾ ਕੇ ਨੂੰ ਸੱਦ ਕੇ ਲਿਆ ਕਵਾਟਰਾਂ 'ਚੋਂ । ਸਵੇਰੇ ਗਿਆਰਾਂ ਵਜੇ ਦਾ ਗਿਆ ਅਜੇ ਤਕ ਨ੍ਹੀ ਬਹੁੜਿਆ । ਕੰਜਰ ਦੇ ਪਿਉ ਆਲਾ ਰਾਜ ਬਣਾ ਕੇ ਬਹਿ ਜਾਂਦੇ। ਉਥੇ ਪਤਾ ਨ੍ਹੀ ਕੀ ਮਾਂ ਦਾ ਦੁੱਧ ਚੁੰਘਦਾ ਸਵੇਰ ਦਾ ।” ਥਾਣੇਦਾਰ ਨੇ ਭਟਿੱਟਰ ਦੀ ਰਿਕਾਰਡ 'ਤੇ ਰੱਖੀ ਸੂਈ ਚੱਕ ਦਿੱਤੀ ਸੀ ।

“ਮੁਨਸ਼ੀ ਸਾਹਬ ।”
“ ਜੀ ਸਰ ।”
“ਗੰਨਮੈਨਾਂ ਨੂੰ ਸੁਨੇਹਾ ਲਾ ਦੇ। ਟੈਮ ਨਾਲ ਰੋਟੀ ਟੁੱਕ ਛਕ-ਛਕਾ ਲੈਣ । ਰਾਤੀਂ ਨਵਾਂ ਮੁਲਕ ਦੇਣ ਜਾਣੈ ।”
“ ਜੀ ਸਰ ।” ਮੁਨਸ਼ੀ ਹੁਕਮ ਵਜਾਉਣ ਲਈ ਚਲਾ ਗਿਆ ਸੀ ।

***

“ਹਾਏ ਓਏ ਰੱਬਾ! ਮਾਰਤਾ ਉਏ ! ਹਾੜਾ ਰੱਬ ਦੇ ਵਾਸਤੇ ! ਨ੍ਹਾਂ ਮਾਰੋ ਉਏ ਗਊ ਗਰੀਬ ਨੂੰ ! ਰੱਬਾ ! ਜਾਨ ਕੱਢ ਲੈ ਐਦੂੰ ਤਾਂ । ਬੱਚਿਆਂ ਆਲਿਓ ਨ੍ਹਾ ਤੜਫਾਉ । ਏਦੂੰ ਤਾਂ ਗੋਲੀ ਮਾਰ ਦਿਉ । ਆਹ ਹੱਥ ਜੋੜੇ ਥੋਡੇ ਅੱਗੇ । ਗੋਲੀ ਮਾਰ ਦਿਉ । ਬੱਚਿਆਂ ਆਲਿਓ ! ਸਹੁੰ ਮੈਨੂੰ ਆਵਦੇ ਜਵਾਕਾਂ ਦੀ ਜੇ ਮੇਰੇ 'ਚ ਪੈਸੇ ਦਾ ਵੀ ਖੋਟ ਹੋਵੇ । ਥੋਨੂੰ ਕਿਸੇ ਨੇ ਗ਼ਲਤ ਮੁਕਬਰੀ ਕਰਤੀ । ਮੈਂ ਸੱਚ ਆਹਨਾ ਜਨਾਬ । ਮੇਰਾ ਯਕੀਨ ਕਰੋ । ਮੈਨੂੰ ਰੱਬ ਕਿਤੇ ਢੋਈ ਨਾ ਦੇਵੇ ਜੇ ਝੂਠ ਬੋਲਾਂ । ਮੈਨੂੰ ਉਹ ਬਹਿਕ ਤੋਂ ਧੱਕੇ ਨਾਲ ਲੈ ਗਏ ਸੀ । ਪੰਜ ਦਿਨ ਬਾਅਦ ਆਪੇ ਛੱਡ ਦਿੱਤਾ । ਪਰ ਮੈਂ ਕਿਸੇ ਵਾਰਦਾਤ ਵਿਚ ਸ਼ਾਮਲ ਨ੍ਹੀ ਹੋਇਆ । ਮੈਨੂੰ ਗੁਰੂ ਮਾਰਾਜ ਦੀ ਸਹੁੰ । ਮੈਨੂੰ ਗੋਲੀ ਮਾਰ ਦਿਉ ਏਦੂੰ ਤਾਂ । ਸੁਣ ਲੋ ਉਏ ਮਾਪਿਓ- ਰੱਬ ਦੇ ਵਾਸਤੇ ।”

“ਨਛੱਤਰਾ ! ਕੁਛ ਮੰਨਿਆ -ਮਨਾਇਆ ਵੀ ਐ ਕਿ ਐਵੇਂ ਝੋਟੀ ਅੜ੍ਹਾਟ ਪਵਾਈ ਜਾਨੈ ਸੁੱਕਾ ਈ ।”
ਕਵਾਟਰ 'ਚੋਂ ਨਿਕਲ ਕੇ ਥਾਣੇ ਵਿਚਲੇ ਆਪਣੇ ਦਫ਼ਤਰੀ ਰੂਮ ਵੱਲ ਜਾਂਦਿਆਂ ਥਾਣੇਦਾਰ ਨੇ ਹੌਲਦਾਰ ਨਛੱਤਰ ਨੂੰ ਪੁੱਛਿਆ ਸੀ ।

“ਸਾਹਬ ਬਹਾਦਰ । ਮਾਈਂ ਬੜੀ ਚੀੜੀ ਹੱਡੀ ਦਾ ਊ। ਐਵੇਂ ਡਰਾਮਾ ਕਰਨ ਡਿਆ । ਮਾਈਂ ਅੜਿੰਗਣ ਡਿਆ ਝੋਟੀ ਆਂਗੂੰ । ਕੁੱਟਣ ਅੱਲੋਂ ਤਾਂ ਕਸਰ ਨ੍ਹੀ ਛੱਡੀ । ਮਾਈਂ ਅਜੇ ਬਕਿਆ ਨ੍ਹੀ ਕੁਛ ਵੀ । ਖੈਰ ਅਜੇ ਇਹਨੇ ਆਪਣੇ ਕੈਦੋਂ ਦੇ ਹੱਥ ਨਹੀਂ ਜੇ ਵੇਖੇ । ਉਸ ਪਿਉ ਅੱਗੇ ਤਾਂ ਗੂੰਗੇ ਕਿਹੜਾ ਨਾ ਬਕ ਪੈਣ । ਇਹਦਾ ਵੀ ਜਦੋਂ ਚਾਚੇ ਕੈਦੋਂ ਨਾਲ ਪੈ ਗਿਆ ਵਾਹ, ਫੇਰ ਵੇਖੂ ਹੱਥ ਲਾ-ਲਾ ਕੇ ।” ਹੌਲਦਾਰ ਨਛੱਤਰ ਨੇ ਮੈੱਸ 'ਚੋਂ ਰੋਟੀ ਖਾ ਕੇ ਨਿਕਲੇ ਪਿੱਪਲ ਸਿੰਘ ਸਿਪਾਹੀ ਵੱਲ ਵੇਖਦਿਆਂ ਆਖਿਆ ਸੀ ।

“ਮੰਜਾ ਘੋਟਨਾ ਪਟਾ ਸ਼ਿਕੰਜਾ , ਲਾਊ ਆਪਣਾ ਕੈਦੋਂ ਲੰਗਾ। ਕੀ ਖ਼ਿਆਲੈ ?” ਥਾਣੇਦਾਰ ਨੇ ਪਿੱਪਲ ਸਿੰਘ ਨੂੰ ਥਾਣੇ ਦੇ ਵਿਹੜੇ ਵਿਚ ਮੂਧਾ ਪਾਏ ਮੁਜ਼ਰਮ ਵੱਲ ਇਸ਼ਾਰਾ ਕਰਦਿਆਂ ਕਿਹਾ ਤਾਂ ਉਸਦੇ ਸਾਰੇ ਚਿਹਰੇ 'ਤੇ ਭੱਦੀ ਜਿਹੀ ਜ਼ਹਿਰੀਲੀ ਮੁਸਕਾਨ ਫੈਲ ਗਈ ਸੀ । ਪਿੱਪਲ ਸਿੰਘ ਦੀ ਇਕ ਮੁਕਾਬਲੇ ਵਿਚ ਗੋਲੀ ਲੱਗਣ ਨਾਲ ਲੱਤ ਨਕਾਰੀ ਗਈ ਸੀ । ਉਦੋਂ ਤੋਂ ਹੀ ਉਹ ਲੰਙ ਮਾਰਨ ਲੱਗ ਪਿਆ ਸੀ ਜਿਸ ਕਾਰਨ ਉਸਦੀ ਅੱਲ ਵੀ ‘ਕੈਦੋਂ ਲੰਙਾ’ ਪਾ ਦਿੱਤੀ ਸੀ । ਪੂਰੀ ਰੇਂਜ ਵਿਚ ਹੀ ਉਹ ਕੈਦੋਂ ਲੰਙਾ ਵਜੋਂ ਹੀ ਮਸ਼ਹੂਰ ਸੀ । ਕਈ ਤਾਂ ਸਿਰਫ ਕੈਂਦੋ ਹੀ ਆਖਦੇ।

“ਸਰ ! ਕੈਦੋਂ ਅੱਗੇ ਤਾਂ ਕੰਧਾਂ ਵੀ ਮਿਆਂਕ ਉਠਦੀਆਂ-ਬੰਦਾ ਵਿਚਾਰਾ ਤਾਂ ਚੀਜ਼ ਈ ਕੀ ਐ । ਕੇਰਾਂ ਰਾਸ਼ਨ ਲੈ ਕੇ ਹੋ ਲੈਣ ਦਿਉ ਉਦਾਲੇ । ਸਾਰਾ ਖਾਧਾ ਪੀਤਾ, ਨਾਨਕੇ-ਦਾਦਕੇ , ਪੇਕੇ-ਸਹੁਰੇ--ਐਂ ਭੁੱਟ-ਭੁਟ ਦੱਸੂ ।" ਪਿੱਪਲ ਸਿਹੁੰ ਫੂਕ ਛਕ ਗਿਆ ਸੀ । ਉਸ ਨੇ ਸੱਜੇ ਹੱਥ ਦੇ ਅੰਗੂਠੇ ਅਤੇ ਵਿਚਕਾਰਲੀ ਉਂਗਲ ਨਾਲ ਚੁਟਕੀ ਵਜਾਈ ਸੀ ।

“ਘੋਟਨਾ ਫੇਰੂੰ ਮੂਧਾ ਪਾ ਕੇ । ਨਾਲੇ ਮੂੰਹ ' ਚ ਮੂਤੂੰ ਮੇਰੇ ਸਾਦੇ। ਦੱਸੂੰ ਏਹਨੂੰ ਕਿਵੇਂ ਗੌਰਮਿੰਟ ਨਾਲ ਟੱਕਰ ਲਈਦੀ । ਸਾਲੀ ਜਿਹੜੀ ਟਿੱਡੀ -ਟਟਿਆਣੀ ੳੱਠਦੀ ਸਰਕਾਰਾਂ ਨਾਲ ਖਹਿਣ ਲੱਗ ਪੈਂਦੀ । ਏਹਦੀ ਤਾਂ ਦੇਊਂ ਮੈਂ ਭੈ--।” ਕੈਦੋਂ ਸਿਪਾਹੀ ਮਰੋੜ-ਮਰੋੜ ਕੇ ਦੂਹਰੀਆਂ ਕੀਤੀਆਂ ਮੁੱਛਾਂ ਨੂੰ ਵੱਟ ਚਾੜ੍ਹਦਾ ਮੁਜ਼ਰਮ ਵੱਲ ਨੂੰ ਹੋ ਤੁਰਿਆ ਸੀ ।

***

ਥਾਣੇ ਦੇ ਕੁਆਟਰ ਵਿਚ ਬੈਠਾ ਥਾਣੇਦਾਰ ਅਜੀਤ ਕੁਮਾਰ ਅੱਜ ਡੂੰਘੀਆਂ ਸੋਚਾਂ ਵਿਚ ਪਿਆ, ਆਪਣੇ- ਆਪ ਨਾਲ ਹੀ ਗੱਲਾਂ ਕਰ ਰਿਹਾ ਸੀ ।

---ਕਿਹੋ ਜਿਹੀ ਵਾਅ ਵਗੀ ਐ ? ਹਰ ਬੰਦਾ ਹੀ ਸ਼ੱਕੀ ਜਾਪਦਾ । ਖ਼ੂਨ ਦਾ ਖ਼ੂਨ ਈ ਵੈਰੀ ਬਣਿਆ ਪਿਆ। ਸੋਚਿਆ ਸੀ ਕਦੇ ਇਉਂ ਵੀ ਫ਼ਤਵੇ ਸੁਣਾਏ ਜਾਣਗੇ ? ਅਸੀਂ ਏਸ ਧਰਤੀ 'ਤੇ ਜੰਮੇ ਜਾਏ , ਏਸ ਦਾ ਅੰਨ ਖਾਧਾ । ਮੇਰਾ ਪਿਉ-ਫਿਰ ਪਿਉਂ ਦਾ ਪਿਉ-ਫੇਰ ਅੱਗੇ ਉਹਦਾ ਪਿਉ । ਖੌਰੇ ਕਿੰਨੀਆਂ ਕੁ ਸਦੀਆਂ ਲੰਘ ਗਈਆਂ ਇਸ ਧਰਤੀ 'ਤੇ ਰਹਿੰਦਿਆਂ । ਇਥੋਂ ਦੀ ਹਵਾ ' ਚ ਸਾਹ ਲੈਂਦਿਆਂ । ਇਸ ਧਰਤੀ ਦਾ ਅੰਨ ਖਾਂਦਿਆਂ । ਇਹਦੀ ਗੋਦੀ ‘ਚ ਖੇਡਦਿਆਂ , ਸੌਂਦਿਆਂ । ਤੇ ਹੁਣ ਚੰਦ ਹਥਿਆਰਾਂ ਦੇ ਫ਼ਤਵੇ ਅਖੇ ਇਹ ਧਰਤੀ ਛੱਡ ਦਿਉ !
ਮੰਨ ਲਿਆ ਅਸੀਂ ਪੁਲਿਸ ਵਾਲੇ ਹਾਂ । ਪਰ ਸਾਡੇ ਨਾਲ ਵੈਰ ਕਾਹਦਾ ? ਨਿਰਾ ਪੁਲਿਸ ਵਾਲਾ ਹੋਣਾ ਈ ਕਸੂਰ ਐ ਸਾਡਾ ? ਇਹ ਭਲਾ ਕੀ ਕਸੂਰ ਹੋਇਆ ? ਭਲੇ ਮਾਨਸੋ ਇਹ ਤਾਂ ਰੋਜ਼ੀ-ਰੋਟੀ ਦੇ ਮਸਲੇ । ਕੋਈ ਹਲ਼ ਦੀ ਜੰਘੀ ਫੜ ਲੈਂਦਾ, ਕੋਈ ਹਥਿਆਰ ਦੀ । ਕੋਈ ਮਸ਼ੀਨ ਚਲਾਉਂਦਾ ਤੇ ਕੋਈ ਮਸ਼ੀਨ ਗੰਨ । ਇਹ ਤਾਂ ਅੱਡੋ- ਅੱਡੀ ਕਿਸਬ ਐ ਪਾਪੀ ਪੇਟ ਨੂੰ ਭਰਨ ਵਾਸਤੇ । ਫਿਰ ਸਾਡੇ ਕਿਸਬ ਨਾਲ ਵੈਰ ਕਿਉਂ?
ਤੁਹਾਡੀ ਲੜਾਈ ਸਰਕਾਰਾਂ ਨਾਲ ਐ । ਲੜੀ ਚੱਲੋ । ਤੁਸੀਂ ਜਾਣੋ ਜਾਂ ਸਰਕਾਰਾਂ । ਕਿਸੇ ਨੂੰ ਕੀ ' ਤਰਾਜ਼ ? ਸਿਆਣੇ ਕਹਿੰਦੇ ਹੁੰਦੇ ਅਖੇ ਜੇ ਕਿਸੇ ਦਾ ਕੋਈ ਹੋਊ ਤਾਂ ਹੀ ਅੱਡ ਹੋਊ । ਭਰਾ-ਭਰਾ ਅੱਡ ਹੁੰਦੇ ਈ ਆਏ । ਸਦੀਆਂ ਤੋਂ । ਜਦੋਂ ਦੀ ਦੁਨੀਆ ਸਾਜੀ ਐ । ਨਾਲੇ ਅੱਗੇ ਕਿਹੜਾ ਕਦੇ ਇਕ ਦੇ ਦੋ ਮੁਲਕ ਹੋਏ ਨ੍ਹੀ। ਸਗੋਂ ਤਿੰਨ - ਤਿੰਨ , ਚਾਰ-ਚਾਰ ਵੀ ਹੋਗੇ । ਸਾਡੇ ਵਲੋਂ ਇਕ ਛੱਡ ਕੇ ਪੰਜਾਹ ਮੁਲਕ ਬਣਾਲੋ । ਪਰ ਭਲੇਮਾਨਸੋ ਮੁਲਕ ਵੀ ਤਾਂ ਈ ਹੋਊ ਜੇ ਕੋਈ ਜਿਉਂਦਾ ਬਚਿਆ ਰਹੂ । ਲਾਸ਼ਾਂ ਦੇ ਢੇਰ 'ਤੇ ਕਿਹੜਾ ਮੁਲਕ ਉਸਰਜੂ ? ਨਾਲੇ ਜਿਹੜੀ ਹੋਲੀ ਤੁਸੀਂ ਖੇਡਦੇਓਂ--ਲੱਗਦਾ ਨ੍ਹੀ ਕੋਈ ਬਚਿਆ ਰਹਿਜੇ !
ਮੈਨੂੰ ਤਾਂ ਕਦੇ-ਕਦੇ ਲੱਗਦਾ ਆਹ ਹਿੰਦੁਸਤਾਨ ਆਲੀ ਗੋਰਮਿੰਟ ਵੀ ਕਮਲੀ ਐ । ਐਵੇਂ ਟੱਕਰਾਂ ਮਾਰਦੀ । ਆਹ ਮੁਲਕ ਆਲਾ ਛੁਣਛੁਣਾ ਜਿਹਾ ਫੜਾਵੇ ਥੋਡੇ ਹੱਥ ਤੇ ਆਖੇ, ‘ਲੈ ਆਹ ਚੱਕੋ , ਖੇਡੀ ਜਾਓ।’ ਗੌਰਮਿੰਟ ਪਤਾ ਨ੍ਹੀ ਸਮਝਦੀ ਕਿਉਂ ਨ੍ਹੀ ਵਈ ਇਨ੍ਹਾਂ ਤੋਂ ਤਾਂ ਪਾਕਿਸਤਾਨ ਆਲਿਆਂ ਜਿੰਨੇ ਸਾਲ ਵੀ ਨ੍ਹੀ ਨਿਕਲਣੇ। ਦਸਾਂ-ਵੀਹਾਂ ਸਾਲਾਂ 'ਚ ਈ ਭਿਆਂ ਬੋਲ ਜਾਣੀ। ਮਰ ਜਾਣਗੇ ਆਪੋ ਵਿਚੀ ਲੜ-ਲੜਕੇ । ਏਸ ਤੋਂ ਪਹਿਲਾਂ ਮਹਾਰਾਜੇ ਰਣਜੀਤ ਸਿਹੁੰ ਦੀ ਮੌਤ ਤੋਂ ਬਾਅਦ ਨ੍ਹੀ ਸੀ ਹੋਇਆ ਏਸ ਤਰ੍ਹਾਂ।
ਚਲੋ ਮੰਨਿਆ ਸਾਡੇ ਨਾਲ ਇਨ੍ਹਾਂ ਦਾ ਵੈਰ ਐ । ਅਸੀਂ ਸਰਕਾਰ ਦੀ ਮਸ਼ੀਨਰੀ ਦੇ ਪੁਰਜੇ ਜੋ ਹੋਏ । ਇਨ੍ਹਾਂ ਹੱਥ ਵੀ ਬਰੂਦ ਸਾਡੇ ਹੱਥ ਵੀ ਬਰੂਦ । ਦੋਵੇਂ ਅੱਗ ਦੀ ਖੇਡ ਖੇਡਦੇ । ਲੁਕਣ-ਮਚਾਈ । ਜਿਵੇਂ ਨਿੱਕੇ ਹੁੰਦਿਆਂ ਡਾਕੂ ਤੇ ਪੁਲਿਸ ਖੇਡਦੇ ਸਾਂ ਝੂਠ-ਮੂਠ ਦੀਆਂ ਬੰਦੂਕਾਂ ਨਾਲ । ਬਸ ਉਵੇਂ-ਜਿਵੇਂ ਦੀ ਖੇਡ । ਚਲੋ ਇਹ ਤਾਂ ਖੇਡ ਸੀ । ਖੇਡੀ ਜਾਂਦੇ ਸਾਂ , ਖੇਡੀ ਜਾਂਦੇ ਜਿੰਨਾ ਚਿਰ ਜੀਅ ਕਰਦਾ । ਪਰ--ਇਸ ਖੇਡ ਵਿਚ ਇਕ ਦੂਜੇ ਦੇ ਟੱਬਰ-ਬੁੱਢੇ ਮਾਂ-ਬਾਪ , ਪਤਨੀ , ਬੱਚੇ--ਭੈਣ-ਭਰਾ , ਇਹ ਕਿੱਥੋਂ ਆ ਗਏ ਵਿਚਾਲੇ ? ਦੋਵੇਂ ਧਿਰਾਂ ਈਕੋਈ ਘੱਟ ਨ੍ਹੀ। ਵਰਦੀਆਂ ‘ਤੇ ਵੀ ਵੱਡੇ ਵੱਡੇ ਦਾਗ। ਪਤਾ ਨ੍ਹੀ ਅੰਦਰ ਅੱਗ ਕਿੱਥੋਂ ਆਈ ਜਾਂਦੀ ਐ ? ਸਟਾਰ ਵਧੀ ਜਾਂਦੇ-ਕੋਠੀਆਂ ਉਸਰੀ ਜਾਂਦੀਆਂ-ਕੜੀ ਵਰਗੇ ਜੁਆਨ ਮੁੱਕਦੇ ਜਾਂਦੇ। ਕਿਹੋ ਜਿਹੀ ਹਨੇਰੀ ਗੁਫ਼ਾ ‘ਚ ਘਿਰੀ ਜਾਂਦੇ ਆਂ ?
ਸਮਝ ਨਹੀਂ ਸੀ ਲੱਗਦੀ ਕਿਸਦੇ ਗਲ਼ ਲੱਗ ਕੇ ਰੋਵਾਂ । ਵਿਹੜਾ ਭਰਿਆ ਪਿਆ ਸੀ ਲਾਸ਼ਾਂ ਨਾਲ । ਸ਼ਹਿਰ ਕਾਲਜੋਂ ਪੜ ਕੇ ਆਇਆ ਕੜੀ ਵਰਗਾ ਜੁਆਨ ਭਰਾ। ਕਿਤਾਬਾਂ ਵਿਹੜੇ ਵਿਚ ਖਿਲਰੀਆਂ ਪਈਆਂ ਸਨ। ਰੋਸ਼ਨੀ ਦੇਣ ਵਾਲੇ ਵਰਕੇ ਲਹੂ ਨਾਲ ਲੱਥ ਪੱਥ ਹੋਏ ਸਨ। ਵਿਹੜੇ ਵਿਚ ਦਸੂਤੀ ਨਾਲ ਚਾਦਰ ਕੱਢਦੀ ਮੂਰਤੀ ਵਰਗੀ ਭੈਣ। ਚੌਂਕੇ ਵਿਚ ਰੋਟੀ-ਟੁੱਕ ਦਾ ਆਹਰ ਕਰਦੀ ਸਤਵੰਤੀ ਪਤਨੀ । ਵਿਹੜੇ ਦੇ ਵਿਚਕਾਰ ਧੁੱਪ ਸੇਕਦੇ ਤੇ ਮਾਲਾ ਫੇਰਦੇ ਬੁੱਢੇ ਬੇਬੇ ਬਾਪੂ। ਮਾਲਾਵਾਂ ਅਜੇ ਵੀ ਦੋਵਾਂ ਦੇ ਹੱਥਾਂ ' ਚ ਸਨ । ਪਾਪਾ, ਚਾਚਾ, ਮਾ--ਮਾ ਕਰਦੀ, ਨਿੱਕੇ-ਨਿੱਕੇ ਪੈਰਾਂ ਨਾਲ ਠੁਮਕ-ਠੁਮਕ ਕਰਦੀ ਫਿਰਦੀ ਡੇਢ ਕੁ ਸਾਲ ਦੀ ਬੱਚੀ--ਕੁੱਝ ਵੀ ਨਹੀਂ ਸੀ ਬਚਿਆ। ਸਾਰੇ ਲਾਸ਼ ਬਣੇ ਪਏ ਸਨ । ਪੂਰੀਆਂ ਛੇ ਲਾਸ਼ਾਂ । ਸਮਝ ਨਹੀਂ ਸੀ ਲੱਗਦੀ-ਇਹ ਘੁੱਗੀਆਂ ਵਰਗੇ ਲੋਕ ਕਿਸੇ ਦੇ ਕਿਹੜੇ ਮਿਸ਼ਨ ਵਿਚ ਰੁਕਾਵਟ ਬਣਦੇ ਸਨ ? ਡੇਢ ਸਾਲ ਦੀ ਨਿੱਕੀ ਜਿਹੀ ਬਾਲੜੀ, ਰੂੰ ਦੇ ਗੋਹੜੇ ਵਰਗੀ ਪਰੀ, ਕਿਹੜਾ ਮੁਲਕ ਬਨਣ ਤੋਂ ਰੋਕਦੀ ਸੀ ਕਿਸੇ ਦਾ ?
ਇਕੱਠੇ ਛੇ ਸਿਵੇ ਬਲੇ ਸਨ ਉਦੋਂ ਪਿੰਡ ਵਿਚ । ਉਸ ਪਿੰਡ ‘ਚ ਜਿਸ ਬਾਰੇ ਕਿਹਾ ਜਾਂਦਾ ਕਿ ਇਥੇ ਗੁਰੂਆਂ ਨੇ ਚਰਨ ਪਾਏ ਸਨ ਜਿਸ ਕਰਕੇ ਪਿੰਡ 'ਤੇ ਕੋਈ ਹਬੀ-ਨਬੀ ਨਹੀਂ ਆਉਂਦੀ। ਕੋਈ ਚੋਰ-ਡਾਕੂ-ਧਾੜਵੀ ਇਸ ਪਿੰਡ ਵੱਲ ਮੂੰਹ ਹੀ ਨਹੀਂ ਕਰਦਾ । ਬਜ਼ੁਰਗ ਦੱਸਦੇ ਹੁੰਦੇ- ਸੈਂਕੜੇ ਸਾਲ ਲੰਘ ਗਏ, ਪਿੰਡ 'ਚ ਕਦੇ ਕਤਲ ਨ੍ਹੀ ਹੋਇਆ । ਗੁਰੂਆਂ ਦਾ ਵਰ ਜੋ ਸੀ । ਪਰ ਹੁਣ ? ਹੁਣ ਤਾਂ ਪੂਰੇ ਛੇ ਕਤਲ ਹੋਏ ਸਨ । ਉਹ ਵੀ ਬੇਦੋਸ਼ੇ , ਮਾਸੂਮਾਂ ਦੇ ਕਤਲ । ਪਿੰਡ ' ਚ ਸਹਿਮ ਸੀ । ਹਵਾ ਵੀ ਸਹਿਮੀ-ਸਹਿਮੀ ਵਗਦੀ ਸੀ। ਲੋਕਾਂ ਦੇ ਚਿਹਰੇ ਪੀਲੇ ਪਏ ਸਨ। ਲੋਕ ਮੇਰੇ ਨਾਲ ਹਮਦਰਦੀ ਵੀ ਸਹਿਮੀ ਜਿਹੀ ਆਵਾਜ਼ ਵਿਚ ਈ ਪ੍ਰਗਟਾਉਂਦੇ ਸਨ।
26 ਜਨਵਰੀ ਵਾਲੇ ਦਿਨ ਪੁਲਿਸ ਲਾਈਨ ਵਿਚ ਡੀ ਆਈ ਜੀ ਨੇ ਮੇਰੇ ਮੋਢੇ 'ਤੇ ਥਾਣੇਦਾਰੀ ਦੇ ਸਟਾਰ ਲਾਏ ਸਨ । ਮੈਨੂੰ ਜਾਪਿਆ ਸੀ ਜਿਵੇਂ ਡੀ ਆਈ ਜੀ ਸਾਹਬ ਨੇ ਸਾਰੀਆਂ ਲਾਸ਼ਾਂ ਚੁੱਕ ਕੇ ਮੇਰੇ ਮੋਢੇ 'ਤੇ ਟਿਕਾ ਦਿੱਤੀਆਂ ਹੋਣ । ਮੈਂ ਇਕੱਲਾ ਨਹੀਂ ਸਾਂ, ਮੇਰੇ ਵਰਗੇ ਕਿੰਨੇ ਹੋਰ ਸਨ ਜਿਨ੍ਹਾਂ ਦੇ ਲੋਥਾਂ ਬਣੇ ਰਿਸ਼ਤੇਦਾਰ , ਸਟਾਰ ਤੇ ਫੀਤੀਆਂ ਬਣ ਕੇ ਉਨ੍ਹਾਂ ਦੇ ਮੋਢਿਆਂ 'ਤੇ ਆ ਲੱਗੇ ਸਨ।

******

“ ਜਨਾਪ !”
“ਇਕ ਗੱਲ ਪੁੱਛ ਸਕਦੇਂ ਜਨਾਪ ਨੂੰ ? ”
“ਕੀ ਪੁੱਛਣੈ ?”
“ਐਨਾ ਉਖੜਿਆ -ਉਖੜਿਆ ਤਾਂ ਜਨਾਪ ਨੂੰ ਜ਼ਿੰਦਗੀ ' ਚ ਪਹਿਲੀ ਵਾਰ ਵੇਖ ਰਿਹਾਂ ।”
“ਬਸ ਐਵੇਂ ਈ। ”
“ਜਨਾਪ ਆਪਣੇ ਤੇ ਉਨ੍ਹਾਂ 'ਚ ਆਹ ਲੁਕਣ-ਮਚਾਈ ਆਲੀ ਖੇਡ ਭਲਾ ਕਿੰਨ੍ਹਾ ਕੁ ਚਿਰ ਚੱਲਦੀ ਰਹੂ ?"

“ਕੋਈ ਪਤਾ ਨ੍ਹੀ? ਸ਼ਾਇਦ ਉਦੋਂ ਤਕ ਜਦੋਂ ਤਕ ਇਕ ਧਿਰ ਖ਼ਤਮ ਨ੍ਹੀ ਹੋ ਜਾਂਦੀ । ਹੁਣ ਤਾਂ ਇਹ ਵੀ ਨ੍ਹੀ ਪਤਾ ਚੱਲਦਾ ਕਿ ਸਾਡੇ ਵਿਚਕਾਰ ਜੰਗ ਚਲਦੀ ਜਾਂ ਪਿਆਰ।”
"ਪਰ ਜਨਾਬ ਜਿਵੇਂ ਕਹਿੰਦੇ ਹੁੰਦੇ ਪਿਆਰ ਅਤੇ ਜੰਗ ' ਚ ਸਭ ਜਾਇਜ਼ ਹੁੰਦਾ । ਆਹ ਮੁੰਡੀਹਰ ਕਾਬੂ ਕਿਥੋਂ ਆਵੇ ਜੇ ਜਨਾਬ ਹੋਰੀਂ ਆਪਣੇ ਬੰਦੇ ਇਨ੍ਹਾਂ ਦੇ ਗਰੁੱਪਾਂ 'ਚ ਫਿੱਟ ਨ੍ਹਾ ਕਰਨ ਤਾਂ ।”
“ਭਟਿੱਟਰਾ ! ਬੰਦੂਕਾਂ ਨਾਲ ਖੇਡਦਾ-ਖੇਡਦਾ , ਸ਼ਾਇਰਾਂ ਆਲੀਆਂ ਗੱਲਾਂ ਕਰਦੈਂ। ਸ਼ਾਇਰਾਂ ਨਾਲ ਰਿਹੈਂ?"

“ਜਨਾਪ ! ਜੇ ਬੰਦੂਕਾਂ ਨਾਲ ਨਾ ਖੇਡਦੇ ਹੁੰਦੇ ਤਾਂ ਅੱਖਰਾਂ ਨਾਲ ਈ ਖੇਡਣਾ ਸੀ। ਨਾਲੇ ਸਾਡੇ ਆਲਾ ਗਿਆਨੀ ਮਾਸਟਰ ਆਂਹਦਾ ਹੁੰਦਾ ਸੀ ਕਿ ਕਈ ਵਾਰ ਪਿਆਰ ਤੋਂ ਬਾਅਦ ਜੰਗ ਛਿੜਦੀ ਐ ਤੇ ਕਈ ਵਾਰ ਜੰਗ ਤੋਂ ਬਾਅਦ ਪਿਆਰ ਹੋ ਜਾਂਦਾ ।”

“ਵਾਹ ਉਏ ਭਟਿੱਟਰਾ ! ਵਾਹ ! ਜੰਗ ਤੇ ਪਿਆਰ ! ਪਿਆਰ ਤੇ ਜੰਗ !”
“ਕਿਉਂ ਜਨਾਪ ਠੀਕ ਨੀ ? "

“ਭਟਿੱਟਰਾ । ਅਸਲ ਗੱਲ ਤਾਂ ਇਹ ਐ ਬਈ ਪੁਤਲੀਆਂ ਅਸੀਂ ਤਾਂ। ਉਹ ਵੀ ਪੁਤਲੀਆਂ, ਅਸੀਂ ਵੀ ਪੁਤਲੀਆਂ ! ਜਿਵੇਂ ਕੋਈ ਨਚਾਈ ਜਾਂਦਾ, ਨੱਚੀ ਜਾਨੈ। ਡੋਰ ਤਾਂ ਆਪਣੀ ਦੋਵਾਂ ਧਿਰਾਂ ਦੀ ਕਿਸੇ ਹੋਰ ਦੇ ਹੱਥ ਈ ਐ।" ਥਾਣੇਦਾਰ ਦੀ ਆਵਾਜ਼ ਜਿਵੇਂ ਕਿਸੇ ਡੂੰਘੇ ਖੂਹ ਵਿਚੋਂ ਆਈ ਸੀ ।

***

“ਜਨਾਪ ? ”
“ਜਨਾਪ ! ਬੱਗੇਆਣੇ ਤੋਂ ਪੰਚਾਇਤ ਆਈ ਬੈਠੀ ਮਿਲਣ ਨੂੰ । ਥਾਣੇ ਆਲੇ ਬੋਹੜ ਥੱਲੇ ਬੈਠੀ । ਜਨਾਪ , ਜੇਹੜੀ ਕੁੜੀ ਸਹੁਰਿਆਂ ਨੇ ਕੁੱਟ ਮਾਰ ਕਰਕੇ ਪੇਕੀਂ ਭੋਜਤੀ ਸੀ, ਉਹਦੇ ਕੇਸ ' ਚ ਆਈ ਆ ।”
“ਤੂੰ ਕੀ ਆਖਿਆ ?“
"ਜਨਾਪ ! ਮੈਂ ਆਖਤਾ ਸੀ ਜਨਾਪ ਦੀ ਤਬੀਅਤ ਠੀਕ ਨ੍ਹੀ । ਕੁਆਟਰ 'ਚ ਰੈਸਟ ਕਰਦੇ ਪਏ ਆ। ਡਾਕਟਰ ਨੇ ਰੈਸਟ ਕਰਨ ਦੀ ਤਾਕੀਦ ਕੀਤੀ ਐ ।"
“ਚੰਗਾ ਕੀਤਾ । ਵਧੀਆ ਕੀਤਾ ।"
“ਫੇਰ ਜਨਾਪ ?"

“ਅੱਜ ਜੀਅ ਨ੍ਹੀ ਕਰਦਾ ਕਿਸੇ ਨੂੰ ਮਿਲਣ ਨੂੰ । ਰੂਹ ਨ੍ਹੀ ਕਰਦੀ । ਆਖ ਦੇ ਸਾਹਬ ਠੀਕ ਨ੍ਹੀ। ਕੱਲ ਨੂੰ ਮਿਲ ਲੈਣ । ਜੇ ਜ਼ਿਆਦਾ ਜ਼ਰੂਰੀ ਹੋਇਆ ਤਾਂ ਏ ਐਸ ਆਈ ਬਲਦੇਵ ਨੂੰ ਮਿਲਾਦੀਂ । ਆਈ ਓ ਤਾਂ ਉਹੀ ਆ ਏਸ ਕੇਸ ਵਿਚ ।”

“ਤੁਸੀਂ ਅਰਾਮ ਕਰੋ ਜਨਾਪ । ਮੈਂ ਆਪੇ ਕੋਈ ਬਹਾਨਾ ਮਾਰ ਕੇ ਟਾਲ ਦੂੰ ।” ਭਟਿੱਟਰ ਜਾਣ ਲਈ ਤੁਰ ਪਿਆ ਸੀ ।
“ਜਨਾਪ ? ” ਜਾਂਦਾ ਜਾਂਦਾ ਉਹ ਫੇਰ ਗੇਟ ਕੋਲੋਂ ਮੁੜ ਆਇਆ ਸੀ ।
"ਹੂੰ-- ਅ ।"

“ਜਨਾਪ ! ਮਾਈਂਡ ਨਾ ਕਰਿਓ । ਸੌਰੀ ਜਨਾਪ ! ਜਨਾਪ ਪਰਸੋਂ ਤਾਂ ਬਿਲਕੁਲ ਠੀਕ-ਠਾਕ ਸਨ । ਕੱਲ੍ਹ ਜਦੋਂ ਬਖਤਗੜੀਆ ਬਖਤੌਰਾ ਫੜਿਆ ; ਉਦੂੰ ਬਾਅਦ ਦਾ ਜਨਾਪ ਦਾ ਮੂਡ ਅੱਪਸੈਟ ਹੋਇਆ । ਕੋਈ ਗੱਲ ਹੈ ਜ਼ਰੂਰ । ਜਨਾਪ, ਮੈਨੂੰ ਪੰਜ ਸਾਲ ਹੋਗੇ ਜਨਾਪ ਨਾਲ ਰਹਿੰਦਿਆਂ । ਥੋਨੂੰ ਐਂ ਕਦੇ ਟੁੱਟੇ-ਟੁੱਟੇ ਜਿਹੇ, ਉਦਾਸੇ ਜਿਹੇ ਨ੍ਹੀ ਦੇਖਿਆ ।”

“ਨਈਂ--ਈਂ । ਬਸ ਊਈਂ ਚਿੱਤ ਠੀਕ ਨ੍ਹੀ । ਕਈ ਵਾਰ ਕੋਈ ਅਗਲੀ-ਪਿਛਲੀ ਗੱਲ ਚਿੱਤ 'ਤੇ ਚੜ੍ਹ ਜਾਂਦੀ ਐ।”

“ਉਹ ਤਾਂ ਜਨਾਪ ਦਰੁਸਤ ਐ । ਗਏ ਗਵਾਚੇ ਵਾਪਸ ਤਾਂ ਨ੍ਹੀ ਆਉਂਦੇ, ਪਰ ਭੁੱਲਦੇ ਥੋੜ੍ਹਾ ?" ਜਵਾਬ ਵਿਚ ਥਾਣੇਦਾਰ ਅਜੀਤ ਕੁਮਾਰ ਕੁੱਝ ਨਹੀਂ ਸੀ ਬੋਲਿਆ । ਉਸਨੇ ਭਟਿੱਟਰ ਤੋਂ ਅੱਖ ਬਚਾ ਕੇ ਅੱਖਾਂ ‘ਚ ਉੱਤਰ ਆਇਆ ਪਾਣੀ ਰੁਮਾਲ ਨਾਲ ਸਾਫ਼ ਕੀਤਾ ਸੀ ।

“ਜਨਾਪ । ਜਨਾਪ ਨੇ ਬਖਤੌਰੇ ਨੂੰ ਇੰਨਟੈਰੋਗੇਟ ਵੀ ਨ੍ਹੀ ਸੀ ਕਰਨ ਦਿੱਤਾ । ਆਵਦੇ ਕੁਆਟਰ 'ਚ ਲਿਜਾ ਕੇ ਈ ਪੁੱਛ-ਗਿੱਛ ਕੀਤੀ ਇਕੱਲਿਆਂ ਨੇ ?"

“ਕੀ ਮਤਲਬ ਤੇਰਾ ?” ਥਾਣੇਦਾਰ ਨੇ ਜਿਵੇਂ ਸਾਰਾ ਹੀ ਤਾਣ ਲਾ ਕੇ ਸੁਆਲ ਕਰ ਦਿੱਤਾ ਸੀ। ਉਸਦੀ ਹਾਲਤ ਹੀ ਅਜਿਹੀ ਸੀ ਵਰਨਾ ਭਟਿੱਟਰ ਵਰਗੇ ਹੋਮਗਾਰਡੀਏ ਦੀ ਤਾਂ ਕੀ , ਕਿਸੇ ਡੀ ਐਸ ਪੀ ਦੀ ਵੀ ਐਨਾ ਕੁੱਝ ਪੁੱਛਣ ਦੀ ਜ਼ੁਰਅਤ ਨਹੀਂ ਸੀ ਪੈਣੀ।

“ਜਨਾਪ! ਰਾਤੀਂ ਜਦੋਂ ਬਖਤੌਰੇ ਨੂੰ ਛੰਭ 'ਚ ਲੈ ਕੇ ਜਾ ਰਹੇ ਸਾਂ ‘ਨਵਾਂ ਮੁਲਕ’ ਦੇਣ ਵਾਸਤੇ--ਜਨਾਪ ਉਦੋਂ ਵੀ ਚੁੱਪ-ਚੁੱਪ ਸਨ ।”

“ਤੈਨੂੰ ਦੱਸਿਆ ਤਾਂ ਹੈ-- ਅਗਲੀਆਂ ਪਿਛਲੀਆਂ ਕਈ ਯਾਦਾਂ ਚੜ੍ਹ ਆਉਂਦੀਆਂ ਦਿਮਾਗ ‘ਤੇ।"

“ਜਨਾਪ ਭੈਣੀ ਆਲੇ ਕੱਚੇ ਰਾਹ ‘ਤੇ ਕਮਾਦੀ ਦੇ ਨਾਲ ਜਾਂਦਿਆਂ, ਜਦੋਂ ਈ ਜਿਪਸੀ ਮੋੜ ਕੱਟਣ ਲਈ ਹੌਲੀ ਹੋਈ--ਬਖਤੌਰਾ ਬਿਜਲੀ ਦੀ ਲਿਸ਼ਕ ਵਾਂਗੂੰ ਜਿਪਸੀ ਵਿਚੋਂ ਛਾਲ ਮਾਰ ਕੇ ਕਮਾਦੀ ‘ਚ ਕਿਧਰੇ ਗਾਇਬ ਹੋ ਗਿਆ। ਫੇਰ ਨ੍ਹੀ ਹੱਥ ਆਇਆ। ਕਿੰਨਾ ਚਿਰ ਟੱਕਰਾਂ ਮਾਰਦੇ ਰਹੇ। ਫਾਇਰ ਵੀ ਕੀਤੇ ਏਧਰ-ਓਧਰ। ਬਸ ਉੱਡਣੇ ਪੰਛੀ ਵਾਂਗੂੰ ਮਾਰ ਗਿਆ ਉਡਾਰੀ ।”

“ਉਹਦੀ ਵਧੀ ਸੀ, ਬਚ ਨਿਕਲਿਆ । ਭਟਿੱਟਰਾ ਮਾਰਨ ਵਾਲੇ ਨਾਲੋਂ ਬਚਾਉਣ ਆਲਾ ਤਕੜਾ ਹੁੰਦਾ। ਨਾਲੇ ਜੀਹਨੂੰ ਰੱਖੇ ਰੱਬ। ਉਹਨੂੰ ਮਾਰੇ ਕੌਣ ?” ਥਾਣੇਦਾਰ ਦੀ ਆਵਾਜ਼ ਠੰਡੀ ਸੀ।

“ਪਰ ਜਨਾਪ, ਥਾਣੇਦਾਰ ਜੀਤੇ ਜਲਾਦ ਦੇ ਹੱਥੋਂ ਮੁਜ਼ਰਮ ਬਚ ਕੇ ਨਿਕਲਜੇ ? ਉਹ ਵੀ ਨਿਹੱਥਾ, ਗੱਲ ਸਮਝ ‘ਚ ਨ੍ਹੀ ਆਉਂਦੀ ਮੇਰੇ ਤਾਂ। ਮੇਰੇ ਕੀ ਸਾਰੇ ਥਾਣੇ ‘ਚੋਂ ਕਿਸੇ ਦੇ ਵੀ ਸਮਝ ‘ਚ ਨ੍ਹੀ ਆਉਂਦੀ। ਇਹ ਤਾਂ ਸ਼ੇਰ ਦੇ ਜੁਬਾੜੇ ਵਿਚੋਂ ਹਿਰਨੀ ਦੇ ਬਚ ਕੇ ਨਿਕਲ ਜਾਣ ਵਾਲੀ ਗੱਲ ਐ। ਜੱਗੋਂ ਤੇਰਵੀਂ। ਜਾਣੀਦਾ ਹੋ ਈ ਨ੍ਹੀ ਸਕਦਾ ! ਪਰ ਜਨਾਪ ਹੋ ਵੀ ਸਕਦਾ ! ਦੋਵੇਂ ਗੱਲਾਂ ਈ ਆ । ਕੀ ਪਤਾ ਰੱਬ ਦੇ ਰੰਗਾਂ ਦਾ ? ਵਧੀ ਨੂੰ ਸੌ ਢੋਅ ਮੇਲੇ ਲੱਗ ਜਾਂਦੇ-- ਘਟੀ ਨੂੰ ਵੀ ਕੋਈ ਨਾ ਕੋਈ ਬਹਾਨਾ ਬਣ ਜਾਂਦਾ।”

“ਹੂੰ--ਅ ਅ।”
“ਜਨਾਪ ! ਮਾਫ਼ ਕਰਨਾ । ਜਨਾਪ ਦਾ ਦਿਲ ਤਾਂ ਸ਼ੇਰ ਵਰਗਾ--ਪਰ ਉਸ ਦਿਨ ਜਨਾਪ ਦੇ ਹੱਥਾਂ ‘ਚ ਫੜੀ ਰਿਵਾਲਵਰ ਕੰਬਦੀ ਦੇਖੀ । ਕੋਈ ਨਾ ਕੋਈ ਗੱਲ ਹੈ ਜ਼ਰੂਰ!”
ਜੁਆਬ ਵਿਚ ਕੁੱਝ ਨਹੀਂ ਬੋਲਿਆ ਥਾਣੇਦਾਰ ।
“ਜਨਾਪ ! ਥਾਣੇ ਦੇ ਸਾਰੇ ਮੁਲਾਜ਼ਮਾਂ ’ਚ ਘੁਸਰ-ਮੁਸਰ ਜਈ ਹੁੰਦੀ।”
“ ਕੀ ?” ਥਾਣੇਦਾਰ ਦੀ ਆਵਾਜ਼ ਬੜੀ ਮੱਧਮ ਸੀ ।
“ਕਹਿੰਦੇ ਬਖ਼ਤਗੜੀਏ ਬਖਤੌਰੇ ਨੂੰ ਭਜਾਇਆ ਗਿਐ।” ਥਾਣੇਦਾਰ ਨੇ ਗਹੁ ਨਾਲ ਭਟਿੱਟਰ ਦੀਆਂ ਅੱਖਾਂ ਵਿਚ ਦੇਖਿਆ।
“ਬਸ ਏਵੇਂ ਹੀ ਸਮਝ ਲੈ।”
“ਇਕ ਖ਼ਤਰਨਾਕਇਨਾਮ ਯਾਫ਼ਤਾ--ਬਖਤਗੜੀਆ । ਜਨਾਪ ਮਾਫ਼ ਕਰਨਾ ।”
“ਭਟਿੱਟਰਾ ਇੱਕ ਗੱਲ ਦੱਸ ? ਧੀ-ਧਿਆਣੀ ਦਾ ਸਿਰ ਕੱਜੀਦਾ ਕਿ ਉਹਨੂੰ ਸਿਰੋਂ ਨੰਗੀ ਕਰੀਦਾ ?”
“ਜਨਾਪ ਮੇਰੇ ਤਾਂ ਸਮਝੋ ਬਾਹਰੀ ਗੱਲ ਐ ।”

“ਬਖਤੌਰਾ ਸਾਡੇ ਪਿੰਡ ਦਾ ਜੁਆਈ ਐ। ਪਿੰਡ ਆਲੇ ਗੁਰਾ ਸਿਹੁੰ ਝਿਉਰ ਘਰੇ ਵਿਆਹਿਆ। ਜਿਹੜੀ ਕੁੜੀ ਬਖਤੌਰੇ ਦੇ ਘਰੇ ਐ ਨਾ, ਮੇਰੀ ਨਿੱਕੀ ਭੈਣ ਸੱਤੀ ਨਾਲ ਪੜ੍ਹਦੀ ਹੁੰਦੀ ਸੀ । ਉਹੀ ਸੱਤੀ ਜਿਹੜੀ ਡਾਹਢਿਆਂ ਨੇ ਲਾਸ਼ ‘ਚ ਬਦਲ ਦਿੱਤੀ ਸੀ। ਸੱਤੀ ਨਾਲ ਅਕਸਰ ਘਰੇ ਆਉਂਦੀ ਰਹਿੰਦੀ ਸੀ। ਬਚਪਨ ਤੋਂ ਈ ਇਕੱਠੀਆਂ ਹੱਸਦੀਆਂ-ਖੇਡਦੀਆਂ ਵੱਡੀਆਂ ਹੋਈਆਂ ਸਨ । ਅਸੀਂ ਤਾਂ ਕਮਲੀ-ਕਮਲੀ ਆਂਹਦੇ ਹੁੰਦੇ ਸਾਂ ਲਾਡ ਨਾਲ। ਉਹਦੇ ਵਿਆਹ ‘ਤੇ ਈ ਦੇਖਿਆ ਸੀ ਬਖਤੌਰੇ ਨੂੰ ਐਵੇਂ ਮਾੜਾ ਜਿਹਾ। ਕੀ ਪਤਾ ਸੀ ਐਸ ਤਰ੍ਹਾਂ ਮੇਲੇ ਹੋਣਗੇ। ਉਹ ਤਾਂ ਉੱਕਾ ਈ ਨਹੀਂ ਸੀ ਜਾਣਦਾ ਪਰ ਮੈਂ ਪਛਾਣ ਲਿਆ ਸੀ। ਭਟਿੱਟਰਾ, ਭਾਵੇਂ ਕੁਛ ਕਰ ਦਿੰਦੇ, ਉਹ ਕਿਹੜਾ ਜਾਣਦਾ ਸੀ ਮੈਨੂੰ ਪਰ ।”

ਥਾਣੇਦਾਰ ਉਠ ਕੇ ਖਿੜਕੀ ਕੋਲ ਜਾ ਖੜ੍ਹਾ ਸੀ। ਖਿੜਕੀ ਰਾਹੀਂ ਉਹ ਡੁੱਬ ਰਹੇ ਸੂਰਜ ਦੀ ਲਾਲੀ ਨੂੰ ਵੇਖਣ ਲੱਗਾ ਸੀ।

“ਭਟਿੱਟਰਾ ! ਮੈਂ ਤਾਂ ਪਹਿਲਾਂ ਈ ਛੇ ਲਾਸ਼ਾਂ ਦਾ ਬੋਝ ਮੋਢਿਆਂ ‘ਤੇ ਚੁੱਕੀ ਫਿਰਦਾਂ ਤੇ ਹੁਣ ਇਕ ਹੋਰ ਧੀ - ਧਿਆਣੀ ਦੇ ਹੰਝੂਆਂ ਦਾ ਭਾਰ ਮੇਰੇ ਮੋਢਿਆਂ ਤੋਂ ਨਹੀਂ ਸੀ ਚੁੱਕ ਹੋਣਾ । ਬਖਤੌਰਾ ਤਾਂ ਅੱਗ ਨਾਲ ਖੇਡਦਾ ਫਿਰਦਾ। ਐਹੋ ਜਿਆਂ ਦਾ ਹਸ਼ਰ ਤਾਂ ਤੈਨੂੰ ਪਤਾ ਈ ਐ। ਊਂ ਸਮਝਾਇਆ ਵੀ ਸੀ ਉਹਨੂੰ। ਕੀ ਪਤਾ-ਹੁਣ ਦਾ ਬਚਿਆ, ਬਚਿਆ ਈ ਰਹਿਜੇ। ਭਟਿੱਟਰਾ--ਤੂੰ ਸੱਚ ਆਹਨਾ, ਕਿਸੇ ਨੂੰ ਮਾਰਨ ਲੱਗਿਆਂ ਜੀਤੇ ਜਲਾਦ ਦਾ ਹੱਥ ਨ੍ਹੀ ਕੰਬਿਆ- ਪਰ ਧੀ-ਧਿਆਣੀ ਆਵਦੇ ਹੱਥੀਂ ਕਿਵੇਂ ਰੰਡੀ ਕਰ ਲੈਂਦਾ ?”

“ਜਨਾਪ !”
“ਭਟਿਟਰਾ ! ਬਖਤਗੜ੍ਹੀਏ ਬਖਤੌਰੇ ਨੂੰ ਭਜਾ ਕੇ ਮੈਂ ਆਪਣੀ ਵਰਦੀ ਨਾਲ ਵਫ਼ਾ ਨ੍ਹੀ ਕੀਤੀ--ਪਰ ਕੀ ਕਰਦਾ ਮੈਂ ? ਤੂੰ ਹੀ ਦੱਸ ? ਮੇਰੀ ਥਾਂ ' ਤੇ ਤੂੰ ਹੁੰਦਾ, ਤੂੰ ਕੀ ਕਰਦਾ ?”
ਭਟਿੱਟਰ ਨੇ ਦੇਖਿਆ ਥਾਣੇਦਾਰ ਅਜੀਤ ਕੁਮਾਰ ਦੀਆਂ ਅੱਖਾਂ ਵਿਚੋਂ ਮੋਟੇ-ਮੋਟੇ ਅੱਥਰੂ ਨਿਕਲ ਕੇ ਉਸਦੀ ਸੰਘਣੀ ਕਾਲੀ ਦਾਹੜੀ ਵਿਚ ਗੁਆਚ ਗਏ ਸਨ।

*****

  • ਮੁੱਖ ਪੰਨਾ : ਕਹਾਣੀਆਂ, ਗੁਰਮੀਤ ਕੜਿਆਲਵੀ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ