Yaadaan Di Lakeer : K.L. Garg

ਯਾਦਾਂ ਦੀ ਲਕੀਰ : ਕੇ.ਐਲ. ਗਰਗ

ਯਾਦਾਂ ਦੀ ਲਕੀਰ ਬਹੁਤ ਲੰਮੀ ਹੁੰਦੀ ਹੈ। ਬੰਦਾ ਇਸ ਨੂੰ ਜਿੱਥੋਂ ਤਕ ਚਾਹੇ, ਖਿੱਚ ਕੇ ਲਿਜਾ ਸਕਦਾ ਹੈ।
ਦੀਪਕ ਨੂੰ ਗਿਆਂ ਪੰਜ ਵਰ੍ਹੇ ਗੁਜ਼ਰ ਚੱਲੇ ਹਨ। ਮੇਰੇ ਰਿਸ਼ਤੇਦਾਰ, ਸਾਕ-ਸਬੰਧੀ ਤੇ ਦੀਪਕ ਦੇ ਦੋਸਤ ਆਖਦੇ ਹਨ ਕਿ ਉਹ ਮਰ ਗਿਆ ਹੈ। ਪਰ ਮੈਂ ਕਿਵੇਂ ਮੰਨ ਲਵਾਂ ਕਿ ਉਹ ਮਰ ਗਿਆ ਹੈ। ਉਹ ਤਾਂ ਹਰ ਵੇਲੇ, ਦਿਨ ਰਾਤ, ਸੌਣ-ਜਾਗਣ ਵੇਲੇ ਮੇਰੇ ਅੰਗ-ਸੰਗ ਰਹਿੰਦਾ ਹੈ। ਲੋਕ ਵੀ ਕਿੰਨੇ ਭੁਲੇਖੇ ਵਿੱਚ ਜਿਉਂਦੇ ਹਨ। ਜਿਹਡ਼ਾ ਸ਼ਖ਼ਸ ਹਰ ਵੇਲੇ ਤੁਹਾਡੇ ਨਾਲ-ਨਾਲ ਤੁਰਿਆ ਫਿਰਦਾ ਹੋਵੇ, ਤੁਹਾਡੇ ਸਾਹ ਨਾਲ ਸਾਹ ਲੈਂਦਾ ਹੋਵੇ, ਉਹ ਮਰ ਕਿਵੇਂ ਸਕਦਾ ਹੈ। ਦੁਨੀਆਂ ਨੂੰ ਭੁਲੇਖਾ ਹੋ ਸਕਦਾ ਹੈ, ਪਰ ਮੈਨੂੰ ਕੋਈ ਭੁਲੇਖਾ ਨਹੀਂ। ਦੀਪਕ ਤਾਂ ਹਾਲੇ ਵੀ ਮੇਰੇ ਲਈ ਜਿਉਂਦਿਆਂ ਵਾਂਗ ਹੈ। ਨਿੱਕੀ ਨਿੱਕੀ ਉਲਝਣ ’ਤੇ ਮੇਰਾ ਸਾਥ ਦਿੰਦਾ ਹੈ। ਮੇਰੀਆਂ ਛੋਟੀਆਂ ਵੱਡੀਆਂ ਸਮੱਸਿਆਵਾਂ ਦੇ ਹੱਲ ਦੱਸਦਾ ਹੈ। ਰਾਹ ਭੁੱਲ ਜਾਵਾਂ ਤਾਂ ਮੇਰੀ ਉਂਗਲ ਫਡ਼ ਕੇ ਸਹੀ ਰਾਹ ਦੱਸਦਾ ਹੈ। ਉਦਾਸ ਹੋਵਾਂ ਤਾਂ ਮੇਰੀ ਠੋਡੀ ਫਡ਼ ਕੇ ਆਖਦਾ ਹੈ, ‘‘ਦੀਵਿਆ, ਉਦਾਸ ਹੋਣ ’ਤੇ ਤੇਰੇ ਮੂੰਹ ’ਤੇ ਤਾਂ ਉਂਜ ਹੀ ਬਾਰਾਂ ਵੱਜ ਜਾਂਦੇ ਨੇ। ਹੱਸਣਾ ਵੱਡੀ ਨਿਆਮਤ ਹੈ। ਹੱਸਦਾ ਬੰਦਾ ਖਿਡ਼ੇ ਫੁੱਲ ਵਾਂਗ ਲੱਗਦਾ ਹੈ। ਤੂੰ ਉਦਾਸ ਹੁੰਦੀ ਹੈਂ ਤਾਂ ਮੇਰੇ ਫੁੱਲ ਵੀ ਮੁਰਝਾ ਜਾਂਦੇ ਹਨ।’’ ਤੇ ਉਹ ਕੁਤਕੁਤਾਡ਼ੀਆਂ ਕੱਢ ਕੱਢ, ਉਨੀ ਦੇਰ ਰੁਕਦਾ ਨਹੀਂ, ਜਦੋਂ ਤਕ ਮੈਂ ਖਿਡ਼ਖਿਡ਼ਾ ਕੇ ਹੱਸ ਨਾ ਪਵਾਂ।
ਮੇਰਾ ਨਾਂ ਤਾਂ ਭਾਵੇਂ ਦੀਪਾ ਹੈ, ਪਰ ਉਹ ਮੈਨੂੰ ਹਮੇਸ਼ਾਂ ‘ਦੀਵਾ’ ਆਖ ਕੇ ਹੀ ਬੁਲਾਉਂਦਾ ਸੀ। ਉਹ ਮੈਨੂੰ ਦੀਵਾ ਆਖਦਾ ਤਾਂ ਮੈਂ ਵੀ ਉਸ ਨੂੰ ‘ਦੀਪਕ’ ਦੀ ਥਾਵੇਂ ‘ਲੈਂਪ’ ਆਖਦੀ ਸਾਂ। ਉਨ੍ਹਾਂ ਦਿਨਾਂ ਵਿੱਚ ਬਿਜਲੀ ਬਹੁਤ ਜਾਂਦੀ ਹੁੰਦੀ ਸੀ। ਆਉਂਦੀ ਘੱਟ ਤੇ ਜਾਂਦੀ ਬਹੁਤੀ। ਜਦੋਂ ਬਿਜਲੀ ਨੇ ਜਾਣਾ ਤਾਂ ਉਸ ਨੇ ਮੈਨੂੰ ਸੁਣਾਉਂਦਿਆਂ ਉੱਚੀ ਆਵਾਜ਼ ਵਿੱਚ ਆਖਣਾ, ‘‘ਦੀਵਾ ਤਾਂ ਗੁੱਲ ਹੋ ਗਿਆ, ਹੁਣ ਕੀ ਕਰੀਏ? ਕਰੋ ਕੋਈ ਹੀਲਾ।’’ ਤਾਂ ਮੈਂ ਵੀ ਉਸੇ ਲਹਿਜੇ ਵਿੱਚ ਉਸ ਨੂੰ ਛੇਡ਼ਦਿਆਂ ਕਹਿ ਦਿੰਦੀ ਸਾਂ, ‘‘ਕੋਈ ਨਾ, ਫ਼ਿਕਰ ਨਾ ਕਰੋ। ਆਪਣੇ ਕੋਲ ਲੈਂਪ ਜੁ ਹੈਗਾ। ਆਪਾਂ ਲੈਂਪ ਜਗਾ ਲੈਂਦੇ ਆਂ।’’ ਇਨ੍ਹਾਂ ਛੋਟੇ ਛੋਟੇ ਵਾਕਾਂ ’ਤੇ ਅਸੀਂ ਖ਼ੂਬ ਹੱਸਦੇ ਸਾਂ। ਉਸ ਹੱਸਦਿਆਂ ਹੱਸਦਿਆਂ ਮੁਡ਼ ਆਖਣਾ, ‘‘ਵਿਚਾਰਾ ਲੈਂਪ ਤੇਰੇ ਕਾਬੂ ਆਇਆ ਹੋਇਆ ਹੈ। ਜਗਾਓ ਭਾਵੇਂ ਬੁਝਾਓ। ਉਹਨੇ ਕਿਹਡ਼ਾ ਕੋਈ ਹੀਲ-ਹੁੱਜਤ ਕਰਨੀ ਹੈ।’’ ਤੇ ਉਸ ਨੇ ਭੋਲਾ ਜਿਹਾ ਮੂੰਹ ਬਣਾ ਲੈਣਾ। ਮੈਂ ਵੀ ਝੱਟ ਹੀ ਕਹਿ ਦਿੰਦੀ ਸਾਂ, ‘‘ਹਾਇ, ਹਾਇ, ਏਦਾਂ ਕਿਉਂ ਆਖਦੇ ਹੋ। ਅਸੀਂ ਲੈਂਪ ਨੂੰ ਬੁਝਾਉਣਾ ਕਿਉਂ ਹੋਇਆ? ਮਸਾਂ ਤਾਂ ਮਿਲਿਆ, ਸਾਂਭ-ਸਾਂਭ ਰੱਖਾਂਗੇ, ਲਿਸ਼ਕਾ-ਪੁਸ਼ਕਾ ਕੇ। ਜਗਦਾ ਰੱਖਾਂਗੇ ਅਸੀਂ ਆਪਣੇ ਲੈਂਪ ਨੂੰ।’’ ਸੁਣਦਿਆਂ ਹੀ ਉਸ ਦਾ ਚਿਹਰਾ ਫੁੱਲ ਵਾਂਗ ਖਿਡ਼ ਜਾਂਦਾ।
ਉਸ ਦੇ ਦਫ਼ਤਰੋਂ ਵਾਪਸ ਆਉਣ ਦਾ ਸਮਾਂ ਹੋਣ ਲੱਗਦਾ ਤਾਂ ਮੈਂ ਉਚੇਚੇ ਤੌਰ ’ਤੇ ਤਿਆਰ ਹੁੰਦੀ। ਸਾਫ਼-ਸੁਥਰੇ, ਉਸ ਦੀ ਪਸੰਦ ਦੇ ਕੱਪਡ਼ੇ ਪਹਿਨਦੀ। ਮੂੰਹ ਸਿਰ ਸੰਵਾਰਦੀ, ਬੁੱਲ੍ਹਾਂ ’ਤੇ ਹਲਕਾ ਜਿਹਾ ਸੁਰਖੀ ਦਾ ਟੱਚ ਦਿੰਦੀ। ਮੈਨੂੰ ਉਚੇਚਾ ਤਿਆਰ ਹੋਈ ਦੇਖ ਕੇ ਉਹ ਹੱਸ ਕੇ ਪੁੱਛਦਾ, ‘‘ਦੀਵਿਆ, ਕਿਤੇ ਜਾਣ ਦੀ ਤਿਆਰੀ ਹੈ? ਬਡ਼ੀਆਂ ਸਪੀਡਾਂ ਖਿੱਚੀਆਂ?’’ ਮੈਂ ਵੀ ਉਸ ਰੌਂਅ ’ਚ ਆਖਣਾ, ‘‘ਜਾਣ ਦੀ ਨ੍ਹੀਂ, ਕਿਸੇ ਦੇ ਆਉਣ ਦੀ ਤਿਆਰੀ ਹੈ। ਜਦੋਂ ਲੈਂਪ ਨੇ ਆਉਣਾ ਹੋਵੇ ਤਾਂ ਦੀਵਾ ਵਿਚਾਰਾ ਕਿੱਥੇ ਜਾ ਸਕਦਾ ਹੈ?’’ ਸੁਣਦਿਆਂ ਹੀ ਉਸ ਮੈਨੂੰ ਘੁੱਟ ਕੇ ਜੱਫੀ ਪਾ ਲੈਣੀ। ਮੈਂ ਦੋ ਕੱਪ ਚਾਹ ਬਣਾਉਂਦੀ, ਸਨੈਕ ਤਿਆਰ ਕਰਦੀ ਤੇ ਅਸੀਂ ਨਿੱਕੀਆਂ ਨਿੱਕੀਆਂ ਗੱਲਾਂ ਕਰਦੇ ਹੋਏ ਚਾਹ ਪੀਂਦੇ। ਸ਼ਾਮ ਨੂੰ ਅਸੀਂ ਸੈਰ ਲਈ ਨਿਕਲ ਜਾਂਦੇ।
ਹੁਣ ਵੀ ਮੇਰੀ ਇਹੋ ਆਦਤ ਪੱਕੀ ਹੋਈ ਹੈ। ਹੁਣ ਵੀ ਮੈਂ ਦੋ ਕੱਪ ਹੀ ਚਾਹ ਦੇ ਬਣਾਉਂਦੀ ਹਾਂ। ਸਨੈਕ ਤਿਆਰ ਕਰਦੀ ਹਾਂ। ਅਚਾਨਕ ਮੇਰੇ ਮੂੰਹੋਂ ਨਿਕਲ ਜਾਂਦਾ ਹੈ, ‘‘ਲੈਂਪ, ਆਓ ਚਾਹ ਪੀਏ।’’ ਜਦੋਂ ਦੂਜਾ ਕੱਪ ਉਵੇਂ ਪਿਆ ਰਹਿੰਦਾ ਤਾਂ ਮੈਂ ਖ਼ੁਦ ਹੀ ਉਹ ਕੱਪ ਵੀ ਪੀ ਜਾਂਦੀ ਹਾਂ। ਚਾਹ ਪੀਣ ਤੋਂ ਬਾਅਦ ਮੈਂ ਸੈਰ ਲਈ ਨਿਕਲ ਜਾਂਦੀ ਹਾਂ। ਮੈਨੂੰ ਲੱਗਦਾ ਹੈ ਜਿਵੇਂ ਦੀਪਕ ਵੀ ਮੇਰੇ ਨਾਲ ਤੁਰ ਰਿਹਾ ਹੋਵੇ। ਮੇਰੀਆਂ ਆਲੀਆਂ-ਭੋਲੀਆਂ ਗੱਲਾਂ ਦਾ ਜਵਾਬ ਦੇ ਰਿਹਾ ਹੋਵੇ। ਮੈਨੂੰ ਆਪਣੇ ਨਾਲ ਗੱਲਾਂ ਕਰਦਿਆਂ ਦੇਖ ਕੇ ਆਲੇ-ਦੁਆਲੇ ਤੁਰੇ ਜਾਂਦੇ ਲੋਕ ਹੈਰਾਨੀ ਨਾਲ ਮੇਰੇ ਵੱਲ ਤੱਕਣ ਲੱਗਦੇ ਹਨ।
ਇੱਕ ਵਾਰੀ ਮੇਰੀ ਮਾਂ ਮੈਨੂੰ ਮਿਲਣ ਆਈ ਹੋਈ ਸੀ। ਮੇਰੀ ਮਾਂ ਚਾਹ ਨਹੀਂ ਪੀਂਦੀ। ਮੈਂ ਉਸੇ ਤਰ੍ਹਾਂ ਦੋ ਕੱਪ ਚਾਹ ਦੇ ਤਿਆਰ ਕੀਤੇ ਤੇ ਪੀਣ ਬੈਠ ਗਈ ਸਾਂ। ‘‘ਇਹ ਦੂਜਾ ਕੱਪ ਕੀਹਦੇ ਲਈ ਹੈ, ਦੀਪਾ? ਮੈਂ ਤਾਂ ਚਾਹ ਪੀਂਦੀ ਨਹੀਂ।’’ ‘‘ਦੀਪਕ ਲਈ ਮਾਂ,’’ ਮੈਂ ਝੱਟ ਕਹਿ ਦਿੱਤਾ ਸੀ। ਸੁਣਦਿਆਂ ਹੀ ਮਾਂ ਦੀਆਂ ਭੁੱਬਾਂ ਨਿਕਲ ਗਈਆਂ ਸਨ। ਮੈਂ ਉਵੇਂ ਹੀ ਸਹਿਜ ਸਾਂ। ਹਉਕੇ ਭਰਦਿਆਂ ਮਾਂ ਬੋਲੀ ਸੀ, ‘‘ਧੀਏ, ਸਮਝਦਾਰੀ ਤੋਂ ਕੰਮ ਲੈ। ਭੁਲੇਖੇ ਵਿੱਚ ਕਿੰਨੀ ਕੁ ਦੇਰ ਜਿਉਂਦੀ ਰਹਿ ਸਕੇਂਗੀ। ਜ਼ਮੀਨ ’ਤੇ ਤੁਰਨ ਦੀ ਆਦਤ ਪਾ। ਜਿੰਨੀ ਜਲਦੀ ਇਹ ਆਦਤ ਪਾ ਲਵੇਂਗੀ, ਸੌਖੀ ਰਹੇਂਗੀ। ਹਾਲੇ ਸਾਰੀ ਉਮਰ ਪਈ ਹੈ।’’
ਮੈਂ ਮਾਂ ਨਾਲ ਕਿੰਨੀ ਦੇਰ ਹੀ ਤਰਕ-ਵਿਤਰਕ ਕਰਦੀ ਰਹੀ ਸਾਂ। ਦੀਪਕ ਜਦੋਂ ਵੀ ਘਰ ਮੁਡ਼ਦਾ, ਉਸ ਕਦੇ ਘਰ ਦੀ ਡੋਰ ਬੈੱਲ ਨਹੀਂ ਵਜਾਈ ਸੀ। ਬੂਹਾ ਖੁੱਲ੍ਹਾ ਹੁੰਦਾ ਤਾਂ ਹੌਲੀ ਦੇਣੇ ਬੂਹਾ ਧੱਕਦਿਆਂ ਝੱਟ ਮੇਰੇ ਸਾਹਵੇਂ ਆ ਖਲੋਂਦਾ। ਜਿਵੇਂ ਆਪਾਂ ਨਿਆਣਿਆਂ ਨੂੰ ਹੈਰਾਨ ਕਰਨ ਲਈ ‘ਦਾਅਤ’ ਆਖਦੇ ਹਾਂ। ਮੈਂ ਆਖਣਾ, ‘‘ਡੋਰ ਬੈੱਲ ਕਾਹਦੇ ਵਾਸਤੇ ਲਗਵਾਈ ਹੋਈ ਐ? ਉਹਦਾ ਬਟਨ ਨੱਪਿਆ ਕਰੋ ਨਾ।’’ ਉਸ ਨੇ ਹੱਸ ਕੇ ਕਹਿਣਾ, ‘‘ਇਹ ਤਾਂ ਓਪਰਿਆਂ ਵਾਸਤੇ ਲਗਵਾਈ ਹੋਈ ਐ। ਅਸੀਂ ਤਾਂ ਆਪਣੇ ਹੀ ਘਰ ਵਡ਼ਨਾ ਹੁੰਦੈ। ਆਪਣੇ ਘਰ ਆਉਣ ਲਈ ਡੋਰ ਬੈੱਲ ਵਜਾਉਣ ਦੀ ਭਲਾ ਕੀ ਲੋਡ਼ ਐ?’’ ਉਹ ਸਰ ਸਰ ਕਰਦੀ ਹਵਾ ਵਾਂਗ ਘਰ ਵਿੱਚ ਪੋਲੇ ਪੋਲੇ ਪੈਰ ਧਰਦਾ ਤੇ ਘਰ ਰੌਸ਼ਨੀ ਨਾਲ ਭਰ ਜਾਂਦਾ।
ਬੂਹਾ ਬੰਦ ਹੁੰਦਾ ਤਾਂ ਪੋਲਾ ਪੋਲਾ ਠਕੋਰਦਾ। ਇੰਨਾ ਹੌਲੀ ਕਿ ਗੁਆਂਢੀਆਂ ਨੂੰ ਵੀ ਨਾ ਸੁਣਦਾ। ਮੈਂ ਝੱਟ ਸਮਝ ਜਾਂਦੀ। ਭੱਜ ਕੇ ਬੂਹਾ ਖੋਲ੍ਹਦੀ ਤਾਂ ਉਹ ਮੈਨੂੰ ਪਿਆਰ ਨਾਲ ਜੱਫੀ ’ਚ ਲੈ ਲੈਂਦਾ। ਮੁਹੱਲੇ ਦੇ ਸਭ ਨਿਆਣਿਆਂ-ਸਿਆਣਿਆਂ ਨੂੰ ਉਸ ਦੇ ਬੂਹਾ ਠਕੋਰਨ ਦੇ ਇਸ ਅੰਦਾਜ਼ ਦਾ ਪਤਾ ਸੀ। ਕਿਸੇ ਗੁਆਂਢੀ ਨੂੰ ਵੀ ਸਾਡੇ ਨਾਲ ਕੋਈ ਕੰਮ ਹੁੰਦਾ ਤਾਂ ਡੋਰ ਬੈੱਲ ਨਹੀਂ ਸੀ ਵਜਾਉਂਦਾ, ਬੂਹਾ ਠਕੋਰਦਾ ਹੀ ਸੀ। ਪੋਲੀ ਪੋਲੀ ਠੱਕ ਠੱਕ। ਕਦੇ ਕਦੇ ਗਲੀ ਦੇ ਵੱਡੇ ਜੁਆਕ ਵੀ ਸ਼ਰਾਰਤ ਨਾਲ ਬੂਹੇ ’ਤੇ ਠੱਕ ਠੱਕ ਕਰ ਦਿੰਦੇ ਹਨ। ਮੈਂ ਬੂਹਾ ਖੋਲ੍ਹਦੀ ਹਾਂ ਤਾਂ ਲੁਕਦੇ ਫਿਰਦੇ ਹਨ। ਮੈਂ ਵੇਖ ਲਵਾਂ ਤਾਂ ਕਹਿਣ ਲੱਗ ਪੈਂਦੇ ਹਨ, ‘‘ਆਂਟੀ, ਮੈਂ ਨਹੀਂ ਬੂਹਾ ਠਕੋਰਿਆ, ਰਾਮੇ ਨੇ ਠਕੋਰਿਆ।’’ ਰਾਮਾ ਕਹਿ ਦਿੰਦਾ, ‘‘ਚੱਲ ਝੂਠਾ ਨਾ ਹੋਵੇ ਤਾਂ, ਐਵੇਂ ਮੇਰਾ ਨਾਂ ਲਾਈ ਜਾਂਦਾ ਐ।’’ ਮੈਨੂੰ ਉਨ੍ਹਾਂ ਦੀਆਂ ਇਨ੍ਹਾਂ ਸ਼ਰਾਰਤਾਂ ਵਿੱਚੋਂ ਸੁਆਦ ਆਉਂਦਾ ਹੈ। ਮੈਨੂੰ ਲੱਗਦਾ ਹੈ ਜਿਵੇਂ ਬੂਹਾ ਦੀਪਕ ਹੀ ਠਕੋਰ ਰਿਹਾ ਹੋਵੇ। ਮੈਂ ਉਨ੍ਹਾਂ ਦੀਆਂ ਸ਼ਰਾਰਤਾਂ ’ਤੇ ਹੱਸ ਪੈਂਦੀ ਹਾਂ। ਉਨ੍ਹਾਂ ਨੂੰ ਮੁਸਕੁਰਾ ਕੇ ਆਖਦੀ ਹਾਂ, ‘‘ਠਕੋਰਿਆ ਤਾਂ ਠਕੋਰਿਆ। ਬੰਦ ਬੂਹਾ ਠਕੋਰਨ ਵਾਸਤੇ ਹੀ ਤਾਂ ਹੁੰਦਾ ਹੈ। ਇਸ ਵਿੱਚ ਝੂਠ ਬੋਲਣ ਦੀ ਕੀ ਲੋਡ਼ ਹੈ। ਛੋਟੀਆਂ ਛੋਟੀਆਂ ਗੱਲਾਂ ’ਚ ਵੀ ਝੂਠ ਨਹੀਂ ਬੋਲੀਦਾ, ਬੱਚੇ।’’ ਉਹ ਇੱਕ ਦੂਜੇ ਨੂੰ ਧੱਕੇ ਮਾਰਦੇ ਪਰ੍ਹਾਂ ਚਲੇ ਜਾਂਦੇ ਹਨ। ਮੈਨੂੰ ਤਾਂ ਬੂਹੇ ’ਤੇ ਹੋਣ ਵਾਲੀ ਠਕੋਰ ਦੀ ਆਦਤ ਜਿਹੀ ਹੀ ਪੈ ਗਈ ਹੈ। ਜਦ ਕੋਈ ਨਿਆਣਾ ਸਿਆਣਾ ਬੂਹਾ ਨਾ ਠਕੋਰੇ ਤਾਂ ਮੈਂ ਬੇਚੈਨ ਹੋ ਜਾਂਦੀ ਹਾਂ। ‘ਖੁੱਲ੍ਹੇ ਘਰਾਂ ਦੇ ਬੂਹੇ ਤਾਂ ਠਕੋਰੇ ਹੀ ਜਾਣੇ ਚਾਹੀਦੇ ਹਨ। ਏਦਾਂ ਜਿਉਂਦੇ ਹੋਣ ਦਾ ਅਹਿਸਾਸ ਬਣਿਆ ਰਹਿੰਦਾ ਹੈ।’ ਮੈਂ ਮਨ ਹੀ ਮਨ ਸੋਚਣ ਲੱਗਦੀ ਹਾਂ। ਜਦੋਂ ਮੈਂ ਬੱਚਿਆਂ ਨੂੰ ਗਲੀ ਵਿੱਚ ਖੇਡਦਿਆਂ ਦੇਖਦੀ ਹਾਂ ਤਾਂ ਉਨ੍ਹਾਂ ਨੂੰ ਪੁੱਛਦੀ ਹਾਂ, ‘‘ਕਈ ਦਿਨ ਹੋ ਗਏ ਤੁਸੀਂ ਸਾਡਾ ਬੂਹਾ ਕਿਉਂ ਨ੍ਹੀਂ ਠਕੋਰਿਆ, ਬੱਚਿਓ?’’ ਤਾਂ ਬੱਚੇ ਭੋਲੇ ਭਾਅ ਆਖ ਦਿੰਦੇ ਹਨ, ‘‘ਆਂਟੀ, ਅਸੀਂ ਤੁਹਾਨੂੰ ਤੰਗ ਨਹੀਂ ਕਰਨਾ ਚਾਹੁੰਦੇ।’’ ਉਨ੍ਹਾਂ ਭੋਲੇ ਭੰਡਾਰੀਆਂ ਨੂੰ ਕੀ ਪਤਾ ਕਿ ਆਂਟੀ ਨੂੰ ਤਾਂ ਬੂਹਾ ਠਕੋਰਨ ’ਤੇ ਸਗੋਂ ਆਨੰਦ ਆਉਂਦਾ ਹੈ। ਦੀਪਕ ਦੇ ਹੋਣ ਦਾ ਅਹਿਸਾਸ ਜਾਗਿਆ ਰਹਿੰਦਾ ਹੈ। ਮੁਹੱਬਤੀ ਛਿਣਾਂ ਦਾ ਆਭਾਸ ਹੁੰਦਾ ਹੈ।
ਦੀਪਕ ਦੇ ਜਾਣ ਤੋਂ ਬਾਅਦ ਮੈਂ ਘਰ ਵਿੱਚ ਕੋਈ ਤਬਦੀਲੀ ਨਹੀਂ ਕੀਤੀ। ਅਲਮਾਰੀ ਵਿੱਚ ਉਸ ਦੇ ਕੱਪਡ਼ੇ ਜਿਉਂ ਦੇ ਤਿਉਂ ਲਟਕ ਰਹੇ ਹਨ। ਗਰਮ ਸੂਟ ਉਦਾਂ ਹੀ ਪਏ ਹੋਏ ਹਨ। ਮੈਚਿੰਗ ਨੈਕਟਾਈਆਂ ਸੂਟਾਂ ਦੇ ਨਾਲ ਹੀ ਹੈਂਗਰਾਂ ਵਿੱਚ ਪਾਈਆਂ ਹੋਈਆਂ ਹਨ। ਕੱਪਡ਼ਿਆਂ ਤੇ ਉਸ ਦੇ ਹੋਰ ਸਾਮਾਨ ਨਾਲ ਉਸ ਦੀ ਹੋਂਦ ਘਰ ਵਿੱਚ ਨਿਰੰਤਰ ਬਣੀ ਹੋਈ ਹੈ। ਮੈਂ ਤਾਂ ਸਾਡੇ ਸੌਣ ਵਾਲਾ ਸਾਂਝਾ ਡਬਲ ਕੰਬਲ ਵੀ ਸਰਦੀਆਂ ਵਿੱਚ ਉਵੇਂ ਹੀ ਉਪਰ ਲੈਂਦੀ ਹਾਂ ਜਿਵੇਂ ਅਸੀਂ ਪਹਿਲਾਂ ਲੈਂਦੇ ਹੁੰਦੇ ਸਾਂ। ਹਫ਼ਤੇ ਦੋ ਹਫ਼ਤੇ ਬਾਅਦ ਮੈਂ ਉਸ ਦੇ ਕੱਪਡ਼ੇ ਧੋ ਕੇ, ਪ੍ਰੈੱਸ ਕਰਵਾ ਕੇ, ਉਵੇਂ ਹੀ ਅਲਮਾਰੀ ਵਿੱਚ ਹੈਂਗਰਾਂ ’ਤੇ ਲਟਕਾ ਦਿੰਦੀ ਹਾਂ। ਸਰਦੀਆਂ ਮੁੱਕਣ ’ਤੇ ਉਸ ਦੇ ਗਰਮ ਸੂਟਾਂ ਨੂੰ ਡਰਾਈਕਲੀਨ ਕਰਵਾ ਸੁੱਟਦੀ ਹਾਂ। ਡਰਾਈਕਲੀਨਰ ਨੂੰ ਕੱਪਡ਼ੇ ਦੇਣ ਜਾਂਦੀ ਹਾਂ ਤਾਂ ਉਹ ਮੇਰੇ ਵੱਲ ਹੋਰੂੰ ਹੋਰੂੰ ਦੇਖਣ ਲੱਗਦਾ ਹੈ। ਮੈਂ ਉਸ ਦੀ ਝਾਕਣੀ ਦੀ ਪ੍ਰਵਾਹ ਨਹੀਂ ਕਰਦੀ। ਸੂਟ ਵਾਪਸ ਲਿਆਉਣ ਵੇਲੇ ਉਹ ਮੇਰੇ ਕੋਲੋਂ ਘੱਟ ਪੈਸੇ ਲੈਣ ਦੀ ਕੋਸ਼ਿਸ਼ ਕਰਦਾ ਹੈ। ਮੈਂ ਪੁੱਛਦੀ ਹਾਂ, ‘‘ਕਿਉਂ? ਕੀ ਰੇਟ ਘਟ ਗਏ ਹਨ?’’ ਉਹ ਕੋਈ ਜਵਾਬ ਨਹੀਂ ਦਿੰਦਾ। ਰੋਣਹਾਕਾ ਜਿਹਾ ਮੇਰੇ ਵੱਲ ਦੇਖਦਾ ਹੈ। ਮੈਂ ਪਹਿਲੇ ਰੇਟਾਂ ਦੀ ਦਰ ਨਾਲ ਪੈਸੇ ਦੇ ਕੇ ਸੂਟ ਲੈ ਆਉਂਦੀ ਹਾਂ।
ਦੀਪਕ ਸੁਪਨਿਆਂ ਵਿੱਚ ਤਾਂ ਆਮ ਹੀ ਆਉਂਦਾ ਹੈ। ਉਵੇਂ ਹੀ ਸ਼ਰਾਰਤਾਂ ਕਰਦਾ ਹੈ। ਕਿਸੇ ਵੇਲੇ ਇਧਰ-ਉਧਰ ਖਡ਼ਕਾ ਹੋਣ ’ਤੇ ਜਾਗ ਖੁੱਲ੍ਹ ਜਾਵੇ ਤਾਂ ਅੱਖਾਂ ਮੀਟ ਕੇ ਉਨ੍ਹਾਂ ਛਿਣਾਂ ਨੂੰ ਵਾਪਸ ਲਿਆਉਣ ਦਾ ਯਤਨ ਕਰਦੀ ਹਾਂ। ਮੈਂ ਜਾਣਦੀ ਵੀ ਹਾਂ ਕਿ ਇਹ ਮਹਿਜ਼ ਸੁਪਨਾ ਹੀ ਸੀ, ਪਰ ਮਨ ਸੁਪਨੇ ਨੂੰ ਵੀ ਅਸਲੀਅਤ ਸਮਝ ਲੈਂਦਾ ਹੈ। ਸੁਪਨੇ ਵੀ ਕਈ ਵਾਰੀ ਜਾਗਦਿਆਂ ਜਿਉਂਦਿਆਂ ਵਾਂਗ ਸਾਡੀ ਆਦਤ ਬਣ ਜਾਂਦੇ ਹਨ।
ਮੈਨੂੰ ਛੋਟੀਆਂ ਜਮਾਤਾਂ ਵਿੱਚ ਪਡ਼੍ਹੀ ਵਰਡਸਵਰਥ ਦੀ ਕਵਿਤਾ ‘ਵੀ ਆ ਸੈਵਨ’ ਯਾਦ ਆਉਂਦੀ ਹੈ। ਬੱਚੀ ਲੂਸੀ ਨਹੀਂ ਜਾਣਦੀ ਕਿ ਮੌਤ ਕੀ ਹੁੰਦੀ ਹੈ। ਉਹ ਆਪਣੇ ਮੋਏ ਭਰਾ ਨੂੰ ਵੀ ਜਿਉਂਦਾ ਸਮਝਦੀ ਰਹਿੰਦੀ ਹੈ ਤੇ ਵਾਰ ਵਾਰ ਉਸ ਦੀ ਗਿਣਤੀ ਜਿਉਂਦਿਆਂ ’ਚ ਕਰ ਕੇ ਕਵੀ ਨੂੰ ਆਖੀ ਜਾਂਦੀ ਹੈ, ‘‘ਨਹੀਂ, ਨਹੀਂ, ਅਸੀਂ ਸੱਤ ਭੈਣ ਭਰਾ ਹੀ ਹਾਂ। ਮੇਰਾ ਉਹ ਭਰਾ ਉੱਥੇ ਪਿਆ ਹੋਇਆ ਹੈ। ਮੇਰੀ ਮਾਂ ਤੇ ਮੈਂ ਹਰ ਰੋਜ਼ ਉਸ ਕੋਲ ਆਉਂਦੀਆਂ ਹਾਂ। ਉੱਥੇ ਉਸ ਕੋਲ ਬੈਠਦੀਆਂ ਹਾਂ। ਉਹ ਉੱਥੇ ਲੇਟਿਆ ਹੋਇਆ ਹੈ। ਨਹੀਂ, ਨਹੀਂ, ਅਸੀਂ ਸੱਤ ਭੈਣ ਭਰਾ ਹੀ ਹਾਂ।’’
ਮੈਨੂੰ ਵੀ ਹਰ ਵਾਰੀ ਇਹੋ ਲੱਗਦਾ ਹੈ ਕਿ ਮੈਂ ਉਸ ਕੁਡ਼ੀ ਲੂਸੀ ਜਿਹੀ ਹੀ ਹਾਂ। ਅਸੀਂ ‘ਮੈਂ ਤੇ ਮੇਰਾ ਲੈਂਪ’ ਦੋ ਹੀ ਹਾਂ। ਇੱਕ ਨਹੀਂ। ਅਸੀਂ ਹਾਲੇ ਵੀ ਦੋ ਹੀ ਹਾਂ।
ਮੇਰੀਆਂ ਕੁਲੀਗਜ਼ ਹੈਰਾਨ ਵੀ ਹਨ ਤੇ ਪ੍ਰੇਸ਼ਾਨ ਵੀ। ਉਹ ਸਮਝਦੀਆਂ ਹਨ ਕਿ ਮੈਂ ਪਾਗਲ ਹੋ ਗਈ ਹਾਂ। ਅਸਲੀਅਤ ਨੂੰ ਪਛਾਣਨ ਦਾ ਯਤਨ ਨਹੀਂ ਕਰਦੀ। ਜ਼ਮੀਨ ’ਤੇ ਤੁਰਨ ਦੀ ਥਾਂ ਆਕਾਸ਼ ਵਿੱਚ ਉੱਡਦੀ ਫਿਰਦੀ ਹਾਂ। ਮੇਰੀ ਸਹੇਲੀ ਭਾਵਨਾ ਤਾਂ ਮੈਨੂੰ ਜੱਫੀ ਵਿੱਚ ਲੈ ਕੇ ਕਹਿ ਵੀ ਦਿੰਦੀ ਹੈ, ‘‘ਦੀਪਾ, ਸੋਝੀ ਤੋਂ ਕੰਮ ਲੈ। ਆਲੇ-ਦੁਆਲੇ ਬਾਰੇ ਸੁਚੇਤ ਹੋ। ਜ਼ਿੰਦਗੀ ਦੇ ਯਥਾਰਥ ਨੂੰ ਪਛਾਣ। ਇਉਂ ਸਾਰੀ ਉਮਰ ਨਹੀਂ ਨਿਕਲਦੀ। ਦੀਪਕ ਨੂੰ ਭੁੱਲ ਜਾਣ ਵਿੱਚ ਹੀ ਤੇਰੀ ਭਲਾਈ ਹੈ। ਦੀਪਕ ਨਹੀਂ ਹੈ ਹੁਣ ਇਸ ਦੁਨੀਆਂ ਵਿੱਚ… ਨਹੀਂ ਹੈ, ਉਹ ਇੱਥੇ।’’
ਮੈਨੂੰ ਉਸ ਦੀਆਂ ਅਜਿਹੀਆਂ ਗੱਲਾਂ ਸੁਣ ਕੇ ਖਿੱਝ ਚਡ਼੍ਹਦੀ ਹੈ। ਮੈਂ ਉਸ ਨੂੰ ਅੌਖੀ ਹੋ ਕੇ ਆਖਦੀ ਹਾਂ, ‘‘ਮੈਂ ਕਿਵੇਂ ਸਮਝ ਲਵਾਂ ਤੇਰੀਆਂ ਇਹ ਫ਼ਜ਼ੂਲ ਗੱਲਾਂ? ਦੀਪਕ ਦੇ ਮੈਂ ਕੱਪਡ਼ੇ ਧੋਂਦੀ ਹਾਂ, ਉਸ ਨਾਲ ਸ਼ਾਮ ਦੀ ਚਾਹ ਪੀਂਦੀ ਹਾਂ। ਉਹ ਮੇਰਾ ਬੂਹਾ ਠਕੋਰਦਾ ਹੈ। ਪਹਿਲਾਂ ਵਾਂਗ ਮੇਰੇ ਨਾਲ ਪਿਆਰ ਮੁਹੱਬਤ ਕਰਦਾ ਹੈ। ਮੈਂ ਕਿਵੇਂ ਸਮਝ ਲਵਾਂ…!’’
‘‘ਦੀਪਾ, ਦੀਪਕ ਚਲਾ ਗਿਆ ਹੈ। ਸਿਆਣੀ ਬਣ। ਕੋਈ ਬਿਮਾਰੀ ਲਗਾ ਬੈਠੇਂਗੀ ਸਰੀਰ ਨੂੰ। ਇਉਂ ਬਹੁਤੀ ਦੇਰ ਨਹੀਂ ਨਿਕਲਣੀ।’’ ਭਾਵਨਾ ਆਖਦੀ ਹੈ।
‘‘ਭਾਵਨਾ, ਤੂੰ ਸਮਝਦੀ ਕਿਉਂ ਨਹੀਂ? ਬੰਦਾ ਉਦੋਂ ਜਾਂਦਾ ਹੈ ਜਦੋਂ ਉਹ ਤੁਹਾਡੇ ਚੇਤਿਆਂ ਵਿੱਚੋਂ ਚਲਿਆ ਜਾਵੇ। ਬੰਦਾ ਉਦੋਂ ਮਰਦਾ ਹੈ ਜਦੋਂ ਉਹ ਤਹਾਡੇ ਅੰਦਰੋਂ ਮਰ ਜਾਵੇ। ਮੇਰਾ ਲੈਂਪ ਤਾਂ ਹਾਲੇ ਵੀ ਮੇਰੇ ਚੇਤਿਆਂ ਵਿੱਚ ਜਗ ਰਿਹਾ ਹੈ, ਮੇਰੇ ਅੰਦਰ ਜਿਉਂਦਾ ਹੈ। ਮੈਂ ਕੋਸ਼ਿਸ਼ ਕਰ ਰਹੀ ਹਾਂ ਉਸ ਨੂੰ ਜਗਦਾ ਰੱਖਣ ਦੀ ਤੇ ਤੁਸੀਂ ਮੇਰੇ ਲੈਂਪ ਨੂੰ ਬੁਝਾਉਣ ਲੱਗੀਆਂ ਹੋਈਆਂ ਹੋ। ਮੈਂ ਇਉਂ ਨਹੀਂ ਹੋਣ ਦੇਣਾ। ਤੁਸੀਂ ਚੰਗੀਆਂ ਸਹੇਲੀਆਂ ਹੋ ਮੇਰੀਆਂ! ਤੁਸੀਂ ਮੇਰੀਆਂ ਸਹੇਲੀਆਂ ਹੋ ਜਾਂ ਦੁਸ਼ਮਣ?’’ ਤੇ ਮੈਂ ਉੱਠ ਕੇ ਪਰ੍ਹਾਂ ਜਾਣ ਲੱਗਦੀ ਹਾਂ, ਉਨ੍ਹਾਂ ਤੋਂ ਦੂਰ।
‘‘ਇਹ ਤਾਂ ਕਮਲੀ ਹੋਈ ਪਈ ਹੈ…।’’ ਉਨ੍ਹਾਂ ਦਾ ਆਖਿਆ ਇਹ ਵਾਕ ਮੇਰੀ ਪਿੱਠ ਵਿੱਚ ਆਣ ਵੱਜਦਾ ਹੈ।
ਮੈਂ ਪਿੱਠ ਪਲੋਸ ਕੇ ਪਰ੍ਹਾਂ ਪਈਆਂ ਕੁਰਸੀਆਂ ’ਤੇ ਬੈਠ ਜਾਂਦੀ ਹਾਂ ਤੇ ਆਪਣੀਆਂ ਸਹੇਲੀਆਂ ਵੱਲ ਤਰਸ ਭਰੀਆਂ ਨਜ਼ਰਾਂ ਨਾਲ ਦੇਖਣ ਲੱਗਦੀ ਹਾਂ।

  • ਮੁੱਖ ਪੰਨਾ : ਪੰਜਾਬੀ ਕਹਾਣੀਆਂ ਤੇ ਵਿਅੰਗ; ਕੇ.ਐਲ. ਗਰਗ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ