Yamla (Story in Punjabi) : Krishan Chander

ਯਮਲਾ (ਕਹਾਣੀ) : ਕ੍ਰਿਸ਼ਨ ਚੰਦਰ

ਸ਼ਾਹੂਕਾਰ ਨਾਲ ਸੱਤ ਸਾਲ ਮੁੱਕਦਮਾਂ ਝਗੜ ਕੇ ਵੀ ਜਦੋਂ ਯਮਲਾ ਮੁੱਕਦਮਾਂ ਹਾਰ ਗਿਆ ਤਾਂ ਬੜਾ ਹੀ ਪ੍ਰੇਸ਼ਾਨ ਹੋ ਕੇ ਘਰ ਵਾਪਸ ਆਇਆ ਤੇ ਆਪਣੀ ਘਰਵਾਲੀ ਨੂੰ ਕਹਿਣ ਲੱਗਾ, ''ਭਲੀਏ ਲੋਕੇ! ਹੁਣ ਤਾਂ ਅਹਿ ਘਰ ਖਾਲੀ ਕਰਨਾ ਈ ਪਏਗਾ ਤੇ ਜ਼ਮੀਨ ਵੀ ਹੱਥੋਂ ਜਾਏਗੀ।''
ਸੁਣਨ ਸਾਰ ਉਸਦੀ ਘਰਵਾਲੀ ਰੋਣ ਲੱਗ ਪਈ ਤੇ ਨਿਆਣਿਆਂ ਨੇ ਚੀਕਾਟੇ ਛੱਡ ਦਿੱਤੇ। ਫੇਰ ਉਤਾਂਹ ਵੱਲ ਝਕਦੀ ਹੋਈ ਕਹਿਣ ਲੱਗੀ, ''ਹੁਣ ਤਾਂ ਉਹ ਮਾਲਕ ਹੀ ਤੈਨੂੰ ਬਚਾਅ ਸਕਦੈ।''
ਯਮਲਾ ਪਿੰਡ ਦਾ ਇਕ ਮਿਹਨਤੀ ਜੱਟ ਸੀ। ਸਾਰੀ ਉਮਰ ਉਸਨੇ ਬਲਦਾਂ ਵਾਂਗ ਜੁਟ ਕੇ ਕੰਮ ਕੀਤਾ ਸੀ। ਹਮੇਸ਼ਾ ਆਪਣੇ ਈਸ਼ਟ ਦੀ ਪੂਜਾ ਕੀਤੀ ਸੀ। ਆਪਣੇ ਹਾਕਮਾਂ ਦੀ ਵਗਾਰ ਕੀਤੀ ਸੀ, ਸਾਹੂਕਾਰ ਸਾਹਮਣੇ ਸਿਰ ਨਿਵਾਇਆ ਸੀ, ਤੇ ਫੇਰ ਵੀ ਜਦੋਂ ਉਸ ਦੇ ਖ਼ਿਲਾਫ਼ ਮਕਾਨ ਤੇ ਜ਼ਮੀਨ ਦੀ ਕੁਰਕੀ ਦੀ ਡਿਗਰੀ ਹੋ ਗਈ ਤਾਂ ਉਸਦਾ ਦਿਲ ਦੁਖੀ ਹੋ ਗਿਆ ਤੇ ਉਸਨੂੰ ਹਿਰਖ ਚੜ੍ਹਨ ਲੱਗ ਪਿਆ। ਪਰ ਉਸਨੇ ਹਿੰਮਤ ਨਹੀਂ ਹਾਰੀ। ਘਰਵਾਲੀ ਦੀ ਗੱਲ ਸੁਣ ਕੇ, ਉਸਨੇ ਮਾਲਕ ਨੂੰ ਲੱਭਣ ਦਾ ਪੱਕਾ ਇਰਾਦਾ ਕਰ ਲਿਆ।
ਸਭ ਤੋਂ ਪਹਿਲਾਂ ਉਹ ਪਿੰਡ ਦੇ ਪਟਵਾਰੀ ਨੂੰ ਮਿਲਿਆ, ਕਿਉਂਕਿ ਉਸਨੇ ਸੁਣਿਆਂ ਹੋਇਆ ਸੀ ਕਿ ਧਰਤੀ ਤਾਂ ਪਟਵਾਰੀ ਦੀ ਹੁੰਦੀ ਹੈ, ਉਹ ਜਿਧਰ ਚਾਹੇ ਆਪਣੀ ਜ਼ਰੀਬ ਖਿਸਕਾ ਦਏ ।
''ਪਹਿਲਾਂ ਮੇਰੀਆਂ ਲੱਤਾਂ ਘੁੱਟ, ਫੇਰ ਦਸਾਂਗਾ।'' ਪਟਵਾਰੀ ਹੁਰੀਂ ਬੋਲੇ।
ਯਮਲਾ ਆਪ ਵੀ ਖਾਸਾ ਥੱਕਿਆ ਹੋਇਆ ਸੀ, ਪਰ ਉਸਨੇ ਉਪਰ ਵਾਲੇ ਦਾ ਪਤਾ ਪੁੱਛਣਾ ਸੀ ਇਸ ਲਈ ਉਹ ਬੜੀ ਲਗਣ ਨਾਲ, ਪੂਰੇ ਦੋ ਘੰਟੇ, ਪਟਵਾਰੀ ਜੀ ਦੀਆਂ ਲੱਤਾਂ ਘੁੱਟਦਾ ਰਿਹਾ ਤੇ ਜਦੋਂ ਉਹ ਊਂਘਣ ਲੱਗ ਪਏ, ਉਸ ਫੇਰ ਪੁੱਛਿਆ :
'ਮੋਤੀਆਂ ਵਾਲਿਓ, ਹੁਣ ਤਾਂ ਦੱਸ ਦਿਓ ਉਪਰ ਵਾਲਾ ਕਿੱਥੇ ਰਹਿੰਦਾ ਏ ?''
ਊਂਘਦਾ ਹੋਇਆ ਪਟਵਾਰੀ ਬੋਲਿਆ, ''ਇੱਥੋਂ ਚੋਖੀ ਦੂਰ। ਉਤਾਂਹ...ਅਸਮਾਨ ਵਿਚ ਇਕ ਟਾਪੂ ਏ, ਜਿਸ ਦੇ ਕਿਨਾਰੇ ਕਿਨਾਰੇ ਗੁਲਾਬੀ ਮੋਤੀ ਟੰਗੇ ਹੋਏ ਨੇ, ਉੱਥੇ ਉਪਰ ਵਾਲਾ ਰਹਿੰਦਾ ਏ, ਜਿਹੜਾ ਸਾਰੀ ਧਰਤੀ ਦਾ ਮਾਲਕ ਏ।''
ਏਨੀ ਗੱਲ ਕਹਿ ਕੇ ਪਟਵਾਰੀ ਜੀ ਸੌਂ ਗਏ। ਯਮਲੇ ਨੇ ਨਿਮਰਤਾ ਨਾਲ ਦੋਏ ਹੱਥ ਜੋੜੇ, ਸਿਰ ਝੁਕਾਇਆ ਤੇ ਆਪਣੀ ਪੱਗ ਨੂੰ ਬੋਚਦਾ ਹੋਇਆ, ਪਟਵਾਰੀ ਹੁਰਾਂ ਦੇ ਕਮਰੇ ਵਿਚੋਂ ਬਾਹਰ ਨਿਕਲ ਆਇਆ।
ਤੇ ਫੇਰ ਯਮਲਾ ਇਕ ਤਾੜ ਦੇ ਰੁੱਖ ਉੱਤੇ ਜਾ ਚੜ੍ਹਿਆ ਤੇ ਉਸਦੀ ਟੀਸੀ 'ਤੇ ਪਹੁੰਚ ਕੇ ਅਸਮਾਨ ਵੱਲ ਚੜ੍ਹਨ ਲੱਗਾ—ਉਤਾਂਹ, ਹੋਰ ਉਤਾਂਹ! ਇੱਥੋਂ ਤਕ ਕਿ ਬੱਦਲ ਹੇਠਾਂ ਰਹਿ ਗਏ, ਹਵਾ ਹੇਠਾਂ ਰਹਿ ਗਈ, ਰੁੱਤਾਂ ਹੇਠਾਂ ਰਹਿ ਗਈਆਂ, ਫਾਸਲੇ ਤੇ ਚਾਨਣ ਹੇਠਾਂ ਰਹਿ ਗਏ ਪਰ ਉਹ ਚੜ੍ਹਦਾ ਹੀ ਗਿਆ ਤੇ ਤੁਰਦਾ ਹੀ ਰਿਹਾ—ਉਪਰ, ਹੋਰ ਉਪਰ; ਉਤਾਂਹ ਹੀ ਉਤਾਂਹ!
ਤੁਰਦਿਆਂ ਤੁਰਦਿਆਂ ਉਸਨੂੰ ਇਕ ਟਾਪੂ ਦਿਸਿਆ, ਚਿੱਟੇ ਸਮੁੰਦਰ ਵਿਚਾਲੇ ਇਕ ਕਾਲਾ ਟਾਪੂ ਜਿਸਦੇ ਆਲੇ ਦੁਆਲੇ ਗੁਲਾਬੀ ਮੋਤੀਆਂ ਦੀਆਂ ਝਾਲਰਾਂ ਲਟਕ ਰਹੀਆਂ ਸਨ।
ਯਮਲੇ ਨੇ ਆਪਣੀ ਜੁੱਤੀ ਲਾਹ ਕੇ ਝਾੜੀ ਤੇ ਰੱਸੀ ਨਾਲ ਬੰਨ੍ਹ ਕੇ ਮੋਢੇ ਤੋਂ ਪਿਛਾਂਹ ਵੱਲ ਸੁੱਟ ਲਈ ਤੇ ਫੇਰ ਉਸ ਚਿੱਟੇ ਸਮੁੰਦਰ ਵਿਚ ਛਾਲ ਮਾਰ ਦਿੱਤੀ। ਜਾਨ ਦੀ ਬਾਜੀ ਲਾ ਕੇ ਤੈਰਦਾ ਹੋਇਆ ਉਹ ਦੂਜੇ ਕਿਨਾਰੇ ਉੱਤੇ ਜਾ ਪਹੁੰਚਿਆ। ਏਥੇ ਇਕ ਵੱਡਾ ਸਾਰਾ ਦਰਵਾਜ਼ਾ ਸੀ, ਜਿਸਦੇ ਦੋਏ ਬਾਰ ਬੰਦ ਸਨ ਪਰ ਹਜ਼ਰਾਂ ਦੀ ਗਿਣਤੀ ਵਿਚ ਲੋਕ ਉਸ ਬੰਦ ਦਰਵਾਜ਼ੇ ਵਿਚੋਂ ਇੰਜ ਅੰਦਰ ਲੰਘੇ ਜਾ ਰਹੇ ਸਨ ਜਿਵੇਂ ਕੱਚ ਦੀ ਸਲੇਬ ਵਿਚੋਂ ਚਾਨਣ ਲੰਘ ਜਾਂਦਾ ਹੈ।
ਤੇ ਜਦੋਂ ਯਮਲੇ ਨੇ ਲੰਘਣਾ ਚਾਹਿਆ ਤਾਂ ਉਹ ਲੰਘ ਨਾ ਸਕਿਆ ਤੇ ਬਾਹਰੋਂ ਹੀ ਬਾਰ ਖੜਕਾਉਣ ਲੱਗ ਪਿਆ। ਉਸਦਾ ਰੌਲਾ-ਰੱਪਾ ਸੁਣ ਕੇ ਦਰਵਾਜ਼ੇ ਵਿਚਲੀ ਇਕ ਨਿੱਕੀ ਜਿਹੀ ਬਾਰੀ ਖੁੱਲ੍ਹੀ ਤੇ ਇਕ ਚਿੱਟ-ਦਾੜ੍ਹੀਏ ਬੁੱਢੇ ਨੇ ਆਪਣੀ ਧੌਣ ਬਾਹਰ ਕੱਢ ਕੇ ਆਪਣੀਆਂ ਨੀਲੀਆਂ ਅੱਖਾਂ ਨਾਲ ਉਸ ਵੱਲ ਬੜੀ ਹੈਰਾਨੀ ਨਾਲ ਤੱਕਿਆ ਤੇ ਪੁੱਛਿਆ :
''ਕੀ ਗੱਲ ਏ ਬਈ ?''
''ਇਕ ਫਰਿਆਦ ਏ ਜੀ !''
'ਫਰਿਆਦਾਂ ਦੇ ਫੈਸਲੇ ਇੱਥੇ ਨਹੀਂ ਹੁੰਦੇ ਉਪਰ ਹੁੰਦੇ ਨੇ।'' ਬੁੱਢੇ ਨੇ ਉਤਰ ਦਿੱਤਾ।
''ਉਪਰ ? ਉਪਰ ਕਿੱਥੇ ਜੀ ?''
'ਉਪਰ, ਜਨੱਤ ਅਤੇ ਜਹਨੁੱਮ ਵਿਚ; ਨਰਕ ਅਤੇ ਸਵਰਗ ਵਿਚ; ਹੈਵਨ ਅਤੇ ਹੇਲ ਵਿਚ।'' ਬੁੱਢਾ ਬੋਲਿਆ।
''ਤਾਂ ਕੀ ਉਪਰ ਵਾਲਾ ਇੱਥੇ ਨਹੀਂ ਰਹਿੰਦਾ ?'' ਯਮਲੇ ਨੇ ਬੜੀ ਮਾਯੂਸੀ ਨਾਲ ਪੁੱਛਿਆ।
'ਨਹੀਂ।'' ਬੁੱਢੇ ਨੇ ਬੜੀ ਲਾਪ੍ਰਵਾਹੀ ਨਾਲ ਕਿਹਾ, ''ਇਹ ਜਜ਼ੀਰਾ ਤਾਂ ਜ਼ਮੀਨ ਤੋਂ ਆਉਣ ਵਾਲੀਆਂ ਰੂਹਾਂ ਦੀ ਸਰਾਂ ਏਂ। ਇੱਥੇ ਥੱਕੀਆਂ-ਹਾਰੀਆਂ, ਭੁੱਖੀਆਂ-ਪਿਆਸੀਆਂ ਮੁਸਾਫਰ ਰੂਹਾਂ ਆਰਾਮ ਕਰਦੀਆਂ ਨੇ। ਖਾਣਾ ਖਾਂਦੀਆਂ ਨੇ ਤੇ ਰਾਤ ਕੱਟ ਕੇ ਸਵੇਰੇ ਫੇਰ ਆਪਣੇ ਸਫਰ 'ਤੇ ਰਵਾਨਾ ਹੋ ਜਾਂਦੀਆਂ ਨੇ।''
'ਮੈਂ ਵੀ ਥੱਕਿਆ ਹੋਇਆਂ, ਭੁੱਖਾ-ਪਿਆਸਾ ਵੀ ਆਂ, ਮੈਨੂੰ ਵੀ ਕੁਝ ਖਾਣ ਲਈ ਦਿਓ।'' ਯਮਲਾ ਬੜੀ ਨਿਮਰਤਾ ਨਾਲ ਬੋਲਿਆ। ਉਸਦੇ ਹਲਕ ਵਿਚ ਕੰਡੇ ਜਿਹੇ ਚੁਭ ਰਹੇ ਸਨ। ਪੈਰਾਂ ਦੀਆਂ ਤਲੀਆਂ ਵਿਚੋਂ ਖ਼ੂਨ ਰਿਸ ਰਿਹਾ ਸੀ...ਤੇ ਬੜੀ ਭੁੱਖ ਲੱਗੀ ਹੋਈ ਸੀ।
''ਕੀ ਤੂੰ ਕੋਈ ਰੂਹ ਏਂ ?'' ਬੁੱਢੇ ਨੇ ਪੁੱਛਿਆ।
''ਨਹੀਂ ਜੀ, ਮੈਂ ਤਾਂ ਯਮਲਾ ਜੱਟ ਆਂ ।'' ਯਮਲੇ ਨੇ ਬੜੇ ਭੋਲੇਪਨ ਵਿਚ ਕਿਹਾ।
''ਤਾਂ ਤੇ ਉਪਰ ਜਾਹ, ਏਥੇ ਤੇਰੀ ਖਾਤਰ ਕੋਈ ਜਗ੍ਹਾ ਨਹੀਂ।'' ਕਹਿ ਕੇ ਬੁੱਢੇ ਨੇ ਬਾਰੀ ਭੇੜ ਲਈ।
ਯਮਲੇ ਦੇ ਦੁਖੀ ਦਿਲ 'ਚੋਂ ਇਕ 'ਆਹ' ਨਿਕਲੀ ਤੇ ਉਹ ਮੁੜ ਆਪਣੇ ਸਫਰ ਉੱਤੇ ਰਵਾਨਾ ਹੋ ਗਿਆ।
ਕਿੰਨੇ ਦਿਨ, ਕਿੰਨੇ ਮਹੀਨੇ, ਕਿੰਨੇ ਸਾਲ ਉਹ ਸਫਰ ਕਰਦਾ ਰਿਹਾ—ਉਸਨੂੰ ਕੁਝ ਵੀ ਯਾਦ ਨਹੀਂ ਸੀ ਰਿਹਾ। ਬਸ ਏਨਾ ਯਾਦ ਸੀ ਕਿ ਇਕ ਉਜਾੜ ਜੰਗਲ ਸੀ ਜਿਸ ਵਿਚ ਉਹ ਸਫਰ ਕਰਦਾ ਰਿਹਾ ਸੀ। ਅਖ਼ੀਰ ਇਕ ਦਿਨ ਉਸਨੂੰ ਇਕ ਕਿਲਾ ਨਜ਼ਰ ਆਇਆ ਜਿਸ ਦੀਆਂ ਕੰਧਾ ਭਖਦੇ ਹੋਏ ਅੰਗਿਆਰ ਜਾਪਦੀਆਂ ਸਨ ਤੇ ਉਪਰੀ ਕਿਨਾਰਿਆਂ ਵਿਚੋਂ ਅੱਗ ਦੀਆਂ ਲਟਾਂ ਨਿਕਲ ਰਹੀਆਂ ਸਨ। ਅੰਦਰੋਂ ਕਰੋੜਾਂ ਇਨਸਾਨਾਂ ਦੇ ਕਰਾਹੁਣ ਦੀਆਂ ਆਵਾਜ਼ਾਂ ਆ ਰਹੀਆਂ ਸਨ। ਕਿਲੇ ਦੇ ਦਰਵਾਜ਼ੇ ਦੇ ਬਾਹਰ ਇਕ ਤਖ਼ਤਪੋਸ਼ ਉੱਤੇ ਇਕ ਬੁੱਢਾ ਆਦਮੀ ਸੁੱਤਾ ਪਿਆ ਸੀ। ਉਸਦੇ ਕੱਪੜੇ ਬੜੇ ਮੈਲੇ ਤੇ ਲੰਗਾਰ ਹੋਏ-ਹੋਏ ਸਨ। ਸਿਰ ਤੇ ਦਾੜ੍ਹੀ ਦੇ ਵਾਲਾਂ ਦੀਆਂ ਜਟਾਂ ਬੱਝ ਗਈਆਂ ਸਨ। ਪਿੰਡੇ ਵਿਚੋਂ ਬੋ ਪਈ ਆਉਂਦੀ ਸੀ, ਪਰ ਉਹ ਘੂਕ ਸੁੱਤਾ ਪਿਆ ਸੀ।
ਯਮਲੇ ਨੇ ਉਸਦੇ ਨੇੜੇ ਜਾ ਕੇ ਉਸਨੂੰ ਹਲੂਣਿਆਂ ਤਾਂ ਉਹ ਤ੍ਰਬਕ ਕੇ ਉਠ ਬੈਠਾ।
''ਕੀ ਗੱਲ ਐ, ਓਇ ?'' ਉਹ ਰਤਾ ਹਿਰਖ ਕੇ ਬੋਲਿਆ ਤਾਂ ਉਸਦੇ ਮੂੰਹ ਵਿਚੋਂ ਵੀ ਦੋ ਕੁ ਅੰਗਿਆਰ ਝੜੇ।
''ਇਕ ਅਰਜ਼ ਕਰਨੀ ਸੀ ਜੀ, ਤਖ਼ਤਾਂ ਵਾਲਿਓ !''
ਬੁੱਢੇ ਨੇ ਕਿਹਾ, ''ਅਰਜ਼! ਹੂੰ, ਪਹਿਲਾਂ ਮੇਰੀਆਂ ਜੂੰਆਂ ਕੱਢ, ਫੇਰ ਸੁਣਾਂਗਾ।''
ਖਾਸੀ ਦੇਰ ਤਕ ਯਮਲਾ ਉਸਦੀਆਂ ਜੂੰਆਂ ਕੱਢਦਾ ਰਿਹਾ। ਜਦੋਂ ਬੁੱਢੇ ਨੂੰ ਕੁਝ ਸ਼ਾਂਤੀ ਮਹਿਸੂਸ ਹੋਈ ਤਾਂ ਉਸਨੇ ਉਸਦੀ ਬਿਪਤਾ ਸੁਣੀ ਤੇ ਆਖਿਆ :
''ਜੇ ਤੂੰ ਆਪਣੀ ਆਤਮਾਂ ਮੈਨੂੰ ਦੇ ਦੇਵੇਂ ਤਾਂ ਮੈਂ ਹੀ ਤੇਰੀ ਜ਼ਮੀਨ ਤੈਨੂੰ ਵਾਪਸ ਦਿਵਾ ਸਕਦਾ ਹਾਂ।''
'ਮੇਰੇ ਕੋਲ ਮੇਰਾ ਆਪਣਾ ਤਾਂ ਕੁਝ ਵੀ ਨਹੀਂ।'' ਯਮਲਾ ਬੋਲਿਆ, ''ਮੇਰੀ ਜ਼ਮੀਨ ਤੇ ਮੇਰਾ ਮਕਾਨ ਕੁਰਕ ਕਰ ਲਿਆ ਗਿਐ, ਮੇਰਾ ਜਿਸਮ ਹਾਕਮਾਂ ਦਾ ਏ, ਆਤਮਾਂ ਮੇਰੇ ਇਸ਼ਟ ਦੇ ਪੁਜਾਰੀ ਦੀ—ਮੇਰੇ ਕੋਲ ਆਪਣਾ ਕੁਝ ਵੀ ਨਹੀਂ ਜੋ ਤੁਹਾਨੂੰ ਦੇ ਸਕਾਂ।''
''ਤਾਂ ਫੇਰ ਤੂੰ ਜਾਹ ਉਪਰ ਵਾਲੇ ਦੇ ਕੋਲ ਈ।''
''ਤੇ ਤੂੰ ਉਪਰ ਵਾਲਾ ਨਹੀਂ ?'' ਯਮਲੇ ਨੇ ਬੜੀ ਹੈਰਾਨੀ ਨਾਲ ਪੁੱਛਿਆ।
'ਨਹੀਂ, ਮੈਂ ਸ਼ੈਤਾਨ ਆਂ।'' ਬੁੱਢਾ ਹਿਰਖ ਕੇ ਆਪਣੇ ਵਾਲ ਪੁੱਟਦਾ ਹੋਇਆ ਆਖਣ ਲੱਗਾ। ਉਸਦੇ ਸਿਰ ਵਿਚੋਂ ਵੀ ਚੰਗਿਆੜੀਆਂ ਕਿਰ ਰਹੀਆਂ ਸਨ। ''ਉਪਰ ਵਾਲੇ ਨੇ ਮੈਨੂੰ ਛੱਡ ਦਿੱਤਾ ਐ। ਮੈਂ ਕਰੋੜਾਂ ਵਰ੍ਹਿਆਂ ਤੋਂ ਨਹਾਤਾ ਨਹੀਂ, ਮੇਰੇ ਪਿੰਡੇ 'ਚੋਂ ਮੁਸ਼ਕ ਆਉਣ ਲੱਗ ਪਈ ਐ ਤੇ ਮੈਂ ਪਾਣੀ ਦੀ ਭਾਲ ਵਿਚ ਆਂ।''
ਯਮਲੇ ਨੇ ਆਪਣੀ ਮਿੱਟੀ ਦੀ ਸੁਰਾਹੀ ਵਿਚ ਬਚਿਆ ਆਖ਼ਰੀ ਦੋ ਘੁੱਟ ਪਾਣੀ ਸ਼ੈਤਾਨ ਨੂੰ ਪਿਆ ਦਿੱਤਾ...ਤੇ ਸਿੱਧਾ ਬੈਕੁੰਠ ਵਿਚ ਜਾ ਪਹੁੰਚਿਆ। ਅਗਾਂਹ ਰੱਬ ਨੇ ਉਸਨੂੰ ਕਿਹਾ, ''ਯਮਲਿਆ, ਮੈਂ ਰੱਬ ਹਾਂ। ਏਸ ਸਵਰਗ ਦਾ ਰੱਬ, ਪਰ ਤੇਰੀ ਮੁਸ਼ਕਲ ਦਾ ਹੱਲ ਮੇਰੇ ਕੋਲ ਵੀ ਨਹੀਂ...ਕਿਉਂਕਿ ਮੈਂ ਉਪਰ ਵਾਲਾ ਨਹੀਂ।''
ਇਹ ਗੱਲ ਸੁਣ ਕੇ ਯਮਲੇ ਦਾ ਚਿੱਤ ਘਿਰਨ ਲੱਗ ਪਿਆ। ਉਸਦੇ ਮੂੰਹੋਂ ਅਚਾਨਕ ਨਿਕਲਿਆ :
''ਜੇ ਤੂੰ ਵੀ ਉਪਰ ਵਾਲਾ ਨਹੀਂ ਤਾਂ ਫੇਰ ਹੋਰ ਕੌਣ ਐਂ, ਉਪਰ ਵਾਲਾ ?''
ਰੱਬ ਨੇ ਯਮਲੇ ਦੇ ਮੋਢੇ ਉਤੇ ਹੱਥ ਰੱਖ ਕੇ ਬੜੇ ਪਿਆਰ ਨਾ ਆਖਿਆ, ''ਇਹ ਤੁਹਾਡੇ ਤਾਰੇ, ਨਛੱਤਰ, ਜਿਹਨਾਂ ਨੂੰ ਤੁਸੀਂ ਸੂਰਜ ਤੇ ਗ੍ਰਹਿਵਾਂ ਆਦਿ ਦਾ ਚੱਕਰ ਕਹਿੰਦੇ ਹੋ, ਮੈਂ ਤਾਂ ਸਿਰਫ ਏਨੀ ਕੁ ਜਗ੍ਹਾ ਵਿਚ ਵਸਦੇ ਮੱਨੁਖਾਂ ਦੀ ਕਿਸਮਤ ਦਾ ਪ੍ਰਮਾਤਮਾਂ ਹਾਂ...ਉਪਰ ਵਾਲਾ ਨਹੀਂ।'' ਉਸਦੀ ਆਵਾਜ਼ ਕਿਸੇ ਡੂੰਘੀ ਝੀਲ ਵਾਂਗ ਸ਼ਾਂਤ ਸੀ।
'ਤਾਂ ਫੇਰ ਉਪਰ ਵਾਲਾ ਕਿੱਥੇ ਐ?'' ਯਮਲਾ ਬੋਲਿਆ, ''ਮੈਂ ਉਸਨੂੰ ਲੱਭਣ ਅਇਆਂ ਜੀ। ਜੇ ਉਹ ਨਾ ਮਿਲਿਆ ਤਾਂ ਮੇਰੀ ਜ਼ਮੀਨ ਖੁੱਸ ਜਾਏਗੀ ਤੇ ਫੇਰ ਮੇਰੀ ਘਰਵਾਲੀ ਤੇ ਬੱਚਿਆਂ ਦਾ ਕੀ ਬਣੇਗਾ?...ਜੇ ਮੇਰੀ ਜ਼ਮੀਨ ਈ ਮੇਰੀ ਨਾ ਰਹੀ...''
ਰੱਬ ਨੇ ਮੁਸਕਰਾ ਕੇ ਪੁੱਛਿਆ, ''ਤੇਰੇ ਕੋਲ ਮਾਚਸ ਤਾਂ ਹੁਊ?''
'ਹਾਂ, ਪਰ ਤੂੰ ਮਾਚਸ ਕੀ ਕਰਨੀ ਐਂ?'' ਯਮਲੇ ਨੇ ਹੈਰਾਨ ਹੋ ਕੇ ਪੁੱਛਿਆ।
ਰੱਬ ਨੇ ਯਮਲੇ ਕੰਨ ਵਿਚ ਕਿਹਾ, ''ਤੇਰੇ ਵਾਂਗ ਮੈਨੂੰ ਵੀ ਬੀੜੀ ਪੀਣ ਦਾ ਭੁਸ ਏ, ਪਰ ਏਥੇ ਸਵਰਗ ਵਿਚ ਅੱਗ ਹੀ ਨਹੀਂ ਮਿਲਦੀ। ਜਦੋਂ ਦਾ ਸ਼ੈਤਾਨ ਇੱਥੋਂ ਕੱਢਿਆ ਗਿਆ ਏ, ਅੱਗ ਵੀ ਮੁੱਕ ਗਈ ਏ। ਕਦੇ-ਕਦਾਈਂ ਮੇਰਾ ਜੀ ਬੀੜੀ ਪੀਣ ਨੂੰ ਤਰਸ ਜਾਂਦਾ ਏ, ਪਰ ਏਥੇ ਅੱਗ ਈ ਨਹੀਂ।''
ਯਮਲੇ ਨੇ ਆਪਣੀ ਜੇਬ ਫਰੋਲ ਕੇ ਆਪਣੀ ਇੱਕੋ ਇੱਕ ਸੀਖ ਵਾਲੀ ਮਾਚਸ ਦੀ ਡੱਬੀ ਕੱਢੀ ਤੇ ਉਸਨੂੰ ਫੜਾ ਦਿੱਤੀ।
ਤੇ ਫੇਰ ਰੱਬ ਨੇ ਉਸਨੂੰ ਦੱਸਿਆ, ''ਉਪਰ ਵਾਲਾ ਚੋਖੀ ਦੂਰ ਉਤਾਂਹ ਰਹਿੰਦਾ ਏ, ਆਕਾਸ਼ ਗੰਗਾ ਤੋਂ ਵੀ ਖਾਸਾ ਉਪਰ। ਉਥੋਂ ਤਕ ਪਹੁੰਚਣ ਵਾਸਤੇ ਤੈਨੂੰ ਇਕ ਘੇਰੇ ਦੀ ਸੂਰਤ ਵਿਚ ਤੁਰਨਾ ਪਏਗਾ...ਇਕ ਵਾਰੀ ਆਪਣੇ ਦਿਲ ਦੇ ਅੰਦਰ ਤੇ ਦੋ ਵਾਰੀ ਆਪਣੇ ਦਿਲ ਤੋਂ ਬਾਹਰ, ਤੇ ਤੈਨੂੰ ਲੱਖਾਂ ਤਾਰਿਆਂ ਤੇ ਮੁੱਖ ਨਛੱਤਰਾਂ ਵਿਚੋਂ ਲੰਘ ਕੇ ਉਸ ਵਿਸ਼ਾਲ ਰਾਜਪਥ ਉੱਤੇ ਪਹੁੰਚਣਾ ਪਏਗਾ ਜਿੱਥੇ ਉਪਰ ਵਾਲਾ ਰਹਿੰਦਾ ਏ। ਪਰ ਉਹ ਏਸ ਜਨੱਤ ਤੇ ਜਹਨੁੱਮ, ਸਵਰਗ ਤੇ ਨਰਕ, ਹੈਵਨ ਤੇ ਹੇਲ ਤੋਂ ਬੜੀ ਦੂਰ ਹੈ।''
'ਉਹ ਕਿਤੇ ਵੀ ਹੋਏ ਮੈਂ ਉਸ ਕੋਲ ਜ਼ਰੂਰ ਅਪੜਾਂਗਾ। ਸ਼੍ਰੀਮਾਨ ਜੀ, ਇਹ ਮੇਰੀ ਜ਼ਮੀਨ ਦਾ ਮਾਮਲਾ ਐ!'' ਯਮਲੇ ਨੇ ਬੜੀ ਦਰਿੜਤਾ ਨਾਲ ਕਿਹਾ ਤੇ ਅਗਲੇ ਸਫਰ ਉੱਤੇ ਰਵਾਨਾ ਹੋ ਗਿਆ।
ਉਹ ਤੁਰਦਾ ਰਿਹਾ, ਨਛੱਤਰ ਰਾਹਾਂ ਦੀ ਧੂੜ ਬਣ ਗਏ ਤੇ ਘੇਰੇ ਸਿਮਟ ਕੇ ਪੈੜਾਂ ਦੇ ਨਿਸ਼ਾਨ। ਫਾਸਲੇ ਸੁੰਨ ਵਿਚ ਬਦਲ ਗਏ ਤੇ ਸਮਾਂ ਸੱਪ ਦੀ ਤੋਰ ਰੀਂਘਦਾ ਰਿਹਾ...ਤੇ ਜਦੋਂ ਉਹ ਤੁਰਦਾ ਹੋਇਆ ਆਕਾਸ਼ ਗੰਗਾ ਦੀ ਟੀਸੀ ਉੱਤੇ ਪਹੁੰਚਿਆ ਜਿੱਥੇ ਵਿਸ਼ਾਲ ਰਾਜਪਥ ਸਮਾਪਤਾ ਹੁੰਦਾ ਹੈ, ਤਾਂ ਉਸਨੇ ਦੇਖਿਆ ਕਿ ਇਕ ਔਰਤ ਆਪਣੇ ਸਿਰ ਦੇ ਵਾਲ ਖਿਲਾਰੀ ਬੈਠੀ ਰੋ ਰਹੀ ਹੈ। ਯਮਲੇ ਨੂੰ ਬੜੀ ਹੈਰਾਨੀ ਹੋਈ ਤੇ ਉਸਨੇ ਉਸ ਔਰਤ ਨੂੰ ਪੁੱਛਿਆ, ''ਤੂੰ ਕਿਉਂ ਰੋ ਰਹੀ ਐਂ ਬਈ?''
'ਮੈਂ ਉਪਰ ਵਾਲੇ ਨੂੰ ਭਾਲ ਰਹੀ ਆਂ।'' ਔਰਤ ਨੇ ਹਟਕੋਰੇ ਲੈਂਦਿਆਂ ਤੇ ਰੋਂਦਿਆਂ ਰੋਂਦਿਆਂ ਕਿਹਾ, ''ਪਰ ਉਹ ਕਿਤੇ ਲੱਭਦਾ ਈ ਨਹੀਂ ਪਿਆ।''
'ਉਸਦਾ ਕੋਈ ਪਤਾ ਠਿਕਾਣਾ ਤਾਂ ਹੋਊ?'' ਯਮਲੇ ਮੱਥੇ ਉੱਤੇ ਆਇਆ ਪਸੀਨਾ ਪੂੰਝਦਿਆਂ ਕਿਹਾ।
'ਬੜੀ ਦੂਰ ਉਪਰ ਰਹਿੰਦਾ ਏ ਕਿਤੇ। ਮੇਰੀ ਆਕਾਸ਼ ਗੰਗਾ ਤੋਂ ਅਗਾਂਹ...ਔਹ ਨਿਬੁਲਾ ਦੇਖ ਰਿਹੈਂ ਨਾ? ਉਸ ਨਿਬੁਲੇ ਦੇ ਉਸ ਪਾਰ ਇਕ ਹਜਾਰ ਹਿਊਲੇ ਨਜ਼ਰ ਆਉਣਗੇ, ਫੇਰ ਉਹਨਾਂ ਨੂੰ ਪਾਰ ਕਰਕੇ ਤੈਨੂੰ ਇਕ ਹਜਾਰ ਨਿਬੁਲੇ ਹੋਰ ਮਿਲਣਗੇ...ਉਹਨਾਂ ਤੋਂ ਅਗਾਂਹ ਸ਼ਰਿਸਟੀ ਦੀ ਆਖ਼ਰੀ ਹੱਦ 'ਤੇ ਸ਼ਾਇਦ ਉਹ ਨਿਬੁਲਾ ਏ, ਜਿੱਥੇ ਉਪਰ ਵਾਲਾ ਰਹਿੰਦਾ ਏ। ਪਰ ਤੂੰ ਉਥੋਂ ਤਾਈਂ ਅਪੱੜੇਂਗਾ ਕਿਵੇਂ? ਉੱਥੇ ਤਾਂ ਅੱਜ ਤਾਈਂ ਕੋਈ ਨਹੀਂ ਪਹੁੰਚ ਸਕਿਆ।''
'ਓਇ, ਭਲੀਏ ਲੋਕੇ,'' ਯਮਲੇ ਨੇ ਹੱਸ ਕੇ ਕਿਹਾ, ''ਪੈਂਡਾ ਭਾਵੇਂ ਕਿੰਨਾ ਵੀ ਔਖਾ ਕਿਉਂ ਨਾ ਹੋਏ, ਜੱਟ ਆਖ਼ਰ ਅੱਪੜ ਈ ਜਾਂਦਾ ਐ।''
'ਉੱਥੇ ਜਾ ਕੇ ਕੀ ਕਰੇਂਗਾ? '' ਔਰਤ ਨੇ ਹੰਝੂ ਪੂੰਝਦਿਆਂ ਕਿਹਾ, ''ਦੇਖ ਮੇਰਾ ਘਰ ਕਿੰਨਾ ਸੁੰਦਰ ਏ...ਅਹਿ ਆਕਾਸ਼ ਗੰਗਾ ਦੀ ਟੀਸੀ, ਇਹ ਹੀਰੇ ਮੋਤੀ ਜੜਿਆ ਵਿਸ਼ਾਲ ਰਾਜਪਥ...ਇਸਦੀ ਇਕ ਇਕ ਕਣੀ, ਕੋਹੇਨੂਰ ਨਾਲੋਂ ਵਧ ਕੀਮਤੀ ਹੈ।'' ਉਹ ਮੁਸਕਰਾ ਰਹੀ ਸੀ। ਯਮਲੇ ਨੂੰ ਉਸਦੀ ਮੁਸਕਾਨ ਬੜੀ ਭਲੀ ਲੱਗੀ, ਪਰ ਉਸ ਕਿਹਾ :
'ਮੈਨੂੰ ਮੇਰੀ ਜ਼ਮੀਨ ਚਾਹੀਦੀ ਐ, ਭਲੀਏ ਲੋਕੇ! ਤੂੰ ਉਹ ਮਸਾਲ ਨਹੀਂ ਸੁਣੀ—'ਢਿੱਡ ਨਾ ਪਈਆਂ ਰੋਟੀਆਂ ਤਾਂ ਸਭੇ ਗੱਲਾਂ ਖੋਟੀਆਂ'। ਹੁਣ ਮੈਨੂੰ ਜਾਣ-ਦੇ। ਤੂੰ ਮੈਨੂੰ ਰਾਹੇ ਪਾ ਦਿੱਤਾ ਤੇਰਾ ਲੱਖ ਲੱਖ ਸ਼ੁਕਰੀਆ।''
ਤੇ ਉਹ ਆਕਾਸ਼ ਗੰਗਾ ਦੀ ਟੀਸੀ ਨੂੰ ਪਾਰ ਕਰਕੇ ਪਹਿਲੇ ਨਿਬੁਲੇ ਵਿਚ ਜਾ ਪਹੁੰਚਿਆ। ਨਿਬੁਲੇ ਵਿਚੋਂ ਨਿਕਲ ਕੇ ਫੈਲੀ ਹੋਈ ਗੈਸ ਦੇ ਵਰੋਲਿਆਂ ਵਿਚ ਪਹੁੰਚ ਗਿਆ। ਇਕ ਹਜ਼ਾਰ ਚੱਕਰਾਂ ਦੀ ਸਰਿਸ਼ਟੀ ਤੋਂ ਅਗਾਂਹ ਇਕ ਹਜ਼ਾਰ ਨਿਬੁਲਿਆਂ ਦੇ ਚੱਕਰਦਾਰ ਰਸਤਿਆਂ ਤੋਂ ਹੁੰਦਾ ਹੋਇਆ ਆਖ਼ਰੀ ਨਿਬੁਲੇ ਉੱਤੇ ਜਾ ਪਹੁੰਚਿਆ। ਉੱਥੇ ਉਸਨੇ ਸੱਤ ਰੰਗੀਆਂ ਰੌਸ਼ਨੀਆਂ ਦੇ ਇਕ ਮਿਨਾਰ ਵਿਚ, ਇਕ ਛੇ ਸੱਤ ਸਾਲ ਦਾ ਬੱਚਾ ਬੈਠਾ ਦੇਖਿਆ ਜਿਹੜਾ ਗੈਸਾਂ ਤੇ ਮਹਿਲ ਬਣਾ ਰਿਹਾ ਸੀ। 'ਹੂੰ! ਤਾਂ ਤੂੰ ਐਂ ਉਪਰ ਵਾਲਾ...'' ਯਮਲੇ ਨੇ ਬੜੀ ਹੈਰਾਨੀ ਨਾਲ ਖੁਸ਼ ਹੋ ਕੇ ਉਸ ਡਾਢੇ ਪਿਆਰ ਬੱਚੇ ਵੱਲ ਤੱਕਦਿਆਂ ਕਿਹਾ, ''ਓਇ ਨਿੱਕਿਆ! ਉਪਰ ਵਾਲਿਆ!! ਧਰਤੀ ਦਿਆ ਮਾਲਕਾ!!!''
ਬੱਚਾ ਖਿੜ ਖਿੜ ਕਰਕੇ ਹੱਸ ਪਿਆ ਤੇ ਬੋਲਿਆ, ''ਮੈਂ ਕੋਈ ਉਪਰ ਵਾਲਾ ਨਹੀਂ, ਮੈਂ ਤਾਂ ਇਕ ਬੱਚਾ ਆਂ। ਗੈਸਾਂ ਦੇ ਮਹਿਲ ਬਣਾ ਰਿਹਾਂ...''
'ਤਾਂ ਫੇਰ ਉਪਰ ਵਾਲਾ ਕਿੱਥੇ ਐ?'' ਯਮਲੇ ਨੂੰ ਬੜੀ ਨਿਰਾਸ਼ਾ ਹੋਈ ਸੀ। ਉਸ ਕਿਹਾ, ''ਉਪਰ ਵਾਲਾ ਜਿਹੜਾ ਸਾਰੀ ਧਰਤੀ ਦਾ ਮਾਲਕ ਐ?''
'ਧਰਤੀ ਦਾ ਮਾਲਕ!'' ਬੱਚੇ ਨੇ ਪੁੱਛਿਆ ਤੇ ਫੇਰ ਆਪੇ ਹੀ ਕਹਿਣ ਲੱਗਾ, ''ਧਰਤੀ ਦਾ ਮਾਲਕ ਤਾਂ ਏਥੋਂ ਬੜੀ ਦੂਰ ਰਹਿੰਦਾ ਹੈ।''
'ਏਥੋਂ ਵੀ ਦੂਰ ਐ? ਉਪਰ? ਦੂਰ? ਅਗਾਂਹ?...ਤੇ ਦੂਰ, ਉਪਰ, ਅਗਾਂਹ...ਪਰ ਕਿੱਥੇ?'' ਕਈ ਸਵਾਲ ਯਮਲੇ ਇਕੋ ਸਾਹ ਪੁੱਛ ਲਏ ਸਨ।
ਬੱਚੇ ਨੂੰ ਕਿਸਾਨ ਦੀ ਮੂਰਖਤਾ ਉੱਤੇ ਹਾਸੀ ਆ ਗਈ। ਹੱਸਦਾ-ਹੱਸਦਾ ਉਹ ਲੋਟ-ਪੋਟ ਹੋ ਗਿਆ। ਫੇਰ ਬੜੀ ਮੁਸ਼ਕਲ ਨਾਲ ਆਪਣਾ ਹਾਸਾ ਰੋਕ ਕੇ ਬੋਲਿਆ, ''ਉਹ ਤਾਂ ਇੱਥੋਂ ਬੜੀ ਦੂਰ ਰਹਿੰਦਾ ਏ ਤੇ ਉਸ ਤਾਈਂ ਤਾਂ ਅੱਜ ਤਕ ਕੋਈ ਨਹੀਂ ਅੱਪੜ ਸਕਿਆ।''
'ਮੈਂ ਅੱਪੜਾਂਗਾ, ਮੈਂ!...ਤੇ ਅੱਪੜਾਂਗਾ ਵੀ ਲਾਜਮੀਂ।'' ਯਮਲੇ ਦੰਦ ਕਰੀਚ ਕੇ ਕਿਹਾ, ''ਤੂੰ ਮੈਨੂੰ ਉਸਦਾ ਪਤਾ-ਠਿਕਾਣਾ ਦਸ...ਬੱਸ।''
ਬੱਚੇ ਨੇ ਕਿਹਾ, ''ਤਾਂ ਫੇਰ ਏਥੋਂ ਸਿੱਧਾ ਜਾਂਦਾ ਰਹਿ। ਏਸ ਨਿਬੁਲੇ ਤੋਂ ਅਗਾਂਹ ਇਕ ਹਜ਼ਾਰ ਅਜਿਹੇ ਹੀ ਨਿਬੁਲੇ ਆਉਣਗੇ, ਫੇਰ ਇਕ ਹਜ਼ਾਰ ਸਰਿਸ਼ਟੀ ਚੱਕਰ, ਫੇਰ ਇਕ ਹੋਰ ਨਿਬੁਲਾ, ਅਗਾਂਹ ਆਕਾਸ਼ ਗੰਗਾ ਤੇ ਫੇਰ ਇਕ ਧਰਤੀ ਦਾ ਗੋਲਾ। ਉਸ ਧਰਤੀ ਉੱਤੇ ਇਕ ਦੇਸ਼ ਹੈ, ਉਸ ਦੇਸ਼ ਵਿਚ ਇਕ ਪਿੰਡ ਹੈ, ਉਸ ਪਿੰਡ ਵਿਚ ਇਕ ਘਰ ਹੈ, ਉਸ ਘਰ ਵਿਚ ਇਕ ਆਦਮੀ ਰਹਿੰਦਾ ਹੈ, ਜਿਹੜਾ ਧਰਤੀ ਦਾ ਮਾਲਕ ਹੈ...ਤੇ ਉਸਦਾ ਨਾਂ ਹੈ ਯਮਲਾ।''
'ਪਰ ਯਮਲਾ ਤਾਂ ਮੈਂ ਈ-ਆਂ।'' ਯਮਲੇ ਨੇ ਆਪਣੀ ਹਿੱਕ ਉੱਤੇ ਹੱਥ ਰੱਖਦਿਆਂ ਕਿਹਾ ਤੇ ਜਿਵੇਂ ਹੀ ਉਸਨੇ ਆਪਣੀ ਹਿੱਕ ਉੱਤੇ ਹੱਥ ਰੱਖਿਆ, ਉਸਦੇ ਪੈਰਾਂ ਹੇਠੋਂ ਨਿਬੁਲਾ ਖਿਸਕ ਗਿਆ ਤੇ ਉਹ ਨਿਬੁਲਿਆਂ-ਹਿਉਲਿਆਂ, ਸਰਿਸ਼ਟੀ ਚੱਕਰਾਂ, ਆਕਾਸ਼ ਗੰਗਾਵਾਂ, ਹਜ਼ਾਰਾਂ ਸੂਰਜਾਂ, ਨਛੱਤਰਾਂ ਵਿਚਕਾਰੋਂ ਹੇਠਾ ਵੱਲ ਡਿਗਦਾ ਹੋਇਆ, ਮੂਧੜੇ-ਮੂੰਹ ਆਪਣੇ ਵਿਹੜੇ ਵਿਚ ਆ ਡਿੱਗਾ। ਖੜਾਕ ਸੁਣ ਕੇ ਉਸਦੀ ਘਰਵਾਲੀ ਬਾਹਰ ਨਿਕਲ ਆਈ ਤੇ ਉਸਨੂੰ ਹਲੂਣ ਕੇ ਕਹਿਣ ਲੱਗੀ :
'ਮੈਂ ਕਿਹਾ ਜੀ, ਸ਼ਾਹੂਕਾਰ ਤੇਰੀ ਕੁਰਕੀ ਕਰਾਉਣ ਆ ਰਿਹਾ ਐ ਤੇ ਤੂੰ ਅਜੇ ਭੁੰਜੇ ਈ ਸੁੱਤਾ ਪਿਐਂ ਜੀ।''
ਸੁਣਨ ਸਾਰ ਯਮਲਾ ਝੱਟ ਉਠ ਕੇ ਬੈਠਾ ਹੋ ਗਿਆ ਤੇ ਹਿਰਖ ਕੇ ਬੋਲਿਆ :
'ਮੈਂ ਵੇਖੂੰ ਕਿਹੜਾ ਮਾਂ ਦਾ ਲਾਲ ਮੇਰੀ ਜ਼ਮੀਨ ਕੁਰਕ ਕਰੌਣ ਆਉਂਦੈ? ਇਹ ਧਰਤੀ ਮੇਰੀ ਐ, ਮੈਂ ਇਸਦਾ ਮਾਲਕ ਆਂ।''
ਏਨਾ ਆਖ ਕੇ ਯਮਲੇ ਨੇ ਆਪਣੀ ਡਾਂਗ ਚੁੱਕੀ ਤੇ ਘਰੋਂ ਬਾਹਰ ਨਿਕਲ ਆਇਆ।

(ਅਨੁਵਾਦ : ਮਹਿੰਦਰ ਬੇਦੀ, ਜੈਤੋ)

  • ਮੁੱਖ ਪੰਨਾ : ਕ੍ਰਿਸ਼ਨ ਚੰਦਰ ਦੀਆਂ ਕਹਾਣੀਆਂ ਪੰਜਾਬੀ ਵਿਚ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ