Yodha Ate Makkhian : Lu Xun

ਯੋਧਾ ਅਤੇ ਮੱਖੀਆਂ : ਲੂ ਸ਼ੁਨ

ਸ਼ਾਪਨਹਾਵਰ ਨੇ ਕਿਹਾ ਹੈ ਕਿ ਮਨੁੱਖ ਦੀ ਮਹਾਨਤਾ ਦਾ ਅੰਦਾਜ਼ਾ ਲਾਉਣ ਵਿੱਚ, ਆਤਮਿਕ ਉਚਾਈ ਅਤੇ ਸਰੀਰਕ ਅਕਾਰ ਨੂੰ ਤੈਅ ਕਰਨ ਵਾਲ਼ੇ ਨੇਮ ਇੱਕ-ਦੂਜੇ ਦੇ ਵਿਰੁੱਧ ਹੁੰਦੇ ਹਨ ਕਿਉਂਕਿ ਉਹ ਸਾਡੇ ਤੋਂ ਜਿੰਨੇ ਦੂਰ ਹੁੰਦੇ ਹਨ, ਮਨੁੱਖਾਂ ਦੇ ਸਰੀਰ ਓਨੇ ਹੀ ਛੋਟੇ ਦਿਖਦੇ ਹਨ ਅਤੇ ਉਹਨਾਂ ਦੀਆਂ ਆਤਮਾਵਾਂ ਓਨੀਆਂ ਹੀ ਮਹਾਨ।
ਕਿਉਂਕਿ ਨੇੜਿਓਂ ਦੇਖਣ ‘ਤੇ ਕਿਸੇ ਵੀ ਵਿਅਕਤੀ ਦਾ ਨਾਇਕਪੁਣਾ ਘੱਟ ਲੱਗਣ ਲੱਗਦਾ ਹੈ, ਜਿੱਥੋਂ ਉਹਦੇ ਦਾਗ਼ ਅਤੇ ਜ਼ਖ਼ਮ ਸਾਫ਼ ਨਜ਼ਰੀਂ ਆਉਂਦੇ ਹਨ, ਉਹ ਸਾਡੇ ‘ਚੋਂ ਹੀ ਇੱਕ ਦਿਖਦਾ ਹੈ, ਦੇਵਤਾ, ਦੈਵੀ ਪ੍ਰਾਣੀ ਜਾਂ ਕਿਸੇ ਨਵੀਂ ਪ੍ਰਜਾਤੀ ਦਾ ਜੀਵ ਨਹੀਂ। ਉਹ ਬਸ ਮਨੁੱਖ ਹੁੰਦਾ ਹੈ ਪਰ ਇਸੇ ਵਿੱਚ ਤਾਂ ਉਹਦੀ ਮਹਾਨਤਾ ਹੁੰਦੀ ਹੈ। ਜਦ ਕੋਈ ਯੋਧਾ ਯੁੱਧ ਵਿੱਚ ਮਰਦਾ ਹੈ ਤਾਂ ਮੱਖੀਆਂ ਨੂੰ ਸਭ ਤੋਂ ਪਹਿਲਾਂ ਉਹਦੇ ਦਾਗ਼ ਅਤੇ ਜ਼ਖ਼ਮ ਨਜ਼ਰ ਆਉਂਦੇ ਹਨ। ਉਹ ਉਹਨਾਂ ‘ਤੇ ਟੁੱਟ ਪੈਂਦੀਆਂ ਹਨ, ਗੁਣਗੁਣਾਉਂਦੀਆਂ ਹੋਈਆਂ ਇਹ ਸੋਚਕੇ ਬਹੁਤ ਖੁਸ਼ ਹੁੰਦੀਆਂ ਹਨ ਕਿ ਉਹ ਹਾਰੇ ਹੋਏ ਯੋਧੇ ਤੋਂ ਵੀ ਮਹਾਨ ਵੀਰ ਹਨ ਅਤੇ ਕਿਉਂਕਿ ਯੋਧਾ ਮਰ ਚੁੱਕਿਆ ਹੈ ਅਤੇ ਉਹਨਾਂ ਨੂੰ ਦੌੜਾਉਂਦਾ ਨਹੀਂ ਤਾਂ ਮੱਖੀਆਂ ਹੋਰ ਜ਼ੋਰ ਨਾਲ਼ ਭਿਣਭਿਣਾਉਂਦੀਆਂ ਹਨ ਅਤੇ ਕਲਪਨਾ ਕਰਦੀਆਂ ਹਨ ਕਿ ਉਹ ਅਮਰ ਸੰਗੀਤ ਪੈਦਾ ਕਰ ਰਹੀਆਂ ਹਨ ਕਿਉਂਕਿ ਉਹ ਤਾਂ ਉਸ ਨਾਲ਼ੋਂ ਕਿਤੇ ਵੱਧ ਪੂਰਣ ਅਤੇ ਦੋਸ਼ ਰਹਿਤ ਹਨ।
ਸੱਚ ਹੈ, ਕੋਈ ਵੀ ਮੱਖੀਆਂ ਦੇ ਦਾਗ਼ਾਂ ਅਤੇ ਜ਼ਖਮਾਂ ‘ਤੇ ਧਿਆਨ ਨਹੀਂ ਦਿੰਦਾ।
ਫਿਰ ਵੀ, ਯੋਧਾ ਆਪਣੇ ਸਾਰੇ ਦਾਗ਼ਾਂ ਦੇ ਬਾਵਜੂਦ ਇੱਕ ਯੋਧਾ ਹੈ, ਜਦਕਿ ਸਭ ਤੋਂ ਪੂਰਣ ਅਤੇ ਦੋਸ਼ ਰਹਿਤ ਮੱਖੀ ਵੀ ਮੱਖੀ ਹੀ ਹੈ।
ਚਲੋ ਖਿੰਡੋ, ਮੱਖੀਓ! ਤੁਹਾਡੇ ਕੋਲ਼ ਖੰਭ ਹੋਣਗੇ ਅਤੇ ਤੁਸੀਂ ਭਿਣਭਿਣਾ ਸਕਦੀਆਂ ਹੋਵੋਂਗੀਆਂ ਪਰ ਤੁਸੀਂ ਕਦੀ ਵੀ ਇੱਕ ਯੋਧੇ ਦਾ ਮੁਕਾਬਲਾ ਨਹੀਂ ਕਰ ਸਕਦੀਆਂ, ਕੀੜੇ ਕਿਤੋਂ ਦੇ!

  • ਮੁੱਖ ਪੰਨਾ : ਲੂ ਸ਼ੁਨ ਚੀਨੀ ਕਹਾਣੀਆਂ ਅਤੇ ਲੇਖ ਪੰਜਾਬੀ ਵਿੱਚ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ