War (Yudh) (Story in Punjabi) : Luigi Pirandello
ਯੁੱਧ (ਕਹਾਣੀ) : ਲੂਈਜੀ ਪਿਰਾਂਦੈਲੋ
ਰਾਤ ਦੀ ਐਕਸਪ੍ਰੈਸ ਗੱਡੀ ਰਾਹੀਂ ਜਿਹੜੇ ਯਾਤਰੀ ਰੋਮ ਤੋਂ ਆਏ ਸਨ, ਉਨ੍ਹਾਂ ਨੂੰ ਸਵੇਰ ਹੋਣ ਤਕ ਫੇਬਰਿਆਨੇ ਦੇ ਛੋਟੇ ਜਿਹੇ ਸਟੇਸ਼ਨ ’ਤੇ ਰੁਕਣਾ ਪਿਆ। ਉੱਥੋਂ ਉਨ੍ਹਾਂ ਨੇ ਲੋਕਲ ਗੱਡੀ ਫੜਨੀ ਸੀ।
ਸਵੇਰ ਹੁੰਦੇ ਹੀ ਯਾਤਰੀਆਂ ਨਾਲ ਖਚਾਖਚ ਭਰੇ ਹੋਏ ਡੱਬੇ ਵਿੱਚ ਇੱਕ ਮੋਟੀ ਜਿਹੀ ਬੇਹੱਦ ਉਦਾਸ ਦਿਖਾਈ ਦੇ ਰਹੀ ਔਰਤ ਨੂੰ ਅੰਦਰ ਧੱਕ ਦਿੱਤਾ ਗਿਆ ਜਿਵੇਂ ਉਹ ਵੱਡੀ ਸਾਰੀ ਇੱਕ ਗੱਠੜੀ ਹੋਵੇ। ਉਸ ਦੇ ਪਿੱਛੇ ਹੀ ਮੂੰਹ ਵਿੱਚੋਂ ਧੂੰਆਂ ਛੱਡਦਾ ਇੱਕ ਆਦਮੀ ਦਾਖ਼ਲ ਹੋਇਆ, ਜੋ ਉਸ ਔਰਤ ਦਾ ਪਤੀ ਸੀ- ਛੋਟਾ ਜਿਹਾ ਕੱਦ, ਦੁਬਲਾ-ਪਤਲਾ ਕਮਜ਼ੋਰ ਜਿਹਾ ਵਿਅਕਤੀ। ਉਸ ਦੇ ਚਿਹਰੇ ਉੱਤੇ ਮੌਤ ਵਰਗੀ ਪਿਲੱਤਣ ਸੀ। ਉਸ ਦੀਆਂ ਛੋਟੀਆਂ ਛੋਟੀਆਂ ਤੇ ਚਮਕਦਾਰ ਅੱਖਾਂ ਵਿੱਚ ਸੰਕੋਚ ਤੇ ਬੇਚੈਨੀ ਸਾਫ਼ ਝਲਕਦੀ ਸੀ। ਆਪਣੀ ਸੀਟ ’ਤੇ ਬੈਠਣ ਤੋਂ ਬਾਅਦ ਉਸ ਨੇ ਨਾਲ ਵਾਲੇ ਯਾਤਰੀਆਂ ਦਾ ਸਲੀਕੇ ਨਾਲ ਧੰਨਵਾਦ ਕੀਤਾ। ਫਿਰ ਉਸ ਨੇ ਆਪਣੀ ਪਤਨੀ ਵੱਲ ਸਰਕਦਿਆਂ ਉਸ ਦੇ ਕੋਟ ਦਾ ਕਾਲਰ ਨੀਵਾਂ ਕੀਤਾ ਤੇ ਪੁੱਛਿਆ, ‘‘ਤੂੰ ਠੀਕ ਤਾਂ ਹੈ ਨਾ?’’ ਕੋਈ ਜਵਾਬ ਦੇਣ ਦੀ ਬਜਾਏ ਉਸ ਦੀ ਪਤਨੀ ਨੇ ਆਪਣੇ ਕੋਟ ਦੇ ਕਾਲਰ ਨੂੰ ਸਗੋਂ ਅੱਖਾਂ ਤਕ ਉਪਰ ਚੁੱਕ ਲਿਆ।
‘‘ਕੇਹੀ ਮੁਸੀਬਤ ਹੈ!’’ ਉਸ ਦਾ ਪਤੀ ਇੱਕ ਫਿੱਕੀ ਜਿਹੀ ਮੁਸਕਰਾਹਟ ਨਾਲ ਬੋਲਿਆ। ਫਿਰ ਇਕਦਮ ਉਸ ਨੂੰ ਮਹਿਸੂਸ ਹੋਇਆ ਕਿ ਉਸ ਦੀ ਪਤਨੀ ਨੂੰ ਅਸਲ ਵਿੱਚ ਹਮਦਰਦੀ ਦੀ ਲੋੜ ਹੈ। ਇਹ ਗੱਲ ਦੂਜੇ ਯਾਤਰੀਆਂ ਨੂੰ ਦੱਸਣੀ ਉਸ ਦਾ ਫ਼ਰਜ਼ ਹੈ ਕਿ ਯੁੱਧ ਨੇ ਉਸ ਦੇ ਇਕਲੌਤੇ ਪੁੱਤਰ ਨੂੰ ਖੋਹ ਲਿਆ ਹੈ। ਆਪਣੇ ਵੀਹ ਸਾਲ ਦੇ ਪੁੱਤਰ ਲਈ ਉਨ੍ਹਾਂ ਦੋਵਾਂ ਨੇ ਆਪਣੀ ਜ਼ਿੰਦਗੀ ਨਿਛਾਵਰ ਕਰ ਦਿੱਤੀ ਸੀ ਅਤੇ ਹੁਣ ਉਹ ਉਸ ਨੂੰ ਮਿਲਣ ਲਈ ਰੋਮ ਜਾ ਰਹੇ ਸਨ ਜਿੱਥੇ ਉਸ ਨੇ ਕੁਝ ਦੇਰ ਇੱਕ ਵਿਦਿਆਰਥੀ ਵਜੋਂ ਰਹਿਣਾ ਸੀ ਤੇ ਫਿਰ ਯੁੱਧ ਵਿੱਚ ਚਲੇ ਜਾਣਾ ਸੀ। ਉਸ ਨੂੰ ਵਿਸ਼ਵਾਸ ਦਿਵਾਇਆ ਗਿਆ ਸੀ ਕਿ ਘੱਟ ਤੋਂ ਘੱਟ ਛੇ ਮਹੀਨੇ ਤਕ ਉਸ ਨੂੰ ਮੋਰਚੇ ਉੱਤੇ ਨਹੀਂ ਭੇਜਿਆ ਜਾਵੇਗਾ। ਪਰ ਹੁਣ ਅਚਾਨਕ ਹੀ ਉਨ੍ਹਾਂ ਨੂੰ ਇੱਕ ਤਾਰ ਮਿਲੀ ਸੀ ਜਿਸ ਵਿੱਚ ਕਿਹਾ ਗਿਆ ਸੀ ਕਿ ਉਹ ਮੋਰਚੇ ’ਤੇ ਜਾ ਰਹੇ ਆਪਣੇ ਬੇਟੇ ਨੂੰ ਮਿਲ ਲੈਣ।
ਉਸ ਦੀ ਪਤਨੀ ਬਹੁਤ ਬੇਚੈਨ ਸੀ ਜਿਵੇਂ ਤੜਫ਼ ਰਹੀ ਹੋਵੇ। ਕਦੇ ਕਦੇ ਤਾਂ ਉਹ ਕਿਸੇ ਜੰਗਲੀ ਜਾਨਵਰ ਵਾਂਗ ਹੀ ਕਰਾਹੁਣ ਲੱਗ ਜਾਂਦੀ। ਉਸ ਨੂੰ ਯਕੀਨ ਸੀ ਕਿ ਉਸ ਦੇ ਪਤੀ ਦੀਆਂ ਗੱਲਾਂ ਨੇ ਕੋਲ ਬੈਠੇ ਯਾਤਰੀਆਂ ਵਿੱਚੋਂ ਕਿਸੇ ਦੇ ਦਿਲ ਵਿੱਚ ਹਮਦਰਦੀ ਪੈਦਾ ਨਹੀਂ ਕੀਤੀ ਸੀ ਕਿਉਂਕਿ ਉਨ੍ਹਾਂ ਵਿੱਚੋਂ ਬਹੁਤੇ ਲੋਕਾਂ ਦੀ ਹਾਲਤ ਉਨ੍ਹਾਂ ਵਰਗੀ ਹੀ ਸੀ। ਉਨ੍ਹਾਂ ਵਿੱਚੋਂ ਇੱਕ ਵਿਅਕਤੀ ਜਿਹੜਾ ਬੜੇ ਧਿਆਨ ਨਾਲ ਉਸ ਦੇ ਪਤੀ ਦੀਆਂ ਗੱਲਾਂ ਸੁਣ ਰਿਹਾ ਸੀ, ਬੋਲਿਆ, ‘‘ਤੁਹਾਨੂੰ ਪਰਮਾਤਮਾ ਦਾ ਸ਼ੁਕਰ ਕਰਨਾ ਚਾਹੀਦਾ ਹੈ ਕਿ ਤੁਹਾਡਾ ਬੇਟਾ ਮੋਰਚੇ ’ਤੇ ਜਾ ਰਿਹਾ ਹੈ। ਮੇਰਾ ਬੇਟਾ ਤਾਂ ਯੁੱਧ ਸ਼ੁਰੂ ਹੋਣ ਵਾਲੇ ਦਿਨ ਹੀ ਮੋਰਚੇ ਉੱਤੇ ਭੇਜ ਦਿੱਤਾ ਗਿਆ ਸੀ। ਉਹ ਦੋ ਵਾਰ ਜ਼ਖ਼ਮੀ ਵੀ ਹੋ ਗਿਆ ਸੀ ਅਤੇ ਹੁਣ ਫਿਰ ਉਸ ਨੂੰ ਮੋਰਚੇ ’ਤੇ ਭੇਜ ਦਿੱਤਾ ਗਿਆ ਹੈ।’’
‘‘ਮੇਰੇ ਦੋ ਬੇਟੇ ਤੇ ਤਿੰਨ ਭਤੀਜੇ ਮੋਰਚੇ ’ਤੇ ਚਲੇ ਗਏ ਹਨ,’’ ਇੱਕ ਹੋਰ ਯਾਤਰੀ ਨੇ ਕਿਹਾ।
‘‘ਪਰ ਸਾਡਾ ਤਾਂ ਇਕਲੌਤਾ ਪੁੱਤਰ ਹੈ।’’ ਉਸ ਔਰਤ ਦੇ ਪਤੀ ਨੇ ਕਿਹਾ।
‘‘ਇਸ ਨਾਲ ਕੀ ਫ਼ਰਕ ਪੈਂਦਾ ਹੈ? ਇਕਲੌਤਾ ਪੁੱਤਰ ਜ਼ਿਆਦਾ ਲਾਡ-ਪਿਆਰ ਨਾਲ ਵਿਗੜ ਵੀ ਸਕਦਾ ਹੁੰਦਾ ਹੈ। ਮੰਨ ਲਉ, ਤੁਹਾਡੇ ਇੱਕ ਤੋਂ ਜ਼ਿਆਦਾ ਬੇਟੇ ਹੁੰਦੇ ਤਾਂ ਕੀ ਤੁਸੀਂ ਉਸ ਨੂੰ ਘੱਟ ਪਿਆਰ ਕਰਦੇ? ਪਿਆਰ ਕੋਈ ਰੋਟੀ ਤਾਂ ਹੈ ਨਹੀਂ, ਜਿਸ ਦੇ ਟੁਕੜੇ ਕੀਤੇ ਜਾ ਸਕਦੇ ਹੋਣ ਅਤੇ ਫਿਰ ਉਹ ਟੁਕੜੇ ਆਪਣੀ ਸੰਤਾਨ ਵਿੱਚ ਬਰਾਬਰ ਵੰਡ ਦਿੱਤੇ ਜਾਣ। ਇੱਕ ਪਿਤਾ ਬਿਨਾਂ ਕਿਸੇ ਭੇਦਭਾਵ ਤੋਂ ਆਪਣਾ ਸਾਰਾ ਪਿਆਰ ਆਪਣੇ ਹਰ ਇੱਕ ਬੱਚੇ ਨੂੰ ਦਿੰਦਾ ਹੈ, ਚਾਹੇ ਉਸ ਦਾ ਇੱਕ ਬੱਚਾ ਹੋਵੇ ਤੇ ਚਾਹੇ ਦਸ ਹੋਣ। ਇਸ ਵਕਤ ਮੈਨੂੰ ਆਪਣੇ ਦੋਵੇਂ ਬੇਟਿਆਂ ਦਾ ਦੁੱਖ ਹੈ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਮੇਰਾ ਦੁੱਖ ਤੁਹਾਡੇ ਦੁੱਖ ਨਾਲੋਂ ਅੱਧਾ ਹੈ; ਸੱਚ ਪੁੱਛੋ ਤਾਂ ਮੇਰਾ ਦੁੱਖ ਤੁਹਾਡੇ ਨਾਲੋਂ ਦੁੱਗਣਾ ਹੈ।’’
‘‘ਜੀ ਹਾਂ, ਤੁਸੀਂ ਠੀਕ ਕਹਿੰਦੇ ਹੋ,’’ ਔਰਤ ਦੇ ਪਤੀ ਨੇ ਹਉਕਾ ਲੈਂਦਿਆਂ ਕਿਹਾ।
‘‘ਪਰ ਮੰਨ ਲਉ ਇੱਕ ਵਿਅਕਤੀ ਦੇ ਦੋ ਪੁੱਤਰ ਹਨ ਜੋ ਮੋਰਚੇ ’ਤੇ ਗਏ ਹੋਏ ਹਨ। ਜੇ ਉਨ੍ਹਾਂ ਵਿੱਚੋਂ ਇੱਕ ਮਾਰਿਆ ਜਾਂਦਾ ਹੈ ਤਾਂ ਵੀ ਇੱਕ ਬਚ ਜਾਂਦਾ ਹੈ ਜਿਸ ਨੂੰ ਦੇਖ ਕੇ ਪਿਤਾ ਨੂੰ ਕਿਸੇ ਹੱਦ ਤਕ ਤਾਂ ਤਸੱਲੀ ਮਿਲ ਸਕਦੀ ਹੈ।’’
‘‘ਹਾਂ,’’ ਦੂਜੇ ਯਾਤਰੀ ਨੇ ਗੁੱਸੇ ਨਾਲ ਕਿਹਾ, ‘‘ਇੱਕ ਪੁੱਤਰ ਉਸ ਨੂੰ ਤਸੱਲੀ ਦੇਣ ਲਈ ਬਚ ਜਾਂਦਾ ਹੈ, ਪਰ ਨਾਲ ਹੀ ਉਸ ਬੇਟੇ ਖ਼ਾਤਰ ਪਿਤਾ ਨੂੰ ਜ਼ਿੰਦਾ ਰਹਿਣਾ ਪਵੇਗਾ। ਜੇ ਕਿਸੇ ਪਿਤਾ ਦਾ ਇਕਲੌਤਾ ਪੁੱਤਰ ਮਾਰਿਆ ਜਾਵੇ ਤਾਂ ਬਾਅਦ ਵਿੱਚ ਪਿਤਾ ਵੀ ਮਰ ਸਕਦਾ ਹੈ ਅਤੇ ਆਪਣੇ ਦੁੱਖਾਂ ਤੋਂ ਛੁਟਕਾਰਾ ਪਾ ਸਕਦਾ ਹੈ। ਇਨ੍ਹਾਂ ਦੋਵਾਂ ਵਿੱਚੋਂ ਕਿਹੜੇ ਪਿਤਾ ਦੀ ਹਾਲਤ ਜ਼ਿਆਦਾ ਬੁਰੀ ਹੋਵੇਗੀ?’’
‘‘ਇਹ ਕੀ ਪਾਗਲਪਣ ਹੈ?’’ ਇੱਕ ਹੋਰ ਮੋਟੇ ਜਿਹੇ ਯਾਤਰੀ ਨੇ ਕਿਹਾ।
ਉਸ ਦਾ ਸਾਹ ਉੱਖੜਿਆ ਹੋਇਆ ਸੀ। ਉਸ ਦੀਆਂ ਅੱਖਾਂ ਵਿੱਚੋਂ ਗੁੱਸਾ ਟਪਕ ਰਿਹਾ ਸੀ। ‘‘ਇਹ ਕੀ ਪਾਗਲਪਣ ਹੈ?’’ ਉਸ ਨੇ ਫਿਰ ਕਿਹਾ। ਉਹ ਹੱਥਾਂ ਨਾਲ ਆਪਣੇ ਮੂੰਹ ਨੂੰ ਢਕਣ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਕਿ ਉਹ ਆਪਣੇ ਟੁੱਟੇ ਹੋਏ ਦੰਦਾਂ ਨੂੰ ਛੁਪਾ ਲਵੇ। ‘‘ਇਹ ਨਿਰੀ ਮੂਰਖਤਾ ਹੈ। ਕੀ ਅਸੀਂ ਆਪਣੇ ਸਵਾਰਥ ਲਈ ਹੀ ਆਪਣੇ ਬੱਚਿਆਂ ਨੂੰ ਜਨਮ ਦਿੰਦੇ ਹਾਂ?’’
ਦੂਜੇ ਯਾਤਰੀਆਂ ਨੇ ਦੁਖੀ ਜਿਹਾ ਹੋ ਕੇ ਉਸ ਵੱਲ ਦੇਖਿਆ। ਉਹ ਯਾਤਰੀ, ਜਿਸ ਦੇ ਪੁੱਤਰ ਨੂੰ ਯੁੱਧ ਸ਼ੁਰੂ ਹੋਣ ਵੇਲੇ ਹੀ ਮੋਰਚੇ ’ਤੇ ਭੇਜ ਦਿੱਤਾ ਗਿਆ ਸੀ ਹਉਕਾ ਲੈ ਕੇ ਬੋਲਿਆ, ‘‘ਤੁਸੀਂ ਠੀਕ ਕਹਿੰਦੇ ਹੋ, ਸਾਡੇ ਬੱਚੇ ਸਾਡੇ ਨਹੀਂ ਹਨ, ਉਹ ਤਾਂ ਸਾਡੇ ਦੇਸ਼ ਦੇ ਬੱਚੇ ਹਨ।’’
‘‘ਕੇਹੀ ਮੂਰਖਤਾ ਹੈ? ਕੀ ਅਸੀਂ ਆਪਣੇ ਬੱਚਿਆਂ ਨੂੰ ਜਨਮ ਦੇਣ ਵੇਲੇ ਆਪਣੇ ਦੇਸ਼ ਬਾਰੇ ਸੋਚਦੇ ਹਾਂ? ਸਾਡੇ ਬੱਚੇ ਜਨਮ ਲੈਂਦੇ ਹਨ ਕਿਉਂਕਿ ਉਨ੍ਹਾਂ ਨੇ ਜਨਮ ਲੈਣਾ ਹੀ ਹੁੰਦਾ ਹੈ ਅਤੇ ਜਦੋਂ ਉਹ ਜਨਮ ਲੈਂਦੇ ਹਨ ਤਾਂ ਸਾਡੀ ਜ਼ਿੰਦਗੀ ਵੀ ਆਪਣੇ ਨਾਲ ਲੈ ਲੈਂਦੇ ਹਨ। ਅਸਲੀਅਤ ਇਹੀ ਹੈ। ਅਸੀਂ ਤਾਂ ਆਪਣੇ ਬੱਚਿਆਂ ਦੇ ਹੁੰਦੇ ਹਾਂ, ਪਰ ਉਹ ਸਾਡੇ ਨਹੀਂ ਹੁੰਦੇ।’’ ਮੋਟਾ ਆਦਮੀ ਫਿਰ ਕਹਿਣ ਲੱਗਾ, ‘‘ਜਦੋਂ ਸਾਡੇ ਬੱਚੇ ਜਵਾਨ ਹੋਣ ਲੱਗਦੇ ਹਨ ਤਾਂ ਉਸ ਵਕਤ ਅਸੀਂ ਉਨ੍ਹਾਂ ਦੀਆਂ ਭਾਵਨਾਵਾਂ ਬਾਰੇ ਕਿਉਂ ਨਾ ਸੋਚੀਏ? ਕੀ ਇਹ ਸੁਭਾਵਿਕ ਤੇ ਜਾਇਜ਼ ਨਹੀਂ ਕਿ ਉਹ ਉਸ ਵੇਲੇ ਆਪਣੇ ਦੇਸ਼ ਬਾਰੇ ਵੀ ਸੋਚਣ ਤੇ ਦੇਸ਼ ਪਿਆਰ ਨੂੰ ਮਾਤਾ ਪਿਤਾ ਦੇ ਪਿਆਰ ਨਾਲੋਂ ਉੱਚਾ ਸਮਝਣ? ਮੈਂ ਸਿਰਫ਼ ਚੰਗੇ ਬੱਚਿਆਂ ਦੀ ਹੀ ਗੱਲ ਕਰ ਰਿਹਾ ਹਾਂ। ਬੱਚੇ ਇਹ ਕਿਉਂ ਨਾ ਸੋਚਣ ਕਿ ਅਸੀਂ ਹੁਣ ਬੁੱਢੇ ਹੋ ਗਏ ਹਾਂ ਤੇ ਸਾਨੂੰ ਘਰ ਵਿੱਚ ਹੀ ਰਹਿਣਾ ਚਾਹੀਦਾ ਹੈ। ਜੇ ਸਾਡੇ ਦੇਸ਼ ਦਾ ਸਾਡੇ ਲਈ ਕੋਈ ਮਹੱਤਵ ਹੈ, ਜੇ ਸਾਡਾ ਦੇਸ਼ ਭੋਜਨ ਵਾਂਗ ਹੀ ਸਾਡੀ ਇੱਕ ਕੁਦਰਤੀ ਲੋੜ ਹੈ ਜਿਸ ਨੂੰ ਅਸੀਂ ਸਿਰਫ਼ ਇਸ ਲਈ ਖਾਂਦੇ ਹਾਂ ਕਿ ਕਿਤੇ ਭੁੱਖੇ ਨਾ ਮਰ ਜਾਈਏ ਤਾਂ ਫਿਰ ਉਸ ਦੀ ਰੱਖਿਆ ਵਾਸਤੇ ਕਿਸੇ ਨੂੰ ਅੱਗੇ ਆਉਣਾ ਹੀ ਪਵੇਗਾ। ਜੇ ਵੀਹ ਸਾਲ ਦੀ ਉਮਰ ਹੋਣ ’ਤੇ ਬੱਚੇ ਦੇਸ਼ ਦੀ ਸੁਰੱਖਿਆ ਵਾਸਤੇ ਅੱਗੇ ਆਉਂਦੇ ਹਨ ਤਾਂ ਬੜੀ ਚੰਗੀ ਗੱਲ ਹੈ। ਉਹ ਨਹੀਂ ਚਾਹੁਣਗੇ ਕਿ ਅਸੀਂ ਹੰਝੂ ਸੁੱਟੀਏ ਕਿਉਂਕਿ ਦੇਸ਼ ਲਈ ਜਾਨ ਵਾਰਨਾ ਤਾਂ ਉਨ੍ਹਾਂ ਲਈ ਖ਼ੁਸ਼ੀ ਦਾ ਸਬੱਬ ਹੈ… ਮੈਂ ਸਿਰਫ਼ ਚੰਗੇ ਬੱਚਿਆਂ ਦੀ ਹੀ ਗੱਲ ਕਰ ਰਿਹਾ ਹਾਂ। ਦੂਜੀ ਗੱਲ, ਜੇ ਕੋਈ ਬੱਚਾ ਛੋਟੀ ਉਮਰ ਵਿੱਚ ਖ਼ੁਸ਼ੀ ਨਾਲ ਆਪਣੀ ਜਾਨ ਵਾਰਦਾ ਹੈ ਤੇ ਜ਼ਿੰਦਗੀ ਦੇ ਅਕੇਵੇਂ, ਕਰੂਰਤਾ ਤੇ ਕਮੀਨਗੀ ਤੋਂ ਬਚ ਜਾਂਦਾ ਹੈ ਤਾਂ ਸਾਨੂੰ ਹੋਰ ਕੀ ਚਾਹੀਦਾ ਹੈ? ਸਭ ਨੂੰ ਰੋਣਾ-ਧੋਣਾ ਬੰਦ ਕਰਨਾ ਚਾਹੀਦਾ ਹੈ ਅਤੇ ਹਰ ਇੱਕ ਨੂੰ ਖ਼ੁਸ਼ ਰਹਿਣਾ ਚਾਹੀਦਾ ਹੈ, ਜਿਵੇਂ ਕਿ ਮੈਂ ਖ਼ੁਸ਼ ਹਾਂ…।’’
‘‘ਬਿਲਕੁਲ ਠੀਕ, ਬਿਲਕੁਲ ਠੀਕ ਹੈ,’’ ਉਸ ਨਾਲ ਸਾਰੇ ਸਹਿਮਤ ਸਨ। ਇੱਕ ਨੁੱਕਰ ਵਿੱਚ ਬੈਠੀ ਉਹ ਔਰਤ ਚੁੱਪ-ਚਾਪ ਸੁਣ ਰਹੀ ਸੀ। ਉਹ ਆਪਣੇ ਪਤੀ ਤੇ ਹੋਰ ਲੋਕਾਂ ਦੀਆਂ ਗੱਲਾਂ ਵਿੱਚੋਂ ਹਮਦਰਦੀ ਭਾਲਣ ਦੀ ਕੋਸ਼ਿਸ਼ ਕਰ ਰਹੀ ਸੀ ਜਿਸ ਨਾਲ ਉਸ ਦਾ ਦੁੱਖ ਹਲਕਾ ਹੋ ਜਾਵੇ, ਪਰ ਉਨ੍ਹਾਂ ਵਿੱਚੋਂ ਕਿਸੇ ਦੀ ਗੱਲ ਵਿੱਚੋਂ ਵੀ ਅਜਿਹਾ ਕੁਝ ਨਹੀਂ ਮਿਲਿਆ। ਉਸ ਨੂੰ ਲੱਗਿਆ ਕਿ ਕੋਈ ਵੀ ਉਸ ਦੇ ਦੁੱਖ ਨੂੰ ਸਮਝ ਨਹੀਂ ਰਿਹਾ। ਹੁਣ ਉਹ ਹੋਰ ਵੀ ਦੁਖੀ ਹੋ ਗਈ। ਉਸ ਯਾਤਰੀ ਦੀਆਂ ਗੱਲਾਂ ਸੁਣ ਕੇ ਤਾਂ ਉਹ ਹੱਕੀ-ਬੱਕੀ ਰਹਿ ਗਈ। ਫਿਰ ਉਸ ਨੂੰ ਅਚਾਨਕ ਮਹਿਸੂਸ ਹੋਇਆ ਕਿ ਅਸਲ ਵਿੱਚ ਉਨ੍ਹਾਂ ਲੋਕਾਂ ਦਾ ਕੋਈ ਦੋਸ਼ ਨਹੀਂ ਅਤੇ ਇਹ ਸੋਚਣਾ ਵੀ ਗ਼ਲਤ ਹੈ ਕਿ ਉਹ ਲੋਕ ਉਸ ਦੇ ਦੁੱਖ ਨੂੰ ਸਮਝ ਨਹੀਂ ਸਕੇ। ਉਸ ਨੂੰ ਲੱਗਿਆ ਕਿ ਸਾਰਾ ਦੋਸ਼ ਉਸ ਦਾ ਆਪਣਾ ਹੀ ਸੀ ਕਿਉਂਕਿ ਉਹ ਖ਼ੁਦ ਉਸ ਸਥਿਤੀ ਤਕ ਪਹੁੰਚ ਹੀ ਨਹੀਂ ਸਕੀ ਸੀ ਜਦੋਂ ਮਾਤਾ ਪਿਤਾ ਨੇ ਬਿਨਾਂ ਰੋਏ ਆਪਣੇ ਬੱਚਿਆਂ ਨੂੰ ਯੁੱਧ ਵਿੱਚ ਹੀ ਨਹੀਂ ਸਗੋਂ ਮੌਤ ਦੇ ਮੂੰਹ ਵਿੱਚ ਧੱਕ ਦੇਣਾ ਸੀ।
ਉਸ ਨੇ ਸਿਰ ਉਪਰ ਚੁੱਕਿਆ ਤੇ ਬੜੇ ਧਿਆਨ ਨਾਲ ਮੋਟੇ ਆਦਮੀ ਦੀਆਂ ਗੱਲਾਂ ਸੁਣਨ ਲੱਗੀ ਜੋ ਦੱਸ ਰਿਹਾ ਸੀ ਕਿ ਕਿਵੇਂ ਉਸ ਦਾ ਪੁੱਤਰ ਇੱਕ ਯੋਧੇ ਦੀ ਮੌਤ ਮਰਿਆ ਹੈ ਅਤੇ ਉਸ ਨੇ ਆਪਣੇ ਬਾਦਸ਼ਾਹ ਤੇ ਦੇਸ਼ ਖ਼ਾਤਰ ਆਪਣੀ ਜਾਨ ਵਾਰ ਦਿੱਤੀ। ਫਿਰ ਉਸ ਔਰਤ ਨੂੰ ਮਹਿਸੂਸ ਹੋਇਆ ਕਿ ਉਹ ਲੜਖੜਾਉਂਦੀ ਹੋਈ ਕਿਸੇ ਅਜਿਹੀ ਦੁਨੀਆਂ ਵਿੱਚ ਪਹੁੰਚ ਗਈ ਹੈ ਜਿਸ ਦੀ ਉਸ ਨੇ ਕਲਪਨਾ ਵੀ ਨਹੀਂ ਕੀਤੀ ਸੀ। ਅਜਿਹੀ ਦੁਨੀਆਂ ਤੋਂ ਉਹ ਕਿੰਨੀ ਬੇਖ਼ਬਰ ਸੀ। ਹੁਣ ਉਸ ਨੂੰ ਖ਼ੁਸ਼ੀ ਹੋਈ ਕਿ ਹਰ ਕੋਈ ਉਸ ਬਹਾਦਰ ਪਿਤਾ ਨੂੰ ਵਧਾਈ ਦੇ ਰਿਹਾ ਸੀ ਜੋ ਬੜੇ ਸਹਿਜ ਨਾਲ ਆਪਣੇ ਪੁੱਤਰ ਦੀ ਮੌਤ ਬਾਰੇ ਦੱਸ ਰਿਹਾ ਸੀ। ਫਿਰ ਅਚਾਨਕ, ਜਿਵੇਂ ਉਸ ਨੇ ਹੁਣ ਤਕ ਕਿਹਾ ਬੋਲਿਆ ਕੁਝ ਸੁਣਿਆ ਹੀ ਨਾ ਹੋਵੇ।
ਔਰਤ ਨੇ ਉਸ ਪਿਤਾ ਨੂੰ ਪੁੱਛਿਆ, ‘‘ਤਾਂ ਕੀ ਤੁਹਾਡਾ ਬੇਟਾ ਸੱਚਮੁੱਚ ਮਾਰਿਆ ਗਿਆ ਹੈ?’’
ਹਰ ਕੋਈ ਉਸ ਵੱਲ ਦੇਖਣ ਲੱਗਾ। ਮੋਟੇ ਆਦਮੀ ਨੇ ਵੀ ਉਸ ਵੱਲ ਮੁੜ ਕੇ ਦੇਖਿਆ। ਉਸ ਦੀਆਂ ਮੋਟੀਆਂ ਮੋਟੀਆਂ ਹੰਝੂਆਂ ਨਾਲ ਭਰੀਆਂ ਧੁੰਦਲੀਆਂ ਅੱਖਾਂ ਉਸ ਔਰਤ ਦੇ ਚਿਹਰੇ ਉੱਤੇ ਗੱਡੀਆਂ ਗਈਆਂ। ਉਸ ਦੇ ਜਵਾਬ ਵਿੱਚ ਉਹ ਕੁਝ ਕਹਿਣਾ ਚਾਹੁੰਦਾ ਸੀ, ਪਰ ਸ਼ਬਦਾਂ ਨੇ ਸਾਥ ਨਹੀਂ ਦਿੱਤਾ। ਉਹ ਉਸ ਵੱਲ ਟਿਕਟਿਕੀ ਬੰਨ੍ਹ ਕੇ ਦੇਖਦਾ ਰਿਹਾ। ਇੱਕ ਪਲ ਉਸ ਦੇ ਸਵਾਲ ਬਾਰੇ ਸੋਚਦਿਆਂ ਉਸ ਨੂੰ ਅਚਾਨਕ ਮਹਿਸੂਸ ਹੋਇਆ ਕਿ ਉਸ ਦਾ ਪੁੱਤਰ ਤਾਂ ਸੱਚਮੁੱਚ ਮਾਰਿਆ ਜਾ ਚੁੱਕਿਆ ਹੈ… ਉਹ ਹਮੇਸ਼ਾਂ ਲਈ ਚਲਾ ਗਿਆ ਹੈ। ਅਗਲੇ ਪਲ ਉਸ ਦੇ ਚਿਹਰੇ ਦੇ ਹਾਵ-ਭਾਵ ਬਦਲੇ ਤੇ ਇਹ ਸੁੰਗੜ ਕੇ ਬਦਰੂਪ ਜਿਹਾ ਹੋਣ ਲੱਗਾ। ਉਸ ਨੇ ਜਲਦੀ ਜਲਦੀ ਆਪਣੀ ਜੇਬ ਵਿੱਚੋਂ ਰੁਮਾਲ ਕੱਢ ਕੇ ਮੂੰਹ ਅੱਗੇ ਰੱਖਿਆ ਤੇ ਜ਼ਾਰੋ-ਜ਼ਾਰ ਰੋਣ ਲੱਗਾ। ਕਿਸੇ ਦੇ ਰੋਕਣ ਉੱਤੇ ਵੀ ਉਸ ਦਾ ਰੋਣਾ ਰੁਕ ਨਹੀਂ ਰਿਹਾ ਸੀ।
(ਪੰਜਾਬੀ ਰੂਪ: ਪ੍ਰੋ. ਬਲਦੀਪ)