Yuvak Guard (Russian Story in Punjabi) : Alexander Fadeyev

ਯੁਵਕ ਗਾਰਦ (ਰੂਸੀ ਕਹਾਣੀ) : ਅਲੈਕਸਾਂਦਰ ਫ਼ਾਦੇਯੇਵ

ਸਭ ਤੋਂ ਬਹੁਤੀ ਹੈਰਾਨੀ ਵਾਲੀ ਗੱਲ ਇਹ ਸੀ ਕਿ ਕਿਵੇਂ ਇਕਦਮ ਹੀ ਉਹ ਸਹਿਮਤ ਹੋ ਗਏ ਸਨ।

“ਕੀ ਪੜ੍ਹਨ ਲੱਗੀ ਹੋਈ ਏਂ ਤੂੰ ਕੁੜੀਏ ? ਜਰਮਨ ਕਰਾਸਨੋਦੋਨ ਵਿਚ ਆ ਵੜੇ ਨੇ ! ਸੁਣਦੀ ਨਹੀਂ ਪਈ, ਕਿਵੇਂ ਵੇਰਖਨੇਦੂਵਾਨਾਯਾ ਤੋਂ ਗੜ-ਗੜ ਘੂੰ-ਘੂੰ ਕਰਦੇ ਟਰੱਕ ਤੁਰੇ ਆਉਂਦੇ ਨੇ ?” ਉਹਦੇ ਪੈਰਾਂ ਵੱਲ ਖਲੋਤੇ ਸਾਹੋ ਸਾਹ ਹੋਏ ਸੇਰਗੇਈ ਨੇ ਆਖਿਆ।

ਵਾਲਿਯਾ ਚੁੱਪ ਕੀਤੀ ਉਹਦੇ ਵੱਲ ਝਾਕਦੀ ਰਹੀ। ਉਹਦੇ ਚਿਹਰੇ ਉੱਤੇ ਖੁਸ਼ੀ-ਭਰੀ ਹੈਰਾਨੀ ਤੇ ਠਰੰਮਾ ਸੀ।

“ਕਿੱਧਰ ਭੱਜਾ ਜਾਂਦਾ ਏਂ ?” ਉਸ ਨੇ ਪੁੱਛਿਆ।

ਪਲ ਦੀ ਪਲ ਉਹ ਹੱਕਾ ਬੱਕਾ ਰਹਿ ਗਿਆ। ਪਰ ਨਹੀਂ, ਉਹ ਗ਼ਲਤ ਨਹੀਂ ਸੀ ਹੋ ਸਕਦਾ ਕਿ ਇਹ ਕੁੜੀ ਭੈੜੀ ਕੁੜੀ ਸੀ।

“ਮੈਂ ਤੁਹਾਡੇ ਸਕੂਲ ਚੱਲਿਆ ਸਾਂ। ਇਹ ਵੇਖਣ ਕਿ ਜੇ ਉਹ....."

“ਤੇ ਅੰਦਰ ਕਿਵੇਂ ਵੜੇਂਗਾ ? ਪਹਿਲਾਂ ਵੀ ਕਦੇ ਗਿਆ ਏਂ ਸਾਡੇ ਸਕੂਲੇ ?”

ਸੇਰਗੇਈ ਨੇ ਦੱਸਿਆ ਕਿ ਉਹ ਇਕ ਦੋ ਸਾਲ ਹੋਏ ਉਹਨਾਂ ਦੇ ਸਕੂਲ ਗਿਆ ਸੀ ਇਕ ਸਾਹਿਤਕ ਸ਼ਾਮ ’ਤੇ।

“ਮੈਂ ਕਿਸੇ ਨਾ ਕਿਸੇ ਤਰ੍ਹਾਂ ਵੜ ਜਾਵਾਂਗਾ ਅੰਦਰ,” ਉਸ ਨੇ ਹੱਸ ਕੇ ਆਖਿਆ।

“ਪਰ ਜੇ ਜਰਮਨਾਂ ਨੇ ਸਭ ਤੋਂ ਪਹਿਲਾਂ ਸਕੂਲ ਉੱਤੇ ਕਬਜ਼ਾ ਕਰ ਲਿਆ ਫੇਰ ?” ਵਾਲਿਯਾ ਨੇ ਪੁੱਛਿਆ।

“ਜੇ ਮੈਂ ਉਹਨਾਂ ਨੂੰ ਓਧਰ ਆਉਂਦਿਆਂ ਵੇਖਿਆ, ਤਾਂ ਸਿੱਧਾ ਪਾਰਕ ਨੂੰ ਨਿਕਲ ਜਾਊਂ।” ਸੇਰਗੇਈ ਨੇ ਜਵਾਬ ਦਿੱਤਾ।

“ਪਤਾ ਈ, ਮੰਮਟੀ ਵਿਚੋਂ ਸਭ ਤੋਂ ਚੰਗਾ ਨਜ਼ਰ ਆਉਂਦਾ ਏ।ਓਥੋਂ ਅਸੀਂ ਸਭ ਕੁਝ ਵੇਖ ਸਕਦੇ ਆਂ, ਪਰ ਸਾਨੂੰ ਕੋਈ ਨਹੀਂ ਵੇਖ ਸਕਦਾ,” ਵਾਲਿਯਾ ਨੇ ਉੱਠ ਕੇ ਬਹਿੰਦਿਆਂ ਆਖਿਆ। ਉਸ ਨੇ ਫਟਾਫਟ ਆਪਣੇ ਵਾਲਾਂ 'ਤੇ ਹੱਥ ਫੇਰਿਆ ਤੇ ਬਲਾਊਜ਼ ਠੀਕ-ਠਾਕ ਕੀਤਾ।“ਮੈਨੂੰ ਪਤਾ ਏ, ਓਥੇ ਕਿਵੇਂ ਪਹੁੰਚੀਦਾ ਏ। ਮੈਂ ਤੈਨੂੰ ਰਾਹ ਦੱਸਦੀ ਜਾਊਂ।”

ਸੇਰਗੇਈ ਅਚਾਨਕ ਦੁਚਿੱਤੀ ਵਿਚ ਪੈ ਗਿਆ।

“ਵੇਖ, ਗੱਲ ਏਹ ਐ,” ਉਹਨੇ ਆਖਿਆ, “ਜੇ ਜਰਮਨ ਸਿੱਧੇ ਸਕੂਲ ਵੱਲ ਆ ਗਏ ਤਾਂ ਪਹਿਲੀ ਮੰਜ਼ਿਲ ਦੀ ਬਾਰੀ ਵਿਚੋਂ ਛਾਲ ਮਾਰਨੀ ਪੈਣੀ ਏ।”

“ਫੇਰ ਕੀ ਹੋਇਆ,” ਵਾਲਿਯਾ ਨੇ ਜਵਾਬ ਦਿੱਤਾ।

“ਮਾਰ ਲਵੇਂਗੀ ਛਾਲ ?”

“ਕੀ ਗੱਲਾਂ ਕਰਦਾ ਏਂ!”

ਸੇਰਗੇਈ ਨੇ ਉਹਦੀਆਂ ਮਜ਼ਬੂਤ ਤੇ ਸਾਓਲੀਆਂ ਲੱਤਾਂ ਵੱਲ ਵੇਖਿਆ ਜਿਨ੍ਹਾਂ ਉੱਤੇ ਸੁਨਹਿਰੀ ਲੂੰਈ ਉੱਗੀ ਹੋਈ ਸੀ। ਉਹਦੇ ਦਿਲ ਵਿਚ ਇਕ ਨਿੱਘੀ ਲਹਿਰ ਦੌੜ ਗਈ। ਬੇਸ਼ਕ, ਇਹ ਕੁੜੀ ਪਹਿਲੀ ਮੰਜ਼ਿਲ ਦੀ ਬਾਰੀ ਵਿਚੋਂ ਛਾਲ ਮਾਰ ਸਕਦੀ ਸੀ।

ਤੇ ਝੱਟ ਕੁ ਮਗਰੋਂ ਉਹ ਦੋਵੇਂ ਹੀ ਪਾਰਕ ਦੇ ਪਾਰ ਸਕੂਲ ਵੱਲ ਭੱਜੇ ਜਾ ਰਹੇ ਸਨ।

ਕਰਾਸਨੋਦੋਨ ਕੋਲਾ ਟਰੱਸਟ ਦੇ ਸਾਮ੍ਹਣੇ ਪਾਰਕ ਦੇ ਵੱਡੇ ਫਾਟਕ ਦੇ ਐਨ ਅੰਦਰ ਲਾਲ ਇੱਟਾਂ ਦੀ ਬਣੀ ਵੱਡੀ ਸਾਰੀ ਦੋ ਮੰਜ਼ਲੀ ਇਮਾਰਤ ਸੀ। ਕਲਾਸਾਂ ਵਾਸਤੇ ਚਾਨਣੇ ਕਮਰੇ, ਜਿਮਨੇਜ਼ੀਅਮ ਵਾਸਤੇ ਵੱਡਾ ਸਾਰਾ ਹਾਲ ਕਮਰਾ ਇਸ ਵੇਲੇ ਖਾਲੀ ਸਨ ਤੇ ਉਹਨਾਂ ਨੂੰ ਜੰਦਰੇ ਲੱਗੇ ਹੋਏ ਸਨ।ਆਪਣੇ ਉੱਚੇ ਉਦੇਸ਼ ਨੂੰ ਧਿਆਨ ਵਿਚ ਰੱਖਦਿਆਂ, ਸੇਰਗੇਈ ਨੂੰ ਇਸ ਵਿਚ ਕੋਈ ਸ਼ਰਮਿੰਦਗੀ ਵਾਲੀ ਗੱਲ ਨਹੀਂ ਸੀ ਲੱਗੀ ਕਿ ਉਸ ਨੇ ਇਕ ਰੁੱਖ ਨਾਲੋਂ ਇਕ ਟਾਹਣੀ ਤੋੜੀ ਤੇ ਪਾਰਕ ਵਾਲੇ ਪਾਸੇ ਖੁੱਲ੍ਹਦੀ ਹੇਠਲੀ ਮੰਜ਼ਿਲ ਦੀ ਇਕ ਬਾਰੀ ਦਾ ਸ਼ੀਸ਼ਾ ਭੰਨ ਸੁੱਟਿਆ।

ਜਿਸ ਵੇਲੇ ਉਹ ਪੱਬਾਂ ਦੇ ਭਾਰ ਇਕ ਕਮਰੇ ਵਿਚੋਂ ਲੰਘ ਕੇ ਲਾਂਘੇ ਵੱਲ ਜਾ ਰਹੇ ਸਨ ਉਹਨਾਂ ਦੇ ਦਿਲਾਂ ਵਿਚ ਇਕ ਆਦਰ-ਭਰਿਆ ਭੈਅ ਸੀ। ਇਸ ਲੰਮੀ ਚੌੜੀ ਇਮਾਰਤ ਵਿਚ ਮੁਕੰਮਲ ਚੁੱਪ ਦਾ ਪਹਿਰਾ ਸੀ ਤੇ ਮਾਮੂਲੀ ਜਿਹੀ ਸਰਸਰ ਜਾਂ ਠੱਕ ਠੱਕ ਦੀ ਵੀ ਚਾਰ ਚੁਫੇਰਿਓਂ ਭਰਵੀਂ ਗੂੰਜ ਉੱਠਦੀ ਸੀ। ਪਿਛਲੇ ਕੁਝ ਦਿਨਾਂ ਵਿਚ ਦੁਨੀਆਂ ਅੰਦਰ ਬੜਾ ਕੁਝ ਉੱਖੜ-ਪੁੱਖੜ ਗਿਆ ਸੀ।ਲੋਕਾਂ ਵਾਂਗ ਹੀ, ਬਹੁਤ ਸਾਰੀਆਂ ਇਮਾਰਤਾਂ ਦਾ ਵੀ ਕੋਈ ਮਨੋਰਥ ਮਕਸਦ ਨਹੀਂ ਸੀ ਰਹਿ ਗਿਆ ਤੇ ਨਵਾਂ ਕੋਈ ਮਨੋਰਥ ਅਜੇ ਨਿਸਚਿਤ ਨਹੀਂ ਸੀ ਹੋਇਆ। ਪਰ ਇਸ ਦੇ ਬਾਵਜੂਦ ਇਹ ਇਕ ਸਕੂਲ ਸੀ ਜਿੱਥੇ ਬੱਚੇ ਪੜ੍ਹਦੇ ਹੁੰਦੇ ਸਨ। ਉਹ ਸਕੂਲ ਸੀ ਜਿਸ ਵਿਚ ਵਾਲਿਯਾ ਨੇ ਆਪਣੀ ਜ਼ਿੰਦਗੀ ਦੇ ਕਈ ਉੱਜਲੇ ਦਿਨ ਗੁਜ਼ਾਰੇ ਸਨ।

ਉਹ ਇਕ ਦਰਵਾਜ਼ੇ ਅੱਗੋਂ ਦੀ ਲੰਘੇ ਜਿਸ ਉੱਤੇ ਇਕ ਛੋਟੀ ਜਿਹੀ ਤਖ਼ਤੀ ਲੱਗੀ ਹੋਈ ਸੀ “ਸਟਾਫ ਰੂਮ”। ਇਕ ਹੋਰ ਦਰਵਾਜ਼ੇ ਉੱਤੇ ਲੱਗੀ ਤਖ਼ਤੀ ਉੱਤੇ ‘ਹੈਡਮਾਸਟਰ' ਲਿਖਿਆ ਹੋਇਆ ਸੀ।ਕੁਝ ਹੋਰ ਕਮਰਿਆਂ ਦੇ ਬਾਹਰ ਤਖ਼ਤੀਆਂ ਲੱਗੀਆਂ ਹੋਈਆਂ ਸਨ: “ਡਾਕਟਰੀ ਸਹਾਇਤਾ”, “ਭੌਤਿਕ-ਵਿਗਿਆਨ ਦੀ ਪ੍ਰਯੋਗਸ਼ਾਲਾ”, “ਰਸਾਇਣ-ਵਿਗਿਆਨ ਦੀ ਪ੍ਰਯੋਗਸ਼ਾਲਾ”, “ਪੁਸਤਕਾਲਾ”। ਹਾਂ, ਇਹ ਸਕੂਲ ਸੀ। ਇਸ ਥਾਂ ਬਾਲਗ਼ ਉਸਤਾਦ ਬੱਚਿਆਂ ਨੂੰ ਇਹ ਪੜ੍ਹਾਉਂਦੇ ਸਿਖਾਉਂਦੇ ਸਨ ਕਿ ਇਸ ਦੁਨੀਆਂ ਵਿਚ ਕਿਵੇਂ ਜਿਊਣਾ ਚਾਹੀਦਾ ਹੈ।

ਖਾਲੀ ਪਏ ਡੈਸਕਾਂ ਵਾਲੇ ਇਹਨਾਂ ਸੱਖਣੇ ਜਮਾਤ-ਕਮਰਿਆਂ ਵਿਚੋਂ, ਜਿਨ੍ਹਾਂ ਵਿਚੋਂ ਅਜੇ ਤੱਕ ਸਕੂਲ ਦੀ ਵਚਿੱਤਰ ਮਹਿਕ ਆਉਂਦੀ ਸੀ, ਸੇਰਗੇਈ ਤੇ ਵਾਲਿਯਾ ਨੂੰ ਅਚਾਨਕ ਹੀ ਉਸ ਦੁਨੀਆਂ ਦੀ ਹਵਾੜ ਆਈ ਜਿਸ ਵਿਚ ਉਹ ਵੱਡੇ ਹੋਏ ਸਨ, ਜਿਹੜੀ ਉਹਨਾਂ ਤੋਂ ਅਨਿੱਖੜ ਸੀ ਤੇ ਜਿਹੜੀ ਹੁਣ ਸਦਾ ਲਈ ਉਹਨਾਂ ਦੀ ਪਹੁੰਚ ਤੋਂ ਬਾਹਰ ਹੋ ਗਈ ਜਾਪਦੀ ਸੀ।ਕੋਈ ਵੇਲਾ ਹੁੰਦਾ ਸੀ ਜਦੋਂ ਇਹ ਦੁਨੀਆਂ ਇਕ ਆਮ ਤੇ ਸਾਧਾਰਨ ਚੀਜ਼ ਜਾਪਦੀ ਸੀ ਤੇ ਸਗੋਂ ਕਈ ਵਾਰੀ ਅਕਾਊ ਵੀ।ਅਤੇ ਇਸ ਵੇਲੇ ਇਹ ਉਹਨਾਂ ਦੇ ਸਾਮ੍ਹਣੇ ਅਚਾਨਕ ਹੀ ਬੇਹੱਦ ਅਦੁੱਤੀ ਤੇ ਬੇਜੋੜ ਹੋਕੇ ਸਾਕਾਰ ਸੀ।ਇਹ ਅਜ਼ਾਦ ਦੁਨੀਆਂ ਸੀ ਜਿਹੜੀ ਪੜ੍ਹਾਉਣ ਵਾਲਿਆਂ ਤੇ ਪੜ੍ਹਨ ਵਾਲਿਆਂ ਵਿਚਕਾਰ ਖੁੱਲ੍ਹੇ-ਡੁੱਲ੍ਹੇ, ਸਿੱਧੇ ਤੇ ਪਵਿੱਤਰ ਸੰਬੰਧਾਂ ਨਾਲ ਭਰਪੂਰ ਸੀ। ਇਸ ਵੇਲੇ ਉਹ ਕਿੱਥੇ ਸਨ, ਇਸ ਵੇਲੇ ਹੋਣੀ ਦਾ ਬੁੱਲਾ ਉਹਨਾਂ ਨੂੰ ਉੱਡਾ ਕੇ ਕਿਹੜੀ ਥਾਂ ਲੈ ਆਇਆ ਸੀ ? ਅਤੇ ਇਕ ਪਲ ਵਾਸਤੇ ਸੇਰਗੇਈ ਤੇ ਵਾਲਿਯਾ ਦੇ ਦਿਲਾਂ ਵਿਚ ਪਿਆਰ ਦਾ ਇਕ ਫੁਹਾਰਾ ਫੁੱਟ ਨਿਕਲਿਆ, ਦੂਰ ਹੁੰਦੀ ਜਾਂਦੀ ਦੁਨੀਆਂ ਲਈ ਪਿਆਰ, ਉਸ ਦੁਨੀਆਂ ਦੀ ਸ਼ਾਨ ਤੇ ਸ਼ੋਭਾ ਦੇ ਸਨਮੁਖ ਇਕ ਅਸਪੱਸ਼ਟ ਜਿਹਾ ਆਦਰਮਈ ਭੈਅ ਜਿਸ ਨੂੰ ਬੀਤੇ ਵਿਚ ਉਹ ਪੂਰੀ ਤਰ੍ਹਾਂ ਸਮਝਣ ਦੇ ਸਮਰੱਥ ਨਹੀਂ ਸਨ।

ਦੋਵਾਂ ਦੇ ਦਿਲਾਂ ਵਿਚ ਇਕੋ ਜਿਹੇ ਜਜ਼ਬੇ ਜਾਗੇ ਸਨ ਅਤੇ ਬਿਨ੍ਹਾਂ ਇਕ ਦੂਜੇ ਨੂੰ ਦੱਸਿਆਂ ਉਹਨਾਂ ਨੂੰ ਇਸ ਗੱਲ ਦਾ ਪਤਾ ਸੀ।ਅਤੇ ਇਹਨਾਂ ਕੁਝ ਪਲਾਂ ਵਿਚ ਉਹ ਖਾਸ ਤੌਰ 'ਤੇ ਇਕ ਦੂਜੇ ਦੇ ਨੇੜੇ ਆ ਗਏ ਸਨ।

ਅੱਗੇ-ਅੱਗੇ ਜਾਂਦੀ ਵਾਲਿਯਾ ਪਿਛਵਾੜੇ ਦੀਆਂ ਤੰਗ ਪੌੜੀਆਂ ਚੜ੍ਹਦੀ ਪਹਿਲੀ ਮੰਜ਼ਲ ’ਤੇ ਪੁੱਜ ਗਈ ਤੇ ਫੇਰ ਥੋੜ੍ਹਾ ਜਿਹਾ ਹੋਰ ਉੱਪਰ ਉਸ ਛੋਟੇ ਜਿਹੇ ਦਰਵਾਜ਼ੇ ਤੱਕ ਆਈ ਜਿਹੜਾ ਮੰਮਟੀ ਵੱਲ ਖੁੱਲ੍ਹਦਾ ਸੀ। ਦਰਵਾਜ਼ੇ ਨੂੰ ਤਾਲਾ ਲੱਗਾ ਹੋਇਆ ਸੀ ਪਰ ਸੇਰਗੇਈ ਨੇ ਦਿਲ ਨਹੀਂ ਸੀ ਛੱਡਿਆ।ਉਸ ਨੇ ਆਪਣੀ ਪਤਲੂਣ ਦੀ ਜੇਬ ਵਿਚ ਹੱਥ ਮਾਰਿਆ ਤੇ ਇਕ ਚਾਕੂ ਕੱਢਿਆ ਜਿਸ ਨਾਲ ਕਈ ਹੋਰ ਲਾਭਦਾਇਕ ਸੰਦ ਲੱਗੇ ਹੋਏ ਸਨ। ਇਹਨਾਂ ਵਿਚ ਹੀ ਇਕ ਪੇਚਕਸ ਵੀ ਸੀ।ਪੇਚਕਸ ਨਾਲ਼ ਉਹਨੇ ਦਰਵਾਜ਼ੇ ਦੇ ਹੈਂਡਲ ਦੇ ਪੇਚ ਢਿੱਲੇ ਕੀਤੇ, ਹੈਂਡਲ ਨੂੰ ਲਾਹ ਕੇ ਪਰੇ ਰੱਖ ਦਿੱਤਾ ਤੇ ਜੰਦਰੇ ਨੂੰ ਹੱਥ ਪਾ ਲਿਆ।

“ਕਮਾਲ ਕਰ ਦਿੱਤਾ, ਦਿੱਸਦਾ ਏ ਪਿਆ ਕਿ ਤੂੰ ਪੇਸ਼ਾਵਰ ਤਾਲੇਤੋੜ ਏਂ,” ਵਾਲਿਯਾ ਨੇ ਹੱਸ ਕੇ ਆਖਿਆ।

“ਦੁਨੀਆਂ ਵਿਚ ਤਾਲੇਤੋੜਾਂ ਤੋਂ ਇਲਾਵਾ ਐਸੇ ਲੋਕ ਵੀ ਹੁੰਦੇ ਨੇ ਜਿਨ੍ਹਾਂ ਨੂੰ ਫਿਟਰ ਆਖਦੇ ਨੇ,” ਸੇਰਗੇਈ ਨੇ ਜਵਾਬ ਦਿੱਤਾ ਅਤੇ ਉਹਦੇ ਵੱਲ ਮੂੰਹ ਕਰ ਕੇ ਮੁਸਕ੍ਰਾ ਪਿਆ।

ਆਪਣੇ ਚਾਕੂ ਨਾਲ ਲੱਗੀ ਛੈਣੀ ਨਾਲ ਉਸ ਨੇ ਜੰਦਰੇ ਨੂੰ ਅੜੇਸ ਦਿੱਤੀ ਤੇ ਬੂਹਾ ਖੁੱਲ੍ਹ ਗਿਆ ਅਤੇ ਧੁੱਪ ਨਾਲ ਝੁਲਸੀ ਹੋਈ ਲੋਹੇ ਦੀ ਛੱਤ ਹੇਠਾਂ, ਤਪੀ ਹੋਈ ਮੰਮਟੀ ਵਿਚੋਂ ਰੇਤ ਤੇ ਧੂੜ ਤੇ ਜਾਲਿਆਂ ਦੀ ਮੁਸ਼ਕ ਦਾ ਫਰਾਟਾ ਉਹਨਾਂ ਦੇ ਚਿਹਰਿਆਂ ਨੂੰ ਵੱਜਾ।

ਕੜੀਆਂ ਨਾਲ ਸਿਰ ਟਕਰਾ ਜਾਣ ਤੋਂ ਬਚਾਉਂਦੇ, ਨੀਵੇਂ ਹੋ ਕੇ ਉਹ ਇਕ ਖਿੜਕੀ ਕੋਲ ਆ ਗਏ। ਖਿੜਕੀ ਉੱਤੇ ਧੂੜ ਦੀ ਮੋਟੀ ਤਹਿ ਜੰਮੀ ਹੋਈ ਸੀ ਪਰ ਉਹਨਾਂ ਨੇ ਇਸ ਨੂੰ ਪੂੰਝਿਆ ਨਹੀਂ। ਉਹ ਇਹ ਖਤਰਾ ਨਹੀਂ ਸੀ ਸਹੇੜ ਸਕਦੇ ਕਿ ਹੇਠੋਂ ਸੜਕ ਤੋਂ ਉਹਨਾਂ ਨੂੰ ਕੋਈ ਵੇਖ ਲਵੇ।ਉਹਨਾਂ ਨੇ ਬਾਰੀ ਦੇ ਸ਼ੀਸ਼ਿਆਂ ਨਾਲ ਮੂੰਹ ਲਾ ਲਏ ਤਾਂ ਉਹਨਾਂ ਦੀਆਂ ਗੱਲ੍ਹਾਂ ਤਕਰੀਬਨ ਆਪਸ ਵਿਚ ਜੁੜੀਆਂ ਹੋਈਆਂ ਸਨ।

ਬਾਰੀ ਵਿਚੋਂ ਉਹਨਾਂ ਨੂੰ ਪਾਰਕ ਦੇ ਫਾਟਕ ਵੱਲੋਂ ਆਉਂਦਾ ਸਦੋਵਾਯਾ ਮਾਰਗ ਨਜ਼ਰ ਪੈਂਦਾ ਸੀ ਅਤੇ ਇਕ ਪਾਸੇ ਇਲਾਕਾ ਪਾਰਟੀ ਕਮੇਟੀ ਦੇ ਦਫਤਰਾਂ ਵਾਲੀ ਇਮਾਰਤ ਦਿਖਾਈ ਦੇਂਦੀ ਸੀ। ਉਹਨਾਂ ਦੇ ਬਿਲਕੁਲ ਸਾਮ੍ਹਣੇ ਇਕ ਨੁੱਕਰ ਵਿਚ ਕਰਾਸਨੋਦੋਨ ਕੋਲਾ ਟਰੱਸਟ ਦੀ ਦੋ ਮੰਜ਼ਲੀ ਇਮਾਰਤ ਸੀ।

ਸੇਰਗੇਈ ਦੇ ਵੇਰਖਨੇਦੂਵਾਨਾਯਾ ਬੇਲੇ ਤੋਂ ਤੁਰਨ ਤੋਂ ਲੈ ਕੇ ਹੁਣ ਤੱਕ ਬੀਤੇ ਸਮੇਂ ਅੰਦਰ, ਜਦੋਂ ਉਹ ਤੇ ਵਾਲਿਯਾ ਮੰਮਟੀ ਦੀ ਬਾਰੀ ਨਾਲ ਮੂੰਹ ਜੋੜੀ ਖੜੇ ਸਨ, ਜਰਮਨ ਦਸਤੇ ਸ਼ਹਿਰ ਵਿਚ ਦਾਖਲ ਹੋ ਗਏ ਸਨ। ਸਾਰੇ ਸਦੋਵਾਯਾ ਮਾਰਗ ਉੱਤੇ ਉਹਨਾਂ ਦੇ ਟਰੱਕ 'ਤੇ ਟਰੱਕ ਚੜ੍ਹੇ ਆਉਂਦੇ ਸਨ ਤੇ ਥਾਂ ਪਰ ਥਾਂ ਜਰਮਨ ਫੌਜੀ ਨਜ਼ਰ ਆ ਰਹੇ ਸਨ।

“ਜਰਮਨ!... ਜਰਮਨਾਂ ਵਰਗੇ ਹੀ ਲੱਗਦੇ ਨੇ ! ਸਾਡੇ ਕਰਾਸਨੋਦੋਨ ਵਿਚ ਜਰਮਨ!” ਵਾਲਿਯਾ ਸੋਚ ਰਹੀ ਸੀ।ਉਹਦੀ ਹਿੱਕ ਵਿਚ ਉਹਦਾ ਦਿਲ ਧਕ-ਧਕ ਕਰ ਰਿਹਾ ਸੀ।

ਸੇਰਗੇਈ ਇਸ ਮਾਮਲੇ ਦੇ ਬਾਹਰੀ, ਵਿਹਾਰਕ ਪੱਖ ਬਾਰੇ ਬਹੁਤੀ ਚਿੰਤਾ ਕਰ ਰਿਹਾ ਸੀ। ਮੰਮਟੀ ਦੀ ਬਾਰੀ ਵਿਚੋਂ ਜੋ ਕੁਝ ਵੀ ਉਸ ਦੀ ਨਜ਼ਰ ਦੇ ਦਾਇਰੇ ਵਿਚ ਆਇਆ ਸੀ, ਉਸ ਦੀਆਂ ਤਿੱਖੀਆਂ ਨਜ਼ਰਾਂ ਇਕ-ਇਕ ਵੇਰਵੇ ਨੂੰ ਫੜ ਰਹੀਆਂ ਸਨ ਅਤੇ ਹਰ ਇਕ ਵੇਰਵਾ ਆਪਣੇ ਆਪ ਉਹਦੇ ਚੇਤੇ ਵਿਚ ਬਹਿੰਦਾ ਜਾਂਦਾ ਸੀ।

ਸਕੂਲ ਦੀ ਇਮਾਰਤ ਟਰੱਸਟ ਦੀ ਇਮਾਰਤ ਤੋਂ ਦਸ ਗਜ਼ ਤੋਂ ਬਹੁਤੀ ਦੂਰ ਨਹੀਂ ਸੀ ਤੇ ਉਹਦੇ ਨਾਲੋਂ ਉੱਚੀ ਸੀ। ਸੇਰਗੇਈ ਟਰੱਸਟ ਦੀ ਇਮਾਰਤ ਦੀ ਲੋਹੇ ਦੀ ਛੱਤ ਵੱਲ ਵੇਖ ਰਿਹਾ ਸੀ ਅਤੇ ਪਹਿਲੀ ਮੰਜ਼ਿਲ ਦੇ ਕਮਰੇ ਤੇ ਹੇਠਲੀ ਮੰਜ਼ਿਲ ਦੇ ਕਮਰਿਆਂ ਦੀਆਂ ਬਾਰੀਆਂ ਕੋਲੋਂ ਫਰਸ਼ ਉਹਨੂੰ ਨਜ਼ਰ ਆਉਂਦਾ ਸੀ। ਸਦੋਵਾਯਾ ਮਾਰਗ ਤੋਂ ਬਿਨਾਂ ਸੇਰਗੇਈ ਕੁਝ ਹੋਰ ਰਸਤੇ ਸੜਕਾਂ ਵੀ ਵੇਖ ਸਕਦਾ ਸੀ ਭਾਵੇਂ ਇਮਾਰਤਾਂ ਸਦਕਾ ਉਹਨਾਂ ਦੀ ਪੂਰੀ ਝਾਕੀ ਅੱਖਾਂ ਅੱਗੇ ਨਹੀਂ ਸੀ ਆਉਂਦੀ।ਉਹ ਉਹਨਾਂ ਬਾਗ ਬਗੀਚਿਆਂ ਤੇ ਹਾਤਿਆਂ ਨੂੰ ਵੇਖ ਰਿਹਾ ਸੀ ਜਿਹੜੇ ਜਰਮਨ ਫੌਜੀਆਂ ਨੇ ਆਪਣੀ ਮਲਕੀਅਤ ਬਣਾ ਲਏ ਸਨ। ਅਤੇ ਜੋ ਕੁਝ ਉਹ ਵੇਖ ਰਿਹਾ ਸੀ ਉਸ ਬਾਰੇ ਵਾਲਿਯਾ ਨੂੰ ਦੱਸਣ ਲੱਗ ਪਿਆ।

“ਝਾੜੀਆਂ, ਝਾੜੀਆਂ ਵੱਢੀ ਜਾਂਦੇ ਨੇ ... ਵੇਖ, ਸੂਰਜ-ਮੁਖੀ ਦੇ ਬੂਟੇ ਵੀ ਵੱਢ ਦਿੱਤੇ ਨੇ,” ਉਸ ਨੇ ਆਖਿਆ।“ਜਾਪਦਾ ਏ, ਟਰੱਸਟ ਦੀ ਇਮਾਰਤ ਨੂੰ ਆਪਣਾ ਟਿਕਾਣਾ ਬਣਾ ਰਹੇ ਨੇ।ਵੇਖ ਤਾਂ ਸਹੀ, ਕਿਵੇਂ ਕਬਜ਼ਾ ਕਰੀ ਜਾਂਦੇ ਨੇ।”

ਜਰਮਨ ਅਫਸਰ ਤੇ ਸੈਨਿਕ ... ਪ੍ਰਤੱਖ ਤੌਰ 'ਤੇ ਦਫ਼ਤਰੀ ਅਮਲਾ-ਫੈਲਾ—ਟਰੱਸਟ ਦੀ ਇਮਾਰਤ ਦੀਆਂ ਦੋਹਾਂ ਮੰਜ਼ਿਲਾਂ ਵਿਚ ਡੇਰਾ ਜਮਾਈ ਜਾਂਦੇ ਸਨ। ਜਰਮਨ ਬੜੇ ਖੁਸ਼ ਸਨ। ਉਹਨਾਂ ਨੇ ਸਾਰੀਆਂ ਬਾਰੀਆਂ ਚੌੜ-ਚੁਪੱਟ ਖੋਹਲ ਦਿੱਤੀਆਂ ਸਨ ਅਤੇ ਆਪੋ-ਆਪਣੇ ਕਮਰਿਆਂ ਦਾ, ਜਿਹੜੇ ਉਹਨਾਂ ਨੂੰ ਮਿਲੇ ਸਨ, ਮੁਆਇਨਾ ਕਰ ਰਹੇ ਸਨ। ਉਹ ਮੇਜ਼ਾਂ ਦੀਆਂ ਦਰਾਜ਼ਾਂ ਫੋਲ ਰਹੇ ਸਨ ਅਤੇ ਸਿਗਰਟਾਂ ਪੀਂਦੇ ਹੋਏ ਟਰੱਸਟ ਤੇ ਸਕੂਲ ਦੀ ਇਮਾਰਤ ਵਿਚਲੀ ਉਜਾੜ ਪਈ ਗਲੀ ਵਿਚ ਸਿਗਰਟਾਂ ਦੇ ਗੁਲ ਝਾੜ ਰਹੇ ਸਨ। ਥੋੜ੍ਹੇ ਚਿਰ ਬਾਅਦ ਕਮਰਿਆਂ ਵਿਚ ਰੂਸੀ ਔਰਤਾਂ ਨਜ਼ਰ ਆਉਣ ਲੱਗੀਆਂ, ਜਵਾਨ ਵੀ ਤੇ ਬੁੱਢੀਆਂ ਵੀ, ਜਿਨ੍ਹਾਂ ਨੇ ਘੱਗਰੀਆਂ ਨੇਫਿਆਂ ਵਿਚ ਟੰਗੀਆਂ ਹੋਈਆਂ ਸਨ। ਉਹ ਫਰਸ਼ ਧੋਣ ਲੱਗ ਪਈਆਂ। ਸਾਫ ਸੁਥਰੇ ਜਰਮਨ ਬਾਬੂ ਉਹਨਾਂ ਨਾਲ ਮਖੌਲ ਮਸ਼ਕਰੀਆਂ ਕਰ ਰਹੇ ਸਨ।

ਇਹ ਸਭ ਕੁਝ ਵਾਲਿਯਾ ਤੇ ਸੇਰਗੇਈ ਦੇ ਏਨਾ ਨੇੜੇ ਹੋ ਰਿਹਾ ਸੀ ਕਿ ਇਕਦਮ ਸੇਰਗੇਈ ਦੇ ਮਨ ਵਿਚ ਇਕ ਖਿਆਲ ਉੱਭਰਿਆ। ਖਿਆਲ ਤਾਂ ਅਜੇ ਅਸਪੱਸ਼ਟ ਤੇ ਅਧੂਰਾ, ਨਿਰਦਈ ਤੇ ਦੁੱਖਦਾਈ ਸੀ, ਪਰ ਇਸ ਤੋਂ ਉਸ ਦਾ ਦਿਲ ਖਿੜ ਗਿਆ।ਉਸ ਨੇ ਇਸ ਗੱਲ ਵਾਲੇ ਪਾਸੇ ਵੀ ਧਿਆਨ ਦਿੱਤਾ ਕਿ ਮੰਮਟੀ ਦੀਆਂ ਬਾਰੀਆਂ ਆਸਾਨੀ ਨਾਲ ਹੀ ਉਖਾੜੀਆਂ ਜਾ ਸਕਦੀਆਂ ਹਨ। ਬਾਰੀਆਂ ਦੇ ਹਲਕੇ-ਹਲਕੇ ਫੱਟੇ ਚੁਗਾਠਾਂ ਵਿਚ ਪਤਲੇ-ਪਤਲੇ ਕਿੱਲ ਠੋਕ ਕੇ ਲਾਏ ਹੋਏ ਸਨ।

ਸੇਰਗੇਈ ਤੇ ਵਾਲਿਯਾ ਨੂੰ ਮੰਮਟੀ ਵਿਚ ਬੈਠਿਆਂ ਚੋਖਾ ਚਿਰ ਹੋ ਗਿਆ ਸੀ ਤੇ ਹੁਣ ਉਹ ਏਧਰ-ਓਧਰ ਦੀਆਂ ਗੱਲਾਂ ਕਰਨ ਲੱਗ ਪਏ ਸਨ।

“ਸਤਿਓਪਾ ਸਾਫੋਨੋਵ ਨੂੰ ਉਸ ਤੋਂ ਮਗਰੋਂ ਨਹੀਂ ਮਿਲੀ ਤੂੰ ?” ਸੇਰਗੇਈ ਨੇ ਪੁੱਛਿਆ।

“ਨਹੀਂ।”

“ਮਤਲਬ ਇਹ ਹੋਇਆ ਕਿ ਹਾਲੇ ਉਹਦੇ ਨਾਲ ਗੱਲ ਕਰਨ ਦਾ ਇਹਨੂੰ ਕੋਈ ਮੌਕਾ ਨਹੀਂ ਮਿਲਿਆ,” ਸੇਰਗੇਈ ਨੂੰ ਇਹ ਸੋਚ ਕੇ ਤਸੱਲੀ ਹੋਈ।

“ਉਹ ਫੇਰ ਆਵੇਗਾ, ਉਹ ਬੜਾ ਚੰਗਾ ਗੱਭਰੂ ਏ,” ਸੇਰਗੇਈ ਨੇ ਆਖਿਆ।“ਅੱਗੋਂ ਜ਼ਿੰਦਗੀ ਬਾਰੇ ਕਿਵੇਂ ਸੋਚਦੀ ਏ,” ਉਹਨੇ ਪੁੱਛਿਆ।

ਵਾਲਿਯਾ ਨੇ ਮਾਣਮੱਤੇ ਢੰਗ ਨਾਲ ਆਪਣੇ ਮੋਢੇ ਫੰਡੇ।

“ਹਾਲੇ ਕੀ ਆਖ ਸਕਦੀ ਆਂ ? ਕੌਣ ਜਾਣੇ, ਕੀ ਹੋਵੇਗਾ।”

“ਇਹ ਤਾਂ ਠੀਕ ਏ,’” ਸੇਰਗੇਈ ਨੇ ਆਖਿਆ।“ਕਿਸੇ ਵੇਲੇ ਆ ਜਾਵਾਂ ਤੈਨੂੰ ਮਿਲਣ ? ਮਾਪੇ ਬੁਰਾ ਤਾਂ ਨਹੀਂ ਮੰਨਣਗੇ ?”

“ਮਾਪੇ !.. ਭਲਕੇ ਹੀ ਆ ਜਾ, ਜੇ ਜੀਅ ਕਰੇ। ਮੈਂ ਸਤਿਓਪਾ ਨੂੰ ਵੀ ਸੱਦਾ ਘੱਲਾਂਗੀ।”

“ਤੇਰਾ ਨਾਂ ਕੀ ਏ ?”

“ਵਾਲਿਯਾ ਬੋਰਤਸ।

ਏਸੇ ਘੜੀ ਓਹਨਾਂ ਨੂੰ ਟਾਮੀ-ਗੰਨ ਦੀਆਂ ਅਚਨਚੇਤੀ ਕਈ ਲੰਮੀਆਂ ਬੁਛਾੜਾਂ ਦੀ ਅਵਾਜ਼ ਸੁਣੀ, ਤੇ ਫੇਰ ਛੋਟੀਆਂ ਬੁਛਾੜਾਂ ਦੀ। ਇਹ ਅਵਾਜ਼ ਵੇਰਖਨੇਦੂਵਾਨਾਯਾ ਬੇਲੇ ਵੱਲੋਂ ਆਈ ਸੀ।

“ਗੋਲੀ ਚੱਲੀ ਏ। ਸੁਣਿਆ ਤੂੰ ?” ਵਾਲਿਯਾ ਨੇ ਪੁੱਛਿਆ।

“ਅਸੀਂ ਏਥੇ ਬੈਠੇ ਹੋਏ ਆਂ, ਤੇ ਰੱਬ ਜਾਣੇ ਸ਼ਹਿਰ ਵਿਚ ਕੀ ਹੋ ਰਿਹਾ ਹੋਵੇ," ਸੇਰਗੇਈ ਨੇ ਗੰਭੀਰਤਾ ਨਾਲ ਆਖਿਆ।“ਖਬਰੇ, ਜਰਮਨ ਸਾਡੇ ਘਰਾਂ ਵਿਚ ਹੀ ਇਉਂ ਬੈਠੇ ਹੋਣ ਜਿਵੇਂ ਉਹਨਾਂ ਦੇ ਆਪਣੇ ਘਰ ਹੋਣ।”

ਕੇਵਲ ਹੁਣ ਵਾਲਿਯਾ ਨੂੰ ਅਹਿਸਾਸ ਹੋਇਆ ਕਿ ਉਹ ਆਪਣੇ ਘਰੋਂ ਕਿਵੇਂ ਨਿਕਲੀ ਸੀ।ਉਸ ਨੇ ਸੋਚਿਆ ਕਿ ਸ਼ਾਇਦ ਸੇਰਗੇਈ ਦੀ ਗੱਲ ਠੀਕ ਹੀ ਹੋਵੇ ਤੇ ਉਹਦੇ ਮਾਪੇ ਉਹਦੇ ਵਾਸਤੇ ਪ੍ਰੇਸ਼ਾਨ ਹੋ ਰਹੇ ਹੋਣਗੇ। ਪਰ ਉਸ ਦੀ ਹਉਮੈ ਉਸ ਨੂੰ ਇਹ ਆਖਣ ਦੀ ਪਹਿਲ ਕਰਨ ਦੀ ਆਗਿਆ ਨਹੀਂ ਸੀ ਦੇਂਦੀ ਕਿ ਉਹਦੇ ਘਰ ਜਾਣ ਦਾ ਵਕਤ ਹੋ ਗਿਆ ਹੈ। ਪਰ ਸੇਰਗੇਈ ਨੂੰ ਇਸ ਗੱਲ ਦਾ ਕਦੇ ਕੋਈ ਫਿਕਰ ਨਹੀਂ ਸੀ ਹੋਇਆ ਕਿ ਦੂਜੇ ਉਹਦੇ ਬਾਰੇ ਕੀ ਸੋਚਦੇ ਹਨ।

“ਘਰ ਚੱਲਣਾ ਚਾਹੀਦਾ ਏ,” ਉਸ ਨੇ ਆਖਿਆ।

ਉਹ ਜਿਸ ਰਸਤੇ ਸਕੂਲ ਅੰਦਰ ਵੜੇ ਸਨ ਓਸੇ ਰਸਤੇ ਬਾਹਰ ਆ ਗਏ।

ਥੋੜ੍ਹਾ ਚਿਰ ਉਹ ਬਾਗ ਦੇ ਸਾਮ੍ਹਣੇ ਜੰਗਲੇ ਕੋਲ ਖੜ੍ਹੇ ਰਹੇ। ਉਪਰ ਮੰਮਟੀ ਵਿਚ ਇਕੱਠੇ ਬੈਠੇ ਰਹਿਣ ਮਗਰੋਂ ਉਹ ਕੁਝ ਕੁ ਪ੍ਰੇਸ਼ਾਨੀ ਮਹਿਸੂਸ ਕਰ ਰਹੇ ਸਨ।

“ਭਲਕੇ ਆਵਾਂਗਾ ਤੇਰੇ ਵੱਲ,” ਸੇਰਗੇਈ ਨੇ ਆਖਿਆ।

ਘਰ ਪਹੁੰਚ ਕੇ ਸੇਰਗੇਈ ਨੇ ਖ਼ਬਰ ਸੁਣੀ ਜਿਹੜੀ ਮਗਰੋਂ ਰਾਤ ਨੂੰ ਉਹਨੇ ਵਲੋਦੀਆ ਓਸਮੂਖਿਨ ਨੂੰ ਦੱਸ ਦਿੱਤੀ। ਇਹ ਖ਼ਬਰ ਕਿ ਹਸਪਤਾਲ ਵਿਚ ਰਹਿ ਗਏ ਫੱਟੜਾਂ ਨੂੰ ਬਾਹਰ ਕੱਢ ਦਿੱਤਾ ਗਿਆ ਹੈ ਅਤੇ ਡਾਕਟਰ ਫਿਓਦਰ ਫਿਓਦਰੋਵਿਚ ਮਾਰਿਆ ਗਿਆ ਹੈ। ਇਹ ਗੱਲ ਉਹਦੀ ਭੈਣ ਨਾਦਿਯਾ ਨੇ ਆਪਣੀ ਅੱਖੀਂ ਵੇਖੀ ਸੀ ਤੇ ਓਸੇ ਨੇ ਹੀ ਹੋਈ ਬੀਤੀ ਸੇਰਗੇਈ ਨੂੰ ਦੱਸੀ ਸੀ।

ਨਾਜ਼ੀ ਫੌਜਾਂ ਦੇ ਭਰੇ ਹੋਏ ਕਈ ਟਰੱਕ ਤੇ ਦੋ ਕਾਰਾਂ ਹਸਪਤਾਲ ਅੱਗੇ ਆ ਖੜੀਆਂ ਹੋਈਆਂ ਸਨ। ਨਤਾਲਿਯਾ ਅਲੇਕਸੇਯੇਵਨਾ ਬਾਹਰ ਗਈ ਤੇ ਉਸ ਨੂੰ ਹੁਕਮ ਦਿੱਤਾ ਗਿਆ ਸੀ ਕਿ ਅੱਧੇ ਘੰਟੇ ਦੇ ਅੰਦਰ-ਅੰਦਰ ਸਾਰੀ ਥਾਂ ਖਾਲੀ ਕਰ ਦਿੱਤੀ ਜਾਵੇ। ਨਤਾਲਿਯਾ ਅਲੇਕਸੇਯੇਵਨਾ ਨੇ ਓਸੇ ਵੇਲ਼ੇ ਤੁਰ ਫਿਰ ਸਕਣ ਵਾਲ਼ਿਆਂ ਨੂੰ ਹਦਾਇਤ ਕੀਤੀ ਕਿ ਉਹ ਬੱਚਿਆਂ ਵਾਲੇ ਹਸਪਤਾਲ ਚਲੇ ਜਾਣ।ਇਸ ਦੇ ਨਾਲ ਹੀ ਉਸ ਨੇ ਸਮਾਂ ਵਧਾਉਣ ਦੀ ਬੇਨਤੀ ਇਹ ਕਾਰਨ ਦੱਸ ਕੇ ਕੀਤੀ ਕਿ ਮੰਜੇ ਤੋਂ ਨਾ ਉੱਠ ਸਕਣ ਵਾਲੇ ਬੀਮਾਰਾਂ ਦੀ ਗਿਣਤੀ ਬਹੁਤ ਹੈ ਤੇ ਉਹਨਾਂ ਕੋਲ ਮੋਟਰ ਗੱਡੀ ਕੋਈ ਨਹੀਂ।

ਅਫਸਰ ਪਹਿਲਾਂ ਹੀ ਆਪਣੀਆਂ ਕਾਰਾਂ ਵਿਚ ਜਾ ਬੈਠੇ ਸਨ।

“ਫੇਨਬੋਂਗ ! ਇਹ ਔਰਤ ਕੀ ਚਾਹੁੰਦੀ ਏ ?” ਵੱਡੇ ਫੌਜੀ ਅਫਸਰ ਨੇ ਇਕ ਉੱਚੇ-ਲੰਮੇ, ਭਾਰੀ-ਭਰਕਮ ਨਾਨ-ਕਮਿਸ਼ੰਡ ਅਫਸਰ ਨੂੰ ਕੜਕ ਕੇ ਪੁੱਛਿਆ ਜਿਸ ਨੇ ਸੋਨੇ ਦੇ ਦੰਦ ਲਵਾਏ ਹੋਏ ਸਨ, ਤੇ ਹਲਕੇ ਰੰਗ ਦੀ ਸਿੰਗ ਦੀ ਕਮਾਨੀ ਵਾਲੀਆਂ ਐਨਕਾਂ ਚਾੜ੍ਹੀਆਂ ਹੋਈਆਂ ਸਨ। ਤੇ ਫੇਰ ਕਾਰਾਂ ਚੱਲ ਪਈਆਂ।

ਭਾਵੇਂ ਸਿੰਗ ਦੀ ਕਮਾਨੀ ਵਾਲਾ ਨਾਨ-ਕਮਿਸ਼ੰਡ ਅਫਸਰ ਕੋਈ ਵਿਗਿਆਨੀ ਤਾਂ ਨਹੀਂ ਸੀ ਨਜ਼ਰ ਆਉਂਦਾ, ਪਰ ਘੱਟੋ-ਘੱਟ ਉਹ ਬੁੱਧੀਜੀਵੀ ਜ਼ਰੂਰ ਜਾਪਦਾ ਸੀ। ਪਰ ਜਦੋਂ ਨਤਾਲਿਯਾ ਅਲੇਕਸੇਯੇਵਨਾ ਨੇ ਉਹਦੇ ਕੋਲ ਜਾ ਕੇ ਆਪਣੀ ਬੇਨਤੀ ਦੁਹਰਾਈ ਅਤੇ ਸਗੋਂ ਉਹਦੇ ਨਾਲ ਜਰਮਨ ਵਿਚ ਗੱਲ ਕਰਨ ਦੀ ਵੀ ਕੋਸ਼ਿਸ਼ ਕੀਤੀ ਤਾਂ ਉਹਨੇ ਐਨਕ ਦੇ ਸ਼ੀਸ਼ਿਆਂ ਵਿਚੋਂ ਇਉਂ ਝਾਕ ਕੇ ਵੇਖਿਆ ਜਿਵੇਂ ਉਹ ਉਹਦੀ ਥਾਂ ਕਿਸੇ ਹੋਰ ਪਾਸੇ ਵੇਖ ਰਿਹਾ ਹੋਵੇ। ਤਕਰੀਬਨ ਔਰਤਾਂ ਵਰਗੀ ਅਵਾਜ਼ ਵਿਚ ਉਸ ਨੇ ਆਪਣੇ ਸੈਨਿਕਾਂ ਨੂੰ ਬੁਲਾਇਆ ਜਿਹੜੇ ਮਿਥਿਆ ਗਿਆ ਅੱਧਾ ਘੰਟਾ ਬੀਤਣ ਤੋਂ ਵੀ ਪਹਿਲਾਂ ਬੀਮਾਰਾਂ ਨੂੰ ਇੱਜੜ ਵਾਂਗੂ ਧੱਕ ਕੇ ਹਾਤੇ ਵਿਚੋਂ ਬਾਹਰ ਕੱਢਣ ਲੱਗ ਪਏ।

ਉਹਨਾਂ ਨੇ ਬੀਮਾਰਾਂ ਨੂੰ ਧੂਹ ਕੇ ਬਿਸਤਰਿਆਂ ਵਿਚੋਂ ਬਾਹਰ ਕੱਢਿਆ ਜਾਂ ਬਾਹਵਾਂ ਤੋਂ ਫੜ ਕੇ ਖਿੱਚ ਲਿਆ ਤੇ ਦਰਵਾਜ਼ੇ ਤੋਂ ਬਾਹਰ ਲਾਨ ਉੱਤੇ ਪਟਕਾ ਮਾਰਿਆ। ਤੇ ਫੇਰ ਉਹਨਾਂ ਨੂੰ ਪਤਾ ਲੱਗਾ ਕਿ ਹਸਪਤਾਲ ਵਿਚ ਫੱਟੜ ਫੌਜੀ ਸਨ। ਫਿਓਦਰ ਫਿਓਦਰੋਵਿਚ, ਜਿਹੜਾ ਮਿਊਂਸਪਲ ਹਸਪਤਾਲ ਦਾ ਸਰਜਨ ਸੀ, ਅੱਗੇ ਹੋ ਕੇ ਇਹ ਸਮਝਾਉਣ ਦੀ ਕੋਸ਼ਿਸ਼ ਕਰਨ ਲੱਗਾ ਕਿ ਇਹਨਾਂ ਦੀ ਹਾਲਤ ਬੇਹੱਦ ਖਰਾਬ ਹੈ ਤੇ ਇਹਨਾਂ ਵਿਚੋਂ ਕੋਈ ਵੀ ਫੇਰ ਲੜਾਈ ਵਿਚ ਹਿੱਸਾ ਲੈਣ ਦੇ ਕਾਬਿਲ ਨਹੀਂ ਅਤੇ ਇਹਨਾਂ ਨੂੰ ਗੈਰ-ਫੌਜੀ ਦੇਖ-ਰੇਖ ਵਿਚ ਰੱਖਿਆ ਗਿਆ ਹੈ। ਨਾਨ-ਕਮਿਸ਼ੰਡ ਫੌਜੀ ਦਾ ਕਹਿਣਾ ਸੀ ਕਿਉਂਕਿ ਇਹ ਸੈਨਿਕ ਹਨ ਇਸ ਵਾਸਤੇ ਇਹ ਜੰਗੀ ਕੈਦੀ ਬਣਾ ਲਏ ਗਏ ਹਨ ਤੇ ਇਹਨਾਂ ਨੂੰ ਇਹਨਾਂ ਦੀ ਅਸਲ ਥਾਂ 'ਤੇ ਪਹੁੰਚਾਇਆ ਜਾਣਾ ਜ਼ਰੂਰੀ ਹੈ।ਤੇ ਇਸ ਤੋਂ ਬਾਦ ਜ਼ਖ਼ਮੀਆਂ ਨੂੰ ਕੱਛਿਆਂ ਬੁਨੈਣਾਂ ਵਿਚ ਹੀ ਉਹਨਾਂ ਦੇ ਬਿਸਤਰਿਆਂ ਵਿਚੋਂ ਧੂਹ ਲਿਆ ਗਿਆ ਤੇ ਟਰੱਕਾਂ ਵਿਚ ਇਕ ਦੂਜੇ ਦੇ ਉੱਤੇ, ਸੁੱਟ ਕੇ, ਜਿਵੇਂ ਆਇਆ, ਭਰ ਲਿਆ ਗਿਆ।

ਫਿਓਦਰ ਫਿਓਦਰੋਵਿਚ ਦੇ ਛੇਤੀ ਤੈਸ਼ ਵਿਚ ਆ ਜਾਣ ਵਾਲੇ ਸੁਭਾ ਨੂੰ ਜਾਣਦਿਆਂ, ਨਤਾਲਿਯਾ ਅਲੇਕਸੇਯੇਵਨਾ ਨੇ ਉਸ ਨੂੰ ਓਥੋਂ ਚਲੇ ਜਾਣ ਵਾਸਤੇ ਆਖਿਆ, ਪਰ ਉਹ ਦੋ ਖਿੜਕੀਆਂ ਦੇ ਵਿਚਕਾਰ ਲਾਂਘੇ ਵਿਚ ਖੜਾ ਰਿਹਾ।ਧੁੱਪ ਨਾਲ ਝੁਲਸਿਆ ਉਸ ਦਾ ਚਿਹਰਾ ਸੁਆਹ-ਰੰਗਾ ਹੋ ਗਿਆ ਸੀ।ਹੱਥ ਨਾਲ ਬਣਾਈ ਸਿਗਰਟ ਦੇ ਬਚਦੇ ਹਿੱਸੇ ਨੂੰ ਉਹ ਆਪਣੇ ਬੁੱਲ੍ਹਾਂ ਵਿਚ ਪਪੋਲ ਰਿਹਾ ਸੀ ਤੇ ਉਸ ਦੇ ਗੋਡੇ ਇਉਂ ਕੰਬ ਰਹੇ ਸਨ ਕਿ ਉਸ ਨੂੰ ਬਾਰ-ਬਾਰ ਝੁਕ ਕੇ ਹੱਥ ਨਾਲ ਮਲਣੇ ਪੈ ਰਹੇ ਸਨ। ਨਤਾਲਿਯਾ ਅਲੇਕਸੇਯੇਵਨਾ ਉਸ ਨੂੰ ਇਕੱਲਿਆਂ ਛੱਡ ਕੇ ਜਾਣੋਂ ਡਰਦੀ ਸੀ ਤੇ ਉਸ ਨੇ ਨਾਦਿਯਾ ਨੂੰ ਵੀ ਆਖਿਆ ਕਿ ਜਿੰਨਾ ਚਿਰ ਇਹ ਸਭ ਖ਼ਤਮ ਨਹੀਂ ਹੁੰਦਾ ਨਾ ਜਾਵੇ। ਇਹ ਵੇਖ ਕੇ ਤਰਸ ਤੇ ਡਰ ਆਉਂਦਾ ਸੀ ਕਿ ਕਿਵੇਂ ਅੱਧ-ਕੱਜੇ ਫੱਟੜਾਂ ਨੂੰ ਧੂਹ-ਧੂਹ ਕੇ ਲਾਂਘੇ ਵਿਚੋਂ ਲਿਜਾਇਆ ਜਾ ਰਿਹਾ ਸੀ।ਕਿਸੇ-ਕਿਸੇ ਵੇਲੇ ਤਾਂ ਫਰਸ਼ ਉੱਤੇ ਘਸੀਟ ਕੇ ਲਿਜਾਇਆ ਜਾ ਰਿਹਾ ਸੀ।ਨਾਦਿਯਾ ਦੀ ਰੋਣ ਦੀ ਹਿੰਮਤ ਨਹੀਂ ਸੀ ਪੈਂਦੀ ਭਾਵੇਂ ਉਹਦੀਆਂ ਅੱਖਾਂ ਵਿਚੋਂ ਆਪਮੁਹਾਰੇ ਹੀ ਅੱਥਰੂ ਵਗੀ ਜਾ ਰਹੇ ਸਨ। ਪਰ ਉਹ ਉਸ ਥਾਂ ਤੋਂ ਹਿੱਲ ਕੇ ਗਈ ਨਹੀਂ ਸੀ ਕਿਉਂਕਿ ਫਿਓਦਰ ਫਿਓਦਰੋਵਿਚ ਬਾਰੇ ਉਹ ਹੋਰ ਵੀ ਬਹੁਤਾ ਡਰ ਰਹੀ ਸੀ।

ਦੋ ਜਰਮਨ ਇਕ ਜ਼ਖ਼ਮੀ ਨੂੰ ਖਿੱਚੀ ਲਈ ਜਾਂਦੇ ਸਨ ਜਿਸ ਦਾ ਦੋ ਕੁ ਹਫਤੇ ਪਹਿਲਾਂ ਫਿਓਦਰ ਫਿਓਦਰੋਵਿਚ ਨੇ ਮੋਰਟਾਰ ਤੋਪ ਦੇ ਗੋਲਿਆਂ ਦੀਆਂ ਪੱਚਰਾਂ ਨਾਲ਼ ਤਬਾਹ ਹੋ ਗਿਆ ਇਕ ਗੁਰਦਾ ਕੱਢ ਦਿੱਤਾ ਹੋਇਆ ਸੀ। ਪਿਛਲੇ ਕੁਝ ਦਿਨਾਂ ਵਿਚ ਉਹਦੀ ਹਾਲਤ ਬਹੁਤ ਸੁਧਰ ਗਈ ਸੀ ਅਤੇ ਡਾਕਟਰ ਨੂੰ ਆਪਣੇ ਕੀਤੇ ਇਸ ਅਪਰੇਸ਼ਨ ਉੱਤੇ ਬੜਾ ਮਾਣ ਸੀ। ਜਿਸ ਵੇਲੇ ਜਰਮਨ ਇਸ ਆਦਮੀ ਨੂੰ ਚੁੱਕ ਕੇ ਲਾਂਘੇ ਵਿਚੋਂ ਜਾ ਰਹੇ ਸਨ ਤਾਂ ਨਾਨ-ਕਮਿਸ਼ੰਡ ਅਫਸਰ ਫੇਨਬੋਂਗ ਨੇ ਉਹਨਾਂ ਵਿਚੋਂ ਇਕ ਜਣੇ ਨੂੰ ਬੁਲਾ ਲਿਆ। ਸੈਨਿਕ ਨੇ ਜ਼ਖ਼ਮੀ ਆਦਮੀ ਦੀਆਂ ਲੱਤਾਂ ਛੱਡ ਦਿੱਤੀਆਂ ਤੇ ਦੌੜ ਕੇ ਵਾਰਡ ਵਿਚ ਚਲਾ ਗਿਆ। ਦੂਜੇ ਸੈਨਿਕ ਨੇ ਇਕੱਲਿਆਂ ਹੀ ਜ਼ਖ਼ਮੀ ਆਦਮੀ ਨੂੰ ਫਰਸ਼ ਉੱਤੇ ਘਸੀਟਣਾ ਸ਼ੁਰੂ ਕਰ ਦਿੱਤਾ।

ਫਿਓਦਰ ਫਿਓਦਰੋਵਿਚ ਅਚਾਨਕ ਦੀਵਾਰ ਨਾਲੋਂ ਹਟਿਆ ਅਤੇ ਇਸ ਤੋਂ ਪਹਿਲਾਂ ਕਿ ਕਿਸੇ ਨੂੰ ਇਹ ਪਤਾ ਲੱਗਦਾ ਕਿ ਹੋ ਕੀ ਰਿਹਾ ਹੈ ਦੌੜ ਕੇ ਜ਼ਖ਼ਮੀ ਕੋਲ ਆ ਗਿਆ।ਬਾਕੀ ਬਹੁਤ ਸਾਰਿਆਂ ਵਾਂਗ, ਇਸ ਆਦਮੀ ਨੇ ਵੀ ਅੰਤਾਂ ਦੀ ਪੀੜ ਦੇ ਬਾਵਜੂਦ ਮੂੰਹੋਂ ਇਕ ਲਫਜ਼ ਤੱਕ ਨਹੀਂ ਸੀ ਕੱਢਿਆ, ਪਰ ਜਦੋਂ ਉਸ ਨੇ ਡਾਕਟਰ ਨੂੰ ਵੇਖਿਆ ਤਾਂ ਉਹ ਬੋਲ ਉੱਠਿਆ:

“ਵੇਖਿਆ ਜੇ, ਫਿਓਦਰੋਵਿਚ, ਕੀ ਕਰ ਰਹੇ ਨੇ ? ਇਹ ਇਨਸਾਨ ਨੇ ਜਾਂ ?”

ਤੇ ਉਹਦੇ ਅੱਥਰੂ ਛੁੱਟ ਪਏ।

ਫਿਓਦਰ ਫਿਓਦਰੋਵਿਚ ਨੇ ਜਰਮਨ ਵਿਚ ਕੁਝ ਆਖਿਆ। ਸ਼ਾਇਦ ਉਸ ਨੇ ਇਹ ਆਖਿਆ ਸੀ ਕਿ ਇਹ ਕੰਮ ਕਰਨ ਦਾ ਠੀਕ ਤਰੀਕਾ ਨਹੀਂ।ਤੇ ਸ਼ਾਇਦ ਉਸ ਨੇ ਇਹ ਵੀ ਆਖਿਆ ਸੀ, “ਲਿਆ, ਮੈਂ ਹੱਥ ਪੁਆ ਦਿਆਂ।” ਪਰ ਜਰਮਨ ਸੈਨਿਕ ਹੱਸ ਪਿਆ ਸੀ ਤੇ ਜ਼ਖ਼ਮੀ ਆਦਮੀ ਨੂੰ ਫਰਸ਼ ਉੱਤੇ ਘਸੀਟੀ ਗਿਆ ਸੀ। ਓਸੇ ਪਲ ਫੇਨਬੋਂਗ ਵਾਰਡ ਵਿਚੋਂ ਬਾਹਰ ਨਿਕਲ ਆਇਆ ਤੇ ਫਿਓਦਰ ਫਿਓਦਰੋਵਿਚ ਸਿੱਧਾ ਉਹਦੇ ਕੋਲ ਗਿਆ। ਡਾਕਟਰ ਦਾ ਚਿਹਰਾ ਸੁਆਹ-ਰੰਗਾ ਸੀ ਤੇ ਉਹਦਾ ਸਰੀਰ ਕੰਬੀ ਜਾ ਰਿਹਾ ਸੀ। ਉਹ ਨਾਨ-ਕਮਿਸ਼ੰਡ ਅਫ਼ਸਰ ਨਾਲ ਤਕਰੀਬਨ ਖਹਿ ਹੀ ਗਿਆ ਸੀ ਤੇ ਉਹਨੇ ਤਿੱਖੀ ਅਵਾਜ਼ ਵਿਚ ਉਸ ਨੂੰ ਕੁਝ ਆਖਿਆ ਸੀ।ਕਾਲੀ ਵਰਦੀ ਵਾਲੇ ਇਸ ਅਫਸਰ ਨੇ, ਜਿਹੜੀ ਉਹਦੇ ਭਾਰੀ-ਭਰਕਮ ਜਿਸਮ ਉੱਤੇ ਤਹਿ ਵਾਂਗ ਬੈਠੀ ਹੋਈ ਸੀ ਤੇ ਜਿਸ ਦੀ ਛਾਤੀ ਉੱਤੇ ਖੋਪੜੀ ਤੇ ਕਾਟਵੀਆਂ ਹੱਡੀਆਂ ਵਾਲਾ ਚਮਕੀਲਾ ਧਾਂਤ ਦਾ ਬੈਜ ਲੱਗਾ ਹੋਇਆ ਸੀ, ਜਵਾਬ ਵਿਚ ਕੁਝ ਬੁੜ-ਬੁੜ ਕੀਤਾ ਤੇ ਡਾਕਟਰ ਦੇ ਚਿਹਰੇ ਉੱਤੇ ਪਿਸਤੌਲ ਰੱਖ ਕੇ, ਉਸ ਨੂੰ ਪਿਛਾਂਹ ਧੱਕ ਦਿੱਤਾ। ਫਿਓਦਰ ਫਿਓਦਰੋਵਿਚ ਪਿਛਾਂਹ ਡਿੱਗ ਪਿਆ ਤੇ ਉਸ ਨੇ ਫੇਰ ਕੁਝ ਆਖਿਆ, ਸ਼ਾਇਦ ਕੋਈ ਚੋਭਵੀਂ ਗੱਲ। ਤੱਦ ਫੇਨਬੋਂਗ ਦੀਆਂ ਐਨਕਾਂ ਪਿੱਛੇ ਉਹਦੀਆਂ ਅੱਖਾਂ ਇਉਂ ਟੱਡੀਆਂ ਗਈਆਂ ਕਿ ਵੇਖ ਕੇ ਖੌਫ ਆਉਣ ਲੱਗਾ ਸੀ ਤੇ ਉਸ ਨੇ ਫਿਓਦਰ ਫਿਓਦਰੋਵਿਚ ਦੀਆਂ ਅੱਖਾਂ ਵਿਚਾਲੇ ਗੋਲੀ ਦਾਗ ਦਿੱਤੀ।ਨਾਦਿਯਾ ਨੇ ਵੇਖਿਆ ਕਿ ਉਹਦਾ ਮੱਥਾ ਦੁਫਾੜ ਹੋ ਗਿਆ ਸੀ ਅਤੇ ਇਸ ਵਿਚੋਂ ਲਹੂ ਦੀ ਧਾਰ ਛੁੱਟ ਪਈ ਸੀ ਤੇ ਫਿਓਦਰ ਫਿਓਦਰੋਵਿਚ ਭੁੰਜੇ ਡਿੱਗ ਪਿਆ ਸੀ। ਨਤਾਲਿਯਾ ਅਲੇਕਸੇਯੇਵਨਾ ਤੇ ਨਾਦਿਯਾ ਹਸਪਤਾਲ ਵਿਚੋਂ ਭੱਜ ਉੱਠੀਆਂ ਤੇ ਨਾਦਿਯਾ ਨੂੰ ਤਾਂ ਇਹ ਵੀ ਯਾਦ ਨਹੀਂ ਸੀ ਕਿ ਉਹ ਘਰ ਕਿਵੇਂ ਅਪੜੀ ਸੀ।

ਨਾਦਿਯਾ ਟੋਪੀ ਤੇ ਚਿੱਟਾ ਚੋਗਾ ਪਾਈ, ਜਿਵੇਂ ਉਹ ਹਸਪਤਾਲ ਵਿਚੋਂ ਦੌੜ ਕੇ ਆਈ ਸੀ, ਬੈਠੀ ਸੀ ਤੇ ਮੁੜ-ਮੁੜ ਇਹ ਕਹਾਣੀ ਸੁਣਾ ਰਹੀ ਸੀ। ਉਹ ਰੋਈ ਨਹੀਂ ਸੀ, ਉਹਦਾ ਚਿਹਰਾ ਬੱਗਾ ਪੂਣੀ ਸੀ, ਗੱਲ੍ਹਾਂ ਦੀਆਂ ਹੱਡੀਆਂ ਅੰਗਿਆਰਾਂ ਵਾਂਗ ਸਨ ਤੇ ਉਹਦੀਆਂ ਚਮਕਦੀਆਂ ਅੱਖਾਂ ਉਹਨਾਂ ਲੋਕਾਂ ਨੂੰ ਨਹੀਂ ਸੀ ਵੇਖ ਰਹੀਆਂ ਜਿਨ੍ਹਾਂ ਨੂੰ ਉਹ ਇਹ ਸਭ ਕੁਝ ਸੁਣਾ ਰਹੀ ਸੀ।

“ਸੁਣਿਆ ਤੂੰ, ਲੋਫਰਾ !” ਪਿਓ ਨੇ ਗੁੱਸੇ ਵਿਚ ਆ ਕੇ ਖੰਘਦਿਆਂ ਸੇਰਗੇਈ ਨੂੰ ਝਾੜਿਆ। “ਕਸਮ ਖੁਦਾ ਦੀ, ਜੀਅ ਕਰਦਾ ਹੈ ਤੇਰੀ ਚਮੜੀ ਉਧੇੜ ਦੇਵਾਂ ! ਸ਼ਹਿਰ ਵਿਚ ਜਰਮਨ ਆ ਵੜੇ ਨੇ ਤੇ ਇਹ ਪਤਾ ਨਹੀਂ ਕਿੱਥੇ ਆਵਾਰਾ ਪਿਆ ਫਿਰਦਾ ਹੈ ! ਮਾਂ ਦੀ ਜਾਨ ਦਾ ਖੌ।” ਮਾਂ ਰੋਣ ਲੱਗ ਪਈ।

“ਮੇਰਾ ਤਾਂ ਸਾਹ ਸੁੱਕਾ ਪਿਆ ਸੀ। ਸੋਚਦੀ ਸਾਂ, ਤੈਨੂੰ ਮਾਰ ਦਿੱਤਾ।”

“ਮੈਨੂੰ ਮਾਰ ਦਿੱਤਾ!” ਅਚਾਨਕ ਖਿੱਝ ਕੇ ਸੇਰਗੇਈ ਬੋਲਿਆ।“ਮੈਨੂੰ ਨਹੀਂ ਮਾਰਿਆ। ਪਰ ਜ਼ਖ਼ਮੀ ਮਾਰ ਦਿੱਤੈ, ਵੇਰਖਨੇਦੂਵਾਨਾਯਾ ਬੇਲੇ ਵਿਚ। ਮੈਂ ਅਵਾਜ਼ ਸੁਣੀ ਸੀ।

ਉਹ ਬੈਠਕ ਵਿਚੋਂ ਲੰਘਿਆ ਤੇ ਸਿਰਾਣੇ ਵਿਚ ਮੂੰਹ ਦੇ ਕੇ ਆਪਣੇ ਮੰਜੇ ਉੱਤੇ ਜਾ ਪਿਆ। ਉਹਦੇ ਰੋਮ-ਰੋਮ ਵਿਚ ਬਦਲੇ ਦੀ ਅੱਗ ਭੜਕ ਉੱਠੀ ਸੀ। ਸੇਰਗੇਈ ਵਾਸਤੇ ਸਾਹ ਲੈਣਾ ਔਖਾ ਹੋ ਗਿਆ ਸੀ।ਜਿਹੜੀ ਸੋਚ ਸਕੂਲ ਦੀ ਮੰਮਟੀ ਵਿਚ ਉਸ ਨੂੰ ਵੱਢ-ਵੱਢ ਖਾਂਦੀ ਰਹੀ ਸੀ ਹੁਣ ਉਸ ਨੂੰ ਇਕ ਰਾਹ ਲੱਭ ਗਿਆ ਸੀ।ਹਨੇਰਾ ਹੋ ਲੈਣ ਦੇ !” ਉਸ ਨੇ ਬਿਸਤਰੇ ਵਿਚ ਪਾਸੇ ਮਾਰਦਿਆਂ ਸੋਚਿਆ। ਦੁਨੀਆਂ ਦੀ ਕੋਈ ਤਾਕਤ ਹੁਣ ਉਸ ਨੂੰ ਰੋਕ ਨਹੀਂ ਸੀ ਸਕਦੀ। ਜੋ ਕੁਝ ਉਸ ਨੇ ਸੋਚਿਆ ਸੀ ਉਸ ਨੂੰ ਉਹ ਕਰ ਕੇ ਰਹੇਗਾ।

ਉਹਨਾਂ ਨੇ ਲੈਂਪ ਨਹੀਂ ਸੀ ਬਾਲੀ ਤੇ ਸੁਵੱਖਤੇ ਹੀ ਮੰਜਿਆਂ ਉੱਤੇ ਪੈ ਗਏ ਸਨ। ਪਰ ਸਾਰਿਆਂ ਦੇ ਅੰਦਰੋਂ ਏਨੀਆਂ ਕਾਹਲੀਆਂ ਉੱਠਦੀਆਂ ਸਨ ਕਿ ਕਿਸੇ ਦੀ ਵੀ ਅੱਖ ਨਾ ਲੱਗ ਸਕੀ। ਰੱਤੀ ਭਰ ਵੀ ਸੰਭਾਵਨਾ ਨਹੀਂ ਸੀ ਕਿ ਉਹ ਘਰੋਂ ਬਾਹਰ ਨਿਕਲੇ ਤੇ ਕਿਸੇ ਨੂੰ ਪਤਾ ਨਾ ਲੱਗੇ। ਇਸ ਲਈ ਉਹ ਖੁੱਲ੍ਹੇ ਤੌਰ ’ਤੇ ਇਸ ਅੰਦਾਜ਼ ਨਾਲ ਬਾਹਰ ਆ ਗਿਆ ਜਿਵੇਂ ਉਸ ਨੇ ਵਿਹੜੇ ਤੋਂ ਅੱਗੇ ਨਾ ਜਾਣਾ ਹੋਵੇ। ਫੇਰ ਉਹ ਛੜੱਪੇ ਮਾਰਦਾ ਸਬਜ਼ੀਆਂ ਵਾਲੀ ਬਗ਼ੀਚੀ ਵਿਚ ਆ ਗਿਆ। ਆਪਣੇ ਨੰਗੇ ਹੱਥਾਂ ਨਾਲ ਉਸ ਨੇ ਇਕ ਟੋਆ ਪੁੱਟਿਆ ਜਿਸ ਵਿਚ ਉਸ ਨੇ ਧਮਾਕਾ ਕਰਨ ਵਾਲੀਆਂ ਬੋਤਲਾਂ ਲੁਕਾਈਆਂ ਹੋਈਆਂ ਸਨ। ਰਾਤ ਵੇਲੇ ਬੇਲਚੇ ਦੀ ਵਰਤੋਂ ਕਰਨਾ ਖ਼ਤਰੇ ਤੋਂ ਖ਼ਾਲੀ ਨਹੀਂ ਸੀ।ਉਸ ਨੂੰ ਬੂਹਾ ਖੁੱਲ੍ਹਦੇ ਦੀ ਅਵਾਜ਼ ਆਈ, ਉਸ ਨੇ ਨਾਦਿਯਾ ਦੇ ਅੱਗੇ ਵੱਧਦੇ ਪੈਰਾਂ ਦਾ ਖੜਾਕ ਸੁਣਿਆ ਤੇ ਉਸ ਨੇ ਹੌਲੀ ਜਿਹੀ ਵਾਜ ਮਾਰੀ:

“ਸੇਰਗੇਈ... ਵੇ ਸੇਰਗੇਈ...”

ਇਕ ਪਲ ਉਹਨੇ ਉਡੀਕਿਆ, ਫੇਰ ਵਾਜ ਮਾਰੀ ਤੇ ਫੇਰ ਉਹ ਵਾਪਿਸ ਅੰਦਰ ਚਲੀ ਗਈ ਤੇ ਉਸ ਨੇ ਬੂਹਾ ਬੰਦ ਹੋਣ ਦੀ ਅਵਾਜ਼ ਸੁਣੀ।

ਉਸ ਨੇ ਆਪਣੀ ਪਤਲੂਣ ਦੀਆਂ ਦੋਹਾਂ ਜੇਬਾਂ ਵਿਚ ਇਕ-ਇਕ ਬੋਤਲ ਤੁੰਨ ਲਈ ਤੇ ਤੀਜੀ ਆਪਣੀ ਕਮੀਜ਼ ਦੇ ਅੰਦਰ ਕਰ ਲਈ। ਇਸ ਤੋਂ ਬਾਅਦ ਉਹ ਜੁਲਾਈ ਮਹੀਨੇ ਦੀ ਹੁਸੜ ਵਾਲੀ ਰਾਤ ਦੇ ਹਨੇਰੇ ਵਿਚ ਇਕ ਵਾਰੀ ਫੇਰ ਪਾਰਕ ਵੱਲ ਤੁਰ ਪਿਆ। ਸ਼ਹਿਰ ਦੇ ਕੇਂਦਰ ਵਿਚ ਜਾਣ ਤੋਂ ਬਚਣ ਲਈ ਉਹ “ਸ਼ੰਘਾਈ” ਇਲਾਕੇ ਦਾ ਵਲ਼ਾ ਪਾ ਕੇ ਗਿਆ।

ਪਾਰਕ ਵਿਚ ਚੁੱਪ-ਚਾਂ ਤੇ ਸੁੰਨ-ਮਸਾਣ ਸੀ। ਪਰ ਸਕੂਲ ਦੀ ਇਮਾਰਤ ਦੇ ਅੰਦਰ ਖਾਸ ਕਰਕੇ ਖਾਮੋਸ਼ੀ ਸੀ ਜਿੱਥੇ ਉਹ ਦਿਨ ਵੇਲੇ ਤੋੜ ਕੇ ਖੋਹਲੀ ਖਿੜਕੀ ਟੱਪ ਕੇ ਜਾ ਵੜਿਆ ਸੀ। ਸਕੂਲ ਵਿਚ ਏਡੀ ਚੁੱਪ ਸੀ ਕਿ ਜਾਪਦਾ ਸੀ ਜਿਵੇਂ ਰੱਖੇ ਗਏ ਹਰ ਕਦਮ ਦਾ ਖੜਾਕ ਉਸ ਨੂੰ ਹੀ ਨਹੀਂ ਸਗੋਂ ਸਾਰੇ ਸ਼ਹਿਰ ਨੂੰ ਸੁਣਦਾ ਹੋਵੇ।ਪੌੜੀਆਂ ਦੀਆਂ ਲੰਮੀਆਂ ਖਿੜਕੀਆਂ ਵਿਚੋਂ ਬਾਹਰੋਂ ਮੱਧਮ ਜਿਹਾ ਚਾਨਣ ਪੈਂਦਾ ਸੀ ਤੇ ਜਦੋਂ ਸੇਰਗੇਈ ਇਹਨਾਂ ਦੇ ਅੱਗੇ ਦੀ ਲੰਘਿਆ ਤਾਂ ਉਸ ਨੇ ਮਹਿਸੂਸ ਕੀਤਾ ਕਿ ਜੇ ਕੋਈ ਹਨੇਰੀ ਨੁੱਕਰ ਵਿਚ ਲੁੱਕਿਆ ਬੈਠਾ ਹੋਵੇ ਤਾਂ ਉਹ ਖਿੜਕੀਆਂ ਦੇ ਪਿਛੋਕੜ ਵਿਚ ਉਸ ਨੂੰ ਵੇਖ ਸਕਦਾ ਸੀ ਤੇ ਝਪਟ ਕੇ ਕਾਬੂ ਕਰ ਸਕਦਾ ਸੀ। ਪਰ ਛੇਤੀ ਹੀ ਉਸ ਨੇ ਇਸ ਆਰਜ਼ੀ ਜਿਹੀ ਘਬਰਾਹਟ ਉੱਤੇ ਕਾਬੂ ਪਾ ਲਿਆ ਤੇ ਮੰਮਟੀ ਵਿਚ ਆਪਣੀ ‘ਨਿਗਰਾਨ ਚੌਂਕੀ’ ’ਤੇ ਪੁੱਜ ਗਿਆ।

ਕੁਝ ਚਿਰ ਉਹ ਬਾਰੀ ਅੱਗੇ ਬੈਠਾ ਰਿਹਾ ਭਾਵੇਂ ਹੁਣ ਉਸ ਨੂੰ ਨਜ਼ਰ ਉੱਕਾ ਹੀ ਕੁਝ ਨਹੀਂ ਸੀ ਆਉਂਦਾ।ਉਹ ਸਿਰਫ ਇਹ ਚਾਹੁੰਦਾ ਸੀ ਕਿ ਸਾਹ ਵਿਚ ਸਾਹ ਰਲ ਲਵੇ। ਇਸ ਤੋਂ ਬਾਅਦ ਉਸ ਨੇ ਉਹਨਾਂ ਨਿੱਕੇ-ਨਿੱਕੇ ਕਿੱਲਾਂ ਨੂੰ ਟੋਹ ਕੇ ਵੇਖਿਆ ਜਿਨ੍ਹਾਂ ਦੇ ਸਹਾਰੇ ਤਖਤੇ ਚੁਗਾਠ ਵਿਚ ਅੜੇ ਹੋਏ ਸਨ। ਹੌਲੀ ਜਿਹੀ ਕਿੱਲ ਮੋੜੇ ਤੇ ਚੁੱਪ-ਚਾਪ ਖਿੜਕੀ ਲਾਹ ਪਰੇ ਕੀਤੀ। ਸੱਜਰੀ ਸੀਤ ਹਵਾ ਦਾ ਬੁੱਲਾ ਉਹਦੇ ਚਿਹਰੇ ਨੂੰ ਪਲੋਸ ਗਿਆ ਕਿਉਂਕਿ ਮੰਮਟੀ ਵਿਚ ਅਜੇ ਵੀ ਬੜੀ ਗਰਮੀ ਤੇ ਹੁੱਸੜ ਸੀ। ਸਕੂਲ ਅੰਦਰਲੇ ਤੇ ਖਾਸ ਤੌਰ 'ਤੇ ਇਸ ਮੰਮਟੀ ਅੰਦਰਲੇ ਹਨੇਰੇ ਤੋਂ ਬਾਅਦ, ਹੁਣ ਉਹ ਇਹ ਵੇਖ ਸਕਦਾ ਸੀ ਕਿ ਹੇਠਾਂ ਸੜਕ ਉੱਤੇ ਕੀ ਹੋ ਰਿਹਾ ਸੀ। ਉਸ ਨੂੰ ਸ਼ਹਿਰ ਵਿਚ ਤੁਰੇ ਫਿਰਦੇ ਟਰੱਕਾਂ ਦੀ ਅਵਾਜ਼ ਸੁਣਦੀ ਸੀ ਤੇ ਉਹਨਾਂ ਦੀਆਂ ਅਗਲੀਆਂ ਬੱਤੀਆਂ ਦਾ ਹਿੱਲਦਾ ਡੋਲਦਾ ਮੱਧਮ ਚਾਨਣ ਵਿਖਾਈ ਦੇਂਦਾ ਸੀ। ਰਾਤ ਭਰ ਵੇਰਖਨੇਦੂਵਾਨਾਯਾ ਤੋਂ ਫੌਜੀ ਦਸਤਿਆਂ ਦੀ ਨਿਰੰਤਰ ਆਵਾਜਾਈ ਲੱਗੀ ਰਹੀ ਸੀ। ਸਾਰੀ ਸੜਕ ਉੱਤੇ ਹਨੇਰੇ ਨੂੰ ਚੀਰਦੀਆਂ ਬੱਤੀਆਂ ਦਾ ਚਾਨਣ ਉਸ ਨੂੰ ਨਜ਼ਰ ਆ ਰਿਹਾ ਸੀ। ਕੁਝ ਟਰੱਕਾਂ ਦੀਆਂ ਅਗਲੀਆਂ ਬੱਤੀਆਂ ਪੂਰਾ ਚਾਨਣ ਸੁੱਟਦੀਆਂ ਸਨ ਤੇ ਅਚਾਨਕ ਪਹਾੜੀ ਉੱਤੇ ਅਸਮਾਨ ਵਿਚ ਉਹਨਾਂ ਦਾ ਚਾਨਣ ਇਉਂ ਪੈਂਦਾ ਜਿਵੇ ਸਰਚ-ਲਾਈਟ ਪੈਂਦੀ ਹੋਵੇ ਜਾਂ ਸਤੇਪੀ ਦਾ ਕੋਈ ਹਿੱਸਾ ਚਮਕ ਉੱਠਦਾ ਤੇ ਬੇਲੇ ਵਿਚ ਪੱਤੀਆਂ ਦੇ ਚਿੱਟੇ ਹੇਠਲੇ ਹਿੱਸੇ ਨਜ਼ਰ ਆ ਜਾਂਦੇ।

ਟਰੱਸਟ ਦੀ ਇਮਾਰਤ ਦੇ ਵੱਡੇ ਫਾਟਕਾਂ ਦੇ ਬਾਹਰ ਸੈਨਾ ਦੀਆਂ ਰਾਤ ਵੇਲੇ ਦੀਆਂ ਸਰਗਰਮੀਆਂ ਜਾਰੀ ਸਨ। ਟਰੱਕ ਤੇ ਮੋਟਰ-ਸਾਈਕਲ ਆਉਂਦੇ ਜਾਂਦੇ ਸਨ। ਸੈਨਿਕ ਤੇ ਅਫਸਰ ਲਗਾਤਾਰ ਆ ਜਾ ਰਹੇ ਸਨ ਤੇ ਬੂਟਾਂ ਦੀਆਂ ਅੱਡੀਆਂ ਦੀ ਠਕ-ਠਕ ਤੇ ਹਥਿਆਰਾਂ ਦੀ ਖੜ-ਖੜ ਬਰਾਬਰ ਸੁਣਾਈ ਦੇ ਰਹੀ ਸੀ। ਖਰਵੀ, ਓਪਰੀ ਜਬਾਨ ਦੇ ਬੋਲ ਸੁਣਾਈ ਦੇ ਰਹੇ ਸਨ। ਪਰ ਟਰੱਸਟ ਦੀ ਇਮਾਰਤ ਦੀਆਂ ਖਿੜਕੀਆਂ ਵਿਚ ਹਨੇਰਾ ਸੀ।

ਸੇਰਗੇਈ ਦੀਆਂ ਸਭੇ ਗਿਆਨ-ਇੰਦਰੀਆਂ ਏਡੀਆਂ ਚੌਕਸ ਸਨ, ਤੇ ਉਹਦਾ ਧਿਆਨ ਇਕੋ ਉਦੇਸ਼ ਉੱਤੇ ਏਡਾ ਇਕਾਗਰ ਸੀ ਕਿ ਹਨੇਰੀਆਂ ਖਿੜਕੀਆਂ ਦੀ ਅਣਚਿਤਵੀਂ ਸਥਿਤੀ ਤੋਂ ਉਸ ਨੇ ਆਪਣੇ ਫੈਸਲੇ ਵਿਚ ਕੋਈ ਤਬਦੀਲੀ ਨਹੀਂ ਕੀਤੀ ਸੀ।ਉਹ ਘੱਟੋ-ਘੱਟ ਦੋ ਘੰਟੇ ਖਿੜਕੀ ਕੋਲ ਬੈਠਾ ਰਿਹਾ ਸੀ। ਸ਼ਹਿਰ ਵਿਚ ਮੁਕੰਮਲ ਖਾਮੋਸ਼ੀ ਛਾਈ ਹੋਈ ਸੀ। ਟਰੱਸਟ ਦੇ ਬਾਹਰ ਵੀ ਸਾਰੀ ਹਿਲ-ਜੁਲ ਬੰਦ ਹੋ ਗਈ ਸੀ ਪਰ ਅੰਦਰ ਵਾਲੇ ਅਜੇ ਸੁੱਤੇ ਨਹੀਂ ਸਨ। ਸੇਰਗੇਈ ਨੂੰ ਇਸ ਦਾ ਪਤਾ ਇਸ ਕਰਕੇ ਲੱਗਾ ਕਿ ਹਨੇਰਾ ਕਰਨ ਵਾਲੇ ਕਾਗ਼ਜ਼ ਦੇ ਸਿਰਿਆਂ ਕੋਲੋਂ ਮਾੜਾ-ਮਾੜਾ ਚਾਨਣ ਵਿਖਾਈ ਦੇ ਰਿਹਾ ਸੀ। ਇਸ ਤੋਂ ਬਾਅਦ ਉੱਤਲੀ ਮੰਜ਼ਿਲ ਦੀਆਂ ਦੋ ਖਿੜਕੀਆਂ ਵਿਚ ਚਾਨਣ ਬੁਝ ਗਿਆ ਤੇ ਫੇਰ ਅੰਦਰ ਖਿੱਚ ਕੇ, ਪਹਿਲਾਂ ਇਕ, ਤੇ ਫੇਰ ਦੂਜੀ ਖਿੜਕੀ ਖੋਹਲ ਦਿੱਤੀ ਗਈ। ਸੇਰਗੇਈ ਨੇ ਭਾਂਪ ਲਿਆ ਕਿ ਕੋਈ ਜਣਾ ਖਿੜਕੀ ਦੇ ਕੋਲ ਖੜ੍ਹਾ ਹੈ ਪਰ ਕਮਰੇ ਅੰਦਰਲੇ ਹਨੇਰੇ ਕਾਰਨ ਉਸ ਨੂੰ ਨਜ਼ਰ ਨਹੀਂ ਆਉਂਦਾ। ਹੇਠਲੀ ਮੰਜ਼ਿਲ ਦੀਆਂ ਹੋਰ ਬੱਤੀਆਂ ਬੁਝਾ ਦਿੱਤੀਆਂ ਗਈਆਂ ਤੇ ਉਹ ਖਿੜਕੀਆਂ ਵੀ ਖੋਹਲ ਦਿੱਤੀਆਂ ਗਈਆਂ।

“Wer ist da?” ਅਚਾਨਕ ਉੱਤਲੀ ਮੰਜ਼ਿਲ ਦੀ ਖਿੜਕੀ ਵਿਚ ਇਕ ਹਾਕਮਾਨਾ ਅਵਾਜ਼ ਆਈ ਅਤੇ ਸੇਰਗੇਈ ਨੂੰ ਖਿੜਕੀ ਦੇ ਵਾਧੇ ਉੱਤੇ ਉਲਰਿਆ ਹੋਇਆ ਕੋਈ ਧੁੰਦਲਾ ਜਿਹਾ ਅਕਾਰ ਨਜ਼ਰ ਆਇਆ।“ਕੌਣ ਹੈ ?” ਓਸੇ ਅਵਾਜ਼ ਨੇ ਫੇਰ ਪੁੱਛਿਆ।

“ਲੈਫਟੀਨੈਂਟ ਮੇਯੇਰ, Her Oberst," ਹੇਠੋਂ ਕਿਸੇ ਨੌਜਵਾਨ ਨੇ ਜਵਾਬ ਦਿੱਤਾ। “ਮੈਂ ਸਲਾਹ ਦੇਵਾਂਗਾ ਕਿ ਹੇਠਲੀ ਮੰਜ਼ਿਲ ਦੀਆਂ ਖਿੜਕੀਆਂ ਨਾ ਖੋਹਲੋ,’'' ਉੱਪਰੋਂ ਅਵਾਜ਼ ਆਈ।

“ਅੰਦਰ ਬੜਾ ਹੁੱਸੜ ਹੈ, Herr Oberst । ਪਰ ਬੇਸ਼ਕ, ਜੇ ਤੁਸੀਂ ਨਾਂਹ ਕਰਦੇ ਹੋ ...

“ਨਹੀਂ, ਮੈਂ ਆਪ ਨਹੀਂ ਚਾਹੁੰਦਾ ਕਿ ਤੁਸੀਂ ਜਿਊਂਦੇ ਹੀ ਗਰਮੀ ਵਿਚ ਭੁੱਜ ਜਾਓ । Sie brauchen nicht zum Schmorbraten werden,” ਉਤਲੀ ਮੰਜ਼ਿਲ ਤੋਂ ਹਾਕਮਾਨਾ ਅਵਾਜ਼ ਨੇ ਹੱਸ ਕੇ ਆਖਿਆ।

ਸੇਰਗੇਈ ਇਕ ਅੱਖਰ ਵੀ ਨਾ ਸਮਝਦਾ ਹੋਇਆ ਧੱਕ-ਧੱਕ ਕਰਦੇ ਦਿਲ ਨਾਲ ਜਰਮਨ ਗੱਲਬਾਤ ਸੁਣ ਰਿਹਾ ਸੀ। ਹੁਣ ਹਰ ਥਾਂ ਬੱਤੀਆਂ ਬੁਝਾਈਆਂ ਜਾ ਰਹੀਆਂ ਸਨ, ਪਰਦੇ ਚੁੱਕੇ ਜਾ ਰਹੇ ਸਨ ਤੇ ਖਿੜਕੀਆਂ ਖੋਹਲੀਆਂ ਜਾ ਰਹੀਆਂ ਸਨ। ਕਿਸੇ ਕਿਸੇ ਵੇਲੇ ਗੱਲਬਾਤ ਕਰਨ ਦੀ ਅਵਾਜ਼ ਆ ਜਾਂਦੀ ਸੀ।ਕਿਸੇ ਵੇਲੇ ਕੋਈ ਸੀਟੀਆਂ ਵਜਾਉਣ ਲੱਗ ਜਾਂਦਾ। ਕਿਸੇ ਵੇਲੇ ਕੋਈ ਡੱਬੀ ਦੀ ਤੀਲੀ ਬਲਦੀ ਤੇ ਅੱਖ ਝਮਕਣ ਜਿੰਨੀ ਦੇਰ ਲਈ ਚਿਹਰਾ, ਸਿਗਰਟ ਤੇ ਉਂਗਲਾਂ ਚਮਕ ਪੈਂਦੀਆਂ ਤੇ ਫੇਰ ਕਮਰੇ ਦੇ ਧੁਰ ਅੰਦਰੋਂ ਬਲਦੀ ਸਿਗਰਟ ਦਾ ਦਗਦਾ ਸਿਰਾ ਢੇਰ ਚਿਰ ਤੱਕ ਚਮਕਦਾ ਰਿਹਾ।

“ਕੇਡਾ ਵੱਡਾ ਮੁਲਕ ਹੈ, ਕੋਈ ਸਿਰਾ ਹੀ ਨਹੀਂ ਹੱਥ ਆਉਂਦਾ। Da ist ja kein Ende abzusehen,” ਖਿੜਕੀ ਕੋਲ ਕੋਈ ਬੋਲਿਆ ਜਿਹੜਾ ਨਿਰਸੰਦੇਹ ਕਮਰੇ ਅੰਦਰਲੇ ਸਾਥੀ ਨਾਲ ਗੱਲ ਕਰ ਰਿਹਾ ਸੀ।

ਜਰਮਨ ਸੌਣ ਦੀਆਂ ਤਿਆਰੀਆਂ ਵਿਚ ਸਨ। ਟਰੱਸਟ ਦੀ ਇਮਾਰਤ ਤੇ ਪੂਰੇ ਸ਼ਹਿਰ ਉੱਤੇ ਚੁੱਪ ਤਣੀ ਹੋਈ ਸੀ। ਸਿਰਫ ਵੇਰਖਨੇਦੂਵਾਨਾਯਾ ਸੜਕ ਉੱਤੇ ਅਜੇ ਵੀ ਟਰੱਕਾਂ ਦੀ ਆਵਾਜਾਈ ਸੀ ਜਿਨ੍ਹਾਂ ਦੀਆਂ ਅਗਲੀਆਂ ਬੱਤੀਆਂ ਦੇ ਚਾਨਣ ਨਾਲ ਅਸਮਾਨ ਲਿਸ਼ਕ- ਲਿਸ਼ਕ ਜਾਂਦਾ ਸੀ।

ਸੇਰਗੇਈ ਨੇ ਆਪਣੇ ਦਿਲ ਦੀ ਧੜਕਣ ਸੁਣੀ ਤੇ ਉਸ ਨੂੰ ਜਾਪਿਆ ਜਿਵੇਂ ਸਾਰੀ ਮੰਮਟੀ ਵਿਚ ਇਸ ਦੀ ਗੂੰਜ ਪੈਂਦੀ ਹੋਵੇ। ਮੰਮਟੀ ਵਿਚ ਅਜੇ ਵੀ ਬੜਾ ਹੁੱਸੜ ਸੀ ਤੇ ਸੇਰਗੇਈ ਦਾ ਮੁੜ੍ਹਕਾ ਚੋ ਰਿਹਾ ਸੀ।

ਉਸ ਦੇ ਸਾਮ੍ਹਣੇ ਟਰੱਸਟ ਦੀ ਇਮਾਰਤ ਦੀ ਧੁੰਦਲੀ ਜਿਹੀ ਰੂਪਰੇਖਾ ਸੀ ਜਿਸ ਦੀਆਂ ਖਿੜਕੀਆਂ ਖੁੱਲ੍ਹੀਆਂ ਸਨ। ਇਮਾਰਤ ਹਨੇਰੇ ਵਿਚ ਡੁੱਬੀ ਹੋਈ ਸੀ ਤੇ ਸਭ ਸੁੱਤੇ ਪਏ ਸਨ।ਉਸ ਨੇ ਦੋਵਾਂ ਮੰਜ਼ਿਲਾਂ ਦੀਆਂ ਹਨੇਰੀਆਂ ਖੁੱਲ੍ਹੀਆਂ ਬਾਰੀਆਂ ਵੱਲ ਵੇਖਿਆ। ਹਾਂ, ਕੰਮ ਕਰਨ ਦਾ ਵੇਲਾ ਆ ਗਿਆ ਸੀ ... ਉਸ ਨੇ ਇਕ ਦੋ ਵਾਰੀ ਆਪਣੀ ਬਾਂਹ ਉਲਾਰ ਕੇ ਵੇਖਿਆ ਤਾਂ ਜੋ ਫਾਸਲੇ ਦਾ ਅੰਦਾਜ਼ਾ ਹੋ ਜਾਵੇ ਅਤੇ ਨਿਸ਼ਾਨਾ ਬੰਨ੍ਹਿਆ।

ਮੰਮਟੀ ਵਿਚ ਪੁੱਜਦਿਆਂ ਸਾਰ ਹੀ, ਉਸ ਨੇ ਆਪਣੀਆਂ ਜੇਬਾਂ ਵਿਚੋਂ ਤੇ ਕਮੀਜ਼ ਹੇਠੋਂ ਬੋਤਲਾਂ ਕੱਢ ਕੇ ਬਾਹਰ ਰੱਖ ਲਈਆਂ ਸਨ ਤੇ ਇਹ ਬੋਤਲਾਂ ਇਸ ਵੇਲੇ ਉਹਦੇ ਕੋਲ ਪਈਆਂ ਸਨ। ਉਸ ਨੇ ਇਕ ਬੋਤਲ ਟਟੋਲੀ, ਗਲਮੇ ਤੋਂ ਘੁੱਟ ਕੇ ਫੜੀ, ਨਿਸ਼ਾਨਾ ਬੰਨ੍ਹਿਆ ਤੇ ਪੂਰੇ ਜ਼ੋਰ ਨਾਲ ਵਗਾਹ ਕੇ ਹੇਠਲੀ ਮੰਜ਼ਿਲ ਦੀ ਇਕ ਖੁੱਲ੍ਹੀ ਖਿੜਕੀ ਵਿਚ ਮਾਰੀ।ਅੱਖਾਂ ਚੁੰਧਿਆ ਦੇਣ ਵਾਲੇ ਲਿਸ਼ਕਾਰੇ ਨਾਲ ਸਾਰੀ ਖਿੜਕੀ, ਟਰੱਸਟ ਤੇ ਸਕੂਲ ਵਿਚਲੀ ਗਲੀ ਦਾ ਇਕ ਹਿੱਸਾ ਚਮਕ ਉੱਠਿਆ। ਨਾਲ ਹੀ ਚੂਰ-ਚੂਰ ਹੁੰਦੇ ਸ਼ੀਸ਼ੇ ਤੇ ਠਾਹ ਦੀ ਅਵਾਜ਼ ਆਈ ਜਿਵੇਂ ਕੋਈ ਬਿਜਲੀ ਦਾ ਲਾਟੂ ਟੁੱਟ ਗਿਆ ਹੋਵੇ। ਲਾਟਾਂ ਲਪਕ ਕੇ ਖਿੜਕੀ ਵਿਚੋਂ ਬਾਹਰ ਆਈਆਂ।ਉਸੇ ਪਲ ਸੇਰਗੇਈ ਨੇ ਖਿੜਕੀ ਵਿਚ ਦੂਜੀ ਬੋਤਲ ਵਗਾਹ ਮਾਰੀ।ਉੱਚੀ ਸਾਰੀ ਕੜਾਕ ਦੀ ਅਵਾਜ਼ ਆਈ ਤੇ ਭਾਂਬੜ ਮੱਚ ਪਿਆ।ਅੱਗ ਦੀਆਂ ਲਾਟਾਂ ਕਮਰੇ ਦੇ ਅੰਦਰੋਂ ਵੀ ਉੱਠਣ ਲੱਗ ਪਈਆਂ ਸਨ, ਖਿੜਕੀਆਂ ਦੀਆਂ ਚੁਗਾਠਾਂ ਮੱਚ ਰਹੀਆਂ ਸਨ ਤੇ ਅੱਗ ਦੀਆਂ ਜੀਭਾਂ ਤਕਰੀਬਨ ਉੱਤਲੀ ਮੰਜ਼ਿਲ ਤੱਕ ਕੰਧ ਨੂੰ ਚੱਟ ਰਹੀਆਂ ਸਨ। ਕੋਈ ਕਮਰੇ ਦੇ ਅੰਦਰ ਬੇਤਹਾਸ਼ਾ ਚੀਕਾਂ ਮਾਰੀ ਜਾਂਦਾ ਸੀ ਤੇ ਸਾਰੀ ਇਮਾਰਤ ਵਿਚ ਹੀ ਸ਼ੋਰ-ਸ਼ਰਾਬਾ ਮੱਚ ਗਿਆ ਸੀ। ਸੇਰਗੇਈ ਨੇ ਤੀਜੀ ਬੋਤਲ ਚੁੱਕੀ ਤੇ ਬਿਲਕੁਲ ਆਪਣੇ ਸਾਮ੍ਹਣੇ ਉਤਲੀ ਮੰਜ਼ਿਲ ਦੀ ਖਿੜਕੀ ਵਿਚ ਚਲਾ ਕੇ ਮਾਰੀ।

ਉਸ ਨੇ ਬੋਤਲ ਦੇ ਪਾਟਣ ਦੀ ਅਵਾਜ਼ ਸੁਣੀ ਤੇ ਅੱਗ ਦਾ ਭਬੂਕਾ ਵੇਖਿਆ ਜਿਹੜਾ ਏਡਾ ਜ਼ਬਰਦਸਤ ਸੀ ਕਿ ਸਾਰੀ ਮੰਮਟੀ ਦੇ ਅੰਦਰ ਚਾਨਣ ਹੋ ਗਿਆ ਸੀ। ਪਰ ਉਸ ਵੇਲੇ ਤੱਕ ਸੇਰਗੇਈ ਦਰਵਾਜ਼ੇ ਵਿਚੋਂ ਹਨੇਰੀਆਂ ਪੌੜੀਆਂ ਵੱਲ ਦੌੜਦਾ ਖਿੜਕੀ ਤੋਂ ਪਰੇ ਚਲਾ ਗਿਆ ਹੋਇਆ ਸੀ।ਉਹ ਦਗੜ-ਦਗੜ ਕਰਦਾ ਹੇਠਾਂ ਆਇਆ ਅਤੇ ਖੁੱਲ੍ਹੀ ਬਾਰੀ ਵਾਲੇ ਕਮਰੇ ਨੂੰ ਜਾਣ ਦੀ ਥਾਂ ਜਿਹੜਾ ਕਮਰਾ ਸਾਮ੍ਹਣੇ ਆਇਆ ਓਸੇ ਵਿਚ ਹੀ ਧੁੱਸ ਦੇ ਕੇ ਵੜ ਗਿਆ। ਇਹ ਸਟਾਫ-ਰੂਮ ਸੀ।ਉਸ ਨੇ ਜਲਦੀ ਨਾਲ ਧੱਕਾ ਮਾਰ ਕੇ ਖਿੜਕੀ ਖੋਹਲੀ, ਬਾਹਰ ਛਾਲ ਮਾਰੀ ਤੇ ਜਿੰਨਾ ਤੇਜ਼ ਭੱਜ ਸਕਦਾ ਸੀ ਭੱਜ ਕੇ ਪਾਰਕ ਦੀ ਝਿੜੀ ਵਿਚ ਜਾ ਲੁਕਿਆ।

ਤੀਜੀ ਬੋਤਲ ਵਗਾਹ ਮਾਰਨ ਦੇ ਪਲ ਤੋਂ ਲੈ ਕੇ ਅਚਾਨਕ ਇਹ ਮਹਿਸੂਸ ਕਰਨ ਤੱਕ ਕਿ ਉਹ ਪਾਰਕ ਵਿਚ ਭੱਜਾ ਜਾ ਰਿਹਾ ਹੈ, ਸੇਰਗੇਈ ਨੇ ਜੋ ਕੁਝ ਕੀਤਾ ਸੀ ਸਹਿਜ-ਸੁਭਾਵਿਕ ਕੀਤਾ ਸੀ ਤੇ ਉਸ ਨੂੰ ਯਾਦ ਤੱਕ ਨਹੀਂ ਸੀ ਕਿ ਇਹ ਸਭ ਕੁਝ ਹੋ ਕਿਸ ਤਰ੍ਹਾਂ ਗਿਆ ਸੀ।ਪਰ ਹੁਣ ਉਹ ਸਮਝਦਾ ਸੀ ਕਿ ਉਸ ਨੂੰ ਜ਼ਮੀਨ ਉੱਤੇ ਲੇਟ ਜਾਣਾ ਚਾਹੀਦਾ ਹੈ ਤੇ ਚੁੱਪ ਕਰ ਕੇ ਇਕ ਪਲ ਵਾਸਤੇ ਸਭ ਪਾਸੇ ਦੀ ਬਿੜਕ ਲੈਣੀ ਚਾਹੀਦੀ ਹੈ।

ਉਸ ਨੂੰ ਆਪਣੇ ਨੇੜੇ ਹੀ ਘਾਹ ਵਿਚ ਕੁਤਰ-ਕੁਤਰ ਕਰਦੇ ਚੂਹੇ ਦੀ ਅਵਾਜ਼ ਸੁਣ ਰਹੀ ਸੀ। ਜਿੱਥੇ ਉਹ ਲੰਮਾ ਪਿਆ ਹੋਇਆ ਸੀ ਓਥੋਂ ਉਹ ਅੱਗ ਨਹੀਂ ਸੀ ਵੇਖ ਸਕਦਾ ਪਰ ਸੜਕ ਉੱਤੇ ਭੱਜੇ ਫਿਰਦੇ ਲੋਕਾਂ ਦਾ ਸ਼ੋਰ-ਸ਼ਰਾਬਾ ਸੁਣਾਈ ਦੇ ਰਿਹਾ ਸੀ। ਉਹ ਭੜਕ ਕੇ ਉੱਠਿਆ ਤੇ ਦੌੜ ਕੇ ਪਾਰਕ ਦੇ ਕੰਢੇ ਉਸ ਕਾਨ ਦੇ ਸਿਰੇ ਉਤੇ ਆ ਗਿਆ ਜਿਸ ਦੀ ਵਰਤੋਂ ਨਹੀਂ ਸੀ ਕੀਤੀ ਜਾਂਦੀ।ਪਾਰਕ ਨੂੰ ਘੇਰਾ ਪਾ ਲੈਣ ਦੀ ਹਾਲਤ ਵਿਚ, ਭਾਵੇਂ ਕੁਝ ਵੀ ਹੋ ਜਾਂਦਾ ਉਹ ਇਸ ਥਾਂ ਤੋਂ ਨਿਕਲ ਸਕਦਾ ਸੀ।

ਹੁਣ ਉਹ ਵੇਖ ਰਿਹਾ ਸੀ ਕਿ ਇਕ ਪਾਸੇ ਅਸਮਾਨ ਉੱਤੇ ਲਾਲੀ ਫੈਲਦੀ ਜਾਂਦੀ ਸੀ ਜਿਸ ਦਾ ਊਦਾ ਅਕਸ ਕਾਨ ਦੇ ਸਿਰੇ ਉੱਤੇ ਬਹੁਤ ਵੱਡੇ ਪੁਰਾਣੇ ਚੀੜ ਦੇ ਰੁੱਖ ਉੱਤੇ, ਜਿਹੜਾ ਅੱਗ ਤੋਂ ਕਾਫੀ ਦੂਰ ਸੀ, ਅਤੇ ਪਾਰਕ ਦੇ ਸਾਰੇ ਰੁੱਖਾਂ ਦੀਆਂ ਟੀਸੀਆਂ ਉੱਤੇ ਪੈ ਰਿਹਾ ਸੀ। ਸੇਰਗੇਈ ਨੇ ਮਹਿਸੂਸ ਕੀਤਾ ਕਿ ਉਸ ਦਾ ਦਿਲ ਚੌੜਾ ਹੁੰਦਾ ਜਾ ਰਿਹਾ ਹੈ ਤੇ ਉੱਡਣ ਉੱਡਣ ਕਰਦਾ ਹੈ।ਉਸ ਦਾ ਰੋਮ-ਰੋਮ ਕੰਬ ਉੱਠਿਆ ਸੀ ਤੇ ਉਸ ਨੇ ਬੜੀ ਮਜ਼ਬੂਤੀ ਨਾਲ ਆਪਣੇ ਆਪ ਨੂੰ ਕਾਬੂ ਵਿਚ ਰੱਖਿਆ ਹੋਇਆ ਸੀ, ਮਤਾਂ ਕਿਤੇ ਉਹ ਠਹਾਕੇ ਮਾਰ ਕੇ ਹੱਸ ਪਵੇ।

“ਠੀਕ ਏ, ਕਰੋ ਮਾਸੀ ਨੂੰ ਯਾਦ ਘੜੀ ਪਲ... Setzen sie Sich! Sprechen sie Deutsch! Haben sie etwas!” ਬਿਆਨ ਤੋਂ ਬਾਹਰੀ ਚੜ੍ਹਦੀ ਕਲਾ ਵਿਚ ਆ ਕੇ, ਉਸ ਨੇ ਆਪਣੀ ਜਰਮਨ ਵਿਆਕਰਣ ਵਿਚੋਂ ਯਾਦ ਕੀਤੇ ਵਾਕ ਦੁਹਰਾਏ।

ਅੱਗ ਦੀ ਲਾਲੀ ਹੋਰ ਵੀ ਫੈਲ ਗਈ।ਪਾਰਕ ਉੱਪਰ ਅਸਮਾਨ ਲਾਲ ਹੋ ਗਿਆ ਅਤੇ ਸ਼ਹਿਰ ਦੇ ਵਿਚਕਾਰਲੇ ਹਿੱਸੇ ਦਾ ਸ਼ੋਰ-ਸ਼ਰਾਬਾ ਤੇ ਦੌੜ-ਭੱਜ ਦੀ ਅਵਾਜ਼ ਉਹਦੇ ਕੰਨੀ ਪੈਣ ਲੱਗੀ।ਉਸ ਨੂੰ ਏਥੋਂ ਨਿਕਲ ਜਾਣਾ ਚਾਹੀਦਾ ਹੈ।ਉਹਦੀ ਬੜੀ ਪ੍ਰਬਲ ਇੱਛਾ ਸੀ ਕਿ ਇਕ ਵਾਰੀ ਬਾਗ਼ ਵਿਚ ਫੇਰ ਜਾਵੇ ਜਿੱਥੇ ਅੱਜ ਸਵੇਰੇ ਉਸ ਨੂੰ ਉਹ ਕੁੜੀ ਮਿਲੀ ਸੀ, ਵਾਲਿਯਾ ਬੋਰਤਸ। ਹਾਂ, ਹੁਣ ਉਸ ਨੂੰ ਪਤਾ ਸੀ ਕਿ ਉਸ ਦਾ ਨਾਂ ਕੀ ਹੈ।

ਬਿਨਾਂ ਕਿਸੇ ਅਵਾਜ਼ ਖੜਾਕ ਦੇ ਉਹ ਹਨੇਰੇ ਵਿਚ ਰੀਂਗਦਾ ਗਿਆ ਤੇ ਦੇਰੇਵਿਯਾਨਾਯਾ ਮਾਰਗ ਦੇ ਮਕਾਨਾਂ ਦੇ ਪਿਛਲੇ ਪਾਸੇ ਆ ਨਿਕਲਿਆ।ਉਹ ਬਾਗ਼ ਦਾ ਨੀਵਾਂ ਜਿਹਾ ਜੰਗਲਾ ਟੱਪ ਕੇ ਸੜਕ ਉੱਤੇ ਜਾਣ ਲਈ ਫਾਟਕ ਵਿਚੋਂ ਲੰਘਣ ਹੀ ਵਾਲਾ ਸੀ ਜਦੋਂ ਉਸ ਨੂੰ ਫਾਟਕ ਦੇ ਨੇੜੇ ਹੌਲੀ-ਹੌਲੀ ਘੁਸਰ-ਮੁਸਰ ਹੁੰਦੀ ਸੁਣਾਈ ਦਿੱਤੀ।ਅਜੇ ਦੇਰੇਵਿਯਾਨਾਯਾ ਸੜਕ ਉੱਤੇ ਜਰਮਨਾਂ ਨੇ ਕਬਜ਼ਾ ਨਹੀਂ ਸੀ ਕੀਤਾ। ਇਸ ਕਰਕੇ ਇਥੇ ਰਹਿਣ ਵਾਲੇ ਲੋਕ ਅੱਗ ਵੇਖਣ ਵਾਸਤੇ ਆਪਣੇ ਘਰਾਂ ਵਿਚੋਂ ਬਾਹਰ ਨਿਕਲ ਆਏ ਸਨ। ਸੇਰਗੇਈ ਚੁੱਪ-ਚਾਪ ਦੌੜਦਾ ਹੋਇਆ ਮਕਾਨ ਦੇ ਦੂਜੇ ਪਾਸੇ ਆ ਗਿਆ, ਮਲਕੜੇ ਜਿਹੇ ਬਾਗ਼ ਦੇ ਜੰਗਲੇ ਤੋਂ ਟੱਪਿਆਂ ਤੇ ਫੇਰ ਸੜਕ ਉੱਤੋਂ ਹੁੰਦਾ ਹੋਇਆ ਫਾਟਕ ਅੱਗੇ ਆ ਗਿਆ।ਓਥੇ ਔਰਤਾਂ ਦੀ ਇਕ ਟੋਲੀ ਖੜੀ ਸੀ ਤੇ ਅੱਗ ਦੀ ਲਿਸ਼ਕ ਨਾਲ ਉਹਨਾਂ ਦੇ ਚਿਹਰੇ ਚਮਕ ਰਹੇ ਸਨ। ਇਹਨਾਂ ਵਿਚ ਹੀ, ਉਹਨੇ ਵਾਲਿਯਾ ਨੂੰ ਪਛਾਣ ਲਿਆ।

“ਕਿੱਥੇ ਲੱਗੀ ਏ ਅੱਗ ?’” ਉਸ ਨੇ ਪੁੱਛਿਆ ਤਾਂ ਜੋ ਵਾਲਿਯਾ ਨੂੰ ਉਹਦੀ ਮੌਜੂਦਗੀ ਦਾ ਪਤਾ ਲੱਗ ਜਾਵੇ।

“ਸਦੋਵਾਯਾ ਤੇ ਕਿੱਧਰੇ ... ਖਬਰੇ, ਸਕੂਲ ਨੂੰ,” ਭਾਵੁਕ ਹੋਈ ਇਕ ਜ਼ਨਾਨਾ ਅਵਾਜ਼ ਦਾ ਜਵਾਬ ਸੀ।

“ਟਰੱਸਟ ਨੂੰ ਅੱਗ ਲੱਗੀ ਏ,'' ਤਕਰੀਬਨ ਭੜਕਾਹਟ ਵਿਚ ਆਈ ਵਾਲਿਯਾ ਬੋਲੀ। “ਮਾਂ, ਮੈਂ ਸੌਣ ਲੱਗੀ ਆਂ,” ਉਸ ਨੇ ਉਬਾਸੀ ਲੈਣ ਦਾ ਸਵਾਂਗ ਰਚਦਿਆਂ ਆਖਿਆ ਤੇ ਫਾਟਕ ਦੇ ਅੰਦਰ ਹੋ ਗਈ।

ਸੇਰਗੇਈ ਉਹਦੇ ਮਗਰ ਜਾਣ ਹੀ ਵਾਲਾ ਸੀ ਪਰ ਉਸ ਨੇ ਸੁਣਿਆ ਕਿ ਠੱਪ-ਠੱਪ ਅੱਡਿਆਂ ਮਾਰਦੀ ਉਹ ਡਿਊੜ੍ਹੀ ਦੀਆਂ ਪੌੜੀਆਂ ਚੜ੍ਹ ਗਈ ਤੇ ਉਹਦੇ ਮਗਰ ਦਰਵਾਜ਼ਾ ਫਟਾਕ ਕਰ ਕੇ ਬੰਦ ਹੋ ਗਿਆ।

(ਨਾਵਲ “ਯੁਵਕ ਗਾਰਦ” ਵਿਚੋਂ ਇਕ ਕਾਂਡ)

  • ਮੁੱਖ ਪੰਨਾ : ਅਲੈਕਸਾਂਦਰ ਫ਼ਾਦੇਯੇਵ ਦੀਆਂ ਰੂਸੀ ਕਹਾਣੀਆਂ ਪੰਜਾਬੀ ਵਿਚ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ
  •