ਮਸ਼ਾਲ ਖਾਨ ਵੱਲੋਂ ਆਪਣੀ ਮੌਤ ਤੋਂ ਬਾਅਦ ਲਿਖਿਆ ਖ਼ਤ - ਹੁਰਮਤ ਅਲੀ ਸ਼ਾਹ : ਅਨੁਵਾਦਕ - ਮੁਲਖ ਸਿੰਘ

(ਪਾਕਿਸਤਾਨ ਦੇ ਸੂਬੇ ਖੈਬਰ ਪਖਤੂਨ ਦੇ ਸ਼ਹਿਰ ਮਰਦਾਨ ਵਿਖੇ ਅਬਦੁੱਲ ਵਲੀ ਖਾਨ ਯੂਨੀਵਰਸਿਟੀ ਵਿੱਚ 13 ਅਪ੍ਰੈਲ, 2017 ਨੂੰ ਨੌਜਵਾਨ ਵਿਦਿਆਰਥੀ ਮਸ਼ਾਲ ਖਾਨ ‘ਤੇ ਪੈਗੰਬਰੀ ਤੌਹੀਨ ਦਾ ਇਲਜ਼ਾਮ ਲਾ ਕੇ ਸਾਥੀ ਵਿਦਿਆਰਥੀਆਂ ਤੇ ਹੋਰ ਲੋਕਾਂ ਦੀ ਭੀੜ ਵੱਲੋਂ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਇਸ ਤੋਂ ਬਾਅਦ ਦੇਸ਼ ਵਿੱਚ ਇਸ ਵਾਰਦਾਤ ਦੇ ਨਾਮੁਨਾਸਬ ਹੋਣ ਬਾਰੇ ਵਿਆਪਕ ਬਹਿਸ ਛਿੜੀ। ਅੰਤਰਰਾਸ਼ਟਰੀ ਪੱਧਰ ਤੇ ਵੀ ਇਸ ਕਾਰੇ ਦੀ ਨਿੰਦਾ ਹੋਈ । ਇਹ ਸਿਰਫ ਪਾਕਿਸਤਾਨ ਦਾ ਹੀ ਨਹੀਂ ਸਗੋਂ ਪੂਰੀ ਦੁਨੀਆ ਦਾ ਮਸਲਾ ਹੈ ਕਿ ਕੀ ਕਿਸੇ ਬੇਗੁਨਾਹ ਨੂੰ (ਜੇ ਉਹ ਗੁਨਾਹਗਾਰ ਹੈ, ਤਾਂ ਵੀ ) ਆਪਣੇ ਬਚਾਅ ਦਾ ਪੱਖ ਰੱਖਣ ਦਾ ਕੋਈ ਮੌਕਾ ਦਿੱਤਿਆਂ ਬਿਨਾਂ, ਭੀੜ ਵੱਲੋਂ ਇਸ ਤਰ੍ਹਾਂ ਕਤਲ ਕਰਨਾ ਉਸ ਤੋਂ ਵੀ ਵੱਡਾ ਗੁਨਾਹ ਨਹੀਂ ਹੈ ! ਕੀ ਕਾਨੂੰਨ ਦੇ ਰਾਜ ਨੂੰ ਦਰਕਿਨਾਰ ਕਰਕੇ ਇਸ ਤਰ੍ਹਾਂ ਦੀ ਸਜ਼ਾ ਮੁਕੱਰਰ ਕਰਨ ਵਾਲਾ ਸਮਾਜ ਸਮੇਂ ਦੇ ਚੱਕਰ ਨੂੰ ਪੁੱਠਾ ਗੇੜਾ ਤਾਂ ਨਹੀਂ ਦੇ ਰਿਹਾ ! ਅਸੀਂ ਇੱਕੀਵੀਂ ਸਦੀ ਵਿੱਚ ਵਿਚਰ ਰਹੇ ਹਾਂ ਜਾਂ ਬਰਬਰਤਾ ਵਲ ਨੂੰ ਜਾ ਰਹੇ ਹਾਂ ! ਇਹ ਸਵਾਲ ਭਾਰਤੀ ਸਮਾਜ ਲਈ ਵੀ ਓਨੀ ਹੀ ਅਹਿਮੀਅਤ ਰੱਖਦੇ ਹਨ, ਜਿੱਥੇ ਅੱਜ ਵੀ ਕਾਨੂੰਨ ਨੂੰ ਕਿੱਲੀ ਉੱਤੇ ਟੰਗ ਕੇ ਫਿਰਕੂ ਫਸਾਦਾਂ, ਗਊ ਰੱਖਿਆ, ਅਣਖ ਵਰਗਿਆਂ ਮਸਲਿਆਂ ਨੂੰ ਇਸੇ ਤਰ੍ਹਾਂ ਨਿਪਟਣ ਦਾ ਰੁਝਾਨ ਹੈ ਤੇ ਚਿੰਤਾ ਇਸ ਗੱਲ ਦੀ ਹੈ ਕਿ ਸਟੇਟ ਅਜਿਹਾ ਕਰਨ ਵਾਲਿਆਂ ਨੂੰ ਥਾਪੜਾ ਦਿੰਦਾ ਹੈ ਅਤੇ ਸੋਸ਼ਲ ਮੀਡੀਆ ਇਸ ਅੱਗ ਲਈ ਘਿਉ ਦਾ ਕੰਮ ਕਰ ਰਿਹਾ ਹੈ। ਜੇ ਅਜਿਹੇ ਕਤਲਾਂ ਨੂੰ ਹੁੰਦਾ ਵੇਖ -ਸੁਣ ਕੇ ਅਸੀਂ ਆਮ ਦਿਨਾਂ ਵਾਂਗੂੰ ਸੌਂ ਲੈਂਦੇ ਹਾਂ ਤਾਂ ਸਮਝਿਆ ਜਾਣਾ ਚਾਹੀਦਾ ਹੈ ਕਿ ਮਸ਼ਾਲ ਖਾਨ ਅਤੇ ਉਸ ਦੇ ਅੱਬਾ ਦੇ ਬੋਲ ਪਾਕਿਸਤਾਨੀ ਸਮਾਜ ਦੇ ਨਾਲ-ਨਾਲ ਸਾਨੂੰ ਵੀ ਸੰਬੋਧਿਤ ਹਨ। - ਅਨੁਵਾਦਕ)

ਮੈਂ ਮਸ਼ਾਲ ਖਾਨ ਹਾਂ। ਜਿਸ ਜਗ੍ਹਾ ਤੇ ਮੈਂ ਆਪਣੇ ਖਾਬ ਪੂਰੇ ਕਰਨ ਲਈ ਕਦਮ ਰੱਖਿਆ ਸੀ ਉਥੇ ਮੈਨੂੰ ਮੇਰੇ ਸਾਥੀ ਵਿਦਿਆਰਥੀਆਂ ਨੇ ਮਿਲਕੇ ਬੇਕਾਇਦਗੀ ਅਤੇ ਬੇਕਿਰਕੀ ਨਾਲ ਕਤਲ ਕਰ ਦਿੱਤਾ। ਮੈਂ ਉਹਨਾਂ ਵਰਗਾ ਹੀ ਸਾਂ ਪਰ ਉਹ ਸਮਾਜਕ ਵਿਚਾਰਧਾਰਾ ਅਤੇ ਰਾਜਕੀ ਗਿੱਝ ਕਰਕੇ ਵਹਿਸ਼ੀ ਬਣ ਗਏ। ਜਿਵੇਂ ਮੇਰੇ ਨਾਲ ਹੋਈ, ਤੁਸੀਂ ਉਸ ਤਰ੍ਹਾਂ ਦੇ ਨੁਕਸਾਨ ਦਾ ਕਿਆਸ ਕਰ ਸਕਦੇ ਹੋ। ਨਾ ਹੀ ਸਮਾਜ ਅਤੇ ਨਾ ਹੀ ਰਾਜ ਨੇ ਕਦੇ ਸੋਚਿਆ ਕਿ ਜਬਰੀ ਲੋਕਾਂ ਦਾ ਦਿਮਾਗ਼ ਬਦਲਣ ਦੀ ਉਹਨਾਂ ਵੱਲੋਂ ਦਿੱਤੀ ਜਾ ਰਹੀ ਵਰ੍ਹਿਆਂ ਬੱਧੀ ਸਿਖਲਾਈ ਕਿਸੇ ਦੀ ਜਿੰਦਗੀ ਤੇ ਇਸ ਤਰ੍ਹਾਂ ਵੀ ਅਸਰਅੰਦਾਜ਼ ਹੋ ਸਕਦੀ ਹੈ ਜਿਵੇਂ ਮੇਰੇ, ਮੇਰੇ ਪਰਿਵਾਰ ਅਤੇ ਸੈਂਕੜਿਆਂ-ਹਜਾਰਾਂ ਉਹਨਾਂ ਹੋਰਨਾਂ ਤੇ ਹੋਈ ਜਿਨ੍ਹਾਂ ਦਿਲ ਦੀਆਂ ਗਹਿਰਾਈਆਂ ਵਿੱਚ ਮੇਰੇ ਨਾਲ ਹੋਈ ਤੇ ਦਰਦ ਮਹਿਸੂਸ ਕੀਤਾ ।

ਮੈਨੂੰ ਬਹੁਤਾ ਤਾਂ ਯਾਦ ਨਹੀਂ। ਉਦੋਂ ਦੁਪਹਿਰ ਦਾ ਵੇਲਾ ਸੀ ਪਰ ਮੈਂ ਸਾਰੀਆਂ ਗੁੱਠਾਂ ‘ਚੋਂ ਆਪਣੇ ਉੱਤੇ ਹਨੇਰਾ ਪਸਰਦਾ ਮਹਿਸੂਸ ਕਰ ਰਿਹਾ ਸਾਂ। ਉਹ ਇਨਸਾਨਾਂ ਜਿਹੇ ਲਗਦੇ ਸਨ ਪਰ ਮੈਂ ਉਹਨਾਂ ਸੈਂਕੜਿਆਂ ਦੀ ਭੀੜ ਵਿੱਚ ਇੱਕ ਵੀ ਇਨਸਾਨ ਦੇਖਣ ਤੋਂ ਅਸਮਰੱਥ ਸਾਂ। ਉਹਨਾਂ ਦਾ ਵਿਸ਼ਵਾਸ ਸੀ ਕਿ ਮੈਂ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ ਅਤੇ ਮੇਰਾ ਉਹਨਾਂ ਦੇ ਜਜ਼ਬਿਆਂ ਨੂੰ ਸੱਟ ਮਾਰਨਾ ਹੀ ਠੋਸ ਕਾਰਨ ਸੀ ਕਿ ਉਹ ਮਨੁੱਖਤਾ ਤਿਆਗ ਦੇਣ ਅਤੇ ਮੈਨੂੰ ਅਤੇ ਮੇਰੇ ਜਿਸਮ ਨੂੰ ਡੱਬੇ ਵਾਂਗੂੰ ਭੰਨ ਕੇ ਇਸ ਗੱਲ ਦਾ ਪ੍ਰਗਟਾਵਾ ਕਰਨ ਕਿ ਉਹ ਉਹਨਾਂ ਪਵਿੱਤਰ ਇਨਸਾਨਾਂ ਨੂੰ ਕਿੰਨਾ ਜਿਆਦਾ ਪਿਆਰ ਕਰਦੇ ਹਨ ਜਿਨ੍ਹਾਂ ਦੀ ਬੇਅਦਬੀ ਕਰਨ ਮੈਂ ਲੱਗਿਆ ਹੋਇਆ ਸਾਂ। ਮੇਰੀ ਜਿੰਦਗੀ ਅਤੇ ਮੇਰੀ ਦੇਹ ਦੀ ਪਵਿੱਤਰਤਾ ਨੂੰ ਤੁੱਛ ਜਾਣਦਿਆਂ ਇੱਕ ਬੁਰਾਈ ਸਮਝ ਕੇ ਖਤਮ ਕਰ ਦੇਣਾ ਹੀ ਠੀਕ ਸਮਝਿਆ ਗਿਆ। ਮੈਨੂੰ ਸਾਰੇ ਚਿਹਰੇ ਤਾਂ ਯਾਦ ਨਹੀਂ ਪਰ ਮੈਨੂੰ ਲਗਦਾ ਹੈ ਕਿ ਕੁਝ ਉਹ ਵੀ ਸਨ ਜਿਨ੍ਹਾਂ ਨਾਲ ਕਦੇ ਮੈਂ ਹਾਸੇ ਵਟਾਏ ਸਨ। ਮੈਂ ਬਹੁਤੀ ਉਮੀਦ ਪਾਲਣ ਦੀ ਸਥਿਤੀ ਵਿੱਚ ਨਹੀਂ ਸਾਂ ਪਰ ਮੈਂ ਸੋਚਿਆ ਕਿ ਉਹ ਮੈਨੂੰ ਭੀੜ ਤੋਂ ਬਚਾਉਣ ਲਈ ਮੇਰੇ ਵੱਲ ਭੱਜੇ ਆ ਰਹੇ ਹਨ। ਪਰ ਜਦੋਂ ਉਹ ਨੇੜੇ ਆਏ ਤਾਂ ਮੈਨੂੰ ਉਹਨਾਂ ਦਿਆਂ ਹੱਥਾਂ ਵਿੱਚ ਰਾੜਾਂ ਅਤੇ ਸੋਟੇ ਵਿਖਾਈ ਦਿੱਤੇ। ਉਹ ਅਖੀਰਲਾ ਪਲ ਸੀ ਕਿ ਮੇਰੇ ਵਿੱਚ ਏਨੀ ਸੱਤਿਆ ਨਾ ਰਹੀ ਕਿ ਮੇਰੀਆਂ ਲੱਤਾਂ ਮੇਰੇ ਸਰੀਰ ਦਾ ਭਾਰ ਸਹਿ ਸਕਣ। ਮੈਂ ਉਥੇ ਹੀ ਡਿੱਗ ਪਿਆ। ਮੈਨੂੰ ਆਪਣੇ ਇਕ ਦੋਸਤ ਦੀ ਫੇਸਬੁਕ ਪੋਸਟ ਤੋਂ ਪਤਾ ਲੱਗਿਆ ਕਿ ਉਸ ਸਮੇਂ ਮੈਂ ਅਜੇ ਸਾਹ ਲੈ ਰਿਹਾ ਸਾਂ ਅਤੇ ਉਸਨੂੰ ਬੇਨਤੀ ਕੀਤੀ ਕਿ ਉਹ ਮੈਨੂੰ ਬਚਾਅ ਲਏ ਕਿਉਂਕਿ ਮੈਂ ਵੀ ਇਕ ਸੂਫੀ ਸਾਂ, ਪਰ ਮੇਰੇ ਮਿੱਤਰ ਨੇ ਬਾਅਦ ਵਿੱਚ ਕਿਹਾ ਕਿ ਉਹ ਸੁੰਨ ਹੋ ਗਿਆ ਸੀ ਅਤੇ ਕਿਸੇ ਤਰ੍ਹਾਂ ਦੀ ਮੱਦਦ ਦੇਣ ਯੋਗ ਨਹੀਂ ਸੀ। ਮੈਂ ਉਸ ਨੂੰ ਕੋਈ ਦੋਸ਼ ਨਹੀਂ ਦਿੰਦਾ ਕਿਉਂਕਿ ਉਸ ਜਨੂੰਨੀ ਨਿਗ੍ਹਾ ਨਾਲ ਹਰ ਕੋਈ ਸੁੰਨਾ ਹੋ ਗਿਆ ਸੀ।

ਮੈਂ ਸੋਚਿਆ ਕਿ ਜਦੋਂ ਮੇਰੀ ਰੂਹ ਮੇਰੇ ਤਨ ਨੂੰ ਛੱਡ ਗਈ ਤਾਂ ਉਹ ਸੰਤੁਸ਼ਟ ਹੋ ਜਾਣਗੇ, ਪਰ ਨਾ। ਉਹਨਾਂ ਕਾਰਜਾਂ ਪ੍ਰਤੀ ਉਨ੍ਹਾਂ ਦਾ ਗੁੱਸਾ ਏਨਾ ਜਿਆਦਾ ਸੀ, ਜਿਹਨਾਂ ਬਾਰੇ ਮੈਨੂੰ ਵੀ ਯਕੀਨ ਨਹੀਂ ਕਿ ਮੈਂ ਉਹ ਕਦੇ ਕੀਤੇ ਸਨ, ਕਿ ਮੇਰੇ ਜਿਸਮ ਨੂੰ ਬੁਰੀ ਤਰ੍ਹਾਂ ਖਤਮ ਕਰਕੇ ਉਹ ਆਪਣੇ ਗੁੱਸੇ ਨੂੰ ਠੰਢਾ ਕਰਨ ਅਤੇ ਜੰਨਤ ਵਿੱਚ ਆਪਣੀ ਜਗ੍ਹਾ ਪੱਕੀ ਕਰਨਾ ਚਾਹੁੰਦੇ ਸਨ। ਉਹਨਾਂ ਕੋਲ ਅਜਿਹੇ ਬੌਧਿਕ ਤਰਕ ਸਨ ਕਿ ਉਹ ਸਾਰੇ ਮੇਰੇ ਉੱਤੇ ਆ ਚੜ੍ਹੇ । ਮੇਰੀ ਲੋਥ ਨੂੰ ਬਹੁਤ ਬਾਅਦ ਵਿੱਚ ਪੁਲੀਸ ਨੇ ਬਚਾਇਆ। ਮੇਰੀ ਕਾਇਆ ਦੀ ਜਿਹੜੀ ਥੋੜ੍ਹੀ-ਬਹੁਤ ਪਵਿੱਤਰਤਾ ਹੈ ਸੀ, ਉਹ ਉਹਨਾਂ ਦੀਆਂ ਭਾਵਨਾਵਾਂ ਦੀ ਪਵਿੱਤਰਤਾ ਅੱਗੇ ਬੌਣੀ ਹੋ ਗਈ।

ਮੇਰੀ ਅੰਮੀ ਨੇ ਕੁਝ ਦਿਨ ਪਹਿਲਾਂ ਮੈਨੂੰ ਘਰ ਆਉਣ ਨੂੰ ਆਖਿਆ ਸੀ ਅਤੇ ਉਹ ਮੈਨੂੰ ਸ਼ਿੱਦਤ ਨਾਲ ਉਡੀਕ ਰਹੀ ਸੀ। ਮੈਂ ਉਸ ਨੂੰ ਕਿਹਾ ਸੀ ਕਿ ਮੈਂ ਸ਼ੁੱਕਰਵਾਰ ਨੂੰ ਆਵਾਂਗਾ ਪਰ ਮੇਰੇ ਸਾਥੀ ਵਿਦਿਆਰਥੀਆਂ, ਜਿਹਨਾਂ ਬਾਰੇ ਮੈਂ ਨਹੀਂ ਜਾਣਦਾ ਸੀ ਕਿ ਕਦ ਉਹ ਸਿੱਖਿਆ ਅਤੇ ਸੋਚਣ ਦੇ ਖਾਸ ਤਰੀਕੇ ਤੇ ਗਿੱਝ ਕੇ ਲਹੂ ਪਿਆਸੇ ਦੈਂਤਾਂ ਵਿੱਚ ਤਬਦੀਲ ਹੋ ਚੁੱਕੇ ਸਨ, ਨੇ ਹੋਰ ਹੀ ਵਿਉਂਤ ਬਣਾਈ ਹੋਈ ਸੀ। ਉਹਨਾਂ ਮੈਨੂੰ ਵੀਰਵਾਰ ਨੂੰ ਹੀ ਸਦਾ ਲਈ ਘਰ ਨੂੰ ਤੋਰ ਦਿੱਤਾ। ਜਦੋਂ ਮੈਂ ਮਾਸਕੋ ਵਿੱਚ ਆਪਣੀ ਸਿਵਲ ਇੰਜੀਨੀਅਰਿੰਗ ਦੀ ਔਨਰਜ਼ ਡਿਗਰੀ ਕਰ ਰਿਹਾ ਸਾਂ ਤਦ ਮੈਂ ਆਪਣੇ ਸ਼ਹਿਰ ਦੀਆਂ ਗਲੀਆਂ ਅਤੇ ਲੋਕਾਂ ਨੂੰ ਬਹੁਤ ਯਾਦ ਕਰਿਆ ਕਰਦਾ ਸਾਂ । ਸ਼ਾਇਦ ਹੁਣ ਮੇਰਾ ਹਮੇਸ਼ਾ ਲਈ ਆਪਣੇ ਪਿੰਡ ਵਿੱਚ ਆਰਾਮ ਕਰਨ ਦਾ ਵੇਲਾ ਆ ਗਿਆ ਸੀ। ਪਰ ਜਿਵੇਂ ਮੇਰਾ ਆਪਣੀ ਮਾਂ ਨੂੰ ਮਿਲਣ ਦਾ ਜੀਅ ਸੀ ਕਿ ਕਿਸੇ ਵੀ ਹੋਰ ਦੀ ਤਰ੍ਹਾਂ ਮੈਂ ਸਾਬਤ-ਸਬੂਤ ਮਾਂ ਨੂੰ ਮਿਲ ਸਕਦਾ। ਜਦ ਮੇਰੀ ਜਨਣੀ ਨੇ ਮੇਰੇ ਹੱਥ ਆਪਣੇ ਹੱਥਾਂ ਵਿੱਚ ਲਏ, ਤਦ ਤਕ ਜ਼ੁਲਮਾਂ ਦਾ ਦਰਦ ਬੀਤੇ ਵਕਤ ਦੀ ਸ਼ੈ ਬਣ ਚੁੱਕਿਆ ਸੀ। ਮੇਰੀ ਅੰਮੀ ਨੂੰ ਮਹਿਸੂਸ ਹੋਇਆ ਕਿ ਮੇਰੇ ਹੱਥਾਂ ਦੀਆਂ ਸਾਰੀਆਂ ਹੱਡੀਆਂ ਅਤੇ ਮੇਰੀਆਂ ਤਮਾਮ ਉਂਗਲਾਂ ਟੁੱਟੀਆਂ ਹੋਈਆਂ ਸਨ ਤਾਂ ਮੇਰੀਆਂ ਦਰਦ ਦੀਆਂ ਟੀਸਾਂ ਅਤੇ ਤਕਲੀਫ਼ ਤੋਂ ਉਪਜੀਆਂ ਚੀਕਾਂ ਉਸ ਦੇ ਦਿਲ ਵਿੱਚ ਲਹਿੰਦੀਆਂ ਗਈਆਂ। ਮੇਰੀ ਅੰਮੀ ਨੇ ਬਾਅਦ ਵਿੱਚ ਕੀਰਨੇ ਪਾਏ ਤੇ ਇੱਕ ਇੰਟਰਵਿਊ ਲੈਣ ਵਾਲੇ ਨੂੰ ਦੱਸਿਆ ਕਿ ਮੇਰੀਆਂ ਸਾਰੀਆਂ ਉਂਗਲਾਂ ਟੁੱਟੀਆਂ ਹੋਈਆਂ ਸਨ।

....ਅਤੇ ਮੇਰੇ ਅੱਬਾ, ਜਿਹੜੀ ਪੀੜ ਉਹਨਾਂ ਝੱਲੀ, ਮੈਂ ਵੀ ਉਸ ਨੂੰ ਵਿਸਥਾਰ ਨਾਲ ਬਿਆਨ ਨਹੀਂ ਕਰ ਸਕਦਾ। ਉਹ ਮੈਥੋਂ ਵਿਛੋੜੇ ਦਾ ਦਰਦ ਹੀ ਨਹੀਂ ਮਹਿਸੂਸ ਕਰ ਰਹੇ ਸਨ, ਕਿਉਂਕਿ ਉਹਨਾਂ ਕੋਲ ਹੋਰ ਬਹੁਤ ਮਸਲੇ ਹਨ ਜਿਨ੍ਹਾਂ ਨਾਲ ਉਹ ਦੋ-ਚਾਰ ਹੋ ਰਹੇ ਸਨ। ਹਰ ਪਿਤਾ ਆਪਣੇ ਮ੍ਰਿਤਕ ਬੱਚੇ ਲਈ ਕਿਸੇ ਖੂੰਜੇ ਵਿੱਚ ਬੈਠ ਕੇ ਰੋਣ ਦਾ ਹੱਕਦਾਰ ਹੁੰਦਾ ਹੈ ਪਰ ਮੇਰੇ ਅੱਬਾ ਨੇ ਇਹ ਵੀ ਸਹਿ ਲਿਆ ਅਤੇ ਉਹ ਲੋਕਾਂ ਨੂੰ ਮੇਰੇ ਨਾਂ ਦੇ ਅਰਥ ਸਮਝਾਉਂਦੇ ਰਹੇ। ਉਹਨਾਂ ਆਪਣੀ ਸਾਰੀ ਉਮਰ ਲਫ਼ਜ਼ਾਂ ਸੰਗ ਗੁਜ਼ਾਰੀ ਹੈ। ਉਹ ਸ਼ਾਇਰ ਹਨ। ਪਰ ਲੋਕਾਂ ਨੇ ਉਨ੍ਹਾਂ ਨੂੰ ਮਜਬੂਰ ਕਰ ਦਿੱਤਾ ਕਿ ਉਹ ਆਪਣੀ ਸ਼ਬਦੀ ਜੁਗਤ ਵਰਤਦਿਆਂ ਮੈਨੂੰ ਉਨ੍ਹਾਂ ਵਿੱਚੋਂ ਹੀ ਇੱਕ ਬਣਾ ਕੇ ਪੇਸ਼ ਕਰਨ ਨਾ ਕਿ ਕੋਈ 'ਹੋਰ' ਬੁਰਾਈ ਬਣਾ ਕੇ। ਮੈਂ ਚਾਹੁੰਦਾ ਸਾਂ ਕਿ ਉਹ ਇੱਕ ਦਿਨ ਫ਼ਖਰ ਮਹਿਸੂਸ ਕਰਨ। ਉਹਨਾਂ ਕੋਸ਼ਿਸ਼ ਕਰਕੇ ਹੌਲੀ-ਹੌਲੀ ਮੇਰੇ ਅੰਦਰ ਪੜ੍ਹਨ ਦਾ ਜਜ਼ਬਾ ਪੈਦਾ ਕੀਤਾ ਅਤੇ ਆਦਰਸ਼ਵਾਦ ਦੀ ਜਾਗ ਲਾਈ। ਇਹੀ ਕਾਰਨ ਸੀ ਕਿ ਇੰਜੀਨੀਅਰ ਬਣ ਕੇ ਅਤੇ ਇੱਕ ਚੰਗੀ ਥਾਂ ਤੋਂ ਡਿਗਰੀ ਹਾਸਲ ਕਰਨ ਦੇ ਬਾਵਜੂਦ ਮੈਂ ਉਨ੍ਹਾਂ ਨੂੰ ਦੱਸਿਆ ਕਿ ਮੈਂ ਸਿਵਲ ਸਰਵਿਸ ਵਿੱਚ ਜਾਣਾ ਚਾਹਾਂਗਾ ਅਤੇ ਸਿੱਧੇ ਤਰੀਕੇ ਨਾਲ ਹੀ ਲੋਕਾਂ ਦੀ ਸੇਵਾ ਕਰਨੀ ਚਾਹਾਂਗਾ ਤਾਂ ਕਿ ਉਨ੍ਹਾਂ ਨੂੰ ਮੇਰੇ ਤੇ ਮਾਣ ਹੋਏ । ਉਨ੍ਹਾਂ ਆਪਣੀ ਘੋਰ ਗਰੀਬੀ ਦੇ ਬਾਵਜੂਦ ਮੇਰੇ ਇਸ ਖਿਆਲ ਤੇ ਕਦੀ ਮੱਥੇ ਵੱਟ ਨਾ ਪਾਇਆ।

ਮੇਰੇ ਘਰ ਕੋਲ ਇੱਕ ਮਸਜਿਦ ਹੈ। ਮੈਂ ਕਈ ਵਾਰ ਉਥੇ ਜਾ ਕੇ ਇਬਾਦਤ ਕਰਿਆ ਕਰਦਾ ਸਾਂ। ਪਰ ਜਦੋਂ ਉਸ ਦਿਨ ਮੈਨੂੰ ਘਰ ਲਿਆਂਦਾ ਤਾਂ ਮੌਲਵੀ ਲਾਉਡ ਸਪੀਕਰ ਰਾਹੀਂ ਗਰਜਿਆ, "ਜਿਹੜਾ ਵੀ ਕੋਈ ਮਸ਼ਾਲ ਦੇ ਜਨਾਜ਼ੇ ਵਿੱਚ ਸ਼ਾਮਿਲ ਹੋਏਗਾ, ਉਸ ਨੂੰ ਆਪਣਾ ਨਿਕਾਹ ਨਵਿਆਉਣਾ ਪਵੇਗਾ।" ਉਸ ਨੇ ਮੇਰੀ ਨਮਾਜ਼ੇ-ਜਨਾਜ਼ਾ ਪੜ੍ਹਨ ਤੋਂ ਸਾਫ਼ ਇਨਕਾਰ ਕਰ ਦਿੱਤਾ ਅਤੇ ਹੋਰਨਾਂ ਨੂੰ ਵੀ ਅਜਿਹਾ ਕਰਨ ਤੋਂ ਰੋਕਿਆ । ਜਦੋਂ ਦੂਜਾ ਕੋਈ ਮੇਰੀ ਆਖਰੀ ਰਸਮੇ-ਇਬਾਦਤ ਪੜ੍ਹਨ ਲਈ ਰਾਜ਼ੀ ਹੋਇਆ ਤਾਂ ਉਸ ਨੇ ਉੱਚੀ ਆਵਾਜ਼ ਵਿੱਚ ਲਾਉਡ ਸਪੀਕਰਾਂ ਤੋਂ ਨਾਤਾਂ ਵਜਾਉਣੀਆਂ ਚਾਲੂ ਦਿੱਤੀਆਂ ਤਾਂ ਕਿ ਮੇਰਾ ਜਨਾਜ਼ਾ ਖਿੰਡ ਜਾਵੇ। ਉਹ ਕਹਿੰਦੇ ਹਨ ਕਿ ਮੈਂ ਤੌਹੀਨ-ਏ-ਰਸਾਲਤ ਕੀਤੀ ਹੈ। ਅਤੇ ਇਥੇ ਉਹ ਮੌਲਵੀ ਪੈਗੰਬਰੀ ਸਲਾਹਿਤ ਵਿੱਚ ਕੀਤੇ ਜਾਂਦੇ ਗਾਇਨ ਨੂੰ ਵਰਤ ਕੇ ਮੇਰੀਆਂ ਆਖਰੀ ਰਸੁਮਾਤ ਤੋਂ ਲੋਕਾਂ ਦਾ ਧਿਆਨ ਭੰਗ ਕਰ ਰਿਹਾ ਸੀ !

ਜੇਕਰ ਮੈਂ ਲੋਕ ਸਮੂਹਾਂ ਦੀ ਅਗਵਾਈ ਕਰਨ ਦਾ ਦਾਅਵਾ ਕਰਨ ਵਾਲਿਆਂ ਦੀ ਚੁੱਪੀ ਦਾ ਜ਼ਿਕਰ ਨਾ ਕੀਤਾ ਤਾਂ ਮੇਰਾ ਖ਼ਤ ਅਧੂਰਾ ਹੀ ਰਹੇਗਾ। ਮੈਂ ਵੇਖਿਆ ਕਿ ਸਾਰੀ ਦੁਨੀਆ ਤੋਂ ਲੋਕ ਮੇਰੀ ਮੌਤ ਤੇ ਮਾਤਮ ਕਰ ਰਹੇ ਸਨ ਪਰ ਜਿਨ੍ਹਾਂ ਨਾਲ ਮੈਂ ਰਾਜਨੀਤਕ ਤੌਰ ਤੇ ਜੁੜਿਆ ਹੋਇਆ ਸਾਂ, ਉਹ ਚੁੱਪ ਸਨ। ਮੈਂ ਇੱਕ ਅਗਾਂਹਵਧੂ ਅਤੇ ਉਦਾਰ ਸਮਾਜ ਬਣਿਆ ਦੇਖਣ ਦਾ ਇੱਛੁਕ ਸਾਂ। ਮੇਰੇ ਤੇ ਯਕੀਨ ਨਹੀਂ ? ਮੇਰੀਆਂ ਸੋਸ਼ਲ ਮੀਡੀਆ ਤੇ ਪਾਈਆਂ ਪੋਸਟਾਂ ਫਰੋਲੋ ਤਾਂ ਤੁਸੀਂ ਦੇਖੋਗੇ ਕਿ ਉਹਨਾਂ ਲੋਕਾਂ ਅਤੇ ਉਸ ਸਮਾਜ ਲਈ ਕਿਸ ਤਰ੍ਹਾਂ ਦੀ ਸੋਚ ਰਖਦਾ ਸਾਂ। ਪਰ ਜਿਨ੍ਹਾਂ ਲੋਕਾਂ ਨੂੰ ਮੈਂ ਇੱਕ ਵੱਧ ਖੁੱਲ੍ਹੇ ਮੁਆਸ਼ਰੇ ਲਈ ਜੰਗ ਦਾ ਸਾਥੀ ਬਣਾਇਆ, ਉਹ ਸਾਰੇ ਚੁੱਪ ਸਨ। ਇਥੋਂ ਤਕ ਕਿ ਸਰਕਾਰ ਵੀ, ਜਿਸਦਾ ਹੁਕਮ ਚੈਲੰਜ ਕਰ ਦਿੱਤਾ ਗਿਆ ਸੀ; ਪਿਛਲੇ ਤਿੰਨ ਦਿਨਾਂ ਤੋਂ ਚੁੱਪ ਸੀ। ਉਹ ਇੰਤਜ਼ਾਰ ਕਰ ਰਹੇ ਸਨ ਕਿ ਪੁਲਿਸ ਕਦੋਂ ਮੈਨੂੰ ਨਿਰਦੋਸ਼ ਸਾਬਤ ਕਰਦੀ ਹੈ। ਜਦੋਂ ਮੇਰੇ ਅੱਬਾ ਨੂੰ ਧਾਹਾਂ ਮਾਰਨ ਲਈ ਮੋਢੇ ਦੀ ਲੋੜ ਸੀ, ਤਦ ਉਹ ਆਪਣੇ ਚਿਹਰੇ ਲੁਕਾ ਰਹੇ ਸਨ ਤੇ ਮੇਰੇ ਨਾਂ ਤੋਂ ਇਸ ਤਰ੍ਹਾਂ ਬਚਦੇ ਫਿਰਦੇ ਸਨ ਜਿਵੇਂ ਕਿ ਮੈਂ ਕੋਈ ਬਦ-ਦੁਆ ਹੋਵਾਂ। ਜਦੋਂ ਸਾਰਾ ਦੇਸ਼ ਸਦਮੇ ਵਿੱਚ ਸੀ, ਉਦੋਂ ਨੈਤਿਕ ਸਾਫਗੋਈ ਅਤੇ ਨੈਤਿਕ ਹੌਸਲਾ ਸਮੇਂ ਦੀ ਲੋੜ ਸੀ ਪਰ ਉਹ ਉਸ ਸਮੇਂ ਕਿਸੇ ਹੋਰ ਹੀ ਜਹਾਨ ਵਿੱਚ ਵਿਚਰਨ ਦਾ ਡਰਾਮਾ ਕਰ ਰਹੇ ਸਨ ਜਿੱਥੇ ਵੋਟ ਬੈਂਕ ਅਤੇ ਰਾਜਨੀਤਕ ਜਮ੍ਹਾਂ-ਖਰਚੀ ਉਨ੍ਹਾਂ ਦੀ ਪਹਿਲ ਬਣੀ ਹੋਈ ਸੀ। ਪਰ ਧੰਨਵਾਦ ਹੈ ਪੁਲਿਸ ਦੀ ਲਿਆਕਤ ਦਾ ( ਜਦੋਂ ਮੈਂ ਭੀੜ ਤੋਂ ਬਚਣ ਲਈ ਕੈਂਪਸ ਵਿੱਚ ਲੁਕਣ ਦੀ ਕੋਸ਼ਿਸ਼ ਕਰ ਰਿਹਾ ਸਾਂ ਅਤੇ ਭੀੜ ਮੈਨੂੰ ਲੱਭ ਰਹੀ ਸੀ, ਉਹ ਕਿਸੇ ਵੀ ਢੰਗ ਨਾਲ ਮੇਰਾ ਬਚਾਅ ਕਰਨ ਤੋਂ ਅਸਮਰੱਥ ਸੀ ), ਬੇਖੌਫ਼ ਐਂਕਰਜ਼ ਅਤੇ ਸੋਸ਼ਲ ਮੀਡੀਆ ਦੇ ਸਫ਼ਿਆਂਂ ਦਾ, ਜਿਨ੍ਹਾਂ ਇਹ ਸੱਚ ਸਾਹਮਣੇ ਲਿਆਂਦਾ ਕਿ ਮੈਂ ਗੁਨਾਹਗਾਰ ਨਹੀਂ ਹਾਂ ਸਗੋਂ ਬਲੀ ਦਾ ਬੱਕਰਾ ਬਣਾਇਆ ਗਿਆ ਹਾਂ।

ਜਦੋਂ ਇਸ ਧਰਤੀ ਦੀ ਧੀ, ਮਲਾਲਾ ਦੀ ਕਿਤਾਬ ਨੂੰ ਯੂਨੀਵਰਸਿਟੀਆਂ ਵਿੱਚ ਜਾਰੀ ਹੋਣ ਦੀ ਇਜ਼ਾਜਤ ਨਾ ਮਿਲੀ ਅਤੇ ਜਿਸ ਸ਼ਖਸ ਨੂੰ ਸਰਕਾਰ ਨੇ ਦਹਿਸ਼ਤਗਰਦੀ ਦੀ ਕਾਰਵਾਈ ਕਰਕੇ ਫਾਂਸੀ ਚਾੜ੍ਹਿਆ ਸੀ, ਉਸ ਦਿਆਂ ਪੋਸਟਰਾਂ ਨਾਲ ਕੈਂਪਸਾਂ ਦੀਆਂ ਕੰਧਾਂ ਭਰ ਦਿੱਤੀਆਂ ਗਈਆਂ ਤਾਂ ਮੇਰੇ ਸਾਥੀ ਵਿਦਿਆਰਥੀਆਂ ਨੇ ਇਕ ਨਾ ਇਕ ਦਿਨ ਜੰਗਲੀ ਦਰਿੰਦੇ ਬਣ ਹੀ ਜਾਣਾ ਸੀ ਜਿਹੜੇ ਅਖੀਰ ਉਹ ਬਣ ਗਏ। ਜਿਹੜੀਆਂ ਥਾਂਵਾਂ ਵਿਚਾਰਾਂ ਅਤੇ ਬਹਿਸਾਂ ਲਈ ਬਣਾਈਆਂ ਗਈਆਂ ਹਨ ਜਦੋਂ ਉਥੇ ਹੁੰਦੀਆਂ ਵਿਚਾਰਾਂ ਅਤੇ ਬਹਿਸਾਂ ਨੂੰ ਚਾਰਜਸ਼ੀਟ ਦੇ ਤੌਰ ਤੇ ਵਰਤਿਆ ਜਾਣ ਲੱਗ ਪਵੇ ਤਾਂ ਉਨ੍ਹਾਂ ਦਾ ਉਸ ਸਮਾਜ ਨਾਲੋਂ ਕੋਈ ਫਰਕ ਨਹੀਂ ਰਹਿੰਦਾ ਜਿਸ ਵਿੱਚ ਉਹ ਕਿਰਿਆਸ਼ੀਲ ਹੁੰਦੀਆਂ ਹਨ। ਮੈਂ ਹੁਣ ਤੁਰ ਗਿਆ ਹਾਂ। ਮੈਂ ਚਾਹੁੰਦਾ ਸਾਂ ਕਿ ਮੇਰੇ ਅੱਬਾ ਨੂੰ ਮੇਰੇ ਤੇ ਫ਼ਖਰ ਹੋਵੇ ਤੇ ਮੈਂ ਆਪਣੀ ਅੰਮੀ ਦਿਆਂ ਦੁੱਖਾਂ ਦੀ ਢੋਈ ਬਣ ਸਕਾਂ ਪਰ ਹੁਣ ਇਹ ਗੱਲਾਂ ਮੇਰੇ ਵੱਸੋਂ ਬਾਹਰ ਹਨ। ਮੇਰੇ ਅੱਬਾ ਬਹੁਤ ਥੱਕ ਗਏ ਹਨ, ਝੰਜੋੜੇ ਗਏ ਹਨ ਤੇ ਟੁੱਟ ਗਏ ਹਨ ਪਰ ਫਿਰ ਵੀ ਇਸ ਨੂੰ ਜ਼ਾਹਰ ਨਹੀਂ ਹੋਣ ਦਿੰਦੇ । ਉਹ ਹਰ ਮੌਕੇ ਇਹੀ ਕਹਿੰਦੇ ਹਨ ਕਿ ਜਿਹੜੀ ਉਸ ਦੇ ਪੁੱਤਰ ਨਾਲ ਹੋਈ, ਉਹ ਕਿਸੇ ਹੋਰ ਦੇ ਬੱਚੇ ਨਾਲ ਨਾ ਹੋਏ । ਮੈਂ ਸਮੂਹਿਕ ਪਾਗਲਪਨ ਦਾ ਪਹਿਲਾ ਸ਼ਿਕਾਰ ਨਹੀਂ ਹਾਂ ਪਰ ਤੁਸੀਂ ਮੈਨੂੰ ਆਖਰੀ ਬਣਾਉਣ ਵਿੱਚ ਸਹਾਈ ਹੋ ਸਕਦੇ ਹੋ। ਮੈਂ ਤੁਹਾਡੇ ਤੋਂ ਉਮੀਦ ਕਰਦਾਂ ਕਿ ਤੁਸੀਂ ਵਿਚਾਰਾਂ ਨੂੰ ਜਿਉਂਦੇ ਰਹਿਣ ਦਿਓਗੇ ,ਪਰ ਜਿਵੇਂ ਕਿ ਮੇਰੇ ਅੱਬਾ ਕਹਿੰਦੇ ਹਨ, "ਤੁਸੀਂ ਸੂਰਜ ਦੀਆਂ ਕਿਰਨਾਂ ਨੂੰ ਸੰਗਲ ਨਹੀਂ ਪਾ ਸਕਦੇ।"

  • ਮੁੱਖ ਪੰਨਾ : ਕਹਾਣੀਆਂ ਅਤੇ ਲੇਖ, ਮੁਲਖ ਸਿੰਘ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ
  •