Eke Di Barkat : Folk Tale

ਏਕੇ ਦੀ ਬਰਕਤ : ਲੋਕ ਕਹਾਣੀ

ਇੱਕ ਪਿੰਡ ਵਿੱਚ ਇੱਕ ਕਿਸਾਨ ਰਹਿੰਦਾ ਸੀ। ਉਸ ਕੋਲ ਬਹੁਤ ਘੱਟ ਜ਼ਮੀਨ ਸੀ। ਇਸ ਲਈ ਉਸ ਦਾ ਵਿਆਹ ਕਰਨ ਲਈ ਕੋਈ ਤਿਆਰ ਨਹੀਂ ਸੀ। ਉਹ ਬਹੁਤ ਮਿਹਨਤੀ ਤੇ ਇਮਾਨਦਾਰ ਸੀ। ਉਸਦੇ ਮਿਹਨਤੀ ਤੇ ਇਮਾਨਦਾਰ ਸੁਭਾਅ ਨੂੰ ਦੇਖਦਿਆਂ ਕਿਸੇ ਭੱਦਰ ਪੁਰਸ਼ ਨੇ ਉਸ ਦਾ ਗ਼ਰੀਬ ਘਰ ਦੀ ਲੜਕੀ ਨਾਲ ਵਿਆਹ ਕਰਵਾ ਦਿੱਤਾ। ਉਸ ਦੀ ਵਹੁਟੀ ਵੀ ਚੰਗੇ ਸੰਸਕਾਰਾਂ ਵਾਲੇ ਟੱਬਰ ਵਿੱਚ ਪਲੀ ਹੋਣ ਕਰਕੇ ਪਤੀ ਦੇ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਦੀ ਦੇ ਥੋੜ੍ਹੀ ਜ਼ਮੀਨ ਵਿੱਚੋਂ ਚੰਗੀ ਉਪਜ ਪੈਦਾ ਕਰਦੀ।
ਕੁਝ ਸਮੇਂ ਬਾਅਦ ਉਨ੍ਹਾਂ ਦੇ ਚਾਰ ਪੁੱਤਰ ਪੈਦਾ ਹੋਏ। ਦੋਨਾਂ ਨੇ ਉਨ੍ਹਾਂ ਦਾ ਚੰਗੀ ਤਰ੍ਹਾਂ ਪਾਲਣ ਪੋਸ਼ਣ ਕੀਤਾ। ਸੁਖਾਵੇਂ ਮਾਹੌਲ ਵਿੱਚ ਪਲੇ ਹੋਣ ਕਰਕੇ ਉਹ ਮਾਪਿਆਂ ਦੇ ਆਗਿਆਕਾਰੀ ਪੁੱਤਰ ਸਨ। ਜਿਸਨੂੰ ਜੋ ਵੀ ਕੰਮ ਕਰਨ ਲਈ ਪਿਤਾ ਕਹਿੰਦਾ, ਹਰ ਇੱਕ ਆਪਣਾ ਕੰਮ ਤੁਰੰਤ ਤੇ ਖਿੜੇ ਮੱਥੇ ਕਰਦਾ। ਜਵਾਨ ਹੋ ਕੇ ਚਾਰਾਂ ਨੇ ਖੇਤੀ ਅਤੇ ਪਸ਼ੂਆਂ ਦੀ ਸੰਭਾਲ ਦਾ ਕੰਮ ਚੰਗੀ ਤਰ੍ਹਾਂ ਸੰਭਾਲਣਾ ਸ਼ੁਰੂ ਕਰ ਦਿੱਤਾ। ਪਿਤਾ ਜਿਹੜੀ ਜ਼ਿੰਮੇਵਾਰੀ ਕਿਸੇ ਨੂੰ ਦਿੰਦਾ ਉਹ ਹਰ ਹਾਲਤ ਵਿੱਚ ਪੂਰੀ ਕਰਦਾ।
ਇੱਕ ਦਿਨ ਕਿਸਾਨ ਪਿੱਪਲ ਦੇ ਦਰੱਖਤ ਥੱਲੇ ਬੈਠਾ ਬਾਣ ਦਾ ਰੱਸਾ ਵੱਟ ਰਿਹਾ ਸੀ। ਪਿੱਪਲ ਉੱਤੇ ਇੱਕ ਕਾਂ ਬੈਠਾ ਸੀ। ਕਾਂ ਇਹ ਦੇਖ ਰਿਹਾ ਸੀ ਕਿ ਕਿਸਾਨ ਦੇ ਪੁੱਤਰ ਉਸਦੇ ਕਹਿਣ ਉੱਤੇ ਸਾਰੇ ਕੰਮ ਝੱਟ ਕਰ ਦਿੰਦੇ ਹਨ।
ਕਾਂ ਨੇ ਰੱਸਾ ਵੱਟਦੇ ਕਿਸਾਨ ਨੂੰ ਪੁੱਛਿਆ ਕਿ ਬਾਬਾ ਜੀ ਤੁਸੀਂ ਇਹ ਰੱਸਾ ਕਿਸ ਲਈ ਵੱਟ ਰਹੇ ਹੋ, ਇਸਦਾ ਕੀ ਕਰੋਗੇ?
ਕਿਸਾਨ ਨੇ ਸਹਿਜ ਸੁਭਾਅ ਹੀ ਬੋਲ ਦਿੱਤਾ ਕਿ ਇਸ ਨਾਲ ਤੈਨੂੰ ਬੰਨ੍ਹਾਂਗਾ।
ਕਾਂ ਇਹ ਸੁਣਕੇ ਸਹਿਮ ਗਿਆ ਤੇ ਬੋਲਿਆ ਕਿ ਬਾਬਾ ਜੀ ਤੁਸੀਂ ਜੇਕਰ ਮੈਨੂੰ ਬੰਨ੍ਹਣਾ ਛੱਡ ਦਿਓਗੇ ਤਾਂ ਮੈਂ ਤੁਹਾਨੂੰ ਇਸ ਪਿੱਪਲ ਦੀ ਜੜ੍ਹ ਵਿੱਚ ਦੱਬਿਆ ਖ਼ਜ਼ਾਨਾ ਦਸ ਦਿੰਦਾ ਹਾਂ।
ਕਿਸਾਨ ਨੇ ਕਿਹਾ ਠੀਕ ਹੈ, ਆ ਦੱਸ। ਕਾਂ ਪਿੱਪਲ ਤੋਂ ਥੱਲੇ ਆ ਕੇ ਜੜ੍ਹ ਵਿੱਚ ਪੰਜੇ ਮਾਰਨ ਲੱਗਾ। ਕਿਸਾਨ ਨੇ ਚਾਰੇ ਪੁੱਤਰਾਂ ਨੂੰ ਬੁਲਾਕੇ ਟੋਆ ਪੁੱਟਿਆ ਤੇ ਖ਼ਜ਼ਾਨਾ ਨਿਕਲ ਆਇਆ। ਉਹ ਦਿਨਾਂ ਵਿੱਚ ਹੀ ਅਮੀਰ ਹੋ ਗਏ।
ਇਸ ਖ਼ਜ਼ਾਨੇ ਬਾਰੇ ਕਾਂ ਵੱਲੋਂ ਦੱਸਣ ਬਾਰੇ ਗੁਆਂਢੀ ਕਿਸਾਨ ਨੂੰ ਵੀ ਪਤਾ ਲੱਗ ਗਿਆ। ਉਸ ਕਿਸਾਨ ਦੇ ਵੀ ਚਾਰ ਪੁੱਤਰ ਸਨ। ਕਿਸਾਨ ਆਪ ਵੀ ਆਲਸੀ ਸੀ ਅਤੇ ਉਸਦੇ ਸਾਰੇ ਪੁੱਤਰ ਵੀ ਆਲਸੀ ਤੇ ਕੰਮ ਚੋਰ ਸਨ। ਉਹ ਪਿਤਾ ਦੇ ਕਹਿਣੇ ਤੋਂ ਬਾਹਰ ਸਨ। ਕਿਸਾਨ ਜਿਸ ਨੂੰ ਵੀ ਕਿਸੇ ਵੀ ਕੰਮ ਲਈ ਕਹਿੰਦਾ, ਉਹ ਉਲਟਾ ਜਵਾਬ ਦਿੰਦਾ ਤੇ ਦੂਜੇ ਨੂੰ ਆਖਣ ਲਈ ਕਹਿ ਦਿੰਦਾ। ਚਾਰੇ ਉਸਦੀ ਕੋਈ ਗੱਲ ਨਹੀਂ ਸੀ ਮੰਨਦੇ।
ਇੱਕ ਦਿਨ ਉਨ੍ਹਾਂ ਦੇ ਪਿਤਾ ਦੇ ਮਨ ਵਿੱਚ ਆਇਆ ਕਿ ਮੈਂ ਵੀ ਕਾਂ ਦੇ ਨਾਲ ਗੁਆਂਢੀ ਵਾਲਾ ਡਰਾਮਾ ਕਰਾਂ। ਸੋ ਉਹ ਵੀ ਉਸੇ ਪਿੱਪਲ ਥੱਲੇ ਰੱਸਾ ਵੱਟਣ ਬਹਿ ਗਿਆ। ਕਾਂ ਵੀ ਉੱਥੇ ਆ ਕੇ ਟਹਿਣੀ ਉੱਤੇ ਬੈਠ ਗਿਆ। ਉਸਨੂੰ ਰੱਸਾ ਵੱਟਦੇ ਦੇਖਦਿਆਂ ਕਾਂ ਨੇ ਪੁੱਛਿਆ ਕਿ ਬਾਬਾ ਜੀ ਰੱਸਾ ਵੱਟ ਕੇ ਕੀ ਕਰੋਗੇ?
ਕਿਸਾਨ ਨੇ ਗੁਆਂਢੀ ਕਿਸਾਨ ਵਾਲੇ ਸਹਿਜ ਸੁਭਾਅ ਕਹੇ ਲਫਜ਼ ਜਾਣ ਬੁੱਝ ਕੇ ਦੁਹਰਾ ਦਿੱਤੇ ਕਿ ਇਸ ਨਾਲ ਤੈਨੂੰ ਬੰਨ੍ਹਾਂਗਾ।
ਇਹ ਲਫਜ਼ ਸੁਣਕੇ ਕਾਂ ਖਿੜ ਖਿੜਾ ਕੇ ਹੱਸ ਪਿਆ ਤੇ ਕਹਿਣ ਲੱਗਿਆ ਕਿ ਤੂੰ ਮੈਨੂੰ ਕੀ ਬੰਨ੍ਹੇਗਾ? ਤੂੰ ਆਪਣੇ ਟੱਬਰ ਨੂੰ ਤੇ ਇੱਕ ਰੱਸੇ ਵਿੱਚ ਬੰਨ੍ਹ ਨਹੀਂ ਸਕਿਆ। ਜਿਸ ਬਾਬੇ ਦੀ ਰੀਸ ਕਰਕੇ ਖ਼ਜ਼ਾਨਾ ਲੈਣ ਦੀ ਤੂੰ ਕੋਸ਼ਿਸ਼ ਕਰ ਰਿਹਾ ਹੈ, ਉਹ ਤੁਹਾਡੀ ਬੇ-ਇਤਫਾਕੀ ਕਰਕੇ ਪੂਰੀ ਨਹੀਂ ਹੋ ਸਕਦੀ। ਬਾਬਾ ਜੀ ਤੇ ਪੁੱਤਰਾਂ ਦੀ ਮਿਹਨਤ ਤੇ ਏਕਤਾ ਦੇਖਕੇ ਮੈਂ ਉਸਨੂੰ ਖ਼ਜ਼ਾਨਾ ਦੱਸ ਦਿੱਤਾ। ਇਹ ਤੇਰੇ ਵਸ ਨਹੀਂ ਹੈ। ਸੋ ਏਕੇ ਅਤੇ ਮਿਹਨਤ ਵਿੱਚ ਬਰਕਤ ਹੁੰਦੀ ਹੈ।

(ਬਲਦੇਵ ਸਿੰਘ 'ਬਿੰਦਰਾ')

  • ਮੁੱਖ ਪੰਨਾ : ਲੋਕ ਕਹਾਣੀਆਂ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ