Chalo Pustak Release Taan Ho Gai : Hari Krishan Mayer

ਚਲੋ ਪੁਸਤਕ ਰਿਲੀਜ਼ ਤਾਂ ਹੋ ਗਈ (ਆਪ ਬੀਤੀ) : ਹਰੀ ਕ੍ਰਿਸ਼ਨ ਮਾਇਰ

ਸਮਾਗਮ ਪੁਸਤਕ ਲੋਕ ਅਰਪਣ ਦਾ ਸੀ। ਸ਼ਹਿਰ ਲਾਗੇ ਕਿਸੇ ਪਿੰਡ ਦੀ ਲੇਖਿਕਾ ਦਾ ਪਲੇਠਾ ਕਾਵਿ-ਸੰਗ੍ਰਹਿ ਰਿਲੀਜ਼ ਹੋਣਾ ਸੀ। ਸਮਾਗਮ ਸ਼ਹਿਰ ਦੇ ਲਿਖਾਰੀ ਭਵਨ ਵਿੱਚ ਹੋ ਰਿਹਾ ਸੀ। ਮੈਂ ਵੀ ਸਮਾਗਮ 'ਚ ਸ਼ਾਮਲ ਹੋਣ ਲਈ ਹਾਲ 'ਚ ਪ੍ਰਵੇਸ਼ ਕੀਤਾ। ਸਾਹਮਣੇ ਸੋਫ਼ਿਆਂ 'ਤੇ ਕੁਝ ਬਜ਼ੁਰਗ ਲੇਖਕ ਬੈਠੇ ਸਨ। ਮੰਚ ਸੰਚਾਲਕ ਬੀਬੀ ਇਧਰ-ਉਧਰ ਲੋਕਾਂ ਕੋਲ ਜਾ ਕੇ ਸੂਚਨਾਵਾਂ ਇਕੱਤਰ ਕਰ ਰਹੀ ਸੀ। ਮੰਚ 'ਤੇ ਕੁਰਸੀਆਂ ਅਜੇ ਖਾਲੀ ਹੀ ਪਈਆਂ ਸਨ।
ਮੰਚ ਤੋਂ ਅਨਾਊਂਸਮੈਂਟ ਹੋਈ। ਅੱਜ ਦਾ ਸਮਾਰੋਹ ਲਿਖਾਰੀ ਸਭਾ ਵੱਲੋਂ ਕਰਵਾਇਆ ਜਾ ਰਿਹਾ ਹੈ। ਮੈਂ ਸਭਾ ਦੇ ਪ੍ਰਧਾਨ ਨੂੰ ਮੰਚ 'ਤੇ ਸੁਸ਼ੋਭਿਤ ਹੋਣ ਦੀ ਬੇਨਤੀ ਕਰਦੀ ਹਾਂ। ਫਿਰ ਲੇਖਿਕਾ ਨੂੰ ਸੱਦਿਆ ਗਿਆ। ਫਿਰ ਇੱਕ ਸਥਾਨਕ ਅਖ਼ਬਾਰ ਦੇ ਸਹਿ-ਸੰਪਾਦਕ ਨੂੰ, ਫਿਰ ਇੱਕ ਗਾਇਕ ਤੇ ਨਗਰ ਨਿਗਮ ਦੇ ਇੱਕ ਕਰਮਚਾਰੀ ਨੂੰ ਮੰਚ 'ਤੇ ਸੱਦਿਆ ਗਿਆ।
ਸੰਚਾਲਕ ਨੇ ਮੰਚ ਦੀ ਕਾਰਵਾਈ ਆਰੰਭ ਕੀਤੀ। ਪਹਿਲਾਂ ਸਹਿ-ਸੰਪਾਦਕ ਨੂੰ ਬੁਲਾਇਆ ਗਿਆ। ਉਸ ਨੇ ਮੰਚ 'ਤੇ ਆਉਂਦੇ ਸਾਰ ਕਿਹਾ, ''ਕਿਤਾਬ ਤਾਂ ਅਜੇ ਮੇਰੇ ਕੋਲ ਪਹੁੰਚੀ ਹੀ ਨਹੀਂ। ਜਦੋਂ ਮਿਲੇਗੀ ਤਾਂ ਪੜ੍ਹਾਂਗਾ। ਹਾਂ ਇੱਕ ਗੀਤ ਦੇ ਦੋ ਪੈਰੇ ਸੁਣਾ ਕੇ ਖਿਮਾ ਚਾਹਾਂਗਾ। ਉਹ ਪਤਾ ਨਹੀਂ ਕੀਹਦੇ ਗੀਤ ਦੇ ਬੋਲ, ਬੋਲ ਕੇ ਚਲਾ ਗਿਆ।
ਮੈਂ ਸੋਚਿਆ ਕਿ ਬੜੀ ਮਾੜੀ ਸ਼ੁਰੂਆਤ ਹੋਈ। ਫਿਰ ਕਿਤਾਬ 'ਤੇ ਬੋਲਣ ਲਈ ਇੱਕ ਹੋਰ ਬੁਲਾਰਾ ਆਇਆ। ਉਸ ਦੇ ਰੋਹੀਲੇ ਸ਼ਬਦਾਂ ਤੋਂ ਲੱਗਦਾ ਸੀ ਕਿ ਇਹ ਪੁਸਤਕ ਵਿਚਲੀਆਂ ਕਵਿਤਾਵਾਂ ਦੀ ਚੰਗੀ ਛਿੱਲ ਉਧੇੜੇਗਾ। ਸੁਣਨ ਵਾਲਿਆਂ ਅਤੇ ਪੁਸਤਕ ਦੀ ਲੇਖਿਕਾ ਨੂੰ ਉਸਾਰੂ ਦਿਸ਼ਾ ਮਿਲਣ ਦੀ ਉਮੀਦ ਸੀ। ਉਸ ਨੇ ਤਾਂ ਬੱਸ ਇਹੀ ਕਿਹਾ ਕਿ ਪੁਸਤਕ ਦੀ ਸ਼ਾਇਰੀ ਇੱਕ ਕ੍ਰਿਸ਼ਮਾ ਹੈ, ਛੇਤੀ ਹੀ ਕਵਿੱਤਰੀ ਮੂਹਰਲੀਆਂ ਕਤਾਰਾਂ 'ਚ ਪੁੱਜ ਜਾਵੇਗੀ।
ਮੰਚ ਸੰਚਾਲਕ ਬੀਬੀ ਨੇ ਮੰਚ 'ਤੇ ਬੈਠੇ, ਪ੍ਰਧਾਨਗੀ ਮੰਡਲ ਨਾਲ ਨਜ਼ਰ ਮੇਲੀ ਅਤੇ ਹੌਲੀ ਦੇਣੇ ਮਾਈਕ ਤੋਂ ਪਰ੍ਹੇ ਹਟ ਕੇ ਬੋਲੀ, ''ਹੁਣ ਕਰ ਦਿਆਂ ਲੋਕ ਅਰਪਣ ਦੀ ਅਨਾਊਂਸਮੈਂਟ?''
''ਅਜੇ ਫੋਟੋਗ੍ਰਾਫਰ ਤਾਂ ਆਇਆ ਨਹੀਂ,'' ਇੱਕ ਜਣਾ ਬੋਲਿਆ।
''ਜੇ ਫੋਟੋ ਹੀ ਨਾ ਕਰਵਾਈ ਤਾਂ ਲੋਕ ਅਰਪਣ ਕਾਹਦਾ ਹੋਇਆ?'' ਦੂਜਾ ਬੋਲਿਆ।
ਹੁਣ ਲੇਖਿਕਾ ਨੂੰ ਆਪਣੀ ਸਿਰਜਣ ਪ੍ਰਕਿਰਿਆ 'ਤੇ ਝਾਤ ਪੁਆਉਣ ਲਈ ਮੰਚ ਉੱਤੇ ਬੁਲਾਇਆ ਗਿਆ। ਸ਼ਾਇਰਾ ਦੇ ਬੋਲਣ 'ਚ ਸੁਹਿਰਦਤਾ ਸੀ, ਸੰਵੇਦਨਸ਼ੀਲਤਾ ਸੀ। ਮੇਰੇ ਮਨ 'ਚੋਂ ਆਵਾਜ਼ ਉੱਭਰੀ: ਪਹਿਲੇ ਪਹਿਲ ਤਾਂ ਸਾਰੇ ਏਦਾਂ ਦਾ ਲਿਖਦੇ ਹਨ। ਅੱਗੇ ਜਾ ਕੇ ਇਹ ਸੋਹਣੀਆਂ ਨਜ਼ਮਾਂ ਲਿਖਿਆ ਕਰੇਗੀ। ਉਮੀਦ ਬੱਝਦੀ ਹੈ।
ਫਿਰ ਮੰਚ 'ਤੇ ਇੱਕ ਹੰਢੇ ਗੀਤਕਾਰ ਨੂੰ ਬੁਲਾਇਆ ਗਿਆ। ਉਹ ਤਾਂ ਪਲ ਭਰ 'ਚ ਗੋਲੇ ਵਾਂਗ ਉਧੜਨ ਲੱਗਾ। ਕਹਿੰਦਾ: ਮੇਰੇ ਸੌ ਗੀਤ ਐਲਬਮਾਂ 'ਚ ਰਿਕਾਰਡ ਹੋਏ ਹਨ। ਪਰ ਮੈਂ ਤਾਂ ਉਸ ਦਾ ਨਾਂ ਪਹਿਲੀ ਦਫਾ ਸੁਣਿਆ ਸੀ। ਉਹ ਡੇਢ ਘੰਟਾ ਮੰਚ ਤੋਂ ਬੋਲਦਾ ਰਿਹਾ। ਬੇਸਿਰ ਪੈਰ ਬੋਲੀ ਗਿਆ। ਕਹਿੰਦਾ: ਮੈਂ ਸਭਿਆਚਾਰ ਦੀ ਝੋਲੀ ਮੂੰਹ ਤਕ ਭਰ 'ਤੀ। ਮੈਂ ਸੋਚਿਆ ਹੁਣ ਹੋਰ ਸਾਹਿਤਕ ਕਰਮੀ, ਆਪਣਾ ਯੋਗਦਾਨ ਕਿਹੜੀ ਝੋਲੀ 'ਚ ਪਾਉਣਗੇ। ਝੋਲੀ ਤਾਂ ਹੰਢਿਆ ਗੀਤਕਾਰ ਹੀ ਭਰ ਗਿਆ। ਲੇਖਿਕਾ ਉਸ ਵੱਲ ਟਿਕਟਿਕੀ ਲਾਈ ਦੇਖ ਰਹੀ ਸੀ। ਸੋਚਦੀ ਹੋਵੇਗੀ ਕਿ ਜਾਂਦਾ-ਜਾਂਦਾ, ਉਹ ਗੀਤਕਾਰ ਪੁਸਤਕ ਬਾਰੇ ਜ਼ਰੂਰ ਵਜ਼ਨਦਾਰ ਟਿੱਪਣੀ ਦੇ ਕੇ ਆਪਣੀ ਗੱਲ ਮੁਕਾਵੇਗਾ, ਪਰ ਲੋਕਾਂ ਨੇ ਵਿਚਾਲੇ ਹੀ ਤਾੜੀਆਂ ਮਾਰ ਦਿੱਤੀਆਂ। ਉਸ ਨੂੰ ਗੱਲ ਖਤਮ ਕਰਨ ਤੋਂ ਪਹਿਲਾਂ ਹੀ ਮੰਚ ਤੋਂ ਉਤਰਨਾ ਪਿਆ।
ਪੁਸਤਕ ਬਾਰੇ ਅਜੇ ਕੋਈ ਵੀ ਗੰਭੀਰ ਚਰਚਾ ਨਹੀਂ ਸੀ ਛਿੜੀ। ਮੰਚ 'ਤੇ ਪਏ ਮੇਜ਼ ਉਪਰ ਚਮਕਣੇ ਕਾਗ਼ਜ਼ 'ਚ ਸੁਨਹਿਰੀ ਸੈਲੋਟੇਪਾਂ ਨਾਲ ਬੰਨ੍ਹੀਆਂ ਕਿਤਾਬਾਂ ਲੋਕ ਅਰਪਣ ਦੀ ਰਸਮ ਨੂੰ ਉਡੀਕ ਰਹੀਆਂ ਸਨ।
ਇੱਕ ਵਾਰ ਮੁੜ ਤੋਂ ਕਵਿੱਤਰੀ ਆਪਣੀਆਂ ਦੋ ਨਜ਼ਮਾਂ ਮੰਚ 'ਤੇ ਸੁਣਾ ਗਈ।
ਫਿਰ ਇੱਕ ਜਥੇਬੰਦੀ ਦਾ ਆਗੂ ਸਟੇਜ 'ਤੇ ਆ ਕੇ ਕਹਿੰਦਾ: ਸਾਡੀ ਜਥੇਬੰਦੀ ਇੱਥੇ ਹੀ ਸ਼ਾਮ ਨੂੰ ਸੱਤ ਵਜੇ 'ਹੱਥਾਂ ਦੀ ਕਰਾਮਾਤ' ਨਾਟਕ ਖੇਡ ਰਹੀ ਹੈ। ਬੱਚਿਆਂ ਨੂੰ ਨਾਲ ਲੈ ਕੇ ਦੇਖਣ ਜ਼ਰੂਰ ਆਇਓ। ਇਹ ਆਗੂ ਵੀ ਮੌਕੇ ਦਾ ਲਾਭ ਉਠਾ ਗਿਆ ਸੀ।
ਇੰਨੇ ਨੂੰ ਫੋਟੋਗ੍ਰਾਫਰ ਹਾਲ ਅੰਦਰ ਵੜਿਆ। ਆਵਾਜ਼ਾਂ ਆਉਣ ਲੱਗੀਆਂ: ਲਓ ਬਈ ਆ ਗਿਆ ਫੋਟੋਗ੍ਰਾਫਰ। ਮੰਚ ਤੋਂ ਬੋਲ ਉੱਭਰੇ:
ਉਡੀਕ ਖਤਮ, ਮੰਚ 'ਤੇ ਸਾਰੇ ਜਣੇ ਪੁਸਤਕ ਦੀ ਇੱਕ-ਇੱਕ ਕਾਪੀ ਆਪਣੇ ਹੱਥਾਂ 'ਚ ਫੜ ਕੇ ਖਲੋ ਜਾਓ। ਪ੍ਰਧਾਨ ਜੀ, ਚਮਕੀਲਾ ਕਾਗ਼ਜ਼ ਉਤਾਰ ਕੇ, ਦਸਤਖਤ ਕਰਨ ਉਪਰੰਤ ਕਿਤਾਬ ਲੇਖਿਕਾ ਨੂੰ ਭੇਟ ਕਰਨਗੇ। ਪੰਜ-ਸੱਤ ਜਣੇ ਸਟੇਜ 'ਤੇ ਹੋਰ ਜਾ ਚੜ੍ਹੇ। ਬੰਦੇ ਵੱਧ ਸਨ ਤੇ ਕਿਤਾਬਾਂ ਘੱਟ। ਦੋ ਜਣੇ ਇੱਕ-ਇੱਕ ਕਿਤਾਬ ਨੂੰ ਹੱਥ ਪਾ ਕੇ ਖਲੋ ਗਏ।
ਫੋਟੋਗ੍ਰਾਫਰ ਬੋਲਿਆ, ''ਰੈਡੀ।'' ਤੇ ਫਲੈਸ਼ ਦਾ ਚਮਕਾਰਾ ਸਭਨਾਂ ਦੀ ਫੋਟੋ ਖਿੱਚ ਕੇ ਕੈਮਰੇ ਦੇ ਅੰਦਰ ਲੈ ਗਿਆ ਸੀ।
ਮੰਚ ਸੰਚਾਲਕਾ ਨੇ ਲੇਖਿਕਾ ਨੂੰ ਪੁਸਤਕ ਦੇ ਲੋਕ ਅਰਪਣ ਹੋਣ 'ਤੇ ਮੁਬਾਰਕਬਾਦ ਆਖੀ। ਹਾਲ ਵਿੱਚ ਖ਼ੂਬ ਤਾੜੀਆਂ ਵੱਜੀਆਂ। ਕਿਹਾ ਜਾ ਰਿਹਾ ਸੀ ਕਿ ਇਹ ਪਲ ਯਾਦਗਾਰੀ ਵੀ ਹੈ, ਇਤਿਹਾਸਕ ਵੀ।
ਮੈਂ ਸੋਚਦਾਂ ਯਾਦਗਾਰੀ ਤਾਂ ਹੈ ਹੀ, ਜਦ ਤਰਸਾ-ਤਰਸਾ ਕੇ ਕਿਤਾਬ ਨੂੰ ਰਿਲੀਜ਼ ਕੀਤਾ ਗਿਆ ਹੈ। ਫੋਟੋਗ੍ਰਾਫਰ ਹੀ ਅੜਿੱਕਾ ਬਣਿਆ ਰਿਹਾ। ਇਹ ਪਲ ਇਤਿਹਾਸਕ ਇਸ ਲਈ ਹੈ ਕਿ ਇੰਨੇ ਮਾੜੇ ਤਰੀਕੇ ਨਾਲ ਕਦੇ ਕੋਈ ਪੁਸਤਕ ਰਿਲੀਜ਼ ਹੀ ਨਹੀਂ ਹੋਈ ਹੋਣੀ। ਪੁਸਤਕ ਬਾਰੇ ਕੋਈ ਗੰਭੀਰ ਚਰਚਾ ਹੀ ਨਹੀਂ ਹੋਈ। ਪਰ ਲੇਖਿਕਾ ਖ਼ੁਸ਼ ਸੀ, ਉਸ ਦੇ ਪਰਿਵਾਰਕ ਮੈਂਬਰ ਵੀ ਖ਼ੁਸ਼ ਸਨ। ਲਿਖਾਰੀ ਸਭਾ ਦੇ ਪ੍ਰਧਾਨ ਤੇ ਮੈਂਬਰ ਖ਼ੁਸ਼ ਸਨ। ਦੂਜੇ ਦਿਨ ਅਖ਼ਬਾਰਾਂ 'ਚ ਲੱਗਣ ਲਈ ਪਹਿਲਾਂ ਹੀ ਤਿਆਰ ਕੀਤੇ 'ਪ੍ਰੈਸ ਨੋਟ' ਵੰਡੇ ਗਏ ਸਨ। ਫੋਟੋਆਂ ਈ-ਮੇਲ ਕੀਤੀਆਂ ਜਾ ਰਹੀਆਂ ਸਨ। ਜੇ ਕੋਈ ਦੁਖੀ ਸੀ ਤਾਂ ਮੇਰੇ ਵਰਗੇ ਇੱਕਾ-ਦੁੱਕਾ ਲੋਕ, ਜਿਨ੍ਹਾਂ ਨੂੰ ਕਵਿਤਾ ਨਾਲ ਲਗਾਅ ਸੀ। ਮੇਰੇ ਮਨ 'ਚੋਂ ਆਵਾਜ਼ ਉੱਭਰੀ: 'ਚਲੋ ਪੁਸਤਕ ਰਿਲੀਜ਼ ਤਾਂ ਹੋਈ। ਭਲਾ ਜੇ ਕਿਤੇ ਫੋਟੋਗ੍ਰਾਫਰ ਆਉਂਦਾ ਹੀ ਨਾ ਫੇਰ।'

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਹਰੀ ਕ੍ਰਿਸ਼ਨ ਮਾਇਰ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ